Tuesday, 18 October 2011

‘ਸਿੱਖ ਰਹਿਤ ਮਰਿਆਦਾ ਬਾਰੇ ਇੱਕ ਸੱਚ’
 
(ਹਰਦੇਵ ਸਿੰਘ ਜੰਮੂ)
 
 


ਸਿੱਖ ਰਹਿਤ ਮਰਿਯਾਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਦੇ ਸਿੱਖ ਇਤਹਾਸ ਦਾ ਇਕ ਅਹਿਮ ਦਸਤਾਵੇਜ਼ ਹੈ। ਇਸ ਧਾਰਨਾ ਦੀ ਲੋੜ ਤੋਂ ਕੋਈ ਵੀ ਸੁਚੇਤ ਧਿਰ ਅਸਹਿਮਤ ਨਜ਼ਰ ਨਹੀਂ ਆਉਂਦਾ।ਇਹ ਸਿੰਘ ਸਭਾ ਲਹਿਰ ਦੀ ਇਕ ਵੱਡੀ ਪ੍ਰਾਪਤੀ ਸੀ।ਹਲਾਂਕਿ ਇਸ ਦਸਤਾਵੇਜ਼ ਦੀ ਸਾਰਿਆਂ ਮੱਧਾਂ ਨੂੰ ਇਕਸਾਰ ਲਾਗੂ ਨਹੀਂ ਕੀਤਾ ਜਾ ਸੱਕਿਆ ਪਰ ਇਸ ਵਾਸਤਵਿਕਤਾ ਦਾ ਦੋਸ਼ ਸਿੱਖ ਰਹਿਤ ਮਰਿਯਾਦਾ ਦੇ ਸਿਰ ਤੇ ਪਾਉਂਣਾ ਉਚਿੱਤ ਨਹੀਂ ਪ੍ਰਤੀਤ ਹੁੰਦਾ।ਇਸ ਵਾਸਤਵਿਕਤਾ ਦਾ ਸਬੰਧ ਬੰਦਿਆਂ ਦੀ ਸੋਚ ਅਤੇ ਕਾਰਜ਼ਸ਼ੈਲੀ  ਦੇ ਵੱਖਰੇਵਿਆਂ ਨਾਲ ਹੈ।ਅੱਜ ਵੀ ਜਾਗਰੂਕ ਤੋਂ ਜਾਗਰੂਕ ਧਿਰ ਵੀ ਮਤਾੰਤਰ ਰੱਖਦੇ ਹਨ।

ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਆਂ ਮੱਧਾਂ ਕਈ ਥਾਂਈ ਗੁਰਮਤਿ ਸਿਧਾਂਤਾਂ ਅਨੁਸਾਰੀ ਨਹੀਂ ਹਨ। ਇਹ ਵਿਚਾਰ ਕਿੱਧਰੇ ਠੀਕ ਵੀ ਹੋ ਸਕਦਾ ਹੈ। ਪਰ ਇਹ ਵਿਚਾਰ ਉਦੋਂ ਇਕ ਵਚਿੱਤਰ ਜਿਹੀ ਸਥਿਤੀ ਉੱਤਪੰਨ ਕਰ ਸਕਦੇ ਹਨ ਜਿਦੋਂ ਸਿਧਾਂਤ ਨਾਲ ਸੰਬਧਤ ਮਰਿਯਾਦਾ ਦੀ ਪੜਚੋਲ ਵੇਲੇ ਸਿਧਾਂਤ ਅਤੇ ਮਰਿਆਦਾ ਵਿਚਲੇ ਸੁਭਾਵਕ ਅੰਤਰ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਜਾਏ।

ਖ਼ੈਰ ਇਸ ਚਰਚਾ ਵਿਚ ਅਸੀਂ ਕੇਵਲ ਉਸ ਵਿਚਾਰ ਤੇ ਵਿਚਾਰ ਕਰਨ ਦਾ ਜਤਨ ਕਰਾਂ ਗੇ ਜਿਸ ਤੇ ਚਲਦੇ ਇਹ ਕਿਹਾ ਜਾਂਦਾ ਹੈ ਕਿ ਸਿੱਖ ਰਹਿਤ ਮਰਿਯਾਦਾ (1945) ਦੇ ਸਿਰਜਨਹਾਰਾਂ ਨੇ ਇਸ ਵਿਚ ਸਮਝੋਤਾਵਾਦੀ ਰੂਖ ਅਪਨਾਉਂਦੇ, ਕਈ ਥਾਂ ਗੁਰਮਤਿ ਸਿਧਾਂਤਾਂ ਨਾਲ ਸਮਝੋਤਾ ਕੀਤਾ, ਤਾਂ ਕਿ ਪਤਾ ਚਲ ਸਕੇ ਕਿ ਕੀ ਇਹ ਵਿਚਾਰ ਔਚਿੱਤਪੂਰਣ ਅਤੇ ਨਿਆਂ ਯੁਕਤ ਹੈ?

  ਸਿੱਖ ਰਹਿਤ ਮਰਿਆਦਾ, ਗੌਰਵਸ਼ਾਲੀ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।ਇਹ ਗਲ ਕਹਿਣੀ ਕਿ ਕਿਸੇ ਕੋਲੋਂ ਅਗਿਆਨਤਾ ਵੱਸ਼ ਕੋਈ ਨਾਸਮਝੀ ਜਾਂ ਭੂੱਲ ਹੋ ਗਈ ਅਲਗ ਗੱਲ ਹੈ ਪਰ ਇਹ ਵਿਚਾਰ ਕਿ ਸਮਝੋਤਾਵਾਦੀ ਨੀਤੀ ਕਾਰਣ  ਉਨ੍ਹਾਂ ਨੇ ਕਈ ਥਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਇਕ ਗੰਭੀਰ ਟਿੱਪਣੀ ਹੀ ਕਹੀ ਜਾ ਸਕਦੀ ਹੈ।ਇਹ ਵੀ ਵਿਚਾਰ ਸੁਣਨ ਨੂੰ ਮਿਲਦਾ ਹੈ ਕਿ 1945 ਤੋਂ ਪਹਿਲਾਂ ਬਹੁਤ ਸਾਰਿਆਂ ਉਹ ਅਹਿਮ ਗਲਾਂ ਨਹੀਂ ਸਨ ਜੋ ਕਿ ਸਿੱਖ ਰਹਿਤ ਮਰਿਆਦਾ ਰਾਹੀਂ ਕੋਮ ਦੇ ਪੱਲੇ ਪਾ ਦਿੱਤੀਆਂ ਗਈਆਂ ਸਨ ।ਇਸ ਸੋਚ ਤੇ ਵੀ ਵਿਚਾਰ ਦੀ ਲੋੜ ਹੈ।

ਸਿੱਖ ਰਹਿਤ ਮਰਿਯਾਦਾ ਦੀ ਬਣਤਰ ਵੇਲੇ ਇਕ ਵਿਵਾਦ ਸਪਸ਼ਟ ਨਜ਼ਰ ਆਉਂਦਾ ਹੈ ਕਿ ਵਿਦਵਾਨਾਂ ਵਿਚਕਾਰ ਰਾਗਮਾਲਾ ਨੂੰ ਲੇ ਕੇ ਅਸਿਹਮਤੀ ਸੀ।ਇਹ ਅਸਹਿਮਤੀ ਉਸ ਵੇਲੇ ਦਿਆਂ ਪੱਤਰ-ਪੱਤਰਕਾਵਾਂ, ਪੁਸਤਕਾਂ ਆਦਿ ਵਿਚ ਖੁੱਲ ਕੇ ਵਿਚਾਰੀ ਗਈ ਮਿਲਦੀ ਹੈ ਅਤੇ ਇਸ ਦੇ ਹੱਲ ਲਈ ਵਿਦਵਾਨ ਸੱਜਣਾ ਦਿਆਂ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਸੀ।ਇਹ ਸਭ ਕੁੱਝ ਲਿਖਤੀ ਰੂਪ ਵਿਚ ਪੜਨ ਨੂੰ ਮਿਲਦਾ ਹੈ।ਪਰ ਇਸ ਤੋਂ ਛੁੱਟ ਹੋਰ ਕਿਸੇ ਵਿਸ਼ੇ ਤੇ ਵਿਦਵਾਨਾਂ ਵਿਚਕਾਰ ਵੱਡਾ ਵਿਵਾਦ ਨਹੀਂ ਸੀ ਕਿਉਂਕਿ ਜੇਕਰ ਹੁੰਦਾ ਤਾਂ ਜੋ ਵਿਦਵਾਨ ਸੱਜਣ ਰਾਗਾਮਾਲਾ ਨੂੰ ਲੇ ਕੇ ਜਨਤਕ ਸੰਵਾਦ ਵਿਚ ਉਲੱਝ ਸਕਦੇ ਸੀ ਉਹ ਭਲਾ ਕਿਸੇ ਹੋਰ ਥਾਂਈ ਖ਼ਾਮੋਸ਼ ਦਰਸ਼ਕ ਕਿਵੇਂ ਬਣੇ ਰਹਿ ਸਕਦੇ ਸੀ?

ਦਾਸ ਪਿੱਛਲੇ ਕੁੱਝ ਸਮੇਂ ਤੋਂ (ਦੋ ਵਰਿਆਂ ਦੇ ਕਰੀਬ) ਕੁੱਝ ਸੱਜਣਾ ਨੂੰ ਮਿਲਿਆ ਅਤੇ ਵਿਚਾਰਕ ਗਲਬਾਤ ਦੌਰਾਨ ਇਹ ਵਿਚਾਰ ਕਈ ਵਾਰ ਸੁਣਨ ਨੂੰ ਮਿਲੇ ਕਿ ਸਿੱਖ ਰਹਿਤ ਮਰਿਆਦਾ ਵਿੱਚ ਨਿਤਨੇਮ ਦਿਆਂ ਬਾਣੀਆਂ ਨਾਲ ਰਚਨਾਵਾਂ ( ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਿਆਂ ਲਿਖਤਾਂ) ਦੀ ਸ਼ੁਮਾਰੀ ਅਤੇ ਅਰਦਾਸ ਦੇ ਮੁੱਖਬੰਧ ਆਦਿ ਵੀ ਸਮਝੋਤਾਵਾਦੀ ਨੀਤੀ ਦਾ ਸਿੱਟਾ ਸਨ।ਇਨ੍ਹਾਂ ਵਿਚਾਰਾਂ ਤੋਂ ਅਣਜਾਣ ਹੋਂਣ ਕਾਰਨ ਦਾਸ ਦੇ ਮਨ ਵਿਚ ਇਹ ਗੱਲ ਜਾਨਣ ਦੀ ਤਲਬ ਜਾਗ੍ਰਤ ਹੋਈ ਕਿ ਕੀ ਸਚਮੁੱਚ ਸਿੰਘ ਸਭਾ ਲਹਿਰ ਦੇ ਆਗੁਆਂ ਨੇ ਖ਼ੁਦ ਇੰਨੀਂ ਵੱਡੀ ਪੱਧਰ ਦੇ ਸਮਝੋਤੇ ਵੀ ਕੀਤੇ ਅਤੇ ਇਤਰਾਜ਼ਾਂ ਦੇ ਬਾ-ਵਜੂਦ, ਬਿਨਾ ਨੋਟਿਸ ਲਏ, ਕੁੱਝ ਗਲਾਂ ਕੋਮ ਦੇ ਪੱਲੇ ਪਾ ਦਿੱਤੀਆਂ? ਕਈ ਸੱਜਣ ਤਾਂ ਉਨ੍ਹਾਂ ਦੀ ਇਸ ਨੀਤੀ ਨੂੰ ਰਾਗਮਾਲਾ ਤੋਂ ਹੱਟ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਬਾਣੀ ਸਵਰੂਪ ਤਕ ਨਾਲ ਜੋੜਦੇ ਵੀ ਮਿਲੇ।ਇਸ ਲਈ ਇਸ ਲਈ ਇਹ ਸਵਾਲ ਦਾਸ ਲਈ ਵਧੇਰੇ ਵਿਚਾਰਣ ਯੋਗ ਹੋ ਉੱਠਿਆ।

ਇਸ ਸਵਾਲ ਦੇ ਅਧਾਰ ਤੇ ਹੀ ਦਾਸ ਨੇ ਕੁੱਝ ਵੈਬ ਸਾਈਟਾਂ ਤੇ ਆਪਣਾ ਬੇਨਤੀ ਰੂਪ ਪੱਤਰ ਲਿਖ ਕੇ, ਵਿਦਵਾਨਾਂ/ਪਾਠਕਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕੀਤਾ ਕਿ ਕੀ ਕਿਸੇ ਪਾਸ, ਇਸ ਬਾਬਤ, ਸਾਂਝੀ ਕਰਨ ਲਈ ਕੋਈ ਲਿਖਤੀ ਜਾਣਕਾਰੀ ਹੈ ਕਿ, ਰਾਗਮਾਲਾ ਵਰਗਾ, ਨਿਤਨੇਮ ਦਿਆਂ ਬਾਹਰੀ ਰਚਨਾਵਾਂ ਜਾਂ ਅਰਦਾਸ ਨਾਲ ਜੁੜਿਆ ਕੋਈ ਵਿਵਾਦ ਸਿੰਘ ਸਭਾ ਲਹਿਰ ਦੇ ਸੁਚੇਤ ਵਿਦਵਾਨਾਂ/ਆਗੂਆਂ ਵਿਚਕਾਰ ਮੋਜੂਦ ਸੀ ? ਪਰ ਇਸ ਬੇਨਤੀ ਤੇ ਦਾਸ ਨੂੰ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇੱਥੋਂ ਤਕ ਕਿ ਐਸਾ ਕਹਿਣ ਵਾਲੇ ਸੱਜਣਾ ਪਾਸ ਵੀ ਇਸ ਬਾਬਤ ਲੋੜਿੰਦੀ ਜਾਣਕਾਰੀ ਨਹੀਂ ਮਿਲੀ।

ਖ਼ੈਰ ਦਿਲਚਸਪੀ ਕਾਰਣ ਇਹ ਤਲਬ ਬਰਕਰਾਰ ਰਹੀ ਕਿ ਆਪਣੀ ਗੌਰਵਸ਼ਾਲੀ ਸੁਧਾਰ ਲਹਿਰ ਬਾਰੇ ਐਸੇ ਕਿੰਤੂ ਦੀ ਪੜਚੋਲ ਕੀਤੀ ਜਾਏ।ਵਿਚਾਰ ਕੀਤਾ ਕਿ ਇਹ ਕੋਸ਼ਿਸ਼ ਸ਼ੁਰੂ ਕਿੱਥੋਂ ਕੀਤੀ ਜਾਏ ਤਾਂ ਜ਼ਹਿਨ ਵਿਚ ਇਕ ਸ਼ਖਸੀਅਤ ਦਾ ਨਾਮ ਉੱਭਰ ਕੇ ਸ੍ਹਾਮਣੇ ਆਇਆ ਜੋ ਕਿ ਸਿੰਘ ਸਭਾ ਲਹਿਰ ਦੇ ਮੋਢੀ ਦਲ ਦੇ ਆਗੁਆਂ ਵਿੱਚੋ ਇਕ ਸੀ।ਇਹ ਸਨ ਭਾਈ ਕਾਨ ਸਿੰਘ ਜੀ ਨਾਭਾ!

ਅਸੀਂ ਜਾਣਦੇ ਹਾਂ ਕਿ ਜਿੱਥੇ ਇਕ ਪਾਸੇ ਭਾਈ ਦਿੱਤ ਸਿੰਘ ਜੀ ਅਤੇ ਭਾਈ ਗੁਰਮੁੱਖ ਸਿੰਘ ਜੀ ਵਰਗੇ ਮੋਢੀ ਆਗੂ ਸਿੱਖਾਂ ਅੰਦਰ, ਸਮਾਜਕ ਪੱਧਰ ਤੇ ਧਾਰਮਕ ਸੁਧਾਰਾਂ ਅਤੇ ਸਿੱਖਿਆ ਦੇ ਵਿਸਤਾਰ ਨਾਲ ਦ੍ਰਿੜਤਾ ਪੁਰਵਕ ਜੁੜੇ ਸੀ ਉੱਥੇ,  ਨਾਲ ਹੀ ਦੂਜੇ ਪਾਸੇ, ਭਾਈ ਕਾਨ ਸਿੰਘ ਜੀ ਨਾਭਾ ਨੇ ਸਮੁੱਚੀ ‘ਲਹਿਰ ਦੇ ਲੇਖਕ’ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਈ ਸੀ।ਪਾਠਕਾਂ ਦੀ ਦਿਲਚਸਪੀ ਲਈ ਇਹ ਦੱਸ ਦਿਆਂ ਕਿ 15 ਸਾਲ ਦੀ ਮਹਿਨਤ ਉਪਰੰਤ 1930 ਵਿਚ ਪਹਿਲੀ ਵਾਰ ਛੱਪੇ ਮਹਾਨ ਕੋਸ਼ ਦੀ ਛੱਪਵਾਈ ਲਾਗਤ ਉਸ ਵੇਲੇ 51000 ਰੁਪੈ ਸੀ ਜੋ ਕਿ 5 ਸਾਲਾਂ ਦੁੱਗਣੇ ਦੇ ਹਿਸਾਬ ਨਾਲ ਅੱਜ ਦੇ 327 ਕਰੋੜ,68 ਲੱਖ ਦੇ ਕਰੀਬ ਬਣਦੀ ਹੈ। ਇੰਨੀ ਰਕਮ ਅੱਜ ਕਿਸੇ ਨੂੰ ਵੱਡਾ ਲਾਲਚ ਦੇ ਕੇ ਵੀ ਇੱਕਠੀ ਕਰਨੀ ਔਖੀ ਹੈ।ਖ਼ੈਰ ਇਹ ਆਂਕੜਾ ਉਨ੍ਹਾਂ ਦੇ ਕੰਮ ਦੇ ਮੁੱਲ ਦੀ ਕਸਵਟੀ ਨਹੀਂ!

ਚੂੰਕਿ ਭਾਈ ਕਾਨ ਸਿੰਘ ਜੀ ਨੇ ਸਿੱਖ ਰਹਿਤ ਮਰਿਆਦਾ 1945 ਤੋਂ ਲਗਭਗ 50 ਸਾਲ ਪਹਿਲਾਂ ਹੀ ਗੁਰਮਤਿ ਸਿਧਾਂਤਾਂ ਬਾਰੇ ਵਿਸਤਾਰ ਵਿਚ ਲਿਖਿਆ ਸੀ, ਇਸ ਲਈ ਇਹ ਵਿਚਾਰ ਹੋਰ ਪ੍ਰਭਲ ਹੋ ਉੱਠਿਆ ਕਿ ਉਸ ਵਿਦਵਾਨ ਲੇਖਕ ਜੀ ਦੇ ਕੰਮ ਤੋਂ ਹੀ ਮੌਜੂਦਾ ਸਿੱਖ ਰਹਿਤ ਮਰਿਆਦਾ ਬਾਰੇ ਪ੍ਰਚਾਰੇ ਜਾ ਰਹੇ ਕਥਿਤ ਸਮਝੋਤਾਵਾਦ ਨੂੰ ਪਰਖਿਆ ਜਾਏ।ਸੁਭਾਵਕ ਜਿਹੀ ਗਲ ਹੈ ਕਿ ਭਾਈ ਸਾਹਿਬ ਜੀ ਵਰਗੇ ਵਿਦਵਾਨ (ਜੋ ਕਿ 1939 ਵਿਚ ਅਕਾਲ ਚਲਾਣਾ ਕਰ ਗਏ ਸੀ) ਜੀ ਦਿਆਂ ਉਨ੍ਹਾਂ ਲਿਖਤਾਂ ਨੂੰ ਵਿਚਾਰਣ ਦੀ ਲੋੜ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਬਾਰੇ ਪਹਿਲੀ ਅਤੇ ਆਖ਼ਰੀ ਮੀਟਿੰਗ ਤੋਂ ਦਹਾਕਿਆਂ ਪਹਿਲਾਂ ਲਿਖਿਆਂ ਗਈਆਂ ਸਨ ਅਤੇ ਜਿਨ੍ਹਾਂ ਵਿਚ ਸਿੱਖ ਰਹਿਣੀ ਦੇ ਕਈ ਪੱਖਾਂ ਬਾਰੇ ਜਾਣਕਾਰੀ ਵਿਚਾਰੀ ਅਤੇ ਦਰਜ਼ ਕੀਤੀ ਗਈ ਸੀ।

ਕੀ ਭਾਈ ਸਾਹਿਬ ਨੂੰ ਪ੍ਰਚਲਤ ਸਿੱਖ ਰਸਮਾਂ ਦਾ ਕੋਈ ਗਿਆਨ ਨਹੀਂ ਸੀ ਜਾਂ ਫ਼ਿਰ ਉਨ੍ਹਾਂ ਦੇ ਅਗਿਆਨ ਬਾਰੇ ਭਾਈ ਦਿੱਤ ਸਿੰਘ ਅਤੇ ਪ੍ਰਿ. ਸ. ਤੇਜਾ ਸਿੰਘ, ਗੁਰਮੁਖ ਸਿੰਘ, ਸ. ਜਵਾਹਰ ਸਿੰਘ ਆਦਿ ਵਿਦਵਾਨ ਵੀ ਅਗਿਆਨੀ ਜਾਂ ਸਮਝੋਤਾਵਾਦੀ ਸਨ? ਇਹ ਸਵਾਲ ਉਚੇਚੇ ਧਿਆਨ ਅਤੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।

ਧਿਆਨ ਕਰਨਾ ਕਿ ਖੰਡੇ ਦੇ ਅੰਮ੍ਰਿਤ ਦੀ ਰਸਮ, ਬਾਣੀਆਂ ਅਤੇ ਰਚਨਾਵਾਂ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਿਆਂ ਲਿਖਤਾਂ), ਆੰਨਦ ਕਾਰਜ, ਅਰਦਾਸ, ਵਾਕ ਲੇਂਣ ਦੇ ਤਰੀਕੇ ਆਦਿ ਤੋਂ ਲੇ ਕੇ ਕਈ ਹੋਰ ਵਿਸ਼ੇਆਂ ਬਾਰੇ ਭਾਈ ਕਾਨ ਸਿੰਘ ਜੀ ਨਾਭਾ ਰਹਿਤ ਮਰਿਆਦਾ ਬਣਨ ਤੋਂ 50 ਸਾਲ ਪਹਿਲਾਂ ਤੋਂ ਹੀ ਠੀਕ ਉਹੀ ਕੁੱਝ ਲਿਖ ਰਹੇ ਸੀ ਜੋ ਕਿ 1945 ਦੀ ਰਹਿਤ ਮਰਿਆਦਾ ਵਿਚ ਦਰਜ ਕੀਤਾ ਗਿਆ।ਰਾਗਮਾਲਾ ਬਾਰੇ ਉਹ ਅਸਿਹਮਤ ਸੀ ਪਰ ਉਸ  ਦੇ ਵਿਵਾਦ ਨੂੰ ਉਨਾਂ ਨਾ ਖਿੱਚਣ ਦਾ ਵਾਸਤਾ ਪਾਉਂਦੇ ਪੰਥ ਦਰਦਿਆਂ ਨੂੰ ‘ਰਾਗਮਾਲਾ ਦੀ ਤਾਨ’ ਛੱਡ ਹੋਰ ਸੁਧਾਰ ਕੰਮਾਂ ਵੱਲ ਧਿਆਨ ਦੇਂਣ ਦੀ ਲਿਖਤੀ ਬੇਨਤੀ ਕੀਤੀ ਸੀ।(ਇਹ ਭਾਈ ਸਾਹਿਬ ਜੀ ਵਰਗੀ ਅਸਹਿਮਤ ਸੋਚ ਹੀ ਸੀ ਜਿਸਦਾ ਨੋਟਿਸ ਲੇਂਦੇ, ਰਾਗਮਾਲਾ ਨੂੰ ਬਾਣੀ ਦੇ ‘ਕਥਿਤ ਦਰਜੇ’ ਤੋਂ ਹੇਠ ਉਤਾਰਿਆ ਗਿਆ ਸੀ।ਉਹ ਸੋਚ ਜੇਕਰ ਕਿੱਧਰੇ ਪੁਰੀ ਜੇਤੂ ਨਹੀਂ ਮੰਨੀ ਜਾਂਦੀ ਤਾਂ ਨਿਰਸੰਦੇਹ ਉਹ ਹਾਰੀ ਵੀ ਨਹੀਂ ਸੀ।‘ਰਾਗਮਾਲਾ ਬਾਣੀ ਨਹੀਂ’ ਇਸ ਦਾ ਨਿਰਨਾ ਰਹਿਤ ਮਰਿਆਦਾ ਵਿਚ ਭਾਈ ਸਾਹਿਬ ਜੀ ਦੀ ਅਸਹਿਮਤੀ ਕਾਰਣ ਹੀ ਮੌਜੂਦ ਹੈ )

ਜਾਂ ਤਾ ਇਹ ਕਿਹਾ ਜਾਏ ਕਿ ਇਨ੍ਹਾਂ ਸਾਰਿਆਂ ਵਿਦਵਾਨਾਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਗਿਆਨ ਨਹੀਂ ਸੀ ਤਾਂ ਗਲ ਵੱਖਰੀ ਹੈ ਪਰ ਇਹ ਵਿਚਾਰ ਕਿ ਉੱਪਰ ਲਿਖੇ ਮੁੱਧਿਆਂ ਬਾਰੇ 1945 ਵਿਚ ਅੰਦਰ ਖ਼ਾਨੇ ਸਮਝੋਤੇ ਹੋਏ ਸੀ ਔਚਿੱਤਪੁਰਣ ਅਤੇ ਨਿਆਂ ਯੁਕਤ ਪ੍ਰਤੀਤ ਨਹੀਂ ਹੁੰਦਾ ਹੈ।

ਵਾਸਤਵਿਕਤਾ ਇਹ ਹੈ ਕਿ ਅੱਜ ਤੋਂ 150 ਸਾਲ ਪਹਿਲਾਂ (ਜਿਸ ਵੇਲੇ ਭਾਈ ਕਾਨ ਸਿੰਘ ਜੀ ਦਾ ਜਨਮ ਹੋਇਆ ਸੀ) ਤਕ ਉੱਪਰ ਲਿਖਿਆਂ ਰਸਮਾਂ ਵਰਤੋਂ ਵਿਚ ਸਨ, ਜਿਨ੍ਹਾਂ ਨੂੰ ਜਵਾਨੀ ਵਿੱਚ ਕਦਮ ਰੱਖਦੇ ਭਾਈ ਸਾਹਿਬ ਨੇ ਵਾਚਿਆ ਸੀ ਅਤੇ ਲਗਭਗ 25 ਸਾਲ ਦੀ ਉਮਰ ਵਿਚ ਕਲਮਬੱਧ ਕਰਨਾ ਆਰੰਭਿਆ ਸੀ।ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਪ੍ਰਚਲਤ ਕਈ ਪ੍ਰਕਾਰ ਦੀ ਮਨਮਤਾਂ ਵੀ ਸਨ ਜਿਨ੍ਹਾਂ ਨੂੰ ਵੀ ਭਾਈ ਸਾਹਿਬ ਜੀ ਨੇ ਬੇਹਿੱਚਕ ਆਪਣੀਆਂ ਪੁਸਤਕਾਂ ਵਿਚ ਨਖਿੱਦਦ ਹੋਏੇ, ਕਈ ਹੋਰ ਪੁਰਾਤਨ ਲਿਖਤਾਂ (ਗੁਰ ਬਿਲਾਸ 6 ਆਦਿ) ਵਿਚ ਦਰਜ਼ ਅਸਿਧਾਂਤਕ ਗਲਾਂ ਦੀ ਪੋਲ ਵੀ ਖੋਲੀ ਸੀ।ਪਰ ਗੁਰਮਤਿ ਨੂੰ ਸਮਰਪਿਤ ਭਾਈ ਸਾਹਿਬ ਸਮੇਤ ਸੁਚੇਤ ਹੋਰ ਸਾਮਕਾਲੀ ਆਗੂ ਵਿਦਵਾਨਾਂ ਨੇ ਕਿਵੇਂ ‘ਲੇ’ ‘ਦੇ’ ਕੇ ਸਿਧਾਂਤਕ ਸਮਝੋਤੇ ਕਰ ਲਏ? ਕੀ ਉਹ ਕਿਸੇ ਦੀ ਚਾਲ ਅੱਗੇ ਚੁੱਪ ਰਹਿਣ ਵਾਲਿਆਂ ਵਿੱਚੋਂ ਸਨ?

ਜੇ ਕਰ ਨਹੀਂ, ਤਾਂ ਫ਼ਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਨਿਤਨੇਮ ਦਿਆਂ ਲਿਖਤਾਂ ਅਤੇ ਅਰਦਾਸ ਦੀ ਆਰੰਭਕ ਸ਼ਬਦਾਵਲੀ ਆਦਿ ਗਲਾਂ ਅੰਦਰ ਖ਼ਾਨੇ ਹੋਏ ਸਮਝੋਤਾਵਾਦ ਦਾ ਸਿੱਟਾ ਸਨ? ਧਿਆਨ ਵਿਚ ਰੱਖੀਏ ਕਿ ਦਰਬਾਰ ਸਾਹਿਬ ਵਿਚੋਂ ਮੂਰਤਿਆਂ ਚੁੱਕਵਾਉਂਣ ਦੇ ਫ਼ੈਸਲੇ ਤੋਂ ਪਹਿਲਾਂ , ਸਰਕਾਰੀ ਤੰਤਰ ਨੇ ਭਾਈ ਕਾਨ ਸਿੰਘ ਜੀ ਤੋਂ ਹੀ ਇਸ ਬਾਬਤ ਗੁਰਮਤਿ ਸਿਧਾਂਤ ਦੀ ਵਿਆਖਿਆ ਤਲਬ ਕੀਤੀ ਸੀ ਅਤੇ ਭਾਈ ਸਾਹਿਬ ਜੀ ਦੇ ਲਿਖਤੀ ਜਵਾਬ ਦੇ ਬਾਦ ਹੀ ਪ੍ਰਸ਼ਾਸਨ ਨੇ ਮੂਰਤਿਆਂ ਚੁੱਕਵਾਉਂਣ ਵਿਚ ਸਹਿਯੋਗ ਕਰਨ ਦਾ ਨਿਰਨਾ ਲਿਆ ਸੀ।ਐਸੇ ਵਿਦਵਾਨ ਕੋਈ ਗਲਤੀ ਖਾ ਵੀ ਸਕਦੇ  ਹਨ ਪਰ ਇਹ ਮੁਮਕਿਨ ਨਹੀਂ ਜਾਪਦਾ ਕਿ ਉਹ ਖੰਡੇ ਦੇ ਅੰਮ੍ਰਿਤ, ਨਿਤਨੇਮ, ਅਰਦਾਸ ਆਦਿ ਵਰਗੇ ਮਰਿਆਦਤ ਵਿਸ਼ਿਆਂ ਤੇ ਕਿਸੇ ਨਾਲ ‘ਹੋਲਸੇਲ’ ਸਮਝੋਤਾ ਕਰ ਸਕਦੇ ਹਨ।

ਇਹ ਵੀ ਧਿਆਨ ਦੇਂਣ ਦੀ ਲੋੜ ਹੈ ਕਿ ਭਾਈ ਸਾਹਿਬ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਲਗਭਗ 150 ਸਾਲ ਬਾਦ ਹੋਇਆ ਸੀ ਅਤੇ ਇਹ ਸਮਾਂ 1708 ਤੋਂ 2011 ਦੇ ਵਿਚਕਾਰ ਦਾ ਬਣਦਾ ਹੈ।ਅਸੀਂ ਕੁਝ ਮਾਮਲਿਆਂ ਬਾਰੇ ਚਸ਼ਮਦੀਦ ਤਾਂ ਨਹੀਂ ਹੋ ਸਕਦੇ ਪਰ ਕਿਸੇ ਤੱਥ ਦੀ ਪੜਚੋਲ ਬਾਰੇ 1861 ਅਤੇ 2011 ਵਿਚਲੇ 150 ਸਾਲ ਦੇ ਸਮੇਂ ਨੂੰ ਅਧਾਰ ਤਾਂ ਬਣਾ ਸਕਦੇ ਹਾਂ ਤਾਂਕੀ ਕੁੱਝ ਵਿਸ਼ਿਆ ਤੇ ਰੋਸ਼ਨੀ ਪੇ ਸਕੇ।ਮਿਸਾਲ ਦੇ ਤੋਰ ਤੇ 1708 ਤੋਂ ਬਾਦ ਦੇ ਸਮੇਂ ਦਿਆਂ ਮਿਲਦਿਆਂ ਬੀੜਾਂ ਵਿਚਕਾਰ ਕਈ ਅੰਤਰ-ਭੇਦ ਨਜ਼ਰ ਤਾਂ ਆਉਂਦੇ ਹਨ ਪਰ ਐਸੇ ਸਵਰੂਪ ਨਹੀਂ ਮਿਲਦੇ ਜਿਨਾਂ ਵਿੱਚ ਮੁੰਦਾਵਣੀ ਤੋਂ ਬਾਦ ਨਿਤਨੇਮ ਦਿਆਂ ਰਚਨਾਵਾਂ ਦਰਜ ਕੀਤੀਆਂ ਗਈਆਂ ਹੋਣ।ਜੇਕਰ 1708 ਤੋਂ ਪਹਿਲੇ ਦਾ ਸਮਾਂ ਵੀ ਵਿਚਾਰੀਏ ਤਾਂ ਉਸ ਵੇਲੇ ਦਿਆਂ ਲਿਖਤੀ ਬੀੜਾਂ ਵਿਚਕਾਰ ਵੀ ਅੰਤਰ-ਭੇਦ ਮਿਲਦੇ ਹਨ ਜੋ ਕਿ ਗੁਰੂਆਂ ਦੀ ਰਹਬਰੀ ਦਾ ਸਮਾਂ ਸੀ।ਜਾਹਰ ਹੈ ਕੁੱਝ ਸੁਭਾਵਕ ਗਲਾਂ ਨੂੰ ਗੁਰੂਆਂ ਵੇਲੇ ਵੀ ਵਿਵਾਦਤ ਮੁੱਧਾ ਨਹੀਂ ਸੀ ਬਣਾਇਆ ਜਾਂਦਾ।

