Monday, 17 October 2011


‘ਖੰਡੇ ਦੀ ਪਾਹੁਲ` ਅਤੇ ‘ਖੰਡੇ ਦਾ ਅੰਮ੍ਰਿਤ`

ਹਰਦੇਵ ਸਿੰਘ, ਜੰਮੂ




‘ਖੰਡੇ ਦੀ ਪਾਹੁਲ` ਅਤੇ ‘ਖੰਡੇ ਦਾ ਅੰਮ੍ਰਿਤ`

ਹਰਦੇਵ ਸਿੰਘ, ਜੰਮੂ


ਗੁਰਬਾਣੀ ਪੜਦੇ-ਵਿਚਾਰਦੇ ਰਹਿਣ ਨਾਲ ਇਹ ਪਤਾ ਚਲਦਾ ਰਹਿੰਦਾ ਹੈ ਕਿ ਗੁਰਮਤਿ ਦਾ ਦਾਇਰਾ ਇਤਨਾ ਵਿਸ਼ਾਲ ਹੈ ਕਿ ਹਰ ਵੇਲੇ ਉਸ ਵਿਚੋਂ ਕੋਈ ਨਾ ਕੋਈ ਬੇਸ਼ਕੀਮਤੀ ਸੇਧ ਮਿਲਦੀ ਰਹਿੰਦੀ ਹੈ। ਇਸ ਵਿਚਾਰ ਚਰਚਾ ਵਿੱਚ ਪਹਿਲਾਂ ਗੁਰੂ ਨਾਨਕ ਜੀ ਦੀ ਬਾਣੀ ਦੀ ਵਿੱਲਖਣ ਸ਼ੈਲੀ ਦੇ ਇੱਕ ਪੱਖ ਨੂੰ ਵਿਚਾਰ ਲਈਏ ਤਾਂ ਕਿ ਇਹ ਚਰਚਾ ਵਧੇਰੇ ਸਾਰਥਕ ਹੋ ਸਕੇ।
ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ (ਮੂਲ ਮਤਿ, Basic Understanding about God) ਵਿੱਚ ਪਰਮਾਤਮਾ ਲਈ ਕੋਈ ਨਾਮ ਨਹੀਂ ਵਰਤਿਆ ਬਲਕਿ ਉਸ ਨੂੰ ਗੁਣਾਂ ਰਾਹੀਂ ਬਿਆਨ ਕੀਤਾ। ਪਰ ਜਪੁ ਬਾਣੀ ਵਿੱਚ ਉਹ ਪਰਮਾਤਮਾ ਲਈ ਇੱਕ ਪ੍ਰਚਲਤ ਨਾਮ ਦੀ ਵਰਤੋਂ ਕਰਦੇ ਹਨ:-
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਜਪੁ)
ਜ਼ਾਹਰ ਹੈ ਕਿ ਲੋਕਾਈ ਨਾਲ ਲੋਕਾਈ ਦੀ ਜ਼ਬਾਨ ਰਾਹੀਂ ਹੀ ਗਲ ਹੋ ਸਕਦੀ ਹੈ। ਕਈਆਂ ਨੇ ਇਸ ਦਾ ਅਰਥ ਰਾਮਚੰਦਰ ਲਿਆ ਹੋਣਾ ਹੈ ਅਤੇ ਕਈ ਹੁਣ ਵੀ ਲੇਂਦੇ ਹਨ।
ਇਸ ਪ੍ਰਮਾਣ ਵਿੱਚ ਪਰਮਾਤਮਾ ਦਾ ਨਾਮ ਹੈ ‘ਰਾਮ` ਜਦ ਕਿ ਉਸ ਵੇਲੇ ਦੇ ਭਾਰਤ ਵਿੱਚ ਰਾਮ ਸ਼ਬਦ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਲਈ ਵਰਤਿਆ ਜਾਂਦਾ ਨਾਮ ਸੀ ਅਤੇ ਉਹ ਰਾਮ, ਹਿੰਦੂ ਮਤ ਅਨੁਸਾਰ, ਪਰਮਾਤਮਾ ਦਾ ਅਵਤਾਰ ਸੀ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਰਾਮ ਦੇ ਅਰਥ ਪੁੱਛਦਾ ਹੈ, ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਗੁਰੂ ਨਾਨਕ ਵਲੋਂ ਵਰਤੇ ਗਏ ਰਾਮ ਸ਼ਬਦ ਦਾ ਭਾਵ ਅਜੂਨੀ ਪਰਮਾਤਮਾ ਹੈ ਨਾ ਕਿ ਰਾਜਾ ਦਸ਼ਰਥ ਦਾ ਪੁੱਤਰ ਰਾਮ।
ਹੁਣ ਇੱਕ ਹੋਰ ਪ੍ਰਮਾਣ ਵਿਚਾਰੀਏ ਗੁਰੂ ਨਾਨਕ ਜੀ ਧਰਤੀ ਲਈ ਸ਼ਬਦ ਵਰਤਦੇ ਹਨ ਧਰਮਸਾਲ।
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ (ਜਪੁ)
ਅਤੇ ਨਾਲ ਹੀ ਗੁਰੂਘਰ ਪਾਸਿਯੋਂ ਗੁਰਮਤਿ ਪ੍ਰਚਾਰ ਕੇਂਦਰਾਂ ਲਈ ਵੀ ਨਾਮ ਵਰਤਿਆ ਗਿਆ ਧਰਮਸਾਲ। ਧਰਤੀ ਨੂੰ ਧਰਮਸਾਲ ਕਹਿਣ ਤੋਂ ਭਾਵ ਸੀ ਕਿ ਕੋਈ ਕਿਸੇ ਬਿਆਬਾਨ ਜੰਗਲ, ਕਿਸੇ ਗੁਫ਼ਾ ਜਾਂ ਕਿਸੇ ਵਿਸ਼ੇਸ਼ ਸਥਾਨ ਮਾਤਰ ਨੂੰ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਜਪੁ ਵਿੱਚ ਦਰਸਾਈ ਧਰਮਸਾਲ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਬਾਰੇ ਵਰਤੇ ਸ਼ਬਦ ਧਰਮਸਾਲ ਬਾਰੇ ਪੁੱਛਦਾ ਹੈ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਦੋਹਾਂ ਥਾਂਈ ਇੱਕੇ ਸ਼ਬਦ ਦੀ ਵੱਖੋ-ਵੱਖ ਵਰਤੋਂ ਅਤੇ ਭਾਵਅਰਥ ਹਨ। ਇੱਕ ਧਰਮਸਾਲ ਧਰਮ ਕਮਾਂਉਂਣ ਦੀ ਥਾਂ ਹੈ ਅਤੇ ਦੂਜੇ ਪਾਸੇ ਇਸ ਦਾ ਅਰਥ, ਧਰਮ ਕਮਾਉਂਣ ਲਈ, ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕੇਂਦਰ ਹੈ ਜਿਸ ਨੂੰ ਗੁਰਦੂਆਰਾ ਵੀ ਕਿਹਾ ਜਾਂਦਾ ਹੈ।
