Friday, 4 November 2011

ਪ੍ਰਿਥਮ ਭਗੌਤੀ- ਇੱਕ ਪੜਚੋਲ
ਹਰਦੇਵ ਸਿੰਘ, ਜੰਮੂ

ਅਰਦਾਸ ਦੇ ਮੁੱਖ ਬੰਧ ਵਿਚ ਪ੍ਰਿਥਮ ਭਗੌਤੀ ਬਾਰੇ ਵਿਚਾਰ ਲਈ ਦਾਸ ਨੂੰ 'ਵਾਰ ਦੁਰਗਾ ਕੀ' ਬਾਰੇ  ਪੜਨਾ ਪਿਆ ਹੈ ਜਿਸ ਦਾ ਆਰੰਭ ਡਾ. ਰਤਨ ਸਿੰਘ ਜੱਗੀ ਜੀ ਨੇ ਇਵੇਂ ਲਿੱਖਿਆ ਹੈ;

ਵਾਰ ਦੁਰਗਾ ਕੀ
 1a> ਸਤਿਗੁਰ ਪ੍ਰਸਾਦਿ
ਸ਼੍ਰੀ ਭਗਉਤੀ ਜੀ ਸਾਹਾਈ
ਅਬ ਵਾਰ ਦੁਰਗਾ ਕੀ ਲਿਖਯਤੇ'
ਪਾਤਿਸ਼ਾਹੀ ੧੦
ਪਉੜੀ
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।

ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।

ਇਹ ਹਨ ਵਾਰ ਦੀਆਂ ਪਹਲਿਆਂ ਦੋ ਪਉੜਿਆਂ। ਹੁਣ ਆਖਰੀ ਪਉੜੀ (੫੫) ਨੂੰ ਵਿਚਾਰ ਲਈ ਪੜਦੇ ਹਾਂ। ਇਹ ਇਸ ਪ੍ਰਕਾਰ ਹੈ।

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।
ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ।
ਚਉਦੀ ਲੋਕੀ ਛਾਇਆ ਜਸ ਜਗ ਮਾਤ ਦਾ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ।
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ।੫੫।

ਅੱਗੇ ਤੁਰਨ ਤੋਂ ਪਹਿਲਾਂ ਕੁੱਝ ਵਿਸ਼ੇਸ਼ ਗਲਾਂ ਵਿਚਾਰ ਲਈਏ।

(੧) ਡਾ. ਰਤਨ ਸਿੰਘ ਜੱਗੀ ਜੀ ਦੀ ਖ਼ੋਜ ਅਨੁਸਾਰ ਨਾਟਕ ਗ੍ਰੰਥ ਦਿਆਂ ਪੁਰਾਤਨ ਬੀੜਾਂ ਵਿਚ ਇਸ ਵਾਰ ਦਾ ਅਸਲ ਨਾਮ 'ਅਬ ਵਾਰ ਦੁਰਗਾ ਕੀ ਲਿਖਯਤੇ' ਸੀ ਜਿਸ ਨੂੰ ਬਾਦ ਵਿਚ 'ਵਾਰ ਸ਼ੀ੍ਰ ਭਗਉਤੀ ਜੀ ਕੀ'; 'ਚੰਡੀ ਦੀ ਵਾਰ' ਪ੍ਰਚਲਤ ਕੀਤਾ ਗਿਆ। ("... ਦਸ਼ਮ ਗ੍ਰੰਥ" ਪੰਨਾ ੩੧੪ ਡਾ.ਰਤਨ ਸਿੰਘ ਜੱਗੀ )

(੨) ਵਾਰ ਦਿਆਂ ੫੩ ਪਉੜੀਆਂ (ਪਹਲਿਆਂ ਦੋ ਛੱਡ ਕੇ) ਵਿਚ ਦੁਰਗਾ ਸ਼ਬਦ ਲਗਭਗ ੩੮ ਵਾਰ ਇਸਤੇਮਾਲ ਹੋਇਆ ਹੈ ( ਕਰੀਬ ੩੦ ਵਾਰੀ ਦੁਰਗਾ,੭ ਵਾਰੀ ਦੁਰਗਸਾਹ ਅਤੇ ੧ ਵਾਰੀ ਦੁਰਗਸਾਹਿ ਕਰਕੇ)  ਅਤਿਅੰਤ ਦਿਲਚਸਪ ਅਤੇ ਧਿਆਨ ਖਿੱਚਦੀ ਗਲ ਇਹ ਹੈ ਕਿ  ਸਮੁਚੀ ਵਾਰ ਦੀ ਪਉੜੀਆਂ ਵਿਚ, ਦੁਰਗਾ ਲਈ, ਭਗਉਤੀ ਸ਼ਬਦ ਇਕ ਵਾਰ ਵੀ ਇਸਤੇਮਾਲ ਨਹੀਂ ਹੋਇਆ। ਪਉੜੀ ੫੩ ਵਿਚ ਭਗਉਤੀ ਸ਼ਬਦ ਦੀ ਇੱਕਲੀ ਵਰਤੋਂ (ਲਈ ਭਗਉਤੀ ਦੁਰਗਸਾਹਿ ਵਰਜਾਗਣਿ ਭਾਰੀ) ਬਿਲਕੁਲ ਸਪਸ਼ਟ ਰੂਪ ਵਿਚ ਤਲਵਾਰ ਲਈ ਹੋਈ ਹੈ।ਦੇਵੀ ਲਈ ਦੁਰਗਾ ਸ਼ਬਦ ਦੀ ੩੮ ਵਾਰ ਵਰਤੋਂ, ਵਾਰ ਦੇ ਮੂਲ ਸਿਰਲੇਖ 'ਅਬ ਵਾਰ ਦੁਰਗਾ ਕੀ ਲਿਖਯਤੇ' ਨਾਲ ਹੀ ਢੁੱਕਵੀਂ ਪ੍ਰਤੀਤ ਹੁੰਦੀ ਹੈ ਨਾ ਕਿ ਬਾਦ ਵਿਚ ਵਾਰ ਲਈ ਪ੍ਰਚਲਤ ਹੋਏ ਸਿਰਲੇਖ 'ਵਾਰ ਸ਼ੀ੍ਰ ਭਗਉਤੀ ਜੀ ਕੀ' ਦੇ ਨਾਲ।ਵਾਰ ਦਿਆਂ ੫੫ ਪਉੜੀਆਂ ਵਿਚ ਇਕ ਵਾਰ ਵੀ ਦੁਰਗਾ ਨੂੰ ਭਗਉਤੀ ਨਹੀਂ ਲਿਖਿਆ ਗਿਆ।

(੩) ਡਾ. ਰਤਨ ਸਿੰਘ ਜੱਗੀ ਪਾਸਿਯੋਂ ਇਹ ਸੁਚਨਾ ਵੀ ਹੈ ਕਿ ਕੁੱਝ ਬੀੜਾਂ ਵਿਚ ੫੩ ਵੀਂ ਵਾਰ ਦੇ ਹੀ ਅੰਤ ਵਿਚ ਇਹ ਉਕਤੀ ਦਰਜ਼ ਹੈ-'ਇਤਿ ਰਾਜਾ ਸੁੰਭ ਦੁਰਗਾ ਕੇ ਹੱਥ ਜੁਝਿਆ' ਅਤੇ ੫੫ਵੀਂ ਵਾਰ ਦੇ ਹੋਠ ਲਿਖੀ 'ਉਕਤੀ- 'ਇਤਿ ਸ਼੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ' ਬਹੁਤ ਸਾਰਿਆਂ ਬੀੜਾਂ ਵਿਚ ਨਹੀਂ ਮਿਲਦੀ।ਕੀ ਸਮੁੱਚੀ ਵਾਰ ਵਿਚ ਅੰਤ ਦਿਆਂ ਦੋ ਪਉੜੀਆਂ ਬਾਦ ਦੀ ਘੁੱਸ ਪੈਠ ਤਾਂ ਨਹੀਂ? ਇਹ ਸਵਾਲ ਵੀ ਵਾਰ ਨੂੰ ਵਧੇਰੇ ਮਸ਼ਕੂਕੀ ਦੀ ਹਾਲਤ ਵਿਚ ਲੇ ਜਾਂਦਾ ਹੈ।ਜੇਕਰ ਇੰਝ ਹੀ ਹੈ ਤਾਂ ਅੰਤਿਮ ਦੋ ਪaੇੜੀਆਂ ਵੱਖ ਕਰ ਦੇਂਣ ਨਾਲ ਪਹਿਲੀ ਦੋ ਪਉੜੀਆਂ ਦਾ ਲਖਾਰੀ ਬਾਕੀ ਬੱਚਦਿਆਂ ੫੧ ਪਉੜੀਆਂ ਵਿਚ ਕੇਵਲ ਇੱਕ ਕਥਾ ਸੁਣਾਉਂਦਾ ਪ੍ਰਤੀਤ ਹੁੰਦਾ ਹੈ ਅਤੇ ਪਹਲਿਆਂ ਦੋ ਪਉੜੀਆਂ ਵਿਚ ਉਹ ਇਸ ਬਾਰੇ ਆਪਣਾ ਮਤ ਪ੍ਰਗਟ ਕਰਦੇ ਪਰਮਾਤਮਾ ਦੇ ਸਾ੍ਹਮਣੇ ਦੁਰਗਾ ਸਮੇਤ ਕਿਸੇ ਵੀ ਦੇਵਤੇ ਦੀ ਹੋਂਦ ਨੂੰ ਵੱਡਾ ਨਹੀਂ ਸਮਝਦਾ।

(੪) ਵਾਰ ਦੀ ਪਉੜੀ ਨੰ. ੫੦ ਵਿਚ ਲਿਖਾਰੀ  ਦੁਰਗਾ ਹੱਥੋਂ ਨਿਸ਼ੁੰਭ ਦੇ ਵੱਧ ਦਾ ਵ੍ਰਿਤਾਂਤ ਦਰਸਾਉਂਦਾ ਹੈ ਅਤੇ ਅੱਗੇ ਜਾਕੇ ਵਾਰ ਨੰ: ੫੩ ਵਿਚ ਸ਼ੁੰਭ ਦੇ ਵੱਧ ਦਾ ਵ੍ਰਿਤਾਂਤ ਦਰਸਾਉਂਦੇ ਯੁੱਧ ਦੀ ਸਮਾਪਤੀ ਵਿਚ ਲਹੁ ਨਾਲ ਭਰੀ ਦੁਰਗਾ ਨੂੰ ਯੁੱਧ ਖ਼ੈਤਰ ਤੋਂ ਬਾਹਰ ਨਿਕਲਦੀ ਦੱਸਦਾ ਹੈ।ਪਰ ਨਾਲ ਹੀ ਅਗਲੀ ਪਉੜੀ ੫੪ ਵਿਚ, ਲਿਖਾਰੀ ਮੁੜ ਯੁੱਧ ਦਾ ਆਰੰਭ ਅਤੇ ਦੁਰਗਾ ਵਲੋਂ ਨਿਸ਼ੁੰਭ ਅਤੇ ਸ਼ੁੰਭ ਦਾ ਵੱਧ ਦਰਸਾਉਂਦਾ ਹੈ ਫ਼ਿਰ ਆਖਰੀ ਪਉੜੀ ੫੫ ਵਿਚ ਉਹ ਆਵਾਗਮਨ ਤੋਂ ਮੁਕਤੀ ਲਈ ਦੁਰਗਾ ਦੇ ਇਸ ਪਾਠ ਨੂੰ ਕਰਨ ਦਾ ਉਪਦੇਸ਼ ਦਿੱਦਾ ਹੈ।(ਪੰਨਾ ੩੩੪-੩੫ "... ਦਸ਼ਮ ਗ੍ਰੰਥ" ਡਾ. ਰਤਨ ਸਿੰਘ ਜੱਗੀ) ਇਹ ਤੱਥ ਵਾਰ ਵਿਚ ਦਰਸਾਏ ਯੁੱਧ ਵ੍ਰਿਤਾਂਤ ਦੇ ਉੱਲੇਖ ਦੇ ਲਿਖਾਰੀ ਦੀ ਕਮਜੋਰ ਪਕੜ ਵੱਲ ਵੀ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।

ਖ਼ੈਰ ਉਪਰ ਵਿਚਾਰੇ ਕੁੱਝ ਤੱਥਾਂ ਤੋਂ ਇਸ ਤੋਂ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਵਾਰ ਦੇ ਸਿਰਲੇਖ ਵਿਚ 'ਭਗਉਤੀ' ਸ਼ਬਦ ਬਾਦ ਦੀ ਘੁੱਸਪੈਠ ਕਰਾਉਂਣ ਮਾਰਫ਼ਤ ਪ੍ਰਚਲਤ ਹੋਇਆ ਸੀ ।ਜਦ ਕੀ ਮੂਲ ਵਰਤੋਂ 'ਦੁਰਗਾ' ਸ਼ਬਦ ਦੀ ਸੀ।ਹੁਣ ਅਸੀਂ ਇਸ ਚਰਚਾ ਵਿਚ ਪਹਲਿਆਂ ਦੋ ਪਉੜੀਆਂ ਦੇ ਅਤੇ ਆਖਰੀ ਪਉੜੀ ਦੇ ਅਰਥ ਵਿਚਾਰਾਂ ਗੇ ਤਾਂ ਕਿ ਇਨਾਂ੍ਹ ਦਾ ਸਹੀ ਵਿਸ਼ਲੇਸ਼ਣ ਕਰਨ ਦਾ ਜਤਨ ਕੀਤਾ ਜਾ ਸਕੇ।

ਅਰਥ ਪਉੜੀ ਪਹਿਲੀ:-
ਸਭ ਤੋਂ ਪਹਿਲਾਂ ਭਗੌਤੀ (ਅੱਜੇ ਇਸ ਸ਼ਬਦ ਦਾ ਅਰਥ ਨਹੀਂ ਕਰਦੇ ਜਦ ਤਕ ਕਿ ਇਸ ਨੂੰ ਵਿਚਾਰ ਨਾ ਲਈਏ) ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਨੂੰ ਯਾਦ ਕਰਦਾ ਹਾਂ।(ਫਿਰ) ਗੁਰੂ ਅੰਗਦ, (ਗੁਰੂ) ਅਰਜਨ ,(ਗੁਰੂ) ਹਰਗੋਬਿੰਦ ਅਤੇ (ਗੁਰੂ) ਸ਼੍ਰੀ ਹਰਿਰਾਏ ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ਼੍ਰੀ ਹਰਿਕ੍ਰਿਸ਼ਨ ਨੂੰ ਅਰਾਧਦਾ ਹਾਂ ਜਿਨਾਂ੍ਹ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜਾਨੇ) (ਘਰ ਵਿਚ) ਚਲੀਆਂ ਆਉਂਦਿਆਂ ਹਨ।(ਸਾਰੇ ਗੁਰੂ ਮੈਨੂੰ) ਸਭ ਥਾਂਈ ਸਹਾਇਕ ਹੋਂਣ।੧।

ਨੋਟ:- ਮਹਾਨ ਕੋਸ਼ ਵਿਚ ਭਗਉਤੀ ਦੇ ਅਰਥ ਇਸ ਪ੍ਰਕਾਰ ਹਨ:
ਭਗਉਤੀ ੩.= ਦੁਰਗਾ ਦੇਵੀ (ਹਵਾਲਾ; "ਵਾਰ ਸ਼੍ਰੀ ਭਗਉਤੀ ਜੀ ਕੀ" (ਚੰਡੀ ੩)
ਭਗਉਤੀ ੪.= ਸ਼ੀ੍ਰ ਸਾਹਿਬ,ਤਲਵਾਰ
.ਭਗੁਉਤੀ ੫= ਮਹਾਕਾਲ (ਹਵਾਲਾ; "ਪ੍ਰਿਥਮ ਭਗਉਤੀ ਸਿਮਰਕੈ") (ਪੰਨਾ ੯੦੧, ਮਹਾਨ ਕੋਸ਼)

ਭਾਈ ਕਾਨ ਸਿੰਘ ਨਾਭਾ ਜੀ ਨੇ  "ਵਾਰ ਸ਼੍ਰੀ ਭਗਉਤੀ ਜੀ ਕੀ" ਪੰਗਤੀ ਵਿਚ ਭਗਉਤੀ ਦਾ ਅਰਥ 'ਦੁਰਗਾ ਦੇਵੀ' ਹੋਣਾ ਦੱਸਿਆ ਹੈ ਜਦ ਕਿ "ਪ੍ਰਿਥਮ ਭਗਉਤੀ ਸਿਮਰਕੈ" ਪੰਗਤੀ ਅਨੁਸਾਰ ਭਗਉਤੀ ਦਾ ਅਰਥ 'ਮਹਾਕਾਲ' ਦੱਸਿਆ ਹੈ।

ਭਗੌਤੀ ਦੇ ਅਲਗ-ਅਲਗ ਅਰਥਾਂ ਬਾਰੇ ਵਿਸਥਾਰ ਵਿਚਾਰ ਕਰਦੇ ਭਾਈ ਕਾਨ ਸਿੰਘ ਜੀ ਨਾਭਾ ਇਸ ਬਾਬਤ ਉੱਠਣ ਵਾਲੇ ਇਕ ਸੁਭਾਵਕ ਸੁਆਲ ਨੂੰ ਵੀ ਇੰਝ ਸਪਸ਼ਟ ਕਰਦੇ ਹਨ:

" ਇਸ ਥਾਂ ਭਗੌਤੀ ਸ਼ਬਦ ਦਾ ਅਰਥ ਪਾਰਬ੍ਰਹਮ ਹੈ।ਜੇ ਕੋਈ ਪ੍ਰਸ਼ਨ ਕਰੇ ਕਿ ਜਦ 'ਵਾਰ ਭਗਉਤੀ' ਸਿਰਲੇਖ ਵਿੱਚ ਭਗੌਤੀ ਸ਼ਬਦ ਦੁਰਗਾ ਅਰਥ ਰੱਖਦਾ ਹੈ,ਤਦ 'ਪ੍ਰਿਥਮ ਭਗੌਤੀ ਸਿਮਰ ਕੈ' ਇਸ ਥਾਂ ਦੇਵੀ ਅਰਥ ਕਯੋਂ ਨਹੀਂ?

ਇਸਦਾ ਉੱਤਰ ਇਹ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ" ( ਭਾਈ ਕਾਨ ਸਿੰਘ ਗੁਰਮਤਿ ਮਾਰਤੰਡ ਪੰਨਾ ੭੩੬ ) 
ਇਸ ਟਿੱਪਣੀ ਦਾ ਅਰਥ ਇਹ ਹੋਇਆ ਕਿ ਭਾਈ ਸਾਹਿਬ  ਜੀ ਨੇ  ਪਹਿਲੀ ਅਤੇ ਦੂਜੀ ਪਉੜੀ ਦੇ ਪ੍ਰਕਰਣ ਅਨੁਸਾਰ ਹੀ ਪ੍ਰਿਥਮ ਭਗਉਤੀ ਦਾ ਅਰਥ ਮਹਾਕਾਲ (ਪਾਰਬ੍ਰੰਹਮ) ਕੀਤਾ ਹੈ।
ਹੁਣ ਮਹਾਕਾਲ ਸ਼ਬਦ ਦੇ ਅਰਥ ਪੜਚੋਲ ਰਾਹੀ ਮਹਾਨ ਕੋਸ਼ ਦੇ ਪੰਨਾ ੯੩੪ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਹੋਰ ਅਰਥਾਂ ਦੇ ਨਾਲ 'ਮਹਾਕਾਲ' ਦਾ ਅਰਥ ਇੰਝ ਵੀ ਦਰਜ਼ ਹੈ:-

ਮਹਾਕਾਲ = ਕਾਲ ਦਾ ਵੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਨਾਸ ਕਰਨ ਵਾਲੇ ਭੀ ਜਿਸ ਵਿੱਚ ਲੌ ਜੋ ਜਾਂਦੇ ਹਨ. ਵਾਹਗੁਰੂ ਪਾਰਬ੍ਰਹਮ.

ਹੁਣ ਅਰਥ ਦੂਜੀ ਪਉੜੀ:-

ਜਿਸ ਸ਼ਕਤੀ (ਪਰਮਾਤਮਾ) ਨੇ ਸਭ ਤੋਂ ਪਹਿਲਾਂ ਪਧਾਰਥ (ਦੰਦ ਪਧਾਰਥ ਰਚਣ ਵਾਲੀ ਮਇਆ-ਵੇਖੋ ਖੰਡਾ, ਮਾਇਆ, ਮਹਾਨ ਕੋਸ਼)  ਨੂੰ ਸਿਰਜ ਕੇ ਸਾਰਾ ਸੰਸਾਰ ਬਣਾਇਆ।ਬ੍ਰਹਮਾ,ਵਿਸ਼ਨੂ ਅਤੇ ਸ਼ਿਵ ਨੂੰ ਪੈਦਾ ਕਰਕੇ ਕੁਦਰਤ ਦੀ ਖੇਡ ਬਣਾਈ।ਸਮੁੰਦਰ, ਪਰਬਤ ਅਤੇ ਧਰਤੀ ਬਣਾਈ ਅਤੇ ਬਿਨਾ ਖੰਮਾਂ ਦੇ ਆਕਾਸ਼ ਨੂੰ ਸਥਿਤ ਕਰਨ ਦੀ ਵਿਵਸਥਾ ਕੀਤੀ।ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨਾਂ੍ਹ ਅੰਦਰ ਵੈਰ-ਵਿਵਾਦ ਪੈਦਾ ਕੀਤਾ। ਤੂੰ (ਪਰਮਾਤਮਾ) ਹੀ ਦੁਰਗਾ ਦੀ ਸਿਰਜਨਾ ਕਰਕੇ ਦੈਂਤਾਂ ਦਾ ਨਾਸ ਕਰਵਾਇਆ।ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ ਡਿਗਾਇਆ ਸੀ।ਵੱਡੇ ਮੁਨਿਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ ਪਰ ਇਨਾਂ੍ਹ ਸਾਰਿਆਂ ਵਿਚੋਂ ਭੀ ਕਿਸੇ ਨੇ ਤੇਰਾ (ਪਰਮਾਤਮਾ ਦਾ) ਅੰਤ ਨਹੀਂ ਪਾਇਆ।

ਇਸ ਪਉੜੀ ਵਿਚ ਵਰਤੇ ਖੰਡਾ ਸ਼ਬਦ ਦੇ ਅਰਥ ਵਿਚਾਰ ਵੀ  ਲਈਏ।ਭਾਈ ਕਾਨ ਸਿੰਘ ਜੀ ਨਾਭਾ ਨੇ 'ਖੰਡਾ' ਦੇ ਅਰਥ ਦੋਧਾਰਾ ਖਡਗ ਦੇ ਨਾਲ ਇੰਝ ਵੀ ਕੀਤੇ ਹਨ:-੨. ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ. " ਖੰਡਾ ਪ੍ਰਿਥਮੈ ਸਜਕੈ ਜਿਨਿ ਸਭ ਸੰਸਾਰ ਉਪਾਇਆ") ਸਾਨੂੰ ਹੁਣ ਵਧੇਰੀ ਸਪਸ਼ਟਤਾ ਲਈ ਮਾਇਆ ਦੇ ਅਰਥ ਵੀ ਦੇਖਣੇ ਪੇਂਣ ਗੇ।

ਮਾਇਆ ਦੇ ਅਰਥ ਹੋਰ ਅਰਥਾਂ ਨਾਲ ਇਵੇਂ ਕੀਤੇ ਹਨ:- ੫. ਜਗਤ ਰਚਨਾ ਦਾ ਕਾਰਣ ਰੂਪ ਈਸ਼ਰ ਦੀ ਸ਼ਕਤੀ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ (ਮਾਰੂ ਸੋਹਲੇ ਮ. ੩) ਪੰਨਾ ੯੫੮, ਮਹਾਨ ਕੋਸ਼

ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ  ਆਏ ਖੰਡਾ ਸ਼ਬਦ ਦਾ ਅਰਥ ਸਪਸ਼ਟ ਰੂਪ ਵਿਚ ਪਉੜੀ ਦੇ ਸਮੁੱਚੇ ਭਾਵ ਅਨੁਸਾਰ ਖਡਗ ਕਦਾਚਿਤ ਨਹੀਂ ਨਿਕਲਦਾ। ਭਾਈ ਸਾਹਿਬ ਜੀ ਵਲੋਂ ਕੀਤਾ ਅਰਥ (ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ) ਠੀਕ ਹੀ ਪ੍ਰਤੀਤ ਹੁੰਦਾ ਹੈ।

ਇਸ ਬਾਰੇ ਜ਼ਰਾ ਗੁਰਬਾਣੀ ਤੋਂ ਸੇਧ ਵੀ ਲਈਏ:

ਗਉੜੀ ਮਹਲਾ ੧॥ਬ੍ਰਹਮੈ ਗਰਬ ਕੀਆ ਜਾਨਿਆ॥ਬੇਦ ਕੀ  ਬਿਪਤਿ ਪੜੀ ਪਛੁਤਾਨਿਆ॥ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥੧॥ਐਸਾ ਗਰਬੁ ਬੁਰਾ ਸੰਸਾਰੇ॥ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ॥੧।ਰਹਾਉ॥ਬਲਿ ਰਾਜਾ ਮਾਇਆ ਅਹੰਕਾਰੀ॥ਜਗਨ ਕਰੈ ਬਹੁ ਭਾਰ ਅਫਾਰੀ॥ਬਿਨੁ ਗੁਰ ਪੂਛੇ ਜਾਇ ਪਇਆਰੀ॥੨॥ ਹਰੀਚੰਦ ਦਾਨੁ ਕਰੈ ਜਸੁ ਲੇਵੈ॥ਬਿਨੁ ਗੁਰ ਅੰਤ ਨ ਪਾਇ ਅਭੇਵੈ॥ਆਪਿ ਭੁਲਾਇ ਆਪੇ ਮਤਿ ਦੇਵੈ॥੩॥ ਦੁਰਮਤਿ ਹਰਣਾਖਸੁ ਦੁਰਾਚਾਰੀ॥ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ਪ੍ਰਹਲਾਦ ਉਧਾਰੇ ਕਿਰਪਾ ਧਾਰੀ॥੪॥
ਭੂਲੇ ਰਾਵਣ ਮੁਗਧੁ ਅਚੇਤਿ॥ਲੂਟੀ ਲੰਕਾ ਸੀਸ ਸਮੇਤਿ॥ਗਰਬਿ ਗਇਆ ਬਿਨੁ ਸਤਿਗੁਰ ਹੇਤਿ॥੫॥ਸਹਸਬਾਹੁ ਮਧੁ ਕੀਟ ਮਹਿਖਾਸਾ॥ਹਰਣਾਖੁਸ ਲੇ ਨਖਹੁ ਬਿਧਾਸਾ॥ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥੬॥ਜਰਾਸੰਧਿ ਕਾਲਜਮੁਨ ਸੰਘਾਰੇ॥ਰਕਤਬੀਜੁ ਕਾਲੁਨੇਮੁ ਬਿਦਾਰੇ॥ਦੈਤ ਸੰਘਾਰਿ ਸੰਤ ਨਿਸਤਾਰੇ॥੭॥ਆਪੇ ਸਤਿਗੁਰੁ ਸਬਦੁ ਬੀਚਾਰੇ॥ਦੂਜੈ ਭਾਇ ਦੈਤ ਸੰਘਾਰੇ॥ਗੁਰਮੁਖਿ ਸਾਚਿ ਭਗਤਿ ਨਿਸਤਾਰੇ॥੮॥
ਬੂਡਾ ਦੁਰਜੋਧਨੁ ਪਤਿ ਖੋਈ॥ਰਾਮੁ ਨ ਜਾਨਿਆ ਕਰਤਾ ਸੋਈ॥ਜਨ ਕਉ ਦੂਖਿ ਪਚੈ ਦੁਖੁ ਹੋਈ॥੯॥ਜਨਮੇਜੈ ਗੁਰ ਸਬਦੁ ਨ ਜਾਨਿਆ॥ ਕਿਉ ਸੁਖੁ ਪਾਵੈ ਭਰਮਿ ਭੁਲਾਨਿਆ॥ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ॥੧੦॥ਕੰਸੁ ਕੇਸੁ ਚਾਂਡੂਰੁ ਨ ਕੋਈ।ਰਾਮੁ ਨ ਚੀਨਿਆ ਅਪਨੀ ਪਤਿ ਖੋਈ॥ਬਿਨੁ ਜਗਦੀਸ ਨ ਰਾਖੈ ਕੋਈ॥੧੧॥ ਬਿਨੁ ਗੁਰ ਗਰਬੁ ਨ ਮੇਟਿਆ ਜਾਇ॥ਗੁਰਮਤਿ ਧਰਮੁ ਧੀਰਜ਼ੁ ਹਰਿ ਨਾਇ॥ ਨਾਨਕ ਨਾਮ ਮਿਲੈ ਗੁਣ ਗਾਇ॥੧੨॥੯॥ (ਪੰਨਾ ੨੨੫)

ਗੁਰੂ ਨਾਨਕ ਜੀ ਨੇ ਉਪਰੋਕਤ ਬਚਨਾਂ ਵਿਚ ਹਿੰਦੂ ਮਤ ਵਿਚ ਪੁਰਾਣੀਆਂ ਪ੍ਰਚਲਤ ਕਈ ਕਥਾਵਾਂ ਨੂੰ ਕੇਵਲ ਸੰਕੇਤਕ ਰੂਪ ਤਫ਼ਸੀਲ ਬਿਆਨ ਕਰਦੇ ਪਰਮਾਤਮਾ ਦੀ ਸਰਵੋੱਚਤਾ ਬਾਰੇ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਵਾਇਆ ਹੈ।ਦਾਸ ਇਨਾਂ੍ਹ ਦੇ ਅਰਥ ਲੇਖ ਦੀ ਬੰਦਿਸ਼ ਨੂੰ ਧਿਆਨ ਵਿਚ ਰੱਖਦੇ ਨਹੀਂ ਦੇ ਰਿਹਾ।ਪਾਠਕ ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਕੀਤੇ ਪਦਅਰਥਾਂ/ਅਰਥਾਂ ਨੂੰ ਪੜ ਸਕਦੇ ਹਨ।ਇਸ ਤੋਂ ਭਾਵ ਇਹ ਕੱਡ ਲੇਂਣਾ ਕਿ ਗੁਰੂ ਨਾਨਕ ਪਰਮਾਤਮਾ ਦੇ ਮੁਕਾਬਲ ਪਰੌਣਿਕ ਕਥਾਵਾਂ ਦੇ ਨਾਯਕਾਂ ਦੀ ਉਸਤੱਤ ਕਰ ਰਹੇ ਹਨ ਇਕ ਗਲਤ ਸਿੱਟਾ ਕਹਿਆ ਜਾਏਗਾ।ਗੁਰੂ ਨਾਨਕ ਪੌਰਾਣਿਕ ਕਥਾਵਾਂ ਦੇ ਵਰਨਨ ਰਾਹੀਂ ਇਕ ਅਕਾਲ ਪੁਰਖ ਦੀ ਉਸਤੱਤ ਬਿਆਨ ਕਰਦੇ ਹਨ।ਉਹ ਕਥਾ ਨਾਯਕਾਂ-ਕਿਰਦਾਰਾਂ ਨੂੰ ਪਰਮਾਤਮਾ ਦੀ ਖੋਡ ਵਿਚ ਵਰਤੇ ਹੋਏ ਪਾਤਰ ਮਾਤਰ ਦਰਸਾਉਂਦੇ ਹਨ। ਧਿਆਨ ਵਿਚ ਰੱਖਣ ਵਾਲੀ ਗਲ ਹੈ ਕਿ ਗੁਰੂ ਨਾਨਕ ਦੇ ਮੂਲ ਮੰਤਰ ਵਿਚ ਪਰਮਾਤਮਾ ਦਾ ਸਵਰੂਪ ਬਿਆਨ ਹੈ ਜੋ ਹਿੰਦੁ ਮਤਿ ਦੇ ਮੋਨੋਇਸਮ (Monoism) ਨਾਲੋਂ ਵੱਖ ਹੈ।ਉਹ ਨਾਨਕ ਦਾ ਮੋਨੋਥੀਸਮ ਹੈ ਜਿਸ ਨੂੰ ਸਮਝਣ ਲਈ ਬੇਹਤਰ ਟਰਮ ਹੋਵੇਗੀ ਕਿ ਉਸ ਨੂੰ Nanakian Monothiesm ਕਿਹਾ ਜਾਏ।ਹਿੰਦੁ ਮਤਿ ਵਿਚ ਆਪ ਪਰਮਾਤਮਾ ਦੇ ਅਵਤਾਰ ਕਹੇ ਜਾਂਦੇ ਨਾਯਕਾਂ ਨੂੰ ਪਰਮਾਤਮਾ ਦੀ ਸਰਵੋਚਤਾ ਹੇਠ ਬਿਆਨ ਕਰਨਾ ਗੁਰੂ ਸਾਹਿਬ ਵਲੋਂ ਆਪਣੀ ਵਿਚਾਰਧਾਰਾ (ਨਾਨਕੀਯਨ ਮਨੋਥੀਸਮ) ਨੂੰ ਸਪਸ਼ਟ ਕਰਨਾ ਹੈ।ਇਸ ਬਾਰੇ ਦਾਸ ਦੇ ਵਿਚਾਰਾਂ ਨੂੰ  hardevsinghjammu.blogspot.com ਤੇ 'ਮੂਲਮੰਤਰ (Basic Understanding)' ਲੇਖ ਵਿਚ ਪੜੀਆ ਜਾ ਸਕਦਾ ਹੈ।

ਇੱਥੇ ਪ੍ਰਸੰਗ ਅਨੁਸਾਰ ਕੇਵਲ ਕੁੱਝ ਅੰਸ਼ਾ ਦੇ ਪਦਅਰਥ/ਅਰਥ ਇੰਝ ਹਨ:-

ਰਕਤਬੀਜੁ—ਸੁੰਭ ਤੇ ਨਸੁੰਭ ਦਾ ਜਰਨੈਲ । ਇਸ ਦਾ ਦੁਰਗਾ ਨਾਲ ਜੰਗ ਹੋਇਆ । ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ । ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ । ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ । ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ ।
ਕਾਲੁਨੇਮੁ—ਰਾਜਾ ਬਲਿ ਦਾ ਉੱਘਾ ਜੋਧਾ । ਵਿਸ਼ਨੂੰ ਨੇ ਤ੍ਰਿਸੂਲ ਨਾਲ ਇਸ ਦਾ ਸਿਰ ਕੱਟਿਆ ਸੀ ।
ਕਾਲਜਮੁਨ—ਜਰਾਸੰਧਿ ਦਾ ਸਾਥੀ ਸੀ । ਕ੍ਰਿਸ਼ਨ ਜੀ ਨੇ ਮਾਰਿਆ ।੭।
ਦੂਜੈ ਭਾਇ—ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੇ ਪ੍ਰੇਮ ਵਿਚ ।੮।

ਅਰਥ:- ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ । (ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ । ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ।੫।
ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ । ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ।੬।
ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ । ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ । ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭।
(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ, ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੮।

ਹੁਣ ਵਾਰ ਦੀ ਦੂਜੀ ਪਉੜੀ ਦੇ ਅਰਥਾਂ ਨੂੰ ਵਿਚਾਰਨ ਦੀ ਲੋੜ ਹੈ ਜਿਨਾਂ੍ਹ ਵਿਚ ਗੁਰੂ ਨਾਨਕ ਜੀ ਦੇ ਉਪਰੋਕਤ ਬਚਨਾਂ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ।ਜਿਸ ਵਿਚ ਪੋਰਾਣਿਕ ਕਥਾਵਾਂ ਵਿਚ ਵਰਣਿਤ ਨਾਯਕਾਂ ਨੂੰ ਵੀ ਪਰਮਾਤਮਾ ਦੇ ਹੋਠ ਸਥਾਪਤ ਕੀਤਾ ਗਿਆ ਹੈ।ਪਹਲਿਆਂ ਦੋ ਪਉੜੀਆਂ ਵਿਚ  ਪਹਿਲਾਂ ਪਰਮਾਤਮਾ ਅਤੇ ਗੁਰੂ ਸਾਹਿਬਾਨ ਪ੍ਰਤੀ ਸਿੱਖ ਦੇ ਅਕੀਦੇ ਨੂੰ ਦ੍ਰਿੜ ਕਰਵਾਇਆ ਗਿਆ ਹੈ ਫ਼ਿਰ ਦੁਰਗਾ ਆਦਿ ਕਥਾ ਨਾਯਕਾਂ ਦੀ ਨਹੀਂ ਬਲਕਿ ਪਰਮਾਤਮਾ  ਦੀ ਉਸਤੱਤ ਕੀਤੀ ਗਈ ਹੈ।

ਹੁਣ ਅਰਥ ਤੀਜੀ ਪਉੜੀ (ਵਾਰ ਦੀ ਆਖਰੀ ਪਉੜੀ):-

(ਦੇਵੀ ਨੇ ) ਸ਼ੰਭ ਅਤੇ ਨਿਸ਼ੰਭ ਨੂੰ ਯਮਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ (ਅਭਿਪੇਖ) ਦੇਣ ਲਈ ਬੁਲਾ ਲਿਆ।ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ। (ਇੰਝ) ਚੌਦਾਂ ਲੋਕਾਂ ਵਿਚ ਜਗਤ ਮਾਤਾ (ਦੁਰਗਾ) ਦਾ ਯਸ਼ ਛਾ ਗਿਆ। ਦੁਰਗਾ ਦਾ ਪਾਠ ਇਸ ਵਾਰ ਦਿਆਂ ਪਉੜੀਆਂ ਵਿਚ ਬਣਾਇਆ ਹੈ।ਜੋ ਇਸ ਪਾਠ ਨੂੰ ਗਾਏਗਾ (ਉਹ) ਫਿਰ ਆਵਾਗਮਨ ਦੇ ਚਕਰਾਂ ਵਿਚ ਨਹੀਂ ਪਵੈਗਾ ।੫੫।

ਹੁਣ ਵਿਚਾਰ ਲਈ ਤਿੰਨੋਂ ਪਉੜੀਆ ਸਾਡੇ ਸਾ੍ਹਮਣੇ ਹਨ। ਜ਼ਰਾ ਕੁ ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ ਵਾਰ ਦੀ ਆਖਰੀ ਪੋੜੀ, ਜੋ ਕਿ ਵਾਰ (ਤੀਜੀ ਪਉੜੀ ਤੋਂ ੫੪ਵੀਂ ਪਉੜੀ) ਦਾ ਉਪਦੇਸ਼ਾਤਮਕ ਨਿਚੋੜ ਹੈ, ਉਹ ਪਹਿਲੀ ਦੋ ਪਉੜੀਆਂ ਵਿਚਲੇ ਦਿੱਤੇ ਭਾਵ/ਉਪਦੇਸ਼ ਭਾਵ ਦੇ ਬਿਲਕੁਲ ਵਿਪਰੀਤ ਹੈ।ਇੱਥੋਂ ਤਕ ਕਿ ਪਹਿਲੀਆਂ ਦੋ ਪਉੜੀਆਂ ਦੇ ਸਿਧਾਂਤਕ ਭਾਵਅਰਥਾਂ ਦਾ ਸੰਬਧ, ਬਾਕੀ ਵਾਰ ਦੀ ਕਿਸੇ ਪਉੜੀ ਨਾਲ ਨਹੀਂ ਸਥਾਪਤ ਹੁੰਦਾ।

ਪਹਿਲੀ ਪਉੜੀ ਵਿਚ ਵਰਤੇ ਸ਼ਬਦ ਭਗੌਤੀ ਦਾ ਅਰਥ, ਪ੍ਰਸੰਗ ਅਨੁਸਾਰ, ਦੂਜੀ ਪਉੜੀ ਦੇ ਭਾਵਅਰਥਾਂ ਦੇ ਨਾਲ ਜੁੜਦੇ ਹੋਏ ' ਦੁਰਗਾ' ਕਦਾਚਿਤ ਨਹੀਂ ਨਿਕਲਦਾ ਬਲਕਿ ਪਰਮਾਤਮਾ ਨਿਕਲਦਾ ਹੈ। ਯਾਨੀ ਕੇ ਉਹ ਪਾਰਬ੍ਰਹਮ (ਭਗੌਤੀ), ਜਿਸ ਨੇ ਪਹਿਲਾ ਖੰਡਾ ( ਦੰਦ ਪਧਾਰਥ ਰੂਪ ਈਸ਼ਵਰੀਯ ਮਾਇਆ ਸ਼ਕਤੀ ) ਸਿਰਜਿਆ ਅਤੇ ਫ਼ਿਰ ਜਿਸ ਨੇ ਕਹੇ ਜਾਂਦੇ  ਬ੍ਰਹਮਾ, ਬਿਸ਼ਨ, ਮਹੇਸ਼, ਧਰਤੀ, ਦਰੀਆਵਾਂ , ਪਰਬਤ , ਅਕਾਸ਼ (ਸ਼ਪaਚe), ਦੇਵਤੇ ਆਦਿ ਦੀ ਸਿਰਜਨਾ ਕੀਤੀ। ਉਸੀ ਨੇ ਦੁਰਗਾ, ਰਾਮ, ਕ੍ਰਿਸ਼ਨ ਅਤੇ ਮੁੰਨਿਆਂ ਨੂੰ ਪੈਦਾ ਕੀਤਾ ਪਰ ਉਸ ਪਰਮਾਤਮਾ ਦਾ ਅੰਤ ਇਨਾਂ੍ਹ ਵਿਚੋਂ ਕਿਸੇ ਨੇ ਨਹੀਂ ਪਾਇਆ।

ਨੋਟ:- ਖੰਡਾ ਦੇ ਅਰਥ ਦੀ ਵਧੇਰੇ ਸਪਸ਼ਟਤਾ ਲਈ ਦੇਖੋ ਇੰਦਰਾਜ; 'ਖੰਡਾ' ਅਤੇ ਫ਼ਿਰ ਵੇਖੋ 'ਮਾਇਆ' (ਮਹਾਨ ਕੋਸ਼)

ਦੂਜੀ ਪਉੜੀਆਂ ਵਿਚ ਆਇਆਂ ਗਲਾਂ ਲਗਭਗ ਉਹੀ ਹਨ ਜਿਨਾਂ੍ਹ ਬਾਰੇ ਸੰਕੇਤ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹਨ।ਪਰ ਆਖਰੀ ਪਉੜੀ ਦਾ ਰਚਣਹਾਰ ਪਹਲਿਆਂ ਦੋ ਪਉੜੀਆਂ ਦੇ ਮੂਲ ਰਚਣਹਾਰ ਨਾਲੋਂ ਵੱਖਰਾ ਉਪਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ।ਪਹਿਲੀ ਦੋ ਪਉੜੀਆਂ ਦਾ 'ਲਿਖਾਰੀ' ਸਰਵੋੱਚ ਪਰਮਾਤਮਾ ਦੀ ਸਥਿਤੀ ਨੂੰ ਬਿਆਨ ਕਰਦੇ ਇਸ ਵਿਚਾਰ ਦਾ ਲਿਖਾਇਕ  ਨਹੀਂ ਹੋ ਸਕਦਾ ਕਿ 'ਪ੍ਰਿਥਮ ਭਗੌਤੀ' ਤੋਂ 'ਉਸ' ਦਾ ਭਾਵ ਉਹ ਦੁਰਗਾ ਹੈ ਜਿਸ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ ਅਤੇ ਜਿਸ ਨੂੰ (ਰਾਮ, ਕ੍ਰਿਸ਼ਨ ਵਿਸ਼ਨੂੰ ਸ਼ਿਵ ਅਦਿ ਵਾਂਗ) ਪਰਮਾਤਮਾ ਦੀ ਅਨੰਤਤਦਾ ਦਾ ਪਤਾ ਵੀ ਨਹੀਂ।

ਆਖਰੀ ਪਉੜੀ ਦਾ ਲਿਖਾਰੀ, ਬਾਕੀ ਦਿਆਂ ੫੩ ਪਉੜੀਆਂ ਵਿਚ ਯੁੱਧ ਵਰਨਨ, ਉਪਰੰਤ ਦੁਰਗਾ ਨੂੰ ਮੁਕਤੀਦਾਤੀ ਦੇ ਰੂਪ ਵਿਚ ਜਗ ਵਿਖਿਅਤ (ਪ੍ਰਚਾਰਤ) ਕਰਦਾ ਹੈ, ਪਰ ਪਹਿਲੀ ਦੋ ਪਉੜੀਆਂ ਦਾ ਲਿਖਾਰੀ ਪਰਮਾਤਮਾ ਨੂੰ ਬੇਅੰਤ ਬਿਆਨ ਕਰਦੇ ਹੋਏ ਦੁਰਗਾ ਸਮੇਤ ਪ੍ਰਚਲਤ ਤਮਾਮ ਮੁਕਤੀਦਾਤਿਆਂ ਨੂੰ ਪਰਮਾਤਮਾ ਦੇ ਹੇਠ ਦਰਸਾਉਂਣ ਦੇ ਵਿਚਾਰ ਨੂੰ ਜਗ ਵਿਖਿਅਤ (ਪ੍ਰਚਾਰਤ) ਕਰਦਾ ਹੈ। ਕੀ ਇਹ ਇਕੋ ਲਿਖਾਰੀ ਦੀ ਰਚਨਾ ਹੈ ਜਾਂ ਫ਼ਿਰ ਕੋਈ ਕਾਲਾਂਤਰ ਮਿਲ ਗੋਭਾ? ਆਪਣੇ-ਆਪਣੇ ਪ੍ਰਕਰਣ ਅਨੁਸਾਰ ਪਹਿਲੀ ਦੋ ਪਉੜੀਆਂ ਦਾ ਮੂਲ ਰਚਣਹਾਰ (Creator) ਆਖਰੀ ਪਉੜੀ ਦਾ ਰਚਣਹਾਰ ਨਹੀਂ ਹੋ ਸਕਦਾ  ਅਤੇ ਆਖਰੀ ਪਉੜੀ ਦਾ ਮੂਲ ਰਚਣਹਾਰ ਪਹਿਲੀ ਦੋ ਪਉੜੀਆਂ ਦਾ ਮੂਲ ਰਚਣਹਾਰ ਨਹੀਂ ਹੋ ਸਕਦਾ।ਹਾਂ ਉਨਾਂ੍ਹ ਨੂੰ ਬਾਦ ਵਿਚ, ਕਿਸੇ ਵੇਲੇ, ਇੱਕ ਥਾਂ ਇੱਕਠੇ ਕਰ ਦੇਂਣ ਵਾਲਾ ਕਾਤਬ ਇੱਕ ਹੋ ਸਕਦਾ ਹੈ।ਇਸ ਪ੍ਰਕ੍ਰਿਆ ਨਾਲ ਦੋ ਵੱਖਰੀਆਂ ਗਲਾਂ ਇਕ ਨਹੀਂ ਹੋ ਜਾਂਦਿਆਂ।ਸਮੁੱਚੀ ਰਚਨਾਵਾਂ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਸੱਜਣ ਇਸ ਤੱਥ ਦੀ ਅਣਦੇਖੀ ਕਰਦੇ ਹਨ।ਕੁੱਝ ਸੱਜਣ ਇਸ ਕ੍ਰਿਤ ਨੂੰ ਮੁਗ਼ਲ ਹਕੁਮਤ ਵਿਰੁਧ ਪੀੜਤ ਹਿੰਦੁ ਭਾਈਚਾਰੇ ਨੂੰ ਲਾਮ-ਬੰਦ ਕਰਨ ਦਾ ਯਤਨ ਲਿਖਦੇ ਹਨ।ਕੀ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਜੀ ਤਕ ਹਿੰਦੂ ਭਾਈ ਚਾਰਾ ਪੀੜਤ ਅਤੇ ਸ਼ੋਸ਼ਤ ਨਹੀਂ ਸੀ ?

ਇਹ ਗਲ ਤਾਂ ਨਿਸ਼ਚਤ ਹੈ ਕਿ ਵਿੱਚਤਰ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿਚ ਰੱਚਿਆ ਗਿਆ ਸੀ। ਜਿਹੜੇ ਸੱਜਣ ਇਸ ਜੋੜ ਨੂੰ ਮਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨਾਂ੍ਹ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਗੁਰੂ ਵਲੋਂ ਸਿੱਖਾਂ ਲਈ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨਾਂ੍ਹ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨਾਂ੍ਹ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ।ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ ਦੇ ! ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਵੱਖੋ-ਵੱਖ ਲਿਖਤਾਂ ਨੇ ਗੁਰੂ ਤੋਂ ਬਾਦ ਬਿਨਾ ਇਜ਼ਾਜ਼ਤ ਅਤੇ ਹੁਕਮ ਦੇ ਇਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ।

ਪੌਰਾਣਿਕ ਗਾਥਾ ਦਾ ਪੁਨਰਲੇਖਨ ਇਕ ਵੱਖਰੀ ਗਲ ਹੋ ਸਕਦੀ ਹੈ ਪਰ ਮੁਗ਼ਲ ਸਰਕਾਰ ਵਿਰੁਧ ਲਾਮਬੰਦੀ ਕਰਨ ਲਈ ਹੋਰ ਪੀੜਤਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਜੁਗਤ ਵਿਚ, ਕਿਸੇ ਗਾਥਾ ਦੇ ਅੰਤਿਮ ਸੰਦੇਸ਼  ਰਾਹੀਂ ਗੁਰਮਤਿ ਸਿਧਾਂਤ ਨੂੰ ਪਲਟਣ ਦੀ ਗਲ ਦਸ਼ਮੇਸ਼ ਗੁਰੂ ਨਹੀਂ ਬਲਕਿ ਕੋਈ  ਸਮਝੋਤਾਵਾਦੀ ਰਾਜਨੀਤਕ ਹੀ ਕਰ ਸਕਦਾ ਹੈ। ਜੋ ਸੱਜਣ ਪੁਰੀ ਵਾਰ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਹ ਇਹ ਦਸਸਾਉਂਣ ਵਿਚ ਅਸਫ਼ਲ ਹਨ ਕਿ  ਪਹਿਲਾਂ ਅਕਾਲ ਪੁਰਖ ਅਤੇ ਗੁਰੂਆਂ ਦੀ ਸਿੱਖਿਆ ਨੂੰ ਚੇਤੇ ਰੱਖਣ ਅਤੇ ਪਰਮਾਤਮਾ ਦੀ ਸਰਵੋੱਚਤਾ ਦੇ ਸੰਦੇਸ਼ ਦੇ ਬਾਦ, ਇਕ ਅਵਤਾਰ ਦੇ ਯੁੱਧ ਪਾਠ ਦੇ ਪਠਨ ਰਾਹੀਂ ਆਵਾਗਮਨ ਤੋਂ ਮੁਕਤੀ ਪ੍ਰਾਪਤੀ ਦੀ ਰਾਹ ਪਾਉਣ ਵਾਲੀ ਆਖਰੀ ਪਉੜੀ ਕਿਵੇਂ ਅਵਤਾਰਵਾਦ ਦੇ ਬੁਨਿਆਦੀ ਸਿਧਾਂਤਾ ਦਾ ਉਲੰਘਨ ਕਰਦੀ ਹੈ? ਅਵਤਾਰਵਾਦ ਤੋਂ ਅਸਿਹਮਤੀ ਤਾਂ ਸਿੱਖੀ ਦੇ ਦਰਸ਼ਨ ਅੰਦਰ ਪਰਮਾਤਮਾ ਦੀ ਵਿਆਖਿਆ ਨਾਲ ਜੁੜੀ ਹੈ।ਇਸ ਲਈ ਪੁਰੀ ਵਾਰ ਨੂੰ ਗੁਰੂ ਕ੍ਰਿਤ ਮੰਨਣਾ ਅਸੰਭਵ ਹੈ।
ਭਾਈ ਕਾਨ ਸਿੰਘ ਜੀ ਨਾਭਾ ਐਸੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ  ਉਸੁਲ ਵਿਰੁੱਧ (੧) ਇਤਹਾਸ ਵਿਰੁਧ (੨) ਯੁਕਤੀ ਵਿਰੁਧ (੩) ਢੰਗ ਦਾ ਇਸਤਮਾਲ ਕਰਨ ਦਾ ਵਿਚਾਰ ਪੇਸ਼ ਕਰਦੇ ਹਨ ਤਾਂ ਕਿ ਕਿਸੇ ਪੁਸਤਕ ਵਿਚ ਲਿਖੇ ਪ੍ਰਮਾਣਕ ਵਚਨਾਂ ਤੋਂ ਅਪ੍ਰਮਾਣਕ ਵਚਨਾਂ ਨੂੰ ਅਲਗ ਕਰਦੇ ਅਪ੍ਰਮਾਣਕ ਵਚਨਾ ਤੇ ਸ਼ਰਧਾ ਨਾ ਕਰੀਏ।(ਵੇਖੋ ਪੰਨਾ ੪, ਗੁਰਮਤ ਮਾਰਤੰਡ, ਭਾਗ ਪਹਿਲਾ)

