Saturday, 16 August 2014

'ਬਾਣੀ ਵਿਚ ਵਰਣਿਤ ਅੰਧਕਾਰ'

ਹਰਦੇਵ ਸਿੰਘ,ਜੰਮੂ

ਅਰਬਦ ਨਰਬਦ ਧੁੰਧੂਕਾਰਾ ਧਰਣਿ ਗਗਨ ਹੁਕਮੁ ਅਪਾਰਾ ਨਾ ਦਿਨੁ ਰੈਨਿ ਚੰਦ ਸੂਰਜ ਸੁੰਨ ਸਮਾਧਿ ਲਗਾਇਦਾ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ੧੦੩੫)

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਬਚਨਾਂ ਅੰਦਰ ਅੰਧਕਾਰ (ਧੁੰਧੂਕਾਰਾ) ਦੀ ਉਹ ਪ੍ਰਕਾਸ਼ਠਾ ਅੰਗਿਤ ਹੈ, ਜੋ ਉਸ 'ਅੰਧਕਾਰ' ਤੋਂ  ਉੱਪਰ ਹੈ, ਜਿਸ ਬਾਰੇ ਸੰਖੇਪ ਜਿਹੀ ਚਰਚਾ ਇਸ ਲੇਖ ਦਾ ਵਿਸ਼ਾ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਪੁਰ ਵੀ ਚਾਨਣ ਪਾਉਂਦੀ ਹੈ

ਬਾਣੀ ਅੰਦਰ ਅੰਧਕਾਰ ਅਗਿਆਨ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ, ਅਤੇ ਅੰਧਕਾਰ ਨਾਲੋਂ ਅਸਹਿਮਤੀ, ਦਰਅਸਲ ਅਗਿਆਨ ਨਾਲੋਂ ਅਸਹਿਮਤੀ ਹੈ ਪਰ ਨਾਲ ਹੀ ਬਾਣੀ ਅੰਦਰ ਅੰਧਕਾਰ ਦੀ ਉਸਤਤ (ਪ੍ਰਸ਼ੰਸਾ) ਦਾ ਭਾਵ ਵੀ ਹੈਅੱਗੇ ਵਿਚਾਰਨ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਕਈ ਸੱਜਣ ਉਸਤਤ ਨੂੰ ਪੂਜਾ ਸਮਝ ਲੇਂਦੇ ਹਨ ਜੋ ਕਿ ਗਲਤ ਹੈ ਉਸਤਤ ਅਤੇ ਪੂਜਾ ਵਿਚ ਭਾਰੀ ਅੰਤਰ ਹੁੰਦਾ ਹੈਖੈਰ, ਜੇ ਕਰ ਕੋਈ ਤੱਤ ਵਿਚਾਰਣ ਦੀ ਥਾਂ ਹੁਜਤਬਾਜ਼ੀ ਤੇ ਉਤਰ ਆਏ ਤਾਂ ਐਸੇ ਸਿਆਣਿਆਂ ਬਾਰੇ ਗੁਰੂ ਸਾਹਿਬ ਫੁਰਮਾਉਂਦੇ ਹਨ:-

ਗੁਰਮਤਿ ਸਾਚੀ ਹੁਜਤਿ ਦੂਰਿ ਬਹੁਤੁ ਸਿਆਣਪ ਲਾਗੈ ਧੂਰਿ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੫੨)

ਜਿਹੜਾ ਵਿਚਾਰਕ ਅੰਧਕਾਰ ਨੂੰ ਕੇਵਲ ਨੱਕਾਰਾਤਮਕ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸ ਦੇ ਵਿਚਾਰਬੋਧ ਅੰਦਰ ਅੰਧਕਾਰ ਦੀ ਉਸਤਤ ਨੂੰ ਕਬੂਲ ਕਰਨ ਦਾ ਸਮਰਥ ਇਸ ਲਈ ਨਹੀਂ, ਕਿਉਂਕਿ ਉਸ ਨੇ ਬਾਣੀ ਨੂੰ ਕੇਵਲ ਅੰਧਕਾਰ ਦੇ ਵਿਰੋਧ ਵਿਚ ਹੀ ਵਿਚਾਰਿਆ ਹੈਉਹ ਸਵਾਲ ਕਰਦਾ ਹੈ ਕਿ ਭਲਾ ਗੁਰੂ ਜੀ ਅੰਧਕਾਰ ਦੀ ਉਸਤਤ ਕਿਵੇਂ ਕਰ ਸਕਦੇ ਹਨ ?

ਇਸ ਸਵਾਲ ਦੇ ਮੂਲ ਵਿਚ ਵੀ ਇਕ ਪ੍ਰਕਾਰ ਦਾ ਅੰਧਕਾਰ (ਅਗਿਆਨ) ਹੈ, ਜਿਸ ਵਿਚ ਪ੍ਰਸ਼ਨ ਕਰਤਾ ਦੀ ਸਿਆਣਪ ਆਪ ਗੁਆਚਦੀ ਜਾਂਦੀ ਹੈਉਹ ਬਾਣੀ ਵਿਚ ਅੰਧਕਾਰ ਦੀ ਉਸਤਤ ਤੋਂ ਅਣਜਾਣ, ਅੰਧਕਾਰ ਨੂੰ ਕੇਵਲ ਅਗਿਆਨ ਕਰਕੇ ਸਮਝਦਾ ਹੈਉਹ ਬਾਣੀ ਵਿਚਾਰਣ ਵੇਲੇ ਕਿਸੇ ਤੱਤ ਨੂੰ ਉਸਦੇ ਸਮਸਤ ਪੱਖਾਂ ਦੇ ਪਰਿਪੇਖ ਵਿਚ ਨਹੀਂ ਵਿਚਾਰਦਾ ਉਹ ਤੱਤ ਦੀ ਪਰਿਕ੍ਰਮਾ ਨਹੀਂ ਕਰਦਾ, ਬਲਕਿ ਇਕ ਥਾਂ ਜੜਵੱਤ ਖੜਾ ਹੋ, ਤੱਤ ਨੂੰ ਆਪਣੀ ਨਜ਼ਰੇ ਨਿਹਾਰਦਾ ਹੈਫਲਸਵਰੂਪ ਉਸਦੀ ਸਿਆਣਪ ਦੇ ਪੱਲੇ ਗਲਤ ਜਾਂ ਅਧੂਰੇ ਸਿੱਟੇ ਪੇ ਜਾਂਦੇ ਹਨਇਥੇ ਹੀ ਬਸ ਨਹੀਂ ਤ੍ਰਾਦਸੀ ਉਸ ਵੇਲੇ ਵਾਪਰਦੀ ਹੈ ਜਿਸ ਵੇਲੇ ਉਹ ਅਧੂਰੇ ਸਿੱਟਿਆਂ ਨੂੰ ਦੂਜਿਆਂ ਦੇ ਸਿਰ ਥੋਪਣ ਦਾ ਜਤਨ ਕਰਦਾ ਹੈ

ਸਮਸਤ ਪੱਖਾਂ ਨੂੰ ਵਿਚਾਰਣ ਲਈ ਜੇ ਕਰ ਕੁਦਰਤ ਤੋ ਹੀ ਪ੍ਰਰੇਰਣਾ ਲਈ ਜਾਏ, ਤਾਂ ਇਸ ਤੱਥ ਦਾ ਸਾਰਥਕ ਬੋਧ ਹੁੰਦਾ ਹੈ ਕਿ ਕੁਦਰਤ ਆਪ ਇਕ ਸਤੱਤ ਪਰਿਕ੍ਰਮਾ ਵਿਚ ਹੈਇਸ ਲਈ ਕਿਸੇ ਤੱਤ ਬਾਰੇ ਵਿਚਾਰ ਲਈ ਉਸ ਤੱਤ ਦੀ ਪਰਿਕ੍ਰਮਾ ਜ਼ਰੂਰੀ ਹੈਬਾਣੀ ਦੀ ਰੋਸ਼ਨੀ ਵਿਚ ਦਰਸਾਏ ਅੰਧਕਾਰ ਨੂੰ ਵਿਚਾਰਨ ਲਈ ਆਉ ਅੰਧਕਾਰ ਦੀ ਪਰਿਕ੍ਰਮਾ ਕਰਨ ਦਾ ਜਤਨ ਕਰੀਏ


ਮਨੁੱਖਾ ਜੀਵਨ ਵਿਚ ਅੰਧਕਾਰ ਦਾ ਸਭ ਤੋਂ ਪ੍ਰਿਥਮ ਬੋਧ 'ਰਾਤ' ਹੈ ਅਤੇ ਚਾਨਣ ਦਾ ਪ੍ਰਿਖਮ ਬੋਧ ਹੈ 'ਦਿਨ'। ਰਾਤ 'ਅੰਧਕਾਰ' ਹੈ ਅਤੇ ਦਿਨ 'ਚਾਨਣ' !


ਅੰਧਕਾਰ ਦੇ ਦੋ ਮੁਖ ਰੂਪ ਹਨ:
()  ਅੰਧਕਾਰ; ਜਿਵੇਂ ਕਿ ਅਗਿਆਨ ਦਾ ਹਨੇਰਾ
(
) ਅੰਧਕਾਰ; ਜਿਵੇਂ ਕਿ ਰਾਤ ਦਾ ਹਨੇਰਾ
ਪਹਿਲਾ ਰੂਪ ਦ੍ਰਿਸ਼ਟਾਂਤ ਰੂਪ ਹੈ, ਜਦ ਕਿ ਦੂਜਾ ਰੂਪ ਸਥਾਪਤ ਵਾਸਤਵਿਕਤਾ !

ਹਨੇਰੇ ਵਿਚ ਚੁੱਕਿ ਮਨੁੱਖ ਦੇਖ ਨਹੀਂ ਸਕਦਾ, ਇਸ ਲਈ, ਤੁਲਨਾਤਮਕ ਰੂਪ ਵਿਚ, ਬਾਣੀ ਅੰਦਰ ਅਗਿਆਨ ਨੂੰ  ਅੰਧਕਾਰ ਕਰਕੇ ਉਚਾਰਿਆ ਗਿਆ ਹੈ ਜਿਵੇਂ ਕਿ:-

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡ ਬਲਾਇਆ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੮)

ਉਪਰੋਕਤ
ਉਪਦੇਸ਼ ਵਿਚ, ਅੰਧੇਰੇ ਦੀ ਨਿੰਦਾ ਨਹੀਂ ਬਲਕਿ ਅੰਧੇਰੇ ਦੇ ਦ੍ਰਿਸ਼ਟਾਂਤ ਰਾਹੀਂ ਅਗਿਆਨ ਬਾਰੇ ਟਿੱਪਣੀ ਹੈਉਸ ਅਗਿਆਨ ਬਾਰੇ, ਜਿਸ ਵਿਚ ਮਨੁੱਖ ਨੂੰ ਗਿਆਨ ਦੀ ਵਾਸਤਵਿਕਤਾ ਦਾ ਬੋਧ ਨਹੀਂ ਹੁੰਦਾਦੂਜੇ ਪਾਸੇ, ਅੰਧਕਾਰ ਬਾਰੇ ਗੁਰਬਾਣੀ ਦਾ ਇਹ ਉਪਦੇਸ਼ ਵੀ ਆਤਮਸਾਤ ਕਰਨ ਵਾਲਾ ਹੈ:-

ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗੁਤ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ )

ਉਪਰੋਕਤ ਉਪਦੇਸ਼ ਵਿਚ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਪ੍ਰਭੂ ਵਲੋਂ ਸਥਾਪਤ ਐਸੇ ਪਾਲਣ-ਪੋਸ਼ਕ ਹਨ, ਜੋ ਜੀਵ ਜੀਵਨ ਵਿਚ ਸਹਾਯਕ ਹਨ ਅਤੇ ਜਿਨ੍ਹਾਂ ਦੀ ਗੋਦ ਵਿਚ ਖੇਡਦੇ ਹੋਏ ਜੀਵਨ ਉਤਪਤ ਅਤੇ ਪ੍ਰਫੁੱਲਤ ਹੁੰਦਾ ਹੈਅੰਧਕਾਰ ਦੀ ਉਸਤਤ ਦਾ ਇਕ ਹੋਰ ਹਵਾਲਾ:-

ਜੇਵਡੁ ਆਪਿ ਤੇਵਡ ਤੇਰੀ ਦਾਤਿ
ਜਿਨਿ ਦਿਨੁ ਕਰਿ ਕੈ ਕੀਤੀ ਰਾਤਿਖਸਮੁ ਵਿਸਾਰਹਿ ਤੇ ਕਮਜਾਤਿ(ਗੁਰੂ ਗ੍ਰੰਥ ਸਾਹਿਬ,ਪੰਨਾ ੧੦)

ਭਾਵ ਹੇ ਪ੍ਰਭੂ ਜਿਤਨਾ ਵੱਡਾ ਤੂੰ ਆਪ ਵੇਂ ਤੇਰੀਆਂ ਦਾਤਾਂ ਵੀ ਉਤਨੀਆਂ ਹੀ ਮਹਾਨ ਹਨ ਜਿਸ ਪ੍ਰਭੂ ਖਸਮ ਨੇਦਿਨ’ (ਚਾਨਣ) ਅਤੇਰਾਤ’ (ਹਨੇਰਾ) ਬਣਾਈ ਹੈ, ਉਸ ਪ੍ਰਭੂ ਨੂੰ ਵਿਸਾਰਣ ਵਾਲੇ  ਮੰਦਜਾਤਿ ਹਨਇੱਥੇ ਦਿਨ-ਰਾਤ ਦੀ ਬਹੁਤ ਵੱਡੀ ਉਸਤਤ ਹੈ, ਜਿਸ ਦਾ ਮੰਤਵ ਦਿਨ-ਰਾਤ ਨੂੰ ਕਰਤੇ ਦੇ ਬਰਾਬਰ ਵੱਡਾ ਸਥਾਪਤ ਕਰਨਾ ਨਹੀਂ ਬਲਕਿ ਕਰਤੇ ਦੀ ਮਹਾਨਤਾ ਨੂੰ ਦਰਸਾਉਣ ਦਾ ਹੈਜ਼ਰਾ ਕੁ ਧਿਆਨ ਦੇਈਏ ਤਾਂ ਬੋਧ ਹੁੰਦਾ ਹੈ ਕਿ ਚੜੇ ਦਿਨ ਦੇ ਚਾਨਣ ਵਿਚ ਵੀ ਸੋਂਣ ਲਈ ਕਾਦਰ ਦੀ ਕੁਦਰਤ ਨੇ, ਹਨੇਰੇ ਦੇ ਪ੍ਰਬੰਧ ਵਜੋਂ, ਅੱਖਾਂ ਉਤੇ ਪਲਕਾਂ ਸਾਜਿਆਂ ਹਨ, ਜੋ ਬੰਦ ਹੋ ਜਾਣ ਤੇ ਇਕ ਐਸਾ ਸਾਰਥਕ ਅਤੇ ਲੋੜੀਂਦਾ ਅੰਧਕਾਰ ਉਤਪੰਨ ਕਰਦੀਆਂ ਹਨ ਜੋ ਅਗਿਆਨ ਨਹੀਂ ਦਾਤ ਹੈ

