Sunday, 21 July 2013

.ਪਰਿਵਾਰ ਦੀ ਸੰਪਾਦਕੀ ਟਿੱਪਣੀ ਦਾ ਜਵਾਬ
ਹਰਦੇਵ ਸਿੰਘ,ਜੰਮੂ
.ਪਰਿਵਾਰ ਦੇ ਸੰਪਾਦਕੀ ਮੰਡਲ ਦੇ ਸਤਿਕਾਰ ਯੋਗ ਸੱਜਣੋਂ

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ।

ਮੇਰਾ ਲੇਖ, 'ਲਿਖਣ ਦਾ ਹੱਕ ਅਤੇ ਜਿੰਮੇਵਾਰੀ ਦਾ ਅਹਿਸਾਸ' (19.7.13) ਨੂੰ ਛਾਪਣ ਲਈ ਆਪ ਜੀ ਦਾ ਧਨਵਾਦ।ਲੇਖ ਨੇ ਆਪ ਜੀ ਨੂੰ ਵਿਚਲਿਤ ਕੀਤਾ ਹੈ, ਜਿਸ ਕਾਰਨ ਆਪ ਜੀ ਨੇ, ਪਾਠਕਾਂ ਸਾਹਮਣੇ ਮੇਰਾ ਲੇਖ ਛਾਪਣ ਤੋਂ ਪਹਿਲਾਂ, ਆਪਣੀ ਲੰਭੀ ਸੰਪਾਦਕੀ ਟਿੱਪਣੀ ਲਿਖੀ ਹੈ ਜੋ ਕਿ ਅਸੂਲ ਮੁਤਾਬਕ, ਲੇਖ ਦੇ ਬਾਦ ਵਿਚ ਪਾਉਂਣੀ ਬਣਦੀ ਸੀ।ਖ਼ੈਰ, ਆਪ ਜੀ ਦੀ ਟਿੱਪਣੀ ਦਾ ਨੁਕਤਾਵਰ ਜਵਾਬ  ਇਸ ਪ੍ਰਕਾਰ ਹੈ।

(
) ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਪਾਠਕ, ਪਰਿਵਾਰ ਬਾਰੇ ਵੀ ਬਹੁਤ ਸਾਰੀਆਂ ਗਲਾਂ ਨਾਲ ਚੰਗੀ ਤਰਾਂ ਵਾਕਫ਼ ਹਨ, ਜਿਸ ਦਾ ਪ੍ਰਗਟਾਵਾ ਉਹ ਕਰਦੇ ਹੀ ਰਹਿੰਦੇ ਹਨ। ਮੇਰਾ ਲੇਖ ਪਰਿਵਾਰ ਦੇ ਲੇਖ ਦੇ ਪ੍ਰਤੀਕਰਨ ਵਜੋਂ ਨਹੀਂ ਸੀ ਲਿਖਿਆ ਗਿਆ।ਇਹ ਕੇਵਲ ਡਾ.ਢਿੱਲੋਂ ਪ੍ਰਕਰਣ ਦੇ ਸਬੰਧ ਵਿਚ ਲਗੇ ਪਰਚੇ ਦੇ ਕਾਨੂਨੀ ਪੱਖ ਦੀ ਵਿਚਾਰ ਸੀ।ਬਾਕੀ ਮੰਦ ਭਾਵਨਾ ਨਾਲ ਲਿਖੀ ਗਈ ਮੰਦੀ ਲਿਖਤ ਵੀ ਗੁਰਮਤਿ ਪੱਖੋਂ ਸਹੀ ਨਹੀਂ ਹੁੰਦੀ। ਜੇ ਕਰ ਆਪ ਜੀ ਮੇਰੇ ਲੇਖਾਂ ਬਾਰੇਗੁਮਰਾਹ ਕਰਨ ਵਾਲੇ’ ਦਾ ਬਹਾਨਾ ਲਗਾ ਕੇ, ਨਾ ਛਾਪਣ ਦੀ ਕਾਰਵਾਈ ਕਰਦੇ ਹੋ ਤਾਂ ਇਹ ਆਪ ਜੀ ਲਈ ਗੁਰਮਤਿ ਦੀ ਵਰਤੋਂ ਹੈ ? ਜੇਕਰ ਲਿਖਤਾਂ ਛਾਪਣ ਨਾ ਛਾਪਣ ਦੇ ਹੱਕ ਬਾਰੇ ਪਰਿਵਾਰ ਦੇ ਸੰਪਾਦਕੀ ਮੰਡਲ ਦਾ ਕਾਨੂਨ ਹੈ, ਤਾਂ ਭਾਰਤ ਵਿਚ ਵੱਸਦੇ ੧੩੦ ਕਰੋੜ ਲੋਗਾਂ ਲਈ ਕੋਈ ਕਾਨੂਨ ਨਹੀਂ ? ਕੀ ਗੁਰਮਤਿ ਅਨੁਸਾਰ ਦੇਸ਼ ਵਿਚ ਕੋਈ ਕਾਨੂਨ ਨਹੀਂ ਹੋਂਣਾ ਚਾਹੀਦਾ?
ਕੀ ਆਪ ਜੀ ਮੁਤਾਬਕ ਭਾਰਤ ਵਿਚ ਵੱਸਦੇ ਹਿੰਦੂ, ਮੁਸਲਿਮ ਇਸਾਈ ਲਈ ੨੯੫ ਦੀ ਵਰਤੋਂ ਹੋਂਣੀ ਚਾਹੀਦੀ ਹੈ ਪਰ ਸਿੱਖਾਂ ਲਈ ਨਹੀਂ ਕਿਉਂਕਿ ਇਹ ਗੁਰਮਤਿ ਦੇ ਉਲਟ ਹੈ ? ਇਹ ਕਹਿੜੀ ਮਨੁੱਖੀ ਏਕਤਾ ਦੀ ਸੇਧ ਹੈ ? ਕੋਈ ਵਿਚਾਰਾਂ ਦੀ ਅਭਿਵਿੱਯਕਤੀ ਦੀ ਦੁਰਵਰਤੋਂ ਕਰਕੇ, ਕਿਸੇ ਦੀ ਪਗੜੀ ਉਛਾਲੇ, ਤਾਂ ਪਗੜੀ ਵਾਲਾ ਕਾਨੂਨ ਪਾਸ ਮਦਦ ਵੀ ਲੇਂਣ ਨਹੀਂ ਜਾ ਸਕਦਾ ?

(
) ਗੁਰਮਤਿ ਲੋਕ ਅਦਾਲਤਾਂ ਨਾਲੋਂ ਉੱਪਰ ਹੈ।ਪਰ ਕਤਲ ਜਾਂ ਕਿਸੇ ਇਸਤਰੀ ਦੀ ਅਜ਼ਮਤ ਲੁੱਟੇ ਜਾਣ ਤੇ, ਗੁਰਦੁਆਰੇ ਜਾਂ ਸੁਚੇਤ ਤਬਕੇ ਦੇ ਕਿਸੇ ਇੱਕਠ ਵਿਚ ਨਹੀਂ, ਬਲਕਿ ਥਾਣੇ ਵਿਚ ਪਰਚਾ ਲੱਗਦਾ ਹੈ। ਕੀ ਕਤਲ਼, ਚੋਰੀ ਜਾਂ ਰੇਪ ਹੋਂਣ ਤੇ ਕੋਈ ਆਪ ਜੀ ਪਾਸ ਆਏਗਾ ਕਿ ਇਸਦਾ ਫ਼ੈਸਲਾ ਪਰਿਵਾਰ ਗੁਰਮਤਿ ਅਨੁਸਾਰ ਕਰਕੇ ਕਿਸੇ ਨੂੰ ਫ਼ਾਹੇ ਲਾ ਦੇਵੇ ? ਸੱਜਣੋਂ, ਬੇਨਤੀ ਹੈ ਕਿ ਮੇਰੇ ਵਲੋਂ ਚੁੱਕੇ ਨੁਕਤਿਆਂ ਨੂੰ ਛਾਪਣ ਤੋਂ ਰੋਕਣ ਲਈ, ਮੇਰੇ ਬਾਰੇ ਗੁਮਰਾਹ ਕਰਨ ਦੇ ਬਹਾਨੇ ਨਾ ਲਗਾਉ, ਬਲਕਿ ਗੁਰਮਤਿ ਅਨੁਸਾਰ ਵਿਚਾਰ-ਵਟਾਂਦਰਾ ਕਰੋ।

