Wednesday, 30 November 2011

'ਭਗਉਤੀ ਵਾਰ ਦੀ ਦੂਜੀ ਪਉੜੀ ਗੁਰਬਾਣੀ ਦੀ ਕਸਵਟੀ ਤੇ'
ਹਰਦੇਵ ਸਿੰਘ,ਜੰਮੂ


ਇਹ ਸੁਭਾਵਕ ਜਿਹੀ ਗੱਲ ਹੈ ਕਿ ਜੇ ਕਰ ਇੱਕ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਸਮਝਦੇ ਕਿਸੇ ਜਿਗਿਆਸੂ ਸਿੱਖ ਨੂੰ ਅਚਾਨਕ ਹੀ ਇਹ ਗੱਲ ਸਵੀਕਾਰ ਕਰਨ ਨੂੰ ਕਿਹਾ ਜਾਏ ਕਿ ਸਿੱਖ ਅਕਾਲ ਪੁਰਖ ਦੇ ਅੱਗੇ ਨਹੀਂ ਬਲਕਿ ਦੁਰਗਾ ਦੇ ਅੱਗੇ ਮਰਿਆਦਤ ਅਰਦਾਸ ਕਰਦੇ ਹਨ ਤਾਂ ਉਸ ਨੂੰ ਇੰਝ ਪ੍ਰਤੀਤ ਹੋਵੇਗਾ ਕਿ ਜਿਵੇਂ ਕਿਸੇ ਨੇ ਉਸਦਾ ਵੱਡਾ ਨਿਰਾਦਰ ਕਰ ਦਿੱਤਾ ਹੋਵੇ! ਉਹ ਚੋਂਕ ਉੱਠੇਗਾ! ਪਹਿਲੇ ਇਸ ਗੱਲ ਤੇ ਕਿ ਬਿਨਾ ਅਰਦਾਸ ਕਰਨ ਵਾਲੇ ਬੰਦੇ ਨੂੰ ਪੁੱਛੇ ਉਸਦੇ ਇਸ਼ਟਭਾਵ ਬਾਰੇ ਕੋਈ ਦੂਜਾ ਕਿਵੇਂ ਨਿਰਨਾ ਕਰ ਸਕਦਾ ਹੈ ?
ਦੂਜਾ ਇਸ ਗੱਲ ਤੇ ਕਿ ਕਿਸੇ ਵਿਦਵਾਨ ਦਾ ਕੀ ਅਧਿਕਾਰ ਹੈ ਪੰਥ ਨੂੰ ਇਹ ਕਹਿਣ ਦਾ ਕਿ ਪੰਥ  ਦੁਰਗਾ ਦਾ ਪੁਜਾਰੀ ਹੈ ? ਬਿਨਾ ਗੁਰੂ ਨਾਨਕ ਤੋਂ ਪੁੱਛੇ 'ਰਾਮ' ਤੋਂ ਨਾਨਕ ਦੇ ਭਾਵ ਦਾ ਨਿਰਨਾ ਕੋਈ ਵਿਦਵਾਨ ਆਪ ਕਿਵੇਂ ਕਰ ਸਕਦਾ ਹੈ ? ਬਿਨਾ ਭਗਤ ਨਾਮਦੇਵ ਤੋਂ ਪੁੱਛੇ, ਨਾਮਦੇਵ ਜੀ ਦੇ 'ਬੀਠਲ' ਤੋਂ ਭਾਵ ਦਾ ਨਿਰਨਾ ਕੋਈ ਦੂਜਾ ਵਿਦਵਾਨ ਕਿਵੇਂ ਕਰ ਸਕਦਾ ਹੈ ?
ਇਨਾਂ੍ਹ ਦੋਹਾਂ ਗੱਲਾ ਨੂੰ ਵਿਚਾਰ ਦੇ ਕੇਂਦਰ ਵਿਚ ਰੱਖ ਕੇ ਦਾਸ ਦੇ ਮਨ ਵਿੱਚ, ਇਸ ਦੋਸ਼ ਬਾਰੇ (ਕਿ ਸਿੱਖ ਦੁਰਗਾ ਦੇ ਅੱਗੇ ਅਰਦਾਸ ਕਰਦੇ ਹਨ)  ਪੜਤਾਲ ਕਰਨ ਦੀ ਜਿਗਿਆਸਾ ਹੋਈ।ਇਸਦਾ ਵੱਡਾ ਕਾਰਨ ਇਹ ਵੀ ਸੀ ਕਿ ਕੁੱਝ ਸਿੱਖ ਵੀਰਾਂ ਨੇ ਐਸਾ ਗ਼ਿਲਾ ਦਾਸ ਨਾਲ ਵੀ ਕੀਤਾ।ਦਾਸ ਨੂੰ ਹੈਰਾਨਗੀ ਹੋਈ ਕਿ ਉਹ ਵੀਰ ਕਿਵੇਂ ਦਾਸ ਦੇ ਇਸ਼ਟਭਾਵ ਦਾ ਨਿਰਨਾ ਬਿਨਾ ਦਾਸ ਤੋਂ ਪੁੱਛੇ ਆਪ ਕਰਨ ਦਾ ਅਧਿਕਾਰ ਰੱਖ ਸਕਦੇ ਸੀ ? ਇਸੇ ਪਰਿਪੇਖ ਵਿਚ ਦਾਸ ਨੇ ਭਗਉਤੀ ਵਾਰ ਦੀ ਦੂਜੀ ਪਉੜੀ ਬਾਰੇ ਵਿਚਾਰ ਕਰਨ ਦਾ ਜਤਨ ਕੀਤਾ ਤਾਂ ਕਿ ਵਾਰ ਦੀ ਪਹਿਲੀ ਪਉੜੀ ਵਿਚ ਆਏ ਇਸ਼ਟਭਾਵ ਦਾ ਪਤਾ ਚਲ ਸਕੇ।ਵਾਰ ਦੀ ਦੂਜੀ ਪਉੜੀ:-



ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।

ਅਰਥ:-ਜਿਸ ਸ਼ਕਤੀ (ਪਰਮਾਤਮਾ) ਨੇ ਸਭ ਤੋਂ ਪਹਿਲਾਂ ਪਧਾਰਥ (ਦੰਦ ਪਧਾਰਥ ਰਚਣ ਵਾਲੀ ਮਇਆ-ਵੇਖੋ ਖੰਡਾ, ਮਾਇਆ, ਮਹਾਨ ਕੋਸ਼)  ਨੂੰ ਸਿਰਜ ਕੇ ਸਾਰਾ ਸੰਸਾਰ ਬਣਾਇਆ।ਬ੍ਰਹਮਾ,ਵਿਸ਼ਨੂ ਅਤੇ ਸ਼ਿਵ ਨੂੰ ਪੈਦਾ ਕਰਕੇ ਕੁਦਰਤ ਦੀ ਖੇਡ ਬਣਾਈ।ਸਮੁੰਦਰ, ਪਰਬਤ ਅਤੇ ਧਰਤੀ ਬਣਾਈ ਅਤੇ ਬਿਨਾ ਖੰਮਾਂ ਦੇ ਆਕਾਸ਼ (Space) ਨੂੰ ਸਥਿਤ ਕਰਨ ਦੀ ਵਿਵਸਥਾ ਕੀਤੀ।ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨਾਂ੍ਹ ਅੰਦਰ ਵੈਰ-ਵਿਵਾਦ ਪੈਦਾ ਕੀਤਾ। ਤੂੰ (ਪਰਮਾਤਮਾ) ਹੀ ਦੁਰਗਾ ਦੀ ਸਿਰਜਨਾ ਕਰਕੇ ਦੈਂਤਾਂ ਦਾ ਨਾਸ ਕਰਵਾਇਆ।ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ ਡਿਗਾਇਆ ਸੀ।ਵੱਡੇ ਮੁਨਿਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ ਪਰ ਇਨਾਂ੍ਹ ਸਾਰਿਆਂ ਵਿਚੋਂ ਭੀ ਕਿਸੇ ਨੇ ਤੇਰਾ (ਪਰਮਾਤਮਾ ਦਾ) ਅੰਤ ਨਹੀਂ ਪਾਇਆ।
 
ਇਸ ਪਉੜੀ ਵਿਚ ਨਿਰਸੰਦੇਹ ਅਤੇ ਸਪਸ਼ਟ ਰੂਪ ਵਿਚ ਦੁਰਗਾ ਦੇਵੀ ਪਾਤਰ ਨੂੰ ਪਰਮਾਤਮਾ ਤੋਂ ਨੀਵੀਂ ਅਵਸਥਾ ਵਿਚ ਦਰਸਾਇਆ ਗਿਆ ਹੈ ਅਤੇ ਇਹ ਵੀ ਕਹਿਆ ਗਿਆ ਹੈ ਕਿ ਉਸ ਦੁਰਗਾ ਨੇ ਵੀ ਪਰਮਾਤਮਾ ਦੀ ਬੇਅੰਤਤਾ ਦਾ ਅੰਤ ਨਹੀਂ ਪਾਇਆ। ਇਹੀ ਇਸ ਪਉੜੀ ਦਾ ਮਰਕਜ਼ੀ ਵਿਚਾਰ (Central Idea) ਹੈ।
ਪਰਮਾਤਮਾ ਦੀ ਸਰਵੋੱਚਤਾ ਦਰਸਾਉਂਣ ਲਈ, ਦੁਰਗਾ ਵਲੋਂ ਦੈਂਤਾ ਦਾ ਨਾਸ ਕਰਨ ਦੀ ਕਥਾ ਦਾ ਸੰਕੇਤਕ ਇਸਤੇਮਾਲ  ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਜੀ ਨੇ ਵੀ ਠੀਕ ਇੰਝ ਹੀ ਕੀਤਾ  ਹੈ:-


ਜਰਾਸੰਧਿ ਕਾਲਜਮੁਨ ਸੰਘਾਰੇ॥ਰਕਤਬੀਜੁ ਕਾਲੁਨੇਮੁ ਬਿਦਾਰੇ॥ਦੈਤ ਸੰਘਾਰਿ ਸੰਤ ਨਿਸਤਾਰੇ॥੭॥ (ਪੰਨਾ ੨੨੫)


ਪੰਨਾ ੨੨੫ ਤੇ ਗੁਰੂ ਨਾਨਕ ਜੀ ਨੇ ਕੁੱਝ ਪੋਰਾਣਿਕ ਕਥਾਵਾਂ ਦਾ ਸੰਕੇਤਮਈ ਇਸਤੇਮਾਲ ਕੀਤਾ ਹੈ।ਪਾਠਕ ਉਸ ਨੂੰ ਆਪ ਪੜ ਸਕਦੇ ਹਨ ਪਰ ਇੱਥੇ ਪ੍ਰਸੰਗ ਅਨੁਸਾਰ ਕੇਵਲ ਕੁੱਝ ਅੰਸ਼ਾ ਦੇ ਪਦਅਰਥ/ਅਰਥ ਇੰਝ ਹਨ:-


ਰਕਤਬੀਜੁਸੁੰਭ ਤੇ ਨਸੁੰਭ ਦਾ ਜਰਨੈਲ । ਇਸ ਦਾ ਦੁਰਗਾ ਨਾਲ ਜੰਗ ਹੋਇਆ । ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ । ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ । ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ । ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ ।
ਅਰਥ:- ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ । ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ । ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭।(ਪ੍ਰੋ. ਸ਼ਾਹਿਬ ਸਿੰਘ ਜੀ


ਭਾਵ ਅਰਥ ਕਿ ਇਹ 'ਕਥਾਨਕ ਵਰਤਾਰੇ' ਕਰਵਾਉਣ ਵਾਲਾ ਵੀ ਪਰਮਾਤਮਾ ਹੀ ਹੈ ਜਿਸਦਾ ਅੰਤ ਕਥਾਨਕ ਪਾਤਰਾਂ ਵਿਚੋਂ ਕਿਸੇ ਨੇ ਵੀ ਨਹੀਂ ਪਾਇਆ।ਗੁਰਬਾਣੀ ਵਿਚ ਨੁੱਕਤੇ ਸਪਸ਼ਟ ਕਰਨ ਲਈ ਇਨਾਂ੍ਹ ਕਥਾਵਾਂ ਦੀ ਸੰਕੇਤਕ ਵਰਤੋਂ ਹੈ ਤਾਂ ਕਿ ਲੋਕਾਈ ਦੇ ਵਿਸ਼ਵਾਸਾਂ ਵਿਚ ਪ੍ਰਚਲਤ ਕਥਾਵਾਂ ਦੇ ਮਾਧਿਅਮ ਰਾਹੀਂ ਇੱਕ ਅਕਾਲ ਪੁਰਖ ਦੀ ਸਰਵੋਚਤਾ ਬਾਰੇ ਸਮਝਾਇਆ ਜਾ ਸਕੇ।
ਹੁਣ ਇਸ ਪਉੜੀ ਵਿਚ ਵਰਤੇ ਖੰਡਾ ਸ਼ਬਦ ਦੇ ਅਰਥ ਵੀ ਵਿਚਾਰ ਲਈਏ।ਭਾਈ ਕਾਨ ਸਿੰਘ ਜੀ ਨਾਭਾ ਨੇ 'ਖੰਡਾ' ਦੇ ਅਰਥ ਦੋਧਾਰਾ ਖਡਗ ਤੋਂ ਇਲਾਵਾ ਇੰਝ ਵੀ ਕੀਤੇ ਹਨ:-੨. ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ. "ਖੰਡਾ ਪ੍ਰਿਥਮੈ ਸਜਕੈ ਜਿਨਿ ਸਭ ਸੰਸਾਰ ਉਪਾਇਆ") ਸਾਨੂੰ ਹੁਣ ਵਧੇਰੀ ਸਪਸ਼ਟਤਾ ਲਈ ਮਾਇਆ ਦੇ ਅਰਥ ਵੀ ਦੇਖਣੇ ਪੇਂਣ ਗੇ।
ਮਾਇਆ ਦੇ ਅਰਥ ਹੋਰ ਅਰਥਾਂ ਨਾਲ ਇਵੇਂ ਕੀਤੇ ਹਨ:- ੫. ਜਗਤ ਰਚਨਾ ਦਾ ਕਾਰਣ ਰੂਪ ਈਸ਼ਰ ਦੀ ਸ਼ਕਤੀ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ (ਮਾਰੂ ਸੋਹਲੇ ਮ. ੩) ਪੰਨਾ ੯੫੮, ਮਹਾਨ ਕੋਸ਼। ਮਾਇਆ ਬਾਰੇ ਗੁਰੂ ਨਾਨਕ ਜੀ ਜਪੁ ਵਿਚ ਆਪਣਾ ਮਤ ਇੰਝ ਸਪਸ਼ਟ ਕਰਦੇ ਹਨ:-


ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥(ਜਪੁ)
ਅਰਥ:- (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।


ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੇ ਫ਼ੁਰਮਾਣੁ॥ਉਹ ਵੇਖੈ ਉਨਾ ਨਦਰਿ ਨ ਆਵੈ ਬਹੁਤਾ ਏਹ ਵਿਡਾਣੁ॥(ਜਪੁ)
ਅਰਥ:- (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਇਸ ਵਿਚਾਰ ਰਾਹੀਂ ਗੁਰੂ ਨਾਨਕ ਜੀ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਤਿੰਨ ਪੁੱਤਰਾਂ ਦੀ ਜਨਨੀ ਕਹੀ ਜਾਂਦੀ ਇੱਕਲੀ ਮਾਇਆ (ਖੰਡਾ) ਦੀ ਸਿਰਜਨਾ ਕਰਨ ਵਾਲਾ ਅਕਾਲ ਪੁਰਖ ਆਪ ਹੈ ਜਿਸਦੀ ਬੇਅੰਤਨਾ ਦਾ ਭੇਦ ਮਾਇਆ ਅਤੇ ਉਸ ਦੇ ਪੁੱਤਰ ਵੀ ਨਹੀਂ ਜਾਣ ਸਕਦੇ ਕਿਉਂਕਿ ਜਗਤ ਦੀ ਕਾਰ ਚਲਾਉਂਣ ਵਾਲਾ ਉਹ ਪ੍ਰਭੂ ਆਪ ਹੀ ਹੈ।ਸਵਾਮੀ ਦਯਾਨੰਦ ਪ੍ਰਕ੍ਰਿਤਿ (ਮਾਇਆ) ਨੂੰ ਉਸਦੇ 'ਕਾਰਣ ਸਵਰੂਪ' ਵਿਚ ਅਕਾਲ ਮੰਨਦਾ ਹੈ ਪਰ ਗੁਰੂ ਨਾਨਕ ਮਾਇਆ (ਖੰਡਾ) ਨੂੰ ਸਾਜਣ ਵਾਲੇ ਅਕਾਲ ਪੁਰਖ ਨੂੰ ਹੀ ਅਕਾਲ ਅਤੇ ਅਭੇਦ ਮੰਨਦੇ ਹਨ। ਇਹ 'Nankian Monotheism' ਦਾ ਅਹਿਮ ਨੁੱਕਤਾ ਹੈ।ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ  ਆਏ ਖੰਡਾ ਸ਼ਬਦ ਦਾ ਅਰਥ ਸਪਸ਼ਟ ਰੂਪ ਵਿਚ ਪਉੜੀ ਦੇ ਸਮੁੱਚੇ ਭਾਵ ਅਨੁਸਾਰ ਖਡਗ ਕਦਾਚਿਤ ਨਹੀਂ ਨਿਕਲਦਾ।


 ਇਸ ਲਈ ਇੱਥੇ ਭਾਈ ਕਾਨ ਸਿੰਘ ਜੀ ਵਲੋਂ ਕੀਤਾ ਅਰਥ (ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ) ਠੀਕ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਗੁਰਮਤਿ ਅਨੁਸਾਰ ਪਰਮਾਤਮਾ ਹੀ ਮਾਇਆ ਰਾਹੀਂ ਸੰਸਾਰ ਨੂੰ ਸਾਜਣ ਵਾਲਾ ਹੈ।

ਮਾਇਆ ਕਾ ਮੂਲੁ ਰਚਾਇਉਨ ਤੁਰੀਆ ਸੁਖੁ ਪਾਇਆ॥੨॥(ਪੰਨਾ ੫੦੯)
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਬਤ ਖੰਡਾ ਸ਼ਬਦ ਦੀ ਵਰਤੋਂ ਇੰਝ ਹੀ ਹੋਈ ਹੈ:-


ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਈ॥ (ਗੁਰੂ ਨਾਨਕ, ਪੰਨਾ ੨)
ਪ੍ਰੋ. ਸਾਹਿਬ ਸਿੰਘ ਜੀ ਨੇ ਨਵਾਂ ਖੰਡਾ ਦੇ ਪਦਅਰਥ ਇੰਝ ਕੀਤੇ ਹਨ:-  ਨਵਾ ਖੰਡਾ ਵਿਚਿ-ਭਾਵ, ਸਾਰੀ ਸ੍ਰਿਸ਼ਟੀ ਵਿਚ

ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ॥੩॥ (ਪੰਨਾ ੧੪੧੩)
ਇੱਥੇ ਵੀ ਪ੍ਰੋ. ਸਾਹਿਬ ਸਿੰਘ ਜੀ ਨੇ ਨਵਾਂ ਖੰਡਾ ਦੇ ਪਦਅਰਥ ਇੰਝ ਕੀਤੇ ਹਨ:- ਨਵਾ ਖੰਡਾ ਵਿਚਿ—ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ ।
 
ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ 'ਖੰਡਾ' ਦਾ ਅਰਥ ਦੋਧਾਰੀ ਸ਼ਸਤਰ ਲੇਂਣਾ ਕਦਾਚਿੱਤ ਠੀਕ/ਢੁਕਵਾਂ ਨਹੀਂ ਕਹਿਆ ਜਾ ਸਕਦਾ।
ਹੁਣ ਭਗਉਤੀ ਦੀ ਵਾਰ ਦੀ ਦੂਜੀ ਪਉੜੀ ਵਿਚ ਪਰਮਾਤਮਾ ਦੀ ਮਹਾਨਤਾ ਨੂੰ ਦਰਸਾਉਂਣ ਲਈ ਵਰਤੇ ਸੰਕੇਤਕ ਦ੍ਰਿਸ਼ਟਾਂਤ ਠੀਕ ਉਹੀ ਹਨ ਜਿਵੇਂ ਕਿ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ।ਦੁਰਗਾ ਦੀ ਕਥਾ ਦਾ ਸੰਕੇਤਕ ਇਸਤੇਮਾਲ ਅਸੀਂ ਉੱਪਰ ਗੁਰਬਾਣੀ ਦੇ ਹਵਾਲੇ ਰਾਹੀਂ ਵਿਚਾਰ ਆਏ ਹਾਂ। ਬਾਕੀ ਵਰਤੇ ਗਏ ਸੰਕੇਤਕ ਦ੍ਰਿਸ਼ਟਾਂਤ ਇੰਝ ਹਨ:-


(੧)  ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਣੈ ਬੀਚਾਰ।੪॥ (੫੦੪)
ਅਰਥ:- ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ(ਆਦਿਕ ਤੱਤ)ਰਚੇ,ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।ਹੇ ਪ੍ਰਭੂ!(ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ)ਸਾਰੇ ਹੀ(ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ)ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ।(ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ।੪।


(੨)  ਪਉੜੀ॥ ਸੰਜੋਗੁ ਵਿਜੋਗੁ ਉਪਾਇਉਨੁ ਸ੍ਰਿਸਟੀ ਕਾ ਮੂਲ ਰਚਾਇਆ॥ ਹੁਕਮੀ ਸ੍ਰਿਸਟਿ ਸਾਜਿਅਨੁ ਜੋਤੀ ਜੋਤਿ ਮਿਲਾਇਆ॥ਜੋਤਿ ਹੂੰ ਸਭੁ ਚਾਨਣਾ ਸਤਿਗੁਰਿ ਸਬੁਦ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ਮਾਇਆ ਕਾ ਮੂਲੁ ਰਚਾਇਉਨ ਤੁਰੀਆ ਸੁਖੁ ਪਾਇਆ॥੨॥(ਪੰਨਾ ੫੦੯)  
ਅਰਥ:- ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।ਉਸ ਨੇ ਆਪਣੇ ਬਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ)ਜੋਤਿ ਰਲਾਈ।ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ। 


(੩)  ਪਉੜੀ॥ਅੰਸਾ ਅਉਤਾਰੁ ਉਪਾਇਉਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹਹੀ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥੧੯॥ (੫੧੬)
 ਅਰਥ:- ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੋਡ ਦਾ) ਭੇਦ ਨਾਹ ਲੱਭਾ।


(੪)  ਪਉੜੀ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪ ਸਿਆਣੀ॥ਆਪਣਾ ਚੋਜ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥੧੨॥(ਪੰਨਾ ੫੫੩)
ਅਰਥ:- ਪ੍ਰਭੂ ਆਪ ਹੀ ਦੇਵਤੇ,ਮਨੁੱਖ,(ਸ਼ਿਵ ਜੀ ਦੇ) ਗਣ,ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ,ਆਪ ਹੀ ਸ਼ਿਵ,ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ), ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ,ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮਤਿ ਵਾਲਾ ਸੁੰਦਰ ਸਰੂਪ ਵਾਲਾ ਹੈ,ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ।੧੨।


(੫) ਇਸਰੁ ਬ੍ਰਹਮਾ ਦੇਵੀ ਦੇਵਾ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ॥ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਇਦਾ॥੩॥(੧੦੩੪)
ਅਰਥ:-ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ—ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ) । ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ।੩।
(੬) ਪਉੜੀ॥ ਆਪੀਨ੍ਹਹੈ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣ ਥੰਮ੍ਹਹਾ ਗਗਨੁ ਰਹਾਇ ਸਬੁਦ ਨੀਸਾਣਿਆ॥(੧੨੭੯)
ਅਰਥ:-  (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ; (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;

ਧਿਆਨ ਦੇਂਣ ਯੋਗ ਗੱਲ ਹੈ ਕਿ ਵਾਰ ਦੀ ਦੂਜੀ ਪਉੜੀ ਵਿਚ ਵੀ " ਬਿਨੁ ਥੰਮਾ ਗਗਨ ਰਹਾਇਆ" ਅਰਥਾਰਤ ਅਕਾਸ਼ ਨੂੰ ਬਿਨਾ ਖੰਮਾਂ ਦੇ ਟਿਕਾਉਣ ਦੀ ਗਲ ਲਿਖੀ ਗਈ ਹੈ। 


(੭) ਪਉੜੀ॥ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥ਬ੍ਰਹਮੇ ਦਿਤੇ ਬੇਦ ਪੂਜਾ ਲਾਇਆ॥ਦਸ ਅਵਤਾਰੀ ਰਾਮੁ ਰਾਜਾ ਆਇਆ॥ਦੈਤਾ ਮਾਰੇ ਧਾਇ ਹੁਕਮਿ ਸਬਾਇਆ॥ਈਸ ਮਹੇਸੁਰੁ ਸੇਵ ਤਿਨ੍ਹਹੀ ਅੰਤ ਨ ਪਾਇਆ॥(੧੨੭੯)
ਅਰਥ:-  (ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ—(ਇਹ ਤਿੰਨ) ਦੇਵਤੇ ਪੈਦਾ ਕੀਤੇ । ਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ । (ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ । ਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ


ਇਸ ਵਿਸ਼ਲੇਸ਼ਣ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਵਾਰ ਦੀ ਦੂਜੀ ਪਉੜੀ ਵਿਚ ਬਿਆਨ ਪ੍ਰਸੰਗਾਂ ਦੀ ਸੰਕੇਤਕ ਵਰਤੋਂ ਠੀਕ ਉਂਝ ਹੀ ਹੈ ਜਿਵੇਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹੈ।ਅਤੇ ਇਸ ਲਈ ਵਾਰ ਦੀ ਦੂਜੀ ਪਉੜੀ ਬਾਣੀ ਤਾਂ ਕਦਾਚਿਤ ਨਹੀਂ ਪਰ ਉਸ ਵਿਚ ਕਹੀ ਗਈ ਗੱਲ ਗੁਰਮਤਿ ਦੀ ਕਸਵਟੀ ਤੇ ਪੂਰੀ ਉਤਰਦੀ ਹੈ।
ਦੂਜੀ ਪਉੜੀ ਦੇ ਪ੍ਰਕਰਣ ਅਨੁਸਾਰ 'ਪ੍ਰਿਥਮ ਭਗਉਤੀ' ਦਾ ਅਰਥ ਦੁਰਗਾ ਨਹੀਂ ਨਿਕਲਦਾ ਬਲਕਿ ਪਰਮਾਤਮਾ ਨਿਕਲਦਾ ਹੈ।ਦੂਜੀ ਪਉੜੀ ਦਾ ਲਖਾਇਕ , ਜੋ ਕਿ ਦੁਰਗਾ ਨੂੰ ਪਰਮਾਤਮਾ ਦੇ ਹੇਠ ਦਰਸਾਉਂਦੇ ਸਪਸ਼ਟ ਕਰਦਾ ਹੈ ਕਿ ਉਸ ਦੁਰਗਾ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ,ਪ੍ਰਿਥਮ ਭਗਉਤੀ ਤੋਂ ਭਾਵ ਦੁਰਗਾ ਨਹੀਂ ਬਲਕਿ ਪਰਮਾਤਮਾ ਹੀ ਲੇ ਰਿਹਾ ਹੈ।ਇਸ ਲਈ ਸਿੱਖ ਅਰਦਾਸ ਵਿਚ ਸਿੱਖਾਂ ਦਾ ਇਸ਼ਟ ਪਰਮਾਤਮਾ ਬਣਦਾ ਹੈ ਅਤੇ ਉਹ ਪ੍ਰਿਥਮ ਭਗਉਤੀ ਤੋਂ ਭਾਵਅਰਥ ਪਰਮਾਤਮਾ ਹੀ ਲੇਂਦੇ ਹਨ ਨਾ ਕਿ ਦੁਰਗਾ।ਠੀਕ ਉਂਝ ਹੀ ਜਿਵੇਂ ਕਿ ਸਿੱਖ 'ਰਾਮ' ਸ਼ਬਦ ਤੋਂ ਭਾਵ ਪਰਮਾਤਮਾ ਲੇਂਦੇ ਹਨ ਨਾ ਕਿ ਅਯੁਧਿਆ ਦਾ ਰਾਜਾ ਰਾਮ!ਹਾਂ ਕਈ ਸੱਜਣ ਅਣਜਾਣੇ ਇਸ ਤੋਂ ਭਾਵ ਤਲਵਾਰ ਵੀ ਲੇਂਦੇ ਹਨ ਜਿਵੇਂ ਕਿ ਅਕਸਰ ਕਈਂ ਬਾਣੀ ਸ਼ਬਦਾਂ ਦਾ ਸਹੀ ਅਰਥ ਉਨਾਂ੍ਹ ਨੂੰ ਪਤਾ ਨਹੀਂ ਹੁੰਦਾ।
ਕਿਸੇ ਬਾਹਰੀ ਲਿਖਤ ਅਤੇ ਉਸਦੇ ਪੰਥਕ ਇਸਤੇਮਾਲ ਬਾਰੇ ਖੋਜ/ਸੰਵਾਦ ਕਰਨਾ ਅਲਗ ਵਿਸ਼ਾ ਹੈ ਤਾਂ ਕਿ ਆਪਣੇ ਅਸਲ ਵਿਸਰਾ-ਸਾਹਿਤ  ਨੂੰ ਮਿਲਗੋਬੇ ਤੋਂ ਵੱਖਰਾ ਕੀਤਾ ਜਾ ਸਕੇ।ਪਰ ਕਿਸੇ ਦਾ ਕੋਈ ਅਧਿਕਾਰ ਨਹੀਂ ਕਿ ਉਹ ਪ੍ਰਿਥਮ ਭਗਉਤੀ ਬਾਰੇ ਬਿਨਾ ਪੰਖ ਦੇ ਭਾਵ ਨੂੰ ਸਮਝੇ ਜਬਰਦਸਤੀ ਸਿੱਖਾਂ ਨੂੰ ਦੁਰਗਾ ਦਾ ਪੁਜਾਰੀ ਘੋਸ਼ਤ ਕਰਦਾ ਰਹੇ।ਇਹ ਕੰਮ ਤਾਂ ਕੁੱਝ ਬਾਹਰੀ ਚਿੰਤਕ ਕਰਦੇ ਸੀ ਜਿਨਾਂ੍ਹ ਦਾ ਢੁੱਕਵਾਂ ਜਵਾਬ ੧੯੦੦ ਦੇ ਆਸਪਾਸ ਭਾਈ ਕਾਨ ਸਿੰਘ ਜੀ ਨਾਭਾ, ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਸਿੱਖ ਵਿਦਵਾਨਾਂ ਨੇ ਚੰਗੀ ਤਰਾਂ ਦਿੱਤਾ ਸੀ।ਪਰ ਅੱਜ ਕਲ ਆਪਣੇ ਹੀ ਇੱਕਾ-ਦੁੱਕਾ ਲੇਖਕਾਂ ਦੀ ਰੀਸੋ-ਰੀਸੀ ਕੁੱਝ ਆਪਣੇ ਹੀ ਵਿਦਵਾਨ ਸਿੱਖਾਂ ਤੇ ਦੁਰਗਾ ਪੁਜਕ ਹੋਂਣ ਦਾ ਆਰੋਪ ਲਗਾ ਰਹੇ ਹਨ।ਕੀ ਕੋਈ ਜਬਰਦਸਤੀ ਇਹ ਗਲ ਸਿੱਖਾਂ ਨੂੰ ਮੰਨਵਾ ਸਕਦਾ ਹੈ ਕਿ ਉਹ ਰਾਮ, ਕ੍ਰਿਸ਼ਨ  ਦੇ ਪੁਜਾਰੀ ਹਨ ਕਿਉਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਉਹ ਸ਼ਬਦ ਵਰਤੇ ਗਏ ਹਨ ਜੋ ਕਿ ਪੁਰਾਤਨਤਾ ਦੇ ਹਿਸਾਬ ਨਾਲ ਹਿੰਦੂ ਇਸ਼ਟਾਂ ਦੇ ਨਾਮ ਹਨ ? ਨਿਰਸੰਦੇਹ ਨਹੀਂ! ਇਹ ਤਾਂ ਸ਼ਬਦ ਨੂੰ ਸਵੀਕਾਰ/ਇਸਤੇਮਾਲ ਕਰਨ ਵਾਲੇ ਤੇ ਹੈ ਕਿ ਉਹ ਸ਼ਬਦਾਂ ਦਾ ਇਸਤੇਮਾਲ ਕਿਸ ਭਾਵ ਨਾਲ ਕਰਦਾ ਹੈ।ਗੁਰੂ ਨਾਨਕ ਜੀ ਨੇ ਵੀ ਪ੍ਰਚਲਤ ਸ਼ਬਦਾਂ ਦਾ ਇਸਤੇਮਾਲ ਆਪਣੇ ਭਾਵ ਅਨੁਸਾਰ ਕੀਤਾ ਸੀ।ਸਿੱਖਾਂ ਨੇ ਵੀ ਇਹੀ ਗੱਲ ਸਿੱਖੀ ਹੈ ਅਤੇ ਸਿੱਖਣੀ ਹੈ!
ਜੇਕਰ ਸਿੱਖ ਵਿਰਸੇ ਵਿਚ ਭੁੱਲੇਖੇ/ਮਿਲਗੋਬੇ ਹੋਂਣ ਦੀ ਥਿਯੁਰੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਇਸ ਵਿਸ਼ੇ ਬਾਰੇ ਵੀ ਪੜਚੋਲ ਜ਼ਰੂਰੀ ਹੈ ਕਿ ਕਿੱਧਰੇ ਦੁਰਗਾ ਦੀ ਵਾਰ ਵੀ ਕਿਸੇ ਭੁੱਲੇਖੇ ਜਾਂ ਮਿਲਗੋਭੇ ਦਾ ਸ਼ਿਕਾਰ ਤਾਂ ਨਹੀਂ ? ਫ਼ਿਰ ਵੀ ਕਿਸੇ ਵਿਦਵਾਨ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖਾਂ ਨੂੰ ਦੁਰਗਾ ਦਾ ਪੁਜਾਰੀ ਘੋਸ਼ਤ ਕਰਨ ਵਰਗੀ ਬਚਕਾਨੀ ਗੱਲ ਕਰਦਾ ਰਹੇ।
ਇਹ ਕੰਮ ਪੰਥ ਦਾ ਹੈ ਕਿ ਉਹ ਪ੍ਰਿਥਮ ਭਗਉਤੀ ਤੋਂ ਕੀ ਭਾਵਅਰਥ ਲੇਂਦਾ ਹੈ।ਕੋਈ ਵਿਦਵਾਨ ਆਪਣੇ ਅਰਥ ਪੰਥਕ ਭਾਵਅਰਥ ਤੇ ਨਹੀਂ ਥੋਪ ਸਕਦਾ।ਸਿੱਖਾਂ ਨੂੰ ਲਵ-ਕੁਸ਼ ਦੀ ਸੰਤਾਨ ਕਹਿਣ ਤੇ ਇਤਰਾਜ਼ ਕਰਨ ਵਾਲੇ ਸੱਜਣਾ ਨੂੰ ਆਪ ਇਤਨੀ ਸ਼ਰਮ ਨਹੀਂ ਆਉਂਦੀ ਕਿ ਉਹ 'ਪ੍ਰਿਥਮ ਭਗਉਤੀ' ਦੇ ਤਰਕ ਰਾਹੀਂ ਸਿੱਖਾਂ ਨੂੰ ਦੇਵੀ ਦਾ ਪੁਜਾਰੀ ਕਹਿੰਦੇ ਹਨ ?

ਇਕ ਗੱਲ ਇਹ ਵੀ ਪੜਨ ਨੂੰ ਮਿਲੀ ਹੈ ਕਿ ਕੁੱਝ ਸੱਜਣ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਅਤੇ ਆਖਰੀ ਪਉੜੀ ਪਾਠਕਾਂ ਦੇ ਸਾ੍ਹਮਣੇ ਪੇਸ਼ ਕਰਦੇ ਹਨ ਪਰ ਦੂਜੀ ਪਉੜੀ ਨੂੰ ਜਾਣਬੁੱਝ ਕੇ ਛੁਪਾ ਜਾਉਂਦੇ ਹਨ।ਦਾਸ ਨਾਲ ਵੀ ਦੋ ਵੀਰਾਂ ਨੇ ਇੰਝ ਹੀ ਕੀਤਾ।ਲੇਕਿਨ ਉਨਾਂ੍ਹ ਨਾਲ ਹੋਏ ਸੰਵਾਦ ਤੋਂ ਪਤਾ ਚਲਿਆ ਕਿ ਉਨਾਂ੍ਹ ਦੀ ਇਸ ਵਿਸ਼ੇ ਬਾਰੇ ਖੋਜ ਘੱਟ ਹੈ।ਉਨਾਂ੍ਹ ਦਾ ਤਰਕ ਕੇਵਲ ਇਤਨਾ ਹੀ ਹੈ ਕਿ ਸੰਵਾਦ ਨਾ ਕਰੋ ਬੱਸ ਚੁੱਪ ਕਰਕੇ ਮੰਨ ਲਵੋ ਕਿ ਅਸੀਂ ਜੋ ਕਹਿ ਰਹੇ ਹਾਂ ਠੀਕ ਹੀ ਕਹਿ ਰਹੇ ਹਾਂ।ਕੁੱਝ ਸੰਵਾਦ ਕਰਨ ਦਾ ਸੱਦਾ ਲਈ ਫ਼ਿਰਦੇ ਹਨ ਪਰ ਸ਼ਰਤ ਇਹ ਰੱਖਦੇ ਹਨ ਕਿ ਨਾ ਤਾਂ ਸੋਚੋ, ਨਾ ਤਾਂ ਬੋਲੋ, ਨਾ ਤਾਂ ਲਿਖੋ ਪਰ ਸੰਵਾਦ ਬੇਸ਼ੱਕ ਕਰ ਲਵੋ। ਪਤਾ ਨਹੀਂ ਇਹ ਕਿਹੜਾ ਨਵਾਂ ਢੰਗ ਹੈ ਸੰਵਾਦ ਦਾ ? ਇਹ ਤਾਂ ਆਪਣੀ ਲੋਰੀਆਂ ਸੁਣਾ ਕੇ ਬੱਚਿਆਂ ਨੂੰ ਸੁਲਾਉਣ ਦਾ ਢੰਗ ਹੈ ਜਾਗਰੂਕਤਾ ਨਹੀਂ ! ਕੀ ੩੦੦ ਸਾਲਾਂ ਬਾਦ ਪੇਸ਼ ਕੀਤੀਆਂ ਜਾ ਰਹਿਆਂ ਕੱਚਿਆਂ ਗੱਲਾਂ ਨੂੰ  ਸਿੱਖ ਬਿਨਾ ਵਿਚਾਰੇ ਨਤਮਸਤਕ ਸਵੀਕਾਰ ਕਰ ਲੇਂਣ ਉਹ ਵੀ ਇਹ ਸਮਝ ਕੇ ਕਿ ਪਹਿਲਾਂ ਸਾਰੇ ਪੰਥਕ ਵਿਦਵਾਨ/ਸਿੱਖ ਮੁਰਖਾਂ ਦਾ ਟੋਲਾ ਹੀ ਸਨ ? ਕੀ ਉਹ ਹਰ ਥਾਂ ਮੁਰਖ ਸਨ ਅਤੇ ਅਸੀਂ ਹਰ ਥਾਂ ਸਿਆਣੇ ਹਾਂ ?
ਨਵੇਂ ਵਿਚਾਰ ਪੇਸ਼ ਕਰਨ ਵਾਲੇ ਸੱਜਣਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਉਹ ਹਨ ਜੋ ਨਵੇਂ ਨਿਰਨੇ ਲੇ ਕੇ ਸਾ੍ਹਮਣੇ ਆਏ ਹਨ ਇਸ ਲਈ ਸਵਾਲ ਵੀ ਉਨਾਂ੍ਹ ਤੋਂ ਹੀ ਪੁੱਛੇ ਜਾਂਣਗੇ ਜਿਨਾਂ੍ਹ ਦਾ ਜਵਾਬ ਦੇਂਣਾ ਉਨਾਂ੍ਹ ਦਾ ਹੀ ਜਿੰਮੇਵਾਰੀ ਬਣਦੀ ਹੈ ਤਾਂ ਕਿ ਬਾਕੀ ਸੱਜਣ ਵੀ ਉਨਾਂ੍ਹ ਦੀਆਂ ਨਵੀਂਆਂ ਖੋਜਾਂ ਬਾਰੇ ਇਹ ਨਿਰਨਾ ਲੇ ਸਕਣ ਕਿ ਉਹ ਖੋਜਾਂ/ਵਿਚਾਰ ਸਹੀ ਹਨ ਜਾਂ ਗਲਤ ?? ਸੰਧਰਭ ਜੇਕਰ ਪੰਥਕ ਹੈ ਤਾਂ ਨਵੇਂ ਵਿਚਾਰਾਂ ਦੀ ਸੱਚਾਈ ਦੀ ਪੜਚੋਲ ਜ਼ਰੂਰੀ ਹੈ।ਇਸ ਪੜਚੋਲ ਤੇ ਕਿਸੇ ਸੱਜਣ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਨਵੇਂ ਦਾ ਅਰਥ ਨਵਾਂ ਤਾਂ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਨਵੀਂ ਗੱਲ ਸਹੀ ਵੀ ਹੋਵੇ!
ਇਸ ਵਿੱਚ ਰੱਤਾ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ ਨੇ ਮਨੁੱਖਤਾ ਦੇ ਸੰਸਾਰ ਨੂੰ ਰੋਸ਼ਨ ਕਰਦਾ ਆਪਣਾ ਮਤ ਪੇਸ਼ ਕੀਤਾ ਸੀ ਜਿਸ ਤੇ ਚਲਣ ਦਾ ਜਤਨ ਕਰਨਾ ਹਰ ਸਿੱਖ ਦਾ ਫ਼ਰਜ਼ ਹੈ। ਪਰ ਗੁਰੂ ਨਾਨਕ ਦੀ ਰੀਸ ਦਾ ਮਤਲਭ ਗੁਰੂ ਨਾਨਕ ਦੇ ਮਤ ਤੋਂ ਸਿੱਖਣਾ ਹੈ ਨਾ ਕਿ ਗੁਰੂ ਨਾਨਕ ਦੇ ਨਾਮ ਤੇ, ਗੁਰੂ ਨਾਨਕ ਦੇ ਮਤ ਤੋਂ ਵੱਖਰਾ, ਆਪਣਾ ਮਤ ਤਿਆਰ ਕਰਨਾ।
ਹਰਦੇਵ ਸਿੰਘ, ਜੰਮੂ

Saturday, 26 November 2011






‘1900 ਦੀ ਪੁਨਰਜਾਗਰਨ ਲਹਿਰ’
ਹਰਦੇਵ ਸਿੰਘ, ਜੰਮੂ



ਸਮੇਂ ਦਾ ਚੱਕਰ ਵਚਿੱਤਰ ਹੁੰਦਾ ਹੈ। ਮਜ਼ਬੂਤ ਵਿਵਸਥਾਵਾਂ ਕਾਲ ਦੇ ਨਾਲ ਉਸਰਦਿਆਂ ਬਿਖਰ ਵੀ ਜਾਂਦਿਆਂ ਹਨ। ਆਖਰ ਕਾਲ ਦੀ ਕਲਮ ਹੁਕਮ ਦੇ ਹੱਥ ਵਿੱਚ ਹੀ ਹੁੰਦੀ ਹੈ! ਸੋਚਣ ਨੂੰ ਸਮਾਂ ਪਿੱਛੇ ਤੋਂ ਅੱਗੇ ਦੀ ਤੁਰਦਾ ਨਜ਼ਰ ਆਉਂਦਾ ਹੈ ਪਰ ਇਸ ਦੇ ਅੰਦਰ ਦਾ ਘੱਟਨਾਕ੍ਰਮ ਕਈ ਵਾਰ ਇੱਕ ਚੱਕਰ ਵਿੱਚ ਘੁੱਮਦਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਅਸੀਂ ਇਤਹਾਸ ਦਾ ਦੁਹਰਾਵ ਵੀ ਕਹਿੰਦੇ ਹਾਂ। ਚੰਗਾ ਅਤੇ ਮਾੜਾ ( Positivity & Negativity) ਇੱਕਠੇ ਤੁਰਦੇ ਹਨ ਆਪਣੇ ਆਪ ਨੂੰ ਦੁਹਰਾਉਂਦੇ ਹੋਏ। ਆਦਰਸ਼ ਵਿਵਸਥਾ ਵਿਵਹਾਰ ਵਿੱਚ ਇੱਕ ਸੱਚਾਈ ਦਾ ਰੂਪ ਧਾਰਨ ਨਹੀਂ ਕਰ ਪਾਉਂਦੀ। ਇਹੀ ਮਨੁੱਖਤਾ ਦੇ ਭਲੇ ਦਾ ਸੰਘਰਸ਼ ਹੈ ਜਿਸ ਲਈ ‘ਸਰਵਕਾਲਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ` ਸਹਾਈ ਹਨ!