ਬਾਣੀ ਦੇ ਇਹ ਹਵਾਲੇ ਅੰਧਕਾਰ ਨੂੰ ਅਗਿਆਨ ਦੇ ਵਿਪਰੀਤ , ਪ੍ਰਭੂ ਦੀ ਵੱਡੀ ਦਾਤ ਦਰਸਾਉਂਦੇ ਹਨ ਅਤੇ  ਉਪਦੇਸ਼ਦੇ ਹਨ ਕਿ , ਇਨ੍ਹਾਂ ਵਡੀਆਂ ਦਾਤਵਾਂ ਬਖਸ਼ਣ ਵਾਲੇ ਪ੍ਰਭੂ ਨੂੰ ਭੁੱਲਣਵਾਲਾ (ਨਜ਼ਰਅੰਦਾਜ਼ ਕਰਨ ਵਾਲਾ) ਮਨੁੱਖ ਨੀਵੀਂ ਬੁੱਧ ਵਾਲਾ ਹੈ ਇਸ ਥਾਂ ਪ੍ਰਭੂ ਦੀ ਵਿਸ਼ਾਲਤਾ ਨੂੰ ਦਰਸਾਉਣ ਲਈ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਨੂੰ ਦ੍ਰਿਸ਼ਟਾਂਤ ਵਜੋਂ ਵਰਤਿਆ ਗਿਆ ਹੈਇਥੇ ਅੰਧਕਾਰ ਦੀ ਉਸਤਤ ਹੈ ਪੂਜਾ ਨਹੀਂ

ਜਿਵੇਂ ਕਿ ਵਿਚਾਰ ਆਏ ਹਾਂ, ਉਸਤਤ ਵਿਚ ਇਸ਼ਟ ਦਾ ਨਹੀਂ, ਬਲਕਿ ਸਤਿਕਾਰ ਵਜੋਂ ਨਮਸਕਾਰ ਦਾ ਭਾਵ ਹੁੰਦਾ ਹੈਨਮਸਕਾਰ ਵਿਚ ਉਹ ਜੈਕਾਰ ਵੀ ਹੁੰਦੀ ਹੈ, ਜਿਸ ਦੀ ਵਰਤੋਂ ਸਿਧ ਗੋਸ਼ਟਿ ਦੇ ਆਰੰਭ ਵਿਚ ਗੁਰੂ ਨਾਨਕ ਜੀ ਨੇ ਇੱਕਤਰ ਸਿਧ ਸਭਾ ਨੂੰ ਸਬੋਧਨ ਕਰਦੇ ਵੇਲੇ ਉਚਾਰੀ:-

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੭)

ਹੁਣ ਕੋਈ ਕਠੋਰਚਿੱਤ ਅਗਿਆਨੀ ਇਸ ਜੈਕਾਰ (ਸਤਿਕਾਰ) ਤੇ ਪ੍ਰਸ਼ਨਚਿੰਨ੍ਹ ਲਗਾਏ ਤਾਂ ਉਸ ਵਿਚਲੇ ਅੰਧਕਾਰ (ਅਗਿਆਨ) ਨੂੰ ਕੋਈ ਕਿਵੇਂ ਦੂਰ ਕਰੇ? ਗੁਰੂ ਨਾਨਕ ਜੀ ਦਾ ਸੰਵਾਦ ਮੂਰਖਾਂ ਨਾਲ ਨਹੀਂ ਬਲਕਿ ਵੱਡਿਆਈ ਯੋਗ ਸਿਧਾਂ ਨਾਲ ਹੋਇਆ ਸੀਗੁਰੂ ਨਾਨਕ ਮੁਰਖਾਂ ਨਾਲ ਤਾਂ ਲੁੱਝਦੇ ਨਹੀਂ ਸਨ ਸਹਿਮਤੀ ਜਾਂ ਅਸਹਿਮਤੀ ਤਾਂ ਵੱਖਰਾ ਪਰਿਪੇਖ ਸੀ
ਜੀਵ ਸੰਸਾਰ, ਦਿਨ ਅਤੇ ਰਾਤ ਦੀ ਗੋਦ ਵਿਚ ਖੇਡਦਾ, ਪ੍ਰਫੁੱਲਤ ਅਤੇ ਸਮਾਪਤ ਹੁੰਦਾ ਚਲਾਏਮਾਨ ਰਹਿੰਦਾ ਹੈਜੇ ਕਰ ਪ੍ਰਭੂ ਪੂਜਨੀਯ ਹੈ, ਤਾਂ ਕੋਈ ਕਾਰਣ ਨਹੀ ਕਿ ਉਸ ਵਲੋਂ ਬਖਸ਼ੀਆਂ ਦਾਤਾਵਾਂ, ਮਨੁੱਖੀ ਸਾਰੋਕਾਰਾਂ ਦੇ ਸਕਾਰਾਤਮਕ ਰੂਪ ਵਿਚ, ਉਸਤਤ ਜਾਂ ਸਤਿਕਾਰ ਯੋਗ ਨਾ ਹੋਂਣ

ਅੰਧੇਰਾ ਚਾਨਣੁ ਆਪੇ ਕੀਆ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੫੬)

ਪ੍ਰਭੂ ਨਾਲ ਪਿਆਰ ਕਰਨ ਵਾਲੇ ਜਿੱਥੇ ਉਸ ਵਲੋਂ ਬਖਸ਼ੀਆਂ ਦਾਤਾਵਾਂ ਲਈ ਉਸ ਦਾ ਸ਼ੁਕਰਾਨਾ ਕਰਦੇ ਹਨ ਉੱਥੇ ਦਾਤਾਵਾਂ ਪ੍ਰਤੀ ਸਤਿਕਾਰ ਅਤੇ ਪ੍ਰਸ਼ੰਸਾ ਦਾ ਭਾਵ ਵੀ ਰੱਖਦੇ ਹਨਇਸ ਨਮਨ ਨੂੰ ਕੋਈ ਪੂਜਾ ਕਹੇ ਤਾਂ ਇਸ ਪੱਖੋਂ ਉਹ ਆਪ ਅੰਧਕਾਰ (ਅਗਿਆਨ) ਨਾਲ ਗਲਤਾਨ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਤੇ ਚਾਨਣ ਪਾਉਂਦੀ ਹੈ ਕਈ ਥਾਂ ਅੰਧਕਾਰ (ਅਗਿਆਨ) ਨੂੰ ਦੂਰ ਕਰਨ ਲਈ, ਅਤੇ ਕਈ ਥਾਂ ਅੰਧਕਾਰ (ਦਾਤ ਰੂਪ ਹਨੇਰਾ) ਦੀ ਸਾਰਥਕਤਾ ਨੂੰ ਦਰਸਾਉਣ ਲਈਜਿੱਥੇ ਅੰਧਕਾਰਅਗਿਆਨ’ ਰੂਪ ਹੈ ਉੱਥੇ ਉਸ ਨੂੰ ਮਿਟਾਉਣ ਦੀ ਸਿੱਖਿਆ ਹੈ, ਪਰ ਜਿੱਥੇ ਅੰਧਕਾਰ 'ਅਗਿਆਨ’ ਦਾ ਦ੍ਰਿਸ਼ਟਾਂਤ ਨਹੀਂ ਉੱਥੇ ਉਸ ਦੀ ਭੂਮਿਕਾ ਦੀ ਸਾਰਥਕ ਉਸਤਤ ਹੈਅੰਧਕਾਰ ਦਾ ਮਹੱਤਵ ਜੀਵਨ ਦੀ ਹੋਂਦ ਅਤੇ ਉਸਦੇ ਪੋਸ਼ਣ ਨਾਲ ਜੁੜੀਆ ਹੈਉਹ ਦਾਇਆ ਹੈਪ੍ਰਭੂ ਦੇ ਸ਼ੁਕਰਾਨੇ ਲਈ ਐਸੇ ਅੰਧਕਾਰ ਨੂੰ ਨਮਸਕਾਰ ਹੈ

ਹਰਦੇਵ ਸਿੰਘ,ਜੰਮੂ-੧੫..੨੦੧੪




Saturday, 9 August 2014


' ਯਥਾ ਸਥਿਤੀ ਦੀ ਬਰਕਰਾਰੀ '
ਹਰਦੇਵ ਸਿੰਘ, ਜੰਮੂ



ਜੈਸੀ ਕਿ ਗੁੰਜਾਇਸ਼ ਸੀ, ਸਰਵੋੱਚ ਅਦਾਲਤ ਨੇ 'ਜਿਉਂ ਦੀ ਤਿਉਂ' ਸਥਿਤੀ ਨੂੰ ਬਰਕਰਾਰ ਕਰਕੇ, ਹਰਿਆਣਾ ਸਰਕਾਰ ਵਲੋਂ ਪਾਸ ਗੁਰਦੁਆਰਾ ਪ੍ਰਬੰਧ ਐਕਟ ਦੇ ਅਮਲ ਤੇ ਰੋਕ ਲਾਈ ਹੈ।ਅਦਾਲਤ ਵਲੋਂ ਆਏ ਦਖ਼ਲ ਦੇ ਦੋ ਮੁੱਖ ਕਾਰਣ ਹਨ:

(੧)  ਅਰਜ਼ੀਦਾਰ ਵਲੋਂ ਦਖ਼ਲ ਦੇਣ ਲਈ ਪਾਈ ਗਈ ਅਰਜ਼ੀ।
(੨)  ਵਿਸ਼ੇ ਨਾਲ ਜੁੜੇ ਕਾਨੂਨੀ ਪੱਖ ਬਾਰੇ ਚੁੱਕੇ ਨੁੱਕਤਿਆਂ ਵਿਚਲਾ ਜ਼ਾਹਰਾ ਵਜ਼ਨ।


ਇਸ ਘਟਨਾ ਕ੍ਰਮ ਵਿਚ ਇੱਕ ਹੋਰ ਅਯਾਮ ਜੁੜਨ ਕਾਰਣ ਹੁਣ ਮਸਲੇ ਦੇ ਤਿਕੋਣ ਨੂੰ ਇੰਝ ਵਿਚਾਰਿਆ ਜਾ ਸਕਦਾ ਹੈ:-


(੧) ਧਾਰਮਕ ਧਿਰ
(੨) ਰਾਜਨੀਤਿਕ ਧਿਰ

(੩) ਕਾਨੂਨ ਅਧਾਰਤ ਅਦਾਲਤੀ ਦਖ਼ਲ (Judicial Intervention)

ਇਸ ਤੋਂ ਕੁੱਝ ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਵਲੋਂ ਜਿਯੋਂ ਦੀ ਤਿਯੋਂ ਸਥਿਤੀ ਬਰਕਰਾਰ ਰੱਖਣ ਦੀ ਚੇਸ਼ਟਾ ਦਾ ਅਸਰ ਕੁਰੂਖ਼ੇਤਰ ਵਿਚ ਪੁਲਿਸ ਨਾਲ ਹਿੰਸਕ ਝੜਪਾਂ ਵਿਚ ਬੇ ਅਸਰ ਸੀ, ਜਿਸ ਦਾ ਤਮਾਸ਼ਾ ਕਰੋੜਾਂ ਲੋਕਾਂ ਨੇ ਵੇਖਿਆ।ਇਕ ਨਿਯੂਜ਼ ਚੇਨਲ ਦੀ ਸੁਰਖੀ ਇੰਝ ਸੀ: "ਕੁਰੂਖੇਤਰ ਮੇਂ ਸਿੱਖੋਂ ਕਾ ਮਹਾਭਾਰਤ"!! ਮਹਾਭਾਰਤ ਵਿਚ ਕੋਰਵਾਂ ਅਤੇ ਪਾਂਡਵਾਂ ਦਰਮਿਆਨ ਉਸ ਜੰਗ ਦਾ ਜ਼ਿਕਰ ਹੈ ਜੋ ਕਿ ਕਥਾ ਅਨੁਸਾਰ ਕੁਰੂਖੇਤਰ ਵਿਚ ਲੜੀ ਗਈ ਸੀ।ਖ਼ੈਰ!


