Wednesday, 10 April 2019

Sunday, 3 February 2019


ਕੁਦਰਤੀ ਨਿਯਮ, ਨੀਂਦ ਅਤੇ ਭਾਈ ਰਣਜੀਤ ਸਿੰਘ ਜੀ ਦੱਡਰੀਆਂ ਵਾਲੇ 



 
ਹਰਦੇਵ ਸਿੰਘ, ਜੰਮੂ


  

ਗੁਰੂ ਨਾਨਕ ਜੀ ਨੇ ਕਿਹਾ ਕਿ ਹਰ ਵਸਤ ਪ੍ਰਭੂ ਦੇ ਹੁੱਕਮ ਵਿਚ ਹੈ ਪਰ ਸਾਡੀ ਸਮੱਸਿਆ ਇਹ ਹੈ ਕਿ ਅੱਜਕਲ ਸਿੱਖ ਕੁਦਰਤੀ ਨਿਯਮਾਂ ਤੋਂ ਬਾਹਰ ਹੋ ਗਏ ਦੱਸੇ ਜਾਂਦੇ ਹਨ ਸਾਡੇ ਵਿਚ ਤਾਂ ਕੁਦਰਤੀ ਨਿਯਮ ਤਾਂ ਜਿਵੇਂ ਸ਼ੀਸੇ ਹੋ ਗਏ ਹਨ ਅਤੇ ਝੱਪ-ਪੱਟ ਹਰ ਗਲ ਤੇ ਟੁੱਟ ਜਾਂਦੇ ਹਨ ! ਬੜੀ ਗੰਭੀਰ ਗਲ ਹੈ ਕਿਉਂਕਿ ਜਿਹੜਾ ਬੰਦਾ ਕੁਦਰਤ ਦੇ ਹੁਕਮ ਦੇ ਕੰਟਰੋਲ ਵਿਚ ਹੀ ਨਹੀਂ ਉਹ, ਹੁਕਮ ਤੋਂ ਬਾਹਰ ਆਕੇ, ਹੁਕਮ ਦੀ ਰਜ਼ਾ ਵਿਚ ਕਿਵੇਂ ਚੱਲੇਗਾ ? ਵੇਖੋ ਜ਼ਰਾ ਕਿ ਆਸਾ ਦੀ ਵਾਰ ਵਿਚ ਕੋਣ ਕੁਦਰਤ ਦੇ ਅੰਦਰ ਅਤੇ ਕੋਣ ਬਾਹਰ ਹੈ ? ਸਵਾਲ ਗੰਭੀਰ ਹੈ, ਪਰ ਇਸ ਲੇਖ ਵਿਚ, ਕੇਵ
ਲ ਭਾਈ ਰਣਜੀਤ ਸਿੰਘ ਜੀ ਦੇ ਇਸ ਵਿਚਾਰ ਦੀ ਵਿਚਾਰ ਕਿ; ਸਵੇਰੇ ਜਲਦੀ ਉੱਠ ਜਾਣ ਨਾਲ ਕੁਦਰਤੀ ਨਿਯਮ ਦੀ ਉੱਲੰਗਣਾਂ ਹੁੰਦੀ ਹੈ! ਵਿਸ਼ਾ ਵੱਡਾ ਹੈ ਪਰ ਆਉ ਇਸ ਕਥਨ ਨੂੰ ਕੁੱਝ ਸੰਖੇਪ ਗਲਾਂ ਰਾਹੀਂ ਵਿਚਾਰਨ ਦਾ ਜਤਨ ਕਰਦੇ ਹਾਂ! 


ਪਹਿਲੀ ਗਲ ਇਹ ਸਵੇਰ ਦੇ ਸਮੇਂ (ਅੰਮ੍ਰਿਤ ਵੇਲਾ) ਗੁਰਬਾਣੀ ਪੜਨ-ਸੁਣਨ ਦਾ ਆਪਣਾ ਮਹੱਤਵ ਹੈ ਅਤੇ ਆਪਣੇ ਸੰਧਰਭ ਵਿਚ ਇਹ ਬਹੁਤ ਜ਼ਰੂਰੀ ਵੀ ਹੈ। ਇਸ ਨਾਲ ਇਕਾਗਰਤਾ ਅਤੇ ਅਨੁਸ਼ਾਸਨ ਬਣਦਾ ਹੈ ਜਿਸ ਲਈ ਨੀਂਦ ਤੋਂ ਜਾਗਣਾ ਪੇਂਦਾ ਹੈ। ਬਾਕੀ ਜੀਵਨ ਦਾ ਸਮਾਂ ਤਾਂ ਸਿੱਖ ਲਈ ਅੰਮ੍ਰਿਤ ਦਾ ਸਮਾਂ ਹੈ ਹੀ ਪਰ ਇਸਦਾ ਅਰਥ ਇਹ ਨਹੀਂ ਕਿ ਜੀਵਨ ਵਿਚ ਬਚਪਨ,ਜਵਾਨੀ ਅਤੇ ਬੁੜੇਪੇ ਦੇ ਸਮੇਂ ਦੀ ਵੰਡ ਨਹੀਂ ਹੁੰਦੀ। ਇੰਝ ਹੀ ਦਿਨ ਅਤੇ ਰਾਤ ਵਿਚ ਵੀ ਸਮੇਂ ਦੀ ਵੰਡ ਹੈ, ਇਨਸਾਨ ਵਲੋਂ ਵੀ ਅਤੇ ਕੁਦਰਤ ਵਲੋਂ ਵੀ। ਕੋਈ ਉੱਠ ਸਕੇ ਜਾਂ ਨਾ, ਸਵੇਰ ਨੇ ਤਾਂ ਸਵੇਰ ਨੂੰ ਹੀ ਹੋਣਾ ਹੈ। ਹਾਂ "ਜਬ ਜਾਗੇ ਤਬ ਹੀ ਸਵੇਰਾ" ਵਰਗੀ ਗਲ/ਕਹਾਵਤ ਦਾ ਭਾਵ ਅਰਥ ਹੋਰ ਹੈ।



ਦੂਜੀ ਗਲ ਇਹ ਕਿ ਨੀਂਦ, ਸਰੀਰਕ ਘੜੀ ਦਾ ਇਕ ਸਮਾਂ ਹੁੰਦਾ ਹੈ ਅਤੇ ਇਹ ਸਮਾਂ ਬੜੇ ਕਮਾਲ ਦਾ ਹੈ। ਨੀਂਦ ਵਿਚ ਸੁੱਤਾ ਬੰਦਾ ਕਿਸੇ ਦਾ ਵੈਰੀ ਨਹੀਂ ਹੁੰਦਾ। ਸਮੱਸਿਆਵਾਂ ਤਾਂ ਜਾਗਣ ਬਾਦ ਹੀ ਖੜੀਆਂ ਹੁੰਦੀਆਂ ਹਨ। ਨੀਂਦ 'ਵਿਚ' ਬੰਦਾ 'ਹਉਮੇ' ਤੋਂ ਬਾਹਰ ਹੁੰਦਾ ਹੈ, ਪਰ ਜਾਗਦੇ ਹੀ ਵੈਰੀ ਅਤੇ ਬੇਗਾਨਾ! ਕੂੜੀ ਰਾਸ ਨਾਲ ਕੂੜ ਦਾ ਵਪਾਰ ਕਰਨ ਨੂੰ ਤਿਆਰ!! ਪਰੇਸ਼ਾਨ ਕਰਨ ਅਤੇ ਪਰੇਸ਼ਾਨ ਹੋਣ ਨੂੰ ਤਿਆਰ!!! ਇਸ ਪੱਖੋਂ ਜਾਗਣ ਦਾ ਸਮਾਂ ਗੁਰਬਾਣੀ ਪੜਨ-ਸੁਣਚ-ਵਿਚਾਰਣ ਨਾਲ ਆਰੰਭ ਹੋਵੇ ਤਾਂ ਚੰਗੀ ਹੀ ਗਲ ਹੈ। ਬੰਦੇ ਦੀ ਸੋਚ ਠੀਕ ਕਰਨ ਲਈ ਇਹ ਅਭਿਆਸ ਚੰਗਾ ਹੀ  ਹੈ। ਖ਼ੈਰ ਇੱਥੇ ਵਿਚਾਰ ਕੇਵਲ ਨੀਂਦ ਅਤੇ ਜਲਦੀ ਜਾਗਣ ਨਾਲ, ਕੁਦਰਤੀ ਨਿਯਮ ਭੰਗ ਹੋ ਜਾਣ ਬਾਰੇ ਦਿੱਤੇ ਗਏ ਵਿਚਾਰ ਦੀ ਹੈ।


