Wednesday, 5 June 2013

'ਦਸਤਾਵੇਜ਼ ਵੀ ਬੋਲਦੇ ਹਨ'

ਹਰਦੇਵ ਸਿੰਘ,ਜੰਮੂ



ਪਿੱਛਲੇ ਕੁੱਝ ਸਮੇਂ ਵਿਚ ਇਕ ਵਿਦਵਾਨ ਜੀ ਨੇ, ਅਕਾਲ ਤਖ਼ਤ ਸਥਾਨ ਨੂੰ ਇਹ ਵਿਚਾਰ ਦੇ ਕੇ ਨਿਰਸਤ ਕਰਨ ਦਾ ਵਿਚਾਰ ਅਰੰਭਿਆ ਕਿ ਅਕਾਲ ਤਖ਼ਤ ਤਾਂ ਕੇਵਲ ਇਕ ਸਿਧਾਂਤ ਹੈ, ਸਥਾਨ ਨਹੀਂ ਆਦਿ ਆਦਿ! ਅਚੰਭਾ ਉਸ ਵੇਲੇ ਹੋਇਆ ਜਿਸ ਵੇਲੇ ਨਜ਼ਰ, ਇਸ਼ਤਹਾਰ ਰਾਹੀਂ ਜਾਰੀ ਇਕ ਸੰਦੇਸ਼ ਦੀ ਇਬਾਰਤ ਦੇ ਇਨਾਂਹ ਸ਼ਬਦਾਂ ਤੇ ਜਾ ਪਈ:-

                                                   ੴ ਵਾਹਿਗੁਰੂ ਜੀ ਕੀ ਫ਼ਤਹ॥
                                                           ਦਫ਼ਤਰ
                             ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿਤਸਰ
                                 ਜੇ ਜੀਵੇ ਪਤਿ ਲਥੀ ਜਾਏ॥ਸਭੁ ਹਰਾਮ ਜੇਤਾ ਕਿਛੁ ਖਾਈ॥
                           ੮ ਸਤੰਬਰ ਨੂੰ ਗਵਰਨਰ ਹਾਊਸ (ਰਾਜ ਭਵਨ) ਦੇ ਘੇਰਾਉ ਲਈ
                                                   ਸਮੁੱਚੀ ਮਾਨਵਤਾ ਨੂੰ ਸੱਦਾ
....





                                                                                                                                                                                                                                                                        ਜਥੇਦਾਰ
                                                      ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ



ਇਹ ਇਤਹਾਸਕ ਦਸਤਾਵੇਜ਼ੀ ਸੰਦੇਸ਼ ੮ ਸਿਤੰਬਰ ੧੯੮੭ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੀ ਫ਼ੋਟੋ ਇਕ ਵੈਬਸਾਈਟ ਤੇ ਪਏ ਇਕ ਲੇਖ ਵਿਚ ਵੇਖੀ ਜਾ ਸਕਦੀ ਹੈ।ਇਸ ਸੰਦੇਸ਼ ਦਾ ਇਕ ਸ਼ਬਦ ਬੜਾ ਮਹੱਤਵਪੁਰਨ ਹੈ। ਉਹ ਸ਼ਬਦ ਹੈ "ਦਫ਼ਤਰ"! ਨਾਲ ਹੀ ਇਹ ਪੰਗਤੀ "ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ"

ਅਕਾਲ ਤਖ਼ਤ ਅਗਰ ਸਿਧਾਂਤ ਮਾਤਰ ਹੈ ਅਤੇ ਗੁਰੂ ਸਾਹਿਬ ਵਲੋਂ ਸਥਾਪਤ ਸਥਾਨ ਅਕਾਲ ਤਖ਼ਤ ਨਹੀਂ ਤਾਂ ੧੯੮੭ ਵਿਚ ਉਸ ਸਿਧਾਂਤ ਦਾ 'ਦਫ਼ਤਰ' ਕਿਵੇਂ ਹੋਇਆ ਕਰਦਾ ਸੀ ? ਅਤੇ ਉਹ ਸਿਧਾਂਤ ਅੰਮ੍ਰਿਤਸਰ ਸ਼ਹਿਰ ਵਿਚ ਕਿਵੇਂ ਹੁੰਦਾ ਸੀ ?

ਇਸ ਮਹੱਤਵਪੁਰਨ ਸਵਾਲ ਦਾ ਬੜਾ ਅਸਾਨ ਜਿਹਾ ਜਵਾਬ ਮਿਲ ਸਕਦਾ ਹੈ।ਉਹ ਇਹ ਕਿ ਪਹਿਲਾਂ ਉਨਾਂਹ ਨੂੰ ਇਸ ਸਿਧਾਂਤ ਦਾ ਪਤਾ ਨਹੀਂ ਸੀ ਇਸ ਲਈ ਉਸਦਾ ਦਫ਼ਤਰ ਹੁੰਦਾ ਸੀ। ਹੁਣ ਜਿਸ ਵੇਲੇ ਪਤਾ ਚਲਿਆ ਹੈ, ਤਾਂ ਨਾ ਦਫ਼ਤਰ, ਨਾ ਹੀ ਸ਼੍ਰੀ ਅਕਾਲ ਤਖ਼ਤ ਅੰਮ੍ਰਿਤਸਰ!
 
ਯਾਨੀ ਜਿਸ ਵੇਲੇ ਉਨਾਂਹ ਕੋਮ ਦੀ ਮਹਾਨ ਸੇਵਾ ਕੀਤੀ, ਉਸ ਵੇਲੇ ਉਨਾਂਹ ਨੂੰ ਨਾ ਅਕਾਲ ਤਖ਼ਤ ਦਾ ਪਤਾ ਸੀ, ਨਾ ਅਰਦਾਸ ਦਾ, ਨਾ ਨਿਤਨੇਮ ਦਾ, ਨਾ ਹੀ 'ਖ਼ਾਲਸਾ ਪੰਥ' ਅਤੇ 'ਗੁਰੂ ਪੰਥ' ਦਾ ?

ਨਹੀਂ! ਦਸਤਾਵੇਜ਼ ਵੀ ਬੋਲਦੇ ਹਨ ਕਿ ਉਸ ਵੇਲੇ ਉਨਾਂਹ ਨੂੰ ਉਹ ਪਤਾ ਸੀ ਜੋ ਹੁਣ ਉਹ ਵਿਸਰ ਗਏ ਹਨ! ਕੀ ਕੁੱਝ ਅਧਾਰ ਉਨਾਂਹ ਦੀ ਸੇਵਾ ਨਾਲ ਹੀ ਸਨ ? ਸੇਵਾ ਖ਼ਤਮ ਅਧਾਰ ਖ਼ਤਮ ?

ਹਰਦੇਵ ਸਿੰਘ,ਜੰਮੂ-੫.੬.੨੦੧੩

Monday, 27 May 2013

ਖ਼ਾਲਸਾ ਪੰਥ ਨੂੰ ਸਵਾਲ ?
 
ਹਰਦੇਵ ਸਿੰਘ,ਜੰਮੂ

ਗੁਰੂ ਨਾਨਕ ਜੀ  ਨੇ ਆਪਣੇ ਦਸਵੇਂ  ਸਰੂਪ ਵਿਚ ਖ਼ਾਲਸਾ ਪੰਥ ਦੀ ਸਿਰਜਨਾ ਮੁਕੱਮਲ ਕੀਤੀ।ਗੁਰੂ ਸਾਹਿਬਾਨ ਨੇ ਪੰਥ ਦੀ ਸਿਰਜਨਾ ਵਿਚ ਕੇਵਲ 'ਇਕ ਪੰਥ' ਦਾ ਸਿਧਾਂਤ ਹੀ ਦ੍ਰਿੜ ਕਰਵਾਇਆ।ਸਤਿਗੁਰਾਂ ਦੀ ਅਜ਼ੀਮ ਬਖਸ਼ਿਸ਼ਾਂ ਦੇ ਸਕਦੇ, ਮੁਸਕਿਲ ਤੋਂ ਮੁਸ਼ਕਿਲ ਹਾਲਾਤਾਂ ਵਿਚ ਵੀ ਸਿੱਖਾਂ ਨੇ, ਗੁਰੂ ਵਲੋਂ ਬਖ਼ਸ਼ੇ 'ਇਕ ਪੰਥ' ਦੇ ਸਿਧਾਂਤ ਨੂੰ ਕਦੇ ਵੀ ਭੰਗ ਨਹੀਂ ਹੋਂਣ ਦਿੱਤਾ।ਪਰ ਅੱਜ ਅਖਵਾਉਂਦੇ ਵਿਦਵਾਨ 'ਇਕ ਗੁਰੂ' ਦੀ ਗਲ ਕਰਦੇ ਉਸਦੇ ਪੰਥ ਨੂੰ ਅਨੇਕ ਪੰਥਾਂ ਵਿਚ ਪਰਿਭਾਸ਼ਤ ਕਰਨ ਦੀ ਕੁਚੇਸ਼ਟਾ ਕਰਦੇ ਹਨ।

ਐਸੇ ਕੁੱਝ ਸੱਜਣਾਂ ਨੇ ਆਪਣੇ ਹਿਤਾਂ ਦੀ ਪੁਰਤੀ ਲਈ 'ਸਿੱਖ ਪੰਥ' ਜਾਂ 'ਖ਼ਾਲਸਾ ਪੰਥ' ਲਈ ਕਈਂ ਲਕਬ ਘੱੜ ਲਏ ਹਨ, ਜਿਵੇਂ ਕਿ 'ਜਾਗਰੂਕ ਪੰਥ', 'ਸੁਚੇਤ ਪੰਥ', 'ਕਾਲਕਾ ਪੰਥ' ਅਤੇ 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ'! ਕੁੱਝ ਨੇ ਬਿਨਾਂਹ ਸੋਚੇ ਇਨਾਂਹ ਲਕਬਾਂ ਦੀ ਰੀਸ ਵੀ ਕਰ ਲਈ।

ਇਨਾਂਹ ਲਕਬਾਂ ਨੂੰ ਘੱੜਨ ਵਾਲੇ ਜਾਣਦੇ ਹਨ ਕਿ ਗੁਰੂ ਸਾਹਿਬਾਨ ਦਾ ਸਿਰਜਿਆ ਅਜ਼ੀਮ ਖ਼ਾਲਸਾ ਪੰਥ ਉਨਾਂਹ ਦੀ ਬਿਛਾਈ ਬਿਸਾਤ ਵਿਚ ਫ਼ਿੱਟ ਨਹੀਂ ਹੋ ਸਕਦਾ। ਇਸ ਲਈ ਉਨਾਂਹ ਆਪਣੀ ਆਪਣੀ ਬਿਸਾਤ ਲਈ ਆਪਣੇ-ਆਪਣੇ ਕਾਗਜ਼ੀ "ਪੰਥ" ਬਨਾ ਲਏ ਹਨ।ਉਨਾਂਹ ਨੂੰ ਕਾਗਜ਼ੀ ਕਹਿਣਾ ਹੀ ਵਾਜਬ ਹੈ ਕਿਉਂਕਿ ਉਹ ਨਾਸਮਝ ਅਤੇ ਮੌਕਾ ਪਰਸਤ ਕਲਮਾਂ ਦੀ ਉਪਜ ਹਨ, ਗੁਰੂ ਸਾਹਿਬਾਨ ਦੀ ਦੇਂਣ ਨਹੀਂ।

ਕੁੱਝ ਨਿਰਨਾਨੁਮਾਂ ਸਵਾਲ ਪੁੱਛਣ ਲਈ, ਖ਼ਾਲਸਾ ਪੰਥ ਦਾ ਅਡਰੈਸ ਭਾਲਦੇ, ਇਕ ਵਿਦਵਾਨ ਜੀ ਦਾ ਗਿਲਾ ਹੈ ਕਿ; "ਅੱਜ ਤਾਂ ਸਿੱਖੀ ਦੇ ਵਿਹੜੇ ਵਿੱਚ ਬਕਾਲੇ ਦੀਆਂ ਬਾਈ ਮੰਜੀਆਂ ਵਾਂਗੂ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗੀਆਂ ਹੋਇਆਂ ਨੇ,ਹਰ ਕੋਈ ਅਸਲ ਪੰਥ ਦਾ ਦਾਵੇਦਾਰ ਹੈ"! ਵਿਦਵਾਨ ਜੀ ਨੂੰ ਆਪਣੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਜਾਣ ਦਾ ਖ਼ਤਰਾ ਵੀ ਮਹਸੂਸ ਹੁੰਦਾ ਹੈ।

