Monday, 28 January 2013

 ਸਾਬਕਾ ਦੁਰਗਾ ਪੁਜਾਰੀ?
ਹਰਦੇਵ ਸਿੰਘ-ਜੰਮੂ

ਜਿਸ ਵੇਲੇ ਮੈਂਨੂੰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਦੁਰਗਾ ਦੇਵੀ ਦਾ ਪੁਜਾਰੀ ਕਹੇ ਤਾਂ ਮੇਰਾ ਹੱਕ ਬਣਦਾ ਹੈ ਮੈਂ ਸਪਸ਼ਟ ਕਰਾਂ ਕਿ ਮੈਂ ਦੁਰਗਾ ਦਾ ਪੁਜਾਰੀ ਨਹੀਂ ਬਲਕਿ ਦਸ ਗੁਰੂ ਸਾਹਿਬਾਨ ਦੀ ਆਤਮਕ ਜੌਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਅਤੇ ਇਕ ਅਕਾਲ ਪੁਰਖ ਤੇ ਨਿਸ਼ਚਾ ਕਰਨ ਵਾਲਾ ਸਿੱਖ ਹਾਂ!


ਮੈਂ ਅਕਸਰ ਐਸਾ ਕਹਿਣ ਵਾਲੇ ਸੱਜਣਾਂ ਤੋਂ ਪੁੱਛਦਾ ਹਾਂ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿਣ ਕਿ ਉਹ ਕਦੇ ਦੁਰਗਾ ਦੇ ਪੁਜਾਰੀ ਰਹੇ ਹਨ? ਤਾਂ ਉਹ ਚੁੱਪ ਰਹਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਨਹੀਂ ਉਨ੍ਹਾਂ ਨੂੰ ਹੁਣ ਪਤਾ ਚਲਿਆ ਹੈ ਕਿ ਪ੍ਰਿਥਮ ਭਗਉਤੀ ਕਹਿਣ ਨਾਲ ਸਿੱਖ ਆਪਣੇ ਆਪ ਦੁਰਗਾ ਦਾ ਪੁਜਾਰੀ ਹੋ ਜਾਂਦਾ ਹੈ।ਪਰ ਮੈਂ ਯਤਨ ਕਰਦਾ ਹਾਂ ਕਿ ਉਹ ਸੱਜਣ ਸਮਝ ਸਕਣ ਕਿ ਪ੍ਰਿਥਮ ਭਗਉਤੀ ਤੋਂ ਸਿੱਖਾਂ ਦਾ ਭਾਵ ਦੁਰਗਾ ਦੇਵੀ ਨਹੀਂ। 


ਪਰ ਉਹ ਸੱਜਣ ਨਹੀਂ ਸਮਝਦੇ ਅਤੇ ਮੇਰੇ ਤੇ ਦੁਰਗਾ ਪੁਜਾਰੀ ਹੋਂਣ ਦਾ ਆਰੋਪ ਲਗਾਉਂਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਇਸ ਆਰੋਪ ਦੀ ਜ਼ਦ ਵਿਚ ਤਾਂ ਭਾਈ ਕ੍ਹਾਨ ਸਿੰਘ ਜੀ ਨਾਭਾ ਵੀ ਆਉਂਦੇ ਹਨ ਜਿਨ੍ਹਾਂ ਸਿੱਖ ਪੰਥ ਲਈ ‘ਹਮ ਹਿੰਦੂ ਨਹੀਂ’ ਪੁਸਤਕ ਲਿਖੀ। ਅਤੇ ਪ੍ਰੋ. ਗੁਰਮੁਖ ਸਿੰਘ, ਪ੍ਰੋ.ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ ਜੀ ਆਦਿ ਸਾਰੇ ਵਿਦਵਾਨ ਵੀ। 


ਮੈਂ ਤਾਂ ਕਦੇ ਨਹੀਂ ਸਮਝਿਆ ਕਿ ਮੈਂ ਕਦੇ ਦੁਰਗਾ ਦਾ ਪੁਜਾਰੀ ਰਿਹਾ ਹਾਂ।ਪਰ ਉਹ ਸੱਜਣ ਇਕ ਢੰਗ ਨਾਲ ਸਵੀਕਾਰ ਕਰ ਰਹੇ ਹਨ ਕਿ ਉਹ ‘ਪ੍ਰਿਥਮ ਭਗਉਤੀ’ ਕਹਿਣ ਕਾਰਨ ਦਹਾਕਿਆਂ ਤਕ ਦੁਰਗਾ ਦੇ ਪੁਜਾਰੀ ਰਹੇ ਹਨ, ਅਤੇ ਹੁਣ ਇਸ ਲਈ ਉਨ੍ਹਾਂ ਨੇ ‘ਪ੍ਰਿਥਮ ਭਗਉਤੀ’ ਨੂੰ ਨੱਕਾਰ ਦਿੱਤਾ ਹੈ।ਐਸਾ ਮੰਨਣ ਵਾਲੇ ਤਾਂ ਆਪ ‘ਸਾਬਕਾ ਦੁਰਗਾ ਪੁਜਾਰੀ’ ਹੋ ਗਏ। ਨਹੀਂ? ਮੈਂ ਤਾਂ ਨਾ ਕਦੇ ਦੁਰਗਾ ਦਾ ਪੁਜਾਰੀ ਸੀ ਅਤੇ ਨਾ ਹੀ ਹਾਂ! ਮੇਰੇ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਗੁਰੂ ਹੈ ਅਤੇ ਮੇਰੇ ਇਸ਼ਟ ਸਮਾਨ ਵੀ।


 ਹਰਦੇਵ ਸਿੰਘ-ਜੰਮੂ

 

Friday, 4 January 2013


                                                   ਸੁਚੇਤ ਹਹਿਣ ਦੀ ਲੋੜ


                                                       - ਹਰਦੇਵ ਸਿੰਘ, ਜੰਮੂ
ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਜਸ਼ਾਂ ਦਾ ਇਤਹਾਸ ਪੁਰਾਣਾ ਹੈ। ਗੁਰੂ ਅਰਜਨ ਦੇਵ ਜੀ ਵਲੋਂ ਇਸ ਦੀ ਸੰਪਾਦਨਾ ਵੇਲੇ ਇਸ ਦੇ ਵਿਰੁੱਧ ਕੀਤੀ ਗਈਆਂ ਸਾਜਸ਼ਾ ਅਕਬਰ ਦੇ ਦਰਬਾਰ ਤਕ ਪਹੁੰਚਿਆਂ, ਪਰ ਨਾਕਾਮ ਹੋ ਗਈਆਂ। ਇਸ ਤੋਂ ਪਹਿਲਾਂ ਮੀਣਿਆਂ ਨੇ ਵੀ ਗੁਰਬਾਣੀ ਵਿਰੁੱਧ ਸਾਜਸ਼ਾਂ ਰੱਚਿਆਂ ਸਨ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਆਪ ਨਜਿੱਠੀਆਂ ਸਨ।

ਹੁਣ ਵੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਸਾਜਸ਼ਾਂ ਰੱਚਿਆਂ ਜਾ ਰਹਿਆਂ ਹਨ। ਇਸ ਸਾਜਸ਼ ਵਿਚ ਰਾਗਮਾਲਾ ਬਾਰੇ ਮਤਭੇਦ ਨੂੰ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜਦ ਕਿ ਸਿੱਖ ਰਹਿਤ ਮਰਿਆਦਾ ਵਿਚਲੇ ਪੰਥਕ ਫ਼ੈਸਲੇ ਰਾਹੀਂ ਇਸ ਦਾ ਢੁੱਕਵਾਂ ਨਿਪਟਾਰਾ ਹੋ ਚੁੱਕਿਆ ਹੈ। ਰਾਗਮਾਲਾ ਦਾ ਵਿਰੋਧ ਕਰਨ ਵਾਲਿਆਂ ਵਿਚੋਂ ਇਕ ਸੋਚ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਭਗਤਾਂ ਅਤੇ ਭੱਟਾਂ ਦੀ ਬਾਣੀ ਬਾਹਰ ਕੱਢਣਾ ਲੋਚਦੀ ਹੈ। ਇਕ ਸੋਚ ਐਸੀ ਵੀ ਹੈ ਜੋ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਵੀ ਬਾਹਰ ਕੱਢਣਾ ਲੋਚਦੀ ਹੈ। ਅਤੇ ਨਾਲ ਹੀ ਐਸੀ ਸੋਚ ਵੀ ਹੈ ਜੋ ਕਿ ਗੁਰੂ ਨਾਨਕ ਜੀ ਦੀ ਬਾਣੀ ਨੂੰ ਵੀ ਬਦਲਣ ਦੀ ਫ਼ਿਰਾਕ ਵਿਚ ਹੈ। ਕਈ ਲਿਖਤਾਂ ਤੋਂ ਵੀ ਇਸ ਦੇ ਸੰਕੇਤ ਮਿਲੇ ਹਨ। ਇਤਹਾਸ ਗਵਾਹ ਹੈ ਕਿ ਐਸੀ ਸਾਜਸ਼ਾਂ ਦਾ ਨਿਪਟਾਰਾ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਆਪਣੀ ਸੂਝਬੂਝ ਨਾਲ ਕੀਤਾ ਹੈ।

ਰਾਗਮਾਲਾ ਤੋਂ ਇਲਾਵਾ ਹੋਰ ਬਾਣੀਆਂ ਬਾਹਰ ਕੱਢਣ ਲੋਚਦੀ ਸੋਚ ਦਾ ਮਕਸਦ, ਨਿਰੋਲਤਾ ਦੇ ਬਾਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ/ਹੋਂਦ ਨੂੰ ਸਮਾਪਤ ਕਰਨਾ ਹੈ। ਇਸ ਸੋਚ ਰਾਗਮਾਲਾ ਬਾਰੇ ਮਤਭੇਦਾਂ ਦੇ ਵਿਚੋਂ ਦੀ ਆਪਣੀ ਸਾਜਸ਼ ਨੂੰ ਪਰਵਾਨ  ਚਾੜਨਾ ਚਾਹੁੰਦੀ ਹੈ।
ਰਾਗਮਾਲਾ ਕੇਵਲ ਇਕ ਬਹਾਨਾ ਹੈ, ਤਾਂ ਕਿ ਕਿਸੇ ਤਰੀਕੇ ਨਾਲ ਇਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਖੁੱਲ ਜਾਏ, ਅਤੇ ਫ਼ਿਰ ਅੱਗੇ ਦੀ ਨੀਤੀ ਪਰਵਾਨ ਚੜੇ, ਫ਼ਿਰ ਕਾਲਾਂਤਰ ਸਿੱਖਾਂ ਵਿਚ ਕਈ ਪ੍ਰਕਾਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਪ੍ਰਚਲਤ ਹੋ ਜਾਣ। ਉਨ੍ਹਾਂ ਦਾ ਗੁਰੂ ਸਵਰੂਪ ਇਕ ਨਾ ਰਹੇ। ਲੱਗਾ ਮਾਤਰਾਵਾਂ ਦੇ ਚੱਕਰ ਵਿਚ ਪਏ ਸਿੱਖ ਇਕ ਦਿਨ ਆਪਣੇ ਗੁਰੂ ਦੇ ਇਕ ਸਾਂਝੇ ਸਵਰੂਪ ਤੋਂ ਹੀ ਵਾਂਜੇ ਹੋ ਜਾਣ।

ਇਕ ਸੋਚ ਐਸੀ ਵੀ ਹੈ ਜੋ ਕਿ, ਕੇਂਦਰੀ ਵਿਵਸਥਾ ਨਾਲ ਕੇਵਲ ਟਕਰਾਉ ਉੱਤਪੰਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਇਕ ਹਥਿਆਰ ਵਜੋਂ ਵਰਤਨ ਦੀ ਜੁਗਤ ਘੜ ਰਹੀ ਹੈ।ਕਿਸੇ ਵੀ ਵਿਵਸਥਾ ਨਾਲ ਜੁੜੇ ਸੱਜਣਾਂ ਦੀ ਮਨਮਤਿ ਦਾ ਵਿਰੋਧ ਕਰਨ ਦਾ ਹੱਕ ਸਭ ਨੂੰ ਹੈ, ਪਰ ਇਸ ਵਿਰੌਧ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਬਹਾਨੇ ਵਜੋਂ ਵਰਤਨਾ ਠੀਕ ਨਹੀਂ।ਇਹ ਇਕ ਘਟਿਆ ਕਿਸਮ ਦੀ ਰਾਜਨੀਤੀ ਹੈ ਜੋ ਕਿ ਜਜ਼ਬਾਤਾਂ ਦੀ ਭੂਮੀ ਤੇ ਖੜੀ ਕੀਤੀ ਜਾ ਰਹੀ ਹੈ।

ਚਿੰਤਕਾਂ ਦਾ ਫ਼ਰਜ਼ ਹੈ ਕਿ ਉਹ ਐਸੀਂਆਂ ਸੋਚਾਂ ਦੇ ਜਾਲ ਤੋਂ ਸੁਚੇਤ ਰਹਿਣ ਜੋ ਕਿ ਰਾਗਮਾਲਾ ਦੇ ਬਹਾਨੇ ਬੁਣਿਆ ਜਾ ਰਿਹਾ ਹੈ।ਇਸ ਜਾਲ ਤੋਂ ਬੱਚਣ ਦਾ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਪ੍ਰਤੀ ਪ੍ਰਤੀਬੱਧ ਰਿਹਾ ਜਾਏ ਅਤੇ ਕਿਸੇ ਵੀ ਸੁਰਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਖੋਲੜ ਵੱਲ ਵੱਧਦੇ ਕਦਮਾਂ ਦੀ ਜਾਣੇ-ਅਣਜਾਣੇ ਸਿੱਧੀ ਜਾਂ ਅਸਿੱਧੀ ਹਿਮਾਇਤ ਨਾ ਕੀਤੀ ਜਾਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਸੇ ਕਿਸਮ ਦੇ ਵੀ ਵਿਵਾਦ ਵਿਚ ਨਾ ਪਿਆ ਜਾਏ।

Tuesday, 18 December 2012

ਛੋਟੇ ਕੈਨਵਸ ਅਤੇ ਵੱਡੀ ਕਸਵਟੀ
- ਹਰਦੇਵ ਸਿੰਘ, ਜੰਮੂ
ਜਗਤ ਗੁਰੂ, ਗੁਰੂ ਨਾਨਕ ਜੀ ਨੇ ਮਨੁੱਖ ਨੂੰ, ਉਸਦੀਆਂ ਕੁਲ ਵ੍ਰਿਤਿਆਂ ਵਿਚ ਵਿਚਾਰਿਆ ਹੈ। ਇਸ ਲਈ ਗੁਰੂ ਨਾਨਕ ਜੀ ਦੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਮਨੁੱਖ ਨੂੰ, ਉਸਦੇ ਜੀਵਨ ਅਤੇ ਮਾਨਸਕਿਤਾ ਦੇ ਹਰ ਪਹਲੂ ਦੇ ਸੰਧਰਭ ਵਿਚ, ਨਾ ਕੇਵਲ ਪਰਖਦੀ ਹੈ, ਬਲਕਿ ਇਸੇ ਅਧਾਰ 'ਤੇ ਉਸ ਨੂੰ ਆਤਮ ਗਿਆਨ ਬਾਰੇ ਸਿਖਿਆ ਵੀ ਦਿੰਦੀ ਹੈ। ਗੁਰੂ ਨਾਨਕ ਦੀ ਕਸਵਟੀ ਵੱਡੀ ਹੈ।

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ‘ਧਰਮ ਦੇ ਵਿਰੋਧੀ’ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।ਇਹ ਵਿਚਾਰਨ ਵਾਲੀ ਗਲ ਹੈ।

ਪਰ ਸਾਡੀ ਪਰਖ ਦਾ ‘ਕੈਨਵਸ’ (ਕਪੜਾ) ਛੋਟਾ ਹੋਂਣ ਕਾਰਨ, ਕਈਂ ਵਾਰ, ਕਈ ਸੰਧਰਭਾਂ ਲਈ ਥਾਂ ਉਪਲੱਭਧ ਨਹੀਂ ਕਰਵਾਉਂਦਾ। ਸਿੱਟੇ ਵਜੋਂ, ਕਿਸੇ ਸਿੱਖ ਬਾਰੇ, ਸਾਡੇ ਕੁੱਝ ਨਿਰਣੈ ਸੰਕੀਰਣਤਾ ਦੇ ਦਾਇਰੇ ਵਿਚ ਫ਼ੱਸ ਜਾਂਦੇ ਹਨ। ਜੇ ਕਰ ਗਲ ਮਨੁੱਖਾਂ ਦੀ ਹੋਵੇ, ਤਾਂ ਬਿਨ੍ਹਾਂ ਮਨੋਵਿਗਿਆਨਕ ਪਹਲੁਆਂ ਨੂੰ ਸਮਝੇ ਮਨੁੱਖਤਾ ਦੀ ਗਲ ਨਹੀਂ ਕੀਤੀ ਜਾ ਸਕਦੀ।

ਅਸੀਂ ਸਿੱਖ ਹਾਂ ਤਾਂ ਪਿਆਰ ਕਿਉਂ ਨਹੀਂ? ਜੇ ਕਰ ਪਿਆਰ ਹੈ ਤਾਂ ਸੰਤੁਲਨ ਕਿਉਂ ਨਹੀਂ? ਜ਼ਰੂਰ ਕੋਈ ਕਮੀ ਹੈ ਜਿਸ ਕਾਰਨ ਸਾਡੇ ਅੰਦਰ ਹੀ ਮਨੁੱਖੀ ਏਕਾ ਪਰਵਾਨ ਨਹੀਂ ਚੜਦਾ। ਸ਼ਾਯਦ ਇਸਦਾ ਇਕ ਮੁੱਖ ਕਾਰਨ ਸਾਡੇ ਚਿੰਤਨ ਦੇ ਕੇਨਵਸ ਦਾ ਛੋਟਾ ਹੋਂਣਾ ਵੀ ਹੈ। ਇਸ ਕੇਨਵਸ ਵਿਚ ਰਹਿਤ ਅਤੇ ਅਧਿਆਤਮ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣ ਦੀ ਥਾਂ ਨਹੀਂ ਹੈ।

ਕਿਸੇ ਗੁਰਦੁਆਰੇ ਵਿਚ ਰੋਜ਼ਾਨਾ ਆਉਣ ਵਾਲੇ ਸੱਜਣ ਨੂੰ, ਮੱਥਾ ਟੇਕਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਕਰਦੇ ਵੇਖ, ਝੱਟ ਹੀ ਕੋਈ ਕਹਿ ਸਕਦਾ ਹੈ ਕਿ ਉਸ ਸੱਜਣ ਤੇ ਮਨਮਤਿ ਜਾਂ ਬ੍ਰਾਹਮਣਵਾਦ ਦਾ ਸਾਯਾ ਹੈ। ਉਹ ਸੱਜਣ ਸਾਹਿਬ ਦੇ ਨਿਸ਼ਾਨ (ਨਿਸ਼ਾਨ ਸਾਹਿਬ) ਅੱਗੇ ਵੀ ਮੱਥਾ ਟੇਕਦੇ ਹਨ।

ਉਸੇ ਗੁਰਦੁਆਰੇ ਵਿਚ ਆਉਣ ਵਾਲੇ ਇਕ ਹੋਰ ਸੱਜਣ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਨਮੁੱਖ ਮੱਥਾ ਟੇਕਦੇ ਬਿਨ੍ਹਾਂ ਪਰਿਕ੍ਰਮਾ ਕੀਤੇ ਚਲੇ ਜਾਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੱਜਣ ਗੁਰਮਤਿ ਦੇ ਧਾਰਨੀ ਲੱਗਦੇ ਹਨ। ਨਿਸ਼ਾਨ ਸਾਹਿਬ ਅੱਗੇ ਵੀ ਮੱਥਾ ਨਹੀਂ ਟੇਕਦੇ।

ਹੁਣ ਗੁਰਦੁਆਰੇ ਆਉਂਣ ਅਤੇ ਵਾਪਸ ਜਾਣ ਵਿਚਲੇ ਕ੍ਰਿਆ ਕਲਾਪ ਦੇ ਅਧਾਰ ਤੇ, ਪਹਿਲੇ ਸੱਜਣ ਮਨਮਤੀਏ ਸਾਬਤ ਹੋਏ ਅਤੇ ਦੂਜੇ ਗੁਰਮਤ ਦੇ ਧਾਰਨੀ। ਇਸ ਤੋਂ ਵੱਧ ਅਸੀਂ ਉਨ੍ਹਾਂ ਬਾਰੇ ਕੁੱਝ ਹੋਰ ਨਹੀਂ ਜਾਣਦੇ। ਸੋ ਦੋਹਾਂ ਬਾਰੇ ਸਾਡਾ ਨਿਰਨਾ ਕੇਵਲ, ਉਨ੍ਹਾਂ ਵਲੋਂ, ਗੁਰਦੁਆਰੇ ਵਿਚ ਕੀਤੇ ਗਏ ਵਿਵਹਾਰ ਤੇ ਟਿੱਕਿਆ ਹੈ। ਉਨ੍ਹਾਂ ਦੇ ਬਾਕੀ ਜੀਵਨ ਬਾਰੇ ਸਾਡੀ ਕੋਈ ਜਾਣਕਾਰੀ ਨਹੀਂ। ਜੇ ਕਰ ਸਾਡੀ ਜਾਣਕਾਰੀ ਦਾ ਕੇਨਵਸ ਛੋਟਾ ਹੈ ਤਾਂ ਸਾਡਾ ਨਿਰਨਾ ਵੀ ਕਿਸੇ ਸੰਕੀਰਣਤਾ ਦਾ ਸ਼ਿਕਾਰ ਹੋ ਸਕਦਾ ਹੈ।

ਸਾਡੀ ਜਾਣਕਾਰੀ ਤੋਂ ਪਰੇ, ਪਹਿਲੇ ਸਾਹਿਬਾਨ ਘਰ ਜਾ ਕੇ ਬਿਮਾਰ ਪਿਤਾ ਦੇ ਵਸਤਰ ਬਦਲਦੇ ਹਨ, ਖਾਣਾ ਖਿਲਾਉਂਦੇ ਹਨ, ਦਵਾਈ ਦਿੰਦੇ ਹਨ ਅਤੇ ਫ਼ਿਰ ਦੁਕਾਨ ਤੇ ਚਲੇ ਜਾਂਦੇ ਹਨ। ਦੁਕਾਨਦਾਰੀ ਵੀ ਇਮਾਨਦਾਰੀ ਦੀ ਹੈ!

