Sunday, 11 March 2012

'ਸੰਵਾਦ ਤੋਂ ਹੱਟਦੇ ਕਦਮ'
ਹਰਦੇਵ ਸਿੰਘ, ਜੰਮੂ

ਦਾਸ ਨੇ ਨਿਤਨੇਮ ਬਾਰੇ ਚਰਚਾ ਲਈ ਇੱਕ ਖੁੱਲਾ ਬੇਨਤੀ ਰੂਪ ਸੱਦਾ ਇਨਾਂ੍ਹ ਸ਼ਬਦਾਂ ਵਿਚ ਦਿੱਤਾ ਸੀ:-

"ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸਾ੍ਹਮਣੇ ਹੋਏ।ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ 'ਸਿੱਖ' ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇਕ ਤਾਂ ਉਹ ਤਜ਼ਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸਾ੍ਹਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ। ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ।ਹੋਰ ਕਿਸੇ ਪੈਨਲ ਵਿਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ 'ਸਿੱਖ ਰਹਿਤ ਮਰਿਆਦਾ' ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ।ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ।ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ।ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ।ਸੰਵਾਦ ਦਾ ਨਿਰੋਲ ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ!" (ਸਿਰਲੇਖ, 'ਬੇਨਤੀ ਪੱਤਰ', hardevsinghjammu.blogspot.com )


ਕਿਸੇ ਸੱਜਣ ਨੇ ਇਸ ਬੇਨਤੀ ਨੂੰ ਅਜੇ ਸਵੀਕਾਰ ਨਹੀਂ ਕੀਤਾ। ਹਾਂ ਪਤਾ ਚਲਿਆ ਹੈ ਕਿ ਕੁੱਝ ਸੱਜਣਾਂ ਦਾ ਕਹਿਣਾ ਹੈ ਕਿ ਉੱਚ ਅਦਾਲਤਾਂ ਦੇ ਰਿਟਾਇਰਡ ਸਿੱਖ ਜੱਜਾਂ ਦੇ ਪੈਨਲ ਨੂੰ ਸਿੱਖੀ ਦੇ ਬਾਰੇ ਜਾਣਕਾਰੀ ਨਹੀਂ ਹੋਵੇਗੀ।ਇਹ ਤਰਕ ਬੜਾ ਹਲਕਾ ਹੈ। ਜਿਵੇਂ ਕਿ ਉੱਪਰ ਸਪਸ਼ਟ ਕਰ ਚੁੱਕਿਆ ਹਾਂ ਕਿ ਜੱਜਾਂ ਬਗ਼ੈਰ ਨਿਰਪੱਖ ਪੈਨਲ ਬਾਰੇ ਸਹਮਤੀ ਬਣਨੀ ਔਖੀ ਹੋਵੇਗੀ। ਵੈਸੇ ਵੀ ਜੱਜਾਂ ਦੀ ਟਿੱਪਣੀ ਕੋਈ ਨਿਰਨਾ ਨਹੀਂ ਹੋਵੇਗੀ ਬਲਕਿ ਉਸ ਟਿੱਪਣੀ ਨੂੰ ਅਗਲੀ ਵਿਚਾਰ ਲਈ ਵਿਚਾਰਿਆ ਜਾਵੇਗਾ।ਫ਼ਿਰ ਸੰਵਾਦ ਤੋਂ ਹਿੱਚਕ ਕੈਸੀ?ਕਦਮ ਸੰਵਾਦ ਤੋਂ ਹੱਟਦੇ ਪ੍ਰਤੀਤ ਹੋ ਰਹੇ ਹਨ! ਖ਼ੈਰ, ਇਸ ਤਰਕ ਨੂੰ ਵੀ ਵਿਚਾਰ ਲੇਂਦੇ ਹਾਂ ਕਿ ਸਿੱਖ ਜੱਜਾਂ ਨੂੰ ਸਿੱਖ ਸਿਧਾਤਾਂ ਦੀ ਸਮਝ ਨਹੀਂ ਹੋਵੇਗੀ!


ਐਸਾ ਤਰਕ ਦੇਂਣ ਵਾਲੇ ਸੱਜਣੋਂ, ਸਿੱਖ ਸਿਧਾਤਾਂ ਦੀ ਸਮਝ ਰੱਖਣ ਵਾਲੇ ਭਾਈ ਕਾ੍ਹਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਪ੍ਰੋ. ਗੁਰਮੁਖ ਸਿੰਘ, ਪ੍ਰਿ. ਤੇਜਾ ਸਿੰਘ ਆਦਿ ਵਿਦਵਾਨਾਂ ਨੂੰ ਤਾਂ ਤੁਸੀ ਮੰਨਦੇ ਨਹੀਂ ਪਰ ਜਿਨਾ੍ਹ ਨੂੰ ਸਿੱਖ ਸਿਧਾਤਾਂ ਦੀ ਘੱੱਟ ਸਮਝ ਹੈ ( ਆਮ ਸਿੱਖ) ਉਨਾਂਹ ਨੂੰ ਨਿਤਨੇਮ ਬਾਰੇ ਅਪਣੇ ਅਧਾਰਹੀਨ ਚਿੱਤਨ ਰਾਹੀਂ ਕਿਉਂ ਵਰਗਲਾ ਰਹੇ ਹੋ ? ਇਹ ਕਿਹੜੀ ਨੀਤੀ ਹੈ? ਜੇਕਰ ਤੁਸੀ ਆਮ ਸਿੱਖ ਨੂੰ ਵਰਗਲਾ ਸਕਦੇ ਹੋ ਤਾਂ ਸੂਝਵਾਨ ਜੱਜਾਂ ਦੇ ਸਾ੍ਹਮਣੇ ਸੰਵਾਦ ਰਚਾਉਂਣ ਬਾਰੇ "ਜੱਜਾਂ ਨੂੰ ਸਿੱਖੀ ਬਾਰੇ ਘੱਟ ਸਮਝ ਹੋਵੇਗੀ" ਦਾ ਤਰਕ ਕਿਉਂ ਦੇ ਰਹੇ ਹੋ ? ਤੁਸੀ 'ਚਿੱਤ ਵੀ ਮੇਰੀ' ਅਤੇ 'ਪੱਟ ਵੀ ਮੇਰੀ' ਵਾਲੀ ਗਲ ਕਰ ਰਹੇ ਹੋ!


ਕੀ ਭਾਈ ਕਾ੍ਹਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਪ੍ਰੋ. ਗੁਰਮੁਖ ਸਿੰਘ, ਪ੍ਰਿ. ਤੇਜਾ ਸਿੰਘ,ਸ. ਕਪੂਰ ਸਿੰਘ ਆਦਿ ਅਣਗਿਣਤ ਵਿਦਵਾਨਾਂ ਨੂੰ ਵੀ ਸਿੱਖੀ ਬਾਰੇ ਸਮਝ ਨਹੀਂ ਸੀ? ਕੀ ਅੱਜ ਸਿੱਖੀ ਦੇ ਪ੍ਰਚਾਰ ਵਿਚ ਲੱਗੇ ਮਿਸ਼ਨਰੀ ਕਾਲੇਜਾਂ ਨੂੰ ਵੀ ਸਿੱਖੀ ਬਾਰੇ ਕੋਈ ਸਮਝ ਨਹੀਂ ਹੈ

 
ਸੱਜਣੋਂ ਇਸ ਵਿਚ ਸ਼ੱਕ ਨਹੀਂ ਕਿ ਆਪ ਜੀ ਨੇ ਕੁੱਝ ਸੱਜਣਾਂ ਦੀ ਨਾਸਮਝ ਲਿਖਤਾਂ ਅਤੇ ਕਿਆਸਾਂ ਦੀ ਨਕਲ ਕਰਦੇ ਕੁੱਝ ਪੰਥ ਦਰਦੀਆਂ ਨੂੰ ਜਜ਼ਬਾਤੀ ਕਰਕੇ ਨਿਤਨੇਮ ਬਾਰੇ ਭੁੱਲੇਖੇ ਵਿਚ ਪਾ ਲਿਆ ਹੈ। ਕੁੱਝ ਦਰਦੀ ਤਾਂ ਦੇਖਾ-ਦੇਖੀ ਆਪ ਜੀ ਦੀ ਸੁਰ ਵਿਚ ਸੁਰ ਮਿਲਾਣ ਕਾਰਨ ਸੋਚ ਰਹੇ ਹਨ ਕਿ ਹੁਣ ਅਪਣਾ ਕਿਹਾ ਕਿਵੇਂ ਵਾਪਸ ਲਈਏ ? ਉਹ ਮਜਬੂਰ ਜਿਹੇ ਲੱਗਦੇ ਹਨ। ਪਰ ਇਹ ਨਾ ਸੋਚੋ ਕਿ ਆਪ ਜੀ ਦਿਆਂ ਗਲਾਂ ਲਈ ਪੰਥ ਪਾਸ ਕਿੱਧਰੇ ਕੋਈ ਜਵਾਬ ਨਹੀਂ।ਤੁਸੀ ਸੰਵਾਦਹੀਨਤਾ ਦਾ ਫ਼ਾਇਦਾ ਚੁੱਕਿਆ ਹੈ।ਵਿਦਵਤਾ ਤੇ ਤਾਂ ਹੈ ਕਿ ਕਿਸੇ ਢੁੱਕਵੇਂ ਨਿਰਪੱਖ ਫ਼ੌਰਮ ਤੇ ਸੰਵਾਦ ਕਰੀਏ ਤਾਂ ਕਿ ਅਗਲੀ ਵਿਚਾਰ ਲਈ ਮਾਹੋਲ ਬਣ ਸਕੇ।


ਹਰਦੇਵ ਸਿੰਘ, ਜੰਮੂ- ੧੦.੦੩.੨੦੧੨

Wednesday, 7 March 2012

'ਯਾਦਾਸ਼ਤ ਪੱਤਰ' ਅਤੇ ਕੁੱਝ ਸਵਾਲ'
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਤ.ਗੁ.ਪਰਿਵਾਰ ਦੇ ਸੱਜਣੋਂ,
ਸਤਿ ਸ਼੍ਰੀ ਅਕਾਲ !

ਆਪ ਜੀ ਨੇ ਨਿਜੀ ਇਸਤੇਮਾਲ ਲਈ 'ਗੁਰਮਤਿ ਜੀਵਨ ਜਾਚ' ਦਾ ਖਰੜਾ ਪੇਸ਼ ਕਰਨ
ਪਰੰਤ ਉਸ ਨੂੰ ਗ਼ੈਰਬਾਜਬ ਅਤੇ ਅਨਅਧਿਕਾਰਕ ਢੰਗ ਨਾਲ 'ਸਿੱਖ ਰਹਿਤ ਮਰਿਆਦਾ' ਸੁਧਾਰ ਦਾ ਨਾਮ ਦਿੰਦੇ ਹੋਏ ਤੀਜੇ ਪੜਾਅ ਬਾਰੇ ਲੇਖ ਲਿਖਿਆ ਸੀ। ਜਿਸ ਬਾਰੇ ਮਿਤੀ ੧੬.੦੨.੨੦੧੨ ਨੂੰ ਦਾਸ ਨੇ ਆਪ ਜੀ ਤੋਂ ਸਿੱਖ ਮਾਰਗ.ਕਾਮ ਤੇ ਕੁੱਝ ਸਵਾਲ ਪੁੱਛੇ ਸੀ।ਜਿਨਾਂ੍ਹ ਦਾ ਜਵਾਬ ਆਪ ਜੀ ਨੇ ਅੱਜੇ ਤਕ ਨਹੀਂ ਦਿੱਤਾ।ਇਸ ਲਈ ਦੂਬਾਰਾ ਬੇਨਤੀ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਮੱਧੇਨਜ਼ਰ ਚੁੱਕੇ ਗਏ ਨੁੱਕਤਿਆਂ ਬਾਰੇ ਅਪਣਾ ਪੱਖ/ਸਟੇਂਡ ਜਨਤਕ ਕਰਨ ਦੀ ਕਿਰਪਾਲਤਾ ਕਰੋ।ਇਹ ਵੀ ਸਪਸ਼ਟ ਕਰ ਦੇਂਣਾ ਕਿ ਆਪ ਜੀ ਦਾ ਖਰੜਾ ਦਾ ਸਿਰਲੇਖ 'ਗੁਰਮਤਿ ਜੀਵਨ ਜਾਚ' ਹੈ ਜਾਂ 'ਸਿੱਖ ਰਹਿਤ ਮਰਿਆਦਾ'?
ਹਰਦੇਵ ਸਿੰਘ, ਜੰਮੂ
੦੭.੦੩.੨੦੧੨

ਸਤਿਕਾਰ ਯੋਗ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਜੀਉ
ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!

ਸਿੱਖ ਪੰਥ ਇੱਕ ਪੰਥ ਹੈ। ਗੁਰੂ ਦਾ ਸਿਰਜਿਆ! ਇਸ ਵਿਚ ਸਿਆਣੇ/ਜਾਗਰੂਕ ਬੰਦਿਆਂ ਨੂੰ ਸੁਚੇਤ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਸੁਚੇਤ ਵਰਗ/ਧਿਰ ਤਾਂ ਕਹਿ ਸਕਦੇ ਹਾਂ।ਕਦੇ ਪੜੀਆ ਨਹੀਂ ਕਿ ਗੁਰੂ ਸਾਹਿਬਾਨ ਨੇ 'ਇਕ ਪੰਥ' ਵਿਚ ਕਿਸੇ ਵੱਖਰੇ "ਸੁਚੇਤ ਪੰਥ" ਦੀ ਸਿਰਜਨਾ ਕੀਤੀ ਸੀ।ਖ਼ੈਰ, ਇਸ ਟਰਮ ਦੀ ਵਰਤਨ ਨਵੇਂ ਕਾਰਨਾਂ ਕਰਕੇ ਵੀ ਹੋ ਰਹੀ ਹੈ।ਕੁੱਝ ਦੇਰ ਇਸ ਚਰਚਾ ਲਈ ਸੁਚੇਤ ਪੰਥ ਟਰਮ ਨੂੰ ਵਰਤ ਲੇਂਦਾ ਹਾਂ।

ਸਿੱਖ ਮਾਰਗ.ਕਾਮ ਤੇ ਛੱਪੇ ਇਕ ਪੱਤਰ ਰਾਹੀਂ ਇਹ ਸੂਚਨਾ ਮਿਲੀ ਹੈ:- 

"ਸੋ ਇਸ ਉਪਰਾਲੇ ਨੂੰ 'ਸਾਂਝਾ-ਰੂਪ' ਦੇਣ ਦੇ ਮੰਸ਼ੇ ਨਾਲ ਪਰਿਵਾਰ ਨੇ ਤੀਜੇ ਪੜਾਅ ਦੀ ਕਾਰਵਾਈ ਪਰਿਵਾਰ ਦੇ ਨਾਮ ਹੇਠ ਕਰਵਾਉਣ ਦੀ ਥਾਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦਿਆਂ ਨੂੰ ਬੇਨਤੀ ਕਰਕੇ 'ਸੁਧਾਰ ਇੱਕਤਰਤਾ ਪ੍ਰਬੰਧਕ ਕਮੇਟੀ' ਦਾ ਗਠਨ ਕਰ ਦਿਤਾ।ਇਸ ਕਮੇਟੀ ਵਿੱਚ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਸ਼ਾਮਿਲ ਹਨ।ਜਿਨਾਂ੍ਹ ਕੁੱਝ ਕੁ ਸੱਜਣਾਂ ਨੂੰ 'ਸੱਦਾ ਪੱਤਰ' ਪਹੁੰਚ ਚੁੱਕੇ ਹਨ, ਉਨਾਂ੍ਹ ਨੂੰ ਤਾਂ ਇਸ ਦਾ ਗਿਆਨ ਹੋ ਚੁੱਕਾ ਹੋਵੇਗਾ।ਤੀਜੇ ਪੜਾਅ ਦੀ ਸਾਰੀ ਕਾਰਵਾਈ ਸੁਚੇਤ ਪੰਥ ਦੀ ਨੁਮਾਇੰਦਗੀ ਕਰਦੀ ਇਸ 'ਸਾਂਝੀ ਕਮੇਟੀ' ਦੀ ਦੇਖ ਰੇਖ ਹੇਠ ਸਿਰੇ ਚੜਾਈ ਜਾਵੇਗੀ" (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
 
ਇਸ ਸੂਚਨਾ ਅਨੁਸਾਰ ਆਪ ਜੀ "ਸੁਚੇਤ ਪੰਥ" ਵਲੋਂ ਸਾਂਝੇ ਨੁਮਾਂਇੰਦਾ ਕਮੇਟੀ ਬਣੇ ਹੋ।ਨਾਲ ਹੀ ਇਹ ਸੁਚਨਾ ਵੀ ਮਿਲੀ ਹੈ:-

"ਜੇ ਕੋਈ ਸੱਜਣ ਇਸ ਉਪਰਾਲੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਪਰ ਉਸ ਦਾ ਨਾਮ ੧੬ ਜਨਵਰੀ ਵਾਲੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਤਾਂ ਉਹ ਵੀ ਉਪਰੋਕਤ ਫੋਨ ਨੰਬਰ ਤੇ 'ਸੱਦਾ ਪੱਤਰ' ਲਈ ਸੰਪਰਕ ਕਰ ਸਕਦਾ ਹੈ।ਸੱਦਾ ਪੱਤਰ ਮੰਗਵਾਉਣ ਲਈ ਆਖਿਰੀ ਤਾਰੀਖ ੧੫ ਮਾਰਚ ਹੈ। ਇਸ ਇੱਕਤਰਤਾ ਵਿਚ ਦਾਖਲਾ ਸਿਰਫ਼ 'ਸੱਦਾ ਪੱਤਰ ਰਾਹੀਂ ਹੀ ਹੋ ਸਕੇਗਾ।ਇੱਕਤਰਤਾ ਦੀ ਰੂਪ ਰੇਖਾ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸੀ ਜਾਵੇਗੀ"  (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
 
ਵਿਦਵਾਨ ਸੱਜਣੋਂ, ਪੜੋ ਜ਼ਰਾ ਇਨਾਂ੍ਹ ਸ਼ਬਦਾ ਨੂੰ! ਸ਼ਿਸ਼ਟਾਚਾਰ ਦੀ ਇਹ ਪਹਿਲੀ ਮਿਸਾਲ ਜਾਪਦੀ ਹੈ ਜਿਸ ਵਿਚ ਸੁਚੇਤ ਪੰਥ ਹੋਂਣ ਅਤੇ ਪੰਥਕ ਕੰਮ ਕਰਨ ਦਾ ਦਾਵਾ ਕਰਨ ਵਾਲੇ ਕੁੱਝ ਬੰਦਿਆਂ ਨੇ ਸੱਦਾ ਪੱਤਰ ਕੇਵਲ 'ਮੰਗਣ ਵਾਲੇ' ਨੂੰ ਹੀ ਦੇਂਣ ਦਾ ਢੰਗ ਵਰਤਿਆ ਹੈ।ਯਾਨੀ ਕਿ ਸੱਦਾ ਪੱਤਰ ਮੰਗਵਾਉਂਣ ਵਾਲੇ ਨੂੰ ਪਹਿਲਾਂ ਪਰਿਵਾਰ ਪਾਸ ਦਰਖ਼ਾਸਤ ਕਰਨੀ ਪਵੇਗੀ ਕਿ ਸਾਨੂੰ ਵੀ ਸੱਦਾ ਦੇਵੋ।ਮਿਲ ਬੈਠਣ ਦੀ ਇਹ ਮਿਸਾਲ ਸੱਚਮੁਚ ਬੇਮਿਸਾਲ ਹੈ।ਜਿਸ ਵਿਚ ਕੇਵਲ ਮੰਗਤੇ ਹੀ ਅੰਦਰ ਦਾਖਲ ਹੋ ਸਕਣ ਗੇ।ਯਾਨੀ ਕਿ ਵਿਦਵਾਨ ਪਹਿਲਾਂ ਸੱਦੇ ਪੱਤਰ ਦਾ ਮੰਗਤਾ ਬਣਨ ਬਾਦ ਹੀ 'ਕਥਿਤ ਸੁਚੇਤ ਪੰਥ' ਦੀ ਮਹਫ਼ਿਲ ਵਿਚ ਬੈਠਣ ਯੋਗ ਵਿਦਵਾਨ ਬਣੇਗਾ।ਇਹ ਗੁਰਮਤਿ ਦਾ ਨਹੀਂ ਬਲਕਿ ਕਿਸੇ ਧੜੇ ਦਾ ਸਿਧਾਂਤ ਹੀ ਹੋ ਸਕਦਾ ਹੈ।ਇਸ ਕਿਰਪਾ ਕਰਕੇ ਸਪਸ਼ਟ ਕਰੋ ਕਿ:-

ਆਪ ਜੀ ਨੂੰ ਸੁਚੇਤ ਵਰਗ ਦੀ ਨੁਮਾਇੰਦਗੀ ਕਿਹੜੇ ਸੁਚੇਤ ਪੰਥ ਨੇ ਸੋਂਪੀ ਹੈ? ਅਪਣੀ ਨੁਮਾਇੰਦਗੀ ਆਪ ਜੀ ਦੇ ਹਵਾਲੇ ਕਰਨ ਬਾਰੇ ਫ਼ੈਸਲਾ ਲੇਂਣ ਲਈ 'ਸੁਚੇਤ ਪੰਥ' ਦੀ ਇੱਕਤਰਤਾ ਕਦੇਂ ,ਕਿਵੇਂ ਅਤੇ ਕਿੱਥੇ ਹੋਈ ਸੀ? ਜੇਕਰ ਆਪ ਜੀ ਨੂੰ ਇਹ ਨੁਮਾਇੰਦਗੀ ਪਰਿਵਾਰ ਨੇ  ਸੋਂਪੀ ਹੈ ਤਾਂ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਸਪਸ਼ਟ ਕਰੋ ਕਿ ਕੀ ਆਪ ਜੀ ਸਚਮੁੱਚ ਸੁਚੇਤ ਪੰਥ ਵਲੋਂ ਚੁਣੇ ਸਾਂਝੇ ਨੁਮਾਇੰਦੇ ਕਹਾਉਂਣ ਦੇ ਹੱਕਦਾਰ ਹੋ ਜਾਂ ਨਹੀਂ ?