ਪਰ ਵਿਡੰਬਨਾ ਇਹ ਹੈ ਸਿੱਖੀ ਦੇ ਵਿਹੜੇ ਵਿਚ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲੱਗ ਜਾਣ ਦਾ ਦਰਦ ਪ੍ਰਗਟ ਕਰਨ ਵਾਲੇ ਵਿਦਵਾਨ ਜੀ ਨੇ ਆਪ ਵੀ 'ਦੋ' ਵੈਸੀਆਂ ਹੀ ਮੰਜੀਆਂ
ਡਾਹਿਆਂ ਹਨ ਜਿਸ ਦਾ ਗਿਲਾ ਉਹ ਦੂਜੀਆਂ ਤੋਂ ਕਰ ਰਹੇ ਹਨ। ਇਨਾਂਹ ਵਲੋਂ ਆਪਣੀ ਮੰਜੀ ਨੂੰ ਉੱਚਾ ਵਖਾਉਂਣ ਲਈ ਇਕ ਦੂਜੀ ਨੀਵੀਂ ਮੰਜੀ ਵੀ ਪ੍ਰਚਾਰੀ ਗਈ। ਯਾਨੀ ਕਿ ਕਥਿਤ 'ਕਾਲਕਾ ਪੰਥ' ਦੀ ਮੰਜੀ! ਕੋਈ ਵੀ ਬੰਦਾ ਫ਼ਾਰਮ ਭਰ ਕੇ   "ਉੱਚੀ ਮੰਜੀ" ਤੇ ਚੜ ਸਕਦਾ ਹੈ।ਇਸ ਮੰਜੀ ਦਾ ਦਫ਼ਤਰ ਚੰਡੀਗੜ ਹੈ, ਪਰ  ਖਾਲਸਾ ਪੰਥ ਦੇ ਐਡਰੈਸ ਦਾ ਪਤਾ ਨਹੀਂ ? ਖ਼ੈਰ! ਮਾਮਲਾ ਖ਼ਾਲਸਾ ਪੰਥ ਤੋਂ ਸਵਾਲ ਪੁੱਛਣ ਦਾ ਹੈ।

ਪੰਥ ਨਾਲ ਗਲ ਕਿਵੇਂ ਕੀਤੀ ਜਾਂਦੀ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।ਅੱਜ ਤੋਂ ਕੁੱਝ ਵਰੇ ਪਹਿਲਾਂ ਐਨ.ਡੀ ਟੀ.ਵੀ. ਦੀ ਮਹਿਲਾ ਰਿਪੋਰਟਰ 'ਬਰਖਾ ਦੱਤ' ਨੇ, ਇਕ ਇੰਟਰਵਿਯੂ ਦੋਰਾਨ, ਟਾਟਾ ਕੰਪਨੀ ਦੇ ਚੈਯਰਮੈਨ 'ਰਤਨ ਟਾਟਾ' ਜੀ ਨੂੰ ਇਕ ਸਾਧਾਰਨ ਜਿਹਾ ਇਹ ਸਵਾਲ ਪੁੱਛ ਲਿਆ ਕਿ; ਉਹ ਭਾਰਤ ਦੇ ਲੋਗਾਂ ਨੂੰ ਕੀ ਸੰਦੇਸ਼ ਦੇਣਾਂ ਚਾਹੁੰਦੇ ਹਨ ? ਰਤਨ ਟਾਟਾ ਜੀ ਵਲੋਂ, ਇਸ ਸਧਾਰਨ ਜਿਹੇ ਸਵਾਲ ਦਾ ਦਿੱਤਾ ਜਵਾਬ ਬੜਾ ਦਿਲਚਸਪ ਸੀ। ਰਤਨ ਟਾਟਾ ਨੇ ਬਰਖਾ ਦੱਤ ਨੂੰ ਜਵਾਬ ਦਿੰਦੇ ਕਿਹਾ ਕਿ 'ਮੈਂ ਕੋਂਣ ਹੁੰਦਾ ਹਾਂ ਭਾਰਤ ਦੇ ਲੋਗਾਂ ਨੂੰ ਸੰਦੇਸ਼ ਦੇਂਣ ਵਾਲਾ? ਮੇਰੀ ਉਹ ਹੈਸੀਅਤ ਨਹੀਂ!
 
ਪਰ ਇੱਥੇ ਤਾਂ ਗਲ ਖ਼ਾਲਸਾ ਪੰਥ ਦੀ ਹੈ।ਕੋਈ ਵਿਦਵਾਨ ਪੰਥਕ ਵਿਦਵਾਨਾਂ ਤੋਂ ਤਾਂ ਸਵਾਲ ਪੁੱਛ ਸਕਦਾ ਹੈ ਪਰ ਕੋਈ ਵਿਦਵਾਨ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦਾ ਯਤਨ ਕਰੇ ਤਾਂ ਇਹ ਸੋਚ ਖ਼ੁਦੀ ਨੂੰ ਪੰਥ ਨਾਲੋਂ ਬੁਲੰਦ ਸਮਝਣ ਦੀ ਪ੍ਰਤੀਤ ਹੁੰਦੀ ਹੈ।ਸ਼੍ਰੋਮਣੀ ਕਮੇਟੀ ਵਰਗੀ ਕਿਸੇ ਪੰਥਕ ਸੰਸਥਾ ਤੋਂ ਸਵਾਲ ਪੁੱਛਣਾ ਕੋਈ ਮਾੜੀ ਗਲ ਨਹੀਂ, ਪਰ ਖ਼ਾਲਸਾ ਪੰਥ ਨੂੰ ਸਵਾਲ ਪੁੱਛਣ ਦੇ ਭਾਵ ਵਿਚ ਅਹੰਕਾਰ ਦਾ ਅਕਸ ਲਰਜ਼ਦਾ ਪ੍ਰਤੀਤ ਹੁੰਦਾ ਹੈ।ਕਿਉਂਕਿ ਇਹ ਖ਼ਾਲਸਾ ਪੰਥ ਨੂੰ ਆਪਣੇ ਸਵਾਲਾਂ ਦੇ ਘਟਘਰੇ ਵਿਚ ਖੜਾ ਕਰਨ ਦੀ ਸ਼ਖਸੀ ਤਲਬ ਹੀ ਹੈ ਜੋ ਆਖਰਕਾਰ ਸ਼੍ਰੋਮਣੀ ਕਮੇਟੀ ਦੇ ਦਰ ਆ ਪੁੱਜੀ ਹੈ।ਕਮੇਟੀ ਨੂੰ ਸਵਾਲ ਤਾਂ ਬਿਨਾਂਹ ਪੰਥ ਨੂੰ ਤਲਾਸ਼ੇ ਵੀ ਪੁੱਛੇ ਜਾ ਸਕਦੇ ਸੀ।

ਸਿੱਖ ਕੁੱਝ ਸਮਝਣ ਲਈ ਖ਼ਾਲਸੇ ਪੰਥ ਨੂੰ ਅਰਜੋਈ ਕਰ ਸਕਦਾ ਹੈ।ਪਰ ਜੇ ਕਰ ਕੋਈ ਆਪਣੀ ਹੀ ਮੰਜੀ ਨੂੰ 'ਉੱਚਾ' ਅਤੇ 'ਅਸਲੀ' ਸਮਝਦਾ ਹੈ ਤਾਂ ਉਸ ਨੂੰ ਸਵਾਲ ਪੁੱਛਣ ਦੀ ਲੋੜ ਵੀ ਕੀ ਹੈ? ਇਹ ਸਵਾਲ ਮਹੱਤਵ ਪੁਰਨ ਹੈ।ਕਿਉਂ ਮਹੱਤਵਪੁਰਨ ਹੈ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।

ਦਰਅਸਲ ਇਹ ਇਕ ਪੜਾਅ ਵਰ ਕਸਰਤ ਜਿਹੀ ਪ੍ਰਤੀਤ ਹੁੰਦੀ ਹੈ ਕਿ ਕਿਸੇ ਦਿਨ
ਆਪਣੇ ਗੁੱਟ ਨੂੰ ਖ਼ਾਲਸਾ ਪੰਥ ਐਲਾਨ ਕੇ, ਉਸਦੀਆਂ ਗਲਾਂ  ਨੂੰ ਪੰਥਕ ਫੈਸਲਿਆਂ ਦਾ ਨਾਮ ਦਿੱਤਾ ਜਾਏ।ਇਸੇ ਕਰਕੇ ਉਹ ਵਿਦਵਾਨ ਹੁਣ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਆਪਣੇ ਸ਼ਬਦਾਂ ਦੀ ਬੁਣਤਰ ਵਿਚ "ਪੰਥ ਪਰਵਾਣਤ ਕਹੀ ਜਾਂਦੀ ਸਿੱਖ ਰਹਿਤ ਮਰਿਆਦਾ" ਲਿਖਦੇ ਹਨ ਤਾਂ ਕਿ ਬਾਦ ਵਿਚ, ਉਹ ਕਿਸੇ ਦਿਨ, 'ਉਸ' "ਸਿੱਖ ਰਹਿਤ ਮਰਿਆਦਾ" ਨੂੰ ਪੇਸ਼ ਕਰ ਸਕਣ ਜਿਸ ਦੇ ਉਹ ਬਿਲਕੁਲ ਵਿਰੌਧੀ ਨਹੀਂ, ਅਤੇ ਜੋ ਮੌਜੂਦਾ ਪੰਥਕ  ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿਚ ਉਨਾਂਹ ਦੇ ਅੰਦਰੂਨੀ ਅਜੰਡੇ ਅੰਦਰ ਪਲ ਰਹੀ ਹੈ।

ਹਰਦੇਵ ਸਿੰਘ,ਜੰਮੂ-੨੭.੫.੨੦੧੩

Thursday, 16 May 2013

'ਕੇਨੈਡਾ ਤੋਂ ਉੱਠੇ ਵਚਿੱਤਰ ਸਵਾਲ'
ਹਰਦੇਵ ਸਿੰਘ,ਜੰਮੂ



ਕੁੱਝ ਸੱਜਣ 'ਸਿੱਖ ਰਹਿਤ ਮਰਿਆਦਾ' ਨੂੰ ਦੋਸ਼ੀ ਕਰਾਰਦੇ ਅਕਸਰ ਕਹਿੰਦੇ ਹਨ ਕਿ; 'ਭਾਈ ਕਾਦੀ ਸਿੱਖ ਰਹਿਤ ਮਰਿਆਦਾ ? ਇਸ ਨੂੰ ਤਾਂ ਸਾਰੇ ਮੰਨਦੇ ਹੀ ਨਹੀਂ ! ਇਹ ਤਾਂ ਫ਼ਲਾਂ-ਫ਼ਲਾਂ ਥਾਂ ਤੇ ਲਾਗੂ ਨਹੀਂ ਹੋ ਪਾਈ !!

 ਇਨਾਂਹ 'ਕੁੱਝ ਸੱਜਣਾਂ' ਨੂੰ ਕੋਈ ਇਹ ਪੁੱਛੋ ਕਿ; ਭਾਈ ਜੇ ਮੰਨਦੇ ਸਿੱਖ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ, ਤਾਂ ਦੋਸ਼ ਕਿਸਦਾ ਕੱਡੋਗੇ ? ਸਿੱਖ ਦਾ ਕਿ ਗੁਰੂ ਦਾ ? ਜੇ ਕਰ ਹਰ ਥਾਂ ਸਿੱਖ ਰਹਿਤ ਮਰਿਆਦਾ ਦਾ ਇਕਸਾਰ  ਲਾਗੂ ਨਾ ਹੋ ਪਾਉਣਾਂ, ਸਿੱਖ ਰਹਿਤ ਮਰਿਆਦਾ ਦੇ ਦੋਸ਼ੀ ਹੋਂਣ ਦਾ ਸਬੂਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਦਾ ਇਕਸਾਰ   ਲਾਗੂ ਨਾ ਹੋ ਪਾਉਂਣਾ, ਜਾਂ ਇਕਸਾਰ ਅਪਨਾਇਆ ਨਾ ਜਾਣਾ, ਕਿਸ ਦਾ ਦੋਸ਼ ਕਿਹਾ ਜਾਏਗਾ ? ਖ਼ੈਰ !

ਕੇਨੈਡਾ ਤੋਂ ਕਿਸੇ ਸੱਜਣ ਨੇ 'ਸਿੱਖ ਰਹਿਤ ਮਰਿਆਦਾ' ਬਾਰੇ ਕੁੱਝ ਸਵਾਲ ਪੁੱਛ ਲਏ ਤਾਂ ਕੁੱਝ ਤਾਜੁੱਬ ਮਹਸੂਸ ਹੋਇਆ।ਸਵਾਲ ਇਸ ਪ੍ਰਕਾਰ ਸਨ:-


(੧) ਜੇ ਕਰ ਰਹਿਤ ਮਰਿਆਦਾ ਵਾਕਿਆ ਹੀ ਚੰਗੀ ਹੈ,ਮੰਨਣ ਯੋਗ ਹੈ, ਆਪਣੇ ਆਪ ਵਿਚ ਇਕ ਨਮੂਨਾ ਹੈ ਤਾਂ ਫਿਰ ਸਿੱਖੀ ਕਿੱਧਰ ਗਈ ?