ਦੂਜੇ ਸੱਜਣ ਘਰ ਆਕੇ ਤਿਆਰ ਹੁੰਦੇ ਹਨ, ਤੇ ਬਿਨਾ ਬਿਮਾਰ ਪਿਤਾ ਦੀ ਬਾਤ ਪੁੱਛੇ ਆਪਣੇ ਕਾਰੋਬਾਰ ਲਈ ਤੁਰ ਪੈਂਦੇ ਹਨ। ਕਾਰੋਬਾਰ ਵਿਚ ਇਮਾਨਦਾਰੀ ਦੀ ਘਾਟ ਹੈ!

ਗੁਰਦੁਆਰੇ ਉਨ੍ਹਾਂ ਦੋਹਾਂ ਜੇ ਕੀਤਾ, ਅਸੀਂ ਵੇਖਿਆ ਹੈ, ਪਰ ਘਰ ਤੋਂ ਕਾਰੋਬਾਰ ਤਕ, ਉਹ ਜੋ ਕਰਦੇ ਹਨ, ਸਾਨੂੰ ਇਸਦਾ ਇਲਮ ਨਹੀਂ। ਤਾਂ ਵਿਚਾਰਨ ਦੀ ਗਲ ਹੈ ਕਿ ਇਕ ਮਨੁੱਖ ਦੇ ਵਜੋਂ ਦੋਹਾਂ ਵਿਚ ਕੀ ਫ਼ਰਕ ਹੈ? ਕੌਣ ਬ੍ਰਾਹਮਣ ਹੈ ਤੇ ਕੌਣ ਸਿੱਖ?

ਰਹਿਤ ਨਾਲ ਜੁੜੀਆਂ ਛੋਟਿਆਂ ਗਲਾਂ ਦੇ ਅਧਾਰ ‘ਤੇ ਕਿਸੇ ਮਨੁੱਖ ਦੇ ਪੁਰੇ ਕਿਰਦਾਰ ਨੂੰ ਪਰਖਦੇ ਹੋਏ ਝੱਟ ਕਿਸੇ ਸਿੱਖ ਨੂੰ ਬ੍ਰਾਹਮਣ ਐਲਾਨ ਦੇਂਣਾ, ਸ਼ਾਯਦ ਸਾਡੇ ਸੰਕੀਰਣ ਨਜ਼ਰੀਏ ਦਾ ਸੂਚਕ ਹੈ। ਮਨੋਵ੍ਰਿਤਿਆਂ ਦੇ ਵੱਖਰੇਵੇਂ ਕੁਦਰਤੀ ਹੁੰਦੇ ਹਨ ਜਿਸ ਕਾਰਨ ਕਈਂ ਥਾਂ ਕੁੱਝ ਗਲਾਂ ਕਦੇ ਵੀ ਇਕਸਾਰ ਨਹੀਂ ਹੁੰਦੀਆਂ।

ਕਿਸੇ ਗੁਰਦੁਆਰੇ ਵਿਚ ਸੇਵਾ ਨਿਭਾਉਂਦਾ ਤਨਖਾਹਦਾਰ ਗ੍ਰੰਥੀ, ਆਪਣੇ ਬਾਕੀ ਦੇ ਨਿਜੀ ਅਤੇ ਸਮਾਜਕ ਜੀਵਨ ਵਿਚ ਇਕ ਪਿਤਾ, ਇਕ ਭਾਈ, ਇਕ ਪੜੋਸੀ ਹੋਂਣ ਦੇ ਨਾਤੇ ਕਿਸ ਇਮਾਨਦਾਰੀ/ਪਿਆਰ/ਜਿੰਮੇਵਾਰੀ ਨਾਲ ਵਿਚਰਦਾ ਹੈ, ਇਸ ਨੂੰ ਜਾਣੇ ਬਿਨ੍ਹਾਂ ਉਸ ਨੂੰ ਕੇਸਾਧਾਰੀ ਬ੍ਰਾਹਮਣ ਦਾ ਸਰਟੀਫ਼ਿਕੇਟ ਦੇਂਣ ਵਿਚ ਕਿੱਥੋਂ ਦੀ ਗੁਰਮਤਿ ਹੈ? ਇਸ ਵਿਵਹਾਰ ਵਿਚ ਇਕ ਪ੍ਰਕਾਰ ਦੀ ਨਫ਼ਰਤ ਜਿਹੀ ਨਜ਼ਰ ਆਉਂਦੀ ਹੈ, ਗੁਰਮਤਿ ਨਹੀਂ।

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ਧਰਮ ਦੇ ਵਿਰੋਧੀ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।

Thursday, 6 December 2012

                                               ਭੇਖੀ ਕੋਂਣ ਹੈ?
                                                       ਹਰਦੇਵ ਸਿੰਘ, ਜੰਮੂ


ਭੇਖ ਜੇ ਕਰ ਢੋਂਗ ਦੇ ਰੂਪ ਵਿੱਚ ਹੋਵੇ, ਤਾਂ ਗੁਰਮਤਿ ਉਸ ਨਾਲ ਸਹਮਤਿ ਨਹੀਂ। ਛਲਾਵੇ ਲਈ ਭੇਖ ਧਾਰਨ ਕਰਨਾ, ਜਾਂ ਕਿਸੇ ਅਗਿਆਨਤਾ ਵਿੱਚ ਭੇਖ ਧਾਰਨ ਕਰਨਾ ਨਕਾਰਾਤਮਕ ਹੈ। ਪਰ ਵੇਸ਼ਭੁਸ਼ਾ ਦੇ ਤੋਰ ਤੇ ਵੇਸ਼ ਧਾਰਨ ਕਰਨਾ ਕੁੱਝ ਅਲਗ ਹੈ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀਧਰ ਕਰਕੇ ਵੀ ਪੁਕਾਰਿਆ ਜਾਂਦਾ ਹੈ। ਗੁਰਬਾਣੀ ਵਿੱਚ ਭੇਖ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ ਪ੍ਰਕਾਰ ਨਾਲ ਹੋਈ ਹੈ। ਮਸਲਨ:-

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।। (ਮ. ੩ ਪੰਨਾ ੨੬, ਗੁਰੂ ਗ੍ਰੰਥ ਸਾਹਿਬ)
ਅਖਰ ਪੜਿ ਪੜਿ ਭੁਲਿਐ ਭੇਖੀ ਬਹੁਤ ਅਭਿਮਾਨ।। (ਮ. ੧, ਪੰਨਾ ੬੧, ਗੁਰੂ ਗ੍ਰੰਥ ਸਾਹਿਬ)

ਇਨ੍ਹਾਂ ਦੋਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਬਾਰੇ ‘ਨਕਾਰਾਤਮਕ` ਭਾਵ ਹੈ। ਧਿਆਨ ਵਿੱਚ ਰਹੇ ਕਿ ਐਸੇ ਭੇਖ ਕਈ ਪ੍ਰਕਾਰ (ਬਹੁ ਭੇਖ) ਦੇ ਹੋ ਸਕਦੇ ਹਨ।
ਖ਼ੈਰ, ਭੇਖ ਦੀ ਵਰਤੋਂ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਹੋਈ ਹੈ:-

ਜੈਸਾ ਭੇਖੁ ਕਰਾਵੈ ਬਾਜੀਗਰ ੳਹੁ ਤੈਸੇ ਹੀ ਸਾਜੁ ਆਨੈ।। (ਗੁਰੂ ਗ੍ਰੰਥ ਸਾਹਿਬ, ਪੰਨਾ ੨੦੬)
ਨਾਨਾ ਭੇਖ ਕਰਹਿ ਇੱਕ ਰੰਗ (ਗੁਰੂ ਗ੍ਰੰਥ ਸਾਹਿਬ, ਪੰਨਾ ੨੮੪)
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ ੪੮੦)

ਇਨ੍ਹਾਂ ਤਿੰਨ੍ਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਦਾ ਭਾਵ ‘ਸਕਾਰਾਤਮਕ` ਹੈ। ਭੇਖ ਦਾ ਅਰਥ ‘ਰੂਪ` ਅਤੇ ‘ਵੇਸ਼ਭੁਸ਼ਾ` ਵੀ ਹੁੰਦਾ ਹੈ।

ਪਰਮਾਤਮਾ ਨੇ ਮਨੁੱਖ ਨੂੰ ਨਿਰਵਸਤਰ ਪੈਦਾ ਕੀਤਾ ਹੈ, ਪਰ ਨਿਰਵਸਤਰਤਾ ਮਨੁੱਖੀ ਸੰਸਕ੍ਰਿਤੀ ਦਾ ਪੁਰਾਣਾ ਟੈਬੂ (ਰੋਕ) ਹੈ। ਗੁਰੂ ਨਾਨਕ ਨੇ ਵਸਤਰਤਾ ਦਾ ਵਿਰੋਧ ਨਹੀਂ ਕੀਤਾ। ਜੇ ਕਰ ਬੇਸ਼ਰਮ-ਬੇਹਯਾ ਬੰਦਾ ਕਪੜੇ ਪਾਉਂਦਾ ਹੈ, ਤਾਂ ਉਸਦੇ ਕਪੜੇ ਪਾਉਂਣ ਦੀ ਜ਼ਰੂਰਤ ਨੂੰ, ਭੇਖ ਕਹਿ ਕੇ, ਰੱਧ ਨਹੀਂ ਕੀਤਾ ਜਾ ਸਕਦਾ। ਉਸਦੇ ਉੱਜਲੇ ਨਜ਼ਰ ਆਉਂਦੇ ਵਸਤਰਾਂ ਨੂੰ, ਮੈਲਾ ਜਾਂ ਭੇਖ ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਨਿਰਵਸਤਰ ਹੋਂਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ। ਮਸਲਨ ਗੁਰੂ ਨਾਨਕ ਜੀ ਨੇ ਤੀਰਥਾਂ ਆਦਿ ਤੇ, ਸ਼ਰੀਰਕ ਸਤਹ ਸਾਫ਼ ਕਰਨ ਨੂੰ, ਆਤਮਕ ਸਫ਼ਾਈ ਵਜੋਂ ਸਵੀਕਾਰ ਨਹੀਂ ਕੀਤਾ, ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ, ਕਿ ਗੁਰੂ ਨਾਨਕ ਜੀ ਨੇ ਮਨੁੱਖ ਨੂੰ ਨਾਹਾਉਂਣ ਤੋਂ ਹੀ ਮਨਾ ਕੀਤਾ ਹੋਵੇ।

ਚਿੰਨ ਨਿਰਦੋਸ਼ ਹੁੰਦੇ ਹਨ, ਜ਼ਰੂਰੀ ਹੁੰਦੇ ਹਨ! ਦੋਸ਼ ਤਾਂ ਮਾਨਸਿਕਤਾ ਦਾ ਹੁੰਦਾ ਹੈ, ਜੋ ਕਿ ਨਿਰਦੋਸ਼ ਅਤੇ ਜ਼ਰੂਰੀ ਚਿੰਨਾਂ ਦਾ ਦੁਰਉਪਯੋਗ ਕਰਦੀ ਹੈ। ਇਹ ਮਾਨਸਿਕਤਾ ਚਿੰਨਾਂ ਪ੍ਰਤੀ ਲੋਕਾਈ ਦੀ ਸਮਝ ਅਤੇ ਗੁਰੂ ਦੇ ਨਿਰਦੇਸ਼ ਦਾ ਲਾਭ ਉਠਾਉਂਦੀ ਹੈ। ਚਿੰਨ੍ਹਾਂ ਬਾਰੇ ਗੁਰੂ ਦਾ ਨਿਰਦੇਸ਼ ਢੌਂਗ ਕਰਨ ਲਈ ਨਹੀਂ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿਚ, ਭੁਲੇੱਖਾ ਪਾਉਂਣ ਲਈ, ਭੇਖ ਦਾ ਸਮਰਥਨ ਨਹੀਂ, ਪਰ ਇਸਦਾ ਅਰਥ ਇਹ ਵੀ ਨਹੀਂ, ਕਿ ਗੁਰਮਤਿ ਨੇ ਚਿੰਨਾਂ ਦੇ ਕੁਦਰਤੀ ਮਹੱਤਵ ਨੂੰ ਨਜ਼ਰ ਅੰਦਾਜ਼ ਕੀਤਾ ਹੈ।

ਧਿਆਨ ਦੇਂਣ ਯੋਗ ਗਲ ਹੈ ਕਿ ਇਕ ਬੰਦਾ` ਸ਼ਰੀਰਕ ਭੇਖ ਕਰਕੇ ਭੁੱਲੇਖਾ ਉਤਪੰਨ ਕਰੇ, ਅਤੇ ਦੂਜਾ ਬੰਦਾ` ਭੇਖ ਉਤਾਰ ਕੇ ਭੁੱਲੇਖਾ ਦੇਵੇ, ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਭੇਖੀ ਹਨ! ਬਸ ਭੇਖ ਦਾ ਢੰਗ ਵੱਖਰਾ ਹੈ। ਇੰਝ ਹੀ ‘ਇਕ` ਭੇਖ ਕਰਕੇ ਭੁੱਲੇਖੇ ਵਿੱਚ ਰਹੇ ਅਤੇ ‘ਦੂਜਾ` ਭੇਖ ਉਤਾਰ ਕੇ ਭੁੱਲੇਖੇ ਵਿੱਚ ਰਹੇ ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਕਿਸੇ ਪੱਖੋ ਅਗਿਆਨੀ ਜਾਂ ਅਵੇਸਲੇ ਹਨ! ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ।

ਗੁਰੂ ਨੇ ਸਿੱਖਾਂ ਨੂੰ ਚਿੰਨ ਬਖ਼ਸ਼ੇ ਹਨ ਜਿਵੇਂ ਕੁਦਰਤ ਨੇ ਜੀਵਾਂ ਨੂੰ ਚਿੰਨ ਬਖ਼ਸ਼ੇ ਹਨ। ਕੁਦਰਤ ਨੇ ਜੀਵਾਂ ਨੂੰ ਕਈ ਦਾਤਾਂ ਦਿੱਤੀਆਂ ਹਨ। ਚਿੰਨ ਅੰਤਨ ਦਾਤਾਵਾਂ ਵਿਚੋਂ ਇੱਕ ਹਨ। ਪਰ ਧਾਰਮਕ ਖੇਤਰ ਵਿੱਚ ਚਿੰਨ੍ਹਾਂ ਦਾ ਸਦਉਪਯੋਗ ਵੀ ਹੈ ਅਤੇ ਦੁਰਉਪਯੋਗ ਵੀ। ਜਿਵੇਂ ਕੁਦਰਤ ਨੇ ਅੱਖਾਂ ਦਿੱਤੀਆਂ ਹਨ, ਪਰ ਜੇ ਕਰ ਕੋਈ ਅਖਾਂ ਨਾਲ ਪਰਾਇਆ ਰੂਪ ਵੇਖੇ ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਦੀਆਂ ਅੱਖਾਂ ਹੀ ਨਾ ਹੋਂਣ। ਕੁਦਰਤ ਨੇ ਮਨੁੱਖ ਨੂੰ ਚੇਤਨ ਸ਼ਕਤੀ ਦਿੱਤੀ ਹੈ। ਪਰ ਜੇ ਕਰ ਉਸ ਚੇਤਨ ਸ਼ਕਤੀ ਵਿਚੋਂ, ਗਲਤ ਵਿਚਾਰ ਉਪਜਦੇ ਹਨ, ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਪਾਸ ਚੇਤਨ ਸ਼ਕਤੀ ਹੀ ਨ ਹੋਵੇ। ਕਿਉਂ?

ਕਿਉਂਕਿ ਮਾੜੇ ਵਿਚਾਰਾਂ ਦੇ ਧਾਰਨੀ ਨੇ ਆਖਰਕਾਰ, ਚੇਤਨ ਰਾਹੀਂ ਹੀ ਗੁਰਮਤਿ ਵੱਲ ਤੁਰਨ ਦਾ ਜਤਨ ਕਰਨਾ ਹੈ। ਗੁਰੂ ਵਲੋਂ ਬਖਸ਼ੇ ਚਿੰਨਾਂ ਨੇ ਵੀ, ਮਨਮੁਖ ਦੇ ਚੇਤਨ ਨੂੰ, ਗੁਰਮਤਿ ਨਾਲ ਵਧੇਰੇ ਜੋੜਨ ਵਿੱਚ ਆਪਣੀ ਭੂਮਿਕਾ ਨਿਭਾਉਂਣੀ ਹੈ। ਝੂਠ ਸੁਣਨ ਵਾਲੇ ‘ਕੰਨਾ` ਨੇ ਹੀ ਗੁਰੂ ਦੀ ਗਲ ਸੁਣਨੀ ਹੈ। ਝੂਠ ਬੋਲਣ ਵਾਲੀ ‘ਜ਼ੁਬਾਨ` ਨੇ ਇਹ ਗੁਰੂ ਦੇ ਬ੍ਰਹਮ ਵਿਚਾਰ ਗਾਉਂਣੇ ਹਨ। ਦੁਰਉਪਯੋਗ ਦਾ ਅਰਥ ਇਹ ਨਹੀਂ ਹੁੰਦਾ ਕਿ ਉਪਯੋਗਿਤਾ ਨੂੰ ਭੁੱਲ ਕੇ ਗਲਾਂ ਬਰਬਾਦ ਕਰ ਦਿੱਤੀਆਂ ਜਾਣ। ਸਦਉਪਯੋਗ ਦਾ ਮਾਰਗ ਬੰਦ ਨਹੀਂ ਹੋਂਣਾ ਚਾਹੀਦਾ।

ਅਸੀਂ ਅਕਸਰ ਵੇਖਦੇ ਹਾਂ ਕਿ ਗਰੂ ਵਲੋਂ ਬਖਸ਼ੇ ਚਿੰਨਾਂ ਦੇ ਧਾਰਨੀ, ਗੁਰਮਤਿ ਨਾਲੋਂ, ਕਈਂ ਪੱਖੋਂ ਦੂਰ ਹੁੰਦੇ ਹਨ। ਕੁੱਝ ਸੱਜਣ ਉਨ੍ਹਾਂ ਨੂੰ ਭੇਖੀ ਕਹਿੰਦੇ ਹਨ। ਭੇਖੀ ਸ਼ਬਦ ਨਕਾਰਾਤਮਕ ਜਿਹਾ ਪ੍ਰਤੀਤ ਹੂੰਦਾ ਹੈ। ਪਰ ਧਿਆਨ ਦੇਂਣ ਯੋਗ ਗਲ ਹੈ ਕਿ ਭੇਖੀ ਸ਼ਬਦ ਕੇਵਲ ਉਸ ਵੇਲੇ ਨਕਾਰਾਤਮਕ ਹੁੰਦਾ ਹੈ ਜਿਸ ਵੇਲੇ ਉਸਦਾ ਦੁਰਉਪਯੋਗ ਹੋਵੇ। ਪਰ ਹਰ ਵੇਲੇ ਨਹੀਂ। ਇਕ ਮਿਸਾਲ ਵਿਚਾਰਦੇ ਹਾਂ।

