Thursday, 21 March 2013

                          ' ਪਾਠਕਾਂ ਤੋਂ ਛੁਪਾਇਆ ਗਿਆ ਮੇਰਾ ਪੱਤ '
                                                            ਹਰਦੇਵ ਸਿੰਘ, ਜੰਮੂ
 

ਸਤਿਕਾਰ ਯੋਗ ਵੀਰ ਇੰਦਰਜੀਤ ਸਿੰਘ ਕਾਨਪੁਰ ਜੀ,
ਫ਼ਤਿਹ ਪਰਵਾਨ ਕਰਨੀ!

 
ਮਿਤੀ ੧੬.੩.੨੦੧੩, ਰਾਤ ਦੇ ਵਜੇ ਤੋਂ ਬਾਦ ਮੈਂ ਆਪ ਜੀ ਦੇ ਬਲਾਗ ਤੇ ਵੀਡੀਯੂ ਦੇਖਣ ਉਪਰੰਤ ਆਪ ਜੀ ਨੂੰ ਪੱਤਰ ਲਿਖਿਆ! ਜਿਸ ਨੂੰ ਆਪ ਜੀ ਨੇ ੧੭ ਤਾਰੀਖ ਨੂੰ ਨਹੀਂ ਛਾਪਿਆ।ਇਸ ਲਈ ਮੈਂ ਆਪ ਜੀ ਨੂੰ ਫਿਰ ੧੭ ਤਾਰੀਖ ਇਕ ਹੋਰ ਰੀਮਾਇੰਡਰ ਮੇਲ ਭੇਜ ਛਾਪਣ ਦੀ ਬੇਨਤੀ ਕੀਤੀ।ਹੁਣ ਉਸ ਨੂੰ ਦੋ ਦਿਨ ਬਾਦ ਛਾਪ ਕੇ ਆਪ ਜੀ ਹੈਰਾਨ ਵੀ ਹੋ ਰਹੇ ਹੋ? ਵੀਰ ਜੀ ਬੇਨਤੀ ਹੈ ਕਿ ਆਪਣੇ ਕ੍ਰੋਧ ਨੂੰ ਥੋੜਾ ਸ਼ਾਤ ਕਰੋ ਜਿਸ ਦਾ ਕਾਰਨ ਕੁੱਝ ਹੋਰ ਹੈ!


ਦਰਅਸਲ ਆਪ ਜੀ ਨੂੰ ਆਸ ਨਹੀਂ ਸੀ ਕਿ ਮੈਂ ਪੁਸਤਕ ਵਿਚ ਛੱਪੀ ਭੱਦੀ ਸ਼ਬਦਾਵਲੀ ਬਾਰੇ, ਕਮੇਟੀ ਦੀ ਨਿੰਦਾ ਕਰਦੇ ਹੋਏ ਕਰੜੀ ਕਾਰਵਾਈ ਦੀ ਮੰਗ ਕਰਾਂਗਾ।ਇਸ ਲਈ ਆਪ ਜੀ ਨੇ ਮੇਰਾ ਪੱਤਰ ਨਹੀਂ ਛਾਪਿਆ।ਮੱਕੜ ਜੀ ਦੇ ਬਿਆਨ (ਜੋ ਤੁਸੀ ਕੋਟ ਕੀਤਾ ਹੈ, ਮੈਂ ਤਾਂ ਸੁਣਿਆ ਨਹੀਂ) ਉਪਰੰਤ ਆਪ ਜੀ ਨੇ ਸੋਚਿਆ ਕਿ ਹੁਣ ਮੇਰੇ ਪੱਤਰ ਨੂੰ ਮੱਕੜ ਜੀ ਦੇ ਬਿਆਨ ਨਾਲ ਰੱਲਗਡ ਕਰ ਕੇ ਸ਼ੰਕਾ ਉੱਤਪੰਨ ਕਰਨ ਲਈ ਹੈਰਾਨੀ ਪ੍ਰਗਟ ਕੀਤੀ ਜਾਏ।ਆਪ ਜੀ ਵਲੋਂ ਲਿਖੇ ਸ਼ਬਦਾਂ ਅਨੁਸਾਰ ਮੱਕੜ ਜੀ ਦਾ ਕਹਿਣਾ ਸੀ ਕਿ:-


" ਉਹ ਕੀ ਕਰ ਸਕਦੇ ਹਨ ਇਹ ਕਤਾਬ ੧੯੯੮
ਵਿਚ   ਛੱਪੀ ਸੀ ਉਸ ਵੇਲੇ ਦੇ ਤਤਕਾਲੀਨ ਪ੍ਰਧਾਨ ਇਸ ਲਈ ਜੱਿਮੇਵਾਰ ਹਨ। ਉਨਾਂ ਕੋਲੋਂ ਪੁਛੋ,  ਮੈਂ ਇਸ ਵਿਚ ਕੀ ਕਰ ਸਕਦਾ ਹਾਂ ?"

ਵੀਰ ਜੀਉ, ਮੈਂ ਇਤਨਾ ਤਾਂ ਸਵੀਕਾਰ ਕਰਦਾ ਹਾਂ ਕਿ ਮੱਕੜ ਜੀ ੧੯੯੮ ਵਿਚ ਪ੍ਰਧਾਨ ਨਹੀਂ ਸਨ ਪਰ ਮੈਂ ਉਨਾਂ੍ਹ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਕਿ "ਇਸ ਵਿਚ ਮੈਂ ਕੀ ਕਰ ਸਕਦਾ ਹਾਂ?"


ਉਨਾਂ੍ਹ ਦਾ ਇਹ ਬਿਆਨ (ਜੇ ਕਰ ਆਪ ਜੀ ਮੁਤਾਬਕ ਸਿਰਫ਼ ਇਤਨਾ ਅਤੇ ਇਹੀ ਹੈ) ਗ਼ੈਰਜਿੰਮੇਦਾਰਾਨਾ ਹੈ। ਬਿਆਨ ਮੁਤਾਬਕ ਉਹ ਇਸ ਗਲ ਨੂੰ ਸਵੀਕਾਰ ਕਰਦੇ ਪ੍ਰਤੀਤ ਹੁੰਦੇ ਹਨ ਕਿ ਇਹ ਕਿਤਾਬ ਕਮੇਟੀ ਵਲੋਂ ਹੀ ੧੯੯੮ ਵਿਚ ਛੱਪੀ ਸੀ।ਮੇਰੇ ਵਿਚਾਰ ਅਨੁਸਾਰ, ਜੇ ਕਰ ਇਹ ਮਾਮਲਾ ਹੁਣ ਸਾ੍ਹਮਣੇ ਆਇਆ ਹੈ, ਤਾਂ ਉਨਾਂ੍ਹ ਨੂੰ ੧੯੯੮ ਵਿਚ ਇਸ ਕਿਤਾਬ ਨਾਲ ਸਬੰਧਤ ਰਹੇ ਹਰ ਜਿੰਮੇਦਾਰ ਵਿੱਯਕਤੀ/ਵਿਅਕਤਿਆਂ ਦੇ ਨਾਮ ਜਨਤਕ ਕਰਦੇ ਉਨਾਂ੍ਹ ਖਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।


ਜੇ ਕਰ ਉਹ ਵਿੱਯਕਤੀ ਹੁਣ ਕਮੇਟੀ ਵਿਚ ਨਹੀਂ ਹਨ, ਤਾਂ ਵੀਂ ਐਸਾ ਦੁਸ਼ਟ ਕ੍ਰਿਤ ਕਰਨ ਵਾਲੇਆਂ ਨੂੰ ਬੇਨਕਾਬ ਕਰਦੇ ਕਮੇਟੀ ਨੂੰ ਪੰਥਕ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹ ਫੌਰਨ ਸਪਸ਼ਟ ਕਰਨ ਕਿ ਇਹ ਕਿਤਾਬ ਨੂੰ ਲਿਖਣ ਦਾ ਪ੍ਰੌਜੇਕਟ ਕਿਸ ਅਹੁਦੇਦਾਰ/ਵਿਦਵਾਨ ਦੀ ਦੇਖ ਰੇਖ ਵਿਚ ਹੋਇਆ ਸੀ? ਉਹ ਇਹ ਵੀ ਦੱਸਣ ਕਿ ਇਸਦਾ ਲੇਖਨ ਕਿਸ ਨੇ, ਅਤੇ ਕਿਸ ਦੀ ਦੇਖ-ਰੇਖ ਵਿਚ ਕੀਤਾ? ਇਸਦੀ ਭੂਮਿਕਾ ਕਿਸ ਨੇ ਲਿਖੀ? ਸ਼੍ਰੋਮਣੀ ਕਮੇਟੀ ਨਾਲ ਜੁੜੇਆ ਐਸਾ ਸੰਗੀਨ ਮਾਮਲਾ ਹੈ ਜਿਸ ਦੇ ਪਰਦੇ ਫ਼ਾਸ਼ ਹੋਂਣੇ ਚਾਹੀਦੇ ਹਨ।

 
ਸਿਰਫ਼ ਇਤਨਾ ਕਹਿਣ ਵਿਚ ਕਿ "ਮੈਂ ਕੀ ਕਰ ਸਕਦਾ ਹਾਂ", ਉਸ ਸੋਚ ਦਾ ਪ੍ਰਤੀਨਿਧੱਤਵ ਨਹੀਂ ਜਿਸ ਸੋਚ ਨਾਲ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ! 

 
ਮੈਂ ਬਲਦੇਵ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਇਹ ਸੂਚਨਾ ਜਨਤਕ ਕਰਨ ਕਿ ਇਸ ਕਿਤਾਬ ਦੀ ਭੁਮਿਕਾ ਕਿਸ ਨੇ ਲਿਖੀ? ਉਹ ਟ੍ਰਿਬੁਨਲ ਵਲੋਂ ਆਏ ਪੁਰੇ ਫ਼ੈਸਲੇ ਨੂੰ ਵੈਬਸਾਈਟਾਂ ਦੇ ਪਾਉਂਣ।ਉਹ ਦੂਜੇ ਧਿਰ ਵਲੋਂ ਆਏ ਜਵਾਬ ਦਾਵੇ ਨੂੰ ਵੀ ਵੈਬਸਾਈਟਾਂ ਤੇ ਪਾਉਂਣ।ਉਨਾਂ੍ਹ ਪਾਸ ਇਹ ਸਾਰੇ ਕਾਗ਼ਜ਼ਾਤ ਹੋਂਣ ਗੇ ਹੀ।


ਵੀਰ ਜੀ ਆਪ ਜੀ ਵੀ ਸ. ਬਲਦੇਵ ਸਿੰਘ ਜੀ ਨੂੰ ਸਬੰਧਤ ਕਾਗ਼ਜਾਤ ਜਨਤਕ ਕਰਨ ਲਈ ਕਹੋ ਤਾਂ ਕਿਰਪਾ ਹੋਵੇਗੀ।ਤਦ ਤਕ ਹੋਰ ਵਿਚਾਰ ਨਾ ਕਰ ਪਾਉਂਣ ਲਈ ਛਿਮਾ ਦਾ ਜਾਚਕ ਸਮਝਣਾ।


ਬੇਨਤੀ ਹੈ ਇਸ ਪੱਤਰ ਨੂੰ ਜ਼ਰੂਰ ਛਾਪ ਦੇਂਣਾ!


ਹਰਦੇਵ ਸਿੰਘ,ਜੰਮੂ-੧੮.੩.੨੦੧੩


ਨੋਟ:-ਇਹ ਖ਼ਤ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਨੇ ਨਾ ਛਾਪਿਆ।ਮੈਂ 4-5 ਵਾਰ
ਮੇਲ ਭੇਜ ਬੇਨਤੀ ਕੀਤੀ ਕਿ  ਉਹ, ਗੁਰਸਿੱਖ ਹੋਂਣ ਦਾ ਫ਼ਰਜ਼ ਨਿਭਾਉਂਦੇ, ਮੇਰੇ ਪੱਖ ਨੂੰ ਵੀ ਛਾਪ ਦੇਂਣ।ਪਰ ਉਨਾਂ੍ਹ ਮੇਰੇ ਪੱਖ ਨੂੰ ਪਾਠਕਾਂ ਸਾ੍ਹਮਣੇ ਨਾ ਲਿਆਂਦਾ ਜੋ ਕਿ ਉਨਾਂ੍ਹ ਦੇ ਬਲਾਗ ਤੇ ਛੱਪੇ ਲੇਖ ੧੭.੩.੨੦੧੩ ਦੇ ਜਵਾਬ ਵਿਚ ਸੀ।
Note:- Veer ji started misbehaving me, through his writings because I presented some historical facts in the article  'Swaal Dar Swaal' given below, and in another letter dated:05.03.2013 on Sikh marg.com on this link:- http://www.sikhmarg.com/your-view94.html

Saturday, 2 March 2013

ਸਵਾਲ ਦਰ ਸਵਾਲ
ਹਰਦੇਵ ਸਿੰਘ, ਜੰਮੂ
 
“….ਜੇ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ ਅਸਥਾਨ ਨੂੰ ਅਕਾਲ ਤਖਤ ਮੰਨਦੇ ਹੋ ਅਤੇ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਕ ਤਨਖ਼ਾਹਦਾਰ ਮੁਲਾਜ਼ਮ, ਜੋ ਅਕਾਲ ਤਖ਼ਤ ਦੇ ਸਥਾਨ ’ਤੇ ਖਲੋ ਕੇ ਝੂਠ ਬੋਲਦਾ ਹੋਵੇ; ਦੇ ਹੁਕਮ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸਕੇ ਇਸ ਨੂੰ ਮੰਨਣ ਦੀ ਗੱਲ ਕਰਦੇ ਹੋ, ਤਾਂ ਮੈਂ ਸਮਝਦਾ ਹਾਂ ਕਿ ਭੋਲੇ ਸਿੱਖਾਂ ਨੂੰ ਇਹ ਆਖ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ”


ਪਿੱਛਲੇ ਦਿਨਾਂ ਵਿੱਚ ਛੱਪੇ ਇੱਕ ਲੇਖ ਦੇ ਉਪਰੋਕਤ ਅੰਸ਼ ਵਿੱਚ ਗੁਰੂ ਹਰਗੋਬਿੰਦ ਜੀ ਵਲੋਂ ਦਰਬਾਰ ਸਾਹਿਬ ਸ੍ਹਾਮਣੇ ਉਸਾਰੇ ਸਥਾਨ ਨੂੰ ‘ਅਕਾਲ ਤਖ਼ਤ’ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨ ਵਰਗਾ ਕੰਮ ਲਿਖਿਆ ਗਿਆ। ਲੇਖ ਵਿੱਚ ਤਰਕ ਨੂੰ ਤੋਰਦੇ ਹੋਏ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਬਾਣੀ ਸਿਧਾਂਤ ਹੀ ਅਕਾਲ ਤਖ਼ਤ ਹੈ ਨਾ ਕਿ ਗੁਰੂ ਹਰਗੋਬਿੰਦ ਜੀ ਦਾ ਸਿਰਜਿਆ ਅਕਾਲ ਤਖ਼ਤ!


ਉਪਰੋਕਤ ਵਿਚਾਰ ਵਿੱਚ ਸਿਧਾਂਤ (ਬਾਣੀ) ਅਤੇ ਉਸ ਸਿਧਾਂਤ ਦੀ ਵਿਆਖਿਆ (ਅਕਾਲ ਤਖ਼ਤ) ਵਿੱਚ ਪਾੜ ਪਾਉਂਣ ਦਾ ਵਿਚਾਰ ਪ੍ਰਤੀਤ ਹੁੰਦਾ ਹੈ। ਇਹ ਉਂਝ ਹੀ ਹੈ ਜਿਵੇਂ ਕਿ ਪੰਥ ਦੇ ਸਰੀਰ ਨੂੰ ਮਾਰ ਕੇ ਪੰਥ ਨੂੰ ਜਿੰਦਾ ਕਰਨ ਦਾ ਦਾਅਵਾ ਕੀਤਾ ਜਾਏ। ਅੱਜ ਅਕਾਲ ਤਖ਼ਤ, ਅਕਾਲ ਤਖ਼ਤ ਨਾ ਹੋ ਕੇ ਗੁਰੂ ਦਾ ਸਿਰਜਿਆ ਇੱਕ ਸਥਾਨ ਮਤਾਰ ਹੋ ਗਿਆ ਉਹ ਵੀ ਸਿਧਾਂਤ ਮੁਤਾਬਕ ਨਹੀਂ ਬਲਕਿ ਸਿਰਫ਼ ਇਤਹਾਸ ਮੁਤਾਬਕ? ਖੈਰ!


