Thursday, 2 February 2012


‘ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਸਥਾਪਤ ਅਤੇ ਨਿਰਵਿਵਾਦਤ ਹੈ’
ਹਰਦੇਵ ਸਿੰਘ, ਜੰਮੂ
 
ਜੀਵਨ ਪਰਮਾਤਮਾ ਦੇ ਹੱਥ ਹੈ ਪਰ ਇੱਕ ਗਲ ਨਿਸ਼ਚਤ ਹੈ ਕਿ ਦਾਸ ਲਈ ਕੋਈ ਪੁਸਤਕ/ਗ੍ਰੰਥ ਐਸਾ ਨਹੀਂ ਹੋ ਸਕਦੀ/ਸਕਦਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਸ਼ੀਨ ਕੀਤਾ ਜਾ ਸਕੇ। ਇਸਦੇ ਨਾਲ ਹੀ ਦਾਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ ਤੋਂ ਬਾਹਰ ਕੋਈ ਐਸੀ ਇੱਕ ਪੰਕਤੀ ਵੀ ਨਹੀਂ ਹੋ ਸਕਦੀ ਜੋ ਬਾਣੀ ਦਾ ਦਰਜਾ ਰੱਖਦੀ ਹੋਵੇ।
 
30 ਸਾਲ ਪਹਿਲਾਂ ਸਨ 1982 ਵਿਚ, ਜਿਸ ਵੇਲੇ ਕਿ ਦਾਸ ਹੋਲੀ ਜਿਹੀ ਉਮਰ ਵਿੱਚ ਸੀ, ਪਤਾ ਚਲਿਆ ਸੀ ਕਿ ਵਚਿੱਤਰ ਨਾਟਕ ਵਿੱਚ ਸਾਰੀ ਰਚਨਾਵਾਂ ਦਸ਼ਮੇਸ਼ ਜੀ ਦਿਆਂ ਨਹੀਂ ਹਨ ਕਿਉਂਕਿ ਉਸ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਇਹ ਜਾਨਕਾਰੀ ਦਾਸ ਨੂੰ ਸ. ਜਗਜੀਤ ਸਿੰਘ ਜੰਮੂ ਜੀ ਨੇ ਦਿੱਤੀ ਸੀ। ਦਾਸ ਨੇ ਕਦੇ ਵੀ ਵਚਿੱਤਰ ਨਾਟਕ ਦੀਆਂ ਸਾਰੀਆਂ ਰਚਨਾਵਾਂ ਨੂੰ ਗੁਰੂਕ੍ਰਿਤ/ਪਰਵਾਣਿਤ ਨਹੀਂ ਮੰਨੀਆ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਦਾਸ ਨੂੰ ਬਾਣੀ ਅਤੇ ਰਚਨਾਵਾਂ ਬਾਰੇ ਅੰਤਰ ਵੀ ਸਪਸ਼ਟ ਹੋ ਗਿਆ ਸੀ। ਦਾਸ ਨੇ ਅਪਣੇ ਜੀਵਨ ਵਿੱਚ ਕਦੇ ਵੀ ਇਹ ਨਹੀਂ ਪੜਿਆ/ਸੁਣਿਆ ਕਿ ਸ਼ਬਦ ਗੁਰੂ ਗ੍ਰੰਥ ਤੋਂ ਇਲਾਵਾ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਹੈ।

ਫਿਰ ਕੁੱਝ ਵਾਰ ਇਤਹਾਸਕ ਪੁਸਤਕਾਂ ਪੜਨ ਵੇਲੇ ਵੀ ਦਾਸ ਨੂੰ ਇਸ ਗਲ ਦਾ ਪਤਾ ਚਲਿਆ ਕਿ ਇਸ ਬਾਰੇ ਕਈਂ ਇਤਹਾਸਕਾਰ ਵੀ ਸਹਿਮਤ ਹਨ। ਮਿਸਾਲ ਦੇ ਤੌਰ ਤੇ ਸ.ਖੁਸ਼ਵੰਤ ਸਿੰਘ ਵਲੋਂ ਲਿਖੇ ਸਿੱਖ ਇਤਹਾਸ (ਪਹਿਲਾ ਐਡੀਸ਼ਨ 1963 ਅਤੇ ਪਹਿਲਾ ਭਾਰਤੀ ਐਡੀਸ਼ਨ 1977) ਵਿੱਚ ਵੀ ਇਹ ਸਪਸ਼ਟ ਲਿਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹੋਂਣ ਕਾਰਨ ਦਸ਼ਮੇਸ਼ ਕ੍ਰਿਤ ਨਹੀਂ ਹਨ। ਸਨ 1963 ਵਿੱਚ ਹੀ ਰਤਨ ਸਿੰਘ ਜੱਗੀ ਜੀ ਦੇ ਖ਼ਿਆਤੀ ਪ੍ਰਾਪਤ ਪੀ. ਐਚ. ਡੀ. ਥੀਸਸ ਨੇ ਇਸ ਬਾਰੇ ਖੋਜ ਕੀਤੀ ਸੀ। ਸਨ 1973 ਵਿੱਚ ਅਕਾਲ ਤਖ਼ਤ ਤੋਂ ਵੀ ਇਸ ਬਾਰੇ ਲਿਖਤੀ ਸਪਸ਼ਟਤਾ ਕੀਤੀ ਗਈ ਸੀ।

ਲਗਭਗ ਦੋ ਸਾਲ ਪਹਿਲਾਂ ਦਾਸ ਨੂੰ ਇਹ ਜਾਣਕਾਰੀ ਮਿਲੀ ਕਿ ਕੁੱਝ ਸੱਜਣਾਂ ਨੇ “ਨਵੀਂ ਖੋਜ” ਕਰਕੇ ਇਹ ਵੇਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ ਅਤੇ ਪੌਰਾਣਕ ਵੀ। ਇਹ ਸੁਣ ਕੇ ਦਾਸ ਕੁੱਝ ਚੌਂਕ ਉੱਠਿਆ ਇਹ ਜਾਣਨ ਲਈ ਕਿ ਇਸ “ਨਵੀਂ ਖੋਜ” ਦਾ ਕੀ ਮਾਮਲਾ ਹੈ? ਦਾਸ ਲਈ ਅਸ਼ਲੀਲ ਵਿਸ਼ੇ ਬਾਰੇ ਤਾਂ “ਨਵੀਂ ਖੋਜ” ਦਾ ਦਾਵਾ ਬਿਲਕੁਲ ਝੂਠ ਸੀ ਕਿਉਂਕਿ ਇਹ ਤਾਂ ਦਾਸ ਜਿਹੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਪਤਾ ਸੀ ਅਤੇ ਪੌਰਾਣਕ ਕਥਾਵਾਂ ਦੇ ਉਤਾਰੇ ਦੀ ਗਲ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਮੈਕਾਲਿਫ਼ ਨੇ 100 ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਇਤਹਾਸਕਾਰ ਨੇ ਵੀ ਲਗਭਗ 100 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖਿਆ ਸੀ ਕਿ ਪੁਰਾ ਵਚਿੱਤਰ ਨਾਟਕ ਗ੍ਰੰਥ ਦਸ਼ਮੇਸ਼ ਜੀ ਦਾ ਨਹੀਂ। ਬਾਕਿ ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ ਨੇ ਇਸ ਬਾਰੇ ਕਈਂ ਦਹਾਕਿਆਂ ਪਹਿਲਾਂ ਹੀ ਲੇਖ ਲਿਖੇ ਹੋਏ ਸਨ ਕਿ ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂ ਹਨ। ਇਸਦੇ ਨਾਲ ਹੀ ਕਈ ਵਧੇਰਿਆਂ ਪੁਰਾਤਨ ਲਿਖਤਾਂ ਵਿੱਚ ਵੀ ਇਹ ਗਲਾਂ ਲਿਖਿਆਂ ਮਿਲਦਿਆਂ ਹਨ।

ਪ੍ਰਚਾਰ ਅਤੇ ਸਿੱਖ ਇਤਹਾਸ ਲੇਖਨ/ਪੜਨ ਨਾਲ ਸਬੰਧਤ ਲਗਭਗ ਹਰ ਵੱਡੇ ਵਿਦਵਾਨ/ਲਿਖਾਰੀ ਲਈ ਤਾਂ ਇਹ ਗਲ ਤਾਂ ਦਹਾਕਿਆਂ ਪਹਿਲਾਂ ਹੀ ਦਿਨ ਦੇ ਚਾਨਣ ਵਰਗਾ ਸਾਫ਼ ਸੀ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਸਿੰਘ ਸਭਾ ਲਹਿਰ ਦੇ ਆਗੂ ਵੀ ਇਸ ਬਾਰੇ ਜਾਣਦੇ ਸੀ ਜਿਸ ਕਾਰਨ ਵਚਿੱਤਰ ਨਾਟਕ ਦਾ ਨਾਮ ਤਕ ਵੀ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਆਇਆ। ਉਸ ਵੇਲੇ ਦੇ ਪ੍ਰਸਿੱਧ ਲੇਖਕ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ 1941-42 ਵਿੱਚ ਅਸ਼ਲੀਲਤਾ ਬਾਰੇ ਜਗਜਾਹਰ ਲਿਖਤਾਂ ਲਿਖਿਆਂ ਸਨ। ਸਿੱਖ ਮਿਸ਼ਨਰੀ ਕਾਲੇਜ ਦੇ ‘ਲਿਟਰੇਚਰ’ ਵਿੱਚ ਅਤੇ ‘ਕੋਰਸਾਂ’ ਵੀ ਇਹ ਗਲ ਸਨ 1978 ਤੋਂ ਪਹਿਲਾਂ ਹੀ ਸਪਸ਼ਟ ਸੀ। ਇਸ ਕਰਕੇ ਦਾਸ ਨੂੰ ਅਸ਼ਲੀਲਤਾ ਬਾਰੇ “ਨਵੀਂ ਖੌਜ” ਦਾ ਦਾਵਾ ਕਿਸੇ ਵਲੋਂ ਲੋਕਪ੍ਰਿਯਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਜਾਪਿਆ।

ਇਸ ਨਾਲ ਉਸ ਵਿਚਾਰ ਦੀ ਕੱਚਿਆਈ ਵੀ ਖੁੱਲਦੀ ਹੈ ਜਿਸ ਨੂੰ ਵਰਤਦੇ ਇਹ ਕਿਹਾ ਜਾਂਦਾ ਹੈ ਕਿ ਵਚਿੱਤਰ ਨਾਟਕ ਤੇ ਪਹਿਲੇ ਸੁਧਾਰ ਦੌਰਾਂ ਵਿੱਚ ਖੌਜੀ ਕੰਮ ਨਹੀਂ ਸੀ ਹੋਇਆ। ਇਸ ਸਰਾਸਰ ਗਲਤ ਬਿਆਨੀ ਹੈ। ਵਾਸਤਵਿਕਤਾ ਇਹ ਹੈ ਕਿ ਵਚਿੱਤਰ ਨਾਟਕ ਦਿਆਂ ਸਾਰੀਆਂ ਰਚਨਾਵਾਂ ਦੇ ਗੁਰੂ ਕ੍ਰਿਤ ਨਾ ਹੋਂਣ ਬਾਰੇ ਜਿਤਨਾ ਚੰਗਾ ਅਤੇ ਪਾਏਦਾਰ ਕੰਮ 45 ਤੋਂ 100 ਸਾਲ ਪਹਿਲਾਂ ਦੇ ਅਰਸੇ ਦੋਰਾਨ ਹੋਇਆ ਉਤਨਾ ਕਦੇ ਵੀ ਨਹੀਂ ਹੋਇਆ। ਅੱਜ ਦਾ ਕੰਮ ਤਾਂ ਪਹਿਲੇ ਹੋਏ ਕੰਮਾ ਦੀ ਨਕਲ ਹੈ। ਹਾਂ ਇਸ ਵਿੱਚ ਅਸ਼ਲੀਲਤਾ ਬਾਰੇ ਨਵੀਂ ਖੋਜ ਦੇ ਝੂਠੇ ਦਾਵੇ ਜ਼ਰੂਰ ਨਵੇਂ ਹਨ।
 
ਹਾਂ ਜੋ ਗਲ ਨਵੀਂ ਦਾਸ ਨੇ ਸੁਣੀ ਉਹ ਇਹ ਸੀ ਕਿ ਅਰਦਾਸ ਅਤੇ ਨਿਤਨੇਮ ਵਿਚਲੀਆਂ ਪੰਥ ਪ੍ਰਵਾਣਿਤ ਰਚਨਾਵਾਂ ਵੀ ਗੁਰੂ ਲਿਖਤ/ਪ੍ਰਵਾਣਿਤ ਨਹੀਂ ਹਨ। ਇੱਕ ਜਿਗਿਆਸੂ ਹੋਂਣ ਕਾਰਨ ਦਾਸ ਲਈ ਇਸ ਤੱਥ ਨੂੰ ਆਪ ਵਿਚਾਰਣ ਦੀ ਲੋੜ ਮਹਸੂਸ ਹੋਈ। ਵੈਸੇ ਕੋਈ ਵੀ ਇਸ ਬਾਰੇ ਸੁਣ ਕੇ ਹੈਰਾਨ ਤਾਂ ਹੋਵੇਗਾ ਹੀ ਬੇਸ਼ੱਕ ਐਸੀ ਸੁਭਾਵਕ ਹੈਰਾਨਗੀ ਕਿਸੇ “ਕਥਿਤ ਨਵੇਂ ਖੌਜੀ” ਲਈ ਕੋਈ ਪਾਪ ਕਰ ਦੇਂਣ ਸਮਾਨ ਹੋਵੇ। ਇਸ ਬਾਰੇ ਕਥਿਤ “ਨਵੀਂ ਖੌਜ” ਦੇ ‘ਦਾਵੇ’ ਦੇ ਪ੍ਰਚਾਰਕਾਂ ਤੇ ਭਰੋਸਾ ਕਰਨਾ ਮੁਸ਼ਕਿਲ ਸੀ।

ਖ਼ੈਰ! ਇੱਕ ਦਿਨ, ਲਗਭਗ 4 ਕੁ ਮਹੀਨੇ ਪਹਿਲਾਂ ਦਾਸ ਦਾ ਵਿਚਾਰ ਵਟਾਂਦਰਾ ਇੱਕ ਵਿਦਵਾਨ/ਪ੍ਰਚਾਰਕ ਜੀ ਨਾਲ ਹੋਇਆ ਤਾਂ ਦਾਸ ਨੇ ਸੁਭਾਵਕ ਤੋਰ ਤੇ ਉਨ੍ਹਾਂ ਕੋਲੋਂ ਇੱਕ ਸਵਾਲ ਪੁੱਛਿਆ ਕਿ ਉਹ ਆਪ ਅਰਦਾਸ, ਨਿਤਨੇਮ ਦੀਆਂ ਬਾਣੀਆਂ/ਰਚਨਾਵਾਂ ਅਤੇ ਕੁੱਝ ਹੋਰ ਸ਼ਬਦਾਂ ਨੂੰ ਅਪਣੇ ਚਿੰਤਨ/ਪ੍ਰਚਾਰ ਵਿੱਚ ਸਾਲਾਂ ਬੱਧੀ ਕਿਉਂ ਵਰਤਦੇ/ਪ੍ਰਚਾਰਦੇ ਰਹੇ? ਤਾਂ ਉਹ ਕਹਿਣ ਲਗੇ ਕਿ ਪਹਿਲਾਂ ਇਹ ਨਹੀਂ ਸੀ ਪਤਾ ਕਿ ਵਚਿੱਤਰ ਨਾਟਕ ਗ੍ਰੰਥ ਵਿੱਚ ਅਸ਼ਲੀਲ ਰਚਨਾਵਾਂ ਵੀ ਹਨ, ਇਹ ਤਾਂ ਹੁਣ “ਨਵੀਂ ਖੌਜ” ਤੋਂ ਬਾਦ ਪਤਾ ਚਲਿਆ ਹੈ। ਦਾਸ ਲਈ ਨਵੀਂ ਖੌਜ ਦੀ ਦਲੀਲ ਵਾਲੀ ਪੋਲ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ।

ਦਾਸ ਨੂੰ ਸੁਣ ਕੇ ਅਤਿ ਦੀ ਹੈਰਾਨੀ ਹੋਈ ਕਿ ਐਸਾ ਕੋਂਣ ਪ੍ਰਚਾਰਕ ਹੋਵੇਗਾ ਜਿਸ ਨੇ ਦਹਾਕਿਆਂ ਗੁਰਮਤਿ ਵਿਚਾਰਾਂ ਪੜੀਆਂ/ਕੀਤੀਆਂ ਹੋਂਣ ਇਤਿਹਾਸ ਵੀ ਪੜੀਆ ਹੋਵੇ ਅਤੇ ਉਸ ਦੇ ਬਾਦ ਉਹ ਇਹ ਕਹੇ ਕਿ ਵਚਿੱਤਰ ਨਾਟਕ ਵਿੱਚ ਅਸ਼ਲੀਲ ਰਚਨਾਵਾਂ ਦੇ ਹੋਂਣ ਦੀ ਉਸ ਨੂੰ ਜਾਣਕਾਰੀ ਹੀ ਨਹੀਂ ਸੀ? ਦਾਸ ਦੀ ਨਜ਼ਰੇ ਇਹ ਇੱਕ ਗਲਤ ਬਿਆਨ ਸੀ! ਉਨ੍ਹਾਂ ਨੇ ਐਸਾ ਝੂਠ ਕਿਉਂ ਬੋਲਿਆ? ਸ਼ਾਯਦ ਕੇਵਲ ਅਪਣੇ ਚਿੰਤਨ ਦੇ ਸਾਮਰਥ ਦੀ ਘਾਟ ਜਾਂ ਕਿਸੇ ਦੂਜੇ ਦੇ ਚਿੰਤਨ ਦੇ ਅਸਰ ਹੋਠ!

ਕੇਵਲ ਇਹੀ ਕਾਰਨ ਹੋ ਸਕਦਾ ਸੀ ਉਨ੍ਹਾਂ ਦੀ ਗਲਤ ਬਿਆਨੀ ਦਾ ਕਿਉਂਕਿ ਉਹ ਆਪ ਤਾਂ ਗੁਰਮਤਿ ਨੂੰ ਸਮਰਪਤ ਸੱਜਣ ਹਨ। ਉਨ੍ਹਾਂ ਦੇ ਸਾਲਾਂ ਬੱਧੀ ਪ੍ਰਚਾਰ ਨੂੰ ਵੇਖ-ਵਿਚਾਰ ਕੇ ਅਤੇ ਉਨ੍ਹਾਂ ਦੇ ਖ਼ੂਦ ਉਸ ਪਿੱਛਲੇ ਪ੍ਰਚਾਰ ਨੂੰ ਗਲਤ ਕਹਿਣ ਬਾਰੇ ਦਿੱਤੇ ਕਾਰਨ ਤੇ ਦਾਸ ਵਿਚਾਰ ਵਿੱਚ ਪੈ ਗਿਆ ਕਿ ਉਹ ਵਿਦਵਾਨ ਪਹਿਲਾਂ ਗਲਤ ਸਨ ਜਾਂ ਫ਼ਿਰ ਹੁਣ ? ਉਹ ਪਹਿਲਾਂ ਸੁਣੀ ਸੁਣਾਈ ਤੇ ਚਲਦੇ ਸਨ ਜਾਂ ਹੁਣ ਕਿਸੇ ਸੁਣੀ-ਸੁਣਾਈ ਤੇ ਚਲਦੇ ਅਰਦਾਸ ਅਤੇ ਨਿਤਨੇਮ ਦਾ ਵਿਰੌਧ ਕਰ ਰਹੇ ਹਨ ? ਦਾਸ ਨੇ ਇਸ ਬਾਬਤ ਚਾਰ-ਪੰਜ ਸੱਜਣਾ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਵਚਿੱਤਰ ਨਾਟਕ ਦੀ ਅਸਲੀਅਤ ਅਤੇ ਅਸ਼ਲੀਲਤਾ ਬਾਰੇ ਉਨ੍ਹਾਂ ਨੂੰ ਉਦੋਂ ਹੀ ਪਤਾ ਸੀ ਜਦੋਂ ਕਿ ਉਹ ਪ੍ਰਚਾਰ/ਪੜਨ ਦੇ ਖੇਤਰ ਵਿੱਚ ਉਤਰੇ ਸੀ। ਖ਼ੈਰ ਅੱਗੇ ਤੁਰਦੇ ਹਾਂ!

ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਅਤੇ ਵਚਿੱਤਰ ਨਾਟਕ ਦੇ ਵਿਰੌਧ ਦੇ ਸਭ ਤੋਂ ਮਜ਼ਬੂਤ ਤਿੰਨ ਅਧਾਰ ਹਨ:-

(1) ਗੂਰਮਤਿ ਅਤੇ ਇਸ ਬਾਰੇ ਦਸ਼ਮੇਸ਼ ਜੀ ਦਾ ਉਚੇਚਾ ਸਪਸ਼ਟ ਨਿਰਨਾ,
(2) ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖ਼ਤ ਤੋਂ ਸਮੇਂ-ਸਮੇਂ ਜਾਰੀ ਮਤੇ/ਸਪਸ਼ਟੀਕਰਨ
(3) ਅਤੇ ਸਮੁੱਚੇ ਸਿੱਖ ਪੰਥ ਦੀ ਇਸ ਗਲ ਤੇ ਸਹਮਤੀ ਕਿ ਸਿੱਖਾਂ ਦੇ ਗੁਰੂ ਕੇਵਲ ਅਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹਨ।
 
ਫ਼ਿਰ ਇਨ੍ਹਾਂ ਸਾਰੇ ਅਧਾਰਾਂ ਨੂੰ ਛੱਡ ਕੇ ਅਰਦਾਸ ਅਤੇ ਨਿਤਨੇਮ ਨੂੰ ਅਧਾਰ ਬਨਾਉਂਣ ਦੀ ਕੀ ਲੋੜ ਪਈ ਹੈ? ਇਹ ਸਵਾਲ ਅਤਿ ਮਹੱਤਵਪੁਰਨ ਹੈ!

ਇਸ ਵਿੱਚ ਸ਼ੱਕ ਨਹੀਂ ਕਿ ਕੁਲ ਵਚਿੱਤਰ ਨਾਟਕ ਦੀ ਹਿਮਾਯਤ ਕਰਨ ਵਾਲੇ ਚੰਦ ਕੁ ਮਨਮਤਿਆਂ ਨੇ ਪੰਥ ਦਰਦੀਆਂ ਨੂੰ ਬਹੁਤ ਚਿੰਤਤ ਕੀਤਾ ਹੈ। ਪਰ ਕਿੱਧਰੇ ਸਾਡੀ ਇਸ ਚਿੰਤਾ ਦਾ ਲਾਭ ਕੋਈ ਹੋਰ ਤਾਂ ਨਹੀਂ ਉਠਾ ਰਿਹਾ ? ਕਿੱਧਰੇ ਕੋਈ ਹੋਰ ਤਾਂ ਨਹੀਂ ਇੰਤਜ਼ਾਰ ਕਰ ਰਿਹਾ ਕਿ ਸਿੱਖ ਇਸ ਬਾਰੇ ਇਤਨੇ ਚਿੰਤਤ ਅਤੇ ਕਨਫ਼ਿਯੂਜ਼ ਹੋ ਜਾਂਣ ਕਿ ਉਹ ਆਪ ਅਪਣੇ ਹਰ ਅਧਾਰ ਨੂੰ ਧਾਰਾਸ਼ਾਈ ਕਰਨ ਵਲ ਤੁਰ ਪੇਂਣ ? ਵਚਿੱਤਰ ਨਾਟਕ ਦਾ ਵਿਰੌਧ ਤਾਂ ਵਾਜਬ ਅਤੇ ਅਸਾਨ ਹੈ ਪਰ ਲਗਣ ਲਗਾ ਹੈ ਕਿ ਅਸਾਨ ਰਸਤੇ ਤੋਂ ਹਟਾ ਸਿੱਖਾਂ ਨੂੰ ਐਸੇ ਹਨੇਰੀ ਸਮਸਿੱਆ ਵਿੱਚ ਧੱਕੇਲਿਆ ਜਾ ਰਿਹਾ ਹੈ ਜਿਸ ਵਿਚੋਂ ਉਹ ਕਦੇ ਵੀ ਬਾਹਰ ਨਾ ਆ ਸਕਣ ਅਤੇ ਉਸਦੇ ਗੁੱਪ ਹਨੇਰੇ ਵਿੱਚ ਆਪਸ ਵਿੱਚ ਟਕਰਾ ਕੇ ਅਪਣਾ ਹੁਲਿਆ ਵਿਗਾੜ ਲੇਂਣ। 
ਜਾਹਰ ਹੈ ਕਿ ਸਿੱਖਾਂ ਦੇ ਅੰਦਰ ਇੱਕ ਵੰਡ ਪਾਉਂਣ ਦੀ ਨੀਤੀ ਨੇ ਕੁੱਝ ਸੁਹਿਰਦ ਬੰਦਿਆਂ ਨੂੰ ਅਪਣਾ ਸ਼ਿਕਾਰ ਬਣਾ ਲਿਆ ਹੈ। ਇਹ ‘ਮੈਂਟਲ ਕੰਡੀਸ਼ਨਿੰਗ ਮੈਥਡ’ ਹੈ ਜਿਸ ਵਿੱਚ ਕਿਸੇ ਅਧਾਰ ਨੂੰ ਤੋੜਨ ਦੀ ਮੰਸ਼ਾ ਵਿੱਚ ਪਹਿਲਾ ਕਦਮ ਇਹ ਹੁੰਦਾ ਹੈ ਕਿ ਜਿਸ ਨੂੰ ਹੋਰ ਚਾਰੇ ਤੋੜੀਆ ਨਾ ਜਾ ਸਕੋ ਉਸ ਅਧਾਰ ਬਾਰੇ ਸ਼ੰਕੇ ਖੜੇ ਕਰੋ। ਇਸ ਦੇ ਪਿੱਛੇ ਦਾ ‘ਹੱਥ’ ਅਗਿਆਤ ਹੁੰਦਾ ਹੈ ਅਤੇ ਮੋਹਰੇ ਬਣਦੇ ਹਨ ਸੁਹਿਰਦ ਪੰਥ ਦਰਦੀ।

‘ਕੋਈ ਕਾਰਨ’ ਹੈ ਕਿ ਜਿਸ ਕਾਰਨ ਪੰਥ ਦਰਦੀ ਅਰਦਾਸ/ਨਿਤਨੇਮ ਬਾਰੇ ਅਣਜਾਣੇ ਹੀ ਉਸ ‘ਕਾਰਨ’ ਦਾ ਸ਼ਿਕਾਰ ਹੋ ਰਹੇ ਹਨ ਵਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਕਿਸੇ ਵੀ ਹੋਰ ਗ੍ਰੰਥ ਦੇ ਵਿਰੋਧ ਲਈ ਤਾਂ ਕਈਂ ਅਧਾਰ ਸਾਡੇ ਪਾਸ ਹਨ ਅਤੇ ਨਾ ਹੀ ਸਿੱਖ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨਦੇ ਹਨ। ਰਹੀ ਗਲ ਅਪਵਾਦ ਦੀ ਤਾਂ ਉਹ ਹਰ ਵੇਲੇ ਹਰ ਯੁਗ ਵਿੱਚ ਮੌਜੂਦ ਰਹਿੰਦੇ ਹਨ। ਉਨ੍ਹਾਂ ਨੂੰ ਨਜਿੱਠਣ ਲਈ ਅਪਣੇ ਮੂਲ ਅਧਾਰਾਂ ਦੀ ਵਰਤੋਂ ਦੇ ਬਜਾਏ ਉਨ੍ਹਾਂ ਨੂੰ ਖ਼ਤਮ ਕਰਨ ਦੀ ਦੋੜ ਪੰਥ ਦੇ ਹੱਕ ਵਿੱਚ ਨਹੀਂ।

ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੇਂਣ ਦਾ ਸੁਚੱਜਾ ਸੁਜਾੳ ਦਿੱਤਾ ਹੈ। ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ।

ਜੇਕਰ ਭੂਤ ਕਾਲ ਵਿੱਚ ਹੋਏ ਗੁਰਮਤਿ ਸਮਰਪਤ ਮਾਹਨ ਵਿਦਵਾਨਾਂ ਨੂੰ ਗਲਤੀ ਲਗ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਇਹ ਵਿਸ਼ਵਾਸ ਕਰਨ ਦਾ ਕਿ ਮੌਜੂਦਾ ਦੌਰ ਦੇ ਨਵੇਂ ਖੋਜੀ ਕੋਈ ਗਲਤੀ ਨਹੀਂ ਕਰ ਰਹੇ। ਬੇਸ਼ੱਕ ਉਹ ਆਪ ਬੁਹਤ ਸਾਰਿਆਂ ਅਤੇ ਵੱਡੀਆਂ ਗਲਤਿਆਂ ਕਰ ਰਹੇ ਹਨ। ਵਿਸ਼ੇਸ ਰੂਪ ਵਿੱਚ ਉਹ ਸੱਜਣ ਜੋ ਕਥਿਤ ਨਵੀਂ ਖੌਜ ਦਾ ਝੂਠਾ ਦਾਵਾ ਪੇਸ਼ ਕਰ ਰਹੇ ਹਨ। ਜੋ ਦਾਵੇ ਵਿੱਚ ਝੂਠੇ ਹਨ ਉਹ ਖੌਜ ਵਿੱਚ ਕਿਤਨੇ ਸਮਰਥ ਅਤੇ ਸੱਚੇ ਹੋਂਣਗੇ? ਉਨ੍ਹਾਂ ਦੀ ਖੌਜ ਦਾ ਕਦ ਪਿਛੋਕੜ ਦੇ ਮਹਾਨ ਵਿਦਵਾਨਾਂ ਦੇ ਕੰਮ ਦੇ ਗਿੱਟਿਆਂ ਤਕ ਵੀ ਨਹੀਂ ਪਹੁੰਚਦਾ। ਉਨ੍ਹਾਂ ਤੇ ਅੰਨਾ ਭਰੋਸਾ ਕਰਨ ਤੋਂ ਪਹਿਲਾਂ ਵਿਚਾਰ ਦੀ ਲੋੜ ਹੈ। ਕੁੱਝ ਸੱਜਣ ਤਾਂ ਨਵੀਂ ਖੌਜ ਦਾ ਸਵਾਂਗ ਰੱਚ ਕੇ ਕੋਈ ਗੁਰਮਤਿ ਅਧਾਰ ਵਿਰੌਧੀ ਕਿਤਾਬ ਲਿਖ ਕੇ ਆਸ ਲਾਗਾਏ ਬੈਠੇ ਹਨ ਕਿ ਉਨ੍ਹਾਂ ਨੂੰ ਕਿਤਾਬ ਛੱਪਣ ਬਾਦ ਅਕਾਲ ਤਖ਼ਤ ਤਲਬ ਕੀਤਾ ਜਾਏ ਗਾ ਅਤੇ ਉਹ ਜਾਣਗੇ ਨਹੀਂ। ਸਿੱਟੇ ਵੱਜੋਂ ਖ਼ਿਆਤੀ ਮਿਲੇਗੀ! ਭਾਵੇਂ ਬਦਨਾਮ ਹੋ ਕੇ ਸਹੀ!

ਇਹ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਇਸ ਨਿਰਨੇ ਦੀ ਕੁੱਝ ਥਾਂ ਉਲੰਗਣਾ ਹੈ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਵੀ ਹੋਰ ਪੁਸਤਕ/ਗ੍ਰੰਥ ਨੂੰ ਨਸ਼ੀਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਿਰਫ਼ ਰਹਿਤ ਦੀ ੳਲੰਗਣਾ ਹੈ ਕੀ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰੀ ਤਰਾਂ ਵਰਤਦੇ ਹਨ ? ਜੇਕਰ ਨਹੀਂ ਤਾਂ ਇਸ ਵਿੱਚ ਕਸੂਰ ਕਿਸਦਾ ਹੈ? ਕਿਸ ਨੂੰ ਬਦਲਣ ਦੀ ਲੋੜ ਹੈ ?
 