ਜਿੱਥੋਂ ਤਕ ਅਦਾਲਤੀ ਪ੍ਰਕ੍ਰਿਆ ਦਾ ਸਬੰਧ ਹੈ, ਤਾਂ ਉਸ ਰਾਹੀਂ ਆਉਂਣ ਵਾਲਾ ਦ੍ਰਿਸ਼ਟੀਕੋਣ ਕਾਨੂਨ ਅਧਾਰਤ ਹੋਵੇਗਾ, ਜਿਸ ਨੂੰ ਧਰਮ ਅਧਾਰਤ 'ਸੇਵਾ ਸੰਭਾਲ' ਦੀ ਦਾਵੇਦਾਰੀ ਕਰਨ ਵਾਲੇ ਵਿਯਕਤੀ ਸਵੀਕਾਰ ਕਰਨ ਗੇ।ਖ਼ਬਰ ਮੁਤਾਬਕ, ੮੦ ਮਿੰਟ ਚਲੀ ਸੁਣਵਾਈ ਦੋਰਾਨ ਇਕ ਵਾਰ ਤਾਂ ਬੈਂਚ (Bench)  ਹਰਿਆਣਾ ਦੇ ਸਾਰੇ ਗੁਰਦੁਆਰੇ ਐਸਪੀਜੀਸੀ ਦੇ ਅਧੀਨ ਕਰਨ ਦੇ ਨਿਰਦੇਸ਼ ਜਾਰੀ ਕਰਨ ਲੱਗਾ ਸੀ।ਖੈਰ, ਯਥਾ ਸਥਿਤੀ (Status Quo) ਦੀ ਬਰਕਰਾਰੀ ਦੇ ਰੂਪ ਵਿਚ ਆਏ ਪਹਿਲੇ ਅੰਤਰਿਮ ਅਦਾਲਤੀ ਦਖ਼ਲ ਦੇ ਅੰਤਿਮ ਫੈਸਲੇ ਦਾ ਅਸਰ, ਕਿਸੇ ਵੀ ਵਾਦੀ-ਪ੍ਰਤੀਵਾਦੀ ਧਿਰ ਦੇ ਅਨੁਕੂਲ, ਜਾਂ ਪ੍ਰਤੀਕੂਲ ਹੋ ਸਕਦਾ ਹੈ, ਜੋ ਕਿ ਨਿਰਸੰਦੇਹ ਭਵਿੱਖ ਵਿਚ ਪੰਖਕ ਸਾਰੋਕਾਰਾਂ ਨੂੰ ਪ੍ਰਭਾਵਤ ਕਰੇਗਾ, ਜਿਸ ਦੀ ਸਮਿਖਿਆ ਫੈਸਲੇ ਉਪਰੰਤ ਹੀ ਕੀਤੀ ਜਾ ਸਕਦੀ ਹੈ।


ਫਿਲਹਾਲ ਜੋ ਸਬਕ ਸਿੱਖਿਆ ਜਾ ਸਕਦਾ ਹੈ ਉਹ ਇਹ ਹੈ ਕਿ ਭਾਵੇਂ ਕਿਤਨੇ ਵੀ ਗਿਲੇ ਕਿਉ ਨਾ ਹੋਣ, ਬੰਦਿਆਂ ਨੂੰ ਕਿਸੇ ਨਾ ਕਿਸੇ ਥਾਂ ਜਾ ਕੇ ਆਪਣੇ ਲਈ ਇਕ ਨਿਜ਼ਾਮੀ ਕੁੰਡਾ ਕਾਯਮ/ਸਵੀਕਾਰ ਕਰਨਾ ਪੈਂਦਾ ਹੈ।ਹੁਣ ਸੁਪਰੀਮ ਕੋਰਟ ਬਾਰੇ ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਕੋਣ ਹਨ ਸਾਨੂੰ ਬੁਲਾਉਣ ਵਾਲੇ ? ਜਾਂ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਅਦਾਲਤ ਤੋਂ ਬਾਹਰ ਆਕੇ ਸਾਡੇ ਨਾਲ ਸੰਗਤ ਸਾ੍ਹਮਣੇ ਵਿਚਾਰ ਕਰੋ !! ਜਾਂ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਦੇਵੋ !!! ਫਿਰ ਉਸ ਥਾਂ ਕੋਈ ਸ਼ੋਰ, ਨਾਰਾ,ਧੱਕਾ ਆਦਿ ਮਾਰ ਕੇ ਵੇਖੇ। ਨਿਜ਼ਾਮ ਮੁਤਾਬਕ ਬੰਦਾ ਅਦਾਲਤ ਵਿਚ ਸਪਸ਼ਟੀਕਰਨ ਦੇਂਣ ਜਾਂਦਾ ਹੈ ਸਪਸ਼ਟੀਕਰਨ ਲੇਣ ਨਹੀਂ।ਹਾਂ ਅਦਾਲਤ ਦੀ ਨਿਜ਼ਾਮੀ ਜਿੰਮੇਵਾਰੀ ਹੈ ਸਾਰੇ ਪੱਖਾਂ ਨੂੰ ਸੁਣ ਕੇ ਵਿਵੇਚਨਾ ਕਰਨੀ, ਅਤੇ ਫ਼ੈਸਲਾ ਸੁਨਾਉਣਾ।ਫਿਰ ਵੀ ਅਮੂਮਨ ਇਕ ਧਿਰ (ਜਿਸ ਦੇ ਵਿਰੌਧ ਵਿਚ ਫੈਸਲਾ ਜਾਏ) ਅਸੰਤੁਸ਼ਟ ਤਾਂ ਰਹਿੰਦੀ ਹੀ ਹੈ।ਇਸ ਅਸੰਤੁਸ਼ਟੀ ਦਾ ਤਾਂ ਕੋਈ ਕੀ ਇਲਾਜ ਕਰੇ ?


ਇਸ ਨੁੱਕਤੇ ਪੁਰ ਪਹੁੰਚ ਕੇ ਬੰਦੇ ਨੂੰ ਨਿਜ਼ਾਮੀ ਕੁੰਡੇ ਦੀ ਅਹਿਮੀਅਤ ਅਤੇ ਆਪਣੀ ਹੈਸੀਅਤ ਵਿਚਲਾ ਫਰਕ ਸਮਝ ਆ ਸਕਦਾ ਹੈ। ਹਾਂ ਜੇ ਕਰ ਨਿਜ਼ਾਮੀ ਕੁੰਡੇ ਨਾਲ ਜੁੜੇ ਹਾਲਾਤ ਠੀਕ ਨਾ ਹੋਣ, ਤਾਂ ਬੰਦੇ ਬਦਲੇ ਜਾਂਦੇ ਹਨ ਨਾ ਕਿ ਕੁੰਡੇ।ਇਕ ਗਲ ਜਿਸ ਦੀ ਕਮੀ ਬੜੀ ਤੀਬਰਤਾ ਨਾਲ ਮਹਸੂਸ ਹੋ ਰਹੀ ਹੈ ਉਹ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ/ਜੱਥੇਦਾਰਾਂ ਦੇ ਵਿਚਾਰ-ਵਿਮਰਸ਼ ਲਈ ਇਕ ਮਜ਼ਬੂਤ (ਵਿਦਵਤਾ ਪੱਖੋ) ਭਰੋਸੇ ਯੋਗ ਅਤੇ ਨਿਰਪੱਖ ਧਾਰਮਕ ਸਲਾਹਕਾਰ ਕਮੇਟੀ ਨਿਸ਼ਚਿਤ ਤੌਰ ਤੇ ਹੋਣੀ ਚਾਹੀਦੀ ਹੈ ਜਿਸ ਵਿਚਲੇ ਸੱਜਣ ਕਿਸੇ ਅਖਬਾਰੀ ਵਪਾਰ ਜਾਂ ਰਾਜਨੀਤੀ ਨਾਲ ਸਬੰਧਤ ਨਾ ਹੋਣ ਅਤੇ ਜੋ ਲੋੜ ਅਨੁਸਾਰ ਫੋਰੀ ਤੌਰ ਤੇ ਵਿਚਾਰ-ਵਿਮਰਸ਼ ਲਈ ਉਪਲੱਭਦ ਰਹਿਣ।


ਹਰਦੇਵ ਸਿੰਘ, ਜੰਮੂ-੦੭.੦੮.੨੦੧੪

Monday, 28 July 2014


'ਹਰਿਆਣਾ ਕਮੇਟੀ ਦੇ ਗਠਨ ਤੇ ਇਕ ਸੰਖੇਪ ਨਜ਼ਰ'
ਹਰਦੇਵ ਸਿੰਘ, ਜੰਮੂ



ਸ਼੍ਰੀ ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਤੋਂ ਜਾਰੀ ਫੁਰਮਾਨ ਉਪਰੰਤ, ਹਰਿਆਣਾ ਸਟੇਟ ਵਿਚ ਸਿਰਜੀ ਗਈ ਵੱਖਰੀ ਕਮੇਟੀ ਵਿਵਾਦ ਨੂੰ ਲੈ ਕੇ ਬੁਲਾਈਆਂ ਗਈਆਂ ਇੱਕਤਰਤਾਵਾਂ ਰੱਧ ਕਰ ਦਿੱਤੀਆਂ ਗਈਆਂ ਹਨ, ਜੋ ਕਿ ਇਕ ਸਵਾਗਤ ਯੋਗ ਕਦਮ ਹੈ। ਅਕਾਲ ਤੱਖਤ ਤੋਂ ਆਏ ਫੈਸਲੇ, ਅਤੇ ਉਸ ਪੁਰ ਹੋਏ ਫੌਰੀ ਅਮਲ ਨੇ, ਸਬੰਧਤ ਧਿਰਾਂ ਅਤੇ ਆਮ ਸਿੱਖ ਨੂੰ, ਵਸਤੂ ਸਥਿਤੀ ਵਿਚਾਰਣ ਦਾ ਕੁੱਝ ਸਮਾਂ ਦਿੱਤਾ ਹੈ। ਇਸ ਸਮੇਂ ਵਿਚ ਝਗੜਨ ਤੋਂ ਪਹਿਲਾਂ ਇਹ ਵੀ ਵਿਚਾਰਨ ਦੀ ਲੋੜ ਹੈ, ਕਿ ਹਰਿਆਣਾ ਵਲੋਂ ਇਕ ਵੱਖਰੀ ਕਮੇਟੀ ਦੇ ਗਠਨ ਦਾ ਕਾਨੂਨੀ ਪੱਖ, ਕਿਤਨਾ ਕੁ ਮਜ਼ਬੂਤ ਹੈ ? ਜੇ ਕਰ ਨਵਾਂ ਐਕਟ ਪਾਸ ਹੋਇਆ ਹੈ, ਤਾਂ ਸਮਝਦਾਰੀ ਦਾ ਤਕਾਜ਼ਾ ਹੈ ਕਿ ਉਸ ਦੇ ਨਾਲ ਜੁੜੀ ਕਾਨੂਨੀ ਸਥਿਤੀ ਨੂੰ ਵੀ ਵਿਚਾਰਿਆ ਜਾਏ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਕ ਵਿਲੱਖਣ ਸੰਘਰਸ਼ ਬਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 'ਸਿੱਖ ਗੁਰਦੁਆਰਾ ਐਕਟ ੧੯੨੫' ਦੇ ਮਾਧਿਅਮ ਰਾਹੀਂ ਹੋਂਦ ਵਿਚ ਆਈ ਸੀ।ਇਸ ਵੱਡੀ ਪ੍ਰਾਪਤੀ ਨੂੰ ਕਮਜੋਰ ਕਰਨ ਵਿਚ, ਪ੍ਰਬੰਧਕੀ ਅਤੇ ਪ੍ਰਬੰਧ ਤੋਂ ਬਾਹਰੀ ਧਿਰਾਂ ਦਾ ਰੋਲ ਸਲਾਘਾ ਯੌਗ ਪ੍ਰਤੀਤ ਨਹੀਂ ਹੁੰਦਾ।ਇਹ ਮੰਦਭਾਗੀ ਗਲ ਹੈ।ਖੈਰ, ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ, ਇਹ ਕਮੇਟੀ ਇਕ 'ਅੰਤਰ ਰਾਜੀ ਸੰਸਥਾ' (Inter State Body) ਹੈ ਜਿਸਦਾ ਜ਼ਿਕਰ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ (Reorganization Act 1966) ਦੇ ਵਿਚ ਵੀ ਹੈ।ਭਾਵ ਇਕ 'ਅੰਤਰ ਰਾਜੀ ਢਾਂਚਾ' ਹੋਣ ਕਾਰਨ, ਇਸ ਦਾ ਅਧਿਕਾਰ ਖੇਤਰ ਪੰਜਾਬ ਸੂਬੇ ਦੀ ਹਦੂਦ ਤੋਂ ਬਾਹਰ ਤਕ ਹੈ, ਅਤੇ ਇਸ ਲਈ ਇਸਦੇ ਮੈਂਬਰ ਪੰਜਾਬ ਸੂਬੇ ਦੀ ਹਦੂਦ ਦੇ ਬਾਹਰੋਂ ਵੀ ਚੁਣੇ ਜਾਂਦੇ ਹਨ।


ਆਉ ਜ਼ਰਾ ਇਸ ਪਰਿਪੇਖ ਵਿਚ ਅਲਗ ਕਮੇਟੀ ਦੇ ਗਠਨ ਦੀ ਕਾਨੂਨੀ ਵੈਧਤਾ ਨੂੰ ਵਿਚਾਰਨ ਦਾ ਜਤਨ ਕਰੀਏ।


ਜੇ ਕਰ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਵਿਚ ਉੱਲੇਖਤ ਸ਼੍ਰੌਮਣੀ ਕਮੇਟੀ ਦੀ ਅੰਤਰ ਰਾਜੀ ਹੋਂਦ ਨੂੰ ਸਵੀਕਾਰ ਕੀਤਾ ਜਾਏ, ਤਾਂ ਇਸ ਅੰਤਰ ਰਾਜੀ ਪ੍ਰਬੰਧ ਹੇਠ ਆਉਂਦੀ ਹਰ ਸਟੇਟ ਵਲੋਂ ਵੱਖਰੀ ਕਮੇਟੀ ਬਨਾਉਣ ਨਾਲ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅੰਤਰ ਰਾਜੀ ਸਟੇਟਸ ਸਮਾਪਤ ਹੋ ਜਾਏਗਾ, ਅਤੇ ਇਹ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਦੀ ਅਵੈਧ ਉਲੰਗਣਾ ਹੋਵੇਗੀ।ਇਸ ਵਸਤੂ ਸਥਿਤੀ ਵਿਚ ਇਹ ਸਵਾਲ ਵਿਸਤ੍ਰਿਤ ਵਿਚਾਰ ਦੀ ਮੰਗ  ਕਰਦਾ ਹੈ ਕਿ, ਕੀ ਹਰਿਆਣਾ ਰਾਜ ਨੂੰ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਵਿਚਲੇ ਪ੍ਰਬੰਧਾ ਨੂੰ, ਇੱਕਲੇ ਤੌਰ ਤੇ ਯੱਕ ਤਰਫਾ ਢੰਗ ਨਾਲ, ਭੰਗ ਕਰਨ ਦਾ ਅਧਿਕਾਰ ਹੈ ?


ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਇਕ ਕੇਂਦਰੀ ਐਕਟ ਹੈ, ਅਤੇ ਹਰਿਆਣਾ ਵਲੋ ਚੁੱਕਿਆ ਤਾਜ਼ਾ ਕਦਮ ਸ਼੍ਰੋਮਣੀ ਕਮੇਟੀ ਦੀ ਅੰਤਰ ਰਾਜੀ ਕਾਨੂਨੀ
ਹੋਂਦ  (Inter State Existence) ਦੇ ਵਿਪਰੀਤ ਖੜਾ ਪ੍ਰਤੀਤ ਹੁੰਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਕੋਈ ਵੀ ਸੂਬਾ ਸਰਕਾਰ ਸਟੇਟ ਲਿਸਟ (State List) ਦੇ ਦਾਈਰੇ ਵਿਚ ਆਉਂਦੇ ਵਿਸ਼ੇਆ ਬਾਰੇ ਐਕਟ ਬਣਾ ਸਕਦੀ ਹੈ।ਨਾਲ ਹੀ ਕੋਈ ਸੂਬਾ 'ਸਮਵਰਤੀ ਸੂਚੀ' (Concurrent List) ਦੇ ਅੰਤਰਗਤ ਆਉਂਦੇ ਵਿਸ਼ੇਆਂ ਬਾਰੇ ਵੀ ਐਕਟ ਪਾਰਿਤ ਕਰ ਸਕਦੀ ਹੈ, ਪਰ  ਬਾ-ਸ਼ਰਤੇ ਕਿ ਉਸ ਵਿਸ਼ੇ ਬਾਰੇ, ਪਹਿਲਾਂ ਤੋਂ ਹੀ ਕੋਈ ਕੇਂਦਰੀ ਐਕਟ ਹੋਂਦ ਵਿਚ ਨਾ ਹੋਵੇ।ਇਸ ਸੂਰਤ ਵਿਚ, ਇਸ ਤੋਂ ਪਹਿਲਾਂ ਕਿ ਕਿਸੇ ਸੂਬੇ ਵਲੋਂ ਐਸੇ ਐਕਟ ਦੀ ਸਿਰਜਣਾ ਕੀਤੀ ਜਾਏ, ਉਸਦੇ ਪ੍ਰਸਤਾਵ ਦਾ ਗਵਰਨਰ ਤੋਂ ਹੁੰਦੇ ਰਾਸ਼ਟ੍ਰਪਤੀ ਪਾਸ ਰੈਫਰੇਂਸ ਲਈ ਜਾਣਾ ਜ਼ਰੂਰੀ ਹੈ, ਜੋ ਕਿ ਪ੍ਰਸਤਾਵਤ ਐਕਟ ਦੀ ਸੰਵਿਧਾਨਕ ਵੈਧਤਾ ਬਾਰੇ ਵਿਧੀ ਵਿਚਾਰ ਕਰਕੇ ਫੈਸਲਾ ਲੈ ਸਕਦੇ ਹਨ।

ਸੂਚਨਾਵਾਂ ਅਗਰ ਸਹੀ ਹਨ ਤਾਂ ਹਰਿਆਣਾ ਸਰਕਾਰ ਵਲੋਂ ਐਕਟ ਬਨਾਉਣ ਤੋਂ ਕਬਲ, ਆਪਣੇ ਅਟਾਰਨੀ ਜਨਰਲ ਨਾਲ ਵੀ ਮੰਤ੍ਰਣਾ ਨਹੀਂ ਕੀਤੀ ਗਈ, ਅਤੇ ਮੌਜੂਦਾ ਸਥਿਤੀ ਵਿਚ ਦੋਵੇ ਸੂਬਾ ਸਰਕਾਰਾਂ ਆਪਣੇ-ਆਪਣੇ ਮਤ ਪ੍ਰਗਟ ਕਰ ਰਹਿਆਂ ਹਨ।ਇਹੋ ਰਧੋ-ਅਮਲ ਸਬੰਧਤ ਧਿਰਾਂ ਦਾ ਵੀ ਹੈ।ਇਸ ਵਰਤਾਰੇ ਵਿਚ ਇਹ ਸਵਾਲ ਆਪਣੀ ਜਗ੍ਹਾ ਖੜਾ ਪ੍ਰਤੀਤ ਹੁੰਦਾ ਹੈ ਕਿ, ਕੀ ਹਰਿਆਣਾ ਸਰਕਾਰ ਆਪਣੇ ਰਾਜ ਵਿਚ ਕਿਸੇ ਗੁਰਦੁਆਰਾ ਕਮੇਟੀ ਦਾ ਗਠਨ ਨਹੀਂ ਕਰ ਸਕਦੀ ? ਇਸ ਸਵਾਲ ਦਾ ਜਵਾਬ ਹਾਂ ਵਿਚ ਪ੍ਰਤੀਤ ਹੁੰਦਾ ਜਾਪਦਾ ਹੈ, ਪਰ ਨਾਲ ਹੀ ਇਹ ਸਥਿਤੀ ਵੀ ਸਪਸ਼ਟ ਨਜ਼ਰ ਆਉਂਦੀ ਹੈ ਕਿ ਹਰਿਆਣਾ ਵਲੋਂ ਬਣਾਈ ਕਮੇਟੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ 'ਅੰਤਰ ਰਾਜੀ ਪ੍ਰਬੰਧ' ਦੇ ਪ੍ਰਤੀਰੋਧ ਵਿਚ ਕੰੰਮ ਨਹੀਂ ਕਰ ਸਕਦੀ, ਕਿਉਂਕਿ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅੰਤਰ ਰਾਜੀ ਸੰਸਥਾ ਹੈ ਜੋ ਕਿ ਕੇਂਦਰੀ ਐਕਟ ੧੯੨੫ ਦੇ ਮਾਰਫਤ ਹੋਂਦ ਵਿਚ ਆਈ ਹੋਈ ਹੈ।

ਵਿਚਾਰੇ ਪੱਖਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਉਤੇ ਕੰਟਰੋਲ ਲਈ, ਹਰਿਆਣਾ ਵਲੋਂ ਪਾਸ ਐਕਟ ਆਪਣੇ ਪ੍ਰਸਤਾਵਤ ਰੂਪ ਵਿਚ, ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਦੇ ਵਿਰੌਧ ਵਿਚ ਨਹੀਂ ਸੀ ਹੋਣਾ ਚਾਹੀਦਾ ਅਤੇ ਇਸ ਪ੍ਰਸਤਾਵਤ ਐਕਟ ਨੂੰ ਗਵਰਨਰ ਬਾਦ ਰਾਸ਼ਟ੍ਰਪਤੀ ਦੀ ਮੰਜ਼ੂਰੀ ਜ਼ਰੂਰੀ ਸੀ।ਸੰਭਾਵਤ, ਇਹ ਨੁਕਤੇ 'ਨਿਆਂ ਪਾਲਿਕਾ ਪੜਤਾਲ' ਤਕ ਪਹੁੰਚਣ ਗੇ।


ਹੁਣ ਵੇਖਣ ਵਾਲੀ ਗਲ ਹੈ ਕਿ ਹਰਿਆਣਾ ਸਰਕਾਰ ਵਲੋਂ ਪਾਸ ਐਕਟ ਅਧੀਨ ਬਣੀ ਕਮੇਟੀ, ਆਪਣੀ ਹੋਂਦ ਦੇ ਬਾਵਜੂਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਬੰਧਤ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਪਾਸ ਲੇਣ ਦੀ ਅਧਿਕਾਰੀ ਹੈ ਜਾ ਨਹੀਂ? ਸ਼੍ਰੀ ਅਕਾਲ ਤਖਤ ਵਲੋਂ ਆਏ ਹੁਕਮ ਨੇ ਇਸ ਸਵਾਲ ਬਾਰੇ ਵੀ ਸੋਚਣ ਦਾ ਸਮਾਂ ਉਪਲੱਬਦ ਕੀਤਾ ਹੈ। ਆਸ ਹੈ ਕਿ ਇਸ ਸਮੇਂ ਦਾ ਸਦੁਉਪਯੋਗ ਦੋਵੇਂ ਧਿਰਾਂ ਕਰਨਗੀਆਂ ਤਾਂ ਕਿ ਗੁਰੂ ਸਾਹਿਬਾਨ ਵਲੋਂ ਸਿਰਜੀ ਇਕੋ ਪੰਥਕ ਬਨਾਵਟ ਦੀ ਮੂਲ ਸਿਧਾਂਤ ਨੂੰ ਕੋਈ ਢਾਹ ਨਾ ਲਗੇ।


ਦਾਸ ਕੋਈ ਕਾਨੂਨੀ ਮਾਹਰ ਨਹੀਂ, ਪਰ ਸਬੰਧਤ ਧਿਰਾਂ ਨੂੰ ਇਸ ਪੱਖੋਂ ਆਪਣੇ ਤੋਰ ਤੇ ਆਪਣੇ ਪੱਖਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ।ਇਸ ਵਿਸ਼ਲੇਸ਼ਣ ਵੇਲੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਪੰਥਕ ਏਕੇ ਦੇ ਨਿਰਦੇਸ਼ ਨੂੰ ਕੇਂਦਰ ਵਿਚ ਰੱਖ ਕੇ ਤੁਰਨਾ ਚਾਹੀਦਾ ਹੈ।
ਭੁੱਲ ਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ,ਜੰਮੂ-੨੬.੭.੨੦੧੪

Friday, 25 July 2014


ਤੱਤ ਪਰਿਵਾਰ ਵਲ ਇਕ ਮੰਗ/ਸੁਝਾਅ ਪੱਤਰ
ਹਰਦੇਵ ਸਿੰਘ, ਜੰਮੂ


ਤੱਤ ਪਰਿਵਾਰ ਨੇ ਕੁੱਝ ਸੱਜਣਾ ਦਰਮਿਆਨ ਆਵਾਗਮਨ ਬਾਰੇ ਚਰਚਾ ਲਈ, ਇਕ ਸੰਪਾਦਕੀ ਮਿਤੀ ੨੨.੭.੨੦੧੪ ਨੂੰ ਪ੍ਰਕਾਸ਼ਤ ਕੀਤੀ ਹੈ ਜੋ ਕਿ ਸਿੱਖ ਮਾਰਗ.ਕਾਮ ਤੇ ਵੀ ਛੱਪੀ ਹੈ।ਸੰਪਾਦਕੀ ਬਾਰੇ ਪ੍ਰਤੀਕਰਮ ਤੋਂ ਪਹਿਲਾਂ ਮੈਂ ਪਰਿਵਾਰ ਦੇ ਸਨਮੁਖ ਇਕ ਮੰਗ/ਸੁਝਾਅ ਰੱਖਣਾ ਚਾਹੁੰਦਾ ਹਾਂ।ਪਰਿਵਾਰ ਕੁੱਝ ਬੱਦਿਆਂ ਨੂੰ ਆਵਾਗਾਮਨ ਬਾਰੇ ਚਰਚਾ ਲਈ ਮੰਚ ਪੇਸ਼ ਕਰ ਰਿਹਾ ਹੈ, ਪਰ ਮੇਰਾ ਸੁਝਾਅ/ਮੰਗ ਹੈ ਕਿ ਪਹਿਲਾਂ ਇਕ ਚਰਚਾ ਗੁਰੂ ਸਾਹਿਬਾਨ ਦੀ ਪਦਵੀ ਬਾਰੇ ਕੀਤੀ ਜਾਏ ਕਿਉਂਕਿ ਇਹ ਵਿਸ਼ਾ ਖੁਦ ਪਰਿਵਾਰ ਨੇ ਵੱਡੇ ਪੱਧਰ ਤੇ ਚੁੱਕਣ ਦਾ ਜਤਨ ਕੀਤਾ ਹੈ ਅਤੇ ਇਸ ਬਾਰੇ ਆਪਣੇ ਵੱਲੋਂ ਇਕ ਪਾਸੜ ਫੈਸਲੇ ਨੂੰ ਲਾਗੂ ਕਰਨ ਲਈ, ਪਰਿਵਾਰ ਨੇ ਸਿੱਖ ਦੀ ਪਰਿਭਾਸ਼ਾ ਬਦਲ ਕੇ ਲਿਖੀ ਹੈ।ਪਰਿਵਾਰ ਅਨੁਸਾਰ ਗੁਰੂ ਨਾਨਕ ਜੀ ਨੂੰ ਗੁਰੂ ਮੰਨਣਾ ਗਲਤ ਹੈ, ਦਸ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਾ ਸਿੱਖ ਨਹੀਂ ਬਲਕਿ ਬ੍ਰਾਹਮਣ ਹੁੰਦਾ ਹੈ, ਅਤੇ ਸਿੱਖ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸੇ ਹੋਏ ਹਨ। ਇਹ ਅੱਤ ਵਿਵਾਦਤ ਪਹੁੰਚ ਹੈ, ਜਦ ਕਿ ਆਵਾਗਮਨ ਕੋਈ ਲਾਗੂ ਕਰਨ ਵਾਲਾ ਫੈਸਲਾ ਨਹੀਂ।

ਪਰਿਵਾਰ ਨੂੰ ਇਸ ਵਿਸ਼ੇ ਪੁਰ ਵਿਚਾਰ ਲਈ ਸੰਵਾਦ ਦਾ ਸੱਦਾ ਦਿਉ ਤਾਂ ਪਰਿਵਾਰ ਦੇ ਮੁੱਖ ਸੱਜਣ ਕੇਵਲ ਲਿਖਤੀ ਸੰਵਾਦ ਦਾ ਤਰਕ ਦਿੰਦੇ ਹਨ ਅਤੇ ਸਿੱਦੇ ਰੂ ਬਾ ਰੂ ਮੰਚਕ ਸੰਵਾਦ ਤੋਂ ਟਾਲ ਮਟੋਲ ਕਰਦੇ ਆਏ ਹਨ। ਬਹੁਤ ਬੇਹਤਰ  ਮੌਕਾ ਹੋਵੇਗਾ ਕਿ ਪਰਿਵਾਰ ਆਵਾਗਮਨ ਦੇ ਬਜਾਏ ਪਹਿਲਾਂ ਕਿੱਧਰੇ ਦੱਸ ਗੁਰੂ ਸਾਹਿਬਾਨ ਦੀ ਪਦਵੀ ਅਤੇ ਸਥਿਤੀ ਬਾਰੇ ਚਰਚਾ ਕਰਵਾਉਂਣ ਦੀ ਪੇਸ਼ਕਸ਼ ਕਰੇ, ਅਤੇ ਆਪ ਵੀ ਇਸ ਵਿਚ ਹਿੱਸਾ ਲਏ। ਮੇਰੀ ਬੇਨਤੀ ਹੈ ਕਿ ਪਰਿਵਾਰ ੨੯.੭.੨੦੧੪ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰੇ। ਮੈਂਨੂੰ ਆਸ ਹੈ ਕਿ ਇਸ ਬਾਰੇ ਉਹ ਸੱਜਣ ਵੀ ਸਹਿਮਤ ਹੋਣਗੇ ਜਿਨ੍ਹਾਂ ਦੇ ਨਾਮ ਪਰਿਵਾਰ ਨੇ ਆਪਣੇ ਸੰਪਾਦਕੀ ਸੱਦੇ ਵਿਚ ਆਵਾਗਮਨ ਬਾਰੇ ਚਰਚਾ ਲਈ ਲਿਖੇ ਹਨ।ਆਸ ਹੈ ਕਿ ਪਰਿਵਾਰ ਆਵਾਗਮਨ ਤੋਂ ਪਹਿਲਾਂ ਇਸ ਚਰਚਾ ਨੂੰ ਕਰਵਾਉਣ ਦੀ ਮੰਗ/
ਸੁਝਾਅ ਸਵੀਕਾਰ ਕਰੇਗਾ।