ਇਸ ਵਿਚਾਰ ਨੇ ਦਾਸ ਦਾ ਧਿਆਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇੱਕ ਹੁਕਮਨਾਮੇ ਵੱਲ ਖਿੱਚਿਆ। ਉਸ ਹੁਕਮਨਾਮੇ ਵਿੱਚ ਇੰਝ ਲਿਖਿਆ ਗਿਆ:-


ਮਿਤੀ: 9. 2. 1987
                                                    ਹੁਕਮ

(1) ਪੰਥਕ ਏਕਤਾ ਦੇ ਮਨੋਰਥ ਲਈ ਸ਼੍ਰੋਮਣੀ ਅਕਾਲੀ ਦਲ ਦੇ ਏਕੀਕਰਨ ਕਰਨ ਸੰਬੰਧੀ ਅਕਾਲੀ ਦਲ ਦੇ ਸਭ ਧੜਿਆਂ ਦੇ ਪ੍ਰਧਾਨਾਂ ਤੋਂ ਮਿਤੀ 5 ਫ਼ਰਵਰੀ ਨੂੰ ਸ਼ਾਮ ਦੇ ਪੰਜ ਵਜੇ ਤੀਕ ਅਸਤੀਫ਼ੇ ਭੇਜਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਜਾਰੀ ਕੀਤਾ ਗਿਆ, ਸੁਰਜੀਤ ਸਿੰਘ ਬਰਨਾਲਾ ਅਸਤੀਫ਼ਾ ਅਸਤੀਫ਼ਾ ਨਾ ਦੇ ਕੇ ਹੁਕਮ ਦੀ ਅੱਵਗਿਆ ਕਰਨ ਦਾ ਦੋਸ਼ੀ ਹੈ।

(2) ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਜਾ ਰਹੇ ਏਕਤਾ ਯਤਨਾਂ ਸਬੰਧੀ ਸੁਰਜੀਤ ਸਿੰਘ ਬਰਨਾਲਾ, ਕੂੜ, ਕੁਸੱਤ ਦੇ ਮੰਦ ਬਚਨ ਬੋਲ ਕੇ ਸਿੰਘ ਸਾਹਿਬਾਨ ਦੀ ਮਹਾਨ ਪਦਵੀਆਂ ਦੇ ਅਪਮਾਨ ਦਾ ਦੋਸ਼ੀ ਹੈ।


(3) ਆਪਣੇ ਬਚਨਾਂ ਤੋਂ ਖਿਸਕ ਕੇ ਅਤੇ ਆਪਣੇ ਵੱਲੋਂ ਭੇਜੇ ਪ੍ਰਤੀਨਿਧ ਦੇ ਦਿਵਾਏ ਲਿਖਤੀ ਵਿਸ਼ਵਾਸ ਤੋਂ ਮੁਨਕਰ ਹੋ ਕੇ ਸੁਰਜੀਤ ਸਿੰਘ ਬਰਨਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਸ਼ਵਾਸਘਾਤ ਦਾ ਦੋਸ਼ੀ ਹੈ।


(4) ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਵਲੋਂ ਅਕਾਲੀ ਦਲ ਦੇ ਸਭ ਧੜੇ ਭੰਗ ਕਰਨ ਦੇ ਐਲਾਨ ਉਪਰੰਤ ਵੀ ਸੁਰਜੀਤ ਸਿੰਘ ਬਰਨਾਲਾ ਨੇ ਧੜੇ ਦੀ ਹੋਂਦ ਅਤੇ ਆਪਣੇ ਪ੍ਰਧਾਨ ਹੋਂਣ ਦਾ ਦਾਅਵਾ ਅਖ਼ਬਾਰਾਂ ਰਾਹੀਂ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ, ਪੰਥਕ ਏਕਤਾ ਦੇ ਕਾਜ ਨੂੰ ਸੱਟ ਮਾਰੀ ਅਤੇ ਸਿੱਖ ਕੋਮ ਵਿੱਚ ਖਿਚੋਤਾਨ, ਪਾਟੋਪਾੜ ਅਤੇ ਆਪਾ-ਧਾਪੀ ਪਾਉਣ ਦਾ ਅਪਰਾਧ ਕਮਾਇਆ ਹੈ।
ਇਸ ਲਈ ਅੱਜ ਅਸੀਂ ਸੁਰਜੀਤ ਸਿੰਘ ਬਰਨਾਲਾ ਨੂੰ ਬਾਤੌਰ ਸਿੱਖ ਦੇ ਤਨਖਾਹੀਆ ਕਰਾਰ ਦਿੰਦੇ ਹਾਂ। ਸੁਰਜੀਤ ਸਿੰਘ ਬਰਨਾਲਾ ਮਿਤੀ 11 ਫ਼ਰਵਰੀ, 1987 (29 ਮਾਘ ਸੰਮਤ ਬਿਕ੍ਰਮੀ 2045) ਦਿਨ ਬੁਧਵਾਰ ਦੁਪਹਿਰ ਦੇ ਦੋ ਵਜੇ ਲਿਖਤੀ ਸਪਸ਼ਟੀਕਰਨ ਲੈ ਕੇ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਿਰ ਹੋਵੇ, ਨਹੀਂ ਤਾਂ ਪੰਥਕ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਗਲੀ ਕਾਰਵਾਈ ਕਰਨਗੇ।


ਸਰਬ ਸਿੱਖ ਸੰਸਾਰ ਸੁਰਜੀਤ ਸਿੰਘ ਬਰਨਾਲਾ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮ ਤਕ ਕੋਈ ਸਬੰਧ ਨਾ ਰੱਖੇ ਅਤੇ ਕੋਈ ਮਿਲਵਰਤਨ ਨਾ ਦੇਵੇ। ਜੋ ਕੋਈ ਪੰਥ ਦਾ ਹੁਕਮ ਮੰਨੇਗਾ, ਉਹ ਨਿਹਾਲ ਹੋਵੇਗਾ ਅਤੇ ਸਤਿਗੁਰ ਹਲਤ-ਪਲਤ ਉਸਦੇ ਸਹਾਈ ਹੋਣਗੇ।
ਨੋਟ:- ਅਗੇ ਇਸ ਹੁਕਮਨਾਮੇ ਹੇਠ ਪੰਜ ਜੱਥੇਦਾਰਾਂ ਦੇ ਦਸਤਖ਼ਤ ਹਨ


ਸੰਨ 1987 ਵਿੱਚ ਅਕਾਲ ਤਖ਼ਤ ਦੀ ਮੁਹਰ ਹੇਠ ਜਾਰੀ ਹੁਕਮਨਾਮੇ ਬਾਰੇ ਕੁੱਝ ਸੁਭਾਵਕ ਜਿਹੇ ਸਵਾਲ ਉੱਠਦੇ ਹਨ ਇਹ ਸਵਾਲ ਇਸ ਪ੍ਰਕਾਰ ਹਨ:-


(1)
ਅਕਾਲ ਤਖ਼ਤ ਤੋਂ ਅਸਤੀਫ਼ੇ ਮੰਗਣ ਦਾ ਆਦੇਸ਼ ਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਰੀ ਕੀਤਾ ਸੀ? ਜੇ ਕਰ ਇਹ ਆਦੇਸ਼ ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਸੀ ਤਾਂ ਇਸ ਨੂੰ ‘ਅਕਾਲ ਤਖ਼ਤ’ ਦਾ ਆਦੇਸ਼ ਕਿਉਂ ਲਿਖਿਆ ਗਿਆ?


(2) ਉਦੋਂ ਸਿੰਘ ਸਾਹਿਬਾਨ ਦੀਆਂ ਪਦਵੀਆਂ ਵੀ ਸਨ ਅਤੇ ਉਹ ਪਦਵੀਆਂ ਮਹਾਨ ਵੀ ਸਨ। ਉਸ ਵੇਲੇ ਮੰਦ ਬਚਨ ਬੋਲਣਾ ਉਨ੍ਹਾਂ ਮਾਹਨ ਪਦਵੀਆਂ ਦਾ ਅਪਮਾਨ ਸੀ। ਕਿਉਂ?


(3) ਸਿੰਘ ਸਾਹਿਬਾਨ ਨੂੰ ਲਿਖਤੀ ਵਿਸ਼ਵਾਸ ਦੇ ਕੇ ਮੁਨਕਰ ਹੋ ਜਾਣ ਵਾਲੇ ਬਰਨਾਲਾ ਸਾਹਿਬ ਜੀ ਅਕਾਲ ਤਖ਼ਤ ਦੇ ਦੋਸ਼ੀ ਕਿਵੇਂ ਹੋ ਗਏ? ਕੀ ਬਰਨਾਲਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵਿਸ਼ਵਾਸ ਦਿਲਾਇਆ ਸੀ ਜਿਸ ਤੋਂ ਬਾਦ ਵਿੱਚ ਬਰਨਾਲਾ ਜੀ ਮੁਨਕਰ ਹੋ ਗਏ?


(4) ਜੇ ਕਰ ਅਕਾਲ ਤਖ਼ਤ ਬਾਣੀ ਸਿਧਾਂਤ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਅਕਾਲੀ ਦਲ ਦੇ ਸਭ ਧੜੇ ਭੰਗ ਕਰਨ ਦਾ ਐਲਾਨ ਕਿਦੋਂ ਕੀਤਾ ਸੀ?


(5) ਬਰਨਾਲਾ ਜੀ ਦੇ ਸਪਸ਼ਟੀਕਰਨ ਨਾ ਆਉਂਣ ਦੀ ਸੂਰਤ ਵਿੱਚ ‘ਅਕਾਲ ਤਖ਼ਤ ਸਾਹਿਬ’ (ਤਰਕ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ) ਨੇ ਅਗਲੀ ਕਾਰਵਾਈ ਕਿਵੇਂ ਕਰਨੀ ਸੀ?


(6) ਸਪਸ਼ਟੀਕਰਨ ਆਉਂਣ ਤੋਂ ਪਹਿਲਾਂ ਹੀ ਪੰਥ ਨੂੰ ਬਰਨਾਲਾ ਸਾਹਿਬ ਨਾਲ ਕੋਈ ਸਬੰਧ ਨਾ ਰੱਖਣ ਅਤੇ ਮਿਲਵਰਤਨ ਨਾ ਦੇਂਣ ਦਾ ਆਦੇਸ਼ ‘ਅਕਾਲ ਤਖ਼ਤ’ ਨੇ ਕਿੰਝ ਦਿੱਤਾ ਸੀ?


ਜੇ ਕਰ ਗੁਰੂ ਹਰਗੋਬਿੰਦ ਜੀ ਵਲੋਂ ਸਿਰਜੇ ਸਥਾਨ ਨੂੰ ਅਕਾਲ ਤਖ਼ਤ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨਾ ਹੈ ਤਾਂ ਉਪਰੋਕਤ ਹੁਕਮਨਾਮਾ ਕਿਸ ਨੂੰ ਗੁਮਰਾਹ ਕਰਨ ਲਈ ਸੀ?


ਹਰਦੇਵ ਸਿੰਘ, ਜੰਮੂ-02. 03. 2013

Note:- It is pertinent to mention here that above quoted contents are the part of a   'Hukamnama' of Akal Takht when Prof. Darshan Singh ji was himself Jathedar Akal Takht Sahib. Readers can read another important letter dated 05.03.2013 on this link:-http://www.sikhmarg.com/your-view94.html

Wednesday, 20 February 2013

‘੧’ ਦਾ ਅਰਥ 
 ਹਰਦੇਵ ਸਿੰਘ,ਜੰਮੂ


ਗਣਿਤ ਦੀ ਸੰਖਿਆ ਹੈ! ਗਣਿਤ ਅਨੁਸਾਰ ‘1’ ਉਹ ਸੰਖਿਆ ਹੈ ਜੋ ‘ਸਿਫ਼ਰ’ ਤੋਂ ਬਾਦ ਅਤੇ ‘ਦੋ’ ਤੋਂ ਪਹਿਲਾਂ ਆਉਂਦੀ ਹੈ।ਇਸ ਨੂੰ ‘ਇਕ’ ਕਰਕੇ ਬੋਲਦੇ ਹਨ ਅਤੇ ‘ਇਕ’ ਦੇ ਅਰਥ ਹਨ:-

ਗਿਣਤੀ ਵਿਚ ਪਹਿਲਾ , ਇਕੱਲਾ, ਲਾਸਾਨੀ, ਅਦੁਤੀ ਆਦਿ ਅਤੇ ਪਾਰਬ੍ਰਹਮ ਕਰਤਾਰ, ਜਿਵੇਂ ਕਿ:-

ਇਕ ਦੇਖਿਆ ਇਕ ਮੰਨਿਆ ( ਵਾਰ ਗਉੜੀ, ਮਹਲਾ ੪)

ਇਸ ਤੋਂ ਇਲਾਵਾ ੧’ ਨੂੰ ਫ਼ਾਰਸੀ ਵਿਚ ‘ਯਕ’ ਅਤੇ ਅੰਗ੍ਰੇਜ਼ੀ ਵਿਚ ‘ਵਨ’ (One) ਵੀ ਕਹਿੰਦੇ ਹਨ।ਇੰਝ ਹੀ ਹੋਰ ਭਾਸ਼ਾਵਾਂ ਵਿਚ ਇਸ ਨੂੰ ਬੋਲਣ ਲਈ ਹੋਰ ਸ਼ਬਦ ਵੀ ਹੋ ਸਕਦੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ੧’ ਦਾ ਇਸਤੇਮਾਲ ਸੁਚਨਾਤਮਕ ਸੰਖਿਆ ਦੇ ਨਾਲ-ਨਾਲ ਅਧਿਆਤਮਕ ਦਰਸ਼ਨ ਦੇ ਪ੍ਰਗਟਾਵੇ ਲਈ ਵੀ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਿਆ ਗਿਆ ਪਹਿਲਾ ਸ਼ਬਦਾਂਸ਼ ਹੈ।

ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿਚ ‘੧’ ਦੀ ਵਰਤੋਂ ਦਾ ਇਕ ਹੋਰ ਅਦੁਤੀ ਪੱਖ ਵੇਖਣ ਨੁੰ ਮਿਲਦਾ ਹੈ, ਜਿਸ ਵਿਚ ਇਹ ਸੰਖਿਆ, ਇਕ ਸ਼ਬਦ (ਇੱਕ) ਦੇ ਰੂਪ ਵਿਚ ਵੱਖਰੇ ਹੀ ਨਜ਼ਾਰੇ ਦਾ ਰੂਪ ਲੇ, ਸਿੱਖੀ ਦੇ ਇਕ ਮੁੱਡਲੇ ਸਿਧਾਂਤ ਦੀ ਵਿਆਖਿਆ ਵੱਲ ਅਗ੍ਰਸਰ ਹੁੰਦੀ ਜਾਂਦੀ ਹੈ।