 
(੨) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਹੁੰਦਿਆਂ ਦਸਮ ਗ੍ਰੰਥ ਦਾ ਰੋਲਾ ਕਿਉਂ ਪੈ ਗਿਆ ?

 
(੩) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਵੱਗਾਂ ਦੇ ਵੰਗ ਸਾਧ ਕਿਵੇਂ ਪੈਦਾ ਹੋ ਗਏ

 
(੪) ਇਸ ਰਹਿਤ ਰਹਿਤ ਮਰਿਆਦਾ ਦੇ ਹੁੰਦਿਆ ਹੁੰਦਿਆਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਕਿਵੇਂ ਵਗ ਤੁਰੇ ?

 
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤਾ ਮਨਮਤੀ ਜੀਵਨ, ਮਨਮਤੀ ਸਾਧ ਅਤੇ ਪੰਜਾਬ ਜਾਂ ਬਾਹਰ ਨਸ਼ਿਆਂ ਦਾ ਪ੍ਰਚਲਨ ਚਿੰਤਾ ਦਾ ਵਿਸ਼ਾ ਹੈ ਪਰ ਇਸ ਲਈ, ਸਵਾਲਾਂ ਰਾਹੀਂ, ਸਿੱਖ ਰਹਿਤ ਮਰਿਆਦਾ ਨੂੰ ਦੋਸ਼ੀ ਠਹਿਰਾਉਂਣਾ, ਇਕ ਵਚਿੱਤਰ ਪ੍ਰਕਾਰ ਦਾ ਅਪਰਿਪੱਕਵ ਵਿਚਾਰ ਹੈ।ਵਿਸ਼ੇਸ਼ ਤੌਰ ਤੇ ਉਨਾਂਹ ਸੱਜਣਾ ਵੱਲੋਂ ਜੋ ਸਿੱਖ ਰਹਿਤ ਮਰਿਆਦਾ ਨੂੰ ੧੯੪੫ ਵਿਚ ਭਾਈ ਵੀਰ ਸਿੰਘ ਦੀ ਕਾਡ ਦੱਸਦੇ ਹਨ।ਉਪਰੋਕਤ ਚਾਰ ਸਵਾਲਾਂ ਵਿਚ ਸਾਰੀ ਜਿੰਮੇਵਾਰੀ ਸਿੱਖ ਰਹਿਤ ਮਰਿਆਦਾ ਦੇ ਸਿਰ ਮੜਨ ਦਾ ਵਿਚਾਰ ਪ੍ਰਤੀਤ ਹੁੰਦਾ ਹੈ।


ਹੈ ਤਾਂ ਝੂਠੀ, ਪਰ ਚਲੋ ਨੁਕਤਾ ਸਪਸ਼ਟ ਕਰਨ ਲਈ, ਕੁੱਝ ਚਿਰ ਵਾਸਤੇ, ਇੱਥੇ ਇਸੇ ਕਥਿਤ ਕਹਾਣੀ ਅਨੁਸਾਰ ਤੁਰਦੇ ਹਾਂ ਕਿ ਸਿੱਖ ਰਹਿਤ ਮਰਿਆਦਾ ੧੯੪੫ ਦੀ ਕਾਡ ਸੀ, ਅਤੇ ਇਸੇ ਮਰਿਆਦਾ ਕਾਰਨ  ਉਪਰੋਕਤ ਸਵਾਲ ਪੁੱਛਣ ਦੀ ਨੌਬਤ ਆ ਬਣੀ।ਸਿੱਖ ਰਹਿਤ ਮਰਿਆਦਾ ਸਾਧਾਂ, ਨਸ਼ਿਆਂ ਆਦਿ ਦੇ ਹੜ ਨੂੰ ਨਾ ਰੋਕ ਸਕੀ ਇਸ ਲਈ ਕਥਿਤ ਤੌਰ ਤੇ ਦੋਸ਼ੀ ਹੋ ਗਈ।


ਪਰ ਸਵਾਲ ਪੈਦਾ ਹੁੰਦਾ ਹੈ ਕਿ ੧੯੪੫ ਤੋਂ ਪਹਿਲਾਂ ਤਾਂ ਇਹ ਰਹਿਤ ਮਰਿਆਦਾ ਹੈ ਹੀ ਨਹੀਂ ਸੀ ਤਾਂ ਉਦੋਂ ਸਿੱਖ ਜੀਵਨ ਦਾ ਸਤਰ ਧਾਰਮਕ ਪੱਖੋਂ ਨੀਵਾਂ ਕਿਉਂ ਹੋਇਆ ? ਉਦੋਂ ਦਸ਼ਮ ਗ੍ਰੰਥ ਅੱਜ ਤੋਂ ਜ਼ਿਆਦਾ ਪ੍ਰਚਲਤ ਕਿਵੇਂ ਸੀ ? ਸਾਧਾਂ ਅਤੇ ਮਸੰਦਾ ਦਾ ਵੰਗ ਕਿਵੇਂ ਵੱਗਿਆ ਸੀ ਅਤੇ  ਨਸ਼ਿਆਂ ਦਾ ਪ੍ਰਚਲਨ ਕਿਵੇਂ ਸੀ ? 


੧੭੦੮ ਵਿਚ ਦਸ਼ਮੇਸ਼ ਜੀ ਨੇ ਸਿੱਖਾਂ ਨੂੰ, ਗੁਰੂ ਗ੍ਰੰਥ ਦੇ ਲੜ ਲਗੇ ਰਹਿਣ ਦਾ ਹੁਕਮ ਦਿੰਦੇ ਹੋਏ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ  ਦੀ ਤਾਬਿਆ ਕੀਤਾ ਸੀ।ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆ ਹੁੰਦਿਆਂ ਹੀ ੧੭੦੮ ਬਾਦ ਉਹ ਸਭ ਕੁੱਝ ਕਿਵੇਂ ਹੋ ਗਿਆ ਜਿਸ ਬਾਰੇ 
ਕੇਨੈਡਾ ਤੋਂ   ਚਾਰ ਸਵਾਲ ਕੀਤੇ ਗਏ ਹਨ ? ਕੀ ਪੁੱਛਾਂਗੇ ਕਿ ਸਮਰਥ ਗੁਰੂ ਸਾਧਾਂ/ਮਸੰਦਾਂ ਦੀ ਉਪਜ ਅਤੇ ਨਸ਼ਿਆਂ ਦੇ  ਹੜ ਨੂੰ ਕਿਉਂ ਨਹੀਂ ਰੋਕ ਸਕਿਆ ਅਤੇ ਕਿੱਥੇ ਗਈ ਸਿੱਖੀ ? ਕਦਾਚਿਤ ਨਹੀਂ ਪੁੱਛ ਸਕਦੇ ਐਸੇ ਗਲਤ ਸਵਾਲ !

ਆਪਣੇ ਦੋਸ਼, ਆਪਣੀਆਂ ਕਮੀਆਂ-ਨਾਸਮਝੀਆਂ ਲਈ ਮੁੱਢਲੇ ਅਧਾਰਾਂ ਨੂੰ ਦੋਸ਼ੀ ਕਰਾਰਨਾ ਵਿਦਵਾਨਾਂ ਦੀ ਸਿਆਣਪ ਨਹੀਂ।ਕਾਲ (ਸਮੇਂ) ਚੱਕਰ ਵਿਚ ਵਾਪਰਦੀਆਂ ਰਹਿੰਦੀਆਂ ਘਟਨਾਵਾਂ ਅਤੇ ਉੱਠਦੀਆਂ ਸਮੱਸਿਆਵਾਂ ਦੇ ਕਾਰਨ ਕੁੱਝ ਹੋਰ ਹੁੰਦੇ ਹਨ ਜਿਨਾਂਹ ਨੂੰ ਵਿਚਾਰਨ ਦੀ ਲੋੜ ਹੈ।


ਹਰਦੇਵ ਸਿੰਘ,ਜੰਮੂ-੧੬.੫.੨੦੧੩

Saturday, 11 May 2013

ਸ਼ਿਸ਼ਟਾਚਾਰ

ਹਰਦੇਵ ਸਿੰਘ, ਜੰਮੂ


ਸ਼ਿਸ਼ਟਤਾ ਵੱਡਮੁੱਲੀ ਹੁੰਦੀ ਹੈ ਪਰ ਜੇ ਕਰ ਸੁਭਾਅ ਅੰਦਰ ਮੌਲਿਕ ਰੂਪ ਵਿਚ ਹੋਵੇ ਤਾਂ! ਵਰਨਾ 'ਛੱਦਮ', ਭਾਵ 'ਬਨਾਵਟੀ ਸ਼ਿਸ਼ਟਤਾ' ਇਕ ਪ੍ਰਕਾਰ ਦਾ ਛਲ ਹੈ, ਧੋਖਾ ਹੈ ਫ਼ਰੇਬ ਹੈ, ਭੇਖ  ਅਤੇ ਬਿਮਾਰੀ ਹੈ! ਗੁਰਬਾਣੀ ਵਿਚ ਐਸੀ ‘ਨਾਟਕੀਯ ਸ਼ਿਸ਼ਟਤਾ’ ਨਾਲ ਅਸਹਿਮਤੀ ਹੈ । ਐਸੀ ਸ਼ਿਸ਼ਟਤਾ ਬਾਰੇ ਗੁਰੂ ਨਾਨਕ ਜੀ ਉਚਾਰਦੇ ਹਨ:-

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥(ਪੰਨਾ,470)


ਪਰ ਨਾਟਕੀਯ ਸ਼ਿਸ਼ਟਤਾ ਤੋਂ ਅਸਤਿਮਤੀ ਦੇ ਨਾਲ-ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ, ਸ਼ਿਸ਼ਟਤਾ ਦੇ ਪਾਲਨ ਦਾ ਉਪਦੇਸ਼ ਵੀ ਦਿੰਦੇ ਹਨ । ਸ਼ਿਸ਼ਟਦਾ ਦੇ ਇਸ ਪੱਖ ਦੀ ਵਿਚਾਰ ਵੀ ਜ਼ਰੂਰੀ ਹੈ।ਕਿਉਂਕਿ ਅੱਜ ਦਾ ਲੇਖਨ, ਕੁੱਝ ਥਾਈਂ, ਨੀਚਤਾ ਦੀ ਹੱਦ ਤਕ ਗਿਰਦਾ ਜਾ ਰਿਹਾ ਹੈ।


ਜਿਹੜੇ ਮਨੁੱਖ ਦਾ ਹਿਰਦਾ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਨਹੀਂ ਉਸ ਦੇ ਸੁਭਾਅ ਵਿਚ ਸ਼ਿਸ਼ਟਾਚਾਰ ਨਹੀਂ ਪਨਪ ਸਕਦਾ । ਅਤੇ ਜਿਸਦੇ ਸੁਭਾਅ ਵਿਚ ਮੌਲਿਕ ਸ਼ਿਸ਼ਟਤਾ ਨਹੀਂ ਉਹ ਆਪ ਇਕ ਬੀਮਾਰ ਹੈ । ਗੁਰੂ ਨਾਨਕ ਜੀ ਨੇ ਅਸ਼ਿਸ਼ਟਤਾ ਪੁਰਨ ਸੁਭਾਅ ਦੇ ਮਨੁੱਖਾਂ ਦੇ, ਸੰਸਾਰਕ ਅਤੇ ਅਧਿਆਤਮਕ ਜੀਵਨ ਬਾਰੇ ਇਵੇਂ ਨਿਰਨਾ ਉਚਾਰਿਆ ਹੈ:-


ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,473)


ਅਰਥ:- ਹੇ ਨਾਨਕ ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) ।  ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ)
ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।


 ਜਤਿ ਬੋਲਿਐ ਪਤਿ ਪਾਇਐ ਸੋ ਬੋਲਿਆ ਪਰਵਾਣੁ॥ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ ( ਮਹਲਾ 1, ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥( ਗੁਰੂ ਗ੍ਰੰਥ ਸਾਹਿਬ ਜੀ ਪੰਨਾ,1384)


ਅਰਥ:-  ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ), ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ।129।


ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ,15)


ਅਰਥ:-  ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ । ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ।130।


