Sunday, 22 June 2014

'ਤੱਤ. ਪਰਿਵਾਰ ਦੀ ਸੰਪਾਦਕੀ ਟਿੱਪਣੀ ਬਾਰੇ'

ਹਰਦੇਵ ਸਿੰਘ

ਤੱਤ. ਪਰਿਵਾਰ ਸੰਪਾਦਕ ਸੱਜਣੋਂ
ਗੁਰੂ ਜੀ ਦੀ ਬਖ਼ਸ਼ੀ ਫ਼ਤਿਹ ਪਰਵਾਣ ਕਰਨੀ।

ਆਪ ਜੀ ਦੇ ਲੇਖ 'ਗਠਬੰਧਨ ਵਿਦਵਾਨ' ਬਾਰੇ ਮੇਰੇ ਜਵਾਬ ਉੱਪਰ ਆਪ ਜੀ ਨੇ ਇਕ 'ਸੰਪਾਦਕੀ ਟਿੱਪਣੀ' ਲਿਖੀ ਹੈ, ਜਿਸਦਾ ਮੇਰੇ ਵਲੋਂ ਪੰਗਤੀਵਰ ਜਵਾਬ ਇਸ ਪ੍ਰਕਾਰ ਹੈ:-

ਪਰਿਵਾਰ ਵੱਲੋਂ ਲਿਖੀ ਪੰਗਤੀ:-  "ਪਰਿਵਾਰ ਵੱਲੋਂ ਪਾਠਕਾਂ ਨੂੰ ਸੁਚੇਤ ਕਰਦੇ ਲੇਖ ਦੇ ਪ੍ਰਤੀਕਰਨ ਵਿਚ ਇਸ ਗਠਜੋੜ ਦੇ ਇਕ ਲੇਖਕ ਦਾ ਪ੍ਰਤੀਕਰਨ ਹੇਠਾਂ ਦਿੱਤਾ ਜਾ ਰਿਹਾ ਹੈ।ਪਾਠਕ ਵੇਖ ਸਕਦੇ ਹਨ ਕਿ ਸਾਡੇ ਵਲੋਂ ਲੇਖ ਵਿਚ ਪੇਸ਼ ਕੀਤੇ ਸਬੂਤਾਂ ਬਾਰੇ ਸਪਸ਼ਟ ਕਰਨ ਦੀ ਥਾਂ ਸੰਪਰਦਾਈ ਧਿਰਾਂ ਦੀ ਤਰਜ਼ ਤੇ ਜਜ਼ਬਾਤੀ ਗੱਲਾਂ ਰਾਹੀਂ ਪੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਹੈ ਜਿਵੇਂ ਲੈਪਟਾਪ ਦਾ ਪ੍ਰਕਾਸ਼ ਕਰਨ ਦੀ ਗੱਲ, ਕੀਰਤਨ ਬੰਦ ਕਰਨ ਦੀ ਗੱਲ ਆਦਿ ਆਦਿ"

ਮੇਰਾ ਜਵਾਬ:- ਆਪ ਜੀ ਦੇ ਗਠਬੰਧਨ ਦੀਆਂ ਮੀਟਿਂਗਾਂ ਵਿਚ ਲੈਪਟਾਪ, ਕੀਰਤਨ ਬੰਦ ਅਤੇ ਆਨੰਦਕਾਰਜ ਦੀ ਥਾਂ ਕੋਰਟ ਮੈਰਜ ਵਰਗੀਆਂ ਗੱਲਾਂ ਕਰਨ ਵਾਲੇ ਵੀ ਮੌਜੂਦ ਸਨ।ਇਸ ਗਲ ਦੀ ਪੁਸ਼ਟੀ ਉੱਥੇ ਮੌਜੂਦ ਆਪ ਜੀ ਦੇ ਆਪ ਜੀ ਆਪਣੇ ਪ੍ਰਮੁੱਖ ਸਾਥੀ ਚਸ਼ਮਦੀਦਾਂ ਨੇ ਕੀਤੀ।ਅਗਰ ਇਹ ਵਿਚਾਰ ਆਪ ਜੀ ਦੇ ਨਹੀਂ ਬਲਕਿ ਗਠਬੰਧਨ ਵਿਚ ਮੌਜੂਦ ਕੁੱਝ ਸੱਜਣਾਂ ਦੇ ਸਨ ਤਾਂ ਆਪ ਜੀ ਇਮਾਨਦਾਰੀ ਨਾਲ  ਇਹ ਸੱਚ ਸਵੀਕਾਰ ਕਰ ਸਕਦੇ ਸੀ ਕਿ 'ਹਾਂ ਕੁੱਝ ਸੱਜਣਾਂ ਨੇ ਐਸੇ ਵਿਚਾਰ ਵੀ ਪੇਸ਼ ਕੀਤੇ ਸੀ ', ਪਰ ਆਪ ਜੀ ਨੇ ਐਸਾ ਨਹੀਂ ਕੀਤਾ। ਕਿਉਂਕਿ ਉਹ ਆਪ ਜੀ  ਦਾ ਗਠਬੰਧਨ ਸੀ, ਅਤੇ ਆਪ ਜੀ ਸੱਚ ਸਵੀਕਾਰ ਕਰਨ ਦੀ ਥਾਂ ਉਸ ਗਠਬੰਧਨ ਨੂੰ ਪ੍ਰਮੁੱਖਤਾ ਦੇਣ ਲੱਗੇ ਰਹੇ।ਸੱਚ ਨੂੰ ਛੁਪਾਉਂਦੀ ਆਪ ਜੀ ਦੀ ਐਸੀ ਪਹੁੰਚ ਅੱਜ ਵੀ ਗੁਰੂ ਨਾਨਕ ਜੀ ਦੇ ਉਸ ਫ਼ਲਸਫ਼ੇ ਦੇ ਵਿਪਰੀਤ ਹੈ ਜਿਸ ਤੇ ਚੱਲਣ ਦਾ ਦਾਵਾ ਆਪ ਜੀ ਸਭ ਲਾਲੋਂ ਵੱਧ ਕਰਦੇ ਰਹਿੰਦੇ ਹੋ।
ਅੱਗੇ ਆਪ ਜੀ ਨੇ "ਆਦਿ ਆਦਿ" ਸ਼ਬਦ ਲਿਖ ਕੇ ਵੀ, ਆਪਣੀਆਂ ਲਿਖਤਾਂ ਦੇ ਉਨ੍ਹਾਂ ਅੰਸ਼ਾ ਨੂੰ ਸਵੀਕਾਰ ਕਰਨ ਵਿਚ ਵੀ ਇਮਾਨਦਾਰੀ ਨਹੀਂ ਵਖਾਈ, ਜੋ ਕਿ ਆਪ ਜੀ ਦੀਆਂ ਲਿਖਤਾਂ ਵਿਚ ਮੌਜੂਦ ਹਨ। ਮੈਂ ਉਹ ਅੰਸ਼ ਆਪਣੇ ਲੇਖਾਂ ਵਿਚ ਕੋਟ ਵੀ ਕਰ ਚੁੱਕਾ ਹਾਂ।

ਪਰਿਵਾਰ ਵੱਲੋਂ ਲਿਖੀ ਪੰਗਤੀ:-  "ਐਸਾ ਗੁੰਮਰਾਹਕੁਨ ਪ੍ਰਚਾਰ ਕੁਝ ਲੋਕਾਂ/ਧਿਰਾਂ ਵਲੋਂ ਪਹਿਲਾਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ।ਇਸ ਬਾਰੇ ਪਰਿਵਾਰ ਜਵਾਬਦੇਹੀ ਦੇ ਫ਼ਰਜ਼ ਨਾਲ ਬਹੁਤ ਵਿਸਤਾਰ ਵਿਚ ਆਪਣਾ ਪੱਖ ਪਹਿਲਾਂ ਹੀ ਰੱਖ ਚੁੱਕਿਆ ਹੈ। ਪਾਠਕ ਸਾਡੇ ਪਿੱਛਲੀਆਂ ਲਿਖਤਾਂ ਪੜ੍ਹ ਸਕਦੇ ਹਨ"

ਮੇਰਾ ਜਵਾਬ:- ਆਪ ਜੀ ਦੀਆਂ ਲਿਖਤਾਂ ਵਿਚ ਗੁਰ ਸਾਹਿਬਾਨ ਨੂੰ ਗੁਰੂ ਨਾ ਕਹਿਣ ਅਤੇ ਉਨ੍ਹਾਂ ਨੂੰ ਭੁੱਲਣਹਾਰ ਦਰਸਾਉਣ, ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸਿਆ ਦਰਸਾਉਣ ਵਰਗੀਆਂ ਗੱਲਾ ਆਪ ਜੀ ਵਲੋਂ ਕੀਤੀਆਂ ਹੋਈਆਂ ਹਨ, ਇਸ ਲਈ ਇਹ ਕੋਈ  ਗੁੰਮਰਾਹਕੁਨ ਪ੍ਰਚਾਰ ਨਹੀਂ ਬਲਕਿ ਆਪ ਜੀ ਦੇ ਇਨ੍ਹਾਂ ਵਿਚਾਰਾਂ ਨੂੰ ਸਾਰੇ ਜਾਣਦੇ ਹਨ।ਇਹ ਵੀ ਸੱਚ ਹੈ ਕਿ ਗੁਰੂ ਸਾਹਿਬਾਨ ਨੂੰ  ਗੁਰੂ ਅਤੇ ਅਭੁੱਲ ਮੰਨਣ ਵਾਲੇ (ਆਪ ਜੀ ਮੁਤਾਬਕ ਗ਼ੈਰ ਸਿਧਾਂਤਕ) ਸੱਜਣਾਂ ਅਤੇ ਧਿਰਾਂ ਨਾਲ ਆਪ ਜੀ ਗਠਬੰਧਨ ਕਰਨ ਦੇ ਯਤਨ ਕਰਦੇ ਰਹਿੰਦੇ ਹੋ।ਮੈਂ ਨਹੀਂ ਕਹਿੰਦਾ ਕਿ ਆਪ ਜੀ ਜਤਨ ਨਾ ਕਰੋ।ਮੈਂ ਕੇਵਲ ਇਤਨਾ ਦਰਸਾਇਆ ਹੈ ਕਿ ਆਪ ਜੀ ਉਨ੍ਹਾਂ ਸੱਜਣਾਂ/ਧਿਰਾਂ ਨਾਲ ਗਠਬੰਧਨ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਜੋ ਆਪ ਜੀ ਮੁਤਾਬਕ ਗ਼ੈਰ ਸਿਧਾਂਤਕ ਅਤੇ ਬ੍ਰਾਹਮਣੀ ਸੋਚ ਵਾਲੇ ਹਨ।

ਅੰਤਿਕਾ:- ਆਪ ਜੀ ਨੇ ਅਮਰਜੀਤ ਸਿੰਘ ਜੀ ਚੰਦੀ, ਮੇਰੇ ਅਤੇ ਜਸਬੀਰ ਸਿੰਘ ਜੀ ਵਿਰਦੀ ਦੇ ਐਸੇ ਗਠਬੰਧਨ ਨੂੰ ਕਿਆਸਿਆ ਹੈ ਜੋ ਕਿ ਕਦੇ ਹੋਇਆ ਹੀ ਨਹੀਂ। ਆਪ ਜੀ ਦੇ ਇਸ ਝੂਠੇ ਕਿਆਸ ਦੇ ਉੱਤਰ ਵਿਚ ਮੈਂ ਆਪ ਜੀ ਦੇ ਉਸ ਉਚੇਚੇ ਗਠਬੰਧਨ ਬਾਰੇ ਲਿਖਿਆ, ਜੋ ਕਿ ਸੱਚਮੁਚ ਹੋਂਦ ਵਿਚ ਹੈ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਲੈਪਟਾਪ, ਕੀਤਰਨ ਬੰਦ, ਆਨੰਦ ਕਾਰਜ ਦੀ ਥਾਂ ਕੋਰਟ ਮੈਰਜ, ਗੁਰੂ ਗ੍ਰੰਥ ਸਾਹਿਬ 'ਗੁਰੂ' ਨਹੀਂ ਇਕ ਪੁਸਤਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਅਪ੍ਰਮਾਣਿਕ ਐਲਾਨਣ ਵਾਲੇ , ਸ਼੍ਰੀ ਅਕਾਲ ਤਖ਼ਤ ਇਕ ਬੇਹੋਂਦ ਅੱਡਾ ਆਦਿ ਵਿਚਾਰ ਰੱਖਣ ਵਾਲੇ, ਆਪ ਜੀ ਦੇ ਨਾਲ ਗਠਬੰਧਨ ਵਿਚ ਹਨ। ਕਿਸੇ ਬੇਹੋਂਦ ਗਠਬੰਧਨ ਨੂੰ ਕਿਆਸਣ ਤੋਂ ਪਹਿਲਾਂ ਆਪ ਜੀ ਨੂੰ ਆਪਣੇ ਕੀਤੇ ਉਚੇਚੇ ਗਠਬੰਧਨਾਂ ਵੱਲ ਝਾਤ ਵੀ ਮਾਰਨੀ ਚਾਹੀਦੀ ਹੈ।
ਇਸ ਲਈ ਮੇਰੇ ਉੱਤਰ ਵਿਚ ਪਾਠਕਾਂ ਨੂੰ ਗੁਮਰਾਹ ਕਰਨ ਵਾਲੀ ਕੋਈ ਗੱਲ ਨਹੀਂ।
ਹਰਦੇਵ ਸਿੰਘ, ਜੰਮੂ-੨੦.੬.੨੦੧੪