ਕੋਈ ਇਹ ਨਾ ਸੋਚੇ ਕਿ ਸ਼ਬਦ ਗੁਰੂ ਗ੍ਰੰਥ ਦੀ ਸਥਾਪਤ ਅਤੇ ਨਿਰਵਿਵਾਦਤ ਗੁਰਤਾ ਨੂੰ ਸਥਾਪਤ ਕਰਨ ਦੀ ਲੋੜ ਹੈ। ਉਹ ਹੈ ਹੀ ਸਿੱਖਾਂ ਦਾ ਸਥਾਪਤ ਅਤੇ ਨਿਰਵਿਵਾਦਤ ਗੁਰੂ! ਰਹੀ ਗਲ ਅਕਾਲ ਤਖ਼ਤ ਦੀ ਸਰਵਉਚਤਾ ਦੀ ਤਾਂ ਉਹ ਸਿਧਾਂਤਕ ਰੂਪ ਵਿੱਚ ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਹੈ। ਇਸੇ ਸਰਵਉਚ ਪੰਥਕ ਸੰਸਥਾਨ ਨੇ ਗੁਰਮਤਿ ਦੀ ਸਰਵਉਚਤਾ ਹੇਠ ਕੰਮ ਕਰਨਾ ਚਾਹੀਦਾ ਹੈ। ਇਹ ਗੁਰਮਤਿ ਦੇ ਕੁਲ ਫ਼ਲਸਫ਼ੇ ਦਾ ਮਹੱਤਵਪੁਰਨ ਅੰਗ ਹੈ।

ਹਰਦੇਵ ਸਿੰਘ, ਜੰਮੂ  (30.01.2012)

Sunday, 29 January 2012

‘ਦਰਬਾਰ ਸਾਹਿਬ ਅਤੇ ਅਕਾਲ ਤਖ਼ਤ’
ਹਰਦੇਵ ਸਿੰਘ ਜੰਮੂ

ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰ ਸਾਹਿਬ ਜਾਂ ਫ਼ਿਰ ਇਸ ਦੀ ਬਣਤਰ ਕਾਰਨ ਗੋਲਡਨ ਟੇਂਪਲ ਵੀ ਕਿਹਾ ਜਾਂਦਾ ਹੈ। ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ ਵਿੱਚ ਆਏ ਅੰਗ੍ਰੇਜ਼ਾ ਵਲੋਂ ਇਸ ਨੂੰ ਗੋਲਡਨ ਟੇਂਪਲ ਕਰ ਕੇ ਸਮਝਿਆ-ਪੁਕਾਰਿਆ ਗਿਆ। ਲੇਕਿਨ ਪੁਰਾਤਨਤਾ ਦੇ ਲਿਹਾਜ਼ ਨਾਲ ਗੁਰੂਆਂ ਵਲੋਂ ਇਸ ਲਈ ਵਰਤਿਆ ਮੂਲ ਨਾਮ ਦਰਬਾਰ ਸਾਹਿਬ ਹੀ ਸੀ ਭਾਵੇਂ ਇਸ ਦੇ ਆਲੇ-ਦੁਆਲੇ ਵੱਸੇ ਸ਼ਹਿਰ ਨੂੰ ‘ਗੁਰੂ ਦਾ ਚੱਕ’, `ਚੱਕ ਗੁਰੂ’ ਅਤੇ ‘ਅੰਮ੍ਰਿਤਸਰ’ ਕਿਹਾ ਗਿਆ।

ਦਰਬਾਰ ਸਾਹਿਬ! ਕਿਸ ਦਾ ਦਰਬਾਰ ਸੀ? ਜ਼ਾਹਰ ਜਿਹੀ ਗਲ ਹੈ ਕਿ ਗੁਰੂ ਦਾ ਦਰਬਾਰ ਸੀ! ! ‘ਦਰਬਾਰ’ ਸ਼ਬਦ ਗੁਰੂ ਨੇ ਅਪਣੇ ਦਰਬਾਰ ਲਈ ਕਿਉਂ ਵਰਤਿਆ? ਜ਼ਾਹਰ ਜਿਹੀ ਗਲ ਹੈ ਕਿ ਇਸ ਥਾਂ ਗੁਰੂਆਂ ਨੇ ਮੁਕਾਮ ਕਰਦੇ ਹੋਏ ਇੱਕ ਵਿਸ਼ੇਸ਼ ਮੰਤਵ ਨਾਲ ਇਸਦਾ ਨਾਮ ਦਰਬਾਰ ਸਾਹਿਬ ਰੱਖਿਆ ਸੀ ਕਿਉਂਕਿ ਉਹ ਪੰਥਕ/ਮਨੁੱਖੀ ਸਮਝ ਲਈ ਗੁਰਤਾ ਦਾ ਇੱਕ ਐਸਾ ਦਰਬਾਰ ਸਥਾਪਤ ਕਰਨਾ ਚਾਹੁੰਦੇ ਸੀ ਜਿਸ ਨੇ ਸਿੱਖਾਂ ਦੇ ਇੱਕ ਮਰਕਜ਼ੀ ਇਦਾਰੇ ਦੇ ਰੂਪ ਵਿੱਚ ਸਥਾਪਤ ਹੋਂਣਾ ਸੀ। ਇਸ ਦਰਬਾਰ ਵਿੱਚ ਗੁਰੂ ਦੀ ਹੀ ਸਰਵੋੱਚਤਾ ਸੀ ਅਤੇ ਅੱਜ ਵੀ ਹੈ।

ਦਰਬਾਰ ਸਾਹਿਬ ਕੰਮਪਲੇਕਸ ਵਿੱਚ ਕਈ ਇਤਹਾਸਕ ਘਟਨਾਵਾਂ ਵਾਪਰਿਆਂ ਸਨ। ਵਿਸ਼ੇਸ਼ ਰੂਪ ਵਿੱਚ ਛੇਵੇਂ ਗੁਰੂ ਜੀ ਵਲੋਂ ਇਸਦੇ ਸ੍ਹਾਮਣੇ ‘ਅਕਾਲ ਤਖ਼ਤ ਦੀ ਉਸਾਰੀ। ਦਰਬਾਰ ਸਾਹਿਬ ਕੰਮਪਲੈਕਸ ਨੂੰ ਸਮਝਣ ਲਈ ਕਿਸੇ ਵੀ ਬੰਦੇ ਲਈ ਇਹ ਜ਼ਰੁਰੀ ਹੈ ਕਿ ਉਹ ਉਨ੍ਹਾਂ ਹਾਲਾਤਾਂ ਅਤੇ ਪਰਿਪੇਖਾਂ ਨੂੰ ਸਮਝੇ ਜਿਨ੍ਹਾਂ ਵਿੱਚ ਇਸ ਦੀ ਉਸਾਰੀ ਹੋਈ ਸੀ। ਇਸਦੇ ਨਾਲ ਹੀ ਉਸ ਲਈ ਇਹ ਜਾਣਨਾ ਵੀ ਜ਼ਰੁਰੀ ਹੈ ਕਿ ਉਸ ਵੇਲੇ ਦਰਬਾਰਅਤੇ ‘ਤਖ਼ਤ’ ਦੇ ਰਾਜਸੀ ਸਿਧਾਂਤਾ ਕੀ ਸਨ? ਵਿਸਤਾਰ ਵਿੱਚ ਤਾਂ ਬਹੁਤ ਕੁੱਝ ਹੈ ਜੋ ਦਾਸ ਪਹਿਲਾਂ ਵੀ ਵਿਚਾਰ ਚੁੱਕਿਆ ਹੈ ਪਰ ਇੱਥੇ ਕੇਵਲ ਸੰਖੇਪ ਜਿਹੀ ਗਲ ਵਿਚਾਰਾਂ ਗੇ।

ਪਹਿਲਾਂ ‘ਦਰਬਾਰ’ ਦੀ ਗਲ ਕਰਦੇ ਹਾਂ। ਦਰਬਾਰ ਉਸ ਵੇਲੇ ਰਾਜਸੀ ਸਭਾ ਲਈ ਵਰਤਿਆ ਜਾਂਦਾ ਇੱਕ ਸ਼ਬਦ ਸੀ। ਇਨ੍ਹਾਂ ਦਰਬਾਰਾਂ ਵਿੱਚ ਰਾਜਾ ਅਪਣੀਆਂ ਰਾਜਸੀ ਗਤੀ ਵਿਧਿਆਂ ਚਲਾਉਂਦੇ ਸਨ। ਲੇਕਿਨ ਇੱਥੇ ਇੱਕ ਮਹੱਤਵਪੁਰਣ ਗਲ ਨੂੰ ਸਮਝ ਵਿਚਾਰ ਲੇਂਣਾ ਵੀ ਜ਼ਰੂਰੀ ਹੈ ਕਿ ਉਹ ‘ਰਾਜਸੀ ਦਰਬਾਰ’ ਤਖ਼ਤ ਨਾਲ ਜੁੜਦੇ ਹੋਏ ਵੀ ਉਸ ਨਾਲੋਂ ਵੱਖਰੇ ਸਨ। ਮਸਲਨ ਜੇਕਰ ਮੁਗ਼ਲ ਬਾਦਸ਼ਾਹ ਆਗਰਾ ਦੇ ਕਿਲੇ ਤੋਂ ਬਾਹਰ ਜਾਂਦਾ ਸੀ ਤਾਂ ਜਿਸ ਥਾਂ ਉਹ ਜਾਂਦਾ ਸੀ ਉਸ ਦਾ ਦਰਬਾਰ ਉਥੇ ਹੀ ਲੱਗਦਾ ਸੀ ਪਰ ਬਾਦਸ਼ਾਹ ਉਹ ਆਗਰੇ ਦੇ ਤਖ਼ਤ ਦਾ ਹੀ ਹੁੰਦਾ ਸੀ। ਇਵੇਂ ਹੀ ਜਦੋਂ ਮੁਗ਼ਲਿਆ ਬਾਦਸ਼ਾਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਦਰਬਾਰ ਉਹ ਕਿੱਧਰੇ ਵੀ ਲਗਾਉਂਣ ਉਹ ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ ਹੀ ਕਹਾਉਂਦੇ ਸਨ। ਯਾਨੀ ਕਿ ‘ਤਖ਼ਤ’ ‘ਦਰਬਾਰ’ ਨਾਲੋਂ ਉੱਚੀ ਅਵਸਥਾ ਦਾ ਸੂਚਕ ਸੀ। ਇਸ ਬਾਰੀਕ ਨੁੱਕਤੇ ਨੂੰ ਇੱਕ ਛੋਟੀ ਜਿਹੀ ਮਿਸਾਲ ਰਾਹੀਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਬਾਬਾਰ ਦਾ ਪੁੱਤਰ ਹਮਾਯੁੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਭਟੱਕਦਾ ਹੋਇਆ ਅਪਣੇ ‘ਦਰਬਾਰ’ ਬਿਯਾਬਾਨਾਂ ਵਿੱਚ ਤਾਂ ਲਗਾਉਂਦਾ ਸੀ ਪਰ ਉਹ ਭਾਰਤ ਦਾ ਬਾਦਸ਼ਾਹ ਨਹੀਂ ਸੀ ਕਿਉਂਕਿ ਉਸ ਪਾਸ ਭਾਰਤ ਦਾ ‘ਤਖ਼ਤ’ ਨਹੀਂ ਸੀ।

ਤਖ਼ਤ ਦੀ ਇਸ ਪਰੰਪਰਾ ਵਿੱਚ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਨਵਾਂ ਨੁੱਕਤਾ ਜੋੜਿਆ ਸੀ। ਉਸਨੇ ਦਿੱਲੀ ਵਿੱਚ ਲਾਲ ਕਿਲੇ ਅੰਦਰ ‘ਤਖ਼ਤ-ਏ-ਤਾਉਸ(ਪੀਕਾਕ ਥਾਰਨ) ਬਣਾਇਆ ਜਿਸ ਨੂੰ ਇੱਕ ਥਾਂ ਤੋਂ ਚੁੱਕ ਕੇ ਕਿਸੇ ਦੂਜੇ ਥਾਂ ਵੀ ਲੇ ਜਾਇਆ ਜਾ ਸਕਦਾ ਸੀ। ਅਪਣੀ ਇਸ ਵਿਸ਼ੇਸ਼ਤਾ ਕਾਰਨ ਉਸ ਨੂੰ ‘ਤਖ਼ਤ-ਏ-ਰਵਾਂਵੀ ਕਿਹਾ ਜਾਂਦਾ ਸੀ। ਇਸ ਦੀ ਲਾਗਤ ਉਸ ਵੇਲੇ ਕਈਂ ਲੱਖਾਂ ਵਿੱਚ ਸੀ ਅਤੇ ਇਸ ਵਿੱਚ ਕਈ ਬੇਸ਼ਕੀਮਤੀ ਹੀਰੇਆਂ ਦਾ ਨਾਲ ਮਸ਼ਹੂਰ ਕੋਹੇਨੂਰ ਹੀਰ ਵੀ ਜੜਿਆ ਹੋਇਆ ਸੀ। ਨਾਦਰਸ਼ਾਹ ਦਿੱਲੀ ਜਿੱਤਣ ਬਾਦ ਬਾਦਸ਼ਾਹਤ ਅਤੇ ਪਾਤਿਸ਼ਾਹੀ ਦੇ ਇਸ ਤਖ਼ਤ ਨੂੰ ਚੁੱਕ ਕੇ ਪਰਸ਼ੀਆ ਲੇ ਗਿਆ ਸੀ। ਇਸ ਲਈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਸੀ ਅਤੇ ਰਾਜਨੀਤਕ ਹਲਕਿਆਂ ਵਿੱਚ ‘ਤਖ਼ਤ’ ਅਤੇ ਉਸ ਤੇ ਬੈਠਣ ਦਾ ਕੀ ਮਹੱਤਵ ਸੀ। ਨਾਦਰਸ਼ਾਹ ਨੇ ਤਾਕਤ ਦੇ ਇਸ ਸੰਕੇਤ ਨੂੰ ਚੂੱਕ ਕੇ ਮੁਗ਼ਲਿਆ ਰਾਜ ਤੇ ਅਪਣੀ ਜਿੱਤ ਨੂੰ ਦਰਸਾਇਆ ਸੀ। ਸਿੱਖ ਜਰਨੈਲਾਂ ਨੇ ਵੀ ਦਿੱਲੀ ਜਿੱਤਣ ਦੇ ਸੰਕੇਤ ਰੂਪ ਵਿੱਚ ਦਿੱਲੀ ਦੇ ਤਖ਼ਤ ਦੀ ਇੱਕ ਸੰਗਮਰਮਰ ਦੀ ਸਿੱਲ ਚੁੱਕ ਕੇ ਦਰਬਾਰ ਸਾਹਿਬ ਕੰਮਪਲੈਕਸ ਵਿੱਚ ਸਥਿਤ ਬੂੰਗਿਆਂ ਵਿੱਚ ਰੱਖੀ ਸੀ।

ਰਾਜਸੀ ਤਖ਼ਤ ਤੇ ਬੈਠੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਅਪਣੇ ਕਥਿਤ ਇਨਸਾਫ਼ ਦੇ ਮਾਰਫ਼ਤ ਸ਼ਹੀਦ ਕਰ ਦਿੱਤਾ ਸੀ। ਉਸ ਜਹਾਂਗੀਰ ਨੇ ਜਿਸ ਨੂੰ ਮੁਗ਼ਲ ਬਾਦਸ਼ਾਹਾਂ ਵਿਚੋਂ ਇੱਕ ਜ਼ਿਆਦਾ ਇਨਸਾਫ਼ ਪਸੰਦ ਰਾਜਾ ਕਰਕੇ ਜਾਣਿਆ ਜਾਂਦਾ ਸੀ। ਜਹਾਂਗੀਰ ਦੇ ਅਪਣੇ ਇਨਸਾਫ਼ ਦੇ ਦਾਵੇ ਦੀ ਪ੍ਰਤੀਕ ਸੀ ਉਹ ‘ਜ਼ੰਜ਼ੀਰ-ਏ-ਅਦਲ’ (ਇਨਸਾਫ਼ ਦੀ ਜ਼ੰਜੀਰ ) ਜੋ ਕਿ ਉਸ ਨੇ ਆਗਰੇ ਕਿਲੇ ਦੇ ਬਾਹਰ ਬੰਨੀ ਹੋਈ ਸੀ। ਜਹਾਂਗੀਰ ਨੇ ਅਪਣੇ ਅਲਫ਼ਾਜਾਂ ਵਿੱਚ ਉਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਜਿਸ ਵੇਲੇ ਕਿ ਉਸ ਦੇ ਇੱਕ ਕਮਾਂਡਰ ਨੇ ਬਾਗੀ ਸ਼ਹਿਜ਼ਾਦੇ ਖੁਸਰੋ ਨੂੰ ਕੈਦ ਕਰ ਲਿਆ। ਇਹ ਉਹੀ ਖੁਸਰੋ ਸੀ ਜਿਸਦੇ ਬਾਰੇ ਲਿਖਿਆ ਮਿਲਦਾ ਹੈ ਕਿ ਉਸ ਨੇ ਦੌਰੇ ਬਗਾਵਤ ਗੁਰੂ ਅਰਜਨ ਜੀ ਨਾਲ ਮੁਲਾਕਾਤ ਕੀਤੀ ਸੀ।

ਖ਼ੈਰ! ਕਮਾਂਡਰ ਨੇ ਖੁਸਰੌ ਨੂੰ ਕੈਦ ਕਰਨ ਬਾਦ ਜਹਾਂਗੀਰ ਨੂੰ ਇੱਤਲਾਹ ਅਤੇ ਇਲਤਜਾਹ ਕੀਤੀ ਕਿ ਇੱਕ ਕਮਾਂਡਰ ਹੋਂਣ ਦੀ ਹੈਸੀਅਤ ਨਾਲ ਉਹ ਇਹ ਹੈਸੀਅਤ ਨਹੀਂ ਰੱਖਦਾ ਕਿ ਉਹ ਖੁਸਰੋ ਵੱਲੋ ਕੀਤੀ ਬਗਾਵਤ ਦੀ ਸਜ਼ਾ ਬਾਰੇ ਕੋਈ ਫ਼ੈਸਲਾ ਲੇ ਸਕੇ। ਚੁੰਕਿ ਇਹ ਬਾਗੀ ਆਮ ਨਹੀਂ ਬਲਕਿ ਬਾਦਸ਼ਾਹ ਦਾ ਅਪਣਾ ਸ਼ਹਿਜ਼ਾਦਾ ਹੈ ਇਸ ਲਈ ਬਾਗੀ ਸ਼ਹਿਜ਼ਾਦੇ ਬਾਰੇ ਕੀ ਕੀਤਾ ਜਾਏ?

ਜਵਾਬ ਵਿੱਚ ਜਹਾਂਗੀਰ ਨੇ ਕਮਾਂਡਰ ਨੂੰ ਕਿਹਾ ਕਿ ਬਾਦਸ਼ਾਹ ਦੇ ਤਖ਼ਤ ਦਾ ਇਨਸਾਫ਼ ਕਿਸੇ ਵਿੱਚ ਫ਼ਰਕ ਨਹੀਂ ਕਰਦਾ ਭਾਵੇਂ ਉਹ ਦਾਮਾਦ ਹੋਵੇ ਜਾਂ ਫ਼ਿਰ ਉਸਦਾ ਅਪਣਾ ਪੁੱਤਰ। ਲਿਹਾਜ਼ਾ ਖੁਸਰੋ ਦਿਆਂ ਦੋਵੇਂ ਅੱਖਾਂ ਕੱਡ ਦਿੱਤੀਆਂ ਗਈਆਂ। ਇਹ ਉਹੀ ਜਹਾਂਗੀਰ ਸੀ ਜਿਸ ਨੇ ਇੱਕ ਸਮੇਂ ਅਪਣੇ ਇੱਕ ਹੋਰ ਪੁੱਤਰ ਸ਼ਹਿਜ਼ਾਦਾ ਖੁਰੱਮ (ਬਾਦ ਵਿੱਚ ਸ਼ਾਹਜਹਾਂ) ਵਲੋਂ ਕੀਤੀ ਬਗਾਵਤ ਦੀ ਇੱਕ ਘਟਨਾ ਬਾਦ ਉਸ ਨੂੰ ਮਾਫ਼ ਤਾਂ ਕੀਤਾ ਸੀ ਪਰ ਇਹ ਮਾਫ਼ੀ ਹਾਸਲ ਕਰਨ ਲਈ ਸ਼ਹਿਜ਼ਾਦਾ ਖੁਰੱਮ ਨੂੰ ਅਪਣੇ ਦੋ ਛੋਟੇ ਪੁੱਤਰ (ਦਾਰਾ ਸ਼ਿਕੋਹ ਅਤੇ ਔਰੰਗਜ਼ੇਬ) ਜਹਾਂਗੀਰ ਪਾਸ ਕੈਦ ਕਰਵਾਉਂਣੇ ਪਏ ਸੀ।

ਅਪਣੇ ਤਖ਼ਤ ਦੀ ਤਾਕਤ ਦੇ ਪ੍ਰਤੀ ਇਤਨੇ ਸੰਵੇਦਨਸ਼ੀਲ ਬਾਦਸ਼ਾਹ ਨੂੰ ਗੁਰੂ ਅਰਜਨ ਜੀ ਵਲੋਂ ਉਸਾਰਿਆ ਦਰਬਾਰ ਕੁੜ ਦੀ ਦੁਕਾਨ ਤਾਂ ਲੱਗਣਾ ਹੀ ਸੀ। ਕਿਉਂਕਿ ਉਸ ਵੇਲੇ ਸਲਤਨਤ ਵਿੱਚ ਛੋਟੇ ਰਾਜੇ ਮੁਗ਼ਲ ਬਾਦਸ਼ਾਹ ਵਲੋਂ ਹੀ ਰਾਜਿਆਂ ਦਾ ਖਿਤਾਬ ਹਾਸਲ ਕਰਕੇ ਅਪਣਾ ਦਰਬਾਰ ਲਗਾਉਂਣ ਦੀ ਆਗਿਆ ਪ੍ਰਾਪਤ ਕਰਦੇ ਸੀ।

ਖ਼ੈਰ ਭਾਰਤ ਦੇ ਤਖ਼ਤ ਤੇ ਬਠੈ ਬਾਦਸ਼ਾਹ ਦੇ ਰਾਜਸੀ ਦਰਬਾਰ ਵਲੋਂ ਗੁਰੂ ਦੇ ਅਧਿਆਤਮਕ ਦਰਬਾਰ ਨੂੰ ਬੰਦ ਕਰਨ ਲਈ ਗੁਰੂ ਸਾਹਿਬ ਜੀ ਲਈ ਮੌਤ ਦਾ ਫ਼ੁਰਮਾਨ ਜਾਰੀ ਹੋਇਆ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਹਾਲਾਤਾਂ ਕੇ ਵੱਡੀ ਕਰਵਟ ਲੇ ਲਈ ਸੀ। ਗੁਰੂ ਦੇ ਫ਼ਲਸਫ਼ੇ ਵਿੱਚ ਕਿਸੇ ਬਾਦਸ਼ਾਹ ਦੇ ਦਰਬਾਰ ਨਾਲੋਂ ਅਤੇ ਕਿਸੇ ਬਾਦਸ਼ਾਹ ਦੇ ਤਖ਼ਤ ਨਾਲੋਂ ਉੱਚਾ ਅਕਾਲ ਪੁਰਖ ਦਾ ਦਰਬਾਰ ਅਤੇ ਤਖ਼ਤ ਸੀ। ਜਿਸ ਨੂੰ ਹੁਣ ਸੰਕੇਤਕ ਰੂਪ ਵਿੱਚ ਸੰਸਾਰ ਨੂੰ ਸਮਝਾਉਂਣ ਦੀ ਲੋੜ ਸੀ। ਗੁਰੂਆਂ ਦੇ ਇਲਾਹੀ (ਅਕਾਲੀ) ਗਿਆਨ ਦਾ ਦਰਬਾਰ (ਦਰਬਾਰ ਸਾਹਿਬ) ਤਾਂ ਸੀ ਹੀ ਹੁਣ ਅਕਾਲ ਦੇ ਤਖ਼ਤ ਨੂੰ ਸੰਕੇਤਕ ਰੂਪ ਦੇਂਣ ਦਾ ਨਿਰਨਾ ਲਿਆ ਗਿਆ।
ਵਿਲੱਖਣਤਾ ਇਹ ਸੀ ਕਿ ਜਿੱਥੇ ਸ਼ਾਹੀ ਦਰਬਾਰ ਤਲਵਾਰ ਦੇ ਜੋਰ ਰਾਹੀਂ ਪ੍ਰਾਪਤ ਤਖ਼ਤ ਤੋਂ ਤਾਕਤ ਪ੍ਰਾਪਤ ਕਰਦੇ ਸੀ ਉੱਥੇ ਗੁਰੂ ਨੇ ਅਪਣੇ ਉਸਾਰੇ ਤਖ਼ਤ ਨੂੰ ਗੁਰੂ ਦੇ ਦਰਬਾਰ ਹੇਠ ਸਥਾਪਤ ਕੀਤਾ ਅਤੇ ਦਰਬਾਰ ਦੇ ਫ਼ਲਸਫ਼ੇ ਅਨੁਸਾਰ ਇਸ ਤਖ਼ਤ ਦੀ ਵਰਤੋਂ ਵੀ ਆਰੰਭ ਕੀਤੀ। ਇਹ ਤਖ਼ਤ ਤਲਵਾਰ ਦੇ ਜੋਰ ਤੇ ਹਾਸਲ ਨਹੀਂ ਸੀ ਕੀਤਾ ਗਿਆ ਬਲਕਿ ਅਧਿਆਤਮ ਦੀ ਰੋਸ਼ਨੀ ਵਿੱਚ ਸਿਰਜਿਆ ਗਿਆ ਸੀ ਅਤੇ ਇਸਦੀ ਸਿਰਜਨਾ ਦੇ ਬਾਦ ਗੁਰੂ ਨੇ ਤਲਵਾਰ ਧਰਨ ਕੀਤੀ ਸੀ। ਇਹ ਤਖ਼ਤ ਤੋਂ ਦਰਬਾਰ ਵਲ ਤੁਰਨ ਦੀ ਕ੍ਰਿਆ ਨਹੀਂ ਸੀ ਬਲਕਿ ਇਹ ਦਰਬਾਰ ਤੋਂ ਤਖ਼ਤ ਵੱਲ ਚੁੱਕਿਆ ਗਿਆ ਗੁਰੂ ਦਾ ਕਦਮ ਸੀ!

ਅੱਜ ਵੀ ਅਕਾਲ ਤਖ਼ਤ ਸੰਸਾਰ ਵਿੱਚ ਇਸ ਗਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਦਾ ਦਰਬਾਰ ਅਤੇ ਤਖ਼ਤ ਸਾਰੇ ਰਾਜਸੀ ਸਿਧਾਂਤਾ ਅਤੇ ਤਖ਼ਤਾ ਨਾਲੋਂ ਸਰਵੋੱਚ ਹੈ। ਗੁਰੂਆਂ ਦੇ ਇਨ੍ਹਾਂ ਕੰਮਾਂ ਨੂੰ ਗੁਰੂਆਂ ਦੀ ਨਿਗਾਹ ਅਨੁਸਾਰ ਵੇਖਣ ਦੀ ਲੋੜ ਹੈ ਨਾ ਕਿ ਬੰਦਿਆਂ ਦੀ ਕਾਰਜਸ਼ੈਲੀ ਅਨੁਸਾਰ।

ਗੂਰਸਿੱਖਾਂ ਨੇ ਹਮੇਸ਼ਾ ਇਹ ਵਿਚਾਰ ਕੇ ਚਲਣਾ ਹੈ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਇਦਾਰਿਆਂ ਨੂੰ ਕਿਸ ਨਿਗਾਹ ਨਾਲ ਵੇਖਣਾ ਚਾਹੀਦਾ ਹੈ? ਗੁਰੂ ਦੀ ਨਿਗਾਹ ਅਨੁਸਾਰ ਜਾਂ ਫ਼ਿਰ ਬੰਦਿਆਂ ਦੀ ਵਕਤੀ ਕਾਰਜਸ਼ੈਲੀ ਅਤੇ ਪ੍ਰਭਾਵ ਅਨੁਸਾਰ? ਤਕਾਜ਼ਾ ਇਹੀ ਹੈ ਕਿ ਜੇਕਰ ਗੁਰੂ ਦੀ ਨਿਗਾਹ ਸਰਵੋੱਚ ਹੈ ਤਾਂ ਉਸੇ ਨਾਲ ਹੀ ਇਨ੍ਹਾਂ ਇਦਾਰਿਆਂ ਨੂੰ ਵੇਖਿਆ ਜਾਏ। ਬੰਦੇ ਤਾਂ ਆਉਂਦੇ ਜਾਂਦੇ ਰਹਿਣ ਗੇ! ! ਜੇਕਰ ਬੰਦਿਆਂ ਦੇ ਅਧਾਰ ਤੇ ਗੁਰੂਆਂ ਦੇ ਕੀਤੇ ਦਾ ਫ਼ੈਸਲਾ ਹੋਵੇ ਤਾਂ ਸ਼ਾਯਦ ਕੁੱਝ ਵੀ ਨਾ ਬਚੇ।

ਹਰਦੇਵ ਸਿੰਘ, ਜੰਮੂ

Tuesday, 24 January 2012

'ਸਿੱਖ ਰਹਿਤ ਮਰਿਯਾਦਾ ਅਤੇ ਸ਼੍ਰੀ ਅਕਾਲ ਤਖ਼ਤ'

ਹਰਦੇਵ ਸਿੰਘ ,ਜੰਮੂ

ਇਸ ਲੇਖ ਰਾਹੀਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਪਸ਼ਟ ਕਰ ਦੇਵਾਂ ਇਕ ਇਸ ਲੇਖ ਨੂੰ ਪ੍ਰੋ. ਧੁੰਦਾ ਜੀ ਦੇ ਪ੍ਰਕਰਣ ਨਾਲ ਜੋੜ ਕੇ ਨਾ ਸਮਝਿਆ ਜਾਏ।ਇਹ ਲੇਖ ਬੁਲਾਉਂਣ-ਜਾਣ ਦੇ ਵਿਸ਼ੇ ਬਾਰੇ ਨਹੀਂ! ਇਸ ਲੇਖ ਵਿਚ ਉਨਾਂ੍ਹ ਗਲਾਂ ਬਾਰੇ ਵਿਚਾਰ ਕਰਨਾ ਹੈ ਜਿਨਾਂ੍ਹ ਦਾ ਮਕਸਦ, ਗੁਰਮਤਿ ਦੇ ਸਿਧਾਂਤ ਮੁਤਾਬਕ ਪੰਥਕ ਅਤੇ ਮਨੁੱਖੀ ਸਮੱਸਿਆਵਾਂ ਬਾਰੇ ਗੁਰਮਤਿ ਦ੍ਰਿਸ਼ਟੀਕੋਣ ਦੇ ਸੰਕੇਤਕ ਰੂਪ 'ਸ਼੍ਰੀ ਅਕਾਲ ਤਖ਼ਤ' ਦੀ ਹੋਂਦ/ਵਿਵਸਥਾ ਪ੍ਰਤੀ ਪੰਥਕ ਮਾਨਤਾ ਨੂੰ ਹੀ ਖ਼ਤਮ ਕਰਨ ਦਾ ਸੂਜਾਅ ਦੇਂਣਾ ਪ੍ਰਤੀਤ ਹੁੰਦਾ ਹੈ।

ਅਸੀਂ ਸਾਰੇ ਜਾਣੂ ਹਾਂ ਕਿ ਗੁਰੂ ਨਾਨਕ ਤੋਂ ਬਾਦ ਨੌਂ ਗੁਰੂ ਸਾਹਿਬਾਨ ਗੁਰਤਾ ਦੇ ਤਖ਼ਤ ਤੇ ਨਸ਼ੀਨ ਹੋਏ ਸਨ।ਦਸਵੇਂ ਪਾਤਿਸ਼ਾਹ ਨੇ ਅਪਣੇ ਬਾਦ ਇਸ ਪਰੰਪਰਾ ਨੂੰ ਵਿਰਾਮ ਦਿੰਦੇ ਹੋਏ ਗੁਰੂਆਂ ਦੀ ਵਿਚਾਰਧਾਰਾ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਉਸ ਤਖ਼ਤ ਤੇ ਨਸ਼ੀਨ ਕਰ ਦਿੱਤਾ ਅਤੇ ਇਸ ਤਖ਼ਤ ਦੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿਚ ਅੱਗੇ ਤੋਰਨ ਦਾ ਜਿੰਮਾਂ ਸਿੱਖਾਂ ਨੂੰ ਸੋਂਪ ਦਿੱਤਾ।ਕੋਈ ਵਿਚਾਰਹੀਣ ਹੀ ਇਸ ਗਲ ਤੋਂ ਇਨਕਾਰੀ ਹੋ ਸਕਦਾ ਹੈ ਕਿ ਵਿਚਾਰਧਾਰਾ ਬਿਨਾਂ੍ਹ ਬੰਦਿਆਂ ਦੇ ਚਲ ਸਕਦੀ ਹੈ।ਇਹ ਕੁਦਰਤੀ ਨਿਯਮ ਹੈ ਕਿ ਜੇਕਰ ਬੰਦੇ ਕਿਸੇ ਵਿਚਾਰਧਾਰਾ ਨੂੰ ਭੰਗ ਕਰ ਸਕਦੇ ਹਨ ਤਾਂ ਬੰਦੇ ਹੀ ਉਸ ਵਿਚਾਰਧਾਰਾ ਨੂੰ ਸਥਾਪਤ ਕਰ ਸਕਦੇ ਹਨ।ਗੁਰੂ ਦੀ ਅਗੁਆਈ ਦੀ ਪਛਾਂਣ ਅਤੇ ਉਸ ਮੁਤਾਬਕ ਨਿਰਨੇ ਕਿਸੇ ਪੰਥਕ ਪ੍ਰਬੰਧ ਨੇ ਹੀ ਕਰਨੇ ਹਨ।ਜਿਹੜੇ ਸੱਜਣ ਬੰਦਿਆਂ/ਪ੍ਰਬੰਧ ਨੂੰ ਨਫ਼ੀ ਕਰਕੇ ਕੇਵਲ ਗੁਰੂ ਦੀ ਅਗੁਆਈ ਦਾ ਤਰਕ ਦਿੰਦੇ ਰਹੇ ਹਨ ਉਹ ਵਿਵਹਾਰਕ ਵਾਸਤਵਿਕਤਾਵਾਂ ਤੋਂ ਪਰੇ ਹਨ।


ਵਿਚਾਰ ਦਿੱਤਾ ਜਾਂਦਾ ਹੈ ਕਿ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿਚ ਅਕਾਲ ਤਖ਼ਤ ਦੀ ਕੋਈ ਵੀ ਵਿਵਸਥਾ ਨਹੀਂ ਹੈ।ਅਤੇ ਨਾ ਹੀ ਗੁਰਦੁਆਰਾ ਐਕਟ ਵਿਚ।ਇਹ ਇਕ ਵਚਿੱਤਰ ਪ੍ਰਚਾਰ/ਵਿਚਾਰ ਹੈ!


