Saturday, 13 July 2013

'ਚਮਤਕਾਰ'

ਹਰਦੇਵ ਸਿੰਘ,ਜੰਮੂ

ਕੁਦਰਤ ਦੇ ਵਿਰੌਧ ਵਿਚ ਕੋਈ ਵੀ 'ਚਮਤਕਾਰ' ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।

ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚੋਂ ਜੀਵਨ ਦਾ ਉੱਦਗਮ ਇਕ ਚਮਤਕਾਰ ਨਹੀਂ ? ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚ ਵੇਖਣ ਦੀ ਸਮਰਥਾ ਚਮਤਕਾਰ ਨਹੀਂ ? ਨਿਰਜੀਵ ਤੱਤਾਂ ਵਿਚ ਮਨੁੱਖਾ ਮਨ ਦੀ ਉਤਪਤੀ ਤੱਤਾਂ ਵਿਚ ਮੌਜੂਦ ਚੇਤਨ ਦੀ ਪਰਕਾਸ਼ਠਾ ਹੈ! ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ? ਕੇਵਲ ਇਕ ਭੌਤਿਕ ਘਟਨਾ ?
 
ਇਹ ਕੁਦਰਤ ਦਾ ਨਿਯਮ ਹੀ ਹੈ ਕਿ ਮੱਨੁਖ ਦਾ ਸਾਮਰਥ ਕੁਦਰਤ ਦੀ ਵਿਸ਼ਾਲਤਾ ਦੇ ਸਮਕਸ਼ ਬਹੁਤ ਹੀ ਸੀਮਿਤ ਹੈ।ਕੁਦਰਤ ਦੇ ਨਿਯਮਾਂ ਦੀ ਦੁਹਾਈ ਪਾਉਂਣ ਵਾਲੇ ਆਪ ਇਸ ਨਿਯਮ ਦੇ ਵਿਰੌਧ ਵਿਚ ਹਨ ? ਕਿਉਂ ? ਜੀਵਨ ਸਮੇਤ ਸਾਰੇ ਅਕਾਰ (ਕੁਦਰਤ) ਬਿਨਸਹਾਰ ਹਨ। ਇਹ ਕੁਦਰਤ ਦਾ ਨਿਯਮ ਹੈ।ਪਰ ਪਰਮਾਤਮਾ ਇਸ ਨਿਯਮਾਵਲੀ ਦੇ ਦਾਈਰੇ ਤੋਂ ਬਾਹਰ ਹੈ। ਜੇਕਰ ਨਾ ਹੋਵੇ ਤਾਂ 'ਉਹ'
ਆਪ ਵੀ ਬਿਨਸਹਾਰ ਹੋਵੇ। ਨਹੀਂ ?
 
ਪਰਮਾਤਮਾ ਦੇ ਗੁਣਾਂ ਵਿਚੋਂ ਕਿਸੇ ਇਕ ਗੁਣ
ਨਾਲ ਸਬੰਧਤ ਪੁਰੇ ਸੱਚ ਨੂੰ ਵੀ ਕਹਿਣਾ ਔਖਾ ਹੈ। ਔਖੇ ਤੋਂ ਭਾਵ ਮੁਸ਼ਕਿਲ ਨਹੀਂ ਬਲਕਿ ਅਸੰਭਵ ਹੈ। ਕੀ ਬਾਣੀ ਦੀ ਕਸਵਟੀ ਵਰਤਨ ਦਾ ਦਮ ਭਰਦੇ ਕੁੱਝ ਸੱਜਣਾਂ ਨੇ ਬਾਣੀ ਦੀ ਇਸ ਸਿੱਖਿਆ ਨੂੰ ਕਦੇ ਡੁੰਗੇ ਹੋ ਕੇ ਸਮਝਿਆ ਹੈ ? ਉਹ ਤਾਂ ਇੰਝ ਦਾ ਵਰਤਾਵ ਕਰਦੇ ਹਨ ਜਿਵੇਂ ਕਿ ਕੁਦਰਤ ਦੇ ਨਿਯਮਾਂ ਨੂੰ ਉਨਾਂਹ ਆਪਣੇ ਚਿੰਤਨ ਦੀ ਪੋਟਲੀ ਵਿਚ ਸਮੇਟ ਮੋਢੇ
ਪਾ ਲਿਆ ਹੋਵੇ।

ਕੀ ਕੋਈ ਬੰਦਾ ਬ੍ਰਹਮਾਂਡ ਦੇ ਅਤਿ ਵਿਸ਼ਾਲ ਅਕਾਰਾਂ ਨੂੰ ਖ਼ਲਾ ਵਿਚ ਟਿਕਾ ਸਕਦਾ ਹੈ ? ਜੇਕਰ ਨਹੀਂ ਤਾਂ ਉਹ ਕਿਹੜਾ ਨਿਯਮ ਹੈ ਜੋ ਬ੍ਰਹਮਾਂਡ ਤੋਂ ਪਹਿਲਾਂ ਅਤੇ ਉ
ਨੂੰ ਅਨੁਸ਼ਾਸਤ ਕਰਨ ਵਾਲਾ ਹੈ ? ਜੇ ਕਰ ਕੁਦਰਤ ਦਾ ਨਿਯਮ ਹੀ ਕੁਦਰਤ ਦਾ ਰਚਨਹਾਰ ਹੈ ਤਾਂ ਇਸ ਸੰਸਾਰ ਵਿਚ ਪਰਮਾਤਮਾ ਦਾ ਵਿਚਾਰ ਜਾਂ ਤਾਂ ਇਕ ਵਹਿਮ ਹੈ ਜਾਂ ਫਿਰ ਇਕ ਐਸਾ ਧੋਖਾ ਜਿਸ ਵਿਚ ਕੋਈ ਚਤੁਰ ਪਦਾਰਥਵਾਦੀ ਸਿੱਖੀ ਅਤੇ ਪਰਮਾਤਮਾ ਦੀ ਆੜ ਵਿਚ ਕੇਵਲ ਸ਼ੋਹਰਤ ਜਾਂ ਪੈਸਾ ਕਮਾਉਂਣ ਦਾ ਧੰਧਾ/ਧੜਾ ਚਲਾਉਂਦਾ ਹੈ।

ਹਾਂ ਕੁੱਝ ਸੱਜਣ ਐਸੇ ਵੀ ਹਨ ਜੋ ਕਿ ਵਿਦਵਤਾ ਦਾ ਭਰਮ ਪਾਲ ਕੇ ਉਸਦਾ ਪੋਸ਼ਣ ਕਰਦੇ ਹਨ।ਉਨਾਂਹ ਨੂੰ ਪਰਮਾਤਮਾ ਮਹਜ਼ ਇਕ 'ਵਸਤੂ ਕਾਰੀਗ਼ਰ' ਹੀ ਨਜ਼ਰ ਆਉਂਦਾ ਹੈ।

ਸਿਧਾਂ ਨੇ ਗੁਰੂ ਨਾਨਕ ਜੀ ਤੋਂ ਕੁਦਰਤ ਦੇ ਆਰੰਭ ਸਬੰਧੀ ਇਹ ਸਵਾਲ ਪੁੱਛਿਆ:-
ਆਦਿ ਕਉ ਕਵਨੁ ਬਿਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥(ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)
 
ਸੰਖੇਪ ਭਾਵਅਰਥ:- (ਪ੍ਰਸ਼ਨ) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫ਼ੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ ?

ਇਸ ਸਵਾਲ ਤੇ ਗੁਰੂ ਨਾਨਕ ਦੇਵ ਜੀ ਦਾ ਉੱਤਰ
ਹੈ:-

ਅਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰ ਵਾਸੁ ਲੀਆ॥ (ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)

ਸੰਖੇਪ ਭਾਵਅਰਥ:- ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਸਚਰਜ ਹੀ ਕਿਹਾ ਜਾ  ਸਕਦਾ ਹੈ,(ਤਦੋਂ ਇੱਕ-ਰਸ ਅਫੁਰ ਪਰਮਾਤਮਾ ਹੀ ਦਾ ਹੀ ਵਜੂਦ ਸੀ। 

ਐਸੇ ਸੱਜਣੋਂ, ਜੋ ਕੁਦਰਤੀ ਨਿਯਮਾਂ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿਚ ਵੀ ਰਹੇਗਾ ਉ
ਨੂੰ ਕਿਸ ਨਿਯਮ ਵਿਚ ਕਿਵੇਂ ਬੰਨੋਗੇ ?
 
ਬਿਨੁ ਸਚੇ ਸਭ ਕੂੜ ਹੈ ਅੰਤੇ ਹੋਇ ਬਿਨਾਸੁ॥(ਗੁਰੂ ਗ੍ਰੰਥ ਸਾਹਿਬ, ਪੰਨਾ ੪੯)
 
ਕੁਦਰਤ ਜੇ ਕਰ ਬਿਨਸਨਹਾਰ ਹੈ ਤਾਂ ਉਸ ਦਾ ਹਰ ਨਿਯਮ ਬਿਨਸਨਹਾਰ ਹੈ।ਇਹੀ ਅਬਿਨਾਸੀ ਪਰਮਾਤਮਾ ਦਾ ਨਿਯਮ ਹੈ।ਗੁਰਬਾਣੀ ਕੁਦਰਤ ਦੇ ਨਿਯਮਾਂ ਵਿਚ ਰੱਬ ਨੂੰ ਦੇਖਣ ਦੇ ਨਾਲ ਨਾਲ ਰੱਬ ਨੂੰ ਕੁਦਰਤੀ ਨਿਯਮਾਂ ਦੇ ਆਰ-ਪਾਰ ਵੀ ਦੇਖਦੀ ਹੈ।ਜਦ ਕਿ ਕੁੱਝ ਸੱਜਣਾਂ ਦੀ ਬੁੱਧੀ ਕੇਵਲ ਕੁੱਝ ਨਿਯਮਾਂ ਵਿਚ ਹੀ ਅਟਕੀ ਹੈ।
 ਕੁਦਰਤੀ ਨਿਯਮ ਬਿਨਸਨਹਾਰ ਹਨ ਪਰ ਪਰਮਾਤਮਾ ਅਬਿਨਾਸੀ ਹੈ।ਕੁਦਰਤ ਸੱਚ ਹੈ ਪਰ ਸਰਵਕਾਲਿਕ ਸੱਚ ਨਹੀਂ।ਇਸ ਲਈ ਉਸਦੇ ਨਿਯਮ ਵੀ ਕਾਲਿਕ ਸੱਚ ਹਨ।
ਪਰਮਾਤਮਾ ਕੁਦਰਤ ਦੇ ਨਿਯਮਾਂ ਵਿਚ ਹੈ ਪਰ ਉਹ ਉਨਾਂਹ ਨਿਯਮਾਂ ਵਿਚ ਕੈਦ ਨਹੀਂ ਬਲਕਿ ਅਜ਼ਾਦ ਹਸਤੀ ਵਾਲਾ ਹੈ।ਅਸੀਂ ਤਾਂ ਅੱਜੇ ਕੁਦਰਤ ਨੂੰ ਸਮਝ ਨਹੀਂ ਪਾਏ ਪਰਮਾਤਮਾ ਤਾਂ ਅਨੰਤ ਹੈ।