ਹੁਣ ਜੇਕਰ 1708 ਤੋਂ ਬਾਦ ਸੁੱਖਧਾਰਾ ਦੇ ਸਿੱਖਾਂ ਦਾ ਜੰਗਲਵਾਸ ਵੀ ਮੰਨਿਆਂ ਜਾਏ ਤਾਂ ਇਸ ਸਵਾਲ ਤੇ ਵਿਚਾਰ ਦੀ ਲੋੜ ਹੈ ਕਿ ਉਸ ਸਮੇਂ ਕਿਸ ਚੀਜ਼ ਨੇ ਗੁਰਮਤਿ ਵਿਰੋਧੀ ਤਾਕਤਾਂ ਨੂੰ ਰੋਕਿਆ ਹੋਵੇਗਾ ਕਿ ਉਹ ਤਾਕਤਾਂ ਬੀੜਾਂ ਦੇ ਵਿਚ ਨਿਤਨੇਮ ਦਿਆਂ ਬਾਹਰੀ ਰਚਨਾਵਾਂ ਦਰਜ ਨਹੀਂ ਕਰ ਸੱਕਿਆਂ? ਇਸ ਸਵਾਲ ਦੇ ਜਵਾਬ ਵਿਚ ਇਸ ਤੱਥ ਨੂੰ ਵਿਚਾਰਣ ਦੀ ਲੋੜ ਹੈ ਕਿ ਜੰਗਲਵਾਸ ਦੀ ਹਾਲਤ ਵਿਚ ਵੀ ਬਾਹਰ ਉਹ ਸੁਚੇਤ ਵਰਗ ਮੌਜੂਦ ਸੀ ਜਿਸ ਨੂੰ ਬੀੜਾਂ ਵਿਚ ਨਿਤਨੇਮ ਦਿਆਂ ਬਾਹਰੀ ਰਚਨਾਵਾਂ ਦੇ ਦਾਖ਼ਿਲੇ ਕਰ ਵਰਗਲਾਇਆ ਨਹੀਂ ਸੀ ਜਾ ਸਕਦਾ।ਅਗਰ ਐਸਾ ਮੁੰਮਕਿਨ ਹੁੰਦਾ ਤਾਂ ਬੀੜਾਂ ਦੇ ਅੰਦਰ ਹੀ ਪਾਤਿਸ਼ਾਹੀ 10 ਦੇ ਨਾਮ ਹੇਠ ਲਿਖਤਾਂ ਦਰਜ ਕਰ ਦਿੱਤੀਆਂ ਜਾਂਦੀਆਂ।ਫ਼ਿਰ ਜੰਗਲ ਵਾਸ ਵੀ ਕੋਈ ਐਸੀ ਸਥਿਤੀ ਨਹੀਂ ਸੀ ਕਿ ਸਿੱਖਾਂ ਦਾ ਅਬਾਦੀ ਤੋਂ ਸੰਪੁਰਣ ਤੌਰ ਤੇ ਕੋਈ ਸੰਪਰਕ ਨਹੀਂ ਸੀ। ਸਾਰਿਆਂ ਗਲਾਂ ਨੂੰ ਸਿੱਖਾਂ ਦੇ ਗਲ ਰਾਤੋ-ਰਾਤ ਪਾਉਂਣਾ ਸੋਖਾ ਕੰਮ ਨਹੀਂ ਸੀ ਹੋ ਸਕਦਾ।

ਵਾਸਤਵ ਵਿਚ 1708 ਤੋਂ ਬਾਦ ਸਿੱਖ ਸੁਚੇਤਤਾ ਨਾ ਤਾਂ ਕਦੇ 100% ਹੋਈ ਸੀ ਅਤੇ ਨਾ ਹੀ ਕਦੇ 0%. ਐਸਾ ਹੁੰਦਾ ਤਾਂ ਜਾਂ ਤਾਂ ਸਿੱਖੀ 100% ਹੁੰਦੀ ਜਾਂ ਫ਼ਿਰ 0% ਅਤੇ ਕੁੱਝ ਨਾ ਬੱਚਦਾ।ਦਰਅਸਲ ਇਹ ਕਿੱਧਰੇ ‘ਵਿਚਕਾਰ ਤੋਂ ਹੇਠ’ ਦੀ ਸਥਿਤੀ ਸੀ ਜਿਸ ਵਿਚ ਬਹੁਤ ਕੁੱਝ ਗਲਤ ਤਾਂ ਸੀ ਪਰ ਸਭਕੁੱਝ ਬਰਬਾਦ ਨਹੀਂ! ਅਸੀਂ ਵੇਖ ਸਕਦੇ ਹਾਂ ਕਿ ਸਿੰਘ ਸਭਾ ਲਹਿਰ ਵੀ ਸਿਫ਼ਰ (ਜ਼ੀਰੋ) ਤੋਂ ਨਹੀਂ ਸੀ ਉੱਠੀ, ਬਲਕਿ ਉਸ ਦੇ ਉੱਠਣ ਦੇ ਅਧਾਰ ਬੀਜ, ਸਿੱਖ ਮਾਨਸਿਕਤਾ ਵਿਚ ਪਿੱਛੋਂ ਦੀ ਹੀ ਤੁਰਦੇ ਟਿੱਕੇ ਹੋਏ ਸੀ ਜੋ ਕਿ ਸਮਾਂ ਪਾ ਕੇ ਪੁੰਗਰੇ ਸਨ।ਵਿਚਾਰਣ ਯੋਗ ਗਲ ਹੈ ਕਿ ਜਿਸ ਮਾਨਸਿਕਤਾ ਨੇ ‘ਹਮ ਹਿੰਦੂ ਨਹੀਂ’ ਕਹਿ ਕੇ  ਆਪਣੀ ਵੱਖਰੀ ਹੋਂਦ ਦਰਸਾਈ, ਮੁਰਤੀਆਂ ਚੁੱਕਵਾਈਆਂ, ਬਾਣੀ ਸਵਰੂਪ ਚੋਂ ਫ਼ਾਲਤੂ ਰਚਨਾਵਾਂ ਬਾਹਰ ਤਾਂ ਕੱਢੀਆਂ ਪਰ ਉਸ ਨੇ ਖੰਡੇ ਦੇ ਅੰਮ੍ਰਿਤ, ਨਿਤਨੇਮ ਦਿਆਂ ਲਿਖਤਾਂ ਅਤੇ ਅਰਦਾਸ ਵਰਗੀਆਂ ਰਸਮਾਂ/ਗਲਾਂ ਕਿਵੇਂ ਕਬੂਲ ਕਰ ਲਈਆਂ ? ਅੰਦਰ ਖ਼ਾਨੇ ਸਮਝੋਤੇ ਰਾਹੀਂ? ਅਗਰ ਨਹੀਂ ਤਾਂ ਇਹ ਕੰਮ ਕੇਵਲ ਉਹੀ ਵਿਦਵਾਨ ਨਹੀਂ ਸੀ ਕਰ ਸਕਦੇ ਸਨ ਜਿਨ੍ਹਾਂ ਨੂੰ ਸਿੱਖੀ ਸਿਧਾਂਤਾ ਅਤੇ ਮਰਿਆਦਾ ਬਾਰੇ ਜ਼ੀਰੋ ਗਿਆਨ ਸੀ ? ਉਹ ਵਿਦਵਾਨ ਕੋਂਣ ਸਨ?

  ਮਰਿਆਦਾ ਦਾ ਲਾਗੂ ਹੋਣਾ ਜਾਂ ਨਾ ਹੋਣਾ ਵੱਖਰੀ ਗਲ ਹੈ ਪਰ ਇਹ ਤੱਥ ਹੀ ਹੈ ਕਿ 1890 ਤੋਂ 2011 ਵਿਚਕਾਰ ਦੇ 121 ਸਾਲਾ ਸਮੇਂ ਵਿਚ ਅਮ੍ਰਿਤ ਸੰਸਕਾਰ,ਅਰਦਾਸ,ਆਨੰਦ ਕਾਰਜ,ਨਾਮਕਰਨ ਅਤੇ ਨਿਤਨੇਮ ਦਿਆਂ ਬਾਣਿਆਂ ਅਤੇ ਲਿਖਤਾਂ ਬਾਰੇ ਕੋਈ ਐਸਾ ਬਦਲਾਵ ਨਹੀਂ ਆਇਆ ਜਿਸ ਤੋਂ ਸੁਚੇਤ ਵਰਗ ਅਣਜਾਣ ਰਹਿ ਗਿਆ ਹੋਵੇ ਜਾਂ ਉੇਸ ਵਰਗ ਨੇ ਉਸ ਨੂੰ ਬਿਨ੍ਹਾਂ ਵਿਰੋਧ ਕਬੂਲ ਕਰ ਲਿਆ ਹੋਵੇ।ਇਸੇ ਪਰਿਪੇਖ ਵਿਚ 1708 ਤੋਂ 1861 ਦੇ 150 ਸਾਲਾ ਪਿੱਛਲੇ ਅੰਤਰਾਲ ਨੂੰ ਵਿਚਾਰਣ ਦੀ ਲੋੜ ਹੈ ਜਿਸ ਵਿਚੋਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਬਚੇ ਸਮਕਾਲੀ ਸੁਚੇਤ ਸਿੱਖਾਂ ਦੇ ਜੀਵਨ ਕਾਲ ਦੇ ਸਮੇਂ ਨੂੰ ਨਫ਼ੀ ਕੀਤਾ ਜਾਏ ਤਾਂ ਇਹ ਸਮਾਂ 125 ਕੁ ਸਾਲ ਦਾ ਬਣਦਾ ਹੈ।ਲਗਭਗ ਉਨ੍ਹਾਂ ਹੀ ਜਿਨਾਂ ਕਿ ਅਸੀਂ 1890 ਤੋਂ (ਭਾਈ ਕਾਨ ਸਿੰਘ ਨਾਭਾ ਦੀ ਲਿਖਤਾਂ ਦਾ ਦਹਾਕਾ) ਹੁਣ ਤਕ ਤੈਅ ਕਰ ਆਏ ਹਾਂ।

ਕਿਸੇ ਥਾਂ ਕਿਸੇ ਮੁਗਾਲਤੇ ਦੀ ਗਲ ਵੱਖਰੀ ਹੁੰਦੀ ਹੈ ਪਰ ਆਪਣੇ ਵਿਚਾਰਾਂ ਨੂੰ ਸਥਾਪਤ ਕਰਨ ਲਈ ਇਹ ਤੱਥ ਵਹੀਣ ਵਿਚਾਰ ਯੋਗ ਨਹੀਂ ਜਾਪਦਾ ਕਿ ਸਿੰਘ ਸਭਾ ਲਹਿਰ ਦੇ ਆਗੂ ਸਮਝੋਤਾਵਾਦ ਦੇ ਚਲਦੇ ਕੋਮ ਦੇ ਗਲ ਮਨਮਤਾਂ ਦਾ ਪਿਟਾਰਾ ਪਾ ਗਏ।ਤੱਥ ਇਹ ਹੈ ਕਿ ਸਿੰਘ ਸਭਾ ਲਹਿਰ ਦੇ ਭਾਈ ਕਾਨ ਸਿੰਘ ਜੀ ਵਰਗੇ ਮੋਢੀ ਵਿਦਵਾਨ ਲੇਖਕਾਂ ਅਤੇ ਆਗੁਆਂ ਦੇ ਵਿਚਾਰਾਂ ਵਿਚ ਆਈ ਗੁਰਮਤਿ ਦੀ ਸਮਝ ਨੇ ਹੀ ਸਿੱਖ ਰਹਿਤ ਮਰਿਆਦਾ ਦਾ ਰੂਪ ਇਖ਼ਤਿਆਰ ਕੀਤਾ ਸੀ। ਉਹ ਬਾਹਰੀ ਦਬਾਉ ਵਿਚ ਆਉਂਣ ਵਾਲਿਆਂ ਵਿਚੋਂ ਨਹੀਂ ਸਨ।ਜੇ ਕੋਈ ਹੁੰਦਾ ਵੀ ਤਾਂ ਹਾਅ ਦਾ ਨਾਰਾ ਮਾਰਨ ਵਾਲੇ ਵੀ ਕਈ ਹੁੰਦੇ।ਇਹ ਸਿੱਖ ਰਹਿਤ ਮਰਿਆਦਾ ਨਾਲ ਜੁੜਿਆ ਇਕ ਸੱਚ ਹੈ!

ਉਨ੍ਹਾਂ ਦੇ ਉਪਰਾਲਿਆਂ ਨੂੰ ਜੇਕਰ ਕਿਸੇ ਨੇ ਨਹੀਂ ਕਬੂਲ ਕੀਤਾ ਤਾਂ ਇਸ ਵਿਚ ਅਸਫ਼ਲਤਾ ਉਨ੍ਹਾਂ ਦੀ ਨਹੀਂ ਬਲਕਿ ਉਸ ਸਮਾਜ ਦੀ ਹੈ ਜੋ ਕਦੇ ਵੀ 100% ਸਹਿਮਤ ਨਹੀਂ ਹੁੰਦਾ ਅਤੇ ਨਿਰੰਤਰ ਬਦਲਦਾ ਰਹਿੰਦਾ ਹੈ।ਇਹ ਕੁਦਰਤ ਹੈ ਜਿਸ ਦੇ ਚਲਦੇ ਗੁਰੂਆਂ ਵਲੋਂ ਆਪ ਸਥਾਪਤ 238 ਸਾਲਾ (1469 ਤੋਂ 1708) ਮਜ਼ਬੂਤ ਪ੍ਰਬੰਧ ਵੀ ਉਨਾਂ ਬਾਦ ਕਈ ਪੱਖੋਂ ਲਾਗੂ ਨਹੀਂ ਰਹਿ ਪਾਇਆ।ਗੁਰਮਤਿ ਅਤੇ ਮਨਮਤਿ ਦਾ ਸੰਘਰਸ਼ ਕਿਸੇ ਯੱਕਮੂਸ਼ਤ ਵਿਵਸਥਾ ਰਾਹੀਂ ਨਹੀਂ ਖ਼ਤਮ ਹੋ ਸਕਦਾ।ਇਸ ਨੇ ਚਲਦੇ ਰਹਿਣਾ ਹੈ।ਸਾਡੇ ਉਪਰਾਲੇ ਸਾਡੇ ਨਾਲ ਹੀ ਹਨ ਅਤੇ ਉਸ ਤੋਂ ਬਾਦ, ਉਨ੍ਹਾਂ ਦੀ ਸਫ਼ਲਤਾ ਜਾਂ ਅਸਫ਼ਲਤਾ, ਕੁਦਰਤ ਦੀ ਖੇਡ ਕਾਰਣ, ਆਉਂਣ ਵਾਲਿਆਂ ਪੀੜੀਆਂ ਦੀ ਸਿੱਖੀ ਪ੍ਰਤੀਬੱਧਤਾ ਅਤੇ ਉਪਰਾਲਿਆਂ ਤੇ ਨਿਰਭਰ ਹੋਵੇਗੀ। ਪਰ ਇਹ ਇਕ ਬੇ-ਇਨਸਾਫ਼ੀ ਹੀ ਹੋਵੇਗੀ ਕਿ ‘ਕਲ’ ਕੋਈ ‘ਅੱਜ’ ਦੇ ਕਿਸੇ ਸੁਹਿਰਦ ਉਪਰਾਲੇ ਨੂੰ ਸਮਝੋਤਾਵਾਦ ਕਹਿ ਕੇ ਵਿਚਾਰੇ।