Wednesday, 18 June 2014

'ਤੱਤ.ਪਰਿਵਾਰ ਦੇ ਪੱਤਰ ਮਿਤੀ ੧੬.੬.੧੪ ਬਾਰੇ'

ਹਰਦੇਵ ਸਿੰਘ,ਜੰਮੂ


ਮਿਤੀ ੧੬.੭.੧੪ ਨੂੰ 'ਸਿੱਖ ਮਾਰਗ ਵੈਬ ਸਾਈਟ' ਉਤੇ ਛੱਪੇ ਪੱਤਰ ਰਾਹੀਂ ਤੱਤ. ਪਰਿਵਾਰ ਦੇ ਸੱਜਣਾ ਨੇ ਤਿੰਨ ਸੱਜਣਾਂ ਨੂੰ 'ਗੱਠਬੰਧਨ ਵਿਦਵਾਨ' ਕਿਹਾ ਹੈ। ਪਹਿਲੇ ਅਮਰਜੀਤ ਸਿੰਘ ਜੀ ਚੰਦੀ, ਦੂਜਾ ਮੈਂ ਅਤੇ ਤੀਜੇ ਜਸਬੀਰ ਸਿੰਘ ਜੀ ਕੈਲਗਰੀ।ਮੈਂ ਕੋਈ ਵਿਦਵਾਨ ਨਹੀਂ।ਇਹ ਹੈ ਪਹਿਲੀ ਗੱਲ।
ਦੂਜੀ ਗੱਲ, ਪਰਿਵਾਰ ਦੇ ਇਸ ਵਹਿਮ ਦੀ ਕਿ ਤਿੰਨ ਸੱਜਣਾਂ ਦਾ ਗੱਠਬੰਧਨ ਬਣ ਗਿਆ ਹੈ। ਚੰਦੀ ਜੀ ਮੇਰੇ ਭੇਜੇ ੧੦ ਲੇਖਾਂ ਵਿਚੋਂ ਤਿੰਨ ਕੁ ਲੇਖ ਛਾਪਦੇ ਹਨ। ਜਸਬੀਰ ਸਿੰਘ ਜੀ ਵਿਰਦੀ ਨਾਲ ਮੇਰਾ ਸੰਪਰਕ  ਬਹੁਤ ਚਿਰ ਬਾਦ ਅਸਿੱਧੇ ਤੌਰ ਤੇ ਕਦੇ ਕਿਸੇ ਟਿੱਪਣੀ ਰਾਹੀਂ ਹੋ ਜਾਂਦਾ ਹੈ।ਚੰਦੀ ਜੀ ਮੇਰੇ ਨਾਲ ਗੱਠਬੰਧਨ ਨਹੀਂ ਕਰ ਸਕਦੇ ਕਿਉਂਕਿ ਉਹ ਮੇਰੇ ਨਾਲ ਕਈਂ ਥਾਂ ਸਹਿਮਤ ਨਹੀਂ ਹਨ। ਮੇਰੀ ਸਥਿਤੀ ਵੀ ਲਗਭਗ ਇਹੀ ਹੈ।ਇਹ ਹੈ ਪਰਿਵਾਰ ਵਲੋਂ ਪ੍ਰਗਟਾਏ 'ਕਥਿਤ ਗੱਠਬੰਧਨ' ਦੀ ਸੱਚਾਈ ! ਹਾਂ ਜੇ ਕਰ ਅਸੀਂ ਤਿੰਨੇ ਗੁਰੂ ਸਾਹਿਬਾਨ ਨੂੰ ਗੁਰੂ ਲਿਖਦੇ ਹਾਂ ਤਾਂ ਇਹ ਕੋਈ  ਉਚੇਚਾ ਗੱਠਬੰਧਨ ਨਹੀਂ ਕਿਹਾ ਜਾ ਸਕਦਾ।

ਹੁਣ ਵਿਚਾਰਦੇ ਹਾਂ ਤੱਤ ਪਰਿਵਾਰ ਦੇ ਉਚੇਚੇ ਗੱਠਬੰਧਨਾਂ ਨੂੰ।

ਤੱਤ ਪਰਿਵਾਰ ਦਾ ਇਕ ਆਪਣਾ ਗੱਠਬੰਧਨ ਉਸ ਵੇਲੇ ਟੁੱਟ ਗਿਆ ਜਿਸ ਵੇਲੇ ਗੱਠਬੰਧਨ ਦੀਆਂ ਮੀਟਿੰਗਾਂ ਜੰਮੂ ਵਿਖੇ ਹੋਈਆਂ। ਉੱਗੇ ਮੁੱਖ ਕਮੇਟੀ ਮੈਂਬਰ ਅਮਰਜੀਤ ਸਿੰਘ ਜੀ ਚੰਦੀ ਅਤੇ ਪ੍ਰੋ. ਕੰਵਲਦੀਪ ਸਿੰਘ ਜੀ ਉਸ ਮੀਟਿੰਗਾਂ ਵਿਚ ਹੋਏ ਵਰਤਾਰੇ ਨੂੰ ਵੇਖ ਹਾ ਦਾ ਨਾਅਰਾ ਮਾਰ ਗਏ। ਕਾਰਣ? ਕਾਰਣ ਇਹ ਕਿ ਗੱਠਬੰਧਤ ਸੱਜਣਾ ਨੇ, ਗੱਠਬੰਧਨੀ ਮੀਟਿੰਗਾਂ, ਵਿਚ ਗੁਰੂ ਗ੍ਰੰਥ ਸਾਹਿਬ  ਦੀ ਥਾਂ ਲੈਪਟਾਪ, ਗੁਰਦੁਆਰਿਆਂ ਵਿਚ ਕੀਰਤਨ ਬੰਦ ਕਰਵਾਉਣ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਆਦਿ ਬਾਰੇ ਅਤੇ ਹੋਰ ਅਤਿਅੰਤ ਨੀਵੇਂ ਪੱਧਰ ਦੇ ਵਿਚਾਰ ਪੇਸ਼ ਕੀਤੇ। ਉਹ ਗੱਲਾਂ ਕਿਸੇ ਕਿਤਾਬਚੇ ਵਿਚ ਆਈਆਂ ਜਾਂ ਨਹੀਂ, ਪਰ ਇਹ ਸਪਸ਼ਟ ਹੋ ਗਿਆ ਕਿ ਤੱਤ ਪਰਿਵਾਰ ਨੇ ਕਿਸ ਕਿਸਮ ਦੇ ਵਪਰੀਤ ਵਿਚਾਰ ਰੱਖਣ ਵਾਲੇ ਬੰਦਿਆਂ ਨਾਲ ਗੱਠਬੰਧਨ ਕੀਤਾ ਹੋਇਆ ਹੈ। ਐਸੇ ਬੰਦਿਆਂ ਨਾਲ ਗੱਠਬੰਧਨ ਪਿੱਛਲੇ ਕਾਰਣ ਪਰਿਵਾਰ ਨੂੰ ਪਤਾ ਹੋਂਣਗੇ।

ਹੁਣ ਗੱਠਬੰਧਨ ਕਰਨ ਲਈ ਪਰਿਵਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਵੀ ਵਿਚਾਰ ਲਈਏ। ਤੱਤ ਪਰਿਵਾਰ ਗੱਠਬੰਧਨ ਦੇ ਤਰਲੇ ਉਨ੍ਹਾਂ ਸੱਜਣਾਂ ਅੱਗੇ ਵੀ ਪਾਉਂਦਾ ਰਿਹਾ ਜੋ ਕਿ ਦੱਸ ਗੁਰੂ ਸਾਹਿਬਾਨ ਨੂੰ ਗੁਰੂ ਅਤੇ ਅਭੁੱਲ ਮੰਨਦੇ ਹਨ। ਭਲਾ ਤੱਤ ਪਰਿਵਾਰ ਗੁਰੂ ਸਾਹਿਬਾਨ ਨੂੰ ਗੁਰੂ ਮੰਨਣ ਵਾਲੇ "ਬ੍ਰਾਹਮਣਾ" ਨਾਲ ਗੱਠਬੰਧਨ ਲਈ ਤਰਲੇ ਕਿਉਂ ਪਾਉਂਦਾ ਰਿਹਾ ਹੈ ? ਪਰਿਵਾਰ ਤਾਂ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਮੰਨਦਾ ਹੈ ਫਿਰ ਐਸੇ ਮੌਕਾ ਪਰਸਤ ਗੱਠਬੰਧਨੀ ਤਰਲਿਆਂ ਦਾ ਕੀ ਮਤਲਭ ? ਪਰਿਵਾਰ ਐਲਾਨ ਕਿਉਂ ਨਹੀਂ ਕਰਦਾ ਕਿ ਜੋ ਗੁਰੂ ਸਾਹਿਬਾਨ ਨੂੰ ਗੁਰੂ ਕਹਿੰਦਾ ਹੈ ਉਸ ਬ੍ਰਾਹਮਣਵਾਦੀ ਨਾਲ ਪਰਿਵਾਰ ਵਲੋਂ ਕੋਈ ਗੱਠਬੰਧਨ ਨਹੀਂ ਕੀਤਾ ਜਾਏਗਾ ? ਜੇ ਕਰ ਗੁਰੂ ਸਾਹਿਬਾਨ ਨੂੰ ਗੁਰੂ ਨਾ ਕਹਿਣਾ ਸਿਧਾਂਤ ਪਰਸਤੀ ਹੈ, ਤਾਂ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਿਆਂ ਨਾਲ ਗੱਠਬੰਧਨ ਕਰਨ ਦੀ ਮੌਕਾ ਪਰਸਤ ਕੋਸ਼ਿਸ਼ਾਂ ਪਰਿਵਾਰ ਵਲੋਂ ਕਿਉਂ ਕੀਤੀਆਂ ਜਾਂਦੀਆਂ ਰਹੀਆਂ ਹਨ ? ਖੈਰ ,ਜਿਸ ਵੇਲੇ  ਗੱਠਬੰਧਨ ਦੇ ਐਸੇ ਜਤਨ ਸਿਰੇ ਨਾ ਚੜੇ, ਤਾਂ ਉਨ੍ਹਾਂ ਸੱਜਣਾ ਨਾਲ ਗੱਠਬੰਧਨ ਕੀਤਾ ਗਿਆ ਜਿਨ੍ਹਾਂ ਦੇ ਵਿਚਾਰਾਂ ਦਾ ਜ਼ਿਕਰ ਉੱਪਰ ਵਿਚਾਰ ਆਏ ਹਾਂ।
ਮੈਂ ਐਸੇ ਗੱਠਬੰਧਨਾਂ ਵਿਚ ਨਹੀਂ ਪਿਆ ਇਸ ਕਰਕੇ ਮਾੜਾ ਹਾਂ

ਤੱਤ ਪਰਿਵਾਰ ਨੇ ਸੰਨ ੧੮੦੦ ਦੇ ਅੰਤਲੇ ਅਤੇ ੧੯੦੦ ਦੇ ਆਰੰਭਕ ਦਹਾਕਿਆਂ ਦੀ ਪੁਨਰਜਾਗਰਣ ਲਹਿਰ ਨੂੰ ਤਬਾਹ ਕਰਨ ਲਈ ਕਦਮ ਪੁੱਟਿਆ ਤਾਂ ਵਿਚਾਰਕ ਪੱਖੋਂ, ਮੈਂ ਤਾਂ ਉਨ੍ਹਾਂ ਦਾ ਹਮਕਦਮ ਨਹੀਂ ਬਣ ਸਕਿਆ, ਪਰ ਪਰਿਵਾਰ ਨਾਲ ਹੋਏ ਕਈਂ ਧਿਰਾਂ ਦੇ ਮੋਹ ਭੰਗ ਦੇ ਕੀ ਕਾਰਣ ਸਨ? ਉਹ 'ਮੋਹ ਭੰਗ' ਮੇਰੇ ਵੈਬਸਾਈਟਾਂ ਉਤੇ ਲਿਖਣ ਤੋਂ ਪਹਿਲਾਂ ਹੀ ਕਿਉਂ ਮੌਜਦ ਸੀ ?