ਇਸ ਲਈ ਵਿਚਾਰ ਦੀ ਲੋੜ ਹੈ ਕਿ ਕੁਦਰਤ ਦੇ ਵਿਰੌਧ ਵਿਚ ਕੋਈ ਵੀ ਚਮਤਕਾਰ ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।

ਹਰਦੇਵ ਸਿੰਘ,ਜੰਮੂ-੭.੭.੨੦੧੩

Wednesday, 19 June 2013

' ਕੁਰਸੀ ਲਈ ਮੁੱਦੇ '

ਹਰਦੇਵ ਸਿੰਘ,ਜੰਮੂ


ਹਾਲ ਵਿਚ ਹੀ ਇਕ ਸੱਜਣ ਜੀ ਨੇ ਕਿਸੇ ਆਗੂ ਨੂੰ, ਮਿਲੇ  ਬੁਲਾਵੇ ਤੇ ਅਕਾਲ ਤਖ਼ਤ ਨਾ ਜਾਣ ਦੀ ਜੋਰਦਾਰ ਸਲਾਹ ਦਿੱਤੀ। ਅਕਾਲ ਤਖ਼ਤ ਤੇ ਨਾ ਜਾਣ ਦੀ ਇਸ ਸਲਾਹ ਤੇ ਕੋਈ ਟਿੱਪਣੀ ਕੀਤੇ ਬਿਨਾਂਹ, ਸਲਾਹਕਰਤਾ ਸੱਜਣ ਜੀ ਵਲੋਂ ਦਿੱਤੀ ਸਲਾਹ ਦੇ ਕੁੱਝ ਅੰਸ਼ ਵਿਚਾਰਨ ਯੋਗ ਹਨ।

ਸਲਾਹ ਦੇਂਣ ਵਾਲੇ ਸੱਜਣ ਜੀ ਨੇ ਗੁਰਦੁਆਰਾ ਚੋਂਣਾਂ ਵਿਚ ਪ੍ਰਧਾਨ ਪਦ ਤੋਂ ਹਟ ਚੁੱਕੇ ਆਗੂ ਜੀ ਨੂੰ ਵੱਡਾ "ਵਪਾਰੀ ਅਤੇ ਸਿਆਸੀ" ਦੱਸਦੇ,
ਉਨਾਂਹ ਨੂੰ ਇਕ ਵਿਸ਼ੇਸ਼ ਸਲਾਹ ਦਿੰਦੇ ਹੋਏ ਲਿਖਿਆ:-

"……ਸਾਹਿਬ! ……ਮੈਂ ਯਕੀਨ ਨਾਲ ਇਹ ਕਹਿ ਸਕਦਾ ਹਾਂ ਕਿ, "ਨਾਨਕ ਸ਼ਾਹੀ ਕੈਲੰਡਰ ਹੀ ਇਕ ਐਸਾ ਮੁੱਦਾ ਹੈ ਜੋ ਤੁਹਾਨੂੰ ਦੋਬਾਰਾ ਉਸ ਕੁਰਸੀ ਤਕ ਲੈ ਜਾ ਸਕਦਾ ਹੈ"

 
ਇਹ ਵਚਿੱਤਰ ਸਲਾਹ ਪੜ ਕੇ ਅਚੰਬਾ ਹੋਇਆ। ਇਕ "ਵਪਾਰੀ" ਅਤੇ "ਸਿਆਸੀ" ਬੰਦੇ ਨੂੰ ਕੁਰਸੀ ਪ੍ਰਾਪਤ ਕਰਨ ਲਈ ਨਾਨਕਸ਼ਾਹੀ ਕਲੈਂਡਰ ਨੂੰ ਮੁੱਦਾ ਬਨਾਉਂਣ ਦੀ ਸਲਾਹ ? ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਕੁਰਸੀ ਪ੍ਰਾਪਤ ਕਰਨ ਲਈ ਮੁੱਦਾ ਬਨਾਇਆ ਗਿਆ ਹੈ।ਯਾਨੀ ਕੁਰਸੀ ਤੋਂ ਉਤਾਰਨ ਅਤੇ ਕੁਰਸੀ ਤੇ ਚੜਨ ਦਾ ਮੁੱਦਾ !


ਨਤੀਜਤਨ ਵਪਾਰੀ ਅਤੇ ਸਿਆਸੀ ਲੋਗ (ਉਹ ਜੋ ਵੀ ਹਨ) ਕੁਰਸਿਆਂ ਪ੍ਰਾਪਤ ਕਰਨ ਲਈ ਕੁੱਝ ਐਸੇ ਵਿਸ਼ੇਆਂ ਨੂੰ ਵੀ ਮੁੱਦੇ ਬਣਾ ਰਹੇ ਹਨ, ਜੋ ਕਦੇ ਮੁੱਦੇ ਸਨ ਹੀ ਨਹੀਂ।ਮਸਲੇ ਹੁੰਦੇ ਹਨ ਵਿਚਾਰਾਂ ਹੁੰਦਿਆਂ ਹਨ, ਪਰ ਕਿਸੇ ਧਿਰ ਵਲੋਂ, ਉਨਾਂਹ ਮਸਲਿਆਂ ਨੂੰ ਕੁਰਸੀ ਤਕ ਪਹੁੰਚਣ ਲਈ, ਮੁੱਦਾ ਬਣਾ ਲੇਂਣ ਦੀ ਵਪਾਰਕ ਅਤੇ ਸਿਆਸੀ ਵ੍ਰਿਤੀ ਨੇ ਹੀ, ਸਿੱਖੀ ਦੇ ਮੁੱਡਲੇ ਅਧਾਰਾਂ ਤੇ ਹਮਲੇ ਦੀ ਉਹ ਭੂਮੀ ਤਿਆਰ ਕੀਤੀ ਹੈ, ਜਿੱਥੇ ਨਿਤ ਨਵੇਂ ਵਿਵਾਦਾਂ ਦੇ ਬੀਜ ਬੋਏ ਗਏ ਹਨ।


ਹਰਦੇਵ ਸਿੰਘ,ਜੰਮੂ-੧੯.੬.੨੦੧੩

Monday, 10 June 2013

' ਮੈਂ ਇਕ ਪ੍ਰਤੀਬੰਧਤ ਲੇਖਕ ਹਾਂ'

ਹਰਦੇਵ ਸਿੰਘ ,ਜੰਮੂ

ਕੁੱਝ ਸੱਜਣਾਂ ਨੂੰ ਮੇਰੇ ਵਰਗੇ ਮਾਮੂਲੀ ਜਿਹੇ ਲੇਖਕ ਦੇ ਲਿਖਣ ਵਿਚ ਭਾਰੀ ਦੋਸ਼ ਨਜ਼ਰ ਆਉਂਦਾ ਹੈ।ਉਨਾਂਹ ਦੀ ਨੁਕਤੇ ਨਿਗਹ ਅਨੁਸਾਰ ਮੇਰੇ ਇਹ ਦੋਸ਼ ਇਸ ਪ੍ਰਕਾਰ ਹਨ:-

(੧) ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੁਰਣ ਮੰਨਦਾ ਹਾਂ ਅਤੇ ਇਸ, ਵਿਚ ਕਿਸੇ ਬਹਾਨੇ, ਕਿਸੇ ਵੀ ਪ੍ਰਕਾਰ ਦੇ ਕਿੰਤੂ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੨) ਮੈਂ ਗੁਰੂ ਗ੍ਰੰਥ ਸਾਹਿਬ  ਜੀ ਦੀ ਗੁਰਤਾ ਪਦਵੀ ਨੂੰ ਮੰਨਦਾ ਹਾਂ ਅਤੇ ਗੁਰੂ ਸਾਹਿਬ ਜੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਗੁਰਤਾ ਦੀ ਪਦਵੀ ਤੋਂ ਹਟਾਉਂਣ ਦੀ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੩) ਮੈਂ ਦਸ ਗੁਰੂ ਸਾਹਿਬਾਨ ਨੂੰ ਗੁਰੂ ਮੰਨਦਾ ਹਾਂ ਅਤੇ ਉਨਾਂਹ ਦੀ ਅਧਿਆਤਮਕ ਗੁਰਤਾ ਅਤੇ ਪੰਥਕ ਸਥਿਤੀ ਨੂੰ ਖ਼ਤਮ ਕਰਨ ਦੇ ਵਿਚਾਰ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੪) ਮੈਂ ਗੁਰੂ ਸਾਹਿਬਾਨ ਵਲੋਂ ਕੀਤੇ ਕਾਰਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ ਸਿੱਧੇ-ਅਸਿੱਧੇ ਢੰਗ ਨਾਲ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੫) ਮੈਂ ਸਿੱਖ ਪੰਥ ਵਲੋਂ ਮਹਾਨ ਸਿੱਖ ਵਿਚਾਰਕਾਂ ਦੀ ਦੇਖ ਰੇਖ ਵਿਚ, ਗੁਰਮਤਿ ਅਨੁਸਾਰ ਸਵੀਕਾਰ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


ਆਪਣੇ ਉਪਰੋਕਤ "ਦੋਸ਼ਾਂ" ਕਾਰਨ ਹੀ ਮੈਂ ਕੁੱਝ ਸੱਜਣਾਂ ਵਲੋਂ ਪ੍ਰਤੀਬੰਧਤ ਕਰਵਾਇਆ ਗਿਆ ਹਾਂ। ਸੰਵਾਦ ਤੋਂ ਘਬਰਾਏ ਹੋਏ ਸੱਜਣਾਂ ਪਾਸ ਇਹੀ ਆਖਰੀ "ਬ੍ਰਹਮ ਅਸਤ੍ਰ" ਸੀ ਆਪਣੀ ਮਨਮਤੀ ਕਮਜ਼ੋਰੀਆਂ ਤੇ ਪਰਦਾ ਪਾਉਂਣ ਲਈ
ਕਿ; ਹਰਦੇਵ ਸਿੰਘ, ਜੰਮੂ ਨੂੰ ਵੈਬਸਾਈਟਾਂ ਤੋਂ ਬਾਹਰ ਕੱਡਿਆ ਜਾਏ।

ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਕਿਸੇ ਪੁਸਤਕ ਦੀ ਸਥਾਪਨਾ ਦਾ ਵਿਰੌਧੀ ਹਾਂ। ਮੈਂ ਕੁੱਝ ਡੇਰੇਆਂ ਦੀ ਮਨਮਤਿ ਅਤੇ ਮਰਕਜ਼ੀ ਵਿਵਸਥਾ ਨਾਲ ਸਬੰਧਤ ਸੱਜਣਾਂ ਦੀਆਂ ਸ਼ਖ਼ਸੀ ਕਮਜੋਰੀਆਂ ਤੋਂ ਵੀ ਸਹਿਮਤ ਨਹੀਂ।ਮੈਂ ਧਰਮ ਵਿਚ ਗ਼ੈਰਜ਼ਰੂਰੀ ਰਾਜਨੀਤਕ ਦਖ਼ਲ ਦੇ ਵੀ ਹੱਕ ਵਿਚ ਨਹੀਂ।ਪਰ ਮੈਂ ਅੱਜੇ ਤਕ ਕਿਸੇ ਐਸੇ ਡੇਰੇਦਾਰ ਨੂੰ ਨਹੀਂ ਪੜੀਆ ਜੋ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਪਦਵੀ ਤੋਂ ਹਟਾਉਂਣ ਅਤੇ ਸ਼੍ਰੀ ਅਕਾਲ ਤਖ਼ਤ ਦੀ ਸਥਾਪਨਾ ਦੇ ਵਿਰੁੱਧ ਮੁਹੀਮ ਚਲਾਉਂਦਾ ਹੋਵੇ।ਹਾਂ ਮੈਂ ਆਪਣੇ ਨੂੰ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਨੂੰ ਲਗਾਤਾਰ ਐਸਾ ਯਤਨ ਕਰਦੇ ਪੜੀਆ ਹੈ।