ਕਿਉਂਕਿ ਗੁਰੂ ਨਾਨਕ ਸ਼ਬਦਾਂ ਅਤੇ ਉਨ੍ਹਾਂ ਦੀ ਵੱਖੋ-ਵੱਖ ਵਰਤੋਂ ਦੇ ਭਾਵ ਬਾਰੇ ਸੰਪੁਰਣਤਾ ਸਪਸ਼ਟ ਸਨ ਇਸ ਲਈ ਗੁਰੂ ਨਾਨਕ ਜੀ ਨੇ ਰਾਮ, ਠਾਕੁਰ, ਗੋਬਿੰਦ ਧਰਮਸਾਲ ਆਦਿ ਸ਼ਬਦਾਂ ਦੀ ਵਰਤੋਂ ਵੇਲੇ ਇਸ ਗਲ ਦੀ ਪਰਵਾਹ ਨਹੀਂ ਕੀਤੀ ਕਿ ਕੋਈ ਰਾਮ ਨੂੰ ਰਾਮਚੰਦਰ, ਠਾਕੁਰ ਨੂੰ ਕ੍ਰਿਸ਼ਨ ਜਾਂ ਧਰਤੀ ਦੇ ਬਜਾਏ ਕੇਵਲ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਨੂੰ ਹੀ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਜਿਸ ਨੂੰ ਮੁਗਾਲਤਾ ਲੱਗਦਾ ਸੀ ਉਹ ਭਾਵਅਰਥ ਸਮਝ ਸਕਦਾ ਸੀ ਅਤੇ ਜਿਸ ਨੂੰ ਹੁਣ ਵੀ ਲੱਗਦਾ ਹੈ ਉਸ ਲਈ ਬਾਣੀ ਵਿਚਾਰ ਦਾ ਮਾਰਗ ਹਮੇਸ਼ਾ ਖੁੱਲਾ ਹੈ।
ਪਰ ਕਿਸੇ-ਕਿਸੇ ਥਾਂ ਅਸੀਂ ਐਸਾ ਕਰਨ ਤੋਂ ਖੁੰਝ ਜਾਂਦੇ ਪ੍ਰਤੀਤ ਹੁੰਦੇ ਹਾਂ। ਮਿਸਾਲ ਦੇ ਤੋਰ ਤੇ ਸਿੱਖ ਰਹਿਤ ਮਰਿਯਾਦਾ ਵਿੱਚ ਵਰਤੇ ‘ਅਮ੍ਰਿਤ` ਸ਼ਬਦ ਦੀ ਵਰਤੋਂ ਬਾਰੇ ਇਤਰਾਜ਼! ਇਸ ਇਤਰਾਜ਼ ਦਾ ਮੁੱਖ ਅਧਾਰ ਅੰਮ੍ਰਿਤ ਸ਼ਬਦ ਦੀ ਉਹ ਵਰਤੋਂ, ਅਤੇ ਉਸਦੀ ਉਹ ਵਿਆਖਿਆ ਹੈ, ਜੋ ਕਿ ਬਾਣੀ ਵਿੱਚ ਦਰਸਾਈ ਗਈ ਹੈ ਅਤੇ ਜਿਸ ਅਨੁਸਾਰ ਨਾਮ (ਪਰਮਾਤਮਾ ਦੇ ਗੁਣਾਂ) ਨੂੰ ਅਤੇ ਗੁਰੂ ਦੇ ਗਿਆਨ ਨੂੰ ਅੰਮ੍ਰਿਤ ਵਜੋਂ ਬਿਆਨ ਕੀਤਾ ਗਿਆ ਹੈ। ਇਹ ਬਿਲਕੁਲ ਸਹੀ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ। ਜਿਨ੍ਹਾਂ ਵੀ ਸੱਜਣਾ ਨੇ ਬਾਣੀ ਜਾਂ ‘ਨਾਮ ਰੂਪੀ ਅਮ੍ਰਿਤ` ਅਤੇ ‘ਖੰਡੇ ਦੇ ਅਮ੍ਰਿਤ` ਵਿਚਲੇ ਵੱਡੇ ਅੰਤਰ ਅਤੇ ਭੁੱਲੇਖਿਆਂ ਨੂੰ ਦੂਰ ਕਰਨ ਦਾ ਜਤਨ ਕੀਤਾ ਹੈ ਉਨ੍ਹਾਂ ਦਾ ਉਹ ਜਤਨ ਸਵਾਗਤਯੋਗ ਹੈ।
ਪਰ ਸਵਾਲ ਇਹ ਹੈ ਕਿ ‘ਖੰਡੇ ਦੇ ਅੰਮ੍ਰਿਤ` ਲਈ ‘ਖੰਡੇ ਦੀ ਪਾਹੁਲ` ਜਾਂ ‘ਪਾਹੁਲਪਾਨ` ਲਈ ‘ਅੰਮ੍ਰਿਤਪਾਨ` ਸ਼ਬਦ ਦੀ ਵਰਤੋਂ ਬਾਰੇ ਅਸਹਿਮਤੀ ਕਿੰਨੀ ਕੁ ਸਾਰਥਕ ਹੈ? ਆਉ ਚਰਚਾ ਰਾਹੀਂ ਇਸ ਸਵਾਲ ਦੀ ਪੜਚੋਲ ਕਰੀਏ।
ਜੇਕਰ ਕੋਈ ਅੰਮ੍ਰਿਤਪਾਨ ਨੂੰ ਐਸੀ ਕ੍ਰਿਆ ਮੰਨ ਲੇਂਦਾ ਹੈ ਕਿ ਜਿਸ ਨੂੰ ਕਰਨ ਨਾਲ ਹੀ ਕੋਈ ਜਾਦੂਈ ਸ਼ਕਤਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਇਹ ਸੋਚ ਗੁਰਮਤਿ ਅਨੁਸਾਰੀ ਨਹੀਂ। ਅਤੇ ਨਾਲ ਹੀ ਜੇਕਰ ਕੋਈ ਐਸੀ ਮਰਿਯਾਦਤ ਕ੍ਰਿਆ ਮਾਤਰ ਨੂੰ ਹੀ ਪਰਮਾਤਮਾ ਦੇ ਗੁਣਾਂ ਨੂੰ (ਨਾਮ ਨੂੰ) ਧਾਰਨ ਕਰਨਾ ਸਮਝ ਲੇਂਦਾ ਹੈ ਤਾਂ ਇਸ ਭੁਲੇਖੇ ਨੂੰ ਦੂਰ ਕਰਨ ਲਈ, ਉਸਨੂੰ ਉਂਝ ਹੀ ਸਮਝਣ-ਸਮਝਾਉਂਣ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਅਸੀਂ, ਕਿਸੇ ਜਿਗਿਆਸੂ ਨੂੰ, ਬਾਣੀ ਅੰਦਰ ‘ਰਾਮ` ਅਤੇ ਬਾਣੀ ਦੇ ਅੰਦਰ-ਬਾਹਰ ‘ਧਰਮਸਾਲ` ਸ਼ਬਦਾ ਦੀ ਵੱਖੋ-ਵੱਖ ਵਰਤੋਂ ਸਮਝਦੇ-ਸਮਝਾਉਂਦੇ ਹਾਂ। ਗੁਰੂ ਨਾਨਕ ਨੂੰ ਬਾਬਾ ਵੀ ਕਹਿਆ ਗਿਆ ਤਾਂ ਅਣਗਿਣਤ ਬਾਬੇ ਵੀ ਹੋ ਗਏ ਪਰ ਸਿੱਖੀ ਦੇ ਅੰਦਰ ਕੋਈ ਹੋਰ ਗੁਰੂ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਸਿੱਖਾਂ ਨੂੰ ਬਾਬਿਆਂ ਅਤੇ ਗੁਰੂਆਂ ਵਿਚਲਾ ਅੰਤਰ ਸਮਝ ਆਉਂਦਾ ਰਿਹਾ। ਜਿੱਥੇ ਤਕ ਨਾਸਮਝੀ ਦੀ ਗਲ ਹੈ ਤਾਂ ਉਹ ਕਿੱਧਰੇ ਵੀ ਹੋ ਸਕਦੀ ਹੈ ਅਤੇ ਹੁੰਦੀ ਵੀ ਹੈ।
ਮਿਸਾਲ ਦੇ ਤੋਰ ਤੇ ਦਾਸ ਨੂੰ ਇੱਕ ਸੱਜਣ ਮਿਲੇ। ਦਾਸ ਨੇ ਪੁੱਛਿਆ ਤਾਂ ਬੋਲੇ “ਮੈਂ ਅਮ੍ਰਿਤ ਛੱਕਿਆ ਹੋਇਆ ਹੈ”
ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ਅਮ੍ਰਿਤ ਛੱਕੜ ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ “ਇਸ ਤੋਂ ਭਾਵ ਹੈ ਕਿ ਮੈਂ ਸਿੱਖਿਆਰਥੀ ਬਣ ਕੇ ਪਾਬੰਦ ਹੋ ਗੁਰਮਤਿ ਗ੍ਰਹਿਣ ਕਰਨੀ ਆਰੰਭ ਕੀਤੀ ਹੈ”
ਦਾਸ ਨੂੰ ਉਨ੍ਹਾਂ ਦਾ ਜਵਾਬ ਠੀਕ ਹੀ ਲੱਗਾ।
ਕਿਸੇ ਹੋਰ ਸਮੇਂ ਦਾਸ ਨੂੰ ਇੱਕ ਹੋਰ ਸੱਜਣ ਮਿਲ ਪਏ ਤਾਂ ਪੁੱਛਣ ਤੇ ਬੋਲੇ “ਮੈਂ ਖੰਡੇ ਦੀ ਪਾਹੁਲ ਛੱਕੀ ਹੈ”
ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ‘ਖੰਡੇ ਦੀ ਪਾਹੁਲ` ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ; “ਇਸ ਤੋਂ ਭਾਵ ਇਹ ਹੈ ਕਿ ਮੈਂ ਅਸਲੀ ਖ਼ਾਲਸਾ ਬਣ ਗਿਆਂ ਹੈ ਅਤੇ ਮੈਂਨੂੰ ਗੁਰੂ ਦਾ ਵਿਸ਼ੇਸ਼ ਕਿਰਪਾ ਪੱਕੇ ਤੌਰ ਤੇ ਮਿਲ ਗਈ ਹੈ”
ਉਨ੍ਹਾਂ ਦੇ ਉੱਤਰ ਵਿੱਚ ਚੁੰਕਿ ਇੱਕ ਵਰਦਾਨ ਰੂਪੀ ਦਾਵੇਦਾਰੀ ਸੀ ਇਸ ਲਈ ਦਾਸ ਪੁਰਾ ਸਹਿਮਤ ਨਹੀਂ ਹੋ ਸੱਕਿਆ।
ਇਨ੍ਹਾਂ ਛੋਟੇ ਸੰਵਾਦਾਂ ਤੋਂ ਇੱਕ ਗਲ ਸਪਸ਼ਟ ਹੋਈ ਕਿ ਅਗਿਆਨਤਾ ‘ਖੰਡੇ ਦੀ ਪਾਹੂਲ` ਕਹਿਣ ਵਾਲੇ ਨੂੰ ਵੀ ਹੋ ਸਕਦੀ ਹੈ ਅਤੇ ਗਿਆਨ ‘ਖੰਡੇ ਦੇ ਅੰਮ੍ਰਿਤ` ਕਹਿਣ ਵਾਲੇ ਨੂੰ ਵੀ ਹੋ ਸਕਦਾ ਹੈ। ਗਲ ਸ਼ਬਦਾਂ ਦੀ ਨਹੀਂ ਬਲਕਿ ਸਮਝਣ-ਸਮਝਾਉਂਣ ਦੀ ਹੈ। ਮਨ ਵਿੱਚ ਵਿਚਾਰ ਉੱਠਿਆ ਕਿ ਕੀ ਅਸੀਂ ਖੰਡੇ ਦੇ ਅੰਮ੍ਰਿਤ ਸ਼ਬਦ ਵਰਤੋਂ ਨੂੰ ਇਸ ਕਰਕੇ ਬਦਲ ਦੇਈਏ ਕਿ ਕਈ ਲੋਗ ਇਸਦੇ ਸਹੀ ਮਾਈਨੇ ਨਹੀਂ ਸਮਝਦੇ? ਪਰ ਜੇ ਕੋਈ ਖੰਡੇ ਦੀ ਪਾਹੁਲ ਦੇ ਅਰਥ ਵੀ ਅੰਮ੍ਰਿਤ ਸਮਝਦਾ ਹੋਵੇ ਤਾਂ ਉਸ ਵੇਲੇ ਕੀ ਕਰਾਂ ਗੇ? ਸਮਝਾਉਂਣ ਦੀ ਕੋਸ਼ਿਸ਼ ਜਾਂ ਸ਼ਬਦਾਂ ਨੂੰ ਬਦਲਣ ਦੀ ਕਸਰਤ? ਗੁਰਬਾਣੀ ਨੂੰ ਵਿਚਾਰਣ ਵਾਲੇ, ਸ਼ਬਦਾਂ ਦੇ ਭਾਵ ਅਰਥ ਸਮਝਾਉਂਣ ਤੋਂ ਪਰੇ ਹੋ ਸ਼ਬਦਾਂ ਨੂੰ ਬਦਲਣ ਦੇ ਚੱਕਰ ਵਿੱਚ ਕਿਵੇਂ ਫ਼ੱਸ ਗਏ? ਕੀ ਸਾਨੂੰ ਰਾਮ ਅਤੇ ਰਾਮਚੰਦਰ, ਧਰਮਸਾਲ (ਧਰਤੀ) ਅਤੇ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਵਿਚਲਾ ਅੰਤਰ ਸਮਝਣਾ-ਸਮਝਾਉਂਣਾ ਨਹੀਂ ਆਉਂਦਾ?
ਗੁਰਬਾਣੀ ਵਿੱਚ ਦਰਸਾਏ ਅੰਮ੍ਰਿਤ ਦੀ ਵਿਆਖਿਆ ਤੋਂ ਅਸੀਂ ਜਾਣੁ ਹਾਂ, ਗੁਰਬਾਣੀ ਵਿੱਚ ਦਰਸਾਏ ਗੋਵਿਂਦ, ਗੋਪਾਲ, ਰਾਮ, ਠਾਕੁਰ, ਸਾਹਿਬ ਆਦਿ ਸ਼ਬਦਾਂ ਦੀ ਗੁਰਮਤਿ ਵਿਆਖਿਆ ਤੋਂ ਅਸੀਂ ਜਾਣੁ ਹਾਂ ਅਤੇ ਗੁੲਬਾਣੀ ਵਿੱਚ ਚਰਚਿਤ ਦੇਵਤਿਆਂ ਦੀ ਵਿਆਖਿਆ ਬਾਰੇ ਵੀ ਅਸੀਂ ਜਾਣੁ ਹਾਂ। ਗੁਰਮਤਿ ਦੀ ਐਸੀ ਵਿਆਖਿਆਵਾਂ ਦੇ ਸੰਧਰਭ ਨੂੰ ਵੱਖਰੇ ਸੰਧਰਭਾਂ ਵਿੱਚ ਖਿੱਚਾਂ ਗੇ ਤਾਂ ਸਾਡੇ ਵਿੱਚੋਂ ਕਈਆਂ ਨੂੰ ਆਪਣੇ-ਆਪਣੇ ਨਾਮ ਤਕ ਬਦਲਣੇ ਪੇਂਣ ਗੇ ਕਿਉਂਕਿ ਉਹ ਸਾਰੇ ਗੁਰਮਤਿ ਸਿਧਾਂਤ ਨਾਲ ਟਕਰਾਉਂਦੇ ਪ੍ਰਤੀਤ ਹੋਂਣ ਗੇ। ਬਹੁਤ ਸਾਰੇ ਨਾਮ ਤਾਂ ਦੇਵਤਿਆਂ ਦੇ ਨਾਮਾਂ ਤੇ ਹਨ ਅਤੇ ਪਰਮਾਤਮਾ ਦੇ ਨਾਮਾਂ ਤੇ ਵੀ।
ਜਿਵੇਂ ਕੋਈ ਇਹ ਵੀ ਪੁੱਛ ਸਕਦਾ ਹੈ ਕਿ ਬਾਣੀ ਦਾ ਸੁਚੱਜਾ ਟੀਕਾ ਕਰਨ ਵਾਲੇ ਮਹਾਨ ਵਿਦਵਾਨ ਪੋ. ਸ਼ਾਹਿਬ ਸਿੰਘ ਜੀ ਨੇ ਆਪਣੇ ਨਾਮ ਲਈ ‘ਸਾਹਿਬ` ਸ਼ਬਦ ਦੀ ਵਰਤੋਂ ਕਿਵੇਂ ਕਰ ਲਈ? ਇਹ ਤਾਂ ਇੱਕ ਗ਼ੈਰ ਸਿਧਾਂਤਕ ਹਿਮਾਕਤ ਸੀ! ਕੀ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਗੁਰਮਤਿ ਅਨੁਸਾਰ ‘ਸਾਹਿਬ` ਕੋਂਣ ਹੁੰਦਾ ਹੈ? ਐਸੇ ਸਵਾਲ ਬੇਮਾਨੀ ਪ੍ਰਤੀਤ ਹੁੰਦੇ ਹਨ, ਕਿਉਂਕਿ ਆਪ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਦੀ ਪਰਿਖਿਆ ਬਾਦ, ਦੋ ਪਿਆਰਿਆਂ ਨੂੰ ‘ਸਾਹਿਬ ਸਿੰਘ` ਅਤੇ ‘ਧਰਮ ਸਿੰਘ` ਨਾਮ ਲਾਲੋਂ ਨਿਵਾਜਿਆ ਸੀ ਜਦ ਕਿ ਬਾਣੀ ਵਿੱਚ ‘ਸਾਹਿਬ` (ਪਰਮਾਤਮਾ) ਅਤੇ ‘ਧਰਮ` ਦੀ ਵਿਆਖਿਆ ਕੁੱਝ ਹੋਰ ਹੈ।