ਪਹਿਲਾਂ ਐਕਟ ਦੀ ਗਲ ਕਰ ਲਈਏ।ਗੁਰਮਤਿ ਦੀ ਥੋੜੀ ਬਾਰੀਕ ਸਮਝ ਰੱਖਣ ਵਾਲੇ ਸੱਜਣ ਇਸ ਗਲ ਨੂੰ ਸਮਝ ਸਕਦੇ ਹਨ ਕਿ ਗੁਰੂ ਦੇ ਦਿੱਤੇ ਸਿਧਾਂਤ ਕਿਸੇ ਐਕਟ ਦੀ ਉਪਜ ਨਹੀਂ ਹੋ ਸਕਦੇ।ਮਸਲਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਸਿੱਖਾਂ ਦੀ ਸਵਕ੍ਰਿਤੀ (ਅਕਸੇਪਟੇਂਸ) ਹੈ। 'ਗੁਰੂ' ਕਾਨੂਨ ਦੇ ਐਕਟ ਰਾਹੀਂ ਸਥਾਪਤ ਨਹੀਂ ਹੋਇਆ ਨਾ ਹੋ ਸਕਦਾ ਹੈ।ਗੁਰੂ ਵਲੋਂ ਅਕਾਲ ਤਖ਼ਤ ਦੀ ਸਥਾਪਨਾ ਵੀ ਸਿੱਖਾਂ ਦੀ ਸਵਕ੍ਰਿਤੀ (ਅਕਸੇਪਟੇਂਸ) ਹੈ ਨਾ ਕਿ ਸਿੱਖਾਂ ਦੀ ਇਜਾਦ (ਕ੍ਰਿਏਸ਼ਨ)ਐਕਟ ਦੁਆਰਾ ਪ੍ਰਬੰਧਕ ਕਮੇਟਿਆਂ ਦਾ ਨਿਜ਼ਾਮ ਤਾਂ ਬਣ ਸਕਦਾ ਸੀ ਪਰ ਅਕਾਲ ਤਖ਼ਤ ਵਰਗਾ ਮੁੱਡਲਾ ਸਿਧਾਂਤ ਨਹੀਂ!

 
ਇਤਹਾਸ ਵਿਚ ਸਪਸ਼ਟ ਹੈ ਕਿ ਸ਼੍ਰੀ ਅਕਾਲ ਤਖ਼ਤ ਦੀ ਉਸਾਰੀ ਹੋਂਣ ਬਾਦ ਸ਼੍ਰੀ ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦੇ ਭੋਗ 
ਉਂਪਰੰਤ ਸ਼੍ਰੀ ਅਕਾਲ ਤਖ਼ਤ ਦਿਵਾਨ ਸਜਦੇ ਜਿਥੇ ਸਿੱਖਾਂ ਦੇ ਮਸਲੇ ਨਜਿੱਠੇ ਜਾਂਦੇ ਸੀ।ਇੰਝ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਪਸੀ ਝੱਗੜੇ/ਮਸਲੇ ਨਿਪਟਾਉਂਣ ਲਈ ਗੁਰੂ ਜੀ ਦੇ ਪਾਸ ਇਥੇ ਹੀ ਆਉਂਣ ਲਗੇ ਸੀ।
ਗੁਰੂ ਜੀ ਦੇ ਇਸ ਦਰਬਾਰ ਵਿਚ ਦੂਸਰੇ ਰਾਜਿਆਂ ਦੇ ਦੂਤ ਵੀ ਆਉਂਦੇ ਸੀ ਜਿਨਾਂ੍ਹ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਗੁਰੂ ਜੀ ਵੀ ਅਪਣੇ ਪ੍ਰਤੀਨਿਧੀ ਵੀ ਹੋਰ ਰਾਜਿਆਂ ਪਾਸ ਭੇਜਦੇ ਸੀ।ਗੁਰੂ ਜੀ ਇਥੋਂ ਫ਼ੁਰਮਾਨ ਜਾਰੀ ਕਰਦੇ ਸੀ ਜਿਸ ਨੂੰ ਮੰਨਣਾ ਸਿੱਖਾਂ ਦਾ ਫ਼ਰਜ਼ ਸੀ ਅੰਮ੍ਰਿਤਸਰ ਸ਼ਹਿਰ ਲਾਹੋਰ ਜਾਦੇ ਮੁੱਖ ਮਾਰਗ ਤੇ ਵੱਸੇ ਹੋਂਣ ਕਾਰਨ ਚੁੰਕਿ ਜੰਗੀ ਤੋਰ ਤੇ ਸੁਰਖਿਅਤ ਨਹੀਂ ਸੀ ਇਸ ਲਈ ਸਮੇਂ ਅਤੇ ਜੰਗੀਂ ਸਥਿਤਿਆਂ ਕਾਰਣ ਗੁਰੂ ਜੀ ਨੂੰ ਅਕਾਲੀ ਇਨਸਾਫ਼ ਦੇ ਇਸ ਪ੍ਰਤੀਕਾਤਮਕ ਤਖ਼ਤ ਤੋਂ ਦੂਰ ਮੁਕਾਮ ਕਰਨਾ ਪਿਆ ਪਰ ਇਸ ਦਾ ਸਿਧਾਂਤ ਨਹੀਂ ਬਦਲਿਆ ਨਾ ਹੀ ਇਹ ਸਿੱਖਾਂ ਦੇ ਮਾਨਸਕ ਪੱਟਲ ਤੋਂ ਹੱਟਿਆ।ਸਿਧਾਂਤ ਸਪਸ਼ਟ ਸੀ ਕਿ ਪਰਮਾਤਮਾ ਦੇ ਇਨਸਾਫ਼ ਮੁਤਾਬਕ ਹੀ ਗੁਰਮਤਿ ਦੀ ਰੋਸ਼ਨੀ ਵਿਚ ਹੱਕ ਲੇਂਣ ਅਤੇ ਹੱਕ ਦੇਂਣ ਲਈ ਪੰਥਕ ਕਾਰ ਚਲਾਉਂਣੀ।ਇਹ ਸਾਰੀ ਮਨੁੱਖਤਾ ਲਈ ਇਕ ਸੰਦੇਸ਼ ਸੀ।

 
ਸਿੰਘ ਸਭਾ ਲਹਿਰ ਦੇ ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨ ਲਈ ਪੰਥਕ ਉਪਰਾਲਾ ਕੀਤਾ।ਇਹ ਗੁਰੂਆਂ ਦੇ ਬਾਦ ਦੇ ਇਤਹਾਸ ਵਿਚ ਇਕ ਵਿਲੱਖਣ ਉਪਰਾਲਾ ਸੀ।ਇਸ ਨੂੰ ਤਿਆਰ ਕਰਨ ਲਈ ਵਿਦਵਾਨਾਂ ਨੇ ਗੁਰਮਤਿ ਅਤੇ ਪੁਰਾਤਨ ਰਹਿਤਨਾਮਿਆਂ ਦੀ ਘੋਖ ਕੀਤੀ।ਇਸ ਉਪਰਾਲੇ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਵਿਚ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਨਹੀਂ ਕੀਤੀ ਗਈ ਬਲਕਿ ਇਸ ਇਦਾਰੇ ਨੂੰ ਸਵੀਕਾਰ ਕਰਕੇ ਹੀ ਤੁਰੀਆ ਗਿਆ।ਮਿਸਾਲ ਦੇ ਤੋਰ ਤੇ ਦੋ ਗਲਾਂ ਹੀ ਵਿਚਾਰ ਲਈਏ:-


(੧) ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਤੇ ਨਾਮ ਤੇ ਜਾਰੀ ਕੀਤੀ ਗਈ ਸੀ!ਇਸ ਦੇ ਬਣਨ ਸਮੇਂ ਦੋਰਾਨ ਵੀ ਅਕਾਲ ਤਖ਼ਤ ਦੇ ਜੱਥੇਦਾਰ ਮਿਟਿੰਗਾਂ ਵਿਚ ਵੀ ਲਿਖਤੀ ਮੋਜੂਦਗੀ ਹੁੰਦੀ ਸੀ।
(੨) ਸਿੱਖ ਰਹਿਤ ਮਰਿਆਦਾ ਦੇ ਅੰਤ ਵਿਚ ਦਰਜ ਹੈ:-

(੫) ਸਥਾਨਕ ਫ਼ੈਸਲਿਆਂ ਦੀ ਅਪੀਲ
"ਸਥਾਨਕ ਗੁਰ-ਸੰਗਤਾ ਦੇ ਫ਼ੈਸਲਿਆਂ ਦੀ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ"
 
ਜਿਹੜੇ ਸੱਜਣ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਸਿੱਖ ਰਹਿਤ ਮਰਿਆਦਾ ਵਿਚ ਤਲਾਸ਼ਦੇ ਹਨ ਉਹ ਇਸ ਨੁੱਕਤੇ ਤੋਂ ਖੂੰਜੇ ਹੋਏ ਪ੍ਰਤੀਤ ਹੁੰਦੇ ਹਨ।ਸਿੱਖ ਰਹਿਤ ਮਰਿਆਦਾ ਦੀ ਇਹ ਆਖ਼ਰੀ ਮੱਧ ਗੁਰੂ ਵਲੋਂ ਉਸਾਰੇ/ਵਰਤੇ ਸ਼੍ਰੀ ਅਕਾਲ ਤਖ਼ਤ ਦੇ ਇਦਾਰੇ ਦੀ ਹੋਂਦ ਬਾਰੇ ਪੰਥਕ ਪ੍ਰਵਾਣਗੀ (ਅਕਸੇਪਟੇਂਸ ਨਾ ਕਿ ਸੈਂਕਸ਼ਨ) ਨੂੰ ਸਪਸ਼ਟ ਕਰਦੀ ਹੈ।ਰਹਿਤ ਮਰਿਆਦਾ ਦਾ ਕੰਮ ਰੁਹ-ਰੀਤ ਤਿਆਰ ਕਰਨਾ ਸੀ ਨਾ ਕਿ ਅਕਾਲ ਤਖ਼ਤ ਦਾ ਇੰਨਸਟੀਚੁਯਸ਼ਨ।ਇਹ ਤਾਂ ਗੁਰੂ ਦਾ ਕੰਮ ਸੀ ਜੋ ਉਹ ਕਰ ਗਏ ਸੀ ਜਿਸਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਬਣਨ ਤੋਂ ਸਦਿਆਂ ਪਹਿਲਾਂ ਲਿਖੇ ਇਤਹਾਸਕ ਸੋਮਿਆਂ ਵਿਚ ਸਪਸ਼ਟ ਮਿਲਦਾ ਹੈ ਅਤੇ ਸਿਧਾਂਤ ਗੁਰਬਾਣੀ ਵਿਚ।

 
ਜੇ ਕਰ ਸਿੱਖ ਰਹਿਤ ਮਰਿਆਦਾ ਨੇ ਇਹ ਵਿਵਸਥਾ ਸਿਰਜੀ ਹੁੰਦੀ ਤਾਂ ਅੱਜ ਕੁੱਝ ਜਾਗਰੂਕ ਅਕਾਲ ਤਖ਼ਤ ਦੀ ਹੋਂਦ ਦੇ ਵਿਰੂਧ "ਸਮਝੋਤਾ ਹੋ ਗਿਆ" "ਸਾਜਿਸ਼ ਹੋ ਗਈ" ਦੇ ਲਿਖਤੀ ਨਾਰੇ ਲਾਉਂਦੇ ਨਜ਼ਰ ਆਉਂਦੇ।ਅਕਾਲ ਤਖ਼ਤ ਨੂੰ ਸਿਰਜਕੇ ਗੁਰੂ ਨੇ ਗੁਰਮਤਿ ਸਿਧਾਂਤ ਨੂੰ ਮਨੁੱਖਤਾ ਦੇ ਸਾ੍ਹਮਣੇ ਰੱਖਿਆ ਸੀ। ਇਹ ਕੰਮ ਰਹਿਤ ਮਰਿਆਦਾ ਦਿਆਂ ਮੱਧਾਂ ਰਾਹੀਂ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਰੁਹ ਰੀਤ ਕਮੇਟੀ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੋ ਸਕਦਾ ਸੀ।ਰਹਿਤ ਮਰਿਆਦਾ ਵਿਚ ਤਾਂ ਕੇਵਲ ਚਲਦੀ ਆਈ ਇਸ ਗੁਰਮਤਿ ਪਰੰਪਰਾ ਨੂੰ ਸਵੀਕਾਰ ਕੀਤਾ ਗਿਆ ਹੈ ਜਿਸ ਤੇ ਅੱਜ ਵੀ ਸਾਰਾ ਪੰਥ ਸਹਿਮਤ ਹੈ।ਜੇ ਕਿੱਧਰੇ ਕੋਈ ਉਕਾਈ ਆ ਜਾਏ ਤਾਂ ਠੀਕ ਕਰਨੀ ਬਣਦੀ ਹੈ।ਮੁੱਢਲੇ ਸਿਧਾਂਤ ਵਿਚ ਆਏ ਵਿਗਾੜ ਵਿਚ ਸੁਧਾਰ ਹੁੰਦਾ ਹੈ ਪਰ ਖਤਮ ਕਰਨਾ ਗੁਰੂ ਦੇ ਅਧਿਕਾਰ ਖੇਤਰ ਦੀ ਗਲ ਹੈ ਸਾਡੀ ਨਹੀਂ।


ਜੇਕਰ ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਈ ਹੈ ਅਤੇ ਜੇ ਕਰ ਸਿੱਖ ਰਹਿਤ ਮਰਿਆਦਾ ਪੰਥਕ ਅਤੇ ਹੋਰ ਧਾਰਮਕ ਮਸਲਿਆਂ ਬਾਰੇ ਅੰਤਿਮ ਸੁਣਵਾਈ ਅਕਾਲ ਤਖ਼ਤ ਦੇ ਪਾਸ ਸੁਰਖਿਅਤ ਕਰਦੀ ਹੈ ਤਾਂ ਇਹ ਕਹਿਣਾ ਕਿਥੋਂ ਤਕ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਵਿਚ ਅਕਾਲ ਤਖ਼ਤ ਦੀ ਕਿਸੇ ਵਿਵਸਥਾ ਦੀ ਹੋਂਦ/ਜ਼ਿਕਰ ਨਹੀਂ ਹੈ? ਉਹ ਵੀ ਉਸ ਸੂਰਤ ਵਿਚ ਜਿਸ ਵੇਲੇ ਕਿ ੯੯.੯੯% ਸਿੱਖ ਇਸ ਦੀ ਗੁਰਸਿਰਜੀ ਹੋਂਦ ਨੂੰ ਸਵੀਕਾਰਦੇ ਹਨ। ਕਹਿੰਦੇ ਹਨ ਕਿ ਸਿੱਖ ਵੰਡੇ ਹੋਏ ਹਨ ਇਕ ਨਹੀਂ ਹੁੰਦੇ! ਪਰ ਜਿਨਾਂ੍ਹ ਮੁੱਡਲੇ ਅਧਾਰਾਂ ਤੇ ਸਾਰਾ ਪੰਥ ਸਹਿਮਤ ਹੈ ਉਨਾਂ੍ਹ ਅਧਾਰਾਂ ਨੂੰ ਲੇ ਕੇ ਸਿੱਖਾਂ ਨੂੰ ਵੰਡਣ ਦੇ ਜਤਨ ਕਿਉਂ? ਕਿਸੇ ਪੰਥਕ ਮਸਲੇ ਤੇ ਉਹ ਅਕਾਲ ਤਖ਼ਤ ਦੇ ਬਜਾਏ ਕਿਸੇ ਵਿਦਵਾਨ ਦੇ ਬੁਹੇ ਬਾਹਰ ਬੈਠਣ ਗੇ? ਕੋਈ ਜਵਾਬ ਨਹੀਂ! ਕੋਈ ਸਮਾਧਾਨ ਨਹੀਂ!! ਕੇਵਲ ਅਕਾਲ ਤਖ਼ਤ ਦੀ ਹੋਂਦ ਅਤੇ ਉਸ ਬਾਰੇ ਲਗਭਗ ਸਾਰੇ ਸਿੱਖਾਂ ਸਹਿਮਤੀ ਦਾ ਹੀ ਵਿਰੋਧ ਕਿਉਂ? 

 
ਧਿਆਨ ਵਿਚ ਰੱਖਣ ਵਾਲੀ ਗਲ ਇਹ ਹੈ ਕਿ ਕਿਸੇ ਚੰਗੀ ਵਿਵਸਥਾ ਵਿਚ ਮਾੜੇ ਬੰਦੇ ਆ ਜਾਣ ਤਾਂ ਦੋਸ਼ ਪ੍ਰਬੰਧ ਦਾ ਨਹੀਂ ਬਲਕਿ ਬੰਦਿਆਂ ਦਾ ਹੁੰਦਾ ਹੈ।ਪ੍ਰਬੰਧ ਬਦਲ ਕੇ ਜੇ ਫ਼ਿਰ ਮਾੜੇ ਬੰਦੇ ਆ ਜਾਣ ਤਾਂ ਕੋਈ ਵੀ ਪ੍ਰਬੰਧ ਕੀ ਕਰੇਗਾ? ਦਸ਼ਮੇਸ਼ ਜੀ ਆਪ ਤਾਂ ਹੈ ਨਹੀਂ ਕਿ ਅਕਾਲ ਤਖ਼ਤ ਦੇ ਸਿਧਾਂਤਕ ਪ੍ਰਬੰਧ ਨੂੰ ਬਦਲ ਕੇ ਸਿੱਖਾਂ ਨੂੰ ਕੋਈ ਹੋਰ ਪੰਥਕ ਪ੍ਰਬੰਧ ਦੇ ਦੇਂਣ। 


ਜੇਕਰ ਅਕਾਲ ਤਖ਼ਤ ਦੀ ਵਿਵਸਥਾ ਦਾ ਵਿਰੌਧ ਇਸ ਤਰਕ ਤੇ ਕੀਤਾ ਜਾਏ ਕਿ ਐਸੀ ਵਿਵਸਥਾ ਗੁਰੂਆਂ ਦੇ ਸਮੇਂ ਨਹੀਂ ਸੀ ਤਾਂ ਇਹ ਹਾਸੋ ਹੀਣਾ ਤਰਕ ਹੈ ਕਿਉਂਕਿ ਜਦੋਂ ਗੁਰੂ ਆਪ ਮੋਜੂਦ ਸਨ ਤਾਂ ਪੰਥਕ ਫੈਸਲੇ ਉਹ ਆਪ ਕਰਦੇ ਸੀ ਸਿੱਖ ਨਹੀਂ।ਤੇ ਫ਼ਿਰ ਜੇ ਕਰ ਇਸੇ ਤਰਕ ਦੇ ਅਧਾਰ ਤੇ ਅਕਾਲ ਤਖ਼ਤ ਦੀ ਵਿਵਸਥਾ ਨੂੰ ਭੰਗ ਕਰ ਨਵੀਂ ਵਿਵਸਥਾ ਖੜੀ ਕੀਤੀ ਜਾਏ ਤਾਂ ਉਸ ਨਵੀਂ ਵਿਵਸਥਾ ਦੀ ਇਤਹਾਸਕ ਹੋਂਦ ਕੀ ਹੋਵੇਗੀ? ਨਿਰਸੰਦੇਹ ਕੋਈ ਵੀ ਨਹੀਂ ! 


ਇਹ ਇਕ ਸੁਭਾਵਕ ਜਿਹੀ ਗਲ ਸੀ ਕਿ ਗੁਰੂਆਂ ਦੇ ਬਾਦ ਸਿੱਖਾਂ ਨੇ ਪੰਥਕ ਕਾਰ ਚਲਾਉਂਣ ਲਈ ਆਪ ਗੁਰਮਤਿ ਅਨੁਸਾਰ ਫ਼ੈਸਲੇ ਲੇਂਣੇ ਸਨ ਜਿਸ ਲਈ ਗੁਰਮਤਿ ਅਨੁਸਾਰ ਗੁਰੂ ਦੇ ਉਸਾਰੇ ਅਕਾਲ ਤਖ਼ਤ ਦੇ ਸਿਧਾਂਤ/ਪ੍ਰਤੀਕ ਦੀ ਪੰਥਕ ਵਰਤੋਂ ਸ਼ੂਰੂ ਹੋਈ।ਕਈਆਂ ਨੇ ਇਸ ਦੀ ਦੁਰਵਰਤੋਂ ਵੀ ਕੀਤੀ।ਜਿਵੇਂ ਕਿ ਕਈਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਵੀ ਮਨਮਤਿ ਕਰਦੇ ਹਨ।ਇਸ ਸੂਰਤ ਵਿਚ ਕੋਂਣ ਕਿਸ ਤੋਂ ਖਹਿੜਾ ਛੁੜਵਾਏਗਾ?

 
ਫ਼ਿਰ ਉਨਾਂ੍ਹ ਨਾਸਤਕ ਵੀਰਾਂ ਦਾ ਕੀ ਕਸੂਰ ਜੇ ਉਹ ਧਰਮ ਨੂੰ ਦੋਸ਼ੀ ਮੰਨਦੇ ਉਸਦੇ ਸਫ਼ਾਏ ਦਾ ਤਰਕ ਦਿੰਦੇ ਹਨ?
ਇਹ ਗਲ ਸਮਝਣ ਵਾਲੀ ਹੈ ਕਿ ਸਿੱਖਾਂ ਨੇ ਇਸ ਸਿਧਾਂਤਕ ਪ੍ਰਬੰਧ ਵਿਚ ਗੁਰਮਤਿ ਦਾ ਹੀ ਸਹਾਰਾ ਲੇ ਚਲਣਾ ਹੈ ਨਾ ਕਿ ਇਸ ਨੂੰ ਖ਼ਤਮ ਕਰਨ ਲਈ।


ਹਰਦੇਵ ਸਿੰਘ, ਜੰਮੂ
੨੨.੦੧.੨੦੧੨

Monday, 16 January 2012

'ਦਸ਼ਮੇਸ਼ ਜੀ ਵੇਲੇ ਵਚਿੱਤਰ ਨਾਟਕ ਦੀ ਕੋਈ ਪੰਥਕ ਸਥਿਤੀ ਨਹੀਂ ਸੀ'
ਹਰਦੇਵ ਸਿੰਘ, ਜੰਮੂ

ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਸਿੱਖੀ ਦੇ ਅੰਦਰ ਰਹਿਤ ਦੀ ਪਰੰਪਰਾ ਸੀ।ਜ਼ਾਹਰ ਜਿਹੀ ਗੱਲ ਹੈ ਕਿ ਕੋਈ ਵੀ  ਕੋਮਾਂਤਰੀ ਪ੍ਰਬੰਧ ਬਿਨਾ ਰਹਿਤ ਦੇ ਨਹੀਂ ਸੀ ਹੋ ਸਕਦਾ।ਇਸ ਵਿਚ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਵਿਆਖਿਆ ਨੇ ਕਾਲਾਂਤਰ ਹੋਰ ਗੁਰੂਆਂ ਮਾਰਫ਼ਤ ਵਿਕਾਸ ਪ੍ਰਾਪਤ ਕੀਤਾ ਅਤੇ ਇਸ ਕਾਰਨ ਪੰਥਕ ਰਹਿਤ ਦਾ ਵੀ ਵਿਕਾਸ (Evolution) ਹੋਇਆ।ਇਸ ਸੰਖੇਪ ਚਰਚਾ ਰਾਹੀਂ ਅਸੀਂ ਇਹ ਵਿਚਾਰਨ ਦਾ ਜਤਨ ਕਰਾਂ ਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋ ਪਹਿਲਾਂ ਕੋਮੀ ਰਹਿਤ ਵਿਚ 'ਨਿਤਨੇਮ' ਅਤੇ 'ਵਚਿੱਤਰ ਨਾਟਕ ਗ੍ਰੰਥ'  ਦੀ ਸਥਿਤੀ ਕੀ ਸੀ ?
 
ਇਸ ਵਿਸ਼ਲੇਸ਼ਣ ਲਈ ਸਾਨੂੰ ਇਹ ਵਿਚਾਰਨਾ ਪਵੇਗਾ ਕਿ ੧੬੯੯ ਤੋਂ ਪਹਿਲਾਂ ਸਿੱਖਾਂ ਵਿਚ ਕਿਹੜੀਆਂ ਬਾਣੀਆਂ/ਰਚਨਾਵਾਂ ਰਹਿਤੀ ਰੂਪ ਵਿਚ ਪੜਨ ਦੀ ਪਰੰਪਰਾ ਸੀ


 ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੇ ਪਾਤਿਸ਼ਾਹ ਜੀ ਵੇਲੇ ਤੋਂ ਪੰਜਵੇਂ ਪਾਤਿਸ਼ਾਹ ਜੀ ਤਕ ਮਰਿਆਦਤ ਨਿਤਨੇਮ ਵਿਚ ਵਿਕਾਸ ਹੋਇਆ ਸੀ।ਮਿਸਾਲ ਦੇ ਤੋਰ ਤੇ, ਪੰਜਵੇਂ ਪਾਤਿਸ਼ਾਹ ਜੀ ਤੋਂ ਪਹਿਲਾਂ ਨਿਤਨੇਮ ਵਿਚ ਪੰਜਵੇਂ ਪਾਤਿਸ਼ਾਹ ਜੀ ਦੇ ਸ਼ਬਦ ਨਹੀਂ ਸੀ ਹੋ ਸਕਦੇ ਕਿਕਿ ਉਸ ਵੇਲੇ ਅਜੇ ਉਹ ਸ਼ਬਦ ਲਿਖੇ ਹੀ ਨਹੀਂ ਸੀ ਗਏ।ਇਹੀ ਗਲ ਪਹਿਲੇ ਤੋਂ ਦੂਜੇ,ਤੀਜੇ ਅਤੇ ਚੋਥੇ ਗੁਰੂਆਂ ਦੀ ਬਾਣੀ ਬਾਰੇ ਵੀ ਸੀ।ਇਹ ਗੁਰੂਘਰ ਦੇ ਨਿਰਨੇ ਸਨ!

ਇਸ ਚਰਚਾ ਲਈ ਸ਼ੁਰੂ ਕਰਦੇ ਹਾਂ ਭਾਈ ਨੰਦ ਨਾਲ ਜੀ ਦੇ ਰਹਿਤਨਾਮਿਆਂ ਤੋਂ ਕਿਉਂਕਿ ਇਹੀ ਲਿਖਤਾਂ ੧੬੯੯ ਦੀ ਵਸਾਖ ਅਤੇ ਵਚਿੱਤਰ ਨਾਟਕ ਗ੍ਰੰਥ ਦੇ ਹੋਂਦ ਵਿਚ ਆਉਂਣ ਤੋਂ ਚਿਰ ਪਹਿਲਾਂ ਦੀਆਂ ਹਨ ਜਿਨਾਂ੍ਹ ਦਾ ਰਚਨਾ ਕਾਲ ੧੬੯੫ ਦੇ ਆਸ ਪਾਸ ਦਾ ਹੈ।
ਭਾਈ ਨੰਦ ਲਾਲ ਜੀ ਨੇ ਸਿੱਖ ਰਹਿਤ ਵਿਚ ਜਿਨਾਂ ਬਾਣੀਆਂ ਪੜਨ ਦਾ ਜ਼ਿਕਰ ਕੀਤਾ ਹੈ ਉਹ ਇਸ ਪ੍ਰਕਾਰ ਹਨ:-


".....ਕਰ ਇਸ਼ਨਾਨ ਪੜੇ ਜਪੁ ਜਾਪੁ।੧।.....ਸੰਧਿਆ ਸਮੇਂ ਸੁਨੇ ਰਹਿਰਾਸ... ।੩।" "....ਜਪੁਜੀ ਜਾਪੁ ਪੜੇ ਚਿਤ ਲਾਏ....।੧੩। (ਰਹਿਤਨਾਮਾ ਭਾਈ ਨੰਦ ਲਾਲ)
"ਸਿਖ ਨੂੰ ਚਾਹੀਦਾ ਹੈ ਜੋ ਪਹਿਰ ਰਾਤਿ ਹੋਵੇ ਤਾਂ ਉਠੇ, ਉਠ ਕੇ ਇਸਨਾਨ ਕਰੈ। ਅਤੇ ਜਪੁ ਤੇ ਜਾਪੁ ਪੜੈ ਦੋਵੇਂ....ਅਤੇ ਜੋ ਪੜ ਨ ਜਾਣੈ, ਤਾਂ ਜਪੁ ਜਾਪੁ ਦੀਆਂ ਪੰਜ ਪਉੜੀਆਂ ਪੜ੍ਹੈ...."
"ਜਬ ਦੋ ਪਹਿਰ ਦਿਨੁ ਰਹੈ ਤਾਂ ਹਾਥਿ ਪੈਰ ਧੋਵੈ,ਦੋ ਕਰ ਜਪੁ ਤੇ ਜਾਪੁ ਦੋਵੇਂ ਪੜ੍ਹੇ।ਜਬ ਦੋਈ ਘੜੀ ਰਹੇ ਦਿਨੁ ਤਾਂ ਸੋ ਦਰੁ ਰਹਿਰਾਸ ਨਾਲ, ਅਠੇ ਪਹਿਰ ਸਬਿਦ ਨਾਲ ਪ੍ਰੀਤਿ ਕਰੇ" (ਸਾਖੀ ਰਹਿਤ ਕੀ ,ਭਾਈ ਨੰਦ ਲਾਲ) 

 
ਕਈ ਸੱਜਣ 'ਜਪੁ ਜਾਪੁ' ਨੂੰ ਜਪੁ ਦਾ ਜਾਪੁ ਮੰਨਦੇ ਹਨ ਪਰ ਇਹ ਢੁੱਕਵੀਂ ਗਲ ਪ੍ਰਤੀਤ ਨਹੀਂ ਹੁੰਦੀ ਕਿਉਂਕਿ 'ਪੜੇ ਜਪੁ ਜਾਪ' ਸ਼ਬਦਾਂ ਵਿਚ 'ਪੜੇ' ਸ਼ਬਦ ਅਸਲ ਭਾਵ ਨੂੰ ਸਪਸ਼ਟ ਕਰ ਦਿੰਦਾ ਹੈ ਨਹੀਂ ਤਾਂ 'ਪੜੇ ਜਪੁ ਜਾਪੁ' ਦੀ ਜਗਾ੍ਹ 'ਕਰੇ ਜਪੁ ਜਾਪੁ' ਹੋਣਾ ਬਣਦਾ ਸੀ। 'ਸਾਖੀ ਰਹਿਤ ਕੀ' ਵਿਚ ਵੀ ਇਹ ਗਲ ਵਧੇਰੇ ਸਪਸ਼ਟ ਹੈ ਕਿ ਜਾਪੁ ਰਚਨਾ ਜਪੁ ਬਾਣੀ ਨਾਲੋਂ ਅਲਗ ਕਰਕੇ ਪ੍ਰਚਲਤ ਸੀ।ਇਹ ਰਚਨਾ ੧੬੯੯ ਦੀ ਵਸਾਖ ਅਤੇ ਵਚਿੱਤਰ ਨਾਟਕ ਗ੍ਰੰਥ ਦੀ ਹੋਂਦ ਤੋਂ ਚਿਰ ਪਹਿਲਾਂ ਇਕ ਸਵਤੰਤਰ ਅਤੇ ਪ੍ਰਚਲਤ ਹੋਂਦ ਰੱਖਦੀ ਸੀ!
ਇਨਾਂ੍ਹ ਹਵਾਲਿਆਂ ਦੇ ਅਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ੧੬੯੯ ਤੋਂ ਪਹਿਲਾਂ ਰਹਿਤ ਵਿਚ ਬਾਣੀਆਂ/ਰਚਨਾਵਾਂ ਨਿਤਨੇਮ ਰੂਪ ਪੜਨ ਦੀ ਪਰੰਪਰਾ ਸੀ ਅਤੇ ਉਸ ਵੇਲੇ ਭਾਈ ਨੰਦ ਨਾਲ ਮੁਤਾਬਕ ਇਹ ਬਾਣੀਆਂ/ਰਚਨਾ ਇੰਝ ਸਨ:


(੧) ਜਪੁ (੨) ਜਾਪੁ (੩) ਸੋਦਰ ਰਹਿਰਾਸ

ਨਾਲ ਹੀ 'ਅੱਠੇ ਪਹਿਰ ਸ਼ਬਦ ਨਾਲ ਪ੍ਰੀਤ' ਕਰਨ ਦੀ ਗੱਲ ਰਾਹੀਂ ਇਹ ਤਾਕੀਦ ਵੀ ਸਪਸ਼ਟ ਸੀ ਕਿ ਸਮੁੱਚੀ ਦਿਨਚਰਿਆ (ਅੱਠੇ ਪਹਿਰ) ਵਿਚ ਮਨੁੱਖ ਦਾ ਵਿਵਹਾਰ ਬਾਣੀ ਅਨੁਸਾਰੀ ਹੀ ਹੋਣਾ ਚਾਹੀਦਾ ਹੈ।ਭਾਈ ਨੰਦ ਲਾਲ ਜੀ ਦੇ ਰਹਿਤਨਾਮਿਆਂ ਤੋਂ ਇਲਾਵਾ ੧੭੦੮ ਤੋਂ ਲਗਭਗ ੧੭੫੦ ਦੇ ਹੋਰ ਰਹਿਤਨਾਮਿਆਂ ਵਿਚ ਨਿਤਨੇਮ ਦਿਆਂ ਬਾਣੀਆਂ/ਰਚਨਾਵਾਂ ਦੇ ਪ੍ਰਚਲਨ ਵਿਚ ਅੰਤਰ ਮਿਲਦਾ ਹੈ।
ਇਸ ਦੇ ਨਾਲ ਹੀ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿਚ ਇਕ ਹੋਰ ਦਿਲਚਸਪ ਗਲ ਪੜਨ ਨੂੰ ਮਿਲਦੀ ਹੈ ਜਿਸ ਤੋਂ ਸਾਨੂੰ ਦਸ਼ਮੇਸ਼ ਵੇਲੇ ਪੰਥਕ ਪੱਧਰ ਤੇ ਵਚਿੱਤਰ ਨਾਟਕ ਗ੍ਰੰਥ ਦੀ ਸਥਿਤੀ ਬਾਰੇ ਪਤਾ ਚਲਦਾ ਹੈ।ਉਹ ਦਿਲਚਸਪ ਗਲ ਇਸ ਪ੍ਰਕਾਰ ਦਰਜ ਹੈ:-



"ਸ਼ਬਦ ਸੁਨੈ ਗੁਰ ਹਿਤ ਚਿਤ ਲਾਇ।ਗਿਆਨ ਸ਼ਬਦ ਗੁਰ ਸੁਨੈ ਸੁਨਾਇ।
ਜੋ ਮਮ ਸਾਥ ਚਹੇ ਕਰ ਬਾਤ।ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ।੧੦।
ਜੋ ਮੁਝ ਬਚਨ ਸੁਨਨ ਕੀ ਚਾਹਿ।ਗ੍ਰੰਥ ਵਿਚਾਰ ਸੁਨਹੁ ਚਿਤ ਲਾਇ।
ਮੇਰਾ ਰੂਪ ਗ੍ਰੰਥ ਜੀ ਜਾਨ।ਇਸ ਮੈਂ ਭੇਦ ਨ ਰੰਚਕ ਮਾਨ।੧੧
(ਰਹਿਤਨਾਮਾ ਭਾਈ ਨੰਦ ਲਾਲ)

ਸੰਖੇਪ ਅਰਥ:- ਸਿੱਖ ਦੀ ਰਹਿਤ ਹੈ ਕਿ ਉਹ ਸ਼ਬਦ ਸੁਣਦੇ ਹੋਏ ਗੁਰੂ ਨਾਲ ਚਿੱਤ ਜੋੜ ਅਤੇ ਸ਼ਬਦ ਵਿਚਲੇ ਗਿਆਨ ਨੂੰ ਸੁਣੇ ਅਤੇ ਉਸ ਨੂੰ ਪ੍ਰਚਾਰੇ ! ਜਿਹੜਾ ਸਿੱਖ ਮੇਰੇ ਨਾਲ ਗਲਬਾਤ ਕਰਨਾ ਚਾਹੁੰਦਾ ਹੈ ਉਹ ਆਦਿ ਗ੍ਰੰਥ ਦੀ ਬਾਣੀ ਨੂੰ ਪੜੇ ਅਤੇ ਮੰਨ ਕਰਕੇ ਸਮਝੇ ਵਿਚਾਰੇ!ਜੋ ਮੇਰੇ ਬਚਨਾ ਨੂੰ ਸੁਣਨਾ ਚਾਹੁੰਦਾ ਹੈ ਉਹ ਗ੍ਰੰਥ ਦੀ ਬਾਣੀ ਨੂੰ ਸੁਣੇ ਅਤੇ ਵਿਚਾਰੇ! ਉਹ ਬਾਣੀ ਗ੍ਰੰਥ ਨੂੰ ਹੀ ਮੇਰਾ ਰੂਪ ਜਾਣੇ ਅਤੇ ਇਸ ਵਿਚ (ਮੇਰੇ ਅਤੇ ਗ੍ਰੰਥ ਵਿਚ) ਕੋਈ ਅੰਤਰ ਨਾ ਸਮਝੇ ! (੧੧)


ਧਿਆਨ ਦੇਂਣ ਯੋਗ ਗਲ ਇਹ ਹੈ ਕਿ ਇਹ ਲਿਖਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਅਤੇ ਵਚਿੱਤਰ ਨਾਟਕ ਗ੍ਰੰਥ ਦੀ ਹੋਂਦ ਤੋਂ ਪਹਿਲਾਂ ਦੀਆਂ ਹਨ। ਇਸ ਰਹਿਤ ਨਾਮੇ ਤੋਂ ਦੋ  ਅਤਿ ਮਹੱਤਵਪੁਰਣ ਗੱਲਾਂ ਸਿੱਧ ਹੁੰਦੀਆਂ ਹਨ:-
(੧) ਗੁਰੂ ਗੋਬਿੰਦ ਸਿੰਘ ਜੀ ੧੬੯੯ ਦੇ ਵਸਾਖ ਤੋਂ ਪਹਿਲਾਂ ਹੀ ਇਹ ਗੱਲ ਚੰਗੀ ਤਰਾਂ ਸਿੱਖਾਂ ਨੂੰ ਦ੍ਰਿੜ ਕਰਵਾ ਰਹੇ ਸੀ ਕਿ ਸਿੱਖਾਂ ਨੇ ਉਨਾਂ੍ਹ ਦੇ ਬਾਦ ਕੇਵਲ ਅਤੇ ਕੇਵਲ ਇੱਕੋ ਗ੍ਰੰਥ, ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅਤੇ ਕੇਵਲ ਅਤੇ ਕੇਵਲ ਉਸੇ ਗ੍ਰੰਥ ਨੂੰ ਹੀ ਗੁਰੂ ਰੂਪ ਮੰਨਣਾ ਹੈ।ਉਹ ਗੁਰੂਘਰ ਦੀ ਪਰੰਪਰਾ ਅਨੁਸਾਰ ਗੁਰੂ ਅਤੇ ਗੁਰੂ ਦੇ ਫ਼ਲਸਫ਼ੇ ਵਿਚ ਕੋਈ ਅੰਤਰ ਨਹੀਂ ਸੀ ਸਮਝਦੇ।

(੨) ੧੬੯੯ ਦੀ ਵਸਾਖ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਕਿਸੇ ਹੋਰ ਗ੍ਰੰਥ ਬਾਰੇ ਕਦਾਚਿੱਤ ਕੋਈ ਨਿਰਦੇਸ਼ ਨਹੀਂ ਸੀ


ਇਨਾਂ ਰਹਿਤ ਨਾਮਿਆਂ ਵਿਚ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਨਹੀਂ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਲਿਖਤਾਂ ੧੬੯੯ ਦੇ ਵਸਾਖ ਤੋਂ ਪਹਿਲਾਂ ੧੬੯੫ ਦੇ ਆਸ ਪਾਸ ਦੀਆਂ ਹਨ।ਵਚਿੱਤਰ ਨਾਟਕ ਦੇ ਕ੍ਰਿਤੀਤੱਵ ਬਾਰੇ ਸੁਚੱਜਾ ਕੰਮ ਕਰਨ ਵਾਲੇ ਡਾ. ਰਤਨ ਸਿੰਘ ਜੱਗੀ ਨੇ ਜਿੱਥੇ ਇਸਦੀਆਂ ਕਈ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਨਹੀਂ ਮੰਨਿਆ ਉੱਥੇ ਨਾਲ ਹੀ ਜਾਪੁ ਰਚਨਾ ਨੂੰ ਨਿਸ਼ਚਤ ਤੋਰ ਤੇ ਗੁਰੂ ਕ੍ਰਿਤ ਮੰਨਿਆ ਹੈ।ਧਿਆਨ ਵਿਚ ਰਹੇ ਕਿ 'ਬਾਣੀ' ਅਤੇ 'ਰਚਨਾ' ਵਿਚ ਅੰਤਰ ਹੁੰਦਾ ਹੈ।ਬਾਣੀ ਉਹ ਹੈ ਜੋ ਮੂਲ ਮੰਤਰ ਤੋਂ ਮੁੰਦਾਵਣੀ ਦੇ ਸਲੋਕਾਂ ਤਕ ਦਰਜ ਹੈ।ਰਚਨਾ/ਲਿਖਤ ਉਹ ਹੈ ਜੋ ਬਾਣੀ ਤੋਂ ਬਾਹਰ ਹੈ ਜਿਵੇਂ ਭਾਈ ਗੁਰਦਾਸ ਦਿਆਂ ਵਾਰਾਂ ਆਦਿ।
ਉਪਰੋਕਤ ਵਿਚਾਰਾਂ ਰਾਹੀਂ ਅਸੀਂ ਇਸ ਵਿਸ਼ਲੇਸ਼ਣ ਤਕ ਪਹੁੰਚੇ ਹਾਂ ਕਿ:-
(੧) ਸਿੱਖਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਕਿਸੇ ਹੋਰ ਗ੍ਰੰਥ ਦਾ ਕੋਈ ਐਸਾ ਵਜੂਦ ਨਹੀਂ ਸੀ ਜਿਸ ਨੂੰ ਗੁਰੂ ਵਲੋਂ ਤਰਜੀਹ ਦਿੱਤੀ ਗਈ ਸੀ ਅਤੇ
(੨)  ਸਿੱਖਾਂ ਦੇ ਅੰਦਰ ਜਾਪੁ ਨੂੰ ਪੜਨ ਦਾ ਪ੍ਰਚਲਨ ਵਚਿੱਤਰ ਨਾਟਕ ਗ੍ਰੰਥ ਦੇ ਹੋਂਦ ਵਿਚ ਆਉਂਣ ਤੋਂ ਪਹਿਲਾ ਹੀ ਸੀ।ਉਹ ਇਕ ਸਵਤੰਤਰ ਰਚਨਾ ਸੀ। ਇਸ ਵਿਚ ਕੋਈ ਵੱਡੇ ਅਚਰਜ/ਇਤਰਾਜ਼ ਦੀ ਗੱਲ ਨਹੀਂ ਪ੍ਰਤੀਤ ਹੁੰਦੀ ਕਿਉਂਕਿ ੧੬੯੫ ਤੋਂ ਚਿਰ ਪਹਿਲਾਂ ਸਿੱਖਾਂ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਭਾਈ ਗੁਰਦਾਸ ਦੀਆਂ ਰਚਨਾਵਾਂ ਦੀ ਸਵਕ੍ਰਿਤੀ/ਵਰਤੋਂ ਸੀ।
ਇਹੀ ਕਾਰਨ ਪ੍ਰਤੀਤ ਹੁੰਦਾ ਹੈ ਕਿ ਦਸ਼ਮੇਸ਼ ਜੀ ਉਪਰੰਤ ਕੁੱਝ ਪ੍ਰਚਲਤ ਗੁਰੂ ਲਿਖਤਾਂ ਨੂੰ ਹੋਰ ਲਿਖਤਾਂ ਨਾਲ ਜੋੜਨ ਵਰਗੀ ਘਟਨਾਵਾਂ ਨੇ ਸਿੱਖਾਂ ਵਿਚ ਭੁੱਲੇਖਾ ਖੜਾ ਕੀਤਾ ਜਦ ਕਿ ਸੱਚਾਈ ਇਹ ਹੈ ਕਿ ਦਸ਼ਮੇਸ਼ ਗੁਰੂ ਨੇ ਕਦੇ ਵੀ ਸ਼ਬਦ ਗੁਰੂ ਗ੍ਰੰਥ ਦੇ ਮੁਕਾਬਲ ਕਿਸੇ ਹੋਰ ਗ੍ਰੰਥ ਦੀ ਰਚਨਾ ਨਹੀਂ ਕੀਤੀ/ਕਰਵਾਈ ਸੀ।ਇਸ ਲਈ ਉਸ ਵੇਲੇ ਤਕ ਕੋਮੀ ਰਹਿਤ ਵਿਚ ਵਚਿੱਤਰ ਨਾਟਕ ਦੀ ਕੋਈ ਹੋਂਦ ਨਹੀਂ ਸੀ ਅਤੇ ਨਾ ਹੀ ਉਸਦੀ ਕੋਈ ਪ੍ਰਵਾਣਤ ਸਥਿਤੀ!ਰਹੀ ਗਲ ਗੁਰੂਕਾਲ ਤੋਂ ਚਿਰ ਉਪਰੰਤ ਕੇਸਰ ਸਿੰਘ ਛਿੱਬਰ ਜੀ ਦੇ ਬਿਆਨ ਦੀ ਤਾਂ ਕਿਸੇ ਲਿਖਤੀ ਨਿਜੀ ਸੰਗ੍ਰਹ ਦੇ ਡੁੱਬ ਜਾਣ ਆਦਿ ਬਾਰੇ ਛਿੱਬਰ ਜੀ ਦੀ ਕਥਾ ਅਤੇ ਦਸਵੇਂ ਗੁਰੂ ਵਲੋਂ ਆਪਣੇ ਹੁੰਦੇ ਦ੍ਰਿੜ ਕਰਵਾਈ ਰਹਿਤ ਵਿਚ ਵੱਡਾ ਅੰਤਰ ਹੈ।
ਅੱਜ ਵੀ ਪ੍ਰਚਲਤ ਪੰਥ ਪ੍ਰਵਾਣਿਤ/ਅਧਿਕਾਰਕ ਸਿੱਖ ਰਹਿਤ ਮਰਿਆਦਾ ਵਿਚ ਵੀ ਵਿਚਿੱਤਰ ਨਾਟਕ ਦੀ ਕੋਈ ਅਧਿਕਾਰਕ ਪੰਥਕ ਸਥਿਤੀ ਨਹੀਂ ਅਤੇ ਉਸ ਵਿਚ ਇਸਦਾ ਨਾਮ ਤਕ ਵੀ ਨਹੀਂ! ਇਹ ਹੋ ਚੁੱਕਾ ਪੰਥ ਪ੍ਰਵਾਣਿਤ (ਸਵੀਕ੍ਰਤ) ਫ਼ੈਸਲਾ ਹੈ!


ਹਰਦੇਵ ਸਿੰਘ, ਜੰਮੂ
੧੪.੦੧.੨੦੧੨

Sunday, 15 January 2012

'ਵੀਰ ਇੰਦਰਜੀਤ ਸਿੰਘ ਕਾਨਪੁਰ ਜੀ ਦੇ ਨਾਮ ਪੱਤਰ'


ਸਤਿਕਾਰ ਯੋਗ ਵੀਰ ਜੀਉ,
ਸਤਿ ਸ਼੍ਰੀ ਅਕਾਲ !

ਆਪ ਜੀ ਦੇ ਵਿਚਾਰ (ਵੈਬ ਸਾਇਟਾਂ ਮਿਤੀ ੧੫.੦੧.੧੨) ਪੜੇ ਹਨ।ਧਨਵਾਦ!!
ਆਪ ਜੀ ਦੇ ਦੇ ਵਿਚਾਰਾਂ ਦਾ ਸਿਰਲੇਖ ਹੈ :-


"ਪ੍ਰੋਫੈਸਰ ਧੂੰਦਾ ਨੂੰ ਕਿਸਨੇ ਅਧਿਕਾਰ ਦੇ ਦਿੱਤਾ ਦਰਬਾਰ ਸਾਹਿਬ ਬਾਰੇ ਗਲਤ ਬਿਆਨੀ (ਇਥੇ ਗਲਤਬਿਆਨੀ ਦੀ ਥਾਂਵੇਂ ਬਹੁਤ ਹੀ ਮਾੜੇ
ਸ਼ਬਦ  ਦਾ ਇਸਤੇਮਾਲ ਕੀਤਾ ਗਇਆ,ਜੋ ਦਾਸ ਜਨਤਕ ਨਹੀਂ ਕਰਨਾ ਚਾਹੁੰਦਾ) ਕਰਨ ਲਈ।ਉਨਾਂਹ ਨੂੰ ਜੱਥੇਦਾਰਾਂ ਦੇ ਸਾਮ੍ਹਣੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ: ਹਰਦੇਵ ਸਿੰਘ ਜੰਮੂ" (In your article "Bainti Trashi")

ਵੀਰ ਜੀਉ ਆਪ ਜੀ ਨੂੰ ਯਾਦ ਕਰਵਾਉਂਣ ਲਈ ਮੈਂ ਆਪਣੇ ਸ਼ਬਦਾਂ ਨੂੰ With Reference ਦੁਹਰਾਉਂਦਾ ਹਾਂ:


ਆਪ ਜੀ ਨੇ ਕਿਹਾ ਪੁਜਾਰਿਆਂ ਨੂੰ ਕੀ ਅਧਿਕਾਰ ਹੈ ਪੋ. ਧੁੰਦਾ ਨੂੰ ਅਕਾਲ ਤਖਤ ਬੁਲਾਉਂਣ ਦਾ? ਇਸ ਤੇ ਦਾਸ ਨੇ ਕਿਹਾ ਕਿ ਚਲੋ ਉਹ ਗਲ ਅਲਗ ਹੈ ਪਰ ਧੁੰਦਾ ਸਾਹਿਬ ਨੂੰ ਕੀ ਅਧਿਕਾਰ ਸੀ ਦਰਬਾਰ ਸਾਹਿਬ ਬਾਰੇ 'ਵਾਹਿਯਾਤ' ਸ਼ਬਦ ਵਰਤਣ ਦਾ ? (ਦਾਸ ਨੇ ਇਹ ਲਾਈਨ ਬੋਲੀ ਸੀ ਜਿਸ ਨੂੰ ਪਾਠਕ ਪੜ ਸਕਦੇ ਹਨ।ਇਸ ਚਿੱਠੀ ਦੇ ਪਾਠਕ ਦਾਸ ਵਲੋਂ  ਬੋਲੀ ਲਾਈਨ ਵਿਚ ਆਏ 'ਵਾਹਿਯਾਤ' ਸ਼ਬਦ ਦੇ ਅਰਥ ਹੇਠਾਂ ਪੜਣ)
ਆਪ ਜੀ ਗੁੱਸੇ ਵਿਚ ਆ ਗਏ ਅਤੇ ਕਹਿਣ ਲੱਗੇ ਕਿ ਬੱਸ ਮੈਂ ਧੁੰਧਾ ਜੀ ਬਾਰੇ ਹੋਰ ਕੋਈ ਗਲ ਨਹੀਂ ਸੁਣਨਾ ਚਾਹੁੰਦਾ। ਤੇ ਦਾਸ ਨੇ ਕਿਹਾ ਚੰਗੀ ਗਲ ਹੈ ਪਰ ਜੇਕਰ ਆਪ ਜੀ ਨੂੰ ਧੁੰਦਾ ਜੀ ਬਾਰੇ ਮੇਰੇ ਸ਼ਬਦਾਂ ਨਾਲ ਤਕਲੀਫ਼ ਹੋਈ ਹੈ ਤਾਂ ਦਾਸ ਨੂੰ ਵੀ ਤਕਲੀਫ਼ ਹੋਈ ਹੈ ਦਰਬਾਰ ਸਾਹਿਬ ਬਾਰੇ ਵਰਤੀ ਗਈ ਗਲਤ ਸ਼ਬਦਾਵਲੀ ਤੇ।ਫ਼ਿਰ ਤੁਸੀ ਕੋਈ ਆ ਗਿਆ ਹੈ ਕਹਿ ਕੇ ਫ਼ੋਨ ਬੰਦ ਕਰ ਦਿੱਤਾ। 


ਵੀਰ ਇੰਦਰਜੀਤ ਜੀਉ ਆਪ ਜੀ ਨੇ ਵੈਬ ਸਾਈਟਾਂ ਤੇ ਉਪਰੋਕਤ ਸਿਰਲੇਖ ਅਤੇ ਵਿਚਾਰ ਲਿਖ ਕੇ ਪਾਠਕਾਂ ਨੂੰ ਇਹ ਪ੍ਰਭਾਵ ਦਿੱਤਾ ਹੈ ਕਿ ਦਾਸ ਨੇ ਧੁੰਦਾ ਜੀ ਬਾਰੇ ਐਸਾ ਮਾੜਾ ਸ਼ਬਦ ਇਸਤੇਮਾਲ ਕੀਤਾ ਹੈ ਜੋ ਕਿ ਜਨਤਕ ਕਰਨ ਦੇ ਯੋਗ ਵੀ ਨਹੀਂ। ਮੈਂ ਇਹ ਚਿੱਠੀ ਰਾਹੀਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਇਸ ਸ਼ਬਦ (ਵਾਹਿਯਾਤ) ਨੂੰ ਜਨਤਕ ਕਰ ਦੇਵੋ।
ਆਪ ਜੀ ਜ਼ਜ਼ਬਾਤੀ ਹੋ ਇਸ ਲਈ ਕਈ ਵਾਰ ਬਿਨਾ ਵਿਚਾਰੇ ਵਿਚਾਰ ਕਰ ਜਾਂਦੇ ਹੋ। ਆਪ ਜੀ ਦੀ ਜਾਣਕਾਰੀ ਲਈ ਵਾਹਿਯਾਤ ਸ਼ਬਦ ਦੇ ਅਰਥ ਹੋਠ ਦੇ ਰਿਹਾ ਹਾਂ:-
ਵਾਹਿਯਾਤ ਸ਼ਬਦ= ਭੱਦੇ ,ਗਲਤ, ਭੱਦ ਸਲੀਕਾ, ਬੇ-ਸਲੀਕਾ, ਗ਼ੈਰ ਇਖ਼ਲਾਕੀ, ਗ਼ੈਰ ਤਹਜ਼ੀਬੀ, ਮਿਆਰ ਤੋਂ ਡਿੱਗੇ ਹੋਏ ਸ਼ਬਦ।
ਹੁਣ ਜੇ ਕਰ ਆਪ ਜੀ ਨੂੰ ਇਕ ਸਿੱਖ ਵਜੋਂ ਆਪ ਜੀ ਦੀ ਅੰਤਰਆਤਮਾ ਦੱਸੇ ਕਿ ਆਪ ਜੀ ਜਿਸ ਸ਼ਬਦ ਨੂੰ ਬਹੂਤ ਹੀ ਮਾੜੇ ਸ਼ਬਦ ਦਾ ਇਸਤੇਮਾਲ ਕਹਿ ਰਹੇ ਹੋ ਦਰਅਸਲ ਉਹ ਮਾੜਾ ਹੈ ਨਹੀਂ ਤਾਂ ਆਪ ਜੀ ਹੀ ਦੱਸੋ ਕਿ ਕੀ ਆਪ ਜੀ ਨੇ ਦਾਸ ਬਾਰੇ ਉਪਰੋਕਤ ਸਿਰਲੇਖ ਰਾਹੀਂ ਠੀਕ ਗਲ ਲਿਖੀ ਹੈ? ਵੀਰ ਜੀ ਆਪ ਜੀ ਦਾ ਇੰਝ ਲਿਖਣਾ ਗੁਰਮਤਿ ਨਹੀਂ।ਜਿਸ ਸ਼ਬਦ ਦਾ ਅਰਥ ਆਪ ਜਾਣਦੇ ਤਕ ਨਹੀਂ ਤਾਂ ਉਸ ਨੂੰ  ਗਲਤ ਕਿਵੇਂ ਕਹਿ ਸਕਦੇ ਹੋ?
ਬਾਕੀ ਦਾਸ ਨੇ ਧੁੰਦਾ ਸਾਹਿਬ ਦੇ ਪੇਸ਼ ਹੋਣ-ਨਾ ਹੋਣ ਬਾਰੇ ਅਪਣੇ ਵਿਚਾਰ ਦਿੱਤੇ ਸੀ ਅਤੇ ਇਸ ਗਲਬਾਤ ਬਾਰੇ ਆਪ ਜੀ ਨੂੰ ਪੱਤਰ ਵੀ ਲਿਖਿਆ ਸੀ।ਆਪ ਜੀ ਵਲੋਂ ਲਿਖਿਆਂ ਬਾਕੀ ਗੱਲਾਂ ਵੀ ਭਾਵਨਾਤਮਕ ਹਨ ਜਿਨਾਂ੍ਹ ਵਿਚ ਕਈ ਅਤਿਕਥਨੀਆਂ ਵੀ ਹਨ ਉਨਾਂ ਬਾਰੇ ਫ਼ਿਰ ਕਦੇ ਵਿਚਾਰ ਕਰਾਂ ਗਾ।
ਬੇਨਤੀ ਹੈ ਕਿ ਦਾਸ ਦੇ ਇਸ ਪੱਤਰ ਨੂੰ ਆਪ ਜੀ ਆਪਣੇ ਬਲਾਗ ਤੇ ਜ਼ਰੂਰ ਲਗਾਉਂਣਾ ਤਾਂ ਕਿ ਪਾਠਕ ਉਸ ਸ਼ਬਦ ਨੂੰ ਪੜ ਸਕਣ ਜੋ ਕਿ ਦਾਸ ਨੇ ਆਪ ਜੀ ਨਾਲ ਹੋਈ ਗਲਬਾਤ ਵਿਚ ਵਰਤਿਆ ਸੀ।ਨਹੀਂ ਤਾਂ ਪਾਠਕ ਸਮਝਣ ਗੇ ਕਿ ਸ਼ਾਯਦ ਦਾਸ ਨੇ ਪਤਾ ਨਹੀਂ ਕੋਈ ਗਾਲ ਕੱਡ ਦਿੱਤੀ ਸੀ।ਆਪ ਜੀ ਵਲੋਂ ਐਸਾ ਪ੍ਰਭਾਵ ਸਮਝਣਾ ਅਤੇ ਪ੍ਰਚਾਰਨਾ ਠੀਕ ਨਹੀਂ।ਇਹ ਆਪ ਜੀ ਦੀ ਨਾਸਮਝੀ ਹੈ ਮੇਰੇ ਵਲੋਂ ਵਰਤੇ ਸ਼ਬਦ ਦਾ ਦੋਸ਼ ਨਹੀਂ।


ਹਰਦੇਵ ਸਿੰਘ , ਜੰਮੂ

Thursday, 5 January 2012

'ਫ਼ਾਸ਼ ਹੁੰਦੇ ਪਰਦੇ'
ਹਰਦੇਵ ਸਿੰਘ


ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਦੇ ਆਰੰਭ ਵਿਚ ਇਹ ਸੂਚਨਾ ਦਰਜ ਹੈ:-
"ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੁਹ-ਰੀਤ ਸਬ-ਕਮੇਟੀ ਵਲੋਂ ਰੁਹ-ਰੀਤ ਦੇ ਖਰੜੇ ਦੀ ਪ੍ਰਵਾਨਗੀ 'ਸਰਬ ਹਿੰਦ ਸਿੱਖ ਮਿਸ਼ਨ ਬੋਰਡ'ਨੇ ਆਪਣੇ ਮਤਾ ਨੰਬਰ ੧,ਮਿਤੀ ੧-੮-੧੯੩੬ ਰਾਹੀਂ ਅਤੇ ਸ਼੍ਰੋਮਣੀ ਗੁ:ਪ੍ਰ: ਕਮੇਟੀ ਨੇ ਆਪਣੇ ਮਤਾ ਨੰਬਰ ੧੪੯, ਮਿਤੀ ੧੨.੧੦.੧੯੩੬ ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੀ 'ਧਾਰਮਿਕ ਸਲਾਹਕਾਰ ਕਮੇਟੀ' ਨੇ ਆਪਣੀ ਇੱਕਤਰਤਾ ਮਿਤੀ ੭-੧-੧੯੪੫ ਵਿਖੇ ਇਸ ਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ।ਧਾਰਮਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ ਵਿਚ ਹੇਠ ਲਿਖੇ ਸੱਜਣ ਹਾਜ਼ਰ ਸਨ:-


(੧) ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, ਜੱਥੇਦਾਰ ਅਕਾਲ ਤਖ਼ਤ ਸਾਹਿਬ।
(੨) ਭਾਈ ਸਾਹਿਬ ਅੱਛਰ ਸਿੰਘ ਜੀ, ਹੈੱਡ ਗ੍ਰੰਥੀ, ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ।
(੩) ਪ੍ਰੋ. ਤੇਜਾ ਸਿੰਘ ਜੀ ਐਮ.ਏ., ਖਾਲਸਾ ਕਾਲਜ, ਅੰਮ੍ਰਿਤਸਰ
(੪) ਪ੍ਰੋ. ਗੰਗਾ ਸਿੰਘ ਜੀ, ਪ੍ਰਿਸੀਪਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।
(੫) ਗਿਆਨੀ ਲਾਲ ਸਿੰਘ ਜੀ ਐਮ.ਏ., ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ।
(੬) ਪ੍ਰੋ.ਸ਼ੇਰ ਸਿੰਘ ਜੀ ਐਮ.ਐਸ.ਸੀ, ਗੌਰਮਿੰਟ ਕਾਲਜ, ਲੁਧਿਆਨਾ।
(੭) ਬਾਵਾ ਪ੍ਰੇਮ ਸਿੰਘ ਜੀ ਹੇਤੀ,(ਪ੍ਰਸਿੱਧ ਹਿਸਟੋਰਿਅਨ)।
(੮) ਗਿਆਨੀ ਬਾਦਲ ਸਿੰਘ ਜੀ, ਇੰਚਾਰਜ ਸਿੱਖ ਮਿਸ਼ਨ ਹਾਪੜ।

 
ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩-੨.੧੯੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ"