ਅਤੇ
ਦਾਵਾ ਗੁਰਮਤਿ ਦਾ ਹੈ ਤਾਂ ਸੱਦਾ ਪੱਤਰ ਦੇਂਣ ਲਈ ਸਿੱਖ ਵਲੋਂ ਦਰਖ਼ਾਸਤ ਮੰਗਣੀ ਗੁਰਮਤਿ ਦਾ ਕਿਹੜਾ ਅਸੂਲ ਹੈ ? ਇਸ ਢੰਗ ਨੂੰ ਵਰਤਨ ਦਾ ਅਸਲ ਕਾਰਨ ਕੀ ਹੈ?
ਅਤੇ
ਮਨਮਤ ਦੇ ਆਰੋਪੀ ਕਹੇ ਜਾਂਦੇ ਵਿਦਵਾਨ ,ਡੇਰੇਦਾਰ ਅਤੇ ਸ਼੍ਰੋਮਣੀ ਕਮੇਟੀ, ਸਿੱਦੇ 'ਸੱਦਾ ਪੱਤਰ' ਦੇ ਕਾਬਲ ਨਹੀਂ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਤੇ ਗੰਭੀਰ ਕਿੰਤੂ, ਗੁਰੂ ਨਾਨਕ ਤੋਂ ਬਾਦ ਚਲੀ ਗੁਰੂ ਪਰੰਪਰਾ ਤੋਂ ਅਸਹਿਮਤ, ਅਤੇ ਸ਼੍ਰੀ ਅਕਾਲ ਤਖ਼ਤ ਦੇ ਸਿਧਾਂਤਕ ਇਦਾਰੇ ਨੂੰ ਖ਼ਤਮ ਕਰਨ ਦੇ ਵਿਚਾਰ ਰੱਖਣ ਵਾਲਿਆਂ ਨੂੰ ਸਿੱਦਾ ਸੱਦਾ ਪੱਤਰ ਕਿਉਂ ? 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਚੇਤਨਾ ਲਹਿਰ' ਦੇ ਇਤਰਾਜ਼ ਉਠਾਉਂਣ ਬਾਰੇ ਪਰਿਵਾਰ ਨੇ ਤਰਕ ਦਿੱਤਾ ਕਿ "ਕਸੇ ਨੂੰ 'ਅਛੂਤ ਐਲਾਣ' ਦੇਣ ਦੀ ਪਹੁੰਚ ਪੁਜਾਰੀਵਾਦ ਹੈ, ਗੁਰਮਤ ਦੀ ਸੇਧ ਨਹੀਂ" ਜੇ ਕਰ ਗੁਰਮਤਿ ਵਿਚ ਕੋਈ ਅਛੂਤ ਨਹੀਂ ਤਾਂ ਸ਼੍ਰੋਮਣੀ ਕਮੇਟੀ ਅਤੇ ਡਰੇਦਾਰ ਅਛੂਤ ਕਿਵੇਂ ਹੋ ਗਏ?   ਕੀ ਆਪ ਜੀ ਨੂੰ ਪੁਰੇ ਸੁਚੇਤ ਪੰਥ ਦਾ ਨੁਮਾਇੰਦਾ ਘੋਸ਼ਤ ਕਰਨ ਵਾਲੇ ਸੱਜਣ ਆਪ ਪੁਜਾਰੀਵਾਦੀ ਨਹੀਂ?

ਅਤੇ
ਪੰਥਕ 'ਸਿੱਖ ਰਹਿਤ ਮਰਿਆਦਾ' ਦੇ ਨਾਮ ਤੇ ਇਕ ਭੂੱਲੇਖਾ ਪਾਉ, 'ਪੰਥਕ ਸਿਧਾਂਤ' ਵਹੀਣ ਕੰਮ ਵਿਚ ਆਪ ਜੀ ਕਿਵੇਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦੇ ਬਣ ਗਏ ਹੋ?
 
ਮਾਮਲਾ ਕਿਸੇ ਧਿਰ ਦਾ ਹੁੰਦਾ ਤਾਂ ਅਲਗ ਗਲ ਸੀ ਪਰ ਚੁੰਕਿ 'ਅਨਅਧਿਕਾਰਕ'ਢੰਗ ਨਾਲ ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਲਈ ਪੱਤਰ ਲਿਖਣਾ ਪੈ ਰਿਹਾ ਹੈ।ਇਸ ਭੁੱਲੇਖਾ ਪਾਉ ਕੰਮ ਵਿਚ ਪਾਰਦਸ਼ਤਾ ਅਤੇ ਨੈਤਿਕਤਾ ਦੀ ਘਾਟ ਹੈ।
 
ਦਾਸ ਦੀ ਪੁਰਜ਼ੋਰ ਅਪੀਲ ਅਤੇ ਬੇਨਤੀ ਹੈ "ਸੁਚੇਤ ਪੰਥ" ਦੇ ਨੁਮਾਇੰਦੇ ਐਲਾਨੇ ਗਏ ਆਪ 'ਅੱਠੇ ਵਿਦਵਾਨ' ਸੱਜਣ ਸੁਚੇਤ ਵਰਗ ਦੀ ਜਾਣਕਾਰੀ ਲਈ ਇਨਾਂ੍ਹ ਸਵਾਲਾਂ ਦਾ ਜਵਾਬ, ਜਵਾਬਦੇਹੀ ਦੀ ਜਿੰਮੇਵਾਰੀ ਤੋਂ ਮੁਨਕਰ ਹੋਏ ਬਿਨਾ, ੧੫ ਮਾਰਚ ਤੋਂ ਪਹਿਲਾਂ ਦੇਂਣ ਦੀ ਕਿਰਪਾਲਤਾ ਕਰੋ।

ਕਿਸੇ ਭੂੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
੦੭.੦੩.੨੦੧੨

Saturday, 3 March 2012

ਡਾ. ਦਿਲਗੀਰ ਜੀ ਵੱਲ ਇਕ ਪੱਤਰ
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਹਰਜਿੰਦਰ ਸਿੰਘ ਦਿਲਗੀਰ ਜੀਉ,
ਸਤਿ ਸ਼੍ਰੀ ਅਕਾਲ !

 
ਆਪ ਜੀ ਵਲੋਂ 'ਸਰਬਤ ਖ਼ਾਲਸਾ' ਬਾਰੇ ਲਿਖੇ ਵਿਚਾਰ ਪੜਨ ਦਾ ਮੌਕਾ ਮਿਲਿਆ ਹੈ ਜਿਸ ਵਿਚ ਆਪ ਜੀ ਨੇ ਸ਼੍ਰੀ ਅਕਾਲ ਤਖ਼ਤ ਪ੍ਰਤੀ ਅਪਣੀ ਪ੍ਰਤੀਬੱਧਤਾ ਜਤਾਉਂਦੇ ਸਰਬਤ ਖ਼ਾਲਸਾ ਦੇ ਇਤਹਾਸਕ ਮਹੱਤਵ ਅਤੇ ਉਸਦੀ ਲੋੜ ਬਾਰੇ ਅਪਣੇ ਵਿਚਾਰ ਦਿੱਤੇ ਹਨ ਅਤੇ ਇਹ ਵੀ ਲਿਖਿਆ ਹੈ ਕਿ 'ਪੰਥ ਦੇ ਮਸਲਿਆਂ ਦਾ ਹੱਲ ਅਕਾਲ ਤਖ਼ਤ ਸਾਹਿਬ ਤੇ ਹੀ ਹੋ ਸਕਦਾ ਹੈ'।

 
ਆਪ ਜੀ ਨੇ ਇਹ ਸਵਾਲ ਖੜਾ ਕਰਦੇ ਕਿ "ਹੁਣ ਸਵਾਲ ਉੱਠਦਾ ਕਿ ਸਰਬਤ ਖ਼ਾਲਸਾ ਇੱਕਠ ਕਿਵੇਂ ਕੀਤੇ ਜਾਣ?" ਜਵਾਬ ਵਿਚ ਇਸ ਬਾਬਤ ਅਪਣੇ ਸੁਜਾਅ ਤਫ਼ਸੀਲ ਵਿਚ ਦਿੱਤੇ ਹਨ ਪਰ ਇਹ ਨਹੀਂ ਦੱਸਿਆ ਕਿ ਅਚਾਨਕ ਅਤਿ ਵਿਸ਼ੇਸ ਸਥਿਤੀ ਉਤਪੰਨ ਹੋ ਜਾਣ ਤੇ ਸਰਬਤ ਖ਼ਾਲਸਾ ਬੁਲਾਉਂਣ ਦਾ ਅਧਿਕਾਰ ਕਿਸ ਨੂੰ ਹੈ ?


ਇਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਕਿ ਘੱਟ ਸੰਜੀਦਾ ਪੰਥਕ ਮਸਲਿਆਂ ਦੇ ਹੱਲ ਲਈ ਵੀ ਹਰ ਗਲ ਤੇ ਸਰਬਤ ਖ਼ਾਲਸਾ ਹੀ ਕੀਤਾ ਜਾਣਾ ਚਾਹੀਦਾ ਹੈ

 
ਆਪ ਜੀ ਨੇ  'ਸਰਬਤ ਖ਼ਾਲਸਾ' ਲਈ ਇਕ ਨਵੀਂ ਟਰਮ ਇਸਤੇਮਾਲ ਕੀਤੀ ਹੈ 'ਵਰਲਡ ਸਿੱਖ ਪਾਰਲਿਆਮੇਂਟ'! ਕਿਰਪਾ ਕਰਕੇ ਸਪਸ਼ਟ ਕਰਨਾ ਕਿ ਕੀ ਇਸ ਟਰਮ ਦਾ ਇਸਤੇਮਾਲ ਇਤਹਾਸ ਵਿਚ ਕਿੱਧਰੇ ਮਿਲਦਾ ਹੈ ? ਜੇਕਰ 'ਜੱਥੇਦਾਰ' ਟਰਮ ਨੂੰ ਆਪ ਜੀ ਇਸ ਲਈ ਨਹੀਂ ਸਵੀਕਾਰਦੇ ਕਿ ਉਸ ਦਾ ਜ਼ਿਕਰ ਇਤਹਾਸ ਵਿਚ ਨਹੀਂ ਮਿਲਦਾ ਤਾਂ ਸਰਬਤ ਖ਼ਾਲਸਾ ਲਈ 'ਵਰਲਡ ਸਿੱਖ ਪਾਰਲਿਆਮੇਂਟ' ਵਰਗੀ ਨਵੀਂ ਟਰਮ ਦੇ ਇਸਤੇਮਾਲ ਨੂੰ ਆਪ ਜੀ ਕਿਵੇਂ ਸਹੀ ਠਹਰਾਉਂਦੇ ਹੋ

 
ਇਨਾਂ੍ਹ ਸਵਾਲਾਂ ਬਾਰੇ ਅਪਣੇ ਵਿਚਾਰ ਦੱਸਣ ਦੀ ਕਿਰਪਾਲਤਾ ਕਰਨੀ ਜੀ!
ਹਰਦੇਵ ਸਿੰਘ, ਜੰਮੂ
੦੧.੦੨.੨੦੧੨

Saturday, 25 February 2012

'ਦਰਬਾਰ ਸਾਹਿਬ ਦੇ ਸਤਿਕਾਰ ਬਾਰੇ ਜਾਗਰੂਕਤਾ'
ਹਰਦੇਵ ਸਿੰਘ, ਜੰਮੂ

ਸਰਬਜੀਤ ਸਿੰਘ ਧੁੰਦਾ ਜੀ ਆਖ਼ਰਕਾਰ ਅਕਾਲ ਤਖ਼ਤ ਸਾਹਿਬ ਪੇਸ਼ ਹੋ ਗਏ!ਇਹ ਪ੍ਰਕਰਣ ਕੁੱਝ ਸਬਕ ਅਤੇ ਕੁੱਝ ਸਵਾਲ ਛੱਡ ਗਿਆ।ਇਸ ਵਿਚ ਮੁੱਖ ਰੂਪ ਤਿੰਨ ਪ੍ਰਕਾਰ ਦੇ ਵਿਚਾਰ ਸਾ੍ਹਮਣੇ ਆਏ।

(੧) ਇਕ ਵਿਚਾਰ ਇਹ ਕਿ ਧੁੰਦਾ ਜੀ ਦੇ ਅਕਾਲ ਤਖ਼ਤ ਤੇ ਬਿਲਕੁਲ ਨਾ ਪੇਸ਼ ਹੋਂਣ!
(੨) ਉਹ ਅਕਾਲ ਤਖ਼ਤ ਤਾਂ ਜਾਣ ਪਰ ਸਕਤਰੇਤ ਤਕ ਨਾ ਜਾਣ!
(੩) ਉਹ ਅਕਾਲ ਤਖ਼ਤ ਜਾਣ ਅਤੇ ਜੱਥੇਦਾਰਾਂ ਨਾਲ ਮੁਲਾਕਾਤ ਕਰਕੇ ਸਪਸ਼ਟੀਕਰਨ ਦੇਂਣ ਕਿ ਉਨਾਂ੍ਹ ਜੋ ਕਿਹਾ ਠੀਕ ਕਿਹਾ!


ਅਤਿ ਦੇ ਅਚਰਜ ਦੀ ਗਲ ਹੈ ਕਿ ਕੁੱਝ ਸੱਜਣਾ ਨੇ ਧੁੰਦਾ ਜੀ ਦੇ ਪ੍ਰਕਰਨ ਨੂੰ ਕੇਵਲ ਅਕਾਲ ਤਖ਼ਤ ਜਾਣ ਨਾ ਜਾਣ ਦੀ ਬਹਿਸ ਵਿਚ ਉਲਝਾ ਦਿੱਤਾ ਗਿਆ ਅਤੇ ਕਿਸੇ ਨੇ ਨਿਰਪੱਖਤਾ ਨਾਲ ਇਹ ਵੀ ਕਹਿਣਾ ਅਪਣਾ ਫ਼ਰਜ਼ ਨਹੀਂ ਸਮਝਿਆ ਕਿ ਧੁੰਦਾ ਜੀ ਵਲੋਂ ਹੋਈ ਗਲ ਗਲਤ ਸੀ!ਕੁੱਝ ਭਾਵਕ ਵੀਰਾਂ ਵਲੋਂ ਜੱਥੇਦਾਰਾਂ ਦਾ ਵਿਰੌਧ ਇਤਨਾ ਤੀਬਰ ਅਤੇ ਉਤਾਵਲਾ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਸਤਿਕਾਰ ਵਿਚ ਹੋਈ ਭਾਰੀ ਕੋਤਾਹੀ ਨੂੰ ਬਿਲਕੁਲ ਦਰਕਿਨਾਰ ਕਰਕੇ ਰੱਖ ਦਿੱਤਾ।ਜੱਥੇਦਾਰਾਂ ਦਾ ਵਿਰੌਧ ਜੇਕਰ ਕੁੱਝ ਸੱਜਣਾ ਲਈ ਫ਼ਰਜ਼ ਸੀ ਤਾਂ ਦਰਬਾਰ ਸਾਹਿਬ ਦਾ ਸਤਿਕਾਰ ਕਰਨਾ ਕਿਸ ਦੀ ਜਿੰਮੇਵਾਰੀ ਸੀ?ਦਾਸ ਨੇ ਅਪਣੇ ਇਕ ਪੱਤਰ ਰਾਹੀਂ ਧੁੰਦਾ ਜੀ ਵਲੋਂ ਅਣਜਾਣੇ ਹੋ ਗਈ ਬਜਰ ਗਲਤੀ ਵੱਲ ਇਸ਼ਾਰਾ ਕੀਤਾ ਸੀ।ਖ਼ੈਰ!


ਇਨਾਂ੍ਹ ਤਿੰਨਾਂ੍ਹ ਵਿਚਾਰਾਂ ਦੇ ਪਿੱਛੇ ਅਪਣੇ-ਅਪਣੇ ਤਰਕ ਸਨ।ਜਿਨਾਂ੍ਹ ਤੇ ਹੁਣ ਟਿੱਪਣੀ ਕਰਨਾ ਲਕੀਰ ਪਿੱਟਣ ਵਰਗੀ ਗਲ ਹੋਵੇਗੀ।ਪਰ ਇਸ ਸਾਰੇ ਪ੍ਰਕਰਣ ਵਿਚ ਇਕ ਸਬਕ ਵੀ ਹੈ ਜਿਸ ਨੂੰ ਵਿਚਾਰਨ ਦੀ ਲੋੜ ਹੈ।ਚੁੰਕਿ ਇਹ ਮਾਮਲਾ ਸਾਡੇ ਜੀਵਨ ਕਾਲ ਵਿਚ ਹੀ ਹੋਇਆ ਹੈ ਇਸ ਲਈ ਇਕ ਢੰਗ ਨਾਲ ਅਸੀਂ ਇਸ ਪ੍ਰਕਰਣ ਦੇ ਚਸ਼ਮਦੀਦ ਵੀ ਹਾਂ। ਹਰ ਬੰਦੇ ਦਾ ਵਾਕਿਯਾਤ ਨੂੰ ਵੇਖਣ ਦਾ ਅਪਣਾ-ਅਪਣਾ ਨਜ਼ਰੀਆ ਹੁੰਦਾ ਹੈ ਪਰ ਇਕ ਚਸ਼ਮਦੀਦ ਹੋਂਣ ਦੇ ਨਾਤੇ ਮੈਨੂੰ ਜੋ ਗਲ ਵੇਖਣ ਨੂੰ ਮਿਲੀ, ਉਸ ਨੇ ਮੈਂਨੂੰ ਅਚਰਜ ਨਾਲ ਵੀ ਭਰ ਦਿੱਤਾ ਹੈ।ਇਸ ਪ੍ਰਕਰਣ ਦੇ ਦੋ ਹਿੱਸੇ ਸਨ।


(੧) ਧੁੰਦਾ ਸਾਹਿਬ ਜੀ ਦੀ ਕਥਾ ਵਿਚ ਦਰਬਾਰ ਸਾਹਿਬ ਪ੍ਰਤੀ ਵਿਵਾਦਾਸਪਦ ਅੰਸ਼!
(੨) ਅਕਾਲ ਤਖ਼ਤ ਵਲੋਂ ਆਇਆ ਆਦੇਸ਼ ਅਤੇ ਉਸ ਨੂੰ ਮੰਨਣ ਨਾ ਮੰਨਣ ਬਾਰੇ ਚਰਚਾ!