ਕਿਸੇ ਰਚਨਾ ਦੇ ਲੇਖਨ ਕਾਲ ਅਤੇ ਇੱਕੋ ਲਿਖਾਰੀ ਦੇ ਹੱਥੋਂ ਲਿਖਤ ਤੋਂ ਛੁੱਟ, ਸਿਧਾਂਤਕ ਅਧਾਰ ਤੇ, ਪਹਿਲਿਆਂ ਦੋ ਪਉੜੀਆਂ ਅਤੇ ਆਖਰੀ ਪਉੜੀ ਦਾ ਮੂਲ ਚਿੰਤਨ ਸ੍ਰੋਤ ਕਦਾਚਿਤ ਇਕੋ ਪ੍ਰਤੀਤ ਨਹੀਂ ਹੁੰਦਾ। ਆਖਰੀ ਪਉੜੀ ਦੇ ਮੱਧੇ ਨਜ਼ਰ ਪਹਲਿਆਂ ਦੋ ਪਉੜੀਆਂ ਆਪਣੇ ਸੱਵਤੰਤਰ ਭਾਵ ਅਰਥਾਂ ਕਾਰਣ ਬਾਕੀ ਵਾਰ ਨਾਲ ਆਪਣੇ ਸਬੰਧ ਪ੍ਰਤੀ ਪ੍ਰੋਢਤਾ ਨਹੀਂ ਬਲਕਿ ਵੱਡਾ ਸ਼ੰਕਾ ਖੜਾ ਕਰਦੀਆਂ ਹਨ।ਪ੍ਰਤੀਤ ਹੁੰਦਾ ਹੈ ਕਿ ਮੂਲ ਰੂਪ ਵਿਚ ਪਹਿਲਿਆਂ ਦੋ ਪਉੜੀਆਂ ਇਕ (ਵਿਸ਼ੇਸ਼ ਰੂਪ ਵਿਚ ਪਹਿਲੀ ) ਸਵਤੰਤਰ ਹੋਂਦ ਰੱਖਦਿਆਂ ਸਿੱਖਾਂ ਵਿਚ' ਪ੍ਰਚਲਤ ਸਨ ਜਿਨਾਂ ਦਾ ਦੁਰਗਾ ਉਸਤਤ ਨਾਲ ਕੋਈ ਸਬੰਧ ਨਹੀਂ ਸੀ।ਲੇਕਿਨ ਗੁਰੂ ਨੂੰ ਦੁਰਗਾ ਪੁਜਾਰੀ ਦਰਸਾਉਂਣ ਲਈ ਪ੍ਰਚਲਤ ਪਉੜੀ ਦਾ ਆਸਰਾ ਲਿਆ ਗਿਆ ਜਿਸ ਵਿਚ ਵਰਤਿਆ ਭਗੁaਤੀ ਸ਼ਬਦ ਵਧੇਰੇ ਸਹਾਯਕ  ਸਾਬਤ ਹੋਇਆ ਕਿਉਂਕਿ ਉਹ ਦੁਰਗਾ ਸ਼ਬਦ ਦਾ ਪਾ੍ਰਯਵਾਚੀ ਸ਼ਬਦ ਕਰਕੇ ਵੀ ਪ੍ਰਚਲਤ ਸੀ।

ਪੁਰੀ ਵਾਰ ਨੂੰ ਗੁਰੂ ਰਚਿਤ  ਕਹਿਣ ਵਾਲੇ ਇਕ ਸੱਜਣ ਨੇ ਤਰਕ ਦਿੱਤਾ ਕਿ ਪਹਿਲਿਆਂ ਦੋ ਪਉੜੀਆਂ ਵਿਚ ਗੁਰੂ ਨੇ ਸਿਧਾਂਤ ਦਿੱਤਾ ਹੈ ਅਤੇ ਬਾਕੀ ੫੩ ਪਉੜੀਆਂ ਵਿਚ ਯੁੱਧ ਕਥਾ ਦਾ ਵ੍ਰਿਤਾਂਤ। ਇਸ ਤੇ ਦਾਸ ਨੇ ਉਨਾਂ੍ਹ ਨੂੰ ਆਖਰੀ ਪਉੜੀ ਵਿਚ ਦਰਸਾਈ ਗੁਰਮਤਿ ਦੇ ਉਲਟ ਮਨਮਤਿ ਨੂੰ ਸਪਸ਼ਟ ਕੀਤਾ ਤਾਂ ਉਹ ਕਹਿਣ ਲਗੇ ਕਿ ਹੋ ਸਕਦਾ ਹੈ ਇਹ ਆਖਰੀ ਪਉੜੀ ਕਿਸੇ ਨੇ ਫ਼ਾਲਤੂ ਪਾ ਦਿੱਤੀ ਹੋਵੇ।ਇਸ ਤੇ ਦਾਸ ਨੇ ਬੇਨਤੀ ਕੀਤੀ ਕਿ ਅਗਰ ਆਪ ਜੀ ਦਾ ਇਹੀ ਵਿਚਾਰ ਹੈ ਤਾਂ ਇਸ ਤੇ ਵਿਚਾਰ ਕਰੋ ਕਿ ਗੁਰੂ ਨਾਲ, ਗੁਰੂ ਕਥਨੀ ਕਰਕੇ ਜੋੜੀਆਂ ਗਈਆਂ ਫ਼ਾਲਤੂ ਚੀਜ਼ਾ ਦੀ ਪਛਾਂਣ ਜ਼ਰੂਰੀ ਹੈ। ਉਨਾਂ੍ਹ ਇਸ ਦੇ ਤਰੀਕੇ ਬਾਰੇ ਦਾਸ ਦਾ ਵਿਚਾਰ ਪੁੱਛਿਆ ਤਾਂ ਦਾਸ ਨੇ ਆਪਣੀ ਸਮਝ ਅਨੁਸਾਰ ਕਿਹਾ ਕਿ ਇਸ ਦਾ ਤਰੀਕਾ ਇਹ ਹੈ ਕਿ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਪਛਾਣਿਆਂ ਜਾਏ ਨਾ ਕਿ ਬਿਨਾ ਪੜਚੋਲ , ਸਮੁੱਚੇ ਤੌਰ ਤੇ, ਸਹੀ ਨੂੰ ਵੀ ਗਲਤ ਅਤੇ ਗਲਤ ਨੂੰ ਵੀ ਸਹੀ ਕਰਾਰ ਦਿੱਤਾ ਜਾਏ!ਖ਼ੈਰ ਅੱਗੇ ਤੁਰੀਏ।

ਪਹਿਲੀ ਗਲ ਤਾਂ ਇਹ, ਜਿਵੇਂ ਕਿ ਵਿਚਾਰ ਆਏ ਹਾਂ, ਇਸ ਵਾਰ ਦਾ ਮੂਲ ਸਿਰਲੇਖ  'ਅਬ ਵਾਰ ਦੁਰਗਾ ਕੀ ਲਿਖਯਤੇ'  ਸੀ ਜਿਸ ਲਈ ਬਾਦ ਵਿਚ- ਵਾਰ ਸ਼੍ਰੀ ਭਗਉਤੀ ਜੀ ਕੀ; ਚੰਡੀ ਦੀ ਵਾਰ ਪ੍ਰਚਲਤ ਕੀਤਾ ਗਿਆ। ਇਸ ਤੋਂ ਇਹ ਸੰਭਾਵਨਾ ਉਚੇਚੀ ਵਿਚਾਰ ਮੰਗਦੀ ਹੈ ਕਿ ਕਿਸੇ ਲਿਖੀ ਹੋਈ ਦੁਰਗਾ ਦੀ ਵਾਰ ਵਿਚ ਪਹਲਿਆਂ ਦੋ ਪਉੜੀਆਂ ਸ਼ੂਮਾਰ ਕੀਤੀਆਂ ਗਈਆਂ ਅਤੇ ਪਹਿਲੀ ਪਉੜੀ ਦੇ ਆਰੰਭ ਵਿਚ ਵਰਤੇ ਗਏ ਸ਼ਬਦ ਭਗਉਤੀ ਦਾ ਇਸਤੇਮਾਲ, ਵਾਰ ਦੇ ਮੂਲ ਸਿਰਲੇਖ 'ਅਬ ਵਾਰ ਦੁਰਗਾ ਕੀ ਲਿਖਯਤੇ'  ਨੂੰ, ਵਾਰ ਸ਼੍ਰੀ ਭਗਉਤੀ ਜੀ ਕੀ; ਚੰਡੀ ਦੀ ਵਾਰ ਕਰਕੇ ਪ੍ਰਚਲਤ ਕਰਨ ਲਈ ਕੀਤਾ।ਯਾਨੀ ਕਿ ਵਾਰ ਦੀ ਪਹਿਲੀ ਪੌੜੀ ਵਿਚ ਭਗਉਤੀ ਸ਼ਬਦ ਦੀ ਵਰਤੋਂ ਨੂੰ ਦੁਰਗਾ ਸ਼ਬਦ ਦੀ ਜਗਾ੍ਹ ਫਿਟ ਕੀਤਾ ਗਿਆ।ਜੇਕਰ ਕਾਲਾਂਤਰ ਘੜੇ  ਇਸ ਮਿਲ ਗੋਭੇ ਨੂੰ ਪਲਟਿਆ ਜਾਏ ਤਾਂ ਮੂਲ ਸਥਿਤੀ ਇੰਝ ਵੀ ਬਣਦੀ ਨਜ਼ਰ ਆਉਂਦੀ ਹੈ:- 
 
1a> ਤਿਗੁਰ ਪ੍ਰਸਾਦਿ
ਸ਼੍ਰੀ ਭਗਉਤੀ ਜੀ ਸਾਹਾਈ
ਪਾਤਿਸ਼ਾਹੀ ੧੦
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।

                           ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।

ਇਸ ਸੰਭਾਵਤ ਮੂਲ ਸਥਿਤੀ ਵਿਚ ਸ਼੍ਰੀ ਭਗਉਤੀ ਅਤੇ ਪ੍ਰਿਥਮ ਭਗਉਤੀ ਦੋਹਾਂ ਜਗਾ੍ਹ , ਪ੍ਰਕਰਣ ਅਨੁਸਾਰ, ਭਗਉਤੀ ਦਾ ਅਰਥ ਪਾਰਬ੍ਰਹਮ ਵਾਹਗੁਰ ਹੀ ਬਣਦਾ ਹੈ।ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਦੋ ਪਉੜੀਆਂ ਦੇ ਇਸ ਮੂਲ ਸਵਰੂਪ ਨੂੰ  ਅਲਗ ਲਿਖੀ ਹੋਈ ਕਿਸੇ ਦੁਰਗਾ ਦੀ ਵਾਰ ਦੇ ਖਾਂਚੇ ਵਿਚ, ਸਿਰਲੇਖ ਵਰਗੀ ਤਰਮੀਮ ਦੀ ਜੁਗਤ ਕਰਕੇ, ਫ਼ਿੱਟ ਕਰ ਦਿੱਤਾ ਗਿਆ ਹੋਵੇ ਜਿਸ ਕਾਰਣ ਭਗਉਤੀ ਸ਼ਬਦ ਦੇ ਅਰਥ ਸਿਰਲੇਖ ਵਿਚ ਦੁਰਗਾ ਦੇਵੀ ਨਾਲ ਜਾ ਜੁੜ ਗਏ।ਇਹ ਇਕ ਵਿਚਾਰਣਯੋਗ ਤੱਥ ਹੈ ਕਿਉਂਕਿ ਪਹਿਲਿਆਂ ਦੋ ਪਉੜੀਆਂ ਦਾ ਸਿਧਾਂਤਕ ਅਰਥ ਅਤੇ  ਬਾਕੀ ਦਿਆਂ ੫੩ (ਵਿਸ਼ੇਸ਼ ਰੂਪ ਵਿਚ ਆਸ਼ਰੀ ਪਉੜੀ) ਪਉੜੀਆਂ ਨਾਲ ਨਹੀਂ ਮਿਲਦਾ। ਪਹਲਿਆਂ ਦੋ ਪਉੜੀਆਂ ਅਤੇ ਵਾਰ ਦੀ ਆਖਰੀ ਪੋੜੀ ਵਿਚਕਾਰ ਵੱਡਾ ਸਿਧਾਂਤਕ ਟੱਕਰਾਉ ਸਪਸ਼ਟ ਹੈ।ਅਸੀਂ ਜਾਣਦੇ ਹਾਂ ਕਿ ਦਸ਼ਮੇਸ਼ ਜੀ ਨੂੰ ਦੁਰਗਾ ਪੁਜਕ ਪ੍ਰਚਾਰਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਸੰਭਵ ਗਲ ਨਹੀਂ ਕਿ ਇਸ ਕੋਸ਼ਿਸ ਨੂੰ ਅੰਜਾਮ ਦੇਣ ਲਈ ਸਿੱਖਾਂ ਵਿੱਚ ਜਾਣੇ-ਪਛਾਣੇ ਅਤੇ ਕਿਸੇ ਪ੍ਰਚਲਤ ਵਰਤੋਂ (ਪਹਲਿਆਂ ਦੋ ਪਉੜੀਆਂ-ਵਿਸ਼ੇਸ਼ ਕਰ ਕੇ ਪਹਿਲੀ) ਦਾ ਹੀ ਇਸਤੇਮਾਲ ਕੀਤਾ ਗਿਆ ਹੋਵੇ।

ਕਿਸੇ ਥਾਂ ਵੱਡੀ ਪੱਧਰ ਦਾ ਭੁਲੇਖਾ ਪਾਉਂਣ ਲਈ ਕਿਸੇ ਮੂਲ ਗਲ ਦਾ ਹੋਣਾ ਲਾਜ਼ਮੀ ਹੁੰਦਾ ਹੈ।ਗੁਰੂ ਗੋਬਿੰਦ ਸਿੰਘ ਜੀ ਦੇ ਬਾਦ ਬੱਚੇ  ਸਾਰੇ ਸਮਕਾਲੀ ਇਨਾਂ੍ਹ ਭੁੱਲੇਖਾ ਨਹੀਂ ਸੀ ਖਾ ਸਕਦੇ ਕਿ 'ਕੁੱਝ ਵੀ ਨਾ ਹੋਣ ਦੀ ਸਥਿਤੀ' ਵਿਚ 'ਉਹ ਬਹੁਤ ਕੁੱਝ ਹੋਣ ਦੀ ਗਲ' ਰਾਤੋ-ਰਾਤ ਆਪਣੇ ਗਲ ਪਾ ਲੇਂਦੇ ਜਾਂ ਉਨਾਂ੍ਹ ਦੇ ਗਲ ਪਾ ਦਿੱਤੀ ਜਾਂਦੀ।ਜੇਕਰ ਦਸ਼ਮੇਸ਼ ਜੀ ਵਲੋਂ ਲਿਖੇ ਅਤੇ ਸਿੱਖਾਂ ਵਲੋਂ ਵਰਤੇ ਜਾਂਦੇ ਕੁੱਝ ਵਿਚਾਰ ਬਾਦ ਵਿਚ ਕਿਸੇ ਨੇ ਇੱਕ ਗ੍ਰੰਥ ਵਿਚ ਸ਼ੂਮਾਰ ਕਰ ਲਏ ਤਾਂ ਉਹ ਵਿਚਾਰ ਉਸ ਗ੍ਰੰਥ ਦੇ ਨਹੀਂ ਕਹਿ ਜਾ ਸਕਦੇ। ਇਸ ਲਈ ਪਹਿਲਾਂ ਤੋਂ ਹੀ ਸਵਤੰਤਰ ਹੋਂਦ ਰੱਖਦੀ ਰਚਨਾ ਨੂੰ  ਬਾਦ ਵਿਚ ਰਚੇ ਗਏ ਗ੍ਰੰਥ ਦੀ ਰਚਨਾ ਕਹਿ ਕੇ ਰੱਧ ਕਰਨ ਤੋਂ ਪਹਿਲਾਂ ਪੜਚੋਲ ਜ਼ਰੂਰੀ ਹੈ।ਇੰਝ ਹੀ ਕੁੱਝ ਸਵਤੰਤਰ ਰਚਨਾਵਾਂ ਦੇ ਸਿਰ ਤੇ ਪੁਰੇ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣਾ ਉਚਿੱਤ ਨਹੀਂ।
ਖ਼ੈਰ ਇਤਹਾਸਕ ਹਵਾਲਿਆਂ ਵਿਚ ਆਉਂਦਾ ਹੈ ਕਿ ਸਿੱਖਾਂ ਦੇ ਅੰਦਰ ਗੁਰੂ ਕਾਲ ਵੇਲੇ  ਵੀ ਕੁੱਝ ਐਸੀਆਂ ਲਿਖਤਾਂ ਦਾ ਪ੍ਰਚਲਨ ਸੀ ਜੋ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਿਆਂ ਸਨ।ਇਹ ਲਿਖਤਾਂ (ਕੋਈ ਵੀ ਹੋਵੇ) ਬਾਣੀ ਦਾ ਦਰਜਾ ਨਹੀਂ ਸੀ ਰੱਖਦਿਆਂ ਪਰ ਇਨਾਂ ਦਾ ਮੁੱਲਾਂਕਨ ਕੇਵਲ ਬਾਣੀ ਅਨੁਸਾਰੀ ਹੋਂਣ ਕਰਕੇ ਕੀਤਾ ਜਾਂਦਾ ਸੀ ਅਤੇ ਐਸਾ ਕੇਵਲ ਗੁਰੂਘਰ ਦੀ ਸਵਕ੍ਰਿਤੀ ਦੇ ਮਾਰਫ਼ਤ ਹੀ ਹੁੰਦਾ ਸੀ।ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦਿਆਂ ਲਿਖਤਾਂ ਇਸ ਦੀ ਮਿਸਾਲ ਹਨ।

ਇਤਹਾਸ ਵਿਚ ਇਹ ਵੀ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਉਪਰੰਤ ਬੱਚੇ ਉੱਗੇ ਸਮਕਾਲੀਆਂ ਦਰਮਿਆਨ ਕੁੱਝ ਲਿਖਤਾਂ ਨੂੰ ਲੇ ਕੇ ਵਿਵਾਦ ਹੋਇਆ ਸੀ।ਬੰਦੇ ਵੀ ਉਹ ਜਿਨਾਂ੍ਹ ਨੂੰ ਇਸ ਅਤਿਅੰਤ ਗੋਪਨੀਯ (ਠੋਪ ਸ਼eਚਰeਟ) ਮਿਸ਼ਨ ਦੀ ਜਾਣਕਾਰੀ ਵੀ ਸੀ ਕਿ ਮੱਸਾ ਰੰਗੜ ਦਾ ਸਿਰ ਕਲਮ ਕਰਨ ਲਈ ਗੁਰਸਿੱਖਾਂ ਨੇ ਚਾਲੇ ਪਾਏ ਹਨ! ਪ੍ਰਸੰਗ ਅਨੁਸਾਰ, ਇਸ ਵਿਵਾਦ ਦਾ 'ਮੂਲ ਕਾਰਣ' ਇਹ ਪ੍ਰਸ਼ਨ ਸੀ ਕਿ ਵੱਖੋ-ਵੱਖ ਲਿਖਤਾਂ ਨੂੰ ਇਕੋ ਥਾਂ ਜੁੜੀਆ ਰਹਿਣ ਦਿੱਤਾ ਜਾਏ ਜਾ ਨਹੀਂ?

ਉਸ ਵਿਵਾਦ ਦਾ ਮੂਲ ਕਾਰਣ ਇਹ ਸਵਾਲ ਨਹੀਂ ਸੀ ਕਿ ਕੀ ਦਸਵੇਂ ਪਾਤਿਸ਼ਾਹ ਨੇ ਕੁੱਝ ਲਿਖਿਆ ਸੀ ਜਾਂ ਨਹੀਂ? ਐਸੇ ਵਿਵਾਦ ਦੇ ਨਾ ਹੋਣ ਦਾ ਸ਼ਾਯਦ ਇਹ ਕਾਰਣ ਸੀ ਕਿ ਉਹ ਸਮਕਾਲੀ, ਗੁਰੂ ਗੋਬਿੰਦ ਸਿੰਘ ਜੀ ਵਲੋਂ ਬਾਣੀ ਅਨੁਸਾਰੀ ਲਿਖਿਆਂ-ਲਿਖਵਾਈਆਂ ਕੁੱਝ ਲਿਖਤਾਂ ਦੀ ਵਰਤਣ ਤੋਂ ਜਾਂਣੂ ਸਨ ਪਰ ਸਾ੍ਹਮਣੇ ਆਇਆਂ ਫ਼ਾਲਤੂ ਅਤੇ ਵਿਚਿੱਤਰ ਪ੍ਰਕਾਰ ਦਿਆਂ ਲਿਖਤਾਂ ਤੋਂ ਵਾਕਫ਼ ਨਹੀਂ ਸਨ ਜੋ ਵਿਵਾਦ ਦਾ ਕਾਰਣ ਬਣਿਆਂ।ਸਾਰੇ ਹੀ ਹਰ ਗਲ ਤੋਂ ਇੰਨੇ ਅਣਜਾਣ ਹੁੰਦੇ ਤਾਂ ਵਿਵਾਦ ਹੀ ਕਿaੁਂ ਹੁੰਦਾ? ਇਨਾਂ੍ਹ ਨੁੱਕਤਿਆਂ ਤੇ ਵਿਚਾਰ ਦੀ ਲੋੜ ਹੈ।

ਸੰਭਾਵਨਾ ਇਹੀ ਲਗਦੀ ਹੈ ਕਿ ਇਸ ਬਾਰੇ ਵਿਵਾਦ ਗ੍ਰਸਤ ਸਮਕਾਲੀਆਂ ਵਿਚੋਂ, ਲਿਖਤਾਂ ਨੂੰ ਇਕ ਥਾਂ ਇੱਕਠੇ ਕਰਨ ਦੇ ਵਿਰੌਧੀ ਧੜੇ ਨੂੰ ਇਨਾਂ੍ਹ ਤਾਂ ਪਤਾ ਸੀ ਕਿ ਦਸ਼ਮੇਸ਼ ਗੁਰੂ ਵਲੋਂ ਕੁੱਝ ਲਿਖਤਾਂ ਸਨ ਪਰ ਕਈ ਲਿਖਤਾਂ ਬਾਰੇ ਵਿਸ਼ਵਾਸ ਸੀ ਕਿ ਉਹ ਔਪਰਿਆਂ ਅਤੇ ਵਿਚਿੱਤਰ ਪ੍ਰਕਾਰ ਦਿਆਂ ਲਿਖਤਾਂ ਸਨ ਅਤੇ ਬਾਣੀ ਅਨੁਸਾਰੀ ਨਹੀਂ ਸਨ ਜਿਨਾਂ੍ਹ ਨੂੰ ਇੱਕ ਜਿਲਦ ਵਿਚ ਬੰਨਣ ਤੇ ਇਤਰਾਜ਼ ਸੀ।ਇਹ ਧੜਾ ਵਧੇਰੇ ਸੁਚੇਤ ਸੀ ਜਿਸ ਦੇ ਮਤ ਦੀ (ਲਿਖਤਾਂ ਇੱਕਠੀਆਂ ਨਾ ਰੱਖਿਆਂ ਜਾਣ) ਕਹੀ ਜਾਂਦੀ ਇਕ 'ਟਾਸ' ਵਰਗੀ ਪ੍ਰਕ੍ਰਿਆ ਕਾਰਣ ਹਾਰ ਹੋ ਗਈ ਅਤੇ ਵੱਖੋ-ਵੱਖ ਲਿਖਤਾਂ ਤੋਂ ਇਕ ਬੇਲੋੜੇ ਆਕਾਰ ਨੇ ਜਨਮ ਲਿਆ।

ਪੰਥਕ ਵਰਤੋਂ ਵਿਚ ਚਲ ਰਹਿਆਂ ਲਿਖਤਾਂ ਬਾਰੇ ਇਹ ਕਹਿਣ ਤੋਂ ਪਹਿਲਾ ਕਿ ਉਹ ਕਿਸੇ ਹੋਰ ਗ੍ਰੰਥ ਤੋਂ ਲਈ ਗਈ ਹੈ, ਇਸ ਸਵਾਲ ਦੀ ਪੜਚੋਲ ਜ਼ਰੂਰੀ ਹੈ ਕਿ ਜੇ ਕਰ ਉਨਾਂ੍ਹ ਦਾ ਚਲਨ ਸਿੱਖਾਂ ਵਿਚ (ਦਸ਼ਮ ਗ੍ਰੰਥ ਦੀ ਹੋਂਦ ਤੋਂ ਪਹਿਲਾਂ) ਗੁਰੂਕਾਲ ਤੋਂ ਹੀ ਪ੍ਰਵਾਣਤ ਸੀ ਤਾਂ ਉਨਾਂ੍ਹ ਲਿਖਤਾਂ ਦਾ ਮੂਲ ਸਰੋਤ ਦਸ਼ਮ ਗ੍ਰੰਥ ਨਹੀਂ ਸਵੀਕਰ ਕੀਤਾ ਜਾ ਸਕਦਾ। ਬਲਕਿ ਹੋ ਸਕਦਾ ਹੈ ਮੂਲ਼ ਰੂਪ ਵਿੱਚ ਪਰਵਾਣਤ ਕੁੱਝ ਲਿਖਤਾਂ ਨੂੰ ਉਸ ਗ੍ਰੰਥ ਵਿਚ ਪਾ ਲਿਆ ਗਿਆ ਸੀ।ਇਸ ਰੂਪ ਵਿਚ ਉਹ ਰਚਨਾਵਾਂ ਸਾਡਾ ਸਾਹਿਤ ਹੈ ਨਾ ਕਿ ਬਾਦ ਵਿਚ ਘੱੜੀ ਗਈ ਕਿਸੇ ਰਚਨਾ ਦਾ।ਇਸ ਲੇਖ ਵਿਚ ਦਾਸ ਵਲੋਂ ਵਰਤੇ ਗੁਰਬਾਣੀ ਦੇ ਹਵਾਲੇ ਇਸ ਵੇਲੇ ਇਸ ਲੇਖ ਦਾ ਹਿੱਸਾ ਜ਼ਰੂਰ ਹਨ ਪਰ  ਦਾਸ ਦਾ ਲੇਖ ਉਨਾਂ੍ਹ ਹਵਾਲਿਆਂ ਦਾ ਮੂਲ ਸਰੋਤ ਨਹੀਂ ਕਿਹਾ ਜਾ ਸਕਦਾ ਨਾ ਅੱਜ ਅਤੇ ਨਾ ਹੀ ੫੦੦-੧੦੦੦ ਸਾਲ ਬਾਦ।
ਵਿਚਾਰਿਆਂ ਗਲਾਂ ਬਾਬਤ, ਸਾਂਝੇ ਤੌਰ ਤੇ, ਕਿਸੇ 'ਨਵੇਂ ਨਿਰਨਾਤਮਕ ਸਿੱਟੇ' ਤੇ ਪਹੁੰਚਣ ਤੋਂ ਪਹਿਲਾਂ ਵਿਚਾਰਾਂ ਦੀ ਸਾਂਝ ਅਤੇ ਪੜਚੋਲ ਜ਼ਰੂਰੀ ਹੈ।