ਹਰਦੇਵ ਸਿੰਘ, ਜੰਮੂ-੨੫.੭.੨੦੧੪

Sunday, 29 June 2014

'ਸਾਬਕਾ ਜੱਥੇਦਾਰ ਜੀ ਵੱਲ ਸੱਦਾ ਪੱਤਰ'
ਹਰਦੇਵ ਸਿੰਘ, ਜੰਮੂ


ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੌ. ਦਰਸ਼ਨ ਸਿੰਘ ਜੀ,

ਮਿਤੀ ੨੯..੧੪ ਨੂੰ ਇਕ ਰੇਡੀਯੂ ਚੈਨਲ ਤੇ ਆਪ ਜੀ ਦੇ ਵਿਚਾਰ ਸੁਣੇ ਹਨਸ਼੍ਰੀ ਅਕਾਲ ਤਖ਼ਤ ਨਾਲ ਜੁੜੇ ਸ਼ਖ਼ਸੀ ਵਿਵਹਾਰਾਂ ਬਾਰੇ ਆਪ ਜੀ ਦੇ ਵਿਚਾਰਾਂ ਉਤੇ ਕੋਈ ਵੀ ਟਿੱਪਣੀ ਨਾ ਕਰਦੇ ਹੋਏ, ਮੈਂ ਕੇਵਲ ਇਨਤਾ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤੱਖਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਆਪਣੇ ਨਾਲ ਵਿਚਾਰ ਵਟਾਂਦਰੇ ਦਾ ਜ਼ਰਾ ਇਕ ਮੌਕਾ ਮੈਂਨੂੰ ਵੀ ਦਿਉ

ਸ਼੍ਰੀ ਅਕਾਲ ਤਖ਼ਤ, ਸਿੱਖ ਰਹਿਤ ਮਰਿਆਦਾ ਅਤੇ ਨਿਤਨੇਮ ਬਾਰੇ ਆਪਣੇ ਕੁੱਝ 'ਅਸ਼ੋਭਨੀਯ ਵਿਚਾਰਾਂ' ਦੇ ਪ੍ਰਗਟਾਵੇ ਲਈ 'ਇਕ ਪਾਸ
ੜ' ਐਨਕਰ ਨੂੰ ਬਿਠਾ ਕੇ, ਆਪਣੇ ਵਿਚਾਰ ਹੀ ਪ੍ਰਗਟ ਕਰੀ ਜਾਣਾ ਕਿਸੇ ਦਾ ਹੱਕ ਜ਼ਰੂਰ ਹੋ ਸਕਦਾ ਹੈ, ਪਰ ਇਸ ਨੂੰ ਸੰਵਾਦ ਨਹੀਂ ਕਿਹਾ ਜਾ ਸਕਦਾਗੁਰੂ ਨਾਨਕ ਜੀ ਨੇ ਵਿਚਾਰਕ ਅਸਿਹਮਤੀ ਵਾਲੇ ਜੌਗੀਆਂ ਨਾਲ ਸੰਵਾਦ ਕੀਤਾ ਸੀ ਗੁਰੂ ਸਾਹਿਬ ਨੇ ਵਿਚਾਰਾਂ ਦੇ  ਵਟਾਂਦਰੇ ਲਈ, ਵਿਚਾਰਾਂ ਤੋਂ ਹੀਨ, ਅਸਮਰਥ, ਹਮਖ਼ਿਆਲੀ ਜਾਂ ਜੀ ਹਜੂਰੀ ਕਰਨ ਵਾਲੇ ਬੰਦਿਆਂ ਦੀ ਚੋਣ ਨਹੀਂ ਸੀ ਕੀਤੀ 

ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਜਨਤਕ ਵਿਚਾਰਕ ਗੋਸ਼ਟਿ ਲਈ ਮੈਂ ਆਪ ਜੀ ਨੂੰ ਪਹਿਲਾਂ ਵੀ ਸੱਦਾ ਦੇ ਚੁੱਕਿਆ ਹਾਂ, ਜਿਸ ਨੂੰ ਆਪ ਜੀ ਨੇ ਸਵੀਕਾਰ ਨਹੀਂ ਸੀ ਕੀਤਾਆਸ ਹੈ ਕਿ ਆਪ ਜੀ ਇਸ ਵਾਰ ਇਸ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ, ਆਪ ਜੀ ਵੱਲੋਂ ਪ੍ਰਗਟਾਏ ਨਵੇਂ ਵਿਚਾਰਾਂ ਨੂੰ ਸਰਵਪੱਖੋਂ ਵਿਚਾਰਨ ਦਾ ਮੌਕਾ ਮਿਲ ਸਕੇ
ਆਪ ਜੀ ਵਲੋਂ ਸਹਿਮਤੀ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-੨੯..੨੦੧੪



Sunday, 22 June 2014

'ਤੱਤ. ਪਰਿਵਾਰ ਦੀ ਸੰਪਾਦਕੀ ਟਿੱਪਣੀ ਬਾਰੇ'

ਹਰਦੇਵ ਸਿੰਘ

ਤੱਤ. ਪਰਿਵਾਰ ਸੰਪਾਦਕ ਸੱਜਣੋਂ
ਗੁਰੂ ਜੀ ਦੀ ਬਖ਼ਸ਼ੀ ਫ਼ਤਿਹ ਪਰਵਾਣ ਕਰਨੀ।

ਆਪ ਜੀ ਦੇ ਲੇਖ 'ਗਠਬੰਧਨ ਵਿਦਵਾਨ' ਬਾਰੇ ਮੇਰੇ ਜਵਾਬ ਉੱਪਰ ਆਪ ਜੀ ਨੇ ਇਕ 'ਸੰਪਾਦਕੀ ਟਿੱਪਣੀ' ਲਿਖੀ ਹੈ, ਜਿਸਦਾ ਮੇਰੇ ਵਲੋਂ ਪੰਗਤੀਵਰ ਜਵਾਬ ਇਸ ਪ੍ਰਕਾਰ ਹੈ:-

ਪਰਿਵਾਰ ਵੱਲੋਂ ਲਿਖੀ ਪੰਗਤੀ:-  "ਪਰਿਵਾਰ ਵੱਲੋਂ ਪਾਠਕਾਂ ਨੂੰ ਸੁਚੇਤ ਕਰਦੇ ਲੇਖ ਦੇ ਪ੍ਰਤੀਕਰਨ ਵਿਚ ਇਸ ਗਠਜੋੜ ਦੇ ਇਕ ਲੇਖਕ ਦਾ ਪ੍ਰਤੀਕਰਨ ਹੇਠਾਂ ਦਿੱਤਾ ਜਾ ਰਿਹਾ ਹੈ।ਪਾਠਕ ਵੇਖ ਸਕਦੇ ਹਨ ਕਿ ਸਾਡੇ ਵਲੋਂ ਲੇਖ ਵਿਚ ਪੇਸ਼ ਕੀਤੇ ਸਬੂਤਾਂ ਬਾਰੇ ਸਪਸ਼ਟ ਕਰਨ ਦੀ ਥਾਂ ਸੰਪਰਦਾਈ ਧਿਰਾਂ ਦੀ ਤਰਜ਼ ਤੇ ਜਜ਼ਬਾਤੀ ਗੱਲਾਂ ਰਾਹੀਂ ਪੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਹੈ ਜਿਵੇਂ ਲੈਪਟਾਪ ਦਾ ਪ੍ਰਕਾਸ਼ ਕਰਨ ਦੀ ਗੱਲ, ਕੀਰਤਨ ਬੰਦ ਕਰਨ ਦੀ ਗੱਲ ਆਦਿ ਆਦਿ"

ਮੇਰਾ ਜਵਾਬ:- ਆਪ ਜੀ ਦੇ ਗਠਬੰਧਨ ਦੀਆਂ ਮੀਟਿਂਗਾਂ ਵਿਚ ਲੈਪਟਾਪ, ਕੀਰਤਨ ਬੰਦ ਅਤੇ ਆਨੰਦਕਾਰਜ ਦੀ ਥਾਂ ਕੋਰਟ ਮੈਰਜ ਵਰਗੀਆਂ ਗੱਲਾਂ ਕਰਨ ਵਾਲੇ ਵੀ ਮੌਜੂਦ ਸਨ।ਇਸ ਗਲ ਦੀ ਪੁਸ਼ਟੀ ਉੱਥੇ ਮੌਜੂਦ ਆਪ ਜੀ ਦੇ ਆਪ ਜੀ ਆਪਣੇ ਪ੍ਰਮੁੱਖ ਸਾਥੀ ਚਸ਼ਮਦੀਦਾਂ ਨੇ ਕੀਤੀ।ਅਗਰ ਇਹ ਵਿਚਾਰ ਆਪ ਜੀ ਦੇ ਨਹੀਂ ਬਲਕਿ ਗਠਬੰਧਨ ਵਿਚ ਮੌਜੂਦ ਕੁੱਝ ਸੱਜਣਾਂ ਦੇ ਸਨ ਤਾਂ ਆਪ ਜੀ ਇਮਾਨਦਾਰੀ ਨਾਲ  ਇਹ ਸੱਚ ਸਵੀਕਾਰ ਕਰ ਸਕਦੇ ਸੀ ਕਿ 'ਹਾਂ ਕੁੱਝ ਸੱਜਣਾਂ ਨੇ ਐਸੇ ਵਿਚਾਰ ਵੀ ਪੇਸ਼ ਕੀਤੇ ਸੀ ', ਪਰ ਆਪ ਜੀ ਨੇ ਐਸਾ ਨਹੀਂ ਕੀਤਾ। ਕਿਉਂਕਿ ਉਹ ਆਪ ਜੀ  ਦਾ ਗਠਬੰਧਨ ਸੀ, ਅਤੇ ਆਪ ਜੀ ਸੱਚ ਸਵੀਕਾਰ ਕਰਨ ਦੀ ਥਾਂ ਉਸ ਗਠਬੰਧਨ ਨੂੰ ਪ੍ਰਮੁੱਖਤਾ ਦੇਣ ਲੱਗੇ ਰਹੇ।ਸੱਚ ਨੂੰ ਛੁਪਾਉਂਦੀ ਆਪ ਜੀ ਦੀ ਐਸੀ ਪਹੁੰਚ ਅੱਜ ਵੀ ਗੁਰੂ ਨਾਨਕ ਜੀ ਦੇ ਉਸ ਫ਼ਲਸਫ਼ੇ ਦੇ ਵਿਪਰੀਤ ਹੈ ਜਿਸ ਤੇ ਚੱਲਣ ਦਾ ਦਾਵਾ ਆਪ ਜੀ ਸਭ ਲਾਲੋਂ ਵੱਧ ਕਰਦੇ ਰਹਿੰਦੇ ਹੋ।
ਅੱਗੇ ਆਪ ਜੀ ਨੇ "ਆਦਿ ਆਦਿ" ਸ਼ਬਦ ਲਿਖ ਕੇ ਵੀ, ਆਪਣੀਆਂ ਲਿਖਤਾਂ ਦੇ ਉਨ੍ਹਾਂ ਅੰਸ਼ਾ ਨੂੰ ਸਵੀਕਾਰ ਕਰਨ ਵਿਚ ਵੀ ਇਮਾਨਦਾਰੀ ਨਹੀਂ ਵਖਾਈ, ਜੋ ਕਿ ਆਪ ਜੀ ਦੀਆਂ ਲਿਖਤਾਂ ਵਿਚ ਮੌਜੂਦ ਹਨ। ਮੈਂ ਉਹ ਅੰਸ਼ ਆਪਣੇ ਲੇਖਾਂ ਵਿਚ ਕੋਟ ਵੀ ਕਰ ਚੁੱਕਾ ਹਾਂ।

ਪਰਿਵਾਰ ਵੱਲੋਂ ਲਿਖੀ ਪੰਗਤੀ:-  "ਐਸਾ ਗੁੰਮਰਾਹਕੁਨ ਪ੍ਰਚਾਰ ਕੁਝ ਲੋਕਾਂ/ਧਿਰਾਂ ਵਲੋਂ ਪਹਿਲਾਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ।ਇਸ ਬਾਰੇ ਪਰਿਵਾਰ ਜਵਾਬਦੇਹੀ ਦੇ ਫ਼ਰਜ਼ ਨਾਲ ਬਹੁਤ ਵਿਸਤਾਰ ਵਿਚ ਆਪਣਾ ਪੱਖ ਪਹਿਲਾਂ ਹੀ ਰੱਖ ਚੁੱਕਿਆ ਹੈ। ਪਾਠਕ ਸਾਡੇ ਪਿੱਛਲੀਆਂ ਲਿਖਤਾਂ ਪੜ੍ਹ ਸਕਦੇ ਹਨ"