(
)  'ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ' ਦੇ ਇਲਾਹੀ ਗੁਰਉਪਦੇਸ਼ ਅਨੁਸਾਰ ਮੇਰਾ ਵੀ ਮੰਨਣਾ ਹੈ ਕਿ ਸਾਨੂੰ ਗੁਰਮਤਿ ਦੀ ਸੇਧ ਵਿਚ ਹੀ ਲਿਖਤਾਂ ਲਿੱਖਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਆਪ  ਜੀ ਆਪਣੀਆਂ ਲਿਖਤਾਂ ਵਿਚ, ਕਈਂ ਪੱਖੋ, ਅੱਜੇ 'ਹਰਿ' ਦੇ ਉਹ 'ਜਨੁ' ਨਹੀਂ ਹੋ, ਜੋ ਹਰਿ ਵਰਗੇ ਹੋ ਕੇ ਲਿਖ ਰਹੇ ਹਨ। ਮੈਂ ਆਪ ਜੀ ਦੀ ਸੰਪਾਕਦੀ ਅਜ਼ਾਦੀ ਨੂੰ ਸਵੀਕਾਰ ਕਰਦਾ ਹਾਂ। ਬਸ ਕਈਂ ਪੱਖੋਂ ਆਪ ਜੀ ਦੀ ਅਜ਼ਾਦੀ ਨੂੰ ਗੁਰਮਤਿ ਸਵੀਕਾਰ ਨਹੀਂ ਕਰਦਾ।

ਆਪ ਜੀ ਦਾ ਕਹਿਣਾ ਹੈ ਕਿ ਆਪ ਜੀ ਨੂੰ ਕੋਈ ਗਾਲਾਂ ਜਾਂ ਧਮਕਿਆਂ ਆਦਿ ਦਿੰਦਾ ਹੈ, ਤਾਂ ਇਸ ਚਰਚਾ ਦੇ ਮੂਲ ਤੋਂ ਧਿਆਨ ਹਟਾਉਂਣ ਲਈ ਇਸਦਾ ਗਿਲਾ ਆਪ ਜੀ ਮੇਰੇ ਨਾਲ ਨਾ ਜੋੜੋ। ਕਿਉਂਕਿ ਐਸਾ ਕਰਨਾ ਗੁਰਮਤਿ ਨਹੀਂ। ਮੈਂ ਕਦੇ ਵੀ ਕਿਸੇ ਨੂੰ ਗਾਲ ਜਾਂ ਧਮਕੀ ਨਹੀਂ ਦਿੱਤੀ। ਹਾਂ ਆਪ ਜੀ ਨੇ ਮੇਰੇ ਬਾਰੇ ਕਈਂ ਵਾਰ ਗਲਤ ਸ਼ਬਦਾਵਲੀ ਜ਼ਰੂਰ ਵਰਤੀ ਹੈ, ਜਿਸ ਦਿਆਂ ਕਈਂ ਮਿਸਾਲਾਂ ਮੇਰੇ ਪਾਸ ਮੌਜੂਦ ਹਨ। ਮੈਂ ਕਦੇ ਫ਼ਤਵੇ ਦੀ ਗਲ ਨਹੀਂ ਕੀਤੀ ਪਰ ਆਪ ਜੀ, ਫ਼ਤਵਾ ਦੇ ਗਏ! ਫ਼ਤਵਾ ਦੇ ਗਏ!! ਦਾ ਢੰਗ ਵਰਤਦੇ ਹੋ।

ਅਗਰ ਸਿੱਖ ਪੰਥ ਵਲੋਂ ਅਰਦਾਸ ਅਤੇ ਨਿਤਨੇਮ ਪੜਨ ਨਾਲ ਆਪ ਜੀ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਤਾਂ ਇਸਦਾ ਗਿਲਾ ਮਰਹੂਮ ਗਿਆਨੀ ਭਾਗ ਸਿੰਘ ਅੰਬਾਲਾ ਜੀ ਨਾਲ ਵੀ ਕਰੋ ਜੋ ਕਿ ਕਈਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਿਆਂ ਲਿਖਿਆਂ ਮੰਨਦੇ ਸੀ। ਪਰ ਆਪ ਜੀ ਦਿਆਂ ਸੰਪਾਦਕੀਆਂ ਕਈਂ ਵਾਰ ਗਿਆਨੀ ਭਾਗ ਸਿੰਘ ਅੰਬਾਲਾ ਜੀ ਦੀ ਉਸਤਤ ਨਾਲ ਆਰੰਭ ਹੁੰਦੀਆਂ ਹਨ। ਉਸ ਵੇਲੇ ਆਪ ਜੀ ਨੂੰ ਗਿਆਨੀ ਭਾਗ ਸਿੰਘ ਜੀ ਦਸ਼ਮ ਗ੍ਰੰਥੀਏ ਨਹੀਂ ਲੱਗਦੇ ?