ਸੁਭਾਵਕ ਗਲ ਤਾਂ ਇਹੀ ਜਾਪੇਗੀ  ਕਿ ਜਿਸ ਸਮੇਂ ਨੀਂਦ ਆਏ ਸੋ ਜਾਉ ਅਤੇ ਜਾਗ ਖੁੱਲੇ ਤਾਂ ਜਾਗ ਜਾਉ! ਮਰਜੀ ਹੈ, ਅਤੇ ਅਜਿਹੇ ਸਮੇਂ ਵਿਚ ਕਿਸੇ ਨੂੰ ਕੀ ਤਕਲੀਫ਼ ? ਕੀ ਬੰਦਾ ਆਪਣੀ ਮਰਜ਼ੀ ਜਿਨ੍ਹਾਂ ਸੋ ਵੀ ਨਹੀਂ ਸਕਦਾ ? ਇਹ ਸਵਾਲ ਉਤਨਾ ਹੀ ਦਿਲਚਸਪ ਹੈ ਜਿਤਨਾ ਕਿ ਇਹ ਸਵਾਲ; ਕੀ ਬੰਦਾ ਆਪਣੀ ਮਰਜ਼ੀ ਨਾਲ ਜਾਗ ਵੀ ਨਹੀਂ ਸਕਦਾ ? ਇਨ੍ਹਾਂ ਦੋਹਾਂ ਕ੍ਰਿਆਵਾਂ ਵਿਚ ਕਿਸੇ ਨੂੰ ਦਖ਼ਲ ਦੇਣ ਦੀ ਕੀ ਲੋੜ ਹੈ ? ਹੁਣ ਜੇ ਕਰ ਮੈਂ ਰੋਜ਼ ਰਾਤ ਦੇ ਚਾਰ ਵੱਜੇ ਸੋਵਾਂ ਅਤੇ ਸਵੇਰੇ ਅੱਠ ਵੱਜੇ ਜਾਗਣ ਲੱਗ ਜਾਂਵਾਂ ਤਾਂ ਕਿਸੇ ਨੂੰ  ਕੀ ਤਕਲੀਫ਼ ? ਕਿਸੇ ਨੂੰ ਨਹੀਂ, ਸਿਵਾ ਮੇਰੇ ਸਰੀਰ ਦੇ ਜਾਂ 'ਉਨ੍ਹਾਂ' ਦੇ ਜੋ ਮੇਰੇ ਠੀਕ ਰਹਿੰਣ ਦੀ ਕਾਮਨਾ ਰੱਖਦੇ ਹਨ! ਜਾਹਰ ਜਿਹੀ ਗਲ ਹੈ ਕਿ ਜਾਗਣ ਦਾ ਸਮਾਂ ਸੋਣ ਦੇ ਸਮੇਂ ਨਾਲ ਜੂੜੀਆ ਹੁੰਦਾ ਹੈ। 


ਤੀਜੀ ਗਲ ਇਹ ਕਿ ਨੀਂਦ ਦੇ ਸਮੇਂ ਨੂੰ ਕਈਂ ਸਥਿਤੀਆਂ ਪ੍ਰਭਾਵਤ ਕਰਦੀਆਂ ਹਨ ਮਸਲਨ: ਮਾਨਸਕ ਸਥਿਤੀ, ਰੋਜ਼ਗਾਰ ਦੀ ਸਥਿਤੀ ਆਦਿ! ਨੀਂਦ ਤੋਂ ਜਾਗਣ ਦਾ ਸਮਾਂ ਉਹ ਹੁੰਦਾ ਹੈ ਜਦ ਕਿ ਨੀਂਦ ਸਮਾਪਤ ਹੋ ਜਾਏ। ਇਹ ਸਮਾਪਤੀ ਬੰਦੇ ਦੀ ਆਦਤ, ਇੱਛਾ ਸ਼ਕਤੀ ਅਤੇ ਉਸਦੀ ਮਾਨਸਿਕ ਸਥਿਤੀ ਤੇ ਵੀ ਨਿਰਭਰ ਕਰਦੀ ਹੈ। ਕੁਦਰਤ ਵਿਚ  ਰੋਸ਼ਨੀ (ਦਿਨ) ਅਤੇ ਰਾਤ (ਅੰਧਕਾਰ) ਪ੍ਰਬੰਧ ਦੀ ਇਸ ਸਮੇਂ ਨਾਲ ਅਤਿ ਡੂੰਗੀ ਸਾਂਝ ਹੈ। ਥੋੜਾ ਧਿਆਨ ਦੇਣ ਨਾਲ ਜਾਪਦਾ ਹੈ ਕਿ ਨੀਂਦ ਅਤੇ ਜਾਗਣ ਦਾ ਵਿਸ਼ਾ ਉਤਨਾ ਆਸਾਨ ਨਹੀਂ ਜਿਤਨਾ ਕਿ ਅਸੀਂ ਸਮਝਦੇ ਹਾਂ।ਇਹ ਸਰੀਰ ਦੇ ਜੈਵ ਚੱਕਰ ਦੀ ਲਯਬੱਧਤਾ ਦਾ ਨਿਯਮ ਹੈ ਜਿਸ ਦੀ ਸਮਝ ਲਾਹੇਵੰਦ ਹੋ ਸਕਦੀ ਹੈ। 

ਭਾਈ ਸਾਹਿਬ ਕਹਿੰਦੇ ਹਨ ਕਿ ਸਵੇਰੇ ਉੱਠਣਾ ਕੁਦਰਤੀ ਨਿਯਮ ਦੀ ਉਲੱਗਣਾਂ ਹੈ। ਕਿਸੇ ਵਿਸ਼ੇ ਬਾਰੇ ਕੁੱਝ ਵਿਚਾਰ-ਅਸਹਿਮਤੀ ਹੋ ਸਕਦੀ ਹੈ ਪਰ ਕਿਸੇ ਦੇ ਜਲਦੀ ਜਾਗਣ ਵਿਚ ਕੁਦਰਤੀ ਨਿਯਮ ਭੰਗ ਹੋ ਜਾਣ ਦੀ ਗਲ ਕਿੱਥੋਂ ਆ ਗਈ ? ਚਲੋ ਪੰਜਾਬ ਦੇ ਡੇਰੇਦਾਰ ਇਸ ਪੱਖੋਂ ਗਿਆਨਹੀਨ ਹਨ ਪਰ ਅਮਰੀਕਾ ਦੇ ਉਸ ਬੰਦੇ ਨੂੰ ਕੀ ਕਹੀਏ ਜਿਸਦਾ ਨਾਮ ਬੈਂਜ਼ਾਮਿਨ ਫ੍ਰੇਂਕਲਿਨ ਸੀ ? ਉਸ ਨੇ ਕਿਹਾ ਕਿ ਜਲਦੀ ਸੋਣਾ ਅਤੇ ਜਲਦੀ ਜਾਗਣਾ ਬੰਦੇ ਨੂੰ ਤੰਦਰੂਸਤ ਅਤੇ ਅਕਲਮੰਦ ਬਣਾਉਂਦਾ ਹੈ। ਜ਼ਾਹਰ ਜਿਹੀ ਗਲ ਹੈ ਕਿ ਮਾਨਸਿਕ ਅਤੇ ਸਰੀਰਕ ਤੰਸਰੂਸਤੀ ਕਾਯਮ ਰੱਖਣ ਵਾਲਾ ਸੱਜਣ ਅਕਲਮੰਦ ਹੀ ਕਿਹਾ ਜਾਏ ਗਾ। ਨਾਲ ਹੀ ਸੰਸਾਰ ਦੇ ਉਨ੍ਹਾਂ ਵਿਗਿਆਨੀਆਂ ਨੂੰ ਕੀ ਕਹੀਏ ਜਿਨਾਂ੍ਹ ਨੀਂਦ ਦੇ ਸਮੇਂ ਚੱਕਰ ਅਤੇ ਸਰੀਰਕ ਸੇਹਤ ਤੇ ਉਸ ਦੇ ਮਹੱਤਵਪੂਰਣ ਪ੍ਰਭਾਵ ਨੂੰ ਕੁਦਰਤੀ ਨੇਮਾਂ ਅਨੁਸਾਰ ਜਾਂਚਿਆ ਹੈ ?