ਖ਼ੈਰ! ਉਪਰੋਕਤ ਨੁੱਕਤਿਆਂ ਨੇ ਮੈਂਨੂੰ ਇਕ ਐਸਾ ਲੇਖਕ ਬਨਾ ਦਿੱਤਾ ਹੈ ਜਿਸ ਨੂੰ ਕੁੱਝ ਮੀਡੀਆ ਮੰਚਾਂ ਤੋਂ ਪ੍ਰਤੀਬੰਧਤ ਕਰ ਦਿੱਤਾ ਗਿਆ ਹੈ।ਮੈਂਨੂੰ ਇਸਦਾ ਕੋਈ ਗਿਲਾ ਨਹੀਂ ਕਿਉਂਕਿ ਆਖਰ ਮੈਂਨੂੰ ਲਿਖਣ ਦਾ ਮੌਕਾ ਵੀ ਤਾਂ ਦਿੱਤਾ ਗਿਆ ਸੀ, ਜਿਸ ਕਾਰਨ ਵਿਚਾਰਾਂ ਦੇ ਵਟਾਂਦਰੇ ਹੋਏ।ਸਭ ਤੋਂ ਵੱਧ ਇਹ ਕਿ ਇਕ ਪਾਸਣ ਸੋਚਾਂ ਦੇ ਕਈਂ ਪੱਖ ਵਿਚਾਰੇ-ਪਰਖੇ ਗਏ।ਕੁੱਝ ਨੇ ਮੈਂਨੂੰ ਗਲਤ ਕਿਹਾ ਅਤੇ ਕਈਆਂ ਨੇ ਆਪਣੀਆਂ ਗਲਤਿਆਂ ਸੁਧਾਰ ਲਈਆਂ।


ਮੈਂ ਪ੍ਰਤੀਬੰਧਾਂ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰਤਾ ਦੀ ਪਦਵੀ ਤੋਂ ਹਟਾਉਂਣ, ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਨੂੰ ਖਤਮ ਕਰਨ ਵਰਗੀਆਂ ਉਪਰੋਕਤ 'ਮਾਰੂ ਵਿਚਾਰਾਂ/ਨੀਤੀਆਂ ' ਦਾ ਸਮਰਥਨ ਕਰਨ ਨੂੰ ਤਿਆਰ ਨਹੀਂ!

ਹਰਦੇਵ ਸਿੰਘ,ਜੰਮੂ-੧੦.੬.੨੦੧੩

Saturday, 8 June 2013




' ਇਕ ਸੱਚੀ ਘੱਟਨਾ'

ਹਰਦੇਵ ਸਿੰਘ,ਜੰਮੂ


ਗਲ ਕੁੱਝ ਮਹੀਨੇ ਪਹਿਲਾਂ ਦੀ! ਇਕ ਜਾਣੇ-ਪਛਾਣੇ ਵਿਦਵਾਨ (ਸੱਜਣ) ਜੀ ਨੇ ਪੰਥ ਤੋਂ ਕੁੱਝ ਸਵਾਲ ਪੁੱਛ ਲਏ।ਸਵਾਲ ਪੁੱਛਣ ਦਾ ਢੰਗ ਕੁੱਝ ਅਜੀਬ ਜਿਹਾ ਸੀ।ਇਸ ਲਈ ਮੈਂ ਉਨਾਂਹ ਨੂੰ ਨਿਜੀ ਪੱਤਰਾਂ ਰਾਹੀਂ ਕੁੱਝ ਵਿਚਾਰ ਕੀਤੀ ਅਤੇ ਵਿਚਾਰ ਪੁੱਛ ਲਏ।ਜਵਾਬ ਨਹੀਂ ਮਿਲਿਆ।

ਕੁੱਝ ਸਮੇਂ ਬਾਦ ਉਹ ਵਿਦਵਾਨ ਜੰਮੂ ਆਏ ਤਾਂ ਕੁੱਝ ਵੀਰਾਂ ਦੀ ਮੌਜੂਦਗੀ ਵਿਚ ਮਿਲਣ ਦਾ ਸਬਬ ਬਣਿਆ।ਕੁੱਝ ਵਿਚਾਰਾਂ ਹੋਇਆਂ ਤਾਂ ਉਨਾਂਹ ਗਿਲਾ ਕੀਤਾ ਕਿ ;ਮੈਂ ਸਵਾਲ ਪੰਥ ਤੋਂ ਪੁੱਛੇ ਸਨ ਪਰ ਜਵਾਬ ਦੇਂਣ ਵਾਲੇ ਤੁਸੀ ਕੋਂਣ ਹੁੰਦੇ ਸੀ ? ਸਵਾਲ ਪੁੱਛਣ ਵਾਲੇ ਤੁਸੀ ਕੋਂਣ ਹੁੰਦੇ ਸੀ ? ਕਹਿੰਦੇ; ਮੈਂ ਸੋਚਿਆ ਕਿ ਤੁਹਾਨੂੰ ਜਵਾਬ ਦੇ ਕੇ ਮੈਂ ਆਪਣੀ ਐਨਰਜੀ ਕਿਉਂ ਵੇਸਟ ਕਰਾਂ ? ਉਨਾਂਹ ਕਿਹਾ ਕੀ ਮੈਂ ਆਪਣੇ ਕਿਸੇ ਸ਼ੰਕੇ ਦੀ  ਨਿਰਵਿਰਤੀ ਲਈ ਪੰਥ ਤੋਂ ਸਵਾਲ ਵੀ ਨਹੀਂ ਪੁੱਛ ਸਕਦਾ ? ਪੁੱਛਣ  ਲਗੇ ਕਿ ਕੀ 'ਸਿੱਖ ਰਹਿਤ ਮਰਿਆਦਾ' ਗੁਰਬਾਣੀ ਹੈ ? ਇਸਦੇ ਜਵਾਬ ਵਿਚ ਮੈਂ ਪੁੱਛਿਆ ਕਿ ਕੀ ਸਾਡੇ ਆਪਣੇ ਵਿਆਖਿਆਨ ਜਾਂ ਨਿਰਨੇ ਬਾਣੀ ਹਨ ?

ਖ਼ੈਰ! ਅਦਬ ਦੇ ਕੁੱਝ ਤਕਾਜ਼ਿਆਂ ਕਾਰਨ ਮੈਂ ਜ਼ਿਆਦਾ ਬੋਲਣਾ ਮੁਨਾਸਬ ਨਾ ਸਮਝਿਆ ਸੀ ਪਰ ਅੰਦਰੋਂ ਮੈਂ ਉਨਾਂਹ ਦੀਆਂ ਗੱਲਾਂ ਤੇ ਅਚੰਬਤ ਸੀ।ਮੇਰੇ ਮਨ ਵਿਚ ਇਸ ਦੇ ਮੁੱਖ ਦੋ ਕਾਰਨ ਸਨ

(੧)      'ਕੋਈ ਸ਼ੰਕਾ' ਹੋਂਣ ਜਾ ਨਾ ਹੋਂਣ ਦੀ ਸਥਿਤੀ ਦਾ ਸੂਚਕ ਹੁੰਦਾ ਹੈ 'ਨਿਰਨਾ' ਨਹੀਂ।ਉਨਾਂਹ ਸ਼ੰਕਾ ਨਹੀਂ ਬਲਕਿ ਆਪਣਾ ਨਿਰਨਾ ਪੇਸ਼ ਕੀਤਾ ਸੀ।

(੨)      ਜੇ ਕਰ ਵਿਦਵਾਨ ਜੀ ਸਿੱਖ ਪੰਥ ਤੋਂ ਸਵਾਲ ਪੁੱਛਣਾ ਆਪਣਾ ਹੱਕ ਸਮਝਦੇ  ਹਨ ਅਤੇ ਪੰਥ ਨੂੰ ਆਪਣੇ ਸਾਹਮਣੇ ਜਵਾਬਦੇਹ ਮੰਨਦੇ ਹਨ ਤਾਂ ਕੀ ਕਾਰਨ ਹੈ ਕਿ ਉਹ ਆਪ ਜਵਾਬ ਦੇਂਣ ਨੂੰ ਐਨਰਜੀ ਵੇਸਟ ਕਰਨਾ ਕਹਿੰਦੇ ਹਨ ? ਜੇ ਕਰ ਉਹ ਆਪਣੇ ਸ਼ੰਕੇ ਦੀ ਨਿਰਵਿਰਤੀ ਲਈ ਪੰਥ ਨੂੰ ਸਵਾਲ ਪੁੱਛ ਸਕਦੇ ਹਨ ਤਾਂ ਕੀ ਆਪਣੇ ਸ਼ੰਕੇ ਦੀ ਨਿਰਵਿਰਤੀ ਲਈ ਮੈਂ ਉਨਾਂਹ ਨੂੰ ਸਵਾਲ ਨਹੀਂ ਸੀ ਪੁੱਛ ਸਕਦਾ ?

ਹਰਦੇਵ ਸਿੰਘ,ਜੰਮੂ-੮.੬.੨੦੧


ਨੋਟ:- ਇਹ ਸੱਜਣ ਜੀ ਕਿਸੇ ਸਮੇਂ ਆਪ ਅਕਾਲ ਤਖ਼ਤ ਦੇ ਜੱਥੇਦਾਰ ਰਹੇ ਸਨ!