ਫ਼ੋਜ ਅਤੇ ਪੁਲਿਸ ਇੱਕ ਵਿਸ਼ੇਸ਼ ਭੇਖ (Dress) ਵਿਚ ਹੁੰਦੀ ਹੈ। ਇਸਦੇ ਧਾਰਨੀ ਜੇ ਕਰ ਫ਼ਰਜ਼ ਵਿੱਚ ਕੋਤਾਹੀ ਕਰਨ, ਤਾਂ ਭੇਖ (ਵਰਦੀ) ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਬੰਦੇ ਨੂੰ ਵਰਦੀ ਬਦਨਾਮ ਕਰਨ ਦਾ ਦੋਸ਼ੀ ਪਾਇਆ ਜਾਏ, ਤਾਂ ਉਸ ਨੂੰ ਵਰਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ। ਵਰਦੀ ਨਹੀਂ ਨੱਕਾਰੀ ਜਾਂਦੀ ਬਲਕਿ ਬੰਦਾ ਨੱਕਾਰ ਦਿੱਤਾ ਜਾਂਦਾ ਹੈ। ਉਸ ਬੰਦੇ ਨੂੰ, ਜੋ ਕਿ ਸਲੇਕਸ਼ਨ ਵੇਲੇ ਵਰਦੀ ਦੇ ਕਾਬਲ ਸਮਝਿਆ ਗਿਆ ਹੁੰਦਾ ਹੈ।

ਫਿਰ ਨਾਲ ਹੀ, ਭੇਖ (ਵਰਦੀ) ਉਤਾਰਨ ਦਾ ਭੇਖ ਵੀ ਸਮਝ ਲਈਏ! ਮਸਲਨ ਕਈਂ ਵਾਰ ਪੁਲਿਸ, ਕਿਸੇ ਅਪਰਾਧੀ ਨੂੰ ਪਕੜਨ ਲਈ, ਵਰਦੀ ਉਤਾਰ, ਸਾਦੇ ਵਸਤਰਾਂ ਦਾ ਭੇਖ ਧਾਰਨ ਕਰਦੀ ਹੈ। ਉਸ ਵੇਲੇ ਭੇਖ ਉਤਾਰਨਾ ਵੀ, ਭੇਖ ਦਾ ਹੀ ਇੱਕ ਰੂਪ ਹੁੰਦਾ ਹੈ।
ਹੁਣ ਮਨਮਤਿ ਦੇ ਵੀ ਕਈਂ ਰੂਪ ਹਨ, ਪਰ ਮੁੱਖ ਦੋਸ਼ ਗੁਰੂ ਵਲੋਂ ਬਖ਼ਸ਼ੇ ਚਿੰਨਾਂ ਦੇ ਧਾਰਨੀ ਤੇ ਆਉਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ, ਉਮੀਦ ਕੀਤੀ ਜਾਂਦੀ ਹੈ ਕਿ ਗੁਰੂ ਵਲੋਂ ਬਖ਼ਸ਼ੇ ਚਿੰਨਾਂ ਦਾ ਧਾਰਨੀ, ਜਾਂ ਗੁਰੂ ਵਲੋਂ ਅਰੰਭੇ ਗੁਰਦੁਆਰਾ ਪ੍ਰਬੰਧ ਵਿੱਚ ਲੱਗੇ ਸੱਜਣ, ਗੁਰਮਤਿ ਦੇ ਧਾਰਨੀ ਹੋਂਣ, ਕੇਵਲ ਭੇਖੀ ਨਾ ਹੋਂਣ। ਗੁਰਦੁਆਰਾ ਪ੍ਰਬੰਧ ਨਾਲ ਜੁੜੇ ਸੱਜਣਾਂ ਨੂੰ ਇਸਦਾ ਧਿਆਨ ਤਾਂ ਰੱਖਣਾ ਹੀ ਚਾਹੀਦਾ ਹੈ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਰਗੇ ਅਹਿਦ ਵਿੱਚ ਉਤਰੇ ਬੰਦੇ ਨੂੰ ਵੀ।

ਪਰ ਇਸਦੇ ਨਾਲ ਹੀ ਉਸ ਮਾਨਸਿਕਤਾ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੈ, ਜੋ ਕਿ ਖ਼ੁਦ ਭੇਖੀ ਨਾ ਹੋਂਣ ਦਾ ਢੌਂਗ ਕਰਨ ਲਈ, ਚਿੰਨ੍ਹਾਂ ਦਾ ਵਿਰੌਧ ਕਰਦੀ ਹੈ। ਚੁੰਕਿ ਚਿੰਨ੍ਹਾਂ ਦੇ ਧਾਰਨੀਆਂ ਦੇ ਸਿਰ, ਸਾਰੇ ਦੋਸ਼ ਜਾ ਠੀਕਰਾ ਤੋੜੇਆ ਜਾ ਸਕਦਾ ਹੈ, ਇਸ ਲਈ, ਇਹ ਮਾਨਸਿਕਤਾ ਖ਼ੁਦ ਨੂੰ ਛੁਪਾਉਂਣ ਲਈ ਚਿੰਨਾਂ ਦਾ ਇਸਤੇਮਾਲ ਨਹੀਂ ਕਰਦੀ। ਇਹ ਵੀ ਇੱਕ ਪ੍ਰਕਾਰ ਦੀ ਭੇਖੀ ਜੁਗਤ ਹੈ। ਭੇਖੀ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ। ਚਿਮਟਾ ਫ਼ੜ ਕੇ ਵੀ ਤੇ ਚਿਮਟਾ ਛੱਡ ਕੇ ਵੀ।

ਬਹੁਤੇ ਭੇਖ ਕਰਹਿ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੮੪੨)

ਕੀ ਇਹ, ਭੇਖ ਦਾ ਵਿਰੋਧ ਕਰਨ ਵਾਲੀ ਐਸੀ ਭੇਖੀ ਮਾਨਸਿਕਤਾ ਨਹੀਂ, ਜੋ ਕਿ ਭੇਖ ਬਿਨ੍ਹਾਂ ਹੀ ਛਲਾਵਾ ਦਿੰਦੀ, ਖ਼ੁਦ ਭੇਖੀ ਸਾਬਤ ਹੁੰਦੀ ਹੈ? ਭੇਖ (ਢੌਂਗ) ਚਿੰਨਾਂ ਦੀ ਵਰਤੋਂ ਕਰਦਾ ਹੈ। ਕਦੇ ਚਿੰਨਾਂ ਨੂੰ ਧਾਰਨ ਕਰਕੇ, ਅਤੇ ਕਦੇ ਚਿੰਨ੍ਹਾਂ ਨੂੰ ਉਤਾਰ ਕੇ! ਇਹ ਦੋਵੇਂ ਗਲਾਂ ਗੁਰਮਤਿ ਵਿੱਚ ਪਰਵਾਨ ਨਹੀਂ ਹਨ।

ਜੇ ਕਰ ਕੋਈ ਗੁਰੂ ਵੱਲੋਂ ਬਖ਼ਸ਼ੇ ਚਿੰਨਾਂ ਨੂੰ ਧਾਰਨ ਮਾਤਰ ਕਰਕੇ, ਗੁਰਮਤਿ ਪਰਨਾਇਆ ਨਹੀਂ ਹੋ ਜਾਂਦਾ ਤਾਂ ਕੋਈ ਚਿੰਨਾਂ ਦਾ ਤਿਆਗ ਮਾਤਰ ਕਰਕੇ ਵੀ ਗੁਰਮਤਿ ਪਰਨਾਇਆ ਸਾਬਤ ਨਹੀਂ ਹੁੰਦਾ। ਜੇ ਕਰ ‘ਕੁੱਝ` ਚਿੰਨ੍ਹਾਂ ਦੇ ਭੇਖ ਵਿੱਚ ਮਨਮਤਿ ਕਰਦੇ ਹਨ ਤਾਂ ‘ਕੁੱਝ` ਇਸਦਾ ਦਾ ਲਾਭ ਉਠਾਉਂਦੇ, ‘ਬਿਨ੍ਹਾਂ ਚਿੰਨ੍ਹਾਂ ਦੇ ਭੇਖ` ਵਿੱਚ ਆ ਜਾਂਦੇ ਹਨ। ਇਹ ‘ਭੇਖ ਤੋਂ ਬਿਨਾਂ ਭੇਖੀ` ਹਨ ਜਿਸ ਤੇ ਅਗਿਆਨਤਾ, ਜਜ਼ਬਾਤਾਂ, ਪੁਰਵਾਗ੍ਰਹਾਂ ਅਤੇ ਨਿਜ ਸੁਆਰਥਾਂ ਦਾ ਪ੍ਰਭਾਵ ਹੋ ਸਕਦਾ ਹੈ।

ਭੇਖ ਕਰਕੇ ਛਲਾਵਾ ਦੇਂਣਾ, ਜਾਂ ਭੇਖ ਉਤਾਰ ਕੇ, ਦੋਹਾਂ ਵਿੱਚ ਭੇਖ ਹੈ। ਦੋਵੇਂ ਭੇਖੀ ਹਨ! ਹਾਂ ਇੱਕ ਫ਼ਰਕ ਹੈ ਜ਼ਰੂਰ ਹੈ ਕਿ ਭੇਖ ਵਿੱਚ ਆਇਆ ਭੇਖੀ ਪਛਾਣਿਆ ਜਾਂਦਾ ਹੈ, ਅਤੇ ਭੇਖ ਉਤਾਰ ਕੇ ਵਿਚਰਦਾ ਭੇਖੀ ਪਛਾਣਿਆ ਨਹੀਂ ਜਾਂਦਾ। ਭੇਖ (ਢੌਂਗ) ਦਾ ਵਿਰੋਧ ਕਰਦਾ, ਬਿਨ੍ਹਾਂ ਭੇਖ (ਵੇਸ਼ਭੂਸ਼ਾ) ਦਾ ਭੇਖੀ (ਢੋਂਗੀ), ਗੁਰਮਤਿ ਅਨੁਸਾਰ ਸੁਰਖਰੂ ਨਹੀਂ ਹੁੰਦਾ।


               ਬਹੁਤੇ ਭੇਖ ਕਰੈ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੨੩੦)

ਹਰਦੇਵ ਸਿੰਘ, ਜੰਮੂ-੫. ੧੨. ੧੨

Friday, 23 November 2012

ਕੁੱਝ ਸ਼ਬਦਾਂ 'ਤੇ ਇਤਰਾਜ਼ ਕਰਨ ਵਾਲਿਆਂ ਦੇ ਨਾਮ
- ਹਰਦੇਵ ਸਿੰਘ, ਜੰਮੂ
ਕੁੱਝ ਸਾਲ ਪਹਿਲਾਂ ਸਿੱਖ ਰਹਿਤ ਮਰਿਆਦਾ ਵਿਚ ਆਏ ਸ਼ਬਦ “ਅੰਮ੍ਰਿਤ'ਤੇ ਇਤਰਾਜ਼ ਹੋ ਗਿਆ। ਯਾਨੀ ਕਿ ‘ਖੰਡੇ ਦੇ ਅੰਮ੍ਰਿਤ’ ਨੂੰ ‘ਖੰਡੇ ਦੀ ਪਾਹੁਲ’ ਕਹਿਣਾ ਚਾਹੀਦਾ ਹੈ! ਇਤਰਾਜ਼ ਦਾ ਅਧਾਰ ਸੀ ਕਿ ‘ਬਾਣੀ’ ਜਾਂ ‘ਨਾਮ ਅੰਮ੍ਰਿਤ’ ਤੋਂ ਸਿਵਾ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਦਾਤ ਲਈ ‘ਅੰਮ੍ਰਿਤ’ ਸ਼ਬਦ ਵਰਤਨਾ ਗਲਤ ਹੈ। ਪਰ ਇਸ ਮਕਸਦ ਨੂੰ ਪੁਰਾ ਕਰਨ ਲਈ ਇਤਨਾ ਵੀ ਨਹੀਂ ਵਿਚਾਰਿਆ ਗਿਆ ਕਿ ਪਾਹੁਲ ਦਾ ਅਰਥ ਵੀ ‘ਚਰਨਾਮ੍ਰਿਤ’, ਯਾਨੀ ਚਰਨਾ ਦੀ ਛੋਅ ਨਾਲ ਤਿਆਰ ਕਿਤਾ ਅੰਮ੍ਰਿਤ ਹੁੰਦਾ ਹੈ। ਪਾਹੁਲ ਸ਼ਬਦ ਵਰਤ ਕੇ ਵੀ ਅੰਮ੍ਰਿਤ ਤੋਂ ਖਹਿੜਾ ਨਹੀਂ ਸੀ ਛੁੱਟਦਾ। ਪਰ ਬਿਨ੍ਹਾਂ ਵਿਚਾਰੇ ਰੀਸੋ-ਰੀਸ ਤੁਰ ਪਈ।

ਖ਼ੈਰ! ਇਸ ਛੋਟੀ ਜਿਹੀ ਚਰਚਾ ਦਾ ਮਕਸਦ ਅੰਮ੍ਰਿਤ ਜਾਂ ਪਾਹੁਲ ਬਾਰੇ ਚਰਚਾ ਕਰਨਾ ਨਹੀਂ। ਉਪਰੋਕਤ ਪੰਗਤਿਆਂ ਲਿਖਣ ਦਾ ਮਕਸਦ ਕੇਵਲ ਇਹ ਦਰਸਾਉਂਣਾ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਨ ਵਿਚ ਮਸਰੂਫ਼ ਸੱਜਣ, ਹਰ ਉਸ ਸ਼ਬਦ ਨੂੰ ਬਦਲਣਾ ਚਾਹੰਦੇ ਹਨ, ਜਿਸ ਵਿਚ ਉਨ੍ਹਾਂ ਨੂੰ, ਆਪਣੀ ਸਮਝ ਮੁਤਾਬਕ, ਬ੍ਰਾਹਮਣਵਾਦ ਦੀ ਬੂ ਆਉਂਦੀ ਹੈ। ਇਹ ਵਿਚਾਰ ਐਸੇ ਹੀ ਸੱਜਣਾਂ ਦੇ ਨਾਮ ਹਨ!

ਐਸੇ ਸੱਜਣ ਸਿੱਖ ਰਹਿਤ ਮਰਿਆਦਾ ਵਿਚ ਬਦਲਾਉ ਦੀ ਮੰਗ ਕਰਦੇ ਹਨ।ਇਹ ਮੰਗ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਨੂੰ ਹਟਾਉਂਣ ਤੋਂ ਲੈ ਕੇ, ‘ਖੰਡੇ ਦੇ ਅੰਮ੍ਰਿਤ’ ਵਰਗੇ ਸ਼ਬਦਾਂ ਨੂੰ ਬਦਲਣ ਤਕ ਖਿੱਚਦੀ ਜਾਂਦੀ ਹੈ। ਐਲਾਨ ਕੀਤੇ ਗਏ ਹਨ ਕਿ ‘ਇਸ’ ਸ਼ਬਦ ਵਿਚ, ‘ਉਸ’ ਸ਼ਬਦ ਵਿਚ, ‘ਇਸ’ ਗਲ ਵਿਚ, ‘ਉਸ’ ਗਲ ਵਿਚ ਬ੍ਰਾਹਮਣਵਾਦ ਹੈ, ਪੁਜਾਰੀਵਾਦ ਹੈ!
ਕਹਿੰਦੇ ਹਨ ਸਿੱਖ ਧਰਮ ਵਿਚ ‘ਵਿਚੋਲੇ’ ਦੀ ਕੋਈ ਭੁਮਿਕਾ ਨਹੀਂ! ਪਰ ਐਸਾ ਕਹਿਣ ਵਾਲੇ ਕੁੱਝ ਸੱਜਣ, ਖ਼ੂਦ ਨੂੰ ਗੁਰਮਤਿ ਸਮਝਾਉਂਣ ਦੇ ‘ਇੱਕਮਾਤਰ ਵਿਚੋਲੇ’ ਸਥਾਪਤ ਕਰਨ ਦੇ ਯਤਨ ਵਿਚ ਹਨ, ਜਿਵੇਂ ਕਿ ਕੋਈ ਕੰਪਨੀ ਆਪਣੇ ‘ਪ੍ਰਾਡਕਟ’ ਨੂੰ ਪੇਟੇਂਟ ਕਰਵਾਉਂਣ ਵਿਚ ਲੱਗੀ ਹੋਵੇ। ਯਾਨੀ ਨਿਜੀ ਵਿਚਾਰਾਂ ਨੂੰ ਗੁਰਮਤਿ ਐਲਾਨ ਕੇ ਸਰਵਅਧਿਕਾਰ ਸੁਰਖਿਅਤ!!!

ਸਿੱਖ ਰਹਿਤ ਮਰਿਆਦਾ ਵਿਚ ‘ਕਥਿਤ ਬ੍ਰਾਹਮਣਵਾਦੀ ਝਲਕ’ ਦਿੰਦੇ ਨੁਕਤੇ ਅਤੇ ਸ਼ਬਦਾਂ ਨੂੰ ਬਦਲਣ ਦੀ ਮੰਗ! ਜ਼ਾਹਰ ਹੈ ਕਿ ਮੰਗ ਉੱਥੇ ਕੀਤੀ ਜਾਂਦੀ ਹੈ, ਜਿੱਥੇ ਬਦਲਾਉਂ ਆਪਣੇ ਹੱਥ ਨਾ ਹੋਵੇ। ਕਿਉਂਕਿ ਜੇ ਕਰ ਸਮੁੱਚੀ ਕੋਮ ਨਾਲ ਸਬੰਧਤ ਕਿਸੇ ਗਲ ਵਿਚ ਬਦਲਾਉ ਦਾ ਅਧਿਕਾਰ, ਮੰਗ ਕਰਨ ਵਾਲੇ ਕਿਸੇ ਬੰਦੇ ਦੇ ਆਪਣੇ ਹੀ ਹੱਥ ਹੋਵੇ, ਤਾਂ ਮੰਗ ਦਾ ਮਤਲਬ ਹੀ ਨਹੀਂ ਬਚਦਾ। ਇਸ ਲਈ ਜੋ ਗਲਾਂ ਸਾਂਝੇ ਤੋਰ ਦੀਆਂ ਹੋਣ, ਉੱਥੇ ਮੰਗ ਕੀਤੀ ਜਾਂਦੀ ਹੈ। ਪਰ ਕੁੱਝ ਗਲਾਂ ਤਾਂ ਬੰਦੇ ਦੇ ਆਪਣੇ ਹੱਥ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਬੰਦਾ ਆਪਣੇ ਤੇ ਲਾਗੂ ਤਾਂ ਕਰ ਹੀ ਸਕਦਾ ਹੈ। ਇਸ ਨੁੱਕਤੇ ਨੂੰ ਕੁੱਝ ਅੱਗੇ ਚਲ ਕੇ ਵਿਚਾਰਦੇ ਹਾਂ।

ਜਿਨ੍ਹਾਂ ਸੱਜਣਾਂ ਨੂੰ ‘ਗੁਰੂ’ ਜਾਂ ‘ਅੰਮ੍ਰਿਤ’ ਸ਼ਬਦ ਵਰਤੋਂ ਵਿਚ ਬ੍ਰਾਹਮਣਵਾਦ ਦੀ ਬੂ ਆਉਂਦੀ ਹੈ, ਉਨ੍ਹਾਂ ਨੂੰ ਆਪਣੇ-ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਦੀ ਬੂ ਕਿਉਂ ਨਹੀਂ ਆਉਂਦੀ? ਮਸਲਨ ‘ਇੰਦਰ’ ਸ਼ਬਦ ਦਾ ਅਰਥ ਹਿੰਦੂ ਮਤ ਅਨੁਸਾਰ ਦੇਵਤਾ ਇੰਦਰ ਹੈ, ਜਿਸਦਾ ‘ਰਿਗਵੇਦ’ ਅਤੇ ‘ਚੰਡੀ ਚਰਿਤ੍ਰ’ ਵਿਚ ਵੀ ਵਰਨਨ ਹੈ। ‘ਨਰਿੰਦਰ’ ਸ਼ਬਦ ਦਾ ਅਰਥ ਵੀ ਹਿੰਦੂ ਪੌਰਾਣਿਕ ਕਥਾਵਾਂ ਦੇ ਦੇਵਤਾ ਇੰਦਰ ਨਾਲ ਜੁੜਦਾ ਹੈ, ‘ਰਵਿੰਦਰ’ ਦਾ ਅਰਥ ਵੀ ਹਿੰਦੂ ਮਤ ਦੇ ਦੇਵਤਾ ਨਾਲ ਜੁੜਦਾ ਹੈ ਤੇ ਜੋਗਿੰਦਰ, ਗੁਰਿੰਦਰ ਆਦਿ ਸ਼ਬਦਾਂ ਦਾ ਵੀ। ਜੇ ਕਰ ਕੁੱਝ ਸੱਜਣਾ ਲਈ ਗੁਰੂ ਨਾਨਕ ਲਈ ‘ਗੁਰੂ’ ਸ਼ਬਦ ਵਰਤਨਾ ਗਲਤ ਹੈ, ਜੇ ਕਰ ‘ਖੰਡੇ ਦੇ ਅੰਮ੍ਰਿਤ’ ਲਈ ਖੰਡੇ ਦਾ ਅੰਮ੍ਰਿਤ ਸ਼ਬਦ ਵਰਤਨਾ ਗਲਤ ਹੈ, ਤਾਂ ਕੀ ਉਨ੍ਹਾਂ ਸੱਜਣਾਂ ਦਾ ਆਪਣੇ ਲਈ ਪੌਰਾਣਿਕ ਕਥਾਵਾਂ ਵਿਚੋਂ ਆਏ ਹਿੰਦੂ ਦੇਵਤਿਆਂ ਦੇ ਨਾਮ ਵਰਤਨਾ ਠੀਕ ਹੈ?