ਕਿਸੇ ਭੁੱਲ ਚੂਕ ਲਈ ਛਿੱਮਾ ਦਾ ਜਾਚਕ
ਹਰਦੇਵ ਸਿੰਘ , ਜੰੰਮੂ

Monday, 31 October 2011

'ਗੁਰਚਰਨ ਸਿੰਘ ਜਿਉਣਵਾਲਾ ਜੀ ਦੇ ਜਵਾਬ ਬਾਰੇ'
ਹਰਦੇਵ ਸਿੰਘ,ਜੰਮੂ

ਦਾਸ ਨੇ ਕੁੱਝ ਦਿਨ ਪਹਿਲਾਂ ਹੀ ਸਨਮਾਨ ਯੋਗ ਸ. ਗੁਰਚਰਨ ਸਿੰਘ ਜਿਉਣਵਾਲਾ ਜੀ ਦੇ ਲਿਖੇ ਇਕ ਲੇਖ "ਜਾਪੁ ਜਾਂ ਦਸਮ ਗ੍ਰੰਥ ਤੋਂ ਸਾਨੂੰ ਕਹਿੜੀਆਂ ਸਖਿਆਵਾਂ ਲੈਣ ਦੀ ਲੇੜ ਹੈ?" ਪੜਨ ਉਪਰੰਤ ਦੋ ਸਵਾਲ ਪੁੱਛੇ ਸੀ।ਸਵਾਲ ਪੁੱਛਣ ਤੋਂ ਪਹਿਲਾਂ ਹੀ ਦਾਸ ਨੇ ਇੱਕ ਗੱਲ ਇਨਾਂ੍ਹ ਸ਼ਬਦਾ ਰਾਹੀਂ ਸਪਸ਼ਟ ਕ ਦਿੱਤੀ ਸੀ;

"ਇਹ ਵੀ ਬੇਨਤੀ ਕਰ ਦੇਵਾਂ ਕਿ ਦਾਸ ਦੇ ਸਵਾਲਾਂ ਦਾ ਸਬੰਧ ਇਸ ਚਰਚਾ ਨਾਲ ਬਿਲਕੁਲ ਨਹੀ ਕਿ ਜਾਪੁ ਸਵੈਯੇ ਅਤੇ ਚੌਪਈ ਗੁਰੂ ਲਿਖਤ ਹਨ ਜਾਂ ਨਹੀ?'
ਇਸ ਬੇਨਤੀ ਉਪਰੰਤ ਕੀਤੀ ਵਿਚਾਰ ਰਾਹੀਂ ਦਾਸ ਨੇ ਵਿਦਵਾਨ ਜੀ ਪਾਸੋਂ  ਇਹ ਦੋ ਸਵਾਲ ਪੁੱਛੇ ਸਨ;


(੧)  ਵੀਰ ਗੁਰਚਰਨ ਸਿੰਘ ਜੀਉ ਹੁਣ ਇਹ ਦੱਸਣ ਦੀ ਕਿਰਪਾਲਤਾ ਕਰਨੀ ਪਹਿਲਾਂ ਤੋਂ ਚਲ ਰਹੀ ਪੰਜ ਬਾਣੀਆਂ ਦੀ ਰੀਤ ਭਾਈ ਕਾਨ ਸਿੰਘ ਜੀ ਨਾਭਾ ਨੇ ਕੋਮ ਦੇ ਗਲ ਪਾਈ ਸੀ ਜਾਂ ਵੀਰ ਸਿੰਘ ਜੀ ਨੇ ਅੰਗ੍ਰੇਜ਼ਾਂ ਨਾਲ ਮਿਲ ਕੇ ਅਤੇ ਅਸੀਂ ਵੀਰ ਸਿੰਘ ਜੀ ਤੋਂ ਪਹਿਲਾਂ ਇਨਾਂ੍ਹ ਤੋਂ ਕਿਵੇਂ ਮੁਕਤ ਸਾਂ


(੨) "ਇਹ ਦੱਸਣ ਦੀ ਕਿਰਪਾਲਤਾ ਕਰਨ ਕਰੋ ਕਿ ਆਪ ਜੀ ਦੇ ਇਸ ਵਿਚਾਰ ਕਿ "ਬਾਕੀ ਗੁਰੂ ਸਾਹਿਬਾਨ ਤੱਬੂ ਵਿਚ ਆਪ ਇੱਕਲੇ ਬੈਠ ਕੇ ਕਿ ਪੜ ਕੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੇ ਹਨ ਇਹ ਤਾਂ ਉਹ ਹੀ ਜਾਣਨ" ਦਾ ਕੀ ਮਹੱਤਵ ਹੈ?"
ਦੂਜੇ ਸਵਾਲ ਦੀ ਬਾਬਤ ਇਹ ਜਵਾਬ ਦਿੱਤਾ ਹੈ:

"ਸ. ਹਰਦੇਵ ਸਿੰਘ ਜੰਮੂ ਜੀ ਮੇਰੇ ਵਾਸਤੇ ਇਸਦਾ ਕੀ ਮਹੱਤਵ ਹੋ ਸਕਦਾ ਹੈ? ਜਦੋਂ ਮੈਨੂੰ ਪਤਾ ਹੀ ਨਹੀਂ ਕਿ ਤੰਬੂ ਵਿਚ ਕੀ ਹੋਇਆ ਤਾਂ ਗੁਰੂ ਜੀ ਨੇ ਜੋ ਕੁੱਝ ਵੀ ਕੀਤਾ ਉਹ ਠੀਕ ਹੀ ਹੈ"
 
ਦਾਸ ਦੀ ਟਿੱਪਣੀ:- ਵੀਰ ਜੀ ਆਪ ਜੀ ਦੇ ਉਤਰ ਤੋਂ ਸਪਸ਼ਟ ਹੈ ਕਿ ਤੰਬੂ ਅੰਦਰ ਕੀ ਹੋਇਆ ਆਪ ਜੀ ਨੂੰ ਬਿਲਕੁਲ ਪਤਾ ਨਹੀਂ।ਪਰ ਇਹ ਅਚਰਜ ਹੈ ਕਿ ਆਪ ਜੀ ਨੇ ਨਾਲ ਹੀ  ਕਇਆ ਹੈ ਕਿ ਉਨਾਂ੍ਹ ਜੋ ਕੁੱਝ ਵੀ ਕੀਤਾ ਉਹ ਠੀਕ ਹੈ। ਖ਼ੈਰ ਇਸ ਤੋਂ ਸਿੱਧ ਹੁੰਦਾ ਹੈ ਕਿ ਅਸੀਂ ਉਹ ਵਾਕਯਾ ਦੇ ਆਪ ਚਸ਼ਮਦੀਦ ਨਾ ਹੋਣ ਕਾਰਨ ਇਸ ਬਾਬਤ ਕੁੱਝ ਵੀ ਪੜਨ/ਕਰਨ ਬਾਰੇ ਗੁਰੂ ਦੇ ਅਧਿਕਾਰ, ਇਤਹਾਸ ਅਤੇ ਪਰੰਪਰਾ ਦੀ ਗਵਾਹੀ ਦੇ ਵਿਸ਼ਲੇਸ਼ਣ ਤੇ ਨਿਰਭਰ ਹਾਂ। ਉਹ ਵੀ ਇਸ ਵਿਸ਼ਵਾਸ ਦੇ ਨਾਲ ਕਿ ਜੋ ਗੁਰੂ ਨੇ ਕੀਤਾ ਹੋਂਣਾ ਹੈ ਠੀਕ ਹੀ ਕੀਤਾ ਹੋਣਾ ਹੈ।ਨਹੀਂ ਤਾਂ ਕੋਈ ਕਲ ਨੂੰ ਇਹ ਵੀ ਕਹਿ ਸਕਦਾ ਹੈ ਕਿ ਕੋਈ ਵੀ ਬਾਣੀ ਨਹੀਂ ਪੜ੍ਹੀ ਗਈ।
ਹੁਣ ਪਹਿਲੇ ਸਵਾਲ ਤੇ ਆਪ ਜੀ ਦੇ ਜਵਾਬ ਨੂੰ ਵਿਚਾਰਿਏ । ਇਹ ਬਹੁਤ ਲੰਭਾ ਹੈ ! ਪਰ ਪੁਛੇ ਗਏ ਵਾਸਤਵਕ ਸਵਾਲ ਦੇ ਸੰਧਰਭ ਵਿਚ ਬਿਲਕੁਲ ਅਪ੍ਰਸੰਗਿਕ।ਆਪ ਜੀ ਨੇ ਸਵਾਲ ਨੂੰ ਬਿਲਕੁਲ ਦਰਕਿਨਾਰ ਕਰਦੇ ਬਾਣੀਆਂ ਬਾਰੇ ਵਿਚਾਰ ਦੇ ਦਿੱਤੀ ਜੋ ਕਿ ਦਾਸ ਦਾ ਸਵਾਲ ਹੀ ਨਹੀਂ ਸੀ।
ਆਪ ਜੀ ਨੇ  ਇਕ ਸਬੂਤ ਇਨਾਂ੍ਹ ਸ਼ਬਦਾਂ ਵਿਚ ਮੰਗਿਆ ਸੀ:
"ਵੀਰੋ-ਭਰਾਵੋ ਕੋਈ ਸਬੂਤ ਪੇਸ਼ ਕਰੋ ਜਿਹੜਾ ੧੦੦-੧੫੦ ਸਾਲ ਪੁਰਾਣਾ ਹੋਵੇ ਤੇ ਇਹ ਸਾਬਤ ਕਰਦਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਅੱਜ ਵਾਲੀਆਂ ਬਾਣੀਆਂ ਪੜ੍ਹੀਆਂ ਸਨ?"  
ਜਾਹਰ ਸੀ ਕਿ ਆਪ ਜੀ ਨੇ ੧੦੦-੧੫੦ ਸਾਲ ਪੁਰਾਣਾ ਸਬੂਤ ਮੰਗਿਆਂ ਸੀ ਅਤੇ ਦਾਸ ਨੇ ਉਹ ਸਬੂਤ ਆਪ ਜੀ ਨੂੰ ਦੇ ਦਿੱਤਾ।ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਆਪ ਜੀ ਨੇ ਇਸ ਸਮੇਂ ਸੀਮਾਂ ਦਾ ਸਬੂਤ ਇਸ ਲਈ ਮੰਗਿਆ ਸੀ ਕਿ ਆਪ ਜੀ ਪੰਜ ਬਾਣੀਆਂ/ਰਚਨਾਵਾਂ ਦੇ ਪੜਨ ਦੇ ਰਿਵਾਜ ਨੂੰ ਭਾਈ ਵੀਰ ਸਿੰਘ ਜੀ ਦੇ ਗਲ ਪਾ ਕੇ ਇਹ ਮੰਨ ਕੇ ਤੁਰ ਰਹੇ ਸੀ ਕਿ ਇਹ ਪ੍ਰਚਲਤ ਪੰਜ ਬਾਣੀਆਂ/ਰਚਨਾਵਾਂ ਪੜਨ ਦਾ ਇਤਹਾਸ ੧੯੪੫ ਵਿਚ ਬਣੀ ਰਹਿਤ ਮਰਿਆਦਾ ਦੇ ਕਾਰਣ ਨਾਲ ਹੀ ਸ਼ੂਰੁ ਹੋਇਆ ਸੀ ਜਿਸ ਪਿੱਛੇ ਅੰਗ੍ਰਜਾਂ ਅਤੇ ਵੀਰ ਸਿੰਘ ਦੀ ਮਿਲੀ ਭਗਤ ਸੀ। ਅਤੇ ਉਸ ਤੋਂ ਪਹਿਲਾਂ ਕੋਮ ਇਨਾਂ੍ਹ ਤੋਂ ਮੁਕਤ ਸੀ।
ਕੀ ਆਪ ਜੀ ਇਸ ਆਪਣੀ ਹੀ ਨਿਯਤ ਸਮੇਂ ਸੀਮਾਂ ਵਿਚ ਦਾਸ ਵਲੋਂ ਦਿੱਤੇ ੧੧੫ ਸਾਲਾ ਪੁਰਾਣੇ ਪੁੱਖ਼ਤਾ ਸਬੂਤ ਤੋਂ ਮੁੱਤਮਈਨ ਨਹੀਂ ਹੋਏ? ਖੈਰ ਦਾਸ ਦੇ ਸਵਾਲਾਂ ਅਤੇ ਵਿਚਾਰ ਦਾ ਵਿਸ਼ਾ, ਜਿਵੇਂ ਕਿ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ , ਨਿਤਨੇਮ ਦਿਆਂ ਲਿਖਤਾਂ ਦੇ ਗੁਰੂ ਕ੍ਰਿਤ ਹੋਂਣ ਜਾਂ ਨਾ ਹੋਂਣ ਬਾਰੇ ਚਰਚਾ ਕਰਨਾ ਨਹੀਂ ਹੈ।
ਵੀਰ ਜੀ ਮੈਂ ਵੀ ਪਿੱਛਲੇ ਦੋ ਕੁ ਸਾਲਾਂ ਤੋਂ ਐਸੀਆਂ ਗਲਾਂ ਸੁਣਦਾ/ਪੜਦਾ ਆ ਰਿਹਾ ਹਾਂਆਪ ਜੀ ਦਾ ਲੇਖ ਤਾਂ ਮੈਂ ਚੰਦ ਦਿਨ ਪਹਿਲਾਂ ਹੀ ਪੜੀਆ ਹੈ।
ਆਸ ਹੈ ਕਿ ਜਿਸ ਦਿਨ  ਆਪ ਜੀ ਸਵਾਲ ਨੂੰ ਦੁਬਾਰਾ ਵਿਚਾਰ ਕੇ ਜਵਾਬ ਦੇਂਣ ਦੀ ਕਿਰਪਾਲਤਾ ਕਰੋਗੇ ਤਾਂ ਇਸ ਬਾਬਤ ਉਨਾਂ੍ਹ ਨਾਲ ਚਰਚਾ ਅੱਗੇ ਤੁਰੇਗੀ ਕਿਉਂਕਿ ਆਪ ਜੀ ਆਪਣੇ ਇਸ ਕਥਨ ਕਿ; "ਅੱਜ ਵਾਲੀਆਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸਿੰਘ ਅੰਗਰੇਜ਼ਾਂ ਦੇ ਕਹੇ ਅਨੁਸਾਰ ਸਾਡੇ ਗਲ ਮੜ੍ਹ ਗਿਆ ਨਹੀਂ ਤਾਂ ਅਸੀਂ ਇਨਾਂ੍ਹ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ" ਦੀ ਸੱਤਯਤਾ ਬਾਰੇ ਕੋਈ ਜਵਾਬ/ਸਬੂਤ ਨਹੀਂ ਦੇ ਪਾਏ।ਦਾਸ ਇਸ ਬਾਬਤ ਤੱਥ ਨੂੰ ਵਿਚਾਰਨਾ ਜਾਰੀ ਰੱਖੇਗਾ ਤਾਂ ਕਿ ਸਹੀ ਤਸਵੀਰ ਸਮਝ ਆ ਸਕੇ।
ਆਪ ਜੀ ਜ਼ਰੂਰ ਵਿਚਾਰ ਕਰਨਾ ਕਿ ਆਪ ਜੀ ਨੇ ਉਪਰੋਕਤ ਟਿੱਪਣੀ ਕਰਕੇ ਇਹ ਵੀ ਕਹਿਣ ਦਾ ਜਤਨ ਕੀਤਾ ਹੈ ਕਿ ਖੰਡੇ ਦੇ ਅੰਮ੍ਰਿਤ ਦੀ ਰਸਮ ਵਿਚ ਪੰਜ ਦੀਆਂ ਪੰਜ ਬਾਣੀਆਂ  ਵੀਰ ਸਿੰਘ ਨੇ ਅੰਗਰੇਜ਼ਾਂ ਦੇ ਕਹੇ ਅਨੁਸਾਰ ਪੰਥ ਦੇ ਗਲ ਪਾ ਦਿੱਤੀਆਂ ਗਈਆਂ ਸਨ।ਇਹ ਇਕ ਵਚਿੱਤਰ ਵਿਚਾਰ ਹੈ! ਆਪਣੇ ਇਸ ਕਥਨ ਨੂੰ ਸੰਜੀਦਗੀ ਨਾਲ ਵਿਚਾਰਣ ਦੀ ਕਿਰਪਾਲਤਾ ਕਰਨੀ ਜੀ!ਦਾਸ ਨੂੰ ਇਸ ਵਿਸ਼ੇ ਬਾਰੇ ਐਸਾ ਵਿਚਾਰ ਪਹਿਲੀ ਵਾਰ ਪੜਨ ਨੂੰ ਮਿਲਿਆ ਹੈ।
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ ਜੰਮੂ