 
ਮੈਂ ਧੁੰਦਾ ਸਾਹਿਬ ਦੇ ਪੇਸ਼ ਹੋ ਜਾਣ ਕਾਰਨ ਕੇਵਲ ਪਹਿਲੇ ਹਿੱਸੇ ਬਾਰੇ ਹੀ ਟਿੱਪਣੀ ਕਰਨ ਦਾ ਜਤਨ ਕਰਾਂਗਾ।


ਗੁਰਮਤਿ ਵਿਚ ਕਿਸੇ ਗਲਤੀ ਨੂੰ ਇਸ ਅਧਾਰ ਤੇ ਸਹੀ ਨਹੀਂ ਕਿਹਾ ਜਾ ਸਕਦਾ ਕਿ ਉਸ ਗਲਤੀ ਦਾ ਨੋਟਿਸ ਗਲਤ ਕਹੇ ਜਾਂਦੇ ਬੰਦਿਆਂ ਨੇ ਲਿਆ ਹੈ।ਇਹ ਗਲ ਦਿਨ ਦੇ ਚਾਨਣ ਵਾਂਗ ਸਾਫ਼ ਹੋਂਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਪ੍ਰਤੀ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਗਲਤ ਸੀ, ਜਾਗਰੂਕ ਧਿਰ ਦੇ ਕਿਸੇ ਵੱਡੇ ਵਿਦਵਾਨ ਨੇ ਇਹ ਕਹਿਣਾ ਵੀ ਅਪਣਾ ਫ਼ਰਜ਼ ਕਿਉਂ ਨਹੀਂ ਸਮਝਿਆ ਕਿ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਦਰਬਾਰ ਸਾਹਿਬ ਪ੍ਰਤੀ ਚੰਗੀ ਨਹੀ ਸੀ ? ਗੁਰਮਤਿ ਨੂੰ ਜੱਥੇਦਾਰਾਂ ਦੇ ਵਿਰੌਧ ਦਾ ਕਾਰਨ ਦੱਸਣ ਵਾਲੇ ਸੱਜਣ, ਦਰਬਾਰ ਸਾਹਿਬ ਪ੍ਰਤੀ ਗੁਰਮਤਿ ਦੇ ਪੱਖ ਨੂੰ ਆਪ ਕਿਵੇਂ ਭੁੱਲ ਗਏ ? ਕੀ ਦਰਬਾਰ ਸਾਹਿਬ ਦਾ ਸਤਿਕਾਰ ਜੱਥੇਦਾਰਾਂ ਦੇ ਵਿਰੌਧ ਅੱਗੇ ਹਲਕਾ ਹੋ ਗਿਆ ? ਕੀ ਇੰਝ ਦੀ ਚੁੱਪੀ ਕਾਰਨ ਅਕਾਲ ਤਖ਼ਤ ਜਾਣ ਦੇ ਵਿਰੌਧੀ ਪੱਖ ਨੇ ਅਪਣੀ ਸਾਖ ਨੂੰ ਹਲਕਾ ਨਹੀਂ ਕੀਤਾ ? ਜ਼ਾਹਰ ਜਿਹੀ ਗਲ ਹੈ ਕਿ ਮਨਮਤਿ ਦੇ ਦਾਵਾ ਰੂਪ ਵਿਰੌਧ ਕਰਨ ਵਾਲੇ ਧਿਰਾਂ ਤੇ ਗੁਰਮਤਿ ਪਾਲਨ ਕਰਨ ਦੀ ਜ਼ਿੰਮੇਵਾਰੀ ਜ਼ਿਆਦਾ ਆਯਦ ਹੁੰਦੀ ਹੈ।ਇਹ ਜ਼ਿੰਮੇਵਾਰੀ ਦਾ ਭਾਵ ਕਿੱਥੇ ਗੁਆਚ ਗਿਆ ? ਆਸ ਹੈ ਕਿ ਸਾਰੇ ਧਿਰ ਇਸ ਬਾਰੇ ਆਤਮ ਚਿੰਤਨ ਕਰਨ ਗੇ!


ਕੇਵਲ ਤ.ਗੁ. ਪਰਿਵਾਰ ਨੇ ਜ਼ਰੂਰ ਧੁੰਦਾ ਜੀ ਨੂੰ ਅਕਾਲ ਤਖ਼ਤ ਤੇ ਪੇਸ਼ ਨਾ ਹੋਂਣ ਦਾ ਸੁਜਾਅ ਦੇਂਣ ਦੇ ਨਾਲ, ਇਸ ਵਿਸ਼ੇ ਤੇ ਟਿੱਪਣੀ ਕਰਦਿਆ, ਦਰਬਾਰ ਸਾਹਿਬ ਲਈ ਵਰਤੀ ਗਈ ਸ਼ਬਦਾਵਲੀ ਨੂੰ ਸਹੀ ਨਾ ਮੰਨਦੇ ਹੋਏ, ਧੁੰਦਾ ਸਾਹਿਬ ਜੀ ਨੂੰ ਇਸ ਲਈ ਸੰਗਤ ਕਲੋਂ ਛਿਮਾ ਜਾਚਨਾ ਕਰਨ ਦਾ ਸੁਜਾਅ ਦਿੱਤਾ। ਉਨਾਂ੍ਹ ਅਕਾਲ ਤਖ਼ਤ ਨਾ ਜਾਣ ਦੇ ਅਪਣੇ ਤਰਕ ਅਤੇ ਦਰਬਾਰ ਸਾਹਿਬ ਦੇ ਸਤਿਕਾਰ ਨੂੰ ਅਲਗ-ਅਲਗ ਕਰਕੇ ਵੇਖਣ ਦਾ ਜਤਨ ਕੀਤਾ।ਬਾਕੀ ਧਿਰ ਇਹ ਵੀ ਨਹੀਂ ਕਰ ਸਕੇ।ਕਿਉਂ?

 
ਜੇਕਰ ਅਸੀਂ ਫ਼ੈਸਲੇ ਸੰਗਤੀ ਤੋਰ ਤੇ ਕਰਨ ਦੇ ਹੱਕ ਵਿਚ ਹਾਂ ਤਾਂ ਜਾਗਰੂਕ ਕਹਾਉਂਦੇ ਵਰਗ ਨੂੰ ਆਪ ਤਾਂ ਧੁੰਦਾ ਜੀ ਦੀ ਗਲਤ ਸ਼ਬਦਾਵਲੀ ਤੇ ਖ਼ੇਦ ਜਤਾਉਂਣਾ ਚਾਹੀਦਾ ਸੀ।ਤਰਕ ਸੀ ਕਿ ਕਿਸੇ ਨੂੰ ਅਕਾਲ ਤਖ਼ਤ ਬੁਲਾਉਂਣ ਦਾ ਅਧਿਕਾਰ ਕਿਸੇ ਨੂੰ ਨਹੀਂ ਅਤੇ ਕਿਸੇ ਨੂੰ ਅਕਾਲ ਤਖ਼ਤ ਗਲਤੀ ਸਵੀਕਾਰ ਕਰਨ ਲਈ ਨਹੀਂ ਜਾਣਾ ਚਾਹੀਦਾ! ਪਰ ਜੇ ਕਰ ਸਪਸ਼ਟ ਰੂਪ ਵਿਚ ਗਲਤੀ ਹੋ ਗਈ ਸੀ ਤਾਂ ਧੁੰਦਾ ਜੀ ਨੂੰ ਕਿਸ ਕਲੋਂ  ਅਤੇ ਕਿੰਝ ਛਿਮਾ ਦੀ ਜਾਚਨਾ ਕਰਨੀ ਚਾਹੀਦੀ ਸੀ ? ਨਾ ਜੱਥੇਦਾਰਾਂ ਪਾਸ ਨਾ ਪੰਥ ਪਾਸ??? ਇਸ ਸਵਾਲ ਦੇ ਜਵਾਬ ਨੂੰ ਨਹੀਂ ਵਿਚਾਰਿਆ ਗਿਆ। 


ਜਾਗਰੂਕ ਧਿਰਾਂ ਨੇ ਧੁੰਦਾ ਜੀ ਵਲੋਂ ਹੋਈ ਗਲਤੀ ਦਾ ਨੋਟਿਸ ਨਾ ਲੇ ਕੇ ਅਪਣੇ ਲਈ ਇਕ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਉਹ ਕੇਵਲ ਵਿਰੌਧ ਕਰਨਾ ਹੀ ਜਾਣਦੇ ਹਨ ? ਆਸ ਹੈ ਕਿ ਸਾਰੇ ਧਿਰ ਇਨਾਂ੍ਹ ਸਵਾਲਾਂ ਬਾਰੇ ਆਤਮ ਚਿੰਤਨ ਕਰਨ ਗੇ!
ਹੁਣ ਕੁੱਝ ਵੀਰਾਂ ਵਲੋਂ ਧੁੰਦਾ ਜੀ ਦੇ ਪਸ਼ਚਾਤਾਪ/ਸਪਸ਼ਟੀਕਰਨ ਦਾ ਵਿਰੌਧ ਹੋਵੇਗਾ, ਸੁਰਖਿਆਂ ਘੜੀਆਂ ਜਾਣਗੀਆਂ,ਇਲਜ਼ਾਮ ਤਰਾਸ਼ੀ ਹੋਵੇਗੀ ਤਨਜ਼ ਕੱਸੇ ਜਾਣਗੇ , ਖ਼ਬਰਾਂ ਉੱਛਲਣਗੀਆਂ ਪਰ ਉਹ ਸੱਜਣ ਇਹ ਨਹੀਂ ਕਹਿਣ ਦਾ ਹੋਂਸਲਾ ਨਹੀਂ ਕਰਨ ਗੇ ਕਿ ਧੁੰਦਾ ਜੀ ਦੇ ਸ਼ਬਦ ਸਚਮੁਚ ਦਰਬਾਰ ਸਾਹਿਬ ਪ੍ਰਤੀ ਚੰਗੇ ਨਹੀਂ ਸਨ! ਜਾਗਰੂਕ ਧਿਰਾਂ ਵਿਚੋਂ ਇਹ ਫ਼ਰਜ਼ ਹੋਰ ਕੋਂਣ ਨਿਭਾਵੇਗਾ? ਕੋਈ ਨਹੀਂ? ਜੇਕਰ ਨਹੀਂ ਤਾਂ ਭਵਿੱਖ਼ ਹੋਰ ਮਾੜੇ ਸਬਕ ਲੇ ਕੇ ਆਏਗਾ ਜਿਸ ਨਾਲ ਨਿਰਸ਼ਾ ਹੋਰ ਵੱਧੇਗੀ।ਜਾਗਰੂਕ ਵੀਰਾਂ ਨੂੰ ਅਪਣੇ ਸੀਨੇ ਤੇ 'ਕੇਵਲ ਵਿਰੌਧੀ' ਦਾ ਤਮਗਾ ਨਹੀਂ ਲਗਵਾਉਂਣਾ ਚਾਹੀਦਾ।ਇਸ ਪ੍ਰਕਰਣ ਵਿਚ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਅਦਬ ਬਾਰੇ ਕੁੱਝ ਜਾਗਰੂਕ ਧਿਰਾਂ ਨੇ ਲੋੜਿੰਦੀ ਜਾਗਰੂਕਤਾ ਨਹੀਂ ਵਖਾਈ।ਉਨਾਂ੍ਹ ਨੂੰ ਇਸਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ!
ਹਰਦੇਵ ਸਿੰਘ, ਜੰਮੂ
੨੫.੦੨.੨੦੧੨

Monday, 20 February 2012

ਬੇਨਤੀ ਪੱਤਰ 
  ਹਰਦੇਵ ਸਿੰਘ, ਜੰਮੂ
   

ਸਤਿਕਾਰ ਯੋਗ ਵਿਦਵਾਨ ਸੱਜਣੋਂ
ਸਤਿ ਸ਼੍ਰੀ ਅਕਾਲ!


ਗੁਰਮਤਿ ਮਨੁੱਖ ਨੂੰ ਜੀਵਨ ਵਿਚ ਕੁੱਝ ਕਹਿਣ ਦੀ ਅਤੇ ਕੁੱਝ ਸੁਣਨ ਦੀ ਤਾਕੀਦ ਕਰਦੀ ਹੈ।ਦਾਸ ਇਸ ਚਿੱਠੀ ਦੇ ਮਾਧਿਅਮ ਉਨਾਂ੍ਹ ਕੁੱਝ ਵਿਦਵਾਨ ਸੱਜਣਾਂ ਨੂੰ ਇਕ ਬੇਨਤੀ ਕਰਨਾ ਚਾਹੁੰਦਾ ਹੈ ਜਿਨਾਂ੍ਹ ਨੇ ਪਿੱਛਲੇ ਕੁੱਝ ਸਮੇਂ ਵਿਚ ਇਹ ਲਿਖਤਾਂ ਲਿੱਖਿਆਂ ਹਨ ਕਿ ਨਿਤਨੇਮ ਵਿਚ ਦਸ਼ਮੇਸ਼ ਜੀ ਨਾਲ ਜੁੜੀਆਂ ਸਭ ਰਚਨਾਵਾਂ/ਅਰਦਾਸ ਬਾਹਰ ਕੱਡੀਆਂ ਜਾਣੀਆਂ ਚਾਹੀਦੀਆਂ ਹਨ।ਇਹ ਠੀਕ ਗਲ ਪ੍ਰਤੀਤ ਨਹੀਂ ਹੁੰਦੀ।


ਬੇਨਤੀ ਇਹ ਹੈ ਕਿ ਆਪਸੀ ਵਿਚਾਰ ਨਾਲ ਇਕ ਸਮਾਂ ਅਤੇ ਥਾਂ (ਭਾਰਤ ਵਿਚ) ਨਿਯਤ ਕੀਤੀ ਜਾਏ ਜਿੱਥੇ ਦਾਸ ਉਨਾਂ੍ਹ ਨਾਲ ਇਸ ਵਿਸ਼ੇ ਤੇ ਸੰਵਾਦ (ਨਿਰਨਾ ਨਹੀਂ) ਕਰਨ ਨੂੰ ਤਿਆਰ ਹੈ।ਐਸਾ ਕਹਿਣ ਵਾਲੇ ਵੀਰਾਂ ਵਲੋਂ 'ਦੋ' ਮੁੱਖ ਵਿਦਵਾਨ ਸੱਜਣ ਦਾਸ ਨਾਲ ਚਰਚਾ ਕਰਨ ਲਈ ਮਨ ਬਨਾ ਲੇਂਣ।


ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸਾ੍ਹਮਣੇ ਹੋਏ।ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ 'ਸਿੱਖ' ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇਕ ਤਾਂ ਉਹ ਤਜਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸਾ੍ਹਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ।ਹੋਰ ਕਿਸੇ ਪੈਨਲ ਵਿਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ 'ਸਿੱਖ ਰਹਿਤ ਮਰਿਆਦਾ' ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ।ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ।ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ।ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ। ਸੰਵਾਦ ਦਾ ਨਿਰੋਲ  ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ।

ਆਸ ਹੈ ਕਿ ਇਸ ਐਸਾ ਕਹਿਣ ਵਾਲੇ ਦੋ ਸੱਜਣ ਦਾਸ ਦੇ ਇਸ ਨਿਮਰਤਾ ਪੁਰਨ ਖੁੱਲੇ ਸੱਦੇ ਨੂੰ ਸਵੀਕਾਰ ਕਰਨ ਗੇ ਤਾਂ ਕਿ ਆਪਸੀ ਸਹਿਯੋਗ ਨਾਲ ਇਸ ਸੰਵਾਦ ਦਾ ਕੰਮ ਸਿਰੇ ਚੜੇ ।ਬੇਨਤੀ ਹੈ ਕਿ ਇਸ ਬਾਰੇ ਦਾਸ ਨਾਲ ੨੬.੦੨.੨੦੧੨ ਤਕ ਸੰਪਰਕ ਕੀਤਾ ਜਾਏ।
ਹਰਦੇਵ ਸਿੰਘ, ਜੰਮੂ
੨੦.੦੨.੨੦੧੨
੯੪੧੯੧-੮੪੯੯੦

Saturday, 18 February 2012


NOTE:- This article is to comunicate some considerations to  few brothers  who relate the parts of Nitneym/Ardas with garbage and hold present system responsible for every decison taken by our elders of Singh Sabha Lehar. Their heresy are used for the purpose BUT This is not to comment on Dhunda Ji.

ਮੱਸੇ ਰੰਗੜ?
ਹਰਦੇਵ ਸਿੰਘ,ਜੰਮੂ

ਸਿੱਖ ਇਤਹਾਸ ਵਿਚ ਕੁੱਝ ਧਿਰ ਬੜੇ ਚਰਚਿਤ ਰਹੇ ਹਨ।ਜਿਨਾਂ੍ਹ ਵਿਚੋਂ ਮੱਸਾ ਰੰਗੜ ਵੀ ਇਕ ਧਿਰ ਵਿਸ਼ੇਸ਼ ਦਾ ਪ੍ਰਤੀਨਿਧੀ ਸੀ।

ਮੁੱਖ ਦੋਸ਼; ਦਰਬਾਰ ਸਾਹਿਬ ਦੇ ਸਤਿਕਾਰ ਨੂੰ ਚੁਨੌਤੀ! 


ਚੁਨੌਤੀ ਦਾ ਮੁੱਖ ਰੂਪ; ਦਰਬਾਰ ਸਾਹਿਬ ਤੋਂ ਸ਼ਬਦ ਗੁਰੂ ਗ੍ਰੰਥ ਦੇ ਪ੍ਰਕਾਸ਼ ਨੂੰ ਹਟਾ ਕੇ ਸ਼ਰਾਬ ਪੀਣਾਂ ਅਤੇ ਨਾਚ ਨਚਵਾਉਂਣਾ! ਬੱਸ! ਅਪਣੇ ਘਰ ਬੈਠ ਸ਼ਰਾਬ ਪੀਦਾ , ਨਾਚ ਵੇਖਦਾ ਤਾਂ ਸੁੱਖਾ ਸਿੰਘ ਜੀ ਨੂੰ ਕੋਈ ਇਤਰਾਜ਼ ਨਹੀਂ ਸੀ।ਮਿਲ ਜਾਂਦਾ ਤਾਂ ਇਤਨਾ ਹੀ ਕਹਿਣਾ ਬਣਦਾ ਹੀ ਸੀ ਕਿ ਭਾਈ ਮੱਸਾ ਰੰਗੜ ਜਿਸ ਨੂੰ ਪੀਣ ਨਾਲ ਮਤ ਦੂਰ ਹੋਵੇ ਉਹ ਨਾ ਪੀਆ ਕਰ।ਪਰਾਏ ਰੂਪ ਤੇ ਵੀ ਅੱਖ ਨਾ ਰੱਖਿਆ ਕਰ।ਖ਼ੈਰ!


ਨਤੀਜਾ; ਗੁਰੂ ਕੇ ਸਿੱਖਾਂ ਦੇ ਨੇਜਿਆਂ ਤੇ ਸਿਰ ਟੰਗਿਆ ਗਿਆ!


ਕਿਸੇ ਜਿਗਿਆਸੂ ਨੂੰ ਪਤਾ ਚਲਿਆ ਕਿ ਕਹਿੰਦੇ ਹਨ ਨਵੇਂ ਮੱਸੇ ਰੰਗੜ ਪੈਦਾ ਹੋ ਗਏ ਹਨ।ਕੋਂਣ? 

 
ਵੀਰ ਜੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਂਣ ਵਾਲੇ!
ਨਵੀਂਆਂ ਵੇਸਵਾਵਾਂ ਵੀ ਪੈਦਾ ਹੋ ਗਈਆਂ ਹਨ! 