 ਕੀ ਅਸ਼ਿਸ਼ਟ ਕਲਮਾਂ ਗੁਰਬਾਣੀ ਦੇ ਉਪਰੋਕਤ ਫ਼ੁਰਮਾਨਾਂ ਦੀ ਜ਼ਦ ਤੋਂ ਬਾਹਰ ਹਨ? ਕੀ ਉਨ੍ਹਾਂ ਤੇ ਗੁਰਬਾਣੀ ਨਹਿਤ ਉਪਰੋਕਤ ਉਪਦੇਸ਼ਾਂ ਦਾ ਕੋਈ ਅੰਕੂਸ਼ ਜ਼ਰੂਰੀ ਨਹੀਂ? ਇਹ ਸਵਾਲ ਸਵੈ ਪੜਚੋਲ ਲਈ ਜ਼ਰੂਰੀ ਹਨ ਕਿਉਂਕਿ ਇਹ ਕਲਮਾਂ ‘ਧਰਮ ਚਿੰਤਨ’ ਨੂੰ ਸ਼ਰਮਸਾਰ ਕਰਦੀਆਂ ਹਨ।


ਹਰਦੇਵ ਸਿੰਘ, ਜੰਮੂ-22.2.2013

Thursday, 9 May 2013

ਪਰਸਤੀ
  ਹਰਦੇਵ ਸਿੰਘ, ਜੰਮੂ

‘ਪਰਸਤੀ’ ਜਾਂ ਪਰਸਤਿਸ਼ ਦਾ ਅਰਥ ਹੁੰਦਾ ਹੈ ‘ਪੂਜਾ’ ਅਤੇ ‘ਪਰਸਤ’ ਦਾ ਅਰਥ ਹੁੰਦਾ ਹੈ ਪੂਜਾ ਕਰਨ ਵਾਲਾ ਜਿਵੇਂ ਕਿ ਬੁਤਪਰਸਤ! ਇਸ ਵਿਚ ਰੱਤਾ ਵੀ ਸ਼ੱਕ ਨਹੀਂ ਕਿ ਗੁਰਮਤਿ ਸਾਨੂੰ ਅਕਾਲ ਪੁਰਖ ਦੀ ਪਰਸਤਿਸ਼ ਨਾਲ ਜੋੜਦੀ ਹੈ। ਯਾਨੀ ਹਰ ਸਿੱਖ, ਗੁਰਮਤਿ ਅਨੁਸਾਰ, ਕੇਵਲ ਅਕਾਲ ਪੁਰਖ ਦਾ ਪੁਜਾਰੀ ਹੋਂਣਾ ਚਾਹੀਦਾ ਹੈ, ਕੇਵਲ ‘ਉਸਦਾ’ ਪਰਸਤ ਹੋਂਣਾ ਚਾਹੀਦਾ ਹੈ। ਇਹ ਗੁਰਮਤਿ ਵਿਚਲੇ ਪੁਜਾਰੀਵਾਦ ਦੀ ਪਰਿਭਾਸ਼ਾ ਹੈ। ਖ਼ੈਰ!

ਪਰਸਤ ਸ਼ਬਦ ਇੰਝ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮੁਫ਼ਾਦਪਰਸਤ, ਮੌਕਾਪਰਸਤ, ਬੰਦਾਪਰਸਤ ਜਾਂ ਸ਼ਖਸੀਅਤ ਪਰਸਤ! ਪਰਸਤੀ ਦੀਆਂ ਇਹ ਕਿਸਮਾਂ ਗੁਰਮਤਿ ਵਿਚ ਈਸ਼ਟ ਭਾਵ ਕਰਕੇ ਪਰਵਾਨ ਨਹੀਂ ਹਨ। ਇਸ ਲਈ ਸਿੱਖ ਨੂੰ, ਅਕਾਲ ਪੁਰਖ ਪਰਸਤ ਹੋ ਕੇ, ਸਾਰੀ ਮਨੁੱਖਤਾ ਨਾਲ ਪਿਆਰ ਅਤੇ ਸਤਿਕਾਰ ਭਰੀ ਸਾਂਝ ਪਾਉਂਣੀ ਚਾਹੀਦੀ ਹੈ। ਪਿਆਰ ਅਤੇ ਸਤਿਕਾਰ ਵਿਚ, ਵਿਚਾਰ ਸਾਂਝੇ ਵੀ ਕੀਤੇ ਜਾਂਦੇ ਹਨ ਅਤੇ ਸਵੀਕਾਰ ਵੀ। ਕਿਸੇ ਵਿਦਵਾਨ ਜਾਂ ਉੱਘੀ ਸ਼ਖਸੀਅਤ ਦੇ ਸਤਿਕਾਰ ਨੂੰ ਸ਼ਖਸੀਅਤ ਪਰਸਤੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਹਾਂ, ਜੇ ਕਰ ਕਈ ਵਾਜਬ ਵਜ੍ਹਾ ਹੋਵੇ ਤਾਂ, ਕਿਸੇ ਲਈ ਗਲਤ ਤੌਰ ‘ਤੇ, ਕਿਸੇ ਵਿਦਵਾਨ ਜਾਂ ਸ਼ਖਸੀਅਤ ਦੇ ਪ੍ਰਭਾਵ ਹੇਠ ਹੋਂਣ ਦੀ ਗਲ ਕਹੀ ਜਾ ਸਕਦੀ ਹੈ।

ਜੇ ਕਰ ਕਿਸੇ ਵਿਯਕਤੀ ਪ੍ਰਭਾਵ ਹੇਠ ਹੋਂਣ ਦੀਆਂ, ਸਾਰੀਆਂ ਹੱਦਾਂ ਪਾਰ ਕਰ ਜਾਣ ਨੂੰ ‘ਸ਼ਖਸੀਅਤ ਪਰਸਤੀ’ ਕਿਹਾ ਜਾ ਸਕਦਾ ਹੈ ਤਾਂ ਕੀ ਕਾਰਨ ਹੈ ਕਿ ਹੱਦਾਂ ਪਾਰ ਕਰਦੇ ਆਪਣੀ ਗਲ ਜਾਂ ਗੁਟਬਾਜ਼ੀ ਠੋਸਣ ਦੇ ਯਤਨ ਨੂੰ ‘ਖ਼ੁਦ ਪਰਸਤੀ’ ਨਾ ਕਿਹਾ ਜਾਏ ?

ਸ਼ਖਸੀਅਤ ਪਰਸਤੀ ਜੇ ਕਰ ਮਨਮਤਿ ਹੋਂਣ ਕਾਰਨ ਮਾੜੀ ਹੈ, ਤਾਂ ਖ਼ੁਦਪਰਸਤੀ ਉਸ ਤੋਂ ਵੀ ਮਾੜੀ। ਸ਼ਖਸੀਅਤ ਪਰਸਤੀ ਕਿਸੇ ਦੂਜੇ ਦੀ ਹੁੳਮੈ ਦੀ ਪੋਸ਼ਕ ਹੋ ਸਕਦੀ ਹੈ, ਪਰ ‘ਖੁਦਪਰਸਤੀ’ ਖ਼ੁਦ ਹਉਮੈ ਵਿਚ ਰੂਪਮਾਨ ਹੁੰਦੀ ਹੈ! ਸ਼ਖਸੀਅਤ ਪਰਸਤੀ ਛੁੜਾਉਂਣ ਲਈ ਦੂਜੇ ਨੂੰ ਸਮਝਾਉਂਣਾ ਪੈਂਦਾ ਹੈ, ਪਰ ‘ਖ਼ੁਦਪਰਸਤ’ ਨੂੰ ਪਹਿਲਾਂ ਆਪ ਸਮਝਣਾ ਪੈਂਦਾ ਹੈ! ਖ਼ੁਦਪਰਸਤੀ ਬੁਰੀ ਬਲਾ ਹੈ! ਇਸ ਤੋਂ ਬੱਚਣ ਲਈ ‘ਅੰਦਰ’ ਝਾਂਕਣਾ ਪੈਂਦਾ ਹੈ!!
28.11.12

Friday, 3 May 2013

'ਪਰਿਵਾਰਕ ਫ਼ਤਵੇ?'

ਹਰਦੇਵ ਸਿੰਘ ਜੰਮੂ

 ਇਕ ਪਰਿਵਾਰਕ ਪੱਤਰ, ਮਿਤੀ ੨੨.੧੨.੧੨, ਸਿੱਖ ਮਾਰਗ.ਕਾਮ ਦੀਆਂ ਕੁੱਝ ਝਲਕਿਆਂ:-

(੧) "ਵੀਰ ਜੀ ਮੌਜੂਦਾ ਪ੍ਰਚਲਿਤ ਸਰੂਪ ਨੂੰ ਹੀ ਪ੍ਰਮਾਣਿਕ ਮੰਨ ਕੇ ਮਤ ਦੇ ਰਹੇ ਹਨ।ਪਰ ਸੱਚਾਈ ਇਹ ਹੈ ਕਿ ਇਸ ਸਰੂਪ ਨੂੰ ਪੰਥ ਦਾ ਵੱਡਾ ਹਿਸਾ ਪੁਰੀ ਤਰਾਂ੍ਹ ਪ੍ਰਮਾਣਿਕ ਨਹੀਂ ਮੰਨਦਾ" (ਤ.ਪਰਿਵਾਰ) 

 
(੨) "ਜੇ ਸਿਰਫ ਮੌਜੂਦਾ 'ਗ੍ਰੰਥ ਰੂਪੀ ਗੁਰੂ' ਦੇ ਪ੍ਰਚਲਿਤ ਪਰਿਪੇਖ ਵਿਚ ਪੜਚੋਲਿਆ ਜਾਵੇ ਤਾਂ ਇਹ 'ਆਦਿ ਜੁਗਾਦੀ' ਕੰਪਲੀਟ 'ਗੁਰੂ' ਦਾ ਦਾਅਵਾ ਪੜਚੋਲ ਮੰਗਦਾ ਹੈ, ਕਿਉਂਕਿ ਇਸ ਸਰੂਪ ਵਿਚ ਰਾਗਮਾਲਾ ਸਮੇਤ ਚੰਦ ਵਿਸੰਗਤਿਆਂ ਇਕ ਸੱਚਾਈ ਹੈ ਅਤੇ ਵਿਸੰਗਤਿਆਂ ਦੇ ਹੁੰਦੇ ਹੋਏ 'ਕੰਪਲੀਟ ਗੁਰੂ' ਦਾ ਦਾਅਵਾ ਸ਼ਰਧਾ ਤਾਂ ਹੋ ਸਕਦੀ ਹੈ, ਪਰ ਹਕੀਕਤ ਨਹੀਂ" (ਤ.ਪਰਿਵਾਰ)

 
(੩)"... ਗ੍ਰੰਥ ਰੂਪੀ ਮਾਧਿਅਮ 'ਗੁਰੂ' ਤਾਂ ਸੇਵਕਾਂ ਦਾ ਮੁਹਤਾਜ ਹੈ ਹੀ, ਪ੍ਰਕਾਸ਼' ਕਰਵਾਉਂਣ ਲਈ,' ਸੁਖਾਸਨ'ਲਈ, ਸਰਦੀ ਤੋਂ ਬੱਚਨ ਵਾਸਤੇ ਕੰਬਲਾਂ ਲਈ, ਗਰਮੀ ਤੋਂ ਬਚਨ ਵਾਸਤੇ 'ਕੂਲਰਾਂ' ਲਈ ਆਦਿ ਆਦਿ।ਅੇਸਾ 'ਮਾਧਿਅਮ ਗੁਰੂ' ਤਾਂ ਕਾਤਬਾਂ ਦਾ ਵੀ ਮੋਹਤਾਜ ਰਿਹਾ ਹੈ..." (ਤ. ਪਰਿਵਾਰ)

 
ਜੇ ਕਰ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਨਹੀਂ ਬਲਕਿ ਸੱਚ ਦਾ ਗਿਆਨ ਹੈ, ਤਾਂ ਉਸ ਗਿਆਨ ਨੂੰ ਤੱਤ ਪਰਿਵਾਰ ਨੇ ਆਪਣੀ ਵਿਆਖਿਆ ਦਾ ਮੋਹਤਾਜ ਕਿਉਂ ਸਮਝਿਆ ਹੋਇਆ ਹੈ ? ਸਾਰੀ ਮਨੁੱਖਤਾ ਪਰਿਵਾਰ ਵਲੋਂ ਤਿਆਰ ਕੀਤੀ ਲਿਖਤ ਤੋਂ ਗੁਰਮਤਿ ਜੀਵਨ ਸੇਧ ਲੇਂਣ ਦੀ ਮੁਹਤਾਜ ਕਿਉਂ ਸਮਝੀ ਜਾ ਰਹੀ ਹੈ ? ਸੱਚ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿਚ ਹੈ ਜਾਂ ਫਿਰ ਪਰਿਵਾਰ ਦੀ ਲਿਖਤ ਵਿਚ ? ਗੁਰੂ ਨਾਨਕ ਨੇ ਸੱਚ ਦਾ ਗਿਆਨ ਪ੍ਰਗਟ ਕਰ ਹੀ ਦਿੱਤਾ ਸੀ ਤਾਂ ਹੁਣ ਪਰਿਵਾਰ ਨੂੰ ਪ੍ਰਗਟ ਕਰਨ ਦੀ ਕੀ ਲੋੜ ਪੈ ਗਈ ? ਉਹ ਗਿਆਨ ਮੁਹਤਾਜ ਹੋ ਗਿਆ ਪਰਿਵਾਰ ਦਾ ? ਕੀ ਸੱਚ ਦਾ ਗਿਆਨ ਕੋਈ ਜਿੰਨ ਹੈ ਜੋ ਕਿ ਪਰਿਵਾਰ ਦੇ ਕਿਸੇ ਚਿਰਾਗ ਵਿਚ ਬੰਦ ਹੈ ਅਤੇ ਜੋ ਪੰਜ ਪੜਾਅ ਰਗੜ ਕੇ ਪ੍ਰਗਟ ਹੋਇਆ ਹੈ ?

