Saturday, 29 October 2011


ਹਰਦੇਵ ਸਿੰਘ, ਜੰਮੂ

ਰਾਗਮਾਲਾ ਗੁਰਬਾਣੀ ਨਹੀਂ ਹੈ! ਇਸ ਗਲ ਦੇ ਪੁਖ਼ਤਾ ਸਬੂਤ ਗੁਰਬਾਣੀ ਲੇਖਨ ਸ਼ੈਲੀ ਵਿੱਚ ਹੀ ਮੌਜੂਦ ਹਨ। ਗੁਰੁਬਾਣੀ ਆਪ ਇਸਦਾ ਨਿਰਨਾ ਕਰਦੀ ਹੈ। ਪਰ ਨਾਲ ਹੀ ਇਹ ਤੱਥ ਵੀ ਸ੍ਹਾਮਣੇ ਹੈ ਕਿ ਰਾਗਮਾਲਾ ਪੁਰਾਤਨ ਪ੍ਰਮਾਣਿਕ ਬੀੜਾਂ ਵਿੱਚ ਮੁੰਦਾਵਣੀ ਤੋਂ ਬਾਦ ਦਰਜ ਹੈ ਅਤੇ ਕਈ ਹੋਰ ਬੀੜਾਂ ਵਿੱਚ ਨਹੀਂ ਵੀ। ਇਸ ਤੋਂ ਪਹਿਲਾਂ ਕਿ ਅਸੀਂ ਰਾਗਮਾਲਾ ਸਬੰਧੀ ਵਿਚਾਰ ਚਰਚਾ ਕਰੀਏ ਆਉ ਜ਼ਰਾ ਇਸ ਸੰਧਰਭ ਵਿੱਚ ਮੂਲ ਮੰਤਰ ਤੋਂ ਲੇ ਕੇ ਮੁੰਦਾਵਣੀ ਤਕ ਦੇ ਬਾਣੀ ਲੇਖਨ ਦੇ ਕੁੱਝ ਐਸੇ ਨੁਕਤਿਆਂ ਵੱਲ ਗ਼ੌਰ ਕਰੀਏ ਜਿਨਾਂ ਦੀ ਵਿਚਾਰ ਸ਼ਾਇਦ ਪਹਿਲੇ ਕੀਤੀ ਗਈ ਨਾ ਮਿਲਦੀ ਹੋਵੇ।
ਗੁਰਬਾਣੀ ਲੇਖਣ ਵਿੱਚ ਕਾਗਜ਼ ਅਤੇ ਸਿਆਹੀ ਦੀ ਵਰਤੋਂ ਕੀਤੀ ਗਈ ਸੀ। ਬਾਣੀ ਦੇ ਲੇਖਨ ਵਿੱਚ ਪਤਰਿਆਂ ਉਤੇ ਅੰਕ ਲਗਾਏ ਗਏ ਸੀ ਜਿਵੇਂ ਕਿ ੩, ੪, ੫ …ਆਦਿ। ਇਸੇ ਤਰ੍ਹਾਂ ਹੋਰ ਜਗ੍ਹਾਂ ਸ਼ਬਦਾ ਜਾਂ ਸਲੋਕਾਂ ਆਦਿ ਦੀ ਗਿਣਤੀ ਲਈ ਗਣਿਤ ਦੀ ਸੰਖਿਆਵਾਂ ਦਾ ਇਸਤੇਮਾਲ ਕੀਤਾ ਗਿਆ ਸੀ। ਗਿਣਤੀ ਦੇ ਇਹ ਸੰਕੇਤ ਆਦਿ ਬੀੜ ਦੇ ਸੰਕਲਨ ਅਤੇ ਸੰਪਾਦਨ ਦੀ ਲੋੜ ਸਨ ਅਤੇ ਸ਼ਬਦਾਂ ਆਦਿ ਵਿੱਚ ਇਨ੍ਹਾਂ ਗਿਣਤੀ ਸੰਕੇਤਾਂ ਦਾ ਇਸਤੇਮਾਲ ਕਿਸੇ ਵੀ ਸੰਭਾਵਿਤ ਮਿਲਗੋਭੇ ਨੂੰ ਠੱਲ ਪਾੳਂਣ ਲਈ ਵੀ ਸੀ।
ਜ਼ਰਾ ਗ਼ੋਰ ਕਰਣ ਤੇ ਪਤਾ ਚਲਦਾ ਹੈ ਕਿ ਗੁਰਬਾਣੀ ਲੇਖਨ ਦੀ ਬਣਤਰ ਵਿੱਚ ਵਰਤੀਆਂ ਇਹ ਗਣਿਤ ਸੰਖਿਆਵਾਂ ਗੁਰਬਾਣੀ ਨਹੀਂ ਬਲਕਿ ਇਹ ਲੇਖਣ ਸ਼ੈਲੀ ਦੀਆਂ ਉਹ ਜ਼ਰੂਰਤਾਂ ਹਨ ਜਿਨਾਂ ਰਾਹੀਂ ਗੁਰਬਾਣੀ ਲੇਖਨ ਨੂੰ ਪ੍ਰਮਾਣਿਕਤਾ ਅਤੇ ਸਪਸ਼ਟਤਾ ਪਰਧਾਨ ਕੀਤੀ ਗਈ ਸੀ। ਇਸੇ ਤਰ੍ਹਾਂ ਸ਼ਬਦਾਂ ਆਦਿ ਦੇ ਲੇਖਨ ਨਾਲ ਜੁੜੀ ਜਾਨਕਾਰੀ ਦਿੰਦੇ ਰਾਗਾਂ ਦੇ ਨਾਮ ਅਤੇ ਗੁਰੂਆਂ ਪ੍ਰਤੀ ਵਰਤੇ ਸ਼ਬਦ ‘ਮਹਲਾ ੧`, ‘ਮਹਲਾ ਪ` ਆਦਿ ਸੰਕੇਤ ਉਪਦੇਸ਼ਾਤਮਕ ਨਾ ਹੁੰਦੇ ਹੋਏ ਸੁਚਨਾਤਮਕ ਹਨ ਜਿਨ੍ਹਾਂ ਉਪਰੰਤ ਵਾਸਤਵਕ ਬਾਣੀ ਉਪਦੇਸ਼ ਆਰੰਭ ਹੁੰਦਾ ਹੈ।
ਬੇਸ਼ਕ ਗੁਰੂ ਅਰਜਨ ਪਾਤਿਸ਼ਾਹ ਇਸ ਤੋਂ ਜਾਂਣੁ ਹੀ ਸਨ ਕਿ ਬਾਣੀ ਲੇਖਨ ਵਿੱਚ ਗਣਿਤ ਦੀ ਉਹ ਸੰਖਿਆ ਇਸਤੇਮਾਲ ਕੀਤੀ ਜਾ ਰਹੀ ਹੈ ਜੋ ਗੁਰਬਾਣੀ ਤਾਂ ਨਹੀਂ ਪਰ ਬਾਣੀ ਲੇਖਨ ਦੀ ਨਿਹਾਇਤ ਜ਼ਰੂਰੀ ਸ਼ਰਤ ਹੈ। ਸਾਨੂੰ ਇਸ ਦੀ ਸਮਝ ਹੈ ਅਤੇ ਇਸੇ ਲਈ ਗੁਰਬਾਣੀ ਅੰਦਰ ਇਸ ਗਣਿਤ ਦੀ ਵਰਤੋਂ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ। ਬਾਣੀ ਪਾਠ ਕਰਦੇ ਅਨੇਕਾਂ ਸ਼ਬਦਾਂ ਦੀ ਅਤੇ ਪਤਰਿਆਂ ਦੀ ਗਿਣਤੀ ਨੂੰ ਉਚਾਰਿਆ ਨਹੀਂ ਜਾਂਦਾ ਕਿਉਂਕਿ ਉਹ ਬਾਣੀ ਨਹੀ ਬਲਕਿ ਬਾਣੀ ਲੇਖਨ ਸ਼ੈਲੀ ਦਾ ਜਰੂਰੀ ਅੰਗ ਹਨ ਅਤੇ ੳਨ੍ਹਾਂ ਦੀ ਵਰਤੋਂ ਦਾ ਪ੍ਰਸੰਗ ਕੁੱਝ ਹੋਰ ਹੈ।
ਇਸੇ ਤਰ੍ਹਾਂ ਆਦਿ ਬੀੜ ਵਿੱਚ ਲਿਖਿਆ ਗਿਆ ਤਤਕਰਾ ਗੁਰਬਾਣੀ ਪਾਠ ਨਹੀਂ ਬਲਕਿ ਉਹ ਆਦਿ ਬੀੜ ਵਿੱਚ ਦਰਜ ਬਾਣੀ ਦਾ ਸੂਚੀ ਪੱਤਰ ਹੈ ਅਤੇ ਇਸ ਨਿਗਾਹ ਨਾਲ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਜ਼ਾਹਿਰ ਹੈ ਕਿ ਇਹ ਲੇਖਨ ਦੀ ਇੱਕ ਵੱਡੀ ਅਹਿਮ ਸ਼ਰਤ ਹੁੰਦੀ ਹੈ ਕਿ ਲਿਖਤ ਰਚਨਾ ਦੀ ਸੰਖੇਪ ਜਾਣਕਾਰੀ ਤਤਕਰੇ ਰਾਹੀਂ ਆਰੰਭ ਵਿੱਚ ਲਿਖੀ ਜਾਂਦੀ ਹੈ। ਪਰ ਆਦਿ ਬੀੜ ਦੇ ਲੇਖਨ ਵਿੱਚ ਤਤਕਰੇ ਦੀ ਅਹਿਮੀਅਤ ਵਧੇਰੇ ਸੀ ਜਿਸ ਬਾਰੇ ਅਸੀਂ ਚਰਚਾ ਇਸ ਲੇਖ ਵਿੱਚ ਅਗੇ ਚਲ ਕੇ ਕਰਾਂ ਗੇ। ਖ਼ੈਰ ਸਾਡੇ ਵਿਚੋਂ ਕਿਸੇ ਸਜੱਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਤਤਕਰੇ ਦੀ ਮੋਜੂਦਗੀ ਤੋ ਵੀ ਕੋਈ ਇਤਰਾਜ਼ ਨਹੀਂ ਅਤੇ ਨਾ ਹੀ ਹੋਣਾ ਚਾਹੀਦਾ ਹੈ।
ਅਸੀਂ ਅਕਸਰ ਇਹ ਪੜ੍ਹਦੇ-ਸੁਣਦੇ ਹਾਂ: ਗੁਰਬਾਣੀ ਮੂਲ ਮੰਤਰ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ” ਪਰ ਅਸੀਂ ਇਹ ਨਹੀਂ ਕਹਿੰਦੇ, ਪੜ੍ਹਦੇ ਅਤੇ ਸੁਣਦੇ ਕਿ ਗੁਰਬਾਣੀ ਤਤਕਰੇ ਤੋਂ ਮੁੰਦਾਵਨੀ (ਰਾਗਮਾਲਾ ਛੱਡ ਕੇ) ਤਕ”ਇਸ ਦੇ ਦੋ ਮੁਖ ਕਾਰਣ ਹਨ: ਪਹਿਲਾ: ਤਤਕਰਾ ਗੁਰਬਾਣੀ ਪਾਠ ਦਾ ਹਿੱਸਾ ਨਹੀਂ। ਦੂਜਾ: ਤਤਕਰਾ ਰਾਗਮਾਲਾ ਵਾਂਗ ਪੜ੍ਹਿਆ ਨਹੀਂ ਜਾਂਦਾ। ਇਸ ਲਈ ਤਤਕਰੇ ਦੀ ਲੋੜ ਅਤੇ ਉਸਦਾ ਪਾਠ ਨਾ ਹੋਣ ਕਰਕੇ ਤਤਕਰਾ ਵਿਵਾਦ ਦਾ ਹਿੱਸਾ ਨਹੀਂ ਬਣਦਾ। ਇਹ ਅਕਲਮੰਦੀ ਦੀ ਗੱਲ ਹੈ। ਪਰ ਦੂਜੇ ਪਾਸੇ ਰਾਗਮਾਲਾ ਵਿਵਾਦ ਦੇ ਘੇਰੇ ਵਿੱਚ ਰਹਿੰਦੀ ਰਹੀ ਹੈ ਕਿਉਂਕਿ ਇਸ ਨੂੰ ਗੁਰਬਾਣੀ ਪਾਠ ਦਾ ਹਿੱਸਾ ਮੰਨਦੇ ਪੜ੍ਹਿਆ ਜਾਂਦਾ ਹੈ ਜੋ ਕਿ ਦਰਅਸਲ ਇਹ ਹੈ ਨਹੀਂ।
ਜੇਕਰ ਅਸੀਂ ਰਾਗਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦੀ ਗਲ ਕਰੀਏ ਤਾਂ ਇਸ ਬਣਤਰ ਦੇ ਦੋ ਮੁਖ ਪਹਿਲੂ ਸ੍ਹਾਮਣੇ ਆਉਂਦੇ ਹਨ।
1) ਉਪਦੇਸ਼ਾਤਮਕ ਪਹਿਲੂ (੨) ਸੰਕੇਤਾਤਮਕ/ਸੂਚਨਾਤਮਕ ਪਹਿਲੂ
ਉਪਦੇਸ਼ਾਤਮਕ ਪਹਿਲੂ ਗੁਰੂਬਾਣੀ ਦਾ ਮੁੱਡਲਾ ਪੱਖ ਹੈ ਜਿਸ ਰਾਹੀ ਗੁਰੂ ਦੀ ਸਿੱਖਿਆ ਪ੍ਰਗਟਾਈ ਗਈ ਹੈ।
ਸੰਕੇਤਾਤਮਕ/ਸੁਚਨਾਤਮਕ ਪਹਿਲੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦਾ ਉਹ ਪੱਖ ਹੈ ਜੋ ਗੁਰੂ ਦੀ ਸਿੱਖਿਆ ਲੇਖਣ ਦੀਆਂ ਜਰੂਰਤਾਂ ਨਾਲ ਜੁੜਿਆ ਹੈ ਜਿਵੇਂ ਕਿ ਤਤਕਰਾ ਅਤੇ ਗੁਰੁਬਾਣੀ ਵਿੱਚ ਵਰਤੇ ਗਣਿਤ ਦੇ ਅੰਕ। ਇਹ ਸੰਕੇਤਾਤਮਕ ਪਹਿਲੂ ਬੇਹਦ ਅਹਿਮ ਹਨ ਪਰ ਇਹ ਉਪਦੇਸ਼ਾਤਮਕ ਨਹੀਂ ਹਨ। ਹਾਂ ਬੇਸ਼ਕ ਇਨਾਂ ਰਾਹੀਂ ਪਾਠਕ ਨੂੰ ਉਪਦੇਸ਼ਾਤਮਕ ਪੱਖ ਦੀ ਜਾਣਕਾਰੀ ਅਤੇ ਨਿਰੋਲਤਾ ਬਾਰੇ ਸਪਸ਼ਟਤਾ ਰਹਿੰਦੀ ਹੈ। ਨਾਲ ਹੀ ਇਹ ਸੰਕੇਤਾਤਮਕ ਪੱਖ ਕਿਸੇ ਬਾਹਰੀ ਮਿਲਗੋਭੇ ਦੀਆਂ ਕੋਸ਼ਿਸ਼ਾਂ ਦੀ ਪਛਾਣ ਵਿੱਚ ਸਹਾਈ ਸਾਬਤ ਹੁੰਦੇ ਰਹੇ ਹਨ।
ਜਿਥੋਂ ਤਕ ਰਾਗਮਾਲਾ ਦਾ ਸਬੰਧ ਹੈ ਤਾਂ ਇਹ ਗਲ ਬਿਲਕੁਲ ਸਪਸ਼ਟ ਹੈ ਕਿ ਇਹ ਗੁਰਬਾਣੀ ਨਾ ਹੋਣ ਕਰਕੇ ਉਪਦੇਸ਼ਤਮਕ ਪੱਖ ਨਹੀਂ ਹੈ। ਪਰ ਇਸ ਤੋਂ ਅਲਗ ਇਹ ਵਿਚਾਰਣ ਵਾਲੀ ਗਲ ਹੈ ਕਿ ਕਿਧਰੇ ਰਾਗਮਾਲਾ ਦੀ ਮੋਜੂਦਗੀ ਕਿਸੇ ਸੰਕੇਤਾਤਮਕ ਪੱਖ ਦਾ ਹਿੱਸਾ ਤਾਂ ਨਹੀਂ ਜਿਸ ਨੂੰ ਕਾਲਾਂਤਰ (After passage of time) ਅਗਿਆਨਤਾ ਵਸ਼ ਜਾਂ ਅਨਜਾਣੇਂ ਗੁਰਬਾਣੀ ਪਾਠ ਵਜੋਂ ਪੜ੍ਹਨ ਦੀ ਰੀਤ ਪੈ ਗਈ?
ਇਹ ਸਵਾਲ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਵਿਸ਼ੇਸ਼ ਕਰ ਕੇ ਉਸ ਸੂਰਤ ਵਿੱਚ ਕਿ ਜਿਸ ਵੇਲੇ ਸਭ ਤੋਂ ਪੁਰਾਤਨ ਮੰਨੀ ਜਾਂਦੀ ਮੂਲ ਆਦਿ ਬੀੜ ਵਿੱਚ ਇਹ ਦਰਜ ਹੈ ਅਤੇ ਜਿਸਦਾ ਜ਼ਿਕਰ ਉਸ ਬੀੜ ਦੇ ਤਤਕਰੇ ਵਿੱਚ ਵੀ ਹੈ ਫਿਰ ਨਾਲ ਹੀ ਇਹ ਰਾਗਮਾਲਾ ਆਦਿ ਬੀੜ ਦੇ ਬਾਦ ਕੀਤੇ ਕਈ ਉਤਾਰਿਆਂ ਵਿੱਚ ਮੋਜੂਦ ਹੈ। ਨਿਰ-ਸੰਦੇਹ ਇਹੀ ਨੁਕਤਾ ਹੈ ਜਿਸ ਕਾਰਣ ਰਾਗਮਾਲਾ ਸਪਸ਼ਟ ਰੂਪ ਵਿੱਚ ਗੁਰਬਾਣੀ ਪਾਠ ਨਾ ਹੁੰਦੇ ਹੋਏ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਸਤਕ ਸਵਰੂਪ ਵਿਚੋਂ ਬਾਹਰ ਨਹੀਂ ਕੱਡੀ ਜਾ ਸਕੀ। ਹਾਂ ਸਿੱਖ ਰਹਿਤ ਮਰਿਆਦਾ ਇੱਨਾਂ ਜ਼ਰੂਰ ਸਪਸ਼ਟ ਕੀਤਾ ਗਿਆ ਕਿ ਇਸ ਰਾਗਮਾਲਾ ਦੇ ਪਾਠ ਬਿਨਾਂ ਵੀ ਗੁਰਬਾਣੀ ਪਾਠ ਸੰਪੂਰਣ ਹੈ। ਇਹ ਇੱਕ ਚੰਗੀ ਗਲ ਹੈ। ਇਥੇ ਇਹ ਗਲ ਵੀ ਕਾਬਲੇ ਜ਼ਿਕਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਵੀ ਪਾਠ ਦੀ ਸਮਾਪਤੀ ਬਿਨਾ ਰਾਗਮਾਲਾ ਪੜੇ ਕੀਤੀ ਜਾਂਦੀ ਹੈ। ਜੇਕਰ ਤਤਕਰੇ ਵਰਗੇ ਸੁਚਨਾਤਮਕ ਪੱਖ ਵਰਗਾ ਹੀ, ਰਾਗਮਾਲਾ ਨੂੰ ਲਿਖੇ ਹੋਣ ਦੇ ਬਾ-ਵਜੂਦ ਗੁਰਬਾਣੀ ਪਾਠ ਵਾਂਗ ਪੜਿਆ ਨਾ ਜਾਂਦਾ ਤਾਂ ਸ਼ਾਇਦ ਇਸ ਸਬੰਧੀ ਵਿਵਾਦ ਉੱਠਦਾ ਹੀ ਨਾ।
ਇਸ ਵਿਸ਼ਲੇਸ਼ਣ ਵਿੱਚ ਸਭ ਤੋਂ ਪਹਿਲੇ ਕੁੱਝ ਚਿਰ ਵਾਸਤੇ ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਰਾਗਮਾਲਾ ਆਦਿ ਬੀੜ ਵਿੱਚ ਬਾਦ ਦੀ ਘੁੱਸਪੈਠ ਹੈ। ਬੜੀ ਸੁਭਾਵਿਕ ਜਿਹੀ ਗਲ ਹੈ ਕਿ ਐਸੀ ਘੁੱਸਪੈਠ ਇੱਕ ਵਿਸ਼ੇਸ਼ ਮਕਸਦ ਨੂੰ ਪੂਰਾ ਕਰਣ ਵਾਸਤੇ ਹੀ ਕੀਤੀ ਗਈ ਹੋ ਸਕਦੀ ਹੈ। ਨਿਰ-ਸੰਦੇਹ ਇਹ ਬਿਨਾ ਮਕਸਦ ਦੇ ਹੋ ਹੀ ਨਹੀਂ ਸਕਦੀ। ਜੇ ਕਰ ਵਿਚਾਰ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਮਕਸਦ ਗੁਰਬਾਣੀ ਵਿੱਚ ਮਿਲਗੋਭਾ ਕਰਣਾ ਹੀ ਹੋ ਸਕਦਾ ਸੀ। ਯਾਨੀ ਕੇ ਬਾਣੀ ਦੇ ਉਪਦੇਸ਼ਾਤਮਕ ਪੱਖ ਵਿੱਚ ਰਲਾਅ ਪਾਉਂਣ ਦਾ ਮਕਸਦ ਨਾ ਕਿ ਸੂਚਨਾਤਮਕ ਪੱਖ ਵਿੱਚ ਰਲਾਅ ਪਾਉਣ ਦਾ ਮਕਸਦ। ਇਹ ਹੈ ਪਹਿਲੀ ਗਲ!
ਦੂਜੀ ਗਲ! ਜਿਸ ਕਿਸੇ ਨੇ ਵੀ ਇਹ ਘੁੱਸਪੈਠ ਕੀਤੀ ਉਹ ਆਮ ਵਿਅਕਤੀ ਨਹੀਂ ਬਲਕਿ ਕੋਈ ਵਿਚਾਰਕ ਸਾਜਸ਼ ਕਰਤਾ ਹੀ ਹੋ ਸਕਦਾ ਸੀ ਅਤੇ ਉਸ ਕੋਲ ਇਹ ਰਲਾਅ ਪਾਉਣ ਦਾ ਸੋਚਿਆ-ਸਮਝਿਆ ਵਿਸ਼ੇਸ਼ ਮਕਸਦ ਵੀ ਸੀ ਅਤੇ ਖੁੱਲਾ ਮੋਕਾ ਵੀ, ਜਿਸ ਦਾ ਭਰਪੂਰ ਲਾਭ ਉਠਾਉਂਦੇ ਉਸ ਨੇ ਬਾਣੀ ਦੇ ਅਖੀਰ ਵਿੱਚ ਰਾਗਮਾਲਾ ਦਾ ਰਲਾਅ ਪਾਇਆ ਅਤੇ ਉਸ ਨੂੰ ਪ੍ਰਮਾਣਿਕਤਾ ਦੇਣ ਲਈ ਬੀੜ ਦੇ ਸੰਕੇਤਾਤਮਕ/ਸੁਚਨਾਤਮਕ ਪੱਖ ਯਾਨੀ ਕੇ ਆਰੰਭ ਵਿੱਚ ਲਿਖੇ ਤਤਕਰੇ ਵਿੱਚ ਉਚੇਚੇ ਤੋਰ ਤੇ ਰਾਗਮਾਲਾ ਸਬੰਧੀ ਇੰਦਰਾਜ ਵੀ ਕੀਤਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਬਾਣੀ ਲੇਖਨ ਢੰਗ ਨਾਲ ਵਾਕਿਫ ਸੀ ਅਤੇ ਉਸ ਨੇ ਇਹ ਕੰਮ ਕਰ ਲਿਆ। ਆਉ ਹੁਣ ਜ਼ਰਾ ਉਸ ਸਾਜਸ਼ ਕਰਤਾ ਦੇ ਇਸ ਕੰਮ ਦਾ ਜਾਇਜ਼ਾ ਲਈਏ:
ਮਕਸਦ ਸੀ ਬਾਣੀ ਦੇ ਉਪਦੇਸ਼ ਵਿੱਚ ਗ਼ੈਰ ਸਿਧਾਂਤਕ ਰਲਾਅ ਪਾਉਣਾ। ਪਰ ਖੁੱਲਾ ਸਮਾਂ ਅਤੇ ਸਪਸ਼ਟ ਮਕਸਦ ਹੁੰਦੇ ਹੋਏ ਵੀ ਉਸ ਨੇ ਰਾਗਮਾਲਾ ਦੇ ਆਰੰਭ ਵਿੱਚ ‘ਮਹਲਾ ੧` ਜਾਂ ‘ਮਹਲਾ ੨` ਆਦਿ ਕਿਉਂ ਨਾ ਲਿਖਿਆ? ਜਦ ਕਿ ਉਸਨੇ ਐਸਾ ਕਰਨਾ ਹੀ ਸੀ। ਉਦਾਹਰਣ ਲਈ ਬਾਣੀ ਵਿੱਚ ਜੋ ਰਲਾਅ ਪਾਉਣ ਦੇ ਜਤਨ ਹੋਏ ਉਨ੍ਹਾਂ ਨੂੰ ਸਪਸ਼ਟ ਤੋਰ ਤੇ ਗੁਰੂ ਲਿਖਤ ਦਾ ਰੂਪ ਦੇਣ ਲਈ ‘ਮਹਲਾ` ਸ਼ਬਦ ਵਰਤਿਆ ਗਿਆ ਸੀ। ਜਿਵੇਂ ਕਿ:
ਸਲੋਕ ਮ: ੧ ਜਿਤ ਦਰ ਲਖ ਮੁਹੰਮਦਾ।
ਰਤਨਮਾਲਾ ਮ: ੧
ਹਕੀਕਤ ਰਾਹ ਮੁਕਾਮ ਮ: ੫
ਇਹ ਮਿਲਗੋਬੇ ਗੰਭੀਰ ਸਨ ਅਤੇ ਪਹਿਲੀ ਨਜ਼ਰੇ ਹੀ ਉਪਦੇਸ਼ਾਤਮਕ ਨਜ਼ਰ ਆਉਦੇ ਸਨ ਇਸ ਲਈ ਬਾਣੀ ਦੀ ਬਣਤਰ ਅਤੇ ਹੋਰ ਵਿਸ਼ਲੇਸ਼ਣਾਂ ਰਾਹੀਂ ਪਛਾਂਣ ਲਏ ਗਏ।
ਪਰ ਰਾਗਮਾਲਾ ਦੇ ਮਸਲੇ ਵਿੱਚ ਤਤਕਰੇ ਤਕ ਅਪਣੀ ਛੇੜ-ਛਾੜ ਨੂੰ ਪ੍ਰਮਾਣਿਕਤਾ ਦੇਣ ਵਾਲਾ ਉਹ ਵਿਦਵਾਨ ਸਾਜਸ਼ ਕਰਤਾ ਇਨਾਂ ਮੁਰਖ ਕਿਵੇਂ ਹੋ ਸਕਦਾ ਸੀ? ਬੀੜ ਉਸਦੇ ਹੱਥ ਵਿੱਚ ਸੀ, ਸਮਾਂ ਉਸ ਕੋਲ ਸੀ ਅਤੇ ਮਕਸਦ ਉਸਦਾ ਸਪਸ਼ਟ ਸੀ ਫਿਰ ਉਸਦਾ ਹੱਥ ਕੋਣ ਰੋਕ ਸਕਦਾ ਸੀ ‘ਮਹਲਾ` ਲਿਖਣ ਤੋਂ? ਉਸਨੇ ਐਸਾ ਨਹੀਂ ਕੀਤਾ। ਅਤੇ ਫਿਰ ਨਾ ਹੀ ਰਾਗਮਾਲਾ ਵਿੱਚ ਪਾਈਆਂ ਤੁੱਕਾਂ ਲਈ ੧, ੨ ੩, ੪ ਆਦਿ ਦੀ ਗਿਣਤੀ ਦਾ ਇਸਤੇਮਾਲ ਕੀਤਾ ਤੇ ਨਾ ਹੀ ਕਿਧਰੇ ‘ਨਾਨਕ` ਸ਼ਬਦ ਵਰਤਿਆ। ਕਿਉਂ? ਇਹ ਇੱਕ ਪੇਚੀਦਾ ਸਵਾਲ ਹੈ।
ਜੇਕਰ ਸਾਜਸ਼ ਕਰਤਾ ਦਾ ਮਕਸਦ ਰਲਾਅ ਪਾਉਣਾਂ ਹੀ ਸੀ ਤਾਂ ਨਿਰਸੰਦੇਹ ਉਸ ਨੂੰ ਬਾਣੀ ਫ਼ਲਸਫ਼ੇ ਦਾ ਗਿਆਨ ਸੀ ਜਿਸ ਵਿੱਚ ਉਹ ਭੰਨ-ਤੋੜ ਕਰਨਾ ਚਾਹੰਦਾ ਸੀ। ਨਿਸਚਤ ਹੀ ਇਸ ਲਈ ਉਸ ਨੇ ਪਹਿਲਾਂ ਲਿਖਤ ਸਮਗਰੀ ਇਕੱਠੀ ਕੀਤੀ ਹੋਵੇਗੀ। ਪਰ ਉਸਨੇ ਐਸਾ ਰਲਾਅ ਕਿਉਂ ਪਾਇਆ ਜਿਸ ਵਿੱਚ ਗੁਰਬਾਣੀ ਦੇ ਉਲਟ ਕੋਈ ਉਪਦੇਸ਼ਾਤਮਕ ਗਲ ਹੀ ਨਹੀ ਸੀ? ਕੀ ਉਹ ਕੋਈ ਐਸਾ ਪਾਗਲ ਸੀ ਜੋ ਇਨਾਂ ਸ਼ਾਤਰ ਤਾਂ ਸੀ ਕਿ ਉਹ ਰਲਾਅ ਪਾਉਣ ਦਾ ਢੰਗ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਹ ਨਹੀ ਸੀ ਜਾਣਦਾ ਕਿ ਪਾਉਂਣਾ ਕੀ ਹੈ? ਉਸ ਨੇ ਸਿਧਾਂਤਕ ਰਲਾਅ ਪਾਉਂਣ ਦੀ ਇੱਕ ਵੱਡੀ ਤੇ ਅਤਿ ਗੰਭੀਰ ਚਾਲ ਚਲੀ ਪਰ ਸਿਧਾਂਤਕ ਖਰਾਬੀ ਕਰਨ ਦੇ ਬਜਾਏ ਚੰਦ ਰਾਗਾਂ ਦੇ ਨਾਮ ਪਾਕੇ ਅਪਣਾ ਦਾ ਕੰਮ ਮੁਕਮੱਲ ਕਰ ਲਿਆ। ਇਹ ਕਿਹੜੇ ਮਕਸਦ ਦੀ ਪ੍ਰਾਪਤੀ ਸੀ?
ਫਿਰ ਉਹ ਸਾਜਸ਼ ਕਰਤਾ ਤਤਕਰੇ ਵਿੱਚ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਰਗਾ ਨਵਾਂ ਇੰਦਰਾਜ ਕਰਦੇ ਤਤਕਰੇ ਦੇ ਪਹਿਲੇ ਲਿਖਾਰੀ (ਭਾਈ ਗੁਰਦਾਸ) ਦੀ ਹੀ ਕਲਮ, ਸਿਆਹੀ ਅਤੇ ਦਸਤਖ਼ਤ (Hand Writing) ਦੀ ਹੂ-ਬ-ਹੂ ਨਕਲ ਕਿਵੇਂ ਕਰ ਗਿਆ? ਕੋਈ ਇਹ ਵੀ ਕਹਿ ਸਕਦਾ ਹੈ ਕਿ ਉਸਨੇ ਪੁਰਾ ਤਤਕਰਾ ਹੀ ਨਕਲ ਕਰ ਲਿਆ ਸੀ ਜਿਸ ਕਾਰਣ ਕਲਮ ਅਤੇ ਲਿਖਾਈ ਨਹੀਂ ਬਦਲੀ। ਪਰ ਜੇ ਕਰ ਇਹ ਤਰਕ ਮੰਨਿਆਂ ਜਾਵੇ ਤਾਂ ਅਪਣਾ ਇਹ ਮਕਸਦ ਪੂਰਾ ਕਰਨ ਲਈ ਉਸ ਲਿਖਾਰੀ ਨੇ ਜਰੂਰ “੯੭੪ ਰਾਗ ਮਾਲਾ ਤਥਾ ਸਿੰਗਲਦੀਪ ਕੀ ਸਿਵਨਾਭ ਰਾਜੇ ਕੀ ਬਿਧੀ” ਵਾਲੇ ਇੰਦਰਾਜ ਲਈ ਢੁੱਕਵੀਂ ਜਗ੍ਹ ਰੱਖ ਕੇ ਹੀ ਤਤਕਰਾ ਲਿਖਣਾ ਸੀ ਜਿਸ ਲਈ ਉਸ ਨੂੰ ਰਾਗਮਾਲਾ ਇੰਦਰਾਜ ਸਬੰਧੀ ਬਾਕੀ ਪੰਜ ਅੱਖਰ ਕੀ ਸਿਵਨਾਭ ਰਾਜੇ ਕੀ ਬਿਧੀ” ਹੇਠਾਂ ਤੋਂ ਉਪਰ ਵੱਲ (Vertically) 90 ਡਿਗਰੀ ਦੇ ਕੋਂਣ ਵਰਗਾ ਲਿਖਣ ਦੀ ਲੋੜ ਹੀ ਨਾ ਪੈਂਦੀ ਜਿਵੇਂ ਕਿ ਭਾਈ ਜੋਧ ਸਿੰਘ ਜੀ ਨੇ ਅਪਣੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ` ਦੇ ਪੰਨਾਂ ਨੰ: ੪ ਉਤੇ ਮੌਜੂਦਾ ਕਰਤਾਰਪੁਰੀ ਬੀੜ ਦੇ ਤਤਕਰੇ ਦੀ ਬਣਤਰ ਬਾਰੇ ਜਾਣਕਾਰੀ ਦੇਂਦੇ ਦੱਸਿਆ ਹੈ। ਜਾਂ ਫਿਰ ਉਹ ਕੇਵਲ ‘ਰਾਗਮਾਲਾ` ਅੱਖਰ ਲਿਖ ਕੇ ਹੀ ਬਾਕੀ ਅੱਖਰ ਲਿਖਦਾ ਹੀ ਨਾ।
ਇਹ ਨੁਕਤੇ ਗੰਭੀਰ ਹਨ ਅਤੇ ਧਿਆਨ ਮੰਗਦੇ ਹਨ। ਵਿਸ਼ੇਸ ਰੂਪ ਵਿੱਚ ਉਸ ਵੇਲੇ ਕਿ ਜਿਸ ਵੇਲੇ ਅਸੀਂ ਜਾਣਦੇ ਹਾਂ ਕਿ ਇੰਨੀ ਵੱਡੀ ਸਾਜਸ਼ ਕਰਨ ਵਾਲਾ ਕਿਸੇ ‘ਮਹਲੇ` ਦਾ ਨਾਮ ਵਰਤੇ ਬਿਨਾ ਖੁੱਲੇ ਤੋਰ ਤੇ ਸਿਧਾਂਤਕ ਪੱਖੋਂ ਇੱਕ ਬੇਹਦ ਕੱਚਾ ਅਤੇ ਬੇ-ਮਕਸਦ ਇੰਦਰਾਜ ਕਰਦਾ ਹੈ ਜਿਸ ਵਿੱਚ ਨਾ ਤਾਂ ਉਸਦੇ ਮਕਸਦ ਦੀ ਪ੍ਰਾਪਤੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਕੋਈ ਸਿਧਾਂਤਕ ਮਿਲਗੋਭਾ। ਕਿੱਧਰੇ ਰਾਗਾਮਾਲਾ ਤਥਾ ਸਿੰਗਲਦੀਪ” ਤਿੰਨ ਅਖਰਾਂ ਨੂੰ ਖੱਬੇ ਪਾਸਿਉਂ ਸੱਜੇ ਸਿੱਦਾ (Horizontal) ਲਿਖ ਕੇ ਫਿਰ ਬਾਕੀ ਪੰਜ ਅੱਖਰਾਂ ਕੀ ਸਿਵਨਾਭ ਰਾਜੇ ਕੀ ਬਿਧੀ” ਨੂੰ ਹੇਠੋਂ ਉੱਪਰ (Vertical) ਦੀ ਲਿਖਣਾ ਤਤਕਰੇ ਨੂੰ ‘ਲਾਕ` ਕਰਣ ਦੀ ਗਲ ਤਾਂ ਨਹੀਂ ਸੀ? ਅਗਰ ਐਸਾ ਹੋਈਆ ਵੀ ਹੋਵੇ ਤਾਂ ਵੀ ਰਾਗਮਾਲਾ ਕਿਸੇ ਰੂਪ ਵਿੱਚ ਵੀ ਬਾਣੀ ਦਾ ਅੰਗ ਸਾਬਤ ਨਹੀਂ ਹੁੰਦੀ ਕਿਉਂਕਿ ਇਹ ਗੁਰੂ ਦੀ ਅਪਣੀ ਉਪਦੇਸ਼ ਯੁਕਤ ਕ੍ਰਿਤ ਨਹੀਂ ਸੀ।
ਅੱਗੇ ਤੁਰਨ ਤੋਂ ਪਹਿਲਾਂ ਇੱਕ ਹੋਰ ਗਲ ਵਿਚਾਰਣ ਯੋਗ ਹੈ।
੫ੰਜਵੇਂ ਪਾਤਿਸ਼ਾਹ ਨੇ ਭਾਈ ਗੁਰਦਾਸ ਤੋਂ ਆਦਿ ਗ੍ਰੰਥ ਲਿਖਵਾਇਆ ਸੀ। ਇਸ ਨਾਲ ਕਿਸੇ ਦੀ ਕੋਈ ਅਸਹਿਮਤੀ ਨਜ਼ਰ ਨਹੀਂ ਆਉਂਦੀ। ਉਸ ਪਹਿਲੀ ਰਚਨਾ ਦੀ ਤਿਆਰੀ ਵੇਲੇ ਸਤਿਗੁਰ ਜੀ ਦਾ ਮਕਸਦ ਰਹਿੰਦੀ ਦੁਨੀਆ ਲਈ ਬਾਣੀ ਦਾ ਇੱਕ ਪ੍ਰਮਾਣਿਕ ਸਾਂਚਾ ਤਿਆਰ ਕਰਨਾ ਸੀ ਜਿਸ ਤੋਂ ਫਿਰ ਹੋਰ ਉਤਾਰੇ ਕਰਦੇ ਹੋਏ ਲੋਕਾਈ ਲਈ ਬਾਣੀ ਉਪਲਬਧ ਕਰਵਾਉਣ ਦਾ ਕੰਮ ਅਗੇ ਤੁਰਨਾ ਸੀ। ਇਸ ਵਿੱਚ ਸ਼ਕ ਨਹੀਂ ਕਿ ਉਸ ਪਹਿਲੀ ਰਚਨਾ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਸਤਿਗੁਰ ਨੇ ਆਪ ਕਰਵਾਇਆ ਪਰ ਇਹ ਗਲ ਵੀ ਅਪਣੀ ਜਗ੍ਹਾ ਅਕਟ ਹੈ ਕਿ ਉਹ ਪਹਿਲੀ ਰਚਨਾ ਸਤਿਗੁਰ ਜੀ ਨੇ ਗੁਰੂਘਰ ਪਾਸ ਹੀ ਰਖਣ ਲਈ ਤਿਆਰ ਕਰਵਾਈ ਸੀ। ਗੁਰੂ ਹਰਗੋਬਿਂਦ ਸਾਹਿਬ ਜੀ ਦਾ ਇਸੇ ਆਦਿ ਗ੍ਰੰਥ ਨੂੰ ਅਪਣੇ ਨਾਲ ਹੀ ਲੈ ਅਮ੍ਰਿਤਸਰ ਤੋਂ ਬਾਹਰ ਜਾਣਾ ਇਸ ਗਲ ਦੀ ਮਜ਼ਬੂਤ ਗਵਾਹੀ ਭਰਦਾ ਹੈ ਕਿ ਮੂੱਢਲੀ ਲਿਖਤ ਮੂਲ ਰੂਪ ਵਿੱਚ ਗੁਰੂਘਰ ਪਾਸ ਹੀ ਰਹਿਣੀ ਸੀ ਕਿਉਂਕਿ ਇਸ ਵਿੱਚ ਮੌਲਿਕ ਰੂਪ ਵਿੱਚ ਸੁਭਾਵਕ ਤੋਰ ਤੇ ਕੁੱਝ ਐਸੀਆਂ ਅਲਾਮਤਾਂ, ਸੁਧਾਈਆਂ ਅਤੇ ਇੰਦਰਾਜ ਸਨ ਜੋ ਕਿ ਅਗਲੇ ਉਤਾਰਿਆਂ ਵਿੱਚ ਨਹੀਂ ਸੀ ਆਉਣੇ ਬਣਦੇ। ਪਹਿਲੀ ਵਾਰ ਦੇ ਲੇਖਨ ਪ੍ਰਬੰਧ ਵਿੱਚ ਆਏ ਸੂਭਾਵਕ ਫ਼ਰਕ ਨਾਲ ਦੇ ਨਾਲ ਠੀਕ ਕੀਤੇ ਗਏ ਸੀ। ਜੋ ਕਿ ਉਤਰਿਆਂ ਵਿੱਚ ਨਹੀਂ ਸੀ ਆਉਂਣੇ ਬਣਦੇ।
ਫਿਰ ਇਹ ਵੀ ਬਿਲਕੁਲ ਨਹੀਂ ਮੰਨਿਆਂ ਜਾ ਸਕਦਾ ਕਿ ਗੁਰੂ ਹਰਗੋਬਿੰਦ ਜੀ ਦੇ ਅਮ੍ਰਿਤਸਰ ਤੋਂ ਬਾਹਰ ਮੁਕਾਮ ਕਰਣ ਸਮੇਂ ਦਰਬਾਰ ਸਾਹਿਬ ਉਤੇ ਮੀਣਿਆਂ ਦਾ ਕਬਜ਼ਾ ਹੋਣ ਤਕ ਬਾਣੀ ਦਾ ਪ੍ਰਕਾਸ਼ ਨਹੀਂ ਸੀ ਹੁੰਦਾ ਰਿਹਾ।
ਇਥੇ ਇਹ ਇਤਹਾਸਕ ਤੱਥ ਵਿਚਾਰਣ ਯੋਗ ਹੈ ਕਿ ਸਨ 1628 ਨੂੰ ਮੁਗ਼ਲ ਫੋਜਾਂ ਨਾਲ ਹੋਈ ਝੜਪ ਦੇ ਫੋਰਨ ਬਾਦ ਗੁਰੂ ਹਰਗੋਬਿੰਦ ਜੀ ਅਮ੍ਰਿਤਸਰ ਤੋਂ ਬਾਹਰ ਕੂਚ ਕਰ ਕਰਤਾਪੁਰ ਤੋਂ ਫਿਰ 1634 ਵਿੱਚ ਕੀਰਤਪੁਰ ਚਲੇ ਗਏ ਸੀ ਅਤੇ ਇਹ ਅਰਸਾ ਉਹ ਵਾਪਸ ਅਮ੍ਰਿਤਸਰ ਨਹੀਂ ਸੀ ਪਰਤੇ। ਉਹ ਆਦਿ ਗ੍ਰੰਥ ਦੀ ਮੁੱਢਲੀ ਬੀੜ ਨਾਲ ਹੀ ਲੇ ਗਏ ਸੀ ਜਿਸ ਨੂੰ ਬਾਦ ਵਿੱਚ ਧੀਰਮਲ ਨੇ ਅਪਣੇ ਪਾਸ ਰੱਖ ਲਿਆ ਸੀ। ਪਰ ਇਤਹਾਸ ਦੱਸਦਾ ਹੈ ਕਿ ਦਰਬਾਰ ਸਾਹਿਬ ਤੇ ਮੀਣਿਆਂ ਦਾ ਕਬਜ਼ਾ ਸਨ 1628 ਦੇ ਲਗਭਗ 6 ਸਾਲ ਬਾਦ ਸਨ 1634 ਵਿੱਚ ਹੋਇਆ ਸੀ ਜਿਨ੍ਹਾਂ ਨੇ ਬਾਦ ਵਿਚ, ਕੁੱਝ ਇਤਹਾਸਕਾਰਾਂ ਅਨੁਸਾਰ, ਪ੍ਰਕਾਸ਼ ਹੋਏ ਸਵਰੂਪ ਦੀ ਥਾਂ ਹੋਰ ਮਿਲਗੋਭਾ ਪੁਰਨ ਕੱਚੀ ਰਚਨਾ ਦਾ ਇਸਤੇਮਾਲ ਕਰਨਾ ਆਰੰਭ ਕੀਤਾ ਸੀ। ਪਰ ਇਹ ਸਪਸ਼ਟ ਹੈ ਕਿ ਮੀਣਿਆਂ ਨੇ ਕਬਜ਼ੇ ਬਾਦ ਦਰਬਾਰ ਸਾਹਿਬ ਵਿਚੋਂ ਭਾਈ ਗੁਰਦਾਸ ਦੀ ਹੱਥ ਲਿਖਤ ਬੀੜ ਕਦਾਚਿਤ ਨਹੀਂ ਸੀ ਚੁੱਕੀ ਬਲਕਿ ਉਸਦਾ ਕੋਈ ਉਤਾਰਾ ਚੁੱਕਿਆ ਸੀ। ਅਸਲ ਲਿਖਤ ਤਾਂ ਸੰਨ 1634 ਵਿੱਚ ਗੁਰੂ ਹਰਗੋਬਿਂਦ ਸਾਹਿਬ ਨਾਲ ਕਰਤਾਰਪੁਰ ਵਿੱਚ ਪਹੁੰਚ ਚੁਕੀ ਸੀ। ਮੀਣੇਂ ਦਰਬਾਰ ਸਾਹਿਬ 1696 ਤਕ ਕਾਬਜ਼ ਰਹੇ ਸੀ। ਉਨ੍ਹਾਂ ਭੇਖੀ ਕੱਚੀਆਂ ਰਚਨਾਵਾਂ ਵਰਤੀਆਂ ਅਤੇ ਦਰਬਾਰ ਸਾਹਿਬ ਪ੍ਰਤੀ ਭੋਲੀਆਂ ਸੰਗਤਾਂ ਦੇ ਪਿਆਰ-ਸਤਿਕਾਰ ਦਾ ਚੋਖਾ ਲਾਭ ਵੀ ਉਠਾਇਆ। ਪਰ ਕਮਾਲ ਹੈ ਸਿੱਖੀ ਦਰਸ਼ਨ ਦੇ ‘ਅਚਾਰ` ਦੇ ਪ੍ਰਤੀਕ ਦਰਬਾਰ ਸਾਹਿਬ ਦਾ ਕਿ 60 ਸਾਲਾ ਕਬਜ਼ੇ ਦੇ ਬਾ-ਵਜੂਦ ਇਹ ਪ੍ਰਤੀਕ ਵਿਰੋਧੀ ਚਾਲਾਂ ਉਪਰ ਜੋਤੂ ਹੋ ਨਿਬੜਿਆ।
ਇਸ ਲਈ ਇਹ ਗਲ ਸਵੀਕਾਰ ਕਰਨੀ ਮੁਸ਼ਕਲ ਲਗਦੀ ਹੈ ਕਿ ਅਮ੍ਰਿਤਸਰ ਛੱਡਦੇ ਹੀ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਵਿੱਚ ਬਾਣੀ ਦਾ ਪ੍ਰਕਾਸ਼ ਸੰਗਤਾਂ ਲਈ ਹਟਾ ਲਿਆ ਸੀ ਅਤੇ ਉੱਥੇ ਸੰਗਤੀ ਰੂਪ ਵਿੱਚ ਹੁੰਦੀ ਦਿਨਚਰਿਆ ਇਕਦਮ ਰੋਕ ਦਿੱਤੀ ਗਈ ਸੀ। ਨਿਰ-ਸੰਦੇਹ ਉਸ ਸਮੇਂ (1628 ਤੋਂ 1634 ਤਕ 6 ਸਾਲਾ ਅਰਸੇ ਦੋਰਾਨ) ਦਰਬਾਰ ਸਾਹਿਬ ਵਿੱਚ ਭਾਈ ਗੁਰਦਾਸ ਲਿਖਤ ਬੀੜ ਦੀ ਥਾਂ ਉਸਦਾ ਕੋਈ ਉਤਾਰਾ ਪ੍ਰਕਾਸ਼ ਲਈ ਉਪਲਭਧ ਸੀ ਅਤੇ ਭਾਈ ਗੁਰਦਾਸ ਲਿਖਤ ਬੀੜ ਗੁਰੂ ਸਾਹਿਬ ਨਾਲ ਹੀ ਲੈ ਗਏ ਸੀ।
ਇਹ ਗਲ ਵੱਖਰੀ ਹੈ ਕਿ ਇਤਿਹਾਸਕ ਘਟਨਾਵਾਂ ਨੇ ਕਈ ਰੁੱਖ ਬਦਲੇ ਜਿਸ ਕਰਕੇ ਮੁੱਢਲੀ ਹੱਥ ਲਿਖਤ ਗੁਰੂਘਰ ਵਿੱਚ ਨਾ ਰਹੀ। ਪਰ ਬੇਸ਼ਕ ਗੁਰੂਘਰ ਲਈ ਇਹ ਕੋਈ ਵੱਡੀ ਗਲ ਨਹੀਂ ਸੀ ਜਿਵੇਂ ਕਿ ਅਸੀਂ ਸਮਝਦੇ ਹਾਂ। ਕਿਉਂਕਿ ਇਸ ਦੇ ਕਈ ਉਤਾਰੇ ਗੁਰੂਆਂ ਦੇ ਸਮੇਂ ਹੀ ਹੋ ਚੁਕੇ ਸੀ। ਬਾਣੀ ਤਾਂ ਬਾਣੀ ਹੀ ਸੀ ਇੱਕ ਜਗ੍ਹ ਦਰਜ ਰਹੀ ਜਾਂ ਕਈ ਜਗ੍ਹ। ਹਾਂ ਇਹ ਗਲ ਉਦੋਂ ਹੀ ਅੱਤ ਮੱਹਤਵ ਪੁਰਣ ਅਤੇ ਚਿੰਤਾ ਜਨਕ ਹੋ ਸਕਦੀ ਸੀ ਜੇ ਕਰ ਗੁਰੂਆਂ ਦੇ ਬਾਦ ਗੁਰੂਬਾਣੀ ਪਹਿਲੀ ਵਾਰ ਲਿਖੀ ਜਾਣੀ ਹੁੰਦੀ ਜਿਵੇਂ ਕਿ ਬਾਕੀ ਧਰਮ ਗ੍ਰੰਥਾਂ ਦੇ ਮਾਮਲੇ ਵਿੱਚ ਅਸੀਂ ਦੇਖਦੇ ਹਾਂ। ਇਹ ਕਾਜ ਤਾਂ ਗੁਰੂ ਆਪ ਅਪਣੀ ਹੱਥੀ ਹੀ ਸੰਵਾਰ ਗਏ ਸੀ।