ਜ਼ਰਾ ਵੇਖੀਏ ਕਿ ਇਹ ‘੧’, ਉਸ ਵੇਲੇ ਕੀ ਅਰਥ ਧਾਰਨ ਕਰਦਾ ਹੈ, ਜਿਸ ਵੇਲੇ ਇਸ ਤੋਂ ਪਹਿਲਾਂ ‘ਮਹਲਾ’ ਸ਼ਬਦ ਆ ਜੁੜਦਾ ਹੈ।‘ਮਹਲਾ ੧’ ਯਾਨੀ ਕਿ ਗੁਰੂ ਨਾਨਕ! ਇੱਥੇ ‘੧’ ਦਾ ਅਰਥ ‘ਗੁਰੂ ਨਾਨਕ’ ਹੋ ਜਾਂਦਾ ਹੈ! ‘ਇਕ’ ਦਾ ਇਹ ਅਰਥ ਹੀ ‘੨’ ਨੂੰ ਗੁਰੂ ਅੰਗਦ ਕਰਕੇ ਪਰਿਭਾਸ਼ਤ ਕਰਦਾ ਹੈ।ਇੰਝ ਹੀ ‘ਮਹਲਾ’ ਸ਼ਬਦ ਉਪਰੰਤ ੩’ ‘੪’ ‘੫’ ਦਿਆਂ ਗਣਿਤ ਸੰਖਿਆਵਾਂ ਦਾ ਅਰਥ ਗੁਰੂ ਸਾਹਿਬਾਨ ਦੇ ਨਾਮ ਵਿਚ ਬਦਲਦਾ ਜਾਂਦਾ ਹੈ। ਫ਼ਿਰ ਜਿਸ ਵੇਲੇ ਮਹਲਾ ‘੨’ ‘੩’ ‘੪’ ਜਾਂ ‘੫’ ਬਾਣੀ ਉਚਾਰਦੇ ਹੋਏ ‘ਨਾਨਕ’ ਨਾਮ ਦੀ ਵਰਤੋਂ ਕਰਦੇ ਹਨ, ਤਾਂ ਉਹ ‘੨’ ‘੩’ ‘੪’ ‘੫’ ਤੋਂ ‘੧’ ਵੀ ਹੋ ਜਾਂਦੇ ਹਨ।ਇਸ ਵਿਚ ‘੧’ ਦੇ ਪ੍ਰਕਾਸ਼ ਦੇ ਉਤਰਨ ਅਤੇ ਫ਼ੈਲਣ ਦਾ ਆਲੋਕਿਕ ਮੰਜ਼ਰ ਦ੍ਰਿਸ਼ਟਮਾਨ ਹੁੰਦਾ ਪ੍ਰਤੀਤ ਹੁੰਦਾ ਹੈ।


-ਹਰਦੇਵ ਸਿੰਘ,ਜੰਮੂ

Sunday, 10 February 2013


                                                                  ‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’

                                                                          ਹਰਦੇਵ ਸਿੰਘ, ਜੰਮੂ



ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ ਨਿਰਸੰਦੇਹ ਨਿਰਵਿਵਾਦਤ ਹੈ। ਦਸ਼ਮੇਸ਼ ਜੀ ਨੇ ਸਿੱਖ ਪੰਥ ਨੂੰ ਕੁੱਝ ਅਧਿਕਾਰ-ਜ਼ਿੰਮੇਵਾਰੀ ਸੋਂਪਦੇ ਇਸੇ ਸਰਵੋੱਚਤਾ ਦੇ ਅਧੀਨਸਥ ‘ਮਿਲ ਕੇ’ ਤੁਰਨ ਦਾ ਹੁਕਮ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਇਕਛੱਤਰ ਅਗੁਆਈ ਦਾ ਪਹਿਲਾ ਪੰਥਕ ਸਬਕ, ‘ਇਕ ਪੰਥ’ ਦਾ ਸਿਧਾਂਤ ਹੈ। ਜੋ ਇਸ ਸਿਧਾਂਤ ਨੂੰ ਢਾਹ ਲਾਏ ਉਹ ਕਿਤਨੇ ਵੀ ‘ਦਾਵੇ’ ਕਿਉਂ ਨਾ ਕਰ ਲੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਹੇਠ ਨਹੀਂ ਮੰਨਆ ਜਾ ਸਕਦਾ।

ਪਹਿਲੀ ਨਜ਼ਰੇ ‘ਕੇਵਲ ਗੁਰੂ ਗ੍ਰੰਥ ਜੀ ਦੀ ਅਗੁਆਈ’ ਦਾ ਤਰਕ ਕਿਸੇ ਵੀ ਪੰਥ ਦਰਦੀ ਨੂੰ ਆਕਰਸ਼ਤ ਕਰਦਾ ਹੈ ਕਿਉਂਕਿ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਨਾ ਹੀ ਹੋਂਣਾ ਚਾਹੀਦਾ ਹੈ। ਲੇਕਿਨ ‘ਨਿਜ ਸਵਾਰਥ’ ਧਰਮ ਅਸਥਾਨਾਂ ਤੇ ਨਹੀਂ ਉਪਜਦਾ ਬਲਕਿ ਅਕਸਰ ‘ਬਾਹਰੋਂ’ ਪਨਪਦਾ ਧਰਮ ਸਥਾਨ ਵਿੱਚ ਵੜਦਾ ਹੈ, ਅਤੇ ਕਈਂ ਵਾਰ, ਕਿਸੇ ਸੰਸਥਾਨ, ਧਿਰ, ਰਸਾਲੇ, ਅਖ਼ਬਾਰ ਆਦਿ ਦੇ ਰੂਪ ਵਿੱਚ ‘ਧਰਮ ਅਧਾਰਤ ਸਵਾਰਥ ਨੀਤੀ’, ਧਰਮ ਸਥਾਨ ਤੋਂ ਬਾਹਰ ਰਹਿ ਕੇ ਕਰਦਾ ਹੈ।

ਖੈਰ! ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਦੀ ਦਲੀਲ਼, ਕੁੱਝ ਸਾਲਾਂ ਤੋਂ, ਕੁੱਝ ਇੰਝ ਤੁਰੀ:-

(1) ਇਤਹਾਸ ਨਹੀਂ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦੀ ਅਗੁਆਈ!
(2) ਸਿੱਖ ਰਹਿਤ ਮਰਿਆਦਾ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(3) ਸ਼੍ਰੀ ਅਕਾਲ ਤਖਤ ਕੋਈ ਸੰਸਥਾਨ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(4) ਭਾਈ ਗੁਰਦਾਸ, ਭਾਈ ਨੰਦ ਲਾਲ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(5) ਭਗਤ ਅਤੇ ਭੱਟ ਬਾਣੀ, ਬਾਣੀ ਨਹੀਂ ਅਤੇ ਕੇਵਲ ਗੁਰੂ ਸਾਹਿਬਾਨ ਜੀ ਵਲੋਂ ਉਚਰੀ ਬਾਣੀ ਦੀ ਅਗੁਆਈ
(6) ਗੁਰੂ ਸਾਹਿਬਾਨ ਦੀ ਬਾਣੀ ਵਿਚੋਂ ਕੇਵਲ ਗੁਰੁ ਨਾਨਕ ਜੀ ਵਲੋਂ ਉਚਾਰੀ ਬਾਣੀ ਦੀ ਅਗੁਆਈ!
(7) ਗੁਰੂ ਸਾਹਿਬਾਨ ਗੁਰੂ ਨਹੀਂ ਸਨ, ਭੁੱਲਣਹਾਰ ਸਨ ਅਤੇ ਇਸ ਲਈ ਕੇਵਲ ਸ਼ਬਦ ਗੁਰੂ ਤੋਂ ਅਗੁਆਈ!
(8) ਸ਼ਬਦ ਗੁਰੂ ਨਹੀਂ ਕੇਵਲ ਉਸ ਵਿਚਲੇ ਸੱਚ ਦੇ ਗਿਆਨ ਤੋਂ ਅਗੁਆਈ!
(9) ਸੱਚ ਦਾ ਗਿਆਨ ਗੁਰੂ ਹੈ ਇਸ ਲਈ ‘ਗੁਰੂ ਗ੍ਰੰਥ ਸਾਹਿਬ’ ਗੁਰੂ ਨਹੀਂ ਪੁਸਤਕ ਹੈ।

ਹੁਣ ਤਾਂ ਕੁੱਝ ਦਿਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇਆਂ ਤੋਂ ਹਟਾਉਂਣ ਲਈ ਮਚਲ ਰਹੇ ਹਨ। ਪਹਿਲਾਂ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਹੁਤ ਚੰਗੀ ਗਲ ਸੀ ਪਰ ਹੁਣ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ। ਇਸ ਨੀਤੀ ਨੂੰ ਅਘੋਸ਼ਤ ਢੰਗ ਨਾਲ ਹੋਲੀ-ਹੋਲੀ ਪੜਾਅਵਾਰ ਤੋਰੇਆ ਜਾ ਰਿਹਾ ਹੈ।

ਬਹੁਤੇ ਪੰਥ ਦਰਦੀ ਅਚੰਬਤ ਹਨ ਕਿ ਉਨ੍ਹਾਂ ਦੀ 1% ਰੱਧ ਕਰਨ ਦੀ ਚਾਹ 100% ਰੱਧ ਕਰਨ ਦਾ ਦਰਦ ਲੇ ਆਈ। ਇਸ ਵਰਤਾਰੇ ਨੇ ਜਾਗਰੂਕਤਾ ਦੀ ਵਿਸ਼ਵਿਸਨੀਯਤਾ ਨੂੰ ਗਹਿਰੀ ਸੱਟ ਮਾਰੀ ਹੈ। ਇਹ ਵੱਡਾ ਨੁਕਸਾਨ ਹੈ!

10-15 ਸਾਲ ਪਹਿਲਾਂ ਆਰੰਭ ਹੋਏ ਇਸ ਨਾਟਕ ਦਾ ਅਸਲੀ ਟੀਚਾ ਸਿੱਖ ਪੰਥ ਵਿੱਚ ਦੁਬਿਦਾ ਉਤਪੰਨ ਕਰਨਾ ਨਹੀਂ ਬਲਕਿ ਦੁਫ਼ੇੜ ਉਤਪੰਨ ਕਰਨਾ ਸੀ। ਦੁਬਿਦਾਵਾਂ ਤਾਂ ਕੇਵਲ ਮਾਧਿਅਮ ਹਨ! ਉਸ ਵੇਲੇ ਕਿਸੇ ਦੀ ਪੈਸੇ ਦੀ ਭੁੱਖ, ਕਿਸੇ ਦੀ ਚੋਧਰਾਹਟ ਦੀ ਭੁੱਖ, ਕਈਂ ਪੰਥ ਦਰਦੀ ਸੁਹਿਰਦਾਂ ਦੇ ਭੋਲੇਪਨ ਲਈ, ਧਰਮ ਦੀ ਗਲ ਹੋ ਗਈ, ਜਿਸ ਵਿੱਚ ਜਜ਼ਬਾਤਾਂ ਨੂੰ ਇਸਤੇਮਾਲ ਕੀਤਾ ਗਿਆ।

ਖੈਰ! ਕੋਈ ਇਨ੍ਹਾਂ ਸੱਜਣਾ ਨੂੰ ਪੁੱਛੇ ਕਿ ਜੇ ਕਰ ਹਰ ਅਧਾਰ ਨੂੰ ਰੱਧ ਕਰਨ ਲਈ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੀ ਦਲੀਲ ਹੈ ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ? ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜਨ। ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਕਿਸੇ ਦੇ ਵੀ ਲੇਖਾਂ ਤੋਂ ਅਗੁਆਈ ਕਿਉਂ ਲਈ ਜਾਏ?

ਪੰਥ ਦੇ ਮਾਹਨ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੇ ਤਰਕ ਨਾਲ ਰੱਧ ਕਰਨ ਵਾਲੇ ਆਪ ਕਿਵੇਂ ਅਤੇ ਕਿਉਂ ਕੰਮ ਕਰ ਰਹੇ ਹਨ? ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਸ ਹਨ ਤਾਂ ਕੋਈ ਵੀ ਹੋਰ ਲਿਖਤ ਲਿਖੀ ਹੀ ਕਿਉਂ ਜਾਂਦੀ ਹੈ? ਬੜੀ ਅਜੀਬ ਗਲ ਪ੍ਰਤੀਤ ਹੁੰਦੀ ਹੈ ਕਿ ਕੌਮ ਦੇ ਵਿਲੱਖਣ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੇ ਤਰਕ ਤੇ ਰੱਧ ਕਰਨ ਵਾਲਾ ਕੋਈ ਸੱਜਣ ਆਪ ਗੁਰਮਤਿ ਸਮਝਾਉਂਣ ਲਈ ਲੇਖ ਲਿਖਦਾ ਰਹੇ।

ਦਰਅਸਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਵਿੱਚ ਸਿੱਖ ਦੇ ਨਿਸ਼ਚੇ ਦਾ ਅਤੇ ਇਸ ਦਲੀਲ ਦਾ ਦੁਰਉਪਯੋਗ ਕਰਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਸਥਾਪਤ ਹਰ ਅਧਾਰ ਨਾਲੋਂ ਤੋੜ ਕੇ ਆਪਣੀ ਕੱਚੀ ਮਾਨਸਿਕਤਾ ਦੀ ਅਗੁਆਈ ਨਾਲ ਜੋੜਨ ਦੀ ਲਚਰਤਾ ਪਰੋਸੀ ਗਈ। ਆਪਣੇ ਸਵਾਰਥ ਹੇਤੂ ਇਸ ਲਚਰਤਾ ਨੂੰ ਅਰੰਭਣ ਵਾਲੇ ਸੱਜਣਾਂ ਲਈ ਇਹ ਜ਼ਰੂਰੀ ਸੀ ਕਿ ਉਹ ਸਿੱਖ ਵਿਰਸੇ ਵਿੱਚ ਹੋਏ ਹਰ ਮਹਾਨ ਵਿਦਵਾਨਾਂ ਨੂੰ ਹੋਲੀ-ਹੋਲੀ ਸ਼ੱਕ ਦੇ ਘੇਰੇ ਵਿੱਚ ਲਿਆਉਂਣ। ਉਨ੍ਹਾਂ ਆਪਣਾ ਸਵਾਰਥ ਪੁਰਾ ਕੀਤਾ ਤੇ ਕਈਂਆਂ ਨੂੰ ਆਪਣੇ ਵਿਦਵਾਨ ਹੋਂਣ ਦਾ ਹਉਮੇ ਰੋਗ ਲਗ ਗਿਆ।

ਨਿਜ ਹਿਤਾਂ ਲਈ ਧਰਮ ਸੰਸਥਾਨਾਂ ਨਾਲ ਜੁੜੇ ਸੱਜਣਾਂ ਅਤੇ ਰਾਜਨੀਤੀ ਦੇ ਗਠਜੋੜ ਦੀ ਪ੍ਰੋਢਤਾ ਗੁਰਮਤਿ ਵਿੱਚ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਇਹ ਨਿੰਦਨੀਯ ਹੈ। ਲੇਕਿਨ ਇਸ ਦੇ ਨਾਲ ਨਾਲ ਕੀ ਗੁਰਦੁਆਰਾ ਵਿਵਸਥਾ ਤੋਂ ਬਾਹਰ ਧਰਮ ਨਾਲ ਜੁੜੀਆਂ ਧਿਰਾਂ ਲਈ, ਧਰਮ ਦੇ ਨਾਮ ਤੇ ‘ਨਿਜ ਹਿਤ ਰਾਜਨੀਤੀ’ ਕਰਨ ਦੀ ਛੂਟ ਗੁਰਮਤਿ ਵਿੱਚ ਹੈ? ਜੇ ਕਰ ਬੇਲੋੜੀ ‘ਪੁਜਾਰੀ’ ਟਰਮ ਵਰਤੀ ਜਾਂਦੀ ਹੈ ਤਾਂ ਕੀ ਕੇਵਲ ਗੁਰਦੁਆਰੇਆਂ ਵਿੱਚ ਬੈਠਾ ਸੇਵਾਦਾਰ-ਗ੍ਰੰਥੀ-ਕੀਰਤਨੀਆਂ ਪੁਜਾਰੀ ਹੈ? ਕੀ ਗੁਰਦੁਆਰੇਆਂ ਤੋਂ ਬਾਹਰ ਗੁਰਮਤਿ ਨੂੰ ਢਾਹ ਲਗਾੁੳਂਦੇ ਲੋਗ ਪੁਜਾਰੀ ਨਹੀਂ ਹਨ? ਕੀ ਧਰਮ ਦੇ ਨਾਮ ਤੇ ਉਨ੍ਹਾਂ ਦਾ ਆਪਣਾ ‘ਨਿਜ ਸਵਾਰਥ’ ਅਤੇ ‘ਵਪਾਰਕ ਰਾਜਨੀਤੀ’ ਪੁਜਾਰੀਵਾਦ ਨਹੀਂ?