ਕੋਂਣ? ਚਲੋ ਛੱਡੋ! ਇਸ ਗਲ ਨੂੰ ਰਹਿਣ ਦੇਉ ਕਿਉਂਕਿ ਮੱਸਾ ਰੰਗੜ ਵਲੋਂ ਆਈ ਚੁਨੌਤੀ ਗੁਰਸਿੱਖਾਂ ਨੇ ਵੇਸਵਾਵਾਂ ਦੇ ਸਿਰਾਂ ਤੇ ਤਾਂ ਨਹੀਂ ਸੀ ਨਜਿੱਠੀ। ਇਸ ਲਈ ਕਿਸੇ ਦੀ ਧੀ-ਭੇਂਣ ਨੂੰ ਵੇਸਵਾ ਪ੍ਰਸੰਗ ਵਿਚ ਘਸੀਟਣਾ ਚੰਗਾ ਨਹੀਂ।ਇਸਤਰੀ ਬਾਰੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਵਿਚਾਰ ਵਟਾਂਦਰੇ ਦੇ ਮਿਆਰ ਨੂੰ ਵੀ।


ਇਸ ਲਈ ਗਲ ਰਚਨਾਵਾਂ ਦੀ  ਹੀ ਕਰਦੇ ਹਾਂ!


ਵੀਰ ਜੀ ਰਚਨਾਵਾਂ ਵਿਵਾਦਤ ਗ੍ਰੰਥ ਵਿਚ ਲਿਖਿਆਂ ਹੋਈਆਂ ਹਨ।ਇਸ ਲਈ ਸਭ ਗੰਦ ਹੈ। ਪੜਾਉਂਣ ਵਾਲੇ ਮੱਸੇ ਰੰਗੜ ਹਨ।ਪੜਨ-ਸੁਣਨ ਵਾਲਿਆਂ ਬਾਰੇ ਅੱਜੇ ਚਰਚਾ ਨਹੀਂ ਹੋਈ ਕਿ ਉਹ ਕੋਂਣ ਹਨ।ਇਸ ਹਿਸਾਬ ਨਾਲ ਹਰ ਗੁਰਦੁਆਰੇ ਹਰ ਦਰਬਾਰ ਵਿਚ ਗੰਦ ਪਵਾਉਂਣ ਵਾਲੇ ਮੱਸੇ ਰੰਗੜ ਹਨ।ਅਸੀਂ ਤਾਂ ਉਸੇ ਦਰਬਾਰ ਦੀ ਗਲ ਕਰਦੇ ਹਾਂ!
ਚਲੋ ਤਰਕ ਹੈ ਵਿਚਾਰ ਲੇਂਣਾ ਚਾਹੀਦਾ ਹੈ!


ਐਸਾ ਪ੍ਰਬੰਧਕ ਕੋਂਣ ਹੈ ਜਿਸ ਨੇ ਇਨਾਂ੍ਹ ਰਚਨਾਵਾਂ ਨੂੰ ਪੜਾਉਂਣ ਦਾ ਕੰਮ ਆਰੰਭ ਕੀਤਾ ਹੈ?ਜ਼ਰਾ ਉਸ ਕਸੂਰਵਾਰ ਦਾ ਹੀ ਸਿਰ ਦਰਦ ਠੀਕ ਕਰੀਏ! 


ਨਹੀਂ ਜੀ! ਇਸਦਾ ਵਿਧੀਵਤ ਆਰੰਭ ਤਾਂ ੧੯੪੫ ਵਿੱਚ ਹੋਇਆ! ਸਾਜਸ਼ਾਂ ਵੀ ਹੋਇਆਂ ਅਤੇ ਸਮਝੌਤੇ ਵੀ!


ਵੀਰੋ ਇਹ ਵਿਧੀ ਕਿਸਨੇ ਬਣਾਈ ? 


ਜੀ ਸਿੰਘ ਸਭਾ ਲਹਿਰ ਦੇ ਵਿਦਨਾਵਾਂ ਨੇ ਜਿਨਾਂ੍ਹ ਵਿਚ ਭਾਈ ਕਾਨ੍ਹ ਸਿੰਘ ਨਾਭਾ, ਪੋ. ਸਾਹਿਬ ਸਿੰਘ, ਪ੍ਰੋ. ਗੁਰਮੁੱਖ ਸਿੰਘ, ਪ੍ਰਿ. ਤੇਜਾ ਸਿੰਘ ਜੀ ਵਰਗੇ ਵਿਦਵਾਨ ਸ਼ਾਮਲ ਸਨ।ਉਨਾਂ੍ਹ ਇਸ ਬਾਰੇ ਸਮਝੌਤੇ ਕਰ ਲਏ ਸੀ ਜੀ! 'ਉਹ' ਵਿਚਾਰੇ ਸੁਹਿਰਦ, ਸਿਆਣੇ ਅਤੇ ਸਾਫ਼ ਤਾਂ ਬੜੇ ਸਨ ਪਰ ਹਰ ਪਾਸੇ ਗੰਦ ਪਾ ਗਏ!ਉਹ ਤਾਂ ਸਾਰੇ ਅਕਾਲ ਚਲਾਣਾ ਕਰ ਗਏ ਹਨ!


ਅੱਛਾ!! ਹੋਰ ਕੀ ਕੀ ਗਲਤ ਕੀਤਾ ਉਨਾਂ੍ਹ ਵਿਦਵਾਨਾ ਨੇ? 


ਜੀ ਇਤਹਾਸ ਗਲਤ ਕਰ ਗਏ, ਅਕਾਲ ਤਖ਼ਤ ਗਲਤ ਕਰ ਗਏ, ਅਰਦਾਸ ਗਲਤ ਕਰ ਗਏ,ਨਿਤਨੇਮ ਗਲਤ ਕਰ ਗਏ, ਹਰਿਤ ਮਰਿਆਦਾ ਗਲਤ ਕਰ ਗਏ ਅਤੇ ਗੁਰੂ ਤਕ ਵੀ "ਗਲਤ" ਕਰ ਗਏ!!! 

 
ਇਨਾਂ ਕੁੱਝ ਗਲਤ ਤਾਂ ਕੋਈ ਅਤਿ ਦਾ ਦੁਸ਼ਟ ਹੀ ਕਰ ਸਦਕਾ ਹੈ ਗੁਰਸਿੱਖ ਵਿਦਵਾਨ ਨਹੀਂ।ਫ਼ਿਰ ਉਹ ਵਿਦਵਾਨ ਕਿਵੇਂ ਹੋਏ?ਉਨਾਂ੍ਹ ਐਸੀ ਘੋਰ ਤੌਹੀਨ ਕਿਵੇਂ ਕੀਤੀ ? ਉਹ ਤਾਂ ਮੱਸੇ ਰੰਗੜ ਤੋਂ ਵੀ ਵੱਧ ਨਹੀਂ ਸਨ ? ਫ਼ਿਰ ਤੁਸਾਂ ਥਾਂ ਪਰ ਥਾਂ ਉਨਾਂ ਦਿਆਂ ਫ਼ੋਟੁਆਂ ਕਿਵੇਂ ਲਾਈਆਂ-ਛਾਪਿਆਂ ਹਨ? ਸਾਜਸ਼-ਸਮਝੌਤੇ ਫ਼ਿਰ ਵੀ ਸਤਿਕਾਰ, ਪ੍ਰਸ਼ੰਸਾ ਅਤੇ ਫ਼ੌਟੁਆਂ ਤੇ ਇਸ ਵਿਸ਼ੇ ਤੇ ਘੜਾ ਅੱਜ ਦੇ ਪ੍ਰਬੰਧਕਾਂ ਸਿਰ ?

 
(ਪਾਸਾ ਵੱਟਦੇ ਹੋਏ) ਉਹ ਨਹੀਂ ਨਹੀਂ ਜੀ! ਸਾਜਸ਼ ਦਾ ਸਬੂਤ ਨਹੀਂ ਜੀ! ਸਮਝੋਤਿਆਂ ਦੀ ਗਲ ਸਪਸ਼ਟ ਨਹੀਂ ਹੈ ! ਆਇਡੀਆ ਹੈ! ਦਰਅਸਲ ਉਹ ਜਾਣਦੇ ਹੀ ਨਹੀਂ ਸਨ।ਬੜੇ ਸਮਰਪਿਤ ਅਤੇ ਮਹਾਨ ਵਿਦਵਾਨ ਸਨ ਪਰ ਇਸ ਬਾਰੇ ਪਤਾ ਕੁੱਝ ਨਹੀਂ ਸੀ ਵਚਾਰਿਆਂ ਨੂੰ !ਅਭੁੱਲ ਤਾਂ ਕੇਵਲ ਕਰਤਾਰ ਹੈ! 


ਉਹ ਅੱਛਾ!ਪਰ ਅੱਜ ਦੇ ਪ੍ਰਬੰਧਕ ਸਭ ਜਾਣਦੇ ਹਨ? 


ਜੀ ਹਾਂ ਅਸੀਂ ਲੇਖ ਲਿਖ-ਲਿਖ ਕੇ ਜਾਣਕਾਰੀ ਦਿੱਤੀ ਹੈ!ਫ਼ਿਰ ਵੀ ਉਹ ਇਸ ਵਿਸ਼ੇ ਤੇ ਅਭੁੱਲ ਨਹੀਂ ਹੁੰਦੇ ਪਏ!


ਤੁਹਾਨੂ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਵੀਰੋ?

 
ਜੀ ਬੜੀ ਖੌਜ ਹੋਈ ਹੈ।ਸਾਨੂੰ ਵੀ ਕਿਸੇ ਨੇ ਦੱਸਿਆ ਹੈ।ਅਸੀਂ ਵੀ ਕਿਸੇ ਦਾ ਪੜਿਆ ਹੈ।ਉਨਾਂ੍ਹ ਦਾ ਹੀ ਲਿਖੀਆ ਅੱਗੇ ਤੋਰੀ ਜਾਂਦੇ ਹਾਂ! 


ਨਵੇਂ ਖੋਜੀ ਅਭੁੱਲ ਹਨ?

 
ਨਹੀਂ ਜੀ! ਇਹ ਤਾਂ ਨਹੀਂ ਕਹਿ ਸਕਦੇ! ਅਭੁੱਲ ਤਾਂ ਕੇਵਲ ਕਰਤਾਰ ਹੈ!


ਉਹ ਪਹਿਲੇ ਵਿਦਵਾਨਾਂ ਨਾਲੋਂ ਸਿਆਣੇ ਖੌਜੀ ਹਨ?


ਵੀਰ ਜੀ ਨਹੀਂ ਇਹ ਤਾਂ ਨਹੀਂ ਕਹਿ ਸਕਦੇ ਪਰ ਖੌਜ ਹੋਈ ਹੈ ਜੀ। ਗਿਣਤੀਆਂ-ਮਿਣਤਿਆਂ ਵੀ ਹੋਈਆਂ ਨੇ।ਸ਼ਰਤਾਂ ਲੱਗੀਆਂ ਨੇ!ਅਸੀਂ ਪੜਿਆ ਹੈ ਜੀ।


ਤੁਸੀ ਸਾਰੇ ਅਭੁੱਲ ਹੋ? 

 
ਵੀਰ ਜੀ ਨਹੀਂ ਅਸੀਂ ਤਾਂ ਕਦੇ ਇਸਦਾ ਕੋਈ ਦਾਵਾ ਨਹੀਂ ਕੀਤਾ! ਪਰ ਸਾਨੂੰ ਪਤਾ ਹੈ! ਸਾਡੇ ਆਇਡੀਏ ਕਦੇ ਗਲਤ ਨਹੀਂ ਹੋ ਸਕਦੇ!ਇਤਨਾ ਵਿਸ਼ਵਾਸ ਤਾਂ ਹੈ ਜੀ!


ਵੀਰੋ ਤੁਸੀ ਆਪ ਅਣਜਾਂਣ ਤਾਂ ਨਹੀ ? ਹੋ ਸਕਦਾ ਹੈ ਕਿ ਇਸ ਵਾਰੀ ਮੱਸਾ ਰੰਗੜ ਕੋਈ ਵਿਚਾਰ ਬਣ ਆਇਆ ਹੋਵੇ।ਸਾਰੇ ਸੁਚੇਤ ਵੀਰੋ ਘਰ ਬੈਠ ਕੇ ਇਸ ਸੰਭਾਵਨਾ ਤੇ ਵੀ ਵਿਚਾਰ ਕਰੋ! ਕਿਉਂਕਿ ਵਿਚਾਰਾਂ
ਦੇ ਸਿਰ ਵਿਚਾਰਾਂ ਨਾਲ ਹੀ ਨਜਿੱਠੇ ਜਾਂਦੇ ਹਨ।
ਹਰਦੇਵ ਸਿੰਘ, ਜੰਮੂ
੧੮.੦੨.੨੦੧੨

Saturday, 11 February 2012

ਬਰੂਟਸ ਤੂੰ ਵੀ?
ਹਰਦੇਵ ਸਿੰਘ,ਜੰਮੂ

ਕਹਾਣੀ ਪੁਰਾਣੀ ਹੈ! ਕਹਿੰਦੇ ਹਨ ਰੋਮ ਦੇ ਤਕਤਵਰ ਰਾਜਾ 'ਜੁਲੀਅਸ ਸੀਜ਼ਰ' ਦੇ ਕਤਲ ਦੀ ਸਾਜਸ਼ ਉਸਦੇ ਸਾਥੀਆਂ ਨੇ ਰਚੀ।'ਉਹ ਦਿਨ' ਆ ਹੀ ਗਿਆ ਜਦੋਂ ਜੁਲੀਅਸ ਸੀਜ਼ਰ ਨੇ 'ਸੈਨਟ ਹਾਲ' ਦੇ ਅੰਦਰ ਕਦਮ ਰੱਖਿਆ।ਸਾਜਸ਼ ਕਰਤਾ ਸੈਨੇਟਰ ਅਪਣੇ ਮਨਸੂਬੇ ਮੁਤਾਬਕ ਹੀ ਤਿਆਰ ਸਨ।ਪਹਿਲਾ ਵਾਰ ਗਰਦਨ ਤੇ ਹੋਇਆ! ਸੀਜ਼ਰ ਨੇ ਵਾਰ ਕਰਨ ਵਾਲੇ ਦੀ ਬਾਂਹ ਪਕੜ ਲਈ ਅਤੇ ਹੈਰਾਨਗੀ ਨਾਲ ਪੁੱਛਿਆ; 'ਕਾਸਕਾ ਤੁ ਇਹ ਕੀ ਕਰ ਰਿਹਾ ਵੇਂ ? ਹਮਲਾਵਰ ਡਰ ਜਿਹਾ ਗਿਆ ਅਤੇ ਮੋਕਾ-ਏ- ਵਾਰਦਾਤ ਤੇ ਮੌਜੂਦ ਹੋਰ ਸਾਥੀਆਂ ਵਲੋਂ ਮਦਦ ਮੰਗਣ ਲਗ ਪਿਆ।ਇਕਦਮ ਸੀਜ਼ਰ ਸੱਠਾਂ ਬੰਦਿਆਂ ਵਲੋਂ ਘੇਰ ਲਿਆ ਗਿਆ। ਚਾਰੋਂ ਪਾਸਿਯੋਂ ਖ਼ੰਜਰ ਸੀਜ਼ਰ ਦੇ ਜਿਸਮ ਨੂੰ ਭੇਦਣ ਲੱਗ ਪਏ।ਸੀਜ਼ਰ ਅਪਣੇ ਸਾਥੀਆਂ ਦੇ ਇਸ ਹਮਲੇ ਤੋਂ ਹੈਰਾਨ ਸੀ।ਪਰ ਅਤਿ ਦੀ ਹੈਰਾਨਗੀ ਉਸ ਵੇਲੇ ਹੋਈ ਜਿਸ ਵੇਲੇ ਉਸਦੀ ਨਜ਼ਰ ਵਾਰ ਕਰਨ ਵਾਲੇ ਅਪਣੇ ਖ਼ਾਸ ਜਿਗਰੀ 'ਬਰੂਟਸ' ਤੇ ਪਈ! ਤਾਂ ਖ਼ੂਨ ਵਿਚ ਲੱਥਪੱਥ ਸੀਜ਼ਰ ਨੇ ਅਤਿ ਦੀ ਹੈਰਾਨਗੀ ਨਾਲ ਪੁੱਛਿਆ "ਬਰੂਟਸ ਤੂੰ ਵੀ?" (You Too Brutus?)

ਇਸ ਇਤਹਾਸਕ ਕਹਾਣੀ ਦੇ ਮੁਤਾਬਕ ਸੀਜ਼ਰ ਚਾਰੋ ਪਾਸਿਯੋਂ ਵਰੇ ਖ਼ੰਜਰਾਂ ਤੋਂ ਇਤਨਾ ਮਾਯੂਸ ਅਤੇ ਹੈਰਾਨ ਨਹੀਂ ਹੋਇਆ ਜਿਤਨਾ ਕਿ ਅਪਣੇ ਹੀ ਖ਼ਾਸਮ-ਖ਼ਾਸ ਵੱਲੋਂ ਕੀਤੇ ਗਏ ਵਾਰ ਤੇ! ਆਖ਼ਰ ਸੀਜ਼ਰ ਇਕ ਮਹਾਨ ਯੌਧਾ ਸੀ।ਜੰਗ ਦੇ ਮੈਦਾਨਾਂ ਵਿਚੋਂ ਉੱਠਦਿਆਂ ਖ਼ੂਨੀ ਹਨੇਰਿਆਂ ਵਿਚ ਜੂਝਣ ਵਾਲਾ ਸੀ।ਉਸ ਨੂੰ ਕਦੇ ਕਿਸੇ ਵਿਰੋਧੀ ਦੇ ਵਾਰ ਨੇ ਉਤਨਾ ਹੈਰਾਨ ਨਹੀਂ ਸੀ ਕੀਤਾ ਜਿਤਨਾ ਕਿ ਉਸ ਦੇ ਅਪਣੇ ਹੀ ਖ਼ਾਸ ਸਾਥੀ ਦੇ ਵਾਰ ਨੇ।ਹੈਰਾਨਗੀ ਦੀ ਹੱਦ ਇਤਨੀ ਸੀ ਕਿ ਸੀਜ਼ਰ ਨੇ ਆਪਾ ਹਮਲਾਵਰਾਂ ਦੇ ਹਵਾਲੇ ਕਰ ਦਿੱਤਾ!


ਅੱਜ ਦੇ ਮਾਹੋਲ ਦੇ ਵਿਚ ਜਿਸ ਵੇਲੇ 'ਕੇਵਲ ਗੁਰੂ ਦੀ ਗਲ ਕਰਨ ਵਾਲੇ' ਅਖਵਾਉਂਦੇ ਪਾਸਿਯੋਂ ਵੀ ਸਿੱਖੀ ਦੇ ਮੁੱਡਲੇ ਅਧਾਰਾਂ ਤੇ ਜਾਣੇ-ਅਣਜਾਣੇ ਕਿੰਤੂ/ਬੇਅਦਬੀ ਹੁੰਦੀ ਹੈ ਤਾਂ ਜ਼ਹਿਨ ਵਿਚ ਕਹਾਵਤ ਰੂਪ ਇਹ ਸਵਾਲ ਉੱਠਦਾ ਹੈ ਬਰੂਟਸ ਤੂੰ ਵੀ???
ਹਰਦੇਵ ਸਿੰਘ, ਜੰਮੂ
੧੦.੦੨.੨੦੧੨

Wednesday, 8 February 2012

'ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਪਾਸ ਬੇਨਤੀ'
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀਉ,
ਸਤਿ ਸ਼੍ਰੀ ਅਕਾਲ !


ਆਪ ਜੀ ਨਾਲ ਮੁਖ਼ਾਤਬ ਹੁੰਦੇ ਸਭ ਤੋਂ ਪਹਿਲਾਂ ਆਪ ਜੀ ਵਲੋਂ ਲਿਖਿਆਂ ਲਿਖਤਾਂ ਵਿਚ ਦਰਸਾਏ ਗੁਰਮਤਿ ਪੱਖੀ ਵਿਚਾਰਾਂ ਲਈ ਆਪ ਜੀ ਦਾ ਬਹੁਤ ਧਨਵਾਦ!