ਜਿਵੇਂ ਕਿ ਪਹਿਲਾਂ ਵਿਚਾਰ ਆਏ ਹਾਂ ਕਿ ਮੰਗ ਉੱਥੇ ਕੀਤੀ ਜਾਂਦੀ ਹੈ ਜਿੱਥੇ, ਕਿਸੇ ਬਦਲਾਉ ਦਾ ਫੈਸਲਾ, ਕਿਸੇ ਬੰਦੇ ਦੇ ਆਪਣੇ ਹੱਥ ਵਿਚ ਨਾ ਹੋਵੇ। ਪਰ ਆਪਣਾ ਨਾਮ ਬਦਲਣਾ ਤਾਂ ਬੰਦੇ ਦੇ ਆਪਣੇ ਹੀ ਹੱਥ ਵਿਚ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਵਿਚ ਗੁਰੂਆਂ ਲਈ ਆਏ ਗੁਰੂ ਸ਼ਬਦ ਹਟਾਉਂਣ ਦੀ ਮੰਗ ਕਰਨ ਵਾਲੇ ਸੱਜਣ, ਪਹਿਲਾਂ ਆਪਣੇ-ਆਪਣੇ ਨਾਮ ਤਾਂ ਬਦਲ ਲੈਣ! ਜੇ ਕਰ ਕੁੱਝ ਸੱਜਣਾਂ ਨੂੰ ‘ਗੁਰੂ’ ਜਾਂ ‘ਖੰਡੇ ਦੇ ਅੰਮ੍ਰਿਤ’ ਸ਼ਬਦ ਵਰਤਨ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਆਉਂਦਾ ਹੈ, ਤਾਂ ਕੀ ਉਨ੍ਹਾਂ ਨੂੰ ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਨਹੀਂ ਆਉਂਦਾ? ਉਹ ਸਭ ਤੋਂ ਪਹਿਲਾਂ ਆਪਣੇ ਨਾਮ ਕਿਉਂ ਨਹੀਂ ਸੁਧਾਰ ਲੈਂਦੇ? ਇਹ ਕੰਮ ਤਾਂ ਉਨ੍ਹਾਂ ਦੇ ਆਪਣੇ ਹੱਥ ਵਿਚ ਹੈ। ਇਸ ਸੁਧਾਰ ਲਈ ਤਾਂ ਕਿਸੇ ‘ਇੱਕਤਰਤਾ’ ਜਾਂ ਕਿਸੇ ਪਾਸ ਮੰਗ ਕਰਨ ਦੀ ਵੀ ਲੋੜ ਨਹੀਂ। ਬਹੁਤ ਆਸਾਨ ਹੈ! ਬਸ ਅਖ਼ਬਾਰ ਵਿਚ ਇਸ਼ਤਿਹਾਰ ਅਤੇ ਅਦਾਲਤ ਵਿਚ ਇਕ ਹਲਫ਼ਿਆ ਬਿਆਨ ਦੀ ਲੋੜ ਹੈ!!!
ਨੋਟ:- ਮੈਂ ਸ਼ਬਦਾਂ ਦੀ ਬੇਲੋੜੀ ਖਿੱਚ-ਧੁਹ ਨੂੰ ਵਾਜਬ ਨਹੀਂ ਸਮਝਦਾ। ਉਪਰੋਕਤ ਵਿਚਾਰ ਕੇਵਲ ਉਨ੍ਹਾਂ ਸੱਜਣਾਂ ਦੇ ਨਾਮ ਹਨ ਜੋ ਆਪ ਸ਼ਬਦਾਂ ਦੀ ਬੋਲੋੜੀ ਖਿੱਚ-ਧੁਹ ਕਰਕੇ ਸਿੱਖੀ ਦੇ ਕੁੱਝ ਮੁੱਢਲੇ ਅਸੂਲਾਂ ਬਾਰੇ ਬੇਲੋੜੇ ਕਿੰਤੂ ਕਰਦੇ ਹਨ।
23.11.12

Monday, 12 November 2012

‘ਇਕ ਪ੍ਰਚਾਰਕ ਜੀ ਨਾਲ ਸੰਖੇਪ ਮੁਲਾਕਾਤ’
ਹਰਦੇਵ ਸਿੰਘ, ਜੰਮੂ

ਕੁੱਝ ਦਿਨ ਪਹਿਲਾਂ ਕੁੱਝ ਸੱਜਣਾ ਨਾਲ ਵਿਚਾਰ ਵਟਾਂਦਰੇ ਦੌਰਾਨ ਅਚਾਨਕ ਇੱਕ ਪ੍ਰਚਾਰਕ ਸੱਜਣ ਜੀ ਕਮਰੇ ਵਿੱਚ ਦਾਖ਼ਲ ਹੋਏ! ਸੋ ਇੱਕ ਮੁਖ਼ਤਸਰ ਜਿਹੀ ਮੁਲਾਕਾਤ ਹੋ ਗਈ। ਮੇਰੇ ਨਾਲ ਸ. ਦਵਿੰਦਰ ਸਿੰਘ, ਜੰਮੂ ਜੀ ਸਨ।

ਪ੍ਰਚਾਰਕ ਜੀ ਨੇ ਬੜੀ ਜਲਦੀ ਹੀ ਚਲਦੀ ਵਿਚਾਰ ਵਿੱਚ ਤਲਖ਼ੀ ਨਾਲ ਹਿੱਸਾ ਲੇਂਦੇ ਤਲਖ਼ ਅੰਦਾਜ਼ ਵਿੱਚ ਦਾਸ ਨੂੰ ਸਵਾਲ ਕੀਤਾ ਕਿ; ਕੀ ਤੁਸੀ ਚਾਹੁੰਦੇ ਹੋ ਕਿ ਅਸੀਂ ਜਿੱਥੇ ਖੜੇ ਹਾਂ ਉੱਥੇ ਹੀ ਖੜੇ ਰਈਏ? ਅੱਗੇ ਖੋਜ ਨਹੀਂ ਹੋਣੀਂ ਚਾਹੀਦੀ?

ਤਾਂ ਦਾਸ ਨੇ ਬੇਨਤੀ ਕੀਤੀ ਕਿ ਖੋਜ ਦਾ ਸਵਾਗਤ ਹੈ ਪਰ ਖੋਜ ਕਿਸੇ ਝੂਠ ਤੇ ਅਧਾਰਤ ਨਹੀਂ ਹੋਂਣੀ ਚਾਹੀਦੀ! ਮੈਂ ਸਵਾਲ ਕੀਤਾ ਕਿ ਕੀ ਖੌਜ ਝੂਠੇ ਤੱਥ ਪ੍ਰਚਾਰ ਕੇ ਹੋਂਣੀ ਚਾਹੀਦੀ ਹੈ? ਤਾਂ ਉਹ ਚੁੱਪ ਹੋ ਗਏ। ਅਤੇ ਫ਼ਿਰ ਬੋਲੇ ਕਿ ਕੀ ਗੁਰਬਾਣੀ ਨੂੰ ਵਿਗਿਆਨ ਢੰਗ ਨਾਲ ਨਹੀਂ ਵਿਚਾਰੀਆ ਜਾਣਾ ਚਾਹੀਦਾ?

ਤਾਂ ਦਾਸ ਨੇ ਕੁੱਝ ਤਫ਼ਸੀਲੀ ਜਵਾਬ ਦਿੰਦੇ ਕਿਹਾ ਕਿ ਵਿਗਿਆਨ ਨੂੰ ਵਿਚਾਰ ਵਿੱਚ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਸਦੇ ਨਾਲ ਹੀ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਵਿਗਿਆਨ ਤੋਂ ਉੱਪਰ ਅਧਿਆਤਮਕ ਪੱਖਾਂ ਨਾਲ ਵੀ ਜੁੜੀਆ ਹੈ ਜੋ ਕਿ ਵਿਗਿਆਨ ਦਾ ਵਿਸ਼ਾ ਨਹੀਂ। ਮੈਂ ਦੋ ਤਿੰਨ ਮਿਸਾਲਾਂ ਦਿੱਤੀਆਂ।

ਪਹਿਲੀ ਮਿਸਾਲ ਸੀ ਏ. ਕੇ. 47 ਦੀ! ਮੈਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੰਦੂਕ ਮਾਦਾ ਦੀ ਬਣੀਂ ਹੈ ਅਤੇ ਫ਼ਿਸਿੱਕਸ ਦੇ ਸਿਧਾਂਤ ਅਨੁਸਾਰ ਵਿਗਿਆਨਕ ਢੰਗ ਨਾਲ ਬਣਦੀ/ਚਲਦੀ ਹੈ। ਪਰ ਉਸ ਬੰਦੂਕ ਨਾਲ ਕਿਸੇ ਮਨੁੱਖ ਦੀ ਜਾਨ ਲਈ ਜਾਣੀ ਚਾਹੀਦੀ ਹੈ ਜਾਂ ਨਹੀਂ ਇਹ ਵਿਸ਼ਾ ਵਿਗਿਆਨ ਦਾ ਨਹੀਂ ਬਲਕਿ ਮਨੁੱਖੀ ਧਰਮ ਦਾ ਹੈ। ਐਟਮ ਬੰਬ ਬਣਦਾ ਵੀ ਵਿਗਿਆਨਕ ਢੰਗ ਨਾਲ ਹੈ ਅਤੇ ਚਲਦਾ ਵੀ ਵਿਗਿਆਨਕ ਢੰਗ ਨਾਲ। ਪਰ ਉਸ ਨੂੰ ਚਲਾਉਂਣਾ ਚਾਹੀਦਾ ਹੈ ਜਾਂ ਨਹੀਂ ਇਸਦਾ ਫ਼ੈਸਲਾ ਵਿਗਿਆਨ ਦੀ ਲੈਬਾਰਟਰੀ ਵਿੱਚ ਤੈਅ ਨਹੀਂ ਹੁੰਦਾ। ਇਸ ਮਿਸਾਲ ਤੇ ਉਹ ਚੁੱਪ ਰਹੇ!

ਦੂਜੀ ਮਿਸਾਲ ਸੀ ਇੱਕ ਗੁਲਾਬ ਦੇ ਫ਼ੁੱਲ ਦੀ! ਮੈਂ ਕਿਹਾ ਕਿ ਗੁਲਾਬ ਖ਼ੂਬਸੂਰਤ ਹੁੰਦਾ ਹੈ। ਪਰ ਕੀ ਉਸ ਦੀ ਸੁੰਦਰਤਾ ਨੂੰ ਵਿਗਿਆਨ ਦੀ ਕਿਸੇ ਲੈਬਾਰਟਰੀ ਵਿੱਚ ਨਾਪਿਆ ਜਾ ਸਕਦਾ ਹੈ? ਇੱਕੋ ਹੀ ਫ਼ੁੱਲ ਇਨਸਾਨ ਲਈ ਖ਼ੂਬਸੂਰਤ ਹੁੰਦਾ ਹੈ ਅਤੇ ਉਸੇ ਫ਼ੁੱਲ ਨੂੰ ਇੱਕ ਕੁੱਤਾ ਵੀ ਦੇਖਦਾ ਹੈ ਅਤੇ ਇੱਕ ਗਾਂ ਵੀ। ਉਸ ਗੁਲਾਬ ਲਈ ਇੱਕ ਕੁੱਤੇ ਦਾ ਨਜ਼ਰੀਆ ਕੀ ਹੈ, ਜਾਂ ਗਾਂ ਦੀ ਨਿਗਾਹ ਵਿੱਚ ਉਹ ਗੁਲਾਬ ਕੀ ਹੈ, ਇਸ ਦਾ ਸਾਨੂੰ ਕੋਈ ਪਤਾ ਨਹੀਂ! ਸਾਡੀ ਨਜ਼ਰ ਵਿੱਚ ਜੋ ਗੁਲਾਬ ਦੀ ਸੱਚਾਈ ਹੈ ਉਹ ਕੁੱਤੇ ਅਤੇ ਗਾਂ ਦੀ ਨਜ਼ਰ ਵਿਚਲੀ ਸੱਚਾਈ ਤੋਂ ਵੱਖਰੀ ਹੈ। ਇਸ ਲਈ ਵਿਗਿਆਨ ਸੱਚਾਈ ਦੇ ਕਈ ਪੱਖਾਂ ਨੂੰ ਜਾਣਨ ਤੋਂ ਅਸਮਰਥ ਹੈ। ਮੈਂ ਸਵਾਲ ਕੀਤਾ ਕਿ ਕੀ ਐਸੀਆਂ ਵਿਸਮਾਦ ਰੂਪ ਸੱਚਾਈਆਂ ਨੂੰ ਤੂਸੀ ਵਿਗਿਆਨ ਦੀ ਕਸਵਟੀ ਤੇ ਪਰਖ ਸਕਦੇ ਹੋ, ਜੋ ਕਿ ਕੁਦਰਤ ਵਿੱਚ ਮੌਜੂਦ ਹਨ, ਪਰ ਜਿਨ੍ਹਾਂ ਨੂੰ ਤੁਸੀ ਅੱਜੇ ਜਾਣਦੇ ਤਕ ਨਹੀਂ? ਇਸ ਤੇ ਉਹ ਬਿਲਕੁਲ ਖ਼ਾਮੋਸ਼ ਰਹੇ। ਮੈਂ ਕਿਹਾ ਕਿ ਗੁਰੂ ਨਾਨਕ ਵਲੋਂ ਦਰਸਾਏ ਅਧਿਆਤਮ ਬਾਰੇ ਅਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਉਸ ਦੇ ਸਾਰੇ ਪੱਖਾਂ ਨੂੰ ਪੁਰੀ ਤਰਾਂ ਜਾਣਦੇ ਹਾਂ। ਇਸ ਲਈ ਜਿਸ ਪੱਖ ਨੂੰ ਅੱਜੇ ਅਸੀਂ ਜਾਣਦੇ ਨਹੀਂ, ਉਸ ਤੇ ਵਿਗਿਆਨ ਦੀ ਕਸਵਟੀ ਕਿਵੇਂ ਵਰਤਾਂਗੇ? ਉਹ ਚੁੱਪ ਸਨ!

ਇਸੇ ਦੋਰਾਨ ਕਿਸੇ ਨੇ ਲੰਗਰ ਛੱਕ ਕੇ ਬਾਕੀ ਗਲ ਕਰਨ ਦਾ ਸੁਜਾਅ ਦੇ ਦਿੱਤਾ ਤਾਂ ਅਸੀਂ ਲੰਗਰ ਕਮਰੇ ਵਿੱਚ ਜਾ ਬੈਠੇ। ਸਬਬਨ ਉਹ ਪ੍ਰਚਾਰਕ ਜੀ ਵੀ ਮੇਰੇ ਸ੍ਹਾਮਣੇ ਹੀ ਬੈਠੇ ਸੀ। ਤਾਂ ਉਨ੍ਹਾਂ ਅਰਦਾਸ ਵਿਚਲੀ ਸ਼ਬਦਾਵਲੀ ਤੇ ਕਿੰਤੂ ਕਰਦੇ ਇੱਕ ਸਵਾਲ ਕੀਤਾ ਕਿ ਕੀ ਸਿੱਖ ਕੇਵਲ ਗੁਰਦੁਆਰੇਆਂ ਦੀ ਸੇਵਾ ਸੰਭਾਲ ਲਈ ਹੀ ਕੁਰਬਾਨੀਆਂ ਕਰਦੇ ਆਏ ਹਨ?
ਤਾਂ ਮੈਂ ਪ੍ਰਚਾਰਕ ਜੀ ਪਾਸ ਬੇਨਤੀ ਕੀਤੀ ਕਿ ਤੁਸੀ ਮਰਿਆਦਤ ਅਰਦਾਸ ਦੀ ਇੱਕ ਪੰਗਤੀ ਦੇ ਚੰਦ ਸ਼ਬਦਾਂ ਨੂੰ ਹੀ ਕਿਉਂ ਕੋਟ ਕਰ ਰਹੇ ਹੋ? ਪੁਰਾ ਸਬੰਧਤ ਪੈਰਾ ਕਿਉਂ ਨਹੀਂ ਪੜਦੇ? ਉੱਥੇ ਲਿਖਿਆ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ….

ਮੈਂ ਕਿਹਾ ਕਿ ਵੀਰ ਜੀ ‘ਧਰਮ ਹੇਤ ਸੀਸ ਦੇਂਣ ਆਦਿ ਤੋਂ ਲੇਕੇ ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ’ ਦੀ ਗਲ ਲਿਖੀ ਹੈ। ਯਾਨੀ ਕਿ ਧਰਮ ਹੇਤ (ਅਨੁਸਾਰ) ਕੀਤੇ ਕਈਂ ਕਾਰਜਾਂ ਦਾ ਜ਼ਿਕਰ ਹੈ ਨਾ ਕਿ ਸਿਰਫ਼ ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਾ! ਫ਼ਿਰ ਤੁਸੀਂ ਇੱਕ ਅਹਿਮ ਪੰਗਤੀ ਦੀ ਕੇਵਲ ਇੱਕ ਅਧੂਰੀ ਗਲ ਨੂੰ ਚੁੱਕੇ ਕੇ ਕਿੰਤੂ ਖੜਾ ਕਿਵੇਂ ਕਰ ਸਕਦੇ ਹੋ? ਤਾਂ ਪ੍ਰਚਾਰਕ ਜੀ ਨੇ ਸਵੀਕਾਰ ਕੀਤਾ ਕਿ ਹਾਂ ਕੁੱਝ ਗੱਲਾਂ ਦਾ ਪਤਾ ਤਾਂ ਆਪਸੀ ਵਿਚਾਰ ਨਾਲ ਹੀ ਚਲਦਾ ਹੈ।

ਇਸ ਉਪਰੰਤ ਇੱਕ ਹੋਰ ਵਿਸ਼ੇ ਬਾਰੇ ਬੜੀ ਛੋਟੀ ਜਿਹੀ ਵਿਚਾਰ ਹੋਈ ਜਿਸਦਾ ਜ਼ਿਕਰ ਇੱਥੇ ਕਰਨਾ ਠੀਕ ਨਹੀਂ ਜਾਪਦਾ। ਉਸ ਵਿਚਾਰ ਬਾਰੇ ਮੇਰੇ ਵਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਉਹ ਆਪਣੇ ਸਿਰੋਂ ਜ਼ਿੰਮੇਵਾਰੀ ਉਤਾਰ ਕੇ ਕਿਸੇ ਹੋਰ ਲਿਖਾਰੀ ਦੇ ਸਿਰ ਪਾਉਂਣ ਦਾ ਜਤਨ ਕਰ ਰਹੇ ਸੀ। ਖ਼ੈਰ!