ਖ਼ੈਰ, ਪਰਿਵਾਰ ਦੇ ਦਾਵੇਆਂ ਨੂੰ ਜੇ ਕਰ ਇਕ ਲਾਈਨ ਵਿਚ ਸਮੇਟਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ; ਪਰਿਵਾਰ ਅਨੁਸਾਰ, ਸੰਨ ੧੭੦੮ ਵਿਚ ਦਸ਼ਮੇਸ਼ ਜੀ ਦੇ ਅਕਾਲ ਚਲਾਣੇ ਤੋਂ ਬਾਦ, ਅਤੇ ਪਰਿਵਾਰ ਦੀ ਹੋਂਦ ਤੋਂ ਪਹਿਲਾਂ, ਗੁਰੂ ਨਾਨਕ ਜੀ ਦੇ ਫ਼ਲਸਫ਼ੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ, ਅਤੇ ਅੱਜ ਇਸਦੀ "ਨਿਰੋਲ ਖੌਜ" ਦਾ ਸੇਹਿਰਾ ਪਰਿਵਾਰ ਦੇ ਸਿਰ ਹੀ ਹੈ।

ਜਿਸ ਵੇਲੇ ਇਹ ਵਹਿਮ ਪਰਿਵਾਰ ਦਾ ਜਨੂਨ ਬਣ ਗਿਆ, ਤਾਂ ਪਰਿਵਾਰਕ ਸੱਜਣ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਕਹਿਣ/ਲਿਖਣ ਤਕ ਉੱਤਰ ਆਏ ਅਤੇ ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੱਮਣਘੇਰੀ ਵਿਚ ਫ਼ੱਸਿਆ ਹੋਇਆ ਲਿਖਣ ਲਗ ਪਏ।

ਅੱਜ ਪਰਿਵਾਰ ਵਾਲੇ ਗੁਰੂ ਗ੍ਰੰਥ ਨੂੰ 'ਗੁਰੂ' ਕਹਿਣ ਦੀ ਵਿਰੌਧੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਕਿਤਾ ਤੋਂ ਆਕੀ ਸੋਚ ਨਾਲ ਗੱਠਬੰਧਤ ਹਨ।ਇਹ ਗੱਠਬੰਧਨ ਕਿਸ ਪ੍ਰਕਾਰ ਦਾ ਨਮੂਨਾ ਹੈ ?
ਹਰਦੇਵ ਸਿਘ, ਜੰਮੂ-੧੭.੬.੨੦੧੪ 

Monday, 16 June 2014


ਅਸੀਂ ਕਿਹੜੇ ਬ੍ਰਾਹਮਣਵਾਦ ਦੇ ਵਿਰੌਧ ਵਿਚ ਹਾਂ?

ਹਰਦੇਵ ਸਿੰਘ, ਜੰਮੂ



ਸਿਰਲੇਖ ਨਹਿਤ ਸਵਾਲ ਬਾਰੇ ਵਿਚਾਰ ਲਈ ਇੱਥੇ ਅਸੀਂ ਕੇਵਲ ਇਕ ਨੁੱਕਤਾ ਵਿਚਾਰਦੇ ਹਾਂ।

ਹਿੰਦੂ ਮਤ ਅੰਦਰ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ, ਅਤੇ ਕਈਂ ਥਾਂ ਉਨ੍ਹਾਂ ਦੀ ਸੰਖਿਆ ਕਰੋੜਾਂ ਵਿਚ ਹੈ।ਉਨ੍ਹਾਂ ਵਲੋਂ ਸਵੀਕਾਰ ਕੀਤੇ ਕੁੱਝ ਦੇਵਤਿਆਂ ਦੀ ਹੋਂਦ ਹੈ।ਮਸਲਨ ਸੂਰਜ। ਸੂਰਜ ਦੀ ਹੋਂਦ ਤਾਂ ਹੈ ਹੀ ।ਇਸ ਤੇ ਕੋਈ ਮਤਭੇਦ ਨਹੀਂ ਹੋ ਸਕਦਾ। ਹਾਂ ਸੂਰਜ਼ ਕੀ ਹੈ, ਅਤੇ ਕੀ ਨਹੀਂ ਇਸ ਬਾਰੇ ਮਤਭੇਦ ਹੋ ਸਕਦਾ ਹੈ।


ਹੁਣ ਜੇ ਕਰ ਪ੍ਰਭੂ ਜੀਵਨ ਦੇਣ ਵਾਲਾ ਹੈ, ਤਾਂ ਸੂਰਜ ਜੀਵਨ ਦਾਤ ਦਾ ਇਕ ਮਾਧਿਅਮ  ਹੈ, ਇਸ ਤੋਂ ਵੀ ਕੋਈ ਇਨਕਾਰ ਨਹੀਂ ਹੋ ਸਕਦਾ। ਖ਼ੈਰ ਦੇਵਤਿਆਂ ਦੀ ਹੋਂਦ ਨੂੰ ਪ੍ਰਚਾਰਨ ਵਿਚ ਬ੍ਰਾਹਮਣ ਦਾ ਹੱਥ ਦੱਸਿਆ ਜਾਂਦਾ ਹੈ। ਇਸ ਵਿਚ ਵੀ ਸ਼ੱਕ ਨਹੀਂ ਕਿ ਇਸ ਪ੍ਰਚਾਰ ਨੂੰ ਸ਼ੋਸ਼ਣ ਵਜੋਂ ਇਸਤੇਮਾਲ ਕੀਤਾ ਗਿਆ। ਮਸਲਨ ਕਿਸੇ ਨੂੰ ਸੂਰਜ ਦੇਵਤੇ ਦੇ ਪ੍ਰਕੋਪ ਤੋਂ ਬਚਾਉਣ ਲਈ ਦਾਨ ਦੱਖਣਾ ਦਾ ਟੋਟਕਾ। ਗੁਰਮਤਿ ਇਸ ਤੋਂ ਅਸਹਿਮਤ ਹੈ।


ਖ਼ੈਰ, ਅੱਗੇ ਤੁਰਨ ਤੋਂ ਪਹਿਲਾਂ ਦੇਵਤੇ ਦੇ ਇਕ ਮੁੱਖ ਅਰਥ ਨੂੰ ਵਿਚਾਰ ਲਈਏ ।ਦੇਵਤੇ ਦਾ ਮੁੱਖ ਅਰਥ ਹੈ 'ਰੱਬ ਦਾ ਸੰਦੇਸ਼ਵਾਹਕ' । ਸੰਸਾਰਕ ਪੱਧਰ ਤੇ ਇਸੇ ਅਰਥ ਨੂੰ ਪ੍ਰਮੁੱਖਤਾ ਮਿਲੀ ਹੋਈ ਹੈ।ਹਾਂਲਾਕਿ ਦੇਵਤੇ 'ਪਰਾਭੌਤਿਕ' ਰੂਪ ਵਿਚ ਪ੍ਰਚਾਰੇ ਗਏ ਹਨ, ਪਰ ਉਹ 'ਭੌਤਿਕ' ਰੂਪ ਵਿਚ ਵੀ ਦਰਸਾਏ ਗਏ ਹਨ, ਜਿਵੇਂ ਕਿ ਸੂਰਜ, ਚੰਨ ਜਾਂ ਅਗਨਿ ਦੇਵਤਾ।ਸਾਡੀ ਨਜ਼ਰੇ ਇਹ ਦੇਵਤੇ ਨਾ ਵੀ ਹੋਣ ਪਰ ਇਹ ਖੰਡ ਅਕਾਲ ਪੁਰਖ ਦੀ ਦਾਤ ਤਾਂ ਹੈ ਹੀ ਹਨ।ਇਹ ਪ੍ਰਤੱਖ ਦਿੱਸਦੇ ਹਨ।


ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਦੇਵਤਿਆਂ ਦੀ ਹੋਂਦ ਦਾ ਵਿਚਾਰ ਕੇਵਲ ਬ੍ਰਾਹਮਣ ਦੀ ਦੇਣ ਹੈ ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ  ਪ੍ਰਮੁੱਖ ਪੁਰਾਤਨ ਧਾਰਮਕ ਸੰਸਕ੍ਰਿਤੀਆਂ ਵੱਲ ਇਕ ਸੰਖੇਪ ਜਿਹੀ ਝਾਤ ਮਾਰਨੀ ਪਵੇਗੀ।


(੧) ਯਹੂਦੀਆਂ ਵਿਚ 'ਪਰਾਭੌਤਿਕ' ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ।
(੨) ਈਸਾਈਆਂ ਵਿਚ ਪਰਾਭੌਤਿਕ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਦੇ ਨਾਲ ਹੀ ਉਸ ਵਿਚ 'ਭੋਤਿਕ' ਦੇਵਤਿਆਂ ਦੀ ਹੋਂਦ ਦੀ ਸਵਕ੍ਰਿਤੀ ਵੀ ਹੈ।ਉਹ ਪਹਿਲਾਂ ਦੇਵਤਿਆਂ, ਅਤੇ ਬਾਦ ਵਿਚ ਮਨੁੱਖ ਦੀ ਉੱਤਪਤੀ ਨੂੰ ਮੰਨਦੇ ਹਨ।ਜਿਵੇਂ ਕਿ:- 


"ਉਸ (ਪ੍ਰਭੂ) ਦੀ ਉਸਤੱਤ ਕਰੋ,ਉਸਦੇ ਸਾਰੇ ਦੇਵਤੇ ਉਸਦੀ ਉਸਤੱਤ ਕਰਦੇ ਹਨ, ਸਾਰੇ ਉਸਦੇ ਬਣਾਏ ਹਨ.... ਸਾਰੇ ਉਸ ਦੇ ਹੁਕਮ ਵਿਚ ਹੀ ਬਣੇ ਹਨ" (ਪਲਾਸਮ ੧੪੮:੨-੫)


ਇਸ ਤੋਂ ਛੁੱਟ ਗ੍ਰੇਗੇਰਿਅਨ ਕਲੈਂਡਰ ਵਿਚ ਵਰਤੇ ਗਏ ਕਈਂ ਦਿਨਾਂ ਦੇ ਨਾਮ ਦੇਵਤਿਆਂ ਦੇ ਇਤਹਾਸ ਅਤੇ ਨਾਮਾਂ ਤੇ ਅਧਾਰਤ ਹਨ।ਸਨਡੇ, ਸੂਰਜ ਦਾ ਦਿਨ ਹੈ ਜਿਵੇਂ ਕਿ ਰਵੀਵਾਰ ਸੂਰਜ ਦਾ ਦਿਨ ਹੈ।ਕੀ ਬਾਕੀ ਦਿਨ ਸੂਰਜ ਨਹੀਂ ਹੁੰਦਾ ?  ਐਸੇ ਤਰਕਨੁਮਾਂ ਸਵਾਲ ਬੰਦੇ ਨੂੰ ਵੱਧੇਰੇ ਭੰਭਲ ਭੁਸੇ ਵਿਚ ਪਾਉਂਦੇ ਹਨ  ਅਤੇ ਕੀ ਉਹ ਦਿਨਾਂ ਦੇ ਨਾਮ ਬਦਲਣ ਤਕ ਉਤਾਰੂ ਹੋ ਜਾਏਗਾ ?