(
) ਆਪ ਜੀ ਵਿਚਾਰ ਪੇਸ਼ ਕਰਨ ਦੇ, ਮੇਰੇ ਮਨੁੱਖੀ ਹੱਕ ਦੀ ਕਦਰ, ਅਤੇ ਪ੍ਰੋੜਤਾ ਕਰਦੇ ਹੋ ਪਰ "ਗੁਮਰਾਹਕੁਨ" ਦਾ ਬਹਾਨਾ ਲਗਾਉਂਦੇ, ਇਹ ਵੀ ਐਲਾਨ ਕਰਦੇ ਹੋ ਕਿ ਮੈਂ ਆਪਣੇ ਇਸ ਮਨੁੱਖੀ ਅਧਿਕਾਰ ਦਾ ਇਸਤੇਮਾਲ, ਆਪ ਜੀ ਦੀ ਵੈਬਸਾਈਟ ਤੇ ਨਹੀਂ ਕਰ ਸਕਦਾ। ਕੀ ਐਸਾ ਐਲਾਨ ਪਰਿਵਾਰ ਦੀ ੨੯੫ ਨਹੀਂ ਜਾਪਦਾ ? ਜੇਕਰ ਆਪ ਜੀ ਨੂੰ ਮੇਰੀਆਂ ਲਿਖਤਾਂ ਨਾ ਛਾਪਣ ਦਾ ਹੱਕ ਹੈ ਤਾਂ ਕਿ ਦੇਸ਼ ਦੇ ਕਾਨੂਨ ਅਨੁਸਾਰ ਕਿਸੇ ਹੋਰ ਨੂੰ ਕੋਈ ਹੱਕ ਨਹੀਂ ? ਆਪ ਤਾਂ ਦਲੀਲ ਯੁਕਤ ਸੰਵਾਦ ਦਾ ਦਮ ਭਰਦੇ ਆਏ ਹੋ, ਹੁਣ ਦਲੀਲ ਛੱਡ ਕੇ ਲਿਖਤਾਂ ਛੇਕਣ ਦੀ ਰਾਹ ਤੇ ਤੁਰ ਪਏ ? ਮੈਂ ਆਪ ਜੀ ਦੇ ਸੰਪਾਦਕੀ ਹੱਕਾਂ ਨੂੰ ਤਸਲੀਮ ਕਰਦਾ ਹਾਂ ਪਰ ਤ੍ਰਾਸਦੀ ਇਹ ਹੈ ਕਿ ਆਪ ਜੀ ਦੂਜਿਆਂ ਦੇ ਹੱਕ ਪ੍ਰਤਿ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਉਸਦੇ ਪਾਲਣ ਵਿਚ ਗੁਰਮਤਿ ਤੋਂ ਖੁੰਝੇ ਪ੍ਰਤੀਤ ਹੁੰਦੇ ਹੋ।
ਹਰਦੇਵ ਸਿੰਘ,ਜੰਮੂ-੧੯..੧੩
ਨੋਟ:-ਵਿਚਾਰਕ ਅਜ਼ਾਦੀ ਦੇ ਨਾਮ ਤੇ ਸਿੱਖੀ ਸਿਧਾਂਤਾਂ ਤੇ ਵੱਡੇ  ਲਿਖਤੀ ਹਮਲਿਆਂ ਦੀ ਪ੍ਰੋਢਤਾ ਕਰਨ ਵਾਲੇ ਪਰਿਵਾਰ ਦੇ ਸੰਪਾਦਕਾਂ ਨੇ ਮੇਰੇ ਉਪਰੋਕਤ ਜਵਾਬ ਨੂੰ ਅੱਜੇ ਤਕ ਨਹੀਂ ਛਾਪਿਆ ਜੋ ਕਿ ਮੇਰੇ ਵਿਰੁੱਧ ਲਿਖੀ ਉਨਾਂਹ ਦੀ ਟਿੱਪਣੀ ਬਾਰੇ ਮੇਰਾ ਪੱਖ ਸੀਕੀ ਇਹ ਪਰਿਵਾਰ ਦਾ ਪੁਜਾਰੀਵਾਦ ਨਹੀਂ ਜਿਸ ਦਾ ਗਿਲਾ ਉਹ ਦੂਜਿਆਂ ਤੋਂ ਕਰਦੇ ਹਨ ? (Click 'Older Posts' below to read more)





Wednesday, 17 July 2013

'ਫਰੀਦਾਬਾਦ ਤੋਂ ਆਏ ਪੱਤਰ ਬਾਰੇ'
ਹਰਦੇਵ ਸਿੰਘ, ਜੰਮੂ


ਮਿਤੀ ੧੬.੭.੧੩ ਨੂੰ  ਵੈਬਸਾਈਟਾਂ ਤੇ ਗੁਰਸਿੱਖ ਫ਼ੈਮਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਜੀ ਵਲੋਂ ਪ੍ਰਗਟਾਏ ਵਿਚਾਰਾਂ ਅਨੁਸਾਰ 'ਜੀਵਨ ਵਿਚ ਅਕਾਲਪੁਰਖ ਵਾਲੇ ਗੁਣ ਭਗੌਤੀ ਨਾਂ ਦੀ ਦੇਵੀ ਅੱਗੇ ਅਰਦਾਸ ਕਰਕੇ ਵੀ ਨਹੀਂ ਆ ਸਕਦੇ'।

ਉਨਾਂਹ ਅਨੁਸਾਰ ਸਿੱਖ ਸਮਾਜ ਵਿਚ "ਅਰਦਾਸ ਅਕਾਲਪੁਰਖ ਅੱਗੇ ਨਹੀਂ ਸਗੋਂ ਭਗੌਤੀ
ਨਾਂ ਦੀ ਦੇਵੀ ਅਗੇ ਕੀਤੀ ਜਾ ਰਹੀ ਹੈ"।ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਕਿਸੇ ਵੀ ਹੋਰ ਪੁਸਤਕ ਦੇ ਪ੍ਰਕਾਸ਼ ਦੇ ਯਤਨ ਦਾ ਬਣਦਾ ਵਿਰੌਧ ਬਿਲਕੁਲ ਵਾਜਬ ਹੈ ਪਰ ਸ. ਸੁਰਿੰਦਰ ਸਿੰਘ ਜੀ ਵਲੋਂ ਇਹ ਸਿੱਟਾ ਕੱਡਣਾ ਕਿ ਸਿੱਖ ਸਮਾਜ ਕਿਸੀ ਦੇਵੀ ਦੇ ਅੱਗੇ ਅਰਦਾਸ ਕਰਦਾ ਹੈ ਵਾਜਬ ਨਹੀਂ।

ਕੋਈ ਬੰਦਾ ਅਰਦਾਸ ਕਿਸ ਅੱਗੇ ਕਰਦਾ ਹੈ ਇਹ ਤਾਂ ਉਸ ਤੋਂ ਪੁੱਛਣਾ ਬਣਦਾ ਹੈ।ਇਹ ਤਾਂ ਅਰਦਾਸ ਕਰਨ ਵਾਲਾ ਹੀ ਦਸ ਸਕਦਾ ਹੈ ਕਿ ਅਰਦਾਸ ਵੇਲੇ ਉਸਦੇ ਧਿਆਨ ਵਿਚ ਕੋਂਣ ਹੁੰਦਾ ਹੈ, ਅਕਾਲਪੁਰਖ ਅਤੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਕੋਈ ਦੇਵੀ ? ਨਹੀਂ ? 

ਸ. ਸੁਰਿੰਦਰ ਸਿੰਘ ਜੀ ਦੀ ਥਿਯੂਰੀ ਅਨੁਸਾਰ ਗੁਰਸਿੱਖ ਫ਼ੈਮਲੀ ਕਲੱਬ ਵਿਚ ਅਕਾਲਪੁਰਖ ਵਾਲੇ ਗੁਣ ਆ ਗਏ ਜਾਪਦੇ ਹਨ ਪਰ ਸਿੱਖ ਸਮਾਜ ਵਿਚ ਨਹੀਂ, ਕਿਉਂਕਿ ਬਾਕੀ ਸਿੱਖ ਸਮਾਜ ਕਿਸੇ ਦੇਵੀ ਅੱਗੇ ਅਰਦਾਸ ਕਰਦਾ ਹੈ।
ਯਾਨੀ ਕਿ ਗੁਰੂ ਕਾ ਬਾਗ, ਜੇਤੋਂ ਦੇ ਮੋਰਚੇ ਅਤੇ ਦਰਬਾਰ ਸਾਹਿਬ ਦੀ ਰੱਖਿਆ ਵਿਚ ਝੂਝਣ ਵਾਲੇ ਸਿੱਖਾਂ ਦੇ ਜੀਵਨ ਵਿਚ ਅਕਾਲਪੁਰਖ ਦੇ ਗੁਣ ਦਾ ਕੋਈ ਅੰਸ਼ ਨਹੀਂ ਸੀ। ਨਾਲ ਹੀ ਗਿਆਨੀ ਦਿੱਤ ਸਿੰਘ, ਪ੍ਰੋ.ਗੁਰਮੁਖ ਸਿੰਘ, ਭਾਈ ਕਾਹਨ ਸਿੰਘ ਨਾਭਾ,ਭਗਤ ਪੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ, ਬਾਬਾ ਪ੍ਰੋਮ ਸਿੰਘ ਹੇਤੀ ਆਦਿ ਸਿੱਖਾਂ ਦੇ ਜੀਵਨ ਵਿਚ ਅਕਾਲਪੁਰਖ ਦੇ ਕਿਸੇ ਗੁਣ ਦਾ ਕੋਈ ਅੰਸ਼ ਨਹੀਂ ਸੀ। ਕੀ ਇਹ ਸਭ ਦੁਰਗਾ ਦੇ ਪੁਜਾਰੀ ਸਨ ?
 