 
ਇਸ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਅਪ੍ਰਮਾਣਿਕ, ਅਧੂਰਾ ਅਤੇ ਮੋਹਤਾਜ ਕਹਿਣਾ ਤ. ਪਰਿਵਾਰ ਦੇ ਸੰਪਾਦਕੀ ਵਿਚਾਰਾਂ ਦੇ ਮਿਆਰ ਨੂੰ ਉਜਾਗਰ ਕਰਦਾ ਹੈ।ਹੋਰਾਂ ਤੋਂ ਆਪਣੇ ਲਈ ਫ਼ਤਵੇ ਜਾਰੀ ਕਰਨ ਦਾ ਗਿਲਾ ਕਰਦੇ ਰਹਿਣ ਵਾਲੇ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਦਿੱਤੇ ਆਪਣੇ "ਫ਼ਤਿਵੇਆਂ" ਤੇ ਵੀ ਗ਼ੌਰ ਕਰਨ ਤਾਂ ਕਿ ਸ਼ਾਯਦ ਉਨਾਂਹ ਨੂੰ ਕਦੇ ਇਸ ਪੱਖੋਂ ਥੋੜੀ ਸ਼ਰਮ ਆ ਜਾਏ! ਦਾਸ ਨੇ ਉਪਰੋਕਤ ਟਿੱਪਣਿਆਂ ਦਾ ਜਵਾਬ ਮਿਤੀ ੨੩.੧੨.੧੨ ਨੂੰ ਦਿੱਤਾ ਸੀ।


ਗੁਰੂ ਗ੍ਰੰਥ ਸਾਹਿਬ ਨੂੰ ਪੰਥ ਦਾ ਵੱਡਾ ਹਿੱਸਾ ਪ੍ਰਮਾਣਿਕ ਨਹੀਂ ਮੰਨਦਾ ? ਕਿਹੜਾ ਹਿੱਸਾ ? ਐਸੀ ਪੱਤਰਕਾਰਤਾ ਅਤੇ ਉਸ ਦੀਆਂ ਖੁਸ਼ਿਆਂ ਪ੍ਰਾਪਤ ਕਰਨ ਲੱਗੇ ਚੰਦ 'ਮੋਕਾ' ਅਤੇ 'ਖ਼ੁਦ ਪਰਸਤ' ਬੰਦੇ ? 'ਪੰਥ ਪਰਸਤੀ' ਤਾਂ ਐਸੀ 'ਖ਼ੁਦ ਪਰਸਤੀ' ਨਾਲੋਂ ਲੱਖਾਂ ਦਰਜੇ ਚੰਗੀ ਹੈ! 


ਸ਼ਾਯਦ ਪਰਿਵਾਰ ਦੇ ਲਿਖਾਰੀ, ਗੁਰੂ ਨਾਨਕ ਦੀ ਰੀਸ ਇਸ ਹਦ ਤਕ ਕਰਨ ਉਤਰੇ ਹਨ, ਕਿ ਜੇ ਕਰ ਬਾਬਾ ਨਾਨਕ ਸੱਚ ਦਾ ਗਿਆਨ ਪ੍ਰਗਟ ਕਰ ਸਕਦਾ ਹੈ ਤਾਂ ਅਸੀਂ ਵੀ
ਇਕ ਸੱਚ ਦੇ ਗਿਆਨ ਨੂੰ ਪ੍ਰਗਟ ਕਰਕੇ ਵਿਖਾਵਾਂ ਗੇ! ਜੇ ਕਰ ਇਹ ਸੱਚ ਕਹਿ ਦੇਂਣ ਕਿ ਸੱਚ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿਚ ਹੈ ਤਾਂ ਉਨਾਂਹ ਵਲੋਂ ਪ੍ਰਗਟਾਏ ਸੱਚ ਦੇ ਗਿਆਨ ਦੀ ਲਿਖਤ ਕੀ ਬਣੇਗਾ ? ਇਸ ਲਈ ਉਹ ਇਹ ਨਹੀਂ ਕਹਿ ਸਕਦੇ ਕਿ ਅਧਿਆਤਮਕ ਸੱਚ ਦਾ ਗਿਆਨ 'ਗੁਰੂ ਗ੍ਰੰਥ ਸਾਹਿਬ' ਦੇ ਅੰਦਰ ਹੈ।ਪਰਿਵਾਰ ਵਿਚ ਇਹ ਸੱਚ ਸਵੀਕਾਰਨ ਦਾ ਸਾਮਰਥ ਨਹੀਂ ਬੱਚਿਆ! ਕੁੱਝ ਸੱਚਾਈਆਂ ਨਾਲੋਂ ਉਹ ਇਤਨੇ ਦੂਰ ਹੋ ਗਏ ਹਨ ਕਿ ਵਾਪਸੀ ਦੇ ਸਫ਼ਰ ਦੀ ਗੁੰਜਾਇਸ਼ ਬਹੁਤ ਘਟ ਬੱਚੀ ਹੈ।

ਹਰਦੇਵ ਸਿੰਘ,ਜੰਮੂ-੩.੫.੧੩

Thursday, 2 May 2013

'ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨੂੰ ਲੱਗਾ ਭੁੱਲੇਖਾ'

ਹਰਦੇਵ ਸਿੰਘ,ਜੰਮੂ

ਗਲ ਕੁੱਝ ਸਾਲ ਪੁਰਾਣੀ ਹੈ! ਇਕ ਪ੍ਰਚਾਰਕ ਸੱਜਣ ਟੀ.ਵੀ. ਵਿਚਾਰ ਚਰਚਾ ਵਿਚ ਭਾਗ ਲੇਂਣ ਜੰਮੂ ਆਏ ਸੀ।ਕੁਲਵੰਤ ਸਿੰਘ, ਜੰਮੂ ਜੀ ਦੇ ਘਰ ਗੁਰਮਤਿ ਵਿਚਾਰ ਦੌਰਾਨ ਪ੍ਰਚਾਰਕ ਜੀ ਨੇ ਕਿਹਾ ਕਿ; ਗੁਰੂ ਨਾਨਕ ਨੂੰ ਵੇਖ ਕੇ ਸੱਜਣ ਠੱਗ ਦਾ ਹਿਰਦਾ ਨਹੀਂ ਸੀ ਬਦਲਿਆ ਬਲਕਿ ਉਹ ਠੱਗ ਤਾਂ ਰਾਤ ਨੂੰ ਠੱਗੀ ਕਰਨ ਦੀ ਯੋਜਨਾ ਬਨਾਈ ਬੈਠਾ ਸੀ।ਪਰ ਜਿਸ ਵੇਲੇ ਗੁਰੂ ਨਾਨਕ ਜੀ ਨੇ ਰਾਤ ਇਕ ਸ਼ਬਦ ਉਚਾਰਿਆ ਤਾਂ ਦੂਜੇ ਕਮਰੇ ਬੈਠੇ ਸੱਜਣ ਠੱਗ ਦਾ ਹਿਰਦਾ ਬਦਲ ਗਿਆ ਅਤੇ ਉਹ ਗੁਰੂ ਦੇ ਚਰਨੀ ਲਗਾ!

 
ਹੁਣ ਹਰਿਦੁਆਰ ਗੁਰੂ ਨਾਨਕ ਨੇ ਸ਼ਬਦ ਨਹੀਂ ਉਚਾਰਿਆ ਬਲਕਿ ਸੂਰਜ ਨੂੰ ਪਾਣੀ ਦੇਂਣ ਮੁਕਾਬਲ ਖੇਤਾਂ ਨੂੰ ਪਾਣੀ ਦੇਂਣ ਦਾ ਕੌਤਕ ਕੀਤਾ ਸੀ।ਖੈਰ, ਪ੍ਰਚਾਰਕ ਜੀ ਦੀ ਗਲ ਚੁੰਕਿ ਸਾਖੀ ਅਨੁਸਾਰ ਸਹੀ ਵੀ ਸੀ ਇਸ ਲਈ ਮੈਂ ਉਨਾਂਹ ਤੋਂ ਇਸੇ ਸਬੰਧ ਵਿਚ ਇਕ ਵੱਖਰਾ ਸਵਾਲ ਪੁੱਛ ਲਿਆ।

ਗੁਰੂ ਨਾਨਕ ਨੂੰ ਵੇਖ ਕੇ ਸੱਜਣ ਦਾ ਹਿਰਦਾ ਠੱਗ ਹੀ ਰਿਹਾ, ਤੇ ਰਾਤ ਬਾਣੀ ਸੁਣ ਕੇ ਗੁਰੂ ਦੇ ਚਰਨੀ ਲਗਾ, ਪਰ ਹੁਣ ਵੀ ਤਾਂ ਲੱਖਾਂ ਦੇ ਲੱਖਾਂ ਲੋਗ ਬਾਣੀ ਸੁਣ-ਸਮਝ ਕੇ ਰਾਤੋ-ਰਾਤ ਉਂਝ ਹੀ ਇਮਾਨਦਾਰ ਕਿਉਂ ਨਹੀਂ ਹੋ ਜਾਂਦੇ ਜਿਵੇਂ ਕਿ ਸੱਜਣ ਠੱਗ ਹੋ ਗਿਆ ਸੀ ?

 
ਇਸ ਸਵਾਲ ਤੇ ਉਹ ਪ੍ਰਚਾਰਕ ਜੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ।ਉਨਾਂਹ ਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਦੇ ਕੁੱਝ ਵਿਚਾਰਾਂ ਦਾ ਅਸਰ ਸੀ, ਜਿਨਾਂਹ ਦੇ ਚਲਦੇ ਕਾਲਾ ਅਫ਼ਗ਼ਾਨਾ ਜੀ ਨੇ ਖੰਡੇ-ਬਾਟੇ ਦੇ ਅੰਮ੍ਰਿਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਨਾ ਕਹਿਣ ਦਾ ਇਕ ਵਿਚਾਰ, ਕੁੱਝ ਬਾਣੀ ਹਵਾਲਿਆਂ ਦੀ ਸਹਾਇਤਾ ਨਾਲ, ਪ੍ਰੋਢ ਕਰਨ  ਦਾ ਯਤਨ ਕੀਤਾ ਸੀ।


ਗਲ ਦਸ਼ਮੇਸ਼ ਜੀ ਦੀ ਦਾਤ ਨਾਲ ਜੁੜੀ ਹੋਵੇ ਤਾਂ ਗੁਰੂ ਦੇ ਮੁਕਾਬਲ ਕਿਸੇ ਵਿਦਵਾਨ ਦੀ ਰੀਸ ਕਰਨ ਤੋਂ ਪਹਿਲਾਂ ਠਹਰਾਉ-ਟਿਕਾਉ ਨਾਲ ਵਿਚਾਰ ਦੀ ਲੋੜ ਸੀ।ਪਰ ਕੁੱਝ ਸੱਜਣਾਂ ਤੋਂ ਐਸਾ ਹੋਇਆ ਨਹੀਂ। ਉਨਾਂਹ ਦਿਨੀਂ ਭਾਰਤ ਵਿਚ ਕੰਪਯੂਟਰ ਪ੍ਰਚਲਤ ਨਹੀਂ ਸੀ ਪਰ ਬਾਹਰ ਵਿਦੇਸ਼ ਉਸ ਦੀ ਵਰਤੋਂ ਆਰੰਭ ਹੋ ਚੁੱਕੀ ਸੀ। ਬਾਣੀ ਦੇ ਹਵਾਲੇ ਝੱਟਪਟ ਲੱਭ ਲੇਂਣਾ ਆਸਾਨ ਸੀ, ਪਰ ਭਾਰਤ ਦੇ ਕੁੱਝ ਮਿਸ਼ਨਰੀ ਪ੍ਰਚਾਰਕਾਂ ਲਈ ਪੰਜ-ਪੰਜ ਹਵਾਲੇ ਬਹੂਤ ਵੱਡੀ ਮਹਿਨਤ ਦਾ ਪ੍ਰਭਾਵ ਉਤਪੰਨ ਕਰ ਗਏ।ਫਿਰ ਬਹੁਤ ਸਾਰੀਆਂ ਗਲਾਂ ਚੰਗੀਆਂ ਵੀ ਸਨ!