ਗੁਰੂ ਨਾਨਕ ਤੋਂ ਗੁਰੂ ਹੋਬਿਂਦ ਸਿੰਘ ਜੀ ਤਕ ਇੱਕ ਮਜ਼ਬੂਤ ਕੋਮੀ ਵਿਵਸਥਾ ਵੇਖਣ ਨੂੰ ਮਿਲਦੀ ਹੈ। ਕਾਲ ਦੀ ਕਲਮ ਹੁਕਮ ਦੇ ਹੱਥਾਂ ਵਿੱਚ ਹੈ ਨਾ ਕਿ ਕਿਸੇ ਛੁਮੰਤਰ ਦੇ ਹੱਥ ਕਿ ਸਮਾਂ ਹਮੇਸ਼ਾ ਲਈ ਇੱਕ ਜੈਸਾ ਹੀ ਹੋ ਕੇ ਰੁੱਕ ਜਾਏ। ਸਮਾਂ ਵਾਪਰਦਾ ਹੈ, ਚਿਹਰੇ ਬਦਲਦੇ ਹਨ, ਵਿਵਸਥਾਵਾਂ ਵਿੱਚ ਕੋਤਾਹੀਆਂ ਵੀ ਹੁੰਦੀਆਂ ਹਨ ਅਤੇ ਪੁਨਰਸਥਾਪਨਾ ਲਈ ਯਤਨ ਵੀ ਕੀਤੇ ਜਾਂਦੇ ਹਨ। 1900 ਦੇ ਆਸਪਾਸ  ਦੇ ਦਹਾਕਿਆਂ ਵਿੱਚ ਆਰੰਭ ਹੋਇਆ ਪੁਨਰਜਾਗਰਨ ਦਾ ਸੰਘਰਸ਼ ਵਿਲੱਖਣ ਸੀ।
ਸੁਧਾਰਾਂ ਦੀ ਗੱਲ ਹੋਈ ਅਤੇ ਸੁਧਾਰ ਹੋਏ! ਲੇਕਿਨ ਫ਼ਿਰ ਵੀ ਆਦਰਸ਼ ਵਿਵਸਥਾ ਦੀ ਸਥਾਪਨਾ ਨਹੀਂ ਹੋਈ। ਕਾਲ ਦੇ ਚੱਕਰ ਵਿੱਚ ਸੰਘਰਸ਼ ਕਰਨ ਵਾਲੇ ਵੀ ਅਧਾਰ ਛੱਡ ਚਲੇ ਗਏ। ਵੈਸੇ ਵੀ ਕਿਸੇ ਆਦਰਸ਼ ਦੀ 100% ਸਥਾਪਨਾ ਹੁੰਦੀ ਵੀ ਨਹੀਂ ਇਸ ਲਈ ਕਿਸੇ ਥਾਂ ਕਿਸੇ ਚੀਜ਼ ਦੇ ਲਾਗੂ ਨਾ ਹੋ ਪਾਉਂਣ ਦਾ ਠੀਕਰਾ ਉਨ੍ਹਾਂ ਦੇ ਸਿਰ ਤੋੜਨਾ ਵਾਜਬ ਨਹੀਂ। ਫ਼ਿਰ ਜੇ ਕੋਈ ਸਹੀ ਚੀਜ਼ ਨੂੰ ਵੀ ਗਲਤ ਢੰਗ ਨਾਲ ਸਮਝ ਲੇਵੇ ਤਾਂ ਕਿਸੇ ਦਾ ਕੀ ਜੋਰ? ਖ਼ੈਰ ਚੁਂਕਿ ਸੰਘਰਸ਼ ਗਤੀਸ਼ੀਲ ਰਹਿੰਦਾ ਹੈ ਇਸ ਲਈ ਅੱਜ ਵੀ ‘ਕੀ ਹੋਣਾ ਚਾਹੀਦਾ ਹੈ` ਵਰਗੇ ਸੁਭਾਵਕ ਸਵਾਲ ਚਿੱਤਨ ਵਿੱਚ ਉਭਰਦੇ ਰਹਿੰਦੇ ਹਨ।
ਅੱਜ ਗੱਲ ਕਰਨੀ ਸੋਖੀ ਹੈ। ਕੀ ਬੋਰਡ` ਦੇ ਇੱਕ ਬਟਨ ਨੂੰ ਦਬਾਉਂਦੇ ਗੱਲ ਮੁਹੱਲੇ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਪਹੁੰਚ ਜਾਂਦੀ ਹੈ। ਇਵੇਂ ਹੀ ਮੀਲਾਂ ਦੀ ਯਾਤਰਾ ਕਰਨ ਬਗ਼ੈਰ ਹੀ ਬਹੁਤ ਕੁੱਝ ਇੱਕ ਟੇਬਲ ਤੇ ਹੀ ਉੱਪਲੱਬਦ ਹੈ। ਨਾ ਕਲਮ ਦੀ ਲੋੜ, ਨਾ ਦਵਾਤ ਦੀ ਅਤੇ ਨਾ ਕਾਗ਼ਜ਼ ਦੀ! ਪਰ ਧਿਆਨ ਦੇਂਣ ਵਾਲੀ ਗੱਲ ਹੈ ਕਿ ਉਸ ਪੁਨਰਜਾਗਰਨ ਦੇ ਸਾਥੀਆਂ ਨੇ ਕਿਵੇਂ ਅਤੇ ਕਿਸ ਭਾਵਨਾ ਹੇਠ ਗੁਰਮਤਿ ਦੀ ਗੱਲਾਂ ਕੀਤੀਆਂ ਸਨ? ਕਿੰਝ ਪੜਿਆ ਸੀ, ਕਿੰਝ ਲਿਖਿਆ ਸੀ ਕਿੰਝ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਸੀ ? ਉਹ ਕਿਹੜੇ ਆਮ ਲੋਗ ਸਨ ਜੋ ਗੁਰਮਤਿ ਦੀ ਗੱਲਾਂ ਸੁਣ ਕੇ ਲਹਿਰਾਂ ਬਣੇ ਸੀ ? ਅਪਵਾਦ ਤਾਂ ਹੁੰਦੇ ਹੀ ਹਨ ਪਰ ਨਿਰਸੰਦੇਹ ਉਹ ਸੁਹਿਰਦਤਾ ਨਾਲ ਗੁਰਮਤਿ ਪ੍ਰਤੀ ਪ੍ਰਤੀਬੱਧ ਲੋਗ ਸਨ ਅਤੇ ਕਈ ਪੱਖੋਂ ਕਾਮਯਾਬ ਵੀ। ਮਿਲ ਬੈਠਣ ਦਾ ਸਲੀਕਾ ਸੀ। ਪੱਲੇ ਬੰਨਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਗੁਰੂਆਂ ਪ੍ਰਤੀ ਲੋਗਾਂ ਦੇ ਵਿਸ਼ਵਾਸ/ਸਤਿਕਾਰ ਵਿੱਚੋਂ ਦੀ ਪੁਨਰਜਾਗਰਣ ਦਾ ਮਾਰਗ ਲੱਭਿਆ ਸੀ ਨਾ ਕਿ ਉਸ ਵਿਸ਼ਵਾਸ/ਸਤਿਕਾਰ ਨੂੰ ਤੋੜ ਕੇ। ਇਸੇ ਕਾਰਨ ਲੋਗ ਉਸ ਲਹਿਰ ਨਾਲ ਜੁੜੇ ਸੀ। ਇਹੀ ਪੁਨਰਜਾਗਰਣ ਦੀ ਸਫ਼ਲਤਾ ਦਾ ਮੁੱਖ ਕਾਰਨ ਸੀ। ਉਨ੍ਹਾਂ ਉਹ ਮੁੱਧੇ ਨਹੀਂ ਸੀ ਚੁੱਕੇ ਜਿਹੜੇ ਸਿੱਖਾਂ ਵਾਸਤੇ ਮੁੱਧੇ ਹੈ ਹੀ ਨਹੀਂ ਸੀ।
ਪਰ ਉਨ੍ਹਾਂ ਦੀ ਵੱਡਮੁੱਲੀ ਘਾਲਣਾ ਪ੍ਰਤੀ ਕੁੱਝ ਜਾਗਰੂਕ, ਉੱਚੀ ਆਵਾਜ਼ ਵਿੱਚ ਉਨ੍ਹਾਂ ਲਈ ਸਾਜਸ਼ਕਰਤਾ, ਸਮਝੋਤਾਵਾਦੀ ਅਗਿਆਨੀ, ਵਿਕਾਉ ਅਦਿ ਪ੍ਰਚਾਰ ਦੇ ਪੁੱਲ ਬੰਨਦੇ ਹਨ। ਅਗਰ ਸਾਰੇ ਵਿਸ਼ਵਾਸ ਕਰ ਲੇਣ ਕਿ ਉਹ ਤਮਾਮ ਲੋਗ ਐਸੇ ਹੀ ਸਨ ਤਾਂ ਕਿਸੇ ਨੂੰ ਇਹ ਵਿਸ਼ਵਾਸ ਕਿੱਥੋਂ ਆਏਗਾ ਕਿ ਅਸੀਂ ਵੈਸੇ ਨਹੀਂ ਹਾਂ ? ਭਾਵਨਾ ਦੀ ਸੁਹਿਰਦਤਾ ਵੱਡਮੁੱਲੀ ਹੁੰਦੀ ਹੈ ਪਰ ਉਸਦਾ ਪ੍ਰਗਟਾਵਾ ਵੀ ਕੋਈ ਫ਼ਿਜੂਲ ਗੱਲ ਨਹੀਂ ਹੁੰਦਾ। ਸਿੱਖ ਗੁਰੂਆਂ (ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤਕ) ਨੂੰ ਅਤੇ ਉਨ੍ਹਾਂ ਵਲੋਂ ਉਸਾਰੇ ਸੰਸਥਾਨਾਂ ਨੂੰ ਸਤਿਕਾਰ ਨਾਲ ਵੇਖਦੇ ਹਨ। ਅਸੀਂ ਉਸ ਸਤਿਕਾਰ ਨੂੰ ਤੋੜ, ਉਸ ਤੇ ਕਿੰਤੂ ਕਰਦੇ ਹੋਏ, ਲੋਕਾਂ ਦੇ ਸਮਰਥਨ ਦੀ ਆਸ ਕਿਵੇਂ ਕਰ ਸਕਦੇ ਹਾਂ? 1900 ਦੀ ਪੁਨਰਲਹਿਰ ਨੂੰ ਸਿਰਜਣ ਵਾਲਿਆਂ ਨੇ ਐਸਾ ਨਹੀਂ ਸੀ ਕੀਤਾ।
ਕਿੱਧਰੇ ਦੱਬੀ ਜ਼ੁਬਾਨ ਵਿੱਚ, ਬੇਦਿਲ ਜਿਹੀ ਤਾਰੀਫ਼ ਕੀਤੀ ਜਾਂਦੀ ਹੈ ਤਾਂ ਸਿਰਫ਼ ਆਪਣੇ ਚਿੱਤਨ ਦੀ ਇੱਜ਼ਤ ਬਚਾਉਂਣ ਲਈ। ਇਹ ਗੱਲ ਇੱਕ ਖਾਨਾਪੁਰਤੀ ਪ੍ਰਤੀਤ ਹੁੰਦੀ ਹੈ। ਜਿਹੜੇ ਆਪਣੇ ਉਸ ਸ਼ਾਨਦਾਰ ਵਿਰਸੇ ਦਾ ਲੋੜੀਂਦਾ ਸਤਿਕਾਰ ਨਹੀਂ ਕਰ ਸਕਦੇ ਉਹ ਨਵ-ਜਾਗਰੂਕਤਾ ਦੇ ਮੂਲ ਤੇ ਹੀ ਪ੍ਰਸ਼ਨ ਚਿੱਨ ਖੜਾ ਕਰਦੇ ਆਪ ਵੀ ਉਸ ਪ੍ਰਸ਼ਨ ਚਿੰਨ ਦੇ ਸ਼ਿਕਾਰ ਹੋ ਰਹੇ ਹਨ। ਜੇ ਉਹ ਸਾਰੇ ਗੁਰਮਤਿ ਅਨੁਸਾਰੀ ਠੀਕ ਨਹੀਂ ਸੀ ਤਾਂ ਕੋਈ ਅੱਜ ਕਿਵੇਂ ਠੀਕ ਸਮਝਿਆ ਜਾਏ ? ਇਸ ਤੇ ਵਿਚਾਰ ਦੀ ਲੋੜ ਹੈ।
ਇਹ ਗੱਲ ਵੱਖਰੀ ਹੈ ਕਿ ਕੋਈ ਕੌਮ ਕਾਲਾਂਤਰ ਚੰਗੇ ਸੰਸਥਾਨਾਂ/ਪ੍ਰਾਪਤੀਆਂ ਅਤੇ ਉਨ੍ਹਾਂ ਪ੍ਰਤੀ ਆਪਣੀ ਜਿੰਮੇਵਾਰੀ ਵਿੱਚ ਕਿੰਨੀ ਸੁਚੇਤ-ਅਚੇਤ ਰਹਿੰਦੀ ਹੈ। ਸੰਪੁਰਣਤਾ ਤਾ ਗੁਰੂ/ਪਰਮਾਤਮਾ ਦੀ ਗੱਲ ਹੈ ਪਰ ਨਿਰਸੰਦੇਹ ੧੯੦੦ ਦੇ ਆਰੰਬਕ ਦਹਾਕਿਆਂ ਦੇ ਜਾਗਰੂਕਾਂ ਨੇ ਕਈ ਮਹੱਤਵਪੁਰਣ ਉੱਪਲੱਬਦਿਆਂ ਪ੍ਰਾਪਤ ਕੀਤੀਆਂ ਸਨ। ਘੱਟ ਵਿਸੀਲੇ ਹੋਂਣ ਦੇ ਬਾ-ਵਜੂਦ ਨਿਰਸੰਦੇਹ ਉਹ ਸਾਡੇ ਕੋਲੋਂ ਕਈ ਪੱਖੋਂ ਜ਼ਿਆਦਾ ਪ੍ਰਤੀਬੱਧ, ਸਿਆਣੇ ਅਤੇ ਦੂਰਅੰਦੇਸ਼ ਵੀ ਸੀ।
ਸਾਨੂੰ ਮਾੜੇ ਰਸਤੇ ਬਨਾਉਂਣ ਦੇ ਬਜਾਏ ਚੰਗੇ ਰਸਤਿਆਂ ਤੇ ਚਲਣ ਦਾ ਢੰਗ ਸਿੱਖਣ ਬਾਰੇ ਸੋਚਣਾ ਚਾਹੀਦਾ ਹੈ। 1900 ਦੇ ਆਸਪਾਸ  ਦੀ ਪੁਨਰਜਾਗਰਣ ਲਹਿਰ ਅਜੇ ਸਮਾਪਤ ਨਹੀਂ ਹੋਈ ਸਮਝੀ ਜਾਣੀ ਚਾਹੀਦੀ। ਅੱਜੇ ਉਸ ਦਿਆਂ ਪ੍ਰਾਪਤੀਆਂ ਦੇ ਚੰਗੇ ਪੱਖਾਂ ਦੀ ਸਥਾਪਨਾ ਦਾ ਉਪਰਾਲਾ ਬਾਕੀ ਹੈ। ਉਸ ਲਹਿਰ ਦਾ ਸਤਿਕਾਰ ਵੀ ਭਵਿੱਖ ਦੇ ਉਪਰਾਲਿਆਂ ਦਾ ਭਵਿੱਖ ਤੈਅ ਕਰੇਗਾ।
ਅੱਜ ਲੋੜ ਹੈ ਕਿ ਪੁਨਰਜਾਗਰਣ ਦੀ ਉਸ ਸਫ਼ਲ ਲਹਿਰ ਨੂੰ ਅੱਗੇ ਤੋਰਨ ਬਾਰੇ ਵੀ ਸੋਚਿਆ ਜਾਏ ਜੋ ਵਿਲੱਖਣ ਹੈ ਅਤੇ ਜਿਸ ਦਾ ਸਤਿਕਾਰ ਆਮ ਜਾਣਕਾਰ ਬੰਦਾ ਕਰਦਾ ਹੈ। ਉਸ ਲਹਿਰ ਦਿਆਂ ਪ੍ਰਾਪਤੀਆਂ ਦੇ ਚੰਗੇ ਪੱਖਾਂ ਦੀ ਸਥਾਪਨਾ ਦੀ ਜੁਗਤ ਨਾਲ ਉਸ ਵਿਸ਼ਵਾਸ ਅਤੇ ਟਿਕਾਵ ਦੇ ਮਾਹੋਲ ਦੀ ਸਿਰਜਨਾ ਹੋ ਸਕਦੀ ਹੈ ਜਿਸ ਰਾਹੀਂ ਅਸੀਂ ਹੋਰ ਵਾਜਬ ਸੁਧਾਰਾਂ ਬਾਰੇ ਗੱਲ ਕਰ ਸਕਦੇ ਹਾਂ। ਇਹ ਵੱਡੀ ਕਮੀ ਹੈ  ਕਿ ਅਸੀਂ ਉਸ  ਲਹਿਰ  ਦਾ ਮੁੱਲਾਂਕਨ ਅੱਜ ਕੁੱਝ ਬੰਦਿਆਂ ਦੇ ਵਿਵਹਾਰ ਤੋਂ ਹੱਟ ਕੇ ਨਹੀਂ ਕਰ ਪਾ ਰਹੇ।
ਜੇਕਰ ਕਿਸੇ ਥਾਂ ਉਗਰ ਭਾਵਨਾਵਾਂ ਦੇ ਪ੍ਰਗਟਾਵੇ ਨੂੰ ਬੇਬਸੀ ਮੰਨ ਵੀ ਲਿਆ ਜਾਏ ਤਾਂ ਕੀ ਇਸਦਾ ਅਰਥ ਇਹ ਹੈ ਕਿ ਕਿੱਧਰੇ ਇਕਾਗਰਤਾ ਹੋਣੀ ਹੀ ਨਹੀਂ ਚਾਹੀਦੀ? ਜੇਕਰ ਕਿੱਧਰੇ ਕਾਹਲੀ ਨੂੰ ਜ਼ਰੂਰੀ ਮੰਨ ਵੀ ਲਿਆ ਜਾਏ ਤਾਂ ਕੀ ਇਸਦਾ ਅਰਥ ਇਹ ਹੈ ਕਿ ਕਿੱਧਰੇ ਸਬਰ ਹੋਣਾ ਹੀ ਨਹੀਂ ਚਾਹੀਦਾ?
ਅਸੀਂ ਵਾਜਬ ਵਿਸ਼ਵਾਸ ਨੂੰ ਕਾਈਮ ਰਹਿਣ ਦੇਣ ਬਾਰੇ ਵੀ ਸੋਚੀਏ। ਜੇਕਰ ਹਰ ਥਾਂ ਵਿਸ਼ਵਾਸ ਨੂੰ ਤੋੜ ਦਿਆਂਗੇ ਤਾਂ ਬਹਾਲ ਕਿਸ ਨੂੰ ਕਰਾਂਗੇ? ਹਰ ਥਾਂ ਅਵਿਸ਼ਵਾਸ ਖੜਾ ਕਰਨ ਨਾਲ ਅਸੀਂ ਆਪਣੇ ਆਲੇ ਦੂਆਲੇ ਵੀ ਸ਼ੱਕ ਦਾ ਦਾਈਰਾ ਖਿੱਚਦੇ ਜਾ ਰਹੇ ਹਾਂ। ਨਿਤ ਨਵੇਂ ਭੁੱਲੇਖਿਆਂ ਦੇ ਬੀਜ ਬੋਏ ਜਾ ਰਹੇ ਹਨ। ਚਿੱਤਨ ਦੀ ਇਸ ‘ਅਤਿ` ਕਾਰਨ ਵਾਜਬ ਗੱਲਾ ਵੀ ਪ੍ਰਭਾਵ ਗੁਆ ਰਹਿਆਂ ਹਨ। ਆਮ ਬੰਦੇ ਦੀ ਗੱਲ ਤਾਂ ਬਾਦ ਵਿੱਚ ਇਸ ਕਾਰਨ ਕਈ ਜਾਗਰੂਕ ਧਿਰਾਂ ਵੀ ਮਾਯੂਸ ਹਨ। ਕੇਵਲ ‘ਗੁਰੂ ਦੀ ਗੱਲ ਕਰਦੇ ਹਾਂ ਦਾ ਦਾਵਾ` ਮਾਨੋ ਇੱਕ ਲਾਈਸੇਂਸ ਬਣ ਗਿਆ ਹੈ ਹਰ ਭਰੋਸੇ ਨੂੰ ਤੋਣਨ ਦਾ। ਕਿੱਧਰੇ ਕਿਸੇ ਕਮੀ-ਪੇਸ਼ੀ ਦੇ ਤਰਕ ਨਾਲ ਕਿਸੇ ਸਹੀ ਭਰੋਸੇ/ਸਤਿਕਾਰ ਦਾ ਵੀ ਲਿਹਾਜ ਨਹੀ।
ਗੁਰੂ ਦੇ ਨਾਮ ਤੇ ਗੁਰੂਘਰ ਪ੍ਰਤੀ ਕਾਯਮ ਵਾਜਬ ਭਰੋਸਿਆਂ ਨੂੰ ਤੋੜਨਾ ਠੀਕ ਨਹੀਂ। ਦਸ ਗੁਰੂ ਸਾਹਿਬਾਨ, ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਪਰਿਸਰ (ਅਕਾਲ ਤਖਤ ਦੀ ਧਾਰਨਾ ਸਮੇਤ) ਦੇ ਸਤਿਕਾਰ ਨੂੰ ਠੇਸ ਪਹੁੰਚਾਉਂਦੀ ਕੋਈ ਵੀ ਮੀਟਿੰਗ ਕਦੇ ਲਹਿਰ ਦਾ ਰੂਪ ਧਾਰਨ ਨਹੀਂ ਕਰ ਸਕਦੀ ਭਾਵੇਂ ਉਸ ਵਿੱਚ ਗੁਰਮਤਿ ਦੀ ਕਿੰਨੀ ਵੀ ਦੁਹਾਈ ਕਿੳਂ ਨਾ ਦਿੱਤੀ ਜਾਏ।

ਇਹ ਠੀਕ ਹੈ ਕਿ ਸਮੇਂ ਦੇ ਚੱਕਰ ਵਿੱਚ 1900 ਦੀ ਪੁਨਰਜਾਗਰਣ ਲਹਿਰ  ਨਰਮ ਵੀ ਪਈ ਹੈ ਪਰ ਇਹ ਖਤਮ ਅਤੇ ਅਪ੍ਰਸੰਗਕ (Irrelevant) ਹੋਈ ਨਹੀਂ ਸਮਝੀ ਜਾਣੀ ਚਾਹੀਦੀ। ਇਹ ਸਾਡਾ ਸਾਂਝਾ ਵਿਰਸਾ ਹੈ ਜਿਸ ਵਿੱਚ ਉਸਾਰੂ ਸਾਂਝ ਅਤੇ ਸਫ਼ਲਤਾ ਦਿਆਂ ਸੰਭਾਵਨਾਵਾਂ ਜ਼ਿਆਦਾ ਮਜ਼ਬੂਤ ਨਜ਼ਰ ਆਉਂਦਿਆਂ ਹਨ ਜਿਨ੍ਹਾਂ ਬਾਰੇ ਵਿਚਾਰ ਕਰਨ ਦੀ ਲੋੜ ਹੈ। ਇਸ ਵਿੱਚ ਕਈ ਸਬਕ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਹੋਰ ਹੋਣ ਵਾਲੇ ਉਪਰਾਲਿਆਂ ਲਈ ਵੀ ਲਾਹੇਵੰਦ ਹੈ  

ਹਰਦੇਵ ਸਿੰਘ, ਜੰਮੂ
 

Monday, 21 November 2011

‘ਤੱਤ ਗੁ: ਪਰਿਵਾਰ ਵਲੋਂ ਆਏ ਸਪਸ਼ਟੀਕਰਨ ਬਾਰੇ`

ਹਰਦੇਵ ਸਿੰਘ, ਜੰਮੂ

ਪਰਿਵਾਰ ਵਲੋਂ ਆਪਣੇ ਲਈ ਤਲਾਸ਼ੀ ਜਾ ਰਹੀ ਜੀਵਨ ਜਾਚ ਬਾਰੇ ਸਪਸ਼ਟੀਕਰਨ ਦਾ ਸਿਰਲੇਖ ਹੁਣ ਸਿੱਖ ਰਹਿਤ ਮਰਿਆਦਾ` ਸੁਧਾਰ ਉਪਰਾਲੇ ਬਾਰੇ ਕੁੱਝ ਸਪਸ਼ਟੀਕਰਨ” (21.11.2011) ਕਰਕੇ ਆਇਆ ਹੈ। ਪਰ ਇਸ ਸਪਸ਼ਟੀਕਰਨ ਵਿੱਚ ਇਹ ਫ਼ਿਰ ਵੀ ਸਪਸ਼ਟ ਨਹੀਂ ਹੋ ਰਿਹਾ ਕਿ ਪਰਿਵਾਰ ਨੇ ਆਪਣੀ ਜੀਵਨ ਜਾਚ ਲਈ ਸੁਝਾਵ ਮੰਗੇ ਹਨ ਜਾਂ ‘ਸਿੱਖ ਰਹਿਤ ਮਰਿਆਦਾ ੧੯੪੫ ਬਾਰੇ? ਜੇ ਕਰ ਸੁਝਾਵ ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ ਮੰਗੇ ਗਏ ਹਨ ਤਾਂ ਹੁਣ ਇਸ ਨਵੇਂ ਸਿਰਲੇਖ ਦਾ ਕੀ ਮਤਲਭ ਹੈ? ਇਸ ਸਿਰਲੇਖ ਨੇ ਹੋਰ ਦੁਬਿਦਾ ਖੜੀ ਕੀਤੀ ਹੈ ਕਿਉਂਕਿ ਅੰਦਰ ਤਾਂ ਆਖਰਕਾਰ ਫ਼ਿਰ ਪਰਿਵਾਰ ਲਈ ‘ਗੁਰਮਤਿ ਜੀਵਨ ਜਾਚ` ਦੀ ਗੱਲ ਕੀਤੀ ਗਈ ਹੈ ਨਾ ਕਿ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੀ।
ਸੰਪਾਦਕੀ ਮੰਡਲ ਨੂੰ ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ ਕਿ ਉਹ ਕਰ ਕੀ ਰਹੇ ਹਨ? ਪਰਿਵਾਰ ਨੇ ਆਪਣੀ ਪਹਿਲੀ ਪੁਸਤਕ ਵਿੱਚ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਬਾਰੇ ਸੁਜਾਵ ਦਿੱਤੇ ਸਨ ਪਰ ਹੁਣ ਉਹ ਉਸ ਲਾਈਨ ਤੋਂ ਹੱਟ ਕੇ ਇੱਕ ਐਸੇ ਖਰੜੇ ਤੇ ਆਪ ਮੁਨਸਿਫ਼ (ਜੱਜ) ਬਣ ਸੁਜਾਵ ਮੰਗ ਰਹੇ ਹਨ ਜੋ ਕਿ ਸਿੱਖ ਰਹਿਤ ਮਰਿਆਦਾ ੧੯੪੫ ਲਈ ਨਹੀਂ ਹੈ ਬਲਕਿ ਪਰਿਵਾਰ ਦੇ ਨਿਜੀ ਜੀਵਨ ਜਾਚ ਬਾਰੇ ਹੈ। ਇਸ ਉਪਰਾਲੇ ਵਿੱਚ ਫ਼ੈਸਲੇ ਦੀ ਲਗਾਮ ਨੂੰ ਵੀ ਉਨ੍ਹਾਂ ਇਸੇ ਲਈ ਆਪਣੇ ਹੱਥ ਰੱਖਿਆ ਹੈ ਕਿਉਂਕਿ ਇਹ ਇੱਕ ਨਿਜੀ ਮਸਲਾ ਹੈ ਪੰਥਕ ਨਹੀਂ। ਇਹ ਉਨ੍ਹਾਂ ਦੀ ਨਿਜੀ ਪਸੰਦ ਹੋ ਸਕਦੀ ਹੈ ਪਰ ਇਸ ਸੂਰਤ ਵਿੱਚ ਪਰਿਵਾਰ ਆਪਣੀ ਨਿਜੀ ਜੀਵਨ ਜਾਚ ਦੀ ਤਲਾਸ਼ ਨੂੰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰਾਂ ਦੀ ਲੋੜ ਨਾਲ ਕਿਵੇਂ ਜੋੜ ਰਿਹਾ ਹੈ?
 ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਦੁਬਿਦਾ ਦੂਰ ਕਰਨ ਅਤੇ ਸਪਸ਼ਟ ਸ਼ਬਦਾ ਵਿੱਚ ਕਰਨ। ਇਹ ਸਪਸ਼ਟ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਉਨ੍ਹਾਂ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਹੈ ਜਾਂ ਨਹੀਂ    ਉਨ੍ਹਾ ਨੂੰ ਇਸ ਅਹਿਮ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਸੋਖਾ ਜਿਹਾ ਉੱਤਰ ਦੇਂਣਾ ਚਾਹੀਦਾ ਹੈ ਤਾਂ ਕਿ ਸੁਜਾਵ ਦੇਂਣ ਵਾਲੀਆਂ ਨੂੰ ਪਤਾ ਚਲ ਸਕੇ ਕਿ ਉਹ ਸੁਜਾਵਾਂ ਰਾਹੀਂ ਕਿਸੇ ਪੰਥਕ ਉਪਰਾਲੇ ਵਿੱਚ ਹਿੱਸਾ ਲੇ ਰਹੇ ਹਨ ਜਾਂ ਕਿਸੇ ਪਰਿਵਾਰ ਦੀ ਨਿਜੀ ਜੀਵਨ ਜਾਚ ਤਿਆਰ ਕਰਨ ਵਿਚ ? ਇੰਨ-ਭਿੰਨ ਤਾਂ ਕਈਂ ਨਹੀਂ ਮੰਨਦੇ ਪਰ ਇੰਨ-ਭਿੰਨ ਨਾ ਮਨਣਾ ਅਤੇ ਬਿਲਕੁਲ ਅਸਵੀਕਾਰ (Reject) ਕਰ ਦੇਂਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ।
ਰਹਿਤ ਮਰਿਆਦਾ ਦੀ ਧਾਰਨਾ (Concept) ਬਾਰੇ ਪਰਿਵਾਰ ਵਿੱਚ ਅਸਪਸ਼ਟਤਾ ਹੈ ਪਰ ਇੱਥੇ ਕੇਵਲ ਇੱਕ ਦਾ ਹੀ ਜ਼ਿਕਰ ਕਰਨਾ ਠੀਕ ਹੋਵੇਗਾ। ਪਰਿਵਾਰ ਦੇ ਸਪਸ਼ਟੀਕਰਨ ਵਿੱਚ ਲਿਖਿਆ ਹੈ:-

“ ਜਿਵੇਂ ਗੁਰਮਤਿ ਸਮੁੱਚੀ ਮਨੁੱਖਤਾ ਲਈ ਸਾਂਝੀ ਹੈ, ਕਿਸੇ ਇਕ ਧੜੇ ਜਾਂ ਫਿਰਕੇ ਤੱਕ ਸੀਮਿਤ ਨਹੀਂ। ਇਵੇਂ ਹੀ ਇਹ ‘ਗੁਰਮਤਿ ਜੀਵਨ ਜਾਚ’ ਵੀ ਸਮੁੱਚੀ ਮਨੁੱਖਤਾ ਲਈ ਸਾਂਝੀ ਹੋਵੇਗੀ”