ਹਰਦੇਵ ਸਿੰਘ ,ਜੰਮੂ

Monday, 17 October 2011


‘ਖੰਡੇ ਦੀ ਪਾਹੁਲ` ਅਤੇ ‘ਖੰਡੇ ਦਾ ਅੰਮ੍ਰਿਤ`

ਹਰਦੇਵ ਸਿੰਘ, ਜੰਮੂ




‘ਖੰਡੇ ਦੀ ਪਾਹੁਲ` ਅਤੇ ‘ਖੰਡੇ ਦਾ ਅੰਮ੍ਰਿਤ`

ਹਰਦੇਵ ਸਿੰਘ, ਜੰਮੂ


ਗੁਰਬਾਣੀ ਪੜਦੇ-ਵਿਚਾਰਦੇ ਰਹਿਣ ਨਾਲ ਇਹ ਪਤਾ ਚਲਦਾ ਰਹਿੰਦਾ ਹੈ ਕਿ ਗੁਰਮਤਿ ਦਾ ਦਾਇਰਾ ਇਤਨਾ ਵਿਸ਼ਾਲ ਹੈ ਕਿ ਹਰ ਵੇਲੇ ਉਸ ਵਿਚੋਂ ਕੋਈ ਨਾ ਕੋਈ ਬੇਸ਼ਕੀਮਤੀ ਸੇਧ ਮਿਲਦੀ ਰਹਿੰਦੀ ਹੈ। ਇਸ ਵਿਚਾਰ ਚਰਚਾ ਵਿੱਚ ਪਹਿਲਾਂ ਗੁਰੂ ਨਾਨਕ ਜੀ ਦੀ ਬਾਣੀ ਦੀ ਵਿੱਲਖਣ ਸ਼ੈਲੀ ਦੇ ਇੱਕ ਪੱਖ ਨੂੰ ਵਿਚਾਰ ਲਈਏ ਤਾਂ ਕਿ ਇਹ ਚਰਚਾ ਵਧੇਰੇ ਸਾਰਥਕ ਹੋ ਸਕੇ।
ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ (ਮੂਲ ਮਤਿ, Basic Understanding about God) ਵਿੱਚ ਪਰਮਾਤਮਾ ਲਈ ਕੋਈ ਨਾਮ ਨਹੀਂ ਵਰਤਿਆ ਬਲਕਿ ਉਸ ਨੂੰ ਗੁਣਾਂ ਰਾਹੀਂ ਬਿਆਨ ਕੀਤਾ। ਪਰ ਜਪੁ ਬਾਣੀ ਵਿੱਚ ਉਹ ਪਰਮਾਤਮਾ ਲਈ ਇੱਕ ਪ੍ਰਚਲਤ ਨਾਮ ਦੀ ਵਰਤੋਂ ਕਰਦੇ ਹਨ:-
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਜਪੁ)
ਜ਼ਾਹਰ ਹੈ ਕਿ ਲੋਕਾਈ ਨਾਲ ਲੋਕਾਈ ਦੀ ਜ਼ਬਾਨ ਰਾਹੀਂ ਹੀ ਗਲ ਹੋ ਸਕਦੀ ਹੈ। ਕਈਆਂ ਨੇ ਇਸ ਦਾ ਅਰਥ ਰਾਮਚੰਦਰ ਲਿਆ ਹੋਣਾ ਹੈ ਅਤੇ ਕਈ ਹੁਣ ਵੀ ਲੇਂਦੇ ਹਨ।
ਇਸ ਪ੍ਰਮਾਣ ਵਿੱਚ ਪਰਮਾਤਮਾ ਦਾ ਨਾਮ ਹੈ ‘ਰਾਮ` ਜਦ ਕਿ ਉਸ ਵੇਲੇ ਦੇ ਭਾਰਤ ਵਿੱਚ ਰਾਮ ਸ਼ਬਦ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਲਈ ਵਰਤਿਆ ਜਾਂਦਾ ਨਾਮ ਸੀ ਅਤੇ ਉਹ ਰਾਮ, ਹਿੰਦੂ ਮਤ ਅਨੁਸਾਰ, ਪਰਮਾਤਮਾ ਦਾ ਅਵਤਾਰ ਸੀ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਰਾਮ ਦੇ ਅਰਥ ਪੁੱਛਦਾ ਹੈ, ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਗੁਰੂ ਨਾਨਕ ਵਲੋਂ ਵਰਤੇ ਗਏ ਰਾਮ ਸ਼ਬਦ ਦਾ ਭਾਵ ਅਜੂਨੀ ਪਰਮਾਤਮਾ ਹੈ ਨਾ ਕਿ ਰਾਜਾ ਦਸ਼ਰਥ ਦਾ ਪੁੱਤਰ ਰਾਮ।
ਹੁਣ ਇੱਕ ਹੋਰ ਪ੍ਰਮਾਣ ਵਿਚਾਰੀਏ ਗੁਰੂ ਨਾਨਕ ਜੀ ਧਰਤੀ ਲਈ ਸ਼ਬਦ ਵਰਤਦੇ ਹਨ ਧਰਮਸਾਲ।
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ (ਜਪੁ)
ਅਤੇ ਨਾਲ ਹੀ ਗੁਰੂਘਰ ਪਾਸਿਯੋਂ ਗੁਰਮਤਿ ਪ੍ਰਚਾਰ ਕੇਂਦਰਾਂ ਲਈ ਵੀ ਨਾਮ ਵਰਤਿਆ ਗਿਆ ਧਰਮਸਾਲ। ਧਰਤੀ ਨੂੰ ਧਰਮਸਾਲ ਕਹਿਣ ਤੋਂ ਭਾਵ ਸੀ ਕਿ ਕੋਈ ਕਿਸੇ ਬਿਆਬਾਨ ਜੰਗਲ, ਕਿਸੇ ਗੁਫ਼ਾ ਜਾਂ ਕਿਸੇ ਵਿਸ਼ੇਸ਼ ਸਥਾਨ ਮਾਤਰ ਨੂੰ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਜਪੁ ਵਿੱਚ ਦਰਸਾਈ ਧਰਮਸਾਲ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਬਾਰੇ ਵਰਤੇ ਸ਼ਬਦ ਧਰਮਸਾਲ ਬਾਰੇ ਪੁੱਛਦਾ ਹੈ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਦੋਹਾਂ ਥਾਂਈ ਇੱਕੇ ਸ਼ਬਦ ਦੀ ਵੱਖੋ-ਵੱਖ ਵਰਤੋਂ ਅਤੇ ਭਾਵਅਰਥ ਹਨ। ਇੱਕ ਧਰਮਸਾਲ ਧਰਮ ਕਮਾਂਉਂਣ ਦੀ ਥਾਂ ਹੈ ਅਤੇ ਦੂਜੇ ਪਾਸੇ ਇਸ ਦਾ ਅਰਥ, ਧਰਮ ਕਮਾਉਂਣ ਲਈ, ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕੇਂਦਰ ਹੈ ਜਿਸ ਨੂੰ ਗੁਰਦੂਆਰਾ ਵੀ ਕਿਹਾ ਜਾਂਦਾ ਹੈ।
ਕਿਉਂਕਿ ਗੁਰੂ ਨਾਨਕ ਸ਼ਬਦਾਂ ਅਤੇ ਉਨ੍ਹਾਂ ਦੀ ਵੱਖੋ-ਵੱਖ ਵਰਤੋਂ ਦੇ ਭਾਵ ਬਾਰੇ ਸੰਪੁਰਣਤਾ ਸਪਸ਼ਟ ਸਨ ਇਸ ਲਈ ਗੁਰੂ ਨਾਨਕ ਜੀ ਨੇ ਰਾਮ, ਠਾਕੁਰ, ਗੋਬਿੰਦ ਧਰਮਸਾਲ ਆਦਿ ਸ਼ਬਦਾਂ ਦੀ ਵਰਤੋਂ ਵੇਲੇ ਇਸ ਗਲ ਦੀ ਪਰਵਾਹ ਨਹੀਂ ਕੀਤੀ ਕਿ ਕੋਈ ਰਾਮ ਨੂੰ ਰਾਮਚੰਦਰ, ਠਾਕੁਰ ਨੂੰ ਕ੍ਰਿਸ਼ਨ ਜਾਂ ਧਰਤੀ ਦੇ ਬਜਾਏ ਕੇਵਲ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਨੂੰ ਹੀ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਜਿਸ ਨੂੰ ਮੁਗਾਲਤਾ ਲੱਗਦਾ ਸੀ ਉਹ ਭਾਵਅਰਥ ਸਮਝ ਸਕਦਾ ਸੀ ਅਤੇ ਜਿਸ ਨੂੰ ਹੁਣ ਵੀ ਲੱਗਦਾ ਹੈ ਉਸ ਲਈ ਬਾਣੀ ਵਿਚਾਰ ਦਾ ਮਾਰਗ ਹਮੇਸ਼ਾ ਖੁੱਲਾ ਹੈ।
ਪਰ ਕਿਸੇ-ਕਿਸੇ ਥਾਂ ਅਸੀਂ ਐਸਾ ਕਰਨ ਤੋਂ ਖੁੰਝ ਜਾਂਦੇ ਪ੍ਰਤੀਤ ਹੁੰਦੇ ਹਾਂ। ਮਿਸਾਲ ਦੇ ਤੋਰ ਤੇ ਸਿੱਖ ਰਹਿਤ ਮਰਿਯਾਦਾ ਵਿੱਚ ਵਰਤੇ ‘ਅਮ੍ਰਿਤ` ਸ਼ਬਦ ਦੀ ਵਰਤੋਂ ਬਾਰੇ ਇਤਰਾਜ਼! ਇਸ ਇਤਰਾਜ਼ ਦਾ ਮੁੱਖ ਅਧਾਰ ਅੰਮ੍ਰਿਤ ਸ਼ਬਦ ਦੀ ਉਹ ਵਰਤੋਂ, ਅਤੇ ਉਸਦੀ ਉਹ ਵਿਆਖਿਆ ਹੈ, ਜੋ ਕਿ ਬਾਣੀ ਵਿੱਚ ਦਰਸਾਈ ਗਈ ਹੈ ਅਤੇ ਜਿਸ ਅਨੁਸਾਰ ਨਾਮ (ਪਰਮਾਤਮਾ ਦੇ ਗੁਣਾਂ) ਨੂੰ ਅਤੇ ਗੁਰੂ ਦੇ ਗਿਆਨ ਨੂੰ ਅੰਮ੍ਰਿਤ ਵਜੋਂ ਬਿਆਨ ਕੀਤਾ ਗਿਆ ਹੈ। ਇਹ ਬਿਲਕੁਲ ਸਹੀ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ। ਜਿਨ੍ਹਾਂ ਵੀ ਸੱਜਣਾ ਨੇ ਬਾਣੀ ਜਾਂ ‘ਨਾਮ ਰੂਪੀ ਅਮ੍ਰਿਤ` ਅਤੇ ‘ਖੰਡੇ ਦੇ ਅਮ੍ਰਿਤ` ਵਿਚਲੇ ਵੱਡੇ ਅੰਤਰ ਅਤੇ ਭੁੱਲੇਖਿਆਂ ਨੂੰ ਦੂਰ ਕਰਨ ਦਾ ਜਤਨ ਕੀਤਾ ਹੈ ਉਨ੍ਹਾਂ ਦਾ ਉਹ ਜਤਨ ਸਵਾਗਤਯੋਗ ਹੈ।
ਪਰ ਸਵਾਲ ਇਹ ਹੈ ਕਿ ‘ਖੰਡੇ ਦੇ ਅੰਮ੍ਰਿਤ` ਲਈ ‘ਖੰਡੇ ਦੀ ਪਾਹੁਲ` ਜਾਂ ‘ਪਾਹੁਲਪਾਨ` ਲਈ ‘ਅੰਮ੍ਰਿਤਪਾਨ` ਸ਼ਬਦ ਦੀ ਵਰਤੋਂ ਬਾਰੇ ਅਸਹਿਮਤੀ ਕਿੰਨੀ ਕੁ ਸਾਰਥਕ ਹੈ? ਆਉ ਚਰਚਾ ਰਾਹੀਂ ਇਸ ਸਵਾਲ ਦੀ ਪੜਚੋਲ ਕਰੀਏ।
ਜੇਕਰ ਕੋਈ ਅੰਮ੍ਰਿਤਪਾਨ ਨੂੰ ਐਸੀ ਕ੍ਰਿਆ ਮੰਨ ਲੇਂਦਾ ਹੈ ਕਿ ਜਿਸ ਨੂੰ ਕਰਨ ਨਾਲ ਹੀ ਕੋਈ ਜਾਦੂਈ ਸ਼ਕਤਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਇਹ ਸੋਚ ਗੁਰਮਤਿ ਅਨੁਸਾਰੀ ਨਹੀਂ। ਅਤੇ ਨਾਲ ਹੀ ਜੇਕਰ ਕੋਈ ਐਸੀ ਮਰਿਯਾਦਤ ਕ੍ਰਿਆ ਮਾਤਰ ਨੂੰ ਹੀ ਪਰਮਾਤਮਾ ਦੇ ਗੁਣਾਂ ਨੂੰ (ਨਾਮ ਨੂੰ) ਧਾਰਨ ਕਰਨਾ ਸਮਝ ਲੇਂਦਾ ਹੈ ਤਾਂ ਇਸ ਭੁਲੇਖੇ ਨੂੰ ਦੂਰ ਕਰਨ ਲਈ, ਉਸਨੂੰ ਉਂਝ ਹੀ ਸਮਝਣ-ਸਮਝਾਉਂਣ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਅਸੀਂ, ਕਿਸੇ ਜਿਗਿਆਸੂ ਨੂੰ, ਬਾਣੀ ਅੰਦਰ ‘ਰਾਮ` ਅਤੇ ਬਾਣੀ ਦੇ ਅੰਦਰ-ਬਾਹਰ ‘ਧਰਮਸਾਲ` ਸ਼ਬਦਾ ਦੀ ਵੱਖੋ-ਵੱਖ ਵਰਤੋਂ ਸਮਝਦੇ-ਸਮਝਾਉਂਦੇ ਹਾਂ। ਗੁਰੂ ਨਾਨਕ ਨੂੰ ਬਾਬਾ ਵੀ ਕਹਿਆ ਗਿਆ ਤਾਂ ਅਣਗਿਣਤ ਬਾਬੇ ਵੀ ਹੋ ਗਏ ਪਰ ਸਿੱਖੀ ਦੇ ਅੰਦਰ ਕੋਈ ਹੋਰ ਗੁਰੂ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਸਿੱਖਾਂ ਨੂੰ ਬਾਬਿਆਂ ਅਤੇ ਗੁਰੂਆਂ ਵਿਚਲਾ ਅੰਤਰ ਸਮਝ ਆਉਂਦਾ ਰਿਹਾ। ਜਿੱਥੇ ਤਕ ਨਾਸਮਝੀ ਦੀ ਗਲ ਹੈ ਤਾਂ ਉਹ ਕਿੱਧਰੇ ਵੀ ਹੋ ਸਕਦੀ ਹੈ ਅਤੇ ਹੁੰਦੀ ਵੀ ਹੈ।
ਮਿਸਾਲ ਦੇ ਤੋਰ ਤੇ ਦਾਸ ਨੂੰ ਇੱਕ ਸੱਜਣ ਮਿਲੇ। ਦਾਸ ਨੇ ਪੁੱਛਿਆ ਤਾਂ ਬੋਲੇ “ਮੈਂ ਅਮ੍ਰਿਤ ਛੱਕਿਆ ਹੋਇਆ ਹੈ”
ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ਅਮ੍ਰਿਤ ਛੱਕੜ ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ “ਇਸ ਤੋਂ ਭਾਵ ਹੈ ਕਿ ਮੈਂ ਸਿੱਖਿਆਰਥੀ ਬਣ ਕੇ ਪਾਬੰਦ ਹੋ ਗੁਰਮਤਿ ਗ੍ਰਹਿਣ ਕਰਨੀ ਆਰੰਭ ਕੀਤੀ ਹੈ”
ਦਾਸ ਨੂੰ ਉਨ੍ਹਾਂ ਦਾ ਜਵਾਬ ਠੀਕ ਹੀ ਲੱਗਾ।
ਕਿਸੇ ਹੋਰ ਸਮੇਂ ਦਾਸ ਨੂੰ ਇੱਕ ਹੋਰ ਸੱਜਣ ਮਿਲ ਪਏ ਤਾਂ ਪੁੱਛਣ ਤੇ ਬੋਲੇ “ਮੈਂ ਖੰਡੇ ਦੀ ਪਾਹੁਲ ਛੱਕੀ ਹੈ”
ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ‘ਖੰਡੇ ਦੀ ਪਾਹੁਲ` ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ; “ਇਸ ਤੋਂ ਭਾਵ ਇਹ ਹੈ ਕਿ ਮੈਂ ਅਸਲੀ ਖ਼ਾਲਸਾ ਬਣ ਗਿਆਂ ਹੈ ਅਤੇ ਮੈਂਨੂੰ ਗੁਰੂ ਦਾ ਵਿਸ਼ੇਸ਼ ਕਿਰਪਾ ਪੱਕੇ ਤੌਰ ਤੇ ਮਿਲ ਗਈ ਹੈ”
ਉਨ੍ਹਾਂ ਦੇ ਉੱਤਰ ਵਿੱਚ ਚੁੰਕਿ ਇੱਕ ਵਰਦਾਨ ਰੂਪੀ ਦਾਵੇਦਾਰੀ ਸੀ ਇਸ ਲਈ ਦਾਸ ਪੁਰਾ ਸਹਿਮਤ ਨਹੀਂ ਹੋ ਸੱਕਿਆ।
ਇਨ੍ਹਾਂ ਛੋਟੇ ਸੰਵਾਦਾਂ ਤੋਂ ਇੱਕ ਗਲ ਸਪਸ਼ਟ ਹੋਈ ਕਿ ਅਗਿਆਨਤਾ ‘ਖੰਡੇ ਦੀ ਪਾਹੂਲ` ਕਹਿਣ ਵਾਲੇ ਨੂੰ ਵੀ ਹੋ ਸਕਦੀ ਹੈ ਅਤੇ ਗਿਆਨ ‘ਖੰਡੇ ਦੇ ਅੰਮ੍ਰਿਤ` ਕਹਿਣ ਵਾਲੇ ਨੂੰ ਵੀ ਹੋ ਸਕਦਾ ਹੈ। ਗਲ ਸ਼ਬਦਾਂ ਦੀ ਨਹੀਂ ਬਲਕਿ ਸਮਝਣ-ਸਮਝਾਉਂਣ ਦੀ ਹੈ। ਮਨ ਵਿੱਚ ਵਿਚਾਰ ਉੱਠਿਆ ਕਿ ਕੀ ਅਸੀਂ ਖੰਡੇ ਦੇ ਅੰਮ੍ਰਿਤ ਸ਼ਬਦ ਵਰਤੋਂ ਨੂੰ ਇਸ ਕਰਕੇ ਬਦਲ ਦੇਈਏ ਕਿ ਕਈ ਲੋਗ ਇਸਦੇ ਸਹੀ ਮਾਈਨੇ ਨਹੀਂ ਸਮਝਦੇ? ਪਰ ਜੇ ਕੋਈ ਖੰਡੇ ਦੀ ਪਾਹੁਲ ਦੇ ਅਰਥ ਵੀ ਅੰਮ੍ਰਿਤ ਸਮਝਦਾ ਹੋਵੇ ਤਾਂ ਉਸ ਵੇਲੇ ਕੀ ਕਰਾਂ ਗੇ? ਸਮਝਾਉਂਣ ਦੀ ਕੋਸ਼ਿਸ਼ ਜਾਂ ਸ਼ਬਦਾਂ ਨੂੰ ਬਦਲਣ ਦੀ ਕਸਰਤ? ਗੁਰਬਾਣੀ ਨੂੰ ਵਿਚਾਰਣ ਵਾਲੇ, ਸ਼ਬਦਾਂ ਦੇ ਭਾਵ ਅਰਥ ਸਮਝਾਉਂਣ ਤੋਂ ਪਰੇ ਹੋ ਸ਼ਬਦਾਂ ਨੂੰ ਬਦਲਣ ਦੇ ਚੱਕਰ ਵਿੱਚ ਕਿਵੇਂ ਫ਼ੱਸ ਗਏ? ਕੀ ਸਾਨੂੰ ਰਾਮ ਅਤੇ ਰਾਮਚੰਦਰ, ਧਰਮਸਾਲ (ਧਰਤੀ) ਅਤੇ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਵਿਚਲਾ ਅੰਤਰ ਸਮਝਣਾ-ਸਮਝਾਉਂਣਾ ਨਹੀਂ ਆਉਂਦਾ?
ਗੁਰਬਾਣੀ ਵਿੱਚ ਦਰਸਾਏ ਅੰਮ੍ਰਿਤ ਦੀ ਵਿਆਖਿਆ ਤੋਂ ਅਸੀਂ ਜਾਣੁ ਹਾਂ, ਗੁਰਬਾਣੀ ਵਿੱਚ ਦਰਸਾਏ ਗੋਵਿਂਦ, ਗੋਪਾਲ, ਰਾਮ, ਠਾਕੁਰ, ਸਾਹਿਬ ਆਦਿ ਸ਼ਬਦਾਂ ਦੀ ਗੁਰਮਤਿ ਵਿਆਖਿਆ ਤੋਂ ਅਸੀਂ ਜਾਣੁ ਹਾਂ ਅਤੇ ਗੁੲਬਾਣੀ ਵਿੱਚ ਚਰਚਿਤ ਦੇਵਤਿਆਂ ਦੀ ਵਿਆਖਿਆ ਬਾਰੇ ਵੀ ਅਸੀਂ ਜਾਣੁ ਹਾਂ। ਗੁਰਮਤਿ ਦੀ ਐਸੀ ਵਿਆਖਿਆਵਾਂ ਦੇ ਸੰਧਰਭ ਨੂੰ ਵੱਖਰੇ ਸੰਧਰਭਾਂ ਵਿੱਚ ਖਿੱਚਾਂ ਗੇ ਤਾਂ ਸਾਡੇ ਵਿੱਚੋਂ ਕਈਆਂ ਨੂੰ ਆਪਣੇ-ਆਪਣੇ ਨਾਮ ਤਕ ਬਦਲਣੇ ਪੇਂਣ ਗੇ ਕਿਉਂਕਿ ਉਹ ਸਾਰੇ ਗੁਰਮਤਿ ਸਿਧਾਂਤ ਨਾਲ ਟਕਰਾਉਂਦੇ ਪ੍ਰਤੀਤ ਹੋਂਣ ਗੇ। ਬਹੁਤ ਸਾਰੇ ਨਾਮ ਤਾਂ ਦੇਵਤਿਆਂ ਦੇ ਨਾਮਾਂ ਤੇ ਹਨ ਅਤੇ ਪਰਮਾਤਮਾ ਦੇ ਨਾਮਾਂ ਤੇ ਵੀ।
ਜਿਵੇਂ ਕੋਈ ਇਹ ਵੀ ਪੁੱਛ ਸਕਦਾ ਹੈ ਕਿ ਬਾਣੀ ਦਾ ਸੁਚੱਜਾ ਟੀਕਾ ਕਰਨ ਵਾਲੇ ਮਹਾਨ ਵਿਦਵਾਨ ਪੋ. ਸ਼ਾਹਿਬ ਸਿੰਘ ਜੀ ਨੇ ਆਪਣੇ ਨਾਮ ਲਈ ‘ਸਾਹਿਬ` ਸ਼ਬਦ ਦੀ ਵਰਤੋਂ ਕਿਵੇਂ ਕਰ ਲਈ? ਇਹ ਤਾਂ ਇੱਕ ਗ਼ੈਰ ਸਿਧਾਂਤਕ ਹਿਮਾਕਤ ਸੀ! ਕੀ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਗੁਰਮਤਿ ਅਨੁਸਾਰ ‘ਸਾਹਿਬ` ਕੋਂਣ ਹੁੰਦਾ ਹੈ? ਐਸੇ ਸਵਾਲ ਬੇਮਾਨੀ ਪ੍ਰਤੀਤ ਹੁੰਦੇ ਹਨ, ਕਿਉਂਕਿ ਆਪ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਦੀ ਪਰਿਖਿਆ ਬਾਦ, ਦੋ ਪਿਆਰਿਆਂ ਨੂੰ ‘ਸਾਹਿਬ ਸਿੰਘ` ਅਤੇ ‘ਧਰਮ ਸਿੰਘ` ਨਾਮ ਲਾਲੋਂ ਨਿਵਾਜਿਆ ਸੀ ਜਦ ਕਿ ਬਾਣੀ ਵਿੱਚ ‘ਸਾਹਿਬ` (ਪਰਮਾਤਮਾ) ਅਤੇ ‘ਧਰਮ` ਦੀ ਵਿਆਖਿਆ ਕੁੱਝ ਹੋਰ ਹੈ।
ਇਹ ਠੀਕ ਹੈ ਕਿ ਕਈ ਸ਼ਬਦ ਵਿਸ਼ੇਸ਼ ਰੂਪ ਵਿੱਚ ਕੁੱਝ ਵਿਸ਼ੇਸ਼ ਸੰਧਰਭਾਂ ਲਈ ਰਾਖਵੇਂ ਹੋ ਜਾਂਦੇ ਹਨ ਪਰ ਇਸ ਨਾਲ ਦੇ ਨਾਲ ਕਿਸੇ ਹੋਰ ਸੰਧਰਭ ਵਿੱਚ ਉਨ੍ਹਾਂ ਦੀ ਵਰਤੋਂ ਹੁੰਦੀ ਰਰਿੰਦੀ ਹੈ। ਕੀ ਸ਼ਬਦਾਂ ਦੇ ਸਹੀ ਭਾਵ ਅਰਥ ਅਤੇ ਉਨਾਂ ਦੀ ਵਰਤੋਂ ਦੇ ਅਸਲ ਸੰਧਰਭ ਨੂੰ ਸਮਝਣ-ਸਮਝਾਉਂਣ ਦੀ ਥਾਂ,ਸ਼ਬਦਾਂ ਬਾਰੇ ਐਸੀ ਅਸਹਮਤੀ ਵਾਜਬ ਹੈ ਜਿਸ ਨਾਲ ਪ੍ਰਾਪਤੀ ਕੁੱਝ ਨਾ ਹੋਵੇ?
ਜਿਵੇਂ ਵਿਚਾਰ ਆਏ ਹਾਂ ਕਿ ਜੋ ਵੀ ਸੱਜਣ, ‘ਬਾਣੀ ਰੂਪੀ ਅੰਮ੍ਰਿਤ` ਅਤੇ ਖੰਡੇ ਦੇ ਅੰਮ੍ਰਿਤ ਵੱਡੇ ਵਿਚਲੇ ਅੰਤਰ ਅਤੇ ਭੁੱਲੇਖੇ ਨੂੰ ਦੂਰ ਕਰਨ ਦਾ ਜਤਨ ਕਰਦੇ ਹਨ ਉਨ੍ਹਾਂ ਦੇ ਜਤਨਾਂ ਦਾ ਸਵਾਗਤ ਹੈ ਪਰ ਸ਼ਬਦਾਂ ਦੇ ਬਦਲਾਵ ਦਾ ਵਿਚਾਰ ਲਾਵੇਵੰਦ ਨਹੀਂ ਪ੍ਰਤੀਤ ਹੁੰਦਾ। ਕਿੳਂਕਿ ਜੇਕਰ ਪਾਹੁਲ ਦੇ ਅਰਥ ਵੀ ਦੇਖੇ ਜਾਣ ਤਾਂ ਅੰਮ੍ਰਿਤ ਹੀ ਨਿਕਲਣ ਗੇ। ਅਸੀਂ ਸ਼ਬਦਕੋਸ਼ ਤਾਂ ਬਦਲ ਨਹੀਂ ਸਕਦੇ। ਖ਼ੈਰ ਅਸੀਂ ਇਸ ਨੁੱਕਤੇ ਬਾਰੇ, ਥੋੜਾ ਅੱਗੇ ਚਲ ਕੇ, ਹੋਰ ਵਿਚਾਰ ਕਰਨ ਦਾ ਜਤਨ ਕਰਾਂ ਗੇ। ਪਹਿਲਾਂ ਚਰਚਾ ਦੀ ਸਹੀ ਰਵਾਨਗੀ ਲਈ ਕੁੱਝ ਤੱਥ ਵਿਚਾਰ ਲਈਏ।
ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੇ ਮਹਾਨ ਕੋਸ਼ ਦਾ ਕੰਮ 1912 ਵਿੱਚ ਆਰੰਭ ਕੀਤਾ ਸੀ ਅਤੇ ਇਹ ਕੰਮ ਲਗਭਗ 14 ਸਾਲਾਂ ਬਾਦ 1926 ਵਿੱਚ ਮੁੱਕਮੱਲ ਹੋਇਆ ਸੀ। ਉਨ੍ਹਾਂ ਮਹਾਨ ਕੋਸ਼ ਅੰਦਰ ‘ਅੰਮ੍ਰਿਤ ਸੰਸਕਾਰ`ਦੀ ਅੇਂਟਰੀ ਵਿਚ,ਇਸ ਰਸਮ ਦੀ ਵਿਆਖਿਆ ਕਰਦੇ, ਇਸ ਦਾ ਜ਼ਿਕਰ ਲਗਭਗ ਉਂਝ ਹੀ ਕੀਤਾ ਹੈ ਜਿਸ ਤਰਾਂ ਇਹ ਰਹਿਤ ਮਰਿਯਾਦਾ ਵਿੱਚ ਦਰਜ ਹੈ। ਖ਼ੈਰ ਇਸ ਚਰਚਾ ਦਾ ਵਿਸ਼ਾਂ ਰਸਮੀ ਕ੍ਰਿਆ ਬਾਰੇ ਵਿਚਾਰ ਕਰਨਾ ਨਹੀਂ ਬਲਕਿ ਖੰਡੇ ਦੀ ਪਾਹੁਲ-ਅੰਮ੍ਰਿਤ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨਾ ਹੈ।
ਤਕਰੀਬਨ 115ਸਾਲ ਤੋਂ ਵਧ ਸਮਾਂ ਪਹਿਲਾਂ (ਉਨ੍ਹਾਂ ਦਿਨਾਂ ਪੁਸਤਕ ਲਿਖਣਾ ਅਤੇ ਛਪਵਾਉਣ ਲਈ ਕਈ ਸਾਲਾਂ ਦੇ ਸਮੇਂ ਦੀ ਲੋੜ ਹੁੰਦੀ ਸੀ) ਅਤੇ ਰਹਿਤ ਮਰਿਯਾਦਾ ਦੇ ਕਹੇ ਜਾਂਦੇ ਪਹਿਲੇ ਖਰੜੇ ਤੋਂ ਲਗਭਗ 38 ਸਾਲ ਪਹਿਲਾਂ, ਭਾਈ ਕਾਨ ਸਿੰਘ ਨਾਭਾ ਜੀ ਵਲੋਂ ਲਿਖੀ ਇੱਕ ਪੁਸਤਕ, ‘ਗੁਰਮਤ ਸੁਧਾਕਰ` ਵਿੱਚ ਵੀ, ਜੋ ਕਿ 1898 ਵਿੱਚ ਪ੍ਰਕਾਸ਼ਤ ਹੋਈ ਸੀ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਸ਼ਬਦਾਂ ਦੀ ਵਰਤੋਂ ਨਾਲ ਦੇ ਨਾਲ ਮਿਲਦੀ ਹੈ। ਇਸ ਤੋਂ ਇਹ ਵਿਚਾਰ ਸਪਸ਼ਟ ਹੁੰਦਾ ਹੈ ਕਿ ਅੰਮ੍ਰਿਤ ਸ਼ਬਦ ਨਾ ਤਾਂ 1936 ਦੇ ਖਰੜੇ ਦੀ ਅਤੇ ਨਾ ਹੀ 1945ਦੀ ਰਹਿਤ ਮਰਿਯਾਦਾ ਦੀ ਦੇਂਣ ਸੀ ਬਲਕਿ ਇਹ ਪਹਿਲਾਂ ਤੋਂ ਹੀ ਪ੍ਰਚਲਤ ਸੀ। ਜਿਸ ਦੀ ਪੁਰਾਤਨਤਾ ਨੂੰ ਅੱਗੇ ਚਲ ਕੇ ਹੋਰ ਵਿਚਾਰਾਂ ਗੇ।
ਜਿੱਥੋਂ ਤਕ ‘ਖੰਡੇ ਦੀ ਪਾਹੁਲ` ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਦੀ ਗਲ ਹੈ ਤਾਂ ਪਾਹੁਲ ਦੇ ਅਰਥ ਵੀ ਅੰਮ੍ਰਿਤ ਲਏ ਜਾਂਦੇ ਹਨ। ਸਮੱਸਿਆ ੳੱਥੇ ਹੀ ਖੜੀ ਨਜ਼ਰ ਆਉਂਦੀ ਹੈ ਕਿਉਂਕਿ ਸ਼ਬਦਕੋਸ਼ਕ ਅਰਥ ਤਾਂ ਅੰਮ੍ਰਿਤ ਦੇ ਪਾਹੁਲ ਕਰਕੇ, ਅਤੇ ਪਾਹੁਲ ਦੇ ਅੰਮ੍ਰਿਤ ਹਨ। ਹਾਂ, ਜਿਵੇਂ ਕਿ ਅਸੀਂ ਇਸ ਚਰਚਾ ਵਿੱਚ ਅੱਗੇ ਚਲ ਕੇ ਵੇਖਾਂ ਗੇ, ਪਾਹੁਲ ਸ਼ਬਦ ਵਧੇਰੇ ਸਮੱਸਿਆ ਗ੍ਰਸਤ ਵੀ ਨਜ਼ਰ ਆਉਂਦਾ ਹੈ। ਖੰਡੇ ਦੀ ਪਾਹੁਲ ਟਰਮ ਲਈ ਅੰਮ੍ਰਿਤ ਸ਼ਬਦ ਕਦੋਂ ਵਰਤੋਂ ਵਿੱਚ ਆਇਆ ਇਸ ਦੀ ਪੜਚੋਲ ਵੀ ਜ਼ਰੁਰੀ ਹੈ।
ਸੰਖ਼ੇਪ ਪੜਚੋਲ ਦੌਰਾਨ ਦਾਸ ਨੂੰ ਪਤਾ ਚਲਿਆਂ ਕਿ ਹੋਰ ਹਵਾਲਿਆਂ ਤੋਂ ਇਲਾਵਾ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਦੋਹੇਂ ਸ਼ਬਦ ਹੀ ਭਾਈ ਦੇਸਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਇੰਝ ਦਰਜ਼ ਹਨ:-
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,
ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.
ਭਾਈ ਕਾਨ ਸਿੰਘ ਜੀ ਅਨੁਸਾਰ ਅੰਮ੍ਰਿਤਸਰ ਨਿਵਾਸੀ ਭਾਈ ਦੇਸਾ ਸਿੰਘ ਜੀ ਨੇ ਇਹ ਰਹਿਤਨਾਮਾ ਭਾਈ ਨੰਦਲਾਲ ਅਤੇ ਦਸ਼ਮੇਸ਼ ਜੀ ਦੇ ਪ੍ਰਸ਼ਨੋਤਰ ਪਰ ਲਿਖਿਆ ਸੀ।
ਇਸ ਹਵਾਲੇ ਤੋਂ ਦੋ ਮਹੱਤਵਪੁਰਣ ਗਲਾਂ ਸਪਸ਼ਟ ਹੁੰਦਿਆ ਹਨ:-
ਪਹਿਲੀ ਗਲ ਇਹ ਕਿ 1936 ਦੇ ਖਰੜੇ ਤੋਂ ਲਗਭਗ 200 ਸਾਲ ਤੋਂ ਵੱਧ ਸਮੇਂ ਪਹਿਲਾਂ ਖੰਡੇ ਦੀ ਪਾਹੁਲ ਅਤੇ ਇਸ ਕ੍ਰਿਆ ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਨਾਲ ਦੇ ਨਾਲ ਤੁਰ ਰਹੀ ਸੀ।
ਦੂਜੀ ਅਤਿ ਮਹੱਤਵਪੁਰਣ ਗਲ ਇਹ ਕਿ ਜ਼ਰੂਰ ਕਿਸੇ ਹੋਰ ਪਾਹੁਲ ਦੀ ਰਸਮ ਵੀ ਕਿਸੇ ਹੋਰ ਵੱਲੋਂ ਪ੍ਰਚਲਤ ਸੀ, ਜਿਸ ਨੂੰ ਗ੍ਰਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਤੋਂ ਸਪਸ਼ਟ ਹੁੰਦੀ ਹੈ। (ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ) ਚੇਤੇ ਰੱਖਿਏ ਕਿ `ਚਰਨ ਘਾਲ` ਦਾ ਅਰਥ ਵੀ `ਚਰਨਾ ਦਾ ਪਾਣੀ` ਆਦਿਕ ਹੁੰਦਾ ਹੈ। (ਵੇਖੋ: ਘਾਲ, ਮਹਾਨ ਕੋਸ਼)
ਕਈ ਵਿਚਾਰਕਾਂ ਦਾ ਇਹ ਵੀ ਵਿਚਾਰ ਹੈ ਕਿ ਭਾਈ ਗੁਰਦਾਸ ਜੀ ਨੇ ਆਪਣੀ ਲਿਖਤਾਂ ਵਿੱਚ ਗੁਰੂ ਨਾਨਕ ਵਲੋਂ ਚਰਨਾਮ੍ਰਿਤ ਦੇਂਣ ਦਾ ਇਸ਼ਾਰਾ ਕੀਤਾ ਹੈ। ਖ਼ੈਰ ਇਤਨਾ ਤਾਂ ਪੱਕੇ ਤੋਰ ਤੇ ਸਪਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਵਲੋਂ 1699 ਵਿੱਚ ਇਸ ਕ੍ਰਿਆ ਨੂੰ ਨਵੇਕਲੇ ਢੰਗ ਨਾਲ ਆਰੰਭ ਕੀਤਾ ਸੀ ਜਿਸ ਨੂੰ ਖੰਡੇ ਦੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਸੀ।
ਖੰਡੇ ਕੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਬਾਰੇ ਪਾਹੁਲ ਸ਼ਬਦ ਦੇ ਅਰਥਾਂ ਦੀ ਵਧੇਰੀ ਛਾਣਬੀਣ ਅਤੇ ਭਾਈ ਕਾਨ ਸਿੰਘ ਨਾਭਾ ਜੀ ਦੇ ਵਿਚਾਰ ਵੀ ਵਿਚਾਰਣ ਯੋਗ ਹਨ।
ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦੇ ਹੋਰ ਅਰਥਾਂ ਦੇ ਨਾਲ ਭਾਈ ਸਹਿਬ ਜੀ ਨੇ ਅੰਮ੍ਰਿਤ ਸ਼ਬਦ ਦੇ ਅਰਥ ਇੰਝ ਕੀਤੇ ਹਨ:-
ਅਮ੍ਰਿਤ} ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਜਲ, ਜੇ ਸਿੰਘ ਸਜਣ ਵੇਲੇ ਛਕਾਇਆ ਜਾਦਾਂ ਹੈ, ਜਲ.
ਅਤੇ ਫ਼ਿਰ ਭਾਈ ਸਾਹਿਬ ਜੀ ਨੇ ਇਸ ਰੀਤ ਦੀ ਵਧੇਰੀ ਵਿਆਖਿਆ ਆਪਣੇ ਮਹਾਨਕੋਸ਼ ਵਿੱਚ ‘ਅਮ੍ਰਿਤ ਸੰਸਕਾਰ` ਇੰਦਰਾਜ (ਪੰਨਾ 77) ਹੇਠ ਕੀਤੀ ਹੈ ਜੋ ਕਿ ਪ੍ਰਚਲਤ ਰਹਿਤ ਮਰਿਯਾਦਾ ਦੇ ਨਾਲ ਮਿਲਦੀ ਹੈ। ਇਹੀ ਵਿਆਖਿਆ, ਉਨ੍ਹਾਂ ਦੀ 1945 ਦੀ ਸਿੱਖ ਰਹਿਤ ਮਰਿਯਾਦਾ ਤੋਂ ਲਗਭਗ 50 ਕੁ ਸਾਲ ਪਹਿਲਾਂ ਲਿਖੀ ਪੁਸਤਕ, ਗੁਰਮਤਿ ਸੁਧਾਕਰ ਨਾਲ ਮਿਲਦੀ ਹੈ।
ਹੁਣ ਭਾਈ ਸਾਹਿਬ ਜੀ ਵਲੋਂ ਕੀਤੇ ਪਾਹੁਲ ਦੇ ਅਰਥਾਂ ਬਾਰੇ ਵਿਚਾਰ ਵੀ ਕਰ ਲੇਈਏ:-
ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)
ਇਸ ਇੰਦਰਾਜ਼ ਬਾਰੇ ਭਾਈ ਸਾਹਿਬ ਦਾ ਮਤ ਵਿਚਾਰਣ ਯੋਗ ਹੈ ਜੋ ਕਿ ਉਨ੍ਹਾਂ ਨੇ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਸਪਸ਼ਟ ਕੀਤਾ ਹੈ। ਉਹ ਪਾਹੁਲ ਬਾਰੇ ਆਪਣਾ ਵਿਚਾਰ ਪਾਹੁਲ ਦੇ ਅਰਥਾਂ ਸਮੇਤ ਇੰਝ ਪ੍ਰਕਟ ਕਰਦੇ ਹਨ:-
ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “ (ਭਾਈ ਕਾਨ ਸਿੰਘ ਨਾਭਾ)
ਭਾਈ ਕਾਨ ਸਿੰਘ ਜੀ ਨਾਭਾ ਦਾ ਮਤ ਸਪਸ਼ਟ ਰੂਪ ਵਿੱਚ ਪਾਹੁਲ ਸ਼ਬਦ ਦੇ ਹੱਕ ਵਿੱਚ ਨਹੀਂ ਨਿੱਬੜਦਾ। ਉਹ ‘ਖੰਡੇ ਦੇ ਅਮ੍ਰਿਤ` ਦੇ ਹੱਕ ਵਿੱਚ ਹਨ। ਇਸ ਦਾ ਕਾਰਨ ਇਹ ਹੈ ਕਿ ਭਾਈ ਸਾਹਿਬ ਜੀ ਦੀ ਭਾਸ਼ਾਈ ਅਰਥ ਖੋਜ ਅਨੁਸਾਰ ਪਾਹੁਲ ਸ਼ਬਦ ਦੀ ਵਰਤੋਂ ਪੈਰਾਂ ਨਾਲ ਜੁੜੇ ਪਾਦਜਲ (ਚਰਨਾਮ੍ਰਿਤ) ਨਾਲ ਰਲਦੀ ਹੈ ਜੋ ਕਿ ਕਿਸੇ ਵਲੋਂ ਵਰਤੀ ਜਾਂਦੀ ਪੁਰਾਣੀ ਪਰਿਪਾਟੀ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਵਰਤੋਂ ਨਹੀਂ ਬਲਕਿ ਖੰਡੇ ਦੀ ਵਰਤੋਂ ਦਾ ਸੀ।
ਹੁਣ ਇਸ ਨੁੱਕਤੇ ਤੇ ਪਹੁੰਚ ਕੇ ਸਾਨੂੰ ਪਹਿਲਾਂ ਵਿਚਾਰੀ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਦੀ ਉਸ ਤਾਕੀਦ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਜਿਸ ਅਨੁਸਾਰ ਦਸ਼ਮੇਸ਼ ਜੀ ਨੇ ਕਿਸੇ ‘ਹੋਰ ਪ੍ਰਕਾਰ ਦੀ ਪਾਹੁਲ` ਨੂੰ ਨਾ ਲੇਂਣ ਦੀ ਹਿਦਾਯਤ ਸਿੱਖਾਂ ਨੂੰ ਕੀਤੀ ਸੀ। ਅਸੀਂ ਪਿੱਛੇ ਵਿਚਾਰ ਆਏ ਹਾਂ ਕਿ ਇਸ ਤਾਕੀਦ ਤੋਂ ਪਤਾ ਚਲਦਾ ਹੈ ਕਿ ਉਸ ਵੇਲੇ ਕੋਈ ਹੋਰ ਵੀ ਪਾਹੁਲ ਦੇਂਣ ਦੀ ਵਰਤੋਂ ਕਰ ਰਿਹਾ ਸੀ ਅਤੇ ਇਹ ਵਰਤੋਂ ਚਰਣਾਮ੍ਰਿਤ ਵਰਗੀ ਸੀ।
ਪਾਹੁਲ ਦਾ ਕੋਈ ਰਿਵਾਜ ਜ਼ਰੂਰ ਸੀ ਜਿਸ ਕਾਰਨ ਦਸ਼ਮੇਸ਼ ਜੀ ਵਲੋਂ ਕੀਤੇ ਕੋਤਕ ਨੂੰ ਖੰਡੇ ਦੀ ਪਾਹੁਲ ਵੀ ਕਿਹਾ ਗਿਆ ਪਰ ਚੁੰਕਿ ਗੁਰੂ ਆਪ ਸੰਸ਼ਾਰ ਤੋਂ ਚਲੇ ਗਏ ਇਸ ਲਈ ਪਾਹੁਲ ਦੀ ਥਾਂ, ਨਾਲ ਦੇ ਨਾਲ, ਅੰਮ੍ਰਿਤ ਸ਼ਬਦ ਨੂੰ ਵਰਤਿਆ ਗਿਆ ਕਿਉਂਕਿ ਇਹ ਪਾਦਜਲ (ਪਾਹੁਲ) ਵਰਗਾ ਨਹੀਂ ਸੀ ਬਲਕਿ ਖੰਡੇ ਦੀ ਵਰਤੋਂ ਤੇ ਅਧਾਰਤ ਸੀ। ਹੋ ਸਕਦਾ ਹੈ ਕਿ ਇਸ ਰੀਤ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਨੂੰ ਵੀ ਦਸ਼ਮੇਸ਼ ਜੀ ਦੀ ਹੀ ਪਰਵਾਣਗੀ ਸੀ ਜਿਸ ਕਾਰਣ ਉਨਾਂ ਦੇ ਸਮਕਾਲੀਆਂ ਨੇ ਇਸ ਕ੍ਰਿਆ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਵੀ ਕੀਤੀ ਸੀ। ਜੇਕਰ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਐਸੀ ਦਾਤ ਗੁਰਮਤਿ ਅਨੁਸਾਰੀ ਸੀ ਤਾਂ ਸਿੱਖਾਂ ਲਈ ਇਹ ਦਾਤ ਅੰਮ੍ਰਿਤ ਸਮਾਨ ਕੀਮਤੀ ਹੀ ਸੀ। ਜਾਹਰ ਜਿਹੀ ਗਲ ਹੈ ਕਿ ਪਹਿਲਾਂ ਤੋਂ ਚਰਨਾਮ੍ਰਿਤ ਨਾਲ ਜੁੜਿਆ ਸ਼ਬਦ ਪਾਹੁਲ ਇੱਕ ਨਵੇਕਲੀ ਕ੍ਰਿਆ ਲਈ ਵੀ ਪ੍ਰਚਲਤ ਰਿਹਾ। ਇਹ ਸੁਭਾਵਕ ਜਿਹੀ ਗਲ ਸੀ। ਖ਼ੈਰ ਅਸੀਂ ਹੁਣ
ਅੱਗੇ 1936 ਦੇ ਪਸਮੰਜ਼ਰ ਨੂੰ ਵਿਚਾਰਦੇ ਹਾਂ ਜਿਸ ਵਿੱਚ ਰਹਿਤ ਮਰਿਯਾਦਾ ਤਿਆਰ ਕਰਨ ਵਿੱਚ ਲੱਗੇ ਸੱਜਣਾ ਵਲੋਂ ‘ਪਾਹੁਲ` ਦੀ ਥਾਂ ‘ਅੰਮ੍ਰਿਤ` ਸ਼ਬਦ ਨੂੰ ਤਰਜੀਹ ਦਿੱਤੀ ਗਈ। ਐਸਾ ਕਿਉਂ ਹੋਇਆ? ਇਸ ਸਵਾਲ ਦਾ ਸਹੀ ਜਵਾਬ ਸ਼ਾਯਦ ਭਾਈ ਕਾਨ ਸਿੰਘ ਨਾਭਾ ਜੀ ਦੀ ਉਹ ਵਿਆਖਿਆ ਹੀ ਹੈ ਜਿਸ ਵਿੱਚ ਉਨ੍ਹਾਂ ਵਲੋਂ ਕੀਤੇ ਖ਼ੋਜ ਅਧਾਰਤ ਅਰਥ ਅਨੁਸਾਰ ਪਾਹੁਲ ਦੇ ਅਰਥ ਪਾਦਜਲ ਜਾਂ ਪੈਰਾਂ ਰਾਹੀਂ ਤਿਆਰ ਚਰਣਾਮ੍ਰਿਤ ਨਿਕਲਦੇ ਸਨ। ਉਸ ਵੇਲੇ ਭਾਈ ਕਾਨ ਸਿੰਘ ਜੀ ਦੇ ਵਿਚਾਰਾਂ ਅਤੇ ਲਿਖਤਾਂ ਦੀ ਕਦਰ ਅਤੇ ਵਰਤੋਂ ਤਾਂ ਸੀ ਹੀ। ਉਹ ਵਿਦਵਾਨ ਪਰੁਸ਼ ਸਨ। ਵੈਸੇ ਵੀ ਰਹਿਤ ਮਰਿਯਾਦਾ ਵਿੱਚ ਇਸ ਰਸਮ ਦੇ ਸਿਰਲੇਖ ਲਈ, ਪ੍ਰਚਲਤ ਦੋਹਾਂ ਸ਼ਬਦ ਜੋੜਾਂ ਵਿਚੋਂ ਇੱਕ ਨੂੰ ਹੀ ਚੁਣਨ ਦੀ ਗਲ ਸੀ।
ਇਸ ਲਈ ਹੁਣ ਇਸ ਚਰਚਾ ਵਿੱਚ ਭਾਈ ਸਾਹਿਬ ਜੀ ਦੇ ਮਹਾਨ ਕੋਸ਼ ਵਿੱਚ `ਚਰਣਾਮ੍ਰਿਤ` ਇੰਦਰਾਜ਼ ਦੇ ਅਰਥ ਵੀ ਵਿਚਾਰਣ ਦੀ ਲੋੜ ਹੈ ਕਿਉਂਕਿ ਮਹਾਨ ਕੋਸ਼ ਵਿੱਚ ਪਾਹੁਲ ਦੇ ਅਰਥਾਂ ਹੇਠ ਪੈਰ ਟਿੱਪਣੀ, ਪਾਹੁਲ ਦੇ ਅਰਥ ਨੂੰ ਚਰਣਾਮ੍ਰਿਤ ਸ਼ਬਦ ਦਾ ਪ੍ਰਾਯਵਾਚੀ ਦੱਸਦੀ ਹੈ ਚਰਣਾਮ੍ਰਿਤ ਦੇ ਅਰਥ ਇਸ ਪ੍ਰਕਾਰ ਹਨ:-
ਚਰਣਾਮ੍ਰਿਤ} ਸੰਗਯਾ- ਚਰਣਾਂ ਦਾ ਅੰਮ੍ਰਿਤ, ਚਰਣੋਦਕ, ਦੇਵਤਾ ਦੀ ਮੁਰਤੀ ਅਥਵਾ ਧਰਮਉਪਦੇਸ਼ਾ ਗੁਰੂ ਦੇ ਚਰਣਾ ਦਾ ਜਲ, ਉਹ ਜਲ ਜਿਸ ਨਾਲ ਗੁਰੂ ਦੇ ਪੈਰ ਧੌਤੇ ਹਨ, ਨੋਂ ਸਤਿ ਗੁਰਾਂ ਵਲੋਂ ਸਿੱਖ ਧਰਮ ਵਿੱਚ ਲਿਆਉਂਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ. ਇਸ ਦਾ ਨਾਮ ਚਰਣਾਪਾਹੁਲ ਅਤੇ ਪਰਾਪਾਹੁਲ ਭੀ ਲਿਖਿਆ ਹੈ.
ਨੋਂ ਸਤਿਗੁਰਾਂ ਵੇਲੇ ਕੀ ਰੀਤ ਸੀ ਕੀ ਨਹੀਂ, ਇਸ ਤੋਂ ਅਲਗ, ਇਨ੍ਹਾਂ ਤਾਂ ਸਪਸ਼ਟ ਹੈ ਕਿ ਪਾਹੁਲ ਦੇ ਅਰਥ ਅੰਮ੍ਰਿਤ ਨਾਲ ਹੀ ਜੁੜੇ ਸੀ ਫ਼ਰਕ ਕੇਵਲ ਇਤਨਾ ਸੀ ਕਿ ਪਾਹੁਲ ਕਿਸੇ ਦੇ ਚਰਣਾ ਦੇ ਅੰਮ੍ਰਿਤ ਨਾਲ ਜੁੜਿਆ ਸ਼ਬਦ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਥਾਂ ਖੰਡੇ ਦੀ ਵਰਤੋਂ ਦਾ ਸੀ। ਸੁਭਾਵਕ ਜਿਹੀ ਗਲ ਹੈ ਕਿ ਖੰਡੇ ਦੇ ਪੈਰ ਨਹੀਂ ਹੁੰਦੇ ਅਤੇ ਇਸ ਲਈ ਭਾਈ ਕਾਨ ਸਿੰਘ ਨਾਭਾ ਜੀ ਨੇ ਪਾਹੁਲ ਸ਼ਬਦ ਦੇ ਅਰਥਾਂ ਦੇ ਨਾਲ ਉਸਦੇ ਭਾਸ਼ਾਈ ਅਤੇ ਵਿਵਹਾਰਕ ਪਿੱਛੋਕੜ ਕਾਰਣ ਖੰਡੇ ਦੀ ਪਾਹੁਲ ਦੀ ਥਾਂ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਨੂੰ ਤਰਜੀਹ ਦਿੰਦੇ ਪਾਹੁਲ ਸ਼ਬਦ ਦੀ ਵਰਤੋਂ ਤੋਂ ਅਸਹਿਮਤੀ ਜਤਾਈ ਸੀ।
ਅਗਰ ਸਿੱਖ ਜਗਤ ਵਿੱਚ ਇਹ ਮਾਨਤਾ ਸੀ ਕਿ ਨੋਂ ਸਤਿਗੁਰਾਂ ਨੇ ਸਿੱਖੀ ਦੇ ਦਾਇਰੇ ਦੇ ਅੰਦਰ ਪ੍ਰਵੇਸ਼ ਲਈ ਪਾਹੁਲ (ਚਰਨਾਮ੍ਰਿਤ) ਵਰਗੀ ਰੀਤ ਰੱਖੀ ਹੋਈ ਸੀ ਤਾਂ ਦਸ਼ਮੇਸ਼ ਗੁਰੂ ਤੋਂ ਬਾਦ ਖੰਡੇ ਦਾ ਅੰਮ੍ਰਿਤ ਜ਼ਿਆਦਾ ਢੁੱਕਵਾਂ ਸ਼ਬਦ ਪ੍ਰਤੀਤ ਹੁੰਦਾ ਸੀ ਕਿਉਂਕਿ ਹੁਣ ਪਾਹੁਲ (ਚਰਨਾਮ੍ਰਿਤ) ਨਹੀਂ ਸੀ ਹੋ ਸਕਦਾ। ਸ਼ਾਯਦ ਇਸੇ ਕਾਰਨ ਪਾਹੁਲ ਦੀ ਵਧੇਰੇ ਸਪਸ਼ਟਤਾ ਲਈ ਇਸ ਨਾਲ ‘ਖੰਡੇ ਦੀ` ਸ਼ਬਦ ਜੋੜੇ ਗਏ ਤਾਂ ਕਿ ਉਸ ਵਲੇ ਕਿੱਧਰੇ ਹੋਰ ਕਿਸੇ ਵੱਲੋਂ ਪ੍ਰਚਲਤ ਚਰਨਾਮ੍ਰਿਤ ਲਾਲੋਂ ਇਸ ਰਸਮ ਨੂੰ ਵੱਖਰਾ ਪਰਿਭਾਸ਼ਤ ਰੱਖਿਆ ਜਾ ਸਕੇ। ਪਰ ‘ਖੰਡੇ ਦੀ` ਦੇ ਨਾਲ ‘ਪਾਹੁਲ` ਦੇ ਅਰਥਾਂ ਨੂੰ ਜੋੜਿਆ ਜਾਏ ਤਾਂ ਅਰਥ ਬਣਦੇ ਹਨ:-
ਖੰਡੇ ਨਾਲ ਤਿਆਰ ਕੀਤਾ ਪਾਦਜਲ, ਚਰਨਾਮ੍ਰਿਤ ਜਾਂ ਖੰਡੇ ਨਾਲ ਤਿਆਰ ਕੀਤਾ ਚਰਨਾ ਦਾ ਅੰਮ੍ਰਿਤ!
ਇਹ ਇੱਕ ਦੋਹਰਾ ਜਿਹਾ ਭਾਵ ਅਰਥ ਬਣਦਾ ਪ੍ਰਤੀਤ ਹੁੰਦਾ ਹੈ। ਯਾਨੀ ਕਿ ਇਕੋ ਹੀ ਸਮੇਂ ਇੱਕ ਜਲ ਦੇ ਬਾਟੇ ਨੂੰ ‘ਖੰਡੇ` ਅਤੇ `ਚਰਣਾਂ` ਨਾਲ ਤਿਆਰ ਕੀਤਾ ਅੰਮ੍ਰਿਤ ਜਾਂ ਜਲ ਕਹਿਣ ਵਰਗਾ। ਅੰਮ੍ਰਿਤ ਸ਼ਬਦ ਤਾਂ ਕਿਸੇ ਸੂਰਤ ਵੀ ਬਾਹਰ ਨਹੀਂ ਨਿਕਲਦਾ ਚਾਹੇ ਪਾਹੁਲ ਹੀ ਕਿਉਂ ਨਾ ਕਹਿ ਲਈਏ। ਅਸੀਂ ਸ਼ਬਦਕੋਸ਼ਕ ਅਰਥਾਂ ਨੂੰ ਤਾਂ ਨਹੀਂ ਬਦਲ ਸਕਦੇ ਕਿਉਂਕਿ ਸ਼ਬਦਾ ਦੇ ਅਰਥ ਤਾਂ ਚਿਰਕਾਲ ਤੋਂ ਚਲੇ ਆਉਂਦੇ ਹਨ। ਅਸੀਂ ਪਾਹੁਲ ਦਾ ਨਵਾਂ ਅਰਥ ਵੀ ਨਹੀਂ ਘੜ ਸਕਦੇ। ਪਾਹੁਲ ਦਾ ਅਰਥ ਤਾਂ ਅੰਮ੍ਰਿਤ ਹੀ ਰਹੇਗਾ ਹਾਂ ਉਹ ਪੈਰਾਂ (ਚਰਣਾਂ) ਦੇ ਨਾਲ ਵੀ ਜਾ ਜੁੜਦਾ ਹੈ।
ਨਿਰਸੰਦੇਹ ਇਸੇ ਕਾਰਨ ਭਾਈ ਕਾਨ ਸਿੰਘ ਜੀ ਨੇ ਸ਼ਬਦ ਅਰਥਾਂ ਦੀ ਜਾਣਕਾਰੀ ਦੇ ਮੱਧੇ ਨਜ਼ਰ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਾਰਿਪਾਟੀ ਅਨੁਸਾਰ (ਜਦੇਂ ਕਿਸੇ ਵੱਲੋਂ ਕਿਸੇ ਨੂੰ ਆਪਣੇ ਚਰਣਾਂ ਰਾਹੀਂ ਤਿਆਰ ਧਾਦਜਲ ਪਿਲਾਇਆ ਜਾਂਦਾ ਸੀ) ਪਾਹੁਲ ਕਹਿਣ ਨੂੰ ਗਲਤ ਠਹਿਰਾਇਆ ਕਿਉਂਕਿ ਗੁਰੂਆਂ ਬਾਦ ਚਰਣਾਂ ਦੇ ਅੰਮ੍ਰਿਤ ਦੀ ਗਲ ਜੱਚਦੀ ਨਹੀਂ ਪ੍ਰਤੀਤ ਹੁੰਦੀ ਸੀ। ਵਰਤੋਂ ਚੁੰਕਿ ਦੋਹਾਂ ਸ਼ਬਦ ਜੋੜਾਂ ਦੀ ਪੁਰਾਤਨ ਸਮੇਂ ਤੋਂ ਹੁੰਦੀ ਰਹੀ ਸੀ ਇਸ ਲਈ ਖੰਡੇ ਦੇ ਅੰਮ੍ਰਿਤ ਨੂੰ ਰਹਿਤ ਮਰਿਯਾਦਾ ਵਿੱਚ ਵਰਤਿਆ ਗਿਆ।
ਉੱਪਰਲੀ ਵਿਚਾਰ ਰਾਹੀਂ ਅਸੀਂ ਇਸ ਕਹਿ ਸਕਦੇ ਹਾਂ ਕਿ ਜਿੱਥੋਂ ਤਕ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਅੰਮ੍ਰਿਤ ਸ਼ਬਦ ਦੀ ਵਰਤੋਂ ਦਾ ਸਵਾਲ ਹੈ ਤਾਂ ਇਸ ਦੀ ਵਿਆਖਿਆ ਬਾਣੀ ਵਿੱਚ ਦਰਸਾਏ ‘ਸ਼ਬਦ ਅੰਮ੍ਰਿਤ` ਜਾਂ ‘ਨਾਮ ਦੇ ਅੰਮ੍ਰਿਤ` ਆਦਿ ਨਾਲੋਂ ਬਿਲਕੁਲ ਵੱਖਰੀ ਹੈ ਜਿਸ ਨੂੰ ਸਮਝਣਾ-ਸਮਝਾਣਾਂ ਔਖਾ ਨਹੀਂ। ਹਾਂ ਜੇ ਕਰ ਕਿਸੇ ਨੂੰ ਸਮਝ ਹੀ ਨਾ ਆਉਂਦੀ ਹੋਵੇ ਤਾਂ ਸਮਝ ਨਾ ਆਉਂਣ ਵਾਲੀ ਗਲ ਕੋਈ ਵੀ ਹੋ ਸਕਦੀ ਹੈ।
ਮਸਲਨ ਪੰਚਮ ਪਾਤਿਸ਼ਾਹ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਤਿਆਰ ਕੀਤਾ। ਸਵਰੂਪ ਦੀ ਆਪਣੀ ਲੋੜ ਆਪਣੀ ਅਹਿਮੀਅਤ ਸੀ। ਉਹ ਅਤਿ ਲਾਜ਼ਮੀ ਗਲ ਸੀ! ਪਰ ਕਈ ਕੇਵਲ ਸਵਰੂਪ ਨਾਲ ਹੀ ਜੂੜ ਗਏ ਰਹਿੰਦੇ ਹਨ। ਕਾਰਨ? ਕਾਰਨ ਇਹ ਕਿ ਸਮਝ ਨਹੀਂ ਆਉਂਦੀ! ਸਮਝਾਉਂਣ ਦੀ ਲੋੜ ਰਹਿੰਦੀ ਹੈ। ਇਸ ਵਿੱਚ ਸਮੱਸਿਆ ਕਿਸਦੀ ਹੈ? ਸਵਰੂਪ ਦੀ ਜਾਂ ਕੇਵਲ ਸਵਰੂਪ ਨਾਲ ਜੁੜਨ ਵਾਲਿਆਂ ਦੀ ਸਮਝ ਦੀ? ਗੁਰੂ ਨੂੰ ਆਪਣੀ ਮਤਿ ਸੋਂਪਣਾ ਹੀ ਮੱਥਾ ਟੇਕਣ ਦੀ ਸਿਧਾਂਤਕ ਕ੍ਰਿਆ ਹੈ ਪਰ ਬਾਣੀ ਦੇ ਇਸ ਸਿਧਾਂਤ ਦਾ ਟਾਕਰਾ ਆਮ ਸਤਿਕਾਰ ਵਜੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਦੀ ਇੱਕ ਮਰਿਯਾਦਿਤ ਸ਼ਰੀਰਕ ਕ੍ਰਿਆ ਨਾਲ ਕਰਦੇ ਉਸਨੂੰ ਰੱਧ ਕਰਨ ਦੀ ਮੰਗ ਬੇਮਾਨੀ ਹੀ ਹੋਵੇਗੀ।
ਇਕ ਸਮੇਂ ਆਰਿਆਂ ਸਮਾਜ ਦੇ ਦਯਾਨੰਦ ਜੀ ਨੇ ਆਪਣਾ ਤਰਕ ਵਰਤਦੇ ਸਿੱਖਾਂ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੂਰਤੀ ਪੂਜਾ ਕਹਿੰਦੇ ਤਨਜ਼ ਕੱਸਿਆ ਸੀ। ਇਸ ਤਨਜ਼ ਦਾ ਜਵਾਬ ਭਾਈ ਕਾਨ ਸਿੰਘ ਜੀ ਨੇ ਆਪਣੀ ਪੁਸਤਕ ਗੁਰਮਤਿ ਮਾਰਤੰਡ ਵਿੱਚ ਇੰਝ ਦਿੱਤਾ ਸੀ:-
“{ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਮੂਰਤੀ ਪੂਜਾ ਨਹੀਂ} ਜੋ ਤਰਕਵਾਦੀ ਅਗਯਾਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਮੂਰਤੀ-ਪੂਜਾ ਕਲਪਦੇ ਹਨ, ਉਹ ਵਿਚਾਰਵਾਨ ਨਹੀਂ “
ਹੁਣ ਇਹੀ ਗਲ ਕਈ ਗਲਾਂ ਦੇ ਬਾਰੇ ਦੇਖਣ ਨੂੰ ਮਿਲਦੀ ਹੈ ਜਿਨਾਂ ਵਿੱਚੋਂ ਅੰਮ੍ਰਿਤ ਸੰਸਕਾਰ ਵੀ ਇੱਕ ਗਲ ਹੈ। ਕੇਵਲ ਪਾਹੁਲ ਕਹਿਣ ਨਾਲ ਪਾਹੁਲ ਦੇ ਅਰਥ ਤਾਂ ਨਹੀਂ ਬਦਲੇ ਜਾ ਸਕਦੇ। ਨਵਾਂ ਅਰਥ ਅਸੀਂ ਘੜ ਨਹੀਂ ਸਕਦੇ। ਪਾਹੁਲ ਦੇ ਅਰਥ ਨੂੰ ਸਮਝਣ ਲਈ ਗਲ ਮੁੜ ਕੇ ਅੰਮ੍ਰਿਤ ਤੇ ਹੀ ਆ ਮੁੱਕਣੀ ਹੈ। ਵਧੇਰੇ ਅਰਥ ਸਮਝਣ ਵਾਲੇ ਦੀ ਮਤ ਵਿੱਚ ਪਾਹੁਲ ਚਰਨਾ ਦਾ ਅੰਮ੍ਰਿਤ ਬਣ ਉਭਰੇਗਾ ਜੋ ਕਿ ਖੰਡੇ ਦੇ ਅੰਮ੍ਰਿਤ ਨਾਲੋਂ ਵੱਖਰੀ ਗਲ ਹੋ ਜਾਏਗੀ।
ਇਸ ਕਰਕੇ ਵਧੇਰੇ ਉਲਝਣ ਨਾਲੋਂ ਚੰਗਾ ਹੈ ਕਿ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਿਆ-ਸਮਝਾਇਆ ਜਾਏ ਜਿਵੇਂ ਕਿ ਅਸੀਂ ਬਾਣੀ ਵਿੱਚ ਵਰਤੇ ‘ਰਾਮ` ‘ਰਾਮਚੰਦਰ`, ਧਰਮਸਾਲ ਅਤੇ ਧਰਮਸਾਲ (ਗੁਰੂਘਰ ਵਲੋਂ ਸਥਾਪਤ ਪ੍ਰਚਾਰ ਕੇਂਦਰ) ਸ਼ਬਦਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਣ-ਸਮਝਾਉਂਣ ਲਈ ਕਰਦੇ ਹਾਂ। ਜੇਕਰ ਅਸੀਂ ‘ਪਾਹੁਲ` ਦੇ ਅਰਥ `ਚਰਨਾ ਦਾ ਅੰਮ੍ਰਿਤ` ਨਹੀ ਲੇਂਦੇ ਅਤੇ ‘ਖੰਡੇ ਦੇ ਅੰਮ੍ਰਿਤ` ਦਾ ਅਰਥ ਬਾਣੀ ਰੂਪੀ ਅੰਮ੍ਰਿਤ ਨਹੀਂ ਲੇਂਦੇ ਤਾਂ ਦੇਹੇਂ ਸ਼ਬਦ ਉਚਿੱਤ ਹਨ ਨਹੀਂ ਤਾਂ ਨਾਸਮਝੀ ਵਿੱਚ ਦੋਂਹਾਂ ਦੇ ਭਾਵਅਰਥ ਗਲਤ ਵੀ ਹੋ ਸਕਦੇ ਹਨ।
ਇਸ ਲਈ, ਸਿੱਖੀ ਪ੍ਰਤੀ ਇੱਕ ਅਹਿਦ ਵਿੱਚ ਪ੍ਰਵੇਸ਼ ਕਰਨ ਦੀ ਮਰਿਯਾਦਿਤ ਪ੍ਰਕ੍ਰਿਆ ਨੂੰ ਅਸੀਂ ‘ਖੰਡੇ ਦਾ ਅੰਮ੍ਰਿਤ` ਵੀ ਕਹਿ ਲਈਏ ਤਾਂ ਵੀ ਕੋਈ ਹਰਜ਼ ਨਹੀਂ।
ਹਰਦੇਵ ਸਿੰਘ, ਜੰਮੂ

‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`


‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`
ਹਰਦੇਵ ਸਿੰਘ, ਜੰਮੂ


ਮਿਤੀ 16.10.2011, ਦਾਸ ਨੂੰ ਸ. ਗੁਰਬਖ਼ਸ਼ ਸਿੰਘ ਜੀ ਕਾਲਾ ਅਫ਼ਗਨਾ ਦੀ ਕਿਸੇ ਪੁਸਤਕ ਦੇ ਇੱਕ ਲੇਖ ‘ਸਿੱਖ ਬਨਾਉਂਣ ਲਈ ਚਰਣਾਮ੍ਰਿਤ ਪਿਲਾਉਣ ਦੀ ਰੀਤ? ` ਨੂੰ ਇੱਕ ਵੈਬਸਾਈਟ ਤੇ ਪਹਿਲੀ ਵਾਰ ਪੜਨ ਦਾ ਮੋਕਾ ਪ੍ਰਾਪਤ ਹੋਇਆ ਤਾਂ ਪਤਾ ਚੱਲਿਆ ਕਿ ਕਾਲਾ ਅਫ਼ਗਾਨਾ ਜੀ ਨੇ, ਦਸ਼ਮੇਸ਼ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਪਹਿਲਾਂ ਸਿੱਖੀ ਅੰਦਰ, ਗੁਰੂਆਂ ਵਲੋਂ ਸਿੱਖਾਂ ਨੂੰ ਆਪਣੇ ਚਰਣਾਮ੍ਰਿਤ ਦੇਂਣ ਦੀ ਕਹੀ ਜਾਂਦੀ ਰੀਤ ਬਾਰੇ ਵੱਡਮੁੱਲੇ ਵਿਚਾਰ ਦਿੱਤੇ ਹਨ। ਉਨ੍ਹਾਂ ਬਾਣੀ ਦੇ ਅੰਦਰ ਦਰਸਾਏ ‘ਨਾਮ ਅੰਮ੍ਰਿਤ` ਅਤੇ ‘ਖੰਡੇ ਬਾਟੇ ਦੀ ਪਾਹੁਲ`,ਦੋਹਾਂ ਵਿੱਚ ਅੰਤਰ ਦਰਸਾਉਂਦੇ ਕਈ ਸੁਚੱਜੇ ਵਿਚਾਰ ਦਿੱਤੇ ਹਨ ਅਤੇ ਗੁਰੂ ਨਾਨਕ ਵਲੋਂ ਆਪਣੇ ਚਰਨਾ ਦਾ ਅੰਮ੍ਰਿਤ ਪਿਲਾਉਂਣ ਦਾ ਖੰਡਨ ਕੀਤਾ ਹੈ। ਪਰ ਪਾਹੁਲ ਸ਼ਬਦ ਦੇ ਅਰਥ ਬਾਰੇ, ਉਨਾਂ ਦੀ ਇਸ ਲਿਖਤ ਦੇ ਕੁੱਝ ਅੰਸ਼ ਵਿਚਾਰਣ ਯੋਗ ਹਨ ਜੋ ਕਿ ਇਸ ਪ੍ਰਕਾਰ ਹਨ:-
(1) ਅੰਸ਼:- ਪ੍ਰੋਫ਼ੈਸਰ ਸ਼ੇਰ ਸਿੰਘ ਜੀ ਨੇ “ਪਾਹੁਲ” ਪੀਣ ਦਾ ਜ਼ਿਕਰ ਕੀਤਾ ਹੈ। ਮਹਾਨ ਕੋਸ਼ ਦੇ ੭੫੯ ਸਫ਼ੇ ਤੇ “ਪਾਹੁਲ” ਦਾ ਅਰਥ—ਪਾਣ ਚੜਾਉਂਣ ਵਾਲਾ ਧਰਮ-ਮੰਤ੍ਰ ਨਾਲ ਤਿਆਰ ਕੀਤਾ ਜਲ” ਲਿਖਿਆ ਹੈ। ਸਪੱਸ਼ਟ ਹੈ ਕਿ ਪਾਹੁਲ ਦਾ ਅਰਥ ਚਾਰਣਾਮ੍ਰਿਤ ਨਹੀਂ ਹੈ” (ਕਾਲਾ ਅਫ਼ਗਾਨਾ ਜੀ, ਪੰਨਾ 114)
ਟਿੱਪਣੀ:- ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਅਰਥ ਬਾਰੇ ਮਹਾਨ ਕੋਸ਼ ਦੇ ਹਵਾਲੇ ਨਾਲ ਉਪਰੋਕਤ ਵਿਚਾਰ ਦਿੱਤਾ ਹੈ ਅਤੇ ਇਹ ਲਿਖਿਆ ਹੈ ਕਿ ਮਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਨਹੀਂ ਹੈ। ਇਸ ਬਾਰੇ ਉਨ੍ਹਾਂ ਦਾ ਕਥਨ ਅਧੂਰਾ ਹੈ। ਵਾਸਤਵਿਕਤਾ ਵਿੱਚ ਮਾਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਹੈ ਮਹਾਨ ਕੋਸ਼ ਵਿੱਚ ਇਸ ਦੇ ਅਰਥ ਇਸ ਪ੍ਰਕਾਰ ਹਨ:
ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)
ਪਾਹੁਲ ਦਾ ਉਪਰੋਕਤ ਅਰਥ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਇੰਝ ਸਪਸ਼ਟ ਕੀਤਾ ਹੈ।
ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “
ਇਸ ਲਈ ਕਾਲਾ ਅਫ਼ਗਾਨਾ ਜੀ ਵਲੋਂ ਵਰਤੇ ਮਹਾਨ ਕੋਸ਼ ਦੇ ਹਵਾਲੇ ਅਨੁਸਾਰ ਪਾਹੁਲ ਸ਼ਬਦ ਦਾ ਅਰਥ ਨਿਰਸੰਦੇਹ ਚਰਣਾਮ੍ਰਿਤ ਲਿਕਲਦਾ ਹੈ। ਪਾਹੁਲ ਸ਼ਬਦ ਦਾ ਅਰਥ ਅੰਮ੍ਰਿਤ ਸ਼ਬਦ ਨਾਲੋਂ ਜੁਦਾ ਨਹੀਂ। ਹਾਂ ਇਤਨਾ ਫ਼ਰਕ ਜ਼ਰੂਰ ਹੈ ਕਿ ‘ਪਾਹੁਲ` ਕਿਸੇ ਵਿਯਕਤੀ ਦੇ ਚਰਨਾ ਦੇ ਨਾਲ ਜੁੜਦਾ ਹੈ ਅਤੇ ‘ਅੰਮ੍ਰਿਤ` ਸ਼ਬਦ ਕੇਵਲ ਖੰਡੇ ਅਤੇ ਬਾਟੇ ਨਾਲ। ਵੈਸੇ ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦਾ ਅਰਥ ਹੋਰ ਅਰਥਾਂ ਨਾਲ, ਜਲ, ਮਧੁਰ ਵੀ ਕੀਤਾ ਗਿਆ ਹੈ। (ਵੇਖੋ ਅਮ੍ਰਿਤ ਅਤੇ ਅੰਮ੍ਰਿਤ ਇੰਦਰਾਜ, ਮਹਾਨ ਕੋਸ਼) ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਬਾਟੇ ਦੇ ਜਲ (ਅੰਮ੍ਰਿਤ)ਨੂੰ ਖੰਡੇ ਨਾਲ ਜੋੜ ਰੱਖਣਾ ਚਾਹੁੰਦੇ ਹਾਂ ਕਿ ਕਿਸੇ ਚਰਣਾਂ ਨਾਲ?
(੨) ਅੰਸ਼}ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਪਾਹੁਲ ਬਾਰੇ ਬਚਨ ਇਸ ਪ੍ਰਕਾਰ ਕਰਦੇ ਹਨ:-
ਪ੍ਰਥਮ ਰਤ ਇਹ ਜਾਨ,ਖੰਡੇ ਕੀ ਪਾਹੁਲ ਛਕੇ। ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।
ਵਿਚਾਰ—ਜਦ ਗੁਰੂ ਘਰ ਵਿੱਚ ਖੰਡੇ ਬਾਟੇ ਤੀ ਪਾਹੁਲ ਏਡੇ ਚਮਤਕਾਰੀ ਸਾਕੇ ਦੁਆਰਾ ਤਿਆਰ ਹੋ ਕੇ ਪਰਚਲਤ ਹੋ ਚੁੱਕੀ ਸੀ ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਸਿੱਖ ਜਗਤ ਵਿੱਚ ਕੋਈ ਹੋਰ ਪਾਹੁਲ ਵੀ ਪਿਲਾਈ ਜਾਣ ਦਾ ਰਵਾਜ ਸੀ? ਨਿਰਸੰਦੇਹ ਇਹ ਜ਼ਿਕਰ ਉਸੇ ਪਾਹੁਲ ਦਾ ਹੈ ਜਿਹੜੀ ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ। ਜਿਵੇਂ ਅੱਜ ਵੀ ਕਈ ਸਿੱਖ ਦੇਵੀ ਦੇਵਤਿਆਂ ਦੇ ਮੰਦਰਾਂ ਅਤੇ ਤੀਰਥਾਂ ਤੇ ਜਾਂਦੇ ਵੇਖੇ ਜਾ ਸਕਦੇ ਹਨ ਹਿੰਦੂਆਂ ਵਿੱਚ ਤਾਜ਼ੇ ਬਣੇ ਸਿੱਖਾਂ ਵਿੱਚ ਉਸ ਸਮੇਂ ਵੀ ਅਜੇਹੀ ਰੁਚੀ ਦਾ ਹੋਣਾ ਕੁਦਰਤੀ ਸੀ ਜੋ ਭਾਈ ਦੇਸਾ ਸਿੰਘ ਜੀ ਨੂੰ ਨਹੀਂ ਸੀ ਭਾਇਆ। ਖ਼ਾਲਸਾ ਜੀ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਚਮਤਕਾਰੀ ਮਰਿਆਦਾ ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਹੈ” (ਕਾਲਾ ਅਫ਼ਗਾਨਾ ਜੀ, ਪੰਨਾ ੧੧੮-੧੧੯)
ਟਿੱਪਣੀ:-ਭਾਈ ਦੇਸਾ ਸਿੰਘ ਜੀ ਦੇ ਰਹਿਤਮਾਨੇ ਦਾ ਇਸ ਬਾਬਤ ਪੁਰਾ ਹਵਾਲਾ ਇਸ ਪ੍ਰਕਾਰ ਹੈ:-
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,
ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.
ਇਸ ਹਵਾਲੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੰਡੇ ਦੇ ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਵੀ ਨਾਲ ਦੇ ਨਾਲ ਪ੍ਰਚਲਤ ਸੀ। ਕਾਲਾ ਅਫ਼ਗਾਨਾ ਜੀ ਦਾ ਮਤ ਸਹੀ ਹੈ ਕਿ ਪਾਹੁਲ ਦੀ ਰੀਤ ਕਿਸੇ ਹੋਰ ਤਬਕੇ ਵਲੋਂ ਵੀ ਵਰਤੀ ਜਾਂਦੀ ਸੀ ਜਿਸ ਨੂੰ ਗ੍ਰਿਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਸਪਸ਼ਟ ਰੂਪ ਵਿੱਚ ਕੀਤੀ ਗਈ ਹੈ। ਫ਼ਿਰ ਤਾਂ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਪਾਹੁਲ ਦਾ ਅਰਥ ਵੀ ਚਰਨਾਮ੍ਰਿਤ ਅਰਥਾਰਤ ਚਰਨਾ ਦਾ ਅੰਮ੍ਰਿਤ ਹੈ ਜਿਸ ਨੂੰ ਬਾਕੋਲ ਕਾਲਾ ਅਫ਼ਗਾਨਾ ਜੀ ਵੀ,” ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ”।
ਇਸ ਤੋਂ ਵਧੇਰੇ ਸਪਸ਼ਟ ਹੋਈਆ ਕਿ ਪਾਹੁਲ ਚਰਨਾਮ੍ਰਿਤ (ਚਰਣਾਂ ਦਾ ਅੰਮ੍ਰਿਤ) ਹੀ ਸੀ ਜਿਸ ਨੂੰ ਹੋਰ ਧਿਰ ਆਪਣੇ ਅਨੁਯਾਯੀਆਂ ਲਈ ਵਰਤਦੇ ਸੀ।
ਗੁਰੂ ਦਸ਼ਮੇਸ਼ ਜੀ ਨੇ ਇਸੇ ਕਾਰਣ ਆਪਣੇ ਕੋਤਕ ਨੂੰ ਪ੍ਰਚਲਤ ਪਾਹੁਲ ਨਾਲੋਂ ਵੱਖਰਾ ਦਰਸਾਉਂਣ ਲਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਿਹਾ ਜਿਸ ਵਿੱਚ ਕਿਸੇ ਵਿਅਕਤੀ ਦੇ ਪੈਰਾਂ ਦਾ ਕੋਈ ਰੋਲ ਨਹੀਂ ਸੀ। ਹਾਂ ਹੋਰ ਥਾਂਈ ਪ੍ਰਚਲਨ ਹੋਂਣ ਕਾਰਣ ਅਤੇ ਇਸ ਨੂੰ ਮੱਠਾਂ ਆਦਿ ਵਿੱਚ ਪ੍ਰਚਲਤ ਪਾਹੁਲ (ਚਰਨਾਮ੍ਰਿਤ) ਰੀਤੀਆਂ ਨਾਲੋਂ ਵੱਖਰਾ ਪਰਿਭਾਸ਼ਤ ਕਰਨ ਲਈ ਇਸ ਲਈ ‘ਖੰਡੇ ਦੇ ਪਾਹੁਲ` ਸ਼ਬਦ ਜੋੜ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ। ਪਰ 1945 ਵਿੱਚ ਬਣੀ ਸਿੱਖ ਰਹਿਤ ਮਰਿਯਾਦਾ ਵਿੱਚ ਪਾਹੁਲ ਸ਼ਬਦ ਦੇ ਵਾਸਤਵਕ ਅਰਥਾਂ ਅਤੇ ਪਿੱਛੋਕੜ (ਹੋਰ ਧਿਰਾਂ ਵਲੋਂ ਪੈਰਾ ਦੀ ਵਰਤੋਂ ਰਾਹੀਂ ਕੀਤੀ ਜਾਂਦੀ ਰਸਮ) ਨੂੰ ਧਿਆਨ ਵਿੱਚ ਰੱਖਦੇ ਇਸ ਮਰਿਯਾਦਤ ਕ੍ਰਿਆ ਲਈ ਖੰਡੇ ਬਾਟੇ ਦੇ ਅੰਮ੍ਰਿਤ ਸ਼ਬਦ ਜੋੜ (ਅੰਮ੍ਰਿਤ ਸੰਸਕਾਰ) ਨੂੰ ਤਰਜੀਹ ਮਿਲੀ। ਇਹ ਇੱਕ ਉਚਿੱਤ ਨਿਰਨਾ ਹੀ ਸੀ ਜਿਸ ਵਿੱਚ ਇੱਕ ਪੁਰਾਤਨ ਅਤੇ ਗੁਰਕਾਲੀ ਵਰਤੋਂ ਨੂੰ ਚੁਣਿਆ ਗਿਆ।
ਉਪਰਕਤ ਦਿੱਤੇ ਕਾਲਾ ਅਫ਼ਗਾਨਾ ਜੀ ਦੀ ਲਿਖਤ ਦੇ ਅੰਸ਼ ਦੇ ਅੰਤ ਦੀ ਪੰਕਤੀ ਵਿੱਚ ਉਨ੍ਹਾਂ ਨੇ ਖੰਡੇ ਦੀ ਪਾਹੁਲ ਦੀ ਰਸਮ ਨੂੰ ਖ਼ਾਲਸੇ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਇੱਕ ਚਮਤਕਾਰੀ ਮਰਿਆਦਾ, ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਦਰਸਾਇਆ ਹੈ। ਉਨਾਂ ਦੇ ਸ਼ਬਦ ਕੀਮਤੀ ਹਨ ਅਤੇ ਉਹ ਇਸ ਰਸਮ ਨੂੰ `ਚਮਤਕਾਰੀ` ਵੀ ਦਰਸਾ ਰਹੇ ਹਨ। ਇੰਝ ਹੀ ‘ਨਾਮ ਅੰਮ੍ਰਿਤ` ਤੋਂ ਅਲਗ, ਕਿਸੇ ਹੋਰ ਠੀਕ ਪਰਿਪੇਖ ਵਿਚ, ਖੰਡੇ ਦੇ ਅੰਮ੍ਰਿਤ/ਪਾਹੁਲ ਨੂੰ ਕਈ ਹੋਰ ਜਾਣਕਾਰ ਸੱਜਣ ਵੀ ਚਮਤਕਾਰੀ ਦਰਸਾਉਂਦੇ ਹਨ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
(3) ਅੰਸ਼ “… ਫ਼ਿਰ ਜਿਸਦਾ ਹਿਰਦਾ ਸਿੱਖ ਬਣ ਗਿਆ, ਤਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਜੀਵਨ ਜੁਗਤ ਢਾਲ ਲੈਣ ਦੀ ਸ਼ਰਧਾ ਬਣ ਜਾਂਦੀ ਹੈ। ਉਸ ਜੀਵਨ ਜੁਗਤ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਦੇ ਪੰਜ ਕਕਾਰਾਂ ਵਿੱਚ ਸੁਰਖਿਆਤ ਚਲੜਦੀ ਕਲਾ ਵਾਲੇ, ਉੱਚੇ ਸੁੱਚੇ ਜੀਵਨ ਦੀ ਸ਼ਰਤ ਆਪਣੇ ਆਪ ਆ ਜੁੜਦੀ ਹੈ” (ਪੰਨਾ ੧੨੦)
ਟਿੱਪਣੀ:-ਕਾਲਾ ਅਫ਼ਗਾਨਾ ਜੀ ਨੇ ਸੁੱਚਜੇ ਢੰਗ ਨਾਲ, ਖੰਡੇ ਦੇ ਅੰਮ੍ਰਿਤ ਬਾਰੇ ਗਲਤ ਸਮਝ ਨਾਲੋਂ ਬਾਣੀ ਅਧਾਰਤ ਅਹਿਸਮਤੀ ਜਤਾਉਂਦੇ,ਇਸ ਰਸਮ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਉਸ ਦੀ ਅਹਮਿਯਤ ਨੂੰ ਜੀਵਨ ਜੁਗਤ ਦੇ ਨਾਲ ਜੋੜਿਆ ਹੈ।
ਦਾਸ ਨੇ ਕੇਵਲ ਇਸ ਲੇਖ ਦੇ ਅਧਾਰ ਤੇ ਆਪਣੀ ਟਿੱਪਣੀ ਕੀਤੀ ਹੈ। ਕਾਲਾ ਅਫ਼ਗਾਨਾ ਜੀ ਨੇ ਹੋਰ ਕਿਸੇ ਲਿਖਤ ਵਿੱਚ ਇਸ ਬਾਬਤ ਕੀ ਲਿਖਿਆ ਹੈ ਉਹ ਦਾਸ ਨੂੰ ਉਸ ਦੀ ਜਾਣਕਾਰੀ ਨਹੀਂ। ਹਾਂ ਇਸ ਲਿਖਤ ਵਿੱਚ ਇਤਨਾ ਜ਼ਰੂਰ ਸਪਸ਼ਟ ਹੋਇਆ ਹੈ ਕਿ ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਵਾਸਤਵਕ ਅਰਥਾਂ ਬਾਰੇ ਮਾਹਾਨ ਕੋਸ਼ ਦੇ ਸਬੰਧਤ ਸਫ਼ੇ ਦੀ ਪੈਰ ਟਿੱਪਣੀ ਸ਼ਾਯਦ ਨਹੀਂ ਪੜੀ ਜਿਸ ਕਾਰਣ ਉਹ ਪਾਹੁਲ ਸ਼ਬਦ ਨੂੰ ਚਰਨਾਮ੍ਰਿਤ ਨਾਲੋਂ ਵੱਖਰਾ ਸਮਝ ਗਏ ਜਦ ਕਿ ਪਾਹੁਲ ਦਾ ਅਰਥ ਚਰਣਾਮ੍ਰਿਤ ਅਥਵਾ ਚਰਨਾ ਦਾ ਅੰਮ੍ਰਿਤ ਹੀ ਹੈ।
ਹਰਦੇਵ ਸਿੰਘ, ਜੰਮੂ