Wednesday, 5 June 2013

'ਦਸਤਾਵੇਜ਼ ਵੀ ਬੋਲਦੇ ਹਨ'

ਹਰਦੇਵ ਸਿੰਘ,ਜੰਮੂ



ਪਿੱਛਲੇ ਕੁੱਝ ਸਮੇਂ ਵਿਚ ਇਕ ਵਿਦਵਾਨ ਜੀ ਨੇ, ਅਕਾਲ ਤਖ਼ਤ ਸਥਾਨ ਨੂੰ ਇਹ ਵਿਚਾਰ ਦੇ ਕੇ ਨਿਰਸਤ ਕਰਨ ਦਾ ਵਿਚਾਰ ਅਰੰਭਿਆ ਕਿ ਅਕਾਲ ਤਖ਼ਤ ਤਾਂ ਕੇਵਲ ਇਕ ਸਿਧਾਂਤ ਹੈ, ਸਥਾਨ ਨਹੀਂ ਆਦਿ ਆਦਿ! ਅਚੰਭਾ ਉਸ ਵੇਲੇ ਹੋਇਆ ਜਿਸ ਵੇਲੇ ਨਜ਼ਰ, ਇਸ਼ਤਹਾਰ ਰਾਹੀਂ ਜਾਰੀ ਇਕ ਸੰਦੇਸ਼ ਦੀ ਇਬਾਰਤ ਦੇ ਇਨਾਂਹ ਸ਼ਬਦਾਂ ਤੇ ਜਾ ਪਈ:-

                                                   ੴ ਵਾਹਿਗੁਰੂ ਜੀ ਕੀ ਫ਼ਤਹ॥
                                                           ਦਫ਼ਤਰ
                             ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿਤਸਰ
                                 ਜੇ ਜੀਵੇ ਪਤਿ ਲਥੀ ਜਾਏ॥ਸਭੁ ਹਰਾਮ ਜੇਤਾ ਕਿਛੁ ਖਾਈ॥
                           ੮ ਸਤੰਬਰ ਨੂੰ ਗਵਰਨਰ ਹਾਊਸ (ਰਾਜ ਭਵਨ) ਦੇ ਘੇਰਾਉ ਲਈ
                                                   ਸਮੁੱਚੀ ਮਾਨਵਤਾ ਨੂੰ ਸੱਦਾ
....





                                                                                                                                                                                                                                                                        ਜਥੇਦਾਰ
                                                      ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ



ਇਹ ਇਤਹਾਸਕ ਦਸਤਾਵੇਜ਼ੀ ਸੰਦੇਸ਼ ੮ ਸਿਤੰਬਰ ੧੯੮੭ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਫ਼ੋਟੋ ਇਕ ਵੈਬਸਾਈਟ ਤੇ ਪਏ ਇਕ ਲੇਖ ਵਿਚ ਵੇਖੀ ਜਾ ਸਕਦੀ ਹੈ।ਇਸ ਸੰਦੇਸ਼ ਦਾ ਇਕ ਸ਼ਬਦ ਬੜਾ ਮਹੱਤਵਪੁਰਨ ਹੈ। ਉਹ ਸ਼ਬਦ ਹੈ "ਦਫ਼ਤਰ"! ਨਾਲ ਹੀ ਇਹ ਪੰਗਤੀ "ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ"

ਅਕਾਲ ਤਖ਼ਤ ਅਗਰ ਸਿਧਾਂਤ ਮਾਤਰ ਹੈ ਅਤੇ ਗੁਰੂ ਸਾਹਿਬ ਵਲੋਂ ਸਥਾਪਤ ਸਥਾਨ ਅਕਾਲ ਤਖ਼ਤ ਨਹੀਂ ਤਾਂ ੧੯੮੭ ਵਿਚ ਉਸ ਸਿਧਾਂਤ ਦਾ 'ਦਫ਼ਤਰ' ਕਿਵੇਂ ਹੋਇਆ ਕਰਦਾ ਸੀ ? ਅਤੇ ਉਹ ਸਿਧਾਂਤ ਅੰਮ੍ਰਿਤਸਰ ਸ਼ਹਿਰ ਵਿਚ ਕਿਵੇਂ ਹੁੰਦਾ ਸੀ ?

ਇਸ ਮਹੱਤਵਪੁਰਨ ਸਵਾਲ ਦਾ ਬੜਾ ਅਸਾਨ ਜਿਹਾ ਜਵਾਬ ਮਿਲ ਸਕਦਾ ਹੈ।ਉਹ ਇਹ ਕਿ ਪਹਿਲਾਂ ਉਨਾਂਹ ਨੂੰ ਇਸ ਸਿਧਾਂਤ ਦਾ ਪਤਾ ਨਹੀਂ ਸੀ ਇਸ ਲਈ ਉਸਦਾ ਦਫ਼ਤਰ ਹੁੰਦਾ ਸੀ। ਹੁਣ ਜਿਸ ਵੇਲੇ ਪਤਾ ਚਲਿਆ ਹੈ, ਤਾਂ ਨਾ ਦਫ਼ਤਰ, ਨਾ ਹੀ ਸ਼੍ਰੀ ਅਕਾਲ ਤਖ਼ਤ ਅੰਮ੍ਰਿਤਸਰ!
 
ਯਾਨੀ ਜਿਸ ਵੇਲੇ ਉਨਾਂਹ ਕੋਮ ਦੀ ਮਹਾਨ ਸੇਵਾ ਕੀਤੀ, ਉਸ ਵੇਲੇ ਉਨਾਂਹ ਨੂੰ ਨਾ ਅਕਾਲ ਤਖ਼ਤ ਦਾ ਪਤਾ ਸੀ, ਨਾ ਅਰਦਾਸ ਦਾ, ਨਾ ਨਿਤਨੇਮ ਦਾ, ਨਾ ਹੀ 'ਖ਼ਾਲਸਾ ਪੰਥ' ਅਤੇ 'ਗੁਰੂ ਪੰਥ' ਦਾ ?

ਨਹੀਂ! ਦਸਤਾਵੇਜ਼ ਵੀ ਬੋਲਦੇ ਹਨ ਕਿ ਉਸ ਵੇਲੇ ਉਨਾਂਹ ਨੂੰ ਉਹ ਪਤਾ ਸੀ ਜੋ ਹੁਣ ਉਹ ਵਿਸਰ ਗਏ ਹਨ! ਕੀ ਕੁੱਝ ਅਧਾਰ ਉਨਾਂਹ ਦੀ ਸੇਵਾ ਨਾਲ ਹੀ ਸਨ ? ਸੇਵਾ ਖ਼ਤਮ ਅਧਾਰ ਖ਼ਤਮ ?

ਹਰਦੇਵ ਸਿੰਘ,ਜੰਮੂ-੫.੬.੨੦੧੩

Monday, 27 May 2013

ਖ਼ਾਲਸਾ ਪੰਥ ਨੂੰ ਸਵਾਲ ?
 
ਹਰਦੇਵ ਸਿੰਘ,ਜੰਮੂ

ਗੁਰੂ ਨਾਨਕ ਜੀ  ਨੇ ਆਪਣੇ ਦਸਵੇਂ  ਸਰੂਪ ਵਿਚ ਖ਼ਾਲਸਾ ਪੰਥ ਦੀ ਸਿਰਜਨਾ ਮੁਕੱਮਲ ਕੀਤੀ।ਗੁਰੂ ਸਾਹਿਬਾਨ ਨੇ ਪੰਥ ਦੀ ਸਿਰਜਨਾ ਵਿਚ ਕੇਵਲ 'ਇਕ ਪੰਥ' ਦਾ ਸਿਧਾਂਤ ਹੀ ਦ੍ਰਿੜ ਕਰਵਾਇਆ।ਸਤਿਗੁਰਾਂ ਦੀ ਅਜ਼ੀਮ ਬਖਸ਼ਿਸ਼ਾਂ ਦੇ ਸਕਦੇ, ਮੁਸਕਿਲ ਤੋਂ ਮੁਸ਼ਕਿਲ ਹਾਲਾਤਾਂ ਵਿਚ ਵੀ ਸਿੱਖਾਂ ਨੇ, ਗੁਰੂ ਵਲੋਂ ਬਖ਼ਸ਼ੇ 'ਇਕ ਪੰਥ' ਦੇ ਸਿਧਾਂਤ ਨੂੰ ਕਦੇ ਵੀ ਭੰਗ ਨਹੀਂ ਹੋਂਣ ਦਿੱਤਾ।ਪਰ ਅੱਜ ਅਖਵਾਉਂਦੇ ਵਿਦਵਾਨ 'ਇਕ ਗੁਰੂ' ਦੀ ਗਲ ਕਰਦੇ ਉਸਦੇ ਪੰਥ ਨੂੰ ਅਨੇਕ ਪੰਥਾਂ ਵਿਚ ਪਰਿਭਾਸ਼ਤ ਕਰਨ ਦੀ ਕੁਚੇਸ਼ਟਾ ਕਰਦੇ ਹਨ।

ਐਸੇ ਕੁੱਝ ਸੱਜਣਾਂ ਨੇ ਆਪਣੇ ਹਿਤਾਂ ਦੀ ਪੁਰਤੀ ਲਈ 'ਸਿੱਖ ਪੰਥ' ਜਾਂ 'ਖ਼ਾਲਸਾ ਪੰਥ' ਲਈ ਕਈਂ ਲਕਬ ਘੱੜ ਲਏ ਹਨ, ਜਿਵੇਂ ਕਿ 'ਜਾਗਰੂਕ ਪੰਥ', 'ਸੁਚੇਤ ਪੰਥ', 'ਕਾਲਕਾ ਪੰਥ' ਅਤੇ 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ'! ਕੁੱਝ ਨੇ ਬਿਨਾਂਹ ਸੋਚੇ ਇਨਾਂਹ ਲਕਬਾਂ ਦੀ ਰੀਸ ਵੀ ਕਰ ਲਈ।

ਇਨਾਂਹ ਲਕਬਾਂ ਨੂੰ ਘੱੜਨ ਵਾਲੇ ਜਾਣਦੇ ਹਨ ਕਿ ਗੁਰੂ ਸਾਹਿਬਾਨ ਦਾ ਸਿਰਜਿਆ ਅਜ਼ੀਮ ਖ਼ਾਲਸਾ ਪੰਥ ਉਨਾਂਹ ਦੀ ਬਿਛਾਈ ਬਿਸਾਤ ਵਿਚ ਫ਼ਿੱਟ ਨਹੀਂ ਹੋ ਸਕਦਾ। ਇਸ ਲਈ ਉਨਾਂਹ ਆਪਣੀ ਆਪਣੀ ਬਿਸਾਤ ਲਈ ਆਪਣੇ-ਆਪਣੇ ਕਾਗਜ਼ੀ "ਪੰਥ" ਬਨਾ ਲਏ ਹਨ।ਉਨਾਂਹ ਨੂੰ ਕਾਗਜ਼ੀ ਕਹਿਣਾ ਹੀ ਵਾਜਬ ਹੈ ਕਿਉਂਕਿ ਉਹ ਨਾਸਮਝ ਅਤੇ ਮੌਕਾ ਪਰਸਤ ਕਲਮਾਂ ਦੀ ਉਪਜ ਹਨ, ਗੁਰੂ ਸਾਹਿਬਾਨ ਦੀ ਦੇਂਣ ਨਹੀਂ।

ਕੁੱਝ ਨਿਰਨਾਨੁਮਾਂ ਸਵਾਲ ਪੁੱਛਣ ਲਈ, ਖ਼ਾਲਸਾ ਪੰਥ ਦਾ ਅਡਰੈਸ ਭਾਲਦੇ, ਇਕ ਵਿਦਵਾਨ ਜੀ ਦਾ ਗਿਲਾ ਹੈ ਕਿ; "ਅੱਜ ਤਾਂ ਸਿੱਖੀ ਦੇ ਵਿਹੜੇ ਵਿੱਚ ਬਕਾਲੇ ਦੀਆਂ ਬਾਈ ਮੰਜੀਆਂ ਵਾਂਗੂ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗੀਆਂ ਹੋਇਆਂ ਨੇ,ਹਰ ਕੋਈ ਅਸਲ ਪੰਥ ਦਾ ਦਾਵੇਦਾਰ ਹੈ"! ਵਿਦਵਾਨ ਜੀ ਨੂੰ ਆਪਣੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਜਾਣ ਦਾ ਖ਼ਤਰਾ ਵੀ ਮਹਸੂਸ ਹੁੰਦਾ ਹੈ।