(੩) ਇਸਲਾਮ ਵਿਚ ਦੇਵਤਿਆਂ ਦੀ ਹੋਂਦ ਸਵੀਕਾਰੀ ਅਤੇ ਪ੍ਰਚਾਰੀ ਗਈ ਹੈ। ਇਸਲਾਮ ਮੁਤਾਬਕ ਦੇਵਤਿਆਂ ਦੀ ਆਪਣੀ ਕੋਈ ਮਰਜ਼ੀ ਨਹੀਂ। ਉਹ ਕੇਵਲ ਅਲਾਹ ਦੇ ਹੁਕਮ ਨੂੰ ਹੀ ਵਜਾਉਂਦੇ ਹਨ।ਜਿਵੇਂ ਕਿ ਮੌਤ ਦਾ ਫਰਿਸ਼ਤਾ 'ਅਜ਼ਰਾਈਲ' ਹੈ। 'ਰੀਦਵਾਨ' ਜੰਨਤ ਦਾ ਦੇਵਤਾ ਹੈ ਅਤੇ 'ਮਾਲਿਕ' ਦੋਜ਼ਖ਼ ਦਾ ਫਰਿਸ਼ਤਾ।


ਇਹ ਵਿਸ਼ਵਾਸ ਉਸ ਵੇਲੇ ਦੇ ਹਨ, ਜਿਸ ਵੇਲੇ ਭਾਰਤੀ ਖੇਤਰ ਵਿਚ ਪਨਪ ਰਹੀ ਸੰਸਕ੍ਰਿਤੀ, ਸਦੂਰ ਪੱਛਮੀ ਖੇਤਰਾਂ ਵਿਚ ਪਨਪ ਰਹੀਆਂ ਸੰਸਕ੍ਰਿਤੀਆਂ ਤੋਂ ਸਰਵਥਾ ਅਣਜਾਨ 
ਸੀ। ਇਸ ਲਈ ਇਹ ਨਹੀਂ ਕਹਿਆ ਜਾ ਸਕਦਾ ਕਿ ਭਾਰਤ ਤੋਂ ਬਾਹਰਲੀਆਂ ਸੰਸਕ੍ਰਿਤਿਆਂ ਦਰਅਸਲ ਹਿੰਦੂ ਸੰਸਕ੍ਰਿਤੀਆਂ ਸਨ, ਜੋ ਕਿ ਕਾਲਾਂਤਰ ਉਸ ਨਾਲੋਂ ਵੱਖ ਹੋ ਗਈਆਂ। ਭਾਰਤ ਵਿਚ ਵੀ ਦੇਵਤਿਆਂ ਦੀ ਹੋਂਦ ਦੇ ਸੂਤਰ ਉਸ ਸਮੇਂ ਦੇ ਹਨ ਜਿਸ ਵੇਲੇ ਹਿੰਦੂ ਧਰਮ ਦਾ ਕੋਈ ਨਿਯੋਜਨ (Planned Existence) ਨਹੀਂ ਸੀ।

ਉਪਰੋਕਤ ਸਥਿਤੀਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਦੇਵਤਿਆਂ ਦੀ ਹੋਂਦ ਬ੍ਰਾਹਮਣ ਦੀ ਦੇਂਣ ਨਹੀਂ ਬਲਕਿ ਇਹ ਵੱਖ-ਵੱਖ ਸੰਸਕ੍ਰਿਤੀਆਂ ਵਿਚ ਉਪਜਿਆ ਲੱਗਭਗ ਇਕੋ ਜਿਹਾ ਪੁਰਾਤਨ ਵਿਚਾਰ ਹੈ ਜਿਸ ਦਾ ਦੁਰਪਿਯੋਗ ਵੀ ਹੋਇਆ। ਠੀਕ ਉਂਝ ਹੀ ਜਿਵੇਂ ਕਿ ਰੱਬ ਦੀ ਹੋਂਦ ਦਾ ਵੀ ਦੁਰਪਿਯੋਗ ਹੁੰਦਾ ਹੈ।

ਗੁਰਬਾਣੀ ਵਿਚ ਦੇਵਤਿਆਂ ਦੀ ਮਾਨਤਾਵਾਂ ਦਾ ਸਦੁਪਿਯੋਗ ਹੋਇਆ ਹੈ। ਜਿਵੇਂ ਕਿ ਅਜ਼ਰਾਈਲ, ਚ੍ਰਿਤਗੁਪਤ ਧਰਮਰਾਜ ਅਤੇ ਯਮਦੂਤ। ਇਸ ਸਦੁਪਿਯੋਗ ਦਾ ਅਰਥ ਦੇਵਤਿਆਂ ਦੀ ਨਿਸ਼ਚਤ ਹੋਂਦ ਨੂੰ ਸਥਾਪਤ ਕਰਨ ਲਈ ਨਹੀਂ, ਬਲਕਿ ਇਲਾਹੀ ਗਿਆਨ ਨੂੰ ਸਮਝਾਉਣ ਲਈ ਹੋਇਆ ਹੈ। ਇਹ ਹੈ ਪਰਾਭੌਤਿਕ ਦੇਵਤਿਆਂ ਪ੍ਰਤੀ ਗੁਰਬਾਣੀ ਵਿਚਲਾ ਨਜ਼ਰੀਆ। ਹੁਣ ਭੌਤਿਕ ਦੇਵਤਿਆਂ ਦੀ ਗਲ ਕਰੀਏ।


ਜਿਵੇਂ ਕਿ ਉੱਪਰ ਵਿਚਾਰ ਆਏ ਹਾਂ, ਹਿੰਦੂ ਮਤ ਅਨੁਸਾਰ ਸੂਰਜ, ਹਵਾ, ਪਾਣੀ, ਅਗਨਿ, ਅੰਨ ਅਤੇ ਚੰਨ ਆਦਿ ਦੇਵਤੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪਰਮਾਤਮਾ ਵਲੋਂ ਸਥਾਪਤ ਦਾਤਾਵਾਂ ਹਨ ਜੋ ਕਿ ਅਤਿਅੰਤ ਲਾਵੇਵੰਧ ਹਨ। ਇਹ ਪਰਮਾਤਮਾ ਦੇ ਭੈਅ ਵਿਚ ਹਨ ਅਤੇ ਜੀਵਨ  ਵਰਗੀ ਸ੍ਰੇਸ਼ਠ ਦਾਤ ਦੀ 'ਉੱਤਪਤੀ' ਅਤੇ ਉਸਦੀ 'ਪ੍ਰਫੁੱਲਤਾ' ਦਾ ਸਾਧਨ ਹਨ। ਜੇ ਕਰ ਇਹ ਪਰਮਾਤਮਾ ਦੇ ਭੈਅ ਵਿਚ ਹਨ ਤਾਂ ਇਸਦਾ ਅਰਥ ਇਹ ਹੋਇਆ ਕਿ ਪਰਮਾਤਮਾ ਦਾ ਭੈਅ ਇਨ੍ਹਾਂ ਅੰਦਰ ਹੈ ਅਤੇ ਇਹ ਉਸ ਦੇ ਹੁਕਮ ਵਿਚ ਹਨ।ਪਰਮਾਤਮਾ ਦੇ ਐਸੇ ਹੁਕਮ ਦਾ ਸਤਿਕਾਰ ਜਾਂ ਸ਼ੁਕਰਾਨਾ ਕੋਣ ਨਹੀਂ ਕਰੇਗਾ


ਏਕੁ ਅਚਾਰੁ ਰੰਗੁ ਇਕ ਰੂਪ॥ਪਉਣ ਪਾਣੀ ਅਗਨੀ ਅਸਰੂਪ॥(ਗੁਰੂ ਗ੍ਰੰਥ ਸਾਹਿਬ ਜੀ , ਪੰਨਾ ੯੩੦)


ਅਸੀਂ ਇਨ੍ਹਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਕੇਵਲ ਇਨ੍ਹਾਂ ਪ੍ਰਤੀ ਕਿਸੇ ਗ਼ੈਰਵਾਜਬ ਦ੍ਰਿਸ਼ਟੀਕੋਂਣ ਨਾਲੋਂ ਅਸਹਿਮਤ ਹੋ ਸਕਦੇ ਹਾਂ।


ਪਰਮਾਤਮਾ ਆਪ ਧਾਰਮਕ ਸੰਸਕ੍ਰਿਤੀਆਂ ਦਾ ਕੇਂਦਰ ਹੈ।ਅਸੀਂ ਇਸ 'ਕੇਂਦਰ' ਤੋਂ ਸਿਰਫ਼ ਇਸ ਲਈ ਮੁਨਕਰ ਨਹੀਂ ਹੋ ਸਕਦੇ ਚੁੱਕਿ ਬ੍ਰਾਹਮਣ ਵੀ ਇਸ ਨੂੰ ਮੰਨਦੇ ਹਨ। ਵੇਖਣ ਨੂੰ ਆਇਆ ਹੈ ਕਿ ਕੁੱਝ ਸੱਜਣਾਂ ਨੇ ਰੱਬ ਦੀ ਪਰਿਭਾਸ਼ਾ ਨੂੰ ਸਿਰਫ ਇਸ ਵਾਸਤੇ ਬਦਲਣ ਦਾ ਜਤਨ ਆਰੰਭਿਆ ਤਾਂ ਕਿ ਉਨ੍ਹਾਂ ਦਾ ਰੱਬ ਹਿੰਦੂ, ਇਸਲਾਮ ਅਤੇ ਈਸਾਈ ਮਤ ਨਾਲੋਂ ਵੱਖਰਾ ਨਜ਼ਰ ਆਏ। ਇਹ ਸੱਜਣ ਸਮਝਦੇ ਹਨ ਕਿ ਨਿਆਰੇ ਹੋਣ ਲਈ ਨਿਆਰਾ ਪਰਮਾਤਮਾ ਘੱੜਨਾ ਜ਼ਰੂਰੀ ਹੈ। ਇਹ ਸਮਝਦੇ ਹਨ ਕਿ ਨਿਆਰੇ ਹੋਣ ਲਈ ਅਕਾਲ ਪੁਰਖ ਨੂੰ, ਸਮੇਂ ਅਤੇ ਕੁਦਰਤ ਦੇ ਪਸਾਰੇ ਤੋਂ ਪਹਿਲਾਂ ਦੀ ਸਥਿਤੀ ਤੋਂ ਹਟਾ ਕੇ, ਕੇਵਲ ਨਾਸ਼ਵਾਨ ਅਤੇ ਕਾਲ ਮਈ ਕੁੱਦਰਤ ਤਕ ਮਹਦੂਦ ਕਰ ਦਿੱਤਾ ਜਾਏ। ਕੀ ਐਸੇ ਜਤਨ ਅਕਲਮੰਦੀ ਹਨ?


ਮੁਹੰਮਦ ਸਾਹਿਬ ਨੇ ਕਿਹਾ ਕਿ;
ਹੇ ਇਨਸਾਨ ਤੇਂਨੂੰ ਸੋਂਣ ਦਾ ਕੋਈ ਹੱਕ ਨਹੀਂ ਅੱਗਰ ਤੇਰਾ ਪੜੋਸੀ ਭੁੱਖਾ ਹੈ ਅਤੇ ਤੂੰ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ, ਉਸਦਾ ਮੇਹਿਨਤਾਨਾ (ਮਜ਼ਦੁਰੀ) ਉਸ ਦੇ ਹਵਾਲੇ ਕਰ ਦੇ! ਕੀ ਇਹ ਗੱਲਾਂ ਗੁਰਮਤਿ ਦੀ ਕਸਵਟੀ ਤੇ ਪੂਰੀ ਨਹੀਂ ਉਤਰਦੀਆਂ ? ਜੇ ਕਰ ਉਤਰਦੀਆਂ ਹਨ ਤਾਂ ਕਿ ਇਹ ਵਿਚਾਰ ਸਤਿਕਾਰ ਯੋਗ ਨਹੀਂ ? ਕੀ ਐਸੇ ਵਿਚਾਰ ਲਈ 'ਅਖੋਤੀ ਸੱਚ' ਵਰਗਾ ਜੂਮਲਾ ਵਰਤਿਆ ਜਾ ਸਕਦਾ ਹੈ ?