Friday, 7 October 2011



‘ਸਿਧ ਗੋਸ਼ਟਿ, ਸ਼ਬਦ ਗੁਰੂ ਅਤੇ ਸੱਚ ਦਾ ਗਿਆਨ'



ਹਰਦੇਵ ਸਿੰਘ, ਜੰਮੂ
 


ਇਸ ਲੇਖ ਵਿੱਚ ਅਸੀਂ ਸਿਧ ਗੋਸ਼ਟਿ, ਸ਼ਬਦ ਗੁਰੂ ਅਤੇ ਸੱਚ ਦੇ ਗਿਆਨ ਨਾਲ ਜੁੜੇ ਕੁੱਝ ਪੱਖਾਂ ਦੀ ਗੱਲ ਕਰਾਂਗੇ।
ਸਿਧ ਗੋਸ਼ਟਿ ਸ਼ਬਦ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਉਹ ਹਿੱਸਾ ਹੈ ਜਿਸ ਵਿੱਚ ਗੁਰੁ ਨਾਨਕ ਅਤੇ ਸਿਧਾਂ ਵਿਚਕਾਰ ਹੋਏ ਸੰਵਾਦ ਦਾ ਬਿਉਰਾ ਹੈ। ਇਹ ਸੰਵਾਦ ਗੁਰੁ ਨਾਨਕ ਦੇ ਫ਼ਲਸਫ਼ੇ ਦੇ ਗਹਿਰੇ ਪੱਖਾਂ ਨੂੰ ਉਜਾਗਰ ਕਰਦਾ ਹੈ। ਇਸ ਨੂੰ ਸਮਝਣ ਦੀ ਕੋਸ਼ਿਸ ਤੋਂ ਪਹਿਲਾਂ ਕੁੱਝ ਵਿਸ਼ੇਸ਼ ਨੁਕਤਿਆਂ ਨੂੰ ਸਮਝਣਾ ਜ਼ਰੂਰੀ ਹੈ ਤਾਂਕਿ ਇਸ ਗੋਸ਼ਟਿ ਦੇ ਪਰਿਪੇਖ ਕੁੱਝ ਅਣਛੂਤੇ ਨੁੱਕਤਿਆਂ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ।

ਪਹਿਲਾ ਨੁੱਕਤਾ: ਗੁਰੁ ਸਾਹਿਬ ਨੇ ਸਿਧਾਂ ਨਾਲ ਪਹਿਲਾਂ ਗੋਸ਼ਟਿ ਕੀਤੀ ਸੀ ਅਤੇ ਬਾਦ ਵਿੱਚ ਇਸ ਨੂੰ ਕਲਮਬੱਧ ਕੀਤਾ।

ਦੂਜਾ ਨੁੱਕਤਾ: ਇਹ ਗੋਸ਼ਟਿ ਠੀਕ ਉਸ ਭਾਸ਼ਾ ਸ਼ੈਲੀ ਵਿੱਚ ਨਹੀਂ ਹੋਈ ਸੀ ਜਿਸ ਵਿੱਚ ਇਸ ਨੂੰ ਲਿਖਿਆ ਗਿਆ। ਉਦਾਹਰਣ ਲਈ ਸਿਧ ਗੋਸ਼ਟਿ ਰਾਗ ਰਾਮਕਲੀ ਵਿੱਚ ਨਹੀਂ ਸੀ ਹੋਈ ਬਲਕਿ ਗੁਰੁ ਨਾਨਕ ਦੇਵ ਜੀ ਨੇ ਇਸ ਸੰਵਾਦ ਨੂੰ ਰਾਗ ਰਾਮਕਲੀ ਵਿੱਚ ਲਿਖਿਆ। ਨਿਰਸੰਦੇਹ, ਗੁਰੁ ਨਾਨਕ ਜੀ ਦਾ ਸਿਧਾਂ ਨਾਲ ਇਹ ਸੰਵਾਦ ਉਸ ਸਮੇਂ ਦੀ ਪ੍ਰਚਲਤ ਆਮ ਬੋਲਚਾਲ ਦੀ ਭਾਸ਼ਾ ਅਤੇ ਵਾਰਤਾ ਦੇ ਅੰਦਾਜ਼ ਦੇ ਮਾਧਿਅਮ ਰਾਹੀਂ ਹੀ ਹੋਈਆ ਹੋਣਾਂ ਹੈ ਨਾ ਕਿ ਗਾਈਨ ਸ਼ੈਲੀ ਵਿਚ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸੰਵਾਦ ਗਾ ਕੇ ਜਾਂ ਰਾਮਕਲੀ ਰਾਗ ਦੀ ਬੰਦਸ਼ ਵਿੱਚ ਬੱਝੇ ਹੋਏ ਕਾਵਯ ਰੂਪ ਵਿੱਚ ਬੋਲ ਕੇ ਹੋਈਆ ਸੀ।

ਤੀਜਾ ਨੁੱਕਤਾ: ਇਸ ਨੁੱਕਤੇ ਵਿੱਚ ਇਸ ਸਵਾਲ ਦੇ ਜਵਾਬ ਦੀ ਪੜਚੋਲ ਕਰਨੀ ਬਣਦੀ ਹੈ ਕਿ, ਇਸ ਸੰਵਾਦ ਨੂੰ ਪੂਰਾ ਹੁੰਦੇ ਕਿਨਾਂ ਕੁ ਸਮਾਂ ਲਗਾ ਹੋਣਾਂ ਹੈ? ਇਸ ਸਵਾਲ ਦਾ ਨਿਸ਼ਚਤ ਜਵਾਬ ਲੱਭਣਾ ਸ਼ਾਯਦ ਮੁਮਕਿਨ ਨਹੀਂ। ਪਰ ਅਸੀਂ ਵਿਸ਼ਲੇਸ਼ਣ ਰਾਹੀਂ, ਨਿਸ਼ਚਤ ਤੋਰ ਤੇ ਇਹ ਕਹਿ ਸਕਦੇ ਹਾਂ ਕਿ ਇਸ ਵਿੱਚ ਕੁੱਝ ਜਾਂ ਫਿਰ ਕਈ ਹਫ਼ਤਿਆਂ ਦਾ ਸਮਾਂ ਤਾਂ ਜਰੂਰ ਲਗਾ ਹੋਣਾਂ ਹੈ। ਉਂਝ ਅਸੀਂ ਸਿਧ ਗੋਸ਼ਟਿ ਨੂੰ, ਬੜੇ ਆਰਾਮ ਨਾਲ, ਲਗਭਗ ਇੱਕ ਘੰਟੇ ਤੋਂ ਵੀ ਘਟ ਸਮੇਂ ਦੇ ਅੰਦਰ ਪੜ ਸਕਦੇ ਹਾਂ। ਪਰ ਇੱਕ ਗੱਲ ਤੈਅ ਹੈ ਕਿ ਇਹ ਇੱਕ ਲੰਮਾ ਸੰਵਾਦ ਸੀ ਜਿਸ ਨੂੰ ਗੁਰੂ ਨਾਨਕ ਨੇ ਲੋੜੀਂਦੇ ਹਿਸਾਬ ਨਾਲ ਵਿਸ਼ੇਸ਼ ਕਾਵਯ ਸ਼ੈਲੀ ਵਿੱਚ ਕਲਮਬੱਧ ਕੀਤਾ। ਇਹ ਇੱਕ ਲੰਮੇ ਅਤੇ ਅਤਿ ਮਹੱਤਵਪੁਰਣ ਸੰਵਾਦ ਦੇ ਭਾਵ ਨੂੰ ਸੰਖੇਪ ਸ਼ਬਦਾ ਵਿੱਚ ਲਿਖਣ ਦੀ ਕ੍ਰਿਆ ਸੀ ਜਿਸ ਦੇ ਪਿੱਛੋਕੜ ਵਿੱਚ ਇੱਕ ਵੱਡੀ ਅਤੇ ਚੁਨੋਤੀਪੂਰਨ ਵਿਚਾਰਕ ਗੋਸ਼ਟਿ ਦਾ ਸੰਧਰਭ ਸੀ।

ਚੋਥਾ ਨੁੱਕਤਾ: ਜ਼ਾਹਿਰ ਹੈ ਕਿ ਇਹ ਗੋਸ਼ਟਿ ਗੁਰੁ ਨਾਨਕ ਅਤੇ ਸਿਧਾਂ ਦੇ ਦਰਮਿਆਨ ਹੋਈ ਸੀ ਨਾ ਕਿ ਪਰਮਾਤਮਾ ਅਤੇ ਸਿਧਾਂ ਦੇ ਦਰਮਿਆਨ। ਇਸ ਸੰਵਾਦ ਵਿੱਚ ਗੁਰੁ ਨਾਨਕ ਜੀ ਦੂਆਰਾ ਦਿੱਤੇ ਗਏ ਜੂਆਬਾਂ ਵਿੱਚ ਪਰਮਾਤਮਾ, ਉਸ ਦੀ ਕੁਦਰਤ ਅਤੇ ਜੀਵਨ ਬਾਰੇ ਉਹ ਗਿਆਨ ਸੀ ਜਿਸ ਨੂੰ ਗੁਰੁ ਨਾਨਕ ਨੇ ਆਪਣੇ ਵਿਵੇਕ ਰਾਹੀਂ ਵਿਚਾਰਿਆ ਸੀ ਅਤੇ ਸਿਧਾਂ ਦੇ ਸੁਆਲਾਂ ਦੇ ਢੁੱਕਵੇਂ ਜਵਾਬ ਦਿੱਤੇ ਸੀ। ਇਹ ਬਿਬੇਕ ਪਰਮਾਤਮਾ ਦੀ ਗੁਰੁ ਨਾਨਕ ਉਤੇ ਹੋਈ ਪਰਮ ਕਿਰਪਾ ਸੀ। ਯਾਨੀ ਕਿਰਪਾ ਪਰਮਾਤਮਾ ਦੀ ਅਤੇ ਸ਼ਬਦ ਗੁਰੁ ਨਾਨਕ ਜੀ ਦੇ ਆਪਣੇ ਸਨ। ਗੁਰੂ ਨਾਨਕ ਆਪਣੇ ਵਿਚਾਰਾਂ ਦੇ ਅਚਾਰੀ ਸਨ ਜਿਨ੍ਹਾਂ ਵਿੱਚ ਪਰਮਾਤਮਾ ਬਾਰੇ, ਉਸ ਦੀ ਕੁਦਰਤ ਬਾਰੇ ਅਤੇ ਮਨੁੱਖਾ ਜੀਵਨ ਦੀਆਂ ਸੱਚਾਈਆਂ ਸਨ। ਇਨ੍ਹਾਂ ਸੱਚਾਈਆਂ ਦੇ ਮੱਧੇਨਜ਼ਰ ਗੁਰੁ ਨਾਨਕ ਨੇ ਸਿਧ ਗੋਸ਼ਟਿ ਦੇ ਮੁਖ ਭਾਵ ਨੂੰ ਰਹਾਉ ਦੀਆਂ ਪੰਗਤਿਆਂ ਵਿੱਚ ਇੰਝ ਸਮਸ਼ਟ ਕੀਤਾ
ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ (ਮ. ੧, ਪੰਨਾ ੯੩੮, ਸ਼ਬਦ ਗੁਰੂ ਗ੍ਰੰਥ ਸਾਹਿਬ)
ਨਿਰਸੰਦੇਹ ਜੱਪ ਦਾ ਮੁੱਖ ਭਾਵ (ਕਿਵ ਸਚਿਆਰਾ ਹੋਈਏ/ਕਿਆ ਭਵੀਐ ਸਚਿ ਸੂਚਾ ਹੋਇ) ਹੀ ਗੁਰੂ ਨਾਨਕ ਦੀ ਸਿਧਾਂ ਨਾਲ ਗੋਸ਼ਟਿ ਦਾ ਅਧਾਰ ਸੀ ਨਾ ਕਿ ਕਿਸੇ ਇੱਕ ਸ਼ਬਦ ਦੀ ਪ੍ਰਾਪਤੀ ਦੀ ਜੁਗਤ।
ਇੱਥੇ ‘ਸਾਚ ਸ਼ਬਦ` ਪਦ ਅਰਥ ਦਾ ਮਤਲਭ ਕੋਈ ਇੱਕ ‘ਠਾਹ` ਜਾਂ ‘ਠੁੱਸ`ਵਰਗੀ ਆਵਾਜ਼ ਨਹੀਂ ਕਿਉਂਕਿ ਜੇਕਰ ਗੱਲ ਇਨੀਂ ਕੁ ਹੁੰਦੀ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਉਸ ਇੱਕ ਸ਼ਬਦ ਜਾਂ ਆਵਾਜ਼ ਨੂੰ ਲਿਖ ਕੇ ਸਿੱਖਾ ਨੂੰ ਵੇਹਲਾ ਕਰ ਦਿੰਦੇ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੧੪੩੦ ਪੰਨਿਆਂ ਵਿੱਚ ਸਮੁੱਚੇ ਜੀਵਨ ਦੇ ਸੰਘਰਸ਼ ਨੂੰ ਜਿੱਤਣ ਦੀ ਜੁਗਤ ਹੈ ਨਾ ਕਿ ਇੱਕ ‘ਸ਼ਬਦ` ਜਾਂ ‘ਆਵਾਜ਼` ਮਤਾਰ ਦਾ ਵਰਦਾਨ ਪ੍ਰਾਪਤ ਕਰਨ ਦਾ ਕੋਈ ਕਰਮਕਾਂਢੀ ਕਰਿਸ਼ਮਾ। ਸ਼ਬਦ ਗੁਰੂ ਦਾ ਇਹ ਸੰਧਰਭ ਸਮਝਣ ਦੀ ਲੋੜ ਹੈ ਜੋ ਕਿ ਨਿਰਸੰਦੇਹ ਇੱਕ ਸ਼ਬਦ ਮਾਤਰ ਨਹੀਂ।
ਹੁਣ ਸਿਧ ਗੋਸ਼ਟਿ ਦੀ ਇਸ ਸੰਖੇਪ ਜਿਹੀ ਵਿਚਾਰ ਦੇ ਨਾਲ ਅਸੀਂ ਪਰਮਾਤਮਾ, ਗੁਰੂ ਨਾਨਕ ਅਤੇ ਸ਼ਬਦ ਗੁਰੂ ਦੀ ਵਿਚਾਰ ਵੀ ਕਰਾਂ ਗੇ।
ਗੁਰੁ ਬਾਣੀ ਵਿੱਚ ਸੱਚ ਅਤੇ ਝੂਠ ਵਿਚਕਾਰ ਫ਼ਾਸਲਾ ਸਪਸ਼ਟ ਕੀਤਾ ਗਿਆ ਹੈ। ਜੇਕਰ ਅਸੀਂ ਇਸ ਤੱਥ ਨੂੰ ਸਵੀਕਾਰ ਕਰਦੇ ਹਾਂ ਤਾਂ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਸੰਸਾਰਕ ਸ਼ਬਦਾਂ ਦੇ ਭਾਵ ਸੱਚੇ ਵੀ ਹੋ ਸਕਦੇ ਹਨ ਅਤੇ ਝੂਠੇ ਵੀ। ਯਾਨੀ ਕਿ ਸੱਚ ਅਤੇ ਝੂਠ ਦੋਹਾਂ ਦਾ ਪ੍ਰਗਟਾਵਾ ਸ਼ਬਦਾ ਰਾਹੀਂ ਹੀ ਹੁੰਦਾ ਹੈ। ਹਾਲਾਂਕਿ ਸ਼ਬਦ (Words) ਆਪਣੇ ਆਪ ਵਿੱਚ ਸੱਚੇ ਜਾਂ ਝੂਠੇ ਨਹੀਂ ਹੁੰਦੇ। ਮਿਸਾਲ ਦੇ ਤੋਰ ਤੇ ਜੇਕਰ ਕਿਸੇ ਜਗ੍ਹਾ ਪਏ ਇੱਕ ਗੁਆਚੇ ਹੋਏ ਨਵਜਾਤ ਬੱਚੇ ਕੋਲ ਖੜੀ ਉਸਦੀ ਅਸਲ ਮਾਂ ਇਹ ਕਹੇ ਕਿ ਇਹ ਬੱਚਾ ਮੇਰਾ ਹੈ` ਤਾਂ ਉਸ ਦੇ ਕਹੇ ਸ਼ਬਦ ਸੱਚੇ ਹੋਣ ਗੇ। ਪਰ ਜੇਕਰ ਨਾਲ ਹੀ ਖੜੀ ਇੱਕ ਦੂਜੀ ਜਾਲਸਾਜ਼ ਔਰਤ ਵੀ ਕਹੇ ਕਿ ਇਹ ਬੱਚਾ ਮੇਰਾ ਹੈ` ਤਾਂ ਉਸਦੇ ਇਹ ਸ਼ਬਦ ਝੂਠ ਹੋਣ ਗੇ ਹਾਲਾਂਕਿ ਸ਼ਬਦਾਂ (Both Statements) ਵਿੱਚ ਕੋਈ ਫ਼ਰਕ ਨਹੀਂ ਹੋਵੇਗਾ। ਸ਼ਬਦ ਇਕੋ ਜਿਹੇ ਹੀ ਹਨ ਪਰ ਸ਼ਬਦਾਂ ਦੇ ਪਿੱਛੇ ਦਾ ਪਰਿਪੇਖ ਅਤੇ ਭਾਵ ਦਾ ਪ੍ਰਗਟਾਵਾ ਸੱਚ ਅਤੇ ਝੂਠ ਦੀ ਕਸਵਟੀ ਹੁੰਦਾ ਹੈ। ਇਕੋ ਜਿਹੇ ਸ਼ਬਦਾ ਦੇ ਪਿੱਛੇ ਦਾ ਪਰਿਪੇਖ ਉਨ੍ਹਾਂ ਦੇ ਸੱਚੇ ਜਾਂ ਝੂਠੇ ਹੋਣ ਦਾ ਪੈਮਾਨਾ ਤੈਅ ਕਰਦਾ ਹੈ। ਹਾਲਾਂਕਿ ਝੂਠੇ ਸ਼ਬਦਾ ਵਿੱਚ ਵੀ ਸ਼ਬਦਾਂ ਦੇ ਝੂਠੇ ਹੋਣ ਦਾ ਸੱਚ ਤਾਂ ਪ੍ਰਗਟ ਹੁੰਦਾ ਹੀ ਹੈ। ਇਹ ਗਹਿਰੀ ਗੱਲ ਹੈ।
ਹੁਣ ਜੇਕਰ ਗੁਰੂ ਨਾਨਕ ਜੀ ਨੇ ਰਹਾਉ ਦੀਆਂ ਪੰਗਤਿਆਂ ਵਿੱਚ ਹੀ ਸਮਸ਼ਟ ਕੀਤਾ ਹੈ ਕਿ ਉਨ੍ਹਾਂ ਸ਼ਬਦਾਂ ਦੇ ਬਿਨ੍ਹਾਂ ਸੱਚ ਦਾ ਰਾਹ ਨਹੀਂ, ਜਿਨ੍ਹਾਂ ਦੇ ਭਾਵ ਵਿਚ, ਸੱਚ ਦਾ ਪ੍ਰਗਟਾਵਾ ਹੈ। ਤਾਂ ਅਗੇ ਵੀ ਇਹੀ ਮੰਨ ਕੇ ਤੁਰਨਾ ਪਵੈ ਗਾ ਕਿ ਸ਼ਬਦ ਗੁਰੂ ਦਾ ਅਰਥ ਕੇਵਲ ਉਹ ਸ਼ਬਦ ਹਨ ਜਿਨ੍ਹਾਂ ਦੇ ਮਾਧਿਅਮ ਸੱਚ ਦੇ ਭਾਵ ਅਤੇ ਪਰਿਪੇਖ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਕਈਂ ਥਾਂ ਸਤਿਗੁਰੂ ਕਹਿ ਕੇ ਸੰਬੋਧਿਤ ਕੀਤਾ ਹੈ ਅਤੇ ਨਾਲ ਦੇ ਨਾਲ ਸ਼ਬਦ ਨੂੰ ਵੀ ਗੁਰੂ ਕਿਹਾ ਹੈ। ਗੁਰੂ ਨਾਨਕ ਨੂੰ ਪਰਮਾਤਮਾ ਦੀ ਨਦਰ ਹੈ ਹੀ ਸੀ। ਕਿੳਂਕਿ ਗਿਆਨ ਦੇ ਨਾਲ ਪਰਮਾਤਮਾ ਦੀ ਨਦਰ ਵੀ ਜ਼ਰੂਰੀ ਹੈ, ਨਹੀਂ ਤਾਂ ਸਾਰੇ ਗਿਆਨੀ ਸੱਚ ਨੂੰ ਪ੍ਰਾਪਤ ਕਰ ਸੰਤ ਹੋ ਜਾਂਣ ਜਾਂ ਸਾਰੇ ਸਿਆਣੇ ਆਸਾਨੀ ਨਾਲ ਕੇਵਲ ਸੱਚ ਪੜ ਕੇ ਹੀ ਸਚਿਆਰੇ ਹੋ ਜਾਂਣ। ਪਰਮਾਤਮਾ ਦੀ ਨਦਰ ਅਤੇ ਗੁਰੂ ਦੇ ਪ੍ਰਸਾਦਿ ਦੇ ਮੇਲ ਨਾਲ ਸੰਤ ਜਾਂ ਸਚਿਆਰਾ ਉਤਪੰਨ ਹੁੰਦਾ ਹੈ। ਸਿੱਖੀ ਦੇ ਦਰਸ਼ਨ ਵਿੱਚ ਪਰਮਾਤਮਾ ਨੂੰ ਬੇਹਤਰ ਸਮਝਣ ਲਈ ਗੁਰੂ ਹੀ ਸਾਧਨ ਹੈ ਹਾਲਾਂਕਿ ਇਹ ਤੱਥ ਆਪਣੀ ਜਗ੍ਹਾ ਹੈ ਕਿ ਪਰਮਾਤਮਾ ਦਾ ਬੋਧ ਗੁਰੂ ਨਾਨਕ ਤੋਂ ਪਹਿਲਾਂ ਵੀ ਸੀ। ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ ਪਰਮਾਤਮਾ ਅਤੇ ਗੁਰੂ ਸ਼ਬਦਾਂ ਦੇ ਪ੍ਰਯੋਗ ਤੇ ਕੋਈ ਬੰਦਸ਼ ਨਹੀ ਸੀ ਬਲਕਿ ਗੁਰੂ ਨਾਨਕ ਦੇ ਸ਼ਬਦ ਵਾਸਤਵਕ ਗੁਰੂ ਅਤੇ ਪਰਮਾਤਮਾ ਬਾਰੇ ਸਹੀ ਗਿਆਨ ਦਾ ਸੋਂਮਾਂ ਸਨ।
ਪਰਮਾਤਮਾ ਗੁਰੂ ਹੈ! ਕਿਉਂਕਿ ਉਹ ਕਰਤਾ ਹੈ। ਸਾਰੇ ਨਿਯਮਾਂ ਦੇ ਆਰੰਭ ਦੇ ਪਿੱਛੇ ਦਾ ਮੂਲ ਨਿਯਮ। ਇੱਕ ਜੀਵ ਜਾਤੀ ਹੋਂਣ ਕਾਰਣ, ਮਨੁੱਖ ਬਹੂਤ ਸਾਰਾ ਗਿਆਨ ਪਰਮਾਤਮਾ ਦੀ ਕੁਦਰਤ ਪਾਸਿਯੋਂ ਹੀ ਪ੍ਰਾਪਤ ਕਰ ਸੰਸਾਰ ਵਿੱਚ ਆਉਂਦਾ ਹੈ ਅਤੇ ਕਰਦਾ ਵੀ ਹੈ। ਮਨੁੱਖ ਜਾਤੀ ਨੇ ਆਪਣੇ ਆਰੰਭ ਦੇ ਦੋਰ ਵਿੱਚ ਕਈ ਪ੍ਰਕਾਰ ਦੇ ਖ਼ਤਰਿਆਂ ਨਾਲ ਜੂਝਦੇ ਹੋਏ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਹੀ ਹੈ। ਉਹ ਨੰਗੇ, ਆਦਿ ਪੁਰਾਤਨ ਲੋਗ ਇਸ ਪੱਖੋਂ ਗਿਆਨੀ ਨਾ ਹੁੰਦੇ ਤਾਂ ਅਸੀਂ ਸਾਰੇ ਅੱਜ ਨਾ ਹੁੰਦੇ। ਪਰਮਾਤਮਾ ਗੁਰਤਾ ਦੀ ਇੱਕ ਪੱਧਰ ਹੈ। ਗੁਰੂ ਹੋਣਾ ਵੀ ਉਸਦੇ ਬੇਅੰਤ ਗੁਣਾਂ ਵਿਚੋਂ ਇੱਕ ਗੁਣ ਹੈ। ‘ਸ਼ਬਦ` ਦੀ ਪਰਮਾਤਮਾ ਨਾਲ ਸਾਂਝ ਹੈ। ਇਹ ਸ਼ਬਦ ਅਤੇ ਪਰਮਾਤਮਾ ਦਾ ਸਬੰਧ ਹੈ। ਪਰਮਾਤਮਾ ਸ਼ਬਦਾਂ ਵਿੱਚ ਨਹੀਂ ਸਮਾ ਸਕਦਾ, ਇਹ ਪਰਮਾਤਮਾ ਅਤੇ ‘ਸ਼ਬਦ` ਵਿਚਲਾ ਅੰਤਰ ਹੈ। ਸ਼ਬਦਾਂ ਰਾਹੀਂ ਹੀ ਪਰਮਾਤਮਾ ਦੀ ਗੱਲ ਹੋ ਸਕਦੀ ਹੈ ਪਰ ਨਾਲ ਹੀ ਪਰਮਾਤਮਾ ਸ਼ਬਦ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿੱਚ ਵੀ ਰਹੇ ਗਾ।
ਸ਼ਬਦ ਗੁਰੂ ਦੀ ਗੁਰਤਾ ਵੀ ਇੱਕ ਪੱਧਰ ਹੈ। ਸਿੱਖੀ ਦੇ ਦਰਸ਼ਨ ਵਿੱਚ ਇਸ ਪੱਧਰ ਦਾ ਸੋਂਮਾਂ ਗੁਰੂ ਨਾਨਕ ਦੀ ਸੁਰਤਿ ਹੈ। ਗੁਰੂ ਨਾਨਕ ਆਪਣੇ ਗਿਆਨ ਦਾ ਅਨੁਸਰਣ ਕਰਦੇ ਹਨ ਤਾਂ ਉਨ੍ਹਾਂ ਦਾ ਗਿਆਨ ਹੀ ਉਨ੍ਹਾਂ ਦਾ (ਗੁਰੂ ਨਾਨਕ ਦਾ) ਗੁਰੂ ਹੋ ਨਿਬੜਦਾ ਹੈ। ਇਸ ਨੁੱਕਤੇ ਤੇ ਖੜੇ ਗੁਰੂ ਨਾਨਕ ਆਪਣੇ ਗਿਆਨ ਨੂੰ ਆਪਣਾ ਗੁਰੂ ਕਹਿੰਦੇ ਹਨ। ਜੋ ਗੁਰੂ ਨਾਨਕ ਦੇ ਮੰਨ ਵਿੱਚ ਸੀ ਉਹੀ ਉਨ੍ਹਾਂ ਨੇ ਮੁਖੋਂ ਕਹਿ ਦਿੱਤਾ ਉਹ ਸਚਿਆਰੇ ਸਨ। ਕੇਵਲ ਸੱਚ ਹੀ ਬੋਲ ਸਕਦੇ ਸਨ। ਉਹ ਆਪਣੇ ਸ਼ਬਦਾਂ ਦੇ ਪੱਕੇ ਸਨ। ਆਪਣੇ ਸ਼ਬਦਾਂ ਤੇ ਹੀ ਤੁਰਦੇ ਸਨ। ਜਿਨ੍ਹਾ ਦੇ ਮੰਨ ਵਿੱਚ ਹੋਰ ਅਤੇ ਮੁਖ ਵਿੱਚ ਹੋਰ ਹੋਵੇ ਉਹ ਤਾਂ ਕੱਚੇ ਭਾਂਡੇ ਹੁੰਦੇ ਹਨ, ਗੁਰੂ ਵਰਗੇ ਕਦੇ ਵੀ ਨਹੀਂ। ਇਥੇ ਇੱਕ ਹੋਰ ਗੱਲ ਗੌਰ ਮੰਗਦੀ ਹੈ।
ਸੰਸਾਰ ਵਿੱਚ ਨਾ ਤਾਂ ਪਰਮਾਤਮਾ ਵਰਗਾ ਦੂਜਾ ਕੋਈ ਗੁਰੂ ਹੈ ਅਤੇ ਨਾ ਹੀ ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂ ਵਰਗਾ ਕੋਈ ਦੂਜਾ ਗੁਰੂ। ਇਥੇ ਇੱਕ ਜਾਂ ਦੋ ਦਾ ਚੱਕਰ ਬੇਮਾਨੀ ਹੈ। ਨਹੀਂ ਤਾਂ ਇਹ ਠੀਕ ਉਸ ਪ੍ਰਕਾਰ ਦੀ ਗੱਲ ਹੋਵੇਗੀ ਕਿ ਕੋਈ ਇਹ ਸਵਾਲ ਖੜਾ ਕਰ ਦੇਵੇ ਕਿ ਇੱਕ ਸੋਟੀ ਦੇ ਦੋ ਸਿਰੇ ਕਿਵੇਂ ਹੋ ਸਕਦੇ ਹਨ? ਉਹ ਵੀ ਇਸ ਤਰਕ ਦੇ ਨਾਲ ਕਿ ਸੋਟੀ ਇੱਕ ਹੈ ਤਾਂ ਸਿਰਾ ਵੀ ਇੱਕ ਹੀ ਹੋਣਾਂ ਚਾਹੀਦਾ ਹੈ। ਇਹ ਇੱਕ ਚੀਜ਼ ਨਾਲ ਜੂੜੇ ਵੱਖਰੇ-ਵੱਖਰੇ ਪੱਖਾਂ ਅਤੇ ਸੰਧਰਭਾਂ ਨੂੰ ਨਾ ਸਮਝਣ ਵਰਗੀ ਗੱਲ ਹੈ।
ਨਾਨਕ, ਸ਼ਬਦ ਗੁਰੂ ਨਾਨਕ ਹੈ ਜਿਵੇਂ ਹੁਣ ਸ਼ਬਦ ਗੁਰੂ ਗ੍ਰੰਥ ਸਾਹਿਬ ਹਨ। ਸ਼ਬਦ (ਦਰਸ਼ਨ) ਗੁਰੂ ਗੁਰੂਆਂ ਦੇ ਅੰਦਰ ਸੀ ਜਿਵੇਂ ਹੁਣ ਸ਼ਬਦ (ਦਰਸ਼ਨ) ਗ੍ਰੰਥ ਸਾਹਿਬ ਦੇ ਅੰਦਰ ਹੈ ਜਿਸ ਨੂੰ ਗੁਰੂਆਂ ਨੇ ਵਿਵਹਾਰ ਦੇ ਕੇ ਸੰਪੁਰਣ ਕੀਤਾ ਹੈ। ਬਾਕੀ ਰਹੀ ਗੱਲ ਮਨੁੱਖਾਂ ਦੀ ਤਾਂ ਮਨੁੱਖ ਨੇ ਕਈ ਪਰਮਾਤਮਾ ਵੀ ਘੜ ਲਏ ਅਤੇ ਗੁਰੂ ਵੀ। ਇਥੋਂ ਤਕ ਕਿ ਸਿੱਖੀ ਦੇ ਦਰਸ਼ਨ ਦੇ ਬਾਹਰ ਪਰਮਾਤਮਾ ਤਾਂ ਜਨਮ ਵੀ ਲੈਂਦਾ ਹੈ ਅਤੇ ਉਸ ਦੇ ਵਿਸ਼ੇਸ਼ ਨਾਮ ਵੀ ਹਨ। ਠੀਕ ਇਸੇ ਤਰਾਂ ਸਿੱਖੀ ਦੇ ਦਰਸ਼ਨ ਦੇ ਬਾਹਰ ਕਈ ਗੁਰੂ ਵੀ ਹੋਏ ਹਨ ਅਤੇ ਅੱਜ ਵੀ ਹਨ। ਉਹ ਕਿਸੇ ਲਈ ਗੁਰੂ ਹੋ ਵੀ ਸਕਦੇ ਹਨ ਪਰ ਸਾਡੇ ਲਈ ਉਹ ਗੁਰੂ ਨਹੀਂ ਹਨ। ਸਵਾਲ ਸਿਰਫ਼ ਇਨ੍ਹਾਂ ਹੈ ਸਿੱਖੀ ਦੇ ਵਿਵਹਾਰਕ ਦਰਸ਼ਨ ਵਿੱਚ ਗੁਰੂ ਕੋਂਣ ਹੈ? ਮਨੁੱਖਾਂ ਰਾਹੀਂ ਕਿਸੇ ਬੰਦੇ ਨੂੰ ਪਰਮਾਤਮਾ ਮੰਨ ਲੈਣ ਕਾਰਣ ਗੁਰੂ ਨਾਨਕ ਨੇ ਪਰਮਾਤਮਾ ਵਰਗਾ ਸੰਬੋਧਨ ਬੰਦ ਤਾਂ ਨਹੀਂ ਕੀਤੀ ਸੀ। ਗੱਲ ਤਾਂ ਕੇਵਲ ਅਸਲੀਯਤ ਨੂੰ ਪ੍ਰਗਟ ਕਰਨ ਦੀ ਸੀ।
ਸ਼ਬਦ ਨੂੰ ਅਕਸਰ ਅਸੀਂ ਗਿਆਨ ਕਹਿੰਦੇ ਹਾਂ। ਇਸ ਵਿੱਚ ਕੋਈ ਹਰਜ ਵੀ ਨਹੀਂ। ਪਰ ਸਾਨੂੰ ਸ਼ਬਦ (ਗੁਰੂ) ਅਤੇ ਗਿਆਨ ਵਿਚਲੇ ਅੰਤਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਸ਼ਬਦ ਉਹ ਗੁਰੂ ਹੈ ਜੋ ਗਿਆਨ ਦਿੰਦਾ ਹੈ। ਇਸ ਨੁੱਕਤੇ ਨੂੰ ਸਮਝ ਲੇਣ ਨਾਲ ਇਸ ਸਪਸ਼ਟ ਹੋ ਸਕਦਾ ਹੈ ਕਿ ਗੁਰੂ ਨਾਨਕ ਅਤੇ ਗਿਆਨ ਵਿੱਚ ਕੀ ਸਬੰਧ ਅਤੇ ਅੰਤਰ ਹੈ। ਸ਼ਬਦ ਗਿਆਨ ਦੀ ਗੱਲ ਹੈ। ਪਰ ਨਾਨਕ ਇਸ ਗਿਆਨ ਵਿੱਚ ਸੁਚੇਤ ਕਰਦੇ ਹਨ:
ਮਤੁ ਜਾਣ ਸਹਿ ਗਲੀ ਪਾਇਆ ॥ (ਮ. ੧, ਪੰਨਾ ੨੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਅਰਥ: ਇਹ ਨ ਸਮਝੋ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ। ਕੇਵਲ ਸ਼ਬਦ ਤਾਂ ਕੇਵਲ ਗਿਆਨ ਹੈ, ਕੇਵਲ ਸਿਆਣਪ ਹੈ। ਗੁਰੂ ਨਾਨਕ ਇਸ ਗਿਆਨ ਨੂੰ ਇੰਝ ਪੂਰਾ ਕਰਦੇ ਹਨ:
ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥॥ (ਮ. ੧, ਪੰਨਾ ੨੫, ਸ਼ਬਦ ਗੁਰੂ ਗ੍ਰੰਥ ਸਾਹਿਬ)
ਗੁਰੂ ਨਾਨਕ ਸਪਸ਼ਟ ਕਰਦੇ ਹਨ ਜਿਥੇ ਸ਼ਬਦ ਨਾਲ ਅਮਲ ਜੁੜਦਾ ਹੈ ਉਥੇ ਹੀ ਗਿਆਨ ਪੂਰੀ ਮਤਿ (ਗੁਰਮਤਿ) ਬਣਦਾ ਹੈ। ਬਿਨਾ ਅਚਾਰ ਦੇ ਮਤਿ ਪੂਰੀ ਨਹੀਂ ਬਲਕਿ ਅਧੂਰੀ (ਘਟ) ਰਹਿੰਦੀ ਹੈ। ਗੁਰੂ ਨਾਨਕ ਨੇ ਸੱਚ ਵਿੱਚ ਆਪਣਾ ਅਚਾਰ ਜੋੜ ਕੇ ਉਸ ਨੂੰ ਗੁਰੂਮਤਿ ਦਾ ਰੂਪ ਦਿੱਤਾ ਸੀ। ਕਿੳਂਕਿ ਉਹ ਸੱਚ ਨੂੰ ਵੱਡਾ ਤਾਂ ਦੱਸਦੇ ਹਨ ਪਰ ਸਭ ਤੋਂ ਵਡਾ ਨਹੀਂ। ਗੁਰਦੇਵ ਸਪਸ਼ਟ ਕਰਦੇ ਹਨ:
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥॥ (ਮ. ੧, ਪੰਨਾ ੬੨, ਸ਼ਬਦ ਗੁਰੂ ਗ੍ਰੰਥ ਸਾਹਿਬ)
ਭਾਵਅਰਥ ਕਿ ਮਨੁੱਖਾ ਜੀਵਨ ਵਿੱਚ ਅਨੇਕ ਔਂਕੜਾਂ ਰੂਪੀ ਬੰਧਨ ਹਨ ਅਤੇ ਗੁਰੂ ਦੀ ਮਤਿ ਰਾਹੀਂ ਪ੍ਰਭੂ ਦੀ ਰਜ਼ਾ ਵਿੱਚ ਤੁਰਦੀਆਂ ਕੇ ਇਨ੍ਹਾਂ ਔਕੜਾਂ ਤੋਂ ਮੁਕਤੀ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਗੁਰਮੁਖ ਹੋਣ ਦਾ ਅਰਥ ਸ਼ਬਦਾਂ ਦੇ ਸਨਮੁਖ ਹੋਣਾ ਨਹੀਂ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਤਾਂ ਅਸੀਂ ਰੋਜ਼ ਹੀ ਹੁੰਦੇ ਹਾਂ। ਗੁਰਮੁਖ ਹੋਣ ਦਾ ਮਤਲਭ ਗੁਰੂ ਦੀ ਮਤਿ ਅਨੁਸਾਰ ਆਚਰਣ ਕਰਨਾ ਹੈ ਕਿੳਂਕਿ ਗੁਰੂ ਨਾਨਕ ਨਾਲ ਹੀ ਸਪਸ਼ਟ ਕਰਦੇ ਹਨ ਕਿ ਸੱਚ ਦਾ ਗਿਆਨ ਸਾਰਿਆਂ ਗੱਲਾ ਨਾਲੋਂ ਉੱਪਰ ਤਾਂ ਹੈ ਪਰ ਸੱਚਾ ਅਚਾਰ ਉਸ ਤੋਂ ਵੀ ਉੱਪਰ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਵੱਡਮੁਲੇ ਹਨ ਇਨਾਂ ਤੇ ਵਿਚਾਰ ਦੀ ਲੋੜ ਹੈ ਕਿਉਂਕਿ ਇਹੀ ਨੁੱਕਤਾ ਸਿੱਖੀ ਦੇ ਦਰਸ਼ਨ ਵਿੱਚ ਗੁਰੂ ਨਾਨਕ ਦੇ ਸਥਾਨ ਦਾ ਨਿਰਧਾਰਣ ਵੀ ਕਰਦਾ ਹੈ।
ਗੁਰੂ ਨਾਨਕ ਨੇ ਜੱਪ ਵਿੱਚ ਸਾਨੂੰ ਮਹਜ਼ ਸੱਚ ਪ੍ਰਾਪਤ ਕਰਨ ਦੀ ਤਾਕੀਦ ਨਹੀਂ ਕੀਤੀ ਕਿਉਂਕਿ ਮਹਜ਼ ਸੱਚ ਦੀ ਜਾਣਕਾਰੀ ਤਾਂ ਬੰਦੇ ਨੂੰ ਸਿਆਣਾ ਬਣਾ ਸਕਦੀ ਹੈ ਪਰ ਸੱਚੀਆਰਾ ਕਦਾਚਿਤ ਨਹੀਂ। ਸਿਆਣਾ ਹੋਂਣ ਵਿੱਚ ਸਥੀਰਤਾ ਹੈ ਸਚਿਆਰਾ ਹੋਣ ਵਿੱਚ ਗਤਿਸ਼ੀਲਤਾ ਹੈ। ਸੱਚ ਦਾ ਗਿਆਨ ਪ੍ਰਾਪਤ ਕਰਨਾ ਸੱਚ ਤੇ ਆ ਰੁੱਕਣਾ ਹੈ ਪਰ ਸਚਿਆਰਾ ਹੋਣਾ ਸੱਚ ਦੇ ਗਿਆਨ ਨਾਲ ਤੁਰਨਾ ਹੈ, ਅਮਲ ਵਿੱਚ ਮਨ ਨੂੰ ਪਰਬੋਧਣਾ ਹੈ। ਗੁਰੂ ਨਾਨਕ ਨੇ ਸਥੀਰਤਾ (ਸੱਚ) ਦੀ ਪ੍ਰਾਪਤੀ ਦੀ ਵੱਡੀਆਈ ਤਾਂ ਕੀਤੀ ਹੈ ਪਰ ਉਨ੍ਹਾਂ ਨੇ ਗਤਿਸ਼ੀਲਤਾ (ਸੱਚ ਦਾ ਅਚਾਰੀ ਹੋਣਾ) ਨੂੰ ਸ਼ਿਖਰ ਤੇ ਰੱਖੀਆ ਹੈ। ਸੱਚ ਤਾਂ ਗੁਰੂ ਨਾਨਕ ਨੂੰ ਵੀ ਪ੍ਰਾਪਤ ਹੋ ਗਿਆ ਸੀ ਪਰ ਦਰਸ਼ਨ ਜੇਕਰ ਸਥਿਰ ਹੋ ਜਾਵੇ ਤਾਂ ਉਹ ਪੂਰਾ ਦਰਸ਼ਨ ਨਹੀਂ। ਇਹ ਮਾਤਰ ਸਿਆਣਪ ਹੈ ਅਤੇ ਗੁਰੂ ਨਾਨਕ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹ ਸੱਚੀਆਰੇ ਹੋ ਦਰਸ਼ਨ ਨੂੰ ਵਿਵਹਾਰਿਕ ਗੁਰੂ ਬਣਾਉਂਣਾ ਚਾਹੁੰਦੇ ਸੀ। ਉਨ੍ਹਾਂ ਨੇ ਦਰਸ਼ਨ ਨੂੰ ਪੁਰਾ ਕਰਣ ਲਈ ਇਸ ਵਿੱਚ ਆਪਣਾ ਵਿਵਹਾਰ ਜੋੜੀਆ। ਇੱਕਲੇ ਸੱਚ ਵਿੱਚ ਕੇਵਲ ਸੱਚ ਹੁੰਦਾ ਹੈ ਅਚਾਰ ਨਹੀਂ। ਪਰ ਸਚਿਆਰੇ ਵਿੱਚ ਸੱਚ ਅਤੇ ਅਚਾਰ ਦੇਵੇਂ ਮੋਜੂਦ ਹੁੰਦੇ ਹਨ। ਗੁਰੂ ਨਾਨਕ ਨੇ ਇਸੇ ਲਈ ਆਪਣੇ ਅਧਿਆਤਮ ਦੇ ਦਰਸ਼ਨ ਦੇ ਆਰੰਭ ਵਿੱਚ ਹੀ ਮਾਤਰ ਸਿਆਣਪ ਨੂੰ ਨੱਕਾਰਦੇ ਸਚਿਆਰਾ ਹੋਣ ਦੀ ਤਾਕੀਦ ਕੀਤੀ ਹੈ। ਗੁਰੂ ਨਾਨਕ ਦੇ ਦਰਸ਼ਨ ਵਿੱਚ ਇਹੀ ਮੱਨੁਖਾ ਜੀਵਨ ਦਾ ਅਸਲ ਮਨੋਰਥ ਹੈ। ਪਰਮਾਤਮਾ ਤਾਂ ਪਹਿਲਾਂ ਹੀ ਘਟ-ਘਟ ਵਿੱਚ ਮੌਜੂਦ ਹੈ। ਉਸ ਨਾਲੋਂ ਦੂਰੀ ਸਾਡੀ ਸੰਸਾਰਕ ਦੁਬਿਦਾ ਹੈ, ਸੱਚਾਈ ਨਹੀਂ। ਜੇਕਰ ਗੁਰਮਤਿ ਇੱਕ ਸੰਪੁਰਣ ਮਤਿ ਹੈ ਤਾਂ ਇਸ ਨੂੰ ਗੁਰੂਆਂ ਨੇ ਆਪਣੀ ਕਰਣੀ ਰਾਹੀਂ ਇੰਝ ਸੰਪੂਰਣ ਕੀਤਾ ਹੈ:

ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥॥ (ਮ. ੧, ਪੰਨਾ ੨੫, ਸ਼ਬਦ ਗੁਰੂ ਗ੍ਰੰਥ ਸਾਹਿਬ)
ਗੁਰੂ ਨਾਨਕ ਗਿਆਨ ਦੇਣ ਵਾਲਾ ਹੈ। ਗਿਆਨ ਗੁਰੂ ਨਾਨਕ ਦੀ ਆਪਣੀ ਮੋਲਿਕਤਾ ਹੈ। ਅਸੀਂ ਆਪਣੇ ਗਿਆਨ ਦੇ ਸੰਧਰਭ ਵਿੱਚ ਗੁਰੂ ਨਾਨਕ ਦੀ ਕਹੀ ਗੱਲ ਦੇ ਮੁਹਤਾਜ ਹਾਂ। ਅਸੀਂ ਸਿੱਖ (ਸਿੱਖਣ ਵਾਲੇ) ਹਾਂ। ਅਸੀਂ ਤਾਂ ਗੁਰੂ ਨਾਨਕ ਦੇ ਗਿਆਨ ਦੇ ਸਾਗਰ ਵਿਚੋਂ ਚੁੱਲੀਆਂ ਭਰਨ ਜੋਗੇ ਹੀ ਹੋ ਸਕਦੇ ਹਾਂ। ਇਸ ਲਈ ਵੀ ਪਰਮਾਤਮਾ ਦੀ ਨਦਰ (ਵਿਵੇਕ) ਤਾਂ ਚਾਹੀਦੀ ਹੀ ਹੈ।
ਹਰ ਬੰਦੇ ਦੀ ਸੁਰਤਿ ਉਸ ਦੀ ਗੁਰੂ ਵੀ ਹੁੰਦੀ ਹੈ ਅਤੇ ਚੇਲਾ ਵੀ। ਭਗਤ ਕਬੀਰ ਜੀ ਨੇ ਇਸ ਨੁੱਕਤੇ ਨੂੰ ਇੰਝ ਸਪਸ਼ਟ ਕੀਤਾ ਹੈ:
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ (ਪੰਨਾ ੯੭੩, ਸ਼ਬਦ ਗੁਰੂ ਗ੍ਰੰਥ ਸਾਹਿਬ)

ਮਨਮਤਿ ਦਾ ਨੁੱਕਤਾ ਵੀ ਏਹੀ ਹੈ। ਗੁਰੂ ਨਾਨਕ ਦੀ ਸੁਰਤਿ ਵੀ ਗੁਰੂ ਨਾਨਕ ਦੀ ਗੁਰੂ ਅਤੇ ਚੇਲਾ ਵੀ ਸੀ। ਫ਼ਰਕ ਸਿਰਫ਼ ਇਨਾਂ ਹੀ ਹੈ ਕਿ ਸਾਡੀ ਸੁਰਤਿ ਵਿੱਚ ਸਾਡੇ ਮਨ ਦੀ ਸੁਰਤਿ ਹੈ ਅਤੇ ਸ਼ਬਦ ਗੁਰੂ ਵਿੱਚ ਗੁਰੂ ਨਾਨਕ ਦੀ ਸੁਰਤਿ। ਇਹੀ ਸ਼ਬਦ ਗੁਰੂ ਹੈ ਜਿਸ ਨੂੰ ਅਸੀਂ ਗੁਰੂ ਸਵੀਕਾਰਦੇ ਹਾਂ। ਜੋ ਬੰਦਾ ਆਪਣੀ ਸੁਰਤਿ (ਮਨਮਤਿ) ਨੂੰ ਤਿਆਗ ਕੇ ਗੁਰੂ ਨਾਨਕ ਦੀ ਮਤਿ ਦੇ ਸੱਚ ਨੂੰ ਸਵੀਕਾਰ ਕਰ ਲਵੇ ਤਾਂ ਉਸ ਲਈ ਸ਼ਬਦ ਸਚਮੁੱਚ ਗੁਰੂ ਹੋ ਸਕਦਾ ਹੈ। ਅਸੀਂ ਗੁਰਮਤਿ ਅੱਧੀ-ਅਧੂਰੀ ਸਵੀਕਾਰੀ ਹੈ। ਅਸੀਂ ਜ਼ਿਆਦਾਤਰ ਆਪਣੀ ਸੁਰਤਿ ਤੇ ਚਲਣ ਵਾਲੇ ਲੋਗ ਹਾਂ। ਲੇਕਿਨ ਜ਼ਰਾ ਗੋਰ ਕਰੀਏ ਤਾਂ ਇਸ ਸੁਰਤਿ ਵਿੱਚ ਹੀ ਰਤਨ ਜਵਾਹਰ ਮਾਨਕ ਦੀ ਪ੍ਰਾਪਤੀ ਦਾ ਸਾਧਨ ਹੈ ਬਾ-ਸ਼ਰਤੇ ਕਿ ਗੁਰੂ ਦੀ ਮਤਿ ਨੂੰ ਆਪਣੀ ਮਤਿ ਵਿੱਚ ਸਵੀਕਾਰ ਕਰ ਲਈਏ। ਗੁਰੂ ਦੀ ਮਤਿ ਗੁਰੂ ਦੇ ਕਹੇ ਅਤੇ ਕੀਤੇ ਵਿੱਚ ਹੀ ਹੈ। ਗੁਰੂਆਂ ਦਾ ਕਹਿਆ ਅਤੇ ਕੀਤਾ ਮਿਲ ਕੇ ਗੁਰੂ ਬੰਣਿਆ ਹੈ। ਗੁਰੂ ਨਾਨਕ ਦੇ ਦਰਸ਼ਨ ਦਾ ਸਭ ਤੋਂ ਵਿਲੱਖਣ ਪੱਖ ਇਹੀ ਹੈ ਕਿ ਇਹ ਦਰਸ਼ਨ ਕਿਤਾਬੀ ਗੱਲ ਨਹੀਂ ਇਸ ਵਿੱਚ ਦੱਸਾ ਗੁਰੂਆਂ ਦੀ ਕ੍ਰਿਆਸ਼ੀਲਤਾ ਵੀ ਜੁੜੀ ਹੈ ਜਿਸ ਦੀ ਪਾਲਣਾ ਦਾ ਜਿੰਮਾ ਹੁਣ ਸਿੱਖੀ ਦੇ ਦਰਸ਼ਨ ਤੇ ਤੁਰਨ ਵਾਲੀਆਂ ਉਤੇ ਹੈ।
ਸ਼ਬਦ ਗੁਰੂ ਦੇ ਬਚਨ ਹਨ। ਸ਼ਬਦ ਗੁਰੂ ਗੁਰੂ ਨਾਨਕ ਦੀ ਕਹੀਆਂ ਗੱਲਾਂ ਹਨ। ਗੁਰੂ ਨਾਨਕ ਨੇ ਸਪਸ਼ਟ ਕੀਤਾ ਹੈ
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥ (ਮ. ੧, ਪੰਨਾ ੧੫੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਅਰਥ:- (ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿੱਚ ਵਿਕਾਰਾਂ ਦੀ ਮੈਲ ਨਹੀਂ। ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ
ਇਥੇ ਇਹ ਸਵਾਲ ਡੂੰਘਾ ਵਿਚਾਰ ਮੰਗਦਾ ਹੈ ਕਿ ਗੁਰੂ ਕੋਣ ਹੈ ਅਤੇ ਗੁਰੂ ਦੇ ਬਚਨ ਕੀ ਹਨ ਅਤੇ ਸਚੇ ਸ਼ਬਦ ਦੀ ਪਛਾਣ ਕਿਸ ਤੋਂ ਪ੍ਰਾਪਤ ਹੁੰਦੀ ਹੈ?

ਉੱਤਰ ਸਪਸ਼ਟ ਹੈ, ਗੁਰੂਆਂ ਦੇ ਬਚਨ ਗੁਰੂ ਹਨ ਅਤੇ ਗੁਰੂ ਦਾ ਕਿਹਾ ਜਾਂ ਪਰਵਾਣ ਕੀਤਾ ਹੀ ਸੱਚੇ ਸ਼ਬਦ ਦੀ ਪਛਾਣ ਹਨ। ਨਹੀਂ ਤਾਂ ਸੰਸਾਰ ਵਿੱਚ ਕਿਤਾਬਾਂ ਤਾਂ ਕਈ ਹਨ। ਉਨਾਂ ਵਿੱਚ ਵੀ ਕੋਈ ਗਿਆਨ ਹੋ ਸਕਦਾ ਹੈ। ਉਨ੍ਹਾਂ ਵਿੱਚ ਵੀ ਕੋਈ ਸੱਚ ਹੋ ਸਕਦਾ ਹੈ। ਇਸ ਵਿੱਚ ਸ਼ੱਕ ਨਹੀਂ। ਪਰ ਗਿਆਨ ਦੀਆਂ ਉਹ ਗੱਲਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਕੀਤੀਆਂ ਜਾ ਸਕਦੀਆਂ। ਹਾਂ ਅਸੀਂ ਉਸ ਗਿਆਨ ਦੇ ਸਹੀ ਜਾਂ ਗਲਤ ਹੋਣ ਦਾ ਨਿਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ਮੁਤਾਬਿਕ ਕਰ ਸਕਦੇ ਹਾਂ। ਗਿਆਨ ਦੀ ਗੱਲ ਤਾਂ ਕਈ ਰਚਨਾਵਾਂ ਵਿੱਚ ਵੀ ਸੀ। ਗਿਆਨ ਦੀ ਗੱਲ ਤਾਂ ਗੀਤਾ, ਕੁਰਾਨ, ਬਾਈਬਲ ਅਤੇ ਹੋਰ ਕਈ ਸ਼ਾਸਤਰਾਂ ਵਿੱਚ ਵੀ ਸੀ। ਫ਼ਿਰ ਕੀ ਕਾਰਣ ਸੀ ਕਿ ੳਨ੍ਹਾਂ ਸ਼ਾਸਤਰਾਂ ਵਿਚੋਂ ਦੀਆਂ ਕੁੱਝ ਗਿਆਨ ਦੀਆਂ ਗੱਲਾਂ ਕਰਦੀਆਂ ਰਚਨਾਵਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਨਹੀਂ ਮਿਲਿਆ? ਕਾਰਣ ਸਪਸ਼ਟ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਆਪਣੇ ਤੋਂ ਬਾਹਰ ਦੇ ਗਿਆਨ ਦੀ ਪਰਖ ਦੀ ਕਸਵਟੀ ਬਣਾਏ ਗਏ। ਇਹ ਗੱਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣ ਗੁਰਤਾ ਦੀ ਸੁਚਕ ਹੈ।

ਇਥੇ ਸੱਚ ਦੇ ਗਿਆਨ ਬਾਰੇ ਇੱਕ ਗੱਲ ਵਿਚਾਰ ਲਈਏ। ਅਸੀਂ ਸਾਰੇ ਜਾਣਦੇ ਹਾਂ ਕਿ ੧੨੦ ਭਾਗ ੩=੪੦ ਹੁੰਦਾ ਹੈ ਅਤੇ ੧੨੦ ਭਾਗ ੪= ੩੦ ਹੁੰਦਾ ਹੈ। ਇਹ ਦੋਵੇਂ ਤਕਸੀਮਾਂ ਗਿਆਨ ਦੀ ਗੱਲ ਹਨ। ਹੁਣ ਆਉ ਵੇਖੀਏ ਕਿ ਕੀ ਇਹ ਗਿਆਨ ਸ਼ਬਦ ਗੁਰੂ ਹੈ?
ਮੰਨ ਲਈਏ ਕਿ ੧੨੦ ਰੁਪੇ ਦੀ ਇੱਕ ਰਕਮ ਤਿੰਨ ਬਰਾਬਾਰ ਦੇ ਭਾਈਵਾਲਾਂ ਵਿਚਕਾਰ ਤਕਸੀਮ ਕਰਨੀ ਹੈ। ਤਾਂ ਇਸ ਤਕਸੀਮ ਦਾ ਫ਼ਾਰਮੂਲਾ ਹੋਵੇਗਾ ੧੨੦ ਭਾਗ ੩= ੪੦ ਹਰ ਭਾਈਵਾਲ ਨੂੰ। ਲੇਕਿਨ ਜੇਕਰ ਇਸ ਗਿਆਨ ਨੂੰ ੧੨੦ ਭਾਗ ੪ ਕਰਕੇ ਵਰਤਿਆ ਜਾਵੇ ਤਾਂ ਐਸੀ ਤਕਸੀਮ ਕਰਨ ਵਾਲਾ ਜਾਣਕਾਰ ਭਾਈਵਾਲ, ੪੦ ਦੇ ਹਿੱਸੇ ਦੀ ਥਾਂ ਆਪ ੬੦ ਰੂਪੇ ਲੇ ਕੇ ਬਾਕੀ ਦੋਹਾਂ ਭਾਈਵਾਲਾਂ ਦਾ ਹੱਕ ਮਾਰ ਜਾਵੈ ਗਾ। ਹੁਣ ਦੋਵੇਂ ਤਕਸੀਮਾਂ ਤਾਂ ਆਪਣੇ ਆਪ ਵਿੱਚ ਠੀਕ ਗਿਆਨ ਹੀ ਹਨ, ਪਰ ਇਸ ਗਿਆਨ ਵਿੱਚ ਇਸ ਦੀ ਠੀਕ ਵਰਤੋਂ ਦਾ ਗਿਆਨ ਨਹੀਂ। ਹਾਲਾਂਕਿ ੧੨੦ ਭਾਗ ੪ ਦਾ ਸਿੱਟਾ ਵੀ ਵਿਗਿਆਨਕ ਹੈ ਪਰ ਇਹ ਗੁਰਮਤਿ ਅਨੁਸਾਰੀ ਨਹੀਂ ਕਿੳਂਕਿ ਗੁਰਮਤਿ ਪਰਾਏ ਹੱਕ ਨੂੰ ਨਾ ਖਾਂਣ ਦੀ ਤਾਕੀਦ ਕਰਦੀ ਹੈ। ਇਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਗ੍ਰੰਥ ਤੋਂ ਬਾਹਰ ਦੇ ਗਿਆਨ ਦੀ ਪਛਾਂਣ ਅਤੇ ਉਸਦੀ ਸਹੀ ਵਰਤੋਂ ਕਰਣ ਦੀ ਪ੍ਰੇਰਨਾ ਹਨ। ਉਹੀ ਗੁਰੂ ਹਨ!
ਕਿਸੇ ਤਾਲੇ ਨੂੰ ਤੋੜਨ ਦਾ ਗਿਆਨ ਵੀ ਸੱਚਾ ਹੀ ਹੁੰਦਾ ਹੈ ਕਿੳਂਕਿ ਇਸ ਨਾਲ ਸੱਚਮੁਚ ਤਾਲਾ ਤੋੜੀਆ ਜਾ ਸਕਦਾ ਹੈ। ਪਰ ਇੱਕ ਚੋਰ ਇਸ ਸੱਚੇ ਗਿਆਨ ਦੀ ਵਰਤੋਂ ਚੋਰੀ ਕਰਨ ਵਿੱਚ ਕਰਦਾ ਹੈ। ਹੁਣ ਤਾਲਾ ਤੋੜਨ ਦਾ ਗਿਆਨ ਸ਼ਬਦ ਗੁਰੂ ਨਾਲੋਂ ਅਲਗ ਹੈ। ਇਸ ਲਈ ‘ਸ਼ਬਦ ਗੁਰੂ` ਦਾ ‘ਅਰਥ ਸੱਚ ਦਾ ਗਿਆਨ` ਕਰਨ ਵੇਲੇ ਇਸਦੇ ਅਰਥ ਦੇ ਸਮੁੱਚੇ ਅਤੇ ਅਸਲ ਭਾਵਅਰਥ ਨੂੰ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ।
ਇਸੇ ਤਰ੍ਹਾਂ ਐਟਮ ਦੇ ਵਿਵਹਾਰ ਦਾ ਗਿਆਨ ਵੀ ਸੱਚਾ ਹੈ। ਇਸ ਗਿਆਨ ਨਾਲ ਤਾਂ ਵਿਗਿਆਨੀਆਂ ਨੇ ਐਟਮ ਬੰਬ ਤਕ ਬਣਾ ਲਿਆ। ਪਰ ਉਸ ਦੀ ਵਰਤੋਂ ਕਰ ਕੇ ਨਿਰਦੋਸ਼ਾਂ ਦੇ ਜੀਉਂਣ ਦੇ ਹੱਕ ਨੂੰ ਨਾਜਾਇਜ਼ ਮਾਰ ਲੇਣ ਦੇ ਵਿਰੋਧ ਦੀ ਪ੍ਰੇਰਨਾ ਤਾਂ ਸਿੱਖ ਨੂੰ ਸ਼ਬਦ ਗੁਰੂ ਦੇ ਦੱਸੇ ਹੋਏ ਗਿਆਨ ਨਾਲੋਂ ਪ੍ਰਾਪਤ ਹੋ ਸਕਦੀ ਹੈ। ਇੱਥੇ ਗਿਆਨ ਅਤੇ ਸ਼ਬਦ ਗੁਰੂ ਵਿਚਲੇ ਅੰਤਰ ਨੂੰ ਸਮਝਣ ਦੀ ਲੋੜ ਹੈ।
ਅਸੀਂ ਅੱਖਾਂ ਰਾਹੀਂ ਦੇਖਦੇ ਹਾਂ। ਇਸ ਤੱਥ ਦੀ ਜਾਣਕਾਰੀ ਸੱਚ ਦਾ ਗਿਆਨ ਹੈ। ਇਸ ਬਾਰੇ ਹੋਰ ਸੱਚਾ ਗਿਆਨ ਸਾਨੂੰ ਸਾਂਈਸ ਦੀਆਂ ਕਿਤਾਬਾਂ ਵਿਚੋਂ ਮਿਲਦਾ ਹੈ। ਪਰ ਅਸੀਂ ਅਖਾਂ ਦੇ ਨਾਲ ਪਰਾਏ ਰੂਪ ਨੂੰ ਬੂਰੀ ਨਿਗਾਹ ਨਾਲ ਨਾ ਵੇਖੀਏ ਇਹ ਗੁਰਮਤਿ ਹੈ। ਇਸੇ ਤਰਾਂ ਜੀਭ ਕਿਵੇਂ ਬੋਲਣ ਦਾ ਕੰਮ ਕਰਦੀ ਹੈ ਇਹ ਜਾਣਕਾਰੀ ਵੀ ਸੱਚ ਦਾ ਗਿਆਨ ਹੈ। ਪਰ ਜ਼ੂਬਾਨ ਨਾਲ ਸੱਚੇ ਅਤੇ ਮਿੱਠੇ ਬੋਲ ਬੋਲਦੇ ਕੂੜੇ ਅਤੇ ਫ਼ਿੱਕੇ ਬੋਲਾਂ ਤੋਂ ਪਰਹੇਜ਼ ਕਰਨਾ ਗੁਰਮਤਿ ਹੈ, ਸ਼ਬਦ ਗੁਰੂ ਹੈ। ਇਹ ਮਤਿ ਗੁਰੂ ਨਾਨਕ ਨੇ ਆਪਣੇ ਸ਼ਬਦਾ ਰਾਹੀਂ ਸਾਨੂੰ ਦਿੱਤੀ ਹੈ। ਜਿਥੇ ਇਹ ਮੂਲ ਗਿਆਨ ਵਰਤਦਾ ਹੈ ਉੱਥੇ ਧਰਮ ਵਾਪਰਦਾ ਹੈ। ਬਾਕੀ ਦੇ ਗਿਆਨ ਵਿੱਚ ਤਾਂ ਦੁਰਵਰਤੋਂ ਦੀ ਗੁੰਜਾਇਸ਼ ਰਹਿੰਦੀ ਹੈ ਜਿਵੇਂ ਕਿ ਉੱਪਰ ਅਸੀਂ ਤਕਸੀਮ, ਤਾਲਾ ਤੋੜਨ ਅਤੇ ਐਟਮ ਦੇ ਗਿਆਨ ਬਾਰੇ ਵਿਚਾਰ ਆਏ ਹਾਂ।
ਗੁਰੂ ਨਾਨਕ ਫ਼ੁਰਮਾਉਂਦੇ ਹਨ:
ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ (ਮ. ੧, ਪੰਨਾ ੧੫੪, ਸ਼ਬਦ ਗੁਰੂ ਗ੍ਰੰਥ ਸਾਹਿਬ)
ਭਾਵਅਰਥ:- ਸੰਸਾਰਿਕ ਸੰਸਿਆਂ (ਵਹਿਮ ਭਰਮ ਦਾ ਡਰ) ਤੋਂ ਕੀ ਡਰਨਾ? ਇੰਝ ਡਰਨ ਦੇ ਨਾਲ ਬੰਦਾ ਡਰ ਦੀ ਵਿੱਚ ਹੀ ਫ਼ੱਸਦਾ ਜਾਂਦਾ ਹੈ ਜਾਂ ਫ਼ਸਿਆ ਰਹਿੰਦਾ ਹੈ। ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿੱਚ ਟਿਕੇ ਹੋਏ) ਡਰ-ਅਦਬ ਵਿੱਚ ਮੁੱਕ ਜਾਂਦਾ ਹੈ। ੧। ਰਹਾਉ।
ਗੁਰੂ ਨਾਨਕ ਨੇ ਬਚਨ ਕਰਨ ਵਾਲੇ ਗੁਰੂ ਦੀ ਸਥਿਤੀ ਨੂੰ ਇੰਝ ਸਪਸ਼ਟ ਕੀਤਾ ਹੈ:
ਮਨੁ ਕੁੰਚਰੁ ਕਾਇਆ ਉਦਿਆਨੈ ॥ ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ਰਾਜ ਦੁਆਰੈ ਸੋਭ ਸੁ ਮਾਨੈ ॥੧॥ (ਮ. ੧, ਪੰਨਾ ੨੨੧, ਸ਼ਬਦ ਗੁਰੂ ਗ੍ਰੰਥ ਸਾਹਿਬ)