ਇਹ ਠੀਕ ਹੈ ਕਿ ਕਈ ਸ਼ਬਦ ਵਿਸ਼ੇਸ਼ ਰੂਪ ਵਿੱਚ ਕੁੱਝ ਵਿਸ਼ੇਸ਼ ਸੰਧਰਭਾਂ ਲਈ ਰਾਖਵੇਂ ਹੋ ਜਾਂਦੇ ਹਨ ਪਰ ਇਸ ਨਾਲ ਦੇ ਨਾਲ ਕਿਸੇ ਹੋਰ ਸੰਧਰਭ ਵਿੱਚ ਉਨ੍ਹਾਂ ਦੀ ਵਰਤੋਂ ਹੁੰਦੀ ਰਰਿੰਦੀ ਹੈ। ਕੀ ਸ਼ਬਦਾਂ ਦੇ ਸਹੀ ਭਾਵ ਅਰਥ ਅਤੇ ਉਨਾਂ ਦੀ ਵਰਤੋਂ ਦੇ ਅਸਲ ਸੰਧਰਭ ਨੂੰ ਸਮਝਣ-ਸਮਝਾਉਂਣ ਦੀ ਥਾਂ,ਸ਼ਬਦਾਂ ਬਾਰੇ ਐਸੀ ਅਸਹਮਤੀ ਵਾਜਬ ਹੈ ਜਿਸ ਨਾਲ ਪ੍ਰਾਪਤੀ ਕੁੱਝ ਨਾ ਹੋਵੇ?
ਜਿਵੇਂ ਵਿਚਾਰ ਆਏ ਹਾਂ ਕਿ ਜੋ ਵੀ ਸੱਜਣ, ‘ਬਾਣੀ ਰੂਪੀ ਅੰਮ੍ਰਿਤ` ਅਤੇ ਖੰਡੇ ਦੇ ਅੰਮ੍ਰਿਤ ਵੱਡੇ ਵਿਚਲੇ ਅੰਤਰ ਅਤੇ ਭੁੱਲੇਖੇ ਨੂੰ ਦੂਰ ਕਰਨ ਦਾ ਜਤਨ ਕਰਦੇ ਹਨ ਉਨ੍ਹਾਂ ਦੇ ਜਤਨਾਂ ਦਾ ਸਵਾਗਤ ਹੈ ਪਰ ਸ਼ਬਦਾਂ ਦੇ ਬਦਲਾਵ ਦਾ ਵਿਚਾਰ ਲਾਵੇਵੰਦ ਨਹੀਂ ਪ੍ਰਤੀਤ ਹੁੰਦਾ। ਕਿੳਂਕਿ ਜੇਕਰ ਪਾਹੁਲ ਦੇ ਅਰਥ ਵੀ ਦੇਖੇ ਜਾਣ ਤਾਂ ਅੰਮ੍ਰਿਤ ਹੀ ਨਿਕਲਣ ਗੇ। ਅਸੀਂ ਸ਼ਬਦਕੋਸ਼ ਤਾਂ ਬਦਲ ਨਹੀਂ ਸਕਦੇ। ਖ਼ੈਰ ਅਸੀਂ ਇਸ ਨੁੱਕਤੇ ਬਾਰੇ, ਥੋੜਾ ਅੱਗੇ ਚਲ ਕੇ, ਹੋਰ ਵਿਚਾਰ ਕਰਨ ਦਾ ਜਤਨ ਕਰਾਂ ਗੇ। ਪਹਿਲਾਂ ਚਰਚਾ ਦੀ ਸਹੀ ਰਵਾਨਗੀ ਲਈ ਕੁੱਝ ਤੱਥ ਵਿਚਾਰ ਲਈਏ।
ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੇ ਮਹਾਨ ਕੋਸ਼ ਦਾ ਕੰਮ 1912 ਵਿੱਚ ਆਰੰਭ ਕੀਤਾ ਸੀ ਅਤੇ ਇਹ ਕੰਮ ਲਗਭਗ 14 ਸਾਲਾਂ ਬਾਦ 1926 ਵਿੱਚ ਮੁੱਕਮੱਲ ਹੋਇਆ ਸੀ। ਉਨ੍ਹਾਂ ਮਹਾਨ ਕੋਸ਼ ਅੰਦਰ ‘ਅੰਮ੍ਰਿਤ ਸੰਸਕਾਰ`ਦੀ ਅੇਂਟਰੀ ਵਿਚ,ਇਸ ਰਸਮ ਦੀ ਵਿਆਖਿਆ ਕਰਦੇ, ਇਸ ਦਾ ਜ਼ਿਕਰ ਲਗਭਗ ਉਂਝ ਹੀ ਕੀਤਾ ਹੈ ਜਿਸ ਤਰਾਂ ਇਹ ਰਹਿਤ ਮਰਿਯਾਦਾ ਵਿੱਚ ਦਰਜ ਹੈ। ਖ਼ੈਰ ਇਸ ਚਰਚਾ ਦਾ ਵਿਸ਼ਾਂ ਰਸਮੀ ਕ੍ਰਿਆ ਬਾਰੇ ਵਿਚਾਰ ਕਰਨਾ ਨਹੀਂ ਬਲਕਿ ਖੰਡੇ ਦੀ ਪਾਹੁਲ-ਅੰਮ੍ਰਿਤ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨਾ ਹੈ।
ਤਕਰੀਬਨ 115ਸਾਲ ਤੋਂ ਵਧ ਸਮਾਂ ਪਹਿਲਾਂ (ਉਨ੍ਹਾਂ ਦਿਨਾਂ ਪੁਸਤਕ ਲਿਖਣਾ ਅਤੇ ਛਪਵਾਉਣ ਲਈ ਕਈ ਸਾਲਾਂ ਦੇ ਸਮੇਂ ਦੀ ਲੋੜ ਹੁੰਦੀ ਸੀ) ਅਤੇ ਰਹਿਤ ਮਰਿਯਾਦਾ ਦੇ ਕਹੇ ਜਾਂਦੇ ਪਹਿਲੇ ਖਰੜੇ ਤੋਂ ਲਗਭਗ 38 ਸਾਲ ਪਹਿਲਾਂ, ਭਾਈ ਕਾਨ ਸਿੰਘ ਨਾਭਾ ਜੀ ਵਲੋਂ ਲਿਖੀ ਇੱਕ ਪੁਸਤਕ, ‘ਗੁਰਮਤ ਸੁਧਾਕਰ` ਵਿੱਚ ਵੀ, ਜੋ ਕਿ 1898 ਵਿੱਚ ਪ੍ਰਕਾਸ਼ਤ ਹੋਈ ਸੀ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਸ਼ਬਦਾਂ ਦੀ ਵਰਤੋਂ ਨਾਲ ਦੇ ਨਾਲ ਮਿਲਦੀ ਹੈ। ਇਸ ਤੋਂ ਇਹ ਵਿਚਾਰ ਸਪਸ਼ਟ ਹੁੰਦਾ ਹੈ ਕਿ ਅੰਮ੍ਰਿਤ ਸ਼ਬਦ ਨਾ ਤਾਂ 1936 ਦੇ ਖਰੜੇ ਦੀ ਅਤੇ ਨਾ ਹੀ 1945ਦੀ ਰਹਿਤ ਮਰਿਯਾਦਾ ਦੀ ਦੇਂਣ ਸੀ ਬਲਕਿ ਇਹ ਪਹਿਲਾਂ ਤੋਂ ਹੀ ਪ੍ਰਚਲਤ ਸੀ। ਜਿਸ ਦੀ ਪੁਰਾਤਨਤਾ ਨੂੰ ਅੱਗੇ ਚਲ ਕੇ ਹੋਰ ਵਿਚਾਰਾਂ ਗੇ।