Saturday, 29 October 2011


ਹਰਦੇਵ ਸਿੰਘ, ਜੰਮੂ

ਰਾਗਮਾਲਾ ਗੁਰਬਾਣੀ ਨਹੀਂ ਹੈ! ਇਸ ਗਲ ਦੇ ਪੁਖ਼ਤਾ ਸਬੂਤ ਗੁਰਬਾਣੀ ਲੇਖਨ ਸ਼ੈਲੀ ਵਿੱਚ ਹੀ ਮੌਜੂਦ ਹਨ। ਗੁਰੁਬਾਣੀ ਆਪ ਇਸਦਾ ਨਿਰਨਾ ਕਰਦੀ ਹੈ। ਪਰ ਨਾਲ ਹੀ ਇਹ ਤੱਥ ਵੀ ਸ੍ਹਾਮਣੇ ਹੈ ਕਿ ਰਾਗਮਾਲਾ ਪੁਰਾਤਨ ਪ੍ਰਮਾਣਿਕ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਦ ਦਰਜ ਹੈ ਅਤੇ ਕਈ ਹੋਰ ਬੀੜਾਂ ਵਿੱਚ ਨਹੀਂ ਵੀ। ਇਸ ਤੋਂ ਪਹਿਲਾਂ ਕਿ ਅਸੀਂ ਰਾਗਮਾਲਾ ਸਬੰਧੀ ਵਿਚਾਰ ਚਰਚਾ ਕਰੀਏ ਆਉ ਜ਼ਰਾ ਇਸ ਸੰਧਰਭ ਵਿੱਚ ਮੂਲ ਮੰਤਰ ਤੋਂ ਲੇ ਕੇ ਮੁੰਦਾਵਣੀ ਤਕ ਦੇ ਬਾਣੀ ਲੇਖਨ ਦੇ ਕੁੱਝ ਐਸੇ ਨੁਕਤਿਆਂ ਵੱਲ ਗ਼ੌਰ ਕਰੀਏ ਜਿਨਾਂ ਦੀ ਵਿਚਾਰ ਸ਼ਾਇਦ ਪਹਿਲੇ ਕੀਤੀ ਗਈ ਨਾ ਮਿਲਦੀ ਹੋਵੇ।
ਗੁਰਬਾਣੀ ਲੇਖਣ ਵਿੱਚ ਕਾਗਜ਼ ਅਤੇ ਸਿਆਹੀ ਦੀ ਵਰਤੋਂ ਕੀਤੀ ਗਈ ਸੀ। ਬਾਣੀ ਦੇ ਲੇਖਨ ਵਿੱਚ ਪਤਰਿਆਂ ਉਤੇ ਅੰਕ ਲਗਾਏ ਗਏ ਸੀ ਜਿਵੇਂ ਕਿ ੩, ੪, ੫ …ਆਦਿ। ਇਸੇ ਤਰ੍ਹਾਂ ਹੋਰ ਜਗ੍ਹਾਂ ਸ਼ਬਦਾ ਜਾਂ ਸਲੋਕਾਂ ਆਦਿ ਦੀ ਗਿਣਤੀ ਲਈ ਗਣਿਤ ਦੀ ਸੰਖਿਆਵਾਂ ਦਾ ਇਸਤੇਮਾਲ ਕੀਤਾ ਗਿਆ ਸੀ। ਗਿਣਤੀ ਦੇ ਇਹ ਸੰਕੇਤ ਆਦਿ ਬੀੜ ਦੇ ਸੰਕਲਨ ਅਤੇ ਸੰਪਾਦਨ ਦੀ ਲੋੜ ਸਨ ਅਤੇ ਸ਼ਬਦਾਂ ਆਦਿ ਵਿੱਚ ਇਨ੍ਹਾਂ ਗਿਣਤੀ ਸੰਕੇਤਾਂ ਦਾ ਇਸਤੇਮਾਲ ਕਿਸੇ ਵੀ ਸੰਭਾਵਿਤ ਮਿਲਗੋਭੇ ਨੂੰ ਠੱਲ ਪਾੳਂਣ ਲਈ ਵੀ ਸੀ।
ਜ਼ਰਾ ਗ਼ੋਰ ਕਰਣ ਤੇ ਪਤਾ ਚਲਦਾ ਹੈ ਕਿ ਗੁਰਬਾਣੀ ਲੇਖਨ ਦੀ ਬਣਤਰ ਵਿੱਚ ਵਰਤੀਆਂ ਇਹ ਗਣਿਤ ਸੰਖਿਆਵਾਂ ਗੁਰਬਾਣੀ ਨਹੀਂ ਬਲਕਿ ਇਹ ਲੇਖਣ ਸ਼ੈਲੀ ਦੀਆਂ ਉਹ ਜ਼ਰੂਰਤਾਂ ਹਨ ਜਿਨਾਂ ਰਾਹੀਂ ਗੁਰਬਾਣੀ ਲੇਖਨ ਨੂੰ ਪ੍ਰਮਾਣਿਕਤਾ ਅਤੇ ਸਪਸ਼ਟਤਾ ਪਰਧਾਨ ਕੀਤੀ ਗਈ ਸੀ। ਇਸੇ ਤਰ੍ਹਾਂ ਸ਼ਬਦਾਂ ਆਦਿ ਦੇ ਲੇਖਨ ਨਾਲ ਜੁੜੀ ਜਾਨਕਾਰੀ ਦਿੰਦੇ ਰਾਗਾਂ ਦੇ ਨਾਮ ਅਤੇ ਗੁਰੂਆਂ ਪ੍ਰਤੀ ਵਰਤੇ ਸ਼ਬਦ ‘ਮਹਲਾ ੧`, ‘ਮਹਲਾ ਪ` ਆਦਿ ਸੰਕੇਤ ਉਪਦੇਸ਼ਾਤਮਕ ਨਾ ਹੁੰਦੇ ਹੋਏ ਸੁਚਨਾਤਮਕ ਹਨ ਜਿਨ੍ਹਾਂ ਉਪਰੰਤ ਵਾਸਤਵਕ ਬਾਣੀ ਉਪਦੇਸ਼ ਆਰੰਭ ਹੁੰਦਾ ਹੈ।
ਬੇਸ਼ਕ ਗੁਰੂ ਅਰਜਨ ਪਾਤਿਸ਼ਾਹ ਇਸ ਤੋਂ ਜਾਂਣੁ ਹੀ ਸਨ ਕਿ ਬਾਣੀ ਲੇਖਨ ਵਿੱਚ ਗਣਿਤ ਦੀ ਉਹ ਸੰਖਿਆ ਇਸਤੇਮਾਲ ਕੀਤੀ ਜਾ ਰਹੀ ਹੈ ਜੋ ਗੁਰਬਾਣੀ ਤਾਂ ਨਹੀਂ ਪਰ ਬਾਣੀ ਲੇਖਨ ਦੀ ਨਿਹਾਇਤ ਜ਼ਰੂਰੀ ਸ਼ਰਤ ਹੈ। ਸਾਨੂੰ ਇਸ ਦੀ ਸਮਝ ਹੈ ਅਤੇ ਇਸੇ ਲਈ ਗੁਰਬਾਣੀ ਅੰਦਰ ਇਸ ਗਣਿਤ ਦੀ ਵਰਤੋਂ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ। ਬਾਣੀ ਪਾਠ ਕਰਦੇ ਅਨੇਕਾਂ ਸ਼ਬਦਾਂ ਦੀ ਅਤੇ ਪਤਰਿਆਂ ਦੀ ਗਿਣਤੀ ਨੂੰ ਉਚਾਰਿਆ ਨਹੀਂ ਜਾਂਦਾ ਕਿਉਂਕਿ ਉਹ ਬਾਣੀ ਨਹੀ ਬਲਕਿ ਬਾਣੀ ਲੇਖਨ ਸ਼ੈਲੀ ਦਾ ਜਰੂਰੀ ਅੰਗ ਹਨ ਅਤੇ ੳਨ੍ਹਾਂ ਦੀ ਵਰਤੋਂ ਦਾ ਪ੍ਰਸੰਗ ਕੁੱਝ ਹੋਰ ਹੈ।
ਇਸੇ ਤਰ੍ਹਾਂ ਆਦਿ ਬੀੜ ਵਿੱਚ ਲਿਖਿਆ ਗਿਆ ਤਤਕਰਾ ਗੁਰਬਾਣੀ ਪਾਠ ਨਹੀਂ ਬਲਕਿ ਉਹ ਆਦਿ ਬੀੜ ਵਿੱਚ ਦਰਜ ਬਾਣੀ ਦਾ ਸੂਚੀ ਪੱਤਰ ਹੈ ਅਤੇ ਇਸ ਨਿਗਾਹ ਨਾਲ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਜ਼ਾਹਿਰ ਹੈ ਕਿ ਇਹ ਲੇਖਨ ਦੀ ਇੱਕ ਵੱਡੀ ਅਹਿਮ ਸ਼ਰਤ ਹੁੰਦੀ ਹੈ ਕਿ ਲਿਖਤ ਰਚਨਾ ਦੀ ਸੰਖੇਪ ਜਾਣਕਾਰੀ ਤਤਕਰੇ ਰਾਹੀਂ ਆਰੰਭ ਵਿੱਚ ਲਿਖੀ ਜਾਂਦੀ ਹੈ। ਪਰ ਆਦਿ ਬੀੜ ਦੇ ਲੇਖਨ ਵਿੱਚ ਤਤਕਰੇ ਦੀ ਅਹਿਮੀਅਤ ਵਧੇਰੇ ਸੀ ਜਿਸ ਬਾਰੇ ਅਸੀਂ ਚਰਚਾ ਇਸ ਲੇਖ ਵਿੱਚ ਅਗੇ ਚਲ ਕੇ ਕਰਾਂ ਗੇ। ਖ਼ੈਰ ਸਾਡੇ ਵਿਚੋਂ ਕਿਸੇ ਸਜੱਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਤਤਕਰੇ ਦੀ ਮੋਜੂਦਗੀ ਤੋ ਵੀ ਕੋਈ ਇਤਰਾਜ਼ ਨਹੀਂ ਅਤੇ ਨਾ ਹੀ ਹੋਣਾ ਚਾਹੀਦਾ ਹੈ।
ਅਸੀਂ ਅਕਸਰ ਇਹ ਪੜ੍ਹਦੇ-ਸੁਣਦੇ ਹਾਂ: ਗੁਰਬਾਣੀ ਮੂਲ ਮੰਤਰ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ” ਪਰ ਅਸੀਂ ਇਹ ਨਹੀਂ ਕਹਿੰਦੇ, ਪੜ੍ਹਦੇ ਅਤੇ ਸੁਣਦੇ ਕਿ ਗੁਰਬਾਣੀ ਤਤਕਰੇ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ”ਇਸ ਦੇ ਦੋ ਮੁਖ ਕਾਰਣ ਹਨ: ਪਹਿਲਾ: ਤਤਕਰਾ ਗੁਰਬਾਣੀ ਪਾਠ ਦਾ ਹਿੱਸਾ ਨਹੀਂ। ਦੂਜਾ: ਤਤਕਰਾ ਰਾਗਮਾਲਾ ਵਾਂਗ ਪੜ੍ਹਿਆ ਨਹੀਂ ਜਾਂਦਾ। ਇਸ ਲਈ ਤਤਕਰੇ ਦੀ ਲੋੜ ਅਤੇ ਉਸਦਾ ਪਾਠ ਨਾ ਹੋਣ ਕਰਕੇ ਤਤਕਰਾ ਵਿਵਾਦ ਦਾ ਹਿੱਸਾ ਨਹੀਂ ਬਣਦਾ। ਇਹ ਅਕਲਮੰਦੀ ਦੀ ਗੱਲ ਹੈ। ਪਰ ਦੂਜੇ ਪਾਸੇ ਰਾਗਮਾਲਾ ਵਿਵਾਦ ਦੇ ਘੇਰੇ ਵਿੱਚ ਰਹਿੰਦੀ ਰਹੀ ਹੈ ਕਿਉਂਕਿ ਇਸ ਨੂੰ ਗੁਰਬਾਣੀ ਪਾਠ ਦਾ ਹਿੱਸਾ ਮੰਨਦੇ ਪੜ੍ਹਿਆ ਜਾਂਦਾ ਹੈ ਜੋ ਕਿ ਦਰਅਸਲ ਇਹ ਹੈ ਨਹੀਂ।
ਜੇਕਰ ਅਸੀਂ ਰਾਗਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦੀ ਗਲ ਕਰੀਏ ਤਾਂ ਇਸ ਬਣਤਰ ਦੇ ਦੋ ਮੁਖ ਪਹਿਲੂ ਸ੍ਹਾਮਣੇ ਆਉਂਦੇ ਹਨ।
1) ਉਪਦੇਸ਼ਾਤਮਕ ਪਹਿਲੂ (੨) ਸੰਕੇਤਾਤਮਕ/ਸੂਚਨਾਤਮਕ ਪਹਿਲੂ
ਉਪਦੇਸ਼ਾਤਮਕ ਪਹਿਲੂ ਗੁਰੂਬਾਣੀ ਦਾ ਮੁੱਡਲਾ ਪੱਖ ਹੈ ਜਿਸ ਰਾਹੀ ਗੁਰੂ ਦੀ ਸਿੱਖਿਆ ਪ੍ਰਗਟਾਈ ਗਈ ਹੈ।
ਸੰਕੇਤਾਤਮਕ/ਸੁਚਨਾਤਮਕ ਪਹਿਲੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦਾ ਉਹ ਪੱਖ ਹੈ ਜੋ ਗੁਰੂ ਦੀ ਸਿੱਖਿਆ ਲੇਖਣ ਦੀਆਂ ਜਰੂਰਤਾਂ ਨਾਲ ਜੁੜਿਆ ਹੈ ਜਿਵੇਂ ਕਿ ਤਤਕਰਾ ਅਤੇ ਗੁਰੁਬਾਣੀ ਵਿੱਚ ਵਰਤੇ ਗਣਿਤ ਦੇ ਅੰਕ। ਇਹ ਸੰਕੇਤਾਤਮਕ ਪਹਿਲੂ ਬੇਹਦ ਅਹਿਮ ਹਨ ਪਰ ਇਹ ਉਪਦੇਸ਼ਾਤਮਕ ਨਹੀਂ ਹਨ। ਹਾਂ ਬੇਸ਼ਕ ਇਨਾਂ ਰਾਹੀਂ ਪਾਠਕ ਨੂੰ ਉਪਦੇਸ਼ਾਤਮਕ ਪੱਖ ਦੀ ਜਾਣਕਾਰੀ ਅਤੇ ਨਿਰੋਲਤਾ ਬਾਰੇ ਸਪਸ਼ਟਤਾ ਰਹਿੰਦੀ ਹੈ। ਨਾਲ ਹੀ ਇਹ ਸੰਕੇਤਾਤਮਕ ਪੱਖ ਕਿਸੇ ਬਾਹਰੀ ਮਿਲਗੋਭੇ ਦੀਆਂ ਕੋਸ਼ਿਸ਼ਾਂ ਦੀ ਪਛਾਣ ਵਿੱਚ ਸਹਾਈ ਸਾਬਤ ਹੁੰਦੇ ਰਹੇ ਹਨ।
ਜਿਥੋਂ ਤਕ ਰਾਗਮਾਲਾ ਦਾ ਸਬੰਧ ਹੈ ਤਾਂ ਇਹ ਗਲ ਬਿਲਕੁਲ ਸਪਸ਼ਟ ਹੈ ਕਿ ਇਹ ਗੁਰਬਾਣੀ ਨਾ ਹੋਣ ਕਰਕੇ ਉਪਦੇਸ਼ਤਮਕ ਪੱਖ ਨਹੀਂ ਹੈ। ਪਰ ਇਸ ਤੋਂ ਅਲਗ ਇਹ ਵਿਚਾਰਣ ਵਾਲੀ ਗਲ ਹੈ ਕਿ ਕਿਧਰੇ ਰਾਗਮਾਲਾ ਦੀ ਮੋਜੂਦਗੀ ਕਿਸੇ ਸੰਕੇਤਾਤਮਕ ਪੱਖ ਦਾ ਹਿੱਸਾ ਤਾਂ ਨਹੀਂ ਜਿਸ ਨੂੰ ਕਾਲਾਂਤਰ (After passage of time) ਅਗਿਆਨਤਾ ਵਸ਼ ਜਾਂ ਅਨਜਾਣੇਂ ਗੁਰਬਾਣੀ ਪਾਠ ਵਜੋਂ ਪੜ੍ਹਨ ਦੀ ਰੀਤ ਪੈ ਗਈ?
ਇਹ ਸਵਾਲ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਵਿਸ਼ੇਸ਼ ਕਰ ਕੇ ਉਸ ਸੂਰਤ ਵਿੱਚ ਕਿ ਜਿਸ ਵੇਲੇ ਸਭ ਤੋਂ ਪੁਰਾਤਨ ਮੰਨੀ ਜਾਂਦੀ ਮੂਲ ਆਦਿ ਬੀੜ ਵਿੱਚ ਇਹ ਦਰਜ ਹੈ ਅਤੇ ਜਿਸਦਾ ਜ਼ਿਕਰ ਉਸ ਬੀੜ ਦੇ ਤਤਕਰੇ ਵਿੱਚ ਵੀ ਹੈ ਫਿਰ ਨਾਲ ਹੀ ਇਹ ਰਾਗਮਾਲਾ ਆਦਿ ਬੀੜ ਦੇ ਬਾਦ ਕੀਤੇ ਕਈ ਉਤਾਰਿਆਂ ਵਿੱਚ ਮੋਜੂਦ ਹੈ। ਨਿਰ-ਸੰਦੇਹ ਇਹੀ ਨੁਕਤਾ ਹੈ ਜਿਸ ਕਾਰਣ ਰਾਗਮਾਲਾ ਸਪਸ਼ਟ ਰੂਪ ਵਿੱਚ ਗੁਰਬਾਣੀ ਪਾਠ ਨਾ ਹੁੰਦੇ ਹੋਏ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਸਤਕ ਸਵਰੂਪ ਵਿਚੋਂ ਬਾਹਰ ਨਹੀਂ ਕੱਡੀ ਜਾ ਸਕੀ। ਹਾਂ ਸਿੱਖ ਰਹਿਤ ਮਰਿਆਦਾ ਇੱਨਾਂ ਜ਼ਰੂਰ ਸਪਸ਼ਟ ਕੀਤਾ ਗਿਆ ਕਿ ਇਸ ਰਾਗਮਾਲਾ ਦੇ ਪਾਠ ਬਿਨਾਂ ਵੀ ਗੁਰਬਾਣੀ ਪਾਠ ਸੰਪੂਰਣ ਹੈ। ਇਹ ਇੱਕ ਚੰਗੀ ਗਲ ਹੈ। ਇਥੇ ਇਹ ਗਲ ਵੀ ਕਾਬਲੇ ਜ਼ਿਕਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਵੀ ਪਾਠ ਦੀ ਸਮਾਪਤੀ ਬਿਨਾ ਰਾਗਮਾਲਾ ਪੜੇ ਕੀਤੀ ਜਾਂਦੀ ਹੈ। ਜੇਕਰ ਤਤਕਰੇ ਵਰਗੇ ਸੁਚਨਾਤਮਕ ਪੱਖ ਵਰਗਾ ਹੀ, ਰਾਗਮਾਲਾ ਨੂੰ ਲਿਖੇ ਹੋਣ ਦੇ ਬਾ-ਵਜੂਦ ਗੁਰਬਾਣੀ ਪਾਠ ਵਾਂਗ ਪੜਿਆ ਨਾ ਜਾਂਦਾ ਤਾਂ ਸ਼ਾਇਦ ਇਸ ਸਬੰਧੀ ਵਿਵਾਦ ਉੱਠਦਾ ਹੀ ਨਾ।
ਇਸ ਵਿਸ਼ਲੇਸ਼ਣ ਵਿੱਚ ਸਭ ਤੋਂ ਪਹਿਲੇ ਕੁੱਝ ਚਿਰ ਵਾਸਤੇ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਰਾਗਮਾਲਾ ਆਦਿ ਬੀੜ ਵਿੱਚ ਬਾਦ ਦੀ ਘੁੱਸਪੈਠ ਹੈ। ਬੜੀ ਸੁਭਾਵਿਕ ਜਿਹੀ ਗਲ ਹੈ ਕਿ ਐਸੀ ਘੁੱਸਪੈਠ ਇੱਕ ਵਿਸ਼ੇਸ਼ ਮਕਸਦ ਨੂੰ ਪੂਰਾ ਕਰਣ ਵਾਸਤੇ ਹੀ ਕੀਤੀ ਗਈ ਹੋ ਸਕਦੀ ਹੈ। ਨਿਰ-ਸੰਦੇਹ ਇਹ ਬਿਨਾ ਮਕਸਦ ਦੇ ਹੋ ਹੀ ਨਹੀਂ ਸਕਦੀ। ਜੇ ਕਰ ਵਿਚਾਰ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਮਕਸਦ ਗੁਰਬਾਣੀ ਵਿੱਚ ਮਿਲਗੋਭਾ ਕਰਣਾ ਹੀ ਹੋ ਸਕਦਾ ਸੀ। ਯਾਨੀ ਕੇ ਬਾਣੀ ਦੇ ਉਪਦੇਸ਼ਾਤਮਕ ਪੱਖ ਵਿੱਚ ਰਲਾਅ ਪਾਉਂਣ ਦਾ ਮਕਸਦ ਨਾ ਕਿ ਸੂਚਨਾਤਮਕ ਪੱਖ ਵਿੱਚ ਰਲਾਅ ਪਾਉਣ ਦਾ ਮਕਸਦ। ਇਹ ਹੈ ਪਹਿਲੀ ਗਲ!
ਦੂਜੀ ਗਲ! ਜਿਸ ਕਿਸੇ ਨੇ ਵੀ ਇਹ ਘੁੱਸਪੈਠ ਕੀਤੀ ਉਹ ਆਮ ਵਿਅਕਤੀ ਨਹੀਂ ਬਲਕਿ ਕੋਈ ਵਿਚਾਰਕ ਸਾਜਸ਼ ਕਰਤਾ ਹੀ ਹੋ ਸਕਦਾ ਸੀ ਅਤੇ ਉਸ ਕੋਲ ਇਹ ਰਲਾਅ ਪਾਉਣ ਦਾ ਸੋਚਿਆ-ਸਮਝਿਆ ਵਿਸ਼ੇਸ਼ ਮਕਸਦ ਵੀ ਸੀ ਅਤੇ ਖੁੱਲਾ ਮੋਕਾ ਵੀ, ਜਿਸ ਦਾ ਭਰਪੂਰ ਲਾਭ ਉਠਾਉਂਦੇ ਉਸ ਨੇ ਬਾਣੀ ਦੇ ਅਖੀਰ ਵਿੱਚ ਰਾਗਮਾਲਾ ਦਾ ਰਲਾਅ ਪਾਇਆ ਅਤੇ ਉਸ ਨੂੰ ਪ੍ਰਮਾਣਿਕਤਾ ਦੇਣ ਲਈ ਬੀੜ ਦੇ ਸੰਕੇਤਾਤਮਕ/ਸੁਚਨਾਤਮਕ ਪੱਖ ਯਾਨੀ ਕੇ ਆਰੰਭ ਵਿੱਚ ਲਿਖੇ ਤਤਕਰੇ ਵਿੱਚ ਉਚੇਚੇ ਤੋਰ ਤੇ ਰਾਗਮਾਲਾ ਸਬੰਧੀ ਇੰਦਰਾਜ ਵੀ ਕੀਤਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਬਾਣੀ ਲੇਖਨ ਢੰਗ ਨਾਲ ਵਾਕਿਫ ਸੀ ਅਤੇ ਉਸ ਨੇ ਇਹ ਕੰਮ ਕਰ ਲਿਆ। ਆਉ ਹੁਣ ਜ਼ਰਾ ਉਸ ਸਾਜਸ਼ ਕਰਤਾ ਦੇ ਇਸ ਕੰਮ ਦਾ ਜਾਇਜ਼ਾ ਲਈਏ:
ਮਕਸਦ ਸੀ ਬਾਣੀ ਦੇ ਉਪਦੇਸ਼ ਵਿੱਚ ਗ਼ੈਰ ਸਿਧਾਂਤਕ ਰਲਾਅ ਪਾਉਣਾ। ਪਰ ਖੁੱਲਾ ਸਮਾਂ ਅਤੇ ਸਪਸ਼ਟ ਮਕਸਦ ਹੁੰਦੇ ਹੋਏ ਵੀ ਉਸ ਨੇ ਰਾਗਮਾਲਾ ਦੇ ਆਰੰਭ ਵਿੱਚ ‘ਮਹਲਾ ੧` ਜਾਂ ‘ਮਹਲਾ ੨` ਆਦਿ ਕਿਉਂ ਨਾ ਲਿਖਿਆ? ਜਦ ਕਿ ਉਸਨੇ ਐਸਾ ਕਰਨਾ ਹੀ ਸੀ। ਉਦਾਹਰਣ ਲਈ ਬਾਣੀ ਵਿੱਚ ਜੋ ਰਲਾਅ ਪਾਉਣ ਦੇ ਜਤਨ ਹੋਏ ਉਨ੍ਹਾਂ ਨੂੰ ਸਪਸ਼ਟ ਤੋਰ ਤੇ ਗੁਰੂ ਲਿਖਤ ਦਾ ਰੂਪ ਦੇਣ ਲਈ ‘ਮਹਲਾ` ਸ਼ਬਦ ਵਰਤਿਆ ਗਿਆ ਸੀ। ਜਿਵੇਂ ਕਿ:
ਸਲੋਕ ਮ: ੧ ਜਿਤ ਦਰ ਲਖ ਮੁਹੰਮਦਾ।
ਰਤਨਮਾਲਾ ਮ: ੧
ਹਕੀਕਤ ਰਾਹ ਮੁਕਾਮ ਮ: ੫
ਇਹ ਮਿਲਗੋਬੇ ਗੰਭੀਰ ਸਨ ਅਤੇ ਪਹਿਲੀ ਨਜ਼ਰੇ ਹੀ ਉਪਦੇਸ਼ਾਤਮਕ ਨਜ਼ਰ ਆਉਦੇ ਸਨ ਇਸ ਲਈ ਬਾਣੀ ਦੀ ਬਣਤਰ ਅਤੇ ਹੋਰ ਵਿਸ਼ਲੇਸ਼ਣਾਂ ਰਾਹੀਂ ਪਛਾਂਣ ਲਏ ਗਏ।
ਪਰ ਰਾਗਮਾਲਾ ਦੇ ਮਸਲੇ ਵਿੱਚ ਤਤਕਰੇ ਤਕ ਅਪਣੀ ਛੇੜ-ਛਾੜ ਨੂੰ ਪ੍ਰਮਾਣਿਕਤਾ ਦੇਣ ਵਾਲਾ ਉਹ ਵਿਦਵਾਨ ਸਾਜਸ਼ ਕਰਤਾ ਇਨਾਂ ਮੁਰਖ ਕਿਵੇਂ ਹੋ ਸਕਦਾ ਸੀ? ਬੀੜ ਉਸਦੇ ਹੱਥ ਵਿੱਚ ਸੀ, ਸਮਾਂ ਉਸ ਕੋਲ ਸੀ ਅਤੇ ਮਕਸਦ ਉਸਦਾ ਸਪਸ਼ਟ ਸੀ ਫਿਰ ਉਸਦਾ ਹੱਥ ਕੋਣ ਰੋਕ ਸਕਦਾ ਸੀ ‘ਮਹਲਾ` ਲਿਖਣ ਤੋਂ? ਉਸਨੇ ਐਸਾ ਨਹੀਂ ਕੀਤਾ। ਅਤੇ ਫਿਰ ਨਾ ਹੀ ਰਾਗਮਾਲਾ ਵਿੱਚ ਪਾਈਆਂ ਤੁੱਕਾਂ ਲਈ ੧, ੨ ੩, ੪ ਆਦਿ ਦੀ ਗਿਣਤੀ ਦਾ ਇਸਤੇਮਾਲ ਕੀਤਾ ਤੇ ਨਾ ਹੀ ਕਿਧਰੇ ‘ਨਾਨਕ` ਸ਼ਬਦ ਵਰਤਿਆ। ਕਿਉਂ? ਇਹ ਇੱਕ ਪੇਚੀਦਾ ਸਵਾਲ ਹੈ।
ਜੇਕਰ ਸਾਜਸ਼ ਕਰਤਾ ਦਾ ਮਕਸਦ ਰਲਾਅ ਪਾਉਣਾਂ ਹੀ ਸੀ ਤਾਂ ਨਿਰਸੰਦੇਹ ਉਸ ਨੂੰ ਬਾਣੀ ਫ਼ਲਸਫ਼ੇ ਦਾ ਗਿਆਨ ਸੀ ਜਿਸ ਵਿੱਚ ਉਹ ਭੰਨ-ਤੋੜ ਕਰਨਾ ਚਾਹੰਦਾ ਸੀ। ਨਿਸਚਤ ਹੀ ਇਸ ਲਈ ਉਸ ਨੇ ਪਹਿਲਾਂ ਲਿਖਤ ਸਮਗਰੀ ਇਕੱਠੀ ਕੀਤੀ ਹੋਵੇਗੀ। ਪਰ ਉਸਨੇ ਐਸਾ ਰਲਾਅ ਕਿਉਂ ਪਾਇਆ ਜਿਸ ਵਿੱਚ ਗੁਰਬਾਣੀ ਦੇ ਉਲਟ ਕੋਈ ਉਪਦੇਸ਼ਾਤਮਕ ਗਲ ਹੀ ਨਹੀ ਸੀ? ਕੀ ਉਹ ਕੋਈ ਐਸਾ ਪਾਗਲ ਸੀ ਜੋ ਇਨਾਂ ਸ਼ਾਤਰ ਤਾਂ ਸੀ ਕਿ ਉਹ ਰਲਾਅ ਪਾਉਣ ਦਾ ਢੰਗ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਹ ਨਹੀ ਸੀ ਜਾਣਦਾ ਕਿ ਪਾਉਂਣਾ ਕੀ ਹੈ? ਉਸ ਨੇ ਸਿਧਾਂਤਕ ਰਲਾਅ ਪਾਉਂਣ ਦੀ ਇੱਕ ਵੱਡੀ ਤੇ ਅਤਿ ਗੰਭੀਰ ਚਾਲ ਚਲੀ ਪਰ ਸਿਧਾਂਤਕ ਖਰਾਬੀ ਕਰਨ ਦੇ ਬਜਾਏ ਚੰਦ ਰਾਗਾਂ ਦੇ ਨਾਮ ਪਾਕੇ ਅਪਣਾ ਦਾ ਕੰਮ ਮੁਕਮੱਲ ਕਰ ਲਿਆ। ਇਹ ਕਿਹੜੇ ਮਕਸਦ ਦੀ ਪ੍ਰਾਪਤੀ ਸੀ?
ਫਿਰ ਉਹ ਸਾਜਸ਼ ਕਰਤਾ ਤਤਕਰੇ ਵਿੱਚ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਰਗਾ ਨਵਾਂ ਇੰਦਰਾਜ ਕਰਦੇ ਤਤਕਰੇ ਦੇ ਪਹਿਲੇ ਲਿਖਾਰੀ (ਭਾਈ ਗੁਰਦਾਸ) ਦੀ ਹੀ ਕਲਮ, ਸਿਆਹੀ ਅਤੇ ਦਸਤਖ਼ਤ (Hand Writing) ਦੀ ਹੂ-ਬ-ਹੂ ਨਕਲ ਕਿਵੇਂ ਕਰ ਗਿਆ? ਕੋਈ ਇਹ ਵੀ ਕਹਿ ਸਕਦਾ ਹੈ ਕਿ ਉਸਨੇ ਪੁਰਾ ਤਤਕਰਾ ਹੀ ਨਕਲ ਕਰ ਲਿਆ ਸੀ ਜਿਸ ਕਾਰਣ ਕਲਮ ਅਤੇ ਲਿਖਾਈ ਨਹੀਂ ਬਦਲੀ। ਪਰ ਜੇ ਕਰ ਇਹ ਤਰਕ ਮੰਨਿਆਂ ਜਾਵੇ ਤਾਂ ਅਪਣਾ ਇਹ ਮਕਸਦ ਪੂਰਾ ਕਰਨ ਲਈ ਉਸ ਲਿਖਾਰੀ ਨੇ ਜਰੂਰ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਾਲੇ ਇੰਦਰਾਜ ਲਈ ਢੁੱਕਵੀਂ ਜਗ੍ਹ ਰੱਖ ਕੇ ਹੀ ਤਤਕਰਾ ਲਿਖਣਾ ਸੀ ਜਿਸ ਲਈ ਉਸ ਨੂੰ ਰਾਗਮਾਲਾ ਇੰਦਰਾਜ ਸਬੰਧੀ ਬਾਕੀ ਪੰਜ ਅੱਖਰ ਕੀ ਸਿਵਨਾਭ ਰਾਜੇ ਕੀ ਬਿਧੀ” ਹੇਠਾਂ ਤੋਂ ਉਪਰ ਵੱਲ (Vertically) 90 ਡਿਗਰੀ ਦੇ ਕੋਂਣ ਵਰਗਾ ਲਿਖਣ ਦੀ ਲੋੜ ਹੀ ਨਾ ਪੈਂਦੀ ਜਿਵੇਂ ਕਿ ਭਾਈ ਜੋਧ ਸਿੰਘ ਜੀ ਨੇ ਅਪਣੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ` ਦੇ ਪੰਨਾਂ ਨੰ: ੪ ਉਤੇ ਮੌਜੂਦਾ ਕਰਤਾਰਪੁਰੀ ਬੀੜ ਦੇ ਤਤਕਰੇ ਦੀ ਬਣਤਰ ਬਾਰੇ ਜਾਣਕਾਰੀ ਦੇਂਦੇ ਦੱਸਿਆ ਹੈ। ਜਾਂ ਫਿਰ ਉਹ ਕੇਵਲ ‘ਰਾਗਮਾਲਾ` ਅੱਖਰ ਲਿਖ ਕੇ ਹੀ ਬਾਕੀ ਅੱਖਰ ਲਿਖਦਾ ਹੀ ਨਾ।
ਇਹ ਨੁਕਤੇ ਗੰਭੀਰ ਹਨ ਅਤੇ ਧਿਆਨ ਮੰਗਦੇ ਹਨ। ਵਿਸ਼ੇਸ ਰੂਪ ਵਿੱਚ ਉਸ ਵੇਲੇ ਕਿ ਜਿਸ ਵੇਲੇ ਅਸੀਂ ਜਾਣਦੇ ਹਾਂ ਕਿ ਇੰਨੀ ਵੱਡੀ ਸਾਜਸ਼ ਕਰਨ ਵਾਲਾ ਕਿਸੇ ‘ਮਹਲੇ` ਦਾ ਨਾਮ ਵਰਤੇ ਬਿਨਾ ਖੁੱਲੇ ਤੋਰ ਤੇ ਸਿਧਾਂਤਕ ਪੱਖੋਂ ਇੱਕ ਬੇਹਦ ਕੱਚਾ ਅਤੇ ਬੇ-ਮਕਸਦ ਇੰਦਰਾਜ ਕਰਦਾ ਹੈ ਜਿਸ ਵਿੱਚ ਨਾ ਤਾਂ ਉਸਦੇ ਮਕਸਦ ਦੀ ਪ੍ਰਾਪਤੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਕੋਈ ਸਿਧਾਂਤਕ ਮਿਲਗੋਭਾ। ਕਿੱਧਰੇ ਰਾਗਾਮਾਲਾ ਤਥਾ ਸਿੰਗਲਦੀਪ” ਤਿੰਨ ਅਖਰਾਂ ਨੂੰ ਖੱਬੇ ਪਾਸਿਉਂ ਸੱਜੇ ਸਿੱਦਾ (Horizontal) ਲਿਖ ਕੇ ਫਿਰ ਬਾਕੀ ਪੰਜ ਅੱਖਰਾਂ ਕੀ ਸਿਵਨਾਭ ਰਾਜੇ ਕੀ ਬਿਧੀ” ਨੂੰ ਹੇਠੋਂ ਉੱਪਰ (Vertical) ਦੀ ਲਿਖਣਾ ਤਤਕਰੇ ਨੂੰ ‘ਲਾਕ` ਕਰਣ ਦੀ ਗਲ ਤਾਂ ਨਹੀਂ ਸੀ? ਅਗਰ ਐਸਾ ਹੋਈਆ ਵੀ ਹੋਵੇ ਤਾਂ ਵੀ ਰਾਗਮਾਲਾ ਕਿਸੇ ਰੂਪ ਵਿੱਚ ਵੀ ਬਾਣੀ ਦਾ ਅੰਗ ਸਾਬਤ ਨਹੀਂ ਹੁੰਦੀ ਕਿਉਂਕਿ ਇਹ ਗੁਰੂ ਦੀ ਅਪਣੀ ਉਪਦੇਸ਼ ਯੁਕਤ ਕ੍ਰਿਤ ਨਹੀਂ ਸੀ।