ਲੰਗਰ ਛੱਕਣ ਦੀ ਸਮਾਪਤੀ ਹੋਈ ਤਾਂ ਮੇਜ਼ਬਾਨ ਸਾਹਿਬ ਜੀ ਨੇ ਕਿਹਾ ਕਿ ਤੁਸੀ ਕਮਰੇ ਵਿੱਚ ਜਾ ਕੇ ਵਿਚਾਰਾਂ ਜਾਰੀ ਰੱਖੋ ਤੇ ਮੈਂ ਕੋਈ ਜ਼ਰੂਰੀ ਕੰਮ ਨਿਪਟਾ ਕੇ ਵਾਪਸ ਪਰਤਦਾ ਹਾਂ। ਮੈਂ ਕੁੱਝ ਸੱਜਣਾ ਨਾਲ ਕਮਰੇ ਵਿੱਚ ਚਲਾ ਗਿਆ। ਬੜੀ ਹੈਰਾਨਗੀ ਹੋਈ ਕਿ ਉਹ ਪ੍ਰਚਾਰਕ ਜੀ ਬਿਨਾ ਕੋਈ ਗਲ ਕੀਤੇ ਅਤੇ ਬਿਨ੍ਹਾਂ ਮਿਲੇ-ਕੁੱਝ ਕਹੇ ਬਾਹਰੋ-ਬਾਹਰ ਹੀ ਚਾਲੇ ਪਾ ਗਏ। ਮੈਂ ਉਡੀਕਦਾ ਹੀ ਰਿਹਾ ਜਦ ਤਕ ਕਿ ਕਿਸੇ ਨੇ ਦੱਸਿਆ ਕਿ ਉਹ ਤਾਂ ਚਲੇ ਗਏ ਹਨ। ਉਨ੍ਹਾਂ ਐਸਾ ਕਿਉਂ ਕੀਤਾ ਇਹ ਤਾਂ ਉਹੀ ਬੇਹਤਰ ਜਾਣਦੇ ਹੋਂਣ ਗੇ! ਪਰ ਜੋ ਮੈਂਨੂੰ ਮਹਸੂਸ ਹੋਇਆ ਉਹ ਇਹ ਸੀ ਕਿ ਪ੍ਰਚਾਰਕ ਹੋਂਣ ਦੇ ਨਾਤੇ ਸਿੱਖੀ ਦੇ ਅਧਿਆਤਮਕ ਫ਼ਲਸਫ਼ੇ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਂਣ ਸਤਹੀ ਹੈ। ਉਨ੍ਹਾਂ ਆਰੰਭ ਵਿੱਚ ਤਲਖ਼ ਹੋ ਕੇ ਆਪਣਾ ਪ੍ਰਭਾਵ ਜਤਾਉਂਣ ਦਾ ਜਤਨ ਵੀ ਕੀਤਾ ਸੀ ਜੋ ਕਿ ਇੱਕ ਪ੍ਰਚਾਰਕ ਨੂੰ ਸੋਭਦਾ ਨਹੀਂ। ਇਹ ਉਨ੍ਹਾਂ ਦਾ ਸੁਭਾਅ ਸੀ ਜਾਂ ਮੇਰੇ ਨਾਲ ਉਚੇਚਾ ਵਰਤਾਵ? ਮੈਂ ਸੋਚਦਾ ਰਿਹਾ! ਵਿਚਾਰਕ ਵਖਰੇਵਾਂ ਅਲਗ ਹੁੰਦਾ ਹੈ ਪਰ ਪ੍ਰਚਾਰਕ ਜੀ ਅਤੇ ਬਾਕੀ ਮਿੱਠਬੋਲੜੇ ਸੱਜਣਾਂ ਦੇ ਸੁਭਾਅ ਵਿੱਚ ਕਾਫ਼ੀ ਅੰਤਰ ਮਹਸੂਸ ਹੋਇਆ।

ਜੇ ਕਰ ਪ੍ਰਚਾਰਕ ਜੀ ਕੁੱਝ ਸਮ੍ਹਾਂ ਹੋਰ ਬੈਠਦੇ ਤਾਂ ਹੋਰ ਵਿਸਤ੍ਰਤ ਵਿਚਾਰਾਂ ਹੁੰਦੀਆਂ। ਕੁੱਝ ਸਿੱਖਣ ਦਾ ਮੌਕਾ ਮਿਲਦਾ। ਪਰ ਉਹ ਜਾ ਚੁੱਕੇ ਸੀ! ਬਾਕੀ ਸੱਜਣਾਂ ਨਾਲ ਕੁੱਝ ਵਿਚਾਰਾਂ ਉਪਰੰਤ ਮੈਂ ਤੇ ਸ. ਦਵਿੰਦਰ ਸਿੰਘ ਜੀ ਬਾ-ਕਾਯਦਾ ਪਿਆਰ ਭਰੀ ਰੁੱਖ਼ਸਤ ਲੇ ਕੇ ਵਾਪਸ ਪਰਤ ਆਏ।

ਹਰਦੇਵ ਸਿੰਘ, ਜੰਮੂ-4. 11. 12

Wednesday, 24 October 2012

ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨਾਂ ਦੀ ਪਦਵੀ ਬਾਰੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ
- ਹਰਦੇਵ ਸਿੰਘ, ਜੰਮੂ

ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਕੁੱਝ ਸਮਾਂ ਪਹਿਲਾਂ ਹੋਈ ਵਿਚਾਰ ਚਰਚਾ ਦੌਰਾਨ, ਮੈਂ ਵਿਸ਼ੇਸ਼ ਨੁੱਕਤਿਆਂ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ‘ਦੋ’ ਉਚੇਚੇ ਸਵਾਲ ਪੁੱਛੇ ਸਨ, ਜਿਨ੍ਹਾਂ ਦੇ ਉਨ੍ਹਾਂ ਬੇਬਾਕੀ ਨਾਲ ਜਵਾਬ ਦਿੱਤੇ। ਇਹ ਸਵਾਲ ਮੈਂ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਧਿਰ ਜਾ ਸੱਜਣ ਦਾ ਨਾਮ ਲਏ ਪੁੱਛੇ ਸਨ, ਇਸ ਲਈ ਉਨ੍ਹਾਂ ਦੇ ਜਵਾਬ ਕਿਸੇ ਵਿਯੱਕਤੀ/ਵਿਯੱਕਤੀਆਂ ਵਿਸ਼ੇਸ਼ ਨੂੰ ਮੁਖਾਤਬ ਨਹੀਂ ਸਨ।

ਇਨ੍ਹਾਂ ਦੋ ਸਵਾਲਾਂ ਵਿਚੋਂ ਪਹਿਲਾ ਸਵਾਲ "ਅੱਜਕਲ ਕੁੱਝ ਸੱਜਣਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗਲਤਿਆਂ ਹੋਂਣ ਦੀ ਗਲ ਜਨਤਕ ਕਰਨ ਬਾਰੇ " ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਕਾਲਾ ਅਫ਼ਗ਼ਾਨਾ ਜੀ ਨੇ ਤਿੱਖੀ ਪ੍ਰਤਿਕ੍ਰਿਆ ਕਰਦੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਐਸਾ ਕਰਨ ਵਾਲੇ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜਾਂ ਫ਼ਿਰ ਉਹ ਸਿੱਖੀ ਦੇ ‘ਦੁਸ਼ਮਣ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਪੁਸਤਕ ਨਹੀਂ ਬਲਕਿ ‘ਲੀਵਿੰਗ ਗੁਰੂ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣਾ ਅਤੇ ਨਾਲ ਹੀ ਗੁਰੂ ਵਿਚ ਗਲਤਿਆਂ ਦੀ ਗਲ ਪ੍ਰਚਾਰਨਾ ਬਹੁਤ ਗਲਤ ਹੈ।

ਮੇਰਾ ਦੂਜਾ ਸਵਾਲ "ਗੁਰੂ ਸਾਹਿਬਾਨਾਂ ਦੀ ਗੁਰਤਾ ਤੇ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਅਤੇ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਪ੍ਰਚਾਰ " ਨੂੰ ਲੇ ਕੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਉਨ੍ਹਾਂ ਇਸ ਪ੍ਰਵ੍ਰਿਤੀ ਦੀ ਵੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਵਿਚਾਰ ਪ੍ਰਗਟ ਕੀਤਾ ਕਿ ਐਸਾ ਕਰਨ ਵਾਲੇ ਮਾਨੋ ‘ਬਦਬੂ’ ਭਰੀਆਂ ‘ਉਲਟਿਆਂ’ ਕਰਨ ਵਾਲਿਆਂ ਵਾਂਗ ਹਨ ਜਿਨ੍ਹਾਂ ਦੀ ਅਣਦੇਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹ ਜਾਂਦੇ ਜੇ ਕਰ ਕੋਈ ਉਲਟੀ ਮਾਰਦਾ ਹੋਵੇ ਤਾਂ ਸਾਫ਼ ਨਹੀਂ ਕਰੀਦਾ ਬਲਕਿ ਇਕ ਪਾਸਿਯੋਂ ਨਿਕਲ ਜਾਈਦਾ ਹੈ।

ਉਨ੍ਹਾਂ ਕਿਹਾ ਕਿ ਐਸੇ ਵਿਦਵਾਨ ਬਣੇ ਲਿਖਾਰੀਆਂ ਨੂੰ ਪੜਨਾ ਹੀ ਨਹੀਂ ਚਾਹੀਦਾ ਬਲਕਿ ਜਾਣਕਾਰ ਵਿਦਵਾਨ ਹੋਏ ਲੋਕਾਂ ਨੂੰ ਪੜਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਉਚੇਚੇ ਤੌਰ ਤੇ ਭਾਈ ਵੀਰ ਸਿੰਘ ਜੀ ਦੀ ਲਿਖੀ ਪੁਸਤਕ ‘ਕਲਗੀਧਰ ਚਮਤਕਾਰ’ ਦਾ ਜ਼ਿਕਰ ਕੀਤਾ।

ਇਨ੍ਹਾਂ ਸਵਾਲਾਂ ਬਾਰੇ ਕਾਲਾ ਅਫ਼ਗ਼ਾਨਾ ਜੀ ਨੇ ਜੋ ਵਿਚਾਰ ਪ੍ਰਗਟ ਕੀਤੇ ਉਸ ਤੋਂ ਸਪਸ਼ਟ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਤੇ ਗੁਰੂ ਸਾਹਿਬਾਨ ਜੀ ਦੀ ਸਥਿਤੀ ਬਾਰੇ ਕਿੰਤੂ ਦਾ ਪ੍ਰਭਾਵ ਉੱਤਪੰਨ ਕਰਦੇ ਵਿਚਾਰਾਂ ਤੋਂ ਬਿਲਕੁਲ ਅਸਹਿਮਤ ਹਨ ਅਤੇ ਉਨ੍ਹਾਂ ਕਰੜੇ ਸ਼ਬਦਾਂ ਵਿਚ ਆਪਣੀ ਇਸ ਅਸਹਿਮਤੀ ਦਾ ਪ੍ਰਗਟਾਵਾ ਕੀਤਾ।

ਮੈਂ ਪਾਠਕਾਂ ਦੇ ਧਿਆਨ ਲਈ ਇਹ ਸਪਸ਼ਟ ਕਰ ਦੇਵਾਂ ਕਿ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਹੋਈ ਗਲਬਾਤ ਮੇਰੇ ਪਾਸ ਸੁਰਖਿਅਤ ਹੈ ਜਿਸ ਨੂੰ ਮੈਂ ਉਨ੍ਹਾਂ ਦੇ ਕਹਿਣ ਤੇ ਸੁਰਖਿਅਤ ਕਰ ਲਿਆ ਸੀ।
24.10.12
 With Thanks From Khalsanews.org

Tuesday, 23 October 2012

‘ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ ਖੇਤਰ’
Oct 23,2012
(ਹਰਦੇਵ ਸਿੰਘ ਜੰਮੂ)


 ਗੁਰਮਤਾ!ਇਸਦਾ ਦਾ ਸਾਧਾਰਨ ਜਿਹਾ ਅਰਥ ਹੈ ਗੁਰੂ ਦੀ ਮਤ (ਗੁਰਮਤਿ) ਦੇ ਅਨੁਸਾਰ ਕੀਤਾ ਗਿਆ ਫ਼ੈਸਲਾ। ਸਿੱਖ ਇਤਹਾਸ ਵਿਚ ਗੁਰਮਤੇ ਦਾ ਉੱਲੇਖ ਅਕਸਰ ਹੋਇਆ ਨਜ਼ਰ ਆਉਂਦਾ ਹੈ ਜਿਸ ਨੂੰ ਸਰਬਤ ਖ਼ਾਲਸਾ ਵਲੋਂ ਵਰਤਿਆ ਜਾਂਦਾ ਰਿਹਾ।ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਦ ਪੰਥਕ ਕਾਰ ਚਲਾਉਂਣ ਲਈ ‘ਖ਼ਾਲਸਾ ਆਰਡਰ’ ਦੀ ਸਥਾਪਨਾ ਕੀਤੀ ਜਿਸਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋ ਕੇ ਗੁਰਮਤਿ ਅਨੁਸਾਰੀ ਪੰਥਕ ਨਿਰਨੇ ਕਰਨੇ ਸੀ।ਭਾਈ ਨੰਦ ਨਾਲ ਜੀ ਦਾ ਰਹਿਤਨਾਮਾ ਅਤੇ ਦਾਦੂ ਦੀ ਕਬਰ ਵਾਲੀ ਸਾਖੀ ਇਸ ਗਲ ਦਾ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ ਕਿ ਦਸ਼ਮੇਸ਼ ਜੀ ਖ਼ਾਲਸੇ ਨੂੰ ਭਾਵੀ ਸਮੇਂ ਲਈ ਆਪਣੀ ਜਿੰਮੇਵਾਰੀ/ਅਧਿਕਾਰ ਅਤੇ ਉਸਦੀ ਵਰਤੋਂ ਬਾਰੇ ਪ੍ਰਸ਼ਿਕਸ਼ਤ (Trained) ਕਰ ਰਹੇ ਹੀ।ਦਸ਼ਮੇਸ਼ ਜੀ ਨੇ ਖ਼ਾਲਸੇ ਦੀ ਸਿਰਜਣਾ ਰਾਹੀਂ ਗੁਰੂ ਅਤੇ ਚੇਲੇ ਵਿਚਲੀ ਭਾਵੀ ਸਾਂਝੇਦਾਰੀ ਦੇ ਭਾਵ ਨੂੰ ਵਿਕਸਤ ਕੀਤਾ ਸੀ।ਇਹ ਗੁਰੂ ਗ੍ਰੰਥ ਦੀ ਤਾਬਿਆ ਖੜੇ ਕੀਤੇ ਖ਼ਾਲਸੇ ਲਈ, ਪੰਥਕ ਏਕੇ ਦੇ ਪ੍ਰਬੰਧ ਬਾਰੇ, ਦਸ਼ਮੇਸ਼ ਜੀ ਦੇ ਮਜ਼ਬੂਤ ਪ੍ਰਬੰਧਕੀ ਕੋਸ਼ਲ ਦਾ ਸਬੂਤ ਸੀ ਜਿਸ ਵਿਚ ਪੰਥਕ ਨਿਰਨੇ ਦਾ ਅਧਾਰ ਇਲਾਹੀ ਗਿਆਨ ਸੀ ਅਤੇ ਜੁਗਤ ਸੀ ਖ਼ਾਲਸਾ!ਕਈ ਇਤਹਾਸਕ ਦਸਤਾਵੇਜ਼ਾਂ/ਸੋਮਿਆਂ ਵਿਚ ਗੁਰਮਤੇ ਕਰਨ ਬਾਰੇ ਜ਼ਿਕਰ ਮਿਲਦਾ ਹੈ।

ਖ਼ਾਲਸੇ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਨੂੰ ਗੁਰੂ ਦਾ ਨਿਰਨਾ ਸਵੀਕਾਰ ਕੀਤੇ ਜਾਣ ਦੀ ਧਾਰਨਾ ਦਸ਼ਮੇਸ਼ ਜੀ ਨੇ ਹੀ ਦਿੱਤੀ ਸੀ ਕਿਉਂਕਿ ਦਸ਼ਮੇਸ਼ ਜੀ ਤੋਂ ਬਾਦ ਖ਼ਾਲਸੇ ਨੇ ਹੀ ਗੁਰੂ ਦੇ ਨਿਰਨੇ ਦੀ ਪਛਾਂਣ ਕਰਕੇ ਉਸ ਨੂੰ ਪ੍ਰੇਸ਼ਤ (communicate) ਕਰਨਾ ਸੀ। ਇਹੀ ਗੁਰੂ ਦੀ ਅਗੁਆਈ ਹੇਠ ਪੰਥਕ ਕਾਰ ਨੂੰ ਅੱਗੇ ਤੋਰਨ ਦੀ ਜੁਗਤ ਸੀ। ਇਹ ਗੁਰੂ ਦਾ ਆਪਣੇ ਚੇਲਿਆਂ ਤੇ ਕੀਤਾ ਇੱਕ ਐਸਾ ਵਿਸ਼ਵਾਸ ਸੀ ਜਿਸਦੀ ਮਿਸਾਲ ਸੰਸਾਰ ਦੇ ਅਧਿਆਤਮਕ ਤਲ ਤੇ ਪਹਿਲੀ ਵਾਰ ਕਾਯਮ ਹੋਈ। ਹੁਣ ਕੋਈ ਅਕ੍ਰਿਤਘਣ ਜਾਂ ਨਾਸਮਝ ਹੋਵੇ ਤਾਂ ਗਲ ਵੱਖਰੀ ਹੈ। ਇਤਹਾਸ ਵਿੱਚ ‘ਉਸ ਵਿਸ਼ਵਾਸ’ ਦੇ ਪਾਤਰ ਵੀ ਹੋਏ ਹਨ ਅਤੇ ਉਸਦੇ ਘਾਤੀ ਵੀ। ਖ਼ੈਰ!

ਗੁਰੂ ਗੋਬਿੰਦ ਸਿੰਘ ਜੀ ਉਪਰੰਤ ਗੁਰਮਤਾ ਵਿਵਸਥਾ ਰਾਹੀਂ ਕੋਮੀ ਮਸਲਿਆਂ ਬਾਰੇ ਨਿਰਨੇ ਲਏ ਜਾਂਦੇ ਸੀ।ਇਕ ਇਤਹਾਸਕਾਰ ਨੇ ਗੁਰਮਤੇ ਦੀ ਸਿਧਾਂਤਕ ਅਤੇ ਪੰਥਕ ਸਥਿਤੀ ਬਾਰੇ ਇੰਝ ਲਿਖਿਆ ਹੈ:-

“ ਜਦੇਂ ਵੀ ਪੰਥ ਨੇ ਗੁਰਮਤਾ ਕਰਕੇ ਕੋਈ ਮੁਹੀਮ ਛੇੜੀ, ਗੁਰੂ ਨੇ ਪੰਥ ਨੂੰ ਪੁਰੀ ਕਾਮਯਾਬੀ ਬਖ਼ਸ਼ੀ। ਗੁਰਮਤਾ ਪੰਥ ਦਾ ਸਮੁੱਚਾ ਫ਼ੈਸਲਾ, ਪੰਥ ਦੀ ਆਵਾਜ਼ ਹੁੰਦਾ ਹੈ।ਗੁਰਮਤਾ ਗੁਰੂ ਦੀ ਆਸੀਸ ਹੁੰਦਾ ਹੈ।ਗੁਰਮਤਾ ਕੋੰ ਦੀ ਅਰਦਾਸ ਹੁੰਦਾ ਹੈ। ਗੁਰਮਤਾ ਪੰਥਕ ਇੱਤਹਾਦ (ਏਕਤਾ),ਸਾਂਝ, ਪਿਆਰ, ਮਿਲਵਰਤਨ ਦਾ ਐਲਾਨਨਾਮਾ ਹੁੰਦਾ ਹੈ।ਗੁਰਤਾ ਗੁਰੂ ਨਾਲ ਕੀਤਾ ਹੋਇਆ ਪ੍ਰਣ ਹੈ,ਜਿਸ ਵਿਚ ਸੇਵਾ ਅਕੀਦੇ ਦਾ ਵਾਅਦਾ ਹੈ।ਗੁਰਮਤਾ ਸਿੱਖ ਕੋਮ ਦੀ ਲਾਸਾਨੀ ਜਮਾਤ  ਦੀ ਨਿਸ਼ਾਨੀ ਤੇ ਹਸਤੀ ਹੈ।

ਗੁਰਮਤੇ ਤੇ ਅਮਲ ਕਰਨਾ ਹਰ ਸਿੱਖ ਦਾ ਫ਼ਰਜ਼ ਹੈ।ਅਜਿਹੇ ਸਿੱਖ ਨੂੰ ਗੁਰੂ ਦੀ ਬਖ਼ਸ਼ੀਸ਼ ਹਾਸਿਲ ਹੁੰਦੀ ਹੈ।ਅਕਾਲ ਤਖ਼ਤ ਤੋਂ ਜਾਰੀ ਹੋਂਣ ਮਗਰੋਂ ਇਹ ਗੁਰਮਤਾ ਹੁਕਮਨਾਮਾ ਬਣ ਜਾਂਦਾ ਹੈ ਤੇ ਇਸ ਨੂੰ ਗੁਰੂ ਦੀ ਮੋਹਰ ਵਾਲੀ ਥਾਂ ਹਾਸਿਲ ਹੁੰਦੀ ਹੈ।ਇੰਝ ਇਹ ਗੁਰੂ ਦਾ ਨਿਸਾਣੁ ਹੋ ਜਾਂਦਾ ਹੈ”

ਖ਼ੈਰ, ਇਸ ਸੰਖੇਪ ਚਰਚਾ ਵਿਚ ਅਸੀਂ ਕੇਵਲ ਗੁਰਮਤੇ ਬਾਰੇ ਖ਼ਾਲਸੇ ਦੇ ਅਧਿਕਾਰ ਖੇਤਰ ਦੀ ਵਿਚਾਰ ਕਰਨ ਦਾ ਜਤਨ ਕਰੀਏ!