ਇਕ ਵਾਰ ਫ਼ਿਰ ਪਰਿਵਾਰ ਵਲੋਂ ਇਹ ਇੱਕ ਅਤਿਅੰਤ ਵਚਿੱਤਰ ਬਿਆਨ ਹੈ ਜਿਸ ਵਿੱਚ ਪਰਿਵਾਰ ਗੁਰਮਤਿ (ਗੁਰਬਾਣੀ ਦਾ ਫ਼ਲਸਫ਼ਾ) ਅਤੇ ਸਿੱਖ ਰਹਿਤ ਵਿਚਲਾ ਅੰਤਰ ਨਹੀਂ ਸਮਝ ਪਾ ਰਿਹਾ। ਗੁਰਮਤਿ ਗੁਰੂ ਦਾ ਉਪਦੇਸ਼ ਹੈ ਅਤੇ ਇਹ ਮਨੁੱਖਤਾ ਲਈ ਸਾਂਝਾ ਹੈ ਜਿਸ ਤੋਂ ਭਾਵ ਇਹ ਹੈ ਕਿ ਗੁਰਮਤਿ ਦਰਸ਼ਨ ਵਿੱਚ ਹਰ ਮਤ ਦੇ ਮਨੁੱਖ ਲਈ ਉਪਦੇਸ਼ ਹੈ। ਪਰ ਰਹਿਤ ਕੇਵਲ ਉਨ੍ਹਾਂ ਲਈ ਹੈ ਜੋ ਗੁਰਮਤਿ ਨੂੰ ਸਵੀਕਾਰ ਕਰਦੇ ਉਸਦੇ ਸਿੱਖ ਹਨ। ਜੇਕਰ ਪਰਿਵਾਰ ਦਾ ਦਾਵਾ ਹੈ, ਕਿ ਉਹ ਮਨੁੱਖਤਾ ਲਈ ਸ਼ਾਂਝੀ ਜੀਵਨ ਜਾਚ ਤਿਆਰ ਕਰ ਰਿਹਾ ਹੈ, ਤਾਂ ਉਸ ਜੀਵਨ ਜਾਚ ਦੀ ਸਕੀਮ ਵਿਚ, ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਲਈ ਪਰਿਵਾਰ ਵਲੋਂ ਪੇਸ਼ ਕੀਤੇ, ਖੰਡੇ ਦੀ ਪਾਹੁਲ, ਆਨੰਦ ਕਾਰਜ, ਮ੍ਰਿਤਕ ਸੰਸਕਾਰ ਆਦਿ ਦੇ ਪ੍ਰਸਤਾਵ ਕਿਵੇਂ ਫ਼ਿਟ ਹੋ ਰਹੇ ਹਨ? ਸਮੁੱਚੀ ਮਨੁੱਖਤਾ ਲਈ ਜੀਵਨ ਜਾਚ ਤਿਆਰ ਕਰਨ ਲਈ ਕੀ ਪਰਿਵਾਰ ਨੇ ਨਾਸਤਕਾਂ ਸਮੇਤ ਸਾਰੇ ਮਤਾਂ ਦੇ ਵਿਦਵਾਨਾਂ ਦੇ ਸੁਜਾਵ ਵੀ ਮੰਗੇ ਹਨ? ਪਰਿਵਾਰ ਵਲੇਂ ਪੇਸ਼ ਜੀਵਨ ਜਾਚ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾਂ ਵਿੱਚ ਹਿੰਦੂ, ਮੁਸਲਿਮ, ਇਸਾਈ, ਬੋਧੀ ਅਦਿ ਕਿਵੇਂ ਆਉਂਣ ਗੇ?
ਪਰਿਵਾਰਕ ਸੱਜਣਾ ਅੱਗੇ ਵਾਰ-ਵਾਰ ਇਹ ਬੇਨਤੀ ਹੈ ਕਿ ਉਹ ਪਹਿਲਾਂ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿਚਲਾ ਅੰਤਰ ਵੀ ਸਮਝਣ। ਗੁਰਬਾਣੀ ਦੇ ਉਪਦੇਸ਼ ਮਨੁੱਖਤਾ ਲਈ ਹਨ ਪਰ ਰਹਿਤ ਮਰਿਆਦਾ ਸਿੱਖਾਂ ਲਈ ਕੋਡ ਆਫ਼ ਕੰਡਕਟ` ਹੈ। ਰਹਿਤ ਮਰਿਆਦਾ ਗੁਰਬਾਣੀ ਤੁਲ ਨਹੀਂ ਹੋ ਸਕਦੀ! ਫ਼ਿਰ ਆਪ ਜੀ ਨੇ ਇਸ ਦੀ ਤਿਆਰੀ ਵੀ ਕੇਵਲ ਇੱਕ ਧੜੇ (ਪਰਿਵਾਰ) ਲਈ ਹੀ ਕੀਤੀ ਹੈ ਇਹ ਤਾਂ ਪੰਥਕ ਤਕ ਨਹੀਂ,ਸਮੁੱਚੀ ਮਨੁੱਖਤਾ ਲਈ ਸਾਂਝੀ ਜੀਵਨ ਜਾਚ ਦੀ ਗਲ ਤਾਂ ਵਚਿੱਤਰ ਵਿਚਾਰ ਹੀ ਹੈ। ਸਾਂਝੀਵਾਲਤਾ ਗੁਰਬਾਣੀ ਦਾ ਉਪਦੇਸ਼ ਹੈ। ਕੋਈ ਰਹਿਤ ਮਰਿਆਦਾ ਇਸਦਾ ਥਾਂ ਨਹੀਂ ਲੇ ਸਕਦੀ। ਰਹਿਤ ਮਰਿਆਦਾ ਪੰਥਕ ਤੌਰ ਤੇ ਕ੍ਰਮਬੱਧ ਹੋਂਣ ਦਾ ਵਸੀਲਾ ਹੁੰਦਾ ਹੈ ਫ਼ਲਸਫ਼ਾ ਨਹੀਂ।
ਪਰਿਵਾਰ ਦੇ ਸੱਜਣਾ ਅੱਗੇ ਬੇਨਤੀ ਹੈ ਕਿ ਉਹ ਪਹਿਲਾਂ ਇਸ ਵਿਸ਼ੇ ਤੇ ਸਪਸ਼ਟ ਹੋਂਣ ਤਾਂ ਕਿ ਸੁਜਾਵ ਦੇਂਣ ਵਾਲਾ ਦੁਬਿਦਾ ਵਿੱਚ ਨਾ ਰਹੇ। ਪਰਿਵਾਰਕ ਸੱਜਣ ਇਹ ਨਹੀਂ ਸਮਝਾ ਪਾ ਰਹੇ ਕਿ ਪਰਿਵਾਰ ਸਿੱਖ ਰਹਿਤ ਮਰਿਆਦਾ ੧੯੪੫ ਵਿੱਚ ਸੁਧਾਰ ਦੀ ਗਲ ਕਰ ਰਿਹਾ ਹੈ ਜਾਂ ਉਸ ਨੂੰ ਰੱਧ ਕਰਕੇ ਆਪਣੇ ਪਰਿਵਾਰ ਦੀ ਜੀਵਨ ਜਾਚ ਤਿਆਰ ਕਰ ਰਿਹਾ ਹੈ? ਇਸ ਲਈ ਇਸ ਸਵਾਲ ਦਾ ਜਵਾਬ ਉਹ ਹਾਂ ਜਾਂ ਨਾਂਹ ਦੀ ਤਰਜ਼ ਵਿੱਚ ਦੇਂਣ ਦੀ ਕਿਰਪਾਤਲਾ ਕਰਨ!
ਦਾਸ ਲਈ ਪਰਿਵਾਰ ਦੇ ਮੁੱਡਲੇ ਪ੍ਰਸਤਾਵ ਤੋਂ ਇਹ ਸਪਸ਼ਟ ਹੈ ਕਿ ਪਰਿਵਾਰ ਨੇ ਆਪਣੇ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਨੂੰ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ। ਨਵੇਂ ਸਪਸ਼ਟੀਕਰਨ ਦੇ ਸਿਰਲੇਖ ਵਿੱਚ ਵੀ ਕੁੱਝ ਹੋਰ ਹੈ ਅਤੇ ਅੰਦਰ ਕੁੱਝ ਹੋਰ। ਕਿਰਪਾਲਤਾ ਕਰਕੇ ਪਰਿਵਾਰ ਦੁਬਿਦਾ ਨੂੰ ਸਪਸ਼ਟ ਸ਼ਬਦਾਂ ਵਿੱਚ ਦੂਰ ਕਰੋ ਤਾਂ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ੧੯੪੫ ਅਤੇ ਪਰਿਵਾਰ ਦੀ ਨਿਜੀ ਗੁਰਮਤਿ ਜੀਵਨ ਜਾਚ ਵਿਚਲਾ ਅੰਤਰ ਪਾਠਕਾਂ ਨੂੰ ਸਮਝ ਆ ਸਕੇ। ਆਸ ਹੈ ਕਿ ਪਰਿਵਾਰ ਇੱਕ ਸੰਜੀਦਾ ਸੰਵਾਦ ਨੂੰ ਵੀ ਕਾਵਾਂਰੋਲੀ ਕਹਿ ਕੇ ਰੱਧ ਨਹੀਂ ਕਰੇਗਾ ਅਤੇ ਇਸਦਾ ਸਾਫ਼ਗੋਈ ਨਾਲ ਉੱਤਰ ਦਵੇਗਾ।

ਹਰਦੇਵ ਸਿੰਘ, ਜੰਮੂ
੨੧. ੧੧. ੨੦੧੧

Friday, 18 November 2011

'ਪਰਿਵਾਰ ਦੀ ਨਿਜੀ ਜੀਵਨ ਜਾਚ ਬਾਰੇ'

ਹਰਦੇਵ ਸਿੰਘ,ਜੰਮੂ

ਤ.ਗੁ ਪਰਿਵਾਰ ਨੇ ਹੁਣ ਸਿੱਖ ਰਹਿਤ ਮਰਿਆਦਾ 1945 (ਪੰਥ ਪ੍ਰਵਾਣਿਤ) ਵਿਚ ਸੁਧਾਰ ਦਾ ਵਿਚਾਰ ਤਿਆਗ ਕੇ 'ਪਰਿਵਾਰ ਲਈ' ਜੀਵਨ ਜਾਚ ਬਨਾਉਂਣ ਲਈ ਕਦਮ ਚੁੱਕਿਆ ਹੈ।ਇਸ ਨੂੰ ਦਾਸ, ਇਸ ਪੱਤਰ ਵਿਚ, ਅੱਗੇ ਚਲ ਕੇ ਸਪਸ਼ਟ ਕਰੇਗਾ।ਪਹਿਲਾਂ ਦਾਸ ਪਾਠਕਾਂ ਨਾਲ ਕੁੱਝ ਗਲਾਂ ਸਾਂਝੀਆਂ ਕਰਨਾ ਚਾਹੁੰਦਾ ਹੈ। 

ਅੱਜ ਤੋਂ ਕੇਵਲ ਇਕ ਸਾਲ ਦੱਸ ਮਹੀਨੇ ਪਹਿਲਾਂ ਹੀ ਆਪਣੀ ਪਲੇਠੀ ਪੁਸਤਕ ਵਿਚ ਪਰਿਵਾਰ ਨੇ ਸਿੱਖ ਰਹਿਤ ਮਰਿਆਦਾ ਵਿਚ ਲਿਖੀ ਸਿੱਖ ਦੀ ਪਰਿਭਾਸ਼ਾ ਨੂੰ ਅਸਿਧਾਂਤਕ ਕਹਿੰਦੇ ਹੋਏ ਆਪਣੇ ਵੱਲੋਂ  ਸਿੱਖ ਦੀ ਇਕ ਸਿਧਾਂਤਕ ਪਰਿਭਾਸ਼ਾ ਪੇਸ਼ ਕੀਤੀ ਸੀ। ਜੋ ਕਿ ਇਸ ਪ੍ਰਕਾਰ ਹੈ:

"ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦੱਸ ਸਰੂਪਾਂ ਰਾਹੀਂ ਪ੍ਰਗਟ ਕੀਤੇ 'ਗੁਰੂ ਗ੍ਰੰਥ ਸਾਹਿਬ ਜੀ' ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ।ਦਸਵੇਂ ਪਾਤਸ਼ਾਹ ਵਲੋਂ ਬਖਸ਼ੀ 'ਖੰਡੇ ਦੀ ਪਾਹੁਲ' ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮਨੰਦਾ, ਉਹ ਸਿੱਖ ਹੈ"
 
ਚੁੰਕਿ ਇਹ ਇਕ ਬੜੀ ਨਾਸਮਝੀ ਭਰੀ ਵਿਆਖਿਆ ਸੀ ਇਸ ਲਈ ਦਾਸ ਨੇ ਪਰਿਵਾਰ ਨਾਲ ਇਸ ਬਾਰੇ ਲਿਖਤੀ ਸੰਵਾਦ ਵੀ ਕੀਤਾ ਜੋ ਕਿ ਇਸੇ ਸਾਲ ਦੇ ਆਰੰਭ ਵਿਚ ਹੋਈਆ ਸੀ।(ਸੰਵਾਦ ਸ਼ੁਰ ਹੋਂਣ ਦਾ ਕਾਰਨ ਦਾਸ ਦਾ ਰਹਿਤ ਮਰਿਯਾਦਾ ਬਾਰੇ ਇਕ ਲੇਖ ਤੇ ਪਰਿਵਾਰ ਵਲੋਂ ਲਿਖੀ ਟਿੱਪਣੀ ਅਤੇ ਉਚੇਚੀ ਸੰਪਾਦਕੀ ਸੀ) ਹੋਰ ਵੀ ਕਈ ਲੇਖ/ਪੱਤਰ ਲਿਖੇ ਪਰ ਉਹ ਆਪਣੇ ਵਲੋਂ ਘੱੜੀ ਪਰਿਭਾਸ਼ਾ/ਨੁਕਤਿਆਂ ਤੋਂ ਪਿੱਛੇ ਨਹੀਂ ਹਟੇ। ਪਰਿਵਾਰ ਕੋਲੌਂ ਦਾਸ ਨੇ ਇਕ ਬੜਾ ਅਹਿਮ ਸਵਾਲ ਪੁੱਛਿਆ ਸੀ ਕਿ ਉਨਾਂ ਵਲੋਂ ਪੇਸ਼ ਕੀਤੀ ਨਵੀਂ ਪਰਿਭਾਸ਼ਾ ਅਨੁਸਾਰ ਦਿੱਲੀ ਦੇ ਦੰਗਿਆਂ ਵਿਚ ਮਰਨ ਵਾਲੇ ੫੦੦੦ ਹਜ਼ਾਰ ਨਿਰਦੋਸ਼ੇ ਬੰਦੇ ਕੋਂਣ ਸਨ ਸਿੱਖ ਜਾਂ ਬ੍ਰਾਹਮਣ? ਪਰਿਵਾਰ
ਵੱਲੋਂ  ਇਸ ਗੱਲ ਦਾ ਜਵਾਬ ਅਜ ਤਕ ਨਹੀਂ  ਮਿਲਿਆ।

ਦਾਸ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ 'ਸੱਚ ਦਾ ਗਿਆਨ ਧਾਰਨ ਕਰਨ ਵਾਲਾ' ਹੀ ਸਿੱਖ ਹੈ ਅਤੇ ਆਪ ਜੀ ਗੁਰਮਤਿ ਦੀ ਇਸ ਕਸਵਟੀ ਬਾਰੇ ਕੋਈ ਸਮਝੋਤਾ ਨਹੀਂ ਕਰਨਾ ਚਾਹੁੰਦੇ ਤਾਂ ਇਹ ਦੱਸੋ ਕਿ ਸੱਚ ਦੇ ਗਿਆਨ ਨੂੰ ਧਾਰਨ ਕਰ ਚੁੱਕੇ ਬੰਦੇ ਲਈ ਕੋਈ ਰਹਿਤ ਮਰਿਆਦਾ ਕਿਵੇਂ ਅਤੇ ਕਿਸ ਹੱਕ ਨਾਲ ਤਿਆਰ ਕਰ ਸਕਦਾ ਹੈ ? ਦਾਸ ਨੇ ਇਹ ਲਿਖਿਆ ਸੀ ਕਿ ਸਿੱਖੀ ਸਿੱਖਣ ਦੀ ਗੱਲ ਹੈ ਅਤੇ ਕੋਈ ਸਿੱਖਿਆ ਹੋਇਆ ਹੀ ਪੈਦਾ ਨਹੀਂ ਹੁੰਦਾ।ਪਰ ਪਰਿਵਾਰ ਨੇ ਇਨਾਂ ਬੇਨਤੀਆਂ ਨੂੰ ਕੱਚੀਆ ਦਲੀਲਾਂ ਕਹਿ ਕੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਦਾਸ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਰਹਿਤ ਅਤੇ ਫ਼ਲਸਫ਼ੇ ਦੇ ਅੰਤਰ ਨੂੰ ਪਰਿਵਾਰ ਨਹੀਂ ਸਮਝ ਰਿਹਾ।ਪਰ ਪਰਿਵਾਰ ਨੇ ਉਸ ਵੇਲੇ ਦਾਸ ਦੀ ਇੱਕ ਨਹੀਂ ਸੁਣੀ।ਇਸ ਬਾਰੇ ਦਾਸ ਵਲੋਂ ਪਰਿਵਾਰ ਵੱਲ ਲਿਖੇ ਇਕ ਮੱਹਤਵਪੁਰਣ ਪੱਤਰ ਨੂੰ ਹੇਠ ਲਿਖੇ ਲਿੰਕ ਤੇ ਪੜ ਸਕਦੇ ਹਨ ਜਿਸ ਵਿਚ ਦਾਸ ਨੇ ਉਨਾਂ ਨੂੰ ਆਪਣੇ ਵਲੌ ਸਿਧਾਂਤਕ ਪ੍ਰਚਾਰੀ ਜਾ ਰਹੀ ਸਿੱਖ ਦੀ ਪਰਿਭਾਸ਼ਾ ਵਿਚ ਬਜਰ ਗਲਤੀ ਵੱਲ ਵੀ ਧਿਆਨ ਦਵਾਇਆ ਸੀ:


ਉਸ ਵੇਲੇ ਦਾਸ ਦੇ ਵਿਚਾਰ ਪਰਿਵਾਰ ਲਈ ਕੱਚੀਆਂ ਦਲੀਲਾਂ ਮਾਤਰ ਹਨ। ਪਰ ਅੱਜ ਉਨਾਂ ਦਾਸ ਵਲੋਂ ਦਿੱਤੀਆਂ ਕੱਚੀਆਂ ਦਲੀਲਾਂ ਨੂੰ ਹੀ ਮੁੱਖ ਰੱਖਦੇ ਨੇ ਆਪਣੇ ਵਲੋਂ ਪਹਿਲਾਂ ਪੇਸ਼ ਕੀਤੀ  ਸਿੱਖ ਦੀ "ਸਿਧਾਂਤਕ ਪਰਿਭਾਸ਼ਾ" ਤਿਆਗ ਉਸ ਨੂੰ ਵੱਡੇ ਬਦਲਾਵ ਨਾਲ ਇੰਝ ਪੇਸ਼ ਕੀਤਾ ਹੈ:-

"ਜਿਹੜਾ ਇਨਸਾਨ ਇੱਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫ਼ਲਸਫ਼ੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ"
 
ਪਾਠਕ ਦੋਂਹਾਂ ਪਰਿਭਾਸ਼ਾਵਾਂ ਦਾ ਮਿਲਾਨ ਕਰਕੇ ਅੰਤਰ ਵੇਖ ਸਕਦੇ ਹਨ।

ਇਸ ਨੂੰ (ਜੋ ਕਿ ਠੀਕ ਪਰਿਭਾਸ਼ਾ ਨਹੀਂ )  ਪੜ ਕੇ ਦਾਸ ਨੂੰ ਪਤਾ ਚੱਲਿਆ ਹੈ ਕਿ ਪਰਿਵਾਰ ਨੇ ਆਪਣੇ ਕੁੱਝ ਚਿਰ ਪਹਿਲਾਂ ਵਾਲੇ ਉਸ ਸਟੇਂਡ ਨੂੰ ਬਦਲ ਲਿਆ ਹੈ ਜਿਸ ਤੇ ਦ੍ਰਿੜਤਾ ਨਾਲ ਖੜੇ ਹੋ ਕੇ ਉਹ ਦਾਸ ਨਾਲ ਚਰਚਾ ਕਰ ਰਹੇ ਸੀ।ਦਾਸ ਨਿਜੀ ਅਤੇ ਲਿਖਤੀ ਤੌਰ ਤੇ ਉਨਾਂ ਨੂੰ "ਧਾਰਨ ਕਰਨ" ਅਤੇ 'ਨਿਸ਼ਚਾ (ਵਿਸ਼ਵਾਸ) ਕਰਨ' ਦਾ ਫ਼ਰਕ ਸਮਝਾਉਂਣ ਦਾ ਜਤਨ ਕਰਦਾ ਰਿਹਾ ਪਰ ਉਸ ਵੇਲੇ ਸਭ ਵਿਅਰਥ ਸੀ।ਕੀ  ਹੁਣ ਪਰਿਵਾਰ ਨੇ  ਇਸ ਸਿਧਾਂਤ ਨਾਲ ਸਮਝੋਤਾ ਕਰ ਲਿਆ ਹੈ ਕਿ ਸੱਚ ਦਾ ਗਿਆਨ ਧਾਰਨ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ ? ਜਾਂ ਉਹ ਪਹਿਲਾਂ ਗਲਤ ਸਨ ? ਕੀ ਹੁਣ ਇਹ ਸਿਧਾਂਤਕ ਸਮਝੋਤਾ ਨਹੀਂ ? ਪਰਿਵਾਰ ਨੇ ਦਾਸ ਦੇ ਵਿਚਾਰਾਂ/ਸੁਜਾਵਾਂ ਬਾਰੇ ਇੰਝ ਲਿਖਿਆ ਸੀ:-

"ਸੰਪਾਦਕੀ ਟਿੱਪਣੀ:- "ਸਤਿਕਾਰਯੋਗ ਹਰਦੇਵ ਸਿੰਘ ਜੀ ਜੰਮੂ ਦੀ ਪਹੁੰਚ ਸਥਾਪਿਤ ਹੋ ਚੁੱਕਿਆਂ ਗਲਤ ਮਾਨਤਾਵਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਸਿੱਧ ਕਰਨ ਦੀ ਜਾਪਦੀ ਹੈ,ਜਿਨਾਂ ਨਾਲ ਪਰਿਵਾਰ ਸਹਿਮਤ ਨਹੀਂ। ਉਨਾਂ ਦਾ ਇਹ ਜਤਨ ਮੁੱਢਲੇ ਗੁਰਮਤਿ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਦਾ ਜਾਪਦਾ ਹੈ।ਇਹ ਲੇਖ ਵੀ (ਦਾਸ ਦਾ ਲੇਖ ਸਿੱਖ ਰਹਿਤ ਮਰਿਆਦਾ ਅਤੇ ਉਸਦੀ ਧਾਰਨਾ) ਉਸੇ ਪਹੁੰਚ ਅਧੀਨ ਲਿਖਿਆ ਗਿਆ ਹੈ।...."(ਦਾਸ ਇਸ ਟਿੱਪਣੀ ਨੂੰ ਫ਼ਤਵਾ ਨਹੀਂ ਕਹਿੰਦਾ ਕਿਉਂਕਿ ਅੱਜ ਕਲ ਇਸ ਸ਼ਬਦ ਨੂੰ ਜਵਾਬਦੇਹੀ ਤੋਂ ਨੱਸਦੇ ਹਮਦਰਦੀ ਜੁਟਾਣ ਅਤੇ ਕਿਸੇ ਗਲਤੀ ਤੇ ਪਰਦਾ ਪਾਉਂਣ ਦੀ ਜੁਗਤ ਕਰਕੇ ਵੀ ਵਰਤਿਆ ਜਾਂਦਾ ਹੈ)

ਅੱਜ ਪਰਿਵਾਰ ਨੇ ਆਪਣੇ ਵਲੋਂ ਪਹਿਲੀ "ਸਿਧਾਂਤਕ" ਕਰਕੇ ਪ੍ਰਚਾਰੀ ਸਿੱਖ ਦੀ ਪਰਿਭਾਸ਼ਾ ਨੂੰ ਤਿਆਗ ਕੇ ਸਵੀਕਾਰ ਕੀਤਾ ਹੈ ਕਿ ਸਿੱਖ ਦੀ ਪਰਿਭਾਸ਼ਾ ਸਬੰਧੀ ਘੜੀ ਉਨਾਂ ਦੀ ਆਪਣੀ ਹੀ ਪਹੁੰਚ ਠੀਕ ਨਹੀਂ ਸੀ।ਉਹ ਉਸ ਵੇਲੇ ਆਪਣੀ ਮਨਮਤਿ ਨੂੰ ਗੁਰਮਤਿ ਕਹਿ ਰਹੇ ਸੀ ਅਤੇ ਦਾਸ ਦੀ ਦਲੀਲ ਨੂੰ ਕੱਚੀ ਪਹੁੰਚ।

ਹੁਣ ਪਰਿਵਾਰ ਨੇ ਇਹ ਵੀ ਸਪਸ਼ਟਤਾ ਨਾਲ ਲਿਖਿਆ ਹੈ :
"ਅਸੀਂ ਇਸ ਗੱਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ 'ਗੁਰਮਤਿ ਜੀਵਨ ਜਾਚ' ਰੂਪੀ ਸੁਧਾਰ ਦਾ ਕਰਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਂਣ ਉਪਰੰਤ ਇਹ 'ਗੁਰਮਤਿ ਜੀਵਨ ਜਾਚ' ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਰਰਾਂਗੇ"
 
ਇਹ ਇਕ ਵਚਿੱਤਰ ਘੋਸ਼ਨਾ ਹੈ ! ਇਸ ਦਾ ਸਪਸ਼ਟ ਭਾਵ ਹੈ ਕਿ ਉਹ ਹੁਣ ਪੰਥਕ ਸਿੱਖ ਰਹਿਤ ਮਰਿਆਦਾ ਵਿਚ ਸੁਧਾਰ ਦੀ ਗਲ ਨਹੀਂ ਕਰ ਰਹੇ ਬਲਕਿ ਕੇਵਲ 'ਪਰਿਵਾਰ ਲਈ' ਹੀ ਜੀਵਨ ਜਾਚ ਤਿਆਰ ਕਰ ਰਹੇ ਹਨ। ਉਹ ਕਿਸੇ ਨੂੰ ਪੰਥ ਵਿਚੋਂ ਛੇਕੇ ਜਾਣ ਦਾ ਵਿਰੌਧ ਕਰਦੇ ਰਹੇ ਪਰ ਇਸ ਕਦਮ ਰਾਹੀਂ  ਪਰਿਵਾਰ ਨੇ ਆਪਣੀ ਵਿਚਾਰਧਾਰਾ ਵਿਚੋਂ  ਉਸ ਸਿੱਖ ਰਹਿਤ ਮਰਿਆਦਾ ਨੂੰ ਹੀ ਛੇਕ ਦਿੱਤਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਉਨਾਂ ਆਪਣੇ ਪ੍ਰਸਤਾਵ ਪੇਸ਼ ਕਰਨ ਵੇਲੇ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਕਹਿਆ ਹੈ।

ਉਨਾਂ ਸੁਹਿਰਦਤਾ ਨਾਲ ਇਸ ਬਾਰੇ ਵਿਚਾਰ ਮੰਗੇ ਹਨ ਪਰ ਸਮਝ ਨਹੀਂ ਆ ਰਿਹਾ ਕਿ ਜੇ ਕਰ ਮਸਲਾ (Matter) ਅਤੇ ਇਸ  ਤੇ ਮੁਨਸਫ਼ੀ (Final Judgement) ਵੀ ਪਰਿਵਾਰ ਦੀ ਹੀ ਹੈ ਤਾਂ ਇਸ ਦਾ ਪੰਥਕ ਸਿੱਖ ਰਹਿਤ ਮਰਿਆਦਾ ਨਾਲ ਕੀ ਲੇਂਣ ਦੇਂਣ ਹੈ? ਉਹ ਤਾਂ ਆਪਣੀ (ਪਰਿਵਾਰ ਦੇ ਸਿੱਖ ਸੱਜਣਾਂ ਦੀ) ਪਰਿਭਾਸ਼ਾ ਲਈ ਵੀ ਸੁਝਾਵ ਮੰਗ ਰਹੇ ਹਨ!