ਅੱਗੇ ਤੁਰਨ ਤੋਂ ਪਹਿਲਾਂ ਇੱਕ ਹੋਰ ਗਲ ਵਿਚਾਰਣ ਯੋਗ ਹੈ।
੫ੰਜਵੇਂ ਪਾਤਿਸ਼ਾਹ ਨੇ ਭਾਈ ਗੁਰਦਾਸ ਤੋਂ ਆਦਿ ਗ੍ਰੰਥ ਲਿਖਵਾਇਆ ਸੀ। ਇਸ ਨਾਲ ਕਿਸੇ ਦੀ ਕੋਈ ਅਸਹਿਮਤੀ ਨਜ਼ਰ ਨਹੀਂ ਆਉਂਦੀ। ਉਸ ਪਹਿਲੀ ਰਚਨਾ ਦੀ ਤਿਆਰੀ ਵੇਲੇ ਸਤਿਗੁਰ ਜੀ ਦਾ ਮਕਸਦ ਰਹਿੰਦੀ ਦੁਨੀਆ ਲਈ ਬਾਣੀ ਦਾ ਇੱਕ ਪ੍ਰਮਾਣਿਕ ਸਾਂਚਾ ਤਿਆਰ ਕਰਨਾ ਸੀ ਜਿਸ ਤੋਂ ਫਿਰ ਹੋਰ ਉਤਾਰੇ ਕਰਦੇ ਹੋਏ ਲੋਕਾਈ ਲਈ ਬਾਣੀ ਉਪਲਬਧ ਕਰਵਾਉਣ ਦਾ ਕੰਮ ਅਗੇ ਤੁਰਨਾ ਸੀ। ਇਸ ਵਿੱਚ ਸ਼ਕ ਨਹੀਂ ਕਿ ਉਸ ਪਹਿਲੀ ਰਚਨਾ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਸਤਿਗੁਰ ਨੇ ਆਪ ਕਰਵਾਇਆ ਪਰ ਇਹ ਗਲ ਵੀ ਅਪਣੀ ਜਗ੍ਹਾ ਅਕਟ ਹੈ ਕਿ ਉਹ ਪਹਿਲੀ ਰਚਨਾ ਸਤਿਗੁਰ ਜੀ ਨੇ ਗੁਰੂਘਰ ਪਾਸ ਹੀ ਰਖਣ ਲਈ ਤਿਆਰ ਕਰਵਾਈ ਸੀ। ਗੁਰੂ ਹਰਗੋਬਿਂਦ ਸਾਹਿਬ ਜੀ ਦਾ ਇਸੇ ਆਦਿ ਗ੍ਰੰਥ ਨੂੰ ਅਪਣੇ ਨਾਲ ਹੀ ਲੈ ਅਮ੍ਰਿਤਸਰ ਤੋਂ ਬਾਹਰ ਜਾਣਾ ਇਸ ਗਲ ਦੀ ਮਜ਼ਬੂਤ ਗਵਾਹੀ ਭਰਦਾ ਹੈ ਕਿ ਮੂੱਢਲੀ ਲਿਖਤ ਮੂਲ ਰੂਪ ਵਿੱਚ ਗੁਰੂਘਰ ਪਾਸ ਹੀ ਰਹਿਣੀ ਸੀ ਕਿਉਂਕਿ ਇਸ ਵਿੱਚ ਮੌਲਿਕ ਰੂਪ ਵਿੱਚ ਸੁਭਾਵਕ ਤੋਰ ਤੇ ਕੁੱਝ ਐਸੀਆਂ ਅਲਾਮਤਾਂ, ਸੁਧਾਈਆਂ ਅਤੇ ਇੰਦਰਾਜ ਸਨ ਜੋ ਕਿ ਅਗਲੇ ਉਤਾਰਿਆਂ ਵਿੱਚ ਨਹੀਂ ਸੀ ਆਉਣੇ ਬਣਦੇ। ਪਹਿਲੀ ਵਾਰ ਦੇ ਲੇਖਨ ਪ੍ਰਬੰਧ ਵਿੱਚ ਆਏ ਸੂਭਾਵਕ ਫ਼ਰਕ ਨਾਲ ਦੇ ਨਾਲ ਠੀਕ ਕੀਤੇ ਗਏ ਸੀ। ਜੋ ਕਿ ਉਤਰਿਆਂ ਵਿੱਚ ਨਹੀਂ ਸੀ ਆਉਂਣੇ ਬਣਦੇ।
ਫਿਰ ਇਹ ਵੀ ਬਿਲਕੁਲ ਨਹੀਂ ਮੰਨਿਆਂ ਜਾ ਸਕਦਾ ਕਿ ਗੁਰੂ ਹਰਗੋਬਿੰਦ ਜੀ ਦੇ ਅਮ੍ਰਿਤਸਰ ਤੋਂ ਬਾਹਰ ਮੁਕਾਮ ਕਰਣ ਸਮੇਂ ਦਰਬਾਰ ਸਾਹਿਬ ਉਤੇ ਮੀਣਿਆਂ ਦਾ ਕਬਜ਼ਾ ਹੋਣ ਤਕ ਬਾਣੀ ਦਾ ਪ੍ਰਕਾਸ਼ ਨਹੀਂ ਸੀ ਹੁੰਦਾ ਰਿਹਾ।
ਇਥੇ ਇਹ ਇਤਹਾਸਕ ਤੱਥ ਵਿਚਾਰਣ ਯੋਗ ਹੈ ਕਿ ਸਨ 1628 ਨੂੰ ਮੁਗ਼ਲ ਫੋਜਾਂ ਨਾਲ ਹੋਈ ਝੜਪ ਦੇ ਫੋਰਨ ਬਾਦ ਗੁਰੂ ਹਰਗੋਬਿੰਦ ਜੀ ਅਮ੍ਰਿਤਸਰ ਤੋਂ ਬਾਹਰ ਕੂਚ ਕਰ ਕਰਤਾਪੁਰ ਤੋਂ ਫਿਰ 1634 ਵਿੱਚ ਕੀਰਤਪੁਰ ਚਲੇ ਗਏ ਸੀ ਅਤੇ ਇਹ ਅਰਸਾ ਉਹ ਵਾਪਸ ਅਮ੍ਰਿਤਸਰ ਨਹੀਂ ਸੀ ਪਰਤੇ। ਉਹ ਆਦਿ ਗ੍ਰੰਥ ਦੀ ਮੁੱਢਲੀ ਬੀੜ ਨਾਲ ਹੀ ਲੇ ਗਏ ਸੀ ਜਿਸ ਨੂੰ ਬਾਦ ਵਿੱਚ ਧੀਰਮਲ ਨੇ ਅਪਣੇ ਪਾਸ ਰੱਖ ਲਿਆ ਸੀ। ਪਰ ਇਤਹਾਸ ਦੱਸਦਾ ਹੈ ਕਿ ਦਰਬਾਰ ਸਾਹਿਬ ਤੇ ਮੀਣਿਆਂ ਦਾ ਕਬਜ਼ਾ ਸਨ 1628 ਦੇ ਲਗਭਗ 6 ਸਾਲ ਬਾਦ ਸਨ 1634 ਵਿੱਚ ਹੋਇਆ ਸੀ ਜਿਨ੍ਹਾਂ ਨੇ ਬਾਦ ਵਿਚ, ਕੁੱਝ ਇਤਹਾਸਕਾਰਾਂ ਅਨੁਸਾਰ, ਪ੍ਰਕਾਸ਼ ਹੋਏ ਸਵਰੂਪ ਦੀ ਥਾਂ ਹੋਰ ਮਿਲਗੋਭਾ ਪੁਰਨ ਕੱਚੀ ਰਚਨਾ ਦਾ ਇਸਤੇਮਾਲ ਕਰਨਾ ਆਰੰਭ ਕੀਤਾ ਸੀ। ਪਰ ਇਹ ਸਪਸ਼ਟ ਹੈ ਕਿ ਮੀਣਿਆਂ ਨੇ ਕਬਜ਼ੇ ਬਾਦ ਦਰਬਾਰ ਸਾਹਿਬ ਵਿਚੋਂ ਭਾਈ ਗੁਰਦਾਸ ਦੀ ਹੱਥ ਲਿਖਤ ਬੀੜ ਕਦਾਚਿਤ ਨਹੀਂ ਸੀ ਚੁੱਕੀ ਬਲਕਿ ਉਸਦਾ ਕੋਈ ਉਤਾਰਾ ਚੁੱਕਿਆ ਸੀ। ਅਸਲ ਲਿਖਤ ਤਾਂ ਸੰਨ 1634 ਵਿੱਚ ਗੁਰੂ ਹਰਗੋਬਿਂਦ ਸਾਹਿਬ ਨਾਲ ਕਰਤਾਰਪੁਰ ਵਿੱਚ ਪਹੁੰਚ ਚੁਕੀ ਸੀ। ਮੀਣੇਂ ਦਰਬਾਰ ਸਾਹਿਬ 1696 ਤਕ ਕਾਬਜ਼ ਰਹੇ ਸੀ। ਉਨ੍ਹਾਂ ਭੇਖੀ ਕੱਚੀਆਂ ਰਚਨਾਵਾਂ ਵਰਤੀਆਂ ਅਤੇ ਦਰਬਾਰ ਸਾਹਿਬ ਪ੍ਰਤੀ ਭੋਲੀਆਂ ਸੰਗਤਾਂ ਦੇ ਪਿਆਰ-ਸਤਿਕਾਰ ਦਾ ਚੋਖਾ ਲਾਭ ਵੀ ਉਠਾਇਆ। ਪਰ ਕਮਾਲ ਹੈ ਸਿੱਖੀ ਦਰਸ਼ਨ ਦੇ ‘ਅਚਾਰ` ਦੇ ਪ੍ਰਤੀਕ ਦਰਬਾਰ ਸਾਹਿਬ ਦਾ ਕਿ 60 ਸਾਲਾ ਕਬਜ਼ੇ ਦੇ ਬਾ-ਵਜੂਦ ਇਹ ਪ੍ਰਤੀਕ ਵਿਰੋਧੀ ਚਾਲਾਂ ਉਪਰ ਜੋਤੂ ਹੋ ਨਿਬੜਿਆ।
ਇਸ ਲਈ ਇਹ ਗਲ ਸਵੀਕਾਰ ਕਰਨੀ ਮੁਸ਼ਕਲ ਲਗਦੀ ਹੈ ਕਿ ਅਮ੍ਰਿਤਸਰ ਛੱਡਦੇ ਹੀ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਵਿੱਚ ਬਾਣੀ ਦਾ ਪ੍ਰਕਾਸ਼ ਸੰਗਤਾਂ ਲਈ ਹਟਾ ਲਿਆ ਸੀ ਅਤੇ ਉੱਥੇ ਸੰਗਤੀ ਰੂਪ ਵਿੱਚ ਹੁੰਦੀ ਦਿਨਚਰਿਆ ਇਕਦਮ ਰੋਕ ਦਿੱਤੀ ਗਈ ਸੀ। ਨਿਰ-ਸੰਦੇਹ ਉਸ ਸਮੇਂ (1628 ਤੋਂ 1634 ਤਕ 6 ਸਾਲਾ ਅਰਸੇ ਦੋਰਾਨ) ਦਰਬਾਰ ਸਾਹਿਬ ਵਿੱਚ ਭਾਈ ਗੁਰਦਾਸ ਲਿਖਤ ਬੀੜ ਦੀ ਥਾਂ ਉਸਦਾ ਕੋਈ ਉਤਾਰਾ ਪ੍ਰਕਾਸ਼ ਲਈ ਉਪਲਭਧ ਸੀ ਅਤੇ ਭਾਈ ਗੁਰਦਾਸ ਲਿਖਤ ਬੀੜ ਗੁਰੂ ਸਾਹਿਬ ਨਾਲ ਹੀ ਲੈ ਗਏ ਸੀ।
ਇਹ ਗਲ ਵੱਖਰੀ ਹੈ ਕਿ ਇਤਿਹਾਸਕ ਘਟਨਾਵਾਂ ਨੇ ਕਈ ਰੁੱਖ ਬਦਲੇ ਜਿਸ ਕਰਕੇ ਮੁੱਢਲੀ ਹੱਥ ਲਿਖਤ ਗੁਰੂਘਰ ਵਿੱਚ ਨਾ ਰਹੀ। ਪਰ ਬੇਸ਼ਕ ਗੁਰੂਘਰ ਲਈ ਇਹ ਕੋਈ ਵੱਡੀ ਗਲ ਨਹੀਂ ਸੀ ਜਿਵੇਂ ਕਿ ਅਸੀਂ ਸਮਝਦੇ ਹਾਂ। ਕਿਉਂਕਿ ਇਸ ਦੇ ਕਈ ਉਤਾਰੇ ਗੁਰੂਆਂ ਦੇ ਸਮੇਂ ਹੀ ਹੋ ਚੁਕੇ ਸੀ। ਬਾਣੀ ਤਾਂ ਬਾਣੀ ਹੀ ਸੀ ਇੱਕ ਜਗ੍ਹ ਦਰਜ ਰਹੀ ਜਾਂ ਕਈ ਜਗ੍ਹ। ਹਾਂ ਇਹ ਗਲ ਉਦੋਂ ਹੀ ਅੱਤ ਮੱਹਤਵ ਪੁਰਣ ਅਤੇ ਚਿੰਤਾ ਜਨਕ ਹੋ ਸਕਦੀ ਸੀ ਜੇ ਕਰ ਗੁਰੂਆਂ ਦੇ ਬਾਦ ਗੁਰੂਬਾਣੀ ਪਹਿਲੀ ਵਾਰ ਲਿਖੀ ਜਾਣੀ ਹੁੰਦੀ ਜਿਵੇਂ ਕਿ ਬਾਕੀ ਧਰਮ ਗ੍ਰੰਥਾਂ ਦੇ ਮਾਮਲੇ ਵਿੱਚ ਅਸੀਂ ਦੇਖਦੇ ਹਾਂ। ਇਹ ਕਾਜ ਤਾਂ ਗੁਰੂ ਆਪ ਅਪਣੀ ਹੱਥੀ ਹੀ ਸੰਵਾਰ ਗਏ ਸੀ।
ਹੁਣ ਚਰਚਾ ਵੱਲ ਪਰਤਦੇ ਹੋਏ ਇੱਕ ਗਲ ਵਿਚਾਰਣ ਵਾਲੀ ਹੈ। ਉਹ ਇਹ ਕਿ ਮੂਲ ਬੀੜ ਵਿੱਚ ਰਾਗਮਾਲਾ ਦਾ ਦਰਜ ਹੋਣਾਂ ਕਿਧਰੇ ਇੱਕ ਸੁਚਾਤਮਕ ਉਪਰਾਲਾ ਤਾਂ ਨਹੀਂ ਸੀ? ਕਿਧਰੇ ਐਸਾ ਗ਼ੈਰ ਉਪਦੇਸ਼ਾਤਮਕ ਇੰਦਰਾਜ ਇਸ ਲਈ ਤਾਂ ਨਹੀਂ ਸੀ ਕੀਤਾ ਗਿਆ ਕਿ ਮੁੰਦਾਵਣੀ ਉਪਰੰਤ ਕੋਈ ਹੋਰ ਫਾਲਤੂ ਰਚਨਾ ਗੁਰੁਬਾਣੀ ਦੇ ਨਾਮ ਤੇ ਇਸ ਮੁੱਢਲੀ ਬੀੜ ਵਿੱਚ ਦਰਜ ਨਾ ਹੋ ਸਕੇ? ਨਾਲ ਹੀ ਕਿਧਰੇ ਇਹੀ ਕਾਰਣ ਤਾਂ ਨਹੀਂ ਸੀ ਕਿ ਕਈ ਹੋਰ ਹੱਥ ਲਿਖਤ ਬੀੜਾਂ ਵਿੱਚ ਰਾਗਮਾਲਾ ਦਰਜ ਨਹੀ ਕੀਤੀ ਗਈ ਕਿਉਂਕਿ ਇਹ ਕੇਵਲ ਮੌਲਿਕ ਬੀੜ ਵਿੱਚ ਰਖੀ ਗਈ ਇੱਕ ਸੰਕੇਤਾਤਮਕ/ਸੁਚਨਾਤਮਕ ਅਲਾਮਤ ਸੀ ਜਿਸਨੂੰ ਬਾਦ ਵਿੱਚ ਹੋਰ ਉਤਾਰਿਆਂ ਵਿੱਚ ਵੀ ਉਤਾਰ ਲਿਆ ਗਿਆ? ਅਸੀਂ ਦੇਖ ਸਕਦੇ ਹਾਂ ਕਿ ਕਈ ਪੁਰਾਤਨ ਹੱਥੀਂ ਉਤਾਰਿਆਂ ਵਿੱਚ ਬਾਣੀ ਦੇ ਨਾਲ ਨਾਲ ਗੁਰੂ ਜੀ ਦੀਆਂ ਸੁਧਾਈ ਕਰਦੀਆਂ ਟਿੱਪਣੀਆਂ ਵੀ ਕਾਤਬਾਂ ਵੱਲੋਂ ਉਤਾਰ ਲਈਆਂ ਜਾਂਦੀਆਂ ਰਹੀਆਂ ਸਨ ਜੋ ਕਿ ਵਾਸਤਵ ਵਿੱਚ ਉਤਾਰਣ ਲਈ ਨਹੀਂ ਸਨ।
ਇਥੇ ਸੁਭਾਵਿਕ ਹੀ ਇੱਕ ਸਵਾਲ ਉੱਠਦਾ ਹੈ ਗੁਰਬਾਣੀ ਜੇਕਰ ਮੁੰਦਾਵਣੀ ਤਕ ਸਮਾਪਤ ਅਤੇ ਇਹ ਹੀ ਸਮਾਪਤੀ ਦੀ ਮੁਹਰ ਸੀ ਤਾਂ ਇਸ ਤੋਂ ਅਗੇ ਇੱਕ ਹੋਰ ਲਿਖਤ ਲਿਖਣ ਦੀ ਕੀ ਲੋੜ ਸੀ? ਸਵਾਲ ਬਹੁਤ ਵਾਜਿਬ ਅਤੇ ਵਿਚਾਰਣ ਯੋਗ ਹੈ। ਮੰਨ ਲਿਆ ਜਾਵੇ ਕਿ ਮੌਲਿਕ ਬੀੜ ਵਿੱਚ ਗੁਰਬਾਣੀ ਦੀ ਸਮਾਪਤੀ ਮੁੰਦਾਵਣੀ ਲਿਖ ਕੇ ਹੀ ਕਰ ਦਿੱਤੀ ਜਾਣੀ ਚਾਹੀਦੀ ਸੀ ਤਾਂ ਸਵਾਲ ਵੀ ਉੱਠਦਾ ਹੈ ਕਿ ਮੁੰਦਾਵਣੀ ਦੇ ਆਖਰੀ ਸਲੋਕਾਂ ਦੇ ਅਗੇ ਹੀ ਗੁਰੂ ਦੇ ਨਾਮ ਹੇਠ ਕਿਸੇ ਕੱਚੀ ਬਾਣੀ ਪਾਉਣ ਦੇ ਸੰਭਾਵਿਤ ਉਪਰਾਲੇ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਸੀ ਵਿਸ਼ੇਸ਼ਕਰ ਉਸ ਸੂਰਤ ਵਿੱਚ ਜਿਸ ਵੇਲੇ ਮੌਲਿਕ ਬੀੜ ਹੋਰ ਹਥਾਂ ਵਿੱਚ ਪੈ ਜਾਂਦੀ? ਇਸ ਸਮੱਸਿਆ ਦਾ ਹਲ ਤਤਕਰੇ ਨਾਲ ਹੀ ਨਿਬੇੜਿਆ ਜਾ ਸਕਦਾ ਸੀ।
ਇਹ ਗਲ ਧਿਆਨ ਮੰਗਦੀ ਹੈ ਕਿ ਧੀਰਮਲ ਪਾਸ ਆਉਣ ਤੋਂ ਬਾਦ ਮੋਜੂਦਾ ਕਰਤਾਰਪੁਰੀ ਬੀੜ ਵਿੱਚ ਬਾ-ਵਜੂਦ ਕਈ ਥਾਈਂ ਖਾਲੀ ਪੱਤਰਿਆਂ ਦੇ ਕੋਈ ਕੱਚੀ ਬਾਣੀ ਨਹੀਂ ਸੀ ਪਾਈ ਗਈ ਅਤੇ ਤਤਕਰੇ ਵਿੱਚ ਰਾਗਮਾਲਾ ਦੇ ਇੰਦਰਾਜ ਦੀ ਮੋਜੂਦਗੀ ਨੇ ਰਾਗਮਾਲਾ ਦੇ ਉਪਰੰਤ ਕਿਸੇ ਵੀ ਹੇਰ ਬਾਣੀ ਦੇ ਹੋਂਣ ਦੀ ਸੰਭਾਵਨਾ ਨੂੰ ਤਾਂ ਰੋਕ ਹੀ ਦਿੱਤਾ ਸੀ। ਕਰਤਾਰ ਪੁਰੀ ਬੀੜ ਪੰਥਕ ਹੱਥਾਂ ਵਿਚੋਂ ਨਿਕਲ ਤਾਂ ਗਈ ਪਰ ਉਸ ਦੇ ਖਾਲੀ ਪਏ ਅਨੇਕਾਂ ਪਤਰਿਆਂ ਵਿੱਚ ਮਿਲਗੋਬੇ ਦੀ ਕੋਈ ਵੱਡੀ ਕੋਸ਼ਿਸ਼ ਨਹੀ ਕੀਤੀ ਗਈ ਮਿਲਦੀ ਕਿਉਂਕਿ ਉਸ ਵੇਲੇ ਕਈ ਦਹਾਕਿਆਂ ਤਕ ਗੁਰੂ ਆਪ ਮੋਜੂਦ ਰਹੇ ਸੀ ਅਤੇ ਉਸ ਬੀੜ ਦੇ ਕਈ ਹੋਰ ਉਤਾਰੇ ਵੀ ਮੋਜੂਦ ਸੀ। ਇਸਦੇ ਨਾਲ ਹੀ ਅਗਰ ਉਸ ਬੀੜ ਬਾਬਤ ਤਬਦੀਲੀਆਂ ਗੁਰੂਆਂ ਦੇ ਹੁੰਦੇ ਕੀਤੀਆਂ ਗਈਆਂ ਹੁੰਦੀਆਂ ਤਾਂ ਇਸ ਬਾਰੇ ਗੁਰੂਆਂ ਪਾਸੋਂ ਕੋਈ ਨਾ ਕੋਈ ਹਿਦਾਇਤ ਕਰਤਾਰਪੁਰੀ ਬੀੜ ਬਾਰੇ ਜਰੂਰ ਕੀਤੀ ਜਾਣੀ ਸੀ ਜੋ ਕਿ ਕੀਤੀ ਗਈ ਨਹੀਂ ਮਿਲਦੀ।
ਕਰਤਾਰਪੁਰੀ ਬੀੜ ਦੇ ਬਾਰੇ ਸ਼ੰਕੇ ਪ੍ਰਗਟ ਕਰਦੇ ਇੱਕ ਵਿਦਵਾਨ ਇਸ ਨੂੰ (ਉਨ੍ਹਾਂ ਮੁਤਾਬਿਕ) ਆਦਿ ਬੀੜ ਦੀ ਨਕਲ ਮੰਨਦੇ ਹੋਏ ਇਹ ਨਹੀਂ ਦੱਸ ਪਾਏ ਕਿ ਅਦਿ ਬੀੜ ਦੀ ਹਰ ਸੰਭਵ ਹਦ ਤਕ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਬੰਦੇ ਨੇ ਤਤਕਰੇ ਵਿੱਚ ਅਤੇ ਬੀੜ ਵਿੱਚ ਰਾਗਮਾਲਾ ਵਰਗੀ ਗਲ ਕਿਉਂ ਪਾਈ ਜੋ ਕਿ ਅਸਲ ਆਦਿ ਗ੍ਰੰਥ ਵਿੱਚ ਤਾਂ ਹੈ ਹੀ ਨਹੀਂ ਸੀ? ਰਾਗਮਾਲਾ ਦੀ ਮੌਜੂਦਗੀ ਨੇ ਬੜੇ ਵਿਚਾਰਕ ਪੁਆੜੇ ਤਾਂ ਪਾਏ ਪਰ ਨਾਲ ਹੀ ਇੱਕ ਗਲ ਤਾਂ ਪੱਕੇ ਤੋਰ ਤੇ ਸੁਨਿਸ਼ਚਤ ਕਰ ਦਿੱਤੀ ਕਿ ਇਸ ਤੋਂ ਬਾਦ ਦਰਜ ਸਾਰੇ ਇੰਦਰਾਜ ਬਾਣੀ ਤੋਂ ਬਾਹਰ ਮੰਨੇ ਗਏ ਅਤੇ ਇਸੇ ਕਾਰਣ ਬਾਹਰ ਵੀ ਕੱਢ ਲਏ ਗਏ। ਹਾਲਾਂਕਿ ਰਾਗਮਾਲਾ ਨੂੰ ਬਾਣੀ ਪਾਠ ਮੰਨ ਲੈਣਾ ਵੀ ਇੱਕ ਵੱਡਾ ਸਿਧਾਂਤਕ ਟਪਲਾ ਸਾਬਤ ਹੋਇਆ।
ਇਕ ਗਲ ਨਿਸ਼ਚਤ ਹੈ ਕਿ ਮੁੰਦਾਵਣੀ ਦੇ ਸਲੋਕਾਂ ਉਪਰੰਤ ਅਪਣੇ ਨਾਮ ਤੋਂ ਕੋਈ ਵੀ ਸ਼ਬਦ ਲਿਖਣਾ ਮੁੰਦਾਵਣੀ ਦੇ ਮਕਸਦ ਨੂੰ ਤੋੜਨ ਵਾਲੀ ਗਲ ਸਾਬਤ ਹੁੰਦੀ। ਇਸ ਲਈ ਬਾਣੀ ਲੇਖਨ ਸਮਾਪਤੀ ਬਾਦ ਰਾਗਮਾਲਾ ਵਰਗਾ ਇੰਦਰਾਜ ਕਿਧਰੇ ਇੱਕ ‘ਤਰਕੀਬ` (Technique) ਤਾਂ ਨਹੀਂ ਸੀ ਜੋ ਕਿ ਕਾਲਾਂਤਰ ਕਿਸੇ ਲਈ ਵੀ ਮੁੰਦਾਵਣੀ ਦੇ ਸਲੋਕਾਂ ਦੇ ਨਾਲ ਜਾਂ ਬਾਦ ਹੋਰ ਕੱਚੀ ਬਾਣੀ ਸ਼ਾਮਲ ਕਰਣ ਵਿੱਚ ਇੱਕ ਰੁਕਾਵਟ ਸਾਬਤ ਹੁੰਦੀ ਰਹੀ? ਉਸ ਨਿਗਾਹ ਨਾਲ ਵੀ ਰਾਗਮਾਲਾ ਬਾਣੀ ਤਾਂ ਬਿਲਕੁਲ ਨਹੀਂ ਸੀ। ਇਹ ਕੇਵਲ ਇੱਕ ਸੁਚਨਾਤਮਕ ਚਿੰਨ੍ਹ ਹੀ ਹੋ ਸਕਦਾ ਸੀ ਜੋ ਗੁਰੂ ਦੀ ਅਪਣੀ ਲਿਖਤ ਨਹੀਂ ਸੀ। ਕਿਉਂਕਿ ਮੁੰਦਾਵਣੀ ਦੇ ਸਲੋਕਾਂ ਵਰਗੀ ਮੁਹਰ ਦੇ ਬਾਦ ਅਪਣੇ ਵੱਲੋਂ ਹੋਰ ਇੱਕ ਸ਼ਬਦ ਵੀ ਉਪਦੇਸ਼ਾਤਮਕ ਰੂਪ ਵਿੱਚ ਲਿਖਣਾ ਗੁਰੂ ਲਈ ਆਪਣੇ ਹੱਥੀਂ ਉਸ ਪਵਿੱਤਰ ਮੁਹਰ ਨੂੰ ਭੰਗ ਕਰਣ ਵਰਗੀ ਗਲ ਹੋ ਜਾਂਦੀ। ਇਸੇ ਲਈ ਹੋ ਸਕਦਾ ਸੀ ਕਿ ਗੁਰੂ ਜੀ ਨੇ ਮੁੰਦਾਵਣੀ ਬਾਦ ਅਪਣੇ ਪਾਸਿਯੋਂ ਐਸਾ ਹੋਰ ਕੁੱਝ ਵੀ ਲਿੱਖਣਾ ਠੀਕ ਨਹੀ ਸਮਝਿਆ ਜੋ ਕਿ ਉਦੇਸ਼ਾਤਮਕ ਭਾਵ ਰੱਖਦਾ ਹੋਵੇ ਅਤੇ ਇਸ ਲਈ ਇੱਕ ‘ਬਾਹਰੀ ਚਿੰਨ` ਨੂੰ ਇੱਕ ਰੋਕੇ ਦੇ ਤੋਰ ਤੇ ਅੰਕਤ ਕਰ ਦਿਤਾ ਤਾਕਿ ਬਾਣੀ ਪਾਠ ਦੀ ਸਮਾਪਤੀ ਅਗੇ ਹੋਰ ਕੁੱਝ ਨਾ ਜੋੜੀਆ ਜਾ ਸਕੇ ਅਤੇ ਇਸੇ ਚਿੰਨ ਨੂੰ ਤਤਕਰੇ ਦੀ ਆਖਰੀ ਸਤਰ ਬਣਾ ਕੇ ਸੰਕੇਤ ਸਪਸ਼ਟ ਕਰ ਦਿੱਤਾ ਹੋਵੇ।
ਰਹੀ ਗਲ ਰਾਗਮਾਲਾ ਦੇ ਕਹੇ ਜਾਂਦੇ ਮੁੱਢਲੇ ਲਿਖਾਰੀ ਕਵੀ ਆਲਮ ਅਤੇ ਉਸਦੀ ਰਚਨਾ ‘ਮਾਧਵਾਨਲ ਕਾਮਕੰਦਲਾ` ਦੇ ਸੰਧਰਭ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਗੁਰੁਬਾਣੀ ਪਾਠ ਦੇ ਅੰਦਰ ਸਿਧਾਂਤਕ ਪੱਖ ਦੇ ਟੀਚੇ ਦੀ ਪ੍ਰਾਪਤੀ ਲਈ ਕਈ ਐਸੇ ਧਾਰਮਕ ਗ੍ਰੰਥਾਂ ਦੇ ਮਿੱਥਕਾਂ ਦਾ ਸੰਕੇਤਕ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਮਿੱਥਕਾਂ ਵਿੱਚ ਕਈ ਹੋਰ ਅਸ਼ਲੀਲ ਕਿਸੇ-ਕਹਾਣੀਆਂ ਵੀ ਸਾਮਲ ਸਨ। ਇਸ ਲਈ ਰਾਗਾਂ ਦੇ ਨਾਮ ਦਾ ਬਾਣੀ ਤੋਂ ਬਾਹਰ ਹੋਰ ਕਿਸੇ ਮਕਸਦ ਲਈ ਇਸਤੇਮਾਲ ਕਰਨਾ ਕੋਈ ਵੱਡੀ ਮਾੜੀ ਗਲ ਨਹੀਂ ਪ੍ਰਤੀਤ ਹੁੰਦੀ। ਇਸ ਸੂਰਤ ਵਿੱਚ ਵੀ ਰਾਗਮਾਲਾ ਬਾਣੀ ਪਾਠ ਦਾ ਹਿੱਸਾ ਨਹੀਂ ਬਣਦੀ। ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ। ਅਗਰ ਇਹ ਗਲ ਸਹੀ ਵੀ ਮੰਨੀ ਜਾਏ ਤਾਂ ਵੀ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਚਿੰਨ੍ਹ ਤੋਂ ਵੱਧ ਹੋ ਬਾਣੀ ਦਾ ਦਰਜਾ ਨਹੀ ਰੱਖਦੀ।
ਸੰਭਾਵਨਾਵਾਂ ਕੁੱਝ ਵੀ ਹੋਂਣ ਪਰ ਰਾਗਮਾਲਾ ਪੱਖੀ ਸੱਜਣਾ ਨੂੰ ਗ਼ੋਰ ਕਰਨਾ ਚਾਹੀਦਾ ਹੈ ਕਿ ਇਹ ਇੰਦਰਾਜ਼ ਕਿਸੇ ਵੀ ਸੂਰਤ ਵਿੱਚ ਬਾਣੀ ਨਹੀਂ ਜਿਸ ਕਰਕੇ ਬਾਣੀ ਪਾਠ ਦੀ ਅਸਲ ਸਮਾਪਤੀ ਮੰਦਾਵਣੀ ਦੇ ਸਲੋਕਾਂ ਦੇ ਨਾਲ ਹੀ ਹੁੰਦੀ ਹੈ। ਉਨ੍ਹਾਂ ਨੂੰ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਅੰਤਿਕਾ ਦੇ ਤੌਰ ਤੇ ਦੇਖਦੇ ਹੋਏ ਮੁੰਦਾਵਣੀ ਤਕ ਹੀ ਬਾਣੀ ਪਾਠ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਸਕਤ ਸਵਰੂਪ ਵਿੱਚ ਰਾਗਮਾਲਾ ਦੀ ਮੋਜੂਦਗੀ ਨੂੰ ਤਤਕਰੇ ਅਤੇ ਵਰਤੀ ਗਈਆਂ ਕੁੱਝ ਗਣਿਤ ਸੰਖਿਆਵਾਂ ਵਾਂਗ ਹੀ ਬਾਣੀ ਪਾਠ ਦਾ ਹਿੱਸਾ ਨਾ ਸਮਝਣ ਤਾਂ ਇਸ ਸਬੰਧੀ ਉਹ ਸੁਚੇਤ ਹੋ ਸਕਦੇ ਹਨ ਅਤੇ ਸਿਧਾਂਤਕ ਸਮਝ ਬਣ ਸਕਦੀ ਹੈ। ਅਕਾਲ ਤਖ਼ਤ ਦੇ ਮਾਰਫਤ ਪੰਥ ਪਰਵਾਣਤ ‘ਰਹਿਤ ਮਰਿਆਦਾ` ਰਾਗਮਾਲਾ ਦੀ ਛਪਾਈ ਬਾਰੇ ਤਾਕੀਦ ਤਾਂ ਕਰਦੀ ਹੈ ਪਰ ਉਸ ਵਿੱਚ ਰਾਗਮਾਲਾ ਨੂੰ ਜਰੂਰ ਪੜਨ ਬਾਰੇ ਕੋਈ ਹਿਦਾਇਤ ਨਹੀਂ। ਇਹ ਗਲ ਰਾਗਮਾਲਾ ਪ੍ਰਤੀ ਨਾਂਹ ਪੱਖੀ ਸੱਜਣਾਂ ਲਈ ਵੀ ਤਸੱਲੀਬਖ਼ਸ਼ ਹੋ ਸਕਦੀ ਹੈ।
ਇਸ ਸਬੰਧ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੀ ਕੋਮ ਦੇ ਦਰਦੀਆਂ ਅਗੇ ਕੀਤੀ ਇਹ ਬੇਨਤੀ ਵਿਚਾਰਣ ਯੇਗ ਹੈ:
ਅੰਤ ਵਿੱਚ ਕੌਮ ਦੇ ਦਰਦੀਆਂ ਅਗੇ ਬੇਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ ਉਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕਾਂ ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿੱਚ ਲਗੇ ਹੋਏ ਹਨ, ਪਰ ਸਾਡੀ ‘ਰਾਗਮਾਲਾ ਦੀ ਆਰੋਹੀ ਤਾਨ ਕੰਨ ਪਈ ਸੁਣਨ ਨਹੀ ਦੇਂਦੀ। ਕਿਰਪਾ ਕਰਕੇ ਵਿਚਾਰ ਕਰੋ, ਤਰਸ ਕਰੋ, ਸ਼ਾਤਿ ਕਰੋ, ਧੀਰਜ ਕਰੋ, ਖੋਜੀ ਬਣ ਕੇ ਵਿਚਾਰੋ ਵਾਦੀ ਦੀ ਪਦਵੀ ਨਾ ਲਉ”। (23 ਜਨਵਰੀ 1918 ‘ਪੰਥ ਸੇਵਕ` ਵਿਚ)
ਉਹ ਵੀ ਪੱਕੇ ਤੋਰ ਤੇ ਰਾਗਮਾਲਾ ਨੂੰ ਬਾਣੀ ਨਹੀਂ ਸੀ ਮੰਨਦੇ ਪਰ ਨਾਲ ਹੀ ਰਾਗਮਾਲਾ ਪ੍ਰਤੀ ਇਤਨੀ ਦੁਖਦਾਈ ਵਸਤੂ ਨਹੀ” (ਚਿੱਠੀ 23 ਜਨਵਰੀ 1918 ‘ਪੰਥ ਸੇਵਕ`) ਦਾ ਭਾਵ ਪਰਗਟ ਕਰਦੇ ਹੋਏ ਉਨ੍ਹਾਂ ਉਪਰੋਕਤ ਬੇਨਤੀ ਕੌਮ ਦੇ ਸਾਰੇ ਦਰਦੀਆਂ ਅਗੇ ਕੀਤੀ ਸੀ। ਇਹ ਮੰਦਭਾਗੀ ਗਲ ਹੈ ਕਿ ਲਗਭਗ 100 ਸਾਲ ਪਹਿਲੇ ਇੱਕ ਵਿਦਵਾਨ ਦੀ ਪੰਥਕ ਦਰਦ ਨਾਲ ਭਰੀ ਹੋਈ ਇਸ ਬੇਨਤੀ ਵੱਲ ਧਿਆਨ ਦੇਣਾ ਅਜੇ ਬਾਕੀ ਹੈ।
ਹਰਦੇਵ ਸਿੰਘ, ਜੰਮੂ
94191-84990