ਮੇਰਾ ਜਵਾਬ:- ਆਪ ਜੀ ਦੀਆਂ ਲਿਖਤਾਂ ਵਿਚ ਗੁਰ ਸਾਹਿਬਾਨ ਨੂੰ ਗੁਰੂ ਨਾ ਕਹਿਣ ਅਤੇ ਉਨ੍ਹਾਂ ਨੂੰ ਭੁੱਲਣਹਾਰ ਦਰਸਾਉਣ, ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸਿਆ ਦਰਸਾਉਣ ਵਰਗੀਆਂ ਗੱਲਾ ਆਪ ਜੀ ਵਲੋਂ ਕੀਤੀਆਂ ਹੋਈਆਂ ਹਨ, ਇਸ ਲਈ ਇਹ ਕੋਈ  ਗੁੰਮਰਾਹਕੁਨ ਪ੍ਰਚਾਰ ਨਹੀਂ ਬਲਕਿ ਆਪ ਜੀ ਦੇ ਇਨ੍ਹਾਂ ਵਿਚਾਰਾਂ ਨੂੰ ਸਾਰੇ ਜਾਣਦੇ ਹਨ।ਇਹ ਵੀ ਸੱਚ ਹੈ ਕਿ ਗੁਰੂ ਸਾਹਿਬਾਨ ਨੂੰ  ਗੁਰੂ ਅਤੇ ਅਭੁੱਲ ਮੰਨਣ ਵਾਲੇ (ਆਪ ਜੀ ਮੁਤਾਬਕ ਗ਼ੈਰ ਸਿਧਾਂਤਕ) ਸੱਜਣਾਂ ਅਤੇ ਧਿਰਾਂ ਨਾਲ ਆਪ ਜੀ ਗਠਬੰਧਨ ਕਰਨ ਦੇ ਯਤਨ ਕਰਦੇ ਰਹਿੰਦੇ ਹੋ।ਮੈਂ ਨਹੀਂ ਕਹਿੰਦਾ ਕਿ ਆਪ ਜੀ ਜਤਨ ਨਾ ਕਰੋ।ਮੈਂ ਕੇਵਲ ਇਤਨਾ ਦਰਸਾਇਆ ਹੈ ਕਿ ਆਪ ਜੀ ਉਨ੍ਹਾਂ ਸੱਜਣਾਂ/ਧਿਰਾਂ ਨਾਲ ਗਠਬੰਧਨ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਜੋ ਆਪ ਜੀ ਮੁਤਾਬਕ ਗ਼ੈਰ ਸਿਧਾਂਤਕ ਅਤੇ ਬ੍ਰਾਹਮਣੀ ਸੋਚ ਵਾਲੇ ਹਨ।

ਅੰਤਿਕਾ:- ਆਪ ਜੀ ਨੇ ਅਮਰਜੀਤ ਸਿੰਘ ਜੀ ਚੰਦੀ, ਮੇਰੇ ਅਤੇ ਜਸਬੀਰ ਸਿੰਘ ਜੀ ਵਿਰਦੀ ਦੇ ਐਸੇ ਗਠਬੰਧਨ ਨੂੰ ਕਿਆਸਿਆ ਹੈ ਜੋ ਕਿ ਕਦੇ ਹੋਇਆ ਹੀ ਨਹੀਂ। ਆਪ ਜੀ ਦੇ ਇਸ ਝੂਠੇ ਕਿਆਸ ਦੇ ਉੱਤਰ ਵਿਚ ਮੈਂ ਆਪ ਜੀ ਦੇ ਉਸ ਉਚੇਚੇ ਗਠਬੰਧਨ ਬਾਰੇ ਲਿਖਿਆ, ਜੋ ਕਿ ਸੱਚਮੁਚ ਹੋਂਦ ਵਿਚ ਹੈ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਲੈਪਟਾਪ, ਕੀਤਰਨ ਬੰਦ, ਆਨੰਦ ਕਾਰਜ ਦੀ ਥਾਂ ਕੋਰਟ ਮੈਰਜ, ਗੁਰੂ ਗ੍ਰੰਥ ਸਾਹਿਬ 'ਗੁਰੂ' ਨਹੀਂ ਇਕ ਪੁਸਤਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਅਪ੍ਰਮਾਣਿਕ ਐਲਾਨਣ ਵਾਲੇ , ਸ਼੍ਰੀ ਅਕਾਲ ਤਖ਼ਤ ਇਕ ਬੇਹੋਂਦ ਅੱਡਾ ਆਦਿ ਵਿਚਾਰ ਰੱਖਣ ਵਾਲੇ, ਆਪ ਜੀ ਦੇ ਨਾਲ ਗਠਬੰਧਨ ਵਿਚ ਹਨ। ਕਿਸੇ ਬੇਹੋਂਦ ਗਠਬੰਧਨ ਨੂੰ ਕਿਆਸਣ ਤੋਂ ਪਹਿਲਾਂ ਆਪ ਜੀ ਨੂੰ ਆਪਣੇ ਕੀਤੇ ਉਚੇਚੇ ਗਠਬੰਧਨਾਂ ਵੱਲ ਝਾਤ ਵੀ ਮਾਰਨੀ ਚਾਹੀਦੀ ਹੈ।
ਇਸ ਲਈ ਮੇਰੇ ਉੱਤਰ ਵਿਚ ਪਾਠਕਾਂ ਨੂੰ ਗੁਮਰਾਹ ਕਰਨ ਵਾਲੀ ਕੋਈ ਗੱਲ ਨਹੀਂ।
ਹਰਦੇਵ ਸਿੰਘ, ਜੰਮੂ-੨੦.੬.੨੦੧੪

Wednesday, 18 June 2014

'ਤੱਤ.ਪਰਿਵਾਰ ਦੇ ਪੱਤਰ ਮਿਤੀ ੧੬.੬.੧੪ ਬਾਰੇ'

ਹਰਦੇਵ ਸਿੰਘ,ਜੰਮੂ


ਮਿਤੀ ੧੬.੭.੧੪ ਨੂੰ 'ਸਿੱਖ ਮਾਰਗ ਵੈਬ ਸਾਈਟ' ਉਤੇ ਛੱਪੇ ਪੱਤਰ ਰਾਹੀਂ ਤੱਤ. ਪਰਿਵਾਰ ਦੇ ਸੱਜਣਾ ਨੇ ਤਿੰਨ ਸੱਜਣਾਂ ਨੂੰ 'ਗੱਠਬੰਧਨ ਵਿਦਵਾਨ' ਕਿਹਾ ਹੈ। ਪਹਿਲੇ ਅਮਰਜੀਤ ਸਿੰਘ ਜੀ ਚੰਦੀ, ਦੂਜਾ ਮੈਂ ਅਤੇ ਤੀਜੇ ਜਸਬੀਰ ਸਿੰਘ ਜੀ ਕੈਲਗਰੀ।ਮੈਂ ਕੋਈ ਵਿਦਵਾਨ ਨਹੀਂ।ਇਹ ਹੈ ਪਹਿਲੀ ਗੱਲ।
ਦੂਜੀ ਗੱਲ, ਪਰਿਵਾਰ ਦੇ ਇਸ ਵਹਿਮ ਦੀ ਕਿ ਤਿੰਨ ਸੱਜਣਾਂ ਦਾ ਗੱਠਬੰਧਨ ਬਣ ਗਿਆ ਹੈ। ਚੰਦੀ ਜੀ ਮੇਰੇ ਭੇਜੇ ੧੦ ਲੇਖਾਂ ਵਿਚੋਂ ਤਿੰਨ ਕੁ ਲੇਖ ਛਾਪਦੇ ਹਨ। ਜਸਬੀਰ ਸਿੰਘ ਜੀ ਵਿਰਦੀ ਨਾਲ ਮੇਰਾ ਸੰਪਰਕ  ਬਹੁਤ ਚਿਰ ਬਾਦ ਅਸਿੱਧੇ ਤੌਰ ਤੇ ਕਦੇ ਕਿਸੇ ਟਿੱਪਣੀ ਰਾਹੀਂ ਹੋ ਜਾਂਦਾ ਹੈ।ਚੰਦੀ ਜੀ ਮੇਰੇ ਨਾਲ ਗੱਠਬੰਧਨ ਨਹੀਂ ਕਰ ਸਕਦੇ ਕਿਉਂਕਿ ਉਹ ਮੇਰੇ ਨਾਲ ਕਈਂ ਥਾਂ ਸਹਿਮਤ ਨਹੀਂ ਹਨ। ਮੇਰੀ ਸਥਿਤੀ ਵੀ ਲਗਭਗ ਇਹੀ ਹੈ।ਇਹ ਹੈ ਪਰਿਵਾਰ ਵਲੋਂ ਪ੍ਰਗਟਾਏ 'ਕਥਿਤ ਗੱਠਬੰਧਨ' ਦੀ ਸੱਚਾਈ ! ਹਾਂ ਜੇ ਕਰ ਅਸੀਂ ਤਿੰਨੇ ਗੁਰੂ ਸਾਹਿਬਾਨ ਨੂੰ ਗੁਰੂ ਲਿਖਦੇ ਹਾਂ ਤਾਂ ਇਹ ਕੋਈ  ਉਚੇਚਾ ਗੱਠਬੰਧਨ ਨਹੀਂ ਕਿਹਾ ਜਾ ਸਕਦਾ।

ਹੁਣ ਵਿਚਾਰਦੇ ਹਾਂ ਤੱਤ ਪਰਿਵਾਰ ਦੇ ਉਚੇਚੇ ਗੱਠਬੰਧਨਾਂ ਨੂੰ।

ਤੱਤ ਪਰਿਵਾਰ ਦਾ ਇਕ ਆਪਣਾ ਗੱਠਬੰਧਨ ਉਸ ਵੇਲੇ ਟੁੱਟ ਗਿਆ ਜਿਸ ਵੇਲੇ ਗੱਠਬੰਧਨ ਦੀਆਂ ਮੀਟਿੰਗਾਂ ਜੰਮੂ ਵਿਖੇ ਹੋਈਆਂ। ਉੱਗੇ ਮੁੱਖ ਕਮੇਟੀ ਮੈਂਬਰ ਅਮਰਜੀਤ ਸਿੰਘ ਜੀ ਚੰਦੀ ਅਤੇ ਪ੍ਰੋ. ਕੰਵਲਦੀਪ ਸਿੰਘ ਜੀ ਉਸ ਮੀਟਿੰਗਾਂ ਵਿਚ ਹੋਏ ਵਰਤਾਰੇ ਨੂੰ ਵੇਖ ਹਾ ਦਾ ਨਾਅਰਾ ਮਾਰ ਗਏ। ਕਾਰਣ? ਕਾਰਣ ਇਹ ਕਿ ਗੱਠਬੰਧਤ ਸੱਜਣਾ ਨੇ, ਗੱਠਬੰਧਨੀ ਮੀਟਿੰਗਾਂ, ਵਿਚ ਗੁਰੂ ਗ੍ਰੰਥ ਸਾਹਿਬ  ਦੀ ਥਾਂ ਲੈਪਟਾਪ, ਗੁਰਦੁਆਰਿਆਂ ਵਿਚ ਕੀਰਤਨ ਬੰਦ ਕਰਵਾਉਣ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਆਦਿ ਬਾਰੇ ਅਤੇ ਹੋਰ ਅਤਿਅੰਤ ਨੀਵੇਂ ਪੱਧਰ ਦੇ ਵਿਚਾਰ ਪੇਸ਼ ਕੀਤੇ। ਉਹ ਗੱਲਾਂ ਕਿਸੇ ਕਿਤਾਬਚੇ ਵਿਚ ਆਈਆਂ ਜਾਂ ਨਹੀਂ, ਪਰ ਇਹ ਸਪਸ਼ਟ ਹੋ ਗਿਆ ਕਿ ਤੱਤ ਪਰਿਵਾਰ ਨੇ ਕਿਸ ਕਿਸਮ ਦੇ ਵਪਰੀਤ ਵਿਚਾਰ ਰੱਖਣ ਵਾਲੇ ਬੰਦਿਆਂ ਨਾਲ ਗੱਠਬੰਧਨ ਕੀਤਾ ਹੋਇਆ ਹੈ। ਐਸੇ ਬੰਦਿਆਂ ਨਾਲ ਗੱਠਬੰਧਨ ਪਿੱਛਲੇ ਕਾਰਣ ਪਰਿਵਾਰ ਨੂੰ ਪਤਾ ਹੋਂਣਗੇ।

ਹੁਣ ਗੱਠਬੰਧਨ ਕਰਨ ਲਈ ਪਰਿਵਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਵੀ ਵਿਚਾਰ ਲਈਏ। ਤੱਤ ਪਰਿਵਾਰ ਗੱਠਬੰਧਨ ਦੇ ਤਰਲੇ ਉਨ੍ਹਾਂ ਸੱਜਣਾਂ ਅੱਗੇ ਵੀ ਪਾਉਂਦਾ ਰਿਹਾ ਜੋ ਕਿ ਦੱਸ ਗੁਰੂ ਸਾਹਿਬਾਨ ਨੂੰ ਗੁਰੂ ਅਤੇ ਅਭੁੱਲ ਮੰਨਦੇ ਹਨ। ਭਲਾ ਤੱਤ ਪਰਿਵਾਰ ਗੁਰੂ ਸਾਹਿਬਾਨ ਨੂੰ ਗੁਰੂ ਮੰਨਣ ਵਾਲੇ "ਬ੍ਰਾਹਮਣਾ" ਨਾਲ ਗੱਠਬੰਧਨ ਲਈ ਤਰਲੇ ਕਿਉਂ ਪਾਉਂਦਾ ਰਿਹਾ ਹੈ ? ਪਰਿਵਾਰ ਤਾਂ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਮੰਨਦਾ ਹੈ ਫਿਰ ਐਸੇ ਮੌਕਾ ਪਰਸਤ ਗੱਠਬੰਧਨੀ ਤਰਲਿਆਂ ਦਾ ਕੀ ਮਤਲਭ ? ਪਰਿਵਾਰ ਐਲਾਨ ਕਿਉਂ ਨਹੀਂ ਕਰਦਾ ਕਿ ਜੋ ਗੁਰੂ ਸਾਹਿਬਾਨ ਨੂੰ ਗੁਰੂ ਕਹਿੰਦਾ ਹੈ ਉਸ ਬ੍ਰਾਹਮਣਵਾਦੀ ਨਾਲ ਪਰਿਵਾਰ ਵਲੋਂ ਕੋਈ ਗੱਠਬੰਧਨ ਨਹੀਂ ਕੀਤਾ ਜਾਏਗਾ ? ਜੇ ਕਰ ਗੁਰੂ ਸਾਹਿਬਾਨ ਨੂੰ ਗੁਰੂ ਨਾ ਕਹਿਣਾ ਸਿਧਾਂਤ ਪਰਸਤੀ ਹੈ, ਤਾਂ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਿਆਂ ਨਾਲ ਗੱਠਬੰਧਨ ਕਰਨ ਦੀ ਮੌਕਾ ਪਰਸਤ ਕੋਸ਼ਿਸ਼ਾਂ ਪਰਿਵਾਰ ਵਲੋਂ ਕਿਉਂ ਕੀਤੀਆਂ ਜਾਂਦੀਆਂ ਰਹੀਆਂ ਹਨ ? ਖੈਰ ,ਜਿਸ ਵੇਲੇ  ਗੱਠਬੰਧਨ ਦੇ ਐਸੇ ਜਤਨ ਸਿਰੇ ਨਾ ਚੜੇ, ਤਾਂ ਉਨ੍ਹਾਂ ਸੱਜਣਾ ਨਾਲ ਗੱਠਬੰਧਨ ਕੀਤਾ ਗਿਆ ਜਿਨ੍ਹਾਂ ਦੇ ਵਿਚਾਰਾਂ ਦਾ ਜ਼ਿਕਰ ਉੱਪਰ ਵਿਚਾਰ ਆਏ ਹਾਂ।
ਮੈਂ ਐਸੇ ਗੱਠਬੰਧਨਾਂ ਵਿਚ ਨਹੀਂ ਪਿਆ ਇਸ ਕਰਕੇ ਮਾੜਾ ਹਾਂ