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਸ਼ਮੇਸ਼ ਜੀ ਨੇ ਪੰਥ ਨੂੰ ਵਿਸ਼ੇਸ਼ ਅਧਿਕਾਰ ਨਾਲ ਨਿਵਾਜਿਆ ਸੀ ਅਤੇ ਇਸੇ ਲਈ ਪੰਥ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਗੁਰੂ ਦਾ ਨਿਰਨਾ ਕਰਕੇ ਸਵੀਕਾਰ ਕੀਤੇ ਜਾਂਦੇ ਰਹੇ।ਪਰ ਗੁਰਮਤਾ ਕਰਨ ਵੇਲੇ ਪੰਥ ਦੇ ਅਧਿਕਾਰ ਖ਼ੇਤਰ ਦੀ ਵੀ ਇਕ ਸੀਮਾ ਸੀ ਜਿਸ ਨੂੰ ਸਿੱਖ ਰਹਿਤ ਮਰਿਆਦਾ ਰਾਹੀਂ ਵਧੇਰੇ ਸਪਸ਼ਟ ਕੀਤਾ ਗਿਆ।

ਸਿੱਖ ਰਹਿਤ ਮਰਿਆਦਾ ਵਿਚ ਗੁਰਮਤਾ ਕਰਨ ਦਾ ਜ਼ਿਕਰ ਹੈ।ਇਸਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-

“ ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ‘ਤੇ ਹੀ ਹੋ ਸਕਦਾ ਹੈ, ਜੋ ਕਿ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਂਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਯਮ ਰੱਖਣ ਬਾਬਤ..”

ਸਿੱਖ ਰਹਿਤ ਮਰਿਆਦਾ ਦੀ ਇਹ ਮੱਧ ਬੜੀ ਦੁਰਅੰਦੇਸ਼ ਅਤੇ ਗੁਰਮਤਿ ਸਿਧਾਤਾਂ ਦੇ ਅਨੁਕੂਲ ਹੈ।ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ਸਿੱਖ ਦੇ ਮੁੱਢਲੇ ਅਸੂਲਾਂ ਅਤੇ ਉਨ੍ਹਾਂ ਪ੍ਰਤੀ ਪੰਥ ਦੇ ਅਧਿਕਾਰ ਖੇਤਰ ਤੋਂ ਚੰਗੀ ਤਰਾਂ ਜਾਣੁ ਸਨ।ਖ਼ਾਲਸਾ ਦਾ ਵਲੋਂ ਕੀਤਾ ਨਿਰਨਾ ਕੇਵਲ ਉਸ ਸੁਰਤ ਵਿਚ ਹੀ ਗੁਰੂ ਦਾ ਨਿਰਨਾ ਹੋ ਸਕਦਾ ਸੀ ਜਿਸ ਵੇਲੇ ਉਹ ਨਿਰਨਾ ਹੇਠ ਲਿਖਿਆ ਮੁੱਢਲੀਆਂ ਗਲਾਂ ਦੀ ਪੁਸ਼ਟੀ (ਪ੍ਰੋਢਤਾ/ਸੱਤਯਾਪਨ/ਅਨੁਮੋਦਨ) ਕਰਦਾ ਹੋਵੇ:-

  •     ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ!
  •     ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ!
  •     ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ!
  •     ਰਹਿਤ-ਬਹਿਤ ਦੀ ਪੁਸ਼ਟੀ ਲਈ!
  •     ਪੰਥਕ ਬਨਾਵਟ ਦੀ ਪੁਸ਼ਟੀ ਲਈ!

ਆਉ ਜ਼ਰਾ ਇਨ੍ਹਾਂ ਨੁਕਤਿਆ ਨੂੰ ਸੰਖ਼ੇਪ ਵਿਚਾਰਨ ਦਾ ਜਤਨ ਕਰੀਏ:-

    ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ:-

ਖ਼ਾਲਸਾ ਪੰਥ ਨੂੰ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦੇ ਵਿਰੋਧ ਵਿਚ ਭੁਗਤਦਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।ਖ਼ਾਲਸਾ ਪੰਥ ਕੇਵਲ ਦਾਸ ਗੁਰੂ ਸਾਹਿਬਾਨ ਦੀ ਗੁਰਤਾ ਪਦਵੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦਾ ਅਨੁਮੋਦਨ ਕਰ ਲਈ ਪਾਬੰਦ ਹੈ। ਨਾ ਤਾਂ ਦਸ ਗੁਰੂ ਸਾਹਿਬਾਨ ਜੀ ਦੀ ਗੁਰਤਾ ਪਦਵੀ ਬਾਰੇ ਤਰਮੀਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬਾਰੇ। ਗੁਰੂਆਂ ਦੀ ਗਿਣਤੀ ਵਿਚ ਕਿਸੇ ਵਾਧੇ-ਘਾਟੇ ਦਾ ਮਤਾ ਕਰਨਾ ਖ਼ਾਲਸੇ ਦੇ ਅਧਿਕਾਰ ਖੇਤਰ ਵਿਚ ਨਹੀਂ।

ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਹਟਾਉਂਣ ਜਤਨ ਹੋ ਰਹੇ ਹਨ ਅਤੇ ਇਹ ਜਤਨ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਵਲੋਂ ਹੋ ਰਹੇ ਹਨ।

    ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ:-

ਬੀੜ ਦੀ ਨਿਰੋਲਤਾ ਤੋਂ ਭਾਵ ਹੈ ਕਿ ਬੀੜ ਵਿਚੋਂ ਕਿਸੇ ਬਾਣੀ ਆਦਿ ਦਾ ਵਾਧਾ-ਘਾਟਾ ਜਾਂ ਬਾਣੀ ਦੀ ਤਰਮੀਮ ਵਿਚ ਤਬਦੀਲੀ ਦਾ ਅਧਿਕਾਰ ਖ਼ਾਲਸੇ ਪਾਸ ਨਹੀਂ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਲਈ ਕੁੱਝ ਬਾਣੀਆ ਤੇ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ।ਇਹ ਜਤਨ ਵੀ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਕੁੱਝ ਧਿਰਾਂ ਵਲੋਂ ਹੋ ਰਹੇ ਹਨ।

    ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖ਼ਾਲਸਾ ਕਦੇ ਇਹ ਨਿਰਨਾ ਨਹੀਂ ਕਰ ਸਕਦਾ ਕਿ ਖੰਡੇ ਦਾ ਅੰਮ੍ਰਿਤ ਗੁਰਮਤਿ ਸਿਧਾਂਤ ਦਾ ਅੰਗ ਨਹੀਂ ਅਤੇ ਇਸ ਦੀ ਲੋੜ ਨਹੀਂ।ਕਿਸ ਵਲੋਂ ਨਿਜੀ ਰੂਪ ਵਿਚ ਖੰਡੇ ਦਾ ਅੰਮ੍ਰਿਤ ਗ੍ਰਹਣ ਕਰਨਾ ਜਾਂ ਨਾ ਕਰਨਾ ਨਿਜੀ ਗਲ ਹੈ ਪਰੰਤੂ ਖੰਡੇ ਦੇ ਅੰਮ੍ਰਿਤ ਦੇ ਵਿਰੋਧ ਵਿਚ ਭੁਗਦਤਾ ਮਤਾ ਗੁਰਮਤਾ ਨਹੀਂ ਹੋ ਸਕਦਾ ਅਤੇ ਖ਼ਾਲਸਾ ਪੰਥ ਨੂੰ ਐਸਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਕੁੱਝ ਸੱਜਣ ਆਪਣੀ ਨਿਜੀ ਵਿਚਾਰਾਂ ਨੂੰ ਦਸ਼ਮੇਸ਼ ਜੀ ਵਲੋਂ ਦਿੱਤੀ ਜੁਗਤ ਨੂੰ ਬਦਲਣ ਲਈ ਵਰਤ ਰਹੇ ਹਨ

    ਰਹਿਤ-ਬਹਿਤ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਨੂੰ ਬਦਲਣ ਦਾ ਅਧਿਕਾਰ ਖ਼ਾਲਸਾ ਪੰਥ ਨੂੰ ਨਹੀਂ ਹੈ। ਯਾਨੀ ਕਿ ਗੁਰੂ ਵਲੋਂ ਦਿੱਤੇ ਪੰਜ ਕਕਾਰਾਂ ਵਿਚ ਤਬਦੀਲੀ ਜਾਂ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ।ਮਿਸਾਲ ਦੇ ਤੌਰ ਤੇ ਖ਼ਾਲਸਾ ਪੰਥ ਇਹ ਮਤਾ ਨਹੀਂ ਕਰ ਸਕਦਾ ਕਿ ਕੇਸ ਰੱਖਣਾ ਗੁਰਮਤਿ ਨਹੀਂ! ਖ਼ਾਲਸਾ ਪੰਥ ਇਹ ਮਤਾ ਵੀ ਨਹੀਂ ਕਰ ਸਕਦਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਦੀ ਥਾਂ ਹੋਰ ਪੱਧਤੀ ਵਰਤੀ ਜਾਏ ਜਾਂ ਉਸ ਨੂੰ ਬੰਦ ਕੀਤਾ ਜਾਏ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਖੰਡੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਬਾਰੇ ਕਈ ਕਿਸਮ ਦੇ ਭੁਲੇੱਖੇ ਖੜੇ ਕਰਨ ਦੇ ਜਤਨ ਹੋ ਰਹੇ ਹਨ!

    ਪੰਥਕ ਬਨਾਵਟ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖ਼ਾਲਸੇ ਦਾ ਕੋਈ ਇੱਕਠ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੀ ਹੋਂਦ ਅਤੇ ਗੁਰੂਆਂ ਵਲੋਂ ਉਸਦੀ ਘੱੜੀ ਹੋਈ ਬਨਾਵਟ ਨੂੰ ਬਦਲਿਆ ਜਾਏ।ਗੁਰੂਆਂ ਨੇ ਸਿੱਖਾਂ ਨੂੰ ‘ਇਕ ਪੰਥ’ ਦੀ ਧਾਰਨਾ ਦਿੱਤੀ ਸੀ।ਕਿਸੇ ਇੱਕਠ ਨੂੰ ਇਹ ਅਧਿਕਾਰ ਨਹੀਂ ਕਿ ਉਹ ‘ਇੱਕ ਪੰਥ’ ਦੇ  ਗੁਰਮਤੀ ਸਿਧਾਂਤ ਨੂੰ ਭੰਗ ਕਰਦੇ ਹੋਏ ਪੰਥ ਦੇ ਅੰਦਰ ਜਾ ਬਾਹਰ ਕਿਸੇ ਹੋਰ ਪੰਥਕ ਸ਼ਾਖਾ ਨੂੰ ਘੜਨ ਦਾ ਮਤਾ ਕਰੇ।ਗੁਰੂਆਂ ਵਲੋਂ ਘੜੀ ਪੰਥਕ ਬਨਾਵਟ ਵਿਚ ਸਿੱਖਾਂ ਦਾ ਇਕ ਕੋਮੀ ਕੇਂਦਰ ਦਰਬਾਰ ਸਾਹਿਬ ਹੈ ਅਤੇ ਸ਼੍ਰੀ ਅਕਾਲ ਤਖ਼ਤ ਹੈ ਜਿਸਦੀ ਹੋਂਦ ਤੋਂ ਮੁਨਕਰ ਹੋਣ ਦਾ ਮਤਾ ਕਿਸੇ ਵੀ ਇਕੱਠ ਵਿਚ ਨਹੀਂ ਹੋ ਸਕਦਾ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੇ ਸਿਧਾਂਤ ਦੇ ਅੰਤਰਗਤ ਕੀਤੇ ਪ੍ਰਬੰਧਾਂ ਦੀ ਹੋਂਦ ਨੂੰ ਢਾਹ ਲਾਉਣ ਦੇ ਜਤਨ ਹੋ ਰਹੇ ਹਨ।

ਕੁਲ ਮਿਲਾ ਕੇ ਪਤਾ ਚਲਦਾ ਹੈ ਕਿ ਕੁੱਝ ਉਤਾਵਲੇ ਸੱਜਣ ਆਪਣੀ ਨਾਸਮਝੀ ਵਿਚ ਉਨ੍ਹਾਂ ਮੁੱਢਲੇ ਅਸੂਲਾਂ ਬਾਰੇ ਵੀ ਬਚਕਾਨੀਆਂ ਗਲਾਂ ਕਰਦੇ ਹਨ ਜਿਨ੍ਹਾਂ ਦੇ ਵਿਰੋਧ ਵਿਚ ਕੋਈ ਵੀ ਮਤਾ, ਗੁਰਮਤਾ ਕਹਿਆ ਹੀ ਨਹੀਂ ਜਾ ਸਕਦਾ।ਉਹ ਇੰਝ ਦਾ ਵਰਤਾਵ ਕਰ ਰਹੇ ਹਨ ਜਿਵੇਂ ਕਿ ਉਹ ਸਿੱਖੀ ਦੇ ਆਖਰੀ ਸਿਰੇ ਤੇ ਖੜੇ ਹਨ ਜਿਸ ਤੋਂ ਅੱਗੇ ਨਾ ਤਾਂ ਕੋਈ ਸਿੱਖੀ ਹੋਂਣੀ ਹੈ ਅਤੇ ਨਾ ਹੀ ਸਿੱਖੀ ਨਾਲ ਜੁੜੀ ਕਿਸੇ ਪੰਥਕ ਵਿਵਸਥਾ ਦੀ ਲੋੜ। ਉਹ ਇਹ ਵੀ ਦਰਸਾਉਂਦੇ ਹਨ ਕਿ ਉਨ੍ਹਾਂ ਦੇ ਵਿਚਾਰਾਂ ਤੋਂ ਪਹਿਲਾਂ ਕਿਸੇ ਨੂੰ ਵੀ ਸਿੱਖੀ ਦਾ ਗਿਆਨ ਨਹੀਂ ਸੀ ਇਸ ਕਰਕੇ ਸਭ ਕੁੱਝ ਗਲਤ ਹੀ ਹੁੰਦਾ ਆਇਆ ਹੈ।ਉਹ ਇਹ ਸਮਝਣ ਵਿਚ ਅਸਮਰਥ ਹਨ ਕਿ ਸਿੱਖੀ ਅਤੇ ਪੰਥਕ ਜੁਗਤ ਸਦੀਵੀਂ ਚਲਣ ਵਾਲੀਆਂ ਗਲਾਂ ਹਨ।ਉਹ ਸਿੱਖੀ ਨੂੰ ਕੇਵਲ ਆਪਣੇ ਜੀਵਨ ਨਾਲ ਸਬੰਧਤ ਸਮਝ ਕੇ ਤੁਰ ਰਹੇ ਹਨ।

ਉਨ੍ਹਾਂ ਸੱਜਣਾ ਦਾ ਹੋਮ ਵਰਕ ਇਤਨਾ ਵੀ ਨਹੀਂ ਕਿ ਉਹ ਨਾਸਮਝੀਆਂ ਕਰਨ ਤੋਂ ਪਹਿਲਾਂ ਗੁਰਮਤੇ ਦੀ ਧਾਰਨਾ, ਖ਼ਾਲਸੇ ਦੇ ਅਧਿਕਾਰ ਖੇਤਰ ਅਤੇ ਦੋਹਾਂ ਗਲਾਂ ਦਰਮਿਆਨ ਗੁਰੂਆਂ ਵਲੋਂ ਸਥਾਪਤ ਕੀਤੇ ਸੰਤੁਲਨ ਬਾਰੇ ਵਿਚਾਰ ਕਰ ਸਕਣ।


-ਹਰਦੇਵ ਸਿੰਘ, ਜੰਮੂ

Tuesday, 9 October 2012

'ਸੱਚ ਤੋਂ ਦੂਰ ਸੱਚ ਦੀ ਪੜਚੋਲ' ਭਾਗ-੨
 
ਹਰਦੇਵ ਸਿੰਘ, ਜੰਮੂ


'ਸੱਚ ਤੋਂ ਦੂਰ ਸੱਚ ਦੀ ਪੜਚੋਲ' ਲੇਖ ਦੇ ਪਹਿਲੇ ਭਾਗ ਵਿਚ ਅਸੀਂ ਵਿਚਾਰਿਆ ਸੀ ਕਿ ਕਿਵੇਂ ਕੁੱਝ ਵਿਦਵਾਨ ਲਿਖਾਰੀ 'ਗਿਆਨੀ ਭਾਗ ਸਿੰਘ ਅੰਬਾਲਾ' ਜੀ ਨੂੰ ਲੈਕੇ ਇਹ ਗਲਤ ਬਿਆਨੀ ਕਰਦੇ ਜਾਂ ਗਲਤ ਬਿਆਨੀਆਂ ਤੇ ਯਕੀਨ ਕਰਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਕਿਸੇ ਵੀ ਰਚਨਾ ਨੂੰ ਦਸਮੇਸ਼ ਜੀ ਦਾ ਲਿਖਿਆ ਨਹੀਂ ਮੰਨਦੇ ਸਨ।ਐਸੇ ਸੱਜਣ ਸੱਚ ਤੋਂ ਦੂਰ ਖੜੇ ਹੋ ਕੇ ਸੱਚ ਦੀ ਪੜਚੋਲ ਕਰਦੇ ਰਹਿੰਦੇ ਹਨ ਜਦ ਕਿ ਸੱਚ ਦੀ ਪੜਚੋਲ ਲਈ ਸੱਚ ਦੇ ਨੇੜੇ ਜਾਣ ਦਾ ਜਤਨ ਕਰਨਾ ਚਹੀਦਾ ਹੈ।

ਲੇਖ ਦੇ ਕਲ ਵਾਲੇ ਭਾਗ ਹੇਠ ਕੁੱਝ ਟਿੱਪਣੀਆਂ ਪੜਨ ਨੂੰ ਮਿਲਿਆਂ ਜਿਨਾਂ੍ਹ ਰਾਹੀਂ ਹੋਰ ਸਵਾਲਾਂ ਨਾਲ ਇਹ ਸਵਾਲ ਕੀਤਾ ਗਿਆ ਕਿ ਮੈਂ ਇਹ ਸਬੂਤ ਨਹੀਂ ਦਿੱਤਾ ਕਿ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚੋਂ ਕਿਹੜੀਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸਨ?