ਅਰਥ: (ਇਸ) ਸਰੀਰ ਜੰਗਲ ਵਿੱਚ ਮਨ ਹਾਥੀ (ਸਮਾਨ) ਹੈ। (ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ, (ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ। ੧।
ਇਤਹਾਸਕ ਪਰਿਪੇਖ ਵਿੱਚ ਵੀ ਗੁਰੂ ਨਾਨਕ ਦੇ ਕਹੇ ਇਹ ਬਚਨ ਸ਼ਬਦ ਗੁਰੂ ਦੀ ਸ਼ਿਨਾਖਤ ਦਾ ਅਧਾਰ ਬਣੇ ਹਨ। ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂ ਕੇਵਲ ਉਸੀ ਨੂੰ ਮਨਿੰਆ ਗਿਆ ਜਿਸ ਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂਆਂ ਨੇ ਉਚਾਰਿਆ, ਵਰਤਿਆ ਅਤੇ ਪਰਵਾਣ ਕੀਤਾ। ਇਸ ਅਰਸੇ ਦੋਰਾਨ ਕਈ ਕੱਚੀਆਂ ਰਚਨਾਵਾਂ ਨੂੰ ਵੀ ਸ਼ਬਦ ਗੁਰੂ ਦਾ ਜਾਮਾ ਦੇਣ ਦੀਆਂ ਕੋਝੀਆਂ ਕੋਸ਼ਿਸ਼ਾਂ ਹੋਈਆਂ ਪਰ ਦੱਸ ਗੁਰੂ ਸਾਹਿਬਾਨ ਇੱਕ ਕੁੰਡੇ ਦੇ ਰੂਪ ਵਿੱਚ ਐਸੀਆਂ ਕੋਸ਼ਿਸ਼ਾਂ ਪ੍ਰਤੀ ਇਖ ਅੰਕੁਸ਼ ( Restriction) ਦਾ ਕੰਮ ਕਰਦੇ ਰਹੇ।
ਉਪਰੋਕਤ ਉਦਾਹਰਣਾ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਅਤੇ ਗੁਰੂ ਦੇ ਸ਼ਬਦ ਵਿਚਲਾ ਅੰਤਰ ਅਤੇ ਸਬੰਧ ਕੀ ਹੈ। ਗੁਰੂ ਅਤੇ ਗੁਰੂ ਦੇ ਸ਼ਬਦ ਵਿੱਚ ਕੋਈ ਫ਼ਰਕ ਨਹੀਂ ਗੁਰੂ ਬਿਨਾ ਸ਼ਬਦ (ਦਰਸ਼ਨ) ਦੇ ਨਹੀਂ ਹੋ ਸਕਦਾ ਅਤੇ ਸ਼ਬਦ (ਦਰਸ਼ਨ) ਬਿਨਾ ਗੁਰੂ ਦੇ ਨਹੀਂ ਹੋ ਸਕਦਾ। ਇਹ ਗੁਰੂ ਅਤੇ ਸ਼ਬਦ ਦਾ ਪ੍ਰਗਾੜ ਸਬੰਧ ਹੈ। ਸ਼ਬਦ ਆਪਣੇ ਆਪ ਨਾ ਉਚਰਦਾ ਹੈ, ਨਾ ਪਰਵਾਣ ਹੁੰਦਾ ਹੈ ਅਤੇ ਨਾ ਹੀ ਵਿਵਹਾਰੀ ਹੋ ਸਕਦਾ ਹੈ। ਇਸ ਲਈ ਸਿੱਖੀ ਦੇ ਦਰਸ਼ਨ ਵਿੱਚ ਸ਼ਬਦ ਗੁਰੂਆਂ ਨੇ ਉਚਾਰਿਆ, ਪਰਵਾਣ ਕੀਤਾ ਅਤੇ ਉਸ ਨੂੰ ਵਿਵਹਾਰਿਕ ਰੂਪ ਦਿੱਤਾ। ਇਹ ‘ਸ਼ਬਦ` ਅਤੇ ‘ਸੁਰਤਿ` (ਦੱਸ ਗੁਰੂ ਸਾਹਿਬਾਨ) ਵਿਚਲਾ ਅੰਤਰ ਹੈ। ਇਹ ਗੁਰੂਆਂ ਅਤੇ ਸ਼ਬਦ ਦੇ ਰਿਸ਼ਤੇ ਸੰਬਧਤ ਅਹਿਮ ਪੱਖ ਹਨ।
ਪਰਮਾਤਮਾ ਗੁਰੂ ਨਾਨਕ ਦਾ ਗੁਰੂ ਸੀ ਜਿਵੇਂ ਕਿ ਸਾਰਿਆਂ ਦਾ ਹੁੰਦਾ ਹੈ ਅਤੇ ਅਸੀਂ ਇਹ ਵਿਚਾਰ ਉੱਪਰ ਲੇਖ ਵਿੱਚ ਵਿਚਾਰ ਆਏ ਹਾਂ। ਗੁਰੂ ਨਾਨਕ ਇਸ ਪੱਖੋਂ ਪਰਮਾਤਮਾ ਦੀ ਗੁਰਤਾ ਤੋਂ ਇਨਕਾਰੀ ਨਹੀਂ ਹਨ। ਪਰ ਸਿਧ ਗੋਸ਼ਟਿ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਨਾਨਕ ਜੀ ਦਾ ਗੁਰੂ ਸ਼ਬਦ ਹੈ ਯਾਨੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਆਪ ਨਾਨਕ ਦਾ ਗੁਰੂ ਹੈ ਅਤੇ ਗੁਰੂ ਨਾਨਕ ਦੀ ਸੁਰਤਿ ਆਪ ਉਸ ਵਿਚਾਰਧਾਰਾ ਦਾ ਧਾਰਣੀ ਹੈ, ੳਸ ਦਾ ਅਚਾਰੀ ਹੈ ਅਰਥਾਰਥ ਉਸ ਦਾ ਚੇਲਾ ਹੈ। ਗੁਰੂ ਨਾਨਕ ਆਪਣੀ ਇਸ ਅਵਸਥਾ ਨੂੰ ਪਰਮਾਤਮਾ ਦੀ ਨਦਰ-ਕਰਮ ਮੰਨਦੇ ਹਨ।
ਗੁਰੂ ਨਾਨਕ ਨੇ ਇਸ ਜੁਗਤ ਨੂੰ ਅੱਗੇ ਤੋਰਦੇ ਹੋਏ ਗੁਰੂ ਅੰਗਦ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਨਾਲ ਅਗਲਾ ਗੁਰੂ ਥਾਪਿਆ ਅਤੇ ਗੁਰੂ ਅੰਗਦ ਨੇ ਇਸ ਜੁਗਤ ਨੂੰ ਫਿਰ ਹੋਰ ਅਗੇ ਤੋਰਿਆ। ਗੁਰੂ ਨਾਨਕ ਜੀ ਦੀ ਦੱਸੀ ਇਹ ਜੁਗਤ ਗੁਰੂ ਗੋਬਿਂਦ ਸਿੰਘ ਜੀ ਤਕ ਤੁਰੀ ਅਤੇ ਸ਼ਬਦ ਗੁਰੂ (ਗੁਰੂਆਂ ਦੇ ਬਚਨਾ) ਦੀ ਗੁਰਤਾ ਬਰਕਰਾਰ ਰਹੀ। ਇਹ ਗੱਲ ਇੱਕ ਸ਼ਬਦ ਮਾਤਰ ਨੂੰ ਗੁਰੂ ਕਹਿਣ ਨਾਲੋਂ ਵੱਖਰੀ ਅਤੇ ਮੂਲ ਗੱਲ ਹੈ।
ਹਰਦੇਵ ਸਿੰਘ, ਜੰਮੂ-09419184990

Wednesday, 5 October 2011

‘ਮੂਲ ਮੰਤਰ’(Basic Understanding)

(ਹਰਦੇਵ ਸਿੰਘ, ਜੰਮੂ-94191-84990)