ਜੇ ਕਰ ਪੁਜਾਰੀ ਮਨੁੱਖ ਅਤੇ ਪਰਮਾਤਮਾ ਦੇ ਦਰਮਿਆਨ ਖੜਾ ‘ਪੇਸ਼ਾਵਰ’ ਹੁੰਦਾ ਹੈ ਤਾਂ ਧਿਆਨ ਵਿੱਚ ਰਹੇ ਕਿ ਇਹ ਪੇਸ਼ਾਵਰ ਹੁਣ ਸਫ਼ੇਦ ਕੁਰਤੇ ਪਜਾਮੇ ਜਾਂ ਚੋਲੇ-ਵਿਮਟੇ ਵਿੱਚ ਹੀ ਨਹੀਂ ਬਲਕਿ ਪੇਂਟ-ਕੋਟ-ਕਮੀਜ਼ ਵਿੱਚ ਵੀ ਹੈ। ਇਹ ਪੁਜਾਰੀ ਕੁਰਤੇ-ਪਜਾਮੇ ਵਾਲੇ ਨੂੰ ਪੁਜਾਰੀ ਕਹਿ ਕੇ ਆਪਣੇ ਪੁਜਾਰੀ ਪੁਣੇ ਨੂੰ ਛੁਪਾਉਂਣਾ ਚਾਹੁੰਦਾ ਹੈ? ਨਿਰਸੰਦੇਹ: ਛੁਪਾਉਂਣਾ ਚਾਹੁੰਦਾ ਹੈ! ਪਰ ‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਉਸ ਦੀ ਪਛਾਣ ਵੀ ਪ੍ਰਗਟ ਕਰਦੀ ਹੈ!
ਹਰਦੇਵ ਸਿੰਘ, ਜੰਮੂ-9. 2. 2013

Saturday, 2 February 2013

'ਅਰਥਾਂ ਦੇ ਅਨਰਥ'
ਹਰਦੇਵ ਸਿੰਘ,ਜੰਮੂ

ਸ਼ਬਦ-ਅਰਥ ਵਿਸ਼ਾ ਤਾਂ ਗਹਿਰਾ ਹੈ ਪਰ, ਸੰਖੇਪ ਵਿਚ, ਸ਼ਬਦਾਂ ਦੇ ਅਰਥ ਸ਼ਬਦਕੋਸ਼ਾਂ ਵਿਚੋਂ ਵੇਖੇ ਜਾਂਦੇ ਹਨ।ਕਿਸੇ ਸ਼ਬਦ ਦਾ ਅਨਰਥ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਸ ਨੂੰ ਗਲਤ ਪਰਿਪੇਖ ਵਾਸਤੇ ਵਰਤ ਲਿਆ ਜਾਏ। ਮਸਲਨ, ਆਮ ਤੌਰ ਤੇ 'ਪੁਰਸ਼' ਸ਼ਬਦ ਨੂੰ ਜੇ ਕਰ ਕਿਸੇ 'ਇਸਤਰੀ' ਵਾਸਤੇ ਵਰਤਿਆ ਜਾਏ ਤਾਂ ਇਹ 'ਪੁਰਸ਼' ਸ਼ਬਦ ਦਾ ਅਨਰਥ ਹੋਵੇਗਾ।


ਇਸ ਤੋਂ ਛੁੱਟ, ਜੇ ਕਰ ਕਿਸੇ ਸ਼ਬਦ ਦਾ ਉਹ ਅਰਥ ਕੱਡ ਲਿਆ ਜਾਏ, ਜੋ ਸ਼ਬਦਕੋਸ਼ਾਂ ਵਿਚ ਨਾ ਹੋਵੇ, ਤਾਂ ਵੀ ਇਹ ਅਨਰਥ ਹੋਵੇਗਾ। ਮਸਲਨ, ਜੇ ਕਰ 'ਅਸ਼ਵ' ਦਾ ਅਰਥ ਕਿਸੇ ਸ਼ਬਦਕੋਸ਼ ਵਿਚ 'ਘੋੜੇ' ਕਰਕੇ ਨਾ ਹੋਵੇ ਤਾਂ 'ਅਸ਼ਵ' ਲਈ 'ਘੋੜੇ' ਸ਼ਬਦ ਦੀ ਵਰਤੋਂ ਗਲਤ ਕਹੀ ਜਾਏਗੀ।ਪਰ ਜੇ ਕਰ 'ਘੋੜੇ' ਸ਼ਬਦ ਦਾ ਅਰਥ, ਸ਼ਬਦਕੋਸ਼ ਵਿਚ 'ਅਸ਼ਵ' ਕਰਕੇ ਹੈ ਤਾਂ ਕੋਈ ਵੀ ਵਿਦਵਾਨ ਇਹ ਨਹੀਂ ਕਹਿ ਸਕਦਾ ਕਿ 'ਅਸ਼ਵ' ਸ਼ਬਦ 'ਘੋੜੇ' ਸ਼ਬਦ ਦਾ ਅਨਰਥ ਹੈ।


ਇਵੇਂ ਹੀ ਅਸੀਂ ਦੋ ਸ਼ਬਦ ਵਿਚਾਰੀਏ, ਮਸਲਨ (੧) ਲੰਗੜਾ ਅਤੇ (੨) ਅੰਨਾ!


ਜੇ ਕਰ ਕੋਈ 'ਲੰਗੜੇ' ਦਾ ਅਰਥ ਆਪਣੇ ਵਲੋਂ ਹੀ 'ਦੋ ਲਤਾਂ' ਵਾਲਾ ਕਰ ਦੇਵੇ, ਤਾਂ ਇਸ ਅਰਥ ਨੂੰ ਅਨਰਥ ਕਿਹਾ ਜਾਏਗਾ।ਇਵੇਂ ਹੀ ਜੇ ਕਰ ਕੋਈ 'ਅੰਨੇ' ਸ਼ਬਦ ਦਾ ਅਰਥ, ਆਪਣੇ ਵਲੋਂ ਹੀ 'ਦੋ ਅਖਾਂ' ਵਾਲਾ ਕਰ ਦੇਵੇ ਤਾਂ ਇਸ ਨੂੰ ਵੀ ਅਨਰਥ ਕਿਹਾ ਜਾਏਗਾ।
ਪਰ ਜੇ ਕਰ ਕੋਈ ਸਿੱਖ ਲੰਗੜੇ ਨੂੰ 'ਸੁਚਾਲਾ' ਕਹਿੰਦਾ ਹੈ ਜਾਂ ਅੰਨੇ ਨੂੰ 'ਸੂਰਮਾ' ਕਹਿੰਦਾ ਹੈ ਤਾਂ ਵਿਚਾਰਨ ਵਾਲੀ ਗਲ ਹੈ ਕਿ, ਕੀ ਐਸਾ ਕਹਿ ਕੇ ਕੋਈ ਅਨਰਥ ਵਾਪਰਦਾ ਹੈ? 

ਇਸ ਸਵਾਲ ਦੇ ਜਵਾਬ ਲਈ ਸਾਨੂੰ ਸ਼ਬਦਕੋਸ਼ ਵੇਖਣਾ ਪਵੇਗਾ।

ਮਹਾਨਕੋਸ਼ ਵਿਚ 'ਸੁਚਾਲਾ' ਦਾ ਅਰਥ ਹੈ= ਲੰਗੜਾ, ਡੁੱਡਾ ਆਦਿ
ਅਤੇ 'ਸੂਰਮਾ' ਦਾ ਅਰਥ ਹੈ =  ਅੰਧਾ, ਨੇਤ੍ਰਹੀਨ 


ਹੋਰ ਸ਼ਬਦਕੋਸ਼ਾਂ ਵਿਚ ਵੀ 'ਸੂਰਮਾ' ਦਾ ਅਰਥ ਅੰਧਾ ਅਤੇ ਸੁਚਾਲਾ ਦਾ ਅਰਥ ਲੰਗੜਾ ਕਰਕੇ ਹੈ।


ਨਾ ਤਾਂ ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਇਨਾਂ੍ਹ ਸ਼ਬਦਾਂ ਦੇ ਅਰਥ ਆਪਣੇ ਵਲੋਂ ਹੀ ਕਰ ਦਿੱਤੇ ਸੀ, ਅਤੇ ਨਾ ਹੀ ਸਿੱਖ ਇਨਾਂ੍ਹ ਦੀ ਵਰਤੋਂ ਬਿਨਾਂ੍ਹ ਅਰਥ ਸਮਝੇ, ਅਨਰਥ ਕਰਕੇ ਕਰਦੇ ਹਨ।ਇਹ ਸ਼ਬਦ ਸਦਿਆਂ ਤੋਂ ਵਰਤੋਂ ਵਿਚ ਤੁਰਦੇ ਆਏ ਹਨ।ਅਤੇ ਯਕੀਨਨ, ਲੰਗੜੇ ਲਈ ਸੁਚਾਲਾ, ਅਤੇ ਅੰਨੇ ਲਈ ਸੂਰਮਾ ਕਰਕੇ ਵਰਤੇ ਜਾਂਦੇ  ਇਹ ਸ਼ਬਦ, ਸਮਾਜ ਵਲੋਂ ਕਿਸੇ ਮਨੁੱਖ ਦੀ ਸ਼ਰੀਰਕ ਅਸਮਰਥਾ ਨੂੰ, ਅਦਬ ਨਾਲ ਪੁਕਾਰਨ ਦੀ ਸੱਭਿਯ ਵ੍ਰਿਤੀ ਦਾ ਸੂਚਕ ਹਨ।


ਇਵੇਂ ਹੀ ਸਿੱਖੀ ਦੇ ਇਤਹਾਸ ਵਿਚ ਜਿੱਥੇ ਸਿੱਖਾਂ ਨੇ 'ਤੇਗ ਚਲਾਈ' (ਸੰਘਰਸ਼ ਕੀਤਾ), ਉੱਥੇ ਹੀ ਕਈਂ ਵਾਰ ਅਤਿ ਦੇ ਕਠਿਨ ਹਾਲਾਤਾਂ ਵਿਚ ਆਪਣੇ ਗਲ ਪਏ, ਆਪਣੇ ਹੀ ਬੱਚਿਆਂ ਦੇ ਟੋਟੇਆਂ ਨੂੰ ਦੇਖ ਕੇ ਵੀ 'ਅਣਡਿੱਠ' ਕੀਤਾ!ਕੀ ਐਸੀ ਅਣਡਿੱਠਤਾ ਅੰਧਲੀ ਸੀ? ਨਹੀਂ, ਐਸਾ ਅਣਡਿੱਠ ਕਰਨ ਵਾਲੀਆਂ ਅਖਾਂ ਦੇ ਸਾ੍ਹਮਣੇ ਉਸ ਵੇਲੇ ਗੁਰੂ ਸੀ।ਉਹ ਅੰਨੇ ਨਹੀਂ ਸੂਰਮੇ ਸਨ! ਯਾਨੀ ਕਿ ਉਹ ਖੌਫ਼ਨਾਕ ਤਸ਼ਦਤਾਂ ਦੇਖ ਕੇ ਵੀ ਅਣਡਿੱਠ ਕਰਨ ਵਾਲੇ ਬਹਾਦਰ ਸਨ।ਫ਼ਿਰ ਉਨਾਂ੍ਹ ਦੀ ਉਸ ਕਮਾਈ ਨੂੰ ਧਿਆਨ ਵਿਚ ਲਿਆਉਂਣਾ ਕੋਈ ਅਨਰਥ ਨਹੀਂ।ਹਾਂ ਇਸ ਭਾਵ ਨੂੰ ਨਾ ਸਮਝਣ ਵਿਚ ਅਰਥਾਂ ਦਾ ਅਨਰਥ ਹੈ।


ਹਰਦੇਵ ਸਿੰਘ,ਜੰਮੂ-੨.੨.੨੦੧੩

Monday, 28 January 2013

 ਸਾਬਕਾ ਦੁਰਗਾ ਪੁਜਾਰੀ?
ਹਰਦੇਵ ਸਿੰਘ-ਜੰਮੂ

ਜਿਸ ਵੇਲੇ ਮੈਂਨੂੰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਦੁਰਗਾ ਦੇਵੀ ਦਾ ਪੁਜਾਰੀ ਕਹੇ ਤਾਂ ਮੇਰਾ ਹੱਕ ਬਣਦਾ ਹੈ ਮੈਂ ਸਪਸ਼ਟ ਕਰਾਂ ਕਿ ਮੈਂ ਦੁਰਗਾ ਦਾ ਪੁਜਾਰੀ ਨਹੀਂ ਬਲਕਿ ਦਸ ਗੁਰੂ ਸਾਹਿਬਾਨ ਦੀ ਆਤਮਕ ਜੌਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਅਤੇ ਇਕ ਅਕਾਲ ਪੁਰਖ ਤੇ ਨਿਸ਼ਚਾ ਕਰਨ ਵਾਲਾ ਸਿੱਖ ਹਾਂ!


ਮੈਂ ਅਕਸਰ ਐਸਾ ਕਹਿਣ ਵਾਲੇ ਸੱਜਣਾਂ ਤੋਂ ਪੁੱਛਦਾ ਹਾਂ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿਣ ਕਿ ਉਹ ਕਦੇ ਦੁਰਗਾ ਦੇ ਪੁਜਾਰੀ ਰਹੇ ਹਨ? ਤਾਂ ਉਹ ਚੁੱਪ ਰਹਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਨਹੀਂ ਉਨ੍ਹਾਂ ਨੂੰ ਹੁਣ ਪਤਾ ਚਲਿਆ ਹੈ ਕਿ ਪ੍ਰਿਥਮ ਭਗਉਤੀ ਕਹਿਣ ਨਾਲ ਸਿੱਖ ਆਪਣੇ ਆਪ ਦੁਰਗਾ ਦਾ ਪੁਜਾਰੀ ਹੋ ਜਾਂਦਾ ਹੈ।ਪਰ ਮੈਂ ਯਤਨ ਕਰਦਾ ਹਾਂ ਕਿ ਉਹ ਸੱਜਣ ਸਮਝ ਸਕਣ ਕਿ ਪ੍ਰਿਥਮ ਭਗਉਤੀ ਤੋਂ ਸਿੱਖਾਂ ਦਾ ਭਾਵ ਦੁਰਗਾ ਦੇਵੀ ਨਹੀਂ। 


ਪਰ ਉਹ ਸੱਜਣ ਨਹੀਂ ਸਮਝਦੇ ਅਤੇ ਮੇਰੇ ਤੇ ਦੁਰਗਾ ਪੁਜਾਰੀ ਹੋਂਣ ਦਾ ਆਰੋਪ ਲਗਾਉਂਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਇਸ ਆਰੋਪ ਦੀ ਜ਼ਦ ਵਿਚ ਤਾਂ ਭਾਈ ਕ੍ਹਾਨ ਸਿੰਘ ਜੀ ਨਾਭਾ ਵੀ ਆਉਂਦੇ ਹਨ ਜਿਨ੍ਹਾਂ ਸਿੱਖ ਪੰਥ ਲਈ ‘ਹਮ ਹਿੰਦੂ ਨਹੀਂ’ ਪੁਸਤਕ ਲਿਖੀ। ਅਤੇ ਪ੍ਰੋ. ਗੁਰਮੁਖ ਸਿੰਘ, ਪ੍ਰੋ.ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ ਜੀ ਆਦਿ ਸਾਰੇ ਵਿਦਵਾਨ ਵੀ। 