ਕੁਝ ਸੱਜਣਾ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ੧੯੩੬ ਵਿਚ ਬਣੇ ਖਰੜੇ ਨੂੰ ੧੯੪੫ ਵਿਚ ਸਮਝੌਤਾਵਾਦੀ ਪਹੁੰਚ ਦੇ ਅਧੀਨ ਬਦਲ ਦਿੱਤਾ ਗਿਆ ਸੀ।ਇਸ ਪ੍ਰਚਾਰ ਦਾ ਅਧਾਰ ਸ਼ਾਯਦ ਉਪਰੋਕਤ ਸੂਚਨਾ ਵਿਚ ਵਰਤੇ "ਵਾਧੇ ਘਾਟੇ" ਸ਼ਬਦਾਂ ਨੂੰ ਲੇ ਖੜੇ ਕੀਤੇ ਕਿਆਸਾਂ ਦੇ ਪਰਦੇ ਹਨ।
ਇਸ ਵਿੱਚ ਸ਼ੱਕ ਨਹੀਂ ਬੱਚਦਾ ਕਿ ੦੭.੦੧ ੧੯੪੫ ਵਿਚ ਵਾਧੇ ਘਾਟੇ ਹੋਏ ਸੀ।ਨਾਲ ਹੀ ਸਪਸ਼ਟ ਹੁੰਦਾ ਹੈ ਕਿ ਇਨਾਂ੍ਹ ਵਾਧੇ ਘਾਟਿਆਂ ਨੂੰ ਕਰਨ ਵਾਲੇ ਉਪਰੋਕਤ ਲਿਖੇ ਵਿਦਵਾਨ ਸਨ ਜਿਨਾਂ੍ਹ ੧੯੩੬ ਦੇ ਖਰੜੇ ਵਿਚ  ੧੯੪੫ ਨੂੰ ਵਾਧੇ ਘਾਟੇ ਕੀਤੇ ਅਤੇ ਜਿਨਾਂ੍ਹ ਦੀ ਸਿਫਾਰਿਸ਼ ਨੂੰ ਸ਼੍ਰੋਮਣੀ ਗੁ:ਪ੍ਰ: ਕਮੇਟੀ ਨੇ ਆਪਣੀ ਇਕੱਤਰਤਾ ਮਿਤੀ ੩.੨.੧੯੪੫ ਵਿਚ ਮਤਾ ਨੰ: ੯੭ ਰਾਹੀਂ ਪ੍ਰਵਾਨਗੀ ਦਿੱਤੀ।ਇਹ ਤੱਥ ਅਸੀਂ ਉਪਰ ਪੜ ਆਏ ਹਾਂ।
ਹੁਣ ਸਵਾਲ ਇਹ ਹੈ ਕਿ ਉਹ ਕਿਹੜੇ 'ਵਾਧੇ ਘਾਟੇ' ਸੀ ਜਿਨਾਂ੍ਹ ਨੂੰ ਅੱਜ, ਕੁੱਝ ਸੱਜਣਾ ਵਲੋਂ ਇੱਕ ਸਾਜਸ਼/ਸਮਝੋਤਾਵਾਦ ਦੇ ਨਾਮ ਨਾਲ ਪ੍ਰਚਾਰਿਆ ਜਾ ਰਿਹਾ ਹੈ? ਇਸ ਸਵਾਲ ਦੇ ਜਵਾਬ ਨੂੰ ਲੱਭਣ ਲਈ ਦਾਸ ਨੂੰ ਮਹਨਤ ਕਰਨੀ ਪਈ।ਜ਼ਾਹਰ ਜਿਹੀ ਗਲ ਹੈ ਕਿ ਇਸਦਾ ਜਵਾਬ ਤਾਂ ਮਿਤੀ ੦੭.੦੧.੧੯੪੫ ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਹੋਈ ਇਕੱਤਰਤਾ ਦੀ ਕਾਰਵਾਈ ਤੋਂ ਹੀ ਪਤਾ ਚਲ ਸਕਦਾ ਸੀ।ਇਸ ਬਾਰੇ ਆਪਣੀ ਪੜਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਉਪਰੰਤ ਦਾਸ ਉਸ ਦਿਨ ਦੀ ਮੀਟਿੰਗ ਵਿਚ ਰਹਿਤ ਮਰਿਆਦਾ ਦੀਆਂ ਮੱਧਾ ਵਿਚ ਕੀਤੇ ਗਏ ਵਾਧੇ-ਘਾਟਿਆਂ ਸਬੰਧਤ ਕਾਰਵਾਈ/ਫ਼ੈਸਲਿਆਂ ਦੀ ਸੂਚਨਾ ਪਾਠਕਾਂ ਦੀ ਜਾਣਕਾਰੀ ਲਈ ਦੇ ਰਿਹਾ ਹੈ ਜੋ ਕਿ ਇਸ ਪ੍ਰਕਾਰ ਹੈ:-


" ਸ਼੍ਰੋ: ਗੁ:ਪ੍ਰ: ਕਮੇਟੀ ਵਲੋਂ ਛਪੀ ਰਹਿਤ ਮਰਿਯਾਦਾ ਕੁਝ ਕੁ ਵਾਧੇ ਘਾਟੇ ਕਰਨ ਸਬੰਧੀ ਧਾਰਮਿਕ ਸਾਲਹਕਾਰ ਕਮੇਟੀ ਦਾ ਮਤਾ ਨੰ: ੧ ਮਿਤੀ ੨੮.ਜੁਲਾਈ ੧੯੪੪ ਦੁਬਾਰਾ ਵਿਚਾਰ ਲਈ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਰਹਿਤ ਮਰਿਆਦਾ ਵਿਚ ਹੇਠ ਲਿਖੇ ਅਨੁਸਾਰ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ:-
(੧) ਨਾਮ ਬਾਣੀ ਦਾ ਅਭਿਆਸ: ਹੇਠ ਸੋਦਰ ਰਹਿਰਾਸ ਦੇ ਹੈਡਿੰਗ ਹੇਠ ਲਫ਼ਜ਼ 'ਦੁਸ਼ਟ ਦੋਖ ਤੇ ਲੇਹੁ ਬਚਾਈ'ਤਕ ਅਤੇ ਲਫ਼ਜ਼ 'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਵਿਚਾਲੇ ਸਵਯਾ ਪਾਇ ਗਹੇ ਜਬ ਤੇ ਤੁਮਹਰੇ ਅਤੇ ਦੋਹਰਾ ਸਗਲ ਦੁਆਰ ਕੋ ਛਾਡਕੇ ਵਧਾਏ ਜਾਣ ਅਤੇ "ਆਨੰਦ ਦੀਆਂ ਪਹਿਲੀਆਂ ਪੰਜ ਪਾਉੜੀਆਂ ਤੇ ਅੰਤਲੀ ਇਕ ਪਾਉੜੀ ਦੇ ਅਗੇ ਲਫ਼ਜ਼ ਮੁੰਦਾਵਣੀ ਤੇ "ਸਲੋਕ ਮਹਲਾ ੫ ਤੇਰਾ ਕੀਤਾ ਜਾਤੋ ਨਾਹੀ ਵਧਾਏ ਜਾਣ।
(੨) ਹੈਡਿੰਗ ਗੁਰਦੁਆਰੇ ਦੇ ਅੰਕ (e) ਵਿਚ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਸੰਭਾਲ ਕੇ ਪ੍ਰਕਾਸ਼ਣ ਲਈ" ਵਿਚੋਂ ਲਫ਼ਜ਼ 'ਦੀ ਦੇਹ' ਕਟ ਦਿੱਤੇ ਜਾਣ।
(੩) ਹੈਡਿੰਗ ਗੁਰਦੁਆਰੇ ਦੇ ਅੰਕ (ਕ) ਵਿਚ ਲਫ਼ਜ਼ "ਬਨਾਣੀਆਂ ਜਾਂ ਰਖਣੀਆਂ ਅਤੇ 'ਇਹੇ ਜਿਹੇ ਕਰਮ' ਵਿਚ ਲਫ਼ਜ਼ ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅਗੇ ਮਥੇ ਟੇਕਣੇ ਵਧਾ ਦਿਤੇ ਜਾਣ।
(੪) ਹੈਡਿੰਗ ਗੁਰਦੁਆਰੇ ਦੇ ਅੰਕ (ਫ) ਵਿਚੋਂ ਲਫ਼ਜ਼ 'ਸਿਰ ਨਿਵਾ ਕੇ' ਕਟ ਦਿਤੇ ਜਾਣ।
(੫) ਹੈਡਿੰਗ ਗੁਰਦੁਆਰੇ ਦੇ ਅੰਕ (ਖ) ਵਿਚ ਜਿਥੇ ਲਫ਼ਜ਼ 'ਅਸਵਾਰਾ ਸਾਹਿਬ' ਆਉਂਦੇ ਹਨ ਉਥੇ-ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਦਿੱਤਾ ਜਾਵੇ।
(੬) ਹੈਡਿੰਗ ਗੁਰਦੁਆਰੇ ਦੇ ਅੰਕ (ਢ) ਵਿਚ ਅਖੀਰੀ ਲਾਇਨ ਵਿਚ ਲਫ਼ਜ਼ "ਲੋਹੇ ਦਾ" ਅਤੇ ਲਫ਼ਜ਼ "ਖੰਡਾ ਹੋਵੇ" ਵਿਚਾਲੇ ਲਫ਼ਜ਼ "ਭਾਲਾ ਜਾਂ" ਵਧਾ ਦਿਤੇ ਜਾਣ।
(੭) ਹੈਡਿੰਗ ਗੁਰਦੁਆਰੇ ਦੇ ਅਕੀਰ ਵਿਚ ਹੇਠ ਲਿਖਿਆ ਅੰਕ (ਣ) ਵਧਾ ਦਿੱਤਾ ਜਾਵੇ। (ਣ) ਗੁਰਦੁਆਰੇ ਵਿਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ।
(੮) ਹੈਡਿੰਗ ਅਖੰਡ ਪਾਠ ਦੇ ਅੰਕ (e) ਵਿਚ 'ਜੋਤ' ਤੇ ਲਫ਼ਜ਼ 'ਆਦਿ' ਵਿਚ ਨਲੀਏਰ ਵਧਾ ਦਿਤੇ ਜਾਣ।
(੯) ਹੈਡਿੰਗ ਕੜਾਹ ਪ੍ਰਸ਼ਾਦਿ ਦੇ ਅੰਕ (e) ਵਿਚ "ਪੰਜਾ ਪਿਆਰਿਆਂ ਦਾ ਗਫਾ ਤੋਂ ਅਗੇ ਲਫ਼ਜ਼ "ਕੱਢਿਆ ਜਾਏ, ਤੋਂ ਲੈ ਕੇ ਸਾਰੀ ਸੰਗਤ ਵਿਚ ਵਰਤਾ ਦੇਵੇ ਤਕ" ਕਟ ਦਿਤੇ ਜਾਣ ਤੇ ਇਨਾਂ੍ਹ ਦੀ ਥਾਂ ਅਗੇ ਦਰਕ ਲਫ਼ਜ਼ ਕਰ ਦਿਤੇ ਜਾਣ:- ਕਢ ਕੇ ਵਰਤਾਇਆ ਜਾਵੇ, aਪਰੰਤ।
(੧੦) ਹੈਡਿੰਗ ਜਨਮ ਤੇ ਮਰਨ ਸੰਸਕਾਰ ਦਾ ਅੰਕ (ਉ) ਸਾਰਾ ਕਟ ਦਿੱਤਾ ਕਾਵੇ ਤੇ ਅੰਕ (ਅ) ਨੂੰ (a), (e) ਨੂੰ (ਅ) ਤੇ (ਸ) ਨੂੰ (e) ਕਰ ਦਿੱਤਾ ਜਾਵੇ ਅਤੇ ਨਵੇਂ ਅੰਕ (ਉ) ਦੇ ਸ਼ਰੂ ਦੇ ਲਫ਼ਜ਼ਾਂ ਤੋਂ ਪਹਿਲੇ ਲਫ਼ਜ਼ "ਸਿਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਵਧਾ ਦਿਤੇ ਜਾਣ।
(੧੧) ਹੈਡਿੰਗ ਅਨੰਦ ਸੰਸਕਾਰ ਦਾ ਮੌਜੂਦਾ ਅੰਕ (੨) ਹੇਠ ਲਿਖੇ ਅਨੁਸਾਰ ਕਰ ਦਿਤਾ ਜਾਵੇ।(੨) ਆਮ ਹਾਲਾਤਾਂ ਵਿਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ"
ਨੇਟ: ਇਸ ਅੰਕ ਤੇ ਬਹਿਸ ਦੇ ਦੌਰਾਨ ਪ੍ਰੋ. ਸ਼ੇਰ ਸਿੰਘ ਜੀ ਇਕੱਤਰਤਾ ਵਿਚੋਂ ਚਲੇ ਗਏ ਸਨ।ਪ੍ਰੋ. ਤੇਜਾ ਸਿੰਘ ਜੀ ਅਤੇ ਅੱਛਰ ਸਿੰਘ ਜੀ ਨੇ ਇਸ ਤਬਦੀਲੀ ਵਿਰੁਧ ਆਪਣੀ ਅਸੰਮਤੀ ਨੋਟ ਕਰਵਾਈ।
(੧੨) ਹੈਡਿੰਗ ਸੇਵਾ ਦਾ ਅੰਕ (ਅ) ਕਟ ਦਿਤਾ ਜਾਵੇ।
(੧੩) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਸ) ਦੀ ਤੀਜੀ ਲਾਈਨ ਵਿਚ ਲਫ਼ਜ਼ "ਜੋ ਸਿਖੀ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉਪਰ ਚਲਣ ਦਾ ਚਾਹਵਾਨ ਹੋਵੇ" ਦੀ ਥਾਂ "ਜੋ ਸਿਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉਪਰ ਚਲਣ ਦਾ ਪ੍ਰਣ ਕਰੇ" ਕਰ ਦਿੱਤੇ ਜਾਣ।ਇਸ ਅੰਕ ਵਿਚ "ਕਿਰਪਾਨ ਗਾਤਰੇ ਵਾਲੀ" ਵਿਚੋਂ ਲਫ਼ਜ਼ "ਵਾਲੀ" ਕਟ ਦਿਤੇ ਜਾਣ।
(੧੪) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਵਿਚ ਲਫ਼ਜ਼ 'ਵਾਹਿਗੁਰੂ ਦਾ ਸਰੂਪ ਦਸਣ ਲਈ" ਦੀ ਥਾਂ ਲਫ਼ਜ਼ "ਵਾਹਿਗੁਰੂ ਦਾ ਨਾਮ ਦਸਕੇ" ਕਰ ਦਿੱਤੇ ਜਾਣ।
(੧੫) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਦੇ ਆਖਰੀ ਵਿਕਰੇ ਵਿਚੋਂ ਲਫ਼ਜ਼ "ਉਸੇ ਇਕ ਬਾਟੇ ਵਿਚੋਂ" ਕਟ ਦਿਤੇ ਜਾਣ।
(੧੬) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਡ) ਦੇ ਲਘੂਅੰਕ (੩) ਵਿਚੋਂ ਲਫ਼ਜ਼ "ਚਿਟੇ ਚੁਗਣ ਵਾਲਾ" ਕਟ ਦਿਤੇ ਜਾਣ।
(੧੭) ਹੈਡਿੰਗ ਪੰਥਕ ਰਹਿਣੀ ਦੇ ਅੰਕ (੧) ਵਿਚ ਲਫ਼ਜ਼ "ਗੁਰੂ ਸੰਗਤ ਤੇ" ਕਟ ਦਿਤੇ ਜਾਣ।ਇਸੇ ਤਰਾਂ ਹੈਡਿੰਗ 'ਗੁਰ ਸੰਗਤ ਤੇ ਗੁਰੂ ਪੰਥ' ਦੀ ਥਾਂ ਕੇਵਲ ਗੁਰੂ ਪੰਥ ਕਰ ਦਿਤੇ ਜਾਣ।ਇਸ ਹੈਡਿੰਗ ਦੇ ਅੰਕ (ਅ) (e) ਤੇ (ਸ) ਕਟ ਦਿਤੇ ਜਾਣ।…



ਸਹੀ ਰਵੇਲ ਸਿੰਘ,
ਮੀਤ ਸਕੱਤਰ"

ਮਿਤੀ ੦੭.੦੧ ੧੯੪੫ ਵਿਚ ਹੋਏ ਵਾਧੇ ਘਾਟਿਆਂ ਦੀ ਪੜਤਾਲ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵਾਧੇ ਘਾਟੇ ਕਿਸ ਕਿਸਮ (Nature) ਦੇ ਸਨ।ਬੜੇ ਅਚੰਭੇ ਦੀ ਗਲ ਹੈ ਕਿ ਰਹਿਤ ਮਰਿਆਦਾ ਦੇ ਆਰੰਭ ਵਿਚ ਸਾਫ਼ਗੋਈ ਨਾਲ "ਵਾਧੇ ਘਾਟੇ" ਬਾਰੇ ਦਿੱਤੀ ਹੋਈ ਸੂਚਨਾ ਨੂੰ ਕੁੱਝ ਸੱਜਣਾ ਨੇ, ਬਿਨਾਂ੍ਹ ਪੜਤਾਲ ਕੀਤੇ, ਗਲਤ ਢੰਗ ਨਾਲ ਇਸਤੇਮਾਲ ਕਰਦੇ ਉਨਾਂ੍ਹ ਵਾਧੇ ਘਾਟਿਆਂ ਨੂੰ ਲੇ ਲੇ ਇਕ "ਵੱਡੀ ਸਾਜਿਸ਼ ਅਤੇ ਸਮਝੋਤਾਵਾਦੀ" ਥਿਯੂਰੀ ਘੜਨ ਦਾ ਜਤਨ ਕੀਤਾ ਹੈ।ਇਨਸਾਨ ਗਲਤਿਆਂ ਦਾ ਪੁਤਲਾ ਕਿਹਾ ਜਾਂਦਾ ਹੈ ਪਰ ਗਲਤ ਢੰਗ ਨਾਲ ਆਪਣੇ ਵਿਰਸੇ ਵਿਚ ਹੋਏ ਸਿੱਖ ਵਿਦਵਾਨਾਂ/ਫ਼ੈਸਲਿਆਂ ਬਾਰੇ ਝੂਠੀਆਂ ਕਿਆਸਰਾਈਆਂ ਦੇ ਪਰਦੇ ਉਸਾਰਨੇ ਸਿਆਣਪ ਨਹੀਂ।ਇਸ ਥਿਯੂਰੀ ਵਿਚ ਵੀ ਕੋਈ ਦਮ ਨਹੀਂ ਪ੍ਰਤੀਤ ਹੁੰਦਾ  ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਸਾਜਸ਼ ਅਧੀਨ ੧੯੪੫ ਵਿਚ ਕੀਤੇ ਵਾਧੇ ਘਾਟਿਆਂ ਰਾਹੀਂ ਕੋਮ ਦੇ ਗਲ ਪਾਈਆਂ ਗਈਆਂ ਸਨ।
ਸਹਿਮਤੀ-ਅਸਹਿਮਤੀ ਹੋਣਾ ਇਕ ਵੱਖਰੀ ਗਲ ਹੈ ਪਰ ਝੂਠੇ ਪ੍ਰਚਾਰ ਦੀ ਪਰਦਾਦਾਰੀ ਅਤੇ ਝੂਠੇ ਪ੍ਰਚਾਰ ਤੇ ਯਕੀਨ ਕਰ ਲੇਣਾਂ ਗੁਰਮਤ ਨਹੀਂ।ਆਸ ਹੈ ਕਿ ਇਨਾਂ੍ਹ ਤੱਥਾਂ ਰਾਹੀਂ ਸਿੱਖ ਰਹਿਤ ਮਰਿਆਦਾ ੧੯੪੫ ਬਾਰੇ ਗਲਤ ਬਿਆਨਿਆਂ ਦੇ ਪਰਦੇ ਫ਼ਾਸ਼ ਹੋਣਗੇ ਅਤੇ ਜਾਗਰੂਕਾਂ ਵਿਚ ਗੁਰਮਤਿ ਅਨੁਸਾਰ ਪਹਿਲਾਂ ਤੋਲ ਕੇ ਫਿਰ ਬੋਲਣ/ਲਿਖਣ/ਸਮਝਣ ਦੀ ਪ੍ਰਵਿਰਤੀ ਉਸਰੇਗੀ।ਜਿੱਤੀ ਹੋਈ ਲੜਾਈ ਨੂੰ ਆਪਣੀ ਹਾਰ ਐਲਾਨ ਕੇ ਮੁੜ ਲੜਾਈ ਛੇਣਨੀ ਅਤੇ ਆਪਣੀ ਜਿੱਤ ਦੇ ਮਸੋਦਿਆਂ ਨੂੰ ਆਪ ਫ਼ਾੜ ਕੇ ਪਰੇ ਸੁੱਟ ਦੇਣਾ ਸਿਆਣਪ ਨਹੀਂ ਹੁੰਦੀ।ਲੋੜ ਤਾਂ ਜਿੱਤ ਦੇ ਮਸੋਦਿਆਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਹੈ।
ਇਸ ਵਿਸ਼ੇ ਬਾਬਤ ਦਾਸ ਹੋਰ ਨਵੀਂ ਜਾਣਕਾਰੀ ਪ੍ਰਾਪਤ ਹੋਂਣ ਤੇ ਉਸ ਨੂੰ ਪਾਠਕਾਂ ਨਾਲ ਸਾਂਝੀ ਕਰਨ ਦਾ ਜਤਨ ਕਰੇਗਾ।
ਮਿਤੀ ੦੭.੦੧.੧੯੪੫ ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਕਾਰਵਾਈ ਨੂੰ ਟਾਈਪ ਕਰਦੇ ਹੋਈ ਕਿਸੇ ਭੁੱਲ-ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ

03.01.2012

Sunday, 1 January 2012

'ਧਾਰਮਿਕ ਸਲਾਹਕਾਰ ਕਮੇਟੀ ਅਤੇ ਸਹਿਜਧਾਰੀ'

ਹਰਦੇਵ ਸਿੰਘ, ਜੰਮੂ


ਪਿਛੱਲੇ ਦਿਨਾਂ 'ਸਹਿਜਧਾਰੀ ਵੋਟਾਂ' ਬਾਰੇ ਅਦਾਲਤ ਦੇ ਫ਼ੈਸਲੇ ਬਾਰੇ ਪੜਨ ਨੂੰ ਮਿਲੀਆ।ਦਾਸ ਦੀ ਇਸ ਵਿਸ਼ੇ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਪਰ ਜਿਗਿਆਸਾ ਵੱਸ਼ ਥੋੜੀ ਪੜਤਾਲ ਕਰਨ ਉਪਰੰਤ ਪਤਾ ਚਲਿਆ ਕਿ ਸਹਜਧਾਰੀ ਮਾਮਲਾ ੧੯੦੦ ਦੇ ਆਰੰਬਕ ਦਹਾਕਿਆਂ ਵਿਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 'ਧਾਰਮਕ ਸਲਾਹਕਾਰ ਕਮੇਟੀ' ਦੇ ਮਤਿਆਂ ਵਿਚ ਵੀ ਵਿਚਾਰਿਆ ਗਿਆ ਸੀ।ਦਾਸ ਇਸ ਸੰਧਰਬ ਨਾਲ ਜੁੜੇ ਦੋ ਹਵਾਲੇ ਇੱਥੇ ਦੇ ਰਿਹਾ ਹੈ ਤਾਂ ਕਿ ਇਸ ਵਿਸ਼ੇ ਨਾਲ ਜੁੜੇ ਪੱਖ ਇਨਾਂ ਬਾਰੇ ਵਿਚਾਰ ਕਰ ਸਕਣ।
ਧਾਰਮਕ ਸਲਾਹਕਾਰ ਕਮੇਟੀ ਦੀ ਚੋਥੀ ਇਕੱਤਰਤਾ ਮਿਤੀ ੧੧.੦੫.੧੯੩੮ ਨੂੰ ਸ਼ਾਮ ਦੇ ੫.੩੦ ਵਜੇ 'ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ'  ਵਿੱਖੇ ਆਰੰਭ ਹੋਈ ਸੀ ਜਿਸ ਵਿਚ ਹੇਠ ਲਿਖੇ ਮੇਂਬਰ ਸਾਹਿਬਾਨ ਮੋਜੂਦ ਸਨ:-
(੧) ਪ੍ਰੋ. ਤੇਜਾ ਸਿੰਘ ਜੀ ਐਮ.ਏ.,
(੨) ਸ੍ਰ ਜੋਧ ਸਿੰਘ ਜੀ ਐਮ ਏ.,
(੩) ਜਥੇਦਾਰ ਮੋਹਨ ਸਿੰਘ ਜੀ,ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ,
(੪) ਭਾਈ ਸਾਹਿਬ ਭਾਈ ਲਾਭ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ।
ਇਸ ਮੀਟਿੰਗ ਵਿਚ ਸਾਹਿਜਧਾਰੀ ਵਿਸ਼ੇ ਬਾਰੇ ਹੋਈ ਕਾਰਵਾਈ ਇੰਝ ਦਰਜ ਹੋਈ:-

" ਸਹਿਜਧਾਰੀ ਸਿੱਖ ਦੇ ਲੱਛਣ"
ਸਹਿਜਧਾਰੀ ਸਿੱਖ ਦੇ ਗੁਣਾਂ ਸਬੰਧੀ ਮਾਮਲਾ ਪੇਸ਼ ਹੋ ਕੇ ਵਿਚਾਰ ਉਪਰੰਤ ਪ੍ਰਵਾਨ ਹੋਇਆ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਹਰ ਇਕ ਸਹਿਜਧਾਰੀ ਸਿੱਖ ਵਿਚ ਹੇਠ ਲਿਖੇ ਗੁਣ ਹੋਣੇ ਜ਼ਰੂਰੀ ਹਨ:-
(੧) ਦਾੜੀ ਰੱਖੇ,
(੨) ਕੇਸਾਂ ਨੂੰ ਉਸਤਰਾ ਨਾ ਲਾਵੈ,
(੩) ਆਪਣੀ ਔਲਾਦ ਵਿਚ ਕਿਸੇ ਨਾ ਕਿਸੇ ਨੂੰ ਸਿੰਘ ਜ਼ਰੂਰ ਸਜਾਵੈ,
(੪) ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਦਾ ਹੋਵੇ,
(੫) ਤੰਬਾਕੂ ਨਾ ਪੀਵੇ

੧੨.੦੫.੧੯੩੮                                         ਸਹੀ ਹਰਨਾਮ ਸਿੰਘ ਆਫ਼ੀਸ਼ੀਏਟਿਂਗ ਸਕੱਤਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ"




ਸਹਿਜਧਾਰੀ ਵਿਸ਼ਾ ਧਾਰਮਿਕ ਸਲਾਹਕਾਰ ਕਮੇਟੀ ਦੀ ਸੋਲਵੀਂ ਇਕੱਤਰਤਾ ਮਿਤੀ ੨੫.੦੩.੧੯੪੬ ਵਿਚ ਵੀ ਵਿਚਾਰਿਆ ਗਿਆ ਸੀ। ਇਸ ਬਾਰੇ ਹੋਈ ਕਾਰਵਾਈ ਹੇਠ ਲਿਖੇ ਸ਼ਬਦਾਂ ਵਿਚ ਦਰਜ ਹੋਈ ਸੀ:-


"ਸਹਿਜਧਾਰੀ ਸਿੱਖ ਕਮੇਟੀ ਦੇ ਮੇਂਬਰ ਸਾਹਿਬਾਨ ਵਿਚੋਂ ਹਰੇਕ ਨੇ ਆਪਣੀ ਆਪਣੀ ਵਿਚਾਰ ਨੋਟ ਕਰਵਾਈ ਤੇ ਆਖੀਰ ਤੇ ਇਸ ਸਿੱਟੇ ਤੇ ਪੁਜੇ ਕਿ ਸਾਹਿਜਧਾਰੀ ਸਿੱਖ ਦੀ ਤਾਰੀਫ਼ ਇਸ ਪ੍ਰਕਾਰ ਹੋਣੀ ਚਾਹੀਦੀ ਹੈ:-
(੧) ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦਾ ਹੋਵੇ।
(੨) ਤੰਬਾਕੂ ਤੇ ਕੁੱਠਾ ਨਾ ਵਰਤਦਾ ਹੋਵੇ (ਭਾਵ ਤੰਮਾਕੂ ਨਾ ਪੀਂਦਾ ਹੋਵੇ ਤੇ ਨਾ ਹੀ ਕੁੱਠਾ ਖਾਂਦਾ ਹੋਵੇ)
(੩) ਪਤਿਤ ਨਾ ਹੋਵੇ
(੪) ਆਪਣੀ ਸਾਰੀ ਸੰਤਾਨ ਨੂੰ ਸਿੰਘ ਸਜਾਵੇ।


ਨੋਟ: (੧) ਪ੍ਰਿਸੀਪਲ ਜੋਧ ਸਿੰਘ ਜੀ ਨੇ ਸ਼ਰਤ ਨੰ: ਨਾਲ ਇਸ ਪ੍ਰਕਾਰ ਸੰਮਤੀ ਭੇਦ ਲਿਖਵਾਇਆ, "ਮੈਂ ਇਸ ਸ਼ਰਤ ਨੂੰ ਵੇਟਰਾਂ ਦੀ ਲਿਸਟ ਜਾਂ ਨੋਕਰੀਆਂ ਆਦਿ ਲਈ ਜ਼ਰੂਰੀ ਨਹੀਂ ਸਮਝਦਾ"
               (੨) ਸਮੂੰਹ ਮੈਂਬਰਾਨ ਵਲੋਂ ਇਹ ਵੀ ਨੋਟ ਕਰਾਇਆ ਗਿਆ ਕਿ ਜੇ ਕੋਈ ਸਿੱਖ ਸਰਟੀਫਿਕੇਟ ਲੈਣ ਆਵੇ ਤੇ ਉਸਦਾ ਲੜਕਾ ਮੋਨਾ ਹੋਵੇ ਤਾਂ ਅਜਿਹਾ ਸਰਟੀਫ਼ਿਕੇਟ ਨਾ ਦਿੱਤਾ ਜਾਵੇ।…


ਸਹੀ/-ਹਰਭਜਨ ਸਿੰਘ ਮੀਤ ਸਕੱਤਰ (ਪ੍ਰ:)"


ਇਨਾਂ੍ਹ ਦੋਹਾਂ ਮੀਟਿੰਗਾ ਵਿਚ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਵਿੱਚ ਕੇਸਾਧਾਰੀ ਹੋਣਾ ਇੱਕ ਲਾਜ਼ਮੀ ਸ਼ਰਤ ਸੀ ਅਤੇ ਸਹਿਜਧਾਰੀ ਹੋਣਾ ਕੋਈ ਖੁੱਲਾ ਖ਼ਾਤਾ ਨਹੀਂ ਸੀ।ਧਾਰਮਕ ਸਲਾਹਕਾਰ ਕਮੇਟੀ ਅਨੁਸਾਰ ਸਹਿਜਧਾਰੀ ਤੋਂ ਭਾਵ 'ਬਿਨਾ ਕੇਸਾਂ ਦੇ ਬੰਦੇ' ਨਾਲ ਨਹੀਂ ਸੀ।ਇਸ ਵਿਸ਼ੇ ਨਾਲ ਜੁੜੇ ਪੱਖਾਂ ਨੂੰ ਸਾਹਿਜਧਾਰੀ ਤੋਂ ਭਾਵ ਕੱਡਣ ਵੇਲੇ ਸਿੱਖ ਵਿਰਾਸਤ ਦੇ ਇਨਾਂ੍ਹ ਫ਼ੈਸਲਿਆਂ ਤੇ ਗ਼ੌਰ ਕਰਨਾ ਚਾਹੀਦਾ ਹੈ ਤਾਂ ਕਿ ਸਹਿਜਧਾਰੀ ਦੀ ਸ਼ਬਦ ਵਰਤੋਂ ਜਾਂ ਪਰਿਭਾਸ਼ਾ ਕਾਰਣ ਸਿੱਖ ਪਹਿਚਾਣ ਦਿਆਂ ਤੰਦਾਂ ਬਿਖ਼ਰ ਨਾ ਜਾਣ।
ਸਿੱਖ ਰਹਿਤ ਮਰਿਆਦਾ ਵਿਚ ਲਿਖੀ ਸਿੱਖ ਦੀ ਪਰਿਭਾਸ਼ਾ ਨੇ ਸੁਚੱਜੇ ਢੰਗ ਨਾਲ ਸਾਹਿਜਧਾਰੀ ਟਰਮ ਬਾਰੇ ਵਿਦਵਾਨਾਂ ਦੇ ਉਪਰੋਕਤ ਵਿਚਾਰਾਂ ਨੂੰ ਆਪਣੀ ਗਲਵਕੜੀ ਵਿਚ ਸਮੇਟ ਲਿਆ ਸੀ ਜਿਸ ਵਿਚ ਸਿੱਖ ਅਤੇ ਸਹਿਜਧਾਰੀ ਸਿੱਖ ਵਰਗੀਆਂ ਦੋ ਵੱਖੋ-ਵੱਖ ਸ਼ਾਖਾਵਾਂ ਦਾ ਕੋਈ ਸਥਾਨ ਨਹੀਂ ਬੱਚਿਆ ਸੀ।ਇਹ ਤੱਥ, ਵਿਸ਼ੇਸ਼ ਤੌਰ ਤੇ ਉਨਾਂ੍ਹ ਸੱਜਣਾ ਲਈ ਵਿਚਾਰਣਯੋਗ ਹਨ ਜੋ ਕਿ ਸਹਿਜਧਾਰੀ ਟਰਮ ਨੂੰ ਇੱਕ ਔਪਨ ਲਾਈਸੇਂਸ ਸਮਝਦੇ ਹਨ ਜਿਸ ਰਾਹੀਂ ਬਿਨਾ ਕਿਸੇ ਜੁੰਮੇਵਾਰੀ ਦੇ ਅਧਿਕਾਰੀ ਬਣ ਵਿਚਰਿਆ ਜਾਏ।
ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੀ ਰੋਸ਼ਨੀ ਵਿਚ ਦਾਸ ਹੋਰ ਵਿਚਾਰਾਂ ਵੀ ਸਾਂਝਿਆਂ ਕਰਨ ਦਾ ਜਤਨ ਕਰੇਗਾ।