ਸਿੱਖ ਸਮਾਜ ਦੇ ਇਹ ਸਾਰੇ ਸ਼ਹੀਦ ਅਤੇ ਸੱਜਣ ਅਕਾਲ ਪੁਰਖ ਦੇ 'ਨਿਰਭਉ' 'ਨਿਰਵੈਰ' ਗੁਣਾਂ ਦੇ ਅੰਸ਼ ਤੋ ਸੱਖਣੇ, ਡਰਪੋਕ ਅਤੇ ਵੈਰ ਭਾਵ ਰੱਖਣ ਵਾਲੇ ਸਨ? ਆਸ ਹੈ ਕਿ ਸ. ਸੁਰਿੰਦਰ ਸਿੰਘ ਜੀ ਇਸ ਬਾਰੇ ਜ਼ਰੂਰ ਸਹਿਜਤਾ ਨਾਲ ਵਿਚਾਰ ਕਰਨ ਗੇ।

ਹਰਦੇਵ ਸਿੰਘ,ਜੰਮੂ-੧੬.੭.੧੩


Monday, 15 July 2013

'ਸਿੱਖ ਰਹਿਤ ਮਰਿਆਦਾ ਤੇ ਹਮਲੇ ਦੀ ਤਿਆਰੀ'

ਹਰਦੇਵ ਸਿੰਘ, ਜੰਮੂ


ਸ਼੍ਰੀ ਅਕਾਲ ਤਖ਼ਤ ਦੇ ਇਕ ਸਾਬਕਾ ਜੱਥੇਦਾਰ ਜੀ ਦਾ ਸਵਾਲ ਹੈ ਕਿ 'ਸਾਡੀ ਅਰਦਾਸ, ਰਹਿਰਾਸ, ਅੰਮ੍ਰਿਤ ਸੰਸਕਾਰ, ਨਿਤਨੇਮ ਦੂਸਰੇ ਗ੍ਰੰਥ ਤੋਂ ਬਿਨਾ ਪੁਰਾ ਨਹੀਂ ਹੁੰਦਾ, ਫਿਰ ਅਸੀਂ ਕਿਸ ਮੂੰਹ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਕਹਿੰਦੇ ਹਾਂ' ? ਭਾਵ ਇਹ ਹੋਇਆ ਕਿ ਜਿਸ ਵੇਲੇ ਉਹ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਨ ਉਸ ਵੇਲੇ ਉਹ ਆਪ ਪੁਰੇ ਗੁਰੂ ਵਾਲੇ ਨਹੀਂ ਸਨ ਬਸ ਲੈਕਚਰ ਵਿਚ ਹੀ ਗੁਰੂ ਗ੍ਰੰਥ ਸਾਹਿਬ ਨੂੰ ਪੁਰਾ ਕਹਿੰਦੇ ਸਨ।ਅਤੇ ਨਾ ਹੀ ਇਤਹਾਸ ਵਿਚ ਸ਼੍ਰੀ ਅਕਾਲ ਤਖ਼ਤ ਦੀ ਅਜ਼ਮਤ ਤੇ ਕੁਰਬਾਨ ਹੋਂਣ ਵਾਲੇ ਸ਼ਹੀਦ  ਪੁਰੇ ਗੁਰੂ ਵਾਲੇ ਸਨ, ਕਿਉਂਕਿ ਉਹ ਸ਼ਹੀਦ, ਮਰਿਆਦਤ ਨਿਤਨੇਮ ਅਤੇ ਅਰਦਾਸ ਕਰਦੇ ਸੀ। ਕੀ ਅੱਜ ਕੇਵਲ ਉਹ ਸੱਜਣ  ਹੀ ਪੁਰੇ ਗੁਰੂ ਵਾਲੇ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਕਲੀ, ਬਦਲੀ ਹੋਈ ਆਦਿ ਕਹਿਣ ਵਾਲਿਆਂ ਦੇ ਦਰ ਤੇ ਜਾ ਕੇ, ਉਨਾਂਹ ਨੂੰ "ਸਹੀ ਸੋਚ" ਵਾਲੇ ਹੋਂਣ ਦੀ ਪਦਵੀ ਦਿੰਦੇ ਹਨ ?

ਬੜੀ ਹੈਰਾਨਗੀ ਦੀ ਗਲ ਹੈ ਕਿ ਉਪਰੋਕਤ ਸਵਾਲ ਕਰਨ ਵਾਲੇ ਸੱਜਣ ਆਪ ੫੦ ਸਾਲ ਤੋਂ ਪ੍ਰਚਾਰਕ ਰਹਿ ਕੇ ਉਪਰੋਕਤ ਸਵਾਲ ਸਿੱਖਾਂ ਤੋਂ ਕਰ ਰਹੇ ਹਨ ! ਉਹ ਵਿਚਾਰ ਕਰਨ ਕਿ, ਕੀ ਦਸ ਗੁਰੂ ਸਾਹਿਬਾਨ,
ਪੰਜ ਪਿਆਰੇਆਂ,  ਚਾਰ ਸਾਹਿਬਜਾਦੇ, ਚਾਲੀ  ਮੁਕਤਿਆਂ ਦੀ ਗਲ ਅਤੇ 'ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਦਾ ਆਦੇਸ਼ ਤਕ ਵੀ ਦੁਸਰੇ ਗ੍ਰੰਥਾਂ/ਪੁਸਤਕਾਂ ਬਿਨਾ ਪੁਰਾ ਹੁੰਦਾ ਹੈ ? ਜੇਕਰ ਨਹੀਂ ਤਾਂ ਅਸੀਂ ਕਿਸ ਮੁੰਹ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪੁਰਾ ਗੁਰੂ ਕਹਿੰਦੇ ਹਾਂ ? ਨਿਤਨੇਮ ਤਾਂ ਬਾਦ ਦੀ ਗਲ ਹੈ, ਕੀ ਉਹ ਨਹੀਂ ਜਾਣਦੇ ਕਿ ਦੱਸ ਗੁਰੂ ਸਾਹਿਬਾਨ ਦੇ ਨਾਮ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਰ ਤੇ ਪੁਰੇ ਨਹੀਂ ਹੁੰਦੇ ? ਗੁਰੂ ਗ੍ਰੰਥ ਸਾਹਿਬ ਵਿਚ ਤਾਂ ਕੇਵਲ ੬ ਗੁਰੂ ਸਾਹਿਬਾਨ ਦਾ ਜ਼ਿਕਰ ਹੈ ਦੱਸਾਂ ਦਾ ਨਹੀਂ! ਨਹੀਂ ?
 