ਜਿੱਥੋਂ ਤਕ ‘ਖੰਡੇ ਦੀ ਪਾਹੁਲ` ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਦੀ ਗਲ ਹੈ ਤਾਂ ਪਾਹੁਲ ਦੇ ਅਰਥ ਵੀ ਅੰਮ੍ਰਿਤ ਲਏ ਜਾਂਦੇ ਹਨ। ਸਮੱਸਿਆ ੳੱਥੇ ਹੀ ਖੜੀ ਨਜ਼ਰ ਆਉਂਦੀ ਹੈ ਕਿਉਂਕਿ ਸ਼ਬਦਕੋਸ਼ਕ ਅਰਥ ਤਾਂ ਅੰਮ੍ਰਿਤ ਦੇ ਪਾਹੁਲ ਕਰਕੇ, ਅਤੇ ਪਾਹੁਲ ਦੇ ਅੰਮ੍ਰਿਤ ਹਨ। ਹਾਂ, ਜਿਵੇਂ ਕਿ ਅਸੀਂ ਇਸ ਚਰਚਾ ਵਿੱਚ ਅੱਗੇ ਚਲ ਕੇ ਵੇਖਾਂ ਗੇ, ਪਾਹੁਲ ਸ਼ਬਦ ਵਧੇਰੇ ਸਮੱਸਿਆ ਗ੍ਰਸਤ ਵੀ ਨਜ਼ਰ ਆਉਂਦਾ ਹੈ। ਖੰਡੇ ਦੀ ਪਾਹੁਲ ਟਰਮ ਲਈ ਅੰਮ੍ਰਿਤ ਸ਼ਬਦ ਕਦੋਂ ਵਰਤੋਂ ਵਿੱਚ ਆਇਆ ਇਸ ਦੀ ਪੜਚੋਲ ਵੀ ਜ਼ਰੁਰੀ ਹੈ।
ਸੰਖ਼ੇਪ ਪੜਚੋਲ ਦੌਰਾਨ ਦਾਸ ਨੂੰ ਪਤਾ ਚਲਿਆਂ ਕਿ ਹੋਰ ਹਵਾਲਿਆਂ ਤੋਂ ਇਲਾਵਾ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਦੋਹੇਂ ਸ਼ਬਦ ਹੀ ਭਾਈ ਦੇਸਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਇੰਝ ਦਰਜ਼ ਹਨ:-
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,
ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.
ਭਾਈ ਕਾਨ ਸਿੰਘ ਜੀ ਅਨੁਸਾਰ ਅੰਮ੍ਰਿਤਸਰ ਨਿਵਾਸੀ ਭਾਈ ਦੇਸਾ ਸਿੰਘ ਜੀ ਨੇ ਇਹ ਰਹਿਤਨਾਮਾ ਭਾਈ ਨੰਦਲਾਲ ਅਤੇ ਦਸ਼ਮੇਸ਼ ਜੀ ਦੇ ਪ੍ਰਸ਼ਨੋਤਰ ਪਰ ਲਿਖਿਆ ਸੀ।
ਇਸ ਹਵਾਲੇ ਤੋਂ ਦੋ ਮਹੱਤਵਪੁਰਣ ਗਲਾਂ ਸਪਸ਼ਟ ਹੁੰਦਿਆ ਹਨ:-
ਪਹਿਲੀ ਗਲ ਇਹ ਕਿ 1936 ਦੇ ਖਰੜੇ ਤੋਂ ਲਗਭਗ 200 ਸਾਲ ਤੋਂ ਵੱਧ ਸਮੇਂ ਪਹਿਲਾਂ ਖੰਡੇ ਦੀ ਪਾਹੁਲ ਅਤੇ ਇਸ ਕ੍ਰਿਆ ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਨਾਲ ਦੇ ਨਾਲ ਤੁਰ ਰਹੀ ਸੀ।
ਦੂਜੀ ਅਤਿ ਮਹੱਤਵਪੁਰਣ ਗਲ ਇਹ ਕਿ ਜ਼ਰੂਰ ਕਿਸੇ ਹੋਰ ਪਾਹੁਲ ਦੀ ਰਸਮ ਵੀ ਕਿਸੇ ਹੋਰ ਵੱਲੋਂ ਪ੍ਰਚਲਤ ਸੀ, ਜਿਸ ਨੂੰ ਗ੍ਰਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਤੋਂ ਸਪਸ਼ਟ ਹੁੰਦੀ ਹੈ। (ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ) ਚੇਤੇ ਰੱਖਿਏ ਕਿ `ਚਰਨ ਘਾਲ` ਦਾ ਅਰਥ ਵੀ `ਚਰਨਾ ਦਾ ਪਾਣੀ` ਆਦਿਕ ਹੁੰਦਾ ਹੈ। (ਵੇਖੋ: ਘਾਲ, ਮਹਾਨ ਕੋਸ਼)
ਕਈ ਵਿਚਾਰਕਾਂ ਦਾ ਇਹ ਵੀ ਵਿਚਾਰ ਹੈ ਕਿ ਭਾਈ ਗੁਰਦਾਸ ਜੀ ਨੇ ਆਪਣੀ ਲਿਖਤਾਂ ਵਿੱਚ ਗੁਰੂ ਨਾਨਕ ਵਲੋਂ ਚਰਨਾਮ੍ਰਿਤ ਦੇਂਣ ਦਾ ਇਸ਼ਾਰਾ ਕੀਤਾ ਹੈ। ਖ਼ੈਰ ਇਤਨਾ ਤਾਂ ਪੱਕੇ ਤੋਰ ਤੇ ਸਪਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਵਲੋਂ 1699 ਵਿੱਚ ਇਸ ਕ੍ਰਿਆ ਨੂੰ ਨਵੇਕਲੇ ਢੰਗ ਨਾਲ ਆਰੰਭ ਕੀਤਾ ਸੀ ਜਿਸ ਨੂੰ ਖੰਡੇ ਦੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਸੀ।
ਖੰਡੇ ਕੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਬਾਰੇ ਪਾਹੁਲ ਸ਼ਬਦ ਦੇ ਅਰਥਾਂ ਦੀ ਵਧੇਰੀ ਛਾਣਬੀਣ ਅਤੇ ਭਾਈ ਕਾਨ ਸਿੰਘ ਨਾਭਾ ਜੀ ਦੇ ਵਿਚਾਰ ਵੀ ਵਿਚਾਰਣ ਯੋਗ ਹਨ।
ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦੇ ਹੋਰ ਅਰਥਾਂ ਦੇ ਨਾਲ ਭਾਈ ਸਹਿਬ ਜੀ ਨੇ ਅੰਮ੍ਰਿਤ ਸ਼ਬਦ ਦੇ ਅਰਥ ਇੰਝ ਕੀਤੇ ਹਨ:-
ਅਮ੍ਰਿਤ} ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਜਲ, ਜੇ ਸਿੰਘ ਸਜਣ ਵੇਲੇ ਛਕਾਇਆ ਜਾਦਾਂ ਹੈ, ਜਲ.