ਹੁਣ ਚਰਚਾ ਵੱਲ ਪਰਤਦੇ ਹੋਏ ਇੱਕ ਗਲ ਵਿਚਾਰਣ ਵਾਲੀ ਹੈ। ਉਹ ਇਹ ਕਿ ਮੂਲ ਬੀੜ ਵਿੱਚ ਰਾਗਮਾਲਾ ਦਾ ਦਰਜ ਹੋਣਾਂ ਕਿਧਰੇ ਇੱਕ ਸੁਚਾਤਮਕ ਉਪਰਾਲਾ ਤਾਂ ਨਹੀਂ ਸੀ? ਕਿਧਰੇ ਐਸਾ ਗ਼ੈਰ ਉਪਦੇਸ਼ਾਤਮਕ ਇੰਦਰਾਜ ਇਸ ਲਈ ਤਾਂ ਨਹੀਂ ਸੀ ਕੀਤਾ ਗਿਆ ਕਿ ਮੁੰਦਾਵਣੀ ਉਪਰੰਤ ਕੋਈ ਹੋਰ ਫਾਲਤੂ ਰਚਨਾ ਗੁਰੁਬਾਣੀ ਦੇ ਨਾਮ ਤੇ ਇਸ ਮੁੱਢਲੀ ਬੀੜ ਵਿੱਚ ਦਰਜ ਨਾ ਹੋ ਸਕੇ? ਨਾਲ ਹੀ ਕਿਧਰੇ ਇਹੀ ਕਾਰਣ ਤਾਂ ਨਹੀਂ ਸੀ ਕਿ ਕਈ ਹੋਰ ਹੱਥ ਲਿਖਤ ਬੀੜਾਂ ਵਿੱਚ ਰਾਗਮਾਲਾ ਦਰਜ ਨਹੀ ਕੀਤੀ ਗਈ ਕਿਉਂਕਿ ਇਹ ਕੇਵਲ ਮੌਲਿਕ ਬੀੜ ਵਿੱਚ ਰਖੀ ਗਈ ਇੱਕ ਸੰਕੇਤਾਤਮਕ/ਸੁਚਨਾਤਮਕ ਅਲਾਮਤ ਸੀ ਜਿਸਨੂੰ ਬਾਦ ਵਿੱਚ ਹੋਰ ਉਤਾਰਿਆਂ ਵਿੱਚ ਵੀ ਉਤਾਰ ਲਿਆ ਗਿਆ? ਅਸੀਂ ਦੇਖ ਸਕਦੇ ਹਾਂ ਕਿ ਕਈ ਪੁਰਾਤਨ ਹੱਥੀਂ ਉਤਾਰਿਆਂ ਵਿੱਚ ਬਾਣੀ ਦੇ ਨਾਲ ਨਾਲ ਗੁਰੂ ਜੀ ਦੀਆਂ ਸੁਧਾਈ ਕਰਦੀਆਂ ਟਿੱਪਣੀਆਂ ਵੀ ਕਾਤਬਾਂ ਵੱਲੋਂ ਉਤਾਰ ਲਈਆਂ ਜਾਂਦੀਆਂ ਰਹੀਆਂ ਸਨ ਜੋ ਕਿ ਵਾਸਤਵ ਵਿੱਚ ਉਤਾਰਣ ਲਈ ਨਹੀਂ ਸਨ।
ਇਥੇ ਸੁਭਾਵਿਕ ਹੀ ਇੱਕ ਸਵਾਲ ਉੱਠਦਾ ਹੈ ਗੁਰਬਾਣੀ ਜੇਕਰ ਮੁੰਦਾਵਣੀ ਤਕ ਸਮਾਪਤ ਅਤੇ ਇਹ ਹੀ ਸਮਾਪਤੀ ਦੀ ਮੁਹਰ ਸੀ ਤਾਂ ਇਸ ਤੋਂ ਅਗੇ ਇੱਕ ਹੋਰ ਲਿਖਤ ਲਿਖਣ ਦੀ ਕੀ ਲੋੜ ਸੀ? ਸਵਾਲ ਬਹੁਤ ਵਾਜਿਬ ਅਤੇ ਵਿਚਾਰਣ ਯੋਗ ਹੈ। ਮੰਨ ਲਿਆ ਜਾਵੇ ਕਿ ਮੌਲਿਕ ਬੀੜ ਵਿੱਚ ਗੁਰਬਾਣੀ ਦੀ ਸਮਾਪਤੀ ਮੁੰਦਾਵਣੀ ਲਿਖ ਕੇ ਹੀ ਕਰ ਦਿੱਤੀ ਜਾਣੀ ਚਾਹੀਦੀ ਸੀ ਤਾਂ ਸਵਾਲ ਵੀ ਉੱਠਦਾ ਹੈ ਕਿ ਮੁੰਦਾਵਣੀ ਦੇ ਆਖਰੀ ਸਲੋਕਾਂ ਦੇ ਅਗੇ ਹੀ ਗੁਰੂ ਦੇ ਨਾਮ ਹੇਠ ਕਿਸੇ ਕੱਚੀ ਬਾਣੀ ਪਾਉਣ ਦੇ ਸੰਭਾਵਿਤ ਉਪਰਾਲੇ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਸੀ ਵਿਸ਼ੇਸ਼ਕਰ ਉਸ ਸੂਰਤ ਵਿੱਚ ਜਿਸ ਵੇਲੇ ਮੌਲਿਕ ਬੀੜ ਹੋਰ ਹਥਾਂ ਵਿੱਚ ਪੈ ਜਾਂਦੀ? ਇਸ ਸਮੱਸਿਆ ਦਾ ਹਲ ਤਤਕਰੇ ਨਾਲ ਹੀ ਨਿਬੇੜਿਆ ਜਾ ਸਕਦਾ ਸੀ।
ਇਹ ਗਲ ਧਿਆਨ ਮੰਗਦੀ ਹੈ ਕਿ ਧੀਰਮਲ ਪਾਸ ਆਉਣ ਤੋਂ ਬਾਦ ਮੋਜੂਦਾ ਕਰਤਾਰਪੁਰੀ ਬੀੜ ਵਿੱਚ ਬਾ-ਵਜੂਦ ਕਈ ਥਾਈਂ ਖਾਲੀ ਪੱਤਰਿਆਂ ਦੇ ਕੋਈ ਕੱਚੀ ਬਾਣੀ ਨਹੀਂ ਸੀ ਪਾਈ ਗਈ ਅਤੇ ਤਤਕਰੇ ਵਿੱਚ ਰਾਗਮਾਲਾ ਦੇ ਇੰਦਰਾਜ ਦੀ ਮੋਜੂਦਗੀ ਨੇ ਰਾਗਮਾਲਾ ਦੇ ਉਪਰੰਤ ਕਿਸੇ ਵੀ ਹੇਰ ਬਾਣੀ ਦੇ ਹੋਂਣ ਦੀ ਸੰਭਾਵਨਾ ਨੂੰ ਤਾਂ ਰੋਕ ਹੀ ਦਿੱਤਾ ਸੀ। ਕਰਤਾਰ ਪੁਰੀ ਬੀੜ ਪੰਥਕ ਹੱਥਾਂ ਵਿਚੋਂ ਨਿਕਲ ਤਾਂ ਗਈ ਪਰ ਉਸ ਦੇ ਖਾਲੀ ਪਏ ਅਨੇਕਾਂ ਪਤਰਿਆਂ ਵਿੱਚ ਮਿਲਗੋਬੇ ਦੀ ਕੋਈ ਵੱਡੀ ਕੋਸ਼ਿਸ਼ ਨਹੀ ਕੀਤੀ ਗਈ ਮਿਲਦੀ ਕਿਉਂਕਿ ਉਸ ਵੇਲੇ ਕਈ ਦਹਾਕਿਆਂ ਤਕ ਗੁਰੂ ਆਪ ਮੋਜੂਦ ਰਹੇ ਸੀ ਅਤੇ ਉਸ ਬੀੜ ਦੇ ਕਈ ਹੋਰ ਉਤਾਰੇ ਵੀ ਮੋਜੂਦ ਸੀ। ਇਸਦੇ ਨਾਲ ਹੀ ਅਗਰ ਉਸ ਬੀੜ ਬਾਬਤ ਤਬਦੀਲੀਆਂ ਗੁਰੂਆਂ ਦੇ ਹੁੰਦੇ ਕੀਤੀਆਂ ਗਈਆਂ ਹੁੰਦੀਆਂ ਤਾਂ ਇਸ ਬਾਰੇ ਗੁਰੂਆਂ ਪਾਸੋਂ ਕੋਈ ਨਾ ਕੋਈ ਹਿਦਾਇਤ ਕਰਤਾਰਪੁਰੀ ਬੀੜ ਬਾਰੇ ਜਰੂਰ ਕੀਤੀ ਜਾਣੀ ਸੀ ਜੋ ਕਿ ਕੀਤੀ ਗਈ ਨਹੀਂ ਮਿਲਦੀ।
ਕਰਤਾਰਪੁਰੀ ਬੀੜ ਦੇ ਬਾਰੇ ਸ਼ੰਕੇ ਪ੍ਰਗਟ ਕਰਦੇ ਇੱਕ ਵਿਦਵਾਨ ਇਸ ਨੂੰ (ਉਨ੍ਹਾਂ ਮੁਤਾਬਿਕ) ਆਦਿ ਬੀੜ ਦੀ ਨਕਲ ਮੰਨਦੇ ਹੋਏ ਇਹ ਨਹੀਂ ਦੱਸ ਪਾਏ ਕਿ ਅਦਿ ਬੀੜ ਦੀ ਹਰ ਸੰਭਵ ਹਦ ਤਕ ਹੂ-ਬ-ਹੂ ਨਕਲ ਕਰਨ ਦੀ ਕੋਸ਼ਿਸ਼ ਵਿੱਚ ਲਗੇ ਬੰਦੇ ਨੇ ਤਤਕਰੇ ਵਿੱਚ ਅਤੇ ਬੀੜ ਵਿੱਚ ਰਾਗਮਾਲਾ ਵਰਗੀ ਗਲ ਕਿਉਂ ਪਾਈ ਜੋ ਕਿ ਅਸਲ ਆਦਿ ਗ੍ਰੰਥ ਵਿੱਚ ਤਾਂ ਹੈ ਹੀ ਨਹੀਂ ਸੀ? ਰਾਗਮਾਲਾ ਦੀ ਮੌਜੂਦਗੀ ਨੇ ਬੜੇ ਵਿਚਾਰਕ ਪੁਆੜੇ ਤਾਂ ਪਾਏ ਪਰ ਨਾਲ ਹੀ ਇੱਕ ਗਲ ਤਾਂ ਪੱਕੇ ਤੋਰ ਤੇ ਸੁਨਿਸ਼ਚਤ ਕਰ ਦਿੱਤੀ ਕਿ ਇਸ ਤੋਂ ਬਾਦ ਦਰਜ ਸਾਰੇ ਇੰਦਰਾਜ ਬਾਣੀ ਤੋਂ ਬਾਹਰ ਮੰਨੇ ਗਏ ਅਤੇ ਇਸੇ ਕਾਰਣ ਬਾਹਰ ਵੀ ਕੱਢ ਲਏ ਗਏ। ਹਾਲਾਂਕਿ ਰਾਗਮਾਲਾ ਨੂੰ ਬਾਣੀ ਪਾਠ ਮੰਨ ਲੈਣਾ ਵੀ ਇੱਕ ਵੱਡਾ ਸਿਧਾਂਤਕ ਟਪਲਾ ਸਾਬਤ ਹੋਇਆ।
ਇਕ ਗਲ ਨਿਸ਼ਚਤ ਹੈ ਕਿ ਮੁੰਦਾਵਣੀ ਦੇ ਸਲੋਕਾਂ ਉਪਰੰਤ ਅਪਣੇ ਨਾਮ ਤੋਂ ਕੋਈ ਵੀ ਸ਼ਬਦ ਲਿਖਣਾ ਮੁੰਦਾਵਣੀ ਦੇ ਮਕਸਦ ਨੂੰ ਤੋੜਨ ਵਾਲੀ ਗਲ ਸਾਬਤ ਹੁੰਦੀ। ਇਸ ਲਈ ਬਾਣੀ ਲੇਖਨ ਸਮਾਪਤੀ ਬਾਦ ਰਾਗਮਾਲਾ ਵਰਗਾ ਇੰਦਰਾਜ ਕਿਧਰੇ ਇੱਕ ‘ਤਰਕੀਬ` (Technique) ਤਾਂ ਨਹੀਂ ਸੀ ਜੋ ਕਿ ਕਾਲਾਂਤਰ ਕਿਸੇ ਲਈ ਵੀ ਮੁੰਦਾਵਣੀ ਦੇ ਸਲੋਕਾਂ ਦੇ ਨਾਲ ਜਾਂ ਬਾਦ ਹੋਰ ਕੱਚੀ ਬਾਣੀ ਸ਼ਾਮਲ ਕਰਣ ਵਿੱਚ ਇੱਕ ਰੁਕਾਵਟ ਸਾਬਤ ਹੁੰਦੀ ਰਹੀ? ਉਸ ਨਿਗਾਹ ਨਾਲ ਵੀ ਰਾਗਮਾਲਾ ਬਾਣੀ ਤਾਂ ਬਿਲਕੁਲ ਨਹੀਂ ਸੀ। ਇਹ ਕੇਵਲ ਇੱਕ ਸੁਚਨਾਤਮਕ ਚਿੰਨ੍ਹ ਹੀ ਹੋ ਸਕਦਾ ਸੀ ਜੋ ਗੁਰੂ ਦੀ ਅਪਣੀ ਲਿਖਤ ਨਹੀਂ ਸੀ। ਕਿਉਂਕਿ ਮੁੰਦਾਵਣੀ ਦੇ ਸਲੋਕਾਂ ਵਰਗੀ ਮੁਹਰ ਦੇ ਬਾਦ ਅਪਣੇ ਵੱਲੋਂ ਹੋਰ ਇੱਕ ਸ਼ਬਦ ਵੀ ਉਪਦੇਸ਼ਾਤਮਕ ਰੂਪ ਵਿੱਚ ਲਿਖਣਾ ਗੁਰੂ ਲਈ ਆਪਣੇ ਹੱਥੀਂ ਉਸ ਪਵਿੱਤਰ ਮੁਹਰ ਨੂੰ ਭੰਗ ਕਰਣ ਵਰਗੀ ਗਲ ਹੋ ਜਾਂਦੀ। ਇਸੇ ਲਈ ਹੋ ਸਕਦਾ ਸੀ ਕਿ ਗੁਰੂ ਜੀ ਨੇ ਮੁੰਦਾਵਣੀ ਬਾਦ ਅਪਣੇ ਪਾਸਿਯੋਂ ਐਸਾ ਹੋਰ ਕੁੱਝ ਵੀ ਲਿੱਖਣਾ ਠੀਕ ਨਹੀ ਸਮਝਿਆ ਜੋ ਕਿ ਉਦੇਸ਼ਾਤਮਕ ਭਾਵ ਰੱਖਦਾ ਹੋਵੇ ਅਤੇ ਇਸ ਲਈ ਇੱਕ ‘ਬਾਹਰੀ ਚਿੰਨ` ਨੂੰ ਇੱਕ ਰੋਕੇ ਦੇ ਤੋਰ ਤੇ ਅੰਕਤ ਕਰ ਦਿਤਾ ਤਾਕਿ ਬਾਣੀ ਪਾਠ ਦੀ ਸਮਾਪਤੀ ਅਗੇ ਹੋਰ ਕੁੱਝ ਨਾ ਜੋੜੀਆ ਜਾ ਸਕੇ ਅਤੇ ਇਸੇ ਚਿੰਨ ਨੂੰ ਤਤਕਰੇ ਦੀ ਆਖਰੀ ਸਤਰ ਬਣਾ ਕੇ ਸੰਕੇਤ ਸਪਸ਼ਟ ਕਰ ਦਿੱਤਾ ਹੋਵੇ।
ਰਹੀ ਗਲ ਰਾਗਮਾਲਾ ਦੇ ਕਹੇ ਜਾਂਦੇ ਮੁੱਢਲੇ ਲਿਖਾਰੀ ਕਵੀ ਆਲਮ ਅਤੇ ਉਸਦੀ ਰਚਨਾ ‘ਮਾਧਵਾਨਲ ਕਾਮਕੰਦਲਾ` ਦੇ ਸੰਧਰਭ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਗੁਰੁਬਾਣੀ ਪਾਠ ਦੇ ਅੰਦਰ ਸਿਧਾਂਤਕ ਪੱਖ ਦੇ ਟੀਚੇ ਦੀ ਪ੍ਰਾਪਤੀ ਲਈ ਕਈ ਐਸੇ ਧਾਰਮਕ ਗ੍ਰੰਥਾਂ ਦੇ ਮਿੱਥਕਾਂ ਦਾ ਸੰਕੇਤਕ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਮਿੱਥਕਾਂ ਵਿੱਚ ਕਈ ਹੋਰ ਅਸ਼ਲੀਲ ਕਿਸੇ-ਕਹਾਣੀਆਂ ਵੀ ਸਾਮਲ ਸਨ। ਇਸ ਲਈ ਰਾਗਾਂ ਦੇ ਨਾਮ ਦਾ ਬਾਣੀ ਤੋਂ ਬਾਹਰ ਹੋਰ ਕਿਸੇ ਮਕਸਦ ਲਈ ਇਸਤੇਮਾਲ ਕਰਨਾ ਕੋਈ ਵੱਡੀ ਮਾੜੀ ਗਲ ਨਹੀਂ ਪ੍ਰਤੀਤ ਹੁੰਦੀ। ਇਸ ਸੂਰਤ ਵਿੱਚ ਵੀ ਰਾਗਮਾਲਾ ਬਾਣੀ ਪਾਠ ਦਾ ਹਿੱਸਾ ਨਹੀਂ ਬਣਦੀ। ਕੁੱਝ ਵਿਚਾਰਕਾਂ ਦੀ ਮਾਨਤਾ ਰਹੀ ਹੈ ਕਿ ਕਵੀ ਆਲਮ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਨਹੀਂ ਬਲਕਿ ਔਰੰਗਜ਼ੇਬ ਦੇ ਵਕਤ ਦਾ ਹੋਇਆ ਕਵੀ ਸੀ ਜਿਸ ਨੇ ਅਦਿ ਗ੍ਰੰਥ ਦੇ ਅੰਤ ਵਿੱਚ ਅੰਕਤ ਰਾਗਮਾਲਾ ਦੇ ਪਦਾਂ ਨੂੰ ਅਪਣੀ ਰਚਨਾ ਵਿੱਚ ਸ਼ੂਮਾਰ ਕਰ ਲਿਆ ਸੀ। ਅਗਰ ਇਹ ਗਲ ਸਹੀ ਵੀ ਮੰਨੀ ਜਾਏ ਤਾਂ ਵੀ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਚਿੰਨ੍ਹ ਤੋਂ ਵੱਧ ਹੋ ਬਾਣੀ ਦਾ ਦਰਜਾ ਨਹੀ ਰੱਖਦੀ।
ਸੰਭਾਵਨਾਵਾਂ ਕੁੱਝ ਵੀ ਹੋਂਣ ਪਰ ਰਾਗਮਾਲਾ ਪੱਖੀ ਸੱਜਣਾ ਨੂੰ ਗ਼ੋਰ ਕਰਨਾ ਚਾਹੀਦਾ ਹੈ ਕਿ ਇਹ ਇੰਦਰਾਜ਼ ਕਿਸੇ ਵੀ ਸੂਰਤ ਵਿੱਚ ਬਾਣੀ ਨਹੀਂ ਜਿਸ ਕਰਕੇ ਬਾਣੀ ਪਾਠ ਦੀ ਅਸਲ ਸਮਾਪਤੀ ਮੰਦਾਵਣੀ ਦੇ ਸਲੋਕਾਂ ਦੇ ਨਾਲ ਹੀ ਹੁੰਦੀ ਹੈ। ਉਨ੍ਹਾਂ ਨੂੰ ਰਾਗਮਾਲਾ ਕੇਵਲ ਇੱਕ ਸੂਚਨਾਤਮਕ ਅੰਤਿਕਾ ਦੇ ਤੌਰ ਤੇ ਦੇਖਦੇ ਹੋਏ ਮੁੰਦਾਵਣੀ ਤਕ ਹੀ ਬਾਣੀ ਪਾਠ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਉਹ ਗੁਰੂ ਗ੍ਰੰਥ ਸਾਹਿਬ ਦੇ ਪੁਸਕਤ ਸਵਰੂਪ ਵਿੱਚ ਰਾਗਮਾਲਾ ਦੀ ਮੋਜੂਦਗੀ ਨੂੰ ਤਤਕਰੇ ਅਤੇ ਵਰਤੀ ਗਈਆਂ ਕੁੱਝ ਗਣਿਤ ਸੰਖਿਆਵਾਂ ਵਾਂਗ ਹੀ ਬਾਣੀ ਪਾਠ ਦਾ ਹਿੱਸਾ ਨਾ ਸਮਝਣ ਤਾਂ ਇਸ ਸਬੰਧੀ ਉਹ ਸੁਚੇਤ ਹੋ ਸਕਦੇ ਹਨ ਅਤੇ ਸਿਧਾਂਤਕ ਸਮਝ ਬਣ ਸਕਦੀ ਹੈ। ਅਕਾਲ ਤਖ਼ਤ ਦੇ ਮਾਰਫਤ ਪੰਥ ਪਰਵਾਣਤ ‘ਰਹਿਤ ਮਰਿਆਦਾ` ਰਾਗਮਾਲਾ ਦੀ ਛਪਾਈ ਬਾਰੇ ਤਾਕੀਦ ਤਾਂ ਕਰਦੀ ਹੈ ਪਰ ਉਸ ਵਿੱਚ ਰਾਗਮਾਲਾ ਨੂੰ ਜਰੂਰ ਪੜਨ ਬਾਰੇ ਕੋਈ ਹਿਦਾਇਤ ਨਹੀਂ। ਇਹ ਗਲ ਰਾਗਮਾਲਾ ਪ੍ਰਤੀ ਨਾਂਹ ਪੱਖੀ ਸੱਜਣਾਂ ਲਈ ਵੀ ਤਸੱਲੀਬਖ਼ਸ਼ ਹੋ ਸਕਦੀ ਹੈ।
ਇਸ ਸਬੰਧ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੀ ਕੋਮ ਦੇ ਦਰਦੀਆਂ ਅਗੇ ਕੀਤੀ ਇਹ ਬੇਨਤੀ ਵਿਚਾਰਣ ਯੇਗ ਹੈ:
ਅੰਤ ਵਿੱਚ ਕੌਮ ਦੇ ਦਰਦੀਆਂ ਅਗੇ ਬੇਨਤੀ ਹੈ, ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ ਉਨਤੀ ਕਰਨ ਦਾ ਹੈ, ਦੇਖੋ ਪੜੋਸੀ ਭਾਈ ਆਪਣੇ ਹਕਾਂ ਦੀ ਰਾਖੀ ਲਈ ਕੀਹ ਕੀਹ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿੱਚ ਲਗੇ ਹੋਏ ਹਨ, ਪਰ ਸਾਡੀ ‘ਰਾਗਮਾਲਾ ਦੀ ਆਰੋਹੀ ਤਾਨ ਕੰਨ ਪਈ ਸੁਣਨ ਨਹੀ ਦੇਂਦੀ। ਕਿਰਪਾ ਕਰਕੇ ਵਿਚਾਰ ਕਰੋ, ਤਰਸ ਕਰੋ, ਸ਼ਾਤਿ ਕਰੋ, ਧੀਰਜ ਕਰੋ, ਖੋਜੀ ਬਣ ਕੇ ਵਿਚਾਰੋ ਵਾਦੀ ਦੀ ਪਦਵੀ ਨਾ ਲਉ”। (23 ਜਨਵਰੀ 1918 ‘ਪੰਥ ਸੇਵਕ` ਵਿਚ)
ਉਹ ਵੀ ਪੱਕੇ ਤੋਰ ਤੇ ਰਾਗਮਾਲਾ ਨੂੰ ਬਾਣੀ ਨਹੀਂ ਸੀ ਮੰਨਦੇ ਪਰ ਨਾਲ ਹੀ ਰਾਗਮਾਲਾ ਪ੍ਰਤੀ ਇਤਨੀ ਦੁਖਦਾਈ ਵਸਤੂ ਨਹੀ” (ਚਿੱਠੀ 23 ਜਨਵਰੀ 1918 ‘ਪੰਥ ਸੇਵਕ`) ਦਾ ਭਾਵ ਪਰਗਟ ਕਰਦੇ ਹੋਏ ਉਨ੍ਹਾਂ ਉਪਰੋਕਤ ਬੇਨਤੀ ਕੌਮ ਦੇ ਸਾਰੇ ਦਰਦੀਆਂ ਅਗੇ ਕੀਤੀ ਸੀ। ਇਹ ਮੰਦਭਾਗੀ ਗਲ ਹੈ ਕਿ ਲਗਭਗ 100 ਸਾਲ ਪਹਿਲੇ ਇੱਕ ਵਿਦਵਾਨ ਦੀ ਪੰਥਕ ਦਰਦ ਨਾਲ ਭਰੀ ਹੋਈ ਇਸ ਬੇਨਤੀ ਵੱਲ ਧਿਆਨ ਦੇਣਾ ਅਜੇ ਬਾਕੀ ਹੈ।
ਹਰਦੇਵ ਸਿੰਘ, ਜੰਮੂ
94191-84990