ਖ਼ੈਰ ਜੇ ਕਰ ਸਵੇਰੇ ਆਉਂਦੀ ਹੋਈ ਨੀਂਦ ਨੂੰ ਅਨੁਸ਼ਾਸਤ ਕਰਨਾ ਕੁਦਰਤੀ ਨਿਯਮ ਦਾ ਉਲੰਘਣ ਹੈ ਤਾਂ ਆਉਂਦੇ ਕਾਮ-ਕ੍ਰੋਧ, ਲੋਭ ਜਾਂ ਅਹੰਕਾਰ ਨੂੰ ਦਬਾਣਾ ਕੁਦਰਤੀ ਨਿਯਮ ਨਹੀਂ ਦਾ ਉਲੰਘਣ ਨਹੀਂ ? ਵਿਸ਼ੇਸ਼ ਸਥਿਤੀਆਂ ਨੂੰ ਛੱਡ ਕੇ, ਸੋਣ ਅਤੇ ਜਾਗਣ ਨੂੰ ਅਨੁਸ਼ਾਸਤ ਕਰਨਾ ਕੋਈ ਮਾੜੀ ਗਲ ਨਹੀਂ ਕਹੀ ਜਾ ਸਕਦੀ। 


ਬਹੁਤੇ ਸੱਜਣ ਸਵੇਰ ਵੇਲੇ ਦੇਰ ਨਾਲ ਉੱਠਦੇ ਹਨ ਅਤੇ ਜ਼ਿਆਦਾਤਰ ਬੰਦੇ  ਕਈਂ ਕਾਰਣਾ ਕਰਕੇ ਸਵੇਰੇ ਲੱਗੀ ਹੋਈ ਨੀਂਦ ਨੂੰ ਛੱਡ ਕੇ ਉੱਠਦੇ ਹਨ। ਉੱਠਣ ਨੂੰ ਜੀ ਨਹੀਂ ਕਰਦਾ ਤਾਂ ਨੀਂਦ ਨੂੰ  ਮਨੁੱਖ ਵਲੋਂ ਬਣਾਈ ਘੜੀ ਦੇ ਅਲਾਰਮ ਨੂੰ ਵਜਾ ਕੇ ਖੋਲਿਆ ਜਾਂਦਾ ਹੈ।


ਭੀੜ ਨਾਲ ਭਰੇ ਹੋਏ ਵੱਡੇ ਸ਼ਹਿਰਾਂ ਵਿੱਚ ਤਾਂ ਸਥਿਤੀ ਇਹ ਹੈ ਕਿ ਕਾਮਕਾਜੀ ਸੱਜਣਾਂ ਨੂੰ, ਕੰਮ ਤੇ ਸਮੇਂ ਸਿਰ ਪਹੁੰਚਣ ਲਈ, ਬਹੁਤ ਹੀ ਜਲਦੀ ਉੱਠਣਾ ਪੇਂਦਾ ਹੈ ਜਦ ਕਿ ਉਸ ਵੇਲੇ ਉਨ੍ਹਾਂ ਨੂੰ ਨੀਂਦ ਆਈ ਹੁੰਦੀ ਹੈ। ਮੇਰੀ ਜਾਣ ਪਛਾਂਣ ਦੇ ਕੁੱਝ ਸੱਜਣ ਤਾਂ ਦਫ਼ਤਰ ਵਿਚ ਇਹੀ ਕਹਿੰਦੇ ਹਨ ਕਿ ਉਹ ਸਵੇਰੇ ਨੂੰ ਹੋਰ ਸੋਣਾ ਚਾਹੁੰਦੇ ਹਨ ਪਰ ਦਫ਼ਤਰ ਪਹੁੰਚਣ ਲਈ ਉਨ੍ਹਾਂ ਨੂੰ  ਆਈ ਹੋਈ ਨੀਂਦ ਤਿਆਗਣੀ ਪੈਂਦੀ ਹੈ। ਕੀ ਅਜਿਹੇ ਸਾਰੇ ਬੰਦੇ ਕੁਦਰਤੀ ਨਿਯਮ ਭੰਗ ਕਰਨ ਦੇ ਦੋਸ਼ੀ ਕਹੇ ਜਾ ਸਕਦੇ ਹਨ?


ਰਾਤ ਦੀ ਡੀਯੁਟੀ ਲੱਗੇ ਬੰਦੇਆਂ ਨੂੰ ਜੇ ਕਰ ਨੀਂਦ ਆ ਜਾਏ ਤਾਂ ਉਹ ਡੀਯੂਟੀ ਕਰਨ ਜਾਂ ਕੁਦਰਤ ਦੇ ਨਿਯਮ ਦਾ ਪਾਲਨ? ਇਸ ਹਿਸਾਬ ਨਾਲ ਤਾਂ ਕਰੋੜਾਂ ਲੋਗ ਕੁਦਰਤੀ ਨਿਯਮ ਨੂੰ ਭੰਗ ਕਰਨ ਦੇ ਦੋਸ਼ੀ ਪਾਏ ਜਾਣਗੇ। ਕਿ ਨਹੀਂ? ਇੰਝ ਵੀ ਹੁੰਦਾ ਹੈ ਕਿ ਰਾਤ ਨੂੰ ਡੀਯੂਟੀ ਲੱਗਾ ਚੌਕੀਦਾਰ ਜਾਂ ਪੁਲਿਸ ਵਾਲਾ ਕੁਦਰਤੀ ਨਿਯਮ ਵਿਚ ਸੁੱਤਾ ਹੋਇਆ ਮਿਲੇ ਤਾਂ ਸਸਪੇਂਡ ਹੋ ਜਾਂਦਾ ਹੈ। 


ਹਰ ਜਾਣਕਾਰ ਸੱਜਣ ਇਸ ਗਲ ਨਾਲ ਸਹਿਮਤ ਹੈ ਕਿ ਬੰਦੇ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਰੋੜਾਂ ਲੋਗਾਂ ਦਾ ਸੈਰ ਨੂੰ ਜੀ ਨਹੀਂ ਕਰਦਾ, ਠੀਕ ਉਂਝ ਹੀ ਜਿਵੇਂ ਕਿ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ। ਤਾਂ ਕੀ ਜੀ ਨੂੰ ਮਾਰ ਕੇ ਸੈਰ ਕਰ ਲੇਣਾ ਕੁਦਰਤੀ ਨਿਯਮ ਦੀ ਉਲੰਗਣਾਂ ਹੈ? ਅਗਰ ਹੈ ਤਾਂ ਫਿਰ ਸੰਸਾਰ ਵਿਚ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਕੋਈ ਵੀ ਸਹਿਜ ਇਲਾਜ ਨਹੀਂ। ਡਾਕਟਰ ਤਾਂ ਕੁਦਰਤੀ ਨੇਮ (ਜੀ ਨਹੀਂ ਕਰਦਾ) ਨੂੰ ਭੰਗ ਕਰਨ ਦੀ ਸਲਾਹ ਦਿੰਦੇ ਹੀ ਰਹਿੰਦੇ ਹਨ।


ਇਸ ਵਿਚ ਕੋਈ ਸ਼ੱਕ ਨਹੀਂ ਕਿ ਸਵੇਰੇ ਕਿਸ ਵੇਲੇ ਉੱਠਣਾ ਚਾਹੀਦਾ ਹੈ ਇਹ ਕਿਸੇ ਬੰਦੇ ਦਾ ਨਿਜੀ ਮਾਮਲਾ ਹੋ ਸਕਦਾ ਹੈ, ਪਰ ਕਿਸੇ ਦੇ ਸਵੇਰੇ ਜਲਦੀ ਉੱਠਣ ਨਾਲ ਕੁਦਰਤੀ ਨਿਯਮ ਭੰਗ ਨਹੀਂ ਹੁੰਦਾ।

ਹਰਦੇਵ ਸਿੰਘ , ਜੰਮੂ-੧੦.੧੦.੨੦੧੭

Friday, 29 December 2017

ਨਾਨਕਸ਼ਾਹੀ ਕੈਲੰਡਰ-ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨਾਲ ਵਿਸ਼ੇਸ਼ ਗਲਬਾਤ- TALK ON NANAK SHAHI CALENDAR  WITH COL. SURJIT SINGH NISHAN  :- 

Copy and Paste Below Links to Watch & Share


https://www.youtube.com/watch?v=FE-W3lwfAaQ    (PART-1) 

https://www.youtube.com/watch?v=u9aAPpIYWCk   (PART-2)

https://www.youtube.com/watch?v=55W68VAmdEE  (PART-3)

https://www.youtube.com/watch?v=yD3VXOqaT4w   (PART-4)

https://www.youtube.com/watch?v=yoDG8EFPRj0     (PART-5)






Monday, 23 October 2017

ਅੰਮ੍ਰਿਤ ਵੇਲੇ ਬਾਰੇ ਇਕ ਵਿਚਾਰ ! With S. Dheeraj Singh 


Copy and paste the link below to listen audio:


https://www.youtube.com/watch?v=u13aZv_BG_A


Sunday, 1 October 2017

ਗਿਆਨ ਵਿਚ ਵੰਡੀਆਂ ?