ਆਪ ਅਕਾਲ ਤਖ਼ਤ ਦੇ ਜੱਥੇਦਾਰ ਰਹੇ ਸੱਜਣ ਜੀ ਲੋੜ ਅਨੁਸਾਰ ਆਪਣੇ ਅਤੀਤ ਤੋਂ ਮਿਲੀ ਸ਼ੋਹਰਤ ਦਾ ਲਾਭ ਵੀ ਉਠਾਉਂਦੇ ਹਨ ਅਤੇ ਨੀਤੀ ਅਨੁਸਾਰ ਸਿੱਖ ਰਹਿਤ ਮਰਿਆਦਾ ਤੇ ਹਮਲਾ ਵੀ ਬੋਲਦੇ ਹਨ।ਯਾਨੀ ਚਿੱਤ ਵੀ ਉਨਾਂਹ ਦੀ ਅਤੇ ਪੱਟ ਵੀ ? ਉਹ ਕੈਸਾ ਗੌਰਵਸ਼ਾਲੀ ਅਤੀਤ ਸੀ ਜਿਸ ਵਿਚ ਉਨਾਂਹ ਨੂੰ ਨਾ ਤਾਂ ਅਰਦਾਸ ਦਾ ਪਤਾ ਸੀ, ਨਾ ਨਿਤਨੇਮ ਦਾ ਨਾ ਖ਼ਾਲਸਾ ਪੰਥ ਦਾ, ਨਾ ਹੀ ਗੁਰੂ ਪੰਥ ਦੇ ਸਿਧਾਂਤ, ਅਤੇ ਨਾ ਹੀ ਸ਼੍ਰੀ ਅਕਾਲ ਤਖ਼ਤ ਦਾ! ਕੀ ਕਾਰਣ ਹੈ ਕਿ ਅੱਜ ਹੀ ਉਨਾਂਹ ਨੂੰ ਸਿੱਖੀ ਦਾ ਪਤਾ ਚਲਿਆ ਹੈ ?

 
ਉਹ ਸਿੱਖ ਰਹਿਤ ਮਰਿਆਦਾ ਤੇ ਹਮਲੇ ਦੀ ਭੂਮਿਕਾ ਬੰਨ ਰਹੇ ਹਨ।ਗਿਲਾ ਉਨਾਂਹ ਨੂੰ ਕਿਸੇ ਹੋਰ ਨਾਲ ਹੈ ਪਰ ਨਿਜੀ ਗਿਲਾ ਕੱਡਣ ਲਈ ਉਹ ਸਿੱਖ ਰਹਿਤ ਮਰਿਆਦਾ ਅਤੇ ਹੋਰ ਸਿੱਖੀ ਸਿਧਾਂਤਾਂ ਤੇ ਨਿਸ਼ਾਨਾ ਸਾਧ ਰਹੇ ਹਨ।


ਉਹ ਹੋਰਨਾ ਨੂੰ ਸੰਵਾਦ ਲਈ ਕਹਿੰਦੇ ਹਨ ਪਰ ਆਪ ਸੰਵਾਦ ਤੋਂ ਪਿੱਛੇ ਹੱਟਦੇ ਹਨ।ਉਹ ਹੋਰਨਾਂ ਤੋਂ ਸਵਾਲ ਕਰਦੇ ਹਨ ਪਰ ਆਪਣੇ ਵੱਲ ਪੁੱਛੇ ਸਵਾਲ ਦਾ ਜਵਾਬ ਦੋਂਣ ਨੂੰ   ਐਨਰਜੀ ਵੈਸਟ ਕਰਨਾ ਕਹਿੰਦੇ ਹਨ।ਕੀ ਇਹ ਸੰਵਾਦ ਦੇ ਧਰਮ ਦੀ ਨਿਸ਼ਾਨੀ ਹੈ ?

 
ਉਹ ਇਕ ਨਿਮਾਣੇ ਸਿੱਖ ਕਹਾਉਂਦੇ ਹਨ ਪਰ ਸਮੁੱਚੇ ਖਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਕਟਘਰੇ ਵਿਚ ਖੜਾ ਕਰਦੇ ਹਨ ? ਇਹ ਨਿਮਾਣੇ ਸਿੱਖ ਹੋਣ ਦੀ ਨਿਸ਼ਾਨੀ ਹੈ ਜਾਂ ਖ਼ੁਦ ਨੂੰ ਪੰਥ ਤੋਂ ਉੱਪਰ ਸਮਝਣ ਦੀ ? ਚਾਹੀਦਾ ਤਾਂ ਇਹ ਸੀ ਕਿ ਉਹ ਪੰਥਕ ਵਿਦਵਾਨਾਂ ਤੋਂ ਸਵਾਲ ਪੁੱਛਦੇ।


ਜੇਕਰ ਉਨਾਂਹ ਨੇ ਨਿਜ ਨੀਤੀ ਕਾਰਣ ਸਿੱਖ ਰਹਿਤ ਮਰਿਆਦਾ ਤੇ ਹਮਲੇ ਦਾ ਮਨ ਬਣਾ ਹੀ ਲਿਆ ਹੈ ਤਾਂ ਉਹ ਇਸ ਬਾਰੇ ਕਿਸੇ ਮੰਚ ਤੇ ਜਨਤਕ ਵਿਚਾਰ ਵਟਾਂਦਰੇ ਦਾ ਸੱਦਾ ਸਵੀਕਾਰ ਕਰਨ।


ਹਰਦੇਵ ਸਿੰਘ,ਜੰਮੂ-੧੫.੭.੧੩

Saturday, 13 July 2013

'ਚਮਤਕਾਰ'

ਹਰਦੇਵ ਸਿੰਘ,ਜੰਮੂ

ਕੁਦਰਤ ਦੇ ਵਿਰੌਧ ਵਿਚ ਕੋਈ ਵੀ 'ਚਮਤਕਾਰ' ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।

ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚੋਂ ਜੀਵਨ ਦਾ ਉੱਦਗਮ ਇਕ ਚਮਤਕਾਰ ਨਹੀਂ ? ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚ ਵੇਖਣ ਦੀ ਸਮਰਥਾ ਚਮਤਕਾਰ ਨਹੀਂ ? ਨਿਰਜੀਵ ਤੱਤਾਂ ਵਿਚ ਮਨੁੱਖਾ ਮਨ ਦੀ ਉਤਪਤੀ ਤੱਤਾਂ ਵਿਚ ਮੌਜੂਦ ਚੇਤਨ ਦੀ ਪਰਕਾਸ਼ਠਾ ਹੈ! ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ? ਕੇਵਲ ਇਕ ਭੌਤਿਕ ਘਟਨਾ ?
 
ਇਹ ਕੁਦਰਤ ਦਾ ਨਿਯਮ ਹੀ ਹੈ ਕਿ ਮੱਨੁਖ ਦਾ ਸਾਮਰਥ ਕੁਦਰਤ ਦੀ ਵਿਸ਼ਾਲਤਾ ਦੇ ਸਮਕਸ਼ ਬਹੁਤ ਹੀ ਸੀਮਿਤ ਹੈ।ਕੁਦਰਤ ਦੇ ਨਿਯਮਾਂ ਦੀ ਦੁਹਾਈ ਪਾਉਂਣ ਵਾਲੇ ਆਪ ਇਸ ਨਿਯਮ ਦੇ ਵਿਰੌਧ ਵਿਚ ਹਨ ? ਕਿਉਂ ? ਜੀਵਨ ਸਮੇਤ ਸਾਰੇ ਅਕਾਰ (ਕੁਦਰਤ) ਬਿਨਸਹਾਰ ਹਨ। ਇਹ ਕੁਦਰਤ ਦਾ ਨਿਯਮ ਹੈ।ਪਰ ਪਰਮਾਤਮਾ ਇਸ ਨਿਯਮਾਵਲੀ ਦੇ ਦਾਈਰੇ ਤੋਂ ਬਾਹਰ ਹੈ। ਜੇਕਰ ਨਾ ਹੋਵੇ ਤਾਂ 'ਉਹ'
ਆਪ ਵੀ ਬਿਨਸਹਾਰ ਹੋਵੇ। ਨਹੀਂ ?
 