ਤੱਤ ਪਰਿਵਾਰ ਨੇ ਸੰਨ ੧੮੦੦ ਦੇ ਅੰਤਲੇ ਅਤੇ ੧੯੦੦ ਦੇ ਆਰੰਭਕ ਦਹਾਕਿਆਂ ਦੀ ਪੁਨਰਜਾਗਰਣ ਲਹਿਰ ਨੂੰ ਤਬਾਹ ਕਰਨ ਲਈ ਕਦਮ ਪੁੱਟਿਆ ਤਾਂ ਵਿਚਾਰਕ ਪੱਖੋਂ, ਮੈਂ ਤਾਂ ਉਨ੍ਹਾਂ ਦਾ ਹਮਕਦਮ ਨਹੀਂ ਬਣ ਸਕਿਆ, ਪਰ ਪਰਿਵਾਰ ਨਾਲ ਹੋਏ ਕਈਂ ਧਿਰਾਂ ਦੇ ਮੋਹ ਭੰਗ ਦੇ ਕੀ ਕਾਰਣ ਸਨ? ਉਹ 'ਮੋਹ ਭੰਗ' ਮੇਰੇ ਵੈਬਸਾਈਟਾਂ ਉਤੇ ਲਿਖਣ ਤੋਂ ਪਹਿਲਾਂ ਹੀ ਕਿਉਂ ਮੌਜਦ ਸੀ ?

ਖ਼ੈਰ, ਪਰਿਵਾਰ ਦੇ ਦਾਵੇਆਂ ਨੂੰ ਜੇ ਕਰ ਇਕ ਲਾਈਨ ਵਿਚ ਸਮੇਟਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ; ਪਰਿਵਾਰ ਅਨੁਸਾਰ, ਸੰਨ ੧੭੦੮ ਵਿਚ ਦਸ਼ਮੇਸ਼ ਜੀ ਦੇ ਅਕਾਲ ਚਲਾਣੇ ਤੋਂ ਬਾਦ, ਅਤੇ ਪਰਿਵਾਰ ਦੀ ਹੋਂਦ ਤੋਂ ਪਹਿਲਾਂ, ਗੁਰੂ ਨਾਨਕ ਜੀ ਦੇ ਫ਼ਲਸਫ਼ੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ, ਅਤੇ ਅੱਜ ਇਸਦੀ "ਨਿਰੋਲ ਖੌਜ" ਦਾ ਸੇਹਿਰਾ ਪਰਿਵਾਰ ਦੇ ਸਿਰ ਹੀ ਹੈ।

ਜਿਸ ਵੇਲੇ ਇਹ ਵਹਿਮ ਪਰਿਵਾਰ ਦਾ ਜਨੂਨ ਬਣ ਗਿਆ, ਤਾਂ ਪਰਿਵਾਰਕ ਸੱਜਣ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਕਹਿਣ/ਲਿਖਣ ਤਕ ਉੱਤਰ ਆਏ ਅਤੇ ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੱਮਣਘੇਰੀ ਵਿਚ ਫ਼ੱਸਿਆ ਹੋਇਆ ਲਿਖਣ ਲਗ ਪਏ।

ਅੱਜ ਪਰਿਵਾਰ ਵਾਲੇ ਗੁਰੂ ਗ੍ਰੰਥ ਨੂੰ 'ਗੁਰੂ' ਕਹਿਣ ਦੀ ਵਿਰੌਧੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਕਿਤਾ ਤੋਂ ਆਕੀ ਸੋਚ ਨਾਲ ਗੱਠਬੰਧਤ ਹਨ।ਇਹ ਗੱਠਬੰਧਨ ਕਿਸ ਪ੍ਰਕਾਰ ਦਾ ਨਮੂਨਾ ਹੈ ?
ਹਰਦੇਵ ਸਿਘ, ਜੰਮੂ-੧੭.੬.੨੦੧੪ 

Monday, 16 June 2014


ਅਸੀਂ ਕਿਹੜੇ ਬ੍ਰਾਹਮਣਵਾਦ ਦੇ ਵਿਰੌਧ ਵਿਚ ਹਾਂ?

ਹਰਦੇਵ ਸਿੰਘ, ਜੰਮੂ



ਸਿਰਲੇਖ ਨਹਿਤ ਸਵਾਲ ਬਾਰੇ ਵਿਚਾਰ ਲਈ ਇੱਥੇ ਅਸੀਂ ਕੇਵਲ ਇਕ ਨੁੱਕਤਾ ਵਿਚਾਰਦੇ ਹਾਂ।

ਹਿੰਦੂ ਮਤ ਅੰਦਰ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ, ਅਤੇ ਕਈਂ ਥਾਂ ਉਨ੍ਹਾਂ ਦੀ ਸੰਖਿਆ ਕਰੋੜਾਂ ਵਿਚ ਹੈ।ਉਨ੍ਹਾਂ ਵਲੋਂ ਸਵੀਕਾਰ ਕੀਤੇ ਕੁੱਝ ਦੇਵਤਿਆਂ ਦੀ ਹੋਂਦ ਹੈ।ਮਸਲਨ ਸੂਰਜ। ਸੂਰਜ ਦੀ ਹੋਂਦ ਤਾਂ ਹੈ ਹੀ ।ਇਸ ਤੇ ਕੋਈ ਮਤਭੇਦ ਨਹੀਂ ਹੋ ਸਕਦਾ। ਹਾਂ ਸੂਰਜ਼ ਕੀ ਹੈ, ਅਤੇ ਕੀ ਨਹੀਂ ਇਸ ਬਾਰੇ ਮਤਭੇਦ ਹੋ ਸਕਦਾ ਹੈ।


ਹੁਣ ਜੇ ਕਰ ਪ੍ਰਭੂ ਜੀਵਨ ਦੇਣ ਵਾਲਾ ਹੈ, ਤਾਂ ਸੂਰਜ ਜੀਵਨ ਦਾਤ ਦਾ ਇਕ ਮਾਧਿਅਮ  ਹੈ, ਇਸ ਤੋਂ ਵੀ ਕੋਈ ਇਨਕਾਰ ਨਹੀਂ ਹੋ ਸਕਦਾ। ਖ਼ੈਰ ਦੇਵਤਿਆਂ ਦੀ ਹੋਂਦ ਨੂੰ ਪ੍ਰਚਾਰਨ ਵਿਚ ਬ੍ਰਾਹਮਣ ਦਾ ਹੱਥ ਦੱਸਿਆ ਜਾਂਦਾ ਹੈ। ਇਸ ਵਿਚ ਵੀ ਸ਼ੱਕ ਨਹੀਂ ਕਿ ਇਸ ਪ੍ਰਚਾਰ ਨੂੰ ਸ਼ੋਸ਼ਣ ਵਜੋਂ ਇਸਤੇਮਾਲ ਕੀਤਾ ਗਿਆ। ਮਸਲਨ ਕਿਸੇ ਨੂੰ ਸੂਰਜ ਦੇਵਤੇ ਦੇ ਪ੍ਰਕੋਪ ਤੋਂ ਬਚਾਉਣ ਲਈ ਦਾਨ ਦੱਖਣਾ ਦਾ ਟੋਟਕਾ। ਗੁਰਮਤਿ ਇਸ ਤੋਂ ਅਸਹਿਮਤ ਹੈ।


ਖ਼ੈਰ, ਅੱਗੇ ਤੁਰਨ ਤੋਂ ਪਹਿਲਾਂ ਦੇਵਤੇ ਦੇ ਇਕ ਮੁੱਖ ਅਰਥ ਨੂੰ ਵਿਚਾਰ ਲਈਏ ।ਦੇਵਤੇ ਦਾ ਮੁੱਖ ਅਰਥ ਹੈ 'ਰੱਬ ਦਾ ਸੰਦੇਸ਼ਵਾਹਕ' । ਸੰਸਾਰਕ ਪੱਧਰ ਤੇ ਇਸੇ ਅਰਥ ਨੂੰ ਪ੍ਰਮੁੱਖਤਾ ਮਿਲੀ ਹੋਈ ਹੈ।ਹਾਂਲਾਕਿ ਦੇਵਤੇ 'ਪਰਾਭੌਤਿਕ' ਰੂਪ ਵਿਚ ਪ੍ਰਚਾਰੇ ਗਏ ਹਨ, ਪਰ ਉਹ 'ਭੌਤਿਕ' ਰੂਪ ਵਿਚ ਵੀ ਦਰਸਾਏ ਗਏ ਹਨ, ਜਿਵੇਂ ਕਿ ਸੂਰਜ, ਚੰਨ ਜਾਂ ਅਗਨਿ ਦੇਵਤਾ।ਸਾਡੀ ਨਜ਼ਰੇ ਇਹ ਦੇਵਤੇ ਨਾ ਵੀ ਹੋਣ ਪਰ ਇਹ ਖੰਡ ਅਕਾਲ ਪੁਰਖ ਦੀ ਦਾਤ ਤਾਂ ਹੈ ਹੀ ਹਨ।ਇਹ ਪ੍ਰਤੱਖ ਦਿੱਸਦੇ ਹਨ।


ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਦੇਵਤਿਆਂ ਦੀ ਹੋਂਦ ਦਾ ਵਿਚਾਰ ਕੇਵਲ ਬ੍ਰਾਹਮਣ ਦੀ ਦੇਣ ਹੈ ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ  ਪ੍ਰਮੁੱਖ ਪੁਰਾਤਨ ਧਾਰਮਕ ਸੰਸਕ੍ਰਿਤੀਆਂ ਵੱਲ ਇਕ ਸੰਖੇਪ ਜਿਹੀ ਝਾਤ ਮਾਰਨੀ ਪਵੇਗੀ।


(੧) ਯਹੂਦੀਆਂ ਵਿਚ 'ਪਰਾਭੌਤਿਕ' ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ।
(੨) ਈਸਾਈਆਂ ਵਿਚ ਪਰਾਭੌਤਿਕ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਦੇ ਨਾਲ ਹੀ ਉਸ ਵਿਚ 'ਭੋਤਿਕ' ਦੇਵਤਿਆਂ ਦੀ ਹੋਂਦ ਦੀ ਸਵਕ੍ਰਿਤੀ ਵੀ ਹੈ।ਉਹ ਪਹਿਲਾਂ ਦੇਵਤਿਆਂ, ਅਤੇ ਬਾਦ ਵਿਚ ਮਨੁੱਖ ਦੀ ਉੱਤਪਤੀ ਨੂੰ ਮੰਨਦੇ ਹਨ।ਜਿਵੇਂ ਕਿ:- 


"ਉਸ (ਪ੍ਰਭੂ) ਦੀ ਉਸਤੱਤ ਕਰੋ,ਉਸਦੇ ਸਾਰੇ ਦੇਵਤੇ ਉਸਦੀ ਉਸਤੱਤ ਕਰਦੇ ਹਨ, ਸਾਰੇ ਉਸਦੇ ਬਣਾਏ ਹਨ.... ਸਾਰੇ ਉਸ ਦੇ ਹੁਕਮ ਵਿਚ ਹੀ ਬਣੇ ਹਨ" (ਪਲਾਸਮ ੧੪੮:੨-੫)


ਇਸ ਤੋਂ ਛੁੱਟ ਗ੍ਰੇਗੇਰਿਅਨ ਕਲੈਂਡਰ ਵਿਚ ਵਰਤੇ ਗਏ ਕਈਂ ਦਿਨਾਂ ਦੇ ਨਾਮ ਦੇਵਤਿਆਂ ਦੇ ਇਤਹਾਸ ਅਤੇ ਨਾਮਾਂ ਤੇ ਅਧਾਰਤ ਹਨ।ਸਨਡੇ, ਸੂਰਜ ਦਾ ਦਿਨ ਹੈ ਜਿਵੇਂ ਕਿ ਰਵੀਵਾਰ ਸੂਰਜ ਦਾ ਦਿਨ ਹੈ।ਕੀ ਬਾਕੀ ਦਿਨ ਸੂਰਜ ਨਹੀਂ ਹੁੰਦਾ ?  ਐਸੇ ਤਰਕਨੁਮਾਂ ਸਵਾਲ ਬੰਦੇ ਨੂੰ ਵੱਧੇਰੇ ਭੰਭਲ ਭੁਸੇ ਵਿਚ ਪਾਉਂਦੇ ਹਨ  ਅਤੇ ਕੀ ਉਹ ਦਿਨਾਂ ਦੇ ਨਾਮ ਬਦਲਣ ਤਕ ਉਤਾਰੂ ਹੋ ਜਾਏਗਾ ?