ਅਤੇ ਫ਼ਿਰ ਭਾਈ ਸਾਹਿਬ ਜੀ ਨੇ ਇਸ ਰੀਤ ਦੀ ਵਧੇਰੀ ਵਿਆਖਿਆ ਆਪਣੇ ਮਹਾਨਕੋਸ਼ ਵਿੱਚ ‘ਅਮ੍ਰਿਤ ਸੰਸਕਾਰ` ਇੰਦਰਾਜ (ਪੰਨਾ 77) ਹੇਠ ਕੀਤੀ ਹੈ ਜੋ ਕਿ ਪ੍ਰਚਲਤ ਰਹਿਤ ਮਰਿਯਾਦਾ ਦੇ ਨਾਲ ਮਿਲਦੀ ਹੈ। ਇਹੀ ਵਿਆਖਿਆ, ਉਨ੍ਹਾਂ ਦੀ 1945 ਦੀ ਸਿੱਖ ਰਹਿਤ ਮਰਿਯਾਦਾ ਤੋਂ ਲਗਭਗ 50 ਕੁ ਸਾਲ ਪਹਿਲਾਂ ਲਿਖੀ ਪੁਸਤਕ, ਗੁਰਮਤਿ ਸੁਧਾਕਰ ਨਾਲ ਮਿਲਦੀ ਹੈ।
ਹੁਣ ਭਾਈ ਸਾਹਿਬ ਜੀ ਵਲੋਂ ਕੀਤੇ ਪਾਹੁਲ ਦੇ ਅਰਥਾਂ ਬਾਰੇ ਵਿਚਾਰ ਵੀ ਕਰ ਲੇਈਏ:-
ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)
ਇਸ ਇੰਦਰਾਜ਼ ਬਾਰੇ ਭਾਈ ਸਾਹਿਬ ਦਾ ਮਤ ਵਿਚਾਰਣ ਯੋਗ ਹੈ ਜੋ ਕਿ ਉਨ੍ਹਾਂ ਨੇ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਸਪਸ਼ਟ ਕੀਤਾ ਹੈ। ਉਹ ਪਾਹੁਲ ਬਾਰੇ ਆਪਣਾ ਵਿਚਾਰ ਪਾਹੁਲ ਦੇ ਅਰਥਾਂ ਸਮੇਤ ਇੰਝ ਪ੍ਰਕਟ ਕਰਦੇ ਹਨ:-
ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “ (ਭਾਈ ਕਾਨ ਸਿੰਘ ਨਾਭਾ)
ਭਾਈ ਕਾਨ ਸਿੰਘ ਜੀ ਨਾਭਾ ਦਾ ਮਤ ਸਪਸ਼ਟ ਰੂਪ ਵਿੱਚ ਪਾਹੁਲ ਸ਼ਬਦ ਦੇ ਹੱਕ ਵਿੱਚ ਨਹੀਂ ਨਿੱਬੜਦਾ। ਉਹ ‘ਖੰਡੇ ਦੇ ਅਮ੍ਰਿਤ` ਦੇ ਹੱਕ ਵਿੱਚ ਹਨ। ਇਸ ਦਾ ਕਾਰਨ ਇਹ ਹੈ ਕਿ ਭਾਈ ਸਾਹਿਬ ਜੀ ਦੀ ਭਾਸ਼ਾਈ ਅਰਥ ਖੋਜ ਅਨੁਸਾਰ ਪਾਹੁਲ ਸ਼ਬਦ ਦੀ ਵਰਤੋਂ ਪੈਰਾਂ ਨਾਲ ਜੁੜੇ ਪਾਦਜਲ (ਚਰਨਾਮ੍ਰਿਤ) ਨਾਲ ਰਲਦੀ ਹੈ ਜੋ ਕਿ ਕਿਸੇ ਵਲੋਂ ਵਰਤੀ ਜਾਂਦੀ ਪੁਰਾਣੀ ਪਰਿਪਾਟੀ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਵਰਤੋਂ ਨਹੀਂ ਬਲਕਿ ਖੰਡੇ ਦੀ ਵਰਤੋਂ ਦਾ ਸੀ।
ਹੁਣ ਇਸ ਨੁੱਕਤੇ ਤੇ ਪਹੁੰਚ ਕੇ ਸਾਨੂੰ ਪਹਿਲਾਂ ਵਿਚਾਰੀ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਦੀ ਉਸ ਤਾਕੀਦ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਜਿਸ ਅਨੁਸਾਰ ਦਸ਼ਮੇਸ਼ ਜੀ ਨੇ ਕਿਸੇ ‘ਹੋਰ ਪ੍ਰਕਾਰ ਦੀ ਪਾਹੁਲ` ਨੂੰ ਨਾ ਲੇਂਣ ਦੀ ਹਿਦਾਯਤ ਸਿੱਖਾਂ ਨੂੰ ਕੀਤੀ ਸੀ। ਅਸੀਂ ਪਿੱਛੇ ਵਿਚਾਰ ਆਏ ਹਾਂ ਕਿ ਇਸ ਤਾਕੀਦ ਤੋਂ ਪਤਾ ਚਲਦਾ ਹੈ ਕਿ ਉਸ ਵੇਲੇ ਕੋਈ ਹੋਰ ਵੀ ਪਾਹੁਲ ਦੇਂਣ ਦੀ ਵਰਤੋਂ ਕਰ ਰਿਹਾ ਸੀ ਅਤੇ ਇਹ ਵਰਤੋਂ ਚਰਣਾਮ੍ਰਿਤ ਵਰਗੀ ਸੀ।