ਪਿੱਛਲੇ ਸਾਲ ਦਾਸ ਨੇ ਇਨਟਰਨੇਟ ਰਾਹੀਂ ਪਾਠਕ ਸੱਜਣਾਂ ਤੋਂ ਇਕ ਜਾਣਕਾਰੀ ਮੰਗੀ ਸੀ ਜਿਸਦਾ ਸਾਰ ਇਹ ਜਾਣਨਾ ਸੀ ਕਿ ਕੀ ਆਪ ਜੀ ਨੇ ਅਪਣੀਆਂ ਲਿਖਤਾਂ ਵਿਚ ਕੁੱਝ ਥਾਂ ਵਰਤੇ ਉਨਾਂ੍ਹ ਹਵਾਲਿਆਂ ਨੂੰ ਵਾਪਸ ਲਿਆ ਹੈ ਜਿਨਾਂ੍ਹ ਬਾਰੇ ਇਹ ਮੰਨਿਆਂ ਜਾਦਾਂ ਹੈ ਕਿ ਉਹ ਦਸ਼ਮੇਸ਼ ਜੀ ਵਲੋਂ ਕਹੇ ਗਏ ਸੀ ?

 
ਮਿਸਾਲ ਦੇ ਤੌਰ ਤੇ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਪੁਸਤਕ ਵਿਚ ਆਪ ਜੀ ਨੇ ਦਸ਼ਮੇਸ਼ ਜੀ ਦੇ ਨਾਲ ਜੁੜੇ ਹੇਠ ਲਿਖੇ ਹਵਾਲੇ ਨੂੰ ਹੀ ਅਪਣੀ ਪੁਸਤਕ ਦਾ ਅਧਾਰ ਬਣਾਇਆ ਹੈ ਜਿਸ ਦਾ ਇਸਤੇਮਾਲ ਆਪ ਜੀ ਨੇ ਪੁਸਤਕ ਦੀ ਅਰੰਭਕ ਬੇਨਤੀ ਵਿਚ ਇੰਝ ਲਿਖਦੇ ਹੋਏ ਕੀਤਾ:-


"ਦਿਨੋ ਦਿਨ ਪੰਥ ਵਿਚ ਆ ਰਹੇ ਵਿਗਾੜ ਦਾ ਠੀਕ ਠੀਕ ਕਾਰਨ, ਇਸ ਨਿਮਾਣੇ ਦਾਸਰੇ ਨੇ ਲਭਣਾ ਚਾਹਿਆ। ਸਤਿਗੁਰਾਂ ਦੇ ਪਾਵਨ ਮਾਨਣੇ ਨਾਲ ਜੁੜੇ ਇਨਾਂ ਬਚਨਾਂ ਵਲ ਧਿਆਨ ਗਿਆ

 
ਜਬ ਲਗ ਖ਼ਾਲਸਾ ਰਹੇ ਨਿਆਰਾ।ਤਬ ਲਗ ਤੇਜ ਦੀਆ ਮੈਂ ਸਾਰਾ।
ਜਬ ਇਹ ਗਏ ਬਿਪ੍ਰਨ ਕੀ ਰੀਤ।ਮੈਂ ਨਾ ਕਰੁੰ ਇਨਕੀ ਪਰਤੀਤ।

ਬੜੀ ਪੁੱਛ ਪੜਤਾਲ ਕੀਤੀ ਕਿ ਕੀ ਵਾਕਿਆ ਹੀ ਦਸਮ ਸਤਿਗੁਰਾਂ ਦਾ ਇਨਾਂ੍ਹ ਬਚਨਾਂ ਨਾਲ ਨਿੱਜੀ ਸਬੰਧ ਹੈ। ਸ਼੍ਰੀ ਅਕਾਲ ਤਖ਼ਤ ਤਕ ਵੀ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਇਨਾਂ੍ਹ ਬਚਨਾਂ ਨਾਲ ਦਸ਼ਮੇਸ਼ ਜੀ ਦਾ ਕਈ ਸਬੰਧ ਨਹੀਂ।ਤਾਂ ਫਿਰ ਸਤਿਗੁਰਾਂ ਦਾ ਅੱਟਲ ਬਚਨ ਹੈ ਕਿ ਜਦੇਂ ਤਕ ਵੀ ਖ਼ਾਲਸਾ ਨਿਆਰਾ ਰਹੇਗਾ, ਤੇਜ ਪ੍ਰਤਾਪ ਕਾਇਮ ਰਹੇਗਾ।੧੬੯੯ ਵਿਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ੧੭੯੯ ਵਿਚ ਸਤਿਗੁਰਾਂ ਨੇ ਲਾਹੋਰ ਫ਼ਤਿਹ ਕਰਵਾ ਦਿੱਤਾ"

 
ਉਪਰੋਕਤ ਹਵਾਲੇ ਬਾਰੇ ਆਪ ਜੀ ਦਾ ਇਹ ਵੀ ਕਹਿਣਾ ਹੈ:- 


" ਸੋ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ, ਸਾਰੇ ਪੰਥ ਵਿਚ ਮੰਨੇ ਜਾ ਚੁੱਕੇ ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ, ਇਹ ਗਲ ਸਪਸ਼ਟ ਹੈ ਕਿ ਖ਼ਾਲਸਾ ਜੀ ਦਾ ਤੇਜ ਪ੍ਰਤਾਪ ਕੇਵਲ ਉਸ ਦੇ ਨਿਆਰੇ ਰਹਿਣ ਨਾਲ ਹੀ ਜੁੜਿਆ ਹੋਇਆ ਸੀ"

 
ਦਿਲਚਸਪ ਗਲ ਇਹ ਹੈ ਕਿ ਆਪ ਜੀ ਦੀਆਂ ੧੦ ਪੁਸਤਕਾਂ ਦਾ ਸਿਰਲੇਖ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ' ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ ਹੀ 'ਅਧਾਰਤ/ਪ੍ਰੇਰਤ' ਹੈ।ਇਸ ਤੋਂ ਸਾਰੇ ਪਾਠਕ ਵਾਕਿਫ ਹੀ ਹਨ।


ਦਾਸ ਨੇ ਕਲ ਹੀ ਇਨਟਰਨੇਟ ਤੇ ਇਕ ਵੀਰ ਦੀ ਚਿੱਠੀ (ਜੋ ਕਿ ਉਸ ਵੀਰ ਨੇ ਦਾਸ ਵਲੋਂ ਪਾਠਕਾਂ ਨੂੰ ਇਸ ਬਾਰੇ ਕੀਤੀ ਬੇਨਤੀ ਬਾਦ ਦਾਸ ਵਲ ਲਿਖੀ ਸੀ ਪਰ ਦਾਸ ਪਿੱਛਲੇ ਸਾਲ ਜੰਮੂ ਤੋਂ ਬਾਹਰ ਹੋਣ ਕਾਰਨ ਪੜ ਨਹੀਂ ਸਕਿਆ ਸੀ) ਪੜਨ ਨੂੰ ਮਿਲੀ  ਜਿਸ ਵਿਚ ਉਸ ਵੀਰ ਨੇ ਦਾਸ ਨੂੰ ਆਪ ਜੀ ਤੋਂ ਹੀ ਸਿੱਦਾ ਪੁੱਛਣ ਦਾ ਸੁਝਾਅ ਦਿੱਤਾ ਸੀ। ਉਸ ਚਿੱਠੀ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਆਪ ਜੀ ਵਿਚਾਰ ਦੇਂਣ ਲਈ ਸ਼ਰੀਰਕ ਰੂਪ ਵਿਚ ਤੰਦਰੁਸਤ ਹੋ।ਇਸ ਲਈ ਆਪ ਜੀ ਅਗੇ ਬੇਨਤੀ ਹੈ ਕਿ ਆਪ ਜੀ ਦਾਸ ਅਤੇ ਪਾਠਕਾਂ ਦੀ ਜਾਣਕਾਰੀ ਲਈ ਹੇਠ ਲਿਖੇ ਸਵਾਲਾਂ ਬਾਰੇ ਅਪਣੇ ਵਿਚਾਰ ਦੇਂਣ ਦੀ ਕਿਰਪਾਲਤਾ ਕਰੋ:-


(੧) ਕੀ ਆਪ ਜੀ  ਆਪਣੀ ਲਿਖਤਾਂ ਦੇ ਸਿਰਲੇਖ ਦੇ 'ਪ੍ਰੇਰਨਾ ਸਰੋਤ' ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੇ ਅਤੇ ਅਪਣੇ ਵਲੋਂ ਵਰਤੇ ਉਪਰੋਕਤ ਹਵਾਲੇ ਤੋਂ ਹੁਣ ਇਨਕਾਰੀ ਹੋ ?


(੨)  ਆਪ ਜੀ ਨੇ ਅਪਣੀ ਪੁਸਤਕ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਦੀ ਜੋਦੜੀ ਵਿਚ ਆਪ ਜੀ ਨੇ ਕਥਿਤ ਦਸ਼ਮ ਗ੍ਰੰਥ ਦੇ ਕੇਵਲ ਕੁੱਝ ਹਿਸਿੱਆ ਨੂੰ ਗੁਰਬਾਣੀ ਦੀ ਕਸਵਟੀ ਤੇ ਪਰਖਿਆ ਲਿਖਿਆ ਹੈ।ਇਸ ਲਈ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਕੀ ਆਪ ਜੀ ਦੇ ਵਿਚਾਰ ਅਨੁਸਾਰ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀ ਹਰ ਲਿਖਤ ਦਸ਼ਮੇਸ਼ ਜੀ ਵਲੋਂ ਲਿਖੀ-ਲਿਖਵਾਈ ਜਾਂ ਪਰਵਾਣੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ ?

 
(੩) ਕੀ ਦਸ਼ਮ ਗ੍ਰੰਥ ਵਿਚ ਸੰਕਲਤ ਕਰ ਦਿੱਤੀਆਂ ਲਿਖਤਾਂ ਵਿਚ ਕੋਈ ਵੀ ਗਲ ਗੁਰਬਾਣੀ ਅਨੁਸਾਰੀ ਨਹੀਂ ਹੈ ?

 
(੪) ਆਪ ਜੀ ਨੇ ਆਰੰਭਕ ਬੇਨਤੀ ਵਿਚ ਪਾਠਕਾਂ ਲਈ ਇਹ ਸੁਚਨਾ ਵੀ ਦਰਜ ਕੀਤੀ ਹੈ ਕਿ
" ਦਸ਼ਮ ਗ੍ਰੰਥ ਬਾਰੇ  ਪੰਥ ਵਿਚ ਵਿਵਾਦ ਦੇਰ ਦਾ ਹੈ ਅਤੇ ਇਸ ਅਦਭੁਤ ਗ੍ਰੰਥ ਦੀ ਅਸਲੀਅਤ ਸਮਝ ਕੇ ਉਸ ਤੋਂ ਪੰਥ ਨੂੰ ਸੁਚੇਤ ਕਰਨ ਦੀ ਦਲੇਰੀ ਜਿਸ ਨੇ ਵੀ ਕੀਤੀ, ਉਸ ਨੂੰ ਪੰਥ ਵਿਚੋਂ ਖ਼ਾਰਜ ਕਰਕੇ, ਪੰਥ ਦੇ ਸੱਚੇ ਹਿਤੈਸ਼ੀਆਂ ਨੂੰ ਨਮੋਸ਼ੀ ਦੇ ਖੂਹ ਵਿਚ ਧੱਕ ਦਿੱਤਾ ਜਾਦਾਂ ਰਿਹਾ ਸੀ"

 
ਨਾਲ ਹੀ ਆਪ ਜੀ ਨੇ ਲਿਖਿਆ ਹੈ 


"ਰਤਨ ਸਿੰਘ ਜੱਗੀ ਨੇ, ਹਰਿੰਦਰ ਸਿੰਘ ਮਹਿਬੂਬ ਨੇ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਵਰਗਵਾਸੀ ਗੁਰਮੁਖ ਪਿਆਰੇ ਹਰਭਜਨ ਸਿੰਘ ਜੀ ਨੇ ਵੀ ਇਸ ਗ੍ਰੰਥ ਬਾਰੇ ਵਿਰੋਧੀ ਵਿਚਾਰ ਲਿਖੇ ਹਨ"

 
ਹੁਣ ਕਿਰਪਾਲਤਾ ਕਰਕੇ ਇਹ ਦੱਸੋ ਕਿ ਕੀ ਆਪ ਜੀ ਵਲੋਂ ਲਿਖੇ ਉਪਰੋਕਤ ਤਿੰਨਾਂ੍ਹ ਵਿਦਵਾਨਾਂ ਨੂੰ ਵੀ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?

 
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦੀ ਪੁਸਤਕ ਤੋਂ ਕਈ ਦਹਾਕਿਆਂ ਪਹਿਲਾਂ ਸਨ ੧੯੩੬ ਵਿਚ ਬਣੇ ਰਹਿਤ ਮਰਿਆਦਾ ਦੇ ਪਹਿਲੇ ਖਰੜੇ ਵਿਚ ਹੀ ਦਸ਼ਮ ਗ੍ਰੰਥ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਸਪਸ਼ਟ ਕਰ ਦਿੱਤਾ ਗਿਆ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਪੁਸਤਕ ਦੀ ਨਸ਼ੀਨੀ ਨਹੀਂ ਹੋ ਸਕਦੀ ਜਦ ਕਿ ਉਸ ਤੋਂ ਪਹਿਲਾਂ ਇਸ ਗ੍ਰੰਥ ਨੂੰ ਬਹੁਤੀ ਜਗਾ੍ਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਸ਼ੀਨ ਕੀਤਾ ਜਾਂਦਾ ਸੀ। ੧੯੪੧-੪੨ ਵਿਚ ਪ੍ਰਸਿੱਧ ਵਿਦਵਾਨ ਸ. ਸ਼ਮਸ਼ੇਰ ਸਿੰਘ 'ਅਸ਼ੋਕ'੧੯੫੬ ਨੇ ਰੱਜ ਕੇ ਦਸ਼ਮ ਗ੍ਰੰਥ ਦੀ ਅਸਲੀਅਤ ਬਾਰੇ ਲਿਖਦੇ ਹੋਏ ਇਸਦੀਆਂ ਕਈ ਲਿਖਤਾਂ ਨੂੰ ਨੱਕਾਰਿਆ ਸੀ।ਸਨ 1956 ਵਿਚ ਗੁਰਮੁਖ ਸਿੰਘ ਜੀ,   ਸਨ ੧੯੬੦ਗਿਆਨੀ ਹਰਨਾਮ ਸਿੰਘ 'ਬੱਲਭ'  ਨੇ 'ਕ੍ਰਿਸ਼ਨਾਵਤਾਰ' ਅਤੇ 'ਚਰਿਤ੍ਰੋਪਾਖਿਆਨ' ਦੀ ਅਸਲੀਅਤ ਪ੍ਰਕਟ ਕਰਦੇ ਇਨਾਂ੍ਹ ਨੂੰ ਰੱਧ ਕੀਤਾ। ੧੯੬੩ਡਾ. ਰਤਨ ਸਿੰਘ ਜੱਗੀ ਵਿਚ ਜੀ ਦੇ ਦਸ਼ਮ ਗ੍ਰੰਥ ਵਿਰੋਧੀ ਕੰਮ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ੧੯੬੬ ਵਿੱਚ ਸਰਵਉੱਤਮ ਅਲੋਚਨਾਤਮਕ ਪੁਸਤਕ ਦਾ ਐਵਾਰਡ ਅਤੇ ੧੦੦੦ ਰੁਪੇ ਦਾ ਇਨਾਮ ਦਿੱਤਾ। ਇਸ ਤੋਂ ਇਲਾਵਾ ਭਾਈ ਅਰਦਮਨ ਸਿੰਘ ਜੀ ਬਾਗੜਿਆਂ, ਸ. ਮਨੋਹਰ ਸਿੰਘ ਅਦਿ ਕਈ ਵਿਦਵਾਨਾਂ ਨੇ ਪੁਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਅਤੇ ਲਿਖਤਾਂ ਲਿਖਿਆਂ।


(੫) ਆਪ ਜੀ ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਉਪਰੋਕਤ ਨਾਮਾਂ ਵਿਚੋਂ ਕਿਸ ਨੂੰ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਣ ਲਈ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?

 
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦਾ ਉਪਰੋਕਤ ਕਥਨ ਸਹੀ ਨਹੀਂ ਹੈ ਕਿ ਜਿਸ ਨੇ ਵੀ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਿਆ ਉਸ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੱਤਾ ਗਿਆ।ਲਗੱਦਾ ਹੈ ਕਿ ਅਸਲੀਅਤ ਸਮੁੱਚੇ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਂਣ ਨਾਲ ਨਹੀਂ ਬਲਕਿ ਕਿਸੇ ਹੋਰ ਪ੍ਰਕਾਰ ਦੇ ਮਸਲਿਆਂ ਨਾਲ ਜੁੜੀ ਸੀ।


ਦਾਸ ਆਪ ਜੀ ਵਲੋਂ ਗੁਰਮਤਿ ਪੱਖੀ ਕੀਤੇ ਕੰਮ ਦਾ ਤਹੇ-ਦਿਲੋਂ ਸਤਿਕਾਰ ਕਰਦਾ ਹੈ ਭਾਵੇਂ ਦਾਸ ਨੂੰ ਅੱਜੇ ਆਪ ਜੀ ਦੀਆਂ ਲਿਖਤਾਂ ਦੇ ਕੇਵਲ ਕੁੱਝ ਅੰਸ਼ਾ ਨੂੰ ਹੀ ਪੜਨ ਦਾ ਮੌਕਾ ਮਿਲਿਆ ਹੈ।
ਆਸ ਹੈ ਕਿ ਆਪ ਜੀ ਉਪਰੋਕਤ ਸਵਾਲਾਂ ਬਾਰੇ ਵਿਚਾਰ ਦਿੰਦੇ ਹੋਏ ਇਨਾਂ੍ਹ ਪੱਖਾਂ ਤੇ ਰੋਸ਼ਨੀ ਪਾਵੇਗੇ।
ਆਪ ਜੀ ਵਲੋਂ ਵਿਚਾਰਾਂ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ
੦੮.੦੨.੨੦੧੨

Thursday, 2 February 2012


‘ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਸਥਾਪਤ ਅਤੇ ਨਿਰਵਿਵਾਦਤ ਹੈ’
ਹਰਦੇਵ ਸਿੰਘ, ਜੰਮੂ
 
ਜੀਵਨ ਪਰਮਾਤਮਾ ਦੇ ਹੱਥ ਹੈ ਪਰ ਇੱਕ ਗਲ ਨਿਸ਼ਚਤ ਹੈ ਕਿ ਦਾਸ ਲਈ ਕੋਈ ਪੁਸਤਕ/ਗ੍ਰੰਥ ਐਸਾ ਨਹੀਂ ਹੋ ਸਕਦੀ/ਸਕਦਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਸ਼ੀਨ ਕੀਤਾ ਜਾ ਸਕੇ। ਇਸਦੇ ਨਾਲ ਹੀ ਦਾਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ ਤੋਂ ਬਾਹਰ ਕੋਈ ਐਸੀ ਇੱਕ ਪੰਕਤੀ ਵੀ ਨਹੀਂ ਹੋ ਸਕਦੀ ਜੋ ਬਾਣੀ ਦਾ ਦਰਜਾ ਰੱਖਦੀ ਹੋਵੇ।
 