‘ਰਾਗਮਾਲਾ ਦੀ ਆਰੋਹੀ ਤਾਨ`

Tuesday, 25 October 2011

‘ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ’
 
(ਹਰਦੇਵ ਸਿੰਘ ਜੰਮੂ)


ਭਾਈ ਕਾਨ ਸਿੰਘ ਜੀ ਨਾਭਾ ‘ਗੁਰਮਤ ਮਾਰਤੰਡ’ ਵਿਚ ਵਿੱਚਤਰ ਨਾਟਕ ਗ੍ਰੰਥ ਬਾਰੇ  ਇਕ ਮਹੱਤਵਪੁਰਣ ਟਿੱਪਣੀ ਕਰਦੇ ਹਨ:

“ਕਈ ਨਾਦਾਨ ਸਿੱਖ, ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ” (ਪੰਨਾ 415, ਗੁਰਮਤ ਮਾਰਤੰਡ)

ਉਪਰੋਕਤ ਹਵਾਲੇ ਤੋਂ ਸਪਸ਼ਟ ਹੁੰਦਾ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਗੁਰੂ ਸ਼ਬਦ ਵਰਤਣ ਦੀ ਮਨਮਤਿ ਸਿੰਘ ਸਭਾ ਲਹਿਰ ਦੇ ਦੋਰ ਵਿਚ ਵੀ ਵੇਖੀ ਜਾਂਦੀ ਸੀ।ਰਹਿਤ ਮਰਿਆਦਾ ਵਿੱਚ ਗੁਰਮਤਿ ਵਿਰੁਧ ਇਸ ਮਨਮਤਿ ਨੂੰ ਠੱਲ ਪਾਈ ਗਈ ਸੀ।

ਮਹਾਨ ਕੋਸ਼ ਵਿਚ ਆਏ ਹੋਰ ਵੇਰਵੇ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪ੍ਰਸੰਗ ਅਨੁਸਾਰ ਗੁਰੂ ਗੋਬਿੰਦ ਜੀ ਉਪਰੰਤ ਵਚਿੱਤਰ ਨਾਟਕ ਦੀ ਬੀੜ ਭਾਈ ਮਨੀ ਸਿੰਘ ਜੀ ਨੇ ਲਿਖੀ-ਜੋੜੀ ਸੀ ਅਤੇ ਉਨ੍ਹਾਂ ਦੀ ਇਸ ਭੁੱਲ ਦੀ ਨਿਖੇਦੀ  ਭਾਈ ਕਾਨ ਸਿੰਘ ਜੀ ਨੇ ਗੁਰਮਤ ਮਾਰਤੰਡ ਵਿਚ ਪੰਨਾ 567 ਤੇ ਦਰਜ ਕੀਤੀ ਹੈ।ਪਹਿਲਾਂ ਉਨ੍ਹਾਂ ਵਲੋਂ ਲਿਖੇ ਪ੍ਰਸੰਗ ਬਾਰੇ ਕੁੱਝ ਵਿਚਾਰ ਲਈਏ!