ਪਾਹੁਲ ਦਾ ਕੋਈ ਰਿਵਾਜ ਜ਼ਰੂਰ ਸੀ ਜਿਸ ਕਾਰਨ ਦਸ਼ਮੇਸ਼ ਜੀ ਵਲੋਂ ਕੀਤੇ ਕੋਤਕ ਨੂੰ ਖੰਡੇ ਦੀ ਪਾਹੁਲ ਵੀ ਕਿਹਾ ਗਿਆ ਪਰ ਚੁੰਕਿ ਗੁਰੂ ਆਪ ਸੰਸ਼ਾਰ ਤੋਂ ਚਲੇ ਗਏ ਇਸ ਲਈ ਪਾਹੁਲ ਦੀ ਥਾਂ, ਨਾਲ ਦੇ ਨਾਲ, ਅੰਮ੍ਰਿਤ ਸ਼ਬਦ ਨੂੰ ਵਰਤਿਆ ਗਿਆ ਕਿਉਂਕਿ ਇਹ ਪਾਦਜਲ (ਪਾਹੁਲ) ਵਰਗਾ ਨਹੀਂ ਸੀ ਬਲਕਿ ਖੰਡੇ ਦੀ ਵਰਤੋਂ ਤੇ ਅਧਾਰਤ ਸੀ। ਹੋ ਸਕਦਾ ਹੈ ਕਿ ਇਸ ਰੀਤ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਨੂੰ ਵੀ ਦਸ਼ਮੇਸ਼ ਜੀ ਦੀ ਹੀ ਪਰਵਾਣਗੀ ਸੀ ਜਿਸ ਕਾਰਣ ਉਨਾਂ ਦੇ ਸਮਕਾਲੀਆਂ ਨੇ ਇਸ ਕ੍ਰਿਆ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਵੀ ਕੀਤੀ ਸੀ। ਜੇਕਰ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਐਸੀ ਦਾਤ ਗੁਰਮਤਿ ਅਨੁਸਾਰੀ ਸੀ ਤਾਂ ਸਿੱਖਾਂ ਲਈ ਇਹ ਦਾਤ ਅੰਮ੍ਰਿਤ ਸਮਾਨ ਕੀਮਤੀ ਹੀ ਸੀ। ਜਾਹਰ ਜਿਹੀ ਗਲ ਹੈ ਕਿ ਪਹਿਲਾਂ ਤੋਂ ਚਰਨਾਮ੍ਰਿਤ ਨਾਲ ਜੁੜਿਆ ਸ਼ਬਦ ਪਾਹੁਲ ਇੱਕ ਨਵੇਕਲੀ ਕ੍ਰਿਆ ਲਈ ਵੀ ਪ੍ਰਚਲਤ ਰਿਹਾ। ਇਹ ਸੁਭਾਵਕ ਜਿਹੀ ਗਲ ਸੀ। ਖ਼ੈਰ ਅਸੀਂ ਹੁਣ
ਅੱਗੇ 1936 ਦੇ ਪਸਮੰਜ਼ਰ ਨੂੰ ਵਿਚਾਰਦੇ ਹਾਂ ਜਿਸ ਵਿੱਚ ਰਹਿਤ ਮਰਿਯਾਦਾ ਤਿਆਰ ਕਰਨ ਵਿੱਚ ਲੱਗੇ ਸੱਜਣਾ ਵਲੋਂ ‘ਪਾਹੁਲ` ਦੀ ਥਾਂ ‘ਅੰਮ੍ਰਿਤ` ਸ਼ਬਦ ਨੂੰ ਤਰਜੀਹ ਦਿੱਤੀ ਗਈ। ਐਸਾ ਕਿਉਂ ਹੋਇਆ? ਇਸ ਸਵਾਲ ਦਾ ਸਹੀ ਜਵਾਬ ਸ਼ਾਯਦ ਭਾਈ ਕਾਨ ਸਿੰਘ ਨਾਭਾ ਜੀ ਦੀ ਉਹ ਵਿਆਖਿਆ ਹੀ ਹੈ ਜਿਸ ਵਿੱਚ ਉਨ੍ਹਾਂ ਵਲੋਂ ਕੀਤੇ ਖ਼ੋਜ ਅਧਾਰਤ ਅਰਥ ਅਨੁਸਾਰ ਪਾਹੁਲ ਦੇ ਅਰਥ ਪਾਦਜਲ ਜਾਂ ਪੈਰਾਂ ਰਾਹੀਂ ਤਿਆਰ ਚਰਣਾਮ੍ਰਿਤ ਨਿਕਲਦੇ ਸਨ। ਉਸ ਵੇਲੇ ਭਾਈ ਕਾਨ ਸਿੰਘ ਜੀ ਦੇ ਵਿਚਾਰਾਂ ਅਤੇ ਲਿਖਤਾਂ ਦੀ ਕਦਰ ਅਤੇ ਵਰਤੋਂ ਤਾਂ ਸੀ ਹੀ। ਉਹ ਵਿਦਵਾਨ ਪਰੁਸ਼ ਸਨ। ਵੈਸੇ ਵੀ ਰਹਿਤ ਮਰਿਯਾਦਾ ਵਿੱਚ ਇਸ ਰਸਮ ਦੇ ਸਿਰਲੇਖ ਲਈ, ਪ੍ਰਚਲਤ ਦੋਹਾਂ ਸ਼ਬਦ ਜੋੜਾਂ ਵਿਚੋਂ ਇੱਕ ਨੂੰ ਹੀ ਚੁਣਨ ਦੀ ਗਲ ਸੀ।
ਇਸ ਲਈ ਹੁਣ ਇਸ ਚਰਚਾ ਵਿੱਚ ਭਾਈ ਸਾਹਿਬ ਜੀ ਦੇ ਮਹਾਨ ਕੋਸ਼ ਵਿੱਚ `ਚਰਣਾਮ੍ਰਿਤ` ਇੰਦਰਾਜ਼ ਦੇ ਅਰਥ ਵੀ ਵਿਚਾਰਣ ਦੀ ਲੋੜ ਹੈ ਕਿਉਂਕਿ ਮਹਾਨ ਕੋਸ਼ ਵਿੱਚ ਪਾਹੁਲ ਦੇ ਅਰਥਾਂ ਹੇਠ ਪੈਰ ਟਿੱਪਣੀ, ਪਾਹੁਲ ਦੇ ਅਰਥ ਨੂੰ ਚਰਣਾਮ੍ਰਿਤ ਸ਼ਬਦ ਦਾ ਪ੍ਰਾਯਵਾਚੀ ਦੱਸਦੀ ਹੈ ਚਰਣਾਮ੍ਰਿਤ ਦੇ ਅਰਥ ਇਸ ਪ੍ਰਕਾਰ ਹਨ:-
ਚਰਣਾਮ੍ਰਿਤ} ਸੰਗਯਾ- ਚਰਣਾਂ ਦਾ ਅੰਮ੍ਰਿਤ, ਚਰਣੋਦਕ, ਦੇਵਤਾ ਦੀ ਮੁਰਤੀ ਅਥਵਾ ਧਰਮਉਪਦੇਸ਼ਾ ਗੁਰੂ ਦੇ ਚਰਣਾ ਦਾ ਜਲ, ਉਹ ਜਲ ਜਿਸ ਨਾਲ ਗੁਰੂ ਦੇ ਪੈਰ ਧੌਤੇ ਹਨ, ਨੋਂ ਸਤਿ ਗੁਰਾਂ ਵਲੋਂ ਸਿੱਖ ਧਰਮ ਵਿੱਚ ਲਿਆਉਂਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ. ਇਸ ਦਾ ਨਾਮ ਚਰਣਾਪਾਹੁਲ ਅਤੇ ਪਰਾਪਾਹੁਲ ਭੀ ਲਿਖਿਆ ਹੈ.