 ਹਰਦੇਵ ਸਿੰਘ, ਜੰਮੂ


ਕੁੱਝ ਸਾਲਾਂ ਤੋਂ ਇੰਟਰਨੈਟ ਤੇ ਕੁੱਝ 'ਜਾਗਰੂਕ ਅਖਵਾਉਂਦੇ' ਸੱਜਣਾਂ ਨਾਲ ਵਿਚਾਰ ਸਾਂਝੇ ਹੋਣੇ ਆਰੰਭ ਹੋਏ ਤਾਂ ਸਮਝ ਆਉਣ ਲੱਗੀ ਕਿ ਉਨ੍ਹਾਂ ਵਲੋਂ ਜਾਗਰੂਕ ਐਲਾਨਿਆ ਜਾ ਰਿਹਾ ਤਬਕਾ, ਕਈਂ ਪੱਖਾਂ ਤੋਂ, ਜਿਵੇਂ ਨੀਂਦ ਵਿਚ ਚਲਣ ਵਰਗੀ ਸਮੱਸਿਆ ਨਾਲ ਗ੍ਰਸਤ ਹੈ।ਨੀਂਦ ਵਿਚ ਤੁਰਨਾ ਘਾਤਤ ਵੀ ਹੋ ਸਕਦਾ ਹੈ ਕਿਉਂਕਿ ਇਸ ਸਮੱਸਿਆ ਨਾਲ ਗ੍ਰਸਤ ਬੰਦਾ, ਆਪਣਾ ਜਾਂ ਦੂਜੇ ਦਾ, ਨੁਕਸਾਨ ਕਰ ਸਕਦਾ ਹੈ।ਮੈਂ ਸਾਰੇਆਂ ਦੀ ਗਲ ਨਹੀਂ ਕਰ ਰਿਹਾ ਕਿਉਂਕਿ ਸਭ ਐਸੇ ਨਹੀਂ ਹਨ!

ਮੈਂ ਕੋਈ ਵਿਦਵਾਨ ਨਹੀਂ ਪਰੰਤੂ ਇਕ ਪਾਠਕ ਵਜੋਂ, ਮੈਂ ਅਜਿਹੇ ਜਾਗਰੂਕਾਂ ਨੂੰ, ਕੁੱਝ ਵਿਸ਼ੇਸ਼ ਵਿਚਾਰਾਂ ਦੇ ਪੱਖੋਂ, ਕਦੇ ਵੀ ਜਾਗਰੂਕ ਨਹੀਂ ਮੰਨਿਆ ਅਤੇ ਇਸ ਬਾਰੇ ਲਿਖਦਾ ਵੀ ਰਿਹਾ।ਇਸ ਕਾਰਣ ਮੇਰੇ ਪ੍ਰਤੀ ਮੰਦੀ ਜਾਂ ਭੁੱਲੇਖਾ ਪਾਉ ਸ਼ਬਦਾਵਲੀ ਵੀ ਵਰਤੀ ਗਈ ਅਤੇ ਮੇਰੇ ਲੇਖਾਂ ਨੂੰ ਪ੍ਰਤੀਬੰਧਤ ਵੀ ਕੀਤਾ-ਕਰਵਾਇਆ ਗਿਆ।

ਖ਼ੈਰ, ਮੈਂ ਇਹ ਵੀ ਬੜੀ ਸਪਸ਼ਟਤਾ ਨਾਲ ਵੇਖਿਆ ਕਿ ਗਲਤੀਆਂ ਨੂੰ ਸਵੀਕਾਰ ਕਰਨ ਦੇ ਬਜਾਏ, ਜਾਗਰੂਕ ਅਖਵਾਉਂਦੇ  ਕੁੱਝ ਸੱਜਣ, ਆਪਣੇ ਮਨਮਤੇ ਵਿਚਾਰਾਂ-ਫ਼ੈਸਲਿਆਂ ਨੂੰ ਬਚਾਉਣ ਲਈ, ਅਪਣਿਆਂ 'ਗੋਲਪੋਸਟਾਂ' ਬਾਰ-ਬਾਰ ਬਦਲਦੇ ਰਹਿੰਦੇ ਹਨ। ਹਾਲ ਵਿਚ ਹੀ, ਵੱਚਿੱਤਰ ਸਥਿਤੀ ਉਸ ਵੇਲੇ ਵੇਖਣ ਨੂੰ ਮਿਲੀ ਜਿਸ ਵੇਲੇ, ਆਪਣੇ ਵਲੋਂ ਐਲਾਨੇ ਜਾਂਦੇ ਰਹੇ 'ਪੰਥ ਦੇ ਜਾਗਰੂਕ ਤਬਕੇ' ਨੂੰ, ਹੁਣ ਉਹ ਸੱਜਣ ਆਪ ਹੀ 'ਅਖੋਤੀ ਜਾਗਰੂਕ' ਜਾਂ ਪੁਜਾਰੀ ਕਰਕੇ ਐਲਾਨਣ ਲੱਗ ਪਏ ਹਨ। 

ਸੁਭਾਵਕ ਜਿਹੀ ਗਲ ਹੈ ਕਿ ਵਿਚਾਰਕ ਪੱਖੋ ਸੁੱਤੇ ਹੋਏ ਸੱਜਣ, ਅਗਰ ਨੀਂਦ ਵਿਚ ਤੁਰਦੇ ਹੋਏ ਇਕ ਦੂਜੇ ਨਾਲ ਜਾ ਵੱਜਣਗੇ, ਤਾਂ ਕੁੱਝ ਦੀ ਨੀਂਦ ਖੁੱਲੇਗੀ ਅਤੇ ਕੁੱਝ ਫ਼ੱਟੜ ਹੋਣਗੇ ਹੀ। ਹਾਲਤ ਇਹ ਹੋ ਗਈ ਕਿ ਕੁੱਝ ਨੂੰ ਨੀਂਦ ਵਿਚ ਤੁਰਦੇ-ਤੁਰਦੇ ਇਹ ਜਾਪਣ ਲੱਗਾ ਹੈ ਕਿ ਗੁਰੂ ਸਾਹਿਬਾਨ ਵੀ ਉਨ੍ਹਾਂ ਵਾਂਗ ਹੀ ਵਿਚਰਦੇ ਸਨ, ਵਿਚਾਰ ਪੱਖੋਂ ਵੀ ਅਤੇ ਵਿਵਹਾਰ ਪੱਖੋਂ ਵੀ! ਕੁੱਝ ਖ਼ਾਸ ਨਹੀਂ, ਬੱਸ 'ਉਹ' ਕੁੱਝ ਵੱਧ ਕੁ ਜੀਨਿਅਸ ਸੀ ?