ਪਰਮਾਤਮਾ ਦੇ ਗੁਣਾਂ ਵਿਚੋਂ ਕਿਸੇ ਇਕ ਗੁਣ
ਨਾਲ ਸਬੰਧਤ ਪੁਰੇ ਸੱਚ ਨੂੰ ਵੀ ਕਹਿਣਾ ਔਖਾ ਹੈ। ਔਖੇ ਤੋਂ ਭਾਵ ਮੁਸ਼ਕਿਲ ਨਹੀਂ ਬਲਕਿ ਅਸੰਭਵ ਹੈ। ਕੀ ਬਾਣੀ ਦੀ ਕਸਵਟੀ ਵਰਤਨ ਦਾ ਦਮ ਭਰਦੇ ਕੁੱਝ ਸੱਜਣਾਂ ਨੇ ਬਾਣੀ ਦੀ ਇਸ ਸਿੱਖਿਆ ਨੂੰ ਕਦੇ ਡੁੰਗੇ ਹੋ ਕੇ ਸਮਝਿਆ ਹੈ ? ਉਹ ਤਾਂ ਇੰਝ ਦਾ ਵਰਤਾਵ ਕਰਦੇ ਹਨ ਜਿਵੇਂ ਕਿ ਕੁਦਰਤ ਦੇ ਨਿਯਮਾਂ ਨੂੰ ਉਨਾਂਹ ਆਪਣੇ ਚਿੰਤਨ ਦੀ ਪੋਟਲੀ ਵਿਚ ਸਮੇਟ ਮੋਢੇ
ਪਾ ਲਿਆ ਹੋਵੇ।

ਕੀ ਕੋਈ ਬੰਦਾ ਬ੍ਰਹਮਾਂਡ ਦੇ ਅਤਿ ਵਿਸ਼ਾਲ ਅਕਾਰਾਂ ਨੂੰ ਖ਼ਲਾ ਵਿਚ ਟਿਕਾ ਸਕਦਾ ਹੈ ? ਜੇਕਰ ਨਹੀਂ ਤਾਂ ਉਹ ਕਿਹੜਾ ਨਿਯਮ ਹੈ ਜੋ ਬ੍ਰਹਮਾਂਡ ਤੋਂ ਪਹਿਲਾਂ ਅਤੇ ਉ
ਨੂੰ ਅਨੁਸ਼ਾਸਤ ਕਰਨ ਵਾਲਾ ਹੈ ? ਜੇ ਕਰ ਕੁਦਰਤ ਦਾ ਨਿਯਮ ਹੀ ਕੁਦਰਤ ਦਾ ਰਚਨਹਾਰ ਹੈ ਤਾਂ ਇਸ ਸੰਸਾਰ ਵਿਚ ਪਰਮਾਤਮਾ ਦਾ ਵਿਚਾਰ ਜਾਂ ਤਾਂ ਇਕ ਵਹਿਮ ਹੈ ਜਾਂ ਫਿਰ ਇਕ ਐਸਾ ਧੋਖਾ ਜਿਸ ਵਿਚ ਕੋਈ ਚਤੁਰ ਪਦਾਰਥਵਾਦੀ ਸਿੱਖੀ ਅਤੇ ਪਰਮਾਤਮਾ ਦੀ ਆੜ ਵਿਚ ਕੇਵਲ ਸ਼ੋਹਰਤ ਜਾਂ ਪੈਸਾ ਕਮਾਉਂਣ ਦਾ ਧੰਧਾ/ਧੜਾ ਚਲਾਉਂਦਾ ਹੈ।

ਹਾਂ ਕੁੱਝ ਸੱਜਣ ਐਸੇ ਵੀ ਹਨ ਜੋ ਕਿ ਵਿਦਵਤਾ ਦਾ ਭਰਮ ਪਾਲ ਕੇ ਉਸਦਾ ਪੋਸ਼ਣ ਕਰਦੇ ਹਨ।ਉਨਾਂਹ ਨੂੰ ਪਰਮਾਤਮਾ ਮਹਜ਼ ਇਕ 'ਵਸਤੂ ਕਾਰੀਗ਼ਰ' ਹੀ ਨਜ਼ਰ ਆਉਂਦਾ ਹੈ।

ਸਿਧਾਂ ਨੇ ਗੁਰੂ ਨਾਨਕ ਜੀ ਤੋਂ ਕੁਦਰਤ ਦੇ ਆਰੰਭ ਸਬੰਧੀ ਇਹ ਸਵਾਲ ਪੁੱਛਿਆ:-
ਆਦਿ ਕਉ ਕਵਨੁ ਬਿਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥(ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)
 
ਸੰਖੇਪ ਭਾਵਅਰਥ:- (ਪ੍ਰਸ਼ਨ) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫ਼ੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ ?

ਇਸ ਸਵਾਲ ਤੇ ਗੁਰੂ ਨਾਨਕ ਦੇਵ ਜੀ ਦਾ ਉੱਤਰ
ਹੈ:-

ਅਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰ ਵਾਸੁ ਲੀਆ॥ (ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)

ਸੰਖੇਪ ਭਾਵਅਰਥ:- ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਸਚਰਜ ਹੀ ਕਿਹਾ ਜਾ  ਸਕਦਾ ਹੈ,(ਤਦੋਂ ਇੱਕ-ਰਸ ਅਫੁਰ ਪਰਮਾਤਮਾ ਹੀ ਦਾ ਹੀ ਵਜੂਦ ਸੀ। 

ਐਸੇ ਸੱਜਣੋਂ, ਜੋ ਕੁਦਰਤੀ ਨਿਯਮਾਂ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿਚ ਵੀ ਰਹੇਗਾ ਉ
ਨੂੰ ਕਿਸ ਨਿਯਮ ਵਿਚ ਕਿਵੇਂ ਬੰਨੋਗੇ ?
 
ਬਿਨੁ ਸਚੇ ਸਭ ਕੂੜ ਹੈ ਅੰਤੇ ਹੋਇ ਬਿਨਾਸੁ॥(ਗੁਰੂ ਗ੍ਰੰਥ ਸਾਹਿਬ, ਪੰਨਾ ੪੯)
 
ਕੁਦਰਤ ਜੇ ਕਰ ਬਿਨਸਨਹਾਰ ਹੈ ਤਾਂ ਉਸ ਦਾ ਹਰ ਨਿਯਮ ਬਿਨਸਨਹਾਰ ਹੈ।ਇਹੀ ਅਬਿਨਾਸੀ ਪਰਮਾਤਮਾ ਦਾ ਨਿਯਮ ਹੈ।ਗੁਰਬਾਣੀ ਕੁਦਰਤ ਦੇ ਨਿਯਮਾਂ ਵਿਚ ਰੱਬ ਨੂੰ ਦੇਖਣ ਦੇ ਨਾਲ ਨਾਲ ਰੱਬ ਨੂੰ ਕੁਦਰਤੀ ਨਿਯਮਾਂ ਦੇ ਆਰ-ਪਾਰ ਵੀ ਦੇਖਦੀ ਹੈ।ਜਦ ਕਿ ਕੁੱਝ ਸੱਜਣਾਂ ਦੀ ਬੁੱਧੀ ਕੇਵਲ ਕੁੱਝ ਨਿਯਮਾਂ ਵਿਚ ਹੀ ਅਟਕੀ ਹੈ।
 ਕੁਦਰਤੀ ਨਿਯਮ ਬਿਨਸਨਹਾਰ ਹਨ ਪਰ ਪਰਮਾਤਮਾ ਅਬਿਨਾਸੀ ਹੈ।ਕੁਦਰਤ ਸੱਚ ਹੈ ਪਰ ਸਰਵਕਾਲਿਕ ਸੱਚ ਨਹੀਂ।ਇਸ ਲਈ ਉਸਦੇ ਨਿਯਮ ਵੀ ਕਾਲਿਕ ਸੱਚ ਹਨ।
ਪਰਮਾਤਮਾ ਕੁਦਰਤ ਦੇ ਨਿਯਮਾਂ ਵਿਚ ਹੈ ਪਰ ਉਹ ਉਨਾਂਹ ਨਿਯਮਾਂ ਵਿਚ ਕੈਦ ਨਹੀਂ ਬਲਕਿ ਅਜ਼ਾਦ ਹਸਤੀ ਵਾਲਾ ਹੈ।ਅਸੀਂ ਤਾਂ ਅੱਜੇ ਕੁਦਰਤ ਨੂੰ ਸਮਝ ਨਹੀਂ ਪਾਏ ਪਰਮਾਤਮਾ ਤਾਂ ਅਨੰਤ ਹੈ।