30 ਸਾਲ ਪਹਿਲਾਂ ਸਨ 1982 ਵਿਚ, ਜਿਸ ਵੇਲੇ ਕਿ ਦਾਸ ਹੋਲੀ ਜਿਹੀ ਉਮਰ ਵਿੱਚ ਸੀ, ਪਤਾ ਚਲਿਆ ਸੀ ਕਿ ਵਚਿੱਤਰ ਨਾਟਕ ਵਿੱਚ ਸਾਰੀ ਰਚਨਾਵਾਂ ਦਸ਼ਮੇਸ਼ ਜੀ ਦਿਆਂ ਨਹੀਂ ਹਨ ਕਿਉਂਕਿ ਉਸ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਇਹ ਜਾਨਕਾਰੀ ਦਾਸ ਨੂੰ ਸ. ਜਗਜੀਤ ਸਿੰਘ ਜੰਮੂ ਜੀ ਨੇ ਦਿੱਤੀ ਸੀ। ਦਾਸ ਨੇ ਕਦੇ ਵੀ ਵਚਿੱਤਰ ਨਾਟਕ ਦੀਆਂ ਸਾਰੀਆਂ ਰਚਨਾਵਾਂ ਨੂੰ ਗੁਰੂਕ੍ਰਿਤ/ਪਰਵਾਣਿਤ ਨਹੀਂ ਮੰਨੀਆ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਦਾਸ ਨੂੰ ਬਾਣੀ ਅਤੇ ਰਚਨਾਵਾਂ ਬਾਰੇ ਅੰਤਰ ਵੀ ਸਪਸ਼ਟ ਹੋ ਗਿਆ ਸੀ। ਦਾਸ ਨੇ ਅਪਣੇ ਜੀਵਨ ਵਿੱਚ ਕਦੇ ਵੀ ਇਹ ਨਹੀਂ ਪੜਿਆ/ਸੁਣਿਆ ਕਿ ਸ਼ਬਦ ਗੁਰੂ ਗ੍ਰੰਥ ਤੋਂ ਇਲਾਵਾ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਹੈ।

ਫਿਰ ਕੁੱਝ ਵਾਰ ਇਤਹਾਸਕ ਪੁਸਤਕਾਂ ਪੜਨ ਵੇਲੇ ਵੀ ਦਾਸ ਨੂੰ ਇਸ ਗਲ ਦਾ ਪਤਾ ਚਲਿਆ ਕਿ ਇਸ ਬਾਰੇ ਕਈਂ ਇਤਹਾਸਕਾਰ ਵੀ ਸਹਿਮਤ ਹਨ। ਮਿਸਾਲ ਦੇ ਤੌਰ ਤੇ ਸ.ਖੁਸ਼ਵੰਤ ਸਿੰਘ ਵਲੋਂ ਲਿਖੇ ਸਿੱਖ ਇਤਹਾਸ (ਪਹਿਲਾ ਐਡੀਸ਼ਨ 1963 ਅਤੇ ਪਹਿਲਾ ਭਾਰਤੀ ਐਡੀਸ਼ਨ 1977) ਵਿੱਚ ਵੀ ਇਹ ਸਪਸ਼ਟ ਲਿਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹੋਂਣ ਕਾਰਨ ਦਸ਼ਮੇਸ਼ ਕ੍ਰਿਤ ਨਹੀਂ ਹਨ। ਸਨ 1963 ਵਿੱਚ ਹੀ ਰਤਨ ਸਿੰਘ ਜੱਗੀ ਜੀ ਦੇ ਖ਼ਿਆਤੀ ਪ੍ਰਾਪਤ ਪੀ. ਐਚ. ਡੀ. ਥੀਸਸ ਨੇ ਇਸ ਬਾਰੇ ਖੋਜ ਕੀਤੀ ਸੀ। ਸਨ 1973 ਵਿੱਚ ਅਕਾਲ ਤਖ਼ਤ ਤੋਂ ਵੀ ਇਸ ਬਾਰੇ ਲਿਖਤੀ ਸਪਸ਼ਟਤਾ ਕੀਤੀ ਗਈ ਸੀ।

ਲਗਭਗ ਦੋ ਸਾਲ ਪਹਿਲਾਂ ਦਾਸ ਨੂੰ ਇਹ ਜਾਣਕਾਰੀ ਮਿਲੀ ਕਿ ਕੁੱਝ ਸੱਜਣਾਂ ਨੇ “ਨਵੀਂ ਖੋਜ” ਕਰਕੇ ਇਹ ਵੇਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ ਅਤੇ ਪੌਰਾਣਕ ਵੀ। ਇਹ ਸੁਣ ਕੇ ਦਾਸ ਕੁੱਝ ਚੌਂਕ ਉੱਠਿਆ ਇਹ ਜਾਣਨ ਲਈ ਕਿ ਇਸ “ਨਵੀਂ ਖੋਜ” ਦਾ ਕੀ ਮਾਮਲਾ ਹੈ? ਦਾਸ ਲਈ ਅਸ਼ਲੀਲ ਵਿਸ਼ੇ ਬਾਰੇ ਤਾਂ “ਨਵੀਂ ਖੋਜ” ਦਾ ਦਾਵਾ ਬਿਲਕੁਲ ਝੂਠ ਸੀ ਕਿਉਂਕਿ ਇਹ ਤਾਂ ਦਾਸ ਜਿਹੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਪਤਾ ਸੀ ਅਤੇ ਪੌਰਾਣਕ ਕਥਾਵਾਂ ਦੇ ਉਤਾਰੇ ਦੀ ਗਲ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਮੈਕਾਲਿਫ਼ ਨੇ 100 ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਇਤਹਾਸਕਾਰ ਨੇ ਵੀ ਲਗਭਗ 100 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖਿਆ ਸੀ ਕਿ ਪੁਰਾ ਵਚਿੱਤਰ ਨਾਟਕ ਗ੍ਰੰਥ ਦਸ਼ਮੇਸ਼ ਜੀ ਦਾ ਨਹੀਂ। ਬਾਕਿ ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ ਨੇ ਇਸ ਬਾਰੇ ਕਈਂ ਦਹਾਕਿਆਂ ਪਹਿਲਾਂ ਹੀ ਲੇਖ ਲਿਖੇ ਹੋਏ ਸਨ ਕਿ ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂ ਹਨ। ਇਸਦੇ ਨਾਲ ਹੀ ਕਈ ਵਧੇਰਿਆਂ ਪੁਰਾਤਨ ਲਿਖਤਾਂ ਵਿੱਚ ਵੀ ਇਹ ਗਲਾਂ ਲਿਖਿਆਂ ਮਿਲਦਿਆਂ ਹਨ।

ਪ੍ਰਚਾਰ ਅਤੇ ਸਿੱਖ ਇਤਹਾਸ ਲੇਖਨ/ਪੜਨ ਨਾਲ ਸਬੰਧਤ ਲਗਭਗ ਹਰ ਵੱਡੇ ਵਿਦਵਾਨ/ਲਿਖਾਰੀ ਲਈ ਤਾਂ ਇਹ ਗਲ ਤਾਂ ਦਹਾਕਿਆਂ ਪਹਿਲਾਂ ਹੀ ਦਿਨ ਦੇ ਚਾਨਣ ਵਰਗਾ ਸਾਫ਼ ਸੀ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਸਿੰਘ ਸਭਾ ਲਹਿਰ ਦੇ ਆਗੂ ਵੀ ਇਸ ਬਾਰੇ ਜਾਣਦੇ ਸੀ ਜਿਸ ਕਾਰਨ ਵਚਿੱਤਰ ਨਾਟਕ ਦਾ ਨਾਮ ਤਕ ਵੀ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਆਇਆ। ਉਸ ਵੇਲੇ ਦੇ ਪ੍ਰਸਿੱਧ ਲੇਖਕ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ 1941-42 ਵਿੱਚ ਅਸ਼ਲੀਲਤਾ ਬਾਰੇ ਜਗਜਾਹਰ ਲਿਖਤਾਂ ਲਿਖਿਆਂ ਸਨ। ਸਿੱਖ ਮਿਸ਼ਨਰੀ ਕਾਲੇਜ ਦੇ ‘ਲਿਟਰੇਚਰ’ ਵਿੱਚ ਅਤੇ ‘ਕੋਰਸਾਂ’ ਵੀ ਇਹ ਗਲ ਸਨ 1978 ਤੋਂ ਪਹਿਲਾਂ ਹੀ ਸਪਸ਼ਟ ਸੀ। ਇਸ ਕਰਕੇ ਦਾਸ ਨੂੰ ਅਸ਼ਲੀਲਤਾ ਬਾਰੇ “ਨਵੀਂ ਖੌਜ” ਦਾ ਦਾਵਾ ਕਿਸੇ ਵਲੋਂ ਲੋਕਪ੍ਰਿਯਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਜਾਪਿਆ।

ਇਸ ਨਾਲ ਉਸ ਵਿਚਾਰ ਦੀ ਕੱਚਿਆਈ ਵੀ ਖੁੱਲਦੀ ਹੈ ਜਿਸ ਨੂੰ ਵਰਤਦੇ ਇਹ ਕਿਹਾ ਜਾਂਦਾ ਹੈ ਕਿ ਵਚਿੱਤਰ ਨਾਟਕ ਤੇ ਪਹਿਲੇ ਸੁਧਾਰ ਦੌਰਾਂ ਵਿੱਚ ਖੌਜੀ ਕੰਮ ਨਹੀਂ ਸੀ ਹੋਇਆ। ਇਸ ਸਰਾਸਰ ਗਲਤ ਬਿਆਨੀ ਹੈ। ਵਾਸਤਵਿਕਤਾ ਇਹ ਹੈ ਕਿ ਵਚਿੱਤਰ ਨਾਟਕ ਦਿਆਂ ਸਾਰੀਆਂ ਰਚਨਾਵਾਂ ਦੇ ਗੁਰੂ ਕ੍ਰਿਤ ਨਾ ਹੋਂਣ ਬਾਰੇ ਜਿਤਨਾ ਚੰਗਾ ਅਤੇ ਪਾਏਦਾਰ ਕੰਮ 45 ਤੋਂ 100 ਸਾਲ ਪਹਿਲਾਂ ਦੇ ਅਰਸੇ ਦੋਰਾਨ ਹੋਇਆ ਉਤਨਾ ਕਦੇ ਵੀ ਨਹੀਂ ਹੋਇਆ। ਅੱਜ ਦਾ ਕੰਮ ਤਾਂ ਪਹਿਲੇ ਹੋਏ ਕੰਮਾ ਦੀ ਨਕਲ ਹੈ। ਹਾਂ ਇਸ ਵਿੱਚ ਅਸ਼ਲੀਲਤਾ ਬਾਰੇ ਨਵੀਂ ਖੋਜ ਦੇ ਝੂਠੇ ਦਾਵੇ ਜ਼ਰੂਰ ਨਵੇਂ ਹਨ।
 
ਹਾਂ ਜੋ ਗਲ ਨਵੀਂ ਦਾਸ ਨੇ ਸੁਣੀ ਉਹ ਇਹ ਸੀ ਕਿ ਅਰਦਾਸ ਅਤੇ ਨਿਤਨੇਮ ਵਿਚਲੀਆਂ ਪੰਥ ਪ੍ਰਵਾਣਿਤ ਰਚਨਾਵਾਂ ਵੀ ਗੁਰੂ ਲਿਖਤ/ਪ੍ਰਵਾਣਿਤ ਨਹੀਂ ਹਨ। ਇੱਕ ਜਿਗਿਆਸੂ ਹੋਂਣ ਕਾਰਨ ਦਾਸ ਲਈ ਇਸ ਤੱਥ ਨੂੰ ਆਪ ਵਿਚਾਰਣ ਦੀ ਲੋੜ ਮਹਸੂਸ ਹੋਈ। ਵੈਸੇ ਕੋਈ ਵੀ ਇਸ ਬਾਰੇ ਸੁਣ ਕੇ ਹੈਰਾਨ ਤਾਂ ਹੋਵੇਗਾ ਹੀ ਬੇਸ਼ੱਕ ਐਸੀ ਸੁਭਾਵਕ ਹੈਰਾਨਗੀ ਕਿਸੇ “ਕਥਿਤ ਨਵੇਂ ਖੌਜੀ” ਲਈ ਕੋਈ ਪਾਪ ਕਰ ਦੇਂਣ ਸਮਾਨ ਹੋਵੇ। ਇਸ ਬਾਰੇ ਕਥਿਤ “ਨਵੀਂ ਖੌਜ” ਦੇ ‘ਦਾਵੇ’ ਦੇ ਪ੍ਰਚਾਰਕਾਂ ਤੇ ਭਰੋਸਾ ਕਰਨਾ ਮੁਸ਼ਕਿਲ ਸੀ।

ਖ਼ੈਰ! ਇੱਕ ਦਿਨ, ਲਗਭਗ 4 ਕੁ ਮਹੀਨੇ ਪਹਿਲਾਂ ਦਾਸ ਦਾ ਵਿਚਾਰ ਵਟਾਂਦਰਾ ਇੱਕ ਵਿਦਵਾਨ/ਪ੍ਰਚਾਰਕ ਜੀ ਨਾਲ ਹੋਇਆ ਤਾਂ ਦਾਸ ਨੇ ਸੁਭਾਵਕ ਤੋਰ ਤੇ ਉਨ੍ਹਾਂ ਕੋਲੋਂ ਇੱਕ ਸਵਾਲ ਪੁੱਛਿਆ ਕਿ ਉਹ ਆਪ ਅਰਦਾਸ, ਨਿਤਨੇਮ ਦੀਆਂ ਬਾਣੀਆਂ/ਰਚਨਾਵਾਂ ਅਤੇ ਕੁੱਝ ਹੋਰ ਸ਼ਬਦਾਂ ਨੂੰ ਅਪਣੇ ਚਿੰਤਨ/ਪ੍ਰਚਾਰ ਵਿੱਚ ਸਾਲਾਂ ਬੱਧੀ ਕਿਉਂ ਵਰਤਦੇ/ਪ੍ਰਚਾਰਦੇ ਰਹੇ? ਤਾਂ ਉਹ ਕਹਿਣ ਲਗੇ ਕਿ ਪਹਿਲਾਂ ਇਹ ਨਹੀਂ ਸੀ ਪਤਾ ਕਿ ਵਚਿੱਤਰ ਨਾਟਕ ਗ੍ਰੰਥ ਵਿੱਚ ਅਸ਼ਲੀਲ ਰਚਨਾਵਾਂ ਵੀ ਹਨ, ਇਹ ਤਾਂ ਹੁਣ “ਨਵੀਂ ਖੌਜ” ਤੋਂ ਬਾਦ ਪਤਾ ਚਲਿਆ ਹੈ। ਦਾਸ ਲਈ ਨਵੀਂ ਖੌਜ ਦੀ ਦਲੀਲ ਵਾਲੀ ਪੋਲ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ।

ਦਾਸ ਨੂੰ ਸੁਣ ਕੇ ਅਤਿ ਦੀ ਹੈਰਾਨੀ ਹੋਈ ਕਿ ਐਸਾ ਕੋਂਣ ਪ੍ਰਚਾਰਕ ਹੋਵੇਗਾ ਜਿਸ ਨੇ ਦਹਾਕਿਆਂ ਗੁਰਮਤਿ ਵਿਚਾਰਾਂ ਪੜੀਆਂ/ਕੀਤੀਆਂ ਹੋਂਣ ਇਤਿਹਾਸ ਵੀ ਪੜੀਆ ਹੋਵੇ ਅਤੇ ਉਸ ਦੇ ਬਾਦ ਉਹ ਇਹ ਕਹੇ ਕਿ ਵਚਿੱਤਰ ਨਾਟਕ ਵਿੱਚ ਅਸ਼ਲੀਲ ਰਚਨਾਵਾਂ ਦੇ ਹੋਂਣ ਦੀ ਉਸ ਨੂੰ ਜਾਣਕਾਰੀ ਹੀ ਨਹੀਂ ਸੀ? ਦਾਸ ਦੀ ਨਜ਼ਰੇ ਇਹ ਇੱਕ ਗਲਤ ਬਿਆਨ ਸੀ! ਉਨ੍ਹਾਂ ਨੇ ਐਸਾ ਝੂਠ ਕਿਉਂ ਬੋਲਿਆ? ਸ਼ਾਯਦ ਕੇਵਲ ਅਪਣੇ ਚਿੰਤਨ ਦੇ ਸਾਮਰਥ ਦੀ ਘਾਟ ਜਾਂ ਕਿਸੇ ਦੂਜੇ ਦੇ ਚਿੰਤਨ ਦੇ ਅਸਰ ਹੋਠ!

ਕੇਵਲ ਇਹੀ ਕਾਰਨ ਹੋ ਸਕਦਾ ਸੀ ਉਨ੍ਹਾਂ ਦੀ ਗਲਤ ਬਿਆਨੀ ਦਾ ਕਿਉਂਕਿ ਉਹ ਆਪ ਤਾਂ ਗੁਰਮਤਿ ਨੂੰ ਸਮਰਪਤ ਸੱਜਣ ਹਨ। ਉਨ੍ਹਾਂ ਦੇ ਸਾਲਾਂ ਬੱਧੀ ਪ੍ਰਚਾਰ ਨੂੰ ਵੇਖ-ਵਿਚਾਰ ਕੇ ਅਤੇ ਉਨ੍ਹਾਂ ਦੇ ਖ਼ੂਦ ਉਸ ਪਿੱਛਲੇ ਪ੍ਰਚਾਰ ਨੂੰ ਗਲਤ ਕਹਿਣ ਬਾਰੇ ਦਿੱਤੇ ਕਾਰਨ ਤੇ ਦਾਸ ਵਿਚਾਰ ਵਿੱਚ ਪੈ ਗਿਆ ਕਿ ਉਹ ਵਿਦਵਾਨ ਪਹਿਲਾਂ ਗਲਤ ਸਨ ਜਾਂ ਫ਼ਿਰ ਹੁਣ ? ਉਹ ਪਹਿਲਾਂ ਸੁਣੀ ਸੁਣਾਈ ਤੇ ਚਲਦੇ ਸਨ ਜਾਂ ਹੁਣ ਕਿਸੇ ਸੁਣੀ-ਸੁਣਾਈ ਤੇ ਚਲਦੇ ਅਰਦਾਸ ਅਤੇ ਨਿਤਨੇਮ ਦਾ ਵਿਰੌਧ ਕਰ ਰਹੇ ਹਨ ? ਦਾਸ ਨੇ ਇਸ ਬਾਬਤ ਚਾਰ-ਪੰਜ ਸੱਜਣਾ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਵਚਿੱਤਰ ਨਾਟਕ ਦੀ ਅਸਲੀਅਤ ਅਤੇ ਅਸ਼ਲੀਲਤਾ ਬਾਰੇ ਉਨ੍ਹਾਂ ਨੂੰ ਉਦੋਂ ਹੀ ਪਤਾ ਸੀ ਜਦੋਂ ਕਿ ਉਹ ਪ੍ਰਚਾਰ/ਪੜਨ ਦੇ ਖੇਤਰ ਵਿੱਚ ਉਤਰੇ ਸੀ। ਖ਼ੈਰ ਅੱਗੇ ਤੁਰਦੇ ਹਾਂ!

ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਅਤੇ ਵਚਿੱਤਰ ਨਾਟਕ ਦੇ ਵਿਰੌਧ ਦੇ ਸਭ ਤੋਂ ਮਜ਼ਬੂਤ ਤਿੰਨ ਅਧਾਰ ਹਨ:-

(1) ਗੂਰਮਤਿ ਅਤੇ ਇਸ ਬਾਰੇ ਦਸ਼ਮੇਸ਼ ਜੀ ਦਾ ਉਚੇਚਾ ਸਪਸ਼ਟ ਨਿਰਨਾ,
(2) ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖ਼ਤ ਤੋਂ ਸਮੇਂ-ਸਮੇਂ ਜਾਰੀ ਮਤੇ/ਸਪਸ਼ਟੀਕਰਨ
(3) ਅਤੇ ਸਮੁੱਚੇ ਸਿੱਖ ਪੰਥ ਦੀ ਇਸ ਗਲ ਤੇ ਸਹਮਤੀ ਕਿ ਸਿੱਖਾਂ ਦੇ ਗੁਰੂ ਕੇਵਲ ਅਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹਨ।
 
ਫ਼ਿਰ ਇਨ੍ਹਾਂ ਸਾਰੇ ਅਧਾਰਾਂ ਨੂੰ ਛੱਡ ਕੇ ਅਰਦਾਸ ਅਤੇ ਨਿਤਨੇਮ ਨੂੰ ਅਧਾਰ ਬਨਾਉਂਣ ਦੀ ਕੀ ਲੋੜ ਪਈ ਹੈ? ਇਹ ਸਵਾਲ ਅਤਿ ਮਹੱਤਵਪੁਰਨ ਹੈ!