ਇਹ ਸੱਜਣ ਨਾਮ ਤਾਂ ਬਾਣੀ ਦਾ ਲੇਂਦੇ ਹਨ ਪਰ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੂੰ ਆਪਣੇ ਲੇਖ ਅਤੇ ਟਾਕ ਸ਼ੋ ਹੀ ਹੁਣ ਬਾਣੀ ਲੱਗਣ ਲੱਗ ਪਏ ਹਨ।ਇਤਹਾਸ ਦੇ ਵਿਰੋਧ ਵਿਚ ਹਨ ਪਰ ਆਪਣੇ ਲੇਖਾਂ ਅਤੇ ਬੋਲ-ਮੱਜਮਿਆਂ ਰਾਹੀਂ ਇਤਹਾਸ ਵਿਚ ਆਪਣਾ ਨਾਮ ਦਰਜ ਕਰਵਾਉਣਾ ਲੋਚਦੇ ਹਨ। ਇਹ ਕੇਵਲ ਇਕ ਦੂਜੇ ਨੂੰ  ਹੀ ਨਹੀਂ ਬਲਕਿ ਇਕ ਮਹਲੇ ਦੀ ਬਾਣੀ ਨੂੰ ਦੂਜੇ ਮਹਲੇ ਦੀ ਬਾਣੀ ਨਾਲ ਕੱਟਣ ਦਾ ਵਿਚਾਰ  ਕੇਵਲ ਇਸ ਲਈ ਪੇਸ਼ ਕਰਦੇ ਹਨ, ਕਿਉਂਕਿ ਹੋਰ ਮਹਲਿਆਂ ਦੀ ਬਾਣੀ, ਇਨ੍ਹਾਂ ਦੇ ਆਪਣੇ ਲੇਖਾਂ-ਬੋਲਾਂ ਨੂੰ ਬੜੀ ਸਪਸ਼ਟਤਾ ਨਾਲ ਕੱਟਦੀ ਹੈ।

ਕੁੱਝ ਸੱਜਣਾਂ ਨੂੰ ਇਹ ਜਾਪਦਾ ਹੈ ਕਿ ਉਹ, ਗੁਰੂ ਨਾਨਕ ਜੀ ਅਤੇ ਉਨ੍ਹਾਂ ਦੀ ਬਾਣੀ ਨੂੰ, ਗੁਰੂ ਅੰਗਦ ਜਾਂ ਗੁਰੂ ਅਰਜਨ ਜੀ ਤੋਂ ਵੱਧ ਜਾਣਦੇ-ਸਮਝਦੇ ਹਨ।ਕੀ ਐਸਾ ਹੋ ਸਕਦਾ ਹੈ ਕਿ ਸਾਰੇ ਮਹਲੇ ਨਾਨਕ ਸਰੂਪ ਹੋਂਣ ਪਰ  ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੀ ਬਾਣੀ, ਇਕ ਦੂਜੇ ਨਾਲੋ ਉੱਚੀ ਜਾਂ ਨੀਵੀਂ ਹੋਵੇ ? ਹੁਣ ਤਾਂ ਗਿਆਨ ਵਿਚ ਵੀ ਵੰਡੀਆਂ ਪਾਉਣ ਲੱਗੇ ਹਨ।ਯਾਨੀ 'ਇਹ' ਨਾਨਕ ਜੀ ਦਾ ਗਿਆਨ , 'ਉਹ' ਬਾਕੀ ਮਹੱਲਿਆਂ ਦਾ ਗਿਆਨ, 'ਇਹ ਗਿਆਨ' ਕਸਵੱਟੀ  ਹੈ ਅਤੇ 'ਉਹ ਗਿਆਨ' ਕਸਵਟੀ ਨਹੀਂ ਆਦਿ! ਰੀਸੋ ਰੀਸ ਨਵੀਂ ਗਲ ਕਰਨ ਦਾ ਸ਼ੌਕ ? ਵਿਚਾਰਣ ਦੀ ਲੋੜ ਹੈ ਕਿ ਹਰ 'ਨਵੀਂ ਗੱਲ' ਅਸਲੀ (Right) ਨਹੀਂ ਹੁੰਦੀ!

ਹਰਦੇਵ ਸਿੰਘ, ਜੰਮੂ-੨੭.੦੯.੨੦੧੭

Sunday, 24 September 2017

ਸੋਸ਼ਲ ਮੀਡੀਏ ਦਾ ਨਿਤ ਨੇਮ

ਹਰਦੇਵ ਸਿੰਘ, ਜੰਮੂ


ਉਹ ਕਿਹੜੀ ਥਾਂ ਹੈ ਜਿੱਥੇ ਅਧਰਮੀ ਕੰਮ ਹੁੰਦਾ ਹੈ ? ਇਹ ਸਵਾਲ ਨਾਸਤਕਾਂ ਜਾਂ ਕੁੱਝ ਜਾਗਰੂਕ ਅਖਵਾਉਂਦੇ ਸੱਜਣਾਂ ਤੋਂ ਪੁੱਛ ਲੋ ਤਾਂ ਉਹ ਕਹਿਣ ਗੇ ਕਿ, 'ਧਰਮ ਅਸਥਾਨ ਤੇ!' ਪਰ ਕੀ ਹੁਣ ਅਜਿਹਾ ਕਿਹਾ ਜਾ ਸਕਦਾ ? ਹੁਣ ਅਸੀਂ ਸੋਸ਼ਲ ਮੀਡੀਏ ਦੇ ਸੰਸਾਰ ਵਿਚ ਰਹਿ ਰਹੇ ਹਾਂ। 

ਸੋਸ਼ਲ ਮੀਡੀਆ, ਯਾਨੀ ਸਮਾਜਕ ਸਾਧਨ! ਸਾਧਨ ਗਲਤ ਨਹੀਂ ਹੁੰਦਾ ਜੇ ਕਰ ਉਸਦੀ ਵਰਤੋਂ ਸਹੀ ਹੋਵੇ। ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ ਵਿਚਾਰ ਕਰਣ ਦਾ ਜਤਨ ਕਰਾਂਗੇ ਕਿ, ਸਿੱਖਮਤ ਦੇ ਸੰਧਰਭ ਵਿਚ, ਇਸ ਸੋਸ਼ਲ ਮੀਡੀਏ ਦਾ ਨਿਤ ਨੇਮ ਕਿਹੋ ਜਿਹਾ ਹੈ ? ਨਿਤ ਨੇਮ ਤੋਂ ਭਾਵ; ਰੋਜ਼ ਦਾ ਕੰਮ!
 
ਗੁਰਮਤਿ ਦੀ ਵਿਆਖਿਆ, ਸੋਸ਼ਲ ਮੀਡੀਏ ਰਾਹੀਂ, ਅਜਿਹੀ ਮਾਨਸਿਕਤਾ ਦੇ ਹੱਥ ਜਕੜੀ ਜਾ ਰਹੀ ਹੈ ਜੋ ਵਾਸਤਵ ਵਿਚ, ਸਿੱਖਮਤ ਦੀ ਸਹੀ ਵਿਆਖਿਆ ਲਈ ਨਹੀਂ, ਬਲਕਿ ਉਸਦੇ ਵਿਰੋਧ ਵਿਚ ਖੜੀ ਹੈ। ਚਿਹਰੇਆਂ ਦੀ ਕਿਤਾਬ' (ਫ਼ੇਸ ਬੁੱਕ), ਇਸ ਮਾਮਲੇ ਵਿਚ ਬਦਸੂਰਤ ਹੋ ਚੁੱਕੀ ਹੈ ਅਤੇ ਕੁੱਝ  ਗੁਰੱਪਾਂ-ਚੈਨਲਾਂ ਤੇ ਹੁਣ ਕੁੜ ਦੇ ਪ੍ਰਚਾਰ ਦਾ ਵਪਾਰ ਹੁੰਦਾ ਹੈ। ਇਨ੍ਹਾਂ ਲਈ, ਇਨ੍ਹਾਂ ਦੇ ਲੇਖ-ਬੋਲ ਹੀ ਗੁਰੂ ਦੀ ਮਤ ਹਨ ਅਤੇ ਗੁਰਬਾਣੀ ਤਾਂ ਵਸੀਲਾ ਮਾਤਰ ਹੈ ਮਨਮਤਿ ਦੀ ਪਰਦੇਦਾਰੀ ਲਈ! ਖ਼ੈਰ, ਆਨਲਾਈਨ ਹੁੰਦੇ ਕਮੇਂਟਸ, ਆਫ਼ਲਾਈਨ ਦੇ ਸੰਸਾਰ ਦੀ ਝੱਲਕ ਤਾਂ ਦੇ ਹੀ ਦਿੰਦੇ ਹਨ।