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸੈਭੰ ਗੁਰ ਪ੍ਰਸਾਦਿ॥
ਮੂਲ ਮੰਤਰ‘ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਆਰੰਭ ਹੈ। ਇਹ ਸਿੱਖੀ ਦੇ ਦਰਸ਼ਨ ਦੀ ਪਹਿਲੀ ਝਲਕ ਹੈ। ਇਸ ਦੇ ਕੁੱਝ ਪੱਖਾਂ ਨੂੰ ਸਮਝ ਲੇਣਾਂ ਜਰੂਰੀ ਹੈ। ਅਪਣੇ ਚੇਤਨ ਵਿੱਚ ਗੁਰੂ ਨਾਨਕ ਸਾਹਿਬ ਨੂੰ ਰੱਬੀ ਬਖ਼ਸ਼ੀਸ਼ ਰਾਹੀਂ ਸਭ ਤੋਂ ਪਹਿਲਾਂ ਜੋ ਪ੍ਰਾਪਤ ਹੋਇਆ ਉਹ ਇਹ ਹੀ ਸੀ। ਅਤੇ ਇਸ ਪ੍ਰਾਪਤੀ ਬਾਦ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜੋ ਸਿਧਾਂਤਕ ਤਾਕੀਦ ਸਿੱਖਾਂ ਨੂੰ ਦਿੱਤੀ ਉਹ ਵੀ ਇਸ ਵਿੱਚ ਹੀ ਸੀ। ਮੂਲ ਮੰਤਰ ‘ਮੂਲ‘ (ਪਰਮਾਤਮਾ) ਦਾ ਪ੍ਰਗਟਾਵਾ ਹੈ। ਇਸ ਵਿਚਾਰ ਚਰਚਾ ਵਿੱਚ ਅਸੀਂ ਇਸ ਤੇ ਵਿਚਾਰ ਦਾ ਜਤਨ ਕਰਾਂਗੇ।
‘ਮੂਲ ਮੰਤਰ‘ ਦਾ ਭਾਵਅਰਥ ਕਿਸੇ ਕਰਮਕਾਂਡੀ ਮੰਤਰ ਦਾ ਭਾਵ ਨਹੀਂ ਬਲਕਿ ਇਸ ਦਾ ਅਰਥ ਪਰਮਾਤਮਾ ਅਤੇ ਗੁਰੂ ਪ੍ਰਤੀ ਸਿੱਖੀ ਦੇ ਦਰਸ਼ਨ ਦੀ ‘ਮੂਲ ਮਤਿ‘ (Basic understanding) ਹੈ। ਇਸ ਨੂੰ ਮੰਗਲਾ ਚਰਨ ਵੀ ਕਿਹਾ ਜਾਂਦਾ ਹੈ ਪਰ ਫਿਰ ਵੀ ‘ਮੂਲਮੰਤਰ‘ ਦਾ ਮੂਲ ਭਾਵ ਪਰਮਾਤਮਾ ਪ੍ਰਤੀ ਮੁੱਡਲੀ ਜਾਣਕਾਰੀ ਹੀ (Basic understanding) ਨਿਕਲਦਾ ਹੈ। ਇਸ ਲੇਖ ਵਿੱਚ ਸ਼ਬਦ ਮੂਲ ਮੰਤਰ ਦੇ ਪ੍ਰਯੋਗ ਨੂੰ ਇਸੇ ਸੰਧਰਭ ਵਿੱਚ ਲਿਆ ਜਾਏ। ਮੂਲ ਮੰਤਰ ਵਿੱਚ ਦੋ ਨੁਕਤਿਆਂ ਦਾ ਪ੍ਰਗਟਾਵਾ ਹੈ।
(੧) ਪਰਮਾਤਮਾ ਦਾ ਸਵਰੂਪ (Nature of God)
(੨) ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ
ਇਸ ਚਰਚਾ ਵਿੱਚ ਅਸੀਂ ਇਨ੍ਹਾਂ ਦੋਹਾਂ ਨੁਕਤਿਆਂ ਨੂੰ ਵੱਖੌ ਵੱਖ ਸਮਝਣ ਦਾ ਜਤਨ ਕਰਾਂ ਗੇ ਤਾਕਿ ਸਮੂਚੇ ਮੂਲਮੰਤਰ ਦੇ ਭਾਵ ਦੇ ਤੱਤ ਦਾ ਵਿਚਾਰ ਕੀਤਾ ਜਾ ਸਕੇ।
(੧) ਪਰਮਾਤਮਾ ਦਾ ਸਵਰੂਪ:- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਇਸ ਹਿੱਸੇ ਦੇ ਸ਼ਾਬਦਕ ਅਰਥਾਂ ਵਲ ਜਾਂਣ ਤੋਂ ਪਹਿਲਾਂ ਇਸ ਦੇ ਭਾਵ ਨਾਲ ਜੁੜਿਆਂ ਕੁੱਝ ਗੱਲਾਂ ਨੂੰ ਸਮਝਣਾ ਜਰੂਰੀ ਹੈ। ਅਧਿਆਤਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਰਮਾਤਮਾ ਨੂੰ ਕਿਸੇ ਸੰਬੋਧਨ ਦੇ ਬਜਾਏ ਉਸ ਦੇ ਗੁਣ ਰਾਹੀਂ ਗਣਿਤ ਦੇ ਅਧਾਰ (Mathematical Term) ਤੇ ੧ ਨਾਲ ਸੰਬੋਧਿਤ ਕੀਤਾ ਗਿਆ।” ੴ”ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”। ਕਿਉਂਕਿ ਪਰਮਾਤਮਾ ਲਈ ਪ੍ਰਯੇਗ ਕੀਤੇ ਜਾਂਦੇ ਸਮਸਤ ਸਮਕਾਲੀ ਸੰਬੋਧਨ ਮਨੁੱਖਾਂ ਦੇ ਅਪਣੇ ਭਾਸ਼ਾ ਗਿਆਨ ਦੀ ਇਜਾਦ ਸਨ ਜਦ ਕਿ ਸੰਖਿਆ ਰੱਬੀ ਅਧਾਰ ਹੈ। ਇੱਕ (੧) ਦੇ ਅਰਥ ਅਤੇ ਉਸਦੇ ਭਾਵਅਰਥ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸ ਇੱਕ ਦੇ ਦੋ ਅਰਥ ਨਹੀਂ ਹੋ ਸਕਦੇ। ‘ਇਕ‘ ਦੇ ਸੰਧਰਭ ਤੋਂ ਹੀ ਹਰ ਦੂਜੀ ਸ਼ੈਹ ਪ੍ਰਗਟ ਹੁੰਦੀ ਹੈ। ਹਾਲਾਂਕਿ ਗੁਰੂ ਨਾਨਕ ਨੇ ਬਾਣੀ ਵਿੱਚ ਪਰਮਾਤਮਾ ਲਈ ਕਈ ਪ੍ਰਕਾਰ ਦੇ ਪ੍ਰਚਲਤ ਸੰਬੋਦਨਾਂ ਦਾ ਪ੍ਰਯੋਗ ਕੀਤਾ ਪਰ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਨੂੰ ਉਸ ਦੇ ਪਹਿਲੇ ਗੁਣ ੧ ਰਾਹੀਂ ਬਿਆਨ ਕੀਤਾ। ਇਸ ‘ਇਕ‘ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇ ਗਿਆਨ ਵਿੱਚ ਉਤਰੇ ਰੱਬ ਦਾ ਕੋਈ ਨਾਮ (ਸੰਬੋਧਨ) ਮਹੱਤਵ ਨਹੀਂ ਸੀ ਰਖਦਾ ਬਲਕਿ ਪਰਮਾਤਮਾ ਦਾ ਉਹ ਸਵਰੂਪ ਮਹੱਤਵ ਰਖਦਾ ਸੀ ਜਿਸਨੂੰ ਕੇਵਲ ਗੁਣਾਂ ਰਾਹੀਂ ਬਿਆਨ ਕੀਤਾ ਜਾਂ ਸਮਝਿਆ ਜਾ ਸਕਦਾ ਸੀ। ਗੁਰੂ ਨਾਨਕ ਨੇ ਪਰਮਾਤਮਾ ਨੂੰ ਕੋਈ ਨਾਮ ਨਹੀਂ ਦਿੱਤਾ ਬਲਕਿ ਵਿਸ਼ਵ ਭਾਈਚਾਰੇ ਨੂੰ ਪਰਮਾਤਮਾ ਦੀ ਸਮਝ ਦਿੱਤੀ। ਇੱਕ ਐਸੀ ਪ੍ਰਮਾਣਿਕ ਸਮਝ ਜਿਸ ਦੇ ਵਿਚੋਂ ਹੀ ਜੀਵਨ ਸਮਝ ਅਤੇ ‘ਜੀਵਨ ਜੁਗਤ‘ ਦੀ ਰਾਹ ਨਿਕਲਦੀ ਹੈ। ਗੁਰੂ ਨਾਨਕ ਜੀ ਦੇ ਚੇਤਨ ਵਿੱਚ ਉਤਰਿਆ ਰੱਬ ਕਰਤਾ ਹੋਂਣ ਕਾਰਣ ਕੇਵਲ ਅਪਣੀ ਸਰਬ ਵਿਆਪਕਤਾ ਰਾਹੀਂ ਹੀ ਪਛਾਂਣਿਆ ਜਾ ਸਕਦਾ ਸੀ ਅਤੇ ਮਨੁੱਖਾ ਜੀਵਨ ਇਸ ਸਰਬ ਵਿਆਪਕਤਾ ਦਾ ਉਹਪੜਾਵ ਜਾਂ ਅਵਸਰ ਸੀ ਜਿਸ ਵਿੱਚ ਪਰਮਾਤਮਾ ਨੂੰ ਵਿਚਾਰਰਣ ਲਈ ਜੀਵਨ ਅਤੇ ਉਸ ਦੇ ਵਾਤਾਵਰਣ ਨੂੰ ਵਿਚਾਰਨਾ ਜਰੂਰੀ ਸੀ। ਪਰਮਾਤਮਾ ਦੀ ਸਮਝ ਮਨੁੱਖ ਲਈ ਪਰਮਾਤਮਾ ਦੇ ਸਵਰੂਪ ਤੋਂ ਹਟਕੇ ਸਮਝਣ ਦੀ ਵਿਸ਼ਾ ਨਹੀਂ। ਪਰਮਾਤਮਾ ਦੀ ਸਮਝ ਉਸ ਦੀ ਨਿਰਾਕਾਰ ਤੋਂ ਉਸਦੇ ਕ੍ਰਿਤ ਸਮਸਤ ਰੂਪਾਂ ਤਕ ਦੀ ਗਲ ਹੈ। ਪਰਮਾਤਮਾ ਸਰਵਉੱਚ ਹੈ। ਉਹ ਅਲਗ ਨਹੀਂ ਸਰਵ ਵਿਆਪਕ ਹੈ। ਇਹ ਗਹਿਰੀ ਗਲ ਹੈ।
ਅਕਸਰ ਸਿੱਖ ਫ਼ਲਸਫ਼ੇ ਵਿੱਚ ਦਰਸਾਏ ਸਿੱਖੀ-ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਮੂਲਮੰਤਰ ਦੇ ਇਸ ਪਹਿਲੇ ਭਾਗ ਨੂੰ ਸਿੱਖ ਸਿਧਾਂਤਾਂ ਦੇ ਤੋਰ ਤੇ ਬਿਆਨ ਕੀਤਾ ਜਾਂਦਾ ਹੈ ਜੋ ਕਿ ਇੱਕ ਢੁੱਕਵੀਂ ਗਲ ਨਹੀਂ
ਮੂਲਮੰਤਰ ਦਾ ਇਹ ਪਹਿਲਾ ਹਿੱਸਾ ਪਰਮਾਤਮਾ ਦਾ ਪਰਿਚੈ ਹੈ। ਇਸ ਪਰੀਚੈ ਨੂੰ ਸਮਝਣ ਵਿੱਚ ਕੁੱਝ ਸਾਵਧਾਨੀ ਦੀ ਲੋੜ ਹੈ। ਪਹਿਲੀ ਗਲ ਤਾਂ ਇਹ ਕਿ ਇਹ ਪਰੀਚੈ ਸਿੱਖ ਫ਼ਲਸਫ਼ੇ ਦਾ ਸਿਧਾਂਤ ਨਹੀਂ। ਇਹ ਪਰਮਾਤਮਾ ਦਾ ਆਪਣਾ ਸਿਧਾਂਤ ਹੈ। ਇਹ ਸਿੱਖੀ ਦੇ ਦਰਸ਼ਨ ਦੀ ਮਾਨਤਾ ਹੈ ਕਿ ਪਰਮਾਤਮਾ ਆਪਣੇ ਸਿਧਾਂਤਾਂ ਦੇ ਚਲਦੇ ਹੋਏ ‘ਵੈਸਾ‘ ਹੈ ਜੈਸਾ ਕਿ ਗੁਰੂ ਨਾਨਕ ਨੇ ਸਾਨੂੰ ਮੂਲ ਮੰਤਰ ਰਾਹੀਂ ਦੱਸਿਆ ਹੈ। ਪਰਮਾਤਮਾ ਦੇ ਸਿਧਾਂਤ ਉਸ ਦੇ ਆਪਣੇ ਹਨ। ਮੂਲ ਮੰਤਰ ਦੇ ਇਹ ਸ਼ਬਦ ਈਸ਼ਵਰ ਦੇ ਆਪਣੇ ਸਿਧਾਂਤ ਨੂੰ ਅਤੇ ਸਾਡੀ ਮਾਨਤਾ ਨੂੰ ਦਰਸਾਉਂਦੇ ਹਨ।
ਉਦਾਹਰਣ ਵਜੋਂ ਨਿਊਟਨ ਨੇ Law of Motion ਪੇਸ਼ ਕੀਤਾ। ਇਹ ਉਸ ਦੀ ਖੋਜ ਸੀ ਨਾ ਕਿ ਉਸ ਦਾ ਆਪਣਾ Law ਜਾਂ ਸਿਧਾਂਤ। ਸਿਧਾਂਤ ਤਾਂ Motion ਦਾ ਹੈ ਨਿਊਟਨ ਦਾ ਨਹੀਂ। ਠੀਕ ਇਸੇ ਤਰ੍ਹਾਂ ਈਸ਼ਵਰ ਦਾ ਪਰੀਚੈ (ਮੂਲ਼ ਮੰਤਰ ਸੈਭੰ ਤਕ) ਗੁਰੂ ਨਾਨਕ ਦੀ ਅਧਿਆਤਮਿਕ ਪ੍ਰਾਪਤੀ ਹੈ ਨਾ ਕਿ ਨਾਨਕ ਦਾ ਸਿਧਾਂਤ। ਇਸ ਲਈ ਮੂਲ ਰੂਪ ਵਿੱਚ ਮੂਲ ਮੰਤਰ ਵਿੱਚ ਪਰਮਾਤਮਾ ਦੇ ਸੱਚੇ ਪਰੀਚੈ ਦੀ ਪ੍ਰਾਪਤੀ ਗੁਰੂ ਨਾਨਕ ਨਾਲ ਸਬੰਧਿਤ ਹੈ ਅਤੇ ਸਿਧਾਂਤ ਜਾਂ ਗੁਣ ਪਰਮਾਤਮਾ ਦਾ ਹੈ।
ਪਹਿਲੇ ਅਸੀਂ ਮੂਲਮੰਤਰ ਦੇ ਇਸ ਹਿੱਸੇ ਦੇ ਅਰਥ-ਭਾਵਅਰਥ ਦੀ ਵਿਚਾਰ ਕਰੀਏ। ਇਸ ਦੇ ਅਰਥ ਕੀਤੇ ਗਏ ਹਨ:-
“ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ‘ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ” (ਪ੍ਰੋ. ਸਾਹਿਬ ਸਿੰਘ ਜੀ)
ਪ੍ਰੋ.ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਕਰਨ ਦਾ ਇੱਕ ਮਹਾਨ ਉਪਰਾਲਾ ਕੀਤਾ ਸੀ। ਉਨ੍ਹਾਂ ਦੇ ਕੀਤੇ ਇਸ ਉਪਰਾਲੇ ਦੇ ਸਦਕੇ ਗੁਰਬਾਣੀ ਨੇ ਨਵੇਂ ਸਿਰੇ ਤੋਂ ਨਵੀਂ ਪੀੜੀ ਦਿਆਂ ਮਾਨਸਕ ਪੱਧਰਾਂ ਨੂੰ ਮੁੱਤਾਸਿਰ ਕੀਤਾ ਸੀ। ਅਜ ਵੀ ਪ੍ਰੋ. ਸ਼ਾਹਿਬ ਸਿੰਘ ਜੀ ਦੀ ਮਿਹਨਤ ਬਾਣੀ ਪਾਠ (Lesson) ਸਮਝਣ ਦਾ ਇੱਕ ਵੱਡਾ ਵਸੀਲਾ ਹੈ ਜਿਸ ਤੋਂ ਅਗੇ ਚਲ ਕੇ ਅਸੀਂ ਗੁਰਬਾਣੀ ਦੇ ਭਾਵਅਰਥਾਂ ਨੂੰ ਹੋਰ ਡੂੰਗੇ ਸਮਝਣ ਦਾ ਜਤਨ ਕਰ ਸਕਦੇ ਹਾਂ। ਉਨ੍ਹਾਂ ਦਾ ਕੰਮ ਗੁਰਬਾਣੀ ਭਾਵਅਰਥਾਂ ਨੂੰ ਸਮਝਣ ਦੀ ਰਾਹ ਪੱਧਰੀ ਕਰਦਾ ਹੈ।
ਧਿਆਨ ਨਾਲ ਸਮਝਣ ਤੇ ਪਤਾ ਚਲਦਾ ਹੈ ਕਿ ਮੂਲ ਮੰਤਰ ਵਿੱਚ ਗੁਰੂ ਨਾਨਕ ਦੂਆਰਾ ਪਰਮਾਤਮਾ ਦੇ ਵਿਸ਼ੇਸ਼ ਨਾਮ ਦੀ ਵਰਤੋਂ ਤੋਂ ਪਰਹੇਜ਼ ਕਾਰਣ ‘ਸਤਿਨਾਮ‘ ਦਾ ਭਾਵ ਅਰਥ ‘ਸਚੇ ਗੁਣਾਂ ਦੀ ਹੋਂਦ ਵਾਲਾ‘ ਬਣਦਾ ਹੈ ਨਾ ਕਿ ‘ਜਿਸ ਦਾ ਨਾਮ ਹੋਂਦ ਵਾਲਾ ਹੈ‘। ‘ਨਾਮ‘ ਦਾ ਅਰਥ ਨਾਮ (Name) ਕਰਕੇ ਕਰਨਾ ਢੁੱਕਵਾਂ ਨਹੀਂ। ਕਿਉਂਕਿ ਗੁਰੂ ਨਾਨਕ ਲਈ ਪਰਮਾਤਮਾ ਵਾਸਤੇ ਕੋਈ ਸੰਬੋਧਨ ਮਾਇਨੇ ਨਹੀ ਰੱਖਦਾ। ਇਸ ਦਾ ਇੱਕ ਕਾਰਣ ਹੈ। ਇਸ ਵਿੱਚ ਸ਼ਕ ਨਹੀਂ ਕਿ ਮਨੁੱਖਾਂ ਨੇ ਅਪਣੇ ਵਿਕਾਸ ਦੌਰਾਨ ਚੀਜ਼ਾਂ ਨੂੰ ਸੰਬੋਧਨ ਦਿੱਤੇ ਹਨ। ਪਰ ਸੰਬੋਧਨ ਦਾ ਅਧਾਰ ਹਮੇਸ਼ਾ ਚੀਜ਼ਾਂ ਦੇਗੁਣਾਂ ਨਾਲ ਜੁੜਿਆ ਰਹਿੰਦਾ ਹੈ। ਮਸਲਨ ਸੱਪ ਦੇ ਗੁਣ ਸੱਪ ਅਤੇ ਰੱਸੀ ਵਿਚਲੇ ਵਾਸਤਵਿਕ ਗੁਣ-ਅੰਤਰ ਨੂੰ ਪ੍ਰਗਟ ਕਰਦੇ ਹਨ ਜਿਸ ਕਰਕੇ ਰੱਸੀ ਸੱਪ ਨਹੀਂ ਹੋ ਸਕਦੀ। ਧਰਤੀ ਤੇ ਜਨਮ ਲੈਂਣ ਵਾਲੇ ਮਨੁੱਖ ਰੱਬ ਨਹੀਂ ਹੋ ਸਕਦੇ ਕਿਉਂਕਿ ਰੱਬ ਦਾ ਨਾਮ (Name) ਨਹੀਂ ਬਲਕਿ ਰੱਬਦੇ ਗੁਣ ਰੱਬ ਨੂੰ ਮਨੁੱਖ ਨਾਲੋਂ ਵੱਖਰਾ ਕਰਦੇ ਹਨ। (ਸਿੱਖੀ ਦਰਸ਼ਨ ਵਿੱਚ ‘ਨਾਮ‘ਸ਼ਬਦ ਦੇ ਅਰਥਾਂ ਬਾਰੇ ਲੇਖਕ ਦਾ ਇੱਕ ਲੇਖ ‘ਨਾਮ ਕੀ ਹੈ? ‘ ਲੇਖਕ ਦੀ ਕਿਤਾਬ ‘ਸਿੱਖੀ ਦਾ ਦਰਸ਼ਨ‘ ਵਿੱਚ ਪੜਿਆ ਜਾ ਸਕਦਾ ਹੈ) ਇਸ ਨੁਕਤੇ ਅਨੁਸਾਰ ਮੂਲ ਮੰਤਰ ਦੇ ਇਸ ਹਿੱਸੇ ਦਾ ਅਰਥ ਇੰਝ ਬਣਦਾ ਹੈ:-
“ਅਕਾਲ ਪੁਰਖ ਇੱਕ ਹੈ, ਜੋ ਸਚੇ ਗੁਣਾਂ ਦੀ ਹੋਂਦ ਵਾਲਾ‘ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ (ਜਨਮ-ਮਰਣ) ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ” ( ‘ਹੋਇਆ ਹੈ‘ ਦੀ ਵਿਚਾਰ ਅਗੇ ਚਲ ਕੇ ਕਰਾਂ ਗੇ)
ਅੰਗ੍ਰੇਜ਼ੀ ਭਾਸ਼ਾ ਵਿੱਚ ਇਸ ਦਾ ਅਨੁਵਾਦ ਕੁੱਝ ਇੰਝ ਹੁੰਦਾ ਹੈ:-One Universal Creator God. He is true in His characteristics. Creative Being present in every form. No Fear. No Hatred. Image Of The Undying, Beyond Birth, Self-Existent.
ਇਹ ਸੀ ਗਲ ਮੂਲ ਮੰਤਰ ਦੇ ਅਰਥਾਂ ਦੀ। ਆਉ ਹੁਣ ਅਸੀਂ ਇਸ ਹਿੱਸੇ ਦੇਭਾਵ-ਅਰਥਾਂ ਦੀ ਵਿਚਾਰ ਕਰੀਏ। ਉੱਪਰੀ ਤੋਰ ਤੇ ਕਿਸੇ ਨੂੰ ਇਹ ਅਰਥ ਬੜੇ ਸਤਹੀ ਪੱਧਰ ਦੇ ਮਹਸੂਸ ਹੋ ਸਕਦੇ ਹਨ ਪਰ ਗੁਰੂ ਨਾਨਕ ਦੂਆਰਾ ਪ੍ਰਾਪਤ ਰੱਬੀ ਬਖ਼ਸ਼ ਦੇ ਇਜ਼ਹਾਰ ਨਾਲ ਭਰੇ ਇਨ੍ਹਾਂ ਚੰਦ ਸ਼ਬਦਾਂ ਦੇ ਅਰਥਾਂ ਦਾ ਭਾਵ ਬੜਾ ਗਹਿਰਾ ਹੈ।
ਨਾਸਤਕ ਦ੍ਰਿਸ਼ਟੀਕੋਣ ਰੱਖਣ ਵਾਲੇ ਤਰਕਸ਼ੀਲ ਲੋਗ ਅਕਸਰ ਪਰਮਾਤਮਾ ਦੀ ਹੋਂਦ ਦੇ ਸਬੂਤ ਦੀ ਮੰਗ ਕਰਦੇ ਹਨ। ਗੁਰੂ ਨਾਨਕ ਦੂਆਰਾ ਪ੍ਰਗਟਾਏ ਪਰਮਾਤਮਾ ਦੇ ਸਵਰੂਪ ਬਾਰੇ ਵਿਚਾਰ ਊਪਰੰਤ ਪਤਾ ਚਾਲਦਾ ਹੈ ਕਿ ਇਸ ਵਿਸ਼ੇ ਤੇ ਗੁਰੂ ਨਾਨਕ ਦਾ ਦ੍ਰਿਸ਼ਟੀਕੋਂਣ ਵਿਲਖਣ ਹੈ। ਨਾਸਤਕ ਪਰਮਾਤਮਾ ਦੀ ਹੋਂਦ ਦਿਆਂ ਅਤਰਕ ਪੁਰਨ ਮਾਨਤਾਵਾਂ ਨੂੰ ਤਰਕ ਨਾਲ ਨਖਿੱਦ ਕੇ ਹੱਸਦੇ ਹਨ ਪਰ ਇਸਦਾ ਅਰਥ ਇਹ ਨਹੀਂ ਨਿਕਲਦਾ ਕਿ ਪਰਮਾਤਮਾ ਦੀ ਹੋਂਦ ਪ੍ਰਤੀ ਉਹ ਗੁਰੂ ਨਾਨਕ ਦੇ ਦਰਸ਼ਨ ਨੂੰ ਨਖਿੱਦਣ ਵਿੱਚ ਸਮਰਥ ਹਨ। ਪਰਮਾਤਮਾ ਸਬੰਧੀ ਅਤਰਕ ਪੁਰਨ ਵਿਸ਼ਵਾਸਾਂ ਦਾ ਖੰਡਨ ਤਾਂ ਗੁਰੂ ਨਾਨਕ ਨੇ ਨਾਸਤਕਾਂ ਨਾਲੋਂ ਜ਼ਿਆਦਾ ਚੰਗੇ ਢੰਗ ਨਾਲ ਅਤੇ ਬਹੁਤ ਪਹਿਲੇ ਕੀਤਾ ਹੈ। ਪਰ ਗੁਰੂ ਨਾਨਕ ਜੀ ਦੇ ਬਿਆਨੇ ਪਰਮਾਤਮਾ ਦੇ ਸਵਰੂਪ ਦਾ ਖੰਡਨ ਨਾਮੁਮਕਿਨ ਹੈ। ਧਰਮ ਦੇ ਨਾਮ ਤੇ ਖੜੇ ਆਡੰਬਰਾਂ ਦਾ ਖੰਡਨ ਗੁਰੂ ਨਾਨਕ ਨੇ ਨਾਸਤਕਾਂ ਨਾਲੋਂ ਜ਼ਿਆਦਾ ਚੰਗੇ ਢੰਗ ਨਾਲ ਕੀਤਾ ਹੈ। ਗੁਰੂ ਨਾਨਕ ਦੇ ਧਰਮ ਪ੍ਰਤੀ ਦਰਸ਼ਨ ਦਾ ਖੰਡਨ ਮੁਮਕਿਨ ਗਲ ਨਹੀਂ।
ਸਿੱਖ ਧਰਮ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ। ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ।ਸਿੱਖ ਮਤ ਦੇ ਇਸ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਹਿੰਦੂ ਮਤ ਦੇ Monoism ਨਾਲੋਂ ਵੱਖ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ। ਪਰ ਮੂਲਮੰਤਰ ਵਿੱਚ ਪ੍ਰਗਟਾਇਆ ਪਰਮਾਤਮਾ ਦਾ ਸਵਰੂਪ Monothiesm ਦੇ ਭਾਵ ਨੁੰ ਕੁੱਝ ‘ਵੱਖਰੇ ਅੰਦਾਜ‘ ਨਾਲ ਸਮਝਾਉਣ ਵਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।(We Can Call It Nanakian Monothiesm)
ਇਸ ਵਿੱਚ ਕੋਈ ਸ਼ਕ ਨਹੀਂ ਕਿ ਮੂਲ ਮੰਤਰ ਦੇ ਸ਼ਬਦਾ ਦੀ ਚੋਂਣ ਬੇਹਦ ਸਾਵਧਾਨੀ ਨਾਲ ਕੀਤੀ ਗਈ ਹੋਵੇਗੀ ਕਿਉਂਕਿ ਇਹ ਸ਼ਬਦਨਾਨਕ ਲਈ ਹੋਈ ਰੱਬੀ ਬਖ਼ਸ਼ ਨੂੰ ਦਰਸਾਉਂਣ ਦਾ ਮਾਧਿਅਮ ਸਨ। ਇਸ ਲਈ ਆਉ ਜ਼ਰਾ ਮੂਲ ਮੰਤਰ ਵਿੱਚ ਵਰਤੇ ਕੁੱਝ ਸ਼ਬਦਾ ਦਾ ਸੰਖੇਪ ਜਿਹਾ ਵਿਸ਼ਲੇਸ਼ਣ ਕਰੀਏ।
ਪਹਿਲੀ ਗਲ:- ਮੂਲ ਮੰਤਰ ਵਿੱਚ ਪਰਮਾਤਮਾ ਨੂੰ ਕਰਤਾ ਪੁਰਖ‘ ਸ਼ਬਦ ਰਾਹੀਂ ਇੱਕ ਪੁਲਿੰਗ ਵਜੋਂ ਬਿਆਨ ਕੀਤਾ ਗਿਆ ਹੈ ਪਰ ਨਾਲ ਹੀ ਅਕਾਲ ਮੂਰਤਿ‘ ਕਹ ਕੇ ਇਸਤਰੀ ਲਿੰਗ ਤਰਜ਼ ਦਾ ਪ੍ਰਯੋਗ ਕੀਤਾ ਗਿਆ ਹੈ। ਧਿਆਨ ਰਹੇ ਕਿ ‘ਮੂਰਤਿ‘ ਸ਼ਬਦ ਇਸਤਰੀ ਲਿੰਗ ਨਾਲ ਜੁੜਿਆ ਹੋਇਆ ਸ਼ਬਦ ਹੈ। ਹਿੰਦੀ ਭਾਸ਼ਾ ਦਾ ਸ਼ਬਦ ਮੂਰਤੀ ਸ਼ਬਦ ਸਪਸ਼ਟ ਇਸਤਰੀ ਲਿੰਗ ਹੀ ਹੈ। ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੂਆਰਾ ਪ੍ਰਗਟਾਏ ਪਰਮਾਤਮਾ ਦੇ ਸਵਰੂਪ ਵਿੱਚ ਲਿੰਗ ਭੇਦਦੀ ਕੋਈ ਜਗਹ ਨਹੀ ਪਰਗਲ ਕੇਵਲ ਇੰਨੀ ਹੈ ਕਿ ਮਨੁੱਖੀ ਭਾਸ਼ਾ ਵਿੱਚ ਹਰ ਸ਼ੈਅ ਲਿੰਗ ਭੇਦ ਰਾਹੀਂ ਬੋਲੀ ਸਮਝੀ ਜਾਂਦੀ ਹੈ।
ਦੂਜੀ ਗਲ:- ਅਕਾਲ ਮੂਰਤਿ ਦਾ ਭਾਵ ਅਰਥ ਪਰਮਾਤਮਾ ਦੇ ਸਰੂਪ ਨਾਲ ਜੁੜਿਆ ਹੋਇਆ ਹੈ। ‘ਅਕਾਲ‘ ਦੇ ਨਾਲ ‘ਮੁਰਤਿ‘ ਸ਼ਬਦ ਦੀ ਵਰਤੋਂ ਇੱਕ ਡੂੰਗੀ ਗਲ ਵਲ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ। ਨਿਰਸੰਦੇਹ ‘ਮੂਰਤਿ‘ (Image) ਸ਼ਬਦ ਸਰੂਪ ਨਾਲ ਜੁੜਣ ਵਾਲਾ ਸ਼ਬਦ ਹੈ। ਪਰ ਪਰਮਾਤਮਾ ਤਾਂ ਸਰੂਪ ਹੀਣ ਹੈ! ਫਿਰ ਕੀ ਸੋਚ ਕੇ ਗੁਰੂ ਨਾਨਕ ਨੇ ਇੱਕ ਸਰੂਪ ਨਾਲ ਜੁੜਦੇ ਸ਼ਬਦ ‘ਮੂਰਤਿ‘ ਦੀ ਵਰਤੋਂ ਕੀਤੀ? ਇਹ ਸਵਾਲ ਬੜੇ ਗਜ਼ਬ ਦਾ ਹੈ। ਇਸ ਦਾ ਸਿੱਦਾ ਸਬੰਧ ਸਿੱਖੀ ਦੇ ਦਰਸ਼ਨ ਵਿੱਚ ਪਰਮਾਤਮਾ ਦੀ ਹੋਂਦ ਦੇ ਸਬੂਤ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਨੇ ਨਿਰਾਕਾਰ ਪਰਮਾਤਮਾ ਦੀ ਹੋਂਦ ਲਈ ਮੁਰਤਿ ਵਰਗੇ ਸ਼ਬਦ ਦੀ ਚੋਂਣ ਕੀਤੀ ਜਿਸ ਰਾਹੀਂ ਨਿਰਾਕਾਰ ਦਾ ਰੂਪ ਬਿਆਨ ਕੀਤਾ ਜਾ ਸਕੇ। ਇਥੇ ਸਾਨੂੰ ‘ਮੂਲ਼‘ ਅਤੇ ‘ਰੂਪ‘ਵਿਚਲਾ ਸਬੰਧ ਅਤੇ ਅੰਤਰ ਸਮਝਣਾ ਪਵੇਗਾ। ਪਰਮਾਤਮਾ ਦੀ ਨਿਰਾਕਾਰ ਹੋਂਦ ਸਵਰੂਪ ਹੀਣ ਨਹੀਂ ਹੈ। ਉਹ ਸਵਰੂਪ ਵਾਲਾ ਹੈ ਕਿਉਂਕਿ ਉਹ ਸਰੂਪ ਵਿੱਚ ਹੈ! ਨਾਲ ਹੀ ਉਹ ਨਿਰਾਕਾਰ ਹੈ ਕਿਉਂਕਿ ਉਹ ‘ਕਾਲਮਈ‘ ਸਰੂਪ ਤੋਂ ਬਾਹਿਰ ਅਕਾਲ ਹੈ। ਇਹ ਵਿਚਾਰਣ ਦੀ ਗਲ ਹੈ।
ਪਰਮਾਤਮਾ ਅਤੇ ਉਸਦੇ ਰੂਪਾਂ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ। ਗੁਰੂ ਨਾਨਕ ਜੀ ਲਿਖਦੇ ਹਨ:-
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ {ਪੰਨਾ 12}
ਅਰਥ:- ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ। ੨। ੨।
Meaning :-As the various seasons originate from the one sun; O Nanak, in just the same way, the many forms originate from the Creator.
ਸੂਰਜ ਅਤੇ ਮੌਸਮ ਦੇ ਪ੍ਰਤੀਕ ਦੀ ਵਰਤੋਂ ਨਾਲ ਗੁਰੂ ਨਾਨਕ ਜੀ ਨੇ ਪਰਮਾਤਮਾ ਅਤੇ ਉਸਦੇ ਰੂਪਾਂ ਦੇ ਸਬੰਦ ਅਤੇ ਅੰਤਰ ਨੂੰ ਬੜੇ ਡੂੰਘੇ ਸੰਧਰਭ ਵਿੱਚ ਸਮਝਾਉਂਣ ਦਾ ਜਤਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸੂਰਜ ਅਤੇ ਧਰਤੀ ਵਿੱਚ ਵੱਡੇ ਫਾਸਲੇ (ਅੰਤਰ) ਹਨ ਪਰ ਫਿਰ ਵੀ ਸੂਰਜ ਧਰਤੀ ਤੇ ਵਾਪਰਣ ਵਾਲੀਆਂ ਰੂਤਾਂ ਦਾ ਕਾਰਣ ਹੈ। ਇਥੇ ਸੂਰਜ ਅਤੇ ਧਰਤੀ ਵਿਚਲੇ ਵੱਡੇ ਫਾਸਲੇ ਸਿਮਟਦੇ ਹੋਏ ਇੱਕ ਡੂੰਗੇ ਸਬੰਧ ਵਿੱਚ ਬਦਲਦੇ ਪ੍ਰਤੀਤ ਹੁੰਦੇ ਹਨ। ਇੱਕ ਅੱਗ ਦਾ ਦਹਕਦਾ ਗੌਲਾ ਹੈ ਆਪ ਜਿਸ ਦੇ ਅੰਦਰ ਕੋਈ ਜੀਵਨ ਨਹੀਂ। ਪਰ ਧਰਤੀ ਦੇ ਸੰਧਰਭ ਵਿੱਚ ਉਹ ‘ਜੀਵਨ ਵਹੀਨ ਸੂਰਜ‘ ਜੀਵਨ ਦੀ ਉੱਤਪਤਿ ਦਾ ਇੱਕ ਵੱਡਾ ਕਰਣ ਹੈ। ਇਹ ਸਬੰਧ ਅਤੇ ਅੰਤਰ ਬੋਧ ਦਿਆਂ ਸੱਚਾਇਆ ਹਨ।
ਗੁਰੂ ਨਾਨਕ ਜੀ ਨੇ ਪਰਮਾਤਮਾ ਦਾ ਸਰੂਪ ਬਿਆਨ ਕਰਦੇ ਨਿਕਾਕਾਰ ਨੂੰ ਅਕਾਰਾਂ ਨਾਲ ਜੋੜਿਆ ਹੈ। ਸੁਣਨ ਨੂੰ ਇਹ ਗਲ ਸ਼ਯਾਦ ਕਿਸੇ ਨੂੰ ਅਟਪਟੀ ਲਗੇ ਪਰ ਇਹ ਉਂਝ ਹੈ ਨਹੀ। ਸਵਰੂਪ ਪਰਮਾਤਮਾ ਦੀ ਉਸ ਹੋਂਦ ਦਾ ਸਬੂਤ ਹੈ ਜੋ ਕਿ ਨਿਰਾਕਾਰ ਹੈ। ਰੂਪ ਹਮੇਸ਼ਾ ਮੂਲ ਤੋਂ ਨੀਵੀਂ ਅਵਸਥਾ ਦੀ ਗਲ ਹੁੰਦੀ ਹੈ। ਪਰਮਾਤਮਾ ਮੂਲ ਹੋਂਣ ਕਰਕੇ ਅਪਣੇ ਸਰੂਪ ਨਾਲੋਂ ਬਾਹਰ ਦੀ ਗਲ ਹੋ ਅਕਾਲ ਹੋ ਜਾਂਦਾ ਹੈ। ਉਹ ਅਕਾਰ (ਰੂਪ) ਵਿੱਚ ਪ੍ਰਗਟ ਰਹਿੰਦਾ ਹੈ ਪਰ ਚੁੰਕਿ ਰੂਪ ਸਾਮਇਕ ਅਵਸਥਾ ਹੈ ਇਸ ਲਈ ਅਕਾਲ ਨਹੀਂ। ਪਰੰਤੁ ਪਰਮਾਤਮਾ ਅਕਾਲ ਹੋਂਣ ਕਰਕੇ ਅਪਣੇ ਸਮਸਤ ਰੂਪਾਂ ਤੋਂ ਉੱਪਰ ‘ਅਕਾਲ‘ ਰਹਿੰਦਾ ਹੈ। ਮੂਰਤਿ ਸ਼ਬਦ ਪਰਮਾਤਮਾ ਦੇ ਸਰੂਪ (Image) ਦਾ ਪ੍ਰਗਟਾਵਾ ਹੈ ਅਤੇ ‘ਅਕਾਲ‘ਸਰੂਪ (ਮੁਰਤਿ) ਦੇ ਪਿਛੇ ਦੀ ਸੱਚਾਈ ਹੈ। ਯਾਨੀ ਕਿ ਸਰੂਪ ਦਾ ਪਿਛੋਕੜ। ਆਪ ਪੁੱਛ ਸਕਦੇ ਹੋ ਕਿ ਪਰਮਾਤਮਾ ਦੇ ਸਰੂਪ ਹੋਂਣ ਦਾ ਕੀ ਸਬੂਤ ਹੈ? ਬਾਣੀ ਵਿੱਚ ਅਗੇ ਚਲਕੇ ਗੁਰੂ ਨਾਨਕ ਨੇ ਮੂਲ ਮੰਤਰ ਵਿੱਚ ਦਸੇ ਹੋਏ ਪਰਮਾਤਮਾ ਦੀ ਇੱਕ ਨਿਸਚਤ ਸ਼ਨਾਖਤ ਦੱਸੀ ਹੈ ਜੋਕਿ ਇਸ ਪ੍ਰਕਾਰ ਹੈ:-
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥ ਗੁਰੂ ਨਾਨਕ ਜੀ (ਪੰਨਾ 141)
ਅਰਥ:-ਹੇ ਨਾਨਕ! ਸਦਾ ਰਹਿਣਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ। ੮।
Meaning:- O Nanak, the True One is the Giver of all; He is identified through His All-powerful Creative Nature. ||8||
ਤੀਜੀ ਗਲ:- ‘ਅਜੂਨੀ‘ ਸ਼ਬਦ ਧਿਆਨ ਮੰਗਦਾ ਹੈ। ਅਜੁਨੀ ਦਾ ਅਰਥ ਹੁੰਦਾ ਹੈ ਜਨਮ-ਮਰਨ ਦੇ ਤੋਂ ਬਾਹਿਰ। ਪਰਇਸ ਦਾ ਮਤਲਬ ਕਦਾਚਿਤ ਇਹ ਨਹੀਂ ਬਣਦਾ ਕਿ ਜਨਮ-ਮਰਣ ਤੋਂ ਬਾਹਰ ਹੋਂਣ ਕਰਕੇ ਪਰਮਾਤਮਾ ਦਾ ਕੋਈ ਰੂਪ ਨਹੀਂ। ਗਲ ਕੇਵਲ ਇੰਨੀ ਹੈ ਕਿ ਪਰਮਾਤਮਾ ਅਪਣੇ ਰੂਪ ਵਿੱਚ ਪ੍ਰਗਟ ਹੁੰਦੇ ਹੋਏ ਵੀ ਉਸ ਤੋਂ ਬਾਹਿਰ ਹੋਣ ਕਰਕੇ ਨਿਰਾਕਾਰ ਹਹਿੰਦਾ ਹੈ। ਉਹ ਸਰੂਪਾਂ ਦੇ ਵਿਚੋਂ ਦੀ ਨਿਕਲਦਾ ਸਰਬ ਵਿਆਪਕ ਹੈ। ਪਰਮਾਤਮਾ ਦੀ ਸੱਚਾਈ ਰੂਪ ਤੋਂ ਨਿਕਲਦੀ ਹੋਈ ਪਰੇ ਦੀ ਸੱਚਾਈ ਹੈ ਪਰਮਾਤਮਾ ਅਪਣੇ ਰੂਪ ਵਿੱਚ ਦਿੱਸਦਾ ਹੈ ਸਮਝ, ਆਉਂਦਾ ਹੈ ਪਰ ਨਾਲ ਹੀ ਅਪਣੇ ਰੂਪ ਤੋਂ ਬਾਹਿਰ ਉਹ ਨਾ ਦਿੱਸਦਾ ਹੈ ਤੇ ਨਾ ਹੀ ਸਮਝ ਆਉਂਦਾ ਹੈ। ਰੂਪ ਤੋਂ ਬਾਹਿਰ ਪਰਮਾਤਮਾ ਨਿਰਾਕਾਰ ਹੈ, ਵਿਦਮਾਦ ਹੈ। ਉਹ ਹੋਈਆ ਨਹੀਂ ਉਹ ਕੇਵਲ ਸਦਾ ਤੋਂ ਰਹਿ ਰਿਹਾ ਹੈ।
ਚੋਥੀ ਗਲ:- ਜੇਕਰ ਵਿਗਿਆਨ ਦੇ ਤਰਕ ਤੇ ਹੀ ਸ੍ਰਿਸ਼ਟੀ ਦੀ ਹੋਦ ਦੇ ਆਰੰਭ ਤੋਂ ਹੁਣ ਤਕ Cause ਅਤੇ Effect ਦੀ ਇੱਕ ਜ਼ਜੀਰ ਬਣਾਈ ਜਾਵੇਤਾਂ ਸ੍ਰਿਸ਼ਟੀ ਦੇ ਆਰੰਭ ਦੀ ਜੋ ਪਹਿਲੀ ਕੜੀ (First link of chain of Cause and Effect) ਵਿੱਚ ਜੋ ਹੋਵੇਗਾ ਉਹ Cause ਹੋਵੇਗਾ ਨਾ ਕਿ Effect. ਇਹਕਾਰਣ‘ ਮੂਲ ਹੈ ਅਤੇ ਇਸਦਾ Effect ਰੂਪ ਦੀ ਗਲ ਹੈ। ਗੁਰੂ ਨਾਨਕ ਜੀ ਨੇ ਸ਼ਬਦ ਵਰਤਿਆ ਹੈ: ਸੈਭੰ ! ਯਾਨਿ ਕੇ ‘ਜਿਸ ਦਾ ਪ੍ਰਕਾਸ਼ ਆਪਣੇ ਆਪਤੋਂ ਹੋਇਆ ਹੈ‘ (ਪ੍ਰੋ. ਸ਼ਾਹਿਬ ਸਿੰਘ ਜੀ) ਇਥੇ ‘ਹੋਇਆ‘ ਸ਼ਬਦ ਨੂੰ ਜ਼ਰਾ ਵਿਚਾਰ ਲਈਏ।
‘ਹੋਇਆ‘ ਸ਼ਬਦ ‘ਹੋਣ ਦੇ ਸਮੇਂ‘ ਵਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ। ਯਾਨੀ ਕੇ ‘ਹੋਇਆ‘ ਦਾ ਅਰਥ ਭਾਵ ਕਿਸੀ ਗਲ ਜਾਂ ਅਵਸਥਾ ਦੇ ਵਾਪਰਣ ਦੇ ਸਮੇਂ ਨਾਲ ਜੁੜਦਾ ਹੈ ਜਦ ਕਿ ਪਰਮਾਤਮਾ ਦੀ ਸਦੀਵੀਂ ਹੋਂਦ ਲਈ ‘ਹੋਇਆ‘ ਸ਼ਬਦ ਢੁੱਕਦਾ ਪ੍ਰਤੀਤ ਨਹੀਂ ਹੁੰਦਾ। ‘ਹੋਇਆ‘ ਸ਼ਬਦ Created ਦਾ ਭਾਵ ਪ੍ਰਗਟ ਕਰਦਾ ਹੈ ਜਦ ਕਿ ਪਰਮਾਤਮਾ ਦੀ ਹੋਂਦ ਦਾ ਭਾਵ Existence ਦਾ ਭਾਵ ਹੈ। ਇਸ ਲਈ ਮੂਲ ਮੰਤਰ ਦੇ ਹੀ ਇੱਕ ਸ਼ਬਦ ‘ਅਕਾਲ‘ਦੇ ਭਾਵ ਨੂੰ ਮੁਖ ਰੱਖਦੇ ਸੈਭੰ‘ ਦਾ ਭਾਵਅਰਥ ਸਮੇਂ ਵਿੱਚ ਵਾਪਰਣ ਵਾਲੀ ਕਿਸੇ ਘਟਨਾ ਦੇ ਤੌਰ ਤੇ ਨਹੀਂ ਨਿਕਲਦਾ। ਇਸ ਲਈ ਇਥੇ ਸੈਭੰ‘ ਦਾ ਵਾਸਤਵਿਕ ਭਾਵਅਰਥ ਬਣਦਾ ਹੈ: ਜਿਸ ਦਾ ਪ੍ਰਕਾਸ ਅਪਣੇ ਆਪ ਤੋਂ ਹੈ‘ ਜਾਂ ਫਿਰ ‘ਜਿਸਦਾ ਪ੍ਰਕਾਸ਼ ਅਪਣੇ ਆਪ ਤੋਂ ਰਹਿੰਦਾ ਹੈ‘! ਉਹ ‘ਹੋਈਆ‘ ਨਹੀਂ ਉਹ ਕੇਵਲ ਸਦਾ ਤੋਂ ‘ਰਹ ਰਿਹਾ‘ ਹੈ। ਉਹ ਨਿਰੰਤਰ ਹੈ। ਉਹ ਸਮੇਂ ਦੇ ਅੰਦਰ ਹੋਣ ਵਾਲੀ ਗਲ ਨਹੀਂ ਉਹ ਅਕਾਲ ਹੈ। ਇਸ ਨਿਰਗੁਣ (ਗੁਣ ਲੱਛਣਾਂ ਤੋਂ ਰਹਿਤ) ਤੋਂ ਉਸ ਦੇ ਸਰਗੁਣ (ਗੁਣ ਲੱਛਣਾ ਸਹਿਤ) ਰੂਪ ਉਪਜੇ ਹਨ। ਗੁਰੂ ਨਾਨਕ ਇਸ ਦਰਸ਼ਨ ਨੂੰ ਇੰਝ ਸਪਸ਼ਟ ਕਰਦੇ ਹਨ:-
ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ (940)
Meaning:- From His state of absolute existence, He assumed the immaculate form; from formless, He assumed the supreme form.
ਇਸ ਲਈ ਪਰਮਾਤਮਾ ਨੂੰ ਉਸਦੇ ਗੁਣਾਂ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਸ ਨੁਕਤੇ ਰਾਹੀਂ ਗੁਰੂ ਨਾਨਕ ਜੀ ਨੇ ਪਰਮਾਤਮਾ ਦੇ ਸਵਰੂਪ ਨੂੰ ਬਿਆਨ ਕਰਦੇ ਪਰਮਾਤਮਾ ਦੀ ਨਿਰਾਕਾਰ ਹੋਂਦ ਨੂੰ ਪਰਮਾਤਮਾ ਦੇ ਹੁਕਮ ਵਿੱਚ ਪ੍ਰਗਟ ਹੋਏ ਅਕਾਰਾਂ ਰਾਹੀਂ ਬਿਆਨ ਕੀਤਾ ਹੈ। ਉਹ ਅਕਾਰ ਜਿਸ ਵਿੱਚ ਪਰਮਾਤਮਾ ਨੇ ਪੈਦਾਕਰਣ, ਪਾਲਣ ਕਰਣ ਅਤੇ ਵਿਨਾਸ ਕਰਣ ਦੇਗੁਣ ਪਾਏ ਹਨ। ਪਰਮਾਤਮਾ ਦੇ ਇਹ ਰੂਪ ਪਰਮਾਤਮਾ ਦੀ ਸਪਸ਼ਟ ਸ਼ਿਨਾਖਤ ਹਨ ਜਿਨਾਂ ਰਾਹੀਂ ਪਰਮਾਤਮਾ ਪੈਦਾ ਕਰਣ ਵਾਲਾ, ਪਾਲਣ ਵਾਲਾ ਅਤੇ ਵਿਨਾਸ ਕਰਣ ਵਾਲਾ ਹੋ ਵਾਪਰਦਾ ਹੈ। ਬਾ-ਕੋਲ ਗੁਰੂ ਨਾਨਕ, ਇਨ੍ਹਾਂ ਰੁਪਾਂ ਪ੍ਰਤੀ ਸਮਝ ਪਰਮਾਤਮਾ ਪ੍ਰਤੀ ਮਨੁੱਖਾ ਦੀ ਸਮਝ ਹੈ। ਇਹ ਗਲ ਵੱਖਰੀ ਹੈ ਕਿ ਕੋਈ ਮਨੱਖ ਇਸ ਨੂੰ ਕਿਨਾਂ ਸਮਝ ਪਾਉਂਦਾ ਹੈ। ਇਹ ਰੂਪ ਵੀ ਕਈ ਪੱਖੋਂ ਵਿਸਮਾਦਮਈ ਹਨ। ਗੁਰੂ ਨਾਨਕ ਨੇ ਕੁਦਰਤ ਦੇ ਵਿਸਮਾਦਮਈ ਪੱਖਾਂ ਬਾਰੇ ‘ਆਸਾ ਕੀ ਵਾਰ‘ ਬਾਣੀ ਵਿੱਚ ਵਿਚਾਰ ਦਿੱਤੀ ਹੈ। ਮੂਲ ਮੰਤਰ ਗੁਰੂ ਨਾਨਕ ਦੂਆਰਾ ਦਰਸਾਇਆ ‘ਮੂਲ‘ (ਪਰਮਾਤਮਾ) ਦਾ ਪਰਿਚੈ ਜਾਂ Basic Understanding ਹੈ ਪਰ ਇਸਦਾ ਅਰਥ ਪਰਮਾਤਮਾ ਦੀ ਨਿਰਾਕਾਰ ਹੋਂਦ ਤੋਂ ਲੇ ਕੇ‘ਉਸਦੇ‘ ਰੂਪਾਂ ਨਾਲ ਉਸਦੇ ਸਬੰਧ ਅਤੇ ਅੰਤਰ ਨੂੰ ਸਮਝਣਾ ਹੈ। ਮਨੁੱਖਾ ਜੀਵਨ ਵੀ ਇਸ ਸਬੰਧ ਅਤੇ ਅੰਤਰ ਦੀ ਰੱਬੀ ਹੁਕਮ ਵਿੱਚ ਵਾਪਰਣ ਵਾਲਾ ਇੱਕ Effect ਹੈ ਜਿਸ ਨੂੰ ਜੀਣ ਦਾ ਢੰਗ ਸਿਖਾਉਂਣਾ ਸਿੱਖੀ ਦੇ ਦਰਸ਼ਨ ਦਾ ਮਨੋਰਥ ਹੈ।
(2) ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ
ਮੂਲਮੰਤਰ ਦਾ ਦੂਜਾ ਹਿੱਸਾ ‘ਗੁਰ ਪ੍ਰਸਾਦਿਹੈ। ਇਹ ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤਹੈ। ਇਹ ‘ਗੁਰ ਪ੍ਰਸਾਦਿ‘ ਤੋ ਆਰੰਭ ਹੁੰਦਾ ਹੈ ਅਤੇ ਇਸ ਸਿਧਾਂਤ ਦੇ ਮੁਤਾਬਿਕ ਸਾਨੂੰ ਪਰਮਾਤਮਾ ਦੀ ਸਮਝ ਕੇਵਲ ਗੁਰੂ ਦੀ ਕਿਰਪਾ ਭਾਵ ਗੁਰੂ ਦੀ ਸਿੱਖਿਆ ਰਾਹੀਂ ਹੀ ਹਾਸਿਲ ਹੋ ਸਕਦੀ ਹੈ। ਬੇਸ਼ਕ ਗੁਰੂ ਨਾਨਕ ਨੂੰ ਇਹ ਸਮਝ ਪਰਮਾਤਮਾ ਦੀ ਬਖਸ਼ ਸੀ ਪਰ ਮੱਨੁਖਾ ਮਾਨਸਿਕ ਪੱਧਰਾਂ ਦਿਆਂ ਸੱਚਾਇਆਂ ਨੂੰ ਸਮਝਦੇ ਗੁਰੂ ਨਾਨਕ ਨੇ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਜਿਸ ਵਿੱਚ ਸ਼ਬਦ ਰਾਹੀਂ ਸੱਚੇ ਜੀਵਨ ਗਿਆਨ ਨੂੰ ਸਮਝਿਆ ਦਾ ਸਕਦਾ ਸੀ ਅਤੇ ਜਿਸ ਵਿੱਚ ਅਚਾਰ ਜੋੜ ਕੇ ਉਸ ਗਿਆਨ ਨੂੰ ਸਾਰਥਕਤਾ ਦਿੱਤੀ ਜਾ ਸਕਦੀ ਸੀ। ਗੁਰੂ ਨਾਨਕ ਸਿੱਖਾਂ ਲਈ ਇਸ ਦੀ ਪਹਿਲੀ ਮਿਸਾਲ ਸਨ।
ਪ੍ਰਸਾਦਿ ਦਾ ਭਾਵਅਰਥ ਹੈ ਪਰਮਾਤਮਾ ਪ੍ਰਤੀ ਸਮਝ। ਗੁਰ ਪ੍ਰਸਾਦਿ ਮਤਲਬ ਗੁਰੂ ਦੂਆਰਾ ਦੱਸੀ ਹੋਈ ਪਰਮਾਤਮਾ ਦੀ ਸਮਝ। ਪਰਮਾਤਮਾ ਦੀ ਸਮਝ ਪਰਮਾਤਮਾ ਦੇ ਸਮਝ ਆ ਸਕਣ ਵਾਲੇ ਸਵਰੂਪ ਨਾਲ ਜੁੜੀ ਹੈ। ਉਹ ਸਵਰੂਪ ਜਿਸ ਨਾਲ ਮਨੁੱਖਾ ਜੀਵਨ ਤੇ ਉਸਦਾ ਸਮਸਤ ਵਾਤਾਵਰਣ ਜੁੜਿਆ ਹੈ। ਇਸ ਦੀ ਸਮਝ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਇਹ ਸਮਝ ਗੁਰੂ ਦਾ ਪ੍ਰਸਾਦਿ ਹੈ।
ਪਰਮਾਤਮਾ ਦਾ ਨਾਮ ਮਨੁੱਖੀ ਘੜਤ ਹੈ ਪਰ ਪਰਮਾਤਮਾ ਬਾਰੇ ਸਮਝ ਸਾਡੇ ਲਈ ਪਰਮਾਤਮਾ ਹੈ। ਯਾਨੀ ਗੁਰੂ ਦਾ ਪ੍ਰਸਾਦਿ! ਗੁਰੂ ਦੀ ਸਿੱਖਿਆ! ਪਰਮਾਤਮਾ ਪ੍ਰਤੀ ਇਸ ਨਿਰੋਲ ਪਰਿਭਾਸ਼ਾ ਦੀ ਸਮਝ ਨਾਨਕ ਨੂੰ ਪਰਮਾਤਮਾ ਦੀ ਬਖ਼ਸ਼ ਸੀ।ਇਸ ਲਈ ਗੁਰੂ ਨਾਨਕ ਨੇ ਉਸ ੧ ਦੀ ਹੋਂਦ ਅਤੇ ਉਸ ਦੇ ਸਵਰੂਪ ਨੂੰ ਹੀ ਅਪਣਾ ਗੁਰੂ ਸਵਿਕਾਰਿਆ। ਇਹ ਨਾਨਕ ਦੀ ਪ੍ਰਾਪਤੀ ਸੀ। ਨਾਨਕ ਰਾਹੀਂ ਪ੍ਰਾਪਤ ਇਸ ਪ੍ਰਾਪਤੀ ਤੋਂ ਅਸੀਂ ਜੋ ਕੁੱਝ ਸਿੱਖਿਆ ਜਾਂ ਸਿੱਖਦੇ ਹਾਂ ਉਹ ਵਾਜਬ ਤੋਰ ਤੇ, ਅਪਣੇ ਸੰਧਰਭ ਵਿਚ, ਨਾਨਕ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਸਥਾਪਤ ਕਰ ਦੇਂਦਾ ਹੈ।
ਮੂਲ ਮੰਤਰ ਰੱਬੀ ਬਖ਼ਸ਼ ਦੇ ਸਦਕੇ ਗੁਰੂ ਨਾਨਕ ਦੀ ਉਹ ਬਾ-ਕਸ਼ਿਸ਼ ਵਿਲੱਖਣ ਪ੍ਰਾਪਤੀ ਹੈ ਜਿਸ ਤੇ ਆਖਿਰਕਾਰ ਅਧਿਆਤਮ ਨਾਲ ਜੁੜੇ ਜਿਗਿਆਸੂਆਂ ਨੂੰ ਮੁੜਨਾ ਪਵੇਗਾ।
ਹਰਦੇਵ ਸਿੰਘ,
ਜੰਮੂ-94191-84990