ਇਸ ਵਿੱਚ ਸ਼ੱਕ ਨਹੀਂ ਕਿ ਕੁਲ ਵਚਿੱਤਰ ਨਾਟਕ ਦੀ ਹਿਮਾਯਤ ਕਰਨ ਵਾਲੇ ਚੰਦ ਕੁ ਮਨਮਤਿਆਂ ਨੇ ਪੰਥ ਦਰਦੀਆਂ ਨੂੰ ਬਹੁਤ ਚਿੰਤਤ ਕੀਤਾ ਹੈ। ਪਰ ਕਿੱਧਰੇ ਸਾਡੀ ਇਸ ਚਿੰਤਾ ਦਾ ਲਾਭ ਕੋਈ ਹੋਰ ਤਾਂ ਨਹੀਂ ਉਠਾ ਰਿਹਾ ? ਕਿੱਧਰੇ ਕੋਈ ਹੋਰ ਤਾਂ ਨਹੀਂ ਇੰਤਜ਼ਾਰ ਕਰ ਰਿਹਾ ਕਿ ਸਿੱਖ ਇਸ ਬਾਰੇ ਇਤਨੇ ਚਿੰਤਤ ਅਤੇ ਕਨਫ਼ਿਯੂਜ਼ ਹੋ ਜਾਂਣ ਕਿ ਉਹ ਆਪ ਅਪਣੇ ਹਰ ਅਧਾਰ ਨੂੰ ਧਾਰਾਸ਼ਾਈ ਕਰਨ ਵਲ ਤੁਰ ਪੇਂਣ ? ਵਚਿੱਤਰ ਨਾਟਕ ਦਾ ਵਿਰੌਧ ਤਾਂ ਵਾਜਬ ਅਤੇ ਅਸਾਨ ਹੈ ਪਰ ਲਗਣ ਲਗਾ ਹੈ ਕਿ ਅਸਾਨ ਰਸਤੇ ਤੋਂ ਹਟਾ ਸਿੱਖਾਂ ਨੂੰ ਐਸੇ ਹਨੇਰੀ ਸਮਸਿੱਆ ਵਿੱਚ ਧੱਕੇਲਿਆ ਜਾ ਰਿਹਾ ਹੈ ਜਿਸ ਵਿਚੋਂ ਉਹ ਕਦੇ ਵੀ ਬਾਹਰ ਨਾ ਆ ਸਕਣ ਅਤੇ ਉਸਦੇ ਗੁੱਪ ਹਨੇਰੇ ਵਿੱਚ ਆਪਸ ਵਿੱਚ ਟਕਰਾ ਕੇ ਅਪਣਾ ਹੁਲਿਆ ਵਿਗਾੜ ਲੇਂਣ। 
ਜਾਹਰ ਹੈ ਕਿ ਸਿੱਖਾਂ ਦੇ ਅੰਦਰ ਇੱਕ ਵੰਡ ਪਾਉਂਣ ਦੀ ਨੀਤੀ ਨੇ ਕੁੱਝ ਸੁਹਿਰਦ ਬੰਦਿਆਂ ਨੂੰ ਅਪਣਾ ਸ਼ਿਕਾਰ ਬਣਾ ਲਿਆ ਹੈ। ਇਹ ‘ਮੈਂਟਲ ਕੰਡੀਸ਼ਨਿੰਗ ਮੈਥਡ’ ਹੈ ਜਿਸ ਵਿੱਚ ਕਿਸੇ ਅਧਾਰ ਨੂੰ ਤੋੜਨ ਦੀ ਮੰਸ਼ਾ ਵਿੱਚ ਪਹਿਲਾ ਕਦਮ ਇਹ ਹੁੰਦਾ ਹੈ ਕਿ ਜਿਸ ਨੂੰ ਹੋਰ ਚਾਰੇ ਤੋੜੀਆ ਨਾ ਜਾ ਸਕੋ ਉਸ ਅਧਾਰ ਬਾਰੇ ਸ਼ੰਕੇ ਖੜੇ ਕਰੋ। ਇਸ ਦੇ ਪਿੱਛੇ ਦਾ ‘ਹੱਥ’ ਅਗਿਆਤ ਹੁੰਦਾ ਹੈ ਅਤੇ ਮੋਹਰੇ ਬਣਦੇ ਹਨ ਸੁਹਿਰਦ ਪੰਥ ਦਰਦੀ।

‘ਕੋਈ ਕਾਰਨ’ ਹੈ ਕਿ ਜਿਸ ਕਾਰਨ ਪੰਥ ਦਰਦੀ ਅਰਦਾਸ/ਨਿਤਨੇਮ ਬਾਰੇ ਅਣਜਾਣੇ ਹੀ ਉਸ ‘ਕਾਰਨ’ ਦਾ ਸ਼ਿਕਾਰ ਹੋ ਰਹੇ ਹਨ ਵਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਕਿਸੇ ਵੀ ਹੋਰ ਗ੍ਰੰਥ ਦੇ ਵਿਰੋਧ ਲਈ ਤਾਂ ਕਈਂ ਅਧਾਰ ਸਾਡੇ ਪਾਸ ਹਨ ਅਤੇ ਨਾ ਹੀ ਸਿੱਖ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨਦੇ ਹਨ। ਰਹੀ ਗਲ ਅਪਵਾਦ ਦੀ ਤਾਂ ਉਹ ਹਰ ਵੇਲੇ ਹਰ ਯੁਗ ਵਿੱਚ ਮੌਜੂਦ ਰਹਿੰਦੇ ਹਨ। ਉਨ੍ਹਾਂ ਨੂੰ ਨਜਿੱਠਣ ਲਈ ਅਪਣੇ ਮੂਲ ਅਧਾਰਾਂ ਦੀ ਵਰਤੋਂ ਦੇ ਬਜਾਏ ਉਨ੍ਹਾਂ ਨੂੰ ਖ਼ਤਮ ਕਰਨ ਦੀ ਦੋੜ ਪੰਥ ਦੇ ਹੱਕ ਵਿੱਚ ਨਹੀਂ।

ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੇਂਣ ਦਾ ਸੁਚੱਜਾ ਸੁਜਾੳ ਦਿੱਤਾ ਹੈ। ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ।

ਜੇਕਰ ਭੂਤ ਕਾਲ ਵਿੱਚ ਹੋਏ ਗੁਰਮਤਿ ਸਮਰਪਤ ਮਾਹਨ ਵਿਦਵਾਨਾਂ ਨੂੰ ਗਲਤੀ ਲਗ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਇਹ ਵਿਸ਼ਵਾਸ ਕਰਨ ਦਾ ਕਿ ਮੌਜੂਦਾ ਦੌਰ ਦੇ ਨਵੇਂ ਖੋਜੀ ਕੋਈ ਗਲਤੀ ਨਹੀਂ ਕਰ ਰਹੇ। ਬੇਸ਼ੱਕ ਉਹ ਆਪ ਬੁਹਤ ਸਾਰਿਆਂ ਅਤੇ ਵੱਡੀਆਂ ਗਲਤਿਆਂ ਕਰ ਰਹੇ ਹਨ। ਵਿਸ਼ੇਸ ਰੂਪ ਵਿੱਚ ਉਹ ਸੱਜਣ ਜੋ ਕਥਿਤ ਨਵੀਂ ਖੌਜ ਦਾ ਝੂਠਾ ਦਾਵਾ ਪੇਸ਼ ਕਰ ਰਹੇ ਹਨ। ਜੋ ਦਾਵੇ ਵਿੱਚ ਝੂਠੇ ਹਨ ਉਹ ਖੌਜ ਵਿੱਚ ਕਿਤਨੇ ਸਮਰਥ ਅਤੇ ਸੱਚੇ ਹੋਂਣਗੇ? ਉਨ੍ਹਾਂ ਦੀ ਖੌਜ ਦਾ ਕਦ ਪਿਛੋਕੜ ਦੇ ਮਹਾਨ ਵਿਦਵਾਨਾਂ ਦੇ ਕੰਮ ਦੇ ਗਿੱਟਿਆਂ ਤਕ ਵੀ ਨਹੀਂ ਪਹੁੰਚਦਾ। ਉਨ੍ਹਾਂ ਤੇ ਅੰਨਾ ਭਰੋਸਾ ਕਰਨ ਤੋਂ ਪਹਿਲਾਂ ਵਿਚਾਰ ਦੀ ਲੋੜ ਹੈ। ਕੁੱਝ ਸੱਜਣ ਤਾਂ ਨਵੀਂ ਖੌਜ ਦਾ ਸਵਾਂਗ ਰੱਚ ਕੇ ਕੋਈ ਗੁਰਮਤਿ ਅਧਾਰ ਵਿਰੌਧੀ ਕਿਤਾਬ ਲਿਖ ਕੇ ਆਸ ਲਾਗਾਏ ਬੈਠੇ ਹਨ ਕਿ ਉਨ੍ਹਾਂ ਨੂੰ ਕਿਤਾਬ ਛੱਪਣ ਬਾਦ ਅਕਾਲ ਤਖ਼ਤ ਤਲਬ ਕੀਤਾ ਜਾਏ ਗਾ ਅਤੇ ਉਹ ਜਾਣਗੇ ਨਹੀਂ। ਸਿੱਟੇ ਵੱਜੋਂ ਖ਼ਿਆਤੀ ਮਿਲੇਗੀ! ਭਾਵੇਂ ਬਦਨਾਮ ਹੋ ਕੇ ਸਹੀ!

ਇਹ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਇਸ ਨਿਰਨੇ ਦੀ ਕੁੱਝ ਥਾਂ ਉਲੰਗਣਾ ਹੈ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਵੀ ਹੋਰ ਪੁਸਤਕ/ਗ੍ਰੰਥ ਨੂੰ ਨਸ਼ੀਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਿਰਫ਼ ਰਹਿਤ ਦੀ ੳਲੰਗਣਾ ਹੈ ਕੀ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰੀ ਤਰਾਂ ਵਰਤਦੇ ਹਨ ? ਜੇਕਰ ਨਹੀਂ ਤਾਂ ਇਸ ਵਿੱਚ ਕਸੂਰ ਕਿਸਦਾ ਹੈ? ਕਿਸ ਨੂੰ ਬਦਲਣ ਦੀ ਲੋੜ ਹੈ ?
 
ਕੋਈ ਇਹ ਨਾ ਸੋਚੇ ਕਿ ਸ਼ਬਦ ਗੁਰੂ ਗ੍ਰੰਥ ਦੀ ਸਥਾਪਤ ਅਤੇ ਨਿਰਵਿਵਾਦਤ ਗੁਰਤਾ ਨੂੰ ਸਥਾਪਤ ਕਰਨ ਦੀ ਲੋੜ ਹੈ। ਉਹ ਹੈ ਹੀ ਸਿੱਖਾਂ ਦਾ ਸਥਾਪਤ ਅਤੇ ਨਿਰਵਿਵਾਦਤ ਗੁਰੂ! ਰਹੀ ਗਲ ਅਕਾਲ ਤਖ਼ਤ ਦੀ ਸਰਵਉਚਤਾ ਦੀ ਤਾਂ ਉਹ ਸਿਧਾਂਤਕ ਰੂਪ ਵਿੱਚ ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਹੈ। ਇਸੇ ਸਰਵਉਚ ਪੰਥਕ ਸੰਸਥਾਨ ਨੇ ਗੁਰਮਤਿ ਦੀ ਸਰਵਉਚਤਾ ਹੇਠ ਕੰਮ ਕਰਨਾ ਚਾਹੀਦਾ ਹੈ। ਇਹ ਗੁਰਮਤਿ ਦੇ ਕੁਲ ਫ਼ਲਸਫ਼ੇ ਦਾ ਮਹੱਤਵਪੁਰਨ ਅੰਗ ਹੈ।

ਹਰਦੇਵ ਸਿੰਘ, ਜੰਮੂ  (30.01.2012)

Sunday, 29 January 2012

‘ਦਰਬਾਰ ਸਾਹਿਬ ਅਤੇ ਅਕਾਲ ਤਖ਼ਤ’
ਹਰਦੇਵ ਸਿੰਘ ਜੰਮੂ

ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰ ਸਾਹਿਬ ਜਾਂ ਫ਼ਿਰ ਇਸ ਦੀ ਬਣਤਰ ਕਾਰਨ ਗੋਲਡਨ ਟੇਂਪਲ ਵੀ ਕਿਹਾ ਜਾਂਦਾ ਹੈ। ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ ਵਿੱਚ ਆਏ ਅੰਗ੍ਰੇਜ਼ਾ ਵਲੋਂ ਇਸ ਨੂੰ ਗੋਲਡਨ ਟੇਂਪਲ ਕਰ ਕੇ ਸਮਝਿਆ-ਪੁਕਾਰਿਆ ਗਿਆ। ਲੇਕਿਨ ਪੁਰਾਤਨਤਾ ਦੇ ਲਿਹਾਜ਼ ਨਾਲ ਗੁਰੂਆਂ ਵਲੋਂ ਇਸ ਲਈ ਵਰਤਿਆ ਮੂਲ ਨਾਮ ਦਰਬਾਰ ਸਾਹਿਬ ਹੀ ਸੀ ਭਾਵੇਂ ਇਸ ਦੇ ਆਲੇ-ਦੁਆਲੇ ਵੱਸੇ ਸ਼ਹਿਰ ਨੂੰ ‘ਗੁਰੂ ਦਾ ਚੱਕ’, `ਚੱਕ ਗੁਰੂ’ ਅਤੇ ‘ਅੰਮ੍ਰਿਤਸਰ’ ਕਿਹਾ ਗਿਆ।

ਦਰਬਾਰ ਸਾਹਿਬ! ਕਿਸ ਦਾ ਦਰਬਾਰ ਸੀ? ਜ਼ਾਹਰ ਜਿਹੀ ਗਲ ਹੈ ਕਿ ਗੁਰੂ ਦਾ ਦਰਬਾਰ ਸੀ! ! ‘ਦਰਬਾਰ’ ਸ਼ਬਦ ਗੁਰੂ ਨੇ ਅਪਣੇ ਦਰਬਾਰ ਲਈ ਕਿਉਂ ਵਰਤਿਆ? ਜ਼ਾਹਰ ਜਿਹੀ ਗਲ ਹੈ ਕਿ ਇਸ ਥਾਂ ਗੁਰੂਆਂ ਨੇ ਮੁਕਾਮ ਕਰਦੇ ਹੋਏ ਇੱਕ ਵਿਸ਼ੇਸ਼ ਮੰਤਵ ਨਾਲ ਇਸਦਾ ਨਾਮ ਦਰਬਾਰ ਸਾਹਿਬ ਰੱਖਿਆ ਸੀ ਕਿਉਂਕਿ ਉਹ ਪੰਥਕ/ਮਨੁੱਖੀ ਸਮਝ ਲਈ ਗੁਰਤਾ ਦਾ ਇੱਕ ਐਸਾ ਦਰਬਾਰ ਸਥਾਪਤ ਕਰਨਾ ਚਾਹੁੰਦੇ ਸੀ ਜਿਸ ਨੇ ਸਿੱਖਾਂ ਦੇ ਇੱਕ ਮਰਕਜ਼ੀ ਇਦਾਰੇ ਦੇ ਰੂਪ ਵਿੱਚ ਸਥਾਪਤ ਹੋਂਣਾ ਸੀ। ਇਸ ਦਰਬਾਰ ਵਿੱਚ ਗੁਰੂ ਦੀ ਹੀ ਸਰਵੋੱਚਤਾ ਸੀ ਅਤੇ ਅੱਜ ਵੀ ਹੈ।

ਦਰਬਾਰ ਸਾਹਿਬ ਕੰਮਪਲੇਕਸ ਵਿੱਚ ਕਈ ਇਤਹਾਸਕ ਘਟਨਾਵਾਂ ਵਾਪਰਿਆਂ ਸਨ। ਵਿਸ਼ੇਸ਼ ਰੂਪ ਵਿੱਚ ਛੇਵੇਂ ਗੁਰੂ ਜੀ ਵਲੋਂ ਇਸਦੇ ਸ੍ਹਾਮਣੇ ‘ਅਕਾਲ ਤਖ਼ਤ ਦੀ ਉਸਾਰੀ। ਦਰਬਾਰ ਸਾਹਿਬ ਕੰਮਪਲੈਕਸ ਨੂੰ ਸਮਝਣ ਲਈ ਕਿਸੇ ਵੀ ਬੰਦੇ ਲਈ ਇਹ ਜ਼ਰੁਰੀ ਹੈ ਕਿ ਉਹ ਉਨ੍ਹਾਂ ਹਾਲਾਤਾਂ ਅਤੇ ਪਰਿਪੇਖਾਂ ਨੂੰ ਸਮਝੇ ਜਿਨ੍ਹਾਂ ਵਿੱਚ ਇਸ ਦੀ ਉਸਾਰੀ ਹੋਈ ਸੀ। ਇਸਦੇ ਨਾਲ ਹੀ ਉਸ ਲਈ ਇਹ ਜਾਣਨਾ ਵੀ ਜ਼ਰੁਰੀ ਹੈ ਕਿ ਉਸ ਵੇਲੇ ਦਰਬਾਰਅਤੇ ‘ਤਖ਼ਤ’ ਦੇ ਰਾਜਸੀ ਸਿਧਾਂਤਾ ਕੀ ਸਨ? ਵਿਸਤਾਰ ਵਿੱਚ ਤਾਂ ਬਹੁਤ ਕੁੱਝ ਹੈ ਜੋ ਦਾਸ ਪਹਿਲਾਂ ਵੀ ਵਿਚਾਰ ਚੁੱਕਿਆ ਹੈ ਪਰ ਇੱਥੇ ਕੇਵਲ ਸੰਖੇਪ ਜਿਹੀ ਗਲ ਵਿਚਾਰਾਂ ਗੇ।

ਪਹਿਲਾਂ ‘ਦਰਬਾਰ’ ਦੀ ਗਲ ਕਰਦੇ ਹਾਂ। ਦਰਬਾਰ ਉਸ ਵੇਲੇ ਰਾਜਸੀ ਸਭਾ ਲਈ ਵਰਤਿਆ ਜਾਂਦਾ ਇੱਕ ਸ਼ਬਦ ਸੀ। ਇਨ੍ਹਾਂ ਦਰਬਾਰਾਂ ਵਿੱਚ ਰਾਜਾ ਅਪਣੀਆਂ ਰਾਜਸੀ ਗਤੀ ਵਿਧਿਆਂ ਚਲਾਉਂਦੇ ਸਨ। ਲੇਕਿਨ ਇੱਥੇ ਇੱਕ ਮਹੱਤਵਪੁਰਣ ਗਲ ਨੂੰ ਸਮਝ ਵਿਚਾਰ ਲੇਂਣਾ ਵੀ ਜ਼ਰੂਰੀ ਹੈ ਕਿ ਉਹ ‘ਰਾਜਸੀ ਦਰਬਾਰ’ ਤਖ਼ਤ ਨਾਲ ਜੁੜਦੇ ਹੋਏ ਵੀ ਉਸ ਨਾਲੋਂ ਵੱਖਰੇ ਸਨ। ਮਸਲਨ ਜੇਕਰ ਮੁਗ਼ਲ ਬਾਦਸ਼ਾਹ ਆਗਰਾ ਦੇ ਕਿਲੇ ਤੋਂ ਬਾਹਰ ਜਾਂਦਾ ਸੀ ਤਾਂ ਜਿਸ ਥਾਂ ਉਹ ਜਾਂਦਾ ਸੀ ਉਸ ਦਾ ਦਰਬਾਰ ਉਥੇ ਹੀ ਲੱਗਦਾ ਸੀ ਪਰ ਬਾਦਸ਼ਾਹ ਉਹ ਆਗਰੇ ਦੇ ਤਖ਼ਤ ਦਾ ਹੀ ਹੁੰਦਾ ਸੀ। ਇਵੇਂ ਹੀ ਜਦੋਂ ਮੁਗ਼ਲਿਆ ਬਾਦਸ਼ਾਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਦਰਬਾਰ ਉਹ ਕਿੱਧਰੇ ਵੀ ਲਗਾਉਂਣ ਉਹ ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ ਹੀ ਕਹਾਉਂਦੇ ਸਨ। ਯਾਨੀ ਕਿ ‘ਤਖ਼ਤ’ ‘ਦਰਬਾਰ’ ਨਾਲੋਂ ਉੱਚੀ ਅਵਸਥਾ ਦਾ ਸੂਚਕ ਸੀ। ਇਸ ਬਾਰੀਕ ਨੁੱਕਤੇ ਨੂੰ ਇੱਕ ਛੋਟੀ ਜਿਹੀ ਮਿਸਾਲ ਰਾਹੀਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਬਾਬਾਰ ਦਾ ਪੁੱਤਰ ਹਮਾਯੁੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਭਟੱਕਦਾ ਹੋਇਆ ਅਪਣੇ ‘ਦਰਬਾਰ’ ਬਿਯਾਬਾਨਾਂ ਵਿੱਚ ਤਾਂ ਲਗਾਉਂਦਾ ਸੀ ਪਰ ਉਹ ਭਾਰਤ ਦਾ ਬਾਦਸ਼ਾਹ ਨਹੀਂ ਸੀ ਕਿਉਂਕਿ ਉਸ ਪਾਸ ਭਾਰਤ ਦਾ ‘ਤਖ਼ਤ’ ਨਹੀਂ ਸੀ।