ਪਹਿਲੇ ਲੇਖ ਦੇ ਇਸ ਦੂਜੇ ਭਾਗ ਵਿਚ ਮੈਂ ਗਿਆਨੀ ਭਾਗ ਸਿੰਘ ਜੀ ਵਲੋਂ ਲਿਖੇ ੧੦ ਹਵਾਲਿਆਂ ਨੂੰ ਹੇਠ ਕੋਟ ਕਰਦੇ ਹੇਠਾਂ ਆਪਣੇ ਵਲੋਂ ਲੋੜੀਂਦੀਆਂ ਟਿੱਪਣਿਆਂ ਵੀ ਦੇ ਰਿਹਾ ਹਾਂ:-


(੧) "ਸਾਰ ਅੰਸ਼ ਇਹ ਕਿ ਨਿਰਪੱਖ ਸ਼ਰਧਾਲੂ ਆਪਣੇ ਆਪ ਹੀ ਅਨੁਭਵ ਕਰ ਲੇਂਣਗੇ ਕਿ ਜਿਵੇਂ ਘੁਲਿਆ ਹੋਇਆ ਮਿੱਟੀ-ਚੂਨਾ, ਕਿਸੇ ਡੱਬੇ ਅਥਵਾ ਬੇਤਲ ਵਿਚ ਪਾ ਕੇ ਉਸ ਉੱਤੇ ਰੂਹੇ-ਆਫ਼ਜਾਂ ਜਾ ਸ਼ਰਬਤ ਫ਼ੌਲਾਦ ਆਦਿਕ ਲੇਬਲ ਲਾ ਦਿੱਤਾ ਜਾਵੇ ਤਿਵੇਂ ਹੀ ਦਸਮ ਗ੍ਰੰਥ ਵਿਚੋਂ ਦਸਮੇਸ਼ ਬਾਣੀ ਛੱਡ ਕੇ ਬਾਕੀ ਕਈ ਇਕ ਕਵੀਆਂ ਦੀਆਂ ਕਪੇਲਕਲਪਨਾਵਾਂ ਰੂਪੀ ਮਿੱਟੀ-ਚੂਨੇ ਉੱਤੇ ਜਾਣੇ ਜਾਂ ਬਿਨਾਂ ਜਾਣੇ ਲਿਖਾਰੀਆਂ ਵਲੋਂ ਸ਼੍ਰੀ ਗੁਰੂ ਦਸਮ ਗਰੰਥ' ਅਤੇ ਦਸਮ ਗੁਰੂ ਗ੍ਰੰਥ ਸਾਹਿਬ' ਆਦਿਕ ਲੇਬਲ ਲਾਏ ਹੋਇ ਹਨ ਜੋ ਸਾਰੇ ਭੁਲੇਖਿਆਂ ਦੀ ਜੜ ਹਨ" (ਪੰਨਾ ੩੧,੩੨, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


(੨) "ਉਪਰੋਕਤ ਹਵਾਲੇ ਤੋਂ ਸਪੱਸ਼ਟ ਹੋਇਆ ਕਿ ਦਸਮੇਸ਼ ਜੀ ਨੇ ਇਸ ਦਸਮ ਗਰੰਥ ਦੀ ਸੰਪਾਦਨਾ ਨਹੀਂ ਕੀਤੀ ਤੇ ਨਾ ਹੀ ਇਸ ਵਿਚਲੀ ਸਾਰੀ ਰਚਨਾ ਦਸਮੇਸ਼ ਆਗਿਆ ਅਨੁਕੂਲ ਹੈ, ਬਲਕਿ ਕੁੱਝ ਉਂਗਲੀਆਂ ਉਤੇ ਗਿਣਵੀਆਂ ਦਸਮੇਸ਼ ਬਾਣੀਆਂ ਤੋਂ ਬਿਨਾ ਬਾਕੀ ਅਨੇਕਾਂ ਕ੍ਰਿਤੀਆਂ ਸਾਕੱਤ ਮੱਤ ਆਦਿਕ ਕਵੀਆਂ ਦੀਆਂ ਗੁਰ ਆਸ਼ਿਆਂ ਪ੍ਰਤਿਕੂਲ ਕੇਵਲ ਭੰਗ, ਸ਼ਰਾਬ ਆਦਿਕ ਨਸ਼ਿਆਂ ਦੀਆਂ ਪ੍ਰੇਰਕ ਅਤੇ ਵਿਭਚਾਰਕ ਸਿਖਿਆਵਾਂ ਹਨ" (ਪੰਨਾ ੩੫,੩੬, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


(੩) "ਉਪਰੋਕਤ ਹੁਕਮ ਅਨੁਸਾਰ ਹੀ ਗੁਰਮਤਿ ਅਵਲੰਬੀ ਸੂਝ-ਬੂਝ ਵਾਲਾ ਹਰ ਗੁਰਸਿੱਖ ਦਸਮ-ਗਰੰਥ ਦਮਦਮੇ ਸਾਹਿਬ ਵਾਲੀ ਬੀੜ ਭਾਵ ਗੁਰੂ ਗ੍ਰੰਥ ਜੀ ਅਤੇ ਦਸਮ-ਗਰੰਥ ਵਿਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਮਾਣੀਕ ਬਾਣੀ ਤੋਂ ਬਿਨਾਂ ਹੋਰ ਕਿਸੇ ਵੀ ਵੱਡੀ ਛੋਟੀ ਧਰਮ-ਪੁਸਤਕ ਜਾਂ ਸਰਵਲੋਹ ਆਦਿਕ ਨੂੰ ਪ੍ਰਮਾਣੀਕ ਮੰਨਣਾ ਅਥਵਾ ਗੁਰਬਾਣੀ ਦੀ ਤੁਲਨਾ (ਬਰਾਬਰੀ) ਦੇਣੀ ਮਨਮਤਿ ਬਲਕਿ ਦਸਮ ਪਿਤਾ ਜੀ ਦੇ ਹੁਕਮ ਨੂੰ ਪਿੱਠ ਦੇਣ ਦੇ ਬਰਾਬਰ ਸਮਝਦਾ ਹੈ" ( ਪੰਨਾ ੪੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:- ਇਨਾਂ੍ਹ ਤਿੰਨ ਹਵਾਲਿਆਂ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦਿਆਂ ਰਚਨਾਵਾਂ ਮਿਲਿਆਂ ਹੋਣ ਦੀ ਗਲ ਸਪਸ਼ਟ ਸਵੀਕਾਰ ਰਹੇ ਹਨ!


(੪) "ਸਾਰੇ ਦੇ ਸਾਰੇ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦੀਆਂ ਬਾਣੀਆਂ, ਜਾਪ ਸਾਹਿਬ, ਅਕਾਲ ਉਸਤਤਿ ਆਦਿਕ ਕੁੱਝ ਉਂਗਲਿਆਂ ਉੱਤੇ ਗੇਣਵੀਆਂ ਕੇਵਲ ਨਾਮ ਮਾਤ੍ਰ ਹੀ ਹਨ ਬਾਕੀ ਸਾਰੀ ਦੀ ਸਾਰੀ ਰਚਨਾ ਅਨਮਤੀ ਵਿਦਵਾਨ ਕਵੀਆਂ
ਤੇ ਸਾਕਤ ਮੱਤ (ਵਾਮ ਮਾਰਗੀਆਂ ਤਥਾ ਅਘੋੜ ਪੰਥੀ ਜੋਗੀਆਂ ਬਾਲ ਮਿਲਦੇ ਜੁਲਦੇ) ਉਹਨਾਂ ਕਵੀਆਂ ਦੀ ਹੈ ਜਿਨਾਂ੍ਹ ਵਿਚੋਂ ਕਈਆਂ ਦੇ ਨਾਮ ਸਿਆਮ ਅਤੇ ਰਾਮ ਆਦਿਕ ਪ੍ਰਤੱਖ ਤੌਰ ਤੇ ਇਸੇ ਦਸਮ ਗਰੰਥ ਵਿਚੋਂ ਹੀ ਵੇਕੇ ਜਾ ਸਕਦੇ ਹਨ" (ਪੰਨਾ ੬੧, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ

ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਅੰਬਾਲਾ ਜੀ 'ਜਾਪ' 'ਅਕਾਲ ਉਸਤਤ' 'ਆਦਿ' (ਆਦਿ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਰਹੇ ਹਨ! ਧਿਆਨ ਦੇਂਣ ਯੋਗ ਗਲ ਹੈ ਕਿ ਮਿੱਤਰ ਪਿਆਰੇ ਸ਼ਬਦ ਦੀ ਪੜਚੋਲ ਵਿਚ ਗਿਆਨੀ ਭਾਗ ਸਿੰਘ ਜੀ ਨੇ ਹੋਰ ਸ਼ਬਦਾਂ ਦੇ ਦਸਮੇਸ਼ ਕ੍ਰਿਤ ਹੋਂਣ ਵੱਲ ਇਸ਼ਾਰਾ ਕੀਤਾ ਹੈ ਜਿਨਾਂ੍ਹ ਵਿਚ , ਬਾਕੌਲ ਗਿਆਨੀ ਜੀ, ਮਿਤਰ ਪਿਆਰੇ ਸ਼ਬਦ ਵਾੜ ਦਿੱਤਾ ਗਿਆ।


(੫) "ਗੁਰੂ ਕਲਗੀਧਰ ਜੀ ਦੀ ਕਵਿ ਸੰਕੇਤੀ ਮੋਹਰ-ਛਾਪ ਸ੍ਰੀ ਮੁਖਵਾਕ ਪਾਤਸ਼ਾਹੀ ੧੦ ਹੈ" (ਪੰਨਾ ੬੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ ੧੦ ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(੬) "ਸਭ ਤੋਂ ਵਧੇਰੇ ਅਨਰਥ ਇਹ ਕਿ ਜਿਹੜਾ ਗੁਰੂ ਕਲਗੀਧਰ ਸ੍ਰੀ ਮੁਖਵਾਕ ਚੌਪਈ ਵਿਚ ਇਹ ਸੰਕੇਤ ਦਿੰਦਾ ਹੈ ਕਿ:-

ਅਨਹਦ ਰੂਪ ਅਨਾਹਦ ਬਾਨੀ॥
ਛਰਨ ਸਰਨ ਜਿਹ ਬਸਤ ਭਵਾਨੀ॥
ਉੁਸੇ ਪਾਤਸਾਹ ਵਲੋਂ 'ਦੇਹ ਸਿਵਾ' ਰਚਨਾ ਦਸਕੇ ਗੁਰੂ ਪਾਤਸ਼ਾਹ ਦੀ ਨਿਰਾਦਰੀ ਕੀਤੀ ਜਾਂਦੀ ਹੈ.." (ਪੰਨਾ ੭੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਦੇ ਵਿਚਲੇ ਹਵਾਲੇ ਨੂੰ ਦਸਮੇਸ਼ ਜੀ ਦਾ ਮੰਨਦੇ ਹੋਏ ਉਸ ਨੂੰ ਤਰਕ ਵਜੋਂ ਵਰਤਿਆ ਹੈ!

(੭) "ਜਦ ਦਸਮੇਸ਼ ਜੀ ਦੀ ਬਾਣੀ ਦੀ ਕਵਿ ਸੰਕੇਤੀ ਮੋਹਰ ਛਾਪ ਪ੍ਰਤੱਖ ਹੀ ਸ੍ਰੀ ਮੁਖਵਾਕ ਪਾਤਸ਼ਾਹੀ ੧੦ ਹੈ ਤਾਂ ਹੋਰ ਕਿਸੀ ਕਲਪਣਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ"
(ਪੰਨਾ ੮੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ ੧੦ ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(੮)
".. ਜਾਪ ਅਕਾਲ ਉਸਤਤ ਆਦਿਕ ਦਸਮ ਗਿਰਾ (ਬਾਣੀ) ਤੋਂ ਬਿਨਾ ਬਾਕੀ ਸਾਰੇ ਦੇ ਸਾਰੇ ਸਾਕਤ ਮੱਤ ਅਨਮਤੀ ਕਵੀਆਂ ਦੇ ਮਿਥਿਹਾਸਕ ਗੱਪ-ਗਪੌੜੇ ਅਤੇ ਵਿਭਚਾਰਕ ਟੋਕਕੇ ਹਨ" (ਪੰਨਾ ੯੨, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ ਜਾਪ ਅਕਾਲ ਉਸਤਤ ਆਦਿ (ਆਦਿਕ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਕਰਦੇ ਹਨ।


(੯) "..ਪ੍ਰਵਣੋਂ ਆਦਿ ਏਕੰਕਾਰਾ' ਤੋਂ ਲੈਕੇ ਖਾਲ ਫਾਸ ਕੇ ਬੀਚ ਨ ਆਇਉ' ਵਾਲੀ ਚੌਪਈ ਆਦਿ ਸ੍ਰੀ ਗੁਰੂ ਗਰੰਥ ਸਾਹਬ ਵਿਚਲੀ ਬਾਣੀ ਦੀ ਕੱਸਵਟੀ ਉੱਤੇ ਪੂਰੀ ਉਤਰਦੀ ਹੈ ਇਸ ਲਈ ਇਹ ਚੌਪਈ ਸ੍ਰੀ ਮੁਖਵਾਕਿ ਗੁਰਬਾਣੀ ਹੈ..." (ਪੰਨਾ ੧੧੯, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-
ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ 'ਪ੍ਰਵਣੋਂ ਆਦਿ ਏਕੰਕਾਰਾ' ਵਾਲੀ ਚੋਪਈ ਨੂੰ ਦਸਮੇਸ਼ ਜੀ ਦੀ ਬਾਣੀ ਲਿਖ/ ਸਵੀਕਾਰ ਰਹੇ ਹਨ ਅਤੇ ਉਸ ਨੂੰ ਗੁਰਮਤਿ ਦੀ ਕਸਵਟੀ ਤੇ ਖਰਾ ਉਤਰਦਾ ਲਿਖਦੇ ਹਨ।ਭਾਗ ਸਿੰਘ ਜੀ ਨੇ ਆਪਣੀ ਪੁਸਤਕ ਵਿਚ ਇਸ ਚੌਪਈ ਦੇ ਅਰਥ ਵੀ ਕੀਤੇ ਹਨ!

(੧੦) "ਜ਼ਫ਼ਰਨਾਮਹ (ਬਿਜੈ ਪਤ੍ਰ) ਫਾਰਸੀ ਜ਼ਬਾਨ ਵਿਚ ਨਜ਼ਮ (ਸ਼ਾਇਰੀ ਦੇ ਰੂਪ ਅੰਦਰ ਲਿਖੀ ੧੧ ਬੰਦਾ ਵਾਲੀ ਇਕ ਵਿੱਠੀ ਹੈ ਜੋ ਗੁਰੂ ਕਲਗੀਧਰ ਜੀ ਨੇ ਸੰਮਤ ੧੭੬੨ ਚੜਦੇ ਬਿਕ੍ਰਮੀ ਸੰਮਤ ਵਿਚ ਲਿਖ ਕੇ ਦੀਨੇ ਕਾਗੜ (ਦਿਆਲ ਪੁਰਾ) ਤੋਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੀ ਹੱਥੀ ਔਰੰਗਾਬਾਦ ਵਿਚ ਔਰਗਜ਼ੇਬ ਨੂੰ ਭੇਜੀ ਸੀ" (ਪੰਨਾ ੧੩੬, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਬਾਗ ਸਿੰਘ ਜੀ ਦਸਮ ਗ੍ਰੰਥ ਵਿਚ ਲਿਖ ਦਿੱਤੇ ਗਏ ਜ਼ਫਰਨਾਮੇ ਨੂੰ (ਬਿਨਾ ਹਿਕਾਅਤਾਂ ਦੇ) ਦਸਮੇਸ਼ ਜੀ ਦਾ ਹੀ ਲਿਖਿਆ ਸਵੀਕਾਰ ਰਹੇ ਹਨ।


ਹੁਣ ਪਾਠਕ ਵੇਖ ਸਕਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਨੇ ਕਦੇ ਦਸਮ ਗ੍ਰੰਥ ਵਿਚ ਲਿਖ ਦਿੱਤੀਆਂ ਗਈਆਂ ਸਾਰੀਆਂ ਰਚਨਾਵਾਂ ਨੂੰ ਰੱਧ ਨਹੀਂ ਸੀ ਕੀਤਾ ਬਲਕਿ ਕੁੱਝ ਰਚਨਾਵਾਂ ਨੂੰ ਆਪਣੇ ਵਲੋਂ ਪੱਕੇ ਤੌਰ ਤੇ ਦਸਮੇਸ਼ ਜੀ ਕ੍ਰਿਤ ਸਵੀਕਾਰ ਕੀਤਾ ਸੀ।


੬ ਅਤੇ ੭ ਅਕਤੂਬਰ ਸੰਨ ੧੯੭੩ ਅਤੇ ੯ ਮਾਰਚ ੧੯੭੪ ਵਿਚ ਭਾਈ ਅਮਰਦਨ ਸਿੰਘ ਬਾਗੜੀਆਂ ਜੀ ਦੀ ਪ੍ਰਧਾਨਤਾ ਹੇਠ ਹੋਈ ਮੀਟਿੰਗਾਂ ਵਿਚ ਮੌਜੂਦ ਉੱਘੇ ਵਿਦਵਾਨ ਸੱਜਣਾਂ ਵਿਚਕਾਰ ਦਸਮ ਗ੍ਰੰਥ ਵਿਚ ਦਰਜ ਕਰ ਦਿੱਤੀਆਂ ਗਈਆਂ ਦਸਮੇਸ਼ ਜੀ ਦੀਆਂ ਰਚਨਾਵਾਂ ਬਾਰੇ ਮਤਭੇਦ ਸੀ।ਪਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਸਮੇਤ ਕਿਸੇ ਵਿਦਵਾਨ ਨੇ ਇਹ ਨਹੀਂ ਸੀ ਕਿਹਾ ਕਿ ਦਸਮੇਸ਼ ਜੀ ਦਾ ਲਿਖਤ ਕੁੱਝ ਵੀ ਨਹੀਂ ਹੈ।ਸਾਰੇ ਇਸ ਗਲ ਤੇ ਸਹਿਮਤ ਹੋਏ ਸਨ ਕਿ ਦਸਮੇਸ਼ ਜੀ ਦੀਆਂ ਲਿਖਤਾਂ ਨੂੰ ਗ੍ਰੰਥ ਨਾਲੋਂ ਨਿਖੇੜ ਦੇਂਣਾ ਚਾਹੀਦਾ ਹੈ ਅਤੇ ਦਸਮ ਗ੍ਰੰਥ ਦਾ ਸਥਾਪਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਨਹੀਂ ਹੋ ਸਕਦਾ।


ਲੇਖ ਦੇ ਪਹਿਲੇ ਭਾਗ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕੋਟ ਕਰਨ ਦਾ ਮਕਸਦ ਬੇਲੋੜੀ ਆਲੋਚਨਾ ਤੋਂ ਅਹਿਮਤ ਹੋਂਣ ਅਤੇ ਲੇਖ ਦੀ ਜ਼ਰੂਰਤ ਤੋਂ ਵੱਧ ਕੁੱਝ ਵੀ ਨਹੀਂ ਸੀ ਕਿਉਂਕਿ ਉਨਾਂ੍ਹ ਨੇ ਵੀ ਉਹੀ ਗਲ ਦੁਹਰਾਈ ਸੀ ਜੋ ੪੦ ਸਾਲ ਪਹਿਲਾਂ ਗਿਆਨੀ ਭਾਗ ਸਿੰਘ ਜੀ ਸਮੇਤ ੪੦ ਹੋਰ ਉੱਘੇ ਵਿਦਵਾਨਾਂ ਨੇ ਕਹੀ ਸੀ। ਉਸ ਵੇਲੇ ਮੈਂਨੂੰ ਪ੍ਰੋ. ਸਾਹਿਬ ਜੀ ਦਾ ਵਿਚਾਰ ਵਿਚਾਰਨ ਯੋਗ ਨਜ਼ਰ ਆਇਆ ਸੀ।ਜਿਸ ਲਈ ਉਨਾਂ੍ਹ ਦੀ ਬੇਲੋੜੀ ਆਲੋਚਨਾ ਠੀਕ ਨਹੀਂ ਲੱਗੀ।


ਮੈਂ ਗੁਰਮਤਿ ਦੀ ਕਸਵਟੀ, ਇਤਹਾਸ, ਪਰੰਪਰਾ, ਸਾਮੂਹਕ ਯਾਦਾਸ਼ਤ ਦੀ ਗਵਾਹੀ ਅਤੇ ਪੰਥਕ ਫ਼ੈਸਲੇ ਰਾਹੀਂ ਨਿਸ਼ਚਤ ਕੀਤੀ ਗਇਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦਾ ਹਾਂ।ਦਸਮ ਗ੍ਰੰਥ ਵਿਚ ਸੰਕਲਤ ਪੋਰਾਣਕ ਕਥਾਵਾਂ ਨੂੰ ਮੈਂ ਦਸਮੇਸ਼ ਜੀ ਦੀ ਬਾਣੀ ਨਹੀਂ ਮੰਨਦਾ ਪੂਰਾ ਦਸਮ ਗ੍ਰੰਥ ਗੁਰੂ ਕ੍ਰਿਤ/ਸੰਕਲਤ ਨਹੀਂ ਹੈ ਅਤੇ ਨਾ ਹੀ ਉਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਸਥਾਪਨ ਹੋਂਣਾ ਚਾਹੀਦਾ ਹੈ। ਸਿੱਖਾਂ ਦਾ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ।ਬਾਕੀ ਸਾਹਿਤ ਨਾਲ ਤਾਂ ਸੰਸਾਰ ਭਰੀਆ ਪਿਆ ਹੈ।ਖ਼ੈਰ!