ਉਹ ਇਸ ਨੂੰ ਪਰਿਵਾਰਕ ਮਸਲਾ ਵੀ ਘੋਸ਼ਤ ਕਰ ਰਹੇ ਹਨ ਪਰ ਪਰਿਵਾਰਕ ਤੋਰ ਤੇ ਨਿਜਿੱਠ  ਨਹੀਂ ਪਾ ਰਹੇ ਅਤੇ  ਸੁਝਾਵ ਮੰਗ ਰਹੇ ਹਨ।ਉਹ ਦੁਬਿਦਾ ਵਿਚ ਪ੍ਰਤੀਤ ਹੁੰਦੇ ਹਨ।ਪਹਿਲਾਂ ਪਰਿਭਾਸ਼ਾ ਹੋਰ ਸੀ ਅਤੇ ਉਸ ਤੇ ਉਹ ਲੇਖਾਂ ਰਾਹੀਂ ਜੋਰਦਾਰ ਪਹਿਰਾ ਵੀ ਦੇ ਰਹੇ ਸਨ। ਅੱਜੇ ਤਕ ਉਨਾਂ ਆਪਣੀ ਪਹਿਲੀ ਪੁਸਤਕ ਵਿੱਚ ਘੱੜੀ  "ਸਿਧਾਂਤਕ" ਪਰਿਭਾਸ਼ਾ ਲਿਖਤੀ ਰੂਪ  ਵਾਪਸ  ਵੀ ਨਹੀਂ ਲਈ ਹੈ।ਮਸ਼ਵਰਾ ਕਰਨਾ ਚੰਗੀ ਗਲ ਹੁੰਦੀ ਹੈ ਪਰ ਮਸ਼ਵਰਾ ਦੇਂਣ ਅਤੇ ਲੇਂਣ ਦਾ ਢੰਗ ਦੁਬਿਦਾਪੁਰਨ ਨਹੀਂ ਹੋਂਣਾ ਚਾਹੀਦਾ ਹੈ।

ਬੇਨਤੀ ਹੈ ਕਿ ਉਹ ਆਪਣੀ ਇਸ ਦੁਬਿਦਾ ਨੂੰ ਦੂਰ ਕਰਨ। ਪਹਿਲਾਂ ਉਹ ਇਹ  ਸਪਸ਼ਟ ਕਰਨ ਦੀ ਕਿਰਪਾਲਤਾ ਕਰਨ ਕਿ ਕੀ ਉਹ ਮੌਜੂਦਾ ਸਿੱਖ ਰਹਿਤ ਮਰਿਆਦਾ ਨੂੰ ਖਾਰਜ ਕਰਕੇ ਅਲਗ ਰਹਿਤ ਮਰਿਆਦਾ ਬਨਾਉਂਣ ਦੀ ਰਾਹ ਤੇ ਤੁਰ ਪਏ ਹਨ ? ਅਗਰ ਐਸਾ ਹੈ ਤਾਂ ਕਦਾਚਿੱਤ ਇਕ ਸਿਆਣਪ ਨਹੀਂ! ਜੇਕਰ ਮਾਮਲਾ ਸਿਰਫ਼ ਪਰਿਵਾਰ ਦਾ ਹੀ ਹੈ ਤਾਂ ਇਕ ਸੁਜਾਵ ਇਹ ਵੀ ਹੋ ਸਕਦਾ ਹੈ ਕਿ ਉਹ ਇਸ ਬਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗੁਆਈ ਲੇਂਣ ਅਤੇ  ਜੋ ਸਮਝ  ਸਕਣ ਉਸ ਨੂੰ ਅਪਨਾ ਲੇਂਣ ਜਿਵੇਂ ਕਿ ਉਨਾਂ੍ਹ ਅਰਦਾਸ ਬਾਰੇ ਕਰ ਲਿਆ ਹੋਇਆ ਹੈ।ਪਰਿਵਾਰ ਦੀ ਨਿਜੀ  ਜੀਵਨ ਜਾਚ ਵਿਚ ਕਿਸੇ ਦਾ ਕੋਈ ਦਖ਼ਲ ਦੇਂਣਾ ਠੀਕ ਪ੍ਰਤੀਤ ਨਹੀਂ ਹੁੰਦਾ।ਉਹ ਇਸ ਨੂੰ ਆਪ ਆਪਣੇ ਤੇ ਲਾਗੂ ਕਰ ਸਕਦੇ ਹਨ। ਪਰਿਵਾਰਕ ਮਸਲੇ ਵਿਚ ਤਾਂ  ਪੰਥਕ ਸਿੱਖ ਰਹਿਤ ਮਰਿਆਦਾ ਨੂੰ ਘਸੀਟਣ ਦੀ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ।ਆਸ ਹੈ ਕਿ ਉਹ ਪੰਥ ਪ੍ਰਤੀ ਆਪਣੇ ਅਧਿਕਾਰ/ਜਵਾਬਦੇਹੀ ਤੇ ਹੋਰ ਵਿਚਾਰ ਕਰਨ ਦਾ ਜਤਨ ਕਰਨ ਗੇ।

ਹਰਦੇਵ ਸਿੰਘ, ਜੰਮ
੧੭.੧੧.੨੦੧੧

Monday, 14 November 2011

ਕੇਵਲ ਪੰਜ?

ਹਰਦੇਵ ਸਿੰਘ ਜੰਮੂ


"ਹਰਦੇਵ ਜੀ, ਮੇਰਾ ਪੱਗ ਉਤਾਰਨਾ ਜੇਕਰ ਮੇਰੀ ਪਰਸਨੇਲਟੀ ਨੂੰ ਕਾਸਟ ਨਾ ਕਰਦਾ ਹੋਂਵੇ ਤਾਂ ਮੈਂ ਅੱਜ ਹੀ ਵਾਲਾਂ ਨੂੰ ........ ਦੇਵਾਂ।ਗੁਰੂ ਗੋਬਿੰਦ ਸਿੰਘ ਜੀ ਕਿਹੜਾ ਇਨਾਂ ਨੂੰ ਸਦਾ ਲਈ ਰੱਖਣ ਵਾਸਤੇ ਕਿਹਾ ਸੀ? ਉਹ ਤਾਂ ਸਮੇਂ ਦਾ ਇਕ ਕਨਫਲਿਕਟ ਸੀ।ਸਮਾਂ ਬੀਤ ਗਿਆ ਗਲ ਖ਼ਤਮ"

ਸਨ ੧੯੯੭ ਦੇ ਮਾਰਚ ਮਹੀਨੇ ਵਿਚ ਇਹ ਸ਼ਬਦ ਦਾਸ ਦੇ ਇਕ ਕਰੀਬੀ ਸੱਜਣ ਨੇ ਪੂਨਾ ਸ਼ਹਿਰ ਦੇ ਗੋਲਡਨ ਪਾਮ ਰੇਸਟੋਰਾਂਟ ਵਿਚ ਸ਼ਾਮ ਦੇ ਕਰੀਬ ਪੰਜ ਵੱਜੇ ਕਹੇ ਸੀ।ਉਨਾਂ ਦਾ ਇਹ ਕਹਿਣਾ ਇਸ ਲਈ ਹੋਰ ਵੀ ਅਜੀਬ ਲੱਗਾ ਕਿਉਂਕਿ ਉਸ ਵੇਲੇ ਸਾਡੇ ਦੋਹਾਂ ਦੇ ਨਾਲ ਮੇਰੇ ਦੋ ਭਾਂਜੇ ਵੀ ਸੀ ਜੋ ਉਨਾਂ ਦਿਨਾਂ ਵਿਚ ਪੂਨੇ ਇੰਜੀਨਿਯਰਿੰਗ ਦੀ ਪੜਾਈ ਕਰਨ ਗਏ ਹੋਏ ਸੀ। ਉਸ ਦਿਨ ਗੋਲਡਨ ਪਾਮ ਬੈਠਣਾ ਉਨਾਂ ਦੀ ਪਸੰਦ ਸੀ।


ਦਾਸ ਨੇ ਜਵਾਬ ਵਿਚ ਕਿਹਾ "ਆਪ ਜੀ ਨੂੰ ਪੁਰਾ ਹੱਕ ਹੈ ਵਾਲ ਰੱਖਣ ਜਾਂ ਨਾ ਰੱਖਣ ਦਾ।ਕਿਉਂਕਿ ਕਿਸੇ ਵੇਲੇ ਸਾਡੇ ਪੁਰਵਜਾਂ ਨੇ ਇਸੇ ਹੱਕ ਦਾ ਇਸਤੇਮਾਲ ਕਰਦੇ ਵਾਲ ਰੱਖ ਲਏ ਸੀ। ਪਰ ਵੀਰ ਜੀ ਮੈਂ ਆਪ ਦੇ ਕਥਨ ਦੇ ਦੂਜੇ ਭਾਗ ਨਾਲ ਸਹਿਮਤ ਨਹੀਂ"


"ਕਿਉਂ? ਕੀ ਮੈਂ ਗਲਤ ਕਹਿ ਰਿਹਾ ਹਾਂ?" ਉਨਾਂ ਫ਼ੋਰਨ ਪੁੱਛਿਆ


"ਜੀ ਹਾਂ ਕਿਉਂਕਿ ਆਪ ਜੀ ਆਪਣੇ ਹੱਕ ਨੂੰ ਗੁਰੂ ਦਾ ਨਿਰਨਾ ਅਤੇ ਸਿੱਖ ਫ਼ਿਲਾਸਫ਼ੀ ਕਹਿ ਕੇ ਇਕ ਬੇ-ਅਦਬ ਗਲ ਕਰ ਰਹੇ ਹੋ। ਆਪ ਦਾ ਜੋ ਜੀ ਆਏ ਕਰੋ ਪਰ ਆਪਣੀ ਨਿਜੀ ਪਸੰਦ ਨੂੰ ਗੁਰੂ ਦਾ ਫ਼ਲਸਫ਼ਾ ਕਹਿ ਕੇ ਗਲਤਬਿਆਨੀ ਨਾ ਕਰੋ ਕਿਉਂਕਿ ਜੋ ਰਹਿਤ ਆਪ ਜੀ ਨੇ ਬਣਾਈ ਹੀ ਨਹੀਂ ਉਸਦੇ ਮੁਢਲੇ ਅਧਾਰ ਨੂੰ ਆਪ ਜੀ ਆਪਣੀ ਮਨਮਰਜ਼ੀ ਨਾਲ ਕਿਵੇਂ ਬਿਆਨ ਕਰ ਸਕਦੇ ਹੋ? ਸਿੱਖ ਮਤ ਆਪ ਜੀ ਨੇ ਨਹੀਂ ਉਸਾਰਿਆ ਸੀ!"  ਦਾਸ ਨੇ ਜਵਾਬ ਦਿੱਤਾ। ਚਰਚਾ ਹੋਰ ਵਿਸ਼ਿਆ ਤੇ ਵੀ ਚਲੀ ਖ਼ੈਰ ਲਗਭਗ ਸਾਡੇ ੬ ਵਜੇ ਅਸੀਂ ਪੂਨੇ ਤੋਂ ਵਾਪਸ ਚਲ ਪਏ!


ਇਸ ਸੰਵਾਦ ਵਿਚ ਦਾਸ ਨੇ ਜੋ ਗਲ ਮਹਸੂਸ ਕੀਤੀ ਉਹ ਇਹ ਸੀ ਕਿ ਕੁੱਝ ਸੱਜਣ ਨਿਜੀ ਪਸੰਦ ਜਾਂ ਵਿਚਾਰ ਨੂੰ ਲੇ ਕੇ ਤੁਰਦੇ ਹਨ ਤਾਂ ਉਹ ਇਸ ਨੂੰ ਆਪਣੀ ਵਿਚਾਰਕ ਅਜ਼ਾਦੀ ਮੰਨਦੇ ਹਨ।ਅਜ਼ਾਦੀ ਤਾਂ ਹੋਂਣੀ ਹੀ ਚਾਹੀਦੀ ਹੈ ਪਰ ਸਮੱਸਿਆ ਉਦੇਂ ਖੜੀ ਹੁੰਦੀ ਹੈ ਜਿਸ ਵੇਲੇ ਉਹ ਨਿਜੀ ਸੋਚ ਜਾਂ ਸਹੁਲਿਅਤ ਨੂੰ ਹੀ ਸਿੱਖੀ ਦੀ ਮਰਿਆਦਾ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।


ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਦਸ਼ਮੇਸ਼ ਜੀ ਵਲੋਂ ਕੀਤਾ ਕੇਵਲ ਇੱਕ ਦਿਨ ਦਾ ਨਾਟਕ ਹੀ ਸੀ ਜਿਸ ਵਿਚ ਉਨਾਂ ਨੇ ਇਕ ਪਰਖ ਕੀਤੀ ਸੀ (He did not want to continue it further) ਇਹ ਵੀ ਸੁਣਨ ਨੂੰ ਮਿਲਿਆ ਕਿ ਉਹ ਕੇਵਲ ਪੰਜ ਬੰਦਿਆਂ ਦੀ ਪਰਖ ਸੀ ਉਸ ਤੋਂ ਬਾਦ ਤਾਂ ਕੋਈ ਸਬੂਤ ਨਹੀਂ ਕਿ ਗੁਰੂ ਨੇ ਹੋਰਨਾ ਨੂੰ ਵੀ ਇਹ ਛੱਕਣ ਵਾਸਤੇ ਕਿਹਾ ਹੋਵੇ।


ਕੋਈ ਸਿੱਖ ਅੰਮ੍ਰਿਤ ਛੱਕੇ ਜਾਂ ਨਾ ਛੱਕੇ ਇਹ ਕੋਈ ਵੱਡੀ ਗਲ ਨਾ ਵੀ ਹੋਵੇ ਪਰ ਆਪਣੀ ਪਸੰਦ ਨੂੰ ਇਤਹਾਸ ਦਾ ਜਾਮਾ ਪਹਨਾਉਂਣ ਦਾ ਇਹ ਢੰਗ ਠੀਕ ਨਹੀਂ ਪ੍ਰਤੀਤ ਹੁੰਦਾ।ਪ੍ਰਸੰਗ ਅਨੁਸਾਰ ਗੁਰੂ ਨੇ ਸਿਰਾਂ ਦੀ ਮੰਗ ਜ਼ਰੂਰ ਕੀਤੀ ਸੀ ਪਰ ਅੱਗੇ ਆਉਂਣ ਦਾ ਹੁਕਮ ਨਹੀਂ ਸੀ ਦਿੱਤਾ। ਅੱਗੇ ਆਉਂਣ ਦਾ ਨਿਰਨਾ ਤਾਂ ਬੰਦਿਆਂ ਤੇ ਹੀ ਛੱਡਿਆ ਗਿਆ ਸੀ।ਇਹੀ ਤਾਂ ਬੇਮਿਸਾਲ ਕੋਤਕ ਸੀ! 

 
ਹਾਂ ਜਿਹੜੇ ਅੱਗੇ ਆ ਗਏ ਉਨਾਂ ਲਈ ਫ਼ਿਰ ਵਿਸ਼ੇਸ਼ ਹੁਕਮ ਵੀ ਜਾਰੀ ਹੋਏ ਜਿਵੇਂ ਕਿ ਗੁਰੂ ਨਾਨਕ ਤੋਂ ਹੀ ਪਰੰਪਰਾ ਸੀ ਕਿ ਜਿਹੜਾ ਚਾਹੁੰਦਾ ਹੈ ਉਹ ਸਿਰ ਤਲੀ ਤੇ ਧਰ ਕੇ ਆਏ।ਜਿਹੜਾ ਆ ਜਾਂਦਾ ਸੀ ਉਹੀ ਪਾਬੰਧ ਕੀਤਾ ਜਾਂਦਾ ਸੀ। ਗੁਰੂ ਦੀ ਸ਼ਰਨ ਖ਼ਰੇ (ਗੁਰਮਤਿ ਸਮਝਣ ਵਾਲੇ) ਵੀ ਹੁੰਦੇ ਸਨ ਅਤੇ ਖੋਟੇ (ਗੁਰਮਤਿ ਘੱਟ ਸਮਝਣ ਵਾਲੇ) ਵੀ।ਗੁਰੂ ਦਾ ਕੰਮ ਹੀ ਸੀ ਖੋਟਿਆਂ ਨੂੰ ਕੋਲ ਬਠਾ ਕੇ ਖਰੇ ਹੋਂਣ ਦੀ ਜੁਗਤ ਸਿੱਖਣ ਲਈ ਪ੍ਰੇਰਨਾ। ਕਹਿੰਦੇ ਹਨ ਰੱਬ ਦੀ ਦਰਗਾਹ ਵਿਚ ਖਰੇ ਖੋਟਿਆਂ ਨਾਲੌਂ ਵੱਖਰੇ ਕਰ ਲਤਾੜੇ ਜਾਂਦੇ ਹਨ ਪਰ ਗੁਰੂ ਦੀ ਦਰਗਾਹ ਵਿਚ ਖੋਟੇ ਨੂੰ ਗਲ ਲਾ ਕੇ ਖਰਾ ਹੋਂਣ ਲਈ ਪ੍ਰੇਰਿਆ ਜਾਂਦਾ ਰਿਹਾ ਹੈ।


ਖ਼ੈਰ  ਇਸ ਚਰਚਾ ਵਿਚਲੇ ਸਵਾਲ ਦੀ ਪੜਚੋਲ ਲਈ ਆਉ ਪਹਿਲਾਂ ਕੁੱਝ ਇਤਹਾਸਕ ਤੱਥ ਵਿਚਾਰ ਲਈਏ;


੧੬੯੯ ਦੀ ਵੈਸਾਖੀ ਨੂੰ ਹੋਏ ਇਸ ਘਟਨਾ ਦੇ ਦਿਨ ਇਕ ਸਰਕਾਰੀ ਅਹਲਕਾਰ ਵਲੋਂ ਅੋਰੰਗਜ਼ੇਬ ਨੂੰ ਘੱਲੀ ਰਿਪੋਰਟ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:- 


"...ਹਰ ਚਹਾਰ ਬਰਨ ਕੌਮੇ ਹਨੂਦ ਅਜ਼ ਬ੍ਰਹਮਨ ਵ ਛਤ੍ਰੀ ਵ ਸ਼ੂਦ੍ਰ ਵ ਵੈਸ਼ ਕਿ ਹਰ ਯਕੇ ਰਾ ਦਰ ਧਰਮ ਸ਼ਾਸਤ੍ਰ ਦੀਨ ਅਲਹਿਦਾ ਮੁਕਰਰਸਤ, ਆਂ ਰਾ ਤਰਕ ਦਾਦਹ ਬਰ ਯਕ ਤਰੀਕ ਸਲੂਕ ਨੁਮਾਇੰਦ। ਵ ਹਮਹ ਬਰਾਬਰੰਦ, ਵ ਯਕੇ ਖ਼ੁਦ ਰਾ ਬਰ ਦੀਗਰੇ ਤਰਜੀਹ ਨ ਹਿਹਦ ਵ ਆਂ ਅਮਲੇ ਕੇਸ਼ ਅਜ਼ ਮਿਆਂ ਬਰਦਾਸ਼ਤਹ ਤਰੱਕੀ ਬਯ ਬੰਦ ਵ ਤੀਰਥਹਾਏ ਮਾਨਿੰਦ ਗੰਗ ਵਗੈਰਾ ਆਂ ਕਿ ਦਰ ਬੇਦ ਵ ਸ਼ਾਸਤ੍ਰ ਤਾਲੀਮੇ ਆਂਹਾ ਤਾਕੀਦ ਰਫ਼ਅਤ ਅਸਤ ਅਜ਼
ਖਾਤਿਰ ਬਦਰ ਕੁੰਨਦ। ਵ ਸਿਵਾਏ ਅਜ਼ ਗੁਰੂ ਨਾਨਕ ਵ ਖ਼ਲਫਾਏ a ਬਦੀਗਰ ਅਜ਼ ਸਨਾਵੀਦੇ ਹਨੂਦ ਮਿਸਲ ਰਾਮ,ਕਿਸ਼ਨ ਵ ਬ੍ਰਹਮਾ ਵ ਦੇਵੀ ਏਅਤਕਾਦ ਨ ਨੁਮਾਇੰਦ।

 
ਅਰਥ:- "ਹਿੰਦੂ ਕੌਮ ਦੇ ਚਾਰੇ ਵਰਨ:ਬ੍ਰਾਹਮਣ, ਛੱਤ੍ਰੀ ਵੈਸ਼ ਤੇ ਸ਼ੂਦਰ ਕਿ ਧਰਮ ਸ਼ਾਸਤਰ ਵਿਚ ਹਰ ਇਕ ਦਾ ਧਰਮ ਅਲਹਿਦਾ ਅਲਹਿਦਾ ਨੀਯਤ ਹੈ, ਉਸ ਨੂੰ ਛੱਡਕੇ ਇਕੋ ਢੰਗ ਤੇ ਪ੍ਰੇਮ ਕਰਨ।ਸਾਰੇ ਬਰਾਬਰ ਹਨ ਤੇ ਕੋਈ ਇਕ ਆਪਣੇ ਆਪ ਨੂੰ ਦੂਜੇ ਨਾਲੋਂ ਵਡਾ ਨਾ ਸਮਝੇ ਤੇ ਉਨਾਂ ਰਸਮਾਂ ਰਿਵਾਜਾਂ ਨੂੰ ਛੱਡਕੇ ਤਰੱਕੀ ਕਰਨ।ਤੇ ਤੀਰਥ, ਜਿਹਾ ਕਿ ਗੰਗਾ ਆਦਿਕ, ਜਿਨਾਂ ਦੀ ਮਹੱਤਤਾ ਵੇਦਾਂ ਸ਼ਾਸਤ੍ਰਾਂ ਵਿਚ ਮੌਜੂਦ ਹੈ,ਦਿਲ ਵਿਚੋਂ ਕੱਡ ਦੇਣ।ਗੁਰੂ ਨਾਨਕ ਤੇ ਉਨਾਂ ਤੋਂ ਪਿੱਛੋਂ ਹੋਏ ਗੁਰੂ ਸਾਹਿਬਾਂ ਤੋਂ ਸਿਵਾ ਹਿੰਦੂਆਂ ਦੇ ਹੋਰ ਦੇਵੀ ਦੇਵਤੇ ਜਿਹਾ ਕਿ ਰਾਮ,ਕ੍ਰਿਸ਼ਨ, ਬ੍ਰਹਮਾਂ, ਦੇਵੀ, ਉਪਰ ਭਰੋਸਾ ਨਾ ਲਿਆਉਣ"


"...ਹਮਚੁਨੀ ਸੁਖਨਾਨ ਬਿਸਿਯਾਰ ਗੁਫਤੰਦ।ਚੂੰ ਮਰਦੁਮਾਂ ਬਿਸ਼ੇਨੀਦੰਦ ਬਿਸਿਯਾਰੇ ਅਜ਼ ਬ੍ਰਹਮਨਾਂ ਵ ਛੱਤੀ੍ਰਆਂ ਬਰਖਾਸਤੰਦ ਵ ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵ ਹਮਹ ਗੁਰੁਆਂ ਬਦਾਂ ਕਾਯਲ ਨ ਸ਼ੁਦਹ ਬਾਸ਼ੰਦ ਵ ਮਜ਼ਜਬੇ ਕਿ ਮੁਖਾਲਫੇ ਵੇਦ ਸ਼ਾਸਤ੍ਰ ਬਵਦ ਹਰਗਿਜ਼ ਕਬੂਲ ਨਮੇ ਕੁਨੇਮ, ਵ ਸਜ਼ਹਬੇ ਕੁਹਨਾ ਰਾ ਕਿ ਪੇਸ਼ੀਨਾਨ ਬਰ ਆਂ ਅਕਦਾਮ ਨਮੂਦਹਅੰਦ ਬਗੁਫ਼ਤਹ ਕੋਦਕੇ ਅਜ਼ਾਂ ਦਸਤ ਨ ਦਿਹੇਮ। ਈਂ ਬਿਗੁਫ਼ਤੰਦ ਮਗਰ ਬਿਸਤ ਹਜ਼ਾਰ ਕਸ ਰਜ਼ਾ ਦਾਦੰਦ ਵ ਮੁਤਾਬਿਅਤ ਬਰ ਜ਼ੁਬਾਂ ਆਵੁਰਦੰਦ॥"

 
ਅਰਥ :-ਇਸ ਤਰਾਂ ਬਹੁਤ ਸਾਰਿਆਂ ਗਲਾਂ ਆਖੀਆਂ। ਜਦ ਲੋਕਾਂ ਨੇ ਸੁਣੀਆਂ, ਛੱਤ੍ਰੀਆਂ ਤੇ ਬ੍ਰਾਹਮਣਾਂ ਵਿਚੋਂ ਬਹੁਤ ਸਾਰੇ ਉਠ ਖੜੋਤੇ ਤੇ ਕਹਿਣ ਲਗੇ ਕਿ ਅਸੀਂ ਉਸ ਮਜ਼ਹਬ ਨੂੰ ਜੋ ਗੁਰੂ ਨਾਨਕ ਤੇ ਦੂਜੇ ਗੁਰੂਆਂ ਨੇ ਨਹੀਂ ਧਾਰਿਆ ਤੇ ਵੇਦਾਂ ਸ਼ਾਸਤ੍ਰਾਂ ਦੇ ਉਲਟ ਹੈ, ਉੱਕਾ ਹੀ ਨਹੀਂ ਮੰਨਾਂਗੇ। ਤੇ ਪੁਰਾਣਾ ਮਜ਼ਹਬ ਜਿਸ ਤੇ ਕਿ ਵਡੇ ਪਾਬੰਦ ਰਹੇ ਹਨ, ਇਕ ਮੁੰਡੇ ਦੇ ਕਹਿਣ ਤੇ ਨਹੀਂ ਛੱਡਾਗੇ, ਐਉਂ ਆਖਿ
ਨੇ, ਪਰ ਵੀਹ ਹਜ਼ਾਰ ਪ੍ਰਾਣੀਆਂ ਨੇ ਪਰਵਾਨ ਕਰ ਲਿਆ ਤੇ ਗੁਰੂ ਦੇ ਫੁਰਮਾਨ ਨੂੰ ਮਨ ਲਿਆ।

ਲਗਭਗ ਐਸੀ ਹੀ ਇਬਾਰਤ 'ਉਮਦਹ-ਤੁੱ-ਤਵਾਰੀਖ' ਦੇ ਦਫ਼ਤਰ ਅਵੱਲ ਦੇ ਤਤਿੱਮੇ ਵਿੱਚ ਵੀ ਲਿਖੀ ਹੈ, ਭਾਵ ਸਾਰਾ ਇਹੋ ਹੈ।