ਹਰਦੇਵ ਸਿੰਘ, ਜੰਮੂ
hardevsinghjammu.blogspot.com
੦੧.੦੧.੨੦੧੨

Wednesday, 14 December 2011




 

ਵੱਡੇ ਪ੍ਰਚਾਰਕਾਂ ਨੂੰ ਖ਼ਤਰਾ

ਹਰਦੇਵ ਸਿੰਘ, ਜੰਮੂ



ਸਿੱਖੀ ਦੇ ਦਰਸ਼ਨ (Philosophy) ਦੇ ਪ੍ਰਚਾਰਕਾਂ ਨੂੰ ਦਰਪੇਸ਼ ਖ਼ਤਰੇ ਦਾ ਜ਼ਿਕਰ ਕਰਦਿਆਂ ਇਹ ਸਮਝਣਾ ਜ਼ਰੁਰੀ ਹੈ ਕਿ ਸਿੱਖੀ ਦੇ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ? ਇਸ ਪ੍ਰਸ਼ਨ ਦੇ ਉੱਤਰ ਵੱਲ ਗ਼ੌਰ ਕਰਦਿਆਂ ਪਾਠਕਾਂ ਦੇ ਜ਼ਹਿਨ ਵਿੱਚ ਕਈ ਨਾਮ ਵੀ ਆ ਗਏ ਹੋਣ ਗੇ ਅਤੇ ਇਹ ਜਿਗਿਆਸਾ ਵੀ ਕਿ ਉਹ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ ਅਤੇ ਉਨ੍ਹਾਂ ਨੂੰ ਕਿਸ ਗੱਲੋਂ ਖ਼ਤਰਾ ਹੈ?
ਹੁਣ ਅੱਗੇ ਤੁਰੀਏ ਪਹਿਲੇ ਇਸ ਸਵਾਲ ਦੇ ਨਾਲ ਕਿ ਸਿੱਖੀ ਦੇ ਸਭ ਤੋਂ ਵੱਡੇ ਪ੍ਰਚਾਰਕ ਕੋਂਣ ਹਨ? ਵਾਸਤਵ ਵਿੱਚ ਸਿੱਖੀ ਦੇ ਦਰਸ਼ਨ ਦੇ ਪ੍ਰਚਾਰ ਦੇ ਸਭ ਤੋਂ ਵੱਡੇ ਸੋਮੇਂ ਆਪ ਸਭ ਤੋਂ ਵੱਡੇ ਪ੍ਰਚਾਰਕ ਵੀ ਹਨ।ਸਿੱਖੀ ਦੇ ਅੰਦਰ ਸਭ ਤੋਂ ਵੱਡੀਆਂ ਪ੍ਰਚਾਰਕ ਸੋਮੇਂ ਇਸ ਪ੍ਰਕਾਰ ਹਨ:

(1) ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਦਾਸ Termਸ਼ਬਦ ਗੁਰੂ ਗ੍ਰੰਥ ਸਾਹਿਬ` ਬਾਰੇ ਵਿਚਾਰ ਅਲਗ ਲੇਖ ਵਿੱਚ ਕਰੇਗਾ)
(2) ਗੁਰੂ ਨਾਨਕ ਤੋਂ ਲੇ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਆਚਰਣ
(3) ਸ੍ਰੀ ਦਰਬਾਰ ਸਾਹਿਬ (ਅਕਾਲ ਤਖ਼ਤ ਸਮੇਤ)

ਮੋਜੂਦਾ ਸਿੱਖੀ ਜੀਵਨ ਨਾਲ ਜੁੜੇ ਕਈ ਪ੍ਰਚਾਰਕ ਅਤੇ ਕਈ ਪ੍ਰਚਾਰਕ ਸੰਸਥਾਨ ਹਨ। ਪਰ ਇੱਕ ਗੱਲ ਜੋ ਨਿਸ਼ਚਤ ਰੂਪ ਵਿੱਚ ਹਰ ਪ੍ਰਚਾਰਕ ਅਤੇ ਸੰਸਥਾ ਨੂੰ ਸਮਝ ਲੇਣੀ ਚਾਹੀਦੀ ਹੈ ਕਿ ਉਹ ਕਦੇ ਵੀ ਇਸ ਗਲਤਫ਼ਹਮੀ ਵਿੱਚ ਨਾ ਰਹਿੰਣ ਕਿ ਉਹ ਉੱਪਰ ਲਿਖੇ ਦੋ ਪੱਖਾਂ ਨਾਲੋਂ ਵੱਧ ਮਜ਼ਬੂਤ ਪ੍ਰਚਾਰਕ ਹਨ। ਸਿੱਖੀ ਦੇ ਦਰਸ਼ਨ ਦੇ ਸਭ ਤੋਂ ਮਜ਼ਬੂਤ ਪ੍ਰਚਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ, ਪਹਿਲੇ ਦੱਸ ਗੁਰੂ ਸਾਹਿਬਾਨ ਅਤੇ ਦਰਬਾਰ ਸਾਹਿਬ ਹੀ ਹਨ ਅਤੇ ਇਹ ਪ੍ਰਚਾਰਧਾਰਾ ਦਾ ਸਭ ਤੋਂ ਮਜ਼ਬੂਤ ਸਦੀਵੀਂ ਪੱਖ ਰਹਿਣਾ ਹੈ। ਇਹ ਤਿੰਨੋਂ ਪੱਖ ਸਿੱਖੀ ਦੇ ਪ੍ਰਚਾਰ ਦੇ ਮੂਲਭੂਤ ਅਧਾਰ (Basic Structure) ਨੂੰ ਪੁਰਾ ਕਰਦੇ ਹਨ। ਬਾਕੀ ਸਭ ਆਂਣ-ਜਾਂਣ ਵਾਲੇ ਪ੍ਰਚਾਰਕ ਹਨ। ਉਹ ਗਲਤ ਵੀ ਹੋ ਸਕਦੇ ਨੇ ਅਤੇ ਕਈ ਥਾਂ ਹੈ ਵੀ ਹਨ। ਉਹ ਕਿਸੇ ਨੁੱਕਤੇ ਤੋਂ ਅਣਜਾਂਣ ਵੀ ਹੋ ਸਕਦੇ ਨੇ। ਪਰ ਉੱਪਰ ਦਿੱਤੇ ਤਿੰਨ ਪ੍ਰਚਾਰਕ ਸੋਮੇਂ ਕਦੇ ਵੀ ਗਲਤ ਨਹੀਂ ਹੋ ਸਕਦੇ। ਉਹ ਨਿਰੋਲ ਮਾਨਵਤਾਵਾਦੀ ਸਿੱਖੀ ਦੀ ਗੱਲ ਹੀ ਕਰਦੇ ਹਨ।
ਇਸ ਚਰਚਾ ਵਿੱਚ ਅਸੀਂ ਵਾਰੋ ਵਾਰੀ ਕੇਵਲ ਪਹਿਲੇ ਦੋ ਪੱਖਾਂ ਦੀ ਵਿਚਾਰ ਕਰਾਂ ਗੇ। ਨਿਰਸੰਦੇਹ, ਇਹ ਪੱਖ ਸਿੱਖੀ ਦੇ ਵੱਡਮੁੱਲੇ ਦਰਸ਼ਨ(Philosophy)ਦੇ ਦੋ ਪਹਿਲੂ ਹਨ। ਇੱਕ ਵੀ ਪੱਖ ਦੀ ਸਥਿਤੀ ਨੂੰ ਨੀਵਾਂ ਕਰਨ ਦੀ ਗੱਲ ਇਸ ਸਾਫ਼-ਸ਼ਫ਼ਾਫ਼ ਦਰਸ਼ਨ ਉੱਪਰ ਭੂਲੇਖਿਆਂ ਦੀ ਮਿੱਟੀ ਪਾਉਂਣ ਵਰਗੀ ਗੱਲ ਸਾਬਤ ਹੋ ਸਕਦੀ ਹੈ। ਅਗਰ ਸਨ 1469 ਸਾਡੇ ਲਈ ਸਚਮੁੱਚ ਕੋਈ ਮਾਈਨੇ ਰੱਖਦਾ ਹੈ ਤਾਂ ਸੰਨ 1469 ਤੋਂ ਸੰਨ 1708 ਵਿੱਚਲੇ ਸਮੇਂ ਵਿੱਚ ਹੋਏ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਚਰਨ ਦਾ ਇਤਿਹਾਸ ਸ਼ਬਦ ਗੁਰੂ ਨਾਲੋਂ ਵੱਖ ਨਾ ਤਾਂ ਬੇਮਾਨੀ ਹੋ ਸਕਦਾ ਹੈ ਅਤੇ ਨਾ ਹੀ ਕਦੇ ਦੂਜੇ ਦਰਜੇ ਦੀ ਗੱਲ।
ਕਿਸੇ ਪਾਠਕ ਦੇ ਜ਼ਹਿਨ ਵਿੱਚ ਸਵਾਲ ਉੱਠ ਸਕਦਾ ਹੈ ਕਿ ਕੀ ਸ਼ਬਦ ਗੁਰੂ ਗ੍ਰੰਥ ਸਾਹਿਬ ਇੱਕ ਪ੍ਰਚਾਰਕ ਵੀ ਹਨ? ਜੀ ਹਾਂ ਬਿਲਕੁਲ! ਗੁਰੂ, ਗੁਰੂ ਹੋਣ ਕਾਰਣ ਮੂਲ ਪ੍ਰਚਾਰਕ ਵੀ ਹੁੰਦਾ ਹੈ। ਉਹ ਪ੍ਰਚਾਰ ਕਰਵਾਉਂਦਾ ਹੀ ਨਹੀਂ ਬਲਕਿ ਆਪ ਪ੍ਰਚਾਰ ਕਰਦਾ ਵੀ ਹੈ। ਅਸੀਂ ਜਾਂਣਦੇ ਹਾਂ ਕਿ ਗੁਰੂ, ਗੁਰੂ ਹੋਣ ਦੇ ਨਾਲ-ਨਾਲ ਆਪ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਪ੍ਰਚਾਰਕ ਵੀ ਹੁੰਦੇ ਹੀ ਸਨ। ਗੁਰੂ ਨਾਨਕ ਜੀ ਨੇ ਤਾਂ ਸਦੂਰ ਖ਼ੇਤਰਾਂ ਤਕ ਹਜ਼ਾਰਾਂ ਮੀਲ ਪ੍ਰਚਾਰ ਯਾਤਰਾਂਵਾਂ ਕੀਤੀਆਂ ਸੀ। ਇਸ ਸਵਾਲ ਦੇ ਜਵਾਬ ਵਿੱਚ ਇਹ ਵੀ ਸਮਝਣ ਦੀ ਲੋੜ ਹੈ ਕਿ ਗੁਰੂਆਂ ਦੀ ਵਿਚਾਰਧਾਰਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਅਤੇ ਗੁਰੂਆਂ ਦਾ ਆਚਰਣ (ਜੋ ਕਿ ਅੱਜ ਇਤਹਾਸ ਦੀ ਗੱਲ ਹੋਣ ਦੇ ਬਾ-ਵਜੂਦ ਸਾਡੇ ਵਰਤਮਾਨ ਦਾ ਹਿੱਸਾ ਹੈ ਅਤੇ ਰਹਿਣਾ ਹੈ) ਹੀ ਅੱਜ ਵੀ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਇਹ ਉਹ ਪ੍ਰਚਾਰਕ ਪੱਧਰ ਹੈ ਜਿਸ ਹੱਥ ਸਿੱਖੀ ਦੇ ਦਰਸ਼ਨ ਦੀ ਅਸਲ ਲਗਾਮ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਸ਼ਬਦ ਹੈ ਅਤੇ ਗੁਰੂਆਂ ਦੇ ਆਚਰਣ ਤੋਂ ਹੀ ਸਾਨੂੰ ਸ਼ਬਦ ਗੁਰੂ ਦੀ ਸਮਝ ਪੈਂਦੀ ਰਹੀ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਕਈ ਥਾਂ ਇਨ੍ਹਾਂ ਵੱਡੇ ਪ੍ਰਚਾਰਕ ਪੱਖਾਂ ਦੀ ਰਾਹ ਵਿੱਚ ਬਿਖਰੇ ਵਕਤੀ ਬੰਦੇ ਹਾਂ ਜੋ ਕਈ ਪੱਖੋਂ ਮਾੜਾ ਕੰਮ ਵੀ ਕਰ ਰਹੇ ਹਾਂ।

(੧) ਪਹਿਲੇ ਪੱਖ ਨੂੰ ਦਰਪੇਸ਼ ਖ਼ਤਰੇ ਦੀ ਵਿਚਾਰ:

ਹਾਲ ਵਿੱਚ ਹੀ ਅਸੀਂ ਵੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੇ ਕੇ ਸ਼ੰਕੇ ਪ੍ਰਗਟ ਕੀਤੇ ਗਏ ਸਨ। ਇਹ ਚਿੰਤਨ ਦੀ ਇੱਕ ਗ਼ੈਰ ਜ਼ਰੂਰੀ ਅਤਿ ਗੰਭੀਰ ਅਤਿ ਹੈ। ਕੁੱਝ ਚਿੰਤਕ ਆਪਣੇ ਚਿੰਤਨ ਦੀ ਪ੍ਰੋਢਤਾ ਲਈ ਗੁਰੂ ਨਾਨਕ ਦੀ ਬਾਣੀ,ਬਾਕੀ ਗੁਰੂਆਂ ਦੀ ਬਾਣੀ ਅਤੇ ਭਗਤਾਂ/ਭੱਟਾਂ ਦੀ ਬਾਣੀ ਤਕ ਕਿੰਤੂ ਕਰਨ ਲੱਗ ਪਏ ਹਨ। ਇਹ ਕਿਸੇ ਫ਼ੋਜ ਦੇ ਸਿਪਾਹਸਲਾਰ ਨੂੰ ਢਾਉਂਣ ਦਾ ਚਿੰਤਨ ਹੈ ਤਾ ਕਿ ਸਿੱਟੇ ਵਜੋਂ ਬਾਕੀ ਦੀ ਫ਼ੋਜ ਜਾਂ ਤਾਂ ਮੇਦਾਨ ਛੱਡ ਨੱਸ ਜਾਵੇ ਜਾਂ ਫ਼ਿਰ ਰਸਤਾ ਭਟਕ ਕੇ ਭੂਲੇਖਿਆਂ ਦੇ ਗੁਭਾਰ ਵਿੱਚ ਗਰਕ ਹੋ ਜਾਏ। ਇਸ ਪੱਖ ਉਤੇ ਐਸੇ ਬੇਤੁੱਕੇ ਚਿੰਤਨ ਉਤੇ ਤਾਲਾਬੰਦੀ ਦੀ ਲੋੜ ਹੈ। ਕਿਉਂਕਿ ਇਹ ਪੱਖ ਮੂਲਭੂਤ ਅਧਾਰ (Basic Structure) ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਕਿਸੇ ਸੰਸਥਾਂ ਦੇ ਏਜੰਡੇ ਦੀ ਸਤਰ ਨਹੀਂ ਬਣ ਸਕਦੀ। ਜੋ ਸੰਸਥਾ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ ਉਹ ਜਾਂ ਤਾਂ ਅਣਜਾਣੇ ਕਿਸੇ ਸਾਜਸ਼ ਦੀ ਸ਼ਿਕਾਰ ਹੈ ਜਾਂ ਫ਼ਿਰ ਕਿਸੇ ਸਾਜਸ਼ ਦਾ ਹਿੱਸਾ ਹੈ ਜਾਂ ਫ਼ਿਰ ਉਹ ਪਰਲੇ ਦਰਜੇ ਦੀ ਅਗਿਆਨਤਾ ਵਿੱਚ ਭਟਕ ਰਹੀ ਹੈ।
ਜੇਕਰ ਕੋਈ ਮਾਂ ਪਿਆਰ ਨਾਲ ਆਪਣੇ ਹੱਥੀ ਅਣਜਾਂਣੇ ਹੀ ਜ਼ਹਰੀਲਾ ਨਿਵਾਲਾ ਆਪਣੇ ਰੋਂਦੇ ਹੋਏ ਬੱਚੇ ਦੇ ਮੂੰਹ ਵਿੱਚ ਪਾ ਦੇਵੇ ਤਾਂ ਉਸ ਦੀ ਮਮਤਾ ਤੇ ਸ਼ਕ ਕਰਨਾ ਵਾਜਬ ਨਹੀਂ ਬਣਦਾ। ਪਰ ਨਾਲ ਹੀ ਇਹ ਗੱਲ ਆਪਣੀ ਜਗ੍ਹਾ ਅਕਟ ਹੈ ਕਿ ਜ਼ਹਿਰ ਤਾਂ ਜ਼ਹਿਰ ਹੈ। ਬੱਚੇ ਦੀ ਸੇਹਤ ਖ਼ਰਾਬ ਕਰ ਸਕਦਾ ਹੈ ਜਾਂ ਉਸ ਲਈ ਜਾਨਲੇਵਾ ਵੀ ਹੋ ਸਕਦਾ ਹੈ। ਪਿਆਰ ਵਿੱਚ ਸੁਚੇਤ ਵੀ ਰਹਿਣਾ ਚਾਹੀਦਾ ਹੈ।
ਗੁਰਬਾਣੀ ਦਾ ਵਿਰੋਧ ਬੜਾ ਪੁਰਾਣਾ ਹੈ। ਗੁਰੂ ਸਾਹਿਬਾਨ ਆਪ ਵੀ ਇਸ ਵਿਰੋਧ ਨੂੰ ਨਿੱਜਿਠਦੇ ਰਹੇ। ਲੇਕਿਨ ਬਾਣੀ ਦੇ ਮੋਜੂਦਾ ਵਿਰੋਧ ਦਾ ਲੋੜ ਅਨੁਸਾਰ ਸੰਵਾਦ ਰੂਪ ਵਿੱਚ ਵਿਰੋਧ, ਅੱਜ ਦੇ ਜਾਗਰੂਕ ਚਿੰਤਨ ਦੀ ਜਿੰਮੇਵਾਰੀ ਹੈ ਜਿਸ ਨੂੰ ਹਰ ਪੀੜੀ ਨੇ ਸੁਚੱਜੇ ਢੰਗ ਨਾਲ ਨਿਭਾਉਂਦੇ ਰਹਿਣਾ ਹੈ।
ਇਸੇ ਪੱਖ ਨਾਲ ਜੁੜੀ ਇੱਕ ਹੋਰ ਗੱਲ ਵੀ ਵਿਚਾਰਣ ਯੋਗ ਹੈ। ਉਹ ਇਹ ਕਿ ਵਿਚਾਰਧਾਰਾ ਦੀ ਸਪਸ਼ਟਤਾ ਦੀ ਕਸਰਤ ਵਿੱਚ ਕਈ ਥਾਂ ਸੁਧਾਰ ਦੇ ਨਾਲ ਨਾਲ ਵਿਗਾੜ ਦੇ ਬੀਜ ਵੀ ਪੈ ਰਿਹੇ ਹਨ। ਪਿੱਛਕੋੜ ਵਿੱਚ (ਸੰਨ 1900 ਦੇ ਆਸਪਾਸ) ਹਰ ਗੱਲ ਜੇਕਰ ਚੰਗੀ ਨਹੀਂ ਸੀ ਤਾਂ ਹਰ ਗੱਲ ਮਾੜੀ ਵੀ ਨਹੀਂ ਸੀ। ਨਵੀਨ ਸੋਚ, ਨਵੀਨ ਚਿੰਤਨ ਦਾ ਅਰਥ ਵੀ ਜਰੂਰੀ ਨਹੀਂ ਕਿ ਹੁਣ ਸਭ ਕੁੱਝ ਗਾਰੰਟੀਸ਼ੁਦਾ ਚੰਗਾਂ ਹੀ ਵਿਚਾਰਿਆ ਜਾ ਰਿਹਾ ਹੈ। ਬਿਲਕੁਲ ਹੋ ਸਕਦਾ ਹੈ ਕਿ ਨਵੀਨ ਸੋਚ ਕਿਸੇ ਜਗ੍ਹਾ ਪਿੱਛੋਕੜ ਵਿੱਚ ਹੋਏ ਠੀਕ ਨਿਰਨਿਆਂ ਦੇ ਮੁਕਾਬਿਲ ਬਦਤਰ (Worse)ਹੋਵੈ ਅਤੇ ਨਿਰਸੰਦੇਹ ਇਹ ਹੋ ਰਿਹਾ ਹੈ। ਇਹ ਇੱਕ ਪੇਚੀਦਾ ਹਾਲਤ ਹੈ। ਸੰਨ 1900 ਦੇ ਪਹਿਲੇ ਦਹਾਕਿਆਂ ਵਿੱਚ ਪਰਵਾਣ ਚੜੀਆਂ ਸੁਧਾਰ ਲਹਿਰਾਂ ਵਿੱਚ ਸਭ ਕੁੜਾ ਕਰਕਟ ਨਹੀਂ ਸੀ। ਉਦੋਂ ਵੀ ਜਾਗਰੂਕ ਧਿਰਾਂ ਸੀ ਜਿਨ੍ਹਾਂ ਵਿੱਚ ਸਿੱਖੀ ਪ੍ਰਤੀ ਪ੍ਰਤੀਬੱਧਤਾ ਸੀ। ਸਾਰੇ ਦੇ ਸਾਰੇ ਦਰਦੀ ਸੁੱਤੇ ਹੋਏ ਜਾਂ ਮੂਰਖ ਤਾਂ ਨਹੀਂ ਸੀ। ਕਈ ਤਾਂ ਅਨੇਕਾਂ ਪੱਖੋਂ ਸਾਡੇ ਨਾਲੋਂ ਜ਼ਿਆਦਾ ਜਾਗਰੂਕ, ਦੁਰਅੰਦੇਸ਼ ਅਤੇ ਸੁਚੇਤ ਸੀ। ਪਰ ਅੱਜ ਦੇ ਚਿੰਤਨ ਵਿੱਚ ਉਸ ਸਾਰੇ ਪਿੱਛੋਕੜ ਨੂੰ ਅਛੂਤ ਵਸਤੂ ਵਾਂਗ ਪੇਸ਼ ਕਰਨਾ ਠੀਕ ਨਹੀਂ। ਇਹ ਤਾਂ ਜਿਸ ਨਾਲ ਅਸੀਂ ਸਹਿਮਤ ਨਹੀਂ ਉਹ ਬਿਲਕੁਲ ਅਕਲਮੰਦ ਨਹੀਂ` ਵਰਗੀ ਭਾਵਨਾ ਹੈ। ਇਹ ਗਲ ਸਾਨੂੰ ਇਸ ਸਾਲ ਦੇ ਅਰੰਭਕ ਮਹੀਨਿਆਂ ਵਿੱਚ ਦੇਖਣ ਨੂੰ ਮਿਲੀ ਹੈ ਜਿਸਦਾ ਇਸ ਬਾਬਤ ਕੁੱਝ ਜਾਗਰੂਕ ਧਿਰਾਂ ਵਲੋਂ ਵਿਰੋਧ ਵੀ ਹੋਇਆ।
ਇਸ ਹਾਲਤ ਵਿੱਚ ਆਪਣੀ ਗੱਲ ਨੂੰ ਕਹਿਣ ਲਈ ਕਈ ਥਾਂ ਅਰਥਾਂ ਦੇ ਅਨਰਥਾਂ ਤੋਂ ਵੀ ਪਰਹੇਜ਼ ਨਹੀਂ ਹੋ ਰਿਹਾ। ਬੇਸ਼ਕ ਅੱਜ ਦੇ ਚਿੰਤਨ ਵਿੱਚ ਵੀ ਸਭ ਕੁੱਝ ਨਾ ਤਾਂ ਚੰਗਾ ਹੈ ਨਾ ਮਾੜਾ।ਸ਼ਬਦ ਗੁਰੂ` ਵਿਚਾਰਣ ਲਈ ਹੀ ਹੈ, ਤਾਂ ਕਿ ਸਮਝ ਆ ਸਕੇ। ਇਸ ਸਮਝ ਵਿੱਚ ਮਤਭੇਦ ਹੋ ਜਾਂਣਾ ਵੀ ਸੁਭਾਵਕ ਗੱਲ ਹੈ ਜਿਸ ਤੇ ਕੋਈ ਤਾਲਾਬੰਦੀ ਵਰਗੀ ਗੱਲ ਲਾਗੂ ਨਹੀਂ ਹੁੰਦੀ। ਪਰ ਇੱਥੇ ਕੁੱਝ ਥਾਂਈ ਸਵੈ ਜਿੰਮੇਦਾਰੀ ਦੀ ਭਾਵਨਾ ਦੀ ਸਖ਼ਤ ਲੋੜ ਹੈ ਤਾਂ ਕਿ ਅਰਥਾਂ ਦੇ ਅਨਰਥ ਨਾਲ ਵਿਗਾੜ ਨਾ ਪਵੈ। ਕਿਉਂਕਿ ਜਿਸ ਵੇਲੇ ਕਿਸੇ ਵਿਸ਼ੇ ਤੇ ਵਿਚਾਰ ਕਰਦਾ ਕੋਈ ਵਿਚਾਰਕ ਆਪਣੀ ਹੀ ਗਲਤ ਵਿਚਾਰਾਂ ਦੀ ਪ੍ਰੋਢਤਾ ਲਈ ਵਿਚਾਰ ਕਰਦਾ ਅਤੇ ਉਸਨੁੰ ਪ੍ਰਚਾਰਦਾ ਜਾਂਦਾ ਹੈ ਤਾਂ ਉਸ ਵੇਲੇ ਉਹ ਆਪਣੇ ਵਿਚਾਰ ਦੇ ਰਸਤੇ ਆਉਂਣ ਵਾਲੇ ਹਰ ਵਾਜਬ ਨਿਰਨੇ ਅਤੇ ਉਸ ਦੇ ਪਿੱਛੇ ਦੇ ਤਰਕ ਦਾ ਵੀ ਮਲਿਆਮੇਟ ਕਰਨ ਲੱਗ ਪੈਂਦਾ ਹੈ। ਭਾਵੇਂ ਇਸ ਲਈ ਉਸ ਨੂੰ ਕਿਸੇ ਵੀ ਹੱਦ ਤਕ ਕਿਉਂ ਨਾ ਜਾਂਣਾ ਪਵੇ। ਫ਼ਿਰ ਉਸ ਨੂੰ ਫ਼ਰਕ ਨਹੀਂ ਪੈਂਦਾ ਕਿ ਉਹ ਹੱਦ ਸ਼ਬਦ ਗੁਰੂ ਗ੍ਰੰਥ ਸਾਹਿਬ ਹੋਵੇ, ਗੁਰੂ ਨਾਨਕ ਹੋਵੇ, ਨਾਨਕ ਬਾਣੀ ਹੋਵੇ ਜਾਂ ਫ਼ਿਰ ਕੋਈ ਵਾਜਬ ਪੰਥਕ ਫ਼ੈਸਲਾ।

(੨) ਪ੍ਰਚਾਰ ਦੇ ਦੂਜੇ ਪੱਖ ਨੂੰ ਦਰਪੇਸ਼ ਖ਼ਤਰੇ ਦੀ ਵਿਚਾਰ:

ਸ਼ਬਦ ਗੁਰੂ ਉਹ ਰੱਬੀ ਗਿਆਨ ਹੈ ਜੋ ਕਾਗਜ਼ ਤੇ ਉਤਰਣ ਤੋਂ ਪਹਿਲਾਂ ਗੁਰੂ ਨਾਨਕ ਦੀ ਸੁਰਤ ਦੀ ਪ੍ਰਾਪਤੀ ਸੀ ਜਿਸਨੇ ਬਾਦ ਵਿੱਚ ਸ਼ਬਦਾਂ ਦਾ ਰੂਪ ਲਿਆ ਅਤੇ ਫ਼ਿਰ ਲਿਖਤਾਂ-ਪੋਥੀਆਂ ਤੋਂ ਕਾਲਾਂਤਰ ਗ੍ਰੰਥ ਸਵਰੂਪ ਵਿੱਚ ਦਰਜ ਹੋਈਆਂ। ਸਿੱਖਾਂ ਲਈ ਗੁਰੂ ਨਾਨਕ ਸ਼ਬਦ ਦਾ ਪਹਿਲਾ ਧਾਰਣੀ ਹੋਂਣ ਕਾਰਨ ਗੁਰੂ ਹੋ ਗਏ ਅਤੇ ਉਸੀ ਵਿਚਾਰਧਰਾ ਦੇ ਧਾਰਣੀ ਬਾਕੀ ਨੋਂ ਗੁਰੂ ਹੋਏ ਜੋ ਰੱਬ ਬਾਰੇ ਆਪਣੇ ਗਿਆਨ (ਰੱਬੀ ਗਿਆਨ) ਵਜੋਂ ਗੁਰੂ ਨਾਨਕ ਦੀ ਹੀ ਵਿਚਾਰਧਾਰਾ ਦੇ ਧਾਰਣੀ, ਵਿਆਖਿਆਕਾਰ ਅਤੇ ਅਚਾਰੀ ਸਨ। ਦੱਸ ਗੁਰੂ ਸਾਹਿਬਾਨ ਦੀ ਗਿਣਤੀ ਦਾ ਮਤਲਬ ਦੱਸ ਵਿਚਾਰਧਾਰਾਵਾਂ ਨਹੀਂ ਬਲਕਿ ਇੱਕ ਹੀ ਵਿਚਾਰਧਾਰਾ ਹੈ। ਉਨ੍ਹਾਂ ਗੁਰੂਆਂ ਨੇ ਸਾਨੂੰ ਸ਼ਬਦ ਗਿਆਨ ਦਿੱਤਾ ਅਤੇ ਉਸ ਪ੍ਰਤੀ ਨਿਯਮਬੱਧ ਕੀਤਾ। ਉਹ ਸ਼ਬਦ ਗੁਰੂ ਦੀਆਂ ਨਿਸ਼ਾਨਦਹੀਆਂ ਸਨ ਜਿਨ੍ਹਾਂ ਸ਼ਬਦ ਰੂਪ ਵਿੱਚ ਆਪਣੀ ਵਿਚਾਰਧਾਰਾ ਦਿੱਤੀ ਅਤੇ ਉਸ ਦੀ ਹਿਫ਼ਾਜਤ ਕਰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਸਵਰੂਪ ਤਕ ਸਾਨੂੰ ਜੋੜੀ ਰੱਖਿਆ।
ਸਿੱਖੀ ਦੀ ਗੱਲ ਪਹਿਲੇ ਦੀ ਹੋਵੇ ਜਾਂ ਫ਼ਿਰ ਹੁਣ ਦੀ, ਸਿੱਖੀ ਵਿਚਾਰਧਾਰਾ ਅਤੇ ਗੁਰੂਆਂ ਦੇ ਆਚਰਣ ਨੇ ਪ੍ਰਚਾਰ ਦਾ ਸਭ ਤੋਂ ਵੱਡਾ ਕੰਮ ਕੀਤਾ ਸੀ ਅਤੇ ਕਰਨਾ ਵੀ ਹੈ। ਗੁਰੂ ਬਾਣੀ ਪ੍ਰਤੀ ਸਾਡੇ ਆਪਣੇ ਲਫ਼ਜੀ ਲੇਖਾਂ ਜਾਂ ਭਾਸ਼ਣਾਂ ਨਾਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦਾ ਜੀਵਨ ਆਪ ਸਭ ਤੋਂ ਜ਼ਿਆਦਾ ਤਕੜਾ ਵਸੀਲਾ ਹੈ ਪ੍ਰਚਾਰ ਦਾ। ਇਨ੍ਹਾਂ ਦੋ ਪ੍ਰਚਾਰਕ ਪੱਧਰਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ। ਹਾਂ ਜੇਕਰ ਕਿਸੇ ਨੇ ਸਿੱਖੀ ਦੇ ਦਰਸ਼ਨ (Philosophy) ਨੂੰ ਸੱਟ ਮਾਰਨੀ ਹੋਵੇ ਤਾਂ ਉਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਪਹਲਿਆਂ ਦੋ ਸ਼੍ਰੇਣੀਆਂ ਤੇ ਕਿੰਤੂ ਕਰੇ ਕਉਂਕਿ ਇਹੀ ਤਾਂ ਸਭ ਤੋਂ ਤਕੜੀਆਂ ਪ੍ਰਚਾਰਕ ਸ਼੍ਰੇਣੀਆਂ ਹਨ। ਇਸ ਨੁੱਕਤੇ ਤੇ ਸ਼ਬਦ ਗੁਰੂ ਦੇ ਨਾਲ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਗੁਰੂ ਅੰਗਦ ਤਕ ਦੇ ਸਫ਼ਰ ਤੇ ਹੀ ਸਵਾਲਿਆ ਨਿਸ਼ਾਨ ਲਗਾੳਂਣ ਦਾ ਵੀ ਜਤਨ ਹੈ।
ਸਾਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿੱਧਰੇ ਅਸੀਂ ਅਣਜਾਣੇ ਕਿਸੇ ਐਸੇ ਚਿੰਤਨ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਜਿਸ ਨਾਲ ਅਸੀਂ ਆਪ ਆਪਣੇ ਹੱਥੀ ਇਨ੍ਹਾਂ ਦੋ ਪ੍ਰਚਾਰ ਦੇ ਕੇਂਦਰਾਂ ਨੂੰ ਢਾਹ ਲਾ ਰਹੇ ਹਾਂ? ਸਿੱਖੀ ਦਾ ਚਿੰਤਨ ਬੜੀ ਜਿੰਮੇਵਾਰੀ ਦਾ ਭਾਵ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਚਾਰ ਦੀਆਂ ਉੱਪਰਲਿਆਂ ਦੋ ਪ੍ਰਚਾਰਕ ਪੱਖਾਂ ਦੀ ਸਿਰਮੋਰਤਾ ਨੂੰ ਸਵੀਕਾਰ ਕਰਨਾ ਜਰੂਰੀ ਹੈ। ਸ਼ਬਦ ਗੁਰੂ ਦੀ ਗੱਲ ਕਰਣ ਦਾ ਮਤਲਬ ਇਹ ਨਹੀਂ ਕਿ ਅਸੀਂ ਦੂਜੇ ਪੱਖ ਨੂੰ ਕਿਸੇ ਨੀਵੇਂ ਦਰਜੇ ਤੇ ਸੁੱਟਣ ਦੀ ਕੋਤਾਹੀ ਕਰੀਏ। ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਤੋਂ 1708 ਤਕ ਵਿਚਾਰਧਾਰਾ ਗੁਰੂਆਂ ਦੇ ਜ਼ਹਿਨਾਂ ਵਿਚੋਂ ਦੀ ਹੁੰਦੀ ਸਰੀਰਾਂ ਰਾਹੀਂ ਲਿਖੀ ਗਈ, ਪਰਿਭਾਸ਼ਤ ਕੀਤੀ ਗਈ, ਵਰਤੀ ਗਈ ਅਤੇ ਪ੍ਰਚਾਰੀ ਗਈ ਸੀ। ਇਹ ਸਿਥਿਤੀ ਕੋਈ ਐਸੀ ਨਹੀਂ ਸੀ ਕਿ ਜਿਸ ਵਿੱਚ ਸ਼ਬਦ ਆਪ ਵਰਤਦਾ ਸੀ ਅਤੇ ਪ੍ਰਚਾਰਤ ਹੁੰਦਾ ਸੀ। ਕੋਈ ਵੀ ਚਿੰਤਨ, ਜੋ ਕਿ ਸ਼ਬਦ ਗੁਰੂ ਦੇ ਚਿੰਤਨ ਕਰਨ ਵਾਲਿਆਂ ਗੁਰੂਆਂ ਨੂੰ, ਕਿਸੇ ਵੀ ਤਰਕ ਦੇ ਅਧਾਰ ਤੇ ਵਰਤਮਾਨ ਵਿੱਚ ਕਿਸੇ ਪਿਛੜੀ ਹੋਈ ਹਾਲਤ (On the back burner) ਵਿੱਚ ਦਰਸਾਉਂਦਾ ਹੈ ਤਾਂ ਉਸ ਵਿੱਚ ਇੱਕ ਦਮ ਸਵੈ ਸੁਧਾਰ ਦੀ ਲੋੜ ਹੈ।
ਮੈਂ ਦੁਹਰਾ ਦੇਵਾਂ ਕਿ ਇਥੇ ਸਵੈ ਜਿੰਮੇਦਾਰੀ ਦੇ ਭਾਵ ਦੀ ਸਖ਼ਤ ਲੋੜ ਹੈ ਤਾਂ ਕਿ ਬਾਣੀ ਸਬੰਧੀ ਗੰਭੀਰ ਭੂਲੇਖੇ ਨਾ ਪੈਣ ਅਤੇ ਨਾ ਹੀ ਸੰਵਾਦ ਕੋੜੇ ਜਾਂ ਖੱਟੇ ਹੋਣ। ਮਨਮਤਿ ਦੇ ਵਿਰੋਧ ਵਿੱਚ ਘਟਿਆ ਸ਼ਬਦਾਵਲੀ ਵਰਤਨ ਵਾਲੇ ਕੁੱਝ ਜਾਗਰੂਕ ਧਿਰ ਜਿਸ ਵੇਲੇ ਆਪਸ ਵਿੱਚ ਸੰਵਾਦ ਕਰਦੇ ਹਨ ਤਾਂ ਉਹ ਵੀ ਕਈ ਵਾਰ ਘਟੀਆ ਸ਼ਬਦਾਂ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਆਦਤ ਵਿਗੜ ਚੁੱਕੀ ਹੈ। ਚੰਗੀ ਮੰਸ਼ਾ ਅਤੇ ਘਟੀਆ ਸ਼ਬਦਾ ਦਾ ਮੇਲ,ਸੁਮੇਲ ਨਹੀਂ ਹੁੰਦਾ। ਸੰਵਾਦ ਲੇਖਨ ਵਿਚ, ਸ਼ਿਸ਼ਟਾਚਾਰ ਦਾ ਅਸੂਲ Selective ਨਹੀਂ ਹੋਣਾ ਚਾਹੀਦਾ। ਇਸ ਵਿੱਚ ਇੱਕਰਸਤਾ ਹੋਂਣੀ ਚਾਹੀਦੀ ਹੈ। ਇਸ ਦੀ ਲੋੜ ਹੈ ਅਤੇ ਐਸੀ ਸਾਫ਼ਗੋਈ ਪੂਰਨ ਪਹਿਲਕਦਮੀ ਦਾ ਸਵਾਗਤ ਹੋਂਣਾ ਚਾਹੀਦਾ ਹੈ।
ਸਾਨੂੰ ਆਪਣੇ ਸਿਰਮੋਰ ਪ੍ਰਚਾਰਕਾਂ ਬਾਰੇ ਖ਼ਤਰਿਆਂ ਪ੍ਰਤੀ ਸੁਚੇਤ ਚਿੰਤਨ ਦੀ ਲੋੜ ਹੈ ਤਾਂ ਕਿ ਕੁੱਝ ਵਿਚਾਰਾਂ ਲਾ-ਇਲਾਜ ਨਾਸੂਰ ਨਾ ਬਣ ਜਾਂਣ। ਉਹ ਵੀ ਸਾਡੇ ਆਪਣੇ ਹੱਥੀ ਆਪਣੇ ਹੀ ਪੰਥ ਦੇ ਸਰੀਰ ਤੇ!

ਹਰਦੇਵ ਸਿੰਘ, ਜੰਮੂ
94191-84990 (This Article is about one and a half year old published in Sikh Marg.Com)

Monday, 12 December 2011



 

‘ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਢਣ ਦੇ ਜਤਨ’

ਹਰਦੇਵ ਸਿੰਘ, ਜੰਮੂ


ਨਿਜੀ ਅਰਦਾਸ ਕਿਸੇ ਦਾ ਨਿਜੀ ਸਾਰੋਕਾਰ ਹੋ ਸਕਦਾ ਹੈ। ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ਮੁਨਕਰ ਹੋਂਣਾ ਕਿਸੇ ਦਾ ਨਿਜੀ ਮਾਮਲਾ ਹੋ ਸਕਦਾ ਹੈ। ਠੀਕ ਉਂਝ ਹੀ ਜਿਵੇਂ ਕਿ ਕਿਸੇ ਨੂੰ ਧਰਮ ਬਦਲਣ ਦਾ ਅਧਿਕਾਰ ਹੋ ਸਕਦਾ ਹੈ। ਕੋਈ ਚਾਹੇ ਤਾਂ ਹਿੰਦੂ ਤੋਂ ਸਿੱਖ ਜਾਂ ਇਸਾਈ ਤੋਂ ਹਿੰਦੂ ਆਦਿ ਹੋ ਜਾਏ। ਮੱਤ ਬਦਲ ਲੇਂਣਾ ਨਿਜੀ ਪਸੰਦ ਹੋ ਸਕਦੀ ਹੈ ਪਰ ਨਿਜੀ ਮੱਤ ਥੋਪਣ ਦਾ ਜਤਨ ਕਰਨਾ ਠੀਕ ਗੱਲ ਨਹੀਂ ਹੁੰਦੀ! ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੀਆਂ ਤਜਵੀਜ਼ਾਂ/ਜਤਨ ਵਾਜਬ ਨਹੀਂ ਪ੍ਰਤੀਤ ਹੁੰਦੇ।
ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੇ ਨਾਲ, ਗੁਰੂ ਨਾਨਕ ਨੂੰ ਗੁਰੂ ਨਾ ਕਹਿਣ ਦੇ ਨਿਜੀ ਵਿਚਾਰ ਨੂੰ ਜੇਕਰ ਇੱਕ ਮੰਗ ਰੂਪ ਵਿੱਚ ਪੰਥਕ ਮਾਮਲਾ ਬਨਾਉਂਣ ਦਾ ਜਤਨ ਕੀਤਾ ਜਾ ਰਿਹਾ ਹੋਵੇ ਤਾਂ ਇਸ ਤੇ ਵਿਚਾਰ ਦੀ ਲੋੜ ਹੈ। ਤਰਕ ਇਹ ਵੀ ਹੈ ਕਿ ਗੁਰੂਆਂ ਨੂੰ ਗੁਰੂ ਕਹਿਣ ਨਾਲ ਸਿੱਖ ‘ਸ਼ਬਦ` ਦੇ ਬਜਾਏ ‘ਗੁਰੂ ਨਾਨਕ` (ਦਸ਼ਮੇਸ਼ ਜੀ ਤਕ) ਨਾਲ ਜੁੜ ਜਾਣਗੇ!
ਇਸ ਲਈ ਉਨ੍ਹਾਂ ਸੱਜਣਾ ਦਾ ਇਹ ਜਤਨ ਰਹਿੰਦਾ ਹੈ ਕਿ ਸਿੱਖ ਅਪਣੀ ਪਰਿਭਾਸ਼ਾ, ਅਪਣੇ ਸਾਹਿਤ ਅਤੇ ਇੱਥੋਂ ਤਕ ਕਿ ਅਪਣੀ ‘ਮਰਿਆਦਤ ਅਰਦਾਸ` ਵਿੱਚ ਵੀ ਗੁਰੂ ਵਿਸ਼ੇਸ਼ਣ ਅਤੇ ਗੁਰੂਆਂ ਦੇ ਨਾਮਾਂ ਤਕ ਨੂੰ ਬਾਹਰ ਕੱਡ ਦੇਂਣ। ਫ਼ਿਰ ਵੀ ਨਾਲ ਦੇ ਨਾਲ ਇਸ ਜਤਨ ਨੂੰ ਨਿਜੀ ਵਰਤੋਂ ਲਈ ਕਿਹਾ ਜਾਂਦਾ ਹੈ। ਇਹ ਇੱਕ ਗਲਤਬਿਆਨੀ ਹੈ। ਸਹੂਲਿਅਤ ਅਨੁਸਾਰ ਦੋ ਕਸ਼ਤਿਆਂ ਦੀ ਸਵਾਰੀ ਵਰਗਾ ਜਿਸ ਵਿੱਚ ਸੰਤੁਲਨ ਵਿਗੜ ਸਕਦਾ ਹੈ। ਦਰਅਸਲ ਇਹ ਨਾ ਤਾਂ ਸਿਆਣਪ ਹੈ ਅਤੇ ਨਾ ਹੀ ਪਾਰਦਰਸ਼ਤਾ।
ਚਲੋ ਪਹਿਲਾਂ ਇਸ ਤਰਕ ਦੀ ਪੜਚੋਲ ਕਰੀਏ ਕਿ ਗੁਰੂ ਨਾਨਕ ਨੂੰ ਗੁਰੂ ਕਹਿਣ ਨਾਲ ਸਿੱਖ ਗੁਰੂ ਨਾਨਕ ਨਾਲ ਜਾ ਜੁੜਦੇ ਹਨ ਸ਼ਬਦ ਗੁਰੂ ਨਾਲ ਨਹੀਂ!
ਬੜਾ ਵੱਚਿਤਰ ਅਤੇ ਹਾਸੋ ਹੀਣਾ ਤਰਕ ਹੈ! ਸਿੱਖ ਗੁਰੂ ਨਾਨਕ ਨਾਲ ਨਾ ਜੁੜ ਕੇ ਕਿਸੇ ਧਿਰ ਦੀ ਵਿਚਾਰਧਾਰਾ ਨਾਲ ਜੁੜ ਜਾਣ? ਸ਼ਬਦ ਗੁਰੂ, ਗੁਰੂ ਨਾਨਕ ਦੀ ਵਿਚਾਰਧਾਰਾ ਹੈ ਅਤੇ ਜੇਕਰ ਸਿੱਖ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜਨੇ ਚਾਹੀਦੇ ਹਨ ਤਾਂ ਭਲਾ ਉਹ ਕਿਵੇਂ ਗੁਰੂ ਨਾਨਕ ਨਾਲ ਨਹੀਂ ਜੁੜਨ ਗੇ? ਇਸ ਵੱਚਿਤਰ ਤਰਕ ਨੂੰ ਬਾਣੀ ਦੇ ਅਧਾਰ ਤੇ ਹੀ ਪਰਖ ਲਈਏ।
ਬਾਣੀ ਵਿੱਚ ਥਾਂ ਪਰ ਥਾਂ ਗੁਰੂ ਨਾਨਕ ਨੇ ਆਪ ਆਪਣੇ ਨਾਮ ਦੀ ਵਰਤੋਂ ਕੀਤੀ ਹੈ ਅਤੇ ਬਾਕੀ ਗੁਰੂਆਂ ਨੇ ਵੀ ਉਨ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਹੈ। ਕੀ ਗੁਰੂ ਨਾਨਕ ਜਾਂ ਹੋਰ ਗੁਰੂਆਂ ਨੂੰ ਇਹ ਖਤਰਾ ਮਹਸੂਸ ਨਹੀਂ ਹੋਇਆ ਕਿ ਬਾਣੀ ਵਿੱਚ ਨਾਨਕ ਨਾਮ ਵਰਤੋਂ ਨਾਲ ਸੁਭਾਵਕ ਤੋਰ ਤੇ ਸਿੱਖ ਗੁਰੂ ਨਾਨਕ ਨਾਲ ਜੁੜੇਗਾ? ਬਾਣੀ ਵਿੱਚ ਤਾਂ ਹੋਰ ਗੁਰੂਆਂ ਦੇ ਨਾਮ ਵੀ ਵਰਤੇ ਗਏ ਹਨ। ਰਹਿੰਦੀ ਦੁਨਿਆ ਤਕ ਜਿਸ ਵੇਲੇ ਕੋਈ ਵੀ ਜਿਗਿਆਸੂ ਬਾਣੀ ਪੜੇਗਾ/ਸੁਣੇਗਾ ਤਾਂ ਉਹ ਜ਼ਰੂਰ ਪੁੱਛੇਗਾ ਕਿ ਇਹ ‘ਨਾਨਕ` ਕੋਂਣ ਸੀ? ਕੀ ਜਵਾਬ ਦੇਵਾਂਗੇ? ਇਹ ਕਿ ਉਹ ਸਿਰਫ ਇੱਕ ਬਾਬਾ ਜਾਂ ਕਵੀ ਸੀ ਜਿਹੜਾ ਸਿਖਾਉਂਦਾ ਕੁੱਝ ਵੀ ਨਹੀਂ ਸੀ ਬੱਸ ਕਵੀ ਛਾਪ ਵਰਤਦਾ ਸੀ???ਜਿਸ ਕੋਲ ਸਿੱਖਾਂ ਨੂੰ ਸਿਖਾਉਂਣ ਲਈ ਕੁੱਝ ਵੀ ਨਹੀਂ ਸੀ?ਇਸ ਕਰਕੇ ਅਸੀਂ ਉਸ ਦੇ ਸਿੱਖ ਨਹੀਂ ਅਤੇ ਉਹ ਸਾਡਾ ਗੁਰੂ ਨਹੀਂ? ? ?
ਜਿਹੜਾ ਸਿੱਖ ਗੁਰੂ ਨਾਨਕ ਨਾਲ ਨਹੀਂ ਜੁੜਦਾ ਉਹ ਕਦੇ ਵੀ ਗੁਰਮਤਿ ਸਮਝ ਹੀ ਨਹੀਂ ਸਕਦਾ!ਗੁਰਮਤਿ ਹੈ ਹੀ ਨਾਨਕ ਦੀ ਦਿੱਤੀ ਮੱਤ! ਗੁਰੂ ਨਾਨਕ ਨੇ ਸਿੱਖਾਂ ਨੂੰ ਤਾਕੀਦ ਕੀਤੀ ਕਿ ਉਹ ਕੇਵਲ ਉਸ ਵਿਚਾਰਧਾਰਾ ਨਾਲ ਜੁੜਨ ਜੋ ਕਿ ਉਨ੍ਹਾਂ ਸ਼ਬਦ ਰੂਪ ਵਿੱਚ ਕਲਮਬੱਧ ਕੀਤੀ। ਉਹ ਵਿਚਾਰਧਾਰਾ ਗੁਰੂ ਨਾਨਕ ਦੀ ਹੀ ਸੀ। ਇਸੇ ਲਈ ਹੋਰ ਗੁਰੂਆਂ ਨੇ ਵੀ ਗੁਰੂ ਨਾਨਕ ਦੇ ਨਾਮ ਦਾ ਇਸਤੇਮਾਲ ਬਾਣੀ ਵਿੱਚ ਖੁੱਲ ਕੇ ਕੀਤਾ। ਉਹ ਨਹੀਂ ਡਰੇ ਨਾਨਕ ਦੇ ਨਾਮ ਨੂੰ ਵਰਤਣ ਤੋਂ ਅਤੇ ਉਸ ਨੂੰ ਗੁਰੁ ਕਹਿਣ ਤੋਂ!ਇਸ ਡਰ ਤੋਂ ਭਾਈ ਗੁਰਦਾਸ ਨੂੰ ਨਹੀਂ ਰੋਕਿਆ ਗਿਆ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ!ਚਾਰੇ ਪਾਸੇ ਫ਼ੈਲੇ ਜਹਾਂਗੀਰ ਦੇ ਜਾਸੂਸਾਂ ਅਤੇ ਖ਼ੁਦ ਜਹਾਂਗੀਰ ਨੂੰ ਵੀ ਪਤਾ ਸੀ ਕਿ ਸਿੱਖ ਗੁਰੂ ਅਰਜਨ ਜੀ ਨੂੰ ਗੁਰੂ ਕਹਿੰਦੇ ਹਨ। ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਮੋਹਸਨ ਫ਼ਾਨੀ ਨੇ ਵੀ ਸਿੱਖਾਂ ਵਲੋਂ ਅਤੇ ਖ਼ੁਦ ਛੇਵੇਂ ਪਾਤਿਸ਼ਾਹ ਵਲੋਂ ਜੰਗ ਦੇ ਇੱਕ ਮੈਦਾਨ ਵਿੱਚ ਆਪਣੇ ਲਈ ਗੁਰੂ ਵਿਸ਼ੇਸ਼ਣ ਵਰਤੋਂ ਨੂੰ ਦਰਜ ਕੀਤਾ ਸੀ। ਜੇ ਕਰ ਸਿੱਖ ਉਦੋਂ ਵੀ ਗੁਰਮਤਿ ਸਿਧਾਤਾਂ ਨਾਲੋਂ ਇਨੀਂ ਵੱਡੀ ਪੱਧਰ ਤੇ ਟੁੱਟੇ ਹੋਏ ਸਨ ਤਾਂ 1708 ਤੋਂ ਪਹਿਲਾਂ ਕਹਿੜੀ ‘ਮਜ਼ਬੂਤ ਸਿੱਖੀ` ਦੇ ਹੋਂਣ ਦੀ ਗੱਲ ਬਾਰ-ਬਾਰ ਲੇਖਾਂ ਵਿੱਚ ਦੁਹਰਾਈ ਜਾਂਦੀ ਹੈ? ਦਸ਼ਮੇਸ਼ ਤੋਂ ਸਿੱਖਿਆ ਲੇ ਬੰਦਾ ਸਿੰਘ ਬਹਾਦਰ ਸੰਘਰਸ਼ ਕਰਦਾ ਕਿਵੇਂ ਗੁਰੂ ਲਿਖ ਕੇ ਗੁਰੂਆਂ ਦੇ ਨਾਮ ਦਾ ਸਿੱਕਾ ਚਲਾ ਗਿਆ? ਕੀ ਉਸ ਨੂੰ ਨਹੀਂ ਸੀ ਪਤਾ ਕਿ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ? ਪਰ ਅੱਜ ਗੁਰਬਾਣੀ ਹਵਾਲਿਆਂ ਦੇ ਅਰਥ ਬਦਲ ਕੇ, ਗੁਰਘਰ ਨਾਲ ਜੁੜੇ/ਪ੍ਰਵਾਣਤ ਲਿਖਾਰੀਆਂ ਅਤੇ ਇਤਹਾਸਕ ਗਵਾਹੀਆਂ ਨੂੰ ਰੱਧ ਕਰਕੇ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ‘ਕਥਿਤ ਖਤਰਾ` ਪੇਸ਼ ਕੀਤਾ ਜਾ ਰਿਹਾ ਹੈ ਕਿ ਕਿੱਧਰੇ ਸਿੱਖ ਗੁਰੂ ਨਾਨਕ ਨਾਲ ਹੀ ਨਾ ਜੁੜੇ ਰਹਿਣ। ਗੁਰੂਆਂ ਨੂੰ ਗੁਰੂ ਕਹਿਣ ਤੋਂ ਰੋਕਣ ਦੀ ਮੰਗ ਵਾਜਬ ਨਹੀਂ!
ਜਿਹੜਾ ਸਿੱਖ ਗੁਰੂ ਨਾਨਕ ਤੋਂ ਦਸ਼ਮੇਸ਼ ਗੁਰੂ ਨਾਲ ਨਾ ਜੁੜੇਗਾ ਉਹ ਤਾਂ ਕ੍ਰਿਤਘਣ ਹੀ ਕਹਿਆ ਜਾਏਗਾ! ਗੁਰੂ ਨਾਨਕ ਅਤੇ ਹੋਰ ਗੁਰੂ, ਅਤੇ ਉਨ੍ਹਾਂ ਦੇ ਨਾਮ ਸਿੱਖ ਦੇ ਜੀਵਨ ਦੀ ਦਿਨਚਰਿਆ ਵਿਚੋਂ ਕਦੇ ਵੀ ਕੱਡੇ ਨਹੀਂ ਜਾ ਸਕਦੇ। ਭਲਾ ਗੁਰੂ ਨਾਨਕ ਤੋਂ ਇਲਾਵਾ ਵੀ ਸਿੱਖ ਦਾ ਕੋਈ ਟਿਕਾਣਾ ਹੋ ਸਕਦਾ ਹੈ? ਗੁਰੂ ਨਾਨਕ ਤਾਂ ਸਿੱਖਾਂ ਦੀਆਂ ਰੱਗਾਂ ਵਿੱਚ ਦੋੜਦਾ ਹੈ! ਗੁਰੂ ਨਾਨਕ ਅਤੇ ਉਸ ਦੇ ਵਿਚਾਰਾਂ ਨੂੰ ਚਿੰਤਨ ਦੀ ਛੁਰੀ ਨਾਲ ਵੱਖਰਾ ਕਰਨਾ ਸੰਭਵ ਨਹੀਂ। ਇਹ ਗੱਲ ਵੱਖਰੀ ਹੈ ਕਿ ਕੋਈ ਉਸ ਦੇ ਵਿਚਾਰਾਂ ਤੋਂ ਕਿਨ੍ਹਾਂ ਕੁ ਸਿੱਖ ਪਾਉਂਦਾ ਹੈ ਕਿਨਾਂ ਕੁ ਨਹੀਂ।
ਗੁਰੂਆਂ ਦੇ ਨਾਮਾਂ ਨਾਲੋਂ ਸਿੱਖਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪੰਥ ਇਤਨਾ ਅਹਿਸਾਨ ਫ਼ਰਾਮੋਸ਼ ਹੋ ਸਕਦਾ ਹੈ ਕਿ ਉਹ ਅਪਣੀ ਮਰਿਆਦਤ ਅਰਦਾਸ ਵਿੱਚ ਉਨ੍ਹਾਂ ਦੇ ਨਾਮ ਤਕ ਲੇਣਾਂ ਵੀ ਬੰਦ ਕਰ ਦੇਵੇ।
ਮਸਲਾ ਇਹ ਵੀ ਜਾਪਦਾ ਹੈ ਕਿ ਜਿਹੜੇ ਸੱਜਣ ਅਪਣੀ ਅਣਜਾਣ ਸੁਹਿਰਦਤਾ ਕਾਰਨ ਗੁਰੂਆਂ ਨੂੰ ਗੁਰੂ ਨਹੀਂ ਕਹਿੰਦੇ ਉਹ ਬੜੀ ਦੁਬਿਦਾ ਵਿੱਚ ਹਨ ਕਿ ਅਗਰ ਅਰਦਾਸ ਵਿੱਚ ਗੁਰੂਆਂ ਦੇ ਨਾਮ ਲਏ ਜਾਣ ਤਾਂ ਕਿਵੇਂ ਲਏ ਜਾਣ? ਬਾਬਾ ਕਰਕੇ ਜਾਂ ਪਾਤਿਸ਼ਾਹ ਕਰਕੇ? ਜੇ ਬਾਬਾ ਹੋਵੇ ਤਾਂ ਦੱਸ ਬਾਬੇ ਜੇ ਪਾਤਿਸ਼ਾਹ ਕਹੀਏ ਤਾਂ ਵੀ ਦੱਸ! ! ਗਿਣਤੀ ਤੋਂ ਜਾਨ ਤਾਂ ਛੁੱਟਣੀ ਨਹੀਂ ਭਾਵੇਂ ਨਾਨਕ ਅਤੇ ਉਸਦੇ ਨੋਂ ਸਰੂਪ ਵੀ ਕਹਿ ਲਈਏ। ਸੱਚ ਤੋਂ ਕੋਈ ਕਿਨਾਂ ਕੁ ਭੱਜ ਸਕਦਾ ਹੈ? ਗੁਰੂਘਰ ਦੇ ਪ੍ਰਬੰਧ/ਪਰੰਪਰਾ ਵਿੱਚ ਬਦਲਾਵ ਕਈ ਥਾਂ ਨਾਮੁਮਕਿਨ ਹੈ।
ਇਸ ਲਈ ਇਸ ਦੁਬਿਦਾ ਤੋਂ ਬਚਣ ਲਈ ਉਹ ਚਾਹੁੰਦੇ ਹਨ ਕਿ ਅਰਦਾਸ ਵਿਚੋਂ ‘ਨਾਨਕ` ਦੇ ਨਾਮ ਦੀ ਰਸਮ ਪੁਰੀ ਕਰਕੇ ਬਾਕੀ ਗੁਰੂਆਂ ਦੇ ਨਾਮ ਬਾਹਰ ਹੀ ਕੱਡ ਦਿੱਤੇ ਜਾਣ ਤਾਂ ਕਿ ਦੁਬਿਦਾ ਤੋਂ ਵੀ ਨਿਜਾਤ ਮਿਲੇ ਅਤੇ ਪਿੱਛਲੇ ਕੁੱਝ ਸਮੇਂ ਤੋਂ ਪ੍ਰਚਾਰੇ ਜਾ ਰਹੇ ਨਿਜੀ ਚਿੰਤਨ ਦੀ ਲੱਜ ਵੀ ਬੱਚੀ ਰਹੇ। ਵਿਯਕਤੀਗਤ ਸੋਚ ਵਿੱਚ ਦਖ਼ਲ ਵਾਜਬ ਨਹੀਂ ਹੁੰਦਾ ਪਰ ਨਿਜੀ ਗਲਾਂ ਨੂੰ ਜੇਕਰ ਪਿਛਲੇ ਦਰਵਾਜ਼ਿਉਂ ਪੰਥਕ ਜਾਮਾ ਪਹਿਨਾਉਂਣ ਦਾ ਜਤਨ ਕੀਤਾ ਜਾਏ ਤਾਂ ਨਿਜੀ ਗੱਲਾਂ ਦੀ ਪੜਚੋਲ ਵੀ ਲਾਜ਼ਮੀ ਬੜ ਜਾਂਦੀ ਹੈ। ਪੰਥਕ ਚਿੰਤਨ ਦਾ ਬੇੜਾ ਵਕਤ ਦੇ ਥਪੇੜਿਆਂ ਵਿੱਚ ਹਿੱਚਕੋਲੇ ਭਾਵੇਂ ਖਾ ਰਿਹਾ ਹੈ ਪਰ ਉਸ ਨੂੰ ਗਰਕ ਹੋਇਆ ਨਹੀਂ ਸਮਝਿਆ ਜਾਣਾਂ ਚਾਹੀਦਾ! ! ਇਹ ਨਹੀਂ ਹੋ ਸਕਦਾ ਕਿ ਉਹ ਕਿੱਧਰੇ ਅੰਧਵਿਸ਼ਵਾਸ ਨੂੰ ਛੱਡ ਕੇ ਅੰਧਵਿਰੌਧ ਤੇ ਚਲ ਪਵੇ। ਗੁਰੂਆਂ ਦੇ ਹੱਕ ਵਿੱਚ ਪੰਥਕ ਆਵਾਜ਼ਾਂ ਜ਼ਰੂਰ ਉੱਠਦੀਆਂ ਰਹਿਣਗੀਆਂ!
ਹਰਦੇਵ ਸਿੰਘ, ਜੰਮੂ
੧੧. ੧੨. ੨੦੧੧

Saturday, 10 December 2011

' ਦੋ ਸਵਾਲ '
ਹਰਦੇਵ ਸਿੰਘ,ਜੰਮੂ



ਇੱਕ ਸੰਪਾਦਕੀ ਮਿਤੀ ੨੪.੦੭.੨੦੧੧ ਤੋਂ ਮਿਲਿਆਂ ਸੁਚਨਾਵਾਂ ਦੇ ਸੰਧਰਭ ਵਿਚ ਦੋ ਸਵਾਲ (In some parts) ਦਾਸ ਦੇ ਜ਼ਹਿਨ ਵਿਚ ਆਏ ਸਨ ਜਿਨਾਂ੍ਹ ਨੂੰ ਦਾਸ ਹੁਣ ਹੇਠ ਲਿਖਿਆਂ ਗੱਲਾਂ ਨੂੰ ਕੋਟ ਕਰਦੇ ਹੋਏ, 'ਦੋ ਭਾਗਾਂ' ਵਿੱਚ ਪੁੱਛਣ ਦੀ ਲੋੜ ਮਹਸੂਸ ਕਰ ਰਿਹਾ ਹੈ ਸੰਪਾਦਕੀ ਵਿੱਚ ਲਿਖਿਆ ਸੀ:-

"ਮੌਜੂਦਾ ਸਰੂਪ ਨੂੰ ਤੈਅ ਕਰਨ ਦਾ ਸਭ ਤੋਂ ਮੁੱਖ ਆਧਾਰ ਇਹ ਹੀ ਜਾਪਦਾ ਹੈ ਕਿ ਜਪੁ ਤੋਂ ਲੈ ਕੇ ਮੁੰਦਾਵਣੀ ਤੱਕ ਦੀਆਂ ਬਾਣੀਆਂ(ਚੰਦ ਕੁ ਪਦਿਆਂ ਦੇ ਭੇਦਾਂ ਨਾਲ) ਲਗਭਗ ਬਹੁਤੇ ਹੱਥ ਲਿਖਤ ਸਰੂਪਾਂ ਵਿਚ ਸਨ।ਪਰ ਉਸ ਉਪਰੰਤ ਸ਼ਾਮਿਲ ਰਚਨਾਵਾਂ 'ਰਾਗਮਾਲਾ' ਤੇ ਹੋਰ ਦਾ ਵੱਖ-ਵੱਖ ਸਰੂਪਾਂ ਵਿਚ ਬਹੁਤ ਵਖਰੇਵਾਂ ਸੀ।ਮੂਲ ਸਰੂਪਾਂ ਦੀ ਅਣਹੋਂਦ ਵਿਚ ਇਹੀ ਤਰੀਕਾ ਸਭ ਤੋਂ ਵੱਧ ਪ੍ਰਮਾਣਿਕ ਵੀ ਸੀ।
ਇਸ ਸਰੂਪ ਵਿਚਲਿਆਂ ਬਾਣਿਆਂ' ਤੇ ਪਹਿਲਾ ਵੱਡਾ ਕਿੰਤੂ ੧੯੨੦ ਦੇ ਆਸ-ਪਾਸ ਪੰਚ ਖਾਲਸਾ ਦੀਵਾਨ ਭਸੌੜ ਵਲੋਂ ਉਠਾਇਆ ਗਿਆ।ਉਨਾਂ੍ਹ ਨੇ ਇਸ ਸਰੂਪ ਵਿਚ ਨਾਨਕ ਸਰੂਪਾਂ ਤੋਂ ਇਲਾਵਾ ਹੋਰ ਸਾਰੀ ਬਾਣੀ ਨੂੰ ਮਿਲਾਵਟ ਮੰਨਿਆ। ਉਨਾਂ੍ਹ ਦੀ ਇਸ ਧਾਰਨਾ ਦਾ ਮੂਲ 'ਅਨੰਦ' ਬਾਣੀ (ਮਹਲਾ ੩) ਵਿਚ ਆਈ ਹੇਠ ਲਿਖੀ ਤੁੱਕ ਸੀ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥(ਪੰਨਾ ੯੨੦)