ਇਹ ਗਲ ਤਾਂ ਨਿਸ਼ਚਤ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿਚ ਰੱਚਿਆ ਗਿਆ ਸੀ। ਇਹ ਗੱਲ ਪੁਰੇ ਵਿੱਚਿਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਵੀ ਸਵੀਕਾਰ ਕਰਦੇ ਹਨ। ਜਿਹੜੇ ਸੱਜਣ ਇਸ ਜੋੜ ਨੂੰ ਭਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨ੍ਹਾਂ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਸਿੱਖਾਂ ਲਈ ਬਾਣੀ ਰੂਪ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨ੍ਹਾਂ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨ੍ਹਾਂ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ।ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ/ਨਿਗਰਾਨੀ ਦੇ!ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਲਿਖਤਾਂ ਨੇ ਗੁਰੂ ਤੋਂ ਬਾਦ ਬਿਨ੍ਹਾਂ ਗੁਰੂ ਦੀ ਇਜ਼ਾਜ਼ਤ /ਹੁਕਮ/ਨਿਗਰਾਨੀ ਦੇ ਇਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ !

ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਕਿਸੇ ਗ੍ਰੰਥ ਅਤੇ ਉਸ ਦੇ ਡੁੱਬਣ/ਭਸਮ ਹੋ ਜਾਣ ਦਾ ਕਥਿਤ ਕਿੱਸਾ ਵੀ ਇਹ ਸਥਾਪਤ ਨਹੀਂ ਕਰਦਾ ਕਿ ਉਨ੍ਹਾਂ ਦੇ ਬਾਦ ਇੱਕਠੀਆਂ ਕੀਤੀਆਂ ਲਿਖਤਾਂ  ਦੇ ਜੋੜ ਦੇ ਕੰਮ ਨੂੰ ਗੁਰੂ ਦੇ ਆਦੇਸ਼/ਨਿਗਰਾਨੀ ਹੇਠ ਕੀਤਾ ਗਿਆ ਸੀ।ਪ੍ਰਸੰਗ ਅਨੁਸਾਰ ਇਸੇ ਕਾਰਣ, ਇਸ ਪੱਖੋਂ ਸੁਚੇਤ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦੇ ਇਸ ਉਪਰਾਲੇ ਤੇ ਵੱਡਾ ਕਿੰਤੂ ਖੜਾ ਕੀਤਾ ਸੀ।ਇਸ ਕਿੰਤੂ ਦਾ ਵਿਸਥਾਰ ਮਹਾਨ ਕੋਸ਼ ਵਿਚ ਵੀ ਪੜਨ ਨੂੰ ਮਿਲਦਾ ਹੈ।

ਜਦ ਦਾਸ ਨੇ ਸਮੁੱਚੇ ਵਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਇਕ ਵਿਦਵਾਨ ਸੱਜਣ ਨੂੰ ਉਰੋਕਤ ਦਲੀਲ ਦਿੱਤੀ ਤਾਂ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਭਾਈ ਮਨੀ ਸਿੰਘ ਜੀ ਨੂੰ ਉਸ ਗ੍ਰੰਥ ਨੂੰ ਲਿਖਣ ਦੀ ਇਜ਼ਾਜਤ ਗੁਰੂ ਵਲੋਂ ਨਹੀਂ ਮਿਲੀ ਸੀ ੳਤੇ ਨਾ ਹੀ ਉਹ ਗੁਰੁ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ। ਸ਼ਾਯਦ ਕੋਈ ਹੋਰ ਨਾ ਹੋਵੇ ਪਰ ਇਸ ਦਲੀਲ ਦੇ ਅੱਗੇ ਉਹ ਵਿਦਵਾਨ ਸੱਜਣ ਨਿਰੁਤਰ ਸਨ!

ਗੁਰੂ ਗਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਬਾਦ ਲਿਖੇ ਕਿਸੇ ਗ੍ਰੰਥ ਦੀ ਸਮੁੱਚੀ ਪ੍ਰਮਾਣਿਕਤਾ ਤੇ ਸਭ ਤੋਂ ਵੱਡਾ ਸ਼ੱਕ ਇਹੀ ਤੱਥ ਹੈ ਕਿ ਉਹ ਨੂੰ ਗੁਰੂ ਦੇ ਬਾਦ ਲਿਖਿਆ ਗਿਆ ਸੀ ਅਤੇ ਉਸ ਬਾਦ ਦੀ ਲਿਖਤ ਨੂੰ ਨਾ ਤਾਂ ਗੁਰੂ ਦੀ ਪਰਵਾਣਗੀ ਨਹੀਂ ਸੀ ਅਤੇ ਨਾ ਹੀ ਉਹ ਰਚਨਾ ਦਾ ਕੰਮ ਗੁਰੂ ਦੇ ਹੁਕਮ ਨਾਲ ਹੋਇਆ ਸੀ।ਗੁਰੂ ਤਾਂ ਉਸ ਸਮੇਂ ਅਕਾਲ ਚਲਾਣਾ ਕਰ ਚੁੱਕੇ ਸੀ।ਕੋਈ ਤਰਕ ਦੇ ਸਕਦਾ ਹੈ ਕਿ ਸੰਸਾਰ ਵਿਚ ਕਈ ਧਾਰਮਕ ਗ੍ਰੰਥ ਬਾਦ ਵਿਚ ਚੇਲਿਆਂ ਵਲੋਂ ਲਿਖੇ ਗਏ ਸਨ।ਇਸ ਤਰਕ ਨੂੰ ਅੱਗੇ ਚਲ ਕੇ ਸੰਖੇਪ ਵਿਚ ਵਿਚਾਰ ਲਵਾਂ ਗੇ।

ਵਚਿੱਤਰ ਨਾਟਕ ਬਾਰੇ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿਚ ਦਰਜ ਹੋਰ ਟਿੱਪਣਿਆਂ ਦੀ ਲਾਹੇਵੰਦ ਤਫ਼ਸੀਲ ਸਿੱਖ ਮਾਰਗ.ਕਾਮ ਤੇ ਮੱਖਣ ਸਿੰਘ ਪੁਰੇਵਾਲ, ਜੀ ਦੇ ਲਿਖੇ ਇਕ ਤਾਜ਼ਾ  ‘ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ’ ਤੇ ਪੜੀ ਜਾ ਸਕਦੀ ਹੈ।

ਭਾਈ ਕਾਨ ਸਿੰਘ ਜੀ ਸਪਸ਼ਟ ਰੂਪ ਵਿਚ ਦਸ਼ਮ ਗ੍ਰੰਥ ਦੀ ਕ੍ਰਿਤ ਦੇ ਵਿਰੋਧੀ ਸਨ ਪਰ ਉਹ ਇਹ ਸਵੀਕਾਰ ਕਰਕੇ ਤੁਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕੁੱਝ ਸੀ ਜ਼ਰੂਰ।ਪਰ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਕਿ ਮਨੀ ਸਿੰਘ ਜੀ ਵਲੋਂ ਲਿਖ-ਜੋੜੀ ਬੀੜ ਕੋਈ ਚੰਗਾ ਕਦਮ ਸੀ ।ਇਸੇ ਲਈ ਕਾਨ ਸਿੰਘ ਜੀ ਨੇ ਮਨੀ ਸਿੰਘ ਜੀ ਦੇ ਇਸ ਕੰਮ ਨੂੰ ਨੁਕਸਾਨਦੇਹ ਠਹਰਾਇਆ। ਬੇਸ਼ੱਕ ਉਹ ਕੁੱਝ ਲਿਖਤਾਂ ਦੇ ਸਮਰਥਨ ਵਿਚ ਸਨ ਪਰ ਉਨ੍ਹਾਂ ਦੀ ਖੋਜੀ ਟਿੱਪਣੀ ਵਚਿੱਤਰ ਨਾਟਕ ਗ੍ਰੰਥ ਦੀ, ਇਕ ਗ੍ਰੰਥ ਵਜੋਂ ਹੋਂਦ ਤੇ ਇਕ ਗੰਭੀਰ ਅਤੇ ਠਕਿ ਕਿੰਤੂ ਖੜਾ ਕਰਦੀ ਹੈ।

ਹੁਣ ਜ਼ਰਾ ਕਰਤਾਰਪੁਰੀ ਬੀੜ ਬਾਰੇ  ਪ੍ਰੋ. ਸ਼ਾਹਿਬ ਸਿੰਘ ਜੀ ਅਤੇ ਭਾਈ ਕਾਨ ਸਿੰਘ ਜੀ ਨਾਭਾ ਦੇ ਵਿਚਾਰਾਂ ਨੂੰ ਵੀ ਵਿਚਾਰੀਏ: ‘ਗ੍ਰੰਥ ਸਾਹਿਬ ਸ਼੍ਰੀ ਗੁਰੂ’ ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:

        “ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ ਪ੍ਰਭਾਤੀ ਤੀਕ 30 ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ 5751 ਹੈ ਇਹ ਬੀੜ ਹੁਣ ਕਰਤਾਰਪੁਰ ਹੈ,ਜਿਸ ਦੀ ਜਿਲਦ  ਕਿਤਾਬੀ ਅਤੇ ਸਾਰੇ ਪਤ੍ਰੇ 975 ਹਨ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੁਲਮੰਤ੍ਰ ਹੈ ਅਤੇ ਪੰਨੇ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ 436 , ਮਹਾਨ ਕੋਸ਼)

ਸਪਸ਼ਟ ਹੁੰਦਾ ਹੈ ਕਿ ਭਾਈ ਜੋਧ ਸਿੰਘ ਜੀ ਨਾਲ ਕਿਸੇ ਥਾਂ ਮਤਾਂਤਰ ਦੇ ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ ਹੋਣ ਦੇ ਤਸਦੀਕੀ ਸਨ ਅਤੇ ਭਾਈ ਜੋਧ ਸਿੰਘ ਜੀ ਵੀ।

ਜਿਥੋਂ ਤਕ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਜੀ ਦਾ ਮਤ ਹੈ ਉਸ ਨੂੰ ਆਦਿ ਬੀੜ ਬਾਰੇ ਪੁਸਤਕ ਵਿੱਚ ਉਹ ਇੰਝ ਪ੍ਰਗਟ ਕਰਦੇ ਹਨ:

 “ਜਿਹੜੀ ‘ਆਦਿ ਬੀੜ’ ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲਾ ਜਲੰਧਰ)ਵਿਚ ਹੈ।ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ ਸੰਤਾਨ ਦੇ ਕਬਜ਼ੇ ਵਿਚ ਚਲੀ ਆ ਰਹੀ ਹੈ”(ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ’, ਪੰਨਾ 112)

ਇਸ ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ।ਉਨ੍ਹਾਂ ਦੀ ਪੁਸਤਕ ‘ਆਦਿ ਬੀੜ ਬਾਰੇ’ ਦਾ ਨਾਮ ਹੀ ਕਰਤਾਰਪੁਰੀ ਬੀੜ ਨੂੰ ਅਦਿ ਬੀੜ ਮੰਨਣ ਦੇ ਸੰਧਰਭ ਵਿਚ ਸੀ।

ਹੁਣ ਆਉ ਜ਼ਰਾ ਵਚਿੱਤਰ ਨਾਟਕ ਗ੍ਰੰਥ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲਾ ਉਹ ਅੰਤਰ ਵਿਚਾਰੀਏ ਜਿਸ ਨੂੰ ਕੁੱਝ ਸੱਜਣਾ ਨੇ ਧਿਆਨ ਵਿਚ ਨਹੀਂ ਰੱਖਿਆ।

ਪਹਿਲੀ ਗੱਲ ਇਹ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੋਤ ਗੁਰੂ ਵਲੌਂ ਆਪ  ਲਿਖਵਾਇਆ ਅਤੇ ਦਸਤਖਤੀ ਤਸਦੀਕ ਕੀਤਾ ਗਿਆ ਸੀ ਜੋ ਕਿ ਕਰਤਾਰਪੁਰ ਵਿਖੇ ਮੌਜੂਦ ਹੈ।ਜਦ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਐਸੀ ਗਲ ਬਿਲਕੁਲ ਨਹੀਂ ਹੈ।

ਲੱਖਾਂ ਵਾਰ ਵੀ ਵਚਿੱਤਰ ਨਾਟਕ ਦੀ ਸਮੁੱਚੀ ਬੀੜ ਦੇ ਸਮਰਥਨ ਬਾਰੇ ਲਿਖਿਆ ਜਾਏ ਤਾਂ ਵੀ ਉਸ ਦੇ ਗੁਰੂ ਕ੍ਰਿਤ ਹੋਣ ਦੇ ਦਾਵੇ ਵਿਰੁੱਧ ਭੁਗਤਣ ਵਾਲੀ ਸਭ ਤੋਂ ਵੱਡੀ  ਗਵਾਹੀ/ਦਲੀਲ, ਇਹ ਹੈ  ਕਿ ਇਹ ਗ੍ਰੰਥ ਗੁਰੂ ਦੇ ਅਕਾਲ ਚਲਾਣੇ ਬਾਦ ਬਿਨਾਂ ਗੁਰੂ ਦੇ ਆਦੇਸ਼/ਨਿਗਰਾਨੀ ਦੇ ਰੱਚਿਆ ਗਿਆ ਸੀ।ਇਸ ਮਜ਼ਬੂਤ  ਗਵਾਹੀ/ਦਲੀਲ ਅੱਗੇ ਬਾਕੀ ਤਰਕ ਹਲਕੇ ਹਨ।

ਪਰ ਦੂਜੇ ਪਾਸੇ ਪੁਰੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਕਥਿਤ ਦਾਵੇ ਮੁਕਾਬਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਹੱਕ ਵਿਚ ਨਿਬੜਨ ਵਾਲੀ ਸਭ ਤੋਂ ਵੱਡੀ ਗਵਾਹੀ ਅਤੇ ਦਲੀਲ ਕਰਤਾਰਪੁਰੀ ਬੀੜ ਦੀ ਮੋਜੂਦਗੀ ਹੈ ਜੋ ਕਿ ਪੰਚਮ ਪਾਤਿਸ਼ਾਹ ਜੀ ਨੇ ਆਪ ਲਿਖਵਾਈ ਸੀ। ਜਿੱਥੇਂ ਤਕ ਦਮਦਮੀ ਬੀੜ ਦਾ ਸਵਾਲ ਹੈ ਤਾਂ ਉਸ ਦੀ ਪ੍ਰਮਾਣਿਕਤਾ ਲਈ ਵੀ ਦੋ ਮੂਲ ਅਧਾਰ ਮੋਜੂਦ ਹੀ ਸਨ। ਪਹਿਲਾ ਕਰਤਾਰਪੁਰੀ ਬੀੜ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਤ ਹੋ ਚੁੱਕੇ ਕਈ ਉਤਾਰੇ ਜਿਨ੍ਹਾਂ ਵਿਚ ਨੋਵੇਂ ਮਹਲੇ ਦੀ ਬਾਣੀ ਦਰਜ ਹੋ ਚੁੱਕੀ ਸੀ।ਉਸ ਦੇ ਵਿਪਰੀਤ, ਗੁਰੂ ਗੋਬਿੰਦ ਸਿੰਘ ਜੀ ਉਪਰੰਤ ਉਨਾਂ ਵਲੋਂ ਲਿਖਿਆ ਕੋਈ ਹੋਰ ਗ੍ਰੰਥ ਹੋਂਦ ਵਿਚ ਨਹੀਂ ਸੀ।ਹਾਂ ਵਖੋ-ਵੱਖ ਲਿਖਤਾਂ ਦੇ ਕਿਸੇ ਸੰਗ੍ਰਹ ਦੇ ਡੁੱਬਣ/ਨਸ਼ਟ ਹੋ ਜਾਣ ਦੇ ਹਵਾਲੇ ਦਿੱਤੇ ਜਾਂਦੇ ਹਨ।ਇੱਥੇ ਅਸੀਂ ਉਸ ਤਰਕ ਦੀ ਸੰਖੇਪ ਪੜਚੋਲ ਕਰ ਲਈਏ ਜਿਸ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੇ ਕੁੱਝ ਧਾਰਮਕ ਗ੍ਰੰਥ ਧਰਮਗੁਰੂਆਂ ਦੇ ਬਾਦ ਉਨ੍ਹਾਂ ਦੇ ਚੇਲਿਆਂ ਵੱਲੋਂ ਕਲਮਬੱਧ ਕੀਤੇ ਗਏ ਸੀ।

ਇਸ ਤਰਕ ਦੇ ਸੰਧਰਭ ਵਿਚ ਧਿਆਨ ਵਿੱਚ ਰੱਖਣ ਵਾਲੀ  ਗਲ ਹੈ ਕਿ ਬੇਸ਼ੱਕ ਮੁਹੰਮਦ ਸਾਹਿਬ ਜੀ ਦੇ ਇੰਤਕਾਲ ਦੇ ਤਿੰਨ ਦਹਾਕਿਆਂ ਤੋਂ ਵੱਧ ਅਰਸੇ ਬਾਦ ਉਨ੍ਹਾਂ ਦੇ ਕੁੱਝ ਕਰੀਬੀ ਸਮਕਾਲੀਆਂ (ਸਹਾਬੀਨ) ਨੇ, ਕੁਰਾਨ ਨੂੰ ਆਪਣੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਲਿਖਤੀ ਰੂਪ ਦਿੱਤਾ ਸੀ।ਈਸਾ ਮਸੀਹ ਨਾਲ ਹੋਇਆਂ ਗਲਾਂ, ਈਸਾ ਮਹੀਹ ਜੀ ਤੋਂ ਬਾਦ, ਚੇਲਿਆਂ ਦੀ  ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਜਗਜਾਹਰ ਹੋਇਆਂ ਪਰ ਗੁਰੂਆਂ ਨੇ ਇਸ ਪਰੰਮਪਰਾ ਦਾ ਕਦੇ ਅਨੁਸਰਣ ਨਹੀਂ ਸੀ ਕੀਤਾ। ਗੁਰੂਆਂ ਦੀ ਅਪਾਰ ਕ੍ਰਿਪਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਕਾਰਣ ਸਿੱਖੀ ਦੇ ਅੰਦਰ ਐਸਾ ਕਦੇ ਨਹੀਂ ਹੋਇਆ ਸੀ।ਜੇਕਰ ਸਿੱਖੀ ਦੇ ਅੰਦਰ ਇਹ ਗਲ ਪਰਵਾਨ ਹੁੰਦੀ ਤਾਂ ਗੁਰੂ ਆਪ ਨਾ ਬਾਣੀ ਲਿਖਦੇ-ਲਿਖਵਾਉਂਦੇ ਬਲਕਿ ਉਹ ਇਸਦਾ ਸਾਰਾ ਜਿੰਮਾਂ ਆਪਣੇ ਬਾਦ ਦੇ ਸਹਾਬੀਨਾਂ ਦੇ ਸਿਰ ਛੱਡ ਜਾਂਦੇ ਜਿਵੇਂ ਕਿ ਵੇਦ, ਕੁਰਾਨ ਅਤੇ ਬਾਈਬਲ ਗ੍ਰੰਥਾ ਬਾਰੇ ਹੋਇਆ ਸੀ। ਸਿੱਖੀ ਦੇ ਅੰਦਰ ਗੁਰੂਆਂ ਵਲੋਂ ਇਸ ਪਰੰਪਰਾ ਦੀ ਮਾਨਤਾ ਦਾ ਕੋਈ ਸਥਾਨ ਨਹੀਂ ਬਣ ਪਾਇਆ ਕਿਉਂਕਿ ਪਹਲੀ ਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਜੀ ਨੇ ਆਪ ਲਿਖਵਾਇਆ/ਤਸਦੀਕ ਕੀਤਾ ਸੀ ਅਤੇ ਉਸ ਵਿਚ ਮਹਲੇ ਨੋਂਵੇਂ ਦੀ ਬਾਣੀ ਵੀ ਦਸ਼ਮੇਸ਼ ਜੀ ਨੇ ਆਪ ਆਪਣੇ ਆਦੇਸ਼/ਨਿਗਰਾਨੀ ਹੋਠ ਦਰਜ ਕਰਵਾਈ ਸੀ।ਇਸ ਬਾਬਤ ਗੁਰੂਘਰ ਦੀ ਪਰੰਪਰਾ ਨਿਰਸੰਦੇਹ ਆਪਣੀ ਹੱਥੀ ਆਪਣੇ ਕਾਰਜ ਨੂੰ ਸਵਾਰਣ ਦੀ ਸੀ।ਇਹ ਕਾਰਜ ਕਦੇ ਵੀ ਕਿਸੇ ਸਿੱਖ ਦੀ ਨਿਗਰਾਨੀ ਵਿੱਚ ਨਹੀਂ ਸੀ ਛੱਡਿਆ ਗਿਆ।ਗੁਰੂਆਂ ਦੇ ਹੁੰਦੇ ਹੋਰ ਉਤਾਰੇ ਹੋਂਣਾ ਅਲਗ ਗਲ ਸੀ।ਪਰ ਮੌਜੂਦਾ ਵਚਿੱਤਰ ਨਾਟਕ ਗ੍ਰੰਥ ਦੀ ਰਚਨਾ ਦਾ ਮੂਲ ਸਰੋਤ, ਗੁਰੂ ਦਸ਼ਮੇਸ਼ ਜੀ ਤੋਂ ਬਾਦ, ਕਿਸੇ ਸਿੱਖ ਵਲੋਂ ਕੀਤਾ ਗਿਆ ਕੰਮ ਹੈ।