ਖ਼ੈਰ, ਕਾਲਾ ਅਫ਼ਗ਼ਾਨਾ ਜੀ ਦਾ ਵਿਚਾਰ ਸੀ ਕਿ ਨਾਮ ਅੰਮ੍ਰਿਤ ਤੋਂ ਸਿਵਾ ਦੂਜੀ ਕਿਸੇ ਸ਼ੈਅ ਲਈ ਅੰਮ੍ਰਿਤ ਸ਼ਬਦ ਨਹੀਂ ਵਰਤਿਆ ਜਾ ਸਕਦਾ, ਇਸ ਲਈ ਖੰਡੇ-ਬਾਟੇ ਦੇ ਅੰਮ੍ਰਿਤ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਨਹੀਂ ਕਹਿਣਾ ਚਾਹੀਦਾ।ਪਰ ਇਸ ਸਬੰਧ ਵਿਚ ਉਹ, ਇਸ ਸਵਾਲ ਨੂੰ  ਨਾ ਵਿਚਾਰ ਸਕੇ ਸੀ ਕਿ; ਕੀ ਬਾਣੀ ਪੜ-ਸੁਣ ਅਤੇ ਵਿਚਾਰ-ਸਮਝ ਕੇ ਵੀ ਸਾਰੇ ਅੰਮ੍ਰਿਤ ਪ੍ਰਾਪਤ ਕਰ ਜਾਂਦੇ ਹਨ ? ਜੇ ਕਰ ਨਹੀਂ ਤਾਂ ਉਹ ਕੀ ਵਿਸਮਾਦੁ ਹੈ ਜੋ ਇਕ ਲਈ ਅੰਮ੍ਰਿਤ ਹੋ ਜਾਂਦਾ ਹੈ ਅਤੇ ਦੂਜੇ ਲਈ ਨਹੀਂ ? ਲੱਖਾਂ ਨੂੰ ਬਾਣੀ ਪੜ-ਸੁਣ ਅਤੇ ਵਿਚਾਰ-ਸਮਝ ਕੇ ਵੀ ਅੰਮ੍ਰਿਤ ਪ੍ਰਾਪਤ ਨਾ ਹੋਵੇ, ਤਾਂ ਕੀ ਨਾਮ ਅੰਮ੍ਰਿਤ, ਅੰਮ੍ਰਿਤ  ਨਹੀਂ ਰਹਿ ਜਾਂਦਾ ?

 
ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਕੀ ਪ੍ਰਾਪਤ ਹੋ ਹੁੰਦਾ ਹੈ ? ਇਸਦਾ ਨਿਰਨਾ ਉਨਾਂਹ ਸੱਜਣਾਂ ਦੇ ਜੀਵਨ ਤੇ ਅਧਾਰਤ ਹੋ ਸਕਦਾ ਹੈ ਜਿਨਾਂਹ ਐਸੇ 
ਜੀਵਨ ਕਾਰਜ  ਅੰਜਾਮ ਦਿੱਤੇ ਕਿ ਉਹ ਜੀਵਨ ਮੁਕਤ ਹੋ ਗਏ!  ਇਸਦਾ ਨਿਰਨਾ ਉਨਾਂਹ ਸੱਜਣਾਂ ਦੇ ਜੀਵਨ ਤੇ ਅਧਾਰਤ ਨਹੀਂ ਹੋ ਸਕਦਾ ਜੋ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛੱਕ ਕੇ ਵੀ ਉਸ ਤੋਂ ਟੁੱਟੇ ਜੀਵਨ ਦੇ   ਹੁੰਦੇ ਹਨ  ।ਠੀਕ ਉਸੇ ਤਰਾਂ ਜਿਵੇਂ ਕਿ  ਅਣਗਿਣਤ ਸੱਜਣ ਬਾਣੀ ਪੜ-ਸੁਣ ਅਤੇ ਸਮਝ ਕੇ ਵੀ ਜੀਵਨ ਮੁਕਤ ਨਹੀਂ ਹੋ ਪਾਉਂਦੇ।ਇੱਥੋਂ ਤਕ ਕਿ ਕਈਂ ਜ਼ਿਆਦਾ ਜਾਣਕਾਰ, ਗੁਰੂ ਤੋਂ ਜ਼ਿਆਦਾ ਦੂਰ, ਅਤੇ ਘੱਟ ਜਾਣਕਾਰ ਗੁਰੂ ਦੇ ਜ਼ਿਆਦਾ ਕਰੀਬ ਹੁੰਦੇ ਹਨ।ਬਾਣੀ ਦਾ ਅੰਮ੍ਰਿਤ ਕੀ ਹੈ ਇਸਦੀ ਪਛਾਂਣ ਤਾਂ ਇਸ ਪ੍ਰਾਪਤੀ ਨੂੰ ਪ੍ਰਾਪਤ ਮਨੁੱਖਾਂ ਦੇ ਜੀਵਨ ਦੇ ਅਧਾਰ ਤੇ ਹੀ ਹੋ ਸਕਦੀ ਹੈ, ਕੇਵਲ  ਪਾਠਕਾਂ, ਸਰੋਤਿਆਂ ਜਾਂ ਸ਼ਿਆਣਿਆਂ ਦੇ ਅਧਾਰ ਤੇ ਨਹੀਂ!ਸਿੱਖਆਰਥੀ ਦਾ ਦੋਸ਼ ਜਾਂ ਉਸਦੀ ਕਿਸੇ ਕਮੀ ਲਈ ਗੁਰੂ ਦੀ ਸਿੱਖਿਆ ਕੌਤਕ ਵਿਚਲੇ ਅੰਮ੍ਰਿਤ ਨੂੰ, ਅੰਮ੍ਰਿਤ ਮੰਨਣ ਤੋਂ ਇਨਕਾਰੀ ਹੋਂਣਾ ਅਗਿਆਨ ਹੀ ਕਿਹਾ ਜਾ ਸਕਦਾ ਹੈ।

ਦਰਅਸਲ ਕਿਸੇ ਕਾਰਜ ਦੇ ਮੰਤਵ ਨੂੰ ਉਸ ਕਾਰਜ ਤੇ ਤਰੀਕੇ ਨਾਲੋਂ ਤੋੜਨ ਦਾ ਯਤਨ ਕੀਤਾ ਜਾਏ ਤਾਂ ਭੁੱਲੇਖੇ ਉਤਪੰਨ ਹੁੰਦੇ ਹਨ।ਮਸਲਨ ਜੇ ਕਰ  ਕਿਰਤ ਕਰਨ ਦਾ ਮੰਤਵ ਰੋਟੀ ਕਮਾਣਾ ਹੈ, ਤਾਂ ਕਿਰਤ ਨੂੰ ਅਪ੍ਰਸੰਗਕ ਕਰਕੇ, ਰੋਟੀ ਦੇ ਮਹੱਤਵ ਦੇ ਰਾਗ ਤਾਂ 
ਅਲਾਪੇ  ਜਾ ਸਕਦੇ ਹਨ ਪਰ ਰੋਟੀ ਕਮਾਈ ਨਹੀਂ ਜਾ ਸਕਦੀ। ਹਾਂ ਮੰਗੀ  ਜਾ ਸਕਦੀ ਹੈ!

ਜੇ ਕਰ ਕਿਤਰ ਕਰਕੇ ਰੋਟੀ ਕਮਾ ਵੀ ਲਈ ਜਾਏ ਤਾਂ ਬਿਨਾ ਪਕਾਏ ਪਕਾਈ ਨਹੀਂ ਜਾ ਸਕਦੀ। ਜੇ ਰੋਟੀ ਪਕਾ ਲੀ ਵੀ ਜਾਏ ਤਾਂ ਬਿਨਾਂਹ ਖਾਦੇ ਖਾਦੀ ਨਹੀਂ ਜਾ ਸਕਦੀ। ਇਸ ਲਈ ਰਿਜ਼ਕ ਕਮਾਉਂਣ ਅਤੇ ਉਸ ਨੂੰ ਖਾਣ ਤਕ ਦੀ ਸ਼੍ਰੰਖਲਾ ਆਪਸ ਵਿਚ ਗਹਿਰੇ ਸਬੰਧਤ ਹੈ।ਜੇ ਕਰ ਰੋਟੀ ਖਾਣਾ ਕਿਰਤ ਕਰਨ ਦਾ ਅੰਤਿਮ ਟੀਚਾ ਹੈ ਤਾਂ ਇਸ ਟੀਚੇ ਨੂੰ ਇਸਦੀ ਦੀ ਪ੍ਰਾਪਤੀ ਦੇ ਤਰੀਕੇ ਨਾਲੋਂ ਤੋੜ ਕੇ ਪੇਸ਼ ਕਰਨ ਵਿਚ ਭੁੱਲੇਖਾ ਉੱਤਪੰਨ ਹੁੰਦਾ ਹੈ। ਤੇ ਜੇ ਕਰ ਅੰਤਿਮ ਟੀਚਾ (ਰੋਟੀ) ਪ੍ਰਾਪਤ ਕਰਨ ਦਾ ਤਰੀਕਾ ਇਨਾਮਦਾਰੀ ਦਾ ਨਾ ਹੋਵੇ ਤਾਂ ਐਸੇ ਟੀਚੇ ਦੀ ਪ੍ਰਾਪਤੀ ਵਿਚ ਵੀ ਮੁਕਤੀ ਨਹੀਂ।


ਗੁਰੂ ਸਾਹਿਬਾਨ ਨੇ ਟੀਚੇਆਂ ਦੀ ਪ੍ਰਾਪਤੀ ਲਈ ਜੋ ਤਰੀਕੇ ਸਥਾਪਤ ਕੀਤੇ ਉਨਾਂਹ ਨੂੰ ਸ਼ੰਕੇ ਵਿਚ ਸੁੱਟ ਕੇ ਟੀਚੇ ਦੀ ਗਲ ਕਰਨ ਵਿਚ ਅਧੂਰਾਪਨ ਹੈ, ਭੁੱਲੇਖਾ ਹੈ।ਭਲਾ ਗੁਰੂ ਨੇ ਕੁੱਝ ਵੀ ਐਸਾ ਦਿੱਤਾ-ਸਿਖਾਇਆ ਹੈ ਜਿਸ ਵਿਚ ਅੰਮ੍ਰਿਤ ਨਾ ਹੋਵੇ ? ਜੇ ਕਰ ਗੁਰ ਦਾ ਕਥਨ (ਬਾਣੀ) ਅੰਮ੍ਰਿਤ ਹੈ ਤਾਂ ਗੁਰੂ ਦੀ ਕਰਨੀ ਵਿਚ ਕੀ ਹੈ ? ਕੀ ਉਸਦੀ ਕਥਨੀ ਅਤੇ ਕਰਨੀ ਵਿਚ ਫ਼ਰਕ ਸੀ ? 


ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ! ਜੇ ਕਰ ਗੁਰੂ ਦੀ ਇਸ ਕਰਨੀ (ਕੋਤਕ) ਵਿਚ ਅਧਿਆਤਮਕ ਅੰਮ੍ਰਿਤ ਦਾ ਅੰਸ਼ ਨਹੀਂ ਸੀ ਤਾਂ ਇਹ ਵਿਚਾਰ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਦੀ ਸਿਆਣਪ ਨਹੀਂ ਬਲਕਿ ਭੁੱਲੇਖਾ ਸੀ।ਉਹ ਇਤਨਾ ਨਹੀਂ ਵਿਚਾਰ ਸਕੇ ਕਿ ਪਾਹੂਲ ਦਾ ਅਰਥ ਵੀ ਅੰਮ੍ਰਿਤ ਹੁੰਦਾ ਹੈ।
ਇਸ ਵਿਸ਼ੇ ਤੇ ਦਾਸ ਦੇ ਬਲਾਗ ਤੇ 'ਖੰਡੇ ਦੀ ਪਾਹੂਲ ਅਤੇ ਖੰਡੇ ਦਾ ਅੰਮ੍ਰਿਤ' ਅਤੇ 'ਚਰਨਾਮ੍ਰਿਤ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ' ਪੜੇ ਜਾ ਸਕਦੇ ਹਨ। 


ਹਰਦੇਵ ਸਿੰਘ,ਜੰਮੂ-੨.੫.੨੦੧੩ 
ਵਿਚਾਰਕ ਹਮਾਮ ਦੀ ਨਗਨਤਾ
 
ਹਰਦੇਵ ਸਿੰਘ,ਜੰਮੂ


ਲਗਭਗ ਤਿੰਨ ਕੁ ਸਾਲ ਪਹਿਲਾਂ ਇਸ ਗਲ ਦੀ ਭਨਕ ਪਈ ਸੀ ਕਿ ਕੁੱਝ ਸੱਜਣ ਆਪਣੇ-ਆਪਣੇ ਢੰਗ ਨਾਲ ਸਿੱਖ ਰਹਿਤ ਮਰਿਆਦਾ ਨੂੰ ਨਿਸ਼ਾਨਾ ਬਨਾਉਂਣ ਦੀ ਜੁਗਤ ਵਿਚ ਹਨਇਸ ਦਾ ਮੁੱਖ ਕਾਰਨ ਨਿਜੀ ਰਾਜਨੀਤੀ ਨਾਲ ਪ੍ਰੇਰਤ ਸੀ, ਜਿਸ ਨੂੰ ਪਰਵਾਨ ਚੜਾਉਂਣ ਲਈ ਹੇਠ ਲਿਖੇ ਨੁਕਤੇ ਵਰਤੇ ਗਏ

(1) ਕੁੱਝ ਸੱਜਣਾਂ ਨੂੰ ਸਿੱਖੀ ਦੇ ਨਾਮ ਤੇ ਜਜ਼ਬਾਤੀ ਕੀਤਾ ਗਿਆਇਸ ਲਈ ਤਰਾਂ-ਤਰਾਂ ਦੇ ਇਤਹਾਸਕ ਝੂਠ ਅਤੇ ਫ਼ਰੇਬ ਵੀ ਪ੍ਰਚਲਤ ਕੀਤੇ ਗਏ!
(2) ਸਾਥੀ ਉਸਾਰਨ ਲਈ ਤਾਰੀਫ਼ਾਂ ਦੇ ਪੁੱਲ ਵੀ ਬੰਨੇ ਗਏਤਾਂ ਕਿ ਥੋੜਾ ਲਿਖਣ ਵਾਲਾ ਵੀ ਹਉਮੇ ਵਿਚ ਖੁਦ ਨੂੰ ਵੱਡਾ ਵਿਦਵਾਨ ਸਮਝ ਕੇ ਝੂਠ ਅਤੇ ਫਰੇਬ ਅਧਾਰਤ ਰਾਜਨੀਤੀ ਦਾ ਸਹਿਯੋਗੀ ਬਣਾ ਲਿਆ ਜਾਏ!
(3) ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਝਗੜੇ ਦਾ ਧੁਰਾ

ਬਨਾਇਆ ਜਾਏ!
(4) ਪਹਿਲਾਂ ਗਲ ਦਸ਼ਮ ਗ੍ਰੰਥ ਤੋਂ ਸ਼ੁਰੂ ਕੀਤੀ ਜਾਏ ਅਤੇ ਫ਼ਿਰ ਪੜਾਅ ਵਰ ਤਰੀਕੇ ਨਾਲ ਬਾਕੀ ਮੁੱਢਲੇ
ਅਧਾਰਾਂ ਨੂੰ ਛੇੜੇਆ ਜਾਏ ਤਾਂ ਕਿ ਪੰਥ ਵਿਚ ਖਾਨਾ ਜੰਗੀ ਪੈਦਾ ਕਰ ਨਿਜੀ ਮੁਫਾਦ ਪ੍ਰਾਪਤ ਕੀਤਾ ਜਾਏ!
(5) ਚਰਚਿਤ ਹੋਂਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਗੁਰੂ ਸ਼ਬਦ ਹਟਾਇਆ ਜਾਏ ਅਤੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਅਨਕੰਪਲੀਟ (ਅਪੁਰਣ) ਗੁਰੂ ਕਰਾਰ ਦਿੰਦੇ ਹੋਏ ਰਾਜਨੀਤਕ ਝਗੜੇ ਨੂੰ ਤੋਰਿਆ ਜਾਏ!
(6) ਕੁੱਝ ਐਸੇ ਟੋਟਕੇ ਵਰਤੇ ਜਾਣ ਕਿ ਅਕਾਲ ਤਖ਼ਤ ਤੇ ਤਲਬੀ ਦਾ ਸੱਦਾ ਆਏ, ਅਤੇ ਨਾ ਜਾਕੇ ਇਸ ਪੱਖੋਂ ਜਜ਼ਬਾਤੀ ਹੋਏ ਸੱਜਣਾ ਤੋਂ ਮੁਫਾਦ ਬਟੋਰਿਆ ਜਾਏ!

ਇਸ ਤੋਂ ਛੁੱਟ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਦੇ ਯਤਨ ਵਿਚ ਲਗੇ ਇੱਕਾ-ਦੁੱਕਾ ਸੱਜਣਾਂ ਨੇ ਤਾਂ
ਗੁਰੂਆਂ ਨੂੰ ਭੁਲਣਹਾਰ ਕਹਿਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਅਪੁਰਣ ਗੁਰੂ ਦਰਸਾਉਂਣ ਦੇ ਯਤਨ ਵਿਚ
ਇੱਥੋਂ ਤਕ ਲਿਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੁਰਨ ਗੁਰੂ ਕਹਿਣ ਦਾ ਦਾਵਾ ਹਕੀਕਤ ਨਹੀਂ ਹੈ

ਕਹਿੰਦੇ ਹਨ ਕਿ ਹਮਾਮ ਵਿਚ ਨੰਗੇ ਇਕ ਦੂਜੇ ਤੇ ਨੰਗੇ ਹੋਣ ਦਾ ਤਾਨਾ ਨਹੀਂ ਕੱਸ ਸਕਦੇਇਸ ਲਈ ਇਸ ਸਾਰੀ ਖੇਡ ਵਿਚ ਹਰ ਕਿਸੇ ਨੂੰ, ਕਿਸੇ ਨਾ ਕਿਸੇ ਰੂਪ ਵਿਚ, ਵਿਚਾਰਕ ਤੋਰ ਤੇ ਨਗਨ ਕਰਨ ਦਾ ਯਤਨ ਕੀਤਾ ਗਿਆ, ਤਾਂ ਕਿ ਇਸ ਰੂਪ ਵਿਚ ਜੇ ਕੋਈ ਨੰਗਾ, ਕਿਸੇ ਨੁਕਤੇ ਤੇ ਕਲ ਨੂੰ ਸਹਿਮਤ ਨਾ ਹੋਏ, ਤਾਂ ਝੱਟ ਉਸ ਨੂੰ ਪਕੜ ਲਿਆ ਜਾਏ ਕਿ; ਭਾਈ ਤੂ ਵੀ ਤਾਂ ਫਲਾਂ ਦਿਨ, ਫਲਾਂ ਗੱਲ ਕਹਿੰਦਾ ਸੀ! ਹੁਣ ਇਹੀ ਤਮਾਸ਼ਾ ਹੋ ਰਿਹਾ ਹੈ ਤੇ ਇਕ ਦੂਜੇ ਦੇ ਗਲਮੇ ਫ਼ੜ ਲਏ ਗਏ ਹਨ!

ਗਲ ਤੋਰੀ ਗਈ ਸੀ ਕਿ ਸਿੱਖ ਨੇ ਜੀਵਨ ਸੇਧ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੇਂਣੀ ਹੈ ਪਰ ਐਸਾ ਦਾਵਾ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਹੋਰ ਗੁਰਮਤਿ ਸੇਧ ਤਿਆਰ ਕਰ ਲਈ ? ਕੋਈ ਪੁੱਛੇ ਕਿ ਜੇ ਕਰ, ਤੁਹਾਡੇ ਆਪਣੇ ਕਹੇ ਮੁਤਾਬਕ, ਤੁਸੀ ਪੁਰੀ ਤਰਾਂ ਸਹੀ ਨਹੀਂ ਹੋ ਸਕਦੇ ਤਾਂ ਤੁਹਾਡੀ ਲਿਖਤ  ਗੁਰਮਤਿ ਸੇਧ ਬਰਾਬਰ ਕਿਵੇਂ ਐਲਾਨੀ ਗਈ ? ਜੇ ਕਰ ਨਹੀਂ ਹੈ ਤਾਂ ਉਸ ਦਾ ਨਾਮ ਗੁਰਮਤਿ ਸੇਧ ਕਿਉਂ ਹੈ ? ਭਲਾ ਇਹ ਕਦੇ ਹੋ ਸਕਦਾ ਹੈ ਕਿ ਕੋਈ ਲਿਖਤ ਅਧੂਰੀ ਅਤੇ ਦੋਸ਼ ਯੁਕਤ ਸਵੀਕਾਰ ਵੀ ਕੀਤੀ ਜਾਏ ਅਤੇ ਉਸੇ ਲਿਖਤ ਨੂੰ ਗੁਰਮਤਿ ਜੀਵਨ ਸੇਧ ਵੀ ਕਿਹਾ ਜਾਏ? ਗੁਰਮਤਿ ਸੇਧ ਤਾਂ ਬਦਲ ਨਹੀਂ ਸਕਦੀ ਨਾ ਹੀ ਦੋਸ਼ ਯੁਕਤ ਕਹੀ ਜਾ ਸਕਦੀ ਹੈ 

 ਮੈ ਆਪ ਵੇਖਿਆ ਹੈ ਕਿ ਤਿੰਨ ਸਾਲ ਪਹਿਲਾਂ ਆਪਣੇ ਲਿਖੇ ਨੂੰ ਹੀ ਨਿਰੋਲ ਗੁਰਮਤਿ ਕਹਿਣ ਵਾਲੇ ਦੋ ਲਿਖਾਰੀਆਂ ਨੇ ਆਪਣੇ ਸਟੇਂਡ ਕਈਂ ਵਾਰ ਬਦਲੇ ਹਨਪਹਿਲਾਂ ਇਕ ਗਲ ਗੁਰਮਤਿ ਅਨੁਸਾਰੀ ਸੀ ਫਿਰ ਉਹ ਹੱਟ ਕੇ ਦੂਜੀ, ਤੀਜੀ ਆਦਿ ਗੁਰਮਤਿ ਅਨੁਸਾਰੀ ਹੋ ਗਈ

  ਦਰਅਸਲ ਇਸ ਵਰਤਾਰੇ ਵਿਚ ਲਗੇ ਸੱਜਣਾਂ ਦੀ ਮਾਨਸਕ ਪੱਧਰ ਇਸ ਪੱਖੋਂ ਨੀਵੇਂ ਸਤਰ ਦੀ ਹੈ ਜਿਸ ਵਿਚ ਵਿਦਵਾਨ ਹੋਂਣ ਦਾ ਭਰਮ ਹੈਜਦ ਕਿ ਵਾਸਤਵਿਕਤਾ ਵਿਚ ਇਹ ਸੱਜਣ ਵਿਦਵਾਨ ਹੋਏ ਸੱਜਣਾਂ ਦੇ ਮਿਆਰ ਸ੍ਹਾਮਣੇ ਕਿੱਧਰੇ ਵੀ ਨਹੀਂ ਟਿੱਕਦੇ

ਗੁਰਮਤਿ ਦੀ ਸੇਧ ਤੇ ਚਲਣ ਦੇ ਦਾਵੇਦਾਰ ਦੂਜੇ ਨੂੰ ਕੁੱਤਾ ਕਹਿ ਕੇ ਸੰਬੋਧਨ ਕਰਦੇ ਹਨਐਸੀ ਵਿਚਾਰਕ ਨਗਨਤਾ ਵਿਚ ਕੋਈ ਸ਼ਾਲੀਨਤਾ ਨਹੀਂ ਬੱਚੀ? ਐਸੀ ਵਿਚਾਰਕ ਨਗਨਤਾ ਵਿਚ ਭਾਗੀਦਾਰ ਰਹੇ ਕੁੱਝ ਜ਼ਮੀਰਦਾਰ ਸੱਜਣਾ ਨੂੰ ਇਕ ਦਿਨ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ!