ਹਿੰਦੂ ਸ਼ਾਸਤ੍ਰਾਂ ਵਿਚ ਕਿਸੇ ਥਾਂ ਲਿਖਿਆ ਹੈ 'ਸਤਿਯ ਮੇਵ ਜਯਤੇ' ਭਾਵ ਆਖ਼ਰ ਵਿਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ! ਕੀ ਇਹ ਵਿਚਾਰ ਗੁਰਮਤਿ ਦੀ ਕਸਵਟੀ ਤੇ ਖੋਟਾ ਹੈ ? ਕੀ ਇਹ 'ਅਖੋਤੀ ਸੱਚ' ਹੈ? ਜੇ ਕਰ ਨਹੀਂ ਤਾਂ ਇਸ ਵਿਚਾਰ ਨੂੰ ਗੁਰਮਤਿ ਅਨੁਸਾਰ ਖਰਾ ਕਹਿਣ ਤੋਂ ਸੰਕੋਚ ਕੈਸਾ ?


ਵਾਸਤਵ ਵਿਚ ਜੇ ਕਰ ਅਸੀਂ ਕਿਸੇ ਪੁਸਤਕ ਵਿਚ ਲਿਖੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਾਂ, ਤਾਂ ਉਸ ਪੁਸਤਕ ਵਿਚ ਲਿਖੇ ਕਿਸੇ ਸੱਚ ਨੂੰ ਸਹੀ ਸਵੀਕਾਰ ਕਰਨ ਦੀ ਹਿੰਮਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਸੰਕੀਰਣ ਅਤੇ ਬੁਜ਼ਦਿਲ ਸੋਚ ਵਾਲੇ ਐਸੇ ਮਨੁੱਖ ਸਮਝੇ ਜਾਵਾਂ ਗੇ, ਜੋ ਕਿ ਗੁਰਮਤਿ ਦੀ ਕਸਵਟੀ ਲੇ ਕੇ ਵਿਚਰਦੇ ਤਾਂ ਹਨ, ਪਰ ਉਸ ਕਸਵਟੀ ਤੇ ਸਹੀ ਸਾਬਤ ਹੁੰਦੇ ਵਿਚਾਰਾਂ ਨੂੰ ਖਰਾ ਕਰਕੇ ਸਵੀਕਾਰ ਕਰਨ ਤੋਂ ਡਰਦੇ ਹਨ।


ਹਰਦੇਵ ਸਿੰਘ,ਜੰਮੂ-੧੬.੬.੧੪

Sunday, 1 June 2014

'ਨਿਤਨੇਮ ਬਾਰੇ ਝੂਠ ਦਾ ਭਵਿੱਖ'
ਹਰਦੇਵ ਸਿੰਘ, ਜੰਮੂ


ਅਸੀਂ 30 ਸਾਲ ਪਹਿਲਾਂ ' ਦਰਬਾਰ ਸਾਹਿਬ' ਵਿਖੇ ਹੋਏ ਬਲੂ ਸਟਾਰ ਆਪ੍ਰੇਸ਼ਨ ਦੇ ਸਮੇਂ ਦੇ ਗਵਾਹ ਹਾਂ। ਲੱਖਾਂ ਹੀ ਸਿੱਖ ਐਸੇ ਹਨ ਜੋ ਕਿ ਉਸ ਦੌਰ ਦੇ ਚਸ਼ਮਦੀਦ ਗਵਾਹ ਹਨ ਜਿਨ੍ਹਾਂ ਦੇ ਜੀਵਨ ਕਾਲ ਵਿਚ ਉਹ ਸਾਕਾ ਵਾਪਰਿਆ। ਸਾਕੇ ਬਾਰੇ ਅਲਗ-ਅਲਗ ਰਾਏ ਹੋ ਸਕਦੀ ਹੈ, ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਬਲੂ ਸਟਾਰ ਆਪ੍ਰੇਸ਼ਨ ਹੋਇਆ ਹੀ ਨਹੀਂ ਸੀ, ਜਾਂ ਫਿਰ ਉਹ ਆਪ੍ਰੇਸ਼ਨ ਦਰਬਾਰ ਸਾਹਿਬ ਨਹੀਂ, ਬਲਕਿ ਦਿੱਲੀ ਵਿਚ ਹੋਇਆ ਸੀ।

ਯਾਨੀ ਅਤਿ ਵਿਸ਼ੇਸ਼ ਗੱਲਾਂ ਬਾਰੇ 30 ਸਾਲ ਬਾਦ ਵੀ, ਸਾਡੀ ਯਾਦਾਸ਼ਤ ਇਤਨੀ ਖਰਾਬ ਨਹੀਂ ਹੈ ਕਿ ਉਹ ਬਲੂਸਟਾਰ ਅਤੇ ਉਸਦੇ ਵਾਪਰਣ ਦੇ ਸਥਾਨ ਬਾਰੇ ਧੋਖਾ ਖਾ ਜਾਏ। ਕੀ ਕੋਈ ਅੱਜ ਇਹ ਭ੍ਰਮ ਪੈਦਾ ਕਰ ਸਕਦਾ ਹੈ ਕਿ 30 ਸਾਲ ਪਹਿਲਾਂ ਬਲੂ ਸਟਾਰ ਆਪੇਸ਼ਨ ਹੋਇਆ ਹੀ ਨਹੀਂ ਸੀ ? ਕੀ ਕੋਈ ਅੱਜ ਸਾਡੇ ਅੰਦਰ ਇਹ ਭ੍ਰਮ ਪੈਦਾ ਕਰ ਸਕਦਾ ਹੈ ਕਿ ਇਹ ਆਪ੍ਰੇਸ਼ਨ ਦਿੱਲੀ ਵਿਚ ਹੋਇਆ ਸੀ ? ਨਿਰਸੰਦੇਹ ਨਹੀਂ ! ਅੱਜ ਉਸ ਸਮੇਂ ਦੇ ਜਿੰਦਾ ਚਸ਼ਮਦੀਦਾਂ ਨੂੰ ਇਹ ਸਭ ਕਿਸੇ ਕਿਤਾਬ ਵਿਚ ਵੀ ਪੜਨ ਦੀ ਲੋੜ ਨਹੀਂ, ਕਿਉਂਕਿ ਉਸ ਸਮੇਂ ਨਾਲ ਜੁੜੀਆਂ ਵਿਸ਼ੇਸ਼ ਗੱਲਾ ਉਨ੍ਹਾਂ ਦੀ ਆਪਣੀ ਯਾਦ ਵਿਚ, ਪੱਕੇ ਤੌਰ ਤੇ, ਸੁਰਖਿਅਤ ਹਨ।

ਜੇ ਕਰ ਉਸ ਸਮੇਂ ਦੇ ਚਸ਼ਮਦੀਦ 40 ਕੁ ਸਾਲ ਹੋਰ ਜਿੰਦਾ ਰਹਿੰਦੇ ਹਨ, ਤਾਂ ਇਸਦਾ ਅਰਥ ਇਹ ਹੋਇਆ ਕਿ ਉਹ, ਬਲੂਸਟਾਰ ਬਾਰੇ, ਆਪਣੀ ਸਿੱਦੀ ਜਾਣਕਾਰੀ ਨੂੰ, 30+40=70 ਸਾਲ ਅੱਗੇ ਤਕ ਆਪ ਹੀ ਲੈ ਜਾਣ ਗੇ। ਹੁਣ ਸੁਭਾਵਕ ਰੂਪ ਵਿਚ ਉਸ 
ਦੌਰ ਦੇ ਚਸ਼ਮਦੀਦਾਂ ਦੇ ਕਈਂ ਬਾਲ-ਬੱਚੇ (ਜੋ ਕਿ ਉਦੋਂ ੧ ਜਾਂ ਦੋ ਸਾਲ ਦੇ ਸਨ) ਬਲੂਸਟਾਰ ਬਾਰੇ ਮਾਪਿਆਂ-ਰਿਸ਼ਤੇਦਾਰਾਂ ਤੋਂ ਮਿਲੀ ਇਸ ਜਾਣਕਾਰੀ ਨੂੰ, ਸਾਕਾ ਵਾਪਰਣ ਤੋਂ 85 ਕੁ ਸਾਲ ਤਕ ਅੱਗੇ ਲੈ ਜਾਂਣ ਗੇ।

ਇੱਥੇ ਹੀ ਬੱਸ ਨਹੀਂ! ਜੇ ਕਰ ਸਾਡੇ ਵਰਗੇ ਸਮੇਂ ਦੇ ਚਸ਼ਮਦੀਦਾਂ ਵਿਚੋਂ, ਕਿਸੇ ਦੇ ਘਰ 2014 ਵਿਚ ਪੋਤਾ ਪੈਦਾ ਹੋਇਆ ਹੈ, ਤਾਂ ਉਹ ਪੋਤਾ, ਇਹ ਜਾਣਕਾਰੀ ਗ੍ਰਹਿਣ ਕਰ, ਉਸ ਨੂੰ ਘਟਨਾ ਵਾਪਰਣ ਤੋਂ 110 ਸਾਲ ਅਤੇ ਆਪਣੇ ਬੱਚਿਆਂ ਰਾਹੀਂ 125 ਸਾਲ ਤੋਂ ਵੱਧ, ਸਮੇਂ ਤਕ ਲੈ ਜਾਏ ਗਾ।ਯਾਨੀ ਕਿ 'ਪਹਿਲੇ ਹੱਥ' ਤੋਂ ਦੂਜੇ, ਅਤੇ 'ਦੂਜੇ ਤੋਂ ਤੀਜੇ' ਹੱਥ ਤਕ ਵਿਸ਼ੇਸ਼ ਜਾਣਕਾਰੀ, ਪੁਖਤਾ ਰੂਪ ਵਿਚ ਘੱਟੋ-ਘੱਟ 125 ਸਾਲ ਅੱਗੇ ਦੇ ਸਮੇਂ ਤਕ ਪਹੁੰਚੇ ਗੀ।

ਇਹ ਵਿਗਿਅਨਕ ਜਿਹਾ ਵਿਸ਼ਲੇਸ਼ਣ ਹੈ ਜਿਸ ਤੋਂ ਕੋਈ ਸੂਝਵਾਨ ਮੁਨਕਰ ਨਹੀਂ ਹੋ ਸਕਦਾ। ਹਾਂ
ਜ਼ੁਬਾਨੀ  ਰੂਪ ਵਿਚ ਘਟਨਾ ਕ੍ਰਮ ਦੇ ਕਾਰਣਾਂ ਅਤੇ ਕਾਲਾਂਤਰ ਤਾਰੀਖਾਂ ਬਾਰੇ ਛੋਟੇ ਮੋਟੇ ਮਤਭੇਦ ਉਭਰ ਸਕਦੇ ਹਨ ਜਾਂ ਸਬੰਧਤ ਧਿਰ ਇਸ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਂਣ ਨਾਲ ਸਮਝ-ਲਿਖ ਸਕਦੇ ਹਨ।ਪਰ ਮੁੱਖ ਅਤੇ ਮੁੱਡਲੀ ਜਾਣਕਾਰੀ ਬਾਰੇ ਐਸਾ ਭੁੱਲੇਖਾ ਨਹੀਂ ਦਿੱਤਾ ਜਾ ਸਕਦਾ ਕਿ ਬਲੂਸਟਾਰ ਆਪ੍ਰੇਸ਼ਨ ਹੋਇਆ ਹੀ ਨਹੀਂ ਸੀ ਬਲਕਿ ਇਹ ਤਾਂ ਇਕ ਸ਼ੋਸ਼ਾ ਮਤਾਰ ਸੀ, ਜੋ ਸਿੱਖਾਂ ਦੇ ਗਲੇ ਐਵੇਂ ਹੀ ਪਾ ਦਿੱਤਾ ਗਿਆ ! ਜਾਂ ਫਿਰ ਇਹ ਤਾਂ ਦਿੱਲੀ ਹੋਇਆ ਸੀ ਪਰ ਸਿੱਖਾਂ ਵਿਚ ਭੁੱਲੇਖਾ ਪਾਉਂਣ ਲਈ ਇਸ ਨੂੰ ਦਰਬਾਰ ਸਾਹਿਬ ਹੋਇਆ ਪ੍ਰਚਾਰ ਦਿੱਤਾ ਗਿਆ! ਕੀ ਕੋਈ ਬਿਪਰ, ਫ਼ਾਦਰ ਜਾਂ ਮੋਲਵੀ ਐਸੇ ਝੂਠ ਨੂੰ ਸਾਡੇ ਤੋਂ ਕਬੂਲ ਕਰਵਾ ਸਕਦਾ ਹੈ? ਨਿਰਸੰਦੇਹ: ਨਹੀਂ!

ਇਸ ਸੰਖੇਪ ਵਿਚਾਰ ਉਪਰੰਤ ਹੁਣ ਅਸੀਂ ਦਸ਼ਮੇਸ਼ ਜੀ ਦੇ ਅਕਾਲ ਚਲਾਣੇ 1708 ਦੇ ਬਾਦ ਵਾਲੇ ਘੱਟਨਾ ਕ੍ਰਮ ਨੂੰ ਲੇਂਦੇ ਹਾਂ!

ਜ਼ਾਹਰ ਹੈ ਕਿ 1708 ਤੋਂ ਬਾਦ ਸਿੱਖੀ ਸੰਨ 2014 ਤਕ, ਗੇਂਦ ਵਾਂਗ ਟੱਪਾ ਖਾ ਕੇ ਨਹੀਂ ਪਹੁੰਚੀ, ਬਲਕਿ ਇਕ ਸਮੇਂ ਕਾਲ ਦੇ ਵਿਚੋਂ ਦੀ ਤੁਰਦੀ ਸਾਡੇ ਤਕ ਪਹੁੰਚੀ ਹੈ।ਪਰ ਕਈ ਸੱਜਣ ਤਾਂ 1708 ਬਾਦ ਸਿੱਖੀ ਦਾ ਆਰੰਭ, ਸਿਦਾ ਆਪਣੇ ਤੋਂ ਹੀ ਸਮਝਦੇ ਹਨ। ਖ਼ੈਰ! ਨਿਤਨੇਮ ਦੇ ਸੰਧਰਭ ਕੁਰਾਹੇ ਪਈ ਐਸੀ ਸੋਚ ਨੂੰ ਰਾਹੇ ਰਹਿਣ ਲਈ ਵਿਚ ਕੁੱਝ ਵਿਸ਼ਲੇਸ਼ਣ ਦੀ ਲੋੜ ਹੈ।


1708 ਵਿਚ ਦਸ਼ਮੇਸ਼ ਜੀ ਦਾ ਅਕਾਲ ਚਲਾਣਾ ਹੋਇਆ ਤਾਂ ਉਨ੍ਹਾਂ ਦੇ ਕਈਂ ਸਮਕਾਲੀ (ਉਸ ਵੇਲੇ ਦੇ 20 ਸਾਲਾ ਨੋਜਵਾਨ ਬੱਚੇ-ਬੱਚਿਆਂ) ਤਾਂ ਲੱਗਭਗ 1768 ਤਕ ਜੀਵਤ ਰਹੇ ਹੋਣਗੇ। ਭਾਈ ਮੰਨੀ ਸਿੰਘ ਜੀ ਦੀ ਸ਼ਹੀਦੀ 1738 ਵਿਚ ਹੋਈ ਤਾਂ ਸਪਸ਼ਟ ਹੈ ਕਿ  ਉਨ੍ਹਾਂ ਦੀ ਸ਼ਹੀਦੀ ਉਪਰੰਤ, ਸੰਨ 1765 ਦੇ ਆਸਪਾਸ, ਪੰਜਾਬ ਖੇਤਰ ਵਿਚ ਸਿੱਖਾਂ ਨੇ ਦੁਬਾਰਾ ਆਪਣਾ ਪ੍ਰਭਾਵ ਸਥਾਪਤ ਕਰ ਅਕਾਲ ਤਖ਼ਤ ਦੇ ਨਾਮ ਹੇਠ ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ, ਅਤੇ ਇਸ ਪ੍ਰਭਾਵ ਨੂੰ ਸਥਾਪਤ ਕਰਨ ਵਾਲਿਆਂ ਵਿਚੋਂ ਕਈਂ ਦਸ਼ਮੇਸ਼ ਜੀ ਦੇ ਸਮਕਾਲੀ ਸਿੱਖ ਵੀ ਸਨ ਅਤੇ ਬਹੁਤੇ ਸਮਕਾਲਿਆਂ ਦੀ ਪਹਿਲੀ ਪੀੜੀ ਸਨ। ਜਿਵੇਂ ਕਿ ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਜੋ ਕਿ 1697 ਵਿਚ ਦਸ਼ਮੇਸ਼ ਜੀ ਦੇ ਹੁੰਦਿਆਂ ਪੈਦਾ ਹੋਏ ਸੀ ਅਤੇ ਜੱਸਾ ਸਿੰਘ ਆਹਲੂਵਾਲਿਆ 1718 ਵਿਚ ਪੈਦਾ ਹੋਏ ਸੀ ਜੋ ਕਿ 1783 ਤਕ ਪੰਥਕ ਰਹਿਨੁਮਾਈ ਕਰਦੇ ਰਹੇ।

ਧਿਆਨ ਰਹੇ ਕਿ ਬੰਦਾ ਸਿੰਘ ਬਹਾਦਰ ਜੀ ਦਾ ਅਕਾਲ ਚਲਾਣਾ 1716 ਵਿਚ ਹੋਇਆ, ਅਤੇ ਉਸ ਤੋਂ 50 ਕੁ ਸਾਲ ਬਾਦ, ਪੰਜਾਬ ਵਿਚ ਸਿੱਖ ਪ੍ਰਭਾਵ ਦੁਬਾਰਾ ਸਥਾਪਤ ਹੋ ਗਿਆ ਸੀ, ਜਿਸ ਨੂੰ ਮਿਸਲ ਕਾਲ ਕਿਹਾ ਜਾਂਦਾ ਹੈ।ਇਹ ਉਹ ਸਮਾਂ ਸੀ ਜਿਸ ਵਿਚ ਸਿੱਖਾਂ ਦੇ ਗੁਰੂਕਾਲ ਦੇ ਜ਼ਿਆਦਾ ਨਜ਼ਦੀਕ ਅਤੇ ਜ਼ਿਆਦਾ ਸਮਰਪਤ ਹੋਣ ਦੀ ਗਲ ਸਵੀਕਾਰ ਕੀਤੀ ਜਾਦੀ ਹੈ।

ਐਸੀ ਸਥਿਤੀ ਵਿਚ, ਕੀ ਗੁਰੂ ਸਾਹਿਬਾਨ ਦੇ ਸਮਕਾਲੀ ਸਿੱਖਾਂ ਦੇ ਹੁੰਦੇ ਹੀ, ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਸੰਚਾਰ ਕ੍ਰਿਆ ਜਾਂ ਨਿਤਨੇਮ ਦੀਆਂ ਬਾਣਿਆਂ ਬਾਰੇ ਇਤਨਾ ਵੱਡਾ ਭੁੱਲੇਖਾ ਦਿੱਤਾ ਜਾ ਸਕਦਾ ਸੀ, ਕਿ ਸਿੱਖ ਇਤਨੇ ਅਹਿਮ ਕਾਰਜ ਲਈ ਬਾਹਰੀ ਅਤੇ ਅਣਜਾਣ-ਔਪਰਿਆਂ ਰੱਚਨਾਵਾਂ ਨੂੰ ਕਬੂਲ ਕਰ ਗਏ ?

ਉਸ ਵੇਲੇ ਸਿੱਖ ਇਤਨੇ ਹੀ ਅਵੇਸਲੇ ਜਾਂ ਭੁੱਲਕੜ ਹੁੰਦੇ ਤਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਮਾਤਰ 28 ਕੁ ਸਾਲ ਬਾਦ ਦੁਬਾਰਾ ਆਪਣਾ ਪ੍ਰਭਾਵ ਸਥਾਪਤ ਕਰਨ ਵਿਚ ਸਫ਼ਲ ਨਾ ਹੁੰਦੇ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ 28 ਸਾਲ ਬਾਦ ਸਿੱਖ ਪ੍ਰਭਾਵ ਦੀ ਪੁਨਰਸਥਾਪਨਾ ਇਹ ਸਿੱਧ ਕਰਦੀ ਹੈ ਕਿ ਸਿੱਖ ਮਾਨਸਿਕਤਾ ਆਪਣੇ ਧਰਮ ਪੱਖੋਂ ਕਦੇ ਵੀ ਧਾਰਾਸ਼ਾਈ ਨਹੀਂ ਸੀ ਹੋਈ, ਬਲਕਿ ਉਹ ਆਪਣੇ ਪੰਥਕ ਹਿਤਾਂ ਅਤੇ ਹੱਕਾਂ ਬਾਰੇ ਸੂਚੇਤ ਅਤੇ ਮਜ਼ਬੂਤ ਸੀ ਜਿਸ ਨੇ ਸ਼ਹਾਦਤਾਂ ਦੀਆਂ ਹਨੇਰੀਆਂ ਉਠਾਉਂਦੇ ਇਤਹਾਸ ਦਾ ਰੁਖ ਮੋੜੀਆ ਸੀ।

ਹਾਂ ਇਤਨਾ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਅਰਥਾਂ-ਭਾਵਅਰਥਾਂ ਬਾਰੇ ਵਿਚਾਰਕ ਮਤਭੇਦ ਹੋ ਸਕਦੇ ਹਨ ਜਿਵੇਂ ਕਿ ਅੱਜ ਵੀ ਵੇਖੇ ਜਾਂਦੇ ਹਨ।ਸਥਾਨਕ ਪੱਧਰ ਤੇ ਕਿਸੇ ਬਾਣੀ ਨੂੰ ਘੱਟ ਜਾਂ ਵੱਧ ਕਰਕੇ ਪੜਨ ਦਾ ਵੱਖਰੇਵਾਂ ਹੋ ਸਕਦਾ ਹੈ। ਪਰ ਇਕ ਗਲ ਸਪਸ਼ਟ ਹੈ ਕਿ ਨਾ ਤਾਂ ਅੱਜ ਕੋਈ ਅਣਜਾਣ ਅਤੇ ਔਪਰੀ ਰਚਨਾ ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਕ੍ਰਿਆ ਜਾਂ ਨਿਤਨੇਮ ਵਿਚ ਵਾੜੀ ਜਾ ਸਕਦੀ ਹੈ, ਨਾ ਹੀ ਉਦੋਂ ਵਾੜੀ ਕਾ ਸਕਦੀ ਸੀ। ਫਿਰ ਗੁਰੂ ਸਾਹਿਬ ਜੀ ਦੇ ਸਮਕਾਲੀਆਂ ਦੇ ਜਿੰਦਾ
ਹੁੰਦਿਆਂ  ਤਾਂ ਇਹ ਕੰਮ ਨਾਮੁਮਕਿਨ ਸੀ।

1665 ਉਪਰੰਤ ਅਸੀਂ ਪੁੱਜਦੇ ਹਾਂ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਜੀ ਦੇ ਸਮੇਂ ਵਿਚ! ਅਕਾਲੀ ਫ਼ੂਲਾ ਸਿੰਘ ਜੀ ਦਾ ਜਨਮ 1761 ਵਿਚ ਹੋਇਆ ਸੀ।

ਉਸ ਸਮੇਂ ਦੇ ਇਤਹਾਸ ਵਿਚ ਸਿੱਖਾਂ ਅੰਦਰ ਕਈਂ ਬਾਹਰੀ ਪ੍ਰਭਾਵ ਵੇਖਣ ਦੀ ਗਲ ਕੀਤੀ ਜਾਂਦੀ ਹੈ ਪਰ ਇਹ ਮੁਮਕਿਨ ਨਹੀਂ ਜਾਪਦਾ ਕਿ ਉਸ ਵੇਲੇ ਅੰਮ੍ਰਿਤ ਸੰਚਾਰ ਵੇਲੇ ਪੜਨ ਵਾਲਿਆਂ ਬਾਣੀਆਂ ਵਿਚ ਔਪਰੀਆਂ ਰਚਨਾਵਾਂ ਪਾ ਦਿੱਤੀਆਂ ਜਾਂਦੀਆਂ। ਭਾਈ ਮਨੀ ਸਿੰਘ ਤੋਂ ਅਕਾਲੀ ਫੂਲਾ ਸਿੰਘ ਜੀ ਵੇਲੇ ਵੱਖ-ਵੱਖ ਥਾਵਾਂ ਤੋਂ ਆਉਂਦੇ ਸੈਂਕੜੇ ਸਿੱਖ, ਸ਼੍ਰੀ ਅਕਾਲ ਤਖ਼ਤ ਸਾਹਿਬ ਖੰਡੇ ਬਾਟੇ ਦਾ ਅੰਮ੍ਰਿਤ ਛੱਕਦੇ ਸੀ।


ਅਕਾਲੀ ਫੂਲਾ ਸਿੰਘ ਜੀ ਦਾ ਅਕਾਲ ਚਲਾਣਾ ਸੰਨ 1823 ਵਿਚ ਵਿਚ ਹੋਇਆ। ਇਸ ਵੇਲੇ ਤਕ ਦੇ ਕਈਂ ਇਤਹਾਸਕ ਸਰੋਤਾਂ ਵਿਚ ਖੰਡੇ ਦੇ ਅੰਮ੍ਰਿਤ ਵੇਲੇ ਜਪੁ, ਆਨੰਦ ਨਾਲ ਜਾਪ ਆਦਿ ਪੜਨ ਦੇ ਪੁਖ਼ਤਾ ਲਿਖਤੀ ਸਬੂਤ ਮਿਲਦੇ ਹਨ।

ਅਕਾਲੀ ਫ਼ੂਲਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ 38 ਸਾਲ ਬਾਦ ਭਾਈ ਕਾ੍ਹਨ ਸਿੰਘ ਜੀ ਦਾ ਜਨਮ ਹੋਇਆ ਸੀ।ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਆਪਣੀਆਂ ਆਰੰਭਕ ਪੁਸਤਕਾਂ ਵਿਚ ਹੀ ਨਿਤਨੇਮ ਦੀਆਂ ਬਾਣੀਆਂ ਵਿਚ ਜਾਪ, ਚੋਪਈ ਅਤੇ ਸਵੈਯਾਂ ਨੂੰ ਸਿੱਖ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵੇਲੇ ਪੜੀਆਂ ਜਾਂਦੀਆਂ ਬਾਣੀਆਂ  ਕਰਕੇ ਦਰਜ ਕੀਤਾ ਸੀ।

ਪਾਠਕ ਇਕ ਗਲ ਹੋਰ ਧਿਆਨ ਵਿਚ ਰੱਖਣ ਕੀ ਭਾਈ ਕਾ੍ਹਨ ਸਿੰਘ ਜੀ ਤੋਂ 12 ਸਾਲ ਪਹਿਲਾਂ, ਸੰਨ 1849 ਵਿਚ ਪ੍ਰੋ. ਗੁਰਮੁੱਖ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਗਿਆਨੀ ਦਿੱਤ ਸਿੰਘ ਜੀ 1850 ਵਿਚ ਜਨਮੇ ਸੀ। ਸਿੱਘ ਸਭਾ ਲਹਿਰ ਦੇ ਇਨਾਂ ਮੋਢੀਆਂ ਨੂੰ ਵੀ ਨਿਤਨੇਮ ਵਿਚ ਜਪੁ, ਆਨੰਦ ਨਾਲ ਜਾਪੁ ਆਦਿ ਪੜਨ ਬਾਰੇ ਕੋਈ ਭੁੱਲੇਖਾ ਨਹੀਂ ਸੀ।

ਹੁਣ ਉਪਰੋਕਤ ਤੱਥਾਂ ਦੇ ਪਰਿਪੇਖ ਵਿਚ ਇਸ ਝੂਠੇ ਅਤੇ ਬੇ ਸਿਰ ਪੈਰ ਦੇ ਪ੍ਰਾਪੋਗੰਡੇ ਦਾ ਕੀ ਅਰਥ ਬੱਚਦਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਸਿੱਖ ਰਹਿਤ ਮਰਿਆਦਾ ਦੀ ਦੇਣ ਹਨ ਅਤੇ ਅੰਗ੍ਰੇਜ਼ਾਂ ਦੇ ਕਹਿਣ ਤੇ ਭਾਈ ਵੀਰ ਸਿੰਘ 1945 ਵਿਚ ਇਸ ਨਿਤਨੇਮ ਨੂੰ ਸਿੱਖਾਂ ਦੇ ਗੱਲ ਪਾ ਗਿਆ ?  

ਸੰਨ 1995-2005 ਵਿਚਕਾਰ ਇਸ ਪ੍ਰਾਪੋਗੰਡੇ ਦਾ ਆਰੰਭਕ ਕਾਰਣ ਸਿੱਖ ਪੰਥ ਵਿਚ ਦੁਫੇੜ ਖੜਾ ਕਰਨ ਦੀ ਮਾਨਸਿਕਤਾ ਸੀ ਜਿਸ ਦਾ ਵਾਯਰਸ ਸਿੱਖਾਂ ਵਿਚ ਛੱਡਿਆ ਗਿਆ। ਸੰਸਾਰ ਦੇ ਵਿਚ ਸਿਰਫ਼ ਇਕ ਸਿੱਖ ਕੌਮ ਹੀ ਹੈ ਜਿਸ ਵਿਚ ਦੁਫ਼ੇੜ ਪਾਉਂਣ ਦੀ ਕੋਈ ਸਾਜਸ਼ ਅਜੇ ਤਕ ਇਸ ਲਈ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਸਿੱਖ ਆਪਣੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ, ਖੰਡੇ ਬਾਟੇ ਦੇ ਅੰਮ੍ਰਿਤ, ਨਿਤਨੇਮ ਅਤੇ 'ਇਕ' ਕੇਂਦਰੀ ਪੰਥਕ ਬਨਾਵਟ ਬਾਰੇ ਅਵੇਸਲੇ ਨਹੀਂ ਰਹੇ। ਕੁੱਝ ਮੌਕਿਆਂ ਤੇ ਐਸੀ ਸਥਿਤੀ ਬਣਨ ਤੇ ਵੀ ਸਿੱਖਾਂ ਨੇ ਗੁਰੂ ਤੇ ਭਰੋਸੇ ਰਾਹੀਂ ਦੁਬਿਦਾਵਾਂ ਨੂੰ ਪਾਰ ਕੀਤਾ।ਹਾਲਾਂਕਿ ਬੁੱਧਮਤ ਇਕ ਨਾ ਰਹਿ ਪਾਇਆ, ਇਸਾਈ ਮਤ ਇਕ ਨਾ ਰਹਿ ਪਾਇਆ ਅਤੇ ਸ਼ਿਆ-ਸੁੰਨੀ ਦੁਫ਼ੇੜ ਬਾਰੇ ਅਸੀਂ ਜਾਣਦੇ ਹੀ ਹਾਂ।

ਹੁਣ ਸਿੱਖਾਂ ਵਿਚ ਵੱਖਰੇ ਪੰਥ ਖੜੇ ਕਰਨ ਦਾ ਛੱਡਿਆ ਗਿਆ ਵਾਯਰਸ ਕੁੱਝ ਸੱਜਣਾ ਦੀ ਆਪਣੀ ਨਾਸਮਝੀ ਕਾਰਨ ਪੈਰ ਪਸਾਰਨ ਦੇ ਜਤਨ ਵਿਚ ਹੈ। ਇਸ ਵਾਯਰਸ ਦੇ ਪੌਸ਼ਣ ਦੇ ਅੰਦਰ ਵਪਾਰਕ-ਚੋਧਰਾਹਟ ਦੀ ਰਾਜਨੀਤੀ ਵੀ ਹੈ ਜਿਸ ਨੇ ਚੰਦ ਭੋਲਿਆਂ ਨੂੰ ਕੁੱਝ ਚਿਰ ਵਾਸਤੇ ਆਪਣਾ ਸ਼ਿਕਾਰ ਵੀ ਬਣਾਇਆ ਹੈ। ਕੁੱਝ ਪ੍ਰਚਾਰਕਾਂ/ਲੇਖਕਾਂ ਨੇ ਹੁਣ ਇਸ ਨੂੰ ਇਕ ਧੰਧਾ ਬਣਾ ਲਿਆ।ਪਰ ਹੁਣ ਝੂਠ ਤੋਂ ਪਰਦੇ ਉੱਠ ਰਹੇ ਹਨ !

ਸਨਦ ਰਹੇ ਕਿ ਝੂਠ ਅਤੇ ਝੂਠ ਦਾ ਪ੍ਰਚਾਰ ਸੰਵਾਦਹੀਨਤਾ ਵਿਚ ਪੈਦਾ ਜ਼ਰੂਰ ਹੋ ਸਕਦਾ ਹੈ, ਪਰ ਸੱਚ ਦੇ ਸਨਮੁੱਖ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦਾ।ਇਹੀ ਝੂਠ ਦਾ ਸੱਚ ਹੈ ਅਤੇ ਇਹੀ ਉਸਦਾ ਭਵਿੱਖ ਹੈ !

ਹਰਦੇਵ ਸਿੰਘ, ਜੰਮੂ-੦੧.੦੬.੨੦੧੪

Saturday, 24 May 2014



ਕਰੋੜ  ਦਾ ਇਨਾਮ  ਗੁਰਮਤਿ ਦੀ ਕਸਵਟੀ ਤੇ'
ਹਰਦੇਵ ਸਿੰਘ,ਜੰਮੂ


ਆਧੁਨਿਕ ਦੌਰ ਦੇ ਆਰੰਭਕ ਦਹਾਕਿਆਂ ਵਿਚ 'ਸਿੱਘ ਸਭਾ ਲਹਿਰ' ਚਲੀ ਪ੍ਰੋ. ਗੁਰਮੁਖ ਸਿੰਘ, ਭਾਈ ਕਾ੍ਹਨ ਸਿੰਘ ਨਾਭਾ,ਗਿਆਨੀ ਗੁਰਦਿੱਤ ਸਿੰਘ,ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਪ੍ਰਿ. ਤੇਜਾ ਸਿੰਘ ਆਦਿ ਵਿਲੱਖਣ ਵਿਦਵਾਨ ਸੱਜਣਾਂ ਨੇ ਗੁਰਮਤਿ ਬਾਰੇ ਵਿਚਾਰ ਪ੍ਰਗਟ ਕੀਤੇਅੱਜ ਪੰਥਕ ਵਿਚਾਰ ਹਲਕਿਆਂ ਵਿਚ ਉਨ੍ਹਾਂ ਵਿਦਵਾਨਾਂ ਦੇ ਭਾਰੀ ਯੋਗਦਾਨ ਨੂੰ ਸਨਮਾਨ ਸਹਿਤ ਸਵੀਕਾਰ ਕੀਤਾ ਜਾਂਦਾ ਹੈਖੈਰ, ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ ਇਨ੍ਹਾਂ ਵਿਦਵਾਨਾਂ ਨਾਲ ਜੁੜੇ ਇਕ ਵਿਸ਼ੇਸ਼ ਪੱਖ ਦੀ ਵਿਚਾਰ ਕਰਦੇ ਇਹ ਸਮਝਣ ਜਾ ਜਤਨ ਕਰਾਂਗੇ ਕਿ ਅੱਜ ਕਈਂ ਥਾਂ ਕੀ ਵਾਪਰ ਰਿਹਾ ਹੈ ?

ਇਕ ਲਿਖਾਰੀ ਨੇ ਆਪਣੀ ਗੱਲ ਲਿਖੀ ਤਾਂਸ਼ਰਤ ਵਜੋਂ ਕਰੋੜ ਦਾ ਇਨਾਮ’ ਰੱਖ ਦਿੱਤਾ ਕਿ;ਜੋ ਵੀ ਮੇਰੀ ਗਲ ਗਲਤ ਸਾਬਤ ਕਰੇ ਉਹ ਕਰੋੜ ਦਾ ਇਨਾਮ ਲੈ ਜਾਏ ! ਬਿਬੇਕ-ਦਲੀਲ ਨਾਲ ਵਿਚਾਰ ਪੇਸ਼ ਕਰਨਾ ਮਾੜੀ ਗਲ ਨਹੀਂ ਪਰ ਕਰੋੜ ਦੀ ਸ਼ਰਤ ਦਾ ਕੀ ਭਾਵਅਰਥ ? ਮੈਂ ਬੇਨਤੀ ਕੀਤੀ ਕਿ ਵੀਰ ਜੀ ਆਪਣੀ ਗਲ ਜ਼ਰੂਰ ਕਹੋ ਪਰ ਚੰਗੇ ਬਿਬੇਕੀ ਤਰਕ ਦੇ ਆਸਰੇ ਕਹੋ, ਨਾ ਕਿ ਇੱਕ ਮੋਟੀ ਖ਼ਿਆਲੀ ਰਕਮ ਦੇ ਆਸਰੇ ! ਕੋਂਣ ਸੂਝਵਾਨ ਲਾਲਚੀ  ਦਾ  ਲੇਬਲ ਲਗਵਾ ਚਰਚਾ ਕਰਨ ਲਈ ਆਏਗਾ ? ਨਾ ਲੱਭਣਾ ਪੈਸਾ ਨਾ ਰਹਿਣੀ ਇੱਜ਼ਤ !

ਜ਼ਰਾ ਵਿਚਾਰ ਕਰੀਏ ਕਿ ਕੀ ਸਿੱਖ ਹੁਣ ਪੈਸੇ ਲਈ ਲਾਟਰੀਨੂਮਾਂ ਸੰਵਾਦ ਕਰਿਆ ਕਰਨ ਗੇ ? ਫਿਰ ਪੋਸਟਰ ਵੀ ਛੱਪਵਾ ਲਏ ਜਿਵੇਂ ਚੰਬਲ ਦੇ ਡੀ.ਸੀ. ਨੇ ਡਾਕੂ ਗੱਬਰ ਸਿੰਘ ਨੂੰ ਪਕੜਨ ਲਈ ਇਨਾਮ ਰੱਖਿਆ ਹੋਵੇ! ਕਰੋੜ ਇਨਾਮ ਰੱਖਣ ਦਾ ਮਕਸਦ ਹੀ ਸੂਝਵਾਨਾਂ ਨਾਲ ਸੰਵਾਦ ਤੋਂ ਭੱਜਣਾ ਹੈ ਭਲਾ ਸਿੱਧ ਗੋਸ਼ਿਟ ਸ਼ਰਤ ਲਗਾ ਕੇ ਹੋਈ ਸੀ ? ਗੁਰਮਤਿ ਦੀ ਕਸਵਟੀ ਸੰਵਾਦ ਵਿਚ ਪੈਸੇ ਦੀ ਸ਼ਰਤ ਲਗਾਉਂਣ ਦੀ ਇਜਾਜ਼ਤ ਦਿੰਦੀ ਹੈ ? ਇਨਾਮ ਰੱਖਣ ਵਾਲੇ ਨੂੰ ਇਸ ਪੱਖੋਂ ਆਪ ਗੁਰਮਤਿ ਦੀ ਸਮਝ ਨਹੀਂ !

ਖ਼ੈਰ, ਆਰੰਭ ਵਿਚ ਦਰਸਾਏ ਵਿਦਵਾਨਾਂ ਨੇ ਚਿੰਤਨ ਕਰਦੇ ਕਦੇ ਪੈਸੇ ਦੀਆਂ ਸ਼ਰਤਾਂ ਨਹੀਂ ਸੀ ਲਾਈਆਂ, ਕਿਉਂਕਿ ਕਿਸੇ ਸੂਝਵਾਨ  ਵਿਦਵਾਨ ਲਈ ਇੰਝ ਦਾ ਕੰਮ ਸੋਭਦਾ ਨਹੀਂਇਹ ਢੰਗ ਐਸੇ ਵਿਚਾਰਕ ਜੁਏ ਦਾ ਪ੍ਰਭਾਵ ਦੇ ਸਕਦਾ ਹੈ, ਜਿਸ ਦਾ ਪਾਸਾ ਪੁੱਠਾ ਪੈ ਜਾਏ ਤਾਂ ਅਨਰਥ ਵਾਪਰ ਸਕਦਾ ਹੈ ਅਸਲਿਅਤ ਇਹ ਕਿ ਕਰੋੜ ਨਾ ਕਿਸੇ ਨੇ ਦੇਣਾਂ ਤੇ ਨਾ ਕਿਸੇ ਨੂੰ ਮਿਲਣਾ ਹੈ, ਕਿਉਂਕਿ ਇਨਾਮ ਰੱਖਣ ਵਾਲੇ ਨੂੰ ਪਤਾ ਹੈ ਕਿ; ਮੈਂ ਕਦੇ ਮੰਨਣਾ ਹੀ ਨਹੀਂ ਤਾਂ ਸ਼ਰਤ ਦੀ ਰਕਮ ਦਾ ਭੁਗਤਾਨ ਕੈਸਾ ?

ਪਰ
ਪੈਸੇ ਦੀ ਹਕੀਕਤ ਤੋਂ ਪਰੇ ਕਰੋੜ ਦਾ ਪ੍ਰਭਾਵ ਹੁੰਦਾ ਹੈਇਤਨਾ ਪ੍ਰਭਾਵ ਕਿ ਕਿਸੇ ਦੀ ਚੰਗੀ ਭਲੀ ਮਤਿ ਨੂੰ ਮਾਰ ਵੀ ਸਕਦਾ ਹੈ ਆਮ ਸੁਣਨ ਵਾਲਾ ਤੱਥ ਤੋਂ ਵੱਧ, ਰਕਮ ਤੋਂ ਪ੍ਰਭਾਵਤ ਹੋ, ਸ਼ਰਤ ਲਗਾਉਂਣ ਵਾਲੇ ਨੂੰ ਭਾਰੀ ਗਿਆਨਵਾਨ ਸਮਝ ਲੇਂਦਾ ਹੈਐਸਾ ਗਿਆਨਵਾਨ, ਜਿਸ ਨੇ, ਜਿਵੇਂ ਕੌਮ ਖ਼ਾਤਰ, ਆਪਣਾ ਸਾਰਾ ਪੈਸਾ ਕੁਰਬਾਨੀ ਤੇ ਲਗਾ ਦਿੱਤਾ ਹੋਵੇ

ਇਹ ਮਜ਼ਾਕ ਦੀ ਨਹੀਂ ਬਲਕਿ ਗੰਭੀਰਤਾ ਨਾਲ ਵਿਚਾਰਨ ਦੀ ਗਲ ਹੈ ਕਿ ਅਗਰ ਕਿਸੇ ਦਿਨ, ਕਿਸੇ ਹੋਰ ਨੇ ਪ੍ਰਭਾਵ ਜਮਾਉਂਣ ਲਈ, ਦੇ ਉੱਪਰ ੫੦ ਕਰੋਭ ਦੀ ਸ਼ਰਤ ਲਗਾ ਕੇ ਇਹ ਕਹਿ ਦਿੱਤਾ, ਕਿ ਫ਼ਲਾਂ ਗ੍ਰੰਥ ਸਾਰੇ ਦਾ ਸਾਰਾ ਗੁਰੂ ਕ੍ਰਿਤ ਹੈ ਤਾਂ ਕੀ ਹੋਵੇਗਾ? ਗਲ ੫੦ ਕਰੋੜ ਵਾਲੇ ਨੇ ਵੀ ਉਹੀ ਕਰਨੀ ਹੈ ਕਿ; ਮੈਂ ਕਦੇ ਮੰਨਣਾ ਹੀ ਨਹੀਂ ਤਾਂ ਸ਼ਰਤ ਦੀ ਰਕਮ ਦਾ ਭੁਗਤਾਨ ਕੈਸਾ?  ਵਸਤੂਆਂ ਦੀ ਨਿਲਾਮੀ ਹੋਵੇ ਤਾਂ ਰਕਮ ਕਿਸੇ ਹੱਦ ਤਕ ਰੁਕ ਜਾਂਦੀ ਹੈ, ਪਰ ਵਿਚਾਰਕ ਹਉਮੇ ਨੂੰ ਪੱਠੇ ਪਾਉਂਦੀ ਸ਼ਰਤ ਦੀ ਰਕਮ ਕਿੱਧਰੇ ਨਹੀਂ ਰੋਕੀ ਜਾ ਸਕਦੀਕੋਈ ਕਰੋੜ ਕਹੇ ਭਾਵੇਂ ੫੦! ਕਿਹੜਾ ਕਿਸੇ ਦੀ ਜੇਬ ਵਿਚੋਂ ਕੁੱਝ ਜਾਣਾ ਹੈ ?

ਪਰ ਕੀ ਸਿੱਖ ਕੌਮ ਹੁਣ ਜੁਆਰੀਆਂ ਵਾਂਗ ਪੈਸੇ ਦੀਆਂ ਸ਼ਰਤਾਂ ਲਗਾਉਂਣ ਵਾਲੇ ਚਿੰਤਕ ਪੈਦਾ ਕਰੇਗੀ ? ਕੀ ਸਿੱਖ ਕੌਮ ਹੁਣ ਸ਼ਰਤਾਂ ਦੀ ਰਕਮਾਂ ਤੋਂ ਪ੍ਰਭਾਵਤ ਹੋ ਜਾਣ ਵਾਲੇ ਪਾਠਕ ਪੈਦਾ ਕਰੇਗੀ ? ਜ਼ਰਾ ਵਿਸ਼ਵ ਪੱਧਰ ਦੇ ਵਿਦਵਾਨਾਂ ਨੂੰ ਵਿਚਾਰ ਦੇ ਇਸ ਢੰਗ ਬਾਰੇ ਪੁੱਛੋ ਤਾਂ ਉਹ ਸੁਣ ਕੇ ਹੱਸਣ ਗੇ

ਭਾਈ ਹੋਸ਼ ਕਰਦੇ ਗਲ ਬਿਬੇਕ ਅਤੇ ਸੁਚੱਜੀ ਦਲੀਲ ਨਾਲ ਪੇਸ਼ ਕਰੋ! ਪੈਸੇ ਦੀਆਂ ਸ਼ਰਤਾਂ ਮੁੰਹ ਦੇ ਬਜਾਏ ਦਿਮਾਗ ਵਿਚ ਪਾਣੀ ਭਰ ਸਕਦੀਆਂ ਹਨਦੂਜੇ ਪਾਸੇ ਕੋਈ ੧੦੦ ਕਰੋੜ ਦੀ ਸ਼ਰਤ ਲਗਾ ਬੈਠਾ ਤਾਂ ਕੀ ਕਹਾਂਗੇ  ? ਅਧਿਆਤਮਕ ਚਿੰਤਨ ਖੇਤਰ ਵਿਚ ਪੈਸੇ ਦੀ ਸ਼ਰਤ ਮਾਣ ਦੀ ਨਹੀਂ ਬਲਕਿ ਸ਼ਰਮ ਕਰਨ ਦੀ ਗਲ ਹੈ ਗੁਰਮਤਿ ਦੀ ਕਸਵਟੀ ਸੰਵਾਦ ਵਿਚ ਪੈਸੇ ਦੀ ਸ਼ਰਤ ਲਗਾਉਂਣ ਦੀ ਇਜਾਜ਼ਤ ਨਹੀਂ ਦਿੰਦੀਇਨਾਮ ਰੱਖਣ-ਪ੍ਰਚਾਰਣ ਵਾਲਿਆਂ ਨੂੰ ਇਸ ਪੱਖੋਂ ਆਪ ਗੁਰਮਤਿ ਦੀ ਸਮਝ ਨਹੀਂ

ਹਰਦੇਵ ਸਿੰਘ,ਜੰਮੂ-੨੪.੦੫.੨੦੧੪