'ੴ ਬਾਰੇ ਇੱਕ ਸੰਖੇਪ ਵਿਚਾਰ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ੴ ਗੁਰੁ ਨਾਨਕ ਜੀ ਵਲੋਂ ਉਚਾਰੀ ਸਮਸਤ ਬਾਣੀ ਦਾ ਪਹਿਲਾ ਲਿਖਤੀ 'ਸਿਧਾਂਤਕ ਸ਼ਬਦਚਿੰਨ' ਹੈ, ਜਿਸ ਨੂੰ ਕੇਵਲ 'ਸ਼ਬਦ' ਕੇਵਲ 'ਅੱਖਰ' ਜਾਂ ਕੇਵਲ 'ਚਿੰਨ' ਦੀ ਬੰਦਿਸ਼ ਵਿਚ ਨਹੀਂ ਵਿਚਾਰਨਾ ਚਾਹੀਦਾ।
ਜੇ ਕਰ ਵਿਆਕਰਣ ਵਿਚ . (ਬਿੰਦੀ) ਦਾ ਉੱਚਾਰਨ ‘ਬਿੰਦੀ’ ਹੈ ਤਾਂ ਕੋਈ ਸ਼ੰਕਾ ਨਹੀਂ ਕਿ > ਦਾ ਉੱਚਾਰਨ ਵੀ ਹੋਵੇਗਾ। ਭਾਈ ਗੁਰਦਾਸ ਨੇ ਇਸ ਵਿੱਲਖਣ 'ੴ ' ਦੇ ਧੁਨੀ ਸੰਕੇਤ ਉੱਚਾਰਨ ਨੂੰ 'ਓਅੰਕਾਰ' ਰਾਹੀਂ ਸਪਸ਼ਟ ਕੀਤਾ ਹੈ। ਖ਼ੈਰ ਇਸ ਲੇਖ ਵਿਚ ਅਸੀਂ ਕੇਵਲ ੴ ਦੇ ਭਾਵ ਸਬੰਧਤ ਸੰਖੇਪ ਜਿਹੀ ਵਿਚਾਰ ਕਰਨ ਦਾ ਜਤਨ ਕਰਾਂਗੇ।
ਉੱਚਾਰਨ ਤੋਂ ਛੁੱਟ, ੴ ਪਿੱਛਲੇ ਅਰਥ ਭਾਵ ਦੀ ਵਿਚਾਰ ਵਿਸਤ੍ਰਤ ਹੈ। ਇਸ ਨੂੰ ਕੇਵਲ ਇਕ ਅਰਥ ਵਿਚ ਪ੍ਰਗਟਾਉਣਾ ਔਖਾ ਹੈ। ਇਸ ਲਈ ਇਸ ਨੂੰ ਸਿਧਾਂਤਕ ਸ਼ਬਦ ਚਿੰਨ, ਪ੍ਰਤੀਕ, ਚਿਤ੍ਰਅੱਖਰ, ਭਾਵਚ੍ਰਿਤ, ਸਮ੍ਰਤੀਚਿੰਨ, ਗਿਆਨਕ੍ਰਿਤੀ ਅਤੇ 'ਭਾਵਸੂਚਕ ਸ਼ਬਦ' ਕਰ ਕੇ ਵਿਚਾਰਿਆ ਜਾ ਸਕਦਾ ਹੈ। ਜਿਸ ਥਾਂ ਵੀ ਇਹ ਇੱਕਲੇ ਤੌਰ ਤੇ ਜਾਂ ਫਿਰ ' ਸਤਿ ਗੁਰ ਪ੍ਰਸਾਦਿ' ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ, ਉਸ ਥਾਂ ਇਹ ਸਮੂੱਚੇ ਮੂਲਮੰਤਰ ਦਾ ਪ੍ਰਤੀਕ ਬਣ ਜਾਂਦਾ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ੴ ਸਮੁੱਚੇ ਮੂਲਮੰਤਰ ਦਾ ਉਹ ਪ੍ਰਤੀਕ ਹੈ, ਜੋ ਕਿ ਸਮਸਤ ਦ੍ਰਿਸ਼ਟ-ਅਨਦ੍ਰਿਸ਼ਟ ਅਤੇ ਬੌਧ-ਅਬੌਧ ਸੰਸਾਰ ਦੇ ਪਰਮਾਤਮਾ, ਅਤੇ ਉਸ ਦੀ ਕਾਰ ਦੇ ਦ੍ਰਿਸ਼ਪ੍ਰਪੰਚ ਨੂੰ ਪ੍ਰਤਿਬਿੰਬਤ ਕਰਦਾ ਹੈ।
ਨਿਰਸੰਦੇਹ ੴ, ਗੁਰੂ ਨਾਨਕ ਜੀ ਦੇ ਪਰਮਾਤਮਾ ਸਬੰਧੀ ਅਨੁਭਵ ਦੀ ਪਹਿਲੀ
ਗਿਆਨਕ੍ਰਿਤ ਅਭਿਵਿਯਕਤੀ (Expression) ਹੈ। ਇਸ ਥਾਂ ਇਕ ਸਵਾਲ ਨੂੰ ਵਿਚਾਰਨਾ ਜ਼ਰੂਰੀ ਹੈ ਕਿ ਗੁਰੂ ਨਾਨਕ ਜੀ ਇਸ ਤਕ ਕਿਵੇਂ ਪਹੁੰਚੇ ਹਨ ? ਯਾਨੀ ਕਿ ਗੁਰੂ ਸਾਹਿਬ ਅਨੂਭਵ ਤੋਂ ੴ ਤਕ ਪਹੁੰਚੇ ਹਨ ਜਾਂ ਫਿਰ ੴ ਰਾਹੀਂ ਅਨੁਭਵ ਤਕ ਪਹੁੰਚੇ ਹਨ ? ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਜੀ ਪ੍ਰਭੂਪ੍ਰਕਾਸ਼ਤ ਅਨੁਭਵ ਰਾਹੀਂ ੴ ਤਕ ਪਹੁੰਚੇ ਹਨ, ਪਰ ਸਿੱਖ ਲਈ ਗੁਰਮਤਿ ਦਾ ਮਾਰਗ ੴ ਤੋਂ ਪ੍ਰਭੂਪ੍ਰਕਾਸ਼ ਦੇ ਅਨੁਭਵ ਵੱਲ ਤੁਰਨ ਦੀ ਜੁਗਤ ਹੈ। ਇਸ ਲਈ ਕੋਈ ਸਿਆਣਾ ਅਖਵਾਉਂਦਾ ਸਿੱਖ ਆਪਣੇ ਅਨੁਭਵ ਨੂੰ ਲੈ ਕੇ ੴ ਤਕ ਨਹੀਂ ਪੁੱਜ ਸਕਦਾ। ਇਹੀ ਗੁਰੁ ਅਤੇ ਸਿੱਖ ਵਿਚਲਾ ਅੰਤਰ ਹੈ, ਜੋ ਹੋਛੇ ਅਨੁਭਵ ਹੇਠ ਦੱਬੇ ਸੱਜਣਾਂ ਨੂੰ ਸਮਝ ਨਹੀਂ ਆਉਂਦਾ। ਉਹ ਕੇਵਲ 'ਏਕੋ’ ਉੱਚਾਰਨ ਵਿਚ ਆਪਣੀ ਮੁੱਕਤੀ (ਵਿਦਵਤਾ) ਦਾ ਮਾਰਗ ਲੱਬ ਰਹੇ ਹਨ।
ਹਰਦੇਵ ਸਿੰਘ,ਜੰਮੂ-੨੭.੧੦.੨੦੧੪