ਇਸ ਤੁੱਕ ਦੇ ਉਨਾਂ੍ਹ ਨੇ ਅਰਥ ਇਹ ਮੰਨ ਲਏ ਕਿ 'ਸਤਿਗੁਰੂ ਤੋਂ ਸਿਵਾ ਸਾਰੀ ਬਾਣੀ ਕੱਚੀ ਸੀ।ਇਨਾਂ੍ਹ ਗਲਤ ਅਰਥਾਂ ਨੂੰ ਆਧਾਰ ਬਣਾ ਕੇ ਉਨਾ੍ਹ ਨੇ ਇਹ ਤਰਕ ਦੇਣਾ ਸ਼ੁਰੂ ਕਰ ਦਿੱਤਾ ਕਿ ਸਿੱਖਾਂ ਦੇ ਸਤਿਗੁਰੂ ਤਾਂ ੧੦ ਹੀ ਹਨ (ਬਾਬਾ ਨਾਨਕ ਜੀ ਤੋਂ ਦਸ਼ਮੇਸ਼ ਜੀ ਤਕ),ਉਸ ਤੋਂ ਇਲਾਵਾ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪ ਵਿਚ ਮਿਲਦੀ ਸਾਰੀ ਬਾਣੀ ਕੱਚੀ ਹੈ 
ਤੇ ਮਿਲਾਵਟ ਹੈ।ਇਸ ਧਾਰਨਾ ਨੂੰ ਅਪਨਾ ਲੈਣ ਤੋਂ ਬਾਅਦ ਉਹ ਇਸ ਧਾਰਨਾ ਦੇ ਹੱਕ ਵਿਚ ਹੋਰ ਕੱਚਿਆਂ ਦਲੀਲਾਂ ਵੀ ਲੱਭਣ ਲੱਗ ਪਏ।
ਆਪਣੇ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹੋਏ,ਉਨਾਂ੍ਹ ਇਕ ਐਸਾ ਸਰੂਪ ਵੀ ਛਾਪ ਦਿੱਤਾ,ਜਿਸ ਵਿਚ ਸਿਰਫ 'ਨਾਨਕ ਸਰੂਪਾਂ' ਦੀ ਬਾਣੀ ਸੀ।ਉਨਾਂ੍ਹ ਦੇ ਇਸ ਮੱਤ ਨੂੰ ਸਿੱਖ ਪੰਥ ਵਿਚ ਕਿਸੇ ਹੋਰ ਧਿਰ ਨੇ ਮੰਜੂਰ ਨਹੀਂ ਕੀਤਾ। ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਥੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰਿਆਂ ਨੇ ਪੰਥ ਵਿਚੋਂ ਛੇਕਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ।ਉਸ ਤੋਂ ਬਾਅਦ ਪੰਚ ਖਾਲਸਾ ਦੀਵਾਨ ਭਸੌੜ ਹੋਲੀ-ਹੋਲੀ ਅਲੋਪ ਹੋ ਗਿਆ ਜਾਂ ਪ੍ਰਭਾਵਹੀਨ ਹੋ ਗਿਆ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਚ ਖਾਲਸਾ ਦੀਵਾਨ ਭਸੌੜ ਨੇ ਸਿੱਖ ਸਮਾਜ ਦੇ ਪੁਨਰਜਾਗਰਨ (ਖਾਸਕਰ ਇਸਤਰੀ ਸਿੱਖਿਆ) ਵਿਚ ਯੋਗਦਾਨ ਪਾਇਆ ਪਰ ਨਿਰੰਕਾਰੀ ਲਹਿਰ ਵਾਂਗੂ ਇਕ ਚੰਗੀ ਸ਼ੁਰੂਆਤ ਉਪਰੰਤ ਆਪਣੀ ਇਕ ਗਲਤ ਮਾਨਤਾ ਨੂੰ ਅਪਨਾ ਕੇ ਆਪਹੁਦਰੀ ਕਰਨ ਕਾਰਨ ਪੰਥ ਵਿਚ ਬੇਅਸਰ ਹੋ ਗਿਆ।
ਪੰਚ ਖਾਲਸਾ ਦੀਵਾਨ ਦੀ ਇਹ ਮਾਨਤਾ ਕਿ ਨਾਨਕ ਸਰੂਪਾਂ ਤੋਂ ਇਲਾਵਾ ਸਾਰੀ ਬਾਣੀ ਕੱਚੀ ਹੈ, ਇਕ ਤੁੱਕ ਦੇ ਅਰਥ ਗਲਤ ਮੰਨ ਲੈਣ ਨਾਲ ਹੋਈ।......
"ਇਸ ਸੋਚ ਨੇ ਉਨਾਂ੍ਹ ਨੂੰ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਵੱਡੀਆਂ ਤਬਦੀਲੀਆਂ ਕਰਨ ਦੀਆਂ ਆਪਹੁਦਰੀਆਂ ਕਰਨ ਲਈ ਪ੍ਰੇਰਿਆ।ਪੰਚ ਖਾਲਸਾ ਦੀਵਾਨ ਦੀ ਗੁਰਮਤਿ ਸਮਝ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨਾਂ੍ਹ ਨੇ ਅਖੋਤੀ ਦਸਮ ਗ੍ਰੰਥ ਵਿਚਲੀ 'ਪਾਤਸ਼ਾਹੀ ਦਸਵੀਂ' ਦੀ ਝੂਠੀ ਛਾਪ ਵਾਲੀ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਇਸ ਨੂੰ 'ਦਸਵੇਂ ਮਹਲੇ ਦੀ ਬਾਣੀ' ਮੰਨ ਕੇ ਉਸ ਸਰੂਪ ਦਾ ਹਿੱਸਾ ਬਣਾ ਦਿੱਤਾ" (ਤ.ਗੁ.ਪਰਿਵਾਰ ਦੀ ਸੰਪਾਦਕੀ ੨੪.੦੭.੨੦੧੧)

ਉਪਰੋਕਤ ਸੁਚਨਾ ਤੇ, ਸੰਪਾਦਕ ਵੀਰਾਂ ਤੋਂ ਇਸ ਬਾਰੇ ਦਾਸ ਦਾ ਪਹਿਲਾ ਸਵਾਲ:-

ਜੇਕਰ ਬਾਬੂ ਤੇਜਾ ਸਿੰਘ ਜੀ ਦੀ ਸਭਾ ਨੇ ਇਹ ਸਾਰਾ ਕੁੱਝ (ਦਸਮੇਸ਼ ਜੀ ਦੀਆਂ ਕਹਿਆਂ ਜਾਂਦੀਆਂ ਰਚਨਾਵਾਂ ਨੂੰ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਵਿਚ ਸ਼ਾਮਲ  ਕਰਨਾ ਅਤੇ ਭਗਤਾਂ/ਭੱਟਾ ਦੀ ਬਾਣੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੱਡ ਦੇਣਾ) ਕਰਨ ਦੇ ਕਾਰਣ ਅਕਾਲ ਤਖਤ ਦੇ ਤਲਬ ਕਰ ਸਿੱਖ ਪੰਥ ਵਲੋਂ ਉਨਾਂ੍ਹ ਦਾ ਬਹਿਸ਼ਕਾਰ  ਦਾ ਮਤਾ ਪਾਸ ਕੀਤਾ ਗਿਆ ਸੀ ਤਾਂ ਆਪ ਜੀ ਪਾਠਕਾਂ ਨੂੰ ਇਹ ਕਿਵੇਂ ਸੂਚਿਤ ਕਰ ਰਹੇ ਹੋ ਕਿ "
ਥੋੜੇ ਸਮੇਂ ਬਾਅਦ ਕਿਸੇ ਬਹਾਨੇ ਨਾਲ ਇਸ ਥੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰਿਆਂ ਨੇ ਪੰਥ ਵਿਚੋਂ ਛੇਕਣ ਦਾ ਫ਼ੁਰਮਾਨ ਜਾਰੀ ਕਰ ਦਿੱਤਾ।" ??? ਆਪ ਜੀ ਨੇ ਸਭ ਜਾਣਦੇ ਹੋਏ ਵੀ ਸ਼ਬਦ ਗੁਰੂ ਗ੍ਰੰਥ ਨਾਲ ਭਿਆਨਕ ਛੇੜ ਛਾੜ ਕਰਨ ਦੀ ਗਲ ਨੂੰ ਕਿਵੇਂ "ਕਿਸੇ ਬਹਾਨੇ ਨਾਲ" ਲਿਖਿਆ ਸੀ ?? ਕੀ ਐਸੇ ਕੰਮ ਕਰਨਵਾਲੇ ਬੰਦੇ ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਖ਼ਾਤਰ, ਪੰਥਕ ਤੋਰ ਤੇ ਨਾਤਾ ਤੌੜਨਾ ਪੁਜਾਰੀਵਾਦ ਸੀ ?? ਵੀਰੋ, ਜੇ ਕੋਈ ਕਰੀਬੀ ਰਿਸ਼ਤੇਦਾਰ ਆਪਣੇ ਕੁੰਭੇ ਦੀ ਬਾਰ-ਬਾਰ ਤੋਹੀਨ ਕਰੇ ਤਾਂ ਉਸ ਕੁੰਭੇ ਵਲੋਂ ਸ਼ਰਾਫ਼ਤ ਨਾਲ ਉਸ ਬੰਦੇ ਨਾਲ ਨਾਤਾ ਤੋੜ ਲੇਂਣਾ, ਉਸ  ਪੀੜਤ ਪਰਿਵਾਰ ਦਾ ਪੁਜਾਰੀਵਾਦ ਹੋਵੇਗਾ ??? ਜੇਕਰ ਅੱਜ ਵੀ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਭਸੌੜ ਸਭਾ ਵਾਂਗ ਭਾਰੀ ਅਤੇ ਨਾ-ਕਾਬਿਲੇ ਕਬੂਲ ਛੇੜ-ਛਾੜ ਕਰ ਦੇਵੇ ਅਤੇ ਸਮਝਾਉਂਣ ਤੇ ਵੀ ਨਾ ਸਮਝੇ ਤਾਂ ਉਸ ਬੰਦੇ ਨਾਲ ਪੰਥਕ ਤੋਰ ਤੇ ਕੋਈ ਵਾਸਤਾ ਨਾ ਰੱਖਣ ਦਾ ਫ਼ੈਸਲਾ ਪੁਜਾਰੀਵਾਦ ਹੋਵੇਗਾ ??? ਆਪ ਜੀ ਅਕਾਲ ਤਖ਼ਤ ਤੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਹੋਏ ਫ਼ੈਸਲੇ ਦਾ ਵਿਰੋਧ ਕਿਉਂ ਕਰਦੇ ਹੋ ? ਆਪ ਜੀ ਦੀ ਪੁਸਤਕ ਮੁਤਾਬਕ ਅਕਾਲ ਤਖ਼ਤ ਹੀ ਸਿੱਖਾਂ ਦਾ ਇੱਕੋ-ਇੱਕ ਤਖ਼ਤ ਹੈ, ਤਾਂ ਉਸ ਤਖ਼ਤ ਦੇ ਸਿਧਾਂਤ ਰਾਹੀਂ ਜੇਕਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਫ਼ੈਸਲੇ ਵੀ ਨਹੀਂ ਹੋਂਣੇ ਤਾਂ ਉਸ ਤਖ਼ਤ ਨਾਲ ਸਿੱਖਾਂ ਦਾ ਵਾਸਤਾ ਕੀ ਹੈ ?


ਹੁਣ ਦੂਜੇ ਸਵਾਲ ਲਈ ਅੱਗੇ ਚਲਦੇ ਹਾਂ!

ਸੰਪਾਦਕ ਵੀਰਾਂ ਨੇ ਇਸੇ ਸੰਪਾਦਕੀ ਵਿੱਚ ਲਿਖਿਆ ਸੀ:- 
"ਉਸ ਉਪਰੰਤ 'ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਦੀ ੧੯੭੦ ਦੇ ਆਸਪਾਸ ਇਕ ਇਸਾਈ ਮਿਸ਼ਨਰੀ ਅਤੇ ਪ੍ਰੌਫੈਸਰ ਡਬਲਿਉ ਐਚ ਮਕਲਾਉਡ ਵਲੋਂ ਖੜੇ ਕੀਤੇ ਗਏ। ਇਸ ਵਿਅਕਤੀ ਨੇ ਸਿੱਖ ਵਿਸ਼ਵਾਸਾਂ ਬਾਰੇ ਬਹੁਤੇ ਵੱਡੇ ਸ਼ੰਕੇ ਆਪਣੀਆਂ ਕੁਝ ਪੁਸਤਕਾਂ ਵਿਚ ਕੀਤੇ।ਪਰ ਉਸ ਦੀ ਸਮਝ ਅਤੇ ਆਧਾਰ ਬਹੁਤ ਕੱਚੇ ਸਨ।ਉਸ ਵਲੋਂ ਅਪਣਾਏ ਕੱਚੇ ਆਧਾਰ ਇਹ ਇਸ਼ਾਰਾ ਕਰਦੇ ਹਨ,ਉਸ ਨੇ ਇਹ ਸ਼ੰਕੇ ਜਾਣਬੁਝ ਕੇ ਇਕ ਮਕਸਦ, ਕਿਸੇ ਮਿਸ਼ਨ ਹੇਠ ਖੜੇ ਕੀਤੇ। ਉਸ ਦੀ ਨੀਅਤ ਵੀ ਇਸ ਕੰਮ ਪ੍ਰਤੀ ਸਾਫ ਨਹੀਂ ਸੀ।....... ਇਕ ਹੋਰ ਥਾਂ ਮੈਕਲਾਉਡ ਨਾਨਕ ਸਰੂਪਾਂ ਦੀ ਸੁਹਿਰਦਤਾ ਤੇ ਕਿੰਤੂ ਕਰਦਾ ਹੋਇਆ ਸਵਾਲ ਉਠਾਉਂਦਾ ਹੈ ਕਿ ਚੌਥੇ ਤੋਂ ਲੈ ਕੇ ੧੦ ਪਾਤਸ਼ਾਹ ਤੱਕ ਇਕ ਹੀ ਖਾਨਦਾਨ ਜਾਂ ਪਰਿਵਾਰ ਵਿਚੋਂ ਕਿਉਂ ਸਨ?..... ਉਸ ਦਾ ਮਿਸ਼ਨ ਹੀ ਸਿੱਖ ਵਿਸ਼ਵਾਸਾਂ'ਤੇ ਚੋਟ ਕਰਨ ਦਾ ਸੀ
ਮੈਕਲਾਉਡ ਨੇ ਐਸੇ ਕੱਚੇ ਸ਼ੰਕੇ ਸਿਰਫ ਆਪ ਹੀ ਨਹੀਂ ਪੇਸ਼ ਕੀਤੇ,ਬਲਕਿ ਉਸ ਨੇ ਆਪਣੀ ਸੋਚ' ਤੇ ਤੁਰਨ ਵਾਲੇ ਚੰਦ ਵਿਦਿਆਰਥੀਆਂ (ਚੇਲਿਆਂ) ਦਾ ਗਰੁੱਪ ਵੀ ਤਿਆਰ ਕਰ ਲਿਆ। ਇਨਾਂ੍ਹ ਚੇਲਿਆਂ ਨੇ ਮੈਕਲਾਉਡ ਦੀ ਲਿਖਤਾਂ ਅਤੇ ਸਰਪ੍ਰਸਤੀ ਹੇਠ ਇਸ ਵਿਸ਼ੇ'ਤੇ ਕੱਚੇ ਤੱਥਾਂ ਦੇ ਅਧਾਰ ਤੇ ਪੀ.ਐਚ ਡੀ ਥੀਸਿਸ ਵੀ ਲਿੱਖ ਦਿੱਤੇ।.......
ਉਪਰੋਕਤ ਵਿਚਾਰ ਤੋਂ ਅਸੀ ਇਹ ਸਮਝ ਸਕਦੇ ਹਾਂ ਕਿ 'ਸ਼ਬਦ ਗੁਰੂ ਗ੍ਰੰਥ ਸਾਹਿਬ'ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਵਾਲਿਆਂ ਦੋ ਮੁੱਖ ਧਿਰਾਂ ਹਨ।ਇਕ ਧਿਰ ਉਹ ਜੋ ਸਿੱਖ ਸਮਾਜ ਦਾ ਹਿੱਸਾ ਹੀ ਹਨ ਪਰ ਪੰਚ ਖਾਲਸਾ ਦੀਵਾਨ ਦੀ ਤਰਜ਼' ਤੇ ਗਲਤ ਅਰਥਾਂ ਹੇਠ ਬਣੀ ਮਾਨਤਾ ਨੂੰ ਅੰਤਿਮ ਸੱਚ ਮੰਨ ਕੇ ਐਸਾ ਕਰ ਰਹੇ ਹਨ। ਦੂਜੀ ਧਿਰ ਉਹ ਹੈ,ਜੋ ਸਿੱਖ ਵਿਸ਼ਵਾਸਾਂ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਕਸਦ ਨਾਲ ਖਾਸ ਮਿਸ਼ਨ'ਤੇ ਕੰਮ ਕਰ ਰਹੀ ਸੀ (ਜਿਵੇਂ ਮੈਕਲਾਉਡ ਅਤੇ ਉਸ ਦੇ ਚੇਲੇ)"
( ਪਰਿਵਾਰ ਦੀ ਸੰਪਾਦਕੀ ੨੪.੦੭.੨੦੧੧)

ਦੂਜਾ ਸਵਾਲ:-

ਸਨਮਾਨ ਯੋਗ ਵੀਰੋ ਕਿਰਪਾਲਤਾ ਕਰਕੇ ਇਹ ਸਪਸ਼ਟ ਕਰੋ ਕਿ ਅੱਜ ਦੇ ਦੋਰ ਵਿੱਚ ਆਪ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਅਤੇ ਮੈਕਲੋਡ ਅਤੇ ਉਸ ਦੇ ਚੇਲਿਆਂ ਵਾਂਗ 'ਖ਼ਾਸ ਮਿਸ਼ਨ' ਤੇ ਕੰਮ ਕਰ ਰਹੀ ਧਿਰ ਕੋਂਣ ਹੈ??? ਉਸਦੇ ਹਿਮਾਅਤੀ, ਉਸਦੇ ਹਮਖਿਆਲੀ ਜਾਂ ਕੋਈ ਹੋਰ ???

ਮੈਕਲਡ ਦੀਆਂ ਕਾਰਸਤਾਨੀਆਂ ਤੇ ਆਪਣੀ ਮਨ ਦੀ ਭੜਾਸ ਆਪ ਜੀ ਨੇ ੨੪.੦੭.੨੦੧੧ ਦੀ ਆਪਣੀ ਸੰਪਾਦਕੀ ਵਿੱਚ ਆਪਣੇ ਫ਼ਤਵਿਆਂ (ਆਪ ਜੀ ਦੇ ਹੀ ਅਨੁਸਾਰ) ਰਾਹੀਂ ਕੱਡੀ ਸੀ। ਆਪ ਜੀ ਮੈਕਲੋਡ ਦੇ ਖ਼ਾਸ ਮਿਸ਼ਨ (ਸ਼ਬਦ ਗੁਰੂ ਤੇ ਸੰਕੇ ਖੜੇ ਕਰਨਾ) ਦੀ ਨਿੰਦਾ ਕਰੋ ਤਾਂ ਗੁਰਮਤਿ, ਪਰ ਜੇਕਰ ਦਾਸ ਨੇ ਉਸਦੇ ਗੁਰਮਤਿ ਵਿਰੌਧੀ ਕੰਮਾਂ ਦੀ ਨਿੱਖੇਦੀ ਕੀਤੀ ਤਾਂ ਉਹ ਆਪ ਜੀ ਦੇ ਮੁਤਾਬਕ ਫ਼ਤਵੇਬਾਜ਼ੀ ਹੋ ਗਈ ਜਿਵੇਂ ਕਿ ਮੈਕਲੋਡ ਦੀ ਨਿੱਖੇਦੀ ਦਾ ਹੱਕ ਆਪ ਜੀ ਪਾਸ ਹੀ ਰਾਖਵਾਂ ਹੋਵੇ! ਜਿਸ ਨੂੰ ਆਪ ਜੀ ਨੇ ਉਸ ਦੀ ਹਿਮਾਅਤ  ਦਾ ਰੂਪ ਵੀ ਦੇਂਦੇ ਹੋਏ ਹੁਣ ਇੰਝ ਲਿਖਿਆ ਹੈ:-

"ਜੇ ਕਿਸੇ ਨੇ ਮੰਦ-ਬਿਰਤੀ ਹੇਠ ਹੀ ਸਾਡੀ ਕਿਸੇ ਕਮਜ਼ੋਰੀ ਵੱਲ ਇਸ਼ਾਰਾ ਵੀ ਦਿਤਾ ਹੈ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਉਸ ਕਮਜ਼ੋਰੀ ਦੀ ਪੜਚੋਲ ਕਰਕੇ,ਉਸ ਨੂੰ/ਜਾਂ ਉਸ ਬਾਰੇ ਗਲਤ ਫਹਿਮੀ ਨੂੰ ਦੂਰ ਕਰਨ ਦਾ ਜਤਨ ਕਰੀਏ,ਨਾ ਕਿ ਸਿਰਫ ਉਸ ਸ਼ਖਸ ਬਾਰੇ ਫਤਵੇਬਾਜ਼ੀ ਕਰਕੇ ਮਨ ਦੀ ਭੜਾਸ ਕੱਢ ਲਈਏ ਅਤੇ ਕਮਜ਼ੋਰੀ ਬਾਰੇ ਵਿਚਾਰ ਹੀ ਨਾ ਕਰੀਏ" (੦੩.੧੨.੨੦੧੧ ਸਿੱਖ ਮਾਰਗ.ਕਾਮ)
ਆਪ ਜੀ ਹੁਣ ਮੈਕਲੇਡ ਦੇ ਸ਼ਬਦ ਗੁਰੂ ਵਿਰੋਧੀ ਕੰਮ ਨੂੰ ਉਸ ਦਾ ਮਿਸ਼ਨ ਨਹੀਂ ਬਲਕਿ ਉਸ ਦੀ 'ਗਲਤਫ਼ਹਮੀ' ਵੀ ਕਰਾਰ ਦੇ ਰਹੇ ਹੋ! ਕਿਉਂ?

ਵਿਦਵਾਨ ਸੱਜਣੋਂ, ਜੇ ਕਰ ਇਸ ਦਾ ਜਵਾਬ ਮੈਰਿਟ ਦੇ ਅਧਾਰ ਤੇ ਚੰਗੇ ਨੂੰ ਚੰਗਾ ਅਤੇ ਮੰਦੇ ਨੂੰ ਮੰਦਾ ਕਹਿਣਾ ਹੈ ਤਾਂ ਕੀ ਗੱਲ ਹੈ ਕਿ ਆਪ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਦਲਣ ਤੇ ਭਸੌੜ ਸਭਾ ਦੇ ਆਗੂ ਬਾਰੇ ਅਕਾਲ ਤਖਤ ਦੇ ਲਗਭਗ ੯੦ ਸਾਲਾ ਪੁਰਾਣੇ ਚੰਗੇ ਫ਼ੈਸਲੇ ਨੂੰ ਚੰਗਾ ਨਾ ਕਹਿੰਦੇ ਪੁਜਾਰੀਵਾਦ ਕਹਿਆ ਹੈ ? ਆਪ ਜੀ ਕੀ ਸਮਝਦੇ ਹੋ ਕਿ ਐਸੀ ਸੁਰਤੇਹਾਲ ਵਿੱਚ ਪੰਥ ਨੂੰ ਆਪ ਜੀ ਦੇ ਜਾਂ ਦਾਸ ਵਰਗੇ ਬੰਦਿਆਂ ਦੇ ਬੂਹੇ ਬੈਠ ਫ਼ੈਸਲਾ ਕਰਨਾ ਚਾਹੀਦਾ ਹੈ?

ਦਾਸ ਇਹ ਸਮਝਦਾ ਹੈ ਕਿ ਕਿਸੇ ਦਾ ਅੰਨਾਂ ਸਮਰਥਨ ਅਤੇ ਕਿਸੇ ਦਾ ਅੰਨਾਂ ਵਿਰੋਧ ਸਿਆਣਪ ਨਹੀਂ।ਅੰਨਾਂ ਵਿਰੋਧ ਵੀ ਅਗਿਆਨਤਾ ਹੀ ਹੁੰਦਾ ਹੈ।

ਬਾਕੀ ਸਿੱਖ ਦਾ ਕੰਮ ਹੈ ਗੁਰੂ ਦੀ 'ਰੀਸ' (ਸਿੱਖਣਾ) ਕਰਨਾ ਪਰ 'ਰੀਸ' ਤੋਂ ਭਾਵ ਇਹ ਨਹੀਂ ਕਿ ਗੁਰੂ ਦੀ ਹੀ ਰੀਸ ਦਾ ਤਰਕ ਦਿੰਦੇ ਗੁਰੂ ਤੋਂ ਹੱਟ ਆਪਣਾ ਵੱਖਰਾ ਮਤ (ਮਨਮਤਿ) ਚਲਾਉਂਣਾ। ਮਨਮਤਿ ਦਾ ਜਵਾਬ ਜੇਕਰ ਮਨਮਤਿ ਹੀ ਹੋਵੇ ਤਾਂ ਉਹ ਜਵਾਬ ਕਿਸੇ ਕੰਮ ਦਾ ਨਹੀਂ! ਗੁਰੂ ਨਾਨਕ ਜੀ ਨੇ ਜਨੇਉ ਦੀ ਰਸਮ ਤੋਂ ਇਨਕਾਰੀ ਹੋ ਕੇ ਸਾਨੂੰ ਇਹ ਨਹੀਂ ਸੀ ਸਿੱਖਾਇਆ ਕਿ ਅਸੀਂ ਗੁਰੂ ਨਾਨਕ ਨੂੰ ਗੁਰੂ ਕਹਿਣ ਤੋਂ ਇਨਕਾਰ  ਦੇ ਪ੍ਰਚਾਰ ਨੂੰ, ਜਨੇਉ ਤੋਂ ਗੁਰੂ ਨਾਨਕ ਦੇ ਇਨਕਾਰ ਨਾਲ ਜੋੜ ਕੇ, ਸਹੀ ਠਹਰਾਉਂਣ ਵਰਗੀਆਂ ਦਲੀਲਾਂ ਘੜ ਲਈਏ।ਕਲ ਨੂੰ ਕੋਈ ਸਿੱਖ ਉੱਠ ਕੇ ਇਹ ਤਰਕ ਨਹੀਂ ਦੇ ਸਕਦਾ ਕਿ ਉਹ ਗੁਰੂ ਨਾਨਕ ਦਾ ਸਿੱਖ ਹੋਂਣ ਲਈ ਆਪਣਾ ਇੱਕ ਵੱਖਰਾ ਮਤ ਚਲਾਉਂਣ ਲੱਗਾ ਹੈ ਕਿਉਂਕਿ ਇਹੀ ਕੰਮ ਗੁਰੂ ਨਾਨਕ ਜੀ ਨੇ ਵੀ ਕੀਤਾ ਸੀ! ਗੁਰੂਆਂ ਦੀ ਰੀਸ ਕਰਨ ਲੱਗਿਆ ਸਿੱਖ ਨੂੰ ਗੁਰੂ ਵਲੋਂ ਬਖਸ਼ੀ ਹੱਦਬੰਦੀ ਵਿਚ ਹੀ ਵਿਚਰਨਾ ਚਾਹੀਦਾ ਹੈ ਤਾਂ ਕਿ ਰੀਸ ਦਾ ਅਸਲ ਭਾਵ ਸਿੱਖਣਾ ਹੀ ਰਹੇ।

ਆਸ ਹੈ ਕਿ ਸੰਪਾਦਕ ਵੀਰ ਇਨਾਂ੍ਹ ਦੋ ਸਵਾਲਾਂ ਦਾ ਜਵਾਬ ਦੇਂਣ ਦੀ ਕਿਰਪਾਲਤਾ ਕਰੋਗੇ।ਇਹ ਵੀ ਬੇਨਤੀ ਹੈ ਕਿ ਉਹ ਇਸ ਸੰਵਾਦ ਤੋਂ ਭਾਵ ਕੇਵਲ ਸਿੱਖਣ-ਸਿੱਖਾਉਂਣ ਦੀ ਕ੍ਰਿਆ ਹੀ ਲੇਂਣ ਦੀ ਕਿਰਪਾਲਤਾ ਕਰਨ।ਗੁਰਮੁੱਖ ਹੋਂਣ ਲਈ ਐਸੇ ਸੰਵਾਦਾ/ਪੁਨਰਵਿਚਾਰ ਰਾਹੀਂ ਚਿੱਤਨ ਨੂੰ ਵਧੇਰੇ ਤਰਾਸ਼ਿਆ ਜਾ ਸਕਦਾ ਹੈ ਇਸ ਲਈ ਜਵਾਬਦਹੀ ਤੋਂ ਪਰੇ ਹੱਟਣ ਲਈ ਫ਼ਤਵਾ! ਫ਼ਤਵਾ!! ਫ਼ਤਵਾ!!! ਦੇ ਨਾਰੇ ਮਾਰਨ ਦੀ ਲੋੜ ਨਹੀਂ ਹੋਂਣੀ ਚਾਹੀਦੀ।

ਸਨਮਾਨ ਯੋਗ ਵੀਰਾਂ ਨੇ ਦਾਸ ਨੂੰ ਰੱਝ ਕੇ 'ਅਨਸਰ' (ਮਾੜਾ ਅਨਸਰ) ਸਾਬਤ ਕਰਨ ਦਾ ਜਤਨ ਕੀਤਾ ਅਤੇ ਬਾਕੀ ਵਿਦਵਾਨਾ ਨੂੰ 'ਇਸ ਅਨਸਰ' ਨਾਲ ਨਿਪਟਣ ਦਾ ਹਲੁਣਾ ਵੀ ਦਿੱਤਾ ਹੈ।ਦਾਸ ਉਨਾਂ੍ਹ ਵੀਰਾਂ ਦੇ ਇਸ ਉਪਰਾਲੇ ਨੂੰ ਫ਼ਿਰ ਵੀ ਫ਼ਤਵਾ ਨਹੀਂ ਕਹੇਗਾ ਕਿਉਂਕਿ ਇਹ ਸੰਵਾਦ ਹੈ ਜਿਸ ਵਿਚ ਦਾਸ ਪਾਸ ਉਨਾਂ੍ਹ ਵੀਰਾਂ ਦੀਆਂ ਕਹਿਆਂ ਸਾਰਿਆਂ ਗੱਲਾ ਦਾ ਜਵਾਬ ਹੈ! ਉਨਾਂ੍ਹ ਸਨਮਾਨ ਯੋਗ ਵੀਰਾਂ ਦੀ 'ਸੁਹਿਰਦਤ' ਅਤੇ 'ਨਿਸ਼ਕਾਮਕ' ਪਹੁੰਚ ਨਾਲ ਇਸ ਸੰਵਾਦ ਵਿੱਚ, ਉਨਾਂ੍ਹ ਵਲੋਂ ਤਾਂ ਵਧੇਰੇ ਸਾਰਥਕਤਾ ਝੱਲਕਣੀ ਚਾਹੀਦੀ ਹੈ ਨਾ ਕਿ ਤਲਖ਼ੀ!

ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ! ਉੱਪਰ ਪੁੱਛੇ ਦੇ ਸਵਾਲਾਂ ਦੇ ਜਵਾਬ ਦੀ ਉਡੀਕ ਵਿੱਚ !

ਹਰਦੇਵ ਸਿੰਘ, ਜੰਮੂ