ਪਰ ਵਿਡੰਬਨਾ ਇਹ ਹੈ ਸਿੱਖੀ ਦੇ ਵਿਹੜੇ ਵਿਚ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗ ਜਾਣ ਦਾ ਦਰਦ ਪ੍ਰਗਟ ਕਰਨ ਵਾਲੇ ਵਿਦਵਾਨ ਜੀ ਨੇ ਆਪ ਵੀ 'ਦੋ' ਵੈਸੀਆਂ ਹੀ ਮੰਜੀਆਂ
ਡਾਹਿਆਂ ਹਨ ਜਿਸ ਦਾ ਗਿਲਾ ਉਹ ਦੂਜੀਆਂ ਤੋਂ ਕਰ ਰਹੇ ਹਨ। ਇਨਾਂਹ ਵਲੋਂ ਆਪਣੀ ਮੰਜੀ ਨੂੰ ਉੱਚਾ ਵਖਾਉਂਣ ਲਈ ਇਕ ਦੂਜੀ ਨੀਵੀਂ ਮੰਜੀ ਵੀ ਪ੍ਰਚਾਰੀ ਗਈ। ਯਾਨੀ ਕਿ ਕਥਿਤ 'ਕਾਲਕਾ ਪੰਥ' ਦੀ ਮੰਜੀ! ਕੋਈ ਵੀ ਬੰਦਾ ਫ਼ਾਰਮ ਭਰ ਕੇ   "ਉੱਚੀ ਮੰਜੀ" ਤੇ ਚੜ ਸਕਦਾ ਹੈ।ਇਸ ਮੰਜੀ ਦਾ ਦਫ਼ਤਰ ਚੰਡੀਗੜ ਹੈ, ਪਰ  ਖਾਲਸਾ ਪੰਥ ਦੇ ਐਡਰੈਸ ਦਾ ਪਤਾ ਨਹੀਂ ? ਖ਼ੈਰ! ਮਾਮਲਾ ਖ਼ਾਲਸਾ ਪੰਥ ਤੋਂ ਸਵਾਲ ਪੁੱਛਣ ਦਾ ਹੈ।

ਪੰਥ ਨਾਲ ਗਲ ਕਿਵੇਂ ਕੀਤੀ ਜਾਂਦੀ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।ਅੱਜ ਤੋਂ ਕੁੱਝ ਵਰੇ ਪਹਿਲਾਂ ਐਨ.ਡੀ ਟੀ.ਵੀ. ਦੀ ਮਹਿਲਾ ਰਿਪੋਰਟਰ 'ਬਰਖਾ ਦੱਤ' ਨੇ, ਇਕ ਇੰਟਰਵਿਯੂ ਦੋਰਾਨ, ਟਾਟਾ ਕੰਪਨੀ ਦੇ ਚੈਯਰਮੈਨ 'ਰਤਨ ਟਾਟਾ' ਜੀ ਨੂੰ ਇਕ ਸਾਧਾਰਨ ਜਿਹਾ ਇਹ ਸਵਾਲ ਪੁੱਛ ਲਿਆ ਕਿ; ਉਹ ਭਾਰਤ ਦੇ ਲੋਗਾਂ ਨੂੰ ਕੀ ਸੰਦੇਸ਼ ਦੇਣਾਂ ਚਾਹੁੰਦੇ ਹਨ ? ਰਤਨ ਟਾਟਾ ਜੀ ਵਲੋਂ, ਇਸ ਸਧਾਰਨ ਜਿਹੇ ਸਵਾਲ ਦਾ ਦਿੱਤਾ ਜਵਾਬ ਬੜਾ ਦਿਲਚਸਪ ਸੀ। ਰਤਨ ਟਾਟਾ ਨੇ ਬਰਖਾ ਦੱਤ ਨੂੰ ਜਵਾਬ ਦਿੰਦੇ ਕਿਹਾ ਕਿ 'ਮੈਂ ਕੋਂਣ ਹੁੰਦਾ ਹਾਂ ਭਾਰਤ ਦੇ ਲੋਗਾਂ ਨੂੰ ਸੰਦੇਸ਼ ਦੇਂਣ ਵਾਲਾ? ਮੇਰੀ ਉਹ ਹੈਸੀਅਤ ਨਹੀਂ!
 
ਪਰ ਇੱਥੇ ਤਾਂ ਗਲ ਖ਼ਾਲਸਾ ਪੰਥ ਦੀ ਹੈ।ਕੋਈ ਵਿਦਵਾਨ ਪੰਥਕ ਵਿਦਵਾਨਾਂ ਤੋਂ ਤਾਂ ਸਵਾਲ ਪੁੱਛ ਸਕਦਾ ਹੈ ਪਰ ਕੋਈ ਵਿਦਵਾਨ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦਾ ਯਤਨ ਕਰੇ ਤਾਂ ਇਹ ਸੋਚ ਖ਼ੁਦੀ ਨੂੰ ਪੰਥ ਨਾਲੋਂ ਬੁਲੰਦ ਸਮਝਣ ਦੀ ਪ੍ਰਤੀਤ ਹੁੰਦੀ ਹੈ।ਸ਼੍ਰੋਮਣੀ ਕਮੇਟੀ ਵਰਗੀ ਕਿਸੇ ਪੰਥਕ ਸੰਸਥਾ ਤੋਂ ਸਵਾਲ ਪੁੱਛਣਾ ਕੋਈ ਮਾੜੀ ਗਲ ਨਹੀਂ, ਪਰ ਖ਼ਾਲਸਾ ਪੰਥ ਨੂੰ ਸਵਾਲ ਪੁੱਛਣ ਦੇ ਭਾਵ ਵਿਚ ਅਹੰਕਾਰ ਦਾ ਅਕਸ ਲਰਜ਼ਦਾ ਪ੍ਰਤੀਤ ਹੁੰਦਾ ਹੈ।ਕਿਉਂਕਿ ਇਹ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦੀ ਸ਼ਖਸੀ ਤਲਬ ਹੀ ਹੈ ਜੋ ਆਖਰਕਾਰ ਸ਼੍ਰੋਮਣੀ ਕਮੇਟੀ ਦੇ ਦਰ ਆ ਪੁੱਜੀ ਹੈ।ਕਮੇਟੀ ਨੂੰ ਸਵਾਲ ਤਾਂ ਬਿਨਾਂਹ ਪੰਥ ਨੂੰ ਤਲਾਸ਼ੇ ਵੀ ਪੁੱਛੇ ਜਾ ਸਕਦੇ ਸੀ।

ਸਿੱਖ ਕੁੱਝ ਸਮਝਣ ਲਈ ਖ਼ਾਲਸੇ ਪੰਥ ਨੂੰ ਅਰਜੋਈ ਕਰ ਸਕਦਾ ਹੈ।ਪਰ ਜੇ ਕਰ ਕੋਈ ਆਪਣੀ ਹੀ ਮੰਜੀ ਨੂੰ 'ਉੱਚਾ' ਅਤੇ 'ਅਸਲੀ' ਸਮਝਦਾ ਹੈ ਤਾਂ ਉਸ ਨੂੰ ਸਵਾਲ ਪੁੱਛਣ ਦੀ ਲੋੜ ਵੀ ਕੀ ਹੈ? ਇਹ ਸਵਾਲ ਮਹੱਤਵ ਪੁਰਨ ਹੈ।ਕਿਉਂ ਮਹੱਤਵਪੁਰਨ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।

ਦਰਅਸਲ ਇਹ ਇਕ ਪੜਾਅ ਵਰ ਕਸਰਤ ਜਿਹੀ ਪ੍ਰਤੀਤ ਹੁੰਦੀ ਹੈ ਕਿ ਕਿਸੇ ਦਿਨ
ਆਪਣੇ ਗੁੱਟ ਨੂੰ ਖ਼ਾਲਸਾ ਪੰਥ ਐਲਾਨ ਕੇ, ਉਸਦੀਆਂ ਗਲਾਂ  ਨੂੰ ਪੰਥਕ ਫੈਸਲਿਆਂ ਦਾ ਨਾਮ ਦਿੱਤਾ ਜਾਏ।ਇਸੇ ਕਰਕੇ ਉਹ ਵਿਦਵਾਨ ਹੁਣ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਆਪਣੇ ਸ਼ਬਦਾਂ ਦੀ ਬੁਣਤਰ ਵਿਚ "ਪੰਥ ਪਰਵਾਣਤ ਕਹੀ ਜਾਂਦੀ ਸਿੱਖ ਰਹਿਤ ਮਰਿਆਦਾ" ਲਿਖਦੇ ਹਨ ਤਾਂ ਕਿ ਬਾਦ ਵਿਚ, ਉਹ ਕਿਸੇ ਦਿਨ, 'ਉਸ' "ਸਿੱਖ ਰਹਿਤ ਮਰਿਆਦਾ" ਨੂੰ ਪੇਸ਼ ਕਰ ਸਕਣ ਜਿਸ ਦੇ ਉਹ ਬਿਲਕੁਲ ਵਿਰੌਧੀ ਨਹੀਂ, ਅਤੇ ਜੋ ਮੌਜੂਦਾ ਪੰਥਕ  ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿਚ ਉਨਾਂਹ ਦੇ ਅੰਦਰੂਨੀ ਅਜੰਡੇ ਅੰਦਰ ਪਲ ਰਹੀ ਹੈ।

ਹਰਦੇਵ ਸਿੰਘ,ਜੰਮੂ-੨੭.੫.੨੦੧੩

Thursday, 16 May 2013

'ਕੇਨੈਡਾ ਤੋਂ ਉੱਠੇ ਵਚਿੱਤਰ ਸਵਾਲ'
ਹਰਦੇਵ ਸਿੰਘ,ਜੰਮੂ



ਕੁੱਝ ਸੱਜਣ 'ਸਿੱਖ ਰਹਿਤ ਮਰਿਆਦਾ' ਨੂੰ ਦੋਸ਼ੀ ਕਰਾਰਦੇ ਅਕਸਰ ਕਹਿੰਦੇ ਹਨ ਕਿ; 'ਭਾਈ ਕਾਦੀ ਸਿੱਖ ਰਹਿਤ ਮਰਿਆਦਾ ? ਇਸ ਨੂੰ ਤਾਂ ਸਾਰੇ ਮੰਨਦੇ ਹੀ ਨਹੀਂ ! ਇਹ ਤਾਂ ਫ਼ਲਾਂ-ਫ਼ਲਾਂ ਥਾਂ ਤੇ ਲਾਗੂ ਨਹੀਂ ਹੋ ਪਾਈ !!