ਨੋਂ ਸਤਿਗੁਰਾਂ ਵੇਲੇ ਕੀ ਰੀਤ ਸੀ ਕੀ ਨਹੀਂ, ਇਸ ਤੋਂ ਅਲਗ, ਇਨ੍ਹਾਂ ਤਾਂ ਸਪਸ਼ਟ ਹੈ ਕਿ ਪਾਹੁਲ ਦੇ ਅਰਥ ਅੰਮ੍ਰਿਤ ਨਾਲ ਹੀ ਜੁੜੇ ਸੀ ਫ਼ਰਕ ਕੇਵਲ ਇਤਨਾ ਸੀ ਕਿ ਪਾਹੁਲ ਕਿਸੇ ਦੇ ਚਰਣਾ ਦੇ ਅੰਮ੍ਰਿਤ ਨਾਲ ਜੁੜਿਆ ਸ਼ਬਦ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਥਾਂ ਖੰਡੇ ਦੀ ਵਰਤੋਂ ਦਾ ਸੀ। ਸੁਭਾਵਕ ਜਿਹੀ ਗਲ ਹੈ ਕਿ ਖੰਡੇ ਦੇ ਪੈਰ ਨਹੀਂ ਹੁੰਦੇ ਅਤੇ ਇਸ ਲਈ ਭਾਈ ਕਾਨ ਸਿੰਘ ਨਾਭਾ ਜੀ ਨੇ ਪਾਹੁਲ ਸ਼ਬਦ ਦੇ ਅਰਥਾਂ ਦੇ ਨਾਲ ਉਸਦੇ ਭਾਸ਼ਾਈ ਅਤੇ ਵਿਵਹਾਰਕ ਪਿੱਛੋਕੜ ਕਾਰਣ ਖੰਡੇ ਦੀ ਪਾਹੁਲ ਦੀ ਥਾਂ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਨੂੰ ਤਰਜੀਹ ਦਿੰਦੇ ਪਾਹੁਲ ਸ਼ਬਦ ਦੀ ਵਰਤੋਂ ਤੋਂ ਅਸਹਿਮਤੀ ਜਤਾਈ ਸੀ।
ਅਗਰ ਸਿੱਖ ਜਗਤ ਵਿੱਚ ਇਹ ਮਾਨਤਾ ਸੀ ਕਿ ਨੋਂ ਸਤਿਗੁਰਾਂ ਨੇ ਸਿੱਖੀ ਦੇ ਦਾਇਰੇ ਦੇ ਅੰਦਰ ਪ੍ਰਵੇਸ਼ ਲਈ ਪਾਹੁਲ (ਚਰਨਾਮ੍ਰਿਤ) ਵਰਗੀ ਰੀਤ ਰੱਖੀ ਹੋਈ ਸੀ ਤਾਂ ਦਸ਼ਮੇਸ਼ ਗੁਰੂ ਤੋਂ ਬਾਦ ਖੰਡੇ ਦਾ ਅੰਮ੍ਰਿਤ ਜ਼ਿਆਦਾ ਢੁੱਕਵਾਂ ਸ਼ਬਦ ਪ੍ਰਤੀਤ ਹੁੰਦਾ ਸੀ ਕਿਉਂਕਿ ਹੁਣ ਪਾਹੁਲ (ਚਰਨਾਮ੍ਰਿਤ) ਨਹੀਂ ਸੀ ਹੋ ਸਕਦਾ। ਸ਼ਾਯਦ ਇਸੇ ਕਾਰਨ ਪਾਹੁਲ ਦੀ ਵਧੇਰੇ ਸਪਸ਼ਟਤਾ ਲਈ ਇਸ ਨਾਲ ‘ਖੰਡੇ ਦੀ` ਸ਼ਬਦ ਜੋੜੇ ਗਏ ਤਾਂ ਕਿ ਉਸ ਵਲੇ ਕਿੱਧਰੇ ਹੋਰ ਕਿਸੇ ਵੱਲੋਂ ਪ੍ਰਚਲਤ ਚਰਨਾਮ੍ਰਿਤ ਲਾਲੋਂ ਇਸ ਰਸਮ ਨੂੰ ਵੱਖਰਾ ਪਰਿਭਾਸ਼ਤ ਰੱਖਿਆ ਜਾ ਸਕੇ। ਪਰ ‘ਖੰਡੇ ਦੀ` ਦੇ ਨਾਲ ‘ਪਾਹੁਲ` ਦੇ ਅਰਥਾਂ ਨੂੰ ਜੋੜਿਆ ਜਾਏ ਤਾਂ ਅਰਥ ਬਣਦੇ ਹਨ:-
ਖੰਡੇ ਨਾਲ ਤਿਆਰ ਕੀਤਾ ਪਾਦਜਲ, ਚਰਨਾਮ੍ਰਿਤ ਜਾਂ ਖੰਡੇ ਨਾਲ ਤਿਆਰ ਕੀਤਾ ਚਰਨਾ ਦਾ ਅੰਮ੍ਰਿਤ!
ਇਹ ਇੱਕ ਦੋਹਰਾ ਜਿਹਾ ਭਾਵ ਅਰਥ ਬਣਦਾ ਪ੍ਰਤੀਤ ਹੁੰਦਾ ਹੈ। ਯਾਨੀ ਕਿ ਇਕੋ ਹੀ ਸਮੇਂ ਇੱਕ ਜਲ ਦੇ ਬਾਟੇ ਨੂੰ ‘ਖੰਡੇ` ਅਤੇ `ਚਰਣਾਂ` ਨਾਲ ਤਿਆਰ ਕੀਤਾ ਅੰਮ੍ਰਿਤ ਜਾਂ ਜਲ ਕਹਿਣ ਵਰਗਾ। ਅੰਮ੍ਰਿਤ ਸ਼ਬਦ ਤਾਂ ਕਿਸੇ ਸੂਰਤ ਵੀ ਬਾਹਰ ਨਹੀਂ ਨਿਕਲਦਾ ਚਾਹੇ ਪਾਹੁਲ ਹੀ ਕਿਉਂ ਨਾ ਕਹਿ ਲਈਏ। ਅਸੀਂ ਸ਼ਬਦਕੋਸ਼ਕ ਅਰਥਾਂ ਨੂੰ ਤਾਂ ਨਹੀਂ ਬਦਲ ਸਕਦੇ ਕਿਉਂਕਿ ਸ਼ਬਦਾ ਦੇ ਅਰਥ ਤਾਂ ਚਿਰਕਾਲ ਤੋਂ ਚਲੇ ਆਉਂਦੇ ਹਨ। ਅਸੀਂ ਪਾਹੁਲ ਦਾ ਨਵਾਂ ਅਰਥ ਵੀ ਨਹੀਂ ਘੜ ਸਕਦੇ। ਪਾਹੁਲ ਦਾ ਅਰਥ ਤਾਂ ਅੰਮ੍ਰਿਤ ਹੀ ਰਹੇਗਾ ਹਾਂ ਉਹ ਪੈਰਾਂ (ਚਰਣਾਂ) ਦੇ ਨਾਲ ਵੀ ਜਾ ਜੁੜਦਾ ਹੈ।
ਨਿਰਸੰਦੇਹ ਇਸੇ ਕਾਰਨ ਭਾਈ ਕਾਨ ਸਿੰਘ ਜੀ ਨੇ ਸ਼ਬਦ ਅਰਥਾਂ ਦੀ ਜਾਣਕਾਰੀ ਦੇ ਮੱਧੇ ਨਜ਼ਰ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਾਰਿਪਾਟੀ ਅਨੁਸਾਰ (ਜਦੇਂ ਕਿਸੇ ਵੱਲੋਂ ਕਿਸੇ ਨੂੰ ਆਪਣੇ ਚਰਣਾਂ ਰਾਹੀਂ ਤਿਆਰ ਧਾਦਜਲ ਪਿਲਾਇਆ ਜਾਂਦਾ ਸੀ) ਪਾਹੁਲ ਕਹਿਣ ਨੂੰ ਗਲਤ ਠਹਿਰਾਇਆ ਕਿਉਂਕਿ ਗੁਰੂਆਂ ਬਾਦ ਚਰਣਾਂ ਦੇ ਅੰਮ੍ਰਿਤ ਦੀ ਗਲ ਜੱਚਦੀ ਨਹੀਂ ਪ੍ਰਤੀਤ ਹੁੰਦੀ ਸੀ। ਵਰਤੋਂ ਚੁੰਕਿ ਦੋਹਾਂ ਸ਼ਬਦ ਜੋੜਾਂ ਦੀ ਪੁਰਾਤਨ ਸਮੇਂ ਤੋਂ ਹੁੰਦੀ ਰਹੀ ਸੀ ਇਸ ਲਈ ਖੰਡੇ ਦੇ ਅੰਮ੍ਰਿਤ ਨੂੰ ਰਹਿਤ ਮਰਿਯਾਦਾ ਵਿੱਚ ਵਰਤਿਆ ਗਿਆ।
ਉੱਪਰਲੀ ਵਿਚਾਰ ਰਾਹੀਂ ਅਸੀਂ ਇਸ ਕਹਿ ਸਕਦੇ ਹਾਂ ਕਿ ਜਿੱਥੋਂ ਤਕ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਅੰਮ੍ਰਿਤ ਸ਼ਬਦ ਦੀ ਵਰਤੋਂ ਦਾ ਸਵਾਲ ਹੈ ਤਾਂ ਇਸ ਦੀ ਵਿਆਖਿਆ ਬਾਣੀ ਵਿੱਚ ਦਰਸਾਏ ‘ਸ਼ਬਦ ਅੰਮ੍ਰਿਤ` ਜਾਂ ‘ਨਾਮ ਦੇ ਅੰਮ੍ਰਿਤ` ਆਦਿ ਨਾਲੋਂ ਬਿਲਕੁਲ ਵੱਖਰੀ ਹੈ ਜਿਸ ਨੂੰ ਸਮਝਣਾ-ਸਮਝਾਣਾਂ ਔਖਾ ਨਹੀਂ