ਮੈਂ ਤਾਂ ਕਦੇ ਨਹੀਂ ਸਮਝਿਆ ਕਿ ਮੈਂ ਕਦੇ ਦੁਰਗਾ ਦਾ ਪੁਜਾਰੀ ਰਿਹਾ ਹਾਂ।ਪਰ ਉਹ ਸੱਜਣ ਇਕ ਢੰਗ ਨਾਲ ਸਵੀਕਾਰ ਕਰ ਰਹੇ ਹਨ ਕਿ ਉਹ ‘ਪ੍ਰਿਥਮ ਭਗਉਤੀ’ ਕਹਿਣ ਕਾਰਨ ਦਹਾਕਿਆਂ ਤਕ ਦੁਰਗਾ ਦੇ ਪੁਜਾਰੀ ਰਹੇ ਹਨ, ਅਤੇ ਹੁਣ ਇਸ ਲਈ ਉਨ੍ਹਾਂ ਨੇ ‘ਪ੍ਰਿਥਮ ਭਗਉਤੀ’ ਨੂੰ ਨੱਕਾਰ ਦਿੱਤਾ ਹੈ।ਐਸਾ ਮੰਨਣ ਵਾਲੇ ਤਾਂ ਆਪ ‘ਸਾਬਕਾ ਦੁਰਗਾ ਪੁਜਾਰੀ’ ਹੋ ਗਏ। ਨਹੀਂ? ਮੈਂ ਤਾਂ ਨਾ ਕਦੇ ਦੁਰਗਾ ਦਾ ਪੁਜਾਰੀ ਸੀ ਅਤੇ ਨਾ ਹੀ ਹਾਂ! ਮੇਰੇ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਗੁਰੂ ਹੈ ਅਤੇ ਮੇਰੇ ਇਸ਼ਟ ਸਮਾਨ ਵੀ।


 ਹਰਦੇਵ ਸਿੰਘ-ਜੰਮੂ

 

Friday, 4 January 2013


                                                   ਸੁਚੇਤ ਹਹਿਣ ਦੀ ਲੋੜ


                                                       - ਹਰਦੇਵ ਸਿੰਘ, ਜੰਮੂ
ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਜਸ਼ਾਂ ਦਾ ਇਤਹਾਸ ਪੁਰਾਣਾ ਹੈ। ਗੁਰੂ ਅਰਜਨ ਦੇਵ ਜੀ ਵਲੋਂ ਇਸ ਦੀ ਸੰਪਾਦਨਾ ਵੇਲੇ ਇਸ ਦੇ ਵਿਰੁੱਧ ਕੀਤੀ ਗਈਆਂ ਸਾਜਸ਼ਾ ਅਕਬਰ ਦੇ ਦਰਬਾਰ ਤਕ ਪਹੁੰਚਿਆਂ, ਪਰ ਨਾਕਾਮ ਹੋ ਗਈਆਂ। ਇਸ ਤੋਂ ਪਹਿਲਾਂ ਮੀਣਿਆਂ ਨੇ ਵੀ ਗੁਰਬਾਣੀ ਵਿਰੁੱਧ ਸਾਜਸ਼ਾਂ ਰੱਚਿਆਂ ਸਨ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਆਪ ਨਜਿੱਠੀਆਂ ਸਨ।

ਹੁਣ ਵੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਸਾਜਸ਼ਾਂ ਰੱਚਿਆਂ ਜਾ ਰਹਿਆਂ ਹਨ। ਇਸ ਸਾਜਸ਼ ਵਿਚ ਰਾਗਮਾਲਾ ਬਾਰੇ ਮਤਭੇਦ ਨੂੰ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜਦ ਕਿ ਸਿੱਖ ਰਹਿਤ ਮਰਿਆਦਾ ਵਿਚਲੇ ਪੰਥਕ ਫ਼ੈਸਲੇ ਰਾਹੀਂ ਇਸ ਦਾ ਢੁੱਕਵਾਂ ਨਿਪਟਾਰਾ ਹੋ ਚੁੱਕਿਆ ਹੈ। ਰਾਗਮਾਲਾ ਦਾ ਵਿਰੋਧ ਕਰਨ ਵਾਲਿਆਂ ਵਿਚੋਂ ਇਕ ਸੋਚ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਭਗਤਾਂ ਅਤੇ ਭੱਟਾਂ ਦੀ ਬਾਣੀ ਬਾਹਰ ਕੱਢਣਾ ਲੋਚਦੀ ਹੈ। ਇਕ ਸੋਚ ਐਸੀ ਵੀ ਹੈ ਜੋ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਵੀ ਬਾਹਰ ਕੱਢਣਾ ਲੋਚਦੀ ਹੈ। ਅਤੇ ਨਾਲ ਹੀ ਐਸੀ ਸੋਚ ਵੀ ਹੈ ਜੋ ਕਿ ਗੁਰੂ ਨਾਨਕ ਜੀ ਦੀ ਬਾਣੀ ਨੂੰ ਵੀ ਬਦਲਣ ਦੀ ਫ਼ਿਰਾਕ ਵਿਚ ਹੈ। ਕਈ ਲਿਖਤਾਂ ਤੋਂ ਵੀ ਇਸ ਦੇ ਸੰਕੇਤ ਮਿਲੇ ਹਨ। ਇਤਹਾਸ ਗਵਾਹ ਹੈ ਕਿ ਐਸੀ ਸਾਜਸ਼ਾਂ ਦਾ ਨਿਪਟਾਰਾ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਆਪਣੀ ਸੂਝਬੂਝ ਨਾਲ ਕੀਤਾ ਹੈ।

ਰਾਗਮਾਲਾ ਤੋਂ ਇਲਾਵਾ ਹੋਰ ਬਾਣੀਆਂ ਬਾਹਰ ਕੱਢਣ ਲੋਚਦੀ ਸੋਚ ਦਾ ਮਕਸਦ, ਨਿਰੋਲਤਾ ਦੇ ਬਾਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ/ਹੋਂਦ ਨੂੰ ਸਮਾਪਤ ਕਰਨਾ ਹੈ। ਇਸ ਸੋਚ ਰਾਗਮਾਲਾ ਬਾਰੇ ਮਤਭੇਦਾਂ ਦੇ ਵਿਚੋਂ ਦੀ ਆਪਣੀ ਸਾਜਸ਼ ਨੂੰ ਪਰਵਾਨ  ਚਾੜਨਾ ਚਾਹੁੰਦੀ ਹੈ।
ਰਾਗਮਾਲਾ ਕੇਵਲ ਇਕ ਬਹਾਨਾ ਹੈ, ਤਾਂ ਕਿ ਕਿਸੇ ਤਰੀਕੇ ਨਾਲ ਇਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਖੁੱਲ ਜਾਏ, ਅਤੇ ਫ਼ਿਰ ਅੱਗੇ ਦੀ ਨੀਤੀ ਪਰਵਾਨ ਚੜੇ, ਫ਼ਿਰ ਕਾਲਾਂਤਰ ਸਿੱਖਾਂ ਵਿਚ ਕਈ ਪ੍ਰਕਾਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਪ੍ਰਚਲਤ ਹੋ ਜਾਣ। ਉਨ੍ਹਾਂ ਦਾ ਗੁਰੂ ਸਵਰੂਪ ਇਕ ਨਾ ਰਹੇ। ਲੱਗਾ ਮਾਤਰਾਵਾਂ ਦੇ ਚੱਕਰ ਵਿਚ ਪਏ ਸਿੱਖ ਇਕ ਦਿਨ ਆਪਣੇ ਗੁਰੂ ਦੇ ਇਕ ਸਾਂਝੇ ਸਵਰੂਪ ਤੋਂ ਹੀ ਵਾਂਜੇ ਹੋ ਜਾਣ।

ਇਕ ਸੋਚ ਐਸੀ ਵੀ ਹੈ ਜੋ ਕਿ, ਕੇਂਦਰੀ ਵਿਵਸਥਾ ਨਾਲ ਕੇਵਲ ਟਕਰਾਉ ਉੱਤਪੰਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਇਕ ਹਥਿਆਰ ਵਜੋਂ ਵਰਤਨ ਦੀ ਜੁਗਤ ਘੜ ਰਹੀ ਹੈ।ਕਿਸੇ ਵੀ ਵਿਵਸਥਾ ਨਾਲ ਜੁੜੇ ਸੱਜਣਾਂ ਦੀ ਮਨਮਤਿ ਦਾ ਵਿਰੋਧ ਕਰਨ ਦਾ ਹੱਕ ਸਭ ਨੂੰ ਹੈ, ਪਰ ਇਸ ਵਿਰੌਧ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਬਹਾਨੇ ਵਜੋਂ ਵਰਤਨਾ ਠੀਕ ਨਹੀਂ।ਇਹ ਇਕ ਘਟਿਆ ਕਿਸਮ ਦੀ ਰਾਜਨੀਤੀ ਹੈ ਜੋ ਕਿ ਜਜ਼ਬਾਤਾਂ ਦੀ ਭੂਮੀ ਤੇ ਖੜੀ ਕੀਤੀ ਜਾ ਰਹੀ ਹੈ।

ਚਿੰਤਕਾਂ ਦਾ ਫ਼ਰਜ਼ ਹੈ ਕਿ ਉਹ ਐਸੀਂਆਂ ਸੋਚਾਂ ਦੇ ਜਾਲ ਤੋਂ ਸੁਚੇਤ ਰਹਿਣ ਜੋ ਕਿ ਰਾਗਮਾਲਾ ਦੇ ਬਹਾਨੇ ਬੁਣਿਆ ਜਾ ਰਿਹਾ ਹੈ।ਇਸ ਜਾਲ ਤੋਂ ਬੱਚਣ ਦਾ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ, ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਪ੍ਰਤੀ ਪ੍ਰਤੀਬੱਧ ਰਿਹਾ ਜਾਏ ਅਤੇ ਕਿਸੇ ਵੀ ਸੁਰਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਖੋਲੜ ਵੱਲ ਵੱਧਦੇ ਕਦਮਾਂ ਦੀ ਜਾਣੇ-ਅਣਜਾਣੇ ਸਿੱਧੀ ਜਾਂ ਅਸਿੱਧੀ ਹਿਮਾਇਤ ਨਾ ਕੀਤੀ ਜਾਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਸੇ ਕਿਸਮ ਦੇ ਵੀ ਵਿਵਾਦ ਵਿਚ ਨਾ ਪਿਆ ਜਾਏ।

Tuesday, 18 December 2012

ਛੋਟੇ ਕੈਨਵਸ ਅਤੇ ਵੱਡੀ ਕਸਵਟੀ
- ਹਰਦੇਵ ਸਿੰਘ, ਜੰਮੂ
ਜਗਤ ਗੁਰੂ, ਗੁਰੂ ਨਾਨਕ ਜੀ ਨੇ ਮਨੁੱਖ ਨੂੰ, ਉਸਦੀਆਂ ਕੁਲ ਵ੍ਰਿਤਿਆਂ ਵਿਚ ਵਿਚਾਰਿਆ ਹੈ। ਇਸ ਲਈ ਗੁਰੂ ਨਾਨਕ ਜੀ ਦੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਮਨੁੱਖ ਨੂੰ, ਉਸਦੇ ਜੀਵਨ ਅਤੇ ਮਾਨਸਕਿਤਾ ਦੇ ਹਰ ਪਹਲੂ ਦੇ ਸੰਧਰਭ ਵਿਚ, ਨਾ ਕੇਵਲ ਪਰਖਦੀ ਹੈ, ਬਲਕਿ ਇਸੇ ਅਧਾਰ 'ਤੇ ਉਸ ਨੂੰ ਆਤਮ ਗਿਆਨ ਬਾਰੇ ਸਿਖਿਆ ਵੀ ਦਿੰਦੀ ਹੈ। ਗੁਰੂ ਨਾਨਕ ਦੀ ਕਸਵਟੀ ਵੱਡੀ ਹੈ।

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ‘ਧਰਮ ਦੇ ਵਿਰੋਧੀ’ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।ਇਹ ਵਿਚਾਰਨ ਵਾਲੀ ਗਲ ਹੈ।

ਪਰ ਸਾਡੀ ਪਰਖ ਦਾ ‘ਕੈਨਵਸ’ (ਕਪੜਾ) ਛੋਟਾ ਹੋਂਣ ਕਾਰਨ, ਕਈਂ ਵਾਰ, ਕਈ ਸੰਧਰਭਾਂ ਲਈ ਥਾਂ ਉਪਲੱਭਧ ਨਹੀਂ ਕਰਵਾਉਂਦਾ। ਸਿੱਟੇ ਵਜੋਂ, ਕਿਸੇ ਸਿੱਖ ਬਾਰੇ, ਸਾਡੇ ਕੁੱਝ ਨਿਰਣੈ ਸੰਕੀਰਣਤਾ ਦੇ ਦਾਇਰੇ ਵਿਚ ਫ਼ੱਸ ਜਾਂਦੇ ਹਨ। ਜੇ ਕਰ ਗਲ ਮਨੁੱਖਾਂ ਦੀ ਹੋਵੇ, ਤਾਂ ਬਿਨ੍ਹਾਂ ਮਨੋਵਿਗਿਆਨਕ ਪਹਲੁਆਂ ਨੂੰ ਸਮਝੇ ਮਨੁੱਖਤਾ ਦੀ ਗਲ ਨਹੀਂ ਕੀਤੀ ਜਾ ਸਕਦੀ।

ਅਸੀਂ ਸਿੱਖ ਹਾਂ ਤਾਂ ਪਿਆਰ ਕਿਉਂ ਨਹੀਂ? ਜੇ ਕਰ ਪਿਆਰ ਹੈ ਤਾਂ ਸੰਤੁਲਨ ਕਿਉਂ ਨਹੀਂ? ਜ਼ਰੂਰ ਕੋਈ ਕਮੀ ਹੈ ਜਿਸ ਕਾਰਨ ਸਾਡੇ ਅੰਦਰ ਹੀ ਮਨੁੱਖੀ ਏਕਾ ਪਰਵਾਨ ਨਹੀਂ ਚੜਦਾ। ਸ਼ਾਯਦ ਇਸਦਾ ਇਕ ਮੁੱਖ ਕਾਰਨ ਸਾਡੇ ਚਿੰਤਨ ਦੇ ਕੇਨਵਸ ਦਾ ਛੋਟਾ ਹੋਂਣਾ ਵੀ ਹੈ। ਇਸ ਕੇਨਵਸ ਵਿਚ ਰਹਿਤ ਅਤੇ ਅਧਿਆਤਮ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣ ਦੀ ਥਾਂ ਨਹੀਂ ਹੈ।

ਕਿਸੇ ਗੁਰਦੁਆਰੇ ਵਿਚ ਰੋਜ਼ਾਨਾ ਆਉਣ ਵਾਲੇ ਸੱਜਣ ਨੂੰ, ਮੱਥਾ ਟੇਕਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਕਰਦੇ ਵੇਖ, ਝੱਟ ਹੀ ਕੋਈ ਕਹਿ ਸਕਦਾ ਹੈ ਕਿ ਉਸ ਸੱਜਣ ਤੇ ਮਨਮਤਿ ਜਾਂ ਬ੍ਰਾਹਮਣਵਾਦ ਦਾ ਸਾਯਾ ਹੈ। ਉਹ ਸੱਜਣ ਸਾਹਿਬ ਦੇ ਨਿਸ਼ਾਨ (ਨਿਸ਼ਾਨ ਸਾਹਿਬ) ਅੱਗੇ ਵੀ ਮੱਥਾ ਟੇਕਦੇ ਹਨ।

ਉਸੇ ਗੁਰਦੁਆਰੇ ਵਿਚ ਆਉਣ ਵਾਲੇ ਇਕ ਹੋਰ ਸੱਜਣ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਨਮੁੱਖ ਮੱਥਾ ਟੇਕਦੇ ਬਿਨ੍ਹਾਂ ਪਰਿਕ੍ਰਮਾ ਕੀਤੇ ਚਲੇ ਜਾਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੱਜਣ ਗੁਰਮਤਿ ਦੇ ਧਾਰਨੀ ਲੱਗਦੇ ਹਨ। ਨਿਸ਼ਾਨ ਸਾਹਿਬ ਅੱਗੇ ਵੀ ਮੱਥਾ ਨਹੀਂ ਟੇਕਦੇ।