ਇਤਹਾਸ ਵਿਚ ਗੁਰੂ ਵਲੋਂ ਐਸੇ ਕਿਸੇ ਆਦੇਸ਼ ਦਾ ਹਵਾਲਾ ਨਹੀਂ ਮਿਲਦਾ ਜਿਸ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਗ੍ਰੰਥ ਨੂੰ ਲਿਖਣ ਦਾ ਆਦੇਸ਼/ਅਧਿਕਾਰ ਗੁਰੂ ਵਲੋਂ ਦਿੱਤਾ ਗਿਆ ਹੋਵੇਂ।ਜੇ ਕਰ ਭਾਈ ਮਨੀ ਸਿੰਘ ਜੀ ਨੇ ਆਪ ਇੱਕ ਲੇਖਕ ਵਜੋਂ ਇਸ ਨੂੰ ਲਿਖਿਆ ਸੀ ਤਾਂ ਇਹ ਉਨ੍ਹਾਂ ਦੀ ਰਚਨਾ ਸੀ ਜਿਸ ਵਿੱਚ, ਨਿਰਸੰਦੇਹ ਕੁੱਝ ਅੰਸ਼ ਗੁਰੂ ਦੇ ਹੋ ਸਕਦੇ ਸੀ ਜੋ ਕਿ ਗੁਰੂਕਾਲ ਤੋਂ ਹੀ ਉਨਾਂ ਸਿੱਖਾਂ ਵਿੱਚ ਵੀ ਪ੍ਰਚਲਤ ਸਨ ਜਿਨ੍ਹਾਂ ਵਿਚਕਾਰ ਮਨੀ ਸਿੰਘ ਜੀ ਦੇ ਲਿਖੇ-ਜੋੜੇ ਗ੍ਰੰਥ ਬਾਰੇ ਵਿਵਾਦ ਹੋਇਆ ਸੀ।

ਪਰ ਇਹ ਅਤਿ ਦੀ ਮੰਦਭਾਗੀ ਗੱਲ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੇ ਗੁਰੂਕ੍ਰਿਤ ਨਾ ਹੋਂਣ ਬਾਰੇ ਭੁਗਤਣ ਵਾਲੀ ਸਭ ਤੋਂ ਵੱਡੀ ਦਲੀਲ (ਕਿ ਉਸ ਨੂੰ ਬਿਨਾ ਗੁਰੂ ਦੀ ਆਗਿਆ/ਜਾਣਕਾਰੀ/ਨਿਗਰਾਨੀ ਦੇ ਲਿਖਿਆ ਗਿਆ ਸੀ)  ਨੂੰ ਨਜ਼ਰਅੰਦਾਜ਼ ਕਰਕੇ ਕੁੱਝ ਵਿਦਵਾਨ ਭਾਈ ਕਾਨ ਸਿੰਘ ਜੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਸਮੇਤ ਹੋਰ ਅਣਗਿਣਤ ਵਿਦਵਾਨਾਂ ਅਤੇ ਸਦਿਆਂ ਤੋਂ ਚਲੀ ਆ ਰਹੀ ਸਿੱਖ ਭਾਈਚਾਰੇ ਦੀ ਗਵਾਹੀ ਦੇ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ।

ਕੀ ਉਹ ਵਿਚਾਰਦੇ ਨਹੀਂ ਸਕੇ ਸੀ ਕਿ ਉਨ੍ਹਾਂ ਦਿਆਂ ਐਸੀਆਂ ਗਲਾਂ ਕਾਰਨ, ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਦਾਵੇ ਵਿਰੁਧ, ਸਭ ਤੋਂ ਵੱਡੀ ਦਲੀਲ ਨੂੰ ਹੀ ਆਉਂਣ ਵਾਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁਧ ਵੀ ਵਰਤਿਆ ਜਾ ਸਕਦਾ ਹੈ? ਜੇ ਅਸੀਂ ਐਸਾ ਨਾ ਵਿਚਾਰਿਆ ਤਾਂ ਪਤਾ ਨਹੀਂ ਕਿ ਆਉਂਣ ਵਾਲਾ ਪੰਥਕ ਸਮਾਂ ਸਾਡੇ ਮੈਕਲੋਡੀ ਚਿੰਤਨ ਨੂੰ ਕਿਸ-ਕਿਸ ਰੂਪ ਵਿਚ ਯਾਦ ਕਰੇਗਾ !!



-ਹਰਦੇਵ ਸਿੰਘ, ਜੰਮੂ

ਦੋ ਤੀਰ ਇੱਕ ‘ਨਿਸ਼ਾਨਾ’
ਹਰਦੇਵ ਸਿੰਘ, ਜੰਮੂ

ਇਕ ਤੀਰ ਨਾਲ ਜੇ ਕਰ ਦੋ ਨਿਸ਼ਾਨੇ ਸਾਧ ਲੇ ਜਾਣ ਤਾਂ ਨਿਸ਼ਾਨਾ ਲਗਾਉਣ ਵਾਲੇ ਦੀ ਸਿਆਣਪ ਜਾਂ ਚਤੁਰਾਈ ਵੀ ਕਹੀ ਜਾ ਸਕਦੀ ਹੈ।ਪਰ ਕੇ ਕਰ ਇੱਕ ਨਿਸ਼ਾਨਾ ਦੋਵੇਂ ਪਾਸਿਯੋਂ ਤੀਰਾ ਦਾ ਸ਼ਿਕਾਰ ਹੋਂਣ ਦੀ ਸਥਿਤੀ ਵਿੱਚ ਹੋਵੇ ਤਾਂ ਉਹ ਨਿਸ਼ਾਨਾ ਇਕ ਬੇ-ਚਾਰਗੀ ਵਰਗੀ ਹਾਲਤ ਵਿਚ ਫ਼ੱਸਿਆ ਸਮਝਿਆ ਜਾ ਸਕਦਾ ਹੈ।
ਇਕ ਪਾਸਿਯੋਂ ਸੁਣਨ ਨੂੰ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਸੰਪਰਦਾਈਆਂ/ਪਰੰਪਰਾਵਾਦੀਆਂ ਨਾਲ ਕੀਤਾ ਗਿਆ ਸਮਝੌਤਾ ਸੀ ਪਰ ਨਾਲ ਹੀ, ਉਸੇ ਪਾਸਿਯੋਂ, ਸੁਣਨ ਨੂੰ ਮਿਲਦਾ ਹੈ ਕਿ ਸੰਪਰਦਾਈਆਂ ਨੇ ਇਸ ਨੂੰ ਕਦੇ ਸਵੀਕਾਰ ਹੀ ਨਹੀਂ ਕੀਤਾ। ਸਮਝ ਨਹੀਂ ਆਉਂਦੀ ਕਿ ਕੀ ਕਹਿਣ ਦਾ ਜਤਨ ਕੀਤਾ ਜਾਂਦਾ ਹੈ? ਜੇਕਰ ਰਹਿਤ ਮਰਿਆਦਾ ਸੰਪਰਦਾਵਾਂ ਨਾਲ ਹੋਈਆ ਸਮਝੌਤਾ ਸੀ ਤਾਂ ਸੰਪਰਦਾਵਾਂ ਨੇ ਇਸ ਦਾ ਵਿਰੋਧ ਕਰਦੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਐਸੇ ਸਮਝੌਤਿਆਂ ਵਿਚ ਪਹਿਲਾਂ ਧਿਰਾਂ ਦੀ ਸੰਤੂਸ਼ਟੀ (Satisfaction) ਹੁੰਦੀ ਹੈ ਅਤੇ ਫ਼ਿਰ ਸਮਝੌਤੇ ਦੀ ਪੁਸ਼ਟੀ (Approval) ਜੇ ਕਰ ਪੁਸ਼ਟੀ (Approval) ਹੋ ਗਈ ਸੀ ਤਾਂ ਸੰਪਰਦਾਈਆਂ ਦੀ ਸੰਤੁਸ਼ਟੀ ਕਿੱਥੇ ਰਹਿ ਗਈ?
ਖ਼ੈਰ ਇਹ ਸੱਚ ਸਵੀਕਾਰ ਕਰ ਲਿਆ ਗਿਆ ਕਿ ਸੰਪਰਦਾਵਾਂ ਅਤੇ ਡੇਰਿਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵਿਰੋਧ ਅੱਜ ਵੀ ਬਰਕਰਾਰ ਹੈ।ਉਹ ਇਸ ਨੂੰ ਇਕ ਔਕੜ ਮੰਨਦੇ ਹਨ ਇਸ ਲਈ ਇਹ ਉਨ੍ਹਾਂ ਦੇ ਨਿਸ਼ਾਨੇ ਤੇ ਹੈ। ਚਿੰਤਨ ਦੇ ਇਸ ਤੀਰ ਦਾ ਤਾਣਾ-ਬਾਣਾ ਇਸ ਵਿਚਾਰ ਤੋਂ ਲਿੱਪਤ ਹੈ ਕਿ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਅਤੇ ਲੇਖਕਾਂ ਨੇ ਪਰੰਪਰਾਵਾਦੀ ਸੋਚ ਦੀ ਗੋਦ ਵਿਚੋਂ ਧਰਮ ਨੂੰ ਖੋਹ ਕੇ ਉਸ ਨੂੰ ਆਪਣਾ ਰੰਗ ਚਾੜ ਛੱਡਿਆ। ਇਹ ਹੋਈਆ ਇੱਕ ਪਾਸਾ!
ਦੂਜੇ ਪਾਸੇ ਸਿੱਖ ਰਹਿਤ ਮਰਿਆਦਾ ਨੂੰ ਸੰਝੋਤਾਵਾਦ ਦਾ ਦਸਤਾਵੇਜ਼ ਸਮਝਣ ਵਾਲੇ ਸੱਜਣ ਆਪਣੇ ਆਪਣੇ ਤੀਰਾਂ ਨੂੰ ਇਸਦੇ ਵਿਰੁੱਧ ਕੱਸ ਰਹੇ ਹਨ।ਉਨ੍ਹਾਂ ਦਾ ਗਿਲਾ ਵੀ ਸਿੱਖ ਰਹਿਤ ਮਰਿਆਦਾ ਦੀਆਂ ਮਦਾਂ ਦੇ ਵਿਰੋਧ ਤੋਂ ਹੁੰਦਾ ਸਿੰਘ ਸਭਾ ਲਹਿਰ ਦੇ ਮੋਢੀ ਆਗੁਆਂ ਅਤੇ ਲੇਖਕਾਂ ਤਕ ਜਾ ਪੁੱਜਦਾ ਹੈ। ਵੱਡੀ ਗਲ ਨਹੀਂ ਕਿ ਦੂਜੇ ਪਾਸੇ ਨੂੰ ਮੈਦਾਨ ਵਿਚ ਵੇਖ ਕੇ ਪਹਿਲਾ ਪਾਸਾ ਹੁਣ ਮਾਕੂਲ ਮੌਕੇ ਦੀ ਫ਼ਿਰਾਕ ਵਿਚ ਜੁਟ ਜਾਏ। ਪਹਿਲਾਂ ਤਾਂ ਉਹ ਰਹਿਤ ਮਰਿਆਦਾ ਨੂੰ ਅਸਵੀਕਾਰ ਕਰਦੇ ਆਪਣੀ ਡੱਫ਼ਲੀ ਵਜਾਉਂਦੇ ਪ੍ਰਤੀਤ ਹੁੰਦੇ ਸੀ ਹੁਣ ਹਮਖ਼ਿਆਲੀਆਂ ਨੂੰ ਵੇਖ ਕੇ ਉਹ ਵੀ ਰਹਿਤ ਮਰਿਆਦਾ ਦੀ ਡੱਫ਼ਲੀ ਵਾਜਾਉਂਣ ਗੇ। ਕਹਿੰਦੇ ਹਨ ਕਿ ਦੁਸ਼ਮਨ ਦਾ ਦੁਸ਼ਮਨ ਇਕ ਪ੍ਰਕਾਰ ਨਾਲ ਦੋਸਤ ਹੀ ਸਾਬਤ ਹੁੰਦਾ ਹੈ।
ਯਾਨੀ ਕਿ ਸਿੰਘ ਸਭਾ ਲਹਿਰ ਦੇ ਆਗੂ ਤਾਂ ਨਹੀਂ ਰਹੇ ਪਰ ਉਨਾਂ ਦੀ ਘਾਲਣਾ ਸਿੱਖ ਰਹਿਤ ਮਰਿਆਦਾ ਇਕ ਐਸੇ ਨਿਸ਼ਾਨੇ ਵਜੋਂ ਮੌਜੂਦ ਹੈ ਜਿਸ ਨੂੰ ਆਪਣੇ ਆਪਣੇ ਤਰਕਾਂ ਦੇ ਤੀਰ ਨਾਲ ਭੇਦਣ ਦਾ ਉਪਰਾਲਾ ਚਿੰਤਨ ਦੇ ਦੋ ਵੱਖਰੇ ਤਲਾਂ ਤੇ ਪ੍ਰਗਟ ਹੋ ਰਿਹਾ ਹੈ।
ਇਕ ਪਾਸੇ ਵੱਡੀ ਦਰਕਿਨਾਰੀ ਦਾ ਸ਼ਿਕਵਾ ਹੈ ਅਤੇ ਦੂਜੇ ਪਾਸੇ ਕਿਸੇ ਸ਼ੂਮਾਰੀ ਦਾ ਸ਼ਿਕਵਾ। ਸਿੱਟੇ ਵਜੋਂ ਸਿੱਖ ਰਹਿਤ ਮਰਿਆਦਾ ਦੇ, ਦੋ ਵੱਖਰੇ-ਵਖਰੇ ਤੀਰਾਂ ਦੇ ਨਾਲ ਛੱਲਣੀ ਹੋਂਣ ਦੀ ਸੰਭਾਵਨਾ ਹੈ। ਇਸਦਾ ਛੱਲਣੀ ਹੋਂਣਾ ਸਿੱਖ ਪੰਥ ਦੇ ਸਰੀਰ ਤੇ ਐਸੇ ਜ਼ਖਮਾਂ ਦੀ ਪੀੜਾ ਛੱਡੇਗਾ ਜੋ ਕਿ ਫ਼ਿਰ ਨਾਸੂਰ ਬਣ ਜਾਣਗੇ। ਕਮਾਨ ਤੇ ਕੱਸੇ ਤੀਰਾਂ ਨੂੰ ਛੱਡਣਾ ਤੋਂ ਪਹਿਲਾਂ, ‘ਵੇਲੇ’ ਨੂੰ ‘ਵੇਲੇ’ ਸਿਰ ਵਿਚਾਰ ਲਈਏ ਤਾਂ ਚੰਗਾ ਹੈ। ਅੱਜੇ ਕੁੱਝ ਵਿਗੜੀਆ ਨਹੀਂ!
ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ!
ਹਰਦੇਵ ਸਿੰਘ, ਜੰਮੂ

Friday, 21 October 2011

ਪੰਜ 'ਬਾਣੀਆਂ-ਲਿਖਤਾਂ' ਬਾਰੇ ਦੋ ਸਵਾਲ
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਚਰਨ ਸਿੰਘ ਜਿਉਣਵਾਲਾ ਜੀਉ,ਸਤਿ ਸ਼੍ਰੀ ਅਕਾਲ ! ਆਪ ਜੀ ਦਾ ਲੇਖ "ਜਾਪੁ ਜਾਂ ਦਸਮ ਗ੍ਰੰਥ ਤੋਂ ਸਾਨੂੰ ਕਹਿਡ਼ੀਆਂ ਸਖਿਆਿਵਾਂ ਲੈਣ ਦੀ ਲੋਡ਼ ਹੈ? ਪੜੀਆ ਹੈ। ਆਪ ਜੀ ਦਾ ਲੇਖ ਗੁਰਮਤਿ ਪ੍ਰਤੀ ਆਪ ਜੀ ਦੀ ਪ੍ਰਤੀਬੱਧਤਾ ਦੀ ਝੱਲਕ ਦੇਂਦਾ ਹੈ।ਨਾਲ ਹੀ, ਉਸ ਨੂੰ ਪੜਨ ਉਪਰੰਤ ਦੋ ਸਵਾਲ, ਉਤਸੁਕਤਾ ਵਸ਼ ਦਾਸ ਦੇ ਜ਼ਹਿਨ ਵਿਚ ਉੱਠੇ ਹਨ, ਜਿਨਾਂ੍ਹ ਨੂੰ ਆਪ ਜੀ ਨਾਲ ਵਿਚਾਰਣ ਤੋਂ ਪਹਿਲਾਂ ਸਪਸ਼ਟ ਕਰ ਦੇਂਵਾ ਕਿ ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਗੁਰੂ ਨਹੀਂ ਸਵੀਕਾਰਦਾ ਅਤੇ ਕਿਸੇ ਵੀ ਬਾਹਰੀ ਰਚਨਾ ਨੂੰ ਗੁਰਬਾਣੀ ਨਹੀਂ ਮੰਨਦਾ।ਦਾਸ ਇਸ ਵਿਚਾਰ ਬਾਰੇ ਚਿੰਤਨ ਦਾ ਧਾਰਨੀ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕੋਈ ਲਿਖਤ ਬਾਣੀ ਤਾਂ ਕਦਾਚਿੱਤ ਨਹੀਂ ਬਲਕਿ ਗੁਰਬਾਣੀ ਅਨੁਸਾਰੀ ਰਚਨਾ ਹੋ ਸਕਦੀ ਹੈ।ਦਾਸ ਬਾਣੀ ਅਤੇ ਰਚਨਾਵਾਂ ਨੂੰ ਵੱਖੋ-ਵੱਖ ਸਮਝਦਾ ਹੈ ਅਤੇ ਕਿਸੇ ਰਚਨਾ ਨੂੰ ਕਦੇ ਵੀ ਬਾਣੀ ਨਹੀਂ ਸੰਬੋਧਤ ਕਰਦਾ।ਇਸ ਲਈ ਆਪ ਜੀ ਪਾਸ ਬੇਨਤੀ ਹੈ ਕਿ ਕੋਈ ਹੋਰ ਵਚਿੱਤਰ ਨਾਟਕ ਗ੍ਰੰਥ ਦੀ ਹਿਮਾਯਤ ਬਾਰੇ ਜੋ ਵੀ ਸੋਚਦਾ ਹੈ, ਉਸ ਸੋਚ ਨੂੰ ਆਪ ਜੀ ਦਾਸ ਦੇ ਨਾਲ ਨਹੀਂ ਜੋੜਨਾ।ਇਹ ਵੀ ਬੇਨਤੀ ਕਰ ਦੇਵਾਂ ਕਿ ਦਾਸ ਦੇ ਸਵਾਲਾਂ ਦਾ ਸਬੰਧ ਇਸ ਚਰਚਾ ਨਾਲ ਬਿਲਕੁਲ ਨਹੀਂ ਕਿ ਜਾਪੁ ਸਵੈਯੇ ਅਤੇ ਚੌਪਈ  ਗੁਰੂ ਲਿਖਤ ਹਨ ਜਾਂ ਨਹੀਂ ? ਮੇਰੇ ਸਵਾਲਾਂ ਦਾ ਸੰਧਰਭ, ਆਪਣੀ ਜਾਣਕਾਰੀ ਲਈ, ਕੇਵਲ ਕੁੱਝ ਤੱਥਾਂ ਅਤੇ ਆਪ ਜੀ ਦੇ ਇੱਕ ਵਿਚਾਰ ਬਾਰੇ ਵਿਚਾਰ ਕਰਨਾ ਹੈ। ਹੁਣ  ਜ਼ਹਿਨ ਵਿਚ ਉੱਠੇ ਦੋ ਸਵਾਲਾਂ ਵੱਲ ਪਰਤਦਾ ਹਾਂ! ਆਪ ਜੀ ਨੇ ਇਸ ਪ੍ਰਕਾਰ ਲਿਖਿਆ ਹੈ:-