‘ਰਾਗਮਾਲਾ ਦੀ ਆਰੋਹੀ ਤਾਨ`

Tuesday, 25 October 2011

‘ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ’
 
(ਹਰਦੇਵ ਸਿੰਘ ਜੰਮੂ)


ਭਾਈ ਕਾਨ ਸਿੰਘ ਜੀ ਨਾਭਾ ‘ਗੁਰਮਤ ਮਾਰਤੰਡ’ ਵਿਚ ਵਿੱਚਤਰ ਨਾਟਕ ਗ੍ਰੰਥ ਬਾਰੇ  ਇਕ ਮਹੱਤਵਪੁਰਣ ਟਿੱਪਣੀ ਕਰਦੇ ਹਨ:

“ਕਈ ਨਾਦਾਨ ਸਿੱਖ, ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ” (ਪੰਨਾ 415, ਗੁਰਮਤ ਮਾਰਤੰਡ)

ਉਪਰੋਕਤ ਹਵਾਲੇ ਤੋਂ ਸਪਸ਼ਟ ਹੁੰਦਾ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਗੁਰੂ ਸ਼ਬਦ ਵਰਤਣ ਦੀ ਮਨਮਤਿ ਸਿੰਘ ਸਭਾ ਲਹਿਰ ਦੇ ਦੋਰ ਵਿਚ ਵੀ ਵੇਖੀ ਜਾਂਦੀ ਸੀ।ਰਹਿਤ ਮਰਿਆਦਾ ਵਿੱਚ ਗੁਰਮਤਿ ਵਿਰੁਧ ਇਸ ਮਨਮਤਿ ਨੂੰ ਠੱਲ ਪਾਈ ਗਈ ਸੀ।

ਮਹਾਨ ਕੋਸ਼ ਵਿਚ ਆਏ ਹੋਰ ਵੇਰਵੇ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪ੍ਰਸੰਗ ਅਨੁਸਾਰ ਗੁਰੂ ਗੋਬਿੰਦ ਜੀ ਉਪਰੰਤ ਵਚਿੱਤਰ ਨਾਟਕ ਦੀ ਬੀੜ ਭਾਈ ਮਨੀ ਸਿੰਘ ਜੀ ਨੇ ਲਿਖੀ-ਜੋੜੀ ਸੀ ਅਤੇ ਉਨ੍ਹਾਂ ਦੀ ਇਸ ਭੁੱਲ ਦੀ ਨਿਖੇਦੀ  ਭਾਈ ਕਾਨ ਸਿੰਘ ਜੀ ਨੇ ਗੁਰਮਤ ਮਾਰਤੰਡ ਵਿਚ ਪੰਨਾ 567 ਤੇ ਦਰਜ ਕੀਤੀ ਹੈ।ਪਹਿਲਾਂ ਉਨ੍ਹਾਂ ਵਲੋਂ ਲਿਖੇ ਪ੍ਰਸੰਗ ਬਾਰੇ ਕੁੱਝ ਵਿਚਾਰ ਲਈਏ!

ਇਹ ਗਲ ਤਾਂ ਨਿਸ਼ਚਤ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿਚ ਰੱਚਿਆ ਗਿਆ ਸੀ। ਇਹ ਗੱਲ ਪੁਰੇ ਵਿੱਚਿਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਵੀ ਸਵੀਕਾਰ ਕਰਦੇ ਹਨ। ਜਿਹੜੇ ਸੱਜਣ ਇਸ ਜੋੜ ਨੂੰ ਭਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨ੍ਹਾਂ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਸਿੱਖਾਂ ਲਈ ਬਾਣੀ ਰੂਪ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨ੍ਹਾਂ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨ੍ਹਾਂ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ।ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ/ਨਿਗਰਾਨੀ ਦੇ!ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਲਿਖਤਾਂ ਨੇ ਗੁਰੂ ਤੋਂ ਬਾਦ ਬਿਨ੍ਹਾਂ ਗੁਰੂ ਦੀ ਇਜ਼ਾਜ਼ਤ /ਹੁਕਮ/ਨਿਗਰਾਨੀ ਦੇ ਇਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ !

ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਕਿਸੇ ਗ੍ਰੰਥ ਅਤੇ ਉਸ ਦੇ ਡੁੱਬਣ/ਭਸਮ ਹੋ ਜਾਣ ਦਾ ਕਥਿਤ ਕਿੱਸਾ ਵੀ ਇਹ ਸਥਾਪਤ ਨਹੀਂ ਕਰਦਾ ਕਿ ਉਨ੍ਹਾਂ ਦੇ ਬਾਦ ਇੱਕਠੀਆਂ ਕੀਤੀਆਂ ਲਿਖਤਾਂ  ਦੇ ਜੋੜ ਦੇ ਕੰਮ ਨੂੰ ਗੁਰੂ ਦੇ ਆਦੇਸ਼/ਨਿਗਰਾਨੀ ਹੇਠ ਕੀਤਾ ਗਿਆ ਸੀ।ਪ੍ਰਸੰਗ ਅਨੁਸਾਰ ਇਸੇ ਕਾਰਣ, ਇਸ ਪੱਖੋਂ ਸੁਚੇਤ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦੇ ਇਸ ਉਪਰਾਲੇ ਤੇ ਵੱਡਾ ਕਿੰਤੂ ਖੜਾ ਕੀਤਾ ਸੀ।ਇਸ ਕਿੰਤੂ ਦਾ ਵਿਸਥਾਰ ਮਹਾਨ ਕੋਸ਼ ਵਿਚ ਵੀ ਪੜਨ ਨੂੰ ਮਿਲਦਾ ਹੈ।

ਜਦ ਦਾਸ ਨੇ ਸਮੁੱਚੇ ਵਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਇਕ ਵਿਦਵਾਨ ਸੱਜਣ ਨੂੰ ਉਰੋਕਤ ਦਲੀਲ ਦਿੱਤੀ ਤਾਂ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਭਾਈ ਮਨੀ ਸਿੰਘ ਜੀ ਨੂੰ ਉਸ ਗ੍ਰੰਥ ਨੂੰ ਲਿਖਣ ਦੀ ਇਜ਼ਾਜਤ ਗੁਰੂ ਵਲੋਂ ਨਹੀਂ ਮਿਲੀ ਸੀ ੳਤੇ ਨਾ ਹੀ ਉਹ ਗੁਰੁ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ। ਸ਼ਾਯਦ ਕੋਈ ਹੋਰ ਨਾ ਹੋਵੇ ਪਰ ਇਸ ਦਲੀਲ ਦੇ ਅੱਗੇ ਉਹ ਵਿਦਵਾਨ ਸੱਜਣ ਨਿਰੁਤਰ ਸਨ!

ਗੁਰੂ ਗਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਬਾਦ ਲਿਖੇ ਕਿਸੇ ਗ੍ਰੰਥ ਦੀ ਸਮੁੱਚੀ ਪ੍ਰਮਾਣਿਕਤਾ ਤੇ ਸਭ ਤੋਂ ਵੱਡਾ ਸ਼ੱਕ ਇਹੀ ਤੱਥ ਹੈ ਕਿ ਉਹ ਨੂੰ ਗੁਰੂ ਦੇ ਬਾਦ ਲਿਖਿਆ ਗਿਆ ਸੀ ਅਤੇ ਉਸ ਬਾਦ ਦੀ ਲਿਖਤ ਨੂੰ ਨਾ ਤਾਂ ਗੁਰੂ ਦੀ ਪਰਵਾਣਗੀ ਨਹੀਂ ਸੀ ਅਤੇ ਨਾ ਹੀ ਉਹ ਰਚਨਾ ਦਾ ਕੰਮ ਗੁਰੂ ਦੇ ਹੁਕਮ ਨਾਲ ਹੋਇਆ ਸੀ।ਗੁਰੂ ਤਾਂ ਉਸ ਸਮੇਂ ਅਕਾਲ ਚਲਾਣਾ ਕਰ ਚੁੱਕੇ ਸੀ।ਕੋਈ ਤਰਕ ਦੇ ਸਕਦਾ ਹੈ ਕਿ ਸੰਸਾਰ ਵਿਚ ਕਈ ਧਾਰਮਕ ਗ੍ਰੰਥ ਬਾਦ ਵਿਚ ਚੇਲਿਆਂ ਵਲੋਂ ਲਿਖੇ ਗਏ ਸਨ।ਇਸ ਤਰਕ ਨੂੰ ਅੱਗੇ ਚਲ ਕੇ ਸੰਖੇਪ ਵਿਚ ਵਿਚਾਰ ਲਵਾਂ ਗੇ।

ਵਚਿੱਤਰ ਨਾਟਕ ਬਾਰੇ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿਚ ਦਰਜ ਹੋਰ ਟਿੱਪਣਿਆਂ ਦੀ ਲਾਹੇਵੰਦ ਤਫ਼ਸੀਲ ਸਿੱਖ ਮਾਰਗ.ਕਾਮ ਤੇ ਮੱਖਣ ਸਿੰਘ ਪੁਰੇਵਾਲ, ਜੀ ਦੇ ਲਿਖੇ ਇਕ ਤਾਜ਼ਾ  ‘ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ’ ਤੇ ਪੜੀ ਜਾ ਸਕਦੀ ਹੈ।

ਭਾਈ ਕਾਨ ਸਿੰਘ ਜੀ ਸਪਸ਼ਟ ਰੂਪ ਵਿਚ ਦਸ਼ਮ ਗ੍ਰੰਥ ਦੀ ਕ੍ਰਿਤ ਦੇ ਵਿਰੋਧੀ ਸਨ ਪਰ ਉਹ ਇਹ ਸਵੀਕਾਰ ਕਰਕੇ ਤੁਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕੁੱਝ ਸੀ ਜ਼ਰੂਰ।ਪਰ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਕਿ ਮਨੀ ਸਿੰਘ ਜੀ ਵਲੋਂ ਲਿਖ-ਜੋੜੀ ਬੀੜ ਕੋਈ ਚੰਗਾ ਕਦਮ ਸੀ ।ਇਸੇ ਲਈ ਕਾਨ ਸਿੰਘ ਜੀ ਨੇ ਮਨੀ ਸਿੰਘ ਜੀ ਦੇ ਇਸ ਕੰਮ ਨੂੰ ਨੁਕਸਾਨਦੇਹ ਠਹਰਾਇਆ। ਬੇਸ਼ੱਕ ਉਹ ਕੁੱਝ ਲਿਖਤਾਂ ਦੇ ਸਮਰਥਨ ਵਿਚ ਸਨ ਪਰ ਉਨ੍ਹਾਂ ਦੀ ਖੋਜੀ ਟਿੱਪਣੀ ਵਚਿੱਤਰ ਨਾਟਕ ਗ੍ਰੰਥ ਦੀ, ਇਕ ਗ੍ਰੰਥ ਵਜੋਂ ਹੋਂਦ ਤੇ ਇਕ ਗੰਭੀਰ ਅਤੇ ਠਕਿ ਕਿੰਤੂ ਖੜਾ ਕਰਦੀ ਹੈ।

ਹੁਣ ਜ਼ਰਾ ਕਰਤਾਰਪੁਰੀ ਬੀੜ ਬਾਰੇ  ਪ੍ਰੋ. ਸ਼ਾਹਿਬ ਸਿੰਘ ਜੀ ਅਤੇ ਭਾਈ ਕਾਨ ਸਿੰਘ ਜੀ ਨਾਭਾ ਦੇ ਵਿਚਾਰਾਂ ਨੂੰ ਵੀ ਵਿਚਾਰੀਏ: ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:

        “ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ ਪ੍ਰਭਾਤੀ ਤੀਕ 30 ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ 5751 ਹੈ ਇਹ ਬੀੜ ਹੁਣ ਕਰਤਾਰਪੁਰ ਹੈ,ਜਿਸ ਦੀ ਜਿਲਦ  ਕਿਤਾਬੀ ਅਤੇ ਸਾਰੇ ਪਤ੍ਰੇ 975 ਹਨ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੁਲਮੰਤ੍ਰ ਹੈ ਅਤੇ ਪੰਨੇ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ 436 , ਮਹਾਨ ਕੋਸ਼)

ਸਪਸ਼ਟ ਹੁੰਦਾ ਹੈ ਕਿ ਭਾਈ ਜੋਧ ਸਿੰਘ ਜੀ ਨਾਲ ਕਿਸੇ ਥਾਂ ਮਤਾਂਤਰ ਦੇ ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ ਹੋਣ ਦੇ ਤਸਦੀਕੀ ਸਨ ਅਤੇ ਭਾਈ ਜੋਧ ਸਿੰਘ ਜੀ ਵੀ।