ਹੁਣ ਗੁਰਦੁਆਰੇ ਆਉਂਣ ਅਤੇ ਵਾਪਸ ਜਾਣ ਵਿਚਲੇ ਕ੍ਰਿਆ ਕਲਾਪ ਦੇ ਅਧਾਰ ਤੇ, ਪਹਿਲੇ ਸੱਜਣ ਮਨਮਤੀਏ ਸਾਬਤ ਹੋਏ ਅਤੇ ਦੂਜੇ ਗੁਰਮਤ ਦੇ ਧਾਰਨੀ। ਇਸ ਤੋਂ ਵੱਧ ਅਸੀਂ ਉਨ੍ਹਾਂ ਬਾਰੇ ਕੁੱਝ ਹੋਰ ਨਹੀਂ ਜਾਣਦੇ। ਸੋ ਦੋਹਾਂ ਬਾਰੇ ਸਾਡਾ ਨਿਰਨਾ ਕੇਵਲ, ਉਨ੍ਹਾਂ ਵਲੋਂ, ਗੁਰਦੁਆਰੇ ਵਿਚ ਕੀਤੇ ਗਏ ਵਿਵਹਾਰ ਤੇ ਟਿੱਕਿਆ ਹੈ। ਉਨ੍ਹਾਂ ਦੇ ਬਾਕੀ ਜੀਵਨ ਬਾਰੇ ਸਾਡੀ ਕੋਈ ਜਾਣਕਾਰੀ ਨਹੀਂ। ਜੇ ਕਰ ਸਾਡੀ ਜਾਣਕਾਰੀ ਦਾ ਕੇਨਵਸ ਛੋਟਾ ਹੈ ਤਾਂ ਸਾਡਾ ਨਿਰਨਾ ਵੀ ਕਿਸੇ ਸੰਕੀਰਣਤਾ ਦਾ ਸ਼ਿਕਾਰ ਹੋ ਸਕਦਾ ਹੈ।

ਸਾਡੀ ਜਾਣਕਾਰੀ ਤੋਂ ਪਰੇ, ਪਹਿਲੇ ਸਾਹਿਬਾਨ ਘਰ ਜਾ ਕੇ ਬਿਮਾਰ ਪਿਤਾ ਦੇ ਵਸਤਰ ਬਦਲਦੇ ਹਨ, ਖਾਣਾ ਖਿਲਾਉਂਦੇ ਹਨ, ਦਵਾਈ ਦਿੰਦੇ ਹਨ ਅਤੇ ਫ਼ਿਰ ਦੁਕਾਨ ਤੇ ਚਲੇ ਜਾਂਦੇ ਹਨ। ਦੁਕਾਨਦਾਰੀ ਵੀ ਇਮਾਨਦਾਰੀ ਦੀ ਹੈ!

ਦੂਜੇ ਸੱਜਣ ਘਰ ਆਕੇ ਤਿਆਰ ਹੁੰਦੇ ਹਨ, ਤੇ ਬਿਨਾ ਬਿਮਾਰ ਪਿਤਾ ਦੀ ਬਾਤ ਪੁੱਛੇ ਆਪਣੇ ਕਾਰੋਬਾਰ ਲਈ ਤੁਰ ਪੈਂਦੇ ਹਨ। ਕਾਰੋਬਾਰ ਵਿਚ ਇਮਾਨਦਾਰੀ ਦੀ ਘਾਟ ਹੈ!

ਗੁਰਦੁਆਰੇ ਉਨ੍ਹਾਂ ਦੋਹਾਂ ਜੇ ਕੀਤਾ, ਅਸੀਂ ਵੇਖਿਆ ਹੈ, ਪਰ ਘਰ ਤੋਂ ਕਾਰੋਬਾਰ ਤਕ, ਉਹ ਜੋ ਕਰਦੇ ਹਨ, ਸਾਨੂੰ ਇਸਦਾ ਇਲਮ ਨਹੀਂ। ਤਾਂ ਵਿਚਾਰਨ ਦੀ ਗਲ ਹੈ ਕਿ ਇਕ ਮਨੁੱਖ ਦੇ ਵਜੋਂ ਦੋਹਾਂ ਵਿਚ ਕੀ ਫ਼ਰਕ ਹੈ? ਕੌਣ ਬ੍ਰਾਹਮਣ ਹੈ ਤੇ ਕੌਣ ਸਿੱਖ?

ਰਹਿਤ ਨਾਲ ਜੁੜੀਆਂ ਛੋਟਿਆਂ ਗਲਾਂ ਦੇ ਅਧਾਰ ‘ਤੇ ਕਿਸੇ ਮਨੁੱਖ ਦੇ ਪੁਰੇ ਕਿਰਦਾਰ ਨੂੰ ਪਰਖਦੇ ਹੋਏ ਝੱਟ ਕਿਸੇ ਸਿੱਖ ਨੂੰ ਬ੍ਰਾਹਮਣ ਐਲਾਨ ਦੇਂਣਾ, ਸ਼ਾਯਦ ਸਾਡੇ ਸੰਕੀਰਣ ਨਜ਼ਰੀਏ ਦਾ ਸੂਚਕ ਹੈ। ਮਨੋਵ੍ਰਿਤਿਆਂ ਦੇ ਵੱਖਰੇਵੇਂ ਕੁਦਰਤੀ ਹੁੰਦੇ ਹਨ ਜਿਸ ਕਾਰਨ ਕਈਂ ਥਾਂ ਕੁੱਝ ਗਲਾਂ ਕਦੇ ਵੀ ਇਕਸਾਰ ਨਹੀਂ ਹੁੰਦੀਆਂ।

ਕਿਸੇ ਗੁਰਦੁਆਰੇ ਵਿਚ ਸੇਵਾ ਨਿਭਾਉਂਦਾ ਤਨਖਾਹਦਾਰ ਗ੍ਰੰਥੀ, ਆਪਣੇ ਬਾਕੀ ਦੇ ਨਿਜੀ ਅਤੇ ਸਮਾਜਕ ਜੀਵਨ ਵਿਚ ਇਕ ਪਿਤਾ, ਇਕ ਭਾਈ, ਇਕ ਪੜੋਸੀ ਹੋਂਣ ਦੇ ਨਾਤੇ ਕਿਸ ਇਮਾਨਦਾਰੀ/ਪਿਆਰ/ਜਿੰਮੇਵਾਰੀ ਨਾਲ ਵਿਚਰਦਾ ਹੈ, ਇਸ ਨੂੰ ਜਾਣੇ ਬਿਨ੍ਹਾਂ ਉਸ ਨੂੰ ਕੇਸਾਧਾਰੀ ਬ੍ਰਾਹਮਣ ਦਾ ਸਰਟੀਫ਼ਿਕੇਟ ਦੇਂਣ ਵਿਚ ਕਿੱਥੋਂ ਦੀ ਗੁਰਮਤਿ ਹੈ? ਇਸ ਵਿਵਹਾਰ ਵਿਚ ਇਕ ਪ੍ਰਕਾਰ ਦੀ ਨਫ਼ਰਤ ਜਿਹੀ ਨਜ਼ਰ ਆਉਂਦੀ ਹੈ, ਗੁਰਮਤਿ ਨਹੀਂ।

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ਧਰਮ ਦੇ ਵਿਰੋਧੀ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।

Thursday, 6 December 2012

                                               ਭੇਖੀ ਕੋਂਣ ਹੈ?
                                                       ਹਰਦੇਵ ਸਿੰਘ, ਜੰਮੂ


ਭੇਖ ਜੇ ਕਰ ਢੋਂਗ ਦੇ ਰੂਪ ਵਿੱਚ ਹੋਵੇ, ਤਾਂ ਗੁਰਮਤਿ ਉਸ ਨਾਲ ਸਹਮਤਿ ਨਹੀਂ। ਛਲਾਵੇ ਲਈ ਭੇਖ ਧਾਰਨ ਕਰਨਾ, ਜਾਂ ਕਿਸੇ ਅਗਿਆਨਤਾ ਵਿੱਚ ਭੇਖ ਧਾਰਨ ਕਰਨਾ ਨਕਾਰਾਤਮਕ ਹੈ। ਪਰ ਵੇਸ਼ਭੁਸ਼ਾ ਦੇ ਤੋਰ ਤੇ ਵੇਸ਼ ਧਾਰਨ ਕਰਨਾ ਕੁੱਝ ਅਲਗ ਹੈ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀਧਰ ਕਰਕੇ ਵੀ ਪੁਕਾਰਿਆ ਜਾਂਦਾ ਹੈ। ਗੁਰਬਾਣੀ ਵਿੱਚ ਭੇਖ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ ਪ੍ਰਕਾਰ ਨਾਲ ਹੋਈ ਹੈ। ਮਸਲਨ:-

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।। (ਮ. ੩ ਪੰਨਾ ੨੬, ਗੁਰੂ ਗ੍ਰੰਥ ਸਾਹਿਬ)
ਅਖਰ ਪੜਿ ਪੜਿ ਭੁਲਿਐ ਭੇਖੀ ਬਹੁਤ ਅਭਿਮਾਨ।। (ਮ. ੧, ਪੰਨਾ ੬੧, ਗੁਰੂ ਗ੍ਰੰਥ ਸਾਹਿਬ)

ਇਨ੍ਹਾਂ ਦੋਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਬਾਰੇ ‘ਨਕਾਰਾਤਮਕ` ਭਾਵ ਹੈ। ਧਿਆਨ ਵਿੱਚ ਰਹੇ ਕਿ ਐਸੇ ਭੇਖ ਕਈ ਪ੍ਰਕਾਰ (ਬਹੁ ਭੇਖ) ਦੇ ਹੋ ਸਕਦੇ ਹਨ।
ਖ਼ੈਰ, ਭੇਖ ਦੀ ਵਰਤੋਂ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਹੋਈ ਹੈ:-

ਜੈਸਾ ਭੇਖੁ ਕਰਾਵੈ ਬਾਜੀਗਰ ੳਹੁ ਤੈਸੇ ਹੀ ਸਾਜੁ ਆਨੈ।। (ਗੁਰੂ ਗ੍ਰੰਥ ਸਾਹਿਬ, ਪੰਨਾ ੨੦੬)
ਨਾਨਾ ਭੇਖ ਕਰਹਿ ਇੱਕ ਰੰਗ (ਗੁਰੂ ਗ੍ਰੰਥ ਸਾਹਿਬ, ਪੰਨਾ ੨੮੪)
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ ੪੮੦)

ਇਨ੍ਹਾਂ ਤਿੰਨ੍ਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਦਾ ਭਾਵ ‘ਸਕਾਰਾਤਮਕ` ਹੈ। ਭੇਖ ਦਾ ਅਰਥ ‘ਰੂਪ` ਅਤੇ ‘ਵੇਸ਼ਭੁਸ਼ਾ` ਵੀ ਹੁੰਦਾ ਹੈ।

ਪਰਮਾਤਮਾ ਨੇ ਮਨੁੱਖ ਨੂੰ ਨਿਰਵਸਤਰ ਪੈਦਾ ਕੀਤਾ ਹੈ, ਪਰ ਨਿਰਵਸਤਰਤਾ ਮਨੁੱਖੀ ਸੰਸਕ੍ਰਿਤੀ ਦਾ ਪੁਰਾਣਾ ਟੈਬੂ (ਰੋਕ) ਹੈ। ਗੁਰੂ ਨਾਨਕ ਨੇ ਵਸਤਰਤਾ ਦਾ ਵਿਰੋਧ ਨਹੀਂ ਕੀਤਾ। ਜੇ ਕਰ ਬੇਸ਼ਰਮ-ਬੇਹਯਾ ਬੰਦਾ ਕਪੜੇ ਪਾਉਂਦਾ ਹੈ, ਤਾਂ ਉਸਦੇ ਕਪੜੇ ਪਾਉਂਣ ਦੀ ਜ਼ਰੂਰਤ ਨੂੰ, ਭੇਖ ਕਹਿ ਕੇ, ਰੱਧ ਨਹੀਂ ਕੀਤਾ ਜਾ ਸਕਦਾ। ਉਸਦੇ ਉੱਜਲੇ ਨਜ਼ਰ ਆਉਂਦੇ ਵਸਤਰਾਂ ਨੂੰ, ਮੈਲਾ ਜਾਂ ਭੇਖ ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਨਿਰਵਸਤਰ ਹੋਂਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ। ਮਸਲਨ ਗੁਰੂ ਨਾਨਕ ਜੀ ਨੇ ਤੀਰਥਾਂ ਆਦਿ ਤੇ, ਸ਼ਰੀਰਕ ਸਤਹ ਸਾਫ਼ ਕਰਨ ਨੂੰ, ਆਤਮਕ ਸਫ਼ਾਈ ਵਜੋਂ ਸਵੀਕਾਰ ਨਹੀਂ ਕੀਤਾ, ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ, ਕਿ ਗੁਰੂ ਨਾਨਕ ਜੀ ਨੇ ਮਨੁੱਖ ਨੂੰ ਨਾਹਾਉਂਣ ਤੋਂ ਹੀ ਮਨਾ ਕੀਤਾ ਹੋਵੇ।

ਚਿੰਨ ਨਿਰਦੋਸ਼ ਹੁੰਦੇ ਹਨ, ਜ਼ਰੂਰੀ ਹੁੰਦੇ ਹਨ! ਦੋਸ਼ ਤਾਂ ਮਾਨਸਿਕਤਾ ਦਾ ਹੁੰਦਾ ਹੈ, ਜੋ ਕਿ ਨਿਰਦੋਸ਼ ਅਤੇ ਜ਼ਰੂਰੀ ਚਿੰਨਾਂ ਦਾ ਦੁਰਉਪਯੋਗ ਕਰਦੀ ਹੈ। ਇਹ ਮਾਨਸਿਕਤਾ ਚਿੰਨਾਂ ਪ੍ਰਤੀ ਲੋਕਾਈ ਦੀ ਸਮਝ ਅਤੇ ਗੁਰੂ ਦੇ ਨਿਰਦੇਸ਼ ਦਾ ਲਾਭ ਉਠਾਉਂਦੀ ਹੈ। ਚਿੰਨ੍ਹਾਂ ਬਾਰੇ ਗੁਰੂ ਦਾ ਨਿਰਦੇਸ਼ ਢੌਂਗ ਕਰਨ ਲਈ ਨਹੀਂ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿਚ, ਭੁਲੇੱਖਾ ਪਾਉਂਣ ਲਈ, ਭੇਖ ਦਾ ਸਮਰਥਨ ਨਹੀਂ, ਪਰ ਇਸਦਾ ਅਰਥ ਇਹ ਵੀ ਨਹੀਂ, ਕਿ ਗੁਰਮਤਿ ਨੇ ਚਿੰਨਾਂ ਦੇ ਕੁਦਰਤੀ ਮਹੱਤਵ ਨੂੰ ਨਜ਼ਰ ਅੰਦਾਜ਼ ਕੀਤਾ ਹੈ।

ਧਿਆਨ ਦੇਂਣ ਯੋਗ ਗਲ ਹੈ ਕਿ ਇਕ ਬੰਦਾ` ਸ਼ਰੀਰਕ ਭੇਖ ਕਰਕੇ ਭੁੱਲੇਖਾ ਉਤਪੰਨ ਕਰੇ, ਅਤੇ ਦੂਜਾ ਬੰਦਾ` ਭੇਖ ਉਤਾਰ ਕੇ ਭੁੱਲੇਖਾ ਦੇਵੇ, ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਭੇਖੀ ਹਨ! ਬਸ ਭੇਖ ਦਾ ਢੰਗ ਵੱਖਰਾ ਹੈ। ਇੰਝ ਹੀ ‘ਇਕ` ਭੇਖ ਕਰਕੇ ਭੁੱਲੇਖੇ ਵਿੱਚ ਰਹੇ ਅਤੇ ‘ਦੂਜਾ` ਭੇਖ ਉਤਾਰ ਕੇ ਭੁੱਲੇਖੇ ਵਿੱਚ ਰਹੇ ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਕਿਸੇ ਪੱਖੋ ਅਗਿਆਨੀ ਜਾਂ ਅਵੇਸਲੇ ਹਨ! ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ।