ਉਸ ਦਿਨ ਸਿਰ ਹਾਜ਼ਰ ਕਰਨ ਵਾਲਿਆਂ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ। ਬਾਕੀ ਸਰਕਾਰੀ ਰਿਪੋਰਟ ਵਿਚ ਕੁੱਝ ਗਲਾਂ ਦਾ ਜ਼ਿਕਰ ਹੈ। ਪਹਿਲੀ ਗਲ ਤਾਂ ਇਹ ਕਿ ਉਸ ਇੱਕਠ ਵਿਚ ਸਿੱਖਾਂ ਤੋਂ ਇਲਾਵਾ ਕੁੱਝ ਐਸੇ ਬੰਦੇ (Non Sikhs Opponents) ਵੀ ਸਨ ਜੋ ਕਿ ਗੁਰੂਘਰ ਨਾਲ ਨਹੀਂ ਸੀ ਜੁੜੇ ਹੋਏ। ਕੁੱਝ ਐਸੇ ਗਿਆਨ ਵਿਹੂਣੇਂ ਵੀ ਸਨ ਜਿਨਾਂ ਦਾ ਗੁਰੂਘਰ ਨਾਲ ਸਬੰਧ ਸਤਹੀ ਤੋਰ ਤੇ ਹੀ ਸੀ।ਕੁੱਝ ਐਸੇ ਵੀ ਹੋਂਣ ਗੇ ਜੋ ਕਿ ਇੱਕਦਮ ਵਾਪਰੇ ਇਸ ਕੋਤਕ ਨੂੰ ਫ਼ੌਰਨ ਸਮਝ ਨਹੀਂ ਸਕੇ ਹੋਂਣ ਗੇ।


ਦੂਜੀ ਗਲ ਇਹ ਕਿ ਗੁਰੂ ਵਲੋਂ ਸਿਧਾਂਤਕ ਸਪਸ਼ਟਤਾ ਦਿੱਤੀ ਗਈ ਸੀ ਜਿਸ ਵਿਚ ਭੇਦ ਭਾਵ, ਅਤੇ ਫੋਕਟ ਕਰਮਾਂ ਨਾਲ ਅਸਹਿਮਤੀ ਜਤਾਈ ਗਈ ਸੀ। ਤੀਜੀ ਗਲ ਇਹ ਕਿ ਉਸ ਦਿਨ ੨੦,੦੦੦ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ।

ਹਾਂ ਇਹ ਗਲ ਸਪਸ਼ਟ ਨਹੀਂ ਕਿ ਵਾਕਿਆ ਨਵੀਸ ਉਸ ਥਾਂ ਕਿਹੜੇ ਵੇਲੇ ਹਾਜ਼ਰ ਹੋਇਆ ਸੀ ਜਾਂ ਉਸ ਦੀ ਇਹ ਇੱਤਲਾਹ ਚਸ਼ਮਦੀਦੀ ਨਾ ਹੋ ਕੇ ਮੁਖਬਰੀ ਮਾਰਫ਼ਤ ਆਈ ਸੀ? ਵੈਸੇ ਵੀ ਵਾਕਿਆ ਨਵੀਸ ਸਰਕਾਰੀ ਪੱਖੀ ਸੀ ਇਸ ਲਈ ਹੋਰ ਗੱਲਾਂ ਨਾਲੋਂ ਗਿਣਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੋਂਣਾ ਹੈ ਕਿਉਂਕਿ ਗੁਰੂਘਰ ਉਸ ਵੇਲੇ ਸਰਕਾਰੀ ਟਕਰਾਉ ਦਾ ਸਾ੍ਹਮਣਾ ਕਰ ਰਿਹਾ ਸੀ।


ਹੋਰ ਹਵਾਲੇ ਵੀ ਹਨ ਪਰ ਇਸ ਚਰਚਾ ਵਿਚ ਇੱਕ ਹੀ ਕਾਫ਼ੀ ਹੈ ਇਹ ਦਰਸਾਉਂਣ ਲਈ ਕਿ ਉਸ ਦਿਨ ਪਰਖ ਪੰਜਾਂ ਦੀ ਹੋਈ ਸੀ ਪਰ ਬਾਦ ਵਿਚ ਹਜ਼ਾਰਾ ਸਿੱਖਾਂ ਨੇ ਇਹ ਦਾਤ ਪ੍ਰਾਪਤ ਕੀਤੀ ਸੀ। ਇਸ ਨਾਲ  ਦੋ ਗਲਾਂ ਸਪਸ਼ਟ ਹੁੰਦੀਆ ਹਨ:-


(੧) ਖੰਡੇ ਬਾਟੇ ਦਾ ਅੰਮ੍ਰਿਤ ਕੋਈ ਇੱਕ ਦਿਨ ਦਾ ਨਾਟਕ ਮਾਤਰ ਨਹੀਂ ਸੀ ਬਲਕਿ ਇਹ ਇਕ ਸੋਚਿਆ ਸਮਝਿਆ ਦੂਰਗਾਮੀ ਕਦਮ ਸੀ ਜਿਸ ਨੂੰ ਇਕ ਵਿਸ਼ੇਸ਼ ਪਰਖ ਰੂਪੀ  ਸਿੱਖਿਆ/ਸੰਦੇਸ਼ ਰਾਹੀਂ ਭਵਿੱਖ ਲਈ ਵੀ ਅੱਗੇ ਤੋਰਿਆ ਗਿਆ! 


(੨)  ਪੰਜਾਂ ਤੋਂ ਬਾਦ ੨੦,੦੦੦ ਦੀ ਗਿਣਤੀ ਇਹ ਸਪਸ਼ਟ ਕਰਦੀ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ ਛੱਕਾਉਂਣ  ਢੰਗ ਬਾਰੇ ਕੋਈ ਵਿਸ਼ੇਸ਼ ਗਲ ਗੁਪਤ ਨਹੀਂ ਸੀ ਰਹੀ।ਇਹ ਗਲ ਵੱਖਰੀ ਹੈ ਕਿ ਉਸ ਨੂੰ ਲੇ ਕੇ  ਕਾਲਾਂਤਰ ਕੁੱਝ ਅਤਿਕਥਨਿਆਂ ਵੀ ਪ੍ਰਚਲਤ ਹੋਇਆਂ।

ਹਰਦੇਵ ਸਿੰਘ, ਜੰਮੂ
੧੪.੧੧.੨੦੧੧

Saturday, 12 November 2011

ਪ੍ਰਸਾਦਿ ਦਾ ਕੀ ਕਰੀਏ?
 
(ਹਰਦੇਵ ਸਿੰਘ ਜੰਮੂ)


ਅੱਜ ਤੋਂ ਲਗਭਗ ਪੰਜ ਸਾਲ ਪਹਿਲਾਂ ਦਾਸ ਦਾ ਇੱਕ ਕਰੀਬੀ ਰਿਸ਼ਤੇਦਾਰ ਕਨੈਡਾ ਤੋਂ ਜੰਮੂ ਆਏ ਸੀ।ਉਸ ਰਿਸ਼ਤੇਦਾਰ ਨੇ ਗਲ ਬਾਤ ਦੌਰਾਨ ਦਾਸ ਨੂੰ ਦੱਸਿਆ ਕਿ ਕਨੈਡਾ ਵਿਚ ਜੰਮੇਂ-ਪਲੇ ਕੁੱਝ ਛੋਟੇ ਜਿਹੇ ਬੱਚੇ ਕੜ੍ਹਾ ਪਰਸਾਦ ਨੂੰ “ਕੇਕ” ਕਹਿ ਛੱਡਦੇ ਹਨ। ਦਾਸ ਗਲ ਸੁਣ ਕੇ ਬੱਚਿਆਂ ਦੇ ਭੋਲੇਪਨ ਤੇ ਮੁਸਕੁਰਾ ਉੱਠਿਆ ਸੀ।ਲੇਕਿਨ ਅੱਜ ਖੰਡੇ ਦੇ ਅੰਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ ਤੇ ਵਿਚਾਰ ਦੌਰਾਨ  ਉਹ ਪੰਜ ਸਾਲ ਪੁਰਾਣੀ ਗੱਲ ਚੇਤੇ ਆਉਣ ਤੇ, ਦਾਸ ਦੂਬਾਰਾ ਮਨ ਹੀ ਮਨ ਮੁੱਸਕੁਰਾ ਉੱਠਿਆ ਅਤੇ ਬਾਣੀ ਵਿਚਾਰਦੇ ਇਹ ਲੇਖ ਟਾਈਪ ਕਰਨ ਨੂੰ ਬੈਠ ਗਿਆ।

ਕੁੱਝ ਚਿਰ ਪਹਿਲਾਂ ਹੀ ਇਸ ਵਿਚਾਰ ਤੋ ਵਿਚਾਰ ਆਰੰਭ ਕੀਤਾ ਤਾਂ ਪਤਾ ਚੱਲਿਆ ਕਿ ਗੁਰਮਤਿ ਨੂੰ ਸਪਰਪਤ ਚਿੱਤਨ ਇਸ ਰਹਿਤ ਮਰਿਆਦਾ ਵਿਚ ਵਰਤੇ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਦੀ ਵਰੋਤੋਂ ਬਾਰੇ ਰੀਸੋ-ਰੀਸੀ ਚਲ ਪਈ ਅਸਹਿਮਤੀ ਇਸ ਵਿਚ ਬਦਲਾਵ ਦਾ ਵਿਚਾਰ ਪੇਸ਼ ਕਰਦੀ ਹੈ। ਇਸ ਤਰਕ ਦਾ ਅਧਾਰ ਇਹ ਹੈ ਕਿ ਬਾਣੀ ਵਿਚ ਅੰਮ੍ਰਿਤ ਕੇਵਲ ਅਤੇ ਕੇਵਲ ਨਾਮ/ਬਾਣੀ ਨੂੰ ਕਹਿਆ ਗਿਆ ਹੈ। ਬਾਣੀ ਪੜਨ ਉਪਰੰਤ ਪਤਾ ਚਲਿਆ ਕਿ ਨਾਮ/ਬਾਣੀ ਨੂੰ ਅੰਮ੍ਰਿਤ ਕਹਿਣ ਦੇ ਨਾਲ ਕਈ ਥਾਂਈ ਪਰਮਾਤਮਾ ਵੱਲੋਂ ਬਖਸ਼ਿਆਂ ਦਾਤਾਵਾਂ ਨੂੰ ਵੀ ਵਿਸ਼ੇਸ਼ ਸੰਧਰਭਾਂ ਵਿਚ ਅਤੇ ਮਿਸਾਲ ਵਜੋਂ ਕੁੱਝ ਥਾਂਈ ਅੰਮ੍ਰਿਤ ਕਿਹਾ ਗਿਆ ਹੈ।

ਪਰਮਾਤਮਾ ਵਲੋਂ ਅੰਮ੍ਰਿਤ ਦੀ ਵਰਖਾ ਨਿਰੰਤਰ ਹੁੰਦੀ ਹੈ ਜਿਸ ਦੇ ਆਨੰਦ ਤੋਂ ਪਰਿਚਤ ਹੋਂਣ ਲਈ ਗੁਰੂ ਦੇ ਸ਼ਬਦ ਨੂੰ ਵਿਚਾਰਣ ਦੀ ਲੋੜ ਹੈ। ਇਹ ਵੀ ਗੁਰਮਤਿ ਹੀ ਹੈ ! ਪਰ ਸਮਝ ਜਾਂਣਾ ਅਤੇ ਉਸ ਸਮਝ ਦਾ ਆਨੰਦ ਮਾਣਨਾ ਇਕ ‘ਸਿਆਣੇ’ਅਤੇ ‘ਸਚਿਆਰੇ’ ਵਿਚਲਾ ਫ਼ਰਕ ਹੈ।ਪਰਮਾਤਮਾ ਦੇ ਨਾਮ ਦਾ ਅਰਥ ਹੈ ਪਰਮਾਤਮਾ ਦੇ ਗੁਣ ਨਾ ਕਿ ਉਸਦਾ ਮਨੁੱਖਾਂ ਵਲੋਂ ਘੜਿਆ ਕੋਈ ਨਾਮ ਮਾਤਰ! ਨਾਮ ਅੰਮ੍ਰਿਤ ਦਾ ਅਰਥ ਪਰਮਾਤਮਾ ਦੇ ਗੁਣਾਂ ਦਾ ਅੰਮ੍ਰਿਤ ਵੀ ਹੈ।ਨਾਮ ਜੱਪਣਾ ਉਸ ਦੇ ਗੁਣਾਂ ਨੂੰ ਵਿਵਹਾਰ ਦੇ ਮਾਧਿਅਮ ਰਾਹੀਂ ਜੱਪਣਾ ਹੈ।ਕੁਦਰਤ ਪਰਮਾਤਮਾ ਦੇ ਬੇਅੰਤ ਗੁਣਾਂ ਵਿਚੋਂ ਇਕ ਗੁਣ ਹੈ ਜੋ ਦਾਤਾਵਾਂ ਨਾਲ ਭਰੀ ਹੈ।ਇਹ ਗੁਣ ਜੇ ਕਰ ਪਰਮਾਤਮਾ ਦਾ ਹੈ ਤਾਂ ਇਸ ਵਿਚ ਵੱਸਿਆਂ ਦਾਤਾਵਾਂ ਅੰਮ੍ਰਿਤ ਦੀ ਦਾਤ ਕਿਉਂ ਨਹੀ? ਜੇ ਕੁਦਰਤ ਵਿੱਚ ‘ਸੱਚਾ’ ਵੱਸਿਆ ਹੈ ਤਾਂ ਇਸ ਨੂੰ ਸਮਝਣ ਦੀ ਲੋੜ ਹੈ।

ਪਰ ਜ਼ਰੁਰੀ ਨਹੀਂ ਜੋ ਮਨੁੱਖ ਸਮਝ ਗਿਆ ਉਹ ਸਮੁੱਚੇ ਆਨੰਦ ਨੂੰ ਪ੍ਰਾਪਤ ਕਰ ਗਿਆ।ਪਰਮਾਤਮਾ ਨੇ ਹਰ ਪਾਸੇ ਅੰਮ੍ਰਿਤ ਬਖੇਰਿਆ ਹੈ।ਹਰ ਪਾਸੇ ਉਸਦੀ ਵਰਖਾ ਹੈ।ਭਲਾ ਇਹ ਕਿੰਝ ਹੋ ਸਕਦਾ ਹੈ ਕਿ ਪਰਮਾਤਮਾ ਕੁੱਝ ਦੇਵੇ ਤਾਂ ਉਹ ਅੰਮ੍ਰਿਤ ਨਾ ਹੋਵੇ।ਇਹ ਵੱਖਰੀ ਗੱਲ ਹੈ ਕਿ ਨਾਸਮਝੀ/ਦੁਰਵਰਤੋਂ ਵਿਚ ਅੰਮ੍ਰਿਤ ਦੀ ਪਛਾਂਣ ਅਤੇ ਉਸਦੇ ਸਵਾਦ ਤੋਂ ਬੰਦਾ ਭੱਟਕਿਆ ਰੰਹਿੰਦਾ ਹੈ। ਅਸੀਂ ਸਾਰੇ ਲਗਭਗ ਇਸੇ ਸ਼੍ਰੇਣੀ ਦੇ ਹਾਂ।ਸ਼ਾਯਦ ਕਿੱਧਰੇ ਕੋਈ ਅਪਵਾਦ ਹੋਵੇ!

ਗੁਰੂ ਨਾਨਕ ਜੀ ਨੇ ਸਪਸ਼ਟ ਕੀਤਾ ਹੈ:

ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥

ਅਰਥ:- ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)। ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।

ਪਰਮਾਤਮਾ ਦੀ ਵਡੀਆਈ ਨੂੰ ਗੁਰੂ ਨਾਨਕ ਉਸ ਦੀਆ ਦਿੱਤੀਆਂ ਦਾਤਵਾਂ ਰਾਹੀਂ ਸਪਸ਼ਟ ਕਰਦੇ ਹਨ:

ਜੇਵਡੁ ਆਪਿ ਤੇਵਡ ਤੇਰੀ ਦਾਤਿ ॥ (ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼ ।

  ਜੀਵਨ ਦਾਤ ਹੈ ਪਰ ਮੋਤ ਜੀਵਨ ਦਾ ਅੰਤ।ਪਰ ਗੁਰਬਾਣੀ ਵਿਚਲੀ ਜੁਗਤ ਇਸ ਦੁੱਖ ਨੂੰ ਵੀ ਸੁੱਖ ਵਿਚ ਬਦਲ ਛੱਡਦੀ ਹੈ।ਨਾਮ ਦਾ ਅੰਮ੍ਰਿਤ ਪੀਂਣ ਵਾਲੇ ਨੂੰ ਹੀ ਚਾਰੋ ਪਾਸਿਯੋਂ ਹੋ ਰਹੀ ਨਿਰੰਤਰ ਅੰਮ੍ਰਿਤ ਦੀ ਵਰਖਾ ਦਾ ਅਨੁਭਵ ਪ੍ਰਾਪਤ ਹੋ ਜਾਂਦਾ ਹੈ। ਆਮ ਮਨੁੱਖ ਉਸ ਨਿਰੰਤਰਧਾਰਾ ਵਿੱਚੋਂ ਕੁੱਝ ਛਿੱਟਾਂ ਦਾ ਅਨੁਭਵ ਵੀ ਕਰ ਜਾਏ ਤਾਂ ਗੁਰੂ ਦੀ ਅਪਾਰ ਕ੍ਰਿਪਾ (ਪ੍ਰਸਾਦਿ) ਹੋਵੇਗੀ।

 ਪਰਮਾਤਮਾ ਵਲੋਂ ਦਿੱਤੀਆਂ ਦਾਤਾਂ ਦੇ ਦ੍ਰਿਸ਼ਟਾਂਤ ਰਾਹੀ  ਆਮ ਮਨੁੱਖ ਨੂੰ ਸਮਝਾਉਂਦੇ ਬਾਣੀ ਵਿਚ ਪੰਚਮ ਗੁਰੂ ਸਾਹਿਬ ਦਾ ਫ਼ੁਰਮਾਨ ਹੈ:

ਅਸਟਪਦੀ ॥ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ (ਮਹਲਾ.5)

ਅਰਥ:- (ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ (ਚੇਤੇ) ਰੱਖ ।

ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ ।

ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿਚ ਸਿਮਰ ।

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ ।

ਹੇ ਨਾਨਕ! ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ) ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ।1।

  ਇਸ ਸ਼ਬਦ ਵਿਚ ਆਮ ਮਨੁੱਖ ਨੂੰ ਸੰਬੋਧਨ ਹੈ ਨਾ ਕਿ ਨਾਮ ਅੰਮ੍ਰਿਤ ਪੀ ਚੁੱਕੇ ਬੰਦੇ ਨੂੰ।ਪਰਮਾਤਮਾ ਦੇ ‘ਨਾਮ’ ਦੇ ਅਰਥ ਪਰਮਾਤਮਾ ਦੇ ਗੁਣ ਕਰਦੇ ਹੀ ਸਮੁੱਚੀ ਕਾਯਨਾਤ ਦੇ ਅੰਮ੍ਰਿਤ ਰੂਪ ਦੀ ਸਮਝ ਆਉਂਦੀ ਹੈ।ਪਰਮਾਤਮਾ ਵਲੋਂ ਬਖਸ਼ੇ ਅੰਮ੍ਰਿਤ (ਪ੍ਰਸਾਦਿ) ਦਾ ਦੁਰਪਿਯੋਗ ਜਾਂ ਉਸ ਪ੍ਰਤੀ ਦੁਬਿਦਾ, ਉਪਰਲਿਆਂ ਸਾਰਿਆਂ ਦਾਤਾਵਾਂ ਨੂੰ ਬਿੱਖ ਵਿਚ ਬਦਲ ਛੱਡਦੀ ਹੈ।ਇਸ ਸ਼ਬਦ ਵਿਚ 36 ਪ੍ਰਕਾਰ (ਕਈ ਪ੍ਰਕਾਰ) ਦੇ ਸੁਆਦਲੇ ਭੋਜਨਾਂ ਲਈ ਅੰਮ੍ਰਿਤ ਸ਼ਬਦ ਦੀ ਵਰਤੋਂ ਹੈ ਅਤੇ ਇਹ ਵਰਤੋਂ ਬਾਣੀ ਰੂਪੀ ਅੰਮ੍ਰਿਤ ਨਾਲੋਂ ਵੱਖਰੇ ਸੰਧਰਭ ਵਿਚ ਹੋਈ ਹੈ।

ਪਰ ਇਸ ਸਾਰੇ ਸੰਧਰਭ ਦੇ ਇਕ ਵੱਖਰੇ ਸੰਧਰਭ ਵਿਚ ਖੰਡੇ ਦੇ ਅੰਮ੍ਰਿਤ ਨੂੰ ਲੈ ਕੇ ਅੰਮ੍ਰਿਤ ਸ਼ਬਦ ਬਾਰੇ ਉੱਠੇ ਇਤਰਾਜ਼ ਦੀ ਜੜ ਵਿਚ ਹੈ ਇਹ ਵਿਚਾਰ ਕਿ ਗੁਰਬਾਣੀ ਵਿਚ ਅੰਮ੍ਰਿਤ ਸ਼ਬਦ ਵਰਤੋਂ ਨੂੰ ਕੇਵਲ ਇਕ ਸੰਧਰਭ ਲਈ ਹੀ ਰਾਖਵਾਂ  ਰੱਖਿਆ ਗਿਆ ਹੈ ਇਸ ਲਈ ਨਾਮ/ਬਾਣੀ ਦੇ ਅੰਮ੍ਰਿਤ ਤੋਂ ਅਲਗ, ਮਰਿਆਦਤ ਖੰਡੇ ਦਾ ਅੰਮ੍ਰਿਤ ਸਿਧਾਂਤਕ ਪੱਖੋ ਇਕ ਵਿਵਰਜਿਤ  ਸ਼ਬਦ ਵਰਤੋਂ ਹੈ ਅਤੇ ਇਸ ਵਰਤੋਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।

ਚਲੋ ਇਸ ਤਰਕ ਨੂੰ ਬਾਣੀ ਵਿਚ ਵਰਤੇ ‘ਪ੍ਰਸਾਦਿ’ ਸ਼ਬਦ ਦੀ ਰੋਸ਼ਨੀ ਵਿਚ ਵਿਚਾਰਣ ਦਾ ਜਤਨ ਕਰੀਏ ਜਿਸ ਵਿਚ ਪਰਮਾਤਮਾ ਵਲੋਂ ਦਿੱਤੀਆਂ ਕ੍ਰਿਪਾਵਾਂ ਅਤੇ ਉਨ੍ਹਾਂ ਬਾਰੇ ਸਹੀ ਸਮਝ ਦੇਂਣ ਵਾਲੇ ਗੁਰੂ ਦੀ ਸਿੱਖਿਆ ਨੂੰ ਵੀ ਪ੍ਰਸਾਦ ਵਜੋਂ ਬਿਆਨ ਕੀਤਾ ਗਿਆ ਹੈ।

ਮੁਲ ਮੰਤਰ ਵਿਚ ਇਸ ਪ੍ਰਸਾਦਿ ਸ਼ਬਦ ਦੀ ਵਰਤੋਂ ਹੈ।ਜਿਸ ਤੋਂ ਸਭ ਜਾਣੁ ਹੀ ਹਾਂ।ਇਸ ਦੇ ਮਹੱਤਵ ਨੂੰ ਸਮਝਦੇ ਹਾਂ। ਅਤੇ ਬਾਣੀ ਦੇ ਫ਼ੁਰਮਾਨ ਹਨ:


  1. ਮਾਝ ਮਹਲਾ ੩ ॥ ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
  2. ਕੋ ਵੇਖਾ ਅਵਰੁ ਨ ਬੀਆ ॥ ਗੁਰ ਪਰਸਾਦੀ ਅੰਮ੍ਰਿਤੁ ਪੀਆ ॥
  3. ਅੰਮ੍ਰਿਤੁ ਗੁਰ ਪਰਸਾਦੀ ਪਾਏ ॥
  4. ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥ (ਮਹਲਾ 5)
  5. ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ (ਗੁਰੂ ਨਾਨਕ)
  6. ਸਿਰੀਰਾਗੁ ਮਹਲਾ ੩ ॥ ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥ ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
  7.  ਮਾਝ ਮਹਲਾ ੩ ॥ ਅੰਮ੍ਰਿਤ ਨਾਮੁ ਮੰਨਿ ਵਸਾਏ ॥ ਹਉਮੈ ਮੇਰਾ ਸਭੁ ਦੁਖੁ ਗਵਾਏ ॥ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥ ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥ ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥ ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥ ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ ਅੰਮ੍ਰਿਤੁ ਗੁਰ ਪਰਸਾਦੀ ਪਾਏ ॥ ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥ਅਸਟਪਦੀ

ਇਸ ਸ਼ਬਦ ਵਿਚ ਨਾਮ/ਬਾਣੀ ਰੂਪੀ ਅੰਮ੍ਰਿਤ ਦੀ ਵਿਸ਼ੇਸ਼ ਵਿਆਖਿਆ ਹੈ ਅਤੇ ਨਾਲ ਹੀ ਬਿਲਕੁਲ ਸਪਸ਼ਟ ਕਿ ਅੰਮ੍ਰਿਤ ਨਾਮ ਗੁਰੂ ਦੀ ਕਿਰਪਾ (ਅੰਮ੍ਰਿਤ ਗੁਰ ਪਰਸਾਦੀ ਪਾਏ) ਰਾਹੀਂ ਹੀ ਪ੍ਰਾਪਤ ਹੁੰਦਾ ਹੈ।

 ਹੁਣ ਜੇ ਕਰ ਬਾਣੀ ਅੰਮ੍ਰਿਤ ਗੁਰੂ ਦਾ ਸਿੱਖਿਆ ਰੂਪੀ ਪ੍ਰਸਾਦ ਹੈ ਤਾਂ ਕੀ ਇਹ ਪ੍ਰਸਾਦ ਬਾਣੀ ਰੂਪੀ ਅੰਮ੍ਰਿਤ ਨਾਲੋਂ ਵੱਖ ਹੈ? ਇਹ ਬਾਰੀਕ ਸਵਾਲ ਹੈ ਜਿਸਦਾ ਉੱਤਰ ਹੈ, ਨਿਰਸੰਦੇਹ ਨਹੀਂ! ‘ਸ਼ਬਦ’ ਗੁਰੂ ਦਾ ਪ੍ਰਸਾਦ ਹੈ , ਉਸਦੀ ਮੇਹਰ ਹੈ, ਉਸਦੀ ਕਿਰਪਾ ਹੈ ਉਸ ਵਲੋਂ ਬਖ਼ਸ਼ਿਆ ਅੰਮ੍ਰਿਤ ਹੈ। ਤੇ ਜੇਕਰ ਉਹ ਪ੍ਰਸਾਦ ਅੰਮ੍ਰਿਤ ਹੈ ਤਾਂ ਕਿ ਕੋਈ ਕਿਸੇ ਸੰਸਾਰਕ ਪਧਾਰਥ ਨੂੰ ਪ੍ਰਸਾਦ ਕਹਿ ਕੇ ਪੁਕਾਰ ਸਕਦਾ ਹੈ? ਸਿਧਾਂਤਕ ਤੌਰ ਤੇ ਲਗੇਗਾ ਕਿ ਨਹੀਂ ਪੁਕਾਰਨਾ ਚਾਹੀਦਾ।ਪਰ ਉੱਪਰ ਵਿਚਾਰ ਆਏ ਪਰਮਾਤਮਾ ਵਲੋਂ ਬਖਸ਼ੇ ਬੇਅੰਤ ਦਾਤਾਵਾਂ ਦੇ ਪਰਸਾਦ ਨੂੰ ਕੀ ਕਹਿਏ? ਜੇਕਰ 'ਏਕੋ ਵੇਖਾ ਅਵਰੁ ਨ ਬੀਆ ॥ ਗੁਰ ਪਰਸਾਦੀ ਅੰਮ੍ਰਿਤੁ ਪੀਆ ' ਫ਼ੁਰਮਾਨ ਵੀ ਗੁਰਮਤਿ ਹੈ ਤਾਂ ਪਰਸਾਦੀ (ਕਿਰਪਾ, ਮੇਹਰ ਬਖ਼ਸ਼ੀਸ਼) ਅਤੇ ਅੰਮ੍ਰਿਤ ਦਾ ਕੀ ਸਬੰਧ ਸਥਾਪਤ ਹੁੰਦਾ ਹੈ? ਜੇਕਰ ਕ੍ਰਿਪਾ (ਪਰਸਾਦੀ) ਦਾ ਸਿੱਟਾ ਅੰਮ੍ਰਿਤ ਹੈ ਤਾਂ ਕ੍ਰਿਪਾ ਨੂੰ ਅੰਮ੍ਰਿਤ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।ਮਾਰਗ ਮੰਜ਼ਲ ਨਾਲੋਂ ਵੱਖਰਾ ਕਿਵੇਂ?