(੩) ਇਸਲਾਮ ਵਿਚ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਲਾਮ ਮੁਤਾਬਕ ਦੇਵਤਿਆਂ ਦੀ ਆਪਣੀ ਕੋਈ ਮਰਜ਼ੀ ਨਹੀਂ। ਉਹ ਕੇਵਲ ਅਲਾਹ ਦੇ ਹੁਕਮ ਨੂੰ ਹੀ ਵਜਾਉਂਦੇ ਹਨ।ਜਿਵੇਂ ਕਿ ਮੌਤ ਦਾ ਫਰਿਸ਼ਤਾ 'ਅਜ਼ਰਾਈਲ' ਹੈ। 'ਰੀਦਵਾਨ' ਜੰਨਤ ਦਾ ਦੇਵਤਾ ਹੈ ਅਤੇ 'ਮਾਲਿਕ' ਦੋਜ਼ਖ਼ ਦਾ ਫਰਿਸ਼ਤਾ।


ਇਹ ਵਿਸ਼ਵਾਸ ਉਸ ਵੇਲੇ ਦੇ ਹਨ, ਜਿਸ ਵੇਲੇ ਭਾਰਤੀ ਖੇਤਰ ਵਿਚ ਪਨਪ ਰਹੀ ਸੰਸਕ੍ਰਿਤੀ, ਸਦੂਰ ਪੱਛਮੀ ਖੇਤਰਾਂ ਵਿਚ ਪਨਪ ਰਹੀਆਂ ਸੰਸਕ੍ਰਿਤੀਆਂ ਤੋਂ ਸਰਵਥਾ ਅਣਜਾਨ 
ਸੀ। ਇਸ ਲਈ ਇਹ ਨਹੀਂ ਕਹਿਆ ਜਾ ਸਕਦਾ ਕਿ ਭਾਰਤ ਤੋਂ ਬਾਹਰਲੀਆਂ ਸੰਸਕ੍ਰਿਤਿਆਂ ਦਰਅਸਲ ਹਿੰਦੂ ਸੰਸਕ੍ਰਿਤੀਆਂ ਸਨ, ਜੋ ਕਿ ਕਾਲਾਂਤਰ ਉਸ ਨਾਲੋਂ ਵੱਖ ਹੋ ਗਈਆਂ। ਭਾਰਤ ਵਿਚ ਵੀ ਦੇਵਤਿਆਂ ਦੀ ਹੋਂਦ ਦੇ ਸੂਤਰ ਉਸ ਸਮੇਂ ਦੇ ਹਨ ਜਿਸ ਵੇਲੇ ਹਿੰਦੂ ਧਰਮ ਦਾ ਕੋਈ ਨਿਯੋਜਨ (Planned Existence) ਨਹੀਂ ਸੀ।

ਉਪਰੋਕਤ ਸਥਿਤੀਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਦੇਵਤਿਆਂ ਦੀ ਹੋਂਦ ਬ੍ਰਾਹਮਣ ਦੀ ਦੇਂਣ ਨਹੀਂ ਬਲਕਿ ਇਹ ਵੱਖ-ਵੱਖ ਸੰਸਕ੍ਰਿਤੀਆਂ ਵਿਚ ਉਪਜਿਆ ਲੱਗਭਗ ਇਕੋ ਜਿਹਾ ਪੁਰਾਤਨ ਵਿਚਾਰ ਹੈ ਜਿਸ ਦਾ ਦੁਰਪਿਯੋਗ ਵੀ ਹੋਇਆ। ਠੀਕ ਉਂਝ ਹੀ ਜਿਵੇਂ ਕਿ ਰੱਬ ਦੀ ਹੋਂਦ ਦਾ ਵੀ ਦੁਰਪਿਯੋਗ ਹੁੰਦਾ ਹੈ।

ਗੁਰਬਾਣੀ ਵਿਚ ਦੇਵਤਿਆਂ ਦੀ ਮਾਨਤਾਵਾਂ ਦਾ ਸਦੁਪਿਯੋਗ ਹੋਇਆ ਹੈ। ਜਿਵੇਂ ਕਿ ਅਜ਼ਰਾਈਲ, ਚ੍ਰਿਤਗੁਪਤ ਧਰਮਰਾਜ ਅਤੇ ਯਮਦੂਤ। ਇਸ ਸਦੁਪਿਯੋਗ ਦਾ ਅਰਥ ਦੇਵਤਿਆਂ ਦੀ ਨਿਸ਼ਚਤ ਹੋਂਦ ਨੂੰ ਸਥਾਪਤ ਕਰਨ ਲਈ ਨਹੀਂ, ਬਲਕਿ ਇਲਾਹੀ ਗਿਆਨ ਨੂੰ ਸਮਝਾਉਣ ਲਈ ਹੋਇਆ ਹੈ। ਇਹ ਹੈ ਪਰਾਭੌਤਿਕ ਦੇਵਤਿਆਂ ਪ੍ਰਤੀ ਗੁਰਬਾਣੀ ਵਿਚਲਾ ਨਜ਼ਰੀਆ। ਹੁਣ ਭੌਤਿਕ ਦੇਵਤਿਆਂ ਦੀ ਗਲ ਕਰੀਏ।


ਜਿਵੇਂ ਕਿ ਉੱਪਰ ਵਿਚਾਰ ਆਏ ਹਾਂ, ਹਿੰਦੂ ਮਤ ਅਨੁਸਾਰ ਸੂਰਜ, ਹਵਾ, ਪਾਣੀ, ਅਗਨਿ, ਅੰਨ ਅਤੇ ਚੰਨ ਆਦਿ ਦੇਵਤੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪਰਮਾਤਮਾ ਵਲੋਂ ਸਥਾਪਤ ਦਾਤਾਵਾਂ ਹਨ ਜੋ ਕਿ ਅਤਿਅੰਤ ਲਾਵੇਵੰਧ ਹਨ। ਇਹ ਪਰਮਾਤਮਾ ਦੇ ਭੈਅ ਵਿਚ ਹਨ ਅਤੇ ਜੀਵਨ  ਵਰਗੀ ਸ੍ਰੇਸ਼ਠ ਦਾਤ ਦੀ 'ਉੱਤਪਤੀ' ਅਤੇ ਉਸਦੀ 'ਪ੍ਰਫੁੱਲਤਾ' ਦਾ ਸਾਧਨ ਹਨ। ਜੇ ਕਰ ਇਹ ਪਰਮਾਤਮਾ ਦੇ ਭੈਅ ਵਿਚ ਹਨ ਤਾਂ ਇਸਦਾ ਅਰਥ ਇਹ ਹੋਇਆ ਕਿ ਪਰਮਾਤਮਾ ਦਾ ਭੈਅ ਇਨ੍ਹਾਂ ਅੰਦਰ ਹੈ ਅਤੇ ਇਹ ਉਸ ਦੇ ਹੁਕਮ ਵਿਚ ਹਨ।ਪਰਮਾਤਮਾ ਦੇ ਐਸੇ ਹੁਕਮ ਦਾ ਸਤਿਕਾਰ ਜਾਂ ਸ਼ੁਕਰਾਨਾ ਕੋਣ ਨਹੀਂ ਕਰੇਗਾ


ਏਕੁ ਅਚਾਰੁ ਰੰਗੁ ਇਕ ਰੂਪ॥ਪਉਣ ਪਾਣੀ ਅਗਨੀ ਅਸਰੂਪ॥(ਗੁਰੂ ਗ੍ਰੰਥ ਸਾਹਿਬ ਜੀ , ਪੰਨਾ ੯੩੦)


ਅਸੀਂ ਇਨ੍ਹਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਕੇਵਲ ਇਨ੍ਹਾਂ ਪ੍ਰਤੀ ਕਿਸੇ ਗ਼ੈਰਵਾਜਬ ਦ੍ਰਿਸ਼ਟੀਕੋਂਣ ਨਾਲੋਂ ਅਸਹਿਮਤ ਹੋ ਸਕਦੇ ਹਾਂ।


ਪਰਮਾਤਮਾ ਆਪ ਧਾਰਮਕ ਸੰਸਕ੍ਰਿਤੀਆਂ ਦਾ ਕੇਂਦਰ ਹੈ।ਅਸੀਂ ਇਸ 'ਕੇਂਦਰ' ਤੋਂ ਸਿਰਫ਼ ਇਸ ਲਈ ਮੁਨਕਰ ਨਹੀਂ ਹੋ ਸਕਦੇ ਚੁੱਕਿ ਬ੍ਰਾਹਮਣ ਵੀ ਇਸ ਨੂੰ ਮੰਨਦੇ ਹਨ। ਵੇਖਣ ਨੂੰ ਆਇਆ ਹੈ ਕਿ ਕੁੱਝ ਸੱਜਣਾਂ ਨੇ ਰੱਬ ਦੀ ਪਰਿਭਾਸ਼ਾ ਨੂੰ ਸਿਰਫ ਇਸ ਵਾਸਤੇ ਬਦਲਣ ਦਾ ਜਤਨ ਆਰੰਭਿਆ ਤਾਂ ਕਿ ਉਨ੍ਹਾਂ ਦਾ ਰੱਬ ਹਿੰਦੂ, ਇਸਲਾਮ ਅਤੇ ਈਸਾਈ ਮਤ ਨਾਲੋਂ ਵੱਖਰਾ ਨਜ਼ਰ ਆਏ। ਇਹ ਸੱਜਣ ਸਮਝਦੇ ਹਨ ਕਿ ਨਿਆਰੇ ਹੋਣ ਲਈ ਨਿਆਰਾ ਪਰਮਾਤਮਾ ਘੱੜਨਾ ਜ਼ਰੂਰੀ ਹੈ। ਇਹ ਸਮਝਦੇ ਹਨ ਕਿ ਨਿਆਰੇ ਹੋਣ ਲਈ ਅਕਾਲ ਪੁਰਖ ਨੂੰ, ਸਮੇਂ ਅਤੇ ਕੁਦਰਤ ਦੇ ਪਸਾਰੇ ਤੋਂ ਪਹਿਲਾਂ ਦੀ ਸਥਿਤੀ ਤੋਂ ਹਟਾ ਕੇ, ਕੇਵਲ ਨਾਸ਼ਵਾਨ ਅਤੇ ਕਾਲ ਮਈ ਕੁੱਦਰਤ ਤਕ ਮਹਦੂਦ ਕਰ ਦਿੱਤਾ ਜਾਏ। ਕੀ ਐਸੇ ਜਤਨ ਅਕਲਮੰਦੀ ਹਨ?


ਮੁਹੰਮਦ ਸਾਹਿਬ ਨੇ ਕਿਹਾ ਕਿ;
ਹੇ ਇਨਸਾਨ ਤੇਂਨੂੰ ਸੋਂਣ ਦਾ ਕੋਈ ਹੱਕ ਨਹੀਂ ਅੱਗਰ ਤੇਰਾ ਪੜੋਸੀ ਭੁੱਖਾ ਹੈ ਅਤੇ ਤੂੰ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ, ਉਸਦਾ ਮੇਹਿਨਤਾਨਾ (ਮਜ਼ਦੁਰੀ) ਉਸ ਦੇ ਹਵਾਲੇ ਕਰ ਦੇ! ਕੀ ਇਹ ਗੱਲਾਂ ਗੁਰਮਤਿ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀਆਂ ? ਜੇ ਕਰ ਉਤਰਦੀਆਂ ਹਨ ਤਾਂ ਕਿ ਇਹ ਵਿਚਾਰ ਸਤਿਕਾਰ ਯੋਗ ਨਹੀਂ ? ਕੀ ਐਸੇ ਵਿਚਾਰ ਲਈ 'ਅਖੋਤੀ ਸੱਚ' ਵਰਗਾ ਜੂਮਲਾ ਵਰਤਿਆ ਜਾ ਸਕਦਾ ਹੈ ?


ਹਿੰਦੂ ਸ਼ਾਸਤ੍ਰਾਂ ਵਿਚ ਕਿਸੇ ਥਾਂ ਲਿਖਿਆ ਹੈ 'ਸਤਿਯ ਮੇਵ ਜਯਤੇ' ਭਾਵ ਆਖ਼ਰ ਵਿਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ! ਕੀ ਇਹ ਵਿਚਾਰ ਗੁਰਮਤਿ ਦੀ ਕਸਵਟੀ ਤੇ ਖੋਟਾ ਹੈ ? ਕੀ ਇਹ 'ਅਖੋਤੀ ਸੱਚ' ਹੈ? ਜੇ ਕਰ ਨਹੀਂ ਤਾਂ ਇਸ ਵਿਚਾਰ ਨੂੰ ਗੁਰਮਤਿ ਅਨੁਸਾਰ ਖਰਾ ਕਹਿਣ ਤੋਂ ਸੰਕੋਚ ਕੈਸਾ ?


ਵਾਸਤਵ ਵਿਚ ਜੇ ਕਰ ਅਸੀਂ ਕਿਸੇ ਪੁਸਤਕ ਵਿਚ ਲਿਖੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ, ਤਾਂ ਉਸ ਪੁਸਤਕ ਵਿਚ ਲਿਖੇ ਕਿਸੇ ਸੱਚ ਨੂੰ ਸਹੀ ਸਵੀਕਾਰ ਕਰਨ ਦੀ ਹਿੰਮਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਸੰਕੀਰਣ ਅਤੇ ਬੁਜ਼ਦਿਲ ਸੋਚ ਵਾਲੇ ਐਸੇ ਮਨੁੱਖ ਸਮਝੇ ਜਾਵਾਂ ਗੇ, ਜੋ ਕਿ ਗੁਰਮਤਿ ਦੀ ਕਸਵਟੀ ਲੇ ਕੇ ਵਿਚਰਦੇ ਤਾਂ ਹਨ, ਪਰ ਉਸ ਕਸਵਟੀ ਤੇ ਸਹੀ ਸਾਬਤ ਹੁੰਦੇ ਵਿਚਾਰਾਂ ਨੂੰ ਖਰਾ ਕਰਕੇ ਸਵੀਕਾਰ ਕਰਨ ਤੋਂ ਡਰਦੇ ਹਨ।


ਹਰਦੇਵ ਸਿੰਘ,ਜੰਮੂ-੧੬.੬.੧੪