 ਇਨਾਂਹ 'ਕੁੱਝ ਸੱਜਣਾਂ' ਨੂੰ ਕੋਈ ਇਹ ਪੁੱਛੋ ਕਿ; ਭਾਈ ਜੇ ਮੰਨਦੇ ਸਿੱਖ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ, ਤਾਂ ਦੋਸ਼ ਕਿਸਦਾ ਕੱਡੋਗੇ ? ਸਿੱਖ ਦਾ ਕਿ ਗੁਰੂ ਦਾ ? ਜੇ ਕਰ ਹਰ ਥਾਂ ਸਿੱਖ ਰਹਿਤ ਮਰਿਆਦਾ ਦਾ ਇਕਸਾਰ  ਲਾਗੂ ਨਾ ਹੋ ਪਾਉਣਾਂ, ਸਿੱਖ ਰਹਿਤ ਮਰਿਆਦਾ ਦੇ ਦੋਸ਼ੀ ਹੋਂਣ ਦਾ ਸਬੂਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਦਾ ਇਕਸਾਰ   ਲਾਗੂ ਨਾ ਹੋ ਪਾਉਂਣਾ, ਜਾਂ ਇਕਸਾਰ ਅਪਨਾਇਆ ਨਾ ਜਾਣਾ, ਕਿਸ ਦਾ ਦੋਸ਼ ਕਿਹਾ ਜਾਏਗਾ ? ਖ਼ੈਰ !

ਕੇਨੈਡਾ ਤੋਂ ਕਿਸੇ ਸੱਜਣ ਨੇ 'ਸਿੱਖ ਰਹਿਤ ਮਰਿਆਦਾ' ਬਾਰੇ ਕੁੱਝ ਸਵਾਲ ਪੁੱਛ ਲਏ ਤਾਂ ਕੁੱਝ ਤਾਜੁੱਬ ਮਹਸੂਸ ਹੋਇਆ।ਸਵਾਲ ਇਸ ਪ੍ਰਕਾਰ ਸਨ:-


(੧) ਜੇ ਕਰ ਰਹਿਤ ਮਰਿਆਦਾ ਵਾਕਿਆ ਹੀ ਚੰਗੀ ਹੈ,ਮੰਨਣ ਯੋਗ ਹੈ, ਆਪਣੇ ਆਪ ਵਿਚ ਇਕ ਨਮੂਨਾ ਹੈ ਤਾਂ ਫਿਰ ਸਿੱਖੀ ਕਿੱਧਰ ਗਈ ?

 
(੨) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਹੁੰਦਿਆਂ ਦਸਮ ਗ੍ਰੰਥ ਦਾ ਰੋਲਾ ਕਿਉਂ ਪੈ ਗਿਆ ?

 
(੩) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਵੱਗਾਂ ਦੇ ਵੰਗ ਸਾਧ ਕਿਵੇਂ ਪੈਦਾ ਹੋ ਗਏ

 
(੪) ਇਸ ਰਹਿਤ ਰਹਿਤ ਮਰਿਆਦਾ ਦੇ ਹੁੰਦਿਆ ਹੁੰਦਿਆਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਕਿਵੇਂ ਵਗ ਤੁਰੇ ?

 
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤਾ ਮਨਮਤੀ ਜੀਵਨ, ਮਨਮਤੀ ਸਾਧ ਅਤੇ ਪੰਜਾਬ ਜਾਂ ਬਾਹਰ ਨਸ਼ਿਆਂ ਦਾ ਪ੍ਰਚਲਨ ਚਿੰਤਾ ਦਾ ਵਿਸ਼ਾ ਹੈ ਪਰ ਇਸ ਲਈ, ਸਵਾਲਾਂ ਰਾਹੀਂ, ਸਿੱਖ ਰਹਿਤ ਮਰਿਆਦਾ ਨੂੰ ਦੋਸ਼ੀ ਠਹਿਰਾਉਂਣਾ, ਇਕ ਵਚਿੱਤਰ ਪ੍ਰਕਾਰ ਦਾ ਅਪਰਿਪੱਕਵ ਵਿਚਾਰ ਹੈ।ਵਿਸ਼ੇਸ਼ ਤੌਰ ਤੇ ਉਨਾਂਹ ਸੱਜਣਾ ਵੱਲੋਂ ਜੋ ਸਿੱਖ ਰਹਿਤ ਮਰਿਆਦਾ ਨੂੰ ੧੯੪੫ ਵਿਚ ਭਾਈ ਵੀਰ ਸਿੰਘ ਦੀ ਕਾਡ ਦੱਸਦੇ ਹਨ।ਉਪਰੋਕਤ ਚਾਰ ਸਵਾਲਾਂ ਵਿਚ ਸਾਰੀ ਜਿੰਮੇਵਾਰੀ ਸਿੱਖ ਰਹਿਤ ਮਰਿਆਦਾ ਦੇ ਸਿਰ ਮੜਨ ਦਾ ਵਿਚਾਰ ਪ੍ਰਤੀਤ ਹੁੰਦਾ ਹੈ।


ਹੈ ਤਾਂ ਝੂਠੀ, ਪਰ ਚਲੋ ਨੁਕਤਾ ਸਪਸ਼ਟ ਕਰਨ ਲਈ, ਕੁੱਝ ਚਿਰ ਵਾਸਤੇ, ਇੱਥੇ ਇਸੇ ਕਥਿਤ ਕਹਾਣੀ ਅਨੁਸਾਰ ਤੁਰਦੇ ਹਾਂ ਕਿ ਸਿੱਖ ਰਹਿਤ ਮਰਿਆਦਾ ੧੯੪੫ ਦੀ ਕਾਡ ਸੀ, ਅਤੇ ਇਸੇ ਮਰਿਆਦਾ ਕਾਰਨ  ਉਪਰੋਕਤ ਸਵਾਲ ਪੁੱਛਣ ਦੀ ਨੌਬਤ ਆ ਬਣੀ।ਸਿੱਖ ਰਹਿਤ ਮਰਿਆਦਾ ਸਾਧਾਂ, ਨਸ਼ਿਆਂ ਆਦਿ ਦੇ ਹੜ ਨੂੰ ਨਾ ਰੋਕ ਸਕੀ ਇਸ ਲਈ ਕਥਿਤ ਤੌਰ ਤੇ ਦੋਸ਼ੀ ਹੋ ਗਈ।


ਪਰ ਸਵਾਲ ਪੈਦਾ ਹੁੰਦਾ ਹੈ ਕਿ ੧੯੪੫ ਤੋਂ ਪਹਿਲਾਂ ਤਾਂ ਇਹ ਰਹਿਤ ਮਰਿਆਦਾ ਹੈ ਹੀ ਨਹੀਂ ਸੀ ਤਾਂ ਉਦੋਂ ਸਿੱਖ ਜੀਵਨ ਦਾ ਸਤਰ ਧਾਰਮਕ ਪੱਖੋਂ ਨੀਵਾਂ ਕਿਉਂ ਹੋਇਆ ? ਉਦੋਂ ਦਸ਼ਮ ਗ੍ਰੰਥ ਅੱਜ ਤੋਂ ਜ਼ਿਆਦਾ ਪ੍ਰਚਲਤ ਕਿਵੇਂ ਸੀ ? ਸਾਧਾਂ ਅਤੇ ਮਸੰਦਾ ਦਾ ਵੰਗ ਕਿਵੇਂ ਵੱਗਿਆ ਸੀ ਅਤੇ  ਨਸ਼ਿਆਂ ਦਾ ਪ੍ਰਚਲਨ ਕਿਵੇਂ ਸੀ ? 


੧੭੦੮ ਵਿਚ ਦਸ਼ਮੇਸ਼ ਜੀ ਨੇ ਸਿੱਖਾਂ ਨੂੰ, ਗੁਰੂ ਗ੍ਰੰਥ ਦੇ ਲੜ ਲਗੇ ਰਹਿਣ ਦਾ ਹੁਕਮ ਦਿੰਦੇ ਹੋਏ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ  ਦੀ ਤਾਬਿਆ ਕੀਤਾ ਸੀ।ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆ ਹੁੰਦਿਆਂ ਹੀ ੧੭੦੮ ਬਾਦ ਉਹ ਸਭ ਕੁੱਝ ਕਿਵੇਂ ਹੋ ਗਿਆ ਜਿਸ ਬਾਰੇ 
ਕੇਨੈਡਾ ਤੋਂ   ਚਾਰ ਸਵਾਲ ਕੀਤੇ ਗਏ ਹਨ ? ਕੀ ਪੁੱਛਾਂਗੇ ਕਿ ਸਮਰਥ ਗੁਰੂ ਸਾਧਾਂ/ਮਸੰਦਾਂ ਦੀ ਉਪਜ ਅਤੇ ਨਸ਼ਿਆਂ ਦੇ  ਹੜ ਨੂੰ ਕਿਉਂ ਨਹੀਂ ਰੋਕ ਸਕਿਆ ਅਤੇ ਕਿੱਥੇ ਗਈ ਸਿੱਖੀ ? ਕਦਾਚਿਤ ਨਹੀਂ ਪੁੱਛ ਸਕਦੇ ਐਸੇ ਗਲਤ ਸਵਾਲ !

ਆਪਣੇ ਦੋਸ਼, ਆਪਣੀਆਂ ਕਮੀਆਂ-ਨਾਸਮਝੀਆਂ ਲਈ ਮੁੱਢਲੇ ਅਧਾਰਾਂ ਨੂੰ ਦੋਸ਼ੀ ਕਰਾਰਨਾ ਵਿਦਵਾਨਾਂ ਦੀ ਸਿਆਣਪ ਨਹੀਂ।ਕਾਲ (ਸਮੇਂ) ਚੱਕਰ ਵਿਚ ਵਾਪਰਦੀਆਂ ਰਹਿੰਦੀਆਂ ਘਟਨਾਵਾਂ ਅਤੇ ਉੱਠਦੀਆਂ ਸਮੱਸਿਆਵਾਂ ਦੇ ਕਾਰਨ ਕੁੱਝ ਹੋਰ ਹੁੰਦੇ ਹਨ ਜਿਨਾਂਹ ਨੂੰ ਵਿਚਾਰਨ ਦੀ ਲੋੜ ਹੈ।


ਹਰਦੇਵ ਸਿੰਘ,ਜੰਮੂ-੧੬.੫.੨੦੧੩

Saturday, 11 May 2013

ਸ਼ਿਸ਼ਟਾਚਾਰ

ਹਰਦੇਵ ਸਿੰਘ, ਜੰਮੂ


ਸ਼ਿਸ਼ਟਤਾ ਵੱਡਮੁੱਲੀ ਹੁੰਦੀ ਹੈ ਪਰ ਜੇ ਕਰ ਸੁਭਾਅ ਅੰਦਰ ਮੌਲਿਕ ਰੂਪ ਵਿਚ ਹੋਵੇ ਤਾਂ! ਵਰਨਾ 'ਛੱਦਮ', ਭਾਵ 'ਬਨਾਵਟੀ ਸ਼ਿਸ਼ਟਤਾ' ਇਕ ਪ੍ਰਕਾਰ ਦਾ ਛਲ ਹੈ, ਧੋਖਾ ਹੈ ਫ਼ਰੇਬ ਹੈ, ਭੇਖ  ਅਤੇ ਬਿਮਾਰੀ ਹੈ! ਗੁਰਬਾਣੀ ਵਿਚ ਐਸੀ ‘ਨਾਟਕੀਯ ਸ਼ਿਸ਼ਟਤਾ’ ਨਾਲ ਅਸਹਿਮਤੀ ਹੈ । ਐਸੀ ਸ਼ਿਸ਼ਟਤਾ ਬਾਰੇ ਗੁਰੂ ਨਾਨਕ ਜੀ ਉਚਾਰਦੇ ਹਨ:-