"  
ਅੱਜ ਵਾਲੀਆਂ ਅੰਮ੍ਰਤਿ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ iਸੰਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮਡ਼੍ਹ ਗਆਿ ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ। ਬਾਕੀ ਗੁਰੂ ਸਾਹਬਿ ਤੰਬੂ iv~c ਆਪ ਇਕੱਲੇ ਬੈਠ ਕੇ ਕੀ ਪਡ਼੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਆਿਰ ਕਰਦੇ ਹਨ ਇਹ ਤਾਂ ਉਹ ਹੀ ਜਾਨਣ "

ਵਧੇਰੀ ਸਪਸ਼ਟਤਾ ਲਈ ਆਪ ਜੀ ਦੇ ਇਸ ਕਥਨ ਨੂੰ ਦੋ ਹਿੱਸਿਆਂ ਵਿਚ ਇੰਝ ਵੱਡ ਲੇਂਦੇ ਹਾਂ ਤਾਂ ਕਿ ਦੋ ਸਵਾਲ ਵੀ ਵਿਚਾਰ ਲਈ ਸਪਸ਼ਟ ਹੋ ਜਾਣ:-
() " ਅੱਜ ਵਾਲੀਆਂ ਅੰਮ੍ਰਤਿ ਦੀਆਂ ਪੰਜ ਬਾਣੀਆਂ ਸੰਤ ਕਵੀ ਭਾਈ ਵੀਰ ਸੰਿਘ ਅੰਗਰੇਜਾਂ ਦੇ ਕਹੇ ਅਨੁਸਾਰ ਸਾਡੇ ਗਲ ਮਡ਼੍ਹ ਗਆਿ ਨਹੀਂ ਤਾਂ ਅਸੀਂ ਇਨ੍ਹਾਂ ਬਾਣੀਆਂ ਤੋਂ ਤਾਂ ਮੁਕਤ ਹੀ ਸਾਂ "
(
) " ਬਾਕੀ ਗੁਰੂ ਸਾਹਬਿ ਤੰਬੂ ਵਚਿ ਆਪ ਇਕੱਲੇ ਬੈਠ ਕੇ ਕੀ ਪਡ਼੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਆਿਰ ਕਰਦੇ ਹਨ ਇਹ ਤਾਂ ਉਹ ਹੀ ਜਾਨਣ" ਦਾਸ ਆਪ ਜੀ ਦੇ ਪਹਿਲੇ ਕਥਨ ਵਿਚ ਦਰਸਾਏ 'ਤੱਥ ਦੀ ਸੱਤਿਯਤਾ ਬਾਰੇ' ਇਸ ਸੰਦੇਹ ਨਾਲ ਗ੍ਰਸਤ ਹੈ ਕਿ 'ਉਹ ਅੱਸਤਯ' ਹੈ।ਇਸ ਤੋਂ ਪਹਿਲਾਂ ਕਿ ਦਾਸ ਦਾ ਇਸ ਸੰਦੇਹ ਯਕੀਨ ਵਿਚ ਬਦਲੇ, ਦਾਸ ਆਪ ਜੀ ਨਾਲ ਕੁੱਝ ਵਿਚਾਰ ਸਾਂਝੇ ਕਰਨਾ ਮੁਨਾਸਿਬ ਅਤੇ ਚਿੰਤਨ ਦੇ ਅਦਬ ਦਾ ਤਕਾਜ਼ਾ ਸਮਝਦਾ ਹੈ।
ਭਾਈ ਵੀਰ ਸਿੰਘ ਜੀ ਦਾ ਜਨਮ  ੧੮੭੨ ਦਸੰਬਰ ਵਿਚ ਹੋਇਆ ਸੀ ਅਤੇ ਲਗਭਗ ੧੮੯੧ ਦੇ ਦਸਵੀਂ ਪਾਸ ਕਰਨ ਉਪਰੰਤ ਉਹ ਆਪਣੇ ਲੇਖਨ ਦੇ ਆਰੰਭਕ ਦੋਰ ਵਿਚ ਸਕੂਲਾਂ ਵਿਚ ਪੜਾਏ ਜਾਂਦੇ ਭੂਗੋਲ ਵਿਸ਼ੇ ਦਿਆਂ ਪੁਸਤਕਾਂ ਲਿਖਦੇ ਸੀ।ਫ਼ਿਰ ੧੮੯੮ ਅਤੇ ੧੮੯੯ ਵਿਚ ਉਨਾਂ੍ਹ ਦੀਆਂ ਨਾਵਲਾਂ ਸੁੰਦਰੀ ਅਤੇ ਬੀਜੇਯ ਸਿੰਘ ਪ੍ਰਕਾਸ਼ਤ ਹੋਇਆਂ ਸੀ।ਇਸ ਦਰਮਿਆਨ ੧੮੯੪ ਵਿਚ ਉਨਾਂ ਇਕ ਖਾਲਸਾ ਟਰੈਕਟ ਸੋਸਾਇਟੀ ਬੜਾਈ ਸੀ ਅਤੇ ੧੮੯੯ ਵਿਚ ਇਕ ਹਫ਼ਤਾਵਰ ਰਸਾਲਾ ਖ਼ਾਲਸਾ ਸਮਾਚਾਰ ਪੱਤਰ ਆਰੰਭ ਕੀਤਾ ਸੀ।
ਸ਼ਵਾਲ ਸਪਸ਼ਟ ਕਰਨ ਲਈ ਇਸ ਚਰਚਾ ਵਿਚ ਇਹ ਹੀ ਤੱਥ ਲੋੜੀਂਦੇ ਹਨ ਤਾਂ ਕਿ ਬਾਕੀ ਦੇ ਤੱਥ ਆਪ ਜੀ ਸਪਸ਼ਟ ਕਰ ਸਕੋ।
ਹੁਣ ਜ਼ਰਾ  ਇਕ ਹੋਰ ਸ਼ਖ਼ਸੀਅਤ ਭਾਈ ਕਾਨ ਸਿੰਘ ਜੀ ਨਾਭਾ ਬਾਰੇ ਕੁੱਝ ਤੱਥਾਂ ਨੂੰ ਸੰਖੇਪ ਵਿਚਾਰ ਲਈਏ:-ਉਨਾਂ੍ਹ ਦਾ ਜਨਮ ੧੮੬੧ ਵਿਚ ਹੋਇਆ ਸੀ। ੧੮੭੧ ਵਿਚ ਉਹ ਗੁਰਬਾਣੀ ਦੇ ਗਿਆਨ ਅਤੇ ਬਾਹਰ ਦਿਆਂ ਰਚਨਾਵਾਂ ਨਾਲੌਂ ਚੰਗੀ ਤਰਾਂ ਜਾਣੁ ਹੋ ਚੁੱਕੇ ਸੀ।੧੮੮੫ ਤਕ ਉਹ ਪਰਸ਼ੀਅਨ, ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾਵਾਂ ਦਾ ਵਿਸਥਾਰ ਗਿਆਨ ਪ੍ਰਾਪਤ ਕਰ ਚੁੱਕੇ ਸੀ ਅਤੇ ਭਾਈ ਗੁਰਮੁਖ ਸਿੰਘ ਜੀ ਨਾਲ ਸਿੰਘ ਸਭਾ ਲਹਿਰ ਵਿਚ ਉਤਰੇ ਹੋਏ ਸੀ। ੧੮੮੭ ਵਿਚ ਮਸ਼ਹੂਰ ਲਿਖਤ 'ਹਮ ਹਿੰਦੂ ਨਹੀਂ' ਲਿਖੀ। ੧੮੯੮ ਵਿਚ ਗੁਰਮਤਿ ਪ੍ਰਭਾਕਰ ਅਤੇ ੧੮੯੯ ਗੁਰਮਤਿ ਸੁਧਾਕਰ ਛੱਪੀ।ਉਸ ਤੋਂ ਬਾਦ ੧੪ ਸਾਲ ਮਹਾਨ ਕੋਸ਼ ਲਿੱਖਿਆ ਜੋ ੧੯੨੬ ਵਿਚ ਪੁਰਾ ਹੋ ੧੯੩੦ ਵਿਚ ਛੱਪਿਆ।
੧੯੩੮ ਵਿਚ ਅਚਾਨਕ ਅਕਾਲ ਚਲਾਣਾ ਕਰਨ ਤੋਂ ਕਰੀਬ ਇਕ ਦੋ ਸਾਲ ਪਹਿਲਾਂ ਗੁਰਮਤਿ ਮਾਰਤੰਡ  ਲਿਖ ਛੱਪਿਆ ਜਿਸ ਵਿਚ ਗੁਰਮਤਿ ਪ੍ਰਭਾਕਰ,ਗੁਰਮਤਿ ਸੁਧਾਕਰ ਅਤੇ ਕਿਸੇ ਸਮੇਂ ਛੱਪਵਾਈ ਤੋਂ ਰੋਕ ਲਏ ਕੰਮ 'ਗੁਰੂ ਗਿਰਾ ਕਸੋਟੀ' ਲਿਖਤਾਂ ਵੀ ਸ਼ਾਮਲ ਸਨ।
ਇਸ ਚਰਚਾ ਲਈ ਭਾਈ ਕਾਨ ਸਿੰਘ ਜੀ ਦਾ ਇਨਾਂ ਉੱਲੇਖ ਹੀ ਕਾਫੀ ਹੈ।
ਹੁਣ ਆਉ ਜ਼ਰਾ ਵਿਚਾਰਿਏ ਕਿ ਭਾਈ ਵੀਰ ਸਿੰਘ ਜੀ ਦਿਸੰਬਰ ੧੮੭੨ ਵਿਚ ਜਨਮ ਹੋਂਣ ਕਾਰਨ ਭਾਈ ਕਾਨ ਸਿੰਘ ਜੀ ਨਾਲੋਂ ਲਗਭਗ ੧੨ ਸਾਲ ਛੋਟੇ ਸੀ ਅਤੇ ਲੇਖਨ ਖੈਤਰ ਵਿਚ ਉਨਾਂ ਨਾਲੋਂ ਬੜੀ ਪਿੱਛੇਂ ਤੁਰੇ ਸੀ।
ਜਿਸ ਵੇਲੇ ਭਾਈ ਵੀਰ ਸਿੰਘ ਜੀ ਅੱਜੇ ਲਗਬਗ ਸਾਲ ਦੇ ਸੀ ਉਸ ਵੇਲੇ ਕਾਨ ਸਿੰਘ ਜੀ ਸਿੰਘ ਸਭਾ ਲਹਿਰ ਵਿਚ ਭਾਈ ਗੁਰਮੁੱਖ ਸਿੰਘ ਜੀ ਨਾਲ ਇਕ ਮੋਢੀ ਲੇਖਕ ਅਤੇ ਆਗੂ ਵਜੋਂ ਉਤਰ ਚੁੱਕੇ ਆਪਣੇ ਲੇਖਨ ਰਾਹੀਂ ਜਾਗਰੂਕਤਾ ਪੈਦਾ ਕਰ ਰਹੇ ਸੀ।
ਜਿਸ ਵੇਲੇ ਭਾਈ ਕਾਨ ਸਿੰਘ ਜੀ ਗੁਰਮਤਿ ਵਿਚਾਰ ਰਹੇ ਸੀ ਉਸ ਵੇਲੇ ਭਾਈ ਵੀਰ ਸਿੰਘ ਜੀ ਭੂਗੋਲ ਦਿਆਂ ਪੁਸਤਕਾਂ ਲਿਖ ਰਹੇ ਸੀ।
ਜਿਸ ਵੇਲੇ ਭਾਈ ਸਾਹਿਬ ਜੀ ਗੁਰਮਤ ਸੁਧਾਕਰ ਅਤੇ ਗੁਰਮਤ ਪ੍ਰਭਾਕਰ ਲਿਖ ਰਹੇ ਸੀ ਉਸ ਵੇਲੇ ਭਾਈ ਵੀਰ ਸਿੰਘ ਜੀ ਸੁੰਦਰੀ ਅਤੇ ਬਿਜੇਯ ਸਿੰਘ ਨਾਵਲ ਲਿਖ ਰਹੇ ਸੀ।
ਜਿਸ ਵੇਲੇ ਭਾਈ ਕਾਨ ਸਿੰਘ ਜੀ ਨੇ ਮਹਾਨ ਕੋਸ਼ ਦਾ ਕੰਮ ਖਤਮ ਕੀਤਾ ਉਸ ਵੇਲੇ ਭਾਈ ਵੀਰ ਸਿੰਘ ਜੀ ਨੇ ਗੁਰਪਰਤਾਪ ਸੂਰਜ਼ ਗ੍ਰੰਥ ਸ਼ੁਰੂ ਕੀਤਾ ਸੀ। ਜਿਸ ਵੇਲੇ ਭਾਈ ਵੀਰ ਸਿੰਘ ਜੀ ਗੁਰਪਰਤਾਪ ਲਿਖ ਰਹੇ ਸੀ ਉਸ ਵੇਲੇ ਭਾਈ ਕਾਨ ਸਿੰਘ ਜੀ ਮਾਹਨ ਕੋਸ਼ ਦੀ ਸੁਧਾਈ ਕਰ ਗੁਰਮਤ ਮਾਰਤੰਡ ਪੁਰੀ ਕਰ ਚੁਕੇ ਅਤੇ ਛੱਪਵਾ ਚੁੱਕੇ ਸੀ।
ਸਨਮਾਨ ਯੋਗ ਵੀਰ ਜੀਉ ਹੁਣ ਜ਼ਰਾ ਇਹ ਵੇਖੋ ਕਿ ੧੮੯੯ ਵਿਚ ਛੱਪੀ ਗੁਰਮਤ ਸੁਧਾਕਰ ( ਜੋ ਕਿ ਕਰੀਬ ੧੮੯੫-੯੮ ਦਰਮਿਆਨ ਲਿਖੀ ਗਈ ਸੀ) ਵਿਚ ਪੰਨਾ ਨੰ: ੪੩੪-੩੫ ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਰੀਤੀ ਸਿਰਲੇਖ ਹੇਠ ਕੀ ਲਿਖਦੇ ਹਨ:-. ਖੰਡੇ ਦੇ ਅੰਮ੍ਰਿਤ ਦੀ ਰੀਤੀ
ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦੀਵਾਨ ਦੇ ਚੁਣੇ ਹੋਏ ਪੰਜ ਖੜਗਧਾਰੀ ਸਿੰਘ ਕਰਣੀ ਦੇ ਪੂਰੇ ਸਰਬਲੋਹ ਦੇ ਬਰਤਨ ਵਿੱਚ ਜਲ ਅਤੇ ਪਤਾਸੇ ਮਿਲਾਕੇ ਯਥਾਕ੍ਰਮ 'ਵੀਰਾਸਨ' ਲਗਾਕੇ ਖੰਡਾ ਫੇਰਦੇ ਹੋਏ ਇੱਕ ਮਨ ਹੋਕੇ ਜਪੁ,ਜਾਪੁ ਸਵੈਯੇ,ਚੌਪਈ ਅਤੇ ਆਨੰਦ ਦਾ ਪਾਠ ਕਰਣ.ਬਾਣੀ ਦਾ ਭੋਗ ਪੈਣ ਪਰ ਅਰਦਾਸਾ ਸੋਧ ਕੇ ਅਮ੍ਰਿਤ ਛਕਾਯਾ ਜਾਵੈ. ਅਮ੍ਰਿਤ ਛਕਣਵਾਲਾ ਜੋ ਸਕੇਸ਼ ਸ਼ਨਾਨ ਕਰਕੇ ਨਿਰਮਲ ਵਸਤੂ ਪਹਿਨੇ ਸਿੰਘ ਲਿਬਾਸ ਵਿੱਚ ਖੜਗ ਪਹਿਨੇ ਖਵਾ ਹੈ, ਉਹ ਮਨ ਨੂੰ ਇਕਾਗ੍ਰ ਕਰਕੇ ਵਾਹਗੁਰੂ ਦਾ ਜਾਪ ਜਪਦਾ ਰਹੇ.ਅਮ੍ਰਿਤ ਦੇ ਜਿਗਯਾਸੂ ਨੂੰ ਵੀਰਾਸਨ ਬੈਠਾ ਕੇ ਪੰਜ ਚੁਲੇ ਅਮ੍ਰਿਤ ਦੇ ਛਕਾਏ ਜਾਣ.ਪੰਜ ਪੰਜ ਨੇਤ੍ਰਾਂ ਅਤੇ ਕੇਸ਼ਾਂ ਵਿੱਚ ਛਿੜਕੇ ਜਾਣ, ਔਰ ਬਾਟੇ ਵਿੱਚ ਬਚਿਆ ਹੋਯਾ ਅਮ੍ਰਿਤ ਸਿੰਘ, ਅਥਵਾ ਸਿੰਘਾਂ ਨੂੰ ਛਕਾਕੇ ਸੁਨਰਿਰੀਏ ਬਣਾਯਾ ਜਾਵੈ-ਹਰੇਕ ਚੁਲੇ ਨਾਲ,- ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫ਼ਤਹ ਗਜਾਈ ਜਾਵੈ.ਅਤੇ ਛਕਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਗਜਾਵੈ.ਗੁਰੂ ਗੰ੍ਰਥਸਾਹਿਬ ਵਿਚੋਂ ਤੁਕ ਲੈਕੇ ਅੱਖਰ ਅਨੁਸਾਰ ਨਾਂਉ ਰੱਖਿਆ ਜਾਵੈ.ਇਸ ਪਿਛੋਂ ਸਿੰਘ ਸੰਪ੍ਰਦਾ ਦੀ ਰਹਿਤ ਦਾ ਉਪਦੇਸ਼ ਦੇਕੇ ਅਤੇ ਗੁਰੁਮੰਤ੍ਰ ਦਾ ਜਾਪ ਕਰਾਕੇ ਅਰਦਾਸ ਸੋਧਕੇ ਕੜਾਹ ਪ੍ਰਸ਼ਾਦ ਬਰਤੇ aਤੇ ਅਮ੍ਰਿਤ ਵਾਲੇ,ਬਾਟੇ ਵਿੱਚ ਹੀ ਜਹਾਜ਼ ਚੜੇ ਸਿੰਘ ਨੂੰ ਕੜਾਹ ਪ੍ਰਸ਼ਾਦ ਛਕਾਯਾ ਜਾਵੈ.ਜੇ ਬਹੁਤੇ ਸਿੰਘ ਅਮ੍ਰਿਤ ਛਕਣਵਾਲੇ ਹੋਣ ਤਾਂ ਸਾਰੇ ਇੱਕੋ ਬਰਤਨ ਵਿੱਚ ਪ੍ਰਸ਼ਾਦ ਛਕਣ, ਔਰ ਇਕ ਪਿਤਾ ਦੇ ਪੁਤ੍ਰ ਹੋਣ ਕਰਕੇ ਪਹਿਲੀ ਜਾਤਿ ਪਾਤਿ ਗੌਤ ਦਾ ਖ਼ਯਾਲ ਨਾ ਰੱਖਣ.ਸਿੰਘਣੀਆਂ ਲਈ ਭੀ ਅਮ੍ਰਿਤ ਦੀ  ਏਹੋ ਰੀਤੀ ਹੈ, ਕਈ ਸਿੱਖ, ਇਸਤ੍ਰੀਆਂ ਵਾਸਤੇ ਅਮ੍ਰਿਤ ਹੋਰ ਤਰਾਂ ਛਕਾਉਂਣਾ ਦੱਸਦੇ ਹਨ, ਪਰ ਇਹ ਕੇਵਲ ਮਨਮਤ ਹੈ"
 ਵੀਰ ਗੁਰਚਰਨ ਸਿੰਘ ਜੀਉ ਹੁਣ ਇਹ ਦੱਸਣ ਦੀ ਕਿਰਪਾਲਤਾ ਕਰਨੀ ਪਹਿਲਾਂ ਤੋਂ ਚਲ ਰਹੀ ਪੰਜ ਬਾਣੀਆਂ ਦੀ ਰੀਤ ਭਾਈ ਕਾਨ ਸਿੰਘ ਜੀ ਨਾਭਾ ਨੇ ਕੋਮ ਦੇ ਗਲ ਪਾਈ ਸੀ ਜਾਂ ਵੀਰ ਸਿੰਘ ਜੀ ਨੇ ਅੰਗ੍ਰਜ਼ਾਂ ਨਾਲ ਮਿਲ ਕੇ ਅਤੇ ਅਸੀਂ ਵੀਰ ਸਿੰਘ ਜੀ ਤੋਂ ਪਹਿਲਾਂ ਇਨਾਂ੍ਹ ਤੋਂ ਕਿਵੇਂ ਮੁਕਤ ਸਾਂ? (ਇਹ ਦਾਸ ਦਾ ਪਹਿਲਾ ਸਵਾਲ ਹੈ)