ਇਸ ਲਈ ਵਿਚਾਰ ਦੀ ਲੋੜ ਹੈ ਕਿ ਕੁਦਰਤ ਦੇ ਵਿਰੌਧ ਵਿਚ ਕੋਈ ਵੀ ਚਮਤਕਾਰ ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।

ਹਰਦੇਵ ਸਿੰਘ,ਜੰਮੂ-੭.੭.੨੦੧੩

Wednesday, 19 June 2013

' ਕੁਰਸੀ ਲਈ ਮੁੱਦੇ '

ਹਰਦੇਵ ਸਿੰਘ,ਜੰਮੂ


ਹਾਲ ਵਿਚ ਹੀ ਇਕ ਸੱਜਣ ਜੀ ਨੇ ਕਿਸੇ ਆਗੂ ਨੂੰ, ਮਿਲੇ  ਬੁਲਾਵੇ ਤੇ ਅਕਾਲ ਤਖ਼ਤ ਨਾ ਜਾਣ ਦੀ ਜੋਰਦਾਰ ਸਲਾਹ ਦਿੱਤੀ। ਅਕਾਲ ਤਖ਼ਤ ਤੇ ਨਾ ਜਾਣ ਦੀ ਇਸ ਸਲਾਹ ਤੇ ਕੋਈ ਟਿੱਪਣੀ ਕੀਤੇ ਬਿਨਾਂਹ, ਸਲਾਹਕਰਤਾ ਸੱਜਣ ਜੀ ਵਲੋਂ ਦਿੱਤੀ ਸਲਾਹ ਦੇ ਕੁੱਝ ਅੰਸ਼ ਵਿਚਾਰਨ ਯੋਗ ਹਨ।

ਸਲਾਹ ਦੇਂਣ ਵਾਲੇ ਸੱਜਣ ਜੀ ਨੇ ਗੁਰਦੁਆਰਾ ਚੋਂਣਾਂ ਵਿਚ ਪ੍ਰਧਾਨ ਪਦ ਤੋਂ ਹਟ ਚੁੱਕੇ ਆਗੂ ਜੀ ਨੂੰ ਵੱਡਾ "ਵਪਾਰੀ ਅਤੇ ਸਿਆਸੀ" ਦੱਸਦੇ,
ਉਨਾਂਹ ਨੂੰ ਇਕ ਵਿਸ਼ੇਸ਼ ਸਲਾਹ ਦਿੰਦੇ ਹੋਏ ਲਿਖਿਆ:-

"……ਸਾਹਿਬ! ……ਮੈਂ ਯਕੀਨ ਨਾਲ ਇਹ ਕਹਿ ਸਕਦਾ ਹਾਂ ਕਿ, "ਨਾਨਕ ਸ਼ਾਹੀ ਕੈਲੰਡਰ ਹੀ ਇਕ ਐਸਾ ਮੁੱਦਾ ਹੈ ਜੋ ਤੁਹਾਨੂੰ ਦੋਬਾਰਾ ਉਸ ਕੁਰਸੀ ਤਕ ਲੈ ਜਾ ਸਕਦਾ ਹੈ"

 
ਇਹ ਵਚਿੱਤਰ ਸਲਾਹ ਪੜ ਕੇ ਅਚੰਬਾ ਹੋਇਆ। ਇਕ "ਵਪਾਰੀ" ਅਤੇ "ਸਿਆਸੀ" ਬੰਦੇ ਨੂੰ ਕੁਰਸੀ ਪ੍ਰਾਪਤ ਕਰਨ ਲਈ ਨਾਨਕਸ਼ਾਹੀ ਕਲੈਂਡਰ ਨੂੰ ਮੁੱਦਾ ਬਨਾਉਂਣ ਦੀ ਸਲਾਹ ? ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਕੁਰਸੀ ਪ੍ਰਾਪਤ ਕਰਨ ਲਈ ਮੁੱਦਾ ਬਨਾਇਆ ਗਿਆ ਹੈ।ਯਾਨੀ ਕੁਰਸੀ ਤੋਂ ਉਤਾਰਨ ਅਤੇ ਕੁਰਸੀ ਤੇ ਚੜਨ ਦਾ ਮੁੱਦਾ !


ਨਤੀਜਤਨ ਵਪਾਰੀ ਅਤੇ ਸਿਆਸੀ ਲੋਗ (ਉਹ ਜੋ ਵੀ ਹਨ) ਕੁਰਸਿਆਂ ਪ੍ਰਾਪਤ ਕਰਨ ਲਈ ਕੁੱਝ ਐਸੇ ਵਿਸ਼ੇਆਂ ਨੂੰ ਵੀ ਮੁੱਦੇ ਬਣਾ ਰਹੇ ਹਨ, ਜੋ ਕਦੇ ਮੁੱਦੇ ਸਨ ਹੀ ਨਹੀਂ।ਮਸਲੇ ਹੁੰਦੇ ਹਨ ਵਿਚਾਰਾਂ ਹੁੰਦਿਆਂ ਹਨ, ਪਰ ਕਿਸੇ ਧਿਰ ਵਲੋਂ, ਉਨਾਂਹ ਮਸਲਿਆਂ ਨੂੰ ਕੁਰਸੀ ਤਕ ਪਹੁੰਚਣ ਲਈ, ਮੁੱਦਾ ਬਣਾ ਲੇਂਣ ਦੀ ਵਪਾਰਕ ਅਤੇ ਸਿਆਸੀ ਵ੍ਰਿਤੀ ਨੇ ਹੀ, ਸਿੱਖੀ ਦੇ ਮੁੱਡਲੇ ਅਧਾਰਾਂ ਤੇ ਹਮਲੇ ਦੀ ਉਹ ਭੂਮੀ ਤਿਆਰ ਕੀਤੀ ਹੈ, ਜਿੱਥੇ ਨਿਤ ਨਵੇਂ ਵਿਵਾਦਾਂ ਦੇ ਬੀਜ ਬੋਏ ਗਏ ਹਨ।


ਹਰਦੇਵ ਸਿੰਘ,ਜੰਮੂ-੧੯.੬.੨੦੧੩

Monday, 10 June 2013

' ਮੈਂ ਇਕ ਪ੍ਰਤੀਬੰਧਤ ਲੇਖਕ ਹਾਂ'

ਹਰਦੇਵ ਸਿੰਘ ,ਜੰਮੂ

ਕੁੱਝ ਸੱਜਣਾਂ ਨੂੰ ਮੇਰੇ ਵਰਗੇ ਮਾਮੂਲੀ ਜਿਹੇ ਲੇਖਕ ਦੇ ਲਿਖਣ ਵਿਚ ਭਾਰੀ ਦੋਸ਼ ਨਜ਼ਰ ਆਉਂਦਾ ਹੈ।ਉਨਾਂਹ ਦੀ ਨੁਕਤੇ ਨਿਗਹ ਅਨੁਸਾਰ ਮੇਰੇ ਇਹ ਦੋਸ਼ ਇਸ ਪ੍ਰਕਾਰ ਹਨ:-