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥(ਪੰਨਾ,470)


ਪਰ ਨਾਟਕੀਯ ਸ਼ਿਸ਼ਟਤਾ ਤੋਂ ਅਸਤਿਮਤੀ ਦੇ ਨਾਲ-ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ, ਸ਼ਿਸ਼ਟਤਾ ਦੇ ਪਾਲਨ ਦਾ ਉਪਦੇਸ਼ ਵੀ ਦਿੰਦੇ ਹਨ । ਸ਼ਿਸ਼ਟਦਾ ਦੇ ਇਸ ਪੱਖ ਦੀ ਵਿਚਾਰ ਵੀ ਜ਼ਰੂਰੀ ਹੈ।ਕਿਉਂਕਿ ਅੱਜ ਦਾ ਲੇਖਨ, ਕੁੱਝ ਥਾਈਂ, ਨੀਚਤਾ ਦੀ ਹੱਦ ਤਕ ਗਿਰਦਾ ਜਾ ਰਿਹਾ ਹੈ।


ਜਿਹੜੇ ਮਨੁੱਖ ਦਾ ਹਿਰਦਾ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਨਹੀਂ ਉਸ ਦੇ ਸੁਭਾਅ ਵਿਚ ਸ਼ਿਸ਼ਟਾਚਾਰ ਨਹੀਂ ਪਨਪ ਸਕਦਾ । ਅਤੇ ਜਿਸਦੇ ਸੁਭਾਅ ਵਿਚ ਮੌਲਿਕ ਸ਼ਿਸ਼ਟਤਾ ਨਹੀਂ ਉਹ ਆਪ ਇਕ ਬੀਮਾਰ ਹੈ । ਗੁਰੂ ਨਾਨਕ ਜੀ ਨੇ ਅਸ਼ਿਸ਼ਟਤਾ ਪੁਰਨ ਸੁਭਾਅ ਦੇ ਮਨੁੱਖਾਂ ਦੇ, ਸੰਸਾਰਕ ਅਤੇ ਅਧਿਆਤਮਕ ਜੀਵਨ ਬਾਰੇ ਇਵੇਂ ਨਿਰਨਾ ਉਚਾਰਿਆ ਹੈ:-


ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,473)


ਅਰਥ:- ਹੇ ਨਾਨਕ ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) ।  ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ)
ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।


 ਜਤਿ ਬੋਲਿਐ ਪਤਿ ਪਾਇਐ ਸੋ ਬੋਲਿਆ ਪਰਵਾਣੁ॥ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ ( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥( ਗੁਰੂ ਗ੍ਰੰਥ ਸਾਹਿਬ ਜੀ ਪੰਨਾ,1384)


ਅਰਥ:-  ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ), ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ।129।


ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਅਰਥ:-  ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ । ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ।130।


 ਕੀ ਅਸ਼ਿਸ਼ਟ ਕਲਮਾਂ ਗੁਰਬਾਣੀ ਦੇ ਉਪਰੋਕਤ ਫ਼ੁਰਮਾਨਾਂ ਦੀ ਜ਼ਦ ਤੋਂ ਬਾਹਰ ਹਨ? ਕੀ ਉਨ੍ਹਾਂ ਤੇ ਗੁਰਬਾਣੀ ਨਹਿਤ ਉਪਰੋਕਤ ਉਪਦੇਸ਼ਾਂ ਦਾ ਕੋਈ ਅੰਕੂਸ਼ ਜ਼ਰੂਰੀ ਨਹੀਂ? ਇਹ ਸਵਾਲ ਸਵੈ ਪੜਚੋਲ ਲਈ ਜ਼ਰੂਰੀ ਹਨ ਕਿਉਂਕਿ ਇਹ ਕਲਮਾਂ ‘ਧਰਮ ਚਿੰਤਨ’ ਨੂੰ ਸ਼ਰਮਸਾਰ ਕਰਦੀਆਂ ਹਨ।


ਹਰਦੇਵ ਸਿੰਘ, ਜੰਮੂ-22.2.2013

Thursday, 9 May 2013

ਪਰਸਤੀ
  ਹਰਦੇਵ ਸਿੰਘ, ਜੰਮੂ

‘ਪਰਸਤੀ’ ਜਾਂ ਪਰਸਤਿਸ਼ ਦਾ ਅਰਥ ਹੁੰਦਾ ਹੈ ‘ਪੂਜਾ’ ਅਤੇ ‘ਪਰਸਤ’ ਦਾ ਅਰਥ ਹੁੰਦਾ ਹੈ ਪੂਜਾ ਕਰਨ ਵਾਲਾ ਜਿਵੇਂ ਕਿ ਬੁਤਪਰਸਤ! ਇਸ ਵਿਚ ਰੱਤਾ ਵੀ ਸ਼ੱਕ ਨਹੀਂ ਕਿ ਗੁਰਮਤਿ ਸਾਨੂੰ ਅਕਾਲ ਪੁਰਖ ਦੀ ਪਰਸਤਿਸ਼ ਨਾਲ ਜੋੜਦੀ ਹੈ। ਯਾਨੀ ਹਰ ਸਿੱਖ, ਗੁਰਮਤਿ ਅਨੁਸਾਰ, ਕੇਵਲ ਅਕਾਲ ਪੁਰਖ ਦਾ ਪੁਜਾਰੀ ਹੋਂਣਾ ਚਾਹੀਦਾ ਹੈ, ਕੇਵਲ ‘ਉਸਦਾ’ ਪਰਸਤ ਹੋਂਣਾ ਚਾਹੀਦਾ ਹੈ। ਇਹ ਗੁਰਮਤਿ ਵਿਚਲੇ ਪੁਜਾਰੀਵਾਦ ਦੀ ਪਰਿਭਾਸ਼ਾ ਹੈ। ਖ਼ੈਰ!

ਪਰਸਤ ਸ਼ਬਦ ਇੰਝ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮੁਫ਼ਾਦਪਰਸਤ, ਮੌਕਾਪਰਸਤ, ਬੰਦਾਪਰਸਤ ਜਾਂ ਸ਼ਖਸੀਅਤ ਪਰਸਤ! ਪਰਸਤੀ ਦੀਆਂ ਇਹ ਕਿਸਮਾਂ ਗੁਰਮਤਿ ਵਿਚ ਈਸ਼ਟ ਭਾਵ ਕਰਕੇ ਪਰਵਾਨ ਨਹੀਂ ਹਨ। ਇਸ ਲਈ ਸਿੱਖ ਨੂੰ, ਅਕਾਲ ਪੁਰਖ ਪਰਸਤ ਹੋ ਕੇ, ਸਾਰੀ ਮਨੁੱਖਤਾ ਨਾਲ ਪਿਆਰ ਅਤੇ ਸਤਿਕਾਰ ਭਰੀ ਸਾਂਝ ਪਾਉਂਣੀ ਚਾਹੀਦੀ ਹੈ। ਪਿਆਰ ਅਤੇ ਸਤਿਕਾਰ ਵਿਚ, ਵਿਚਾਰ ਸਾਂਝੇ ਵੀ ਕੀਤੇ ਜਾਂਦੇ ਹਨ ਅਤੇ ਸਵੀਕਾਰ ਵੀ। ਕਿਸੇ ਵਿਦਵਾਨ ਜਾਂ ਉੱਘੀ ਸ਼ਖਸੀਅਤ ਦੇ ਸਤਿਕਾਰ ਨੂੰ ਸ਼ਖਸੀਅਤ ਪਰਸਤੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਹਾਂ, ਜੇ ਕਰ ਕਈ ਵਾਜਬ ਵਜ੍ਹਾ ਹੋਵੇ ਤਾਂ, ਕਿਸੇ ਲਈ ਗਲਤ ਤੌਰ ‘ਤੇ, ਕਿਸੇ ਵਿਦਵਾਨ ਜਾਂ ਸ਼ਖਸੀਅਤ ਦੇ ਪ੍ਰਭਾਵ ਹੇਠ ਹੋਂਣ ਦੀ ਗਲ ਕਹੀ ਜਾ ਸਕਦੀ ਹੈ।

ਜੇ ਕਰ ਕਿਸੇ ਵਿਯਕਤੀ ਪ੍ਰਭਾਵ ਹੇਠ ਹੋਂਣ ਦੀਆਂ, ਸਾਰੀਆਂ ਹੱਦਾਂ ਪਾਰ ਕਰ ਜਾਣ ਨੂੰ ‘ਸ਼ਖਸੀਅਤ ਪਰਸਤੀ’ ਕਿਹਾ ਜਾ ਸਕਦਾ ਹੈ ਤਾਂ ਕੀ ਕਾਰਨ ਹੈ ਕਿ ਹੱਦਾਂ ਪਾਰ ਕਰਦੇ ਆਪਣੀ ਗਲ ਜਾਂ ਗੁਟਬਾਜ਼ੀ ਠੋਸਣ ਦੇ ਯਤਨ ਨੂੰ ‘ਖ਼ੁਦ ਪਰਸਤੀ’ ਨਾ ਕਿਹਾ ਜਾਏ ?

ਸ਼ਖਸੀਅਤ ਪਰਸਤੀ ਜੇ ਕਰ ਮਨਮਤਿ ਹੋਂਣ ਕਾਰਨ ਮਾੜੀ ਹੈ, ਤਾਂ ਖ਼ੁਦਪਰਸਤੀ ਉਸ ਤੋਂ ਵੀ ਮਾੜੀ। ਸ਼ਖਸੀਅਤ ਪਰਸਤੀ ਕਿਸੇ ਦੂਜੇ ਦੀ ਹੁੳਮੈ ਦੀ ਪੋਸ਼ਕ ਹੋ ਸਕਦੀ ਹੈ, ਪਰ ‘ਖੁਦਪਰਸਤੀ’ ਖ਼ੁਦ ਹਉਮੈ ਵਿਚ ਰੂਪਮਾਨ ਹੁੰਦੀ ਹੈ! ਸ਼ਖਸੀਅਤ ਪਰਸਤੀ ਛੁੜਾਉਂਣ ਲਈ ਦੂਜੇ ਨੂੰ ਸਮਝਾਉਂਣਾ ਪੈਂਦਾ ਹੈ, ਪਰ ‘ਖ਼ੁਦਪਰਸਤ’ ਨੂੰ ਪਹਿਲਾਂ ਆਪ ਸਮਝਣਾ ਪੈਂਦਾ ਹੈ! ਖ਼ੁਦਪਰਸਤੀ ਬੁਰੀ ਬਲਾ ਹੈ! ਇਸ ਤੋਂ ਬੱਚਣ ਲਈ ‘ਅੰਦਰ’ ਝਾਂਕਣਾ ਪੈਂਦਾ ਹੈ!!
28.11.12

Friday, 3 May 2013

'ਪਰਿਵਾਰਕ ਫ਼ਤਵੇ?'