ਗੁਰੂ ਨੇ ਸਿੱਖਾਂ ਨੂੰ ਚਿੰਨ ਬਖ਼ਸ਼ੇ ਹਨ ਜਿਵੇਂ ਕੁਦਰਤ ਨੇ ਜੀਵਾਂ ਨੂੰ ਚਿੰਨ ਬਖ਼ਸ਼ੇ ਹਨ। ਕੁਦਰਤ ਨੇ ਜੀਵਾਂ ਨੂੰ ਕਈ ਦਾਤਾਂ ਦਿੱਤੀਆਂ ਹਨ। ਚਿੰਨ ਅੰਤਨ ਦਾਤਾਵਾਂ ਵਿਚੋਂ ਇੱਕ ਹਨ। ਪਰ ਧਾਰਮਕ ਖੇਤਰ ਵਿੱਚ ਚਿੰਨ੍ਹਾਂ ਦਾ ਸਦਉਪਯੋਗ ਵੀ ਹੈ ਅਤੇ ਦੁਰਉਪਯੋਗ ਵੀ। ਜਿਵੇਂ ਕੁਦਰਤ ਨੇ ਅੱਖਾਂ ਦਿੱਤੀਆਂ ਹਨ, ਪਰ ਜੇ ਕਰ ਕੋਈ ਅਖਾਂ ਨਾਲ ਪਰਾਇਆ ਰੂਪ ਵੇਖੇ ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਦੀਆਂ ਅੱਖਾਂ ਹੀ ਨਾ ਹੋਂਣ। ਕੁਦਰਤ ਨੇ ਮਨੁੱਖ ਨੂੰ ਚੇਤਨ ਸ਼ਕਤੀ ਦਿੱਤੀ ਹੈ। ਪਰ ਜੇ ਕਰ ਉਸ ਚੇਤਨ ਸ਼ਕਤੀ ਵਿਚੋਂ, ਗਲਤ ਵਿਚਾਰ ਉਪਜਦੇ ਹਨ, ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਪਾਸ ਚੇਤਨ ਸ਼ਕਤੀ ਹੀ ਨ ਹੋਵੇ। ਕਿਉਂ?

ਕਿਉਂਕਿ ਮਾੜੇ ਵਿਚਾਰਾਂ ਦੇ ਧਾਰਨੀ ਨੇ ਆਖਰਕਾਰ, ਚੇਤਨ ਰਾਹੀਂ ਹੀ ਗੁਰਮਤਿ ਵੱਲ ਤੁਰਨ ਦਾ ਜਤਨ ਕਰਨਾ ਹੈ। ਗੁਰੂ ਵਲੋਂ ਬਖਸ਼ੇ ਚਿੰਨਾਂ ਨੇ ਵੀ, ਮਨਮੁਖ ਦੇ ਚੇਤਨ ਨੂੰ, ਗੁਰਮਤਿ ਨਾਲ ਵਧੇਰੇ ਜੋੜਨ ਵਿੱਚ ਆਪਣੀ ਭੂਮਿਕਾ ਨਿਭਾਉਂਣੀ ਹੈ। ਝੂਠ ਸੁਣਨ ਵਾਲੇ ‘ਕੰਨਾ` ਨੇ ਹੀ ਗੁਰੂ ਦੀ ਗਲ ਸੁਣਨੀ ਹੈ। ਝੂਠ ਬੋਲਣ ਵਾਲੀ ‘ਜ਼ੁਬਾਨ` ਨੇ ਇਹ ਗੁਰੂ ਦੇ ਬ੍ਰਹਮ ਵਿਚਾਰ ਗਾਉਂਣੇ ਹਨ। ਦੁਰਉਪਯੋਗ ਦਾ ਅਰਥ ਇਹ ਨਹੀਂ ਹੁੰਦਾ ਕਿ ਉਪਯੋਗਿਤਾ ਨੂੰ ਭੁੱਲ ਕੇ ਗਲਾਂ ਬਰਬਾਦ ਕਰ ਦਿੱਤੀਆਂ ਜਾਣ। ਸਦਉਪਯੋਗ ਦਾ ਮਾਰਗ ਬੰਦ ਨਹੀਂ ਹੋਂਣਾ ਚਾਹੀਦਾ।

ਅਸੀਂ ਅਕਸਰ ਵੇਖਦੇ ਹਾਂ ਕਿ ਗਰੂ ਵਲੋਂ ਬਖਸ਼ੇ ਚਿੰਨਾਂ ਦੇ ਧਾਰਨੀ, ਗੁਰਮਤਿ ਨਾਲੋਂ, ਕਈਂ ਪੱਖੋਂ ਦੂਰ ਹੁੰਦੇ ਹਨ। ਕੁੱਝ ਸੱਜਣ ਉਨ੍ਹਾਂ ਨੂੰ ਭੇਖੀ ਕਹਿੰਦੇ ਹਨ। ਭੇਖੀ ਸ਼ਬਦ ਨਕਾਰਾਤਮਕ ਜਿਹਾ ਪ੍ਰਤੀਤ ਹੂੰਦਾ ਹੈ। ਪਰ ਧਿਆਨ ਦੇਂਣ ਯੋਗ ਗਲ ਹੈ ਕਿ ਭੇਖੀ ਸ਼ਬਦ ਕੇਵਲ ਉਸ ਵੇਲੇ ਨਕਾਰਾਤਮਕ ਹੁੰਦਾ ਹੈ ਜਿਸ ਵੇਲੇ ਉਸਦਾ ਦੁਰਉਪਯੋਗ ਹੋਵੇ। ਪਰ ਹਰ ਵੇਲੇ ਨਹੀਂ। ਇਕ ਮਿਸਾਲ ਵਿਚਾਰਦੇ ਹਾਂ।

ਫ਼ੋਜ ਅਤੇ ਪੁਲਿਸ ਇੱਕ ਵਿਸ਼ੇਸ਼ ਭੇਖ (Dress) ਵਿਚ ਹੁੰਦੀ ਹੈ। ਇਸਦੇ ਧਾਰਨੀ ਜੇ ਕਰ ਫ਼ਰਜ਼ ਵਿੱਚ ਕੋਤਾਹੀ ਕਰਨ, ਤਾਂ ਭੇਖ (ਵਰਦੀ) ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਬੰਦੇ ਨੂੰ ਵਰਦੀ ਬਦਨਾਮ ਕਰਨ ਦਾ ਦੋਸ਼ੀ ਪਾਇਆ ਜਾਏ, ਤਾਂ ਉਸ ਨੂੰ ਵਰਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ। ਵਰਦੀ ਨਹੀਂ ਨੱਕਾਰੀ ਜਾਂਦੀ ਬਲਕਿ ਬੰਦਾ ਨੱਕਾਰ ਦਿੱਤਾ ਜਾਂਦਾ ਹੈ। ਉਸ ਬੰਦੇ ਨੂੰ, ਜੋ ਕਿ ਸਲੇਕਸ਼ਨ ਵੇਲੇ ਵਰਦੀ ਦੇ ਕਾਬਲ ਸਮਝਿਆ ਗਿਆ ਹੁੰਦਾ ਹੈ।

ਫਿਰ ਨਾਲ ਹੀ, ਭੇਖ (ਵਰਦੀ) ਉਤਾਰਨ ਦਾ ਭੇਖ ਵੀ ਸਮਝ ਲਈਏ! ਮਸਲਨ ਕਈਂ ਵਾਰ ਪੁਲਿਸ, ਕਿਸੇ ਅਪਰਾਧੀ ਨੂੰ ਪਕੜਨ ਲਈ, ਵਰਦੀ ਉਤਾਰ, ਸਾਦੇ ਵਸਤਰਾਂ ਦਾ ਭੇਖ ਧਾਰਨ ਕਰਦੀ ਹੈ। ਉਸ ਵੇਲੇ ਭੇਖ ਉਤਾਰਨਾ ਵੀ, ਭੇਖ ਦਾ ਹੀ ਇੱਕ ਰੂਪ ਹੁੰਦਾ ਹੈ।
ਹੁਣ ਮਨਮਤਿ ਦੇ ਵੀ ਕਈਂ ਰੂਪ ਹਨ, ਪਰ ਮੁੱਖ ਦੋਸ਼ ਗੁਰੂ ਵਲੋਂ ਬਖ਼ਸ਼ੇ ਚਿੰਨਾਂ ਦੇ ਧਾਰਨੀ ਤੇ ਆਉਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ, ਉਮੀਦ ਕੀਤੀ ਜਾਂਦੀ ਹੈ ਕਿ ਗੁਰੂ ਵਲੋਂ ਬਖ਼ਸ਼ੇ ਚਿੰਨਾਂ ਦਾ ਧਾਰਨੀ, ਜਾਂ ਗੁਰੂ ਵਲੋਂ ਅਰੰਭੇ ਗੁਰਦੁਆਰਾ ਪ੍ਰਬੰਧ ਵਿੱਚ ਲੱਗੇ ਸੱਜਣ, ਗੁਰਮਤਿ ਦੇ ਧਾਰਨੀ ਹੋਂਣ, ਕੇਵਲ ਭੇਖੀ ਨਾ ਹੋਂਣ। ਗੁਰਦੁਆਰਾ ਪ੍ਰਬੰਧ ਨਾਲ ਜੁੜੇ ਸੱਜਣਾਂ ਨੂੰ ਇਸਦਾ ਧਿਆਨ ਤਾਂ ਰੱਖਣਾ ਹੀ ਚਾਹੀਦਾ ਹੈ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਰਗੇ ਅਹਿਦ ਵਿੱਚ ਉਤਰੇ ਬੰਦੇ ਨੂੰ ਵੀ।

ਪਰ ਇਸਦੇ ਨਾਲ ਹੀ ਉਸ ਮਾਨਸਿਕਤਾ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੈ, ਜੋ ਕਿ ਖ਼ੁਦ ਭੇਖੀ ਨਾ ਹੋਂਣ ਦਾ ਢੌਂਗ ਕਰਨ ਲਈ, ਚਿੰਨ੍ਹਾਂ ਦਾ ਵਿਰੌਧ ਕਰਦੀ ਹੈ। ਚੁੰਕਿ ਚਿੰਨ੍ਹਾਂ ਦੇ ਧਾਰਨੀਆਂ ਦੇ ਸਿਰ, ਸਾਰੇ ਦੋਸ਼ ਜਾ ਠੀਕਰਾ ਤੋੜੇਆ ਜਾ ਸਕਦਾ ਹੈ, ਇਸ ਲਈ, ਇਹ ਮਾਨਸਿਕਤਾ ਖ਼ੁਦ ਨੂੰ ਛੁਪਾਉਂਣ ਲਈ ਚਿੰਨਾਂ ਦਾ ਇਸਤੇਮਾਲ ਨਹੀਂ ਕਰਦੀ। ਇਹ ਵੀ ਇੱਕ ਪ੍ਰਕਾਰ ਦੀ ਭੇਖੀ ਜੁਗਤ ਹੈ। ਭੇਖੀ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ। ਚਿਮਟਾ ਫ਼ੜ ਕੇ ਵੀ ਤੇ ਚਿਮਟਾ ਛੱਡ ਕੇ ਵੀ।

ਬਹੁਤੇ ਭੇਖ ਕਰਹਿ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੮੪੨)

ਕੀ ਇਹ, ਭੇਖ ਦਾ ਵਿਰੋਧ ਕਰਨ ਵਾਲੀ ਐਸੀ ਭੇਖੀ ਮਾਨਸਿਕਤਾ ਨਹੀਂ, ਜੋ ਕਿ ਭੇਖ ਬਿਨ੍ਹਾਂ ਹੀ ਛਲਾਵਾ ਦਿੰਦੀ, ਖ਼ੁਦ ਭੇਖੀ ਸਾਬਤ ਹੁੰਦੀ ਹੈ? ਭੇਖ (ਢੌਂਗ) ਚਿੰਨਾਂ ਦੀ ਵਰਤੋਂ ਕਰਦਾ ਹੈ। ਕਦੇ ਚਿੰਨਾਂ ਨੂੰ ਧਾਰਨ ਕਰਕੇ, ਅਤੇ ਕਦੇ ਚਿੰਨ੍ਹਾਂ ਨੂੰ ਉਤਾਰ ਕੇ! ਇਹ ਦੋਵੇਂ ਗਲਾਂ ਗੁਰਮਤਿ ਵਿੱਚ ਪਰਵਾਨ ਨਹੀਂ ਹਨ।

ਜੇ ਕਰ ਕੋਈ ਗੁਰੂ ਵੱਲੋਂ ਬਖ਼ਸ਼ੇ ਚਿੰਨਾਂ ਨੂੰ ਧਾਰਨ ਮਾਤਰ ਕਰਕੇ, ਗੁਰਮਤਿ ਪਰਨਾਇਆ ਨਹੀਂ ਹੋ ਜਾਂਦਾ ਤਾਂ ਕੋਈ ਚਿੰਨਾਂ ਦਾ ਤਿਆਗ ਮਾਤਰ ਕਰਕੇ ਵੀ ਗੁਰਮਤਿ ਪਰਨਾਇਆ ਸਾਬਤ ਨਹੀਂ ਹੁੰਦਾ। ਜੇ ਕਰ ‘ਕੁੱਝ` ਚਿੰਨ੍ਹਾਂ ਦੇ ਭੇਖ ਵਿੱਚ ਮਨਮਤਿ ਕਰਦੇ ਹਨ ਤਾਂ ‘ਕੁੱਝ` ਇਸਦਾ ਦਾ ਲਾਭ ਉਠਾਉਂਦੇ, ‘ਬਿਨ੍ਹਾਂ ਚਿੰਨ੍ਹਾਂ ਦੇ ਭੇਖ` ਵਿੱਚ ਆ ਜਾਂਦੇ ਹਨ। ਇਹ ‘ਭੇਖ ਤੋਂ ਬਿਨਾਂ ਭੇਖੀ` ਹਨ ਜਿਸ ਤੇ ਅਗਿਆਨਤਾ, ਜਜ਼ਬਾਤਾਂ, ਪੁਰਵਾਗ੍ਰਹਾਂ ਅਤੇ ਨਿਜ ਸੁਆਰਥਾਂ ਦਾ ਪ੍ਰਭਾਵ ਹੋ ਸਕਦਾ ਹੈ।

ਭੇਖ ਕਰਕੇ ਛਲਾਵਾ ਦੇਂਣਾ, ਜਾਂ ਭੇਖ ਉਤਾਰ ਕੇ, ਦੋਹਾਂ ਵਿੱਚ ਭੇਖ ਹੈ। ਦੋਵੇਂ ਭੇਖੀ ਹਨ! ਹਾਂ ਇੱਕ ਫ਼ਰਕ ਹੈ ਜ਼ਰੂਰ ਹੈ ਕਿ ਭੇਖ ਵਿੱਚ ਆਇਆ ਭੇਖੀ ਪਛਾਣਿਆ ਜਾਂਦਾ ਹੈ, ਅਤੇ ਭੇਖ ਉਤਾਰ ਕੇ ਵਿਚਰਦਾ ਭੇਖੀ ਪਛਾਣਿਆ ਨਹੀਂ ਜਾਂਦਾ। ਭੇਖ (ਢੌਂਗ) ਦਾ ਵਿਰੋਧ ਕਰਦਾ, ਬਿਨ੍ਹਾਂ ਭੇਖ (ਵੇਸ਼ਭੂਸ਼ਾ) ਦਾ ਭੇਖੀ (ਢੋਂਗੀ), ਗੁਰਮਤਿ ਅਨੁਸਾਰ ਸੁਰਖਰੂ ਨਹੀਂ ਹੁੰਦਾ।