ਇਹ ਡੁੰਗੇ ਰੂਪ ਨਾਲ ਸਬੰਧਤ ਵਿਚਾਰ ਹਨ ਜਿੱਥੇ ਪਹੁੰਚਣ ਵਾਲੀ ਅਨੁਭਵ ਸ਼ਕਤੀ ਨੂੰ ਹੀ ਵੱਗਦਿਆਂ ਹਵਾਵਾਂ, ਚਲਦੇ ਸਵਾਸਾਂ, ਵੱਗਦੇ ਪਾਣੀ,ਘੁੱਮਦੀ ਧਰਮਸਾਲ, ਚੱੜਦੇ-ੳਤਰਦੇ ਦਿਨ-ਰਾਤ, ਮੈਦਾਨਾਂ, ਰੇਗਿਸਤਨਾਂ, ਪਹਾੜਾਂ ਅਤੇ ਪੱਥਰਾਂ ਦੇ ਗਰਭ ਅੰਦਰ ਜੀਵਾਂ ਦੇ ਰਿਜ਼ਕ ਵਿੱਚ ਪਰਮਾਤਮਾ ਦਾ ਪ੍ਰਸਾਦ, ਪਰਮਾਤਮਾ ਦੀ ਕ੍ਰਿਪਾ, ਪਰਮਾਤਮਾ ਦਾ ਬਖੇਰਿਆ ਅੰਮ੍ਰਿਤ ਨਜ਼ਰ ਆਉਂਦਾ ਹੈ।ਪਰ ਧਿਆਨ ਰਹੇ ਕਿ ਅਸੀਂ ਗੁਰਦੂਆਰੇ ਵਿਚ ਵਰਤਨ ਵਾਲੇ ਪ੍ਰਸਾਦ ਲਈ ਵੀ ਪ੍ਰਸਾਦ ਸ਼ਬਦ ਇਸਤੇਮਾਲ ਕਰਦੇ ਹਾਂ!

ਖੰਡੇ ਦਾ ਅੰਮ੍ਰਿਤ ਵਿਚ ਅੰਮ੍ਰਿਤ ਸ਼ਬਦ ਵਰਤੋਂ ਤੋਂ ਅਸਹਿਮਤ ਸੱਜਣ ਕੀ ਹੁਣ ਗੁਰੂ ਦੂਆਰੇ ਵਿਚ ਵਰਤਣ ਵਾਲੇ ਕੜਾਹ ਪਰਸਾਦ ਸ਼ਬਦਾਂ ਦਾ ਵਿਰੌਧ ਕਰਨ ਗੇ? ਕੁੱਝ ਸ਼ਾਯਦ ਹੁਣ ਕਰਨ ਲੱਗ ਪੇਂਣ ਅਤੇ ਕੁੱਝ ਸ਼ਾਯਦ ਨਹੀਂ ਕਰਨ ਗੇ! ਕਿਉਂਕਿ ਉਨ੍ਹਾਂ ਨੂੰ ਹੁਣ ਥੋੜੀ ਪਰੇਸ਼ਾਨੀ ਅਤੇ ਹਿੱਚਕ ਆਏ ਗੀ ਕਿਉਂਕਿ ਅਤਿ ਚੁੱਕ ਲੇਣੀਂ ਵੀ ਸੋਭਦੀ ਨਹੀਂ। ਨਾਲ ਹੀ ਉਹ ਕਹਿ ਸਕਦੇ ਹਨ ਕਿ “ ਭਈ ਇਹ ਉਹ ਪਰਸਾਦ ਨਹੀਂ ਜਿਸਦਾ ਜ਼ਿਕਰ ਮੂਲ ਮੰਤਰ ਅਤੇ ਬਾਣੀ ਵਿਚ ਥਾਂ ਪਰ ਥਾਂ ਹੈ। ਇਹ ਤਾਂ ਰਸਮੀ ਕੜਾਹ ਪ੍ਰਸ਼ਾਦਿ (ਕੜਾਹ ਦਾ ਪ੍ਰਸਾਦ) ਹੈ ਮੂਲ ਮੰਤਰ ਵਾਲਾ ਗੁਰੂ ਦਾ ਪ੍ਰਸਾਦ ਨਹੀਂ!”

ਐਸਾ ਕਹਿ ਕੇ ਉਹ ਠੀਕ ਹੀ ਕਹਿਣ ਗੇ।ਪਰ ਜੇ ਕਰ ਰਹਿਤ ਮਰਿਆਦਾ ਵਿਚ ਲਿਖਤ ਖੰਡੇ ਦੇ ਅੰਮ੍ਰਿਤ ਬਾਰੇ ਇਹੀ ਤਰਕ ਉਨ੍ਹਾਂ ਸੱਜਣਾ ਨੂੰ ਸਮਝਣਾ ਪੈ ਜਾਏ ਤਾਂ ਬੜੀ ਔਖੀ ਗਲ ਹੈ ਉਨ੍ਹਾਂ ਦੇ ਸਮਝਣ ਲਈ!

ਜਿੱਥੋਂ ਤਕ ਅੰਮ੍ਰਿਤ ਸ਼ਬਦ ਦੀ ਵਰਤੋਂ ਦਾ ਸਵਾਲ ਹੈ ਤਾਂ ਬਾਣੀ ਅੰਦਰ ਕੁੱਝ ਸੰਸਾਰਕ ਵਸਤੁਆਂ ਲਈ ਵੀ ਅੰਮ੍ਰਿਤ ਸ਼ਬਦ ਦੀ ਸਪਸ਼ਟ ਵਰਤੋਂ ਹੈ ਪਰ ਪ੍ਰਸਾਦ ਤਾਂ ਜ਼ਿਆਦਾ ਗੰਭੀਰ ਸਮੱਸਿਆ ਖੜੀ ਕਰੇਗਾ।ਇਸ ਸ਼ਬਦ ਦਾ ਬਦਲ ਦਾ ਹਵਾਲਾ ਤਾਂ ਪੁਰਾਣੇ ਰਹਿਤਨਾਮਿਆਂ ਵਿਚ ਵੀ ਨਹੀਂ।ਕੀ ਇਸ ਨੂੰ ਅਸੀਂ ਵੀ ਕਨੈਡਾ ਦੇ ਕੁੱਝ ਬੱਚਿਆਂ ਵਾਂਗ “ਕੇਕ” ਕਹੀਏ ਤਾਂ ਕਿ ਸਿਧਾਂਤ ਭੰਗ ਹੋਣ ਤੋਂ ਬੱਚ ਜਾਏ? ਹੁਣ ਤਾਂ ਇਹ ਅਤਿ ਹੀ ਹੋਵੇਗੀ ਕਿ ਕੋਈ ‘ਅਲਟਰਾ ਜਾਗਰੂਕ’ ਸੱਜਣ ਕੜਾਹ ਪ੍ਰਸਾਦ ਸ਼ਬਦ ਜੋੜ ਵਰਤਨ ਤੇ ਰੋਕ ਦੀ ਮੰਗ ਰੱਖਦੇ ਰਹਿਤ ਮਰਿਆਦਾ ਦਾ ਵਿਰੋਧ ਕਰ ਦੇਵੇ ਉਹ ਵੀ ਇਸ ਤਰਕ ਨਾਲ ਕਿ ਰਹਿਤ ਮਰਿਆਦਾ ਵਿਚ ਕੜਾਹ ਪ੍ਰਸਾਦ ਲਿਖ ਕੇ ਗੁਰਮਤਿ ਦਾ ਸਿਧਾਂਤ ਭੰਗ ਕਰ ਦਿੱਤਾ ਗਿਆ ਹੈ।

ਜੇਕਰ ਐਸੀਆਂ ਗਲਾਂ ਰਾਹੀਂ ਹੀ ਗੁਰਮਤਿ ਸਮਝਾਉਂਣ/ਲਾਗੂ ਕਰਨ ਦਾ ਮਾਰਗ ਖੁੱਲ ਸਕਦਾ ਹੈ ਤਾਂ ਕਨੈਡਾ ਵਿਚ ਵੱਸਦੇ ਉਨ੍ਹਾਂ ਕੁੱਝ ਬੱਚਿਆਂ ਦੀ ਯਾਦ ਆਉਂਦੀ ਹੈ ਜਿਹੜੇ ਅਣਜਾਣੇ ਕੜਾਹ ਪ੍ਰਸਾਦ ਨੂੰ “ਕੇਕ” ਕਹਿ ਕੇ ਪੁਕਾਰ ਛੱਡਦੇ ਸੀ!ਨਾਲ ਇਹ ਸੋਚ ਵੀ ਉੱਠਦੀ ਹੈ ਕਿ ਕੁੱਝ ਵਿਦਵਾਨ ਹੁਣ ਪਤਾ ਨਹੀਂ ਕਿਸੇ ਦਿਨ ‘ਕੜ੍ਹਾ ਪਰਸਾਦ’ ਦੀ ਕੀ ਹਾਲਤ ਕਰਨ ਗੇ?? ਇੰਝ ਦੀਆਂ ਕਸਵਟੀਆਂ ਤਾਂ ‘ਗੁਰੂਘਰ’ ਅਤੇ ‘ਗੁਰਦੁਆਰਾ’ (ਪ੍ਰਚਾਰ ਕੇਂਦਰ) ਸ਼ਬਦਾਂ ਦਾ ਵਿਰੌਧ ਕਰਨ ਗਿਆਂ? ਇਹ ਸਮਝਦਾਰੀ ਵਾਲੀਆਂ ਕਸਵਟੀਆਂ ਨਹੀਂ। ਬਿਨਾਂ ਸ਼ਬਦ ਵਰਤੋਂ ਦੇ ਪਰਿਪੇਖਾਂ ਨੂੰ ਸਮਝਦੇ ਅਸੀਂ ਤਾਂ ਕੁੱਝ ਕਦਮ ਵੀ ਨਹੀਂ ਚਲ ਸਕਦੇ।

ਕਿਸੇ ਵਿਸ਼ੇ ਤੇ ਵਿਚਾਰ ਪੇਸ਼ ਕਰਨਾ ਅਤੇ ਕਿਸੇ ਵਿਸ਼ੇ ਤੇ ਵਿਚਾਰ ਪੇਸ਼ੀ ਦੇ ਨਾਲ-ਨਾਲ ਕੋਈ  ਮੰਗ ਪੇਸ਼ ਕਰਨਾ ਵੱਖਰੀ ਗਲ ਹੁੰਦੀ ਹੈ।ਵਿਚਾਰ ਪੇਸ਼ ਕਰਨਾ ਵਿਚਾਰਨਾ ਹੁੰਦਾ ਹੈ ਪਰ ਮੰਗ ਪੇਸ਼ ਕਰਨਾ ਦਾਵਾ ਜਤਲਾਉਂਣ ਵਰਗੀ ਗਲ ਹੁੰਦੀ ਹੈ ਜਿਸ ਨੂੰ ਸੋਚ ਵਿਚਾਰ ਕੇ ਹੀ ਦਾਵੇ ਦਾ ਰੂਪ ਦੇਣਾ ਚਾਹੀਦਾ ਹੈ।

ਅਜੇ ਤਕ ਰਹਿਤ ਮਰਿਆਦਾ ਵਿਚੋਂ ਕੱਡੇ ਗਏ ਨੁੱਕਸਾਂ ਵਿੱਚ ਕੜ੍ਹਾ ਪ੍ਰਸਾਦਿ ਸ਼ਬਦ ਵਰਤੋਂ ਤੇ ਕਿੰਤੂ ਨਹੀਂ ਪੜਨ ਨੂੰ ਨਹੀਂ ਮਿਲਿਆ ਪਰ ਅਚਰਜ ਨਹੀਂ ਕਿ ਕੋਈ ਅਲਟਰਾ ਜਾਗਰੂਕ ਚਿੰਤਨ ਇਸ ਪਾਸੇ ਵੀ ਚਾਲੇ ਪਾ ਦੇਵੇ ਸਿਰਫ਼ ਇਸ ਲਈ ਕਿ ਖੰਡੇ ਦੇ ਅੰਮ੍ਰਿਤ ਸ਼ਬਦਾਂ ਵਿਚ ਅੰਮ੍ਰਿਤ ਸ਼ਬਦ ਦੀ ਵਰਤੋਂ ਤੇ ਹੋਈ ਰੀਸੋ-ਰੀਸੀ ਨੂੰ ਵਾਜਬ ਸਥਾਪਤ ਕੀਤਾ ਜਾ ਸਕੇ।



-ਹਰਦੇਵ ਸਿੰਘ ਜੰਮੂ

Thursday, 10 November 2011

NOTE:- I have just read  S. Inderjeet Singh Ji (Kanpur) in response to my blog letter Mahakaal Nahi Maha Kall! I have come to know exactly that the reference used by him was from respected S. Dalbir Singh Msc. I also hold him in high esteem and can not doubt his integrity. But I am not in an agreement with him as he has intentionely clubbed two diffrent words 'Maha' & 'Kaal' in to one word Mahakaal. (Page 885 GGS) I have been informed by himself about this telephonically today on 11.11.2011. I find this as a wrong precedence. I also request very humbly to S. Inderjit Singh Ji not to take the things otherwise out of emotions. If not more than him, but I also believe in one Akal Purakh no matter if HE is named as Ram, Thakur, Rahim, Khuda , Krishan etc. in Gurbani for reference. (Hardev Singh , Jammu)



'ਮਹਾਕਾਲੁ' ਨਹੀਂ 'ਮਹਾ' 'ਕਾਲੁ'
 
ਹਰਦੇਵ ਸਿੰਘ ਜੰਮੂ


ਸਤਿਕਾਰ ਯੋਗ ਸ. ਇੰਦਰਜੀਤ ਸਿੰਘ ਜੀ, ਕਾਨਪੁਰ  ਵਲੋਂ ਇੱਕ ਵੈਬ ਸਾਈਟ ਤੇ ਦਾਸ ਦੇ ਲੇਖ ਪ੍ਰਿਥਮ ਭਗੌਤੀ-ਇਕ ਪੜਚੋਲ' ਦੇ ਜਵਾਬ ਵਿਚ ਇਕ ਲੇਖ ਛੱਪਿਆ ਹੈ।ਵੈਬ ਸਾਈਟ ਦਾ ਲਿੰਕ ਹੈ:-                   



ਇਸ ਲੇਖ ਬਾਰੇ ਹੋਈ ਇਕ ਦਿਲਚਸਪ ਗਲ ਦਾਸ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ। ਇਹ ਲੇਖ ਪਹਿਲਾਂ ਸ. ਇੰਦਰਜੀਤ ਸਿੰਘ ਜੀ ਦੇ ਬਲੋਗ ਤੇ ਛੱਪਿਆ ਸੀ। ਜਿਸ ਨੂੰ ਪੜਨ ਉਪਰੰਤ ਦਾਸ ਨੇ ਉਨਾਂ ਨੂੰ ਸੂਚਤ ਕੀਤਾ ਕਿ ਉਨਾਂ ਵਲੋਂ ਵਰਤੇ ਗੁਰਬਾਣੀ ਦੇ ਹੇਠ ਲਿਖੇ ਹਵਾਲੇ ਵਿਚ ਕੁੱਝ ਸ਼ਰਾਰਤ ਜਿਹੀ ਪ੍ਰਤੀਤ ਹੁੰਦੀ ਹੈ ਜਿਸ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਆਏ ਮੂਲ ਸ਼ਬਦਾਂ 'ਮਹਾ ਕਾਲੁ' ਨੂੰ ਜੋੜ ਕੇ 'ਮਹਾਕਾਲੁ' ਕਰਦੇ ਹੋਏ ਉਸਦੇ ਅਰਥ ਵੀ ਬਦਲੇ ਗਏ ਹਨ।ਉਨਾਂ ਫ਼ੌਰਨ ਸੁਹਿਰਦਤਾ ਨਾਲ ਇਸ ਗਲ ਦਾ ਨੋਟਿਸ ਲੇਂਦੇ ਦਾਸ ਨੂੰ ਸਪਸ਼ਟੀ ਕਰਨ ਵਿਚ ਇਹ ਦੱਸਿਆ ਕਿ ਉਨਾਂ ਗੁਰਬਾਣੀ ਦੇ ਇਸ ਹਵਾਲੇ ਅਤੇ ਉਸਦੇ ਅਰਥਾਂ ਨੂੰ ਕਿਸੇ ਸ.ਦਲਬੀਰ ਸਿੰਘ ਜੀ ਵਲੋਂ ਲਿਖੀ ਕਿਸੇ ਲਿਖਤ ਤੋਂ ਸਿੱਧਾ ਕਾਪੀ ਪੇਸਟ ਕੀਤਾ ਹੈ।

ਦਾਸ ਨੇ ਉਨਾਂ ਨੂੰ ਕਿਹਾ ਕਿ ਇਹ ਇਕ ਗ਼ੈਰਵਾਜਬ ਢੰਗ ਪ੍ਰਤੀਤ ਹੁੰਦਾ ਹੈ ਕੋਈ ਆਪਣੇ ਮਤ ਨੂੰ ਸਿੱਧ ਕਰਨ ਲਈ ਸਹੁਲਿਅਤ ਅਨੁਸਾਰ ਪਹਿਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜੋੜ ਬਦਲੇ ਅਤੇ ਫ਼ਿਰ ਸਹੂਲਿਅਤ ਮੁਤਾਬਕ ਹੀ ਉਸਦੇ ਅਰਥ ਕਰ ਲੇਵੇ।

ਸ. ਇੰਦਰਜੀਤ ਸਿੰਘ ਜੀ ਨੇ ਉਸੇ ਵੇਲੇ ਆਪਣੇ ਬਲਾਗ ਤੇ "ਮਹਾਕਾਲੁ" ਦੇ ਸ਼ਬਦ ਜੋੜ ਨੂੰ 'ਮਹਾ ਕਾਲੁ' ਕਰਕੇ ਠੀਕ ਕਰ ਦਿੱਤਾ ਅਤੇ ਦਾਸ ਨੂੰ ਸੂਚਤ ਕੀਤਾ ਕਿ ਉਹ ਇਸ ਗਲਤੀ ਨੂੰ ਠੀਕ ਕਰਨ ਲਈ ਉਨਾਂ ਵੈਬਸਾਈਟਾਂ ਨੂੰ ਵੀ ਲਿਖ ਦੇਂਣ ਗੇ ਜਿਨਾਂ ਨੂੰ ਉਹ ਪਹਿਲਾਂ ਹੀ ਇਹ ਲੇਖ ਭੇਜ ਚੁੱਕੇ ਹਨ। ਦਾਸ ਨੂੰ ਪੁਰਾ ਵਿਸ਼ਵਾਸ ਹੈ ਕਿ ਉਨਾਂ ਐਸਾ ਕੀਤਾ ਹੀ ਹੋਂਣਾ ਹੈ।ਪਰ  ਵੀਰ ਜੀ ਨੇ, ਜਿਵੇਂ ਕਿ ਉਨਾਂ ਨੂੰ ਠੀਕ ਲਗਾ, ਉਸ ਸ਼ਬਦ ਦੇ ਅਰਥਾਂ ਨੂੰ ਨਹੀਂ ਬਦਲਿਆ ਕਿਉਂਕਿ ਜੇ ਕਰ ਉਹ ਪ੍ਰੇ. ਸ਼ਾਹਿਬ ਸਿੰਘ ਜੀ ਵਲੋਂ ਕੀਤੇ ਅਰਥਾਂ ਨੂੰ ਸਵੀਕਾਰ ਕਰਦੇ ਤਾਂ ਉਨਾਂ ਦਾ ਲੇਖ ਅਤਰਕਸੰਗਤ ਹੋ ਜਾਣਾ ਸੀ।ਉੱਪਰ ਲਿਖੀ ਵੈਬਸਾਈਟ ਤੇ ਉਨਾਂ ਵਲੋਂ ਭੇਜਿਆ ਲੇਖ ਬਿਨਾਂ ਸੁਧਾਈ ਦੇ ਛੱਪ ਗਿਆ ਹੈ।ਇਸ ਲਈ ਦਾਸ ਨੂੰ ਇਹ ਗਲ ਪਾਠਕਾਂ ਨਾਲ ਸਾਂਝੀ ਕਰਨੀ ਪਈ ਹੈ।

ਦਾਸ ਪਾਠਕਾਂ ਦੀ ਜਾਣਕਾਰੀ ਲਈ ਉਸ ਹਵਾਲੇ ਨੂੰ ਅਰਥਾਂ ਸਮੇਤ ਹੇਠ ਪੇਸ਼ ਕਰ ਰਿਹਾ ਹੈ:-

ਰਾਮਕਲੀ ਮਹਲਾ ੫॥
ਜਪਿ ਗੋਬਿੰਦੁ ਗੋਪਾਲ ਲਾਲੁ॥
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥੧॥ ਰਹਾਉ॥ (ਪੰਨਾ ੮੮੫)

ਅਰਥ:- ਹੇ ਭਾਈ! ਅਮੋਲਕ ਗੋਪਾਲ ਦਾ ਗੋਬਿੰਦ ਨਾਮ ਜਪ ਕੇ,ਰਾਮ ਨਾਮ ਦਾ ਸਿਮਰਨ ਕਰਕੇ ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ; ਫਿਰ ਤੈਨੂੰ ਭਿਆਨਕ ਆਤਮਕ ਮੌਤ ਦੇਣ ਵਾਲਾ ਦੇਵਤਾ ਮਹਾਕਾਲ ਖਾ ਨਹੀਂ ਸਕੇਗਾ॥੧॥

ਉੱਪਰ ਇਹ ਉਹ ਨਮੂਨਾ ਹੈ ਜਿਸ ਨੂੰ ਵੀਰ ਇੰਦਰਜੀਤ ਸਿੰਘ ਕਾਨਪੁਰ ਜੀ ਨੇ ਕਿਸੇ ਵਚਿੱਤਰਨਾਟਕ ਵਿਰੋਧੀ ਲਿਖਤ ਤੋਂ ਚੁੱਕ ਕਾਪੀ ਪੇਸਟ ਕਰ ਲਿਆ ਸੀ।


ਹੁਣ ਪਾਠਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਲਿਖਤ ਨੂੰ ਵੀ ਹੇਠ ਪੜ ਲੇਂਣ ਜੋ ਕਿ ਅਰਥਾਂ ਸਮੇਤ ਇੰਝ ਹੈ:-

  ਰਾਮਕਲੀ ਮਹਲਾ ੫॥
ਜਪਿ ਗੋਬਿੰਦੁ ਗੋਪਾਲ ਲਾਲੁ॥
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥੧॥ ਰਹਾਉ॥ (ਪੰਨਾ ੮੮੫)


ਅਰਥ : ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਮਰਿਆ ਕਰ, (ਜਿਉ ਜਿਉ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧। ਰਹਾਉ। (ਪ੍ਰੋ. ਸ਼ਾਹਿਬ ਸਿੰਘ ਜੀ )

ਇਸ ਵਿੱਚ ਸ. ਇੰਦਰ ਸਿੰਘ ਜੀ ਦਾ ਕੋਈ ਦੌਸ਼ ਨਹੀਂ ਅਤੇ ਨਾ ਹੀ ਉਸ ਵੈਬਸਾਈਟ ਦਾ ਜਿਸ ਵਿਚ ਇਹ ਬਿਨਾ ਸੁਧਾਈ ਛੱਪਿਆ ਹੈ।ਪਰ ਜੇ ਕਰ ਕਿਸੇ ਹੋਰ ਨੇ (ਜਿੱਥੋਂ ਇਹ ਕਾਪੀ ਪੇਸ਼ਟ ਕੀਤਾ ਗਿਆ) ਜਾਣਬੂਝ ਕੇ ਆਪਣੇ ਕਿਸੇ ਨੁੱਕਤੇ ਨੂੰ ਪ੍ਰੋਢਤਾ ਦੇਂਣ ਲਈ ਇਹ ਗੁਮਰਾਹਕੁਨ ਢੰਗ ਵਰਤਿਆ ਹੈ ਤਾਂ ਇਹ ਕੰਮ ਠੀਕ ਨਹੀਂ। ਅਰਦਾਸ ਦੇ ਇਕ ਬੰਧ ਨੂੰ ਰੱਧ ਕਰਨ ਲਈ ਪਹਿਲਾਂ ਵੱਖਰੇ ਸ਼ਬਦਾਂ ਨੂੰ ਜੋੜਨਾ ਅਤੇ ਫ਼ਿਰ ਮਨ ਮਾਫ਼ਕ ਅਰਥ ਕੱਡਣ ਦਾ ਤਰੀਕਾ ਠੀਕ ਨਹੀਂ।

ਹਰਦੇਵ ਸਿੰਘ ਜੰਮੂ

NOTE:- At first place, this appears to be a delebrate attempt to mispresent the Gurbani by clubbing the different words to obtain desired meanings to prove personnal point. However, this is the original writer who can explain the things. I suggest and request S. Inderjit Singh Ji Kanpur to seek an explaination from the original writer of  the reference used by him. The effort of the original writer  appears to be to misleading the readers.Wheather this is delebrate or only a human error? This is the bottom line question for him to answer.