ਹਰਦੇਵ ਸਿੰਘ ਜੰਮੂ

 ਇਕ ਪਰਿਵਾਰਕ ਪੱਤਰ, ਮਿਤੀ ੨੨.੧੨.੧੨, ਸਿੱਖ ਮਾਰਗ.ਕਾਮ ਦੀਆਂ ਕੁੱਝ ਝਲਕਿਆਂ:-

(੧) "ਵੀਰ ਜੀ ਮੌਜੂਦਾ ਪ੍ਰਚਲਿਤ ਸਰੂਪ ਨੂੰ ਹੀ ਪ੍ਰਮਾਣਿਕ ਮੰਨ ਕੇ ਮਤ ਦੇ ਰਹੇ ਹਨ।ਪਰ ਸੱਚਾਈ ਇਹ ਹੈ ਕਿ ਇਸ ਸਰੂਪ ਨੂੰ ਪੰਥ ਦਾ ਵੱਡਾ ਹਿਸਾ ਪੁਰੀ ਤਰਾਂ੍ਹ ਪ੍ਰਮਾਣਿਕ ਨਹੀਂ ਮੰਨਦਾ" (ਤ.ਪਰਿਵਾਰ) 

 
(੨) "ਜੇ ਸਿਰਫ ਮੌਜੂਦਾ 'ਗ੍ਰੰਥ ਰੂਪੀ ਗੁਰੂ' ਦੇ ਪ੍ਰਚਲਿਤ ਪਰਿਪੇਖ ਵਿਚ ਪੜਚੋਲਿਆ ਜਾਵੇ ਤਾਂ ਇਹ 'ਆਦਿ ਜੁਗਾਦੀ' ਕੰਪਲੀਟ 'ਗੁਰੂ' ਦਾ ਦਾਅਵਾ ਪੜਚੋਲ ਮੰਗਦਾ ਹੈ, ਕਿਉਂਕਿ ਇਸ ਸਰੂਪ ਵਿਚ ਰਾਗਮਾਲਾ ਸਮੇਤ ਚੰਦ ਵਿਸੰਗਤਿਆਂ ਇਕ ਸੱਚਾਈ ਹੈ ਅਤੇ ਵਿਸੰਗਤਿਆਂ ਦੇ ਹੁੰਦੇ ਹੋਏ 'ਕੰਪਲੀਟ ਗੁਰੂ' ਦਾ ਦਾਅਵਾ ਸ਼ਰਧਾ ਤਾਂ ਹੋ ਸਕਦੀ ਹੈ, ਪਰ ਹਕੀਕਤ ਨਹੀਂ" (ਤ.ਪਰਿਵਾਰ)

 
(੩)"... ਗ੍ਰੰਥ ਰੂਪੀ ਮਾਧਿਅਮ 'ਗੁਰੂ' ਤਾਂ ਸੇਵਕਾਂ ਦਾ ਮੁਹਤਾਜ ਹੈ ਹੀ, ਪ੍ਰਕਾਸ਼' ਕਰਵਾਉਂਣ ਲਈ,' ਸੁਖਾਸਨ'ਲਈ, ਸਰਦੀ ਤੋਂ ਬੱਚਨ ਵਾਸਤੇ ਕੰਬਲਾਂ ਲਈ, ਗਰਮੀ ਤੋਂ ਬਚਨ ਵਾਸਤੇ 'ਕੂਲਰਾਂ' ਲਈ ਆਦਿ ਆਦਿ।ਅੇਸਾ 'ਮਾਧਿਅਮ ਗੁਰੂ' ਤਾਂ ਕਾਤਬਾਂ ਦਾ ਵੀ ਮੋਹਤਾਜ ਰਿਹਾ ਹੈ..." (ਤ. ਪਰਿਵਾਰ)

 
ਜੇ ਕਰ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਨਹੀਂ ਬਲਕਿ ਸੱਚ ਦਾ ਗਿਆਨ ਹੈ, ਤਾਂ ਉਸ ਗਿਆਨ ਨੂੰ ਤੱਤ ਪਰਿਵਾਰ ਨੇ ਆਪਣੀ ਵਿਆਖਿਆ ਦਾ ਮੋਹਤਾਜ ਕਿਉਂ ਸਮਝਿਆ ਹੋਇਆ ਹੈ ? ਸਾਰੀ ਮਨੁੱਖਤਾ ਪਰਿਵਾਰ ਵਲੋਂ ਤਿਆਰ ਕੀਤੀ ਲਿਖਤ ਤੋਂ ਗੁਰਮਤਿ ਜੀਵਨ ਸੇਧ ਲੇਂਣ ਦੀ ਮੁਹਤਾਜ ਕਿਉਂ ਸਮਝੀ ਜਾ ਰਹੀ ਹੈ ? ਸੱਚ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿਚ ਹੈ ਜਾਂ ਫਿਰ ਪਰਿਵਾਰ ਦੀ ਲਿਖਤ ਵਿਚ ? ਗੁਰੂ ਨਾਨਕ ਨੇ ਸੱਚ ਦਾ ਗਿਆਨ ਪ੍ਰਗਟ ਕਰ ਹੀ ਦਿੱਤਾ ਸੀ ਤਾਂ ਹੁਣ ਪਰਿਵਾਰ ਨੂੰ ਪ੍ਰਗਟ ਕਰਨ ਦੀ ਕੀ ਲੋੜ ਪੈ ਗਈ ? ਉਹ ਗਿਆਨ ਮੁਹਤਾਜ ਹੋ ਗਿਆ ਪਰਿਵਾਰ ਦਾ ? ਕੀ ਸੱਚ ਦਾ ਗਿਆਨ ਕੋਈ ਜਿੰਨ ਹੈ ਜੋ ਕਿ ਪਰਿਵਾਰ ਦੇ ਕਿਸੇ ਚਿਰਾਗ ਵਿਚ ਬੰਦ ਹੈ ਅਤੇ ਜੋ ਪੰਜ ਪੜਾਅ ਰਗੜ ਕੇ ਪ੍ਰਗਟ ਹੋਇਆ ਹੈ ?

 
ਇਸ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਅਪ੍ਰਮਾਣਿਕ, ਅਧੂਰਾ ਅਤੇ ਮੋਹਤਾਜ ਕਹਿਣਾ ਤ. ਪਰਿਵਾਰ ਦੇ ਸੰਪਾਦਕੀ ਵਿਚਾਰਾਂ ਦੇ ਮਿਆਰ ਨੂੰ ਉਜਾਗਰ ਕਰਦਾ ਹੈ।ਹੋਰਾਂ ਤੋਂ ਆਪਣੇ ਲਈ ਫ਼ਤਵੇ ਜਾਰੀ ਕਰਨ ਦਾ ਗਿਲਾ ਕਰਦੇ ਰਹਿਣ ਵਾਲੇ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਦਿੱਤੇ ਆਪਣੇ "ਫ਼ਤਿਵੇਆਂ" ਤੇ ਵੀ ਗ਼ੌਰ ਕਰਨ ਤਾਂ ਕਿ ਸ਼ਾਯਦ ਉਨਾਂਹ ਨੂੰ ਕਦੇ ਇਸ ਪੱਖੋਂ ਥੋੜੀ ਸ਼ਰਮ ਆ ਜਾਏ! ਦਾਸ ਨੇ ਉਪਰੋਕਤ ਟਿੱਪਣਿਆਂ ਦਾ ਜਵਾਬ ਮਿਤੀ ੨੩.੧੨.੧੨ ਨੂੰ ਦਿੱਤਾ ਸੀ।


ਗੁਰੂ ਗ੍ਰੰਥ ਸਾਹਿਬ ਨੂੰ ਪੰਥ ਦਾ ਵੱਡਾ ਹਿੱਸਾ ਪ੍ਰਮਾਣਿਕ ਨਹੀਂ ਮੰਨਦਾ ? ਕਿਹੜਾ ਹਿੱਸਾ ? ਐਸੀ ਪੱਤਰਕਾਰਤਾ ਅਤੇ ਉਸ ਦੀਆਂ ਖੁਸ਼ਿਆਂ ਪ੍ਰਾਪਤ ਕਰਨ ਲੱਗੇ ਚੰਦ 'ਮੋਕਾ' ਅਤੇ 'ਖ਼ੁਦ ਪਰਸਤ' ਬੰਦੇ ? 'ਪੰਥ ਪਰਸਤੀ' ਤਾਂ ਐਸੀ 'ਖ਼ੁਦ ਪਰਸਤੀ' ਨਾਲੋਂ ਲੱਖਾਂ ਦਰਜੇ ਚੰਗੀ ਹੈ! 


ਸ਼ਾਯਦ ਪਰਿਵਾਰ ਦੇ ਲਿਖਾਰੀ, ਗੁਰੂ ਨਾਨਕ ਦੀ ਰੀਸ ਇਸ ਹਦ ਤਕ ਕਰਨ ਉਤਰੇ ਹਨ, ਕਿ ਜੇ ਕਰ ਬਾਬਾ ਨਾਨਕ ਸੱਚ ਦਾ ਗਿਆਨ ਪ੍ਰਗਟ ਕਰ ਸਕਦਾ ਹੈ ਤਾਂ ਅਸੀਂ ਵੀ
ਇਕ ਸੱਚ ਦੇ ਗਿਆਨ ਨੂੰ ਪ੍ਰਗਟ ਕਰਕੇ ਵਿਖਾਵਾਂ ਗੇ! ਜੇ ਕਰ ਇਹ ਸੱਚ ਕਹਿ ਦੇਂਣ ਕਿ ਸੱਚ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿਚ ਹੈ ਤਾਂ ਉਨਾਂਹ ਵਲੋਂ ਪ੍ਰਗਟਾਏ ਸੱਚ ਦੇ ਗਿਆਨ ਦੀ ਲਿਖਤ ਕੀ ਬਣੇਗਾ ? ਇਸ ਲਈ ਉਹ ਇਹ ਨਹੀਂ ਕਹਿ ਸਕਦੇ ਕਿ ਅਧਿਆਤਮਕ ਸੱਚ ਦਾ ਗਿਆਨ 'ਗੁਰੂ ਗ੍ਰੰਥ ਸਾਹਿਬ' ਦੇ ਅੰਦਰ ਹੈ।ਪਰਿਵਾਰ ਵਿਚ ਇਹ ਸੱਚ ਸਵੀਕਾਰਨ ਦਾ ਸਾਮਰਥ ਨਹੀਂ ਬੱਚਿਆ! ਕੁੱਝ ਸੱਚਾਈਆਂ ਨਾਲੋਂ ਉਹ ਇਤਨੇ ਦੂਰ ਹੋ ਗਏ ਹਨ ਕਿ ਵਾਪਸੀ ਦੇ ਸਫ਼ਰ ਦੀ ਗੁੰਜਾਇਸ਼ ਬਹੁਤ ਘਟ ਬੱਚੀ ਹੈ।

ਹਰਦੇਵ ਸਿੰਘ,ਜੰਮੂ-੩.੫.੧੩