ਭਾਈ ਕਾਨ ਸਿੰਘ ਜੀ ਨੇ ਵੀਰ ਸਿੰਘ ਜੀ ਤੋਂ ਪਹਿਲਾਂ ਹੀ ਅੰਮ੍ਰਿਤ ਦੀ ਰੀਤ ਦਰਜ ਕੀਤੀ ਸੀ ਇਸ ਲਈ ਇੱਥੇ ਇਕ ਸਵਾਲ ਪਾਠਕਾਂ ਦੇ ਮਨ ਵਿੱਚ ਬੜੀ ਤਿਬਰਤਾ ਨਾਲ ਉੱਠੇਗਾ। ਉਹ ਇਹ ਕਿ ਕੀ ਇਹ ਪੰਜ ਬਾਣੀਆਂ ਵਾਲੀ ਰੀਤ ਭਾਈ ਕਾਨ ਸਿੰਘ ਜੀ ਨੇ ਪਹਿਲੀ ਵਾਰ ਘੜ ਕੋਮ ਦੇ ਗੱਲ ਪਾਈ ਸੀ ? ਤਾਂ ਇਸ ਦਾ ਉੱਤਰ ਦਾਸ ਦੇਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ।ਇਸਦਾ ਦਾ ਉੱਤਰ ਹੈ ਨਹੀਂ ! ਕਿਉਂਕਿ ਇਹ ਰੀਤ ਭਾਈ ਕਾਨ ਸਿੰਘ ਜੀ ਤੋਂ ਪਹਿਲਾਂ ਹੀ ਤੁਰੀ ਆਉਂਦੀ ਸੀ ਜਿਸਦਾ ਸਬੂਤ ਇਹ ਹੈ ਕਿ ਅਗਰ ਪਹਿਲਾਂ ਵੱਖਰੀ ਰੀਤ ਹੁੰਦੀ ਤਾਂ ਨਵੀਂ ਰੀਤ ਚਲਾਉਂਣ ਲਈ ਭਾਈ ਕਾਨ ਸਿੰਘ ਜੀ ਪੁਰਾਣੀ ਰੀਤ ਦਾ ਉੱਲੇਖ ਕਰਦੇ ਹੋਏ ਨੂੰ ਗਲਤ ਠਹਰਾaਂਦੇ ਜਿਵੇਂ ਉਨਾਂ੍ਹ ਇਸ ਰੀਤ ਬਾਰੇ ਪ੍ਰਚਲਤ ਗਲਤ ਸੋਚਾਂ ਲਈ ਇੰਝ ਕੀਤਾ ਹੈ।
" ...
ਇਕ ਪਿਤਾ ਦੇ ਪੁਤ੍ਰ ਹੋਣ ਕਰਕੇ ਪਹਿਲੀ ਜਾਤਿ ਪਾਤਿ ਗੌਤ ਦਾ ਖ਼ਯਾਲ ਨਾ ਰੱਖਣ.ਸਿੰਘਣੀਆਂ ਲਈ ਭੀ ਅਮ੍ਰਿਤ ਦੀ  ਏਹੋ ਰੀਤੀ ਹੈ, ਕਈ ਸਿੱਖ, ਇਸਤ੍ਰੀਆਂ ਵਾਸਤੇ ਅਮ੍ਰਿਤ ਹੋਰ ਤਰਾਂ ਛਕਾਉਂਣਾ ਦੱਸਦੇ ਹਨ, ਪਰ ਇਹ ਕੇਵਲ ਮਨਮਤ ਹੈ"ਵੀਰ ਜੀਉ ਜ਼ਰਾ ਕੁ ਧਿਆਨ ਕਰਨਾ ਕਿ ਜੇ ਕਰ ਉਸ ਵੇਲੇ (ਅੱਜ ਤੋਂ ਲਗਭਗ ੧੧੫ ਸਾਲ ਪਹਿਲਾਂ ਤੋਂ ਹੀ ) ਨਿਤਨੇਮ ਵਿਚ ਜਾਪੁ ਸਵੈਯੇ ਅਤੇ ਚੌਪਈ ਜੇਕਰ ਨਾ ਪੜੇ ਜਾਂਦੇ ਹੁੰਦੇ ਤਾਂ ਭਾਈ ਕਾਨ ਸਿੰਘ ਨਾਭਾਂ ਜੀ ਇਨਾਂ੍ਹ ਨੂੰ ਪੜਣ ਬਾਰੇ ਆਪਣਾ ਨਵਾਂ ਵਿਚਾਰ ਪੇਸ਼ ਕਰਦੇ ਇਹ ਜ਼ਰੂਰ ਲਿਖਦੇ ਕਿ ਇਨਾਂ ਨੂੰ ਨਾ ਪੜਨਾ ਮਨਮਤ ਹੈ।ਜਿਵੇਂ ਕਿ ਉਨਾਂ ਨੇ ਜਾਤਿ ਪਾਤਿ ਅਤੇ ਇਸਤਰਿਆਂ ਨੂੰ ਅੰਮ੍ਰਿਤ ਛਕਾਉਂਣ ਬਾਰੇ ਲਿਖਿਆ ਹੈ।ਗੁਰਮਤ ਸੁਧਾਕਰ ਵਿਚ ਹਰ ਉਸ ਪੁਰਾਣੀ ਰੀਤ ਦਾ ਟਿੱਪਣੀ ਸਹਿਤ ਖੰਡਨ ਹੈ ਜੋ 'ਭਾਈ ਸਾਹਿਬ ਅਨੁਸਾਰ' ਗੁਰਮਤਿ ਦੇ ਵਿਰੁਧ ਸੀ।ਜੇ ਕਰ ਪੁਸਤਕ ਲਿਖਣ ਤੋਂ ਪਹਿਲਾਂ ਬਾਹਰ ਦਿਆਂ ਤਿੰਨ ਬਾਣੀਆਂ ਪੜਨ ਦੀ ਰੀਤ ਨਾ ਹੁੰਦੀ ਤਾਂ ਭਾਈ ਕਾਨ ਸਿੰਘ ਜੀ ਨੇ ਉਸ  ਰੀਤ ਨੂੰ ਗਲਤ ਠਹਰਾਉਂਦੇ ਹੋਏ ਹੀ ਜਾਪੁ, ਸਵੈਯੇ ਅਤੇ ਚੌਪਈ ਪੜਨ ਦੇ ਸਮਰਥਨ ਵਿਚ ਟਿੱਪਣੀ ਰਾਹੀ ਨਵਾਂ ਤਰਕ ਪੇਸ਼ ਕਰਨਾ ਸੀ।
ਇੱਥੇ ਆਪ ਜੀ ਵਲੋਂ ਇਕ ਪੁੱਛੇ ਸਵਾਲ ਦਾ ਜ਼ਿਕਰ ਵੀ ਪ੍ਰਸੰਗਕ ਪ੍ਰਤੀਤ ਹੂੰਦਾ ਹੈ। ਆਪ ਜੀ ਨੇ ਲੇਖ ਵਿਚ ਇਕ ਖੁੱਲਾ ਸਵਾਲ ਕੀਤਾ ਹੈ;

"
ਵੀਰੋ-ਭਰਾਵੋ ਕੋਈ ਸਬੂਤ ਪੇਸ਼ ਕਰੋ ਜਹਿਡ਼ਾ ੧੦੦-੧੫੦ ਸਾਲ ਪੁਰਾਣਾ ਹੋਵੇ ਤੇ ਇਹ ਸਾਬਤ ਕਰਦਾ ਹੋਵੇ ਿਗੁਰੂ ਗੋਬੰਿਦ ਸੰਿਘ ਜੀ ਨੇ ਇਹੋ ਅੱਜ ਵਾਲੀਆਂ ਬਾਣੀਆਂ ਪਡ਼੍ਹੀਆਂ ਸਨ?

ਵੀਰ ਜੀਉ ਇਸ ਸਵਾਲ ਵਿੱਚ ਆਪ ਵਲੋਂ ਮਿੱਥੇ ਸਮੇਂ ਤੋਂ ਜ਼ਾਹਰ ਹੈ ਕਿ ਆਪ ਜੀ ਨਿਸ਼ਚਤ ਰੂਪ ਵਿੱਚ ਗੁਰੂ ਵਲੋਂ ਲਿਖਤੀ ਸਬੂਤ ਦੀ ਮੰਗ ਨਹੀਂ ਕਰ ਰਹੇ ਕਿਉਂਕਿ ਉਹ ਤਾਂ ੩੦੦ ਸਾਲ ਤੋਂ ਵੱਧ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ। ਇਸ ਲਈ , ਆਪ ਜੀ ਦੇ ਇਸ ਸਵਾਲ ਬਾਬਤ ਦਾਸ ਵਲੋਂ ਪੇਸ਼ ੧੦੦ ਸਾਲ ਤੋਂ ਵੱਧ ਪੁਰਾਣਾ ਸਬੂਤ ਭਾਈ ਕਾਨ ਸਿੰਘ ਜੀ ਨਾਭਾ ਜੀ ਦਿਆਂ ਉੱਪਰ ਵਿਚਾਰਿਆ ਲਿਖਤਾਂ ਦੇ ਰੂਪ ਵਿਚ ਪੇਸ਼ ਹੈ।
ਹੁਣ ਦੂਜੇ ਸਵਾਲ ਵੱਲ ਤੁਰਦਾ ਹਾਂ:-
ਤਰਕਪੁਰਣ ਹੋਣ ਕਾਰਣ ਇਹ ਗਲ ਸਚਮੁੱਚ ਧਿਆਨ ਮੰਗਦੀ ਹੈ ਕਿ ੧੬੯੯ ਵਾਲੇ ਦਿਨ, ਪਹਿਲਾਂ ਅਤੇ ਪਹਿਲੀ ਵਾਰ ਬਾਣੀਆਂ ਪੜਨ ਬਾਰੇ ਜੋ ਕੁੱਝ ਹੋਇਆ ਉਹ ਛੇ ਬੰਦਿਆਂ (ਗੁਰੂ ਅਤੇ ਪੰਜ ਪਿਆਰੇ ) ਦੇ ਵਿਚਕਾਰ ਤੰਬੂ ਦੇ ਅੰਦਰ ਹੋਇਆ ਕਿਉਂਕਿ ਬਾਕੀ ਦੀ ਸੰਗਤ ਤੰਬੂ ਦੇ ਬਾਹਰ ਸੀ। ਇਸ ਲਈ ਕਿਸੇ ਨੂੰ ਕੀ ਪਤਾ ਕਿ ਅੰਦਰ ਕੀ ਹੋਇਆ? ਸਵਾਲ ਇੱਥੋਂ ਤਕ ਤਾਂ ਆਕਰਸ਼ਕ ਅਤੇ ਦਿਲਚਸਪ ਹੈ ਪਰ ਅੱਗੇ ਦੋ ਗਲਾਂ ਵਿਚਾਰਣ ਦੀ ਲੋੜ ਹੈ।
ਪਹਿਲੀ ਗੱਲ ਇਹ ਕਿ ਦਸ਼ਮੇਸ਼ ਜੀ ਨੇ ਕੋਈ ਐਸਾ ਕੋਤਕ ਨਹੀਂ ਕੀਤਾ ਜਿਸ ਨੂੰ ਬਾਦ ਵਿੱਚ ਵੀ ਸੀਕ੍ਰਟ ਰੱਖਣ ਦੀ ਤਾਕੀਦ ਪੰਜਾਂ ਪਿਆਰਿਆਂ ਨੂੰ ਕੀਤੀ ਸੀ। ਕਈਂ ਧਰਮਗੁਰੂ ਕੰਨਾਂ ਵਿਚ ਮੰਤਰ ਬੋਲ ਕੇ ਚੇਲੇ ਨੂੰ ਇਹ ਵਿਸ਼ੇਸ਼ ਤਾਕੀਦ ਕਰਦੇ ਹਨ ਕਿ ਕਿਸੇ ਹੋਰ ਨੂੰ ਇਹ ਰੂਹਾਨੀ ਮੰਤਰ ਭੂੱਲ ਕੇ ਵੀ ਨਾ ਦੱਸੀਂ ਨਹੀਂ ਤਾਂ ਪਾਪ ਲੱਗੇਗਾ।ਵੇਦ ਸ਼ਾਸਤ੍ਰ ਤਕ ਸਦਿਆਂ ਜੰਗਲਾਂ ਵਿਚ ਛੁਪਾ ਕੇ ਰੱਖੇ ਜਾਂਦੇ ਰਹੇ ਕਿ ਕੋਈ "ਅਵਾਂਛਤ ਤੱਤਵ" ਇਸ ਨੂੰ ਪੜ/ਸੁਣ ਨਾ ਲੇ।aਲੰਘਣਾ ਤੇ ਸੁਣਨ ਵਾਲੇ "ਨੀਚ" ਕੰਨਾਂ ਵਿਚ ਸੀਸਾ ਤਕ ਵੀ ਪਿਘਾਲ ਕੇ ਪਾਇਆ ਜਾਂਦਾ ਸੀ। ਕੀ ਆਪ ਜੀ ਨੂੰ ਲਗਦਾ ਹੈ ਕਿ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਨੂੰ  ਕੋਈ ਐਸਾ ਫ਼ੁਰਮਾਨ ਵੀ ਜਾਰੀ ਕੀਤਾ ਹੋਣਾ ਹੈ ਕਿ ਜਾਨ ਭਾਵੈਂ ਚਲੀ ਜਾਏ ਪਰ ਤੰਬੂ ਦੇ ਅੰਦਰ ਦੀ ਗਲ ਕਦੇ ਬਾਹਰ ਨਾ ਜਾਏ ? ਨਿਰਸੰਦੇਹ ਨਹੀਂ! ਦੂਜੀ ਗਲ ਇਹ ਕਿ ਇਤਹਾਸ ਵਿਚ ਸਪਸ਼ਟ ਹੈ ਕਿ ਉਸ ਪਹਿਲੇ ਦਿਨ ਹੀ, ਪਹਿਲੇ ਕੌਤਕ ਉਪਰੰਤ, ਸਿੱਖਾਂ ਨੇ ਹਜ਼ਾਰਾ ਦੀ ਗਿਣਤੀ ਵਿਚ ਇਹ ਬਖ਼ਸ਼ੀਸ਼ ਪ੍ਰਾਪਤ ਕੀਤੀ ਅਤੇ ਇਹ ਸਿਲਸਿਲਾ ਨਿਰੰਤਰ ਤੁਰ ਪਿਆ ਜਿਸ ਵਿਚ ਕਿਸੇ ਸਮੇਂ ਬੰਦਾ ਸਿੰਘ ਬਹਾਦਰ ਵੀ ਇਕ ਪਾਤਰ ਬਣਿਆਂ।ਮਰਿਯਾਦਤ ਅੰਮ੍ਰਿਤ ਛੱਕਣ ਵਾਲਿਆਂ ਦੀ ਇਤਨੀ ਤਦਾਦ ਕਾਰਨ, ਰਸਮ ਨਾਲ ਜੁੜੀ ਐਸੀ ਕਿਹੜੀ ਗਲ ਸੀ ਜੋ ਗੁੱਪਤ/ਅਣਜਾਣੀ ਰਹ ਸਕਦੀ ਸੀ? ਨਿਰਸੰਦੇਹ ਕੋਈ ਨਹੀ !ਹੁਣ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਆਪ ਜੀ ਦੇ ਇਸ ਵਿਚਾਰ  ਕਿ " ਬਾਕੀ ਗੁਰੂ ਸਾਹਬਿ ਤੰਬੂ ਵਚਿ ਆਪ ਇਕੱਲੇ ਬੈਠ ਕੇ ਕੀ ਪਡ਼੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਆਿਰ ਕਰਦੇ ਹਨ ਇਹ ਤਾਂ ਉਹ ਹੀ ਜਾਨਣ"  ਦਾ ਕੀ ਮਹੱਤਵ ਹੈ? ( ਇਹ ਦਾਸ ਦਾ ਦੂਜਾ ਸਵਾਲ ਹੈ)ਆਸ ਹੈ ਕਿ ਆਪ ਜੀ ਦਾਸ ਦੇ ਮਨ ਵਿੱਚ ਉੱਠੇ ਇਨਾਂ ਦੋਹਾਂ ਸਵਾਲਾਂ ਦਾ ਜਵਾਬ ਦੇ ਦਾਸ ਨੂੰ, ਇਸ ਬਾਬਤ ਸੰਦੇਹ ਮੁਕਤ ਕਰ, ਸਹੀ ਦਿਸ਼ਾ ਵਿਚ ਵੱਧਣ ਲਈ ਪ੍ਰੇਰਤ ਕਰੋਗੇ।
ਕਿਸੇ ਥਾਂ ਹੋਈ ਕਿਸੇ ਪ੍ਰਕਾਰ ਦੀ ਭੂੱਲ ਲਈ ਛਿਮਾ ਦਾ ਜਾਚਕ ਸਮਝਣਾ!ਹਰਦੇਵ ਸਿੰਘ, ਜੰਮੂ