ਇਸ ਲੇਖ ਦਾ ਮੰਤਵ ਇਹ ਵਿਚਾਰ ਪ੍ਰਗਟ ਕਰਨਾ ਸੀ ਕਿ ਗਿਆਨੀ ਭਾਗ ਸਿੰਘ ਜੀ ਦੇ ਲਿਖੇ ਵਿਚਾਰਾਂ ਬਾਰੇ ਕਿਸੇ ਨਵੀਂ ਗਲ ਨੂੰ ਪ੍ਰਚਾਰਨ ਤੋਂ ਪਹਿਲਾਂ ਉਸਦੇ ਨਾਲ ਜੁੜੇ ਸੱਚ ਨੂੰ ਵਿਚਾਰ ਲੇਂਣਾ ਚਾਹੀਦਾ ਹੈ ਤਾਂ ਕਿ ਪ੍ਰਚਾਰ ਝੂਠ ਦਾ ਰੂਪ ਧਾਰਨ ਨਾ ਕਰ ਲਵੇ।ਇਹ ਪ੍ਰਚਾਰ ਗਲਤ ਹੈ ਕਿ ਗਿਆਨੀ ਭਾਗ ਸਿੰਘ ਜੀ ਅੰਬਾਲਾ ਕਿਸੇ ਰਚਨਾ ਨੂੰ ਵੀ ਦਸਮੇਸ਼ ਜੀ ਦੀ ਰਚਨਾ ਨਹੀਂ ਸੀ ਮੰਨਦੇ!ਇਸ ਪ੍ਰਚਾਰ ਤੇ ਵਿਸ਼ਵਾਸ ਕਰਨ ਵਾਲੇ ਸੱਜਣ ਸੱਚ ਤੋਂ ਦੂਰ ਖੜੇ ਸੱਚ ਨੂੰ ਪੜਚੋਲਦੇ ਹਨ। ਗਿਆਨੀ ਭਾਗ ਸਿੰਘ ਜੀ ਕੁੱਝ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸੀ।


ਹਰਦੇਵ ਸਿੰਘ,ਜੰਮੂ-੮.੧੦.੧੨

Monday, 8 October 2012

'ਸੱਚ ਤੋਂ ਦੂਰ ਸੱਚ ਦੀ ਪੜਚੋਲ' (Part-1)


- ਹਰਦੇਵ ਸਿੰਘ ਜੰਮੂ

ਕੁੱਝ ਸਮਾਂ ਹੋਇਆ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਪੰਜਾਬੀ ਪ੍ਰਤਿਕਾ ‘ਸਿੱਖ ਗਾਰਡੀਅਨ’ ਨੂੰ ਇੰਟਰਵਿਯੂ ਦਿੰਦੇ ਹੋਏ ਵਿਚਾਰ ਪ੍ਰਗਟ ਕੀਤਾ ਸੀ ਕਿ ਪੰਥ ਨੂੰ ਦਸ਼ਮੇਸ਼ ਕ੍ਰਿਤ ਰਚਨਾਵਾਂ ਵੱਖਰਾ ਕਰਕੇ ਇਕ ਪੋਥੀ ਬਣਾ ਲੇਂਣੀ ਚਾਹੀਦੀ ਹੈ।ਇਸ ਬਿਆਨ ਤੇ ਪ੍ਰਤੀਕ੍ਰਿਆ ਵਜੋਂ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਰਹੀ ਜਦ ਕਿ ਇਸ ਸਟੈਂਡ ਲਈ ਪ੍ਰੋ. ਸਾਹਿਬ ਜੀ ਦੀ ਆਲੋਚਨਾ ਕਰਨੀ ਬਣਦੀ ਨਹੀਂ ਸੀ।ਉਨ੍ਹਾਂ ਦਾ ਸੁਝਾਅ ਵਿਚਾਰਨ ਯੋਗ ਸੀ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਿਆਨੀ ਭਾਗ ਸਿੰਘ ਅੰਬਾਲਾ ਜੀ ਦੇ ਹਵਾਲੇ ਨਾਲ ਬਹੁਤ ਸਾਰੀਆਂ ਗਲਾਂ ਕਹਿਆਂ ਜਾਂਦੀਆ ਹਨ ਜਿਵੇਂ ਕਿ ਗਿਆਨੀ ਭਾਗ ਸਿੰਘ ਜੀ ਸਮੁੱਚੇ ਦਸ਼ਮ ਗ੍ਰੰਥ ਨੂੰ ਰੱਧ ਕਰਨ ਵਾਲੇ ਪਹਿਲੇ ਵਿਦਵਾਨ ਸਨ। ਮੈਂ ਇਸ ਬਿਆਨ ਦੀ ਪੜਤਾਲ ਲਈ ਕਰੀਬ 5 ਵਿਦਵਾਨ ਲਿਖਾਰੀਆਂ ਨੂੰ ਸੰਪਰਕ ਕੀਤਾ ਤਾਂ ਚਾਰ ਸੱਜਣਾਂ ਵਲੋਂ ਲੱਗਭੱਗ ਇਹੀ ਜਵਾਬ ਮਿਲਿਆ ਕਿ ਗਿਆਨੀ ਭਾਗ ਸਿੰਘ ਜੀ ਨੇ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਕਰ ਦਿੱਤਾ ਸੀ।

ਦੋ ਵਿਦਵਾਨ ਸੱਜਣਾਂ ਨੇ ਇੱਥੋਂ ਤਕ ਦੱਸਿਆ ਕਿ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਕਰਨ ਵਾਲੇ ਉਹ ਪਹਿਲੇ ਵਿਦਵਾਨ ਸਨ। ਪੰਜਾਂ ਵਿਚੋਂ ਕੇਵਲ ਇਕ ਸੱਜਣ ਨੇ ਇਹ ਦੱਸਿਆ ਕਿ ਗਿਆਨੀ ਭਾਗ ਸਿੰਘ ਜੀ ਨੇ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਨਹੀਂ ਸੀ ਕੀਤਾ। ਇਸ ਲਈ ਮੈਂ ਕੁੱਝ ਸਮਾਂ ਲਗਾਉਂਦੇ ਦੇਰ ਰਾਤ ਤਕ ਬੈਠ ਕੇ ਕੁੱਝ ਜਾਣਕਾਰੀ ਪ੍ਰਾਪਤ ਕੀਤੀ ਤਾਂ ਮੈਂਨੂੰ ਪਤਾ ਚਲਿਆ ਕਿ ਗਿਆਨੀ ਭਾਗ ਸਿੰਘ ਜੀ ਵੀ ਕੁੱਝ ਲਿਖਤਾਂ ਨੂੰ ਦਸ਼ਮੇਸ਼ ਜੀ ਦਿਆਂ ਮੰਨਦੇ ਸਨ ਅਤੇ ਉਨ੍ਹਾਂ ਲਿਖਤਾਂ ਨੂੰ ਵੱਖਰਾ ਕਰਕੇ ਪੋਥੀ ਰੂਪ ਵਿਚ ਰੱਖਣ ਦੇ ਹਾਮੀ ਸਨ। ਇਸ ਬਾਬਤ ਮਿਲੀ ਜਾਣਕਾਰੀ ਨੂੰ ਮੈਂ ਗਿਆਨੀ ਭਾਗ ਸਿੰਘ ਜੀ ਦੇ ਹੇਠਲੇ ਸ਼ਬਦਾਂ ਵਿਚ ਹੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ:

“ਕੁਝ ਚਿਰ ਹੋਇਆ ਸ. ਮਾਨ ਸਿੰਘ ਜੀ , ਮਾਲਿਕ ‘ਮਾਨਸਰੋਵਰ ਹਫ਼ਤਾਵਾਰੀ ਅਖ਼ਬਾਰ, ਭਗਤ ਸਿੰਘ ਮਾਰਕੀਟ ਨਵੀਂ ਦਿਲੀ ਵਾਲਿਆਂ ਇਸ ਅਤੀ ਲੋੜੀਂਦੀ ਸੇਵਾ ਲਈ ਛੋ-ਸਤ ਅਕਤੂਬਰ ਸੰਨ 1973 ਨੂੰ ਦਸਮ ਗਰੰਥ ਸਬੰਧੀ ਅਡੋ-ਅੱਡ ਮਤਭੇਦ ਰੱਖਣ ਵਾਲੇ ਅਨੇਕਾਂ ਉਘੇ ਵਿਦਵਾਨਾਂ ਦੀ ਗੋਸ਼ਟੀ ਦਾ ਉਦਮ ਕੀਤਾ ਸੀ, ਜਿਸ ਦੇ ਪ੍ਰਧਾਨ ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ ਥਾਪੇ ਗਏ ਸਨ।

ਅੱਡੋ-ਅੱਢ ਵਿਚਾਰਾਂ ਪ੍ਰਗਟ ਹੋਣ ਉਪਰੰਤ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਸੀ ਕਿ ਕਿਸੇ ਵੀ ਗੁਰਦੁਆਰੇ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਨਾਲ ‘ਦਸਮ ਗਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ।

ਦੂਜਾ ਦਸ਼ਮੇਸ਼ ਗੁਰੂ ਜੀ ਦੀ ਬਾਣੀ ਅਤੇ ਕਵੀਆਂ ਦੀਆਂ ਬਾਣੀਆਂ ਦਸਮ ਗਰੰਥ ਵਿਚੋਂ ਨਿਖੇੜ ਦਿਤੀਆਂ ਜਾਣ।

ਦੂਜੀ ਵਾਰੀ ਫਿਰ ਸ੍ਰ. ਮਾਨ ਸਿੰਘ ਜੀ ਦੇ ਸਦੇ ਤੇ ਹੀ 9 ਮਾਰਚ ਸੰਨ 1974 ਨੂੰ ਗੋਸ਼ਟੀ ਹੋਈ ਅਤੇ ਸ਼੍ਰੀ ਮਾਨ ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਹੀ ਪ੍ਰਧਾਨ ਬਣਾਏ ਗਏ ਤਾਂ ਵੀ ਗੁਣੀ ਗਿਆਨੀਆਂ ਨੇ ਪਹਿਲਾ ਫ਼ੈਸਲਾ ਹੀ ‘ਭਾਵ’ 6, 7 ਅਕਤੂਬਰ 1973 ਵਾਲਾ ਦੁਹਰਾਈਆ।

ਉਪਰੋਕਤ ਦੋਹਾਂ ਗੋਸ਼ਟੀਆਂ ਵਿਚ ਜਿਨ੍ਹਾਂ-ਜਿਨ੍ਹਾਂ ਮਤਭੇਦ ਰੱਖਣ ਵਾਲੇ ਵਿਦਵਾਨਾਂ ਨੇ ਹਿੱਸਾ ਲਿਆ ਉਨ੍ਹਾਂ ਵਿਅਕਤੀਆਂ ਦੇ ਨਾਮ ਹੇਠ ਦਿੱਤੇ ਜਾਂਦੇ ਹਨ।
1. ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ
2. ਸ.ਬਹਾਦਰ ਉੱਜਲ ਸਿੰਘ, ਜੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ
3. ਡਾ. ਸੁਆਮੀ ਰਾਮਪਾਲ ਸਿੰਘ ਜੀ, ‘ਨਿਰਮਲਾ ਸਾਧੂ’, ਐਮ.ਏ, ਪੀ. ਐਚ. ਡੀ.
4. ਡਾ. ਧ੍ਰਮ ਪਾਲ ਜੀ ‘ਆਸ਼ਟਾ’, ਐਮ.ਏ. ਪੀ.ਐਚ. ਡੀ.
5. ਡਾ. ਮਹੀਪ ਸਿੰਘ ਜੀ ਐਮ.ਏ. ਪੀ.ਐਚ. ਡੀ.
6. ਡਾ. ਰਤਨ ਸਿੰਘ ਜੀ ‘ਜੱਗੀ’, ਐਮ.ਏ. ਪੀ.ਐਚ. ਡੀ. ਪਟਿਆਲਾ
7. ਡਾ. ਕਾਲਾ ਸਿੰਘ ਜੀ ਬੇਦੀ, ਐਮ.ਏ. ਪੀ.ਐਚ. ਡੀ., ਦਿੱਲੀ ਯੂਨੀਵਰਸਿਟੀ
8. ਡਾ. ਗੋਬਿੰਦ ਸਿੰਘ ਜੀ ‘ਮਨਸੁਖਿਆਨੀ’ ਐਮ.ਏ. ਪੀ.ਐਚ. ਡੀ. ਯੂਨੀ. ਗ੍ਰਾ. ਕਮਿਸ਼ਨ
9. ਸ. ਹਰੀ ਸਿੰਘ ਜੀ, ਚੀਫ ਇੰਜਨੀਅਰ, ਪਟਨਾ ਸਾਹਿਬ
10. ਸ. ਗਿਆਨ ਸਿਮਘ ਜੀ ‘ਐਬਟਾਬਾਦੀ, ਸਾ. ਪ੍ਰ ਦਿੱਲੀ ਗੁ. ਪ੍ਰ. ਕਮੇਟੀ
11. ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ (ਐਮ. ਪੀ.)
12. ਸ. ਬਹਾਦਰ ਗੁਰਬਖਸ਼ ਸਿੰਘ ਜੀ, ਸਥਾਨਕ ਪ੍ਰ ਚੀਫ਼ ਖਾਲਸਾ ਦਿਵਾਨ ਦਿੱਲੀ
13. ਪ੍ਰੋ. ਪ੍ਰਮਾਨ ਸਿੰਘ ਜੀ ਐਮ.ਏ.
14. ਡਾ. ਹਰਭਜਨ ਸਿੰਘ ਜੀ
15. ਡਾ. ਮਨਮੋਹਨ ਸਿੰਘ ਜੀ
16. ਉਤਮ ਸਿੰਘ ਜੀ ‘ਘੋਬਾ’
17. ਏਅਰ ਕਮਾਂਡਰ ਮਹਿੰਦਰ ਸਿੰਘ ਜੀ, ਪ੍ਰਿ. ਡਗਸੋਈ ਪਬਲਿਕ ਸਕੂਲ
18. ਜਨਰਲ ਤਾਰਾ ਸਿੰਘ ਜੀ, ‘ਬਲ’
19. ਭਰਗੇਡੀਅਰ ਯੂ.ਐਸ.’ਸਿੱਧੂ’
20. ਕਰਨਲ ਨਰਿੰਦਰ ਪਾਲ ਸਿੰਘ ਜੀ
21. ਸ੍ਰਦਾਰਨੀ ਹਰਦਿੱਤ ਸਿੰਘ ਜੀ ਮਲਕ
22. ਬੀਬੀ ਪ੍ਰੜਜੋਤ ਕੋਰ ਜੀ
23. ਸ. ਪ੍ਰਤਾਪ ਸਿੰਘ ਜੀ ਐਮ. ਏ. ਸ਼ਕੱਤਰ ਸਿੰਘ ਸਭਾ ਸ਼ਤਾਬਦ ਕਮੇਟੀ
24. ਮਕਲ ਹਰਦਿਤ ਸਿੰਘ ਜੀ, ਸਾਬਕ ਸਫੀਰ ਫਰਾਂਸ
25. ਗਿਆਨੀ ਭਾਗ ਸਿੰਘ ਜੀ ‘ਅੰਬਾਲਾ’
26. ਮੇਜਰ ਜਗਤ ਸਿੰਘ ਜੀ ‘ਗੁੜਗਾਵਾਂ’
27. ਸ. ਹਰਬੰਸ ਸਿੰਘ ਜੀ, ਸਕੱਤ੍ਰ ਗੁਰੂ ਨਾਨਕ ਦੇਵ ਫਾਉਂਡੇਸ਼ਨ ਦਿੱਲੀ
28. ਸ. ਸੰਤੋਖ ਸਿੰਘ ਜੀ ‘ਚੰਡੀਗੜ’
29. ਪ੍ਰੋ. ਪ੍ਰੀਤਮ ਸਿੰਘ ਜੀ ਗੁਰੂ ਨਾਨਕ ਯੁਨੀਵਰਸਿਟੀ ਅੰਮ੍ਰਿਤਸਰ
30. ਸ. ਰਣਬੀਰ ਸਿੰਘ ਜੀ
31. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਜਥੇਦਾਰ ਸ਼ਰੋਮਣੀ ਸਿੱਖ ਸਮਾਜ
32. ਸ. ਗੁਰਬਚਨ ਸਿੰਘ ਜੀ ਸਕੱਤਰ ਸ਼ਰੋਮਣੀ ਸਿੱਖ ਸਮਾਜ
33. ਸ. ਮਨੋਹਰ ਸਿੰਘ ਜੀ ‘ਮਾਰਕੇ’
34. ਸ. ਮਦਨ ਸਿੰਘ ਜੀ ‘ਨਈਅਰ’ ਪ੍ਰ. ਸਿੰਘ ਸਭਾ ਪਹਾੜ ਗੰਜ ,ਦਿੱਲੀ
35. ਸ. ਪਿਆਰਾ ਸਿੰਘ ਜੀ ਐਮ. ਏ.
36. ਕੰਵਰ ਮਨਮੋਹਨ ਸਿੰਘ ਜੀ ਐਮ .ਏ.
37. ਸ. ਮਹਿੰਦਰ ਸਿੰਘ ਜੀ ਗੋਤਮ ਨਗਰ ਵਾਲੇ
38. ਪ੍ਰੋ. ਜੋਗਿੰਦਰ ਸਿੰਘ ਜੀ, ਐਮ. ਏ.
39. ਪੰਡਤ ਮੁਨਸ਼ੀ ਰਾਮ ਜੀ ‘ਹਸਰਤ’
40. ਸ. ਮਾਨ ਸਿੰਘ ਕਮਵੀਨਰ
41 ਸ. ਕੁਲਦੀਪ ਸਿੰਘ ਜੀ, ਬੀ.ਏ. ਐਲ.ਐਲ ਬੀ, ਜੇ.ਡੀ."
(ਗਿਆਨੀ ਭਾਗ ਸਿੰਘ ਜੀ, ਦਸ਼ਮ ਗ੍ਰੰਥ ਨਿਰਣੈ, ਪੰਨਾ 29, 30, 31)

ਅਸੀਂ ਵੇਖ ਸਕਦੇ ਹਾਂ ਕਿ ਉਪਰੋਕਤ ਸੂਚਨਾ ਅਤੇ ਸੂਚੀ ਅਨੁਸਾਰ ਗਿਆਨੀ ਭਾਗ ਸਿੰਘ ਜੀ (ਉਪਰਲੀ ਸੂਚੀ ਵਿਚ 25ਵੇਂ ਸਥਾਨ ਤੇ) ਵੀ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹੋਏ ਉਨ੍ਹਾਂ ਰਚਨਾਵਾਂ ਦੀ ਅਲਗ ਪੋਥੀ ਬਨਾਉਂਣਾ ਲੋਚਦੇ ਸੀ। ਗਿਆਨੀ ਭਾਗ ਸਿੰਘ ਜੀ ਨੇ ਤਾਂ ਇਸ ਗਲ ਨੂੰ ਦਸ਼ਮੇਸ਼ ਜੀ ਦੀ ਇੱਛਾ ਕਰਕੇ ਵੀ ਲਿਖਿਆ ਹੈ। ਉਹ ਲਿਖਦੇ ਹਨ:-

“ਉਹ ਆਪਣੀ ਬਾਣੀ ਕੇਵਲ ਸੈਂਚੀਆਂ (ਪੋਥੀ) ਰੂਪ ਵਿਚ ਹੀ ਲੋੜਦੇ ਸਨ" (ਦਸ਼ਮ ਗ੍ਰੰਥ ਨਿਰਣੈ, ਪੰਨਾ 35, ਇੱਥੇ “ਉਹ” ਸ਼ਬਦ ਗਿਆਨੀ ਜੀ ਨੇ ਦਸ਼ਮੇਸ਼ ਜੀ ਵਾਸਤੇ ਵਰਤਿਆ ਹੈ)

ਗਿਆਨੀ ਭਾਗ ਸਿੰਘ ਜੀ ਦੇ ਆਪਣੇ ਸ਼ਬਦਾਂ ਵਿਚ ਦਿੱਤੀ ਉਪਰੋਕਤ ਮੀਟਿੰਗਾਂ ਦਾ ਵੇਰਵਾ ਇਹ ਸਿੱਧ ਕਰਦਾ ਹੈ ਕਿ ਇਨ੍ਹਾਂ ਮੀਟਿੰਗਾ ਵਿਚ ਸ਼ਾਮਲ ਗਿਆਨੀ ਭਾਗ ਸਿੰਘ ਜੀ ਸਮੇਤ ਉੱਘੇ ਵਿਦਵਾਨ ਕੁੱਝ ਮਤਭੇਦਾਂ ਦੇ ਬਾਵਜੂਦ, ਸਰਬ ਸੰਮਤੀ ਨਾਲ, ਇਸ ਗਲ ਤੇ ਸਹਿਮਤ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਚਨਾਵਾਂ ਲਿਖਿਆਂ ਗਈਆਂ ਸਨ ਅਤੇ ਉਨ੍ਹਾਂ ਰਚਨਾਵਾਂ ਦੀ ਵੱਖਰੀ ਪੋਥੀ ਬਣਾ ਲੇਂਣੀ ਚਾਹੀਦੀ ਹੈ।

ਉਹ ਇਸ ਤੇ ਵੀ ਇਕਮਤ ਸਹਿਮਤ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਜੀ ਦੇ ਮੁਕਾਬਲ ਦਸਮ ਗ੍ਰੰਥ ਦਾ ਸਥਾਪਨ ਨਹੀਂ ਹੋ ਸਕਦਾ।

ਆਸ ਹੈ ਕਿ ਉਪਰੋਕਤ ਜਾਣਕਾਰੀ ਪਾਠਕਾਂ ਲਈ ਲਾਹੇਵੰਧ ਹੋਵੇਗੀ। ਵਿਸ਼ੇਸ਼ ਰੂਪ ਵਿਚ ਉਨ੍ਹਾਂ ਵਿਦਵਾਨ ਲਿਖਾਰੀਆਂ ਲਈ ਜੋ ਇਸ ਬਾਰੇ ਗਲਤ ਜਾਣਕਾਰੀ ਰੱਖਦੇ ਹਨ। ਸੱਚ ਦੀ ਪੜਚੋਲ ਸੱਚ ਤੋਂ ਦੂਰ ਰਹਿ ਕੇ ਨਹੀਂ ਕੀਤੀ ਜਾਣੀ ਚਾਹੀਦੀ।

- ਹਰਦੇਵ ਸਿੰਘ ਜੰਮੂ