ਇਕ ਦਿਨ, ਇਕ ਵੈਬਸਾਈਟ ਦੂਜਿਆਂ ਲਈ ਅਪਮਾਨ ਜਨਕ ਢੰਗ-ਸ਼ਬਦ ਵਰਤਦੀ ਹੈ, ਅਤੇ ਦੂਜੇ ਦਿਨ ਉਹੀ ਵੈਬਸਾਈਟ, ਉਸ ਵੇਲੇ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਜਿਸ ਵੇਲੇ ਕਿ ਕੋਈ ਹੋਰ ਗਰੁੱਪ, ਉਸ ਵੈਬਸਾਈਟ ਨੂੰ ਅਪਮਾਨ ਜਨਕ ਢੰਗ-ਸ਼ਬਦਾਂ ਨਾਲ ਅਪਮਾਨਤ ਕਰ ਦਿੰਦਾ ਹੈ।ਅਜਿਹਾ ਵਰਤਾਰਾ ਸਾਡੀ ਹਉਮੇ ਅਤੇ ਚੌਧਰਾਹਟ ਦੀ ਭੁੱਖ ਨੂੰ ਆਨੰਦ ਤਾਂ ਦੇ ਸਕਦਾ ਹੈ ਪਰ ਬੁੱਧੀ ਨੂੰ ਸਥਿਰਤਾ ਨਹੀਂ।ਇਸ ਵਿਚ ਟਾਈਪ ਜਾਂ ਬੋਲਣ ਦੀ  ਗਤੀ (ਸਪੀਡ) ਤਾਂ ਹੈ ਪਰ ਸੂਰਮ ਗਤੀ ? ਨਾਲਾਯਕ ਸੂਰਮੇ ਬਣ ਕੇ ਸੂਰਮਿਆਂ ਨੂੰ ਬਦਨਾਮ ਕਰਨ ਲੱਗੇ ਹਨ! ਗੁਰੂ ਸਾਹਿਬਾਨ ਸਮੇਤ ਹਰ ਕਿਰਦਾਰ ਤੇ ਸਿੱਖ ਦੇ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ। ਕਿਉਂ ?

ਪ੍ਰਸੰਗਕ ਬਣੇ ਰਹਿਣ ਲਈ, ਸੋਸ਼ਲ ਮੀਡੀਏ ਤੇ ਸਿੱਖੀ ਬਾਰੇ ਵਿਵਾਦ ਖੜੇ ਕਰਨ ਦਾ ਢੰਗ, ਹੁਣ ਇਕ ਬੇਹਤਰ ਜ਼ਰੀਆ ਹੈ। ਇਹ ਸਭ ਵੇਖ ਕੇ ਉਸ ਗੁਰੂਕਾਲ ਦੀ ਸੋਚ ਆਉਂਦੀ ਹੈ ਜਿਸ ਨੂੰ ਅਸੀਂ ਵੇਖਿਆ ਨਹੀਂ। ਉਸ ਵੇਲੇ ਵੀ ਮੀਡੀਆ ਤਾਂ ਸੀ ਪਰ, ਨਿਸ਼ਚਤ ਤੋਰ ਤੇ, ਉਹ ਅੱਜ ਵਰਗਾ ਸੋਸ਼ਲ ਨਹੀਂ ਸੀ।ਅੱਜ ਗੁਰਮਤਿ ਜਾਂ ਸਹੀ-ਗਲਤ ਹੋਣ ਦੀ ਕੋਈ ਪਰਵਾਹ ਨਹੀਂ ਅਤੇ  ਇਹੀ ਲਾਪਰਵਾਹੀ ਹੁਣ ਸੋਸ਼ਲ ਮੀਡੀਏ ਦੇ ਕੁੱਝ ਸੱਜਣਾ ਦੀ ਰਹਿਤ ਮਰਿਆਦਾ ਹੈ। ਉਨ੍ਹਾਂ ਨੂੰ ਉਤਪਾਤ ਮਚਾਉਣ ਲਈ ਸੜਕ ਤੇ ਜਾਣ ਦੀ ਲੋੜ ਨਹੀਂ। ਉਹ ਸਮਾਜਕ ਮੀਡੀਏ (Social Media) ਰਾਹੀਂ ਆਪਣਾ ਅਸਮਾਜਕ ਕੰਮ ਆਸਨੀ ਨਾਲ ਕਰ ਸਕਦੇ ਹਨ। ਅਜਿਹੀ ਸਮਾਜਕਤਾ ਵਿਚ ਆਖ਼ਰ  ਸਾਡੀ ਧਾਰਮਕਤਾ ਦਾ ਕੀ ਸਥਾਨ ਬੱਚੇਗਾ

ਸੋਸ਼ਲ ਮੀਡੀਏ ਨੇ ਉਨ੍ਹਾਂ ਸੱਜਣਾ ਨੂੰ ਵੀ ਜ਼ੁਬਾਨ ਦਿੱਤੀ ਹੈ ਜੋ ਦਰਅਸਲ, ਗੁਰਮਤਿ ਬਾਰੇ, ਡੁੰਗੀ ਗੰਭੀਰਤਾ ਨਾਲ ਬੋਲਣ-ਲਿਖਣ ਦੇ ਕਾਬਿਲ ਨਹੀਂ ਹਨ। ਦਿਨ ਪ੍ਰਤੀਦਿਨ ਇੱਕਤਰ ਹੁੰਦੀਆਂ ਨਾ-ਕਾਬਿਲ ਆਵਾਜ਼ਾਂ, ਹੁਣ ਸ਼ੋਰ ਵਿਚ ਬਦਲ ਗਈਆਂ ਹਨ। ਇਸ ਮੰਚ ਤੇ ਸਿੱਖ ਆਪਸ ਵਿਚ ਜੁੜੇ ਨਹੀਂ ਬਲਕਿ ਬੁਰੀ ਤਰਾਂ ਟੁੱਟ ਰਹੇ ਹਨ। ਕੁੱਝ ਸੱਜਣ ਤਾਂ ਦਾਵੇ ਨਾਲ ਉਸ ਸੱਚ ਨੂੰ ਸਮਰਪਤ ਹਨ ਜਿਸ ਸੱਚ ਨੂੰ ਅਜੇ ਉਹ ਤਲਾਸ਼ ਰਹੇ ਹਨ। ਜੇ ਕਰ ਸੱਚ ਲੱਭ ਹੀ ਲਿਆ ਗਿਆ ਹੈ ਤਾਂ ਤਲਾਸ਼ ਕੈਸੀ ? ਕੁੱਝ ਸੱਜਣ ਆਪਣੀ ਉਸ ਜਾਚ ਨੂੰ ਗੁਰਮਤਿ ਜੀਵਨ ਜਾਚ ਐਲਾਨ ਰਹੇ ਹਨ, ਜਿਸ ਬਾਰੇ (ਜੈਸਾ ਕਿ  ਉਹ ਆਪ ਕਹਿੰਦੇ ਹਨ) ਉਨ੍ਹਾਂ ਨੂੰ, ਅੱਜੇ ਦਾਵੇ, ਨਾਲ ਕੁੱਝ ਪੱਕਾ ਪਤਾ ਨਹੀ। ਕੁੱਝ ਸੱਜਣ ਰੋਜ਼ਾਨਾ ਆਪਣੀ ਸਮਝ ਦੇ ਕਾਲੇ-ਕੱਚਿਆਂ ਕੋਲਿਆਂ ਤੇ "ਸਿੱਖ ਮਸਲੇ" ਭਖਾਉਂਦੇ ਮੌਜ ਮਸਤੀ ਕਰਦੇ ਹਨ।

ਸੋਸ਼ਲ ਮੀਡੀਏ ਦਾ ਇਕ ਘਿਨੋਉਣਾ ਰੂਪ ਅਸੀਂ ਰਾਜਨੀਤੀ ਵਿਚ ਵੇਖ ਹੀ ਰਹੇ ਹਾਂ ਪਰ ਤ੍ਰਾਸਦੀ ਇਹ ਹੈ ਕਿ ਕੁੱਝ ਸੱਜਣਾਂ ਨੇ ਠੀਕ ਉਸੀ ਰੂਪ ਨੂੰ ਅੱਜ ਗੁਰਮਤਿ ਵਿਚਾਰ ਦੇ ਨਾਮ ਤੇ ਆਪਣੀ ਹਉਮੇ ਅਤੇ ਚੌਧਰਾਹਟ ਦੀ ਭੁੱਖ ਨੂੰ ਸ਼ਾਂਤ ਕਰਨ ਆਦਿ ਲਈ ਅਪਨਾ ਲਿਆ ਹੈ। ਸਾਨੂੰ ਸੋਸ਼ਲ ਮੀਡੀਏ ਤੇ ਵਿਗੜ ਰਹੇ ਆਪਣੇ ਇਸ ਰੂਪ ਵਿਚ ਸੁਧਾਰ ਬਾਰੇ, ਜ਼ਿੰਮੇਦਾਰੀ ਅਤੇ ਸੰਜੀਦਗ਼ੀ ਨਾਲ, ਸੋਚਣਾ ਚਾਹੀਦਾ ਹੈ ਨਹੀਂ ਤਾਂ ਸੋਸ਼ਲ ਮੀਡੀਏ ਤੇ ਚਲ ਰਿਹਾ ਅਜਿਹਾ ਨਿਤ ਨੇਮ ਵੱਡਾ ਨੁਕਸਾਨ ਕਰੇਗਾ। 


ਹਰਦੇਵ ਸਿੰਘ,ਜੰਮੂ-੨੩.੦੯.੨੦੧੭

Saturday, 16 September 2017

 ਗੁਰੂ ਸਾਹਿਬਾਨ ਨੂੰ ਭੁੱਲਣਹਾਰ ਐਲਾਨਣ ਵਾਲਿਆਂ ਤੋਂ ਸਵਾਲ ?