(੧) ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੁਰਣ ਮੰਨਦਾ ਹਾਂ ਅਤੇ ਇਸ, ਵਿਚ ਕਿਸੇ ਬਹਾਨੇ, ਕਿਸੇ ਵੀ ਪ੍ਰਕਾਰ ਦੇ ਕਿੰਤੂ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੨) ਮੈਂ ਗੁਰੂ ਗ੍ਰੰਥ ਸਾਹਿਬ  ਜੀ ਦੀ ਗੁਰਤਾ ਪਦਵੀ ਨੂੰ ਮੰਨਦਾ ਹਾਂ ਅਤੇ ਗੁਰੂ ਸਾਹਿਬ ਜੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਗੁਰਤਾ ਦੀ ਪਦਵੀ ਤੋਂ ਹਟਾਉਂਣ ਦੀ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੩) ਮੈਂ ਦਸ ਗੁਰੂ ਸਾਹਿਬਾਨ ਨੂੰ ਗੁਰੂ ਮੰਨਦਾ ਹਾਂ ਅਤੇ ਉਨਾਂਹ ਦੀ ਅਧਿਆਤਮਕ ਗੁਰਤਾ ਅਤੇ ਪੰਥਕ ਸਥਿਤੀ ਨੂੰ ਖ਼ਤਮ ਕਰਨ ਦੇ ਵਿਚਾਰ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੪) ਮੈਂ ਗੁਰੂ ਸਾਹਿਬਾਨ ਵਲੋਂ ਕੀਤੇ ਕਾਰਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ ਸਿੱਧੇ-ਅਸਿੱਧੇ ਢੰਗ ਨਾਲ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


(੫) ਮੈਂ ਸਿੱਖ ਪੰਥ ਵਲੋਂ ਮਹਾਨ ਸਿੱਖ ਵਿਚਾਰਕਾਂ ਦੀ ਦੇਖ ਰੇਖ ਵਿਚ, ਗੁਰਮਤਿ ਅਨੁਸਾਰ ਸਵੀਕਾਰ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।


ਆਪਣੇ ਉਪਰੋਕਤ "ਦੋਸ਼ਾਂ" ਕਾਰਨ ਹੀ ਮੈਂ ਕੁੱਝ ਸੱਜਣਾਂ ਵਲੋਂ ਪ੍ਰਤੀਬੰਧਤ ਕਰਵਾਇਆ ਗਿਆ ਹਾਂ। ਸੰਵਾਦ ਤੋਂ ਘਬਰਾਏ ਹੋਏ ਸੱਜਣਾਂ ਪਾਸ ਇਹੀ ਆਖਰੀ "ਬ੍ਰਹਮ ਅਸਤ੍ਰ" ਸੀ ਆਪਣੀ ਮਨਮਤੀ ਕਮਜ਼ੋਰੀਆਂ ਤੇ ਪਰਦਾ ਪਾਉਂਣ ਲਈ
ਕਿ; ਹਰਦੇਵ ਸਿੰਘ, ਜੰਮੂ ਨੂੰ ਵੈਬਸਾਈਟਾਂ ਤੋਂ ਬਾਹਰ ਕੱਡਿਆ ਜਾਏ।

ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਕਿਸੇ ਪੁਸਤਕ ਦੀ ਸਥਾਪਨਾ ਦਾ ਵਿਰੌਧੀ ਹਾਂ। ਮੈਂ ਕੁੱਝ ਡੇਰੇਆਂ ਦੀ ਮਨਮਤਿ ਅਤੇ ਮਰਕਜ਼ੀ ਵਿਵਸਥਾ ਨਾਲ ਸਬੰਧਤ ਸੱਜਣਾਂ ਦੀਆਂ ਸ਼ਖ਼ਸੀ ਕਮਜੋਰੀਆਂ ਤੋਂ ਵੀ ਸਹਿਮਤ ਨਹੀਂ।ਮੈਂ ਧਰਮ ਵਿਚ ਗ਼ੈਰਜ਼ਰੂਰੀ ਰਾਜਨੀਤਕ ਦਖ਼ਲ ਦੇ ਵੀ ਹੱਕ ਵਿਚ ਨਹੀਂ।ਪਰ ਮੈਂ ਅੱਜੇ ਤਕ ਕਿਸੇ ਐਸੇ ਡੇਰੇਦਾਰ ਨੂੰ ਨਹੀਂ ਪੜੀਆ ਜੋ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਪਦਵੀ ਤੋਂ ਹਟਾਉਂਣ ਅਤੇ ਸ਼੍ਰੀ ਅਕਾਲ ਤਖ਼ਤ ਦੀ ਸਥਾਪਨਾ ਦੇ ਵਿਰੁੱਧ ਮੁਹੀਮ ਚਲਾਉਂਦਾ ਹੋਵੇ।ਹਾਂ ਮੈਂ ਆਪਣੇ ਨੂੰ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਨੂੰ ਲਗਾਤਾਰ ਐਸਾ ਯਤਨ ਕਰਦੇ ਪੜੀਆ ਹੈ।


ਖ਼ੈਰ! ਉਪਰੋਕਤ ਨੁੱਕਤਿਆਂ ਨੇ ਮੈਂਨੂੰ ਇਕ ਐਸਾ ਲੇਖਕ ਬਨਾ ਦਿੱਤਾ ਹੈ ਜਿਸ ਨੂੰ ਕੁੱਝ ਮੀਡੀਆ ਮੰਚਾਂ ਤੋਂ ਪ੍ਰਤੀਬੰਧਤ ਕਰ ਦਿੱਤਾ ਗਿਆ ਹੈ।ਮੈਂਨੂੰ ਇਸਦਾ ਕੋਈ ਗਿਲਾ ਨਹੀਂ ਕਿਉਂਕਿ ਆਖਰ ਮੈਂਨੂੰ ਲਿਖਣ ਦਾ ਮੌਕਾ ਵੀ ਤਾਂ ਦਿੱਤਾ ਗਿਆ ਸੀ, ਜਿਸ ਕਾਰਨ ਵਿਚਾਰਾਂ ਦੇ ਵਟਾਂਦਰੇ ਹੋਏ।ਸਭ ਤੋਂ ਵੱਧ ਇਹ ਕਿ ਇਕ ਪਾਸਣ ਸੋਚਾਂ ਦੇ ਕਈਂ ਪੱਖ ਵਿਚਾਰੇ-ਪਰਖੇ ਗਏ।ਕੁੱਝ ਨੇ ਮੈਂਨੂੰ ਗਲਤ ਕਿਹਾ ਅਤੇ ਕਈਆਂ ਨੇ ਆਪਣੀਆਂ ਗਲਤਿਆਂ ਸੁਧਾਰ ਲਈਆਂ।


ਮੈਂ ਪ੍ਰਤੀਬੰਧਾਂ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਗੁਰਤਾ ਦੀ ਪਦਵੀ ਤੋਂ ਹਟਾਉਂਣ, ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਨੂੰ ਖਤਮ ਕਰਨ ਵਰਗੀਆਂ ਉਪਰੋਕਤ 'ਮਾਰੂ ਵਿਚਾਰਾਂ/ਨੀਤੀਆਂ ' ਦਾ ਸਮਰਥਨ ਕਰਨ ਨੂੰ ਤਿਆਰ ਨਹੀਂ!

ਹਰਦੇਵ ਸਿੰਘ,ਜੰਮੂ-੧੦.੬.੨੦੧੩