Monday, 7 November 2011

‘ਗੁਰੂ ਨਾਨਕ ਜੀ ਦੇ ਧਰਮ ਬਾਰੇ ਇੱਕ ਸੰਖ਼ੇਪ ਵਿਚਾਰ’

ਹਰਦੇਵ ਸਿੰਘ, ਜੰਮੂ


ਗੁਰੂ ਨਾਨਕ ਜੀ ‘ਸਿਖੀ ਦੇ ਦਰਸ਼ਨ’ ਦੇ ਸੂਤਰਧਾਰ ਸਨ। ਇਹ ਇੱਕ ਸੁਭਾਵਕ ਗੱਲ ਹੀ ਹੈ ਕਿ ਮਨੁੱਖ ਕਿਸੇ ਬਾਰੇ ਗੱਲ ਕਰਨ ਵੇਲੇ ਭੂਤਕਾਲ, ਵਰਤਮਾਨਕਾਲ ਜਾਂ ਭਵਿੱਖਕਾਲ ਦੇ ਸੰਧਰਭ ਦਾ ਇਸਤੇਮਾਲ ਕਰਦਾ ਹੈ। ਇਸ ਵਿੱਚ ਕੋਈ ਹਰਜ਼ ਨਹੀ। ਪਰ ਇੱਝ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ‘ਸਿੱਖੀ ਦੇ ਦਰਸ਼ਨ‘ ਦੇ ਸੂਤਰਧਾਰ ਹਨ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਦਰਸ਼ਨ ਹੈ।

ਗੁਰਤਾ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਸਨ ੳਸ ਫ਼ਲਸਫ਼ੇ ਦੇ ਸਦਕੇ ਜੋ ਕਿ ਅੱਜ ਤਕ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ ਵਿੱਚ ਸਾਡਾ ਗੁਰੂ ਹੈ। ਮਾੜੀ ਗੱਲ ਨਹੀਂ ਹੁੰਦੀ ਜੇ ਕਰ ਕੁੱਝ ਸਮਝ ਨਾ ਆਏ ਤਾਂ ਮਨੁੱਖ ਆਪਣੇ ਆਲੇ-ਦੂਆਲੇ ਦੇ ਸੰਸਾਰ ਦੇ ਸੰਸਾਰਕ ਬਿੰਬਾਂ ਤੋਂ ਵੀ ਕੁੱਝ ਸਮਝ ਲੇਵੇ। ਕੁਦਰਤ ਦੇ ਰੰਗ ਬੰਦੇ ਨੂੰ ਬਹੁਤ ਕੁੱਝ ਸਿਖਾੳਂਦੇ ਹਨ।

ਭਾਰਤ ਦੇ ਕਾਨੂਨ ਅਨੁਸਾਰ ਭਾਰਤ ਦਾ ਇੱਕ ਰਾਸ਼ਟ੍ਰਪਤੀ ਹੁੰਦਾ ਹੈ। ਰਾਸ਼ਟ੍ਰਪਤੀ ਇੱਕ ਅਹੁਦਾ ਹੈ ਜਿਸ ਤੇ ਅੱਜ ਤਕ ਕਈ ਬੰਦੇ ਬੈਠੇ ਹਨ ਜਾਂ ਉਸ ਦੇ ਧਾਰਨੀ ਹੋਏ ਹਨ। ਮਿਸਾਲ ਦੇ ਤੋਰ ਤੇ 15 ਬੰਦੇ! ਸੁਭਾਵਕ ਤੋਰ ਤੇ ਉਹ ਬੰਦੇ ਅੱਜ ਤਕ ਹੋਏ 15 ਰਾਸ਼ਟ੍ਰਪਤਿ ਹੀ ਕਿਹੇ ਜਾਣਗੇ। ਐਸਾ ਕਹਿਣ ਨਾਲ 15 ਅਹੁਦੇ ਨਹੀਂ ਬਣਦੇ ਬਲਕਿ ਅਹੁਦਾ ਇੱਕ ਹੀ ਮੰਨਿਆਂ ਜਾਂਦਾ ਹੈ। ਇਹ ਗੱਲ ਸਮਝਣੀ ਔਖੀ ਨਹੀਂ ਜੇਕਰ ਵਾਸਤਵਕ ਸੰਧਰਭ ਨੂੰ ਸਮਝ ਕੇ ਤੁਰਿਆ ਜਾਵੈ।

ਕੀ ਅਹੁਦੇ ਦੇ ਬਿਨਾ ਬੰਦਾ ਰਾਸ਼ਟ੍ਰਪਤਿ ਹੋ ਸਕਦਾ ਹੈ? ਜਾਂ ਫ਼ਿਰ ਕੀ ਬੰਦੇ ਦੇ ਬਿਨ੍ਹਾਂ ਖਾਲੀ ਅਹੁਦਾ ਆਪ ਰਾਸ਼ਟ੍ਰਪਤਿ ਹੋ ਸਕਦਾ ਹੈ? ਇਹ ਸਵਾਲ ਦਿਸਚਸਪ ਹਨ। ਅਹੁਦਾ ਇੱਕ ਆਇਨੀ (Constitutional) ਫ਼ਲਸਫ਼ੇ ਦਾ ਹਿੱਸਾ ਹੈ ਪਰ ਬਿਨ੍ਹਾਂ ਅਚਾਰ (ਬੰਦੇ) ਦੇ ਉਹ ਅਧੂਰਾ ਹੈ! ਗੁਰੂ ਨਾਨਕ ‘ਆਪਣੇ ਸ਼ਬਦ ਫ਼ਲਸਫ਼ੇ‘ ਦੇ ਅਚਾਰੀ ਸਨ। ਯਾਨੀ ਕਿ ਆਪਣੇ ‘ਕੀਤੇ‘ ਨਾਲ ਸ਼ਬਦ ਗੁਰੂ ਨੂੰ ਸਮਪੂਰਣ ਕਰਨ ਵਾਲੇ। ਸ਼ਬਦ ਗੁਰੂ ਦਾ ਫ਼ਲਸਫ਼ਾ ਅਤੇ ਗੁਰੂਆਂ ਦਾ ਕੀਤਾ ਨਾਲੋ-ਨਾਲ ਤੁਰਦੇ ਹਨ। ਸ਼ਬਦ ਗੁਰੂ ਦੀ ਗੱਲ ਤਾਂ ਅਚਾਰ ਬਿਨਾ ਪੂਰੀ ਨਹੀਂ ਹੁੰਦੀ। ਸਿੱਖਾਂ ਤੇ ਵੀ ਇਸ ਅਚਾਰ ਦੀ ਜਿੰਮੇਵਾਰੀ ਹੈ। ਸਿੱਖੀ ਵਿੱਚ ਤਾਂ ਅੱਜ ਵੀ ‘ਸਿੱਖ‘ ਦੇ ਮਾਧਿਅਮ ਗੁਰੂ ਵਰਤਦਾ ਹੈ।

ਗੁਰੂ ਨਾਨਕ ਜੀ ਵਲੋਂ ਦੱਸਿਆ ਧਰਮ ਕੀ ਸੀ? ਇਹ ਸਵਾਲ ਇਸ ਚਰਚਾ ਦਾ ਵਿਸ਼ਾ ਨਹੀਂ। ਇਸ ਛੋਟੀ ਜਿਹੀ ਚਰਚਾ ਰਾਹੀਂ ਦਾਸ ‘ਉਸ ਵਿਚਾਰ‘ ਤੇ ਵਿਚਾਰ ਕਰਨ ਦਾ ਯਤਨ ਕਰੇ ਗਾ, ਜਿਸ ਅਨੁਸਾਰ ਕੁੱਝ ਸੱਜਣ ਕਹਿੰਦੇ ਹਨ ਕਿ ਗੁਰੂ ਨਾਨਕ ਤਾਂ ਕੋਈ ਨਵਾਂ ਮਾਰਗ (ਧਰਮ) ਨਹੀਂ ਸੀ ਚਲਾਉਂਣਾ ਚਾਹੰਦੇ। ਨਿਜੀ ਰੂਪ ਵਿੱਚ ਹੋਈਆਂ ਵਿਚਾਰਾਂ ਵੇਲੇ, ਇਸ ਵਿਚਾਰ ਦੇ ਪਿੱਛੇ ਐਸੇ ਸੱਜਣਾਂ ਪਾਸੋਂ ਜੋ ਜ਼ੋਰਦਾਰ ਤਰਕ ਦਾਸ ਨੂੰ ਸੁਣਨ ਨੂੰ ਮਿਲਿਆ ਉਹ ਇਹ ਸੀ ਕਿ ਅਗਰ ਗੁਰੂ ਨਾਨਕ ਐਸਾ ਚਾਹੁੰਦੇ ਤਾਂ ਇਹ ਮਨੁੱਖਤਾ ਵਿੱਚ ਵੰਡੀ ਪਾੳਂਣ ਵਾਲੀ ਗੱਲ ਹੁੰਦੀ ਜਦ ਕਿ ਗੁਰੂ ਨਾਨਕ ਤਾਂ ਵੰਡੀਆਂ ਪਾਉਂਣ ਦੇ ਖ਼ਿਲਾਫ਼ ਸਨ।

ਤਰਕ ਤਾਂ ਜੋਰਦਾਰ ਹੈ। ਕੋਣ ਸੂਝਵਾਨ ਇਹ ਕਹਿ ਸਕਦਾ ਹੈ ਕਿ ਗੁਰੂ ਨਾਨਕ ਮਨੁੱਖਤਾ ਵਿੱਚ ਵੰਡੀਆਂ ਪਾੳਂਣ ਦੇ ਵਿਰੂਧ ਨਹੀ ਸਨ? ਕੋਈ ਨਹੀਂ! ਕੋਣ ਸੂਝਵਾਨ ਇਹ ਮੰਨੇਗਾ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਟੀਚਾ ਵੰਡੀਆਂ ਪਾਉਂਣਾ ਸੀ? ਕੋਈ ਨਹੀ! ਫ਼ਿਰ ਕੀ ‘ਸਿੱਖੀ ਦੇ ਦਰਸ਼ਨ‘ ਤੇ ਤੁਰਦੇ ਗੁਰੂ ਨਾਨਕ ਨੇ ਮਨੁੱਖਤਾ ਵਿੱਚ ਇੱਕ ਨਵੀਂ ਵੰਡ ਦਾ ਸੂਤਰਪਾਤ ਕੀਤਾ ਸੀ? ਇਹ ਸਵਾਲ ਬੇਹਦ ਮਹੱਤਵਪੁਰਣ ਅਤੇ ਦਿਲਚਸਪ ਹੈ। ਸਮਝਣਾ ਪਵੇਗਾ ਕਿ ਆਖ਼ਰ ਉਨ੍ਹਾਂ ਕੀਤਾ ਕੀ ਸੀ?

ਇਸਦੇ ਜਵਾਬ ਵਿੱਚ ਸਾਨੂੰ ਕੁੱਝ ਮੁੱਢਲੀਆਂ ਗੱਲਾਂ ਨੂੰ ਵਿਚਾਰਨਾ ਪਵੇਗਾ ਇਸ ਅਕੱਟ ਤੱਥ ਦੀ ਰੋਸ਼ਨੀ ਵਿੱਚ ਕਿ ਗੁਰੂ ਨਾਨਕ ਨੇ ਨਿਰਸੰਦੇਹ ਮਨੁੱਖਤਾ ਨੂੰ ਮਨੁੱਖਤਾ ਲਈ ਇੱਕ ਨਵਾਂ ਫ਼ਲਸਫ਼ਾ ਦਿੱਤਾ ਸੀ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਥਾਪ ਕੇ ਉਸ ਨੇ ਅੱਗੇ ਤੋਰਨ ਦੀ ਜੁਗਤ ਵੀ।

ਆਰੰਭ ਕਰਦੇ ਹਾਂ ਇੱਕ ਛੋਟੀ ਜਿਹੀ ਗੱਲ ਤੋਂ!

ਸੰਸਾਰ ਵਿੱਚ ਮਨੁੱਖ ਦੇ ਵਿਵਹਾਰਕ ਰੂਪ ਵਿੱਚ ਵਿਚਰਣ ਦੇ ਦੋ ਮੁੱਖ ਪਹਲੂ ਹੁੰਦੇ ਹਨ। ਚੰਗਾ ਅਤੇ ਮਾੜਾ! ਚੰਗਾ ਗਿਆਨ ਦਾ ਸੂਚਕ ਹੈ ਅਤੇ ਮਾੜਾ ਅਗਿਆਨਤਾ ਦਾ। ਚੰਗਾ ਕੰਮ ਕਰਦੇ ਹੋਏ, ਉਸ ਕੰਮ ਦੇ ਸੰਧਰਭ ਵਿੱਚ, ਮਨੁੱਖ ਚੰਗਾ ਹੀ ਹੁੰਦਾ ਹੈ ਮਾੜਾ ਨਹੀਂ। ਅਤੇ ਮਾੜਾ ਕੰਮ ਕਰਦਾ ਮਨੁੱਖ, ਉਸ ਕੰਮ ਦੇ ਸੰਧਰਭ ਵਿੱਚ, ਮਾੜਾ ਹੀ ਹੁੰਦਾ ਹੈ ਚੰਗਾ ਨਹੀਂ। ਇਹ ਅਤਿ ਮਹੱਤਵ ਪੂਰਣ ਗੱਲ ਹੈ। ਯਾਨੀ ਚੰਗਾ ਹੋਣ ਦੇ ਪਲ ਵਿੱਚ ਮਨੁੱਖ ਮਾੜੀ ਗੱਲ ਤੋਂ ਅਲਗ ਖੜਾ ਹੁੰਦਾ ਹੈ ਅਤੇ ਮਾੜਾ ਹੋਂਣ ਦੇ ਪਲ ਵਿੱਚ ਮਨੁੱਖ ਚੰਗੀ ਗੱਲ ਨਾਲੋਂ ਅਲਗ ਖੜਾ ਹੁੰਦਾ ਹੈ। ਇਹ ਤਕਸੀਮ ਸੁਭਾਵਕ ਹੈ। ਇਹ ਹੈ ਪਹਿਲਾ ਨੁੱਕਤਾ।

ਗੁਰੂ ਨਾਨਕ ਜੀ ਦੀ ਬਾਣੀ ਵਿੱਚ ਇਹ ਤਕਸੀਮ ਇੰਝ ਸਪਸ਼ਟ ਹੈ:

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 418)
ਸੰਖ਼ੇਪ ਅਰਥ:-ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ। ਇਸ ਤਰ੍ਹਾਂ ਅਸਲ ਤੱਤ ਦੀ ਪ੍ਰਾਪਤੀ ਹੁੰਦੀ ਹੈ।

ਅਵਗਣ ਛੋਡਉ ਗੁਣ ਕਮਾਇ ॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 1187)

ਭਾਵਅਰਥ: ਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।

ਦੂਜਾ ਨੁੱਕਤਾ। ਗੁਰੂ ਨਾਨਕ ਜੀ ਦੇ ਪਿਤਾ ਨੇ ਆਪਣੇ ਪੁੱਤਰ ਦੇ ਯੱਗਿਯੋਪਵੀਤ (ਜਨੇਉ ਦੀ ਰਸਮ) ਕਰਨ ਦੀ ਮੰਸ਼ਾਂ ਰੱਖਦੇ ਹੋਏ ਆਪਣੇ ਭਾਈਚਾਰੇ ਦਾ ਵੱਡਾ ਇੱਕਠ ਕੀਤਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਜੀ ਨੇ ਉਸ ਸਮੇਂ ਜਨੇਉ ਧਾਰਨ ਕਰਨ ਦੀ ਰਸਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯਾਨੀ ਕਿ ਇੱਕ ਅਗਿਆਨਤਾ ਤੋਂ ਕਿਨਾਰਾਕਸ਼ੀ! ਜਿਸ ਪਲ ਗੁਰੂ ਨਾਨਕ ਨੇ ਇਨਕਾਰ ਕੀਤਾ ਉਸੀ ਪਲ ਉਹ ਉਸ ਵਿਚਾਰਧਾਰਾ ਨਾਲੋਂ ਵੱਖਰੇ ਨਜ਼ਰ ਆਏ ਜਿਸ ਤੋਂ ਉਹ ਇਨਕਾਰੀ ਹੋਏ ਸੀ। ਵੱਖਰਾ ਰਸਤਾ! ਯਾਨੀ ਕਿ ਉਹ ਰਸਤਾ ਜਿਸ ਵਿੱਚ ਇੱਕ ਅਗਿਆਨਤਾ ਨਾਲੋਂ ਅਸਹਿਮਤਿ ਸੀ। ਅਗਿਆਨਤਾ ਨਾਲੋਂ ਜੇਕਰ ਵੱਖ ਹੋਣਾ ਹੈ ਤਾ ਅਗਿਆਨਤਾ ਨਾਲੋਂ ਵੱਖਰਾ ਰਸਤਾ ਹੀ ਚੁਣਨਾ ਪਵੇਗਾ। ਇਹ ਮਨੁਖ ਨਾਲੋਂ ਮਨੁੱਖ ਦੀ ਵੰਡੀ ਨਹੀਂ ਸੀ ਬਲਕਿ ਇਹ ਮਨੁੱਖੀ ਅਗਿਆਨਤਾ ਨਾਲੋਂ ਅਸਹਿਮਤੀ ਸੀ। ਇਹ ਸਹੀ ਜਾਂ ਗਲਤ ਵਿੱਚੋਂ ਸਹੀ ਚੁਣਨ ਦੀ ਗੱਲ ਸੀ। ਗੁਰੂ ਨਾਨਕ ਮਨੁੱਖਾਂ ਨਾਲੋਂ ਕਦੇ ਵੱਖ ਨਹੀਂ ਹੋਏ ਪਰ ਸੂਭਾਵਕ ਤੋਰ ਤੇ ਉਹ ਵੱਖਰਾ ਨਜ਼ਰ ਆਏ ਉਨ੍ਹਾਂ ਵਿਚਾਰਾਂ ਨਾਲੋਂ ਜਿਹੜੇ ਮਨੁੱਖਾ ਵੱਡੀਆਂ ਲਈ ਜਿੰਮੇਵਾਰ ਸਨ। ਇਹ ਵੱਖਰੇਵਾਂ ਹੀ ਗੁਰੁ ਨਾਨਕ ਦਾ ਧਰਮ ਸੀ।

ਤੀਜਾ ਨੁੱਕਤਾ। ਜਿਹੜਾ ਕਿਸੇ ਨਾਲ ਕਿਸੇ ਨੁੱਕਤੇ ਤੇ ਸਹਿਮਤਿ ਨਾ ਹੋਵੇ ਉਹ, ਉਸ ਨੁੱਕਤੇ ਦੇ ਸੰਧਰਭ ਵਿੱਚ, ਵੱਖਰਾ ਹੀ ਨਜ਼ਰ ਆਏਗਾ। ਵਰਨਾ ਪਹਿਚਾਣ ਕਿੱਥੋਂ ਹੋਵੇਗੀ ਇੱਕ ਵੱਖਰੇ ਵਿਚਾਰ ਦੀ? ਇੱਕ ਅਤਰਕਪੁਰਣ ਵਿਚਾਰ ਦੀ ਹੋਂਦ ਹੀ ਤਰਕ ਪੁਰਣ ਵਿਚਾਰ ਦੀ ਪਹਿਚਾਣ ਬਣਦੀ ਹੈ।

ਗੁਰੂ ਨਾਨਕ ਜੀ ਫ਼ਰਮਾਉਂਦੇ ਹਨ:

ਕੂੜੁ ਛੋਡਿ ਸਾਚੇ ਕਉ ਧਾਵਹੁ ॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 1028)

ਸੰਖ਼ੇਪ ਭਾਵਅਰਥ:-ਝੂਠ ਨੂੰ ਤਿਆਗ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ।

ਅਤਰਕ ਝੂਠਾ ਹੋਣ ਕਰਕੇ ਹਮੇਸ਼ਾ ਵੱਡੀਆਂ ਪਾੳਂਦਾ ਹੈ ਜਿਸ ਤੋਂ ਤਰਕ ਆਪਣੇ ਨੂੰ ਅਲਗ ਕਰਨ ਦਾ ਯਤਨ ਕਰਦਾ ਹੈ। ਅਤਰਕ ਨੂੰ ਤਾਂ ਤਰਕ ਵੱਖਰਾ ਹੀ ਨਜ਼ਰ ਆਏਗਾ। ਉਦੋਂ ਤਕ ਜਦ ਤਕ ਕਿ ਉਹ ਤਰਕ ਨਾਲੋਂ ਸਹਿਮਤਿ ਨਾ ਹੋ ਜਾਏ ਜਾਂ ਤਰਕ ਨੂੰ ਆਪਣੀ ਹੀ ਗੱਲਵੱਕੜੀ ਦੇ ਗੂਬਾਰ ਵਿੱਚ ਨਾ ਲੇ ਲਵੇ। ਪਰ ਤਰਕ ਦੀ ਪਹਿਚਾਣ ਹੀ ਅਤਰਕ ਨਾਲੋਂ ਵੱਖਰੇ ਖੜੇ ਹੋਂਣ ਵਿੱਚ ਹੈ। ਉਸ ਦਾ ਸੁਭਾਵ ਹੀ ਅਤਰਕ ਤੋਂ ਪਰੇ ਖਿੱਸਕਣਾ ਹੈ। ਇਹ ਨੁਕਤਾ ਗੁਰਮਤਿ ਵਿੱਚ ਇੰਝ ਸਪਸ਼ਟ ਹੈ;

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 314)

ਸੰਖ਼ੇਪ ਅਰਥ:-ਕੋਈ ਧਿਰ ਮਨ ਵਿੱਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)। ਝੂਠੇ ਝੂਠਿਆਂ ਵਿੱਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ। ੨੬

ਗੁਰੂ ਨਾਨਕ ਜੀ ਦਾ ਮਤਿ ਸਪਸ਼ਟ ਸੀ ਕਿ ਮਨੁੱਖ ਧੜੇਬਾਜ਼ ਨਾ ਹੋਵੇ। ਹੁਣ ਚੂਂਕਿ ਗੁਰੂ ਨਾਨਕ ਧੜੇਬਾਜ਼ੀ ਵਿੱਚ ਨਹੀਂ ਸਨ ਇਸ ਲਈ ਉਹ ਧੜੇਬਾਜ਼ੀ ਨਾਲੋਂ ਵੱਖ ਖੜੇ ਹੋ ਗਏ ਰੱਲੇ ਨਹੀਂ। ਕੋਈ ਇਸ ਨੂੰ ਮਨੂਖਾ ਵੰਡ ਨਾ ਸਮਝ ਬੈਠੇ! ਗੁਰੂ ਨਾਨਕ ਜੀ ਦੇ ਫ਼ਲਸਫ਼ੇ ਦਾ ਤਾਂ ਮੁੱਢਲਾ ਅਸੂਲ ਹੀ ਸੀ ‘ਧੜੇਬਾਜ਼ੀ ਤੋਂ ਉੱਪਰ ਮਨੁੱਖੀ ਏਕਤਾ’! ਲੇਕਿਨ ਗ਼ੌਰ ਕਰਨਾ ਜਦ ਤਕ ਮਨੁੱਖਾਂ ਵਿੱਚ ਵੰਡੀਆਂ ਹਨ ਗੁਰੂ ਨਾਨਕ ਵੰਡੀਆਂ ਤੋਂ ਵੱਖਰੇ ਹੀ ਖੜੇ ਰਹਿਣ ਗੇ। ਹੋ ਸਕਦਾ ਹੈ ਕਿ ਕੋਈ ਗੁਰੂ ਨਾਨਕ ਨੂੰ ਨਾ ਸਮਝਦੇ ਹੋਏ ਉਨ੍ਹਾਂ ਦੇ ਮਾਰਗ ਨੂੰ ਧੜੇਬਾਜ਼ੀ ਦਾ ਨਾਮ ਦੇ ਰਿਹਾ ਹੋਵੇ। ਪਰ ਜੋ ਗੁਰੂ ਨਾਨਕ ਜੀ ਨੂੰ ਸਮਝਦਾ ਹੈ ਉਸ ਨੂੰ ਵੱਖਰਾ ਖੜਾ ਹੋਣਾ ਹੀ ਪਵੇਗਾ ਧੜੇਬਾਜ਼ੀ ਨਾਲੋਂ। ਇਹੀ ਗੁਰੂ ਨਾਨਕ ਜੀ ਦਾ ਆਪਣਾ ਮਾਰਗ ਹੈ ਜਿਸ ਵਿੱਚ ਧਰਮ ਦੀ ਨਵੇਕਲੀ ਪਰਿਭਾਸ਼ਾ ਹੈ ਸਮਕਾਲੀ ਧਾਰਮਕ ਪਰਿਭਾਸ਼ਾਵਾਂ ਨਾਲੋਂ ਵੱਖ। ਇਸ ਵਿੱਚ ਹਰ ਇੱਕ ਲਈ ਆਪਣੇ ਅਸਲ ਧਰਮ ਨੂੰ ਸਮਝਣ ਦੀ ਜੂਗਤ ਹੈ। ਇਹ ‘ਸਿੱਖੀ ਦਾ ਦਰਸ਼ਨ‘ ਹੈ ਜਿਸ ਨੂੰ ‘ਸਿੱਖ ਧਰਮ‘ ਕਰ ਕੇ ਜਾਣਿਆ ਜਾਂਦਾ ਹੈ।
ਜੇ ਕਰ ਵੰਡੀਆਂ ਵਿੱਚ ਰਲ ਜਾਣਾ ਵੰਡ ਮੁਕਾਉਂਣ ਦੀ ਸ਼ਰਤ ਹੈ ਤਾਂ ਗੁਰੂ ਨਾਨਕ ਇਸ ਲਈ ਉਪਲੱਭਧ ਨਹੀਂ ਹਨ।

ਹਰਦੇਵ ਸਿੰਘ, ਜੰਮੂ
094191-84990