 ਹਰਦੇਵ ਸਿੰਘ, ਜੰਮੂ


ਗੁਰੂ ਸਾਹਿਬਾਨ ਨੂੰ ਭੁੱਲਣਹਾਰ ਦਰਸਾਉਣ ਦੇ 'ਅੰਨੇ ਵਿਚਾਰ' ਦਾ ਪਤਾ ਮੈਂਨੂੰ ਸੰਨ ੨੦੦੯ ਦੇ ਅੰਤ ਵਿਚ ਲੱਗਾ ਸੀ। ਮੈਂ ਮਰਿਆਦਾ ਵਿਚ ਰਹਿ ਕੇ ਇਸ ਕੁੜ ਪ੍ਰਚਾਰ ਦਾ ਵਿਰੌਧ ਕੀਤਾ। ਇਹ ਸੱਜਣ ਗੁਰਬਾਣੀ ਦੇ ਨਾਮ ਤੇ ਬਾਣੀ ਦੇ ਗਲਤ ਅਤੇ ਅਪ੍ਰਸੰਗਕ ਅਰਥ ਕਰਕੇ, ਗੁਰੂ ਸਾਹਿਬਾਨ ਨੂੰ ਭੁੱਲਣਹਾਰ ਦੱਸਣ ਦਾ ਤਰਕ ਦਿੰਦੇ ਰਹੇ ਸਨ।


ਮੈਂ ਇਸ ਬਾਰੇ ਲੇਖ ਵੀ ਲਿਖੇ। ਗੁਰੂ ਸਾਹਿਬਾਨ ਨੂੰ ਭੁੱਲਣਹਾਰ ਸਿੱਧ ਕਰਨ ਤੇ ਬਾਜਿੱਦ ਸੱਜਣਾਂ ਤੋਂ ਮੈਂ ਅੱਜ ਫਿਰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ, ਕਿ ਜੇ ਕਰ, ਗੁਰੂ ਸਾਹਿਬਾਨ  ਭੁਲੱਣਹਾਰ ਸਨ, ਤਾਂ ਭੁੱਲਣਹਾਰ ਗੁਰੂ, ਤਰੁੱਟੀ ਹੀਣ ਬਾਣੀ ਕਿਵੇਂ ਉੱਚਾਰ ਗਏ ? ਕੀ ਕਾਰਣ ਹੈ ਕਿ ਭੁੱਲਣਹਾਰ (ਜਿਵੇਂ ਤੁਸੀ ਸਿੱਧ ਕਰਨਾ ਚਾਹੁੰਦੇ ਹੋ ) ਗੁਰੂ ਸਾਹਿਬਾਨ  ਬਾਣੀ ਉੱਚਾਰਣ ਵਿਚ ਹੀ ਭੁੱਲਾਂ ਕਰਕੇ ਗਲਤ/ਝੂਠ ਨੂੰ ਸੱਚਕਰਕੇ ਨਾ ਪੇਸ਼ ਕਰ ਗਏ ਹੋਣ ? ਇਹ ਸਵਾਲ ਮੈਂ ਪਹਿਲਾਂ ਵੀ ਪੁੱਛੇ ਸਨ ਅਤੇ ਇਨ੍ਹਾਂ ਦਾ ਕੋਈ ਜਵਾਬ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਸਿੱਧ ਕਰਨ ਵਾਲੀ ਮਾਨਸਿਕਤਾ ਪਾਸ ਨਹੀਂ ਸੀ।


ਇਸ ਪੱਖੋਂ ਅਕਲ ਤੋਂ ਹੀਣ ਸੱਜਣੋਂ, ਜੇ ਕਰ ਬਾਣੀ ਉੱਚਾਰਣ ਵਾਲੇ ਭੁੱਲਣਹਾਰ ਸਨ ਤਾਂ ਬਾਣੀ ਕਿਵੇਂ ਅਭੂੱਲ ਮੰਨੀ ਜਾ ਸਕਦੀ ਹੈ ? ਤੁਹਾਡੀ ਅਕਲ ਤੇ ਤਰਸ ਆਉਂਦਾ ਹੈ ਕਿ ਤੁਸੀ ਆਪਣੇ ਆਪ ਨੂੰ ਅਭੁੱਲ ਮੰਨ ਕੇ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਐਲਾਨ ਰਹੇ ਹੋ! ਇਹ ਕਿਵੇਂ ਹੋ ਸਕਦਾ ਹੈ ਕਿ ਇਕ, ਮਨੁੱਖ ਜੋ ਕਿ ਭੁੱਲਣਹਾਰ ਹੋਵੇ, ਉਸਦੀ ਲਿਖਤ ਮਨੁੱਖਤਾ ਲਈ ਅਭੁੱਲ ਅਤੇ ਅੱਟਲ ਸੱਚ ਦਾ ਗਿਆਨ ਹੋਵੇ ?


ਸੱਜਣੋਂ! ਬੇਨਤੀ ਹੈ ਕਿ ਗੁਰੂ ਸਾਹਿਬਾਨ ਨੂੰ  ਇੰਝ ਅਪਮਾਨਤ ਕਰਕੇ ਸਿੱਖਾਂ ਦੇ ਜੀਵਨ ਵਿਚੋਂ ਬਾਹਰ ਕੱਡਣ ਦੀ ਮਾਨਸਿਕਤਾ ਸਿੱਖ ਅਖਵਾਉਂਦੇ ਬੰਦੇਆਂ ਨੂੰ ਸੋਭਦੀ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਮਾਨਸਿਕਤਾ ਦਾ ਅਗਲਾ ਨਿਸ਼ਾਨਾ ਗੁਰਬਾਣੀ ਹੀ ਹੈ।

ਹਰਦੇਵ ਸਿੰਘ, ਜੰਮੂ-੧੬.੦੯.੨੦੧੭
                

Thursday, 7 September 2017

ਪ੍ਰਚਾਰ ਅਤੇ ਕੌਚਿੰਗ

ਹਰਦੇਵ ਸਿੰਘ, ਜੰਮੂ

ਪ੍ਰਚਾਰਕ ਜਿਸ ਵੇਲੇ ਸਿੱਖ (ਸਿੱਖਣ ਵਾਲਾ) ਨਹੀਂ ਰਹਿੰਦਾ ਤਾਂ ਉਹ ਕੌਚ (coach) ਜਿਹਾ ਬਣ ਜਾਂਦਾ ਹੈ। ਆਪਣੀ ਟੀਮ, ਅਤੇ ਫਿਰ ਸਵਾਲ ਹਾਰ-ਜਿੱਤ ਦਾ! ਪੰਥਕ ਏਕਾ ਭਾਵੇਂ ਹਾਰ ਜਾਏ ਪਰ ਟੀਮ ਜਿੱਤਣੀ ਚਾਹੀਦੀ ਹੈ। ਕੁੱਝ ਬਾਬਿਆਂ ਵਲੋਂ ਰਹਿ ਗਈ ਕਸਰ ਇਹ ਪੁਰੀ ਕਰਣ ਲੱਗੇ ਹਨ। ਵਿਚੋਲਿਆਂ ਦੀ ਥਾਂ ਹੁਣ ਨਵੇਂ ਕਿਸਮ ਦੇ ਵਿਚੋਲਿਆਂ ਨੇ ਲੇ ਲਈ ਹੈ।