Wednesday, 1 May 2013



ਛੋਟੇ ਕੈਨਵਸ ਅਤੇ ਵੱਡੀ ਕਸਵਟੀ
 ਹਰਦੇਵ ਸਿੰਘ, ਜੰਮੂ

ਜਗਤ ਗੁਰੂ, ਗੁਰੂ ਨਾਨਕ ਜੀ ਨੇ ਮਨੁੱਖ ਨੂੰ, ਉਸਦੀਆਂ ਕੁਲ ਵ੍ਰਿਤਿਆਂ ਵਿਚ ਵਿਚਾਰਿਆ ਹੈ। ਇਸ ਲਈ ਗੁਰੂ ਨਾਨਕ ਜੀ ਦੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਮਨੁੱਖ ਨੂੰ, ਉਸਦੇ ਜੀਵਨ ਅਤੇ ਮਾਨਸਕਿਤਾ ਦੇ ਹਰ ਪਹਲੂ ਦੇ ਸੰਧਰਭ ਵਿਚ, ਨਾ ਕੇਵਲ ਪਰਖਦੀ ਹੈ, ਬਲਕਿ ਇਸੇ ਅਧਾਰ 'ਤੇ ਉਸ ਨੂੰ ਆਤਮ ਗਿਆਨ ਬਾਰੇ ਸਿਖਿਆ ਵੀ ਦਿੰਦੀ ਹੈ। ਗੁਰੂ ਨਾਨਕ ਦੀ ਕਸਵਟੀ ਵੱਡੀ ਹੈ

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਮੁਫ਼ਾਦ  ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰਧਰਮ ਦੇ ਵਿਰੋਧੀਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।ਇਹ ਵਿਚਾਰਨ ਵਾਲੀ ਗਲ ਹੈ

ਪਰ ਸਾਡੀ ਪਰਖ ਦਾ ਕੈਨਵਸ (ਕਪੜਾ) ਛੋਟਾ ਹੋਂਣ ਕਾਰਨ, ਕਈਂ ਵਾਰ, ਕਈ ਸੰਧਰਭਾਂ ਲਈ ਥਾਂ ਉਪਲੱਭਧ ਨਹੀਂ ਕਰਵਾਉਂਦਾ। ਸਿੱਟੇ ਵਜੋਂ, ਕਿਸੇ ਸਿੱਖ ਬਾਰੇ, ਸਾਡੇ ਕੁੱਝ ਨਿਰਣੈ ਸੰਕੀਰਣਤਾ ਦੇ ਦਾਇਰੇ ਵਿਚ ਫ਼ੱਸ ਜਾਂਦੇ ਹਨ। ਜੇ ਕਰ ਗਲ ਮਨੁੱਖਾਂ ਦੀ ਹੋਵੇ, ਤਾਂ ਬਿਨ੍ਹਾਂ ਮਨੋਵਿਗਿਆਨਕ ਪਹਲੁਆਂ ਨੂੰ ਸਮਝੇ ਮਨੁੱਖਤਾ ਦੀ ਗਲ ਨਹੀਂ ਕੀਤੀ ਜਾ ਸਕਦੀ

ਅਸੀਂ ਸਿੱਖ ਹਾਂ ਤਾਂ ਪਿਆਰ ਕਿਉਂ ਨਹੀਂ? ਜੇ ਕਰ ਪਿਆਰ ਹੈ ਤਾਂ ਸੰਤੁਲਨ ਕਿਉਂ ਨਹੀਂ? ਜ਼ਰੂਰ ਕੋਈ ਕਮੀ ਹੈ ਜਿਸ ਕਾਰਨ ਸਾਡੇ ਅੰਦਰ ਹੀ ਮਨੁੱਖੀ ਏਕਾ ਪਰਵਾਨ ਨਹੀਂ ਚੜਦਾ। ਸ਼ਾਯਦ ਇਸਦਾ ਇਕ ਮੁੱਖ ਕਾਰਨ ਸਾਡੇ ਚਿੰਤਨ ਦੇ ਕੇਨਵਸ ਦਾ ਛੋਟਾ ਹੋਂਣਾ ਵੀ ਹੈ। ਇਸ ਕੇਨਵਸ ਵਿਚ ਰਹਿਤ ਅਤੇ ਅਧਿਆਤਮ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣ ਦੀ ਥਾਂ ਨਹੀਂ ਹੈ

ਕਿਸੇ ਗੁਰਦੁਆਰੇ ਵਿਚ ਰੋਜ਼ਾਨਾ ਆਉਣ ਵਾਲੇ ਸੱਜਣ ਨੂੰ, ਮੱਥਾ ਟੇਕਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਕਰਦੇ ਵੇਖ, ਝੱਟ ਹੀ ਕੋਈ ਕਹਿ ਸਕਦਾ ਹੈ ਕਿ ਉਸ ਸੱਜਣ ਤੇ ਮਨਮਤਿ ਜਾਂ ਬ੍ਰਾਹਮਣਵਾਦ ਦਾ ਸਾਯਾ ਹੈ। ਉਹ ਸੱਜਣ ਸਾਹਿਬ ਦੇ ਨਿਸ਼ਾਨ (ਨਿਸ਼ਾਨ ਸਾਹਿਬ) ਅੱਗੇ ਵੀ ਮੱਥਾ ਟੇਕਦੇ ਹਨ

ਉਸੇ ਗੁਰਦੁਆਰੇ ਵਿਚ ਆਉਣ ਵਾਲੇ ਇਕ ਹੋਰ ਸੱਜਣ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਨਮੁੱਖ ਮੱਥਾ ਟੇਕਦੇ ਬਿਨ੍ਹਾਂ ਪਰਿਕ੍ਰਮਾ ਕੀਤੇ ਚਲੇ ਜਾਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੱਜਣ ਗੁਰਮਤਿ ਦੇ ਧਾਰਨੀ ਲੱਗਦੇ ਹਨ। ਨਿਸ਼ਾਨ ਸਾਹਿਬ ਅੱਗੇ ਵੀ ਮੱਥਾ ਨਹੀਂ ਟੇਕਦੇ

ਹੁਣ ਗੁਰਦੁਆਰੇ ਆਉਂਣ ਅਤੇ ਵਾਪਸ ਜਾਣ ਵਿਚਲੇ ਕ੍ਰਿਆ ਕਲਾਪ ਦੇ ਅਧਾਰ ਤੇ, ਪਹਿਲੇ ਸੱਜਣ ਮਨਮਤੀਏ ਸਾਬਤ ਹੋਏ ਅਤੇ ਦੂਜੇ ਗੁਰਮਤ ਦੇ ਧਾਰਨੀ। ਇਸ ਤੋਂ ਵੱਧ ਅਸੀਂ ਉਨ੍ਹਾਂ ਬਾਰੇ ਕੁੱਝ ਹੋਰ ਨਹੀਂ ਜਾਣਦੇ। ਸੋ ਦੋਹਾਂ ਬਾਰੇ ਸਾਡਾ ਨਿਰਨਾ ਕੇਵਲ, ਉਨ੍ਹਾਂ ਵਲੋਂ, ਗੁਰਦੁਆਰੇ ਵਿਚ ਕੀਤੇ ਗਏ ਵਿਵਹਾਰ ਤੇ ਟਿੱਕਿਆ ਹੈ। ਉਨ੍ਹਾਂ ਦੇ ਬਾਕੀ ਜੀਵਨ ਬਾਰੇ ਸਾਡੀ ਕੋਈ ਜਾਣਕਾਰੀ ਨਹੀਂ। ਜੇ ਕਰ ਸਾਡੀ ਜਾਣਕਾਰੀ ਦਾ ਕੇਨਵਸ ਛੋਟਾ ਹੈ ਤਾਂ ਸਾਡਾ ਨਿਰਨਾ ਵੀ ਕਿਸੇ ਸੰਕੀਰਣਤਾ ਦਾ ਸ਼ਿਕਾਰ ਹੋ ਸਕਦਾ ਹੈ

ਸਾਡੀ ਜਾਣਕਾਰੀ ਤੋਂ ਪਰੇ, ਪਹਿਲੇ ਸਾਹਿਬਾਨ ਘਰ ਜਾ ਕੇ ਬਿਮਾਰ ਪਿਤਾ ਦੇ ਵਸਤਰ ਬਦਲਦੇ ਹਨ, ਖਾਣਾ ਖਿਲਾਉਂਦੇ ਹਨ, ਦਵਾਈ ਦਿੰਦੇ ਹਨ ਅਤੇ ਫ਼ਿਰ ਦੁਕਾਨ ਤੇ ਚਲੇ ਜਾਂਦੇ ਹਨ। ਦੁਕਾਨਦਾਰੀ ਵੀ ਇਮਾਨਦਾਰੀ ਦੀ ਹੈ!

ਦੂਜੇ ਸੱਜਣ ਘਰ ਆਕੇ ਤਿਆਰ ਹੁੰਦੇ ਹਨ, ਤੇ ਬਿਨਾ ਬਿਮਾਰ ਪਿਤਾ ਦੀ ਬਾਤ ਪੁੱਛੇ ਆਪਣੇ ਕਾਰੋਬਾਰ ਲਈ ਤੁਰ ਪੈਂਦੇ ਹਨ। ਕਾਰੋਬਾਰ ਵਿਚ ਇਮਾਨਦਾਰੀ ਦੀ ਘਾਟ ਹੈ!
ਗੁਰਦੁਆਰੇ ਉਨ੍ਹਾਂ ਦੋਹਾਂ ਜੇ ਕੀਤਾ, ਅਸੀਂ ਵੇਖਿਆ ਹੈ, ਪਰ ਘਰ ਤੋਂ ਕਾਰੋਬਾਰ ਤਕ, ਉਹ ਜੋ ਕਰਦੇ ਹਨ, ਸਾਨੂੰ ਇਸਦਾ ਇਲਮ ਨਹੀਂ। ਤਾਂ ਵਿਚਾਰਨ ਦੀ ਗਲ ਹੈ ਕਿ ਇਕ ਮਨੁੱਖ ਦੇ ਵਜੋਂ ਦੋਹਾਂ ਵਿਚ ਕੀ ਫ਼ਰਕ ਹੈ? ਕੌਣ ਬ੍ਰਾਹਮਣ ਹੈ ਤੇ ਕੌਣ ਸਿੱਖ?

ਰਹਿਤ ਨਾਲ ਜੁੜੀਆਂ ਛੋਟਿਆਂ ਗਲਾਂ ਦੇ ਅਧਾਰਤੇ ਕਿਸੇ ਮਨੁੱਖ ਦੇ ਪੁਰੇ ਕਿਰਦਾਰ ਨੂੰ ਪਰਖਦੇ ਹੋਏ ਝੱਟ ਕਿਸੇ ਸਿੱਖ ਨੂੰ ਬ੍ਰਾਹਮਣ ਐਲਾਨ ਦੇਂਣਾ, ਸ਼ਾਯਦ ਸਾਡੇ ਸੰਕੀਰਣ ਨਜ਼ਰੀਏ ਦਾ ਸੂਚਕ ਹੈ। ਮਨੋਵ੍ਰਿਤਿਆਂ ਦੇ ਵੱਖਰੇਵੇਂ ਕੁਦਰਤੀ ਹੁੰਦੇ ਹਨ ਜਿਸ ਕਾਰਨ ਕਈਂ ਥਾਂ ਕੁੱਝ ਗਲਾਂ ਕਦੇ ਵੀ ਇਕਸਾਰ ਨਹੀਂ ਹੁੰਦੀਆਂ

ਕਿਸੇ ਗੁਰਦੁਆਰੇ ਵਿਚ ਸੇਵਾ ਨਿਭਾਉਂਦਾ ਤਨਖਾਹਦਾਰ ਗ੍ਰੰਥੀ, ਆਪਣੇ ਬਾਕੀ ਦੇ ਨਿਜੀ ਅਤੇ ਸਮਾਜਕ ਜੀਵਨ ਵਿਚ ਇਕ ਪਿਤਾ, ਇਕ ਭਾਈ, ਇਕ ਪੜੋਸੀ ਹੋਂਣ ਦੇ ਨਾਤੇ ਕਿਸ ਇਮਾਨਦਾਰੀ/ਪਿਆਰ/ਜਿੰਮੇਵਾਰੀ ਨਾਲ ਵਿਚਰਦਾ ਹੈ, ਇਸ ਨੂੰ ਜਾਣੇ ਬਿਨ੍ਹਾਂ ਉਸ ਨੂੰ ਕੇਸਾਧਾਰੀ ਬ੍ਰਾਹਮਣ ਦਾ ਸਰਟੀਫ਼ਿਕੇਟ ਦੇਂਣ ਵਿਚ ਕਿੱਥੋਂ ਦੀ ਗੁਰਮਤਿ ਹੈ? ਇਸ ਵਿਵਹਾਰ ਵਿਚ ਇਕ ਪ੍ਰਕਾਰ ਦੀ ਨਫ਼ਰਤ ਜਿਹੀ ਨਜ਼ਰ ਆਉਂਦੀ ਹੈ, ਗੁਰਮਤਿ ਨਹੀਂ

ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਮੁਫ਼ਾਦ  ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ਧਰਮ ਦੇ ਵਿਰੋਧੀ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ
 ਹਰਦੇਵ ਸਿੰਘ, ਜੰਮੂ