               ਬਹੁਤੇ ਭੇਖ ਕਰੈ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੨੩੦)

ਹਰਦੇਵ ਸਿੰਘ, ਜੰਮੂ-੫. ੧੨. ੧੨

Friday, 23 November 2012

ਕੁੱਝ ਸ਼ਬਦਾਂ 'ਤੇ ਇਤਰਾਜ਼ ਕਰਨ ਵਾਲਿਆਂ ਦੇ ਨਾਮ
- ਹਰਦੇਵ ਸਿੰਘ, ਜੰਮੂ
ਕੁੱਝ ਸਾਲ ਪਹਿਲਾਂ ਸਿੱਖ ਰਹਿਤ ਮਰਿਆਦਾ ਵਿਚ ਆਏ ਸ਼ਬਦ “ਅੰਮ੍ਰਿਤ'ਤੇ ਇਤਰਾਜ਼ ਹੋ ਗਿਆ। ਯਾਨੀ ਕਿ ‘ਖੰਡੇ ਦੇ ਅੰਮ੍ਰਿਤ’ ਨੂੰ ‘ਖੰਡੇ ਦੀ ਪਾਹੁਲ’ ਕਹਿਣਾ ਚਾਹੀਦਾ ਹੈ! ਇਤਰਾਜ਼ ਦਾ ਅਧਾਰ ਸੀ ਕਿ ‘ਬਾਣੀ’ ਜਾਂ ‘ਨਾਮ ਅੰਮ੍ਰਿਤ’ ਤੋਂ ਸਿਵਾ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਦਾਤ ਲਈ ‘ਅੰਮ੍ਰਿਤ’ ਸ਼ਬਦ ਵਰਤਨਾ ਗਲਤ ਹੈ। ਪਰ ਇਸ ਮਕਸਦ ਨੂੰ ਪੁਰਾ ਕਰਨ ਲਈ ਇਤਨਾ ਵੀ ਨਹੀਂ ਵਿਚਾਰਿਆ ਗਿਆ ਕਿ ਪਾਹੁਲ ਦਾ ਅਰਥ ਵੀ ‘ਚਰਨਾਮ੍ਰਿਤ’, ਯਾਨੀ ਚਰਨਾ ਦੀ ਛੋਅ ਨਾਲ ਤਿਆਰ ਕਿਤਾ ਅੰਮ੍ਰਿਤ ਹੁੰਦਾ ਹੈ। ਪਾਹੁਲ ਸ਼ਬਦ ਵਰਤ ਕੇ ਵੀ ਅੰਮ੍ਰਿਤ ਤੋਂ ਖਹਿੜਾ ਨਹੀਂ ਸੀ ਛੁੱਟਦਾ। ਪਰ ਬਿਨ੍ਹਾਂ ਵਿਚਾਰੇ ਰੀਸੋ-ਰੀਸ ਤੁਰ ਪਈ।

ਖ਼ੈਰ! ਇਸ ਛੋਟੀ ਜਿਹੀ ਚਰਚਾ ਦਾ ਮਕਸਦ ਅੰਮ੍ਰਿਤ ਜਾਂ ਪਾਹੁਲ ਬਾਰੇ ਚਰਚਾ ਕਰਨਾ ਨਹੀਂ। ਉਪਰੋਕਤ ਪੰਗਤਿਆਂ ਲਿਖਣ ਦਾ ਮਕਸਦ ਕੇਵਲ ਇਹ ਦਰਸਾਉਂਣਾ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਨ ਵਿਚ ਮਸਰੂਫ਼ ਸੱਜਣ, ਹਰ ਉਸ ਸ਼ਬਦ ਨੂੰ ਬਦਲਣਾ ਚਾਹੰਦੇ ਹਨ, ਜਿਸ ਵਿਚ ਉਨ੍ਹਾਂ ਨੂੰ, ਆਪਣੀ ਸਮਝ ਮੁਤਾਬਕ, ਬ੍ਰਾਹਮਣਵਾਦ ਦੀ ਬੂ ਆਉਂਦੀ ਹੈ। ਇਹ ਵਿਚਾਰ ਐਸੇ ਹੀ ਸੱਜਣਾਂ ਦੇ ਨਾਮ ਹਨ!

ਐਸੇ ਸੱਜਣ ਸਿੱਖ ਰਹਿਤ ਮਰਿਆਦਾ ਵਿਚ ਬਦਲਾਉ ਦੀ ਮੰਗ ਕਰਦੇ ਹਨ।ਇਹ ਮੰਗ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਨੂੰ ਹਟਾਉਂਣ ਤੋਂ ਲੈ ਕੇ, ‘ਖੰਡੇ ਦੇ ਅੰਮ੍ਰਿਤ’ ਵਰਗੇ ਸ਼ਬਦਾਂ ਨੂੰ ਬਦਲਣ ਤਕ ਖਿੱਚਦੀ ਜਾਂਦੀ ਹੈ। ਐਲਾਨ ਕੀਤੇ ਗਏ ਹਨ ਕਿ ‘ਇਸ’ ਸ਼ਬਦ ਵਿਚ, ‘ਉਸ’ ਸ਼ਬਦ ਵਿਚ, ‘ਇਸ’ ਗਲ ਵਿਚ, ‘ਉਸ’ ਗਲ ਵਿਚ ਬ੍ਰਾਹਮਣਵਾਦ ਹੈ, ਪੁਜਾਰੀਵਾਦ ਹੈ!
ਕਹਿੰਦੇ ਹਨ ਸਿੱਖ ਧਰਮ ਵਿਚ ‘ਵਿਚੋਲੇ’ ਦੀ ਕੋਈ ਭੁਮਿਕਾ ਨਹੀਂ! ਪਰ ਐਸਾ ਕਹਿਣ ਵਾਲੇ ਕੁੱਝ ਸੱਜਣ, ਖ਼ੂਦ ਨੂੰ ਗੁਰਮਤਿ ਸਮਝਾਉਂਣ ਦੇ ‘ਇੱਕਮਾਤਰ ਵਿਚੋਲੇ’ ਸਥਾਪਤ ਕਰਨ ਦੇ ਯਤਨ ਵਿਚ ਹਨ, ਜਿਵੇਂ ਕਿ ਕੋਈ ਕੰਪਨੀ ਆਪਣੇ ‘ਪ੍ਰਾਡਕਟ’ ਨੂੰ ਪੇਟੇਂਟ ਕਰਵਾਉਂਣ ਵਿਚ ਲੱਗੀ ਹੋਵੇ। ਯਾਨੀ ਨਿਜੀ ਵਿਚਾਰਾਂ ਨੂੰ ਗੁਰਮਤਿ ਐਲਾਨ ਕੇ ਸਰਵਅਧਿਕਾਰ ਸੁਰਖਿਅਤ!!!

ਸਿੱਖ ਰਹਿਤ ਮਰਿਆਦਾ ਵਿਚ ‘ਕਥਿਤ ਬ੍ਰਾਹਮਣਵਾਦੀ ਝਲਕ’ ਦਿੰਦੇ ਨੁਕਤੇ ਅਤੇ ਸ਼ਬਦਾਂ ਨੂੰ ਬਦਲਣ ਦੀ ਮੰਗ! ਜ਼ਾਹਰ ਹੈ ਕਿ ਮੰਗ ਉੱਥੇ ਕੀਤੀ ਜਾਂਦੀ ਹੈ, ਜਿੱਥੇ ਬਦਲਾਉਂ ਆਪਣੇ ਹੱਥ ਨਾ ਹੋਵੇ। ਕਿਉਂਕਿ ਜੇ ਕਰ ਸਮੁੱਚੀ ਕੋਮ ਨਾਲ ਸਬੰਧਤ ਕਿਸੇ ਗਲ ਵਿਚ ਬਦਲਾਉ ਦਾ ਅਧਿਕਾਰ, ਮੰਗ ਕਰਨ ਵਾਲੇ ਕਿਸੇ ਬੰਦੇ ਦੇ ਆਪਣੇ ਹੀ ਹੱਥ ਹੋਵੇ, ਤਾਂ ਮੰਗ ਦਾ ਮਤਲਬ ਹੀ ਨਹੀਂ ਬਚਦਾ। ਇਸ ਲਈ ਜੋ ਗਲਾਂ ਸਾਂਝੇ ਤੋਰ ਦੀਆਂ ਹੋਣ, ਉੱਥੇ ਮੰਗ ਕੀਤੀ ਜਾਂਦੀ ਹੈ। ਪਰ ਕੁੱਝ ਗਲਾਂ ਤਾਂ ਬੰਦੇ ਦੇ ਆਪਣੇ ਹੱਥ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਬੰਦਾ ਆਪਣੇ ਤੇ ਲਾਗੂ ਤਾਂ ਕਰ ਹੀ ਸਕਦਾ ਹੈ। ਇਸ ਨੁੱਕਤੇ ਨੂੰ ਕੁੱਝ ਅੱਗੇ ਚਲ ਕੇ ਵਿਚਾਰਦੇ ਹਾਂ।

ਜਿਨ੍ਹਾਂ ਸੱਜਣਾਂ ਨੂੰ ‘ਗੁਰੂ’ ਜਾਂ ‘ਅੰਮ੍ਰਿਤ’ ਸ਼ਬਦ ਵਰਤੋਂ ਵਿਚ ਬ੍ਰਾਹਮਣਵਾਦ ਦੀ ਬੂ ਆਉਂਦੀ ਹੈ, ਉਨ੍ਹਾਂ ਨੂੰ ਆਪਣੇ-ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਦੀ ਬੂ ਕਿਉਂ ਨਹੀਂ ਆਉਂਦੀ? ਮਸਲਨ ‘ਇੰਦਰ’ ਸ਼ਬਦ ਦਾ ਅਰਥ ਹਿੰਦੂ ਮਤ ਅਨੁਸਾਰ ਦੇਵਤਾ ਇੰਦਰ ਹੈ, ਜਿਸਦਾ ‘ਰਿਗਵੇਦ’ ਅਤੇ ‘ਚੰਡੀ ਚਰਿਤ੍ਰ’ ਵਿਚ ਵੀ ਵਰਨਨ ਹੈ। ‘ਨਰਿੰਦਰ’ ਸ਼ਬਦ ਦਾ ਅਰਥ ਵੀ ਹਿੰਦੂ ਪੌਰਾਣਿਕ ਕਥਾਵਾਂ ਦੇ ਦੇਵਤਾ ਇੰਦਰ ਨਾਲ ਜੁੜਦਾ ਹੈ, ‘ਰਵਿੰਦਰ’ ਦਾ ਅਰਥ ਵੀ ਹਿੰਦੂ ਮਤ ਦੇ ਦੇਵਤਾ ਨਾਲ ਜੁੜਦਾ ਹੈ ਤੇ ਜੋਗਿੰਦਰ, ਗੁਰਿੰਦਰ ਆਦਿ ਸ਼ਬਦਾਂ ਦਾ ਵੀ। ਜੇ ਕਰ ਕੁੱਝ ਸੱਜਣਾ ਲਈ ਗੁਰੂ ਨਾਨਕ ਲਈ ‘ਗੁਰੂ’ ਸ਼ਬਦ ਵਰਤਨਾ ਗਲਤ ਹੈ, ਜੇ ਕਰ ‘ਖੰਡੇ ਦੇ ਅੰਮ੍ਰਿਤ’ ਲਈ ਖੰਡੇ ਦਾ ਅੰਮ੍ਰਿਤ ਸ਼ਬਦ ਵਰਤਨਾ ਗਲਤ ਹੈ, ਤਾਂ ਕੀ ਉਨ੍ਹਾਂ ਸੱਜਣਾਂ ਦਾ ਆਪਣੇ ਲਈ ਪੌਰਾਣਿਕ ਕਥਾਵਾਂ ਵਿਚੋਂ ਆਏ ਹਿੰਦੂ ਦੇਵਤਿਆਂ ਦੇ ਨਾਮ ਵਰਤਨਾ ਠੀਕ ਹੈ?

ਜਿਵੇਂ ਕਿ ਪਹਿਲਾਂ ਵਿਚਾਰ ਆਏ ਹਾਂ ਕਿ ਮੰਗ ਉੱਥੇ ਕੀਤੀ ਜਾਂਦੀ ਹੈ ਜਿੱਥੇ, ਕਿਸੇ ਬਦਲਾਉ ਦਾ ਫੈਸਲਾ, ਕਿਸੇ ਬੰਦੇ ਦੇ ਆਪਣੇ ਹੱਥ ਵਿਚ ਨਾ ਹੋਵੇ। ਪਰ ਆਪਣਾ ਨਾਮ ਬਦਲਣਾ ਤਾਂ ਬੰਦੇ ਦੇ ਆਪਣੇ ਹੀ ਹੱਥ ਵਿਚ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਵਿਚ ਗੁਰੂਆਂ ਲਈ ਆਏ ਗੁਰੂ ਸ਼ਬਦ ਹਟਾਉਂਣ ਦੀ ਮੰਗ ਕਰਨ ਵਾਲੇ ਸੱਜਣ, ਪਹਿਲਾਂ ਆਪਣੇ-ਆਪਣੇ ਨਾਮ ਤਾਂ ਬਦਲ ਲੈਣ! ਜੇ ਕਰ ਕੁੱਝ ਸੱਜਣਾਂ ਨੂੰ ‘ਗੁਰੂ’ ਜਾਂ ‘ਖੰਡੇ ਦੇ ਅੰਮ੍ਰਿਤ’ ਸ਼ਬਦ ਵਰਤਨ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਆਉਂਦਾ ਹੈ, ਤਾਂ ਕੀ ਉਨ੍ਹਾਂ ਨੂੰ ਆਪਣੇ ਨਾਮਾਂ ਵਿਚ ਬ੍ਰਾਹਮਣਵਾਦ ਝਲੱਕਦਾ ਨਜ਼ਰ ਨਹੀਂ ਆਉਂਦਾ? ਉਹ ਸਭ ਤੋਂ ਪਹਿਲਾਂ ਆਪਣੇ ਨਾਮ ਕਿਉਂ ਨਹੀਂ ਸੁਧਾਰ ਲੈਂਦੇ? ਇਹ ਕੰਮ ਤਾਂ ਉਨ੍ਹਾਂ ਦੇ ਆਪਣੇ ਹੱਥ ਵਿਚ ਹੈ। ਇਸ ਸੁਧਾਰ ਲਈ ਤਾਂ ਕਿਸੇ ‘ਇੱਕਤਰਤਾ’ ਜਾਂ ਕਿਸੇ ਪਾਸ ਮੰਗ ਕਰਨ ਦੀ ਵੀ ਲੋੜ ਨਹੀਂ। ਬਹੁਤ ਆਸਾਨ ਹੈ! ਬਸ ਅਖ਼ਬਾਰ ਵਿਚ ਇਸ਼ਤਿਹਾਰ ਅਤੇ ਅਦਾਲਤ ਵਿਚ ਇਕ ਹਲਫ਼ਿਆ ਬਿਆਨ ਦੀ ਲੋੜ ਹੈ!!!
ਨੋਟ:- ਮੈਂ ਸ਼ਬਦਾਂ ਦੀ ਬੇਲੋੜੀ ਖਿੱਚ-ਧੁਹ ਨੂੰ ਵਾਜਬ ਨਹੀਂ ਸਮਝਦਾ। ਉਪਰੋਕਤ ਵਿਚਾਰ ਕੇਵਲ ਉਨ੍ਹਾਂ ਸੱਜਣਾਂ ਦੇ ਨਾਮ ਹਨ ਜੋ ਆਪ ਸ਼ਬਦਾਂ ਦੀ ਬੋਲੋੜੀ ਖਿੱਚ-ਧੁਹ ਕਰਕੇ ਸਿੱਖੀ ਦੇ ਕੁੱਝ ਮੁੱਢਲੇ ਅਸੂਲਾਂ ਬਾਰੇ ਬੇਲੋੜੇ ਕਿੰਤੂ ਕਰਦੇ ਹਨ।
23.11.12