ਤਖ਼ਤ ਦੀ ਇਸ ਪਰੰਪਰਾ ਵਿੱਚ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਨਵਾਂ ਨੁੱਕਤਾ ਜੋੜਿਆ ਸੀ। ਉਸਨੇ ਦਿੱਲੀ ਵਿੱਚ ਲਾਲ ਕਿਲੇ ਅੰਦਰ ‘ਤਖ਼ਤ-ਏ-ਤਾਉਸ(ਪੀਕਾਕ ਥਾਰਨ) ਬਣਾਇਆ ਜਿਸ ਨੂੰ ਇੱਕ ਥਾਂ ਤੋਂ ਚੁੱਕ ਕੇ ਕਿਸੇ ਦੂਜੇ ਥਾਂ ਵੀ ਲੇ ਜਾਇਆ ਜਾ ਸਕਦਾ ਸੀ। ਅਪਣੀ ਇਸ ਵਿਸ਼ੇਸ਼ਤਾ ਕਾਰਨ ਉਸ ਨੂੰ ‘ਤਖ਼ਤ-ਏ-ਰਵਾਂਵੀ ਕਿਹਾ ਜਾਂਦਾ ਸੀ। ਇਸ ਦੀ ਲਾਗਤ ਉਸ ਵੇਲੇ ਕਈਂ ਲੱਖਾਂ ਵਿੱਚ ਸੀ ਅਤੇ ਇਸ ਵਿੱਚ ਕਈ ਬੇਸ਼ਕੀਮਤੀ ਹੀਰੇਆਂ ਦਾ ਨਾਲ ਮਸ਼ਹੂਰ ਕੋਹੇਨੂਰ ਹੀਰ ਵੀ ਜੜਿਆ ਹੋਇਆ ਸੀ। ਨਾਦਰਸ਼ਾਹ ਦਿੱਲੀ ਜਿੱਤਣ ਬਾਦ ਬਾਦਸ਼ਾਹਤ ਅਤੇ ਪਾਤਿਸ਼ਾਹੀ ਦੇ ਇਸ ਤਖ਼ਤ ਨੂੰ ਚੁੱਕ ਕੇ ਪਰਸ਼ੀਆ ਲੇ ਗਿਆ ਸੀ। ਇਸ ਲਈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਸੀ ਅਤੇ ਰਾਜਨੀਤਕ ਹਲਕਿਆਂ ਵਿੱਚ ‘ਤਖ਼ਤ’ ਅਤੇ ਉਸ ਤੇ ਬੈਠਣ ਦਾ ਕੀ ਮਹੱਤਵ ਸੀ। ਨਾਦਰਸ਼ਾਹ ਨੇ ਤਾਕਤ ਦੇ ਇਸ ਸੰਕੇਤ ਨੂੰ ਚੂੱਕ ਕੇ ਮੁਗ਼ਲਿਆ ਰਾਜ ਤੇ ਅਪਣੀ ਜਿੱਤ ਨੂੰ ਦਰਸਾਇਆ ਸੀ। ਸਿੱਖ ਜਰਨੈਲਾਂ ਨੇ ਵੀ ਦਿੱਲੀ ਜਿੱਤਣ ਦੇ ਸੰਕੇਤ ਰੂਪ ਵਿੱਚ ਦਿੱਲੀ ਦੇ ਤਖ਼ਤ ਦੀ ਇੱਕ ਸੰਗਮਰਮਰ ਦੀ ਸਿੱਲ ਚੁੱਕ ਕੇ ਦਰਬਾਰ ਸਾਹਿਬ ਕੰਮਪਲੈਕਸ ਵਿੱਚ ਸਥਿਤ ਬੂੰਗਿਆਂ ਵਿੱਚ ਰੱਖੀ ਸੀ।

ਰਾਜਸੀ ਤਖ਼ਤ ਤੇ ਬੈਠੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਅਪਣੇ ਕਥਿਤ ਇਨਸਾਫ਼ ਦੇ ਮਾਰਫ਼ਤ ਸ਼ਹੀਦ ਕਰ ਦਿੱਤਾ ਸੀ। ਉਸ ਜਹਾਂਗੀਰ ਨੇ ਜਿਸ ਨੂੰ ਮੁਗ਼ਲ ਬਾਦਸ਼ਾਹਾਂ ਵਿਚੋਂ ਇੱਕ ਜ਼ਿਆਦਾ ਇਨਸਾਫ਼ ਪਸੰਦ ਰਾਜਾ ਕਰਕੇ ਜਾਣਿਆ ਜਾਂਦਾ ਸੀ। ਜਹਾਂਗੀਰ ਦੇ ਅਪਣੇ ਇਨਸਾਫ਼ ਦੇ ਦਾਵੇ ਦੀ ਪ੍ਰਤੀਕ ਸੀ ਉਹ ‘ਜ਼ੰਜ਼ੀਰ-ਏ-ਅਦਲ’ (ਇਨਸਾਫ਼ ਦੀ ਜ਼ੰਜੀਰ ) ਜੋ ਕਿ ਉਸ ਨੇ ਆਗਰੇ ਕਿਲੇ ਦੇ ਬਾਹਰ ਬੰਨੀ ਹੋਈ ਸੀ। ਜਹਾਂਗੀਰ ਨੇ ਅਪਣੇ ਅਲਫ਼ਾਜਾਂ ਵਿੱਚ ਉਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਜਿਸ ਵੇਲੇ ਕਿ ਉਸ ਦੇ ਇੱਕ ਕਮਾਂਡਰ ਨੇ ਬਾਗੀ ਸ਼ਹਿਜ਼ਾਦੇ ਖੁਸਰੋ ਨੂੰ ਕੈਦ ਕਰ ਲਿਆ। ਇਹ ਉਹੀ ਖੁਸਰੋ ਸੀ ਜਿਸਦੇ ਬਾਰੇ ਲਿਖਿਆ ਮਿਲਦਾ ਹੈ ਕਿ ਉਸ ਨੇ ਦੌਰੇ ਬਗਾਵਤ ਗੁਰੂ ਅਰਜਨ ਜੀ ਨਾਲ ਮੁਲਾਕਾਤ ਕੀਤੀ ਸੀ।

ਖ਼ੈਰ! ਕਮਾਂਡਰ ਨੇ ਖੁਸਰੌ ਨੂੰ ਕੈਦ ਕਰਨ ਬਾਦ ਜਹਾਂਗੀਰ ਨੂੰ ਇੱਤਲਾਹ ਅਤੇ ਇਲਤਜਾਹ ਕੀਤੀ ਕਿ ਇੱਕ ਕਮਾਂਡਰ ਹੋਂਣ ਦੀ ਹੈਸੀਅਤ ਨਾਲ ਉਹ ਇਹ ਹੈਸੀਅਤ ਨਹੀਂ ਰੱਖਦਾ ਕਿ ਉਹ ਖੁਸਰੋ ਵੱਲੋ ਕੀਤੀ ਬਗਾਵਤ ਦੀ ਸਜ਼ਾ ਬਾਰੇ ਕੋਈ ਫ਼ੈਸਲਾ ਲੇ ਸਕੇ। ਚੁੰਕਿ ਇਹ ਬਾਗੀ ਆਮ ਨਹੀਂ ਬਲਕਿ ਬਾਦਸ਼ਾਹ ਦਾ ਅਪਣਾ ਸ਼ਹਿਜ਼ਾਦਾ ਹੈ ਇਸ ਲਈ ਬਾਗੀ ਸ਼ਹਿਜ਼ਾਦੇ ਬਾਰੇ ਕੀ ਕੀਤਾ ਜਾਏ?

ਜਵਾਬ ਵਿੱਚ ਜਹਾਂਗੀਰ ਨੇ ਕਮਾਂਡਰ ਨੂੰ ਕਿਹਾ ਕਿ ਬਾਦਸ਼ਾਹ ਦੇ ਤਖ਼ਤ ਦਾ ਇਨਸਾਫ਼ ਕਿਸੇ ਵਿੱਚ ਫ਼ਰਕ ਨਹੀਂ ਕਰਦਾ ਭਾਵੇਂ ਉਹ ਦਾਮਾਦ ਹੋਵੇ ਜਾਂ ਫ਼ਿਰ ਉਸਦਾ ਅਪਣਾ ਪੁੱਤਰ। ਲਿਹਾਜ਼ਾ ਖੁਸਰੋ ਦਿਆਂ ਦੋਵੇਂ ਅੱਖਾਂ ਕੱਡ ਦਿੱਤੀਆਂ ਗਈਆਂ। ਇਹ ਉਹੀ ਜਹਾਂਗੀਰ ਸੀ ਜਿਸ ਨੇ ਇੱਕ ਸਮੇਂ ਅਪਣੇ ਇੱਕ ਹੋਰ ਪੁੱਤਰ ਸ਼ਹਿਜ਼ਾਦਾ ਖੁਰੱਮ (ਬਾਦ ਵਿੱਚ ਸ਼ਾਹਜਹਾਂ) ਵਲੋਂ ਕੀਤੀ ਬਗਾਵਤ ਦੀ ਇੱਕ ਘਟਨਾ ਬਾਦ ਉਸ ਨੂੰ ਮਾਫ਼ ਤਾਂ ਕੀਤਾ ਸੀ ਪਰ ਇਹ ਮਾਫ਼ੀ ਹਾਸਲ ਕਰਨ ਲਈ ਸ਼ਹਿਜ਼ਾਦਾ ਖੁਰੱਮ ਨੂੰ ਅਪਣੇ ਦੋ ਛੋਟੇ ਪੁੱਤਰ (ਦਾਰਾ ਸ਼ਿਕੋਹ ਅਤੇ ਔਰੰਗਜ਼ੇਬ) ਜਹਾਂਗੀਰ ਪਾਸ ਕੈਦ ਕਰਵਾਉਂਣੇ ਪਏ ਸੀ।

ਅਪਣੇ ਤਖ਼ਤ ਦੀ ਤਾਕਤ ਦੇ ਪ੍ਰਤੀ ਇਤਨੇ ਸੰਵੇਦਨਸ਼ੀਲ ਬਾਦਸ਼ਾਹ ਨੂੰ ਗੁਰੂ ਅਰਜਨ ਜੀ ਵਲੋਂ ਉਸਾਰਿਆ ਦਰਬਾਰ ਕੁੜ ਦੀ ਦੁਕਾਨ ਤਾਂ ਲੱਗਣਾ ਹੀ ਸੀ। ਕਿਉਂਕਿ ਉਸ ਵੇਲੇ ਸਲਤਨਤ ਵਿੱਚ ਛੋਟੇ ਰਾਜੇ ਮੁਗ਼ਲ ਬਾਦਸ਼ਾਹ ਵਲੋਂ ਹੀ ਰਾਜਿਆਂ ਦਾ ਖਿਤਾਬ ਹਾਸਲ ਕਰਕੇ ਅਪਣਾ ਦਰਬਾਰ ਲਗਾਉਂਣ ਦੀ ਆਗਿਆ ਪ੍ਰਾਪਤ ਕਰਦੇ ਸੀ।

ਖ਼ੈਰ ਭਾਰਤ ਦੇ ਤਖ਼ਤ ਤੇ ਬਠੈ ਬਾਦਸ਼ਾਹ ਦੇ ਰਾਜਸੀ ਦਰਬਾਰ ਵਲੋਂ ਗੁਰੂ ਦੇ ਅਧਿਆਤਮਕ ਦਰਬਾਰ ਨੂੰ ਬੰਦ ਕਰਨ ਲਈ ਗੁਰੂ ਸਾਹਿਬ ਜੀ ਲਈ ਮੌਤ ਦਾ ਫ਼ੁਰਮਾਨ ਜਾਰੀ ਹੋਇਆ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਹਾਲਾਤਾਂ ਕੇ ਵੱਡੀ ਕਰਵਟ ਲੇ ਲਈ ਸੀ। ਗੁਰੂ ਦੇ ਫ਼ਲਸਫ਼ੇ ਵਿੱਚ ਕਿਸੇ ਬਾਦਸ਼ਾਹ ਦੇ ਦਰਬਾਰ ਨਾਲੋਂ ਅਤੇ ਕਿਸੇ ਬਾਦਸ਼ਾਹ ਦੇ ਤਖ਼ਤ ਨਾਲੋਂ ਉੱਚਾ ਅਕਾਲ ਪੁਰਖ ਦਾ ਦਰਬਾਰ ਅਤੇ ਤਖ਼ਤ ਸੀ। ਜਿਸ ਨੂੰ ਹੁਣ ਸੰਕੇਤਕ ਰੂਪ ਵਿੱਚ ਸੰਸਾਰ ਨੂੰ ਸਮਝਾਉਂਣ ਦੀ ਲੋੜ ਸੀ। ਗੁਰੂਆਂ ਦੇ ਇਲਾਹੀ (ਅਕਾਲੀ) ਗਿਆਨ ਦਾ ਦਰਬਾਰ (ਦਰਬਾਰ ਸਾਹਿਬ) ਤਾਂ ਸੀ ਹੀ ਹੁਣ ਅਕਾਲ ਦੇ ਤਖ਼ਤ ਨੂੰ ਸੰਕੇਤਕ ਰੂਪ ਦੇਂਣ ਦਾ ਨਿਰਨਾ ਲਿਆ ਗਿਆ।
ਵਿਲੱਖਣਤਾ ਇਹ ਸੀ ਕਿ ਜਿੱਥੇ ਸ਼ਾਹੀ ਦਰਬਾਰ ਤਲਵਾਰ ਦੇ ਜੋਰ ਰਾਹੀਂ ਪ੍ਰਾਪਤ ਤਖ਼ਤ ਤੋਂ ਤਾਕਤ ਪ੍ਰਾਪਤ ਕਰਦੇ ਸੀ ਉੱਥੇ ਗੁਰੂ ਨੇ ਅਪਣੇ ਉਸਾਰੇ ਤਖ਼ਤ ਨੂੰ ਗੁਰੂ ਦੇ ਦਰਬਾਰ ਹੇਠ ਸਥਾਪਤ ਕੀਤਾ ਅਤੇ ਦਰਬਾਰ ਦੇ ਫ਼ਲਸਫ਼ੇ ਅਨੁਸਾਰ ਇਸ ਤਖ਼ਤ ਦੀ ਵਰਤੋਂ ਵੀ ਆਰੰਭ ਕੀਤੀ। ਇਹ ਤਖ਼ਤ ਤਲਵਾਰ ਦੇ ਜੋਰ ਤੇ ਹਾਸਲ ਨਹੀਂ ਸੀ ਕੀਤਾ ਗਿਆ ਬਲਕਿ ਅਧਿਆਤਮ ਦੀ ਰੋਸ਼ਨੀ ਵਿੱਚ ਸਿਰਜਿਆ ਗਿਆ ਸੀ ਅਤੇ ਇਸਦੀ ਸਿਰਜਨਾ ਦੇ ਬਾਦ ਗੁਰੂ ਨੇ ਤਲਵਾਰ ਧਰਨ ਕੀਤੀ ਸੀ। ਇਹ ਤਖ਼ਤ ਤੋਂ ਦਰਬਾਰ ਵਲ ਤੁਰਨ ਦੀ ਕ੍ਰਿਆ ਨਹੀਂ ਸੀ ਬਲਕਿ ਇਹ ਦਰਬਾਰ ਤੋਂ ਤਖ਼ਤ ਵੱਲ ਚੁੱਕਿਆ ਗਿਆ ਗੁਰੂ ਦਾ ਕਦਮ ਸੀ!

ਅੱਜ ਵੀ ਅਕਾਲ ਤਖ਼ਤ ਸੰਸਾਰ ਵਿੱਚ ਇਸ ਗਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਦਾ ਦਰਬਾਰ ਅਤੇ ਤਖ਼ਤ ਸਾਰੇ ਰਾਜਸੀ ਸਿਧਾਂਤਾ ਅਤੇ ਤਖ਼ਤਾ ਨਾਲੋਂ ਸਰਵੋੱਚ ਹੈ। ਗੁਰੂਆਂ ਦੇ ਇਨ੍ਹਾਂ ਕੰਮਾਂ ਨੂੰ ਗੁਰੂਆਂ ਦੀ ਨਿਗਾਹ ਅਨੁਸਾਰ ਵੇਖਣ ਦੀ ਲੋੜ ਹੈ ਨਾ ਕਿ ਬੰਦਿਆਂ ਦੀ ਕਾਰਜਸ਼ੈਲੀ ਅਨੁਸਾਰ।

ਗੂਰਸਿੱਖਾਂ ਨੇ ਹਮੇਸ਼ਾ ਇਹ ਵਿਚਾਰ ਕੇ ਚਲਣਾ ਹੈ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਇਦਾਰਿਆਂ ਨੂੰ ਕਿਸ ਨਿਗਾਹ ਨਾਲ ਵੇਖਣਾ ਚਾਹੀਦਾ ਹੈ? ਗੁਰੂ ਦੀ ਨਿਗਾਹ ਅਨੁਸਾਰ ਜਾਂ ਫ਼ਿਰ ਬੰਦਿਆਂ ਦੀ ਵਕਤੀ ਕਾਰਜਸ਼ੈਲੀ ਅਤੇ ਪ੍ਰਭਾਵ ਅਨੁਸਾਰ? ਤਕਾਜ਼ਾ ਇਹੀ ਹੈ ਕਿ ਜੇਕਰ ਗੁਰੂ ਦੀ ਨਿਗਾਹ ਸਰਵੋੱਚ ਹੈ ਤਾਂ ਉਸੇ ਨਾਲ ਹੀ ਇਨ੍ਹਾਂ ਇਦਾਰਿਆਂ ਨੂੰ ਵੇਖਿਆ ਜਾਏ। ਬੰਦੇ ਤਾਂ ਆਉਂਦੇ ਜਾਂਦੇ ਰਹਿਣ ਗੇ! ! ਜੇਕਰ ਬੰਦਿਆਂ ਦੇ ਅਧਾਰ ਤੇ ਗੁਰੂਆਂ ਦੇ ਕੀਤੇ ਦਾ ਫ਼ੈਸਲਾ ਹੋਵੇ ਤਾਂ ਸ਼ਾਯਦ ਕੁੱਝ ਵੀ ਨਾ ਬਚੇ।

ਹਰਦੇਵ ਸਿੰਘ, ਜੰਮੂ