ਜਿਥੋਂ ਤਕ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਜੀ ਦਾ ਮਤ ਹੈ ਉਸ ਨੂੰ ਆਦਿ ਬੀੜ ਬਾਰੇ ਪੁਸਤਕ ਵਿੱਚ ਉਹ ਇੰਝ ਪ੍ਰਗਟ ਕਰਦੇ ਹਨ:

 “ਜਿਹੜੀ ‘ਆਦਿ ਬੀੜ’ ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲਾ ਜਲੰਧਰ)ਵਿਚ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ ਸੰਤਾਨ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ”(ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’, ਪੰਨਾ 112)

ਇਸ ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ।ਉਨ੍ਹਾਂ ਦੀ ਪੁਸਤਕ ‘ਆਦਿ ਬੀੜ ਬਾਰੇ’ ਦਾ ਨਾਮ ਹੀ ਕਰਤਾਰਪੁਰੀ ਬੀੜ ਨੂੰ ਅਦਿ ਬੀੜ ਮੰਨਣ ਦੇ ਸੰਧਰਭ ਵਿਚ ਸੀ।

ਹੁਣ ਆਉ ਜ਼ਰਾ ਵਚਿੱਤਰ ਨਾਟਕ ਗ੍ਰੰਥ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲਾ ਉਹ ਅੰਤਰ ਵਿਚਾਰੀਏ ਜਿਸ ਨੂੰ ਕੁੱਝ ਸੱਜਣਾ ਨੇ ਧਿਆਨ ਵਿਚ ਨਹੀਂ ਰੱਖਿਆ।

ਪਹਿਲੀ ਗੱਲ ਇਹ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੋਤ ਗੁਰੂ ਵਲੌਂ ਆਪ  ਲਿਖਵਾਇਆ ਅਤੇ ਦਸਤਖਤੀ ਤਸਦੀਕ ਕੀਤਾ ਗਿਆ ਸੀ ਜੋ ਕਿ ਕਰਤਾਰਪੁਰ ਵਿਖੇ ਮੌਜੂਦ ਹੈ।ਜਦ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਐਸੀ ਗਲ ਬਿਲਕੁਲ ਨਹੀਂ ਹੈ।

ਲੱਖਾਂ ਵਾਰ ਵੀ ਵਚਿੱਤਰ ਨਾਟਕ ਦੀ ਸਮੁੱਚੀ ਬੀੜ ਦੇ ਸਮਰਥਨ ਬਾਰੇ ਲਿਖਿਆ ਜਾਏ ਤਾਂ ਵੀ ਉਸ ਦੇ ਗੁਰੂ ਕ੍ਰਿਤ ਹੋਣ ਦੇ ਦਾਵੇ ਵਿਰੁੱਧ ਭੁਗਤਣ ਵਾਲੀ ਸਭ ਤੋਂ ਵੱਡੀ  ਗਵਾਹੀ/ਦਲੀਲ, ਇਹ ਹੈ  ਕਿ ਇਹ ਗ੍ਰੰਥ ਗੁਰੂ ਦੇ ਅਕਾਲ ਚਲਾਣੇ ਬਾਦ ਬਿਨਾਂ ਗੁਰੂ ਦੇ ਆਦੇਸ਼/ਨਿਗਰਾਨੀ ਦੇ ਰੱਚਿਆ ਗਿਆ ਸੀ।ਇਸ ਮਜ਼ਬੂਤ  ਗਵਾਹੀ/ਦਲੀਲ ਅੱਗੇ ਬਾਕੀ ਤਰਕ ਹਲਕੇ ਹਨ।

ਪਰ ਦੂਜੇ ਪਾਸੇ ਪੁਰੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਕਥਿਤ ਦਾਵੇ ਮੁਕਾਬਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਹੱਕ ਵਿਚ ਨਿਬੜਨ ਵਾਲੀ ਸਭ ਤੋਂ ਵੱਡੀ ਗਵਾਹੀ ਅਤੇ ਦਲੀਲ ਕਰਤਾਰਪੁਰੀ ਬੀੜ ਦੀ ਮੋਜੂਦਗੀ ਹੈ ਜੋ ਕਿ ਪੰਚਮ ਪਾਤਿਸ਼ਾਹ ਜੀ ਨੇ ਆਪ ਲਿਖਵਾਈ ਸੀ। ਜਿੱਥੇਂ ਤਕ ਦਮਦਮੀ ਬੀੜ ਦਾ ਸਵਾਲ ਹੈ ਤਾਂ ਉਸ ਦੀ ਪ੍ਰਮਾਣਿਕਤਾ ਲਈ ਵੀ ਦੋ ਮੂਲ ਅਧਾਰ ਮੋਜੂਦ ਹੀ ਸਨ। ਪਹਿਲਾ ਕਰਤਾਰਪੁਰੀ ਬੀੜ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਤ ਹੋ ਚੁੱਕੇ ਕਈ ਉਤਾਰੇ ਜਿਨ੍ਹਾਂ ਵਿਚ ਨੋਵੇਂ ਮਹਲੇ ਦੀ ਬਾਣੀ ਦਰਜ ਹੋ ਚੁੱਕੀ ਸੀ।ਉਸ ਦੇ ਵਿਪਰੀਤ, ਗੁਰੂ ਗੋਬਿੰਦ ਸਿੰਘ ਜੀ ਉਪਰੰਤ ਉਨਾਂ ਵਲੋਂ ਲਿਖਿਆ ਕੋਈ ਹੋਰ ਗ੍ਰੰਥ ਹੋਂਦ ਵਿਚ ਨਹੀਂ ਸੀ।ਹਾਂ ਵਖੋ-ਵੱਖ ਲਿਖਤਾਂ ਦੇ ਕਿਸੇ ਸੰਗ੍ਰਹ ਦੇ ਡੁੱਬਣ/ਨਸ਼ਟ ਹੋ ਜਾਣ ਦੇ ਹਵਾਲੇ ਦਿੱਤੇ ਜਾਂਦੇ ਹਨ।ਇੱਥੇ ਅਸੀਂ ਉਸ ਤਰਕ ਦੀ ਸੰਖੇਪ ਪੜਚੋਲ ਕਰ ਲਈਏ ਜਿਸ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੇ ਕੁੱਝ ਧਾਰਮਕ ਗ੍ਰੰਥ ਧਰਮਗੁਰੂਆਂ ਦੇ ਬਾਦ ਉਨ੍ਹਾਂ ਦੇ ਚੇਲਿਆਂ ਵੱਲੋਂ ਕਲਮਬੱਧ ਕੀਤੇ ਗਏ ਸੀ।

ਇਸ ਤਰਕ ਦੇ ਸੰਧਰਭ ਵਿਚ ਧਿਆਨ ਵਿੱਚ ਰੱਖਣ ਵਾਲੀ  ਗਲ ਹੈ ਕਿ ਬੇਸ਼ੱਕ ਮੁਹੰਮਦ ਸਾਹਿਬ ਜੀ ਦੇ ਇੰਤਕਾਲ ਦੇ ਤਿੰਨ ਦਹਾਕਿਆਂ ਤੋਂ ਵੱਧ ਅਰਸੇ ਬਾਦ ਉਨ੍ਹਾਂ ਦੇ ਕੁੱਝ ਕਰੀਬੀ ਸਮਕਾਲੀਆਂ (ਸਹਾਬੀਨ) ਨੇ, ਕੁਰਾਨ ਨੂੰ ਆਪਣੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਲਿਖਤੀ ਰੂਪ ਦਿੱਤਾ ਸੀ।ਈਸਾ ਮਸੀਹ ਨਾਲ ਹੋਇਆਂ ਗਲਾਂ, ਈਸਾ ਮਹੀਹ ਜੀ ਤੋਂ ਬਾਦ, ਚੇਲਿਆਂ ਦੀ  ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਜਗਜਾਹਰ ਹੋਇਆਂ ਪਰ ਗੁਰੂਆਂ ਨੇ ਇਸ ਪਰੰਮਪਰਾ ਦਾ ਕਦੇ ਅਨੁਸਰਣ ਨਹੀਂ ਸੀ ਕੀਤਾ। ਗੁਰੂਆਂ ਦੀ ਅਪਾਰ ਕ੍ਰਿਪਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਕਾਰਣ ਸਿੱਖੀ ਦੇ ਅੰਦਰ ਐਸਾ ਕਦੇ ਨਹੀਂ ਹੋਇਆ ਸੀ।ਜੇਕਰ ਸਿੱਖੀ ਦੇ ਅੰਦਰ ਇਹ ਗਲ ਪਰਵਾਨ ਹੁੰਦੀ ਤਾਂ ਗੁਰੂ ਆਪ ਨਾ ਬਾਣੀ ਲਿਖਦੇ-ਲਿਖਵਾਉਂਦੇ ਬਲਕਿ ਉਹ ਇਸਦਾ ਸਾਰਾ ਜਿੰਮਾਂ ਆਪਣੇ ਬਾਦ ਦੇ ਸਹਾਬੀਨਾਂ ਦੇ ਸਿਰ ਛੱਡ ਜਾਂਦੇ ਜਿਵੇਂ ਕਿ ਵੇਦ, ਕੁਰਾਨ ਅਤੇ ਬਾਈਬਲ ਗ੍ਰੰਥਾ ਬਾਰੇ ਹੋਇਆ ਸੀ। ਸਿੱਖੀ ਦੇ ਅੰਦਰ ਗੁਰੂਆਂ ਵਲੋਂ ਇਸ ਪਰੰਪਰਾ ਦੀ ਮਾਨਤਾ ਦਾ ਕੋਈ ਸਥਾਨ ਨਹੀਂ ਬਣ ਪਾਇਆ ਕਿਉਂਕਿ ਪਹਲੀ ਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਜੀ ਨੇ ਆਪ ਲਿਖਵਾਇਆ/ਤਸਦੀਕ ਕੀਤਾ ਸੀ ਅਤੇ ਉਸ ਵਿਚ ਮਹਲੇ ਨੋਂਵੇਂ ਦੀ ਬਾਣੀ ਵੀ ਦਸ਼ਮੇਸ਼ ਜੀ ਨੇ ਆਪ ਆਪਣੇ ਆਦੇਸ਼/ਨਿਗਰਾਨੀ ਹੋਠ ਦਰਜ ਕਰਵਾਈ ਸੀ।ਇਸ ਬਾਬਤ ਗੁਰੂਘਰ ਦੀ ਪਰੰਪਰਾ ਨਿਰਸੰਦੇਹ ਆਪਣੀ ਹੱਥੀ ਆਪਣੇ ਕਾਰਜ ਨੂੰ ਸਵਾਰਣ ਦੀ ਸੀ।ਇਹ ਕਾਰਜ ਕਦੇ ਵੀ ਕਿਸੇ ਸਿੱਖ ਦੀ ਨਿਗਰਾਨੀ ਵਿੱਚ ਨਹੀਂ ਸੀ ਛੱਡਿਆ ਗਿਆ।ਗੁਰੂਆਂ ਦੇ ਹੁੰਦੇ ਹੋਰ ਉਤਾਰੇ ਹੋਂਣਾ ਅਲਗ ਗਲ ਸੀ।ਪਰ ਮੌਜੂਦਾ ਵਚਿੱਤਰ ਨਾਟਕ ਗ੍ਰੰਥ ਦੀ ਰਚਨਾ ਦਾ ਮੂਲ ਸਰੋਤ, ਗੁਰੂ ਦਸ਼ਮੇਸ਼ ਜੀ ਤੋਂ ਬਾਦ, ਕਿਸੇ ਸਿੱਖ ਵਲੋਂ ਕੀਤਾ ਗਿਆ ਕੰਮ ਹੈ।

ਇਤਹਾਸ ਵਿਚ ਗੁਰੂ ਵਲੋਂ ਐਸੇ ਕਿਸੇ ਆਦੇਸ਼ ਦਾ ਹਵਾਲਾ ਨਹੀਂ ਮਿਲਦਾ ਜਿਸ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਗ੍ਰੰਥ ਨੂੰ ਲਿਖਣ ਦਾ ਆਦੇਸ਼/ਅਧਿਕਾਰ ਗੁਰੂ ਵਲੋਂ ਦਿੱਤਾ ਗਿਆ ਹੋਵੇਂ।ਜੇ ਕਰ ਭਾਈ ਮਨੀ ਸਿੰਘ ਜੀ ਨੇ ਆਪ ਇੱਕ ਲੇਖਕ ਵਜੋਂ ਇਸ ਨੂੰ ਲਿਖਿਆ ਸੀ ਤਾਂ ਇਹ ਉਨ੍ਹਾਂ ਦੀ ਰਚਨਾ ਸੀ ਜਿਸ ਵਿੱਚ, ਨਿਰਸੰਦੇਹ ਕੁੱਝ ਅੰਸ਼ ਗੁਰੂ ਦੇ ਹੋ ਸਕਦੇ ਸੀ ਜੋ ਕਿ ਗੁਰੂਕਾਲ ਤੋਂ ਹੀ ਉਨਾਂ ਸਿੱਖਾਂ ਵਿੱਚ ਵੀ ਪ੍ਰਚਲਤ ਸਨ ਜਿਨ੍ਹਾਂ ਵਿਚਕਾਰ ਮਨੀ ਸਿੰਘ ਜੀ ਦੇ ਲਿਖੇ-ਜੋੜੇ ਗ੍ਰੰਥ ਬਾਰੇ ਵਿਵਾਦ ਹੋਇਆ ਸੀ।

ਪਰ ਇਹ ਅਤਿ ਦੀ ਮੰਦਭਾਗੀ ਗੱਲ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੇ ਗੁਰੂਕ੍ਰਿਤ ਨਾ ਹੋਂਣ ਬਾਰੇ ਭੁਗਤਣ ਵਾਲੀ ਸਭ ਤੋਂ ਵੱਡੀ ਦਲੀਲ (ਕਿ ਉਸ ਨੂੰ ਬਿਨਾ ਗੁਰੂ ਦੀ ਆਗਿਆ/ਜਾਣਕਾਰੀ/ਨਿਗਰਾਨੀ ਦੇ ਲਿਖਿਆ ਗਿਆ ਸੀ)  ਨੂੰ ਨਜ਼ਰਅੰਦਾਜ਼ ਕਰਕੇ ਕੁੱਝ ਵਿਦਵਾਨ ਭਾਈ ਕਾਨ ਸਿੰਘ ਜੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਸਮੇਤ ਹੋਰ ਅਣਗਿਣਤ ਵਿਦਵਾਨਾਂ ਅਤੇ ਸਦਿਆਂ ਤੋਂ ਚਲੀ ਆ ਰਹੀ ਸਿੱਖ ਭਾਈਚਾਰੇ ਦੀ ਗਵਾਹੀ ਦੇ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ।

ਕੀ ਉਹ ਵਿਚਾਰਦੇ ਨਹੀਂ ਸਕੇ ਸੀ ਕਿ ਉਨ੍ਹਾਂ ਦਿਆਂ ਐਸੀਆਂ ਗਲਾਂ ਕਾਰਨ, ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਦਾਵੇ ਵਿਰੁਧ, ਸਭ ਤੋਂ ਵੱਡੀ ਦਲੀਲ ਨੂੰ ਹੀ ਆਉਂਣ ਵਾਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁਧ ਵੀ ਵਰਤਿਆ ਜਾ ਸਕਦਾ ਹੈ? ਜੇ ਅਸੀਂ ਐਸਾ ਨਾ ਵਿਚਾਰਿਆ ਤਾਂ ਪਤਾ ਨਹੀਂ ਕਿ ਆਉਂਣ ਵਾਲਾ ਪੰਥਕ ਸਮਾਂ ਸਾਡੇ ਮੈਕਲੋਡੀ ਚਿੰਤਨ ਨੂੰ ਕਿਸ-ਕਿਸ ਰੂਪ ਵਿਚ ਯਾਦ ਕਰੇਗਾ !!



-ਹਰਦੇਵ ਸਿੰਘ, ਜੰਮੂ

ਦੋ ਤੀਰ ਇੱਕ ‘ਨਿਸ਼ਾਨਾ’
ਹਰਦੇਵ ਸਿੰਘ, ਜੰਮੂ

ਇਕ ਤੀਰ ਨਾਲ ਜੇ ਕਰ ਦੋ ਨਿਸ਼ਾਨੇ ਸਾਧ ਲੇ ਜਾਣ ਤਾਂ ਨਿਸ਼ਾਨਾ ਲਗਾਉਣ ਵਾਲੇ ਦੀ ਸਿਆਣਪ ਜਾਂ ਚਤੁਰਾਈ ਵੀ ਕਹੀ ਜਾ ਸਕਦੀ ਹੈ।ਪਰ ਕੇ ਕਰ ਇੱਕ ਨਿਸ਼ਾਨਾ ਦੋਵੇਂ ਪਾਸਿਯੋਂ ਤੀਰਾ ਦਾ ਸ਼ਿਕਾਰ ਹੋਂਣ ਦੀ ਸਥਿਤੀ ਵਿੱਚ ਹੋਵੇ ਤਾਂ ਉਹ ਨਿਸ਼ਾਨਾ ਇਕ ਬੇ-ਚਾਰਗੀ ਵਰਗੀ ਹਾਲਤ ਵਿਚ ਫ਼ੱਸਿਆ ਸਮਝਿਆ ਜਾ ਸਕਦਾ ਹੈ।
ਇਕ ਪਾਸਿਯੋਂ ਸੁਣਨ ਨੂੰ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਸੰਪਰਦਾਈਆਂ/ਪਰੰਪਰਾਵਾਦੀਆਂ ਨਾਲ ਕੀਤਾ ਗਿਆ ਸਮਝੌਤਾ ਸੀ ਪਰ ਨਾਲ ਹੀ, ਉਸੇ ਪਾਸਿਯੋਂ, ਸੁਣਨ ਨੂੰ ਮਿਲਦਾ ਹੈ ਕਿ ਸੰਪਰਦਾਈਆਂ ਨੇ ਇਸ ਨੂੰ ਕਦੇ ਸਵੀਕਾਰ ਹੀ ਨਹੀਂ ਕੀਤਾ। ਸਮਝ ਨਹੀਂ ਆਉਂਦੀ ਕਿ ਕੀ ਕਹਿਣ ਦਾ ਜਤਨ ਕੀਤਾ ਜਾਂਦਾ ਹੈ? ਜੇਕਰ ਰਹਿਤ ਮਰਿਆਦਾ ਸੰਪਰਦਾਵਾਂ ਨਾਲ ਹੋਈਆ ਸਮਝੌਤਾ ਸੀ ਤਾਂ ਸੰਪਰਦਾਵਾਂ ਨੇ ਇਸ ਦਾ ਵਿਰੋਧ ਕਰਦੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਐਸੇ ਸਮਝੌਤਿਆਂ ਵਿਚ ਪਹਿਲਾਂ ਧਿਰਾਂ ਦੀ ਸੰਤੂਸ਼ਟੀ (Satisfaction) ਹੁੰਦੀ ਹੈ ਅਤੇ ਫ਼ਿਰ ਸਮਝੌਤੇ ਦੀ ਪੁਸ਼ਟੀ (Approval) ਜੇ ਕਰ ਪੁਸ਼ਟੀ (Approval) ਹੋ ਗਈ ਸੀ ਤਾਂ ਸੰਪਰਦਾਈਆਂ ਦੀ ਸੰਤੁਸ਼ਟੀ ਕਿੱਥੇ ਰਹਿ ਗਈ?
ਖ਼ੈਰ ਇਹ ਸੱਚ ਸਵੀਕਾਰ ਕਰ ਲਿਆ ਗਿਆ ਕਿ ਸੰਪਰਦਾਵਾਂ ਅਤੇ ਡੇਰਿਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵਿਰੋਧ ਅੱਜ ਵੀ ਬਰਕਰਾਰ ਹੈ।ਉਹ ਇਸ ਨੂੰ ਇਕ ਔਕੜ ਮੰਨਦੇ ਹਨ ਇਸ ਲਈ ਇਹ ਉਨ੍ਹਾਂ ਦੇ ਨਿਸ਼ਾਨੇ ਤੇ ਹੈ। ਚਿੰਤਨ ਦੇ ਇਸ ਤੀਰ ਦਾ ਤਾਣਾ-ਬਾਣਾ ਇਸ ਵਿਚਾਰ ਤੋਂ ਲਿੱਪਤ ਹੈ ਕਿ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਅਤੇ ਲੇਖਕਾਂ ਨੇ ਪਰੰਪਰਾਵਾਦੀ ਸੋਚ ਦੀ ਗੋਦ ਵਿਚੋਂ ਧਰਮ ਨੂੰ ਖੋਹ ਕੇ ਉਸ ਨੂੰ ਆਪਣਾ ਰੰਗ ਚਾੜ ਛੱਡਿਆ। ਇਹ ਹੋਈਆ ਇੱਕ ਪਾਸਾ!
ਦੂਜੇ ਪਾਸੇ ਸਿੱਖ ਰਹਿਤ ਮਰਿਆਦਾ ਨੂੰ ਸੰਝੋਤਾਵਾਦ ਦਾ ਦਸਤਾਵੇਜ਼ ਸਮਝਣ ਵਾਲੇ ਸੱਜਣ ਆਪਣੇ ਆਪਣੇ ਤੀਰਾਂ ਨੂੰ ਇਸਦੇ ਵਿਰੁੱਧ ਕੱਸ ਰਹੇ ਹਨ।ਉਨ੍ਹਾਂ ਦਾ ਗਿਲਾ ਵੀ ਸਿੱਖ ਰਹਿਤ ਮਰਿਆਦਾ ਦੀਆਂ ਮਦਾਂ ਦੇ ਵਿਰੋਧ ਤੋਂ ਹੁੰਦਾ ਸਿੰਘ ਸਭਾ ਲਹਿਰ ਦੇ ਮੋਢੀ ਆਗੁਆਂ ਅਤੇ ਲੇਖਕਾਂ ਤਕ ਜਾ ਪੁੱਜਦਾ ਹੈ। ਵੱਡੀ ਗਲ ਨਹੀਂ ਕਿ ਦੂਜੇ ਪਾਸੇ ਨੂੰ ਮੈਦਾਨ ਵਿਚ ਵੇਖ ਕੇ ਪਹਿਲਾ ਪਾਸਾ ਹੁਣ ਮਾਕੂਲ ਮੌਕੇ ਦੀ ਫ਼ਿਰਾਕ ਵਿਚ ਜੁਟ ਜਾਏ। ਪਹਿਲਾਂ ਤਾਂ ਉਹ ਰਹਿਤ ਮਰਿਆਦਾ ਨੂੰ ਅਸਵੀਕਾਰ ਕਰਦੇ ਆਪਣੀ ਡੱਫ਼ਲੀ ਵਜਾਉਂਦੇ ਪ੍ਰਤੀਤ ਹੁੰਦੇ ਸੀ ਹੁਣ ਹਮਖ਼ਿਆਲੀਆਂ ਨੂੰ ਵੇਖ ਕੇ ਉਹ ਵੀ ਰਹਿਤ ਮਰਿਆਦਾ ਦੀ ਡੱਫ਼ਲੀ ਵਾਜਾਉਂਣ ਗੇ। ਕਹਿੰਦੇ ਹਨ ਕਿ ਦੁਸ਼ਮਨ ਦਾ ਦੁਸ਼ਮਨ ਇਕ ਪ੍ਰਕਾਰ ਨਾਲ ਦੋਸਤ ਹੀ ਸਾਬਤ ਹੁੰਦਾ ਹੈ।
ਯਾਨੀ ਕਿ ਸਿੰਘ ਸਭਾ ਲਹਿਰ ਦੇ ਆਗੂ ਤਾਂ ਨਹੀਂ ਰਹੇ ਪਰ ਉਨਾਂ ਦੀ ਘਾਲਣਾ ਸਿੱਖ ਰਹਿਤ ਮਰਿਆਦਾ ਇਕ ਐਸੇ ਨਿਸ਼ਾਨੇ ਵਜੋਂ ਮੌਜੂਦ ਹੈ ਜਿਸ ਨੂੰ ਆਪਣੇ ਆਪਣੇ ਤਰਕਾਂ ਦੇ ਤੀਰ ਨਾਲ ਭੇਦਣ ਦਾ ਉਪਰਾਲਾ ਚਿੰਤਨ ਦੇ ਦੋ ਵੱਖਰੇ ਤਲਾਂ ਤੇ ਪ੍ਰਗਟ ਹੋ ਰਿਹਾ ਹੈ।
ਇਕ ਪਾਸੇ ਵੱਡੀ ਦਰਕਿਨਾਰੀ ਦਾ ਸ਼ਿਕਵਾ ਹੈ ਅਤੇ ਦੂਜੇ ਪਾਸੇ ਕਿਸੇ ਸ਼ੂਮਾਰੀ ਦਾ ਸ਼ਿਕਵਾ। ਸਿੱਟੇ ਵਜੋਂ ਸਿੱਖ ਰਹਿਤ ਮਰਿਆਦਾ ਦੇ, ਦੋ ਵੱਖਰੇ-ਵਖਰੇ ਤੀਰਾਂ ਦੇ ਨਾਲ ਛੱਲਣੀ ਹੋਂਣ ਦੀ ਸੰਭਾਵਨਾ ਹੈ। ਇਸਦਾ ਛੱਲਣੀ ਹੋਂਣਾ ਸਿੱਖ ਪੰਥ ਦੇ ਸਰੀਰ ਤੇ ਐਸੇ ਜ਼ਖਮਾਂ ਦੀ ਪੀੜਾ ਛੱਡੇਗਾ ਜੋ ਕਿ ਫ਼ਿਰ ਨਾਸੂਰ ਬਣ ਜਾਣਗੇ। ਕਮਾਨ ਤੇ ਕੱਸੇ ਤੀਰਾਂ ਨੂੰ ਛੱਡਣਾ ਤੋਂ ਪਹਿਲਾਂ, ‘ਵੇਲੇ’ ਨੂੰ ‘ਵੇਲੇ’ ਸਿਰ ਵਿਚਾਰ ਲਈਏ ਤਾਂ ਚੰਗਾ ਹੈ। ਅੱਜੇ ਕੁੱਝ ਵਿਗੜੀਆ ਨਹੀਂ!
ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ!
ਹਰਦੇਵ ਸਿੰਘ, ਜੰਮੂ