ਸਪਸ਼ਟ ਕਰ ਦੇਵਾਂ ਕਿ ਮੈਂ ਕੇਵਲ ਕੁੱਝ ਪ੍ਰਚਾਰਕਾਂ-ਪ੍ਰਮੋਟਰਾਂ ਦੀ ਗਲ ਕਰ ਰਿਹਾ ਹਾਂ, ਸਾਰੇਆਂ ਦੀ ਨਹੀਂ। ਕੌਚ ਕੋਈ ਮਾੜਾ ਸ਼ਬਦ ਨਹੀਂ, ਪਰ ਇਸ ਥਾਂ ਇਸ ਸ਼ਬਦ ਨੂੰ ਵਰਤਣ ਦਾ ਸੰਧਰਭ ਕੇਵਲ ਇਤਨਾ ਹੈ ਕਿ ਕੌਚ ਆਪਣੀ ਟੀਮ ਦੇ ਖਿਡਾਰੀਆਂ ਨੂੰ ਮਾਨਵਤਾ ਨਹੀਂ, ਬਲਕਿ ਖੋਡ ਸਿਖਾਉਂਦਾ ਹੈ ਤਾਂ ਕਿ ਉਸਦਾ ਹੀ ਹਿੱਤ-ਪੱਖ ਜੇਤੂ ਹੋ ਸਕੇ। ਕਥਾਨਕ ਅਨੁਸਾਰ, ਕੁੱਝ ਅਜਿਹੀ ਹੀ ਸਥਿਤੀ ਵਿਚ, ਦ੍ਰੋਣਾਚਾਰਿਆ ਨੇ ਇੱਕਲਵਯ ਦਾ ਅੰਗੂਠਾ ਮੰਗ ਲਿਆ ਸੀ। ਜ਼ਾਹਰ ਹੈ ਕਿ ਇੱਕਲਵਯ ਦੀ ਉੱਚ ਯੋਗਤਾ ਦਾ ਹੋਰ ਕੋਈ ਤੋੜ ਨਹੀਂ ਸੀ ਦ੍ਰੋਣਾਚਾਰਿਆ ਪਾਸ! ਕੇਵਲ ਇਹੀ ਜੁਗਤ ਸੀ ਖ਼ੁਦ ਨੂੰ ਸ੍ਰੇਸ਼ਠ ਉਸਤਾਦ ਅਤੇ ਅਰਜੁਨ ਨੂੰ ਸ੍ਰੇਸ਼ਠ ਸ਼ਿਸ਼ ਸਿੱਧ ਕਰਨ ਦੀ।
  
ਖੈਰ, ਵਿਚਾਰਣ ਦੀ ਲੋੜ ਹੈ ਕਿ ਜੇ ਕਰ ਪ੍ਰਚਾਰਕਾਂ ਦੀ ਦੌੜ ਬਸ ਸਿਖਾਉਣ ਦੀ ਹੀ ਹੈ, ਤਾਂ ਉਹ ਆਪ ਸਿੱਖ (ਸਿੱਖਣ ਵਾਲੇ) ਕਿਵੇਂ ਬਣੇ ਰਹਿਣ ਗੇ ? ਜਿਹੜਾ ਪ੍ਰਚਾਰਕ ਧਿਰ ਬਸ ਸਿਖਾਉਣ ਦਾ ਅਧਿਕਾਰ ਹੀ ਲੋਚਦਾ ਹੋਵੇ, ਤਾਂ ਸਮਝ ਲਵੋ ਕਿ ਉਹ ਧਰਮ ਦੀ ਸ਼ਾਲਾ ਵਿਚ ਗੁਰਮਤਿ ਨਹੀਂ ਬਲਕਿ ਆਪਣੀ ਖੇਡ ਪ੍ਰਚਾਰ ਰਿਹਾ ਹੈ। ਸੋਸ਼ਲ ਮੀਡੀਏ ਤੇ ਰਾਜਨੀਤੀ ਦੇ ਦਾਅ-ਪੇਚ, ਅਤੇ ਗੁਰਮਤਿ ਵਿਚਾਰ ਦਾ ਤੌਰ-ਤਰੀਕਾ ਇਕੋ ਜਿਹਾ ਹੁੰਦਾ ਜਾ ਰਿਹਾ ਹੈ। ਝੂਠ ਤੇ ਝੂਠਾਂ ਦਾ ਅੰਭਾਰ ਅਤੇ ਨਾਲ ਭੱਦੀ/ਅਸੱਭਿਅਕ ਸ਼ਬਦਾਵਲੀ! ਤੇ ਫਿਰ ਅਜਿਹੇ ਪ੍ਰਚਾਰਕਾਂ ਦਾ ਭਾਸ਼ਣ, ਪ੍ਰਮੋਟਰਾਂ ਵਲੋਂ ਕਿਸੇ ਨਿਯੂਜ਼ ਆਈਟਮ ਵਾਂਗ ਪੇਸ਼ ਕੀਤਾ ਜਾਂਦਾ ਹੈ। ਹਰ ਰੋਜ਼ ਨਿੱਤ ਨਵਾਂ ਸੱਚ, ਜਿਵੇਂ ਕਿ ਕਿਸੇ ਟੁੱਥਪੇਸਟ ਦਾ ਵਿਗਿਆਪਨ; ਲੋ ਅਬ ਔਰ ਨਯਾ !!! 

ਸੱਚ ਬਾਰੇ ਨਿਤ ਨਵੇਂ ਦਾਵੇ ਖੜੇ ਕਰਦੇ ਅਜਿਹੇ ਕੌਚ ਅਤੇ ਕੌਚਿੰਗ ਸੇਂਟਰ, ਆਪ ਸਭ ਤੋਂ ਵੱਡੀ ਸਮੱਸਿਆ ਅਤੇ ਫ਼ੁੱਟ ਦਾ ਕਾਰਣ ਬਣ ਚੁੱਕੇ ਹਨ। ਕਮਾਲ ਹੈ ਕਿ ਪੰਥ ਨੂੰ ਤਬਕਿਆਂ ਵਿਚ ਵੰਡ ਕੇ ਇਹ ਮਨੁੱਖੀ ਏਕੇ ਦਾ ਸ਼ੰਖ ਫ਼ੂਕਦੇ ਹਨ! ਅੱਖੇ ਰਹਿਤ ਮਰਿਆਦਾ ਬਾਣੀ ਹੈ ? ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਆਦਿ ਗੁਰੂ ਸਨ ? ਐਸਾ ਪੁੱਛਣ ਵਾਲੇ ਸੱਜਣੋਂ, ਰਹਿਤ ਮਰਿਆਦਾ ਬਾਣੀ ਨਹੀਂ ਅਤੇ ਨਾ ਹੀ ਪੰਥਕ ਸ਼ਖ਼ਸੀਅਤਾਂ-ਸ਼ਹੀਦ ਗੁਰੂ ਸਨ, ਪਰ ਕੀ ਤੁਹਾਡੇ ਲੇਖ-ਬੋਲ ਗੁਰਬਾਣੀ ਹਨ ? ਕੀ ਤੁਸੀ ਜਾਂ ਤੁਹਾਡੇ ਸਾਰੇ ਪ੍ਰੋਫ਼ੇਸਰ ਅਤੇ ਡਾਕਟਰ ਗੁਰੂ ਹਨ ? ਹਾਂ ਇਤਨਾ ਤਾਂ ਜ਼ਰੂਰ ਹੈ ਕਿ ਤੁਹਾਡੇ  ਲੇਖਾਂ ਨਾਲੋਂ ਸਿੱਖ ਰਹਿਤ ਮਰਿਆਦਾ ਦਾ ਪੰਥਕ ਮੁੱਲ ਬਹੁਤ ਜ਼ਿਆਦਾ ਹੈ ਅਤੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ-ਸ਼ਹੀਦਾਂ ਸਨਮੁੱਖ ਤੁਹਾਡੀ ਸਮਝ ਦੇ ਕੱਦ ਬੜੇ ਹੀ ਬੋਨੇ ਹਨ।


ਹਰਦੇਵ ਸਿੰਘ,ਜੰਮੂ-੦੭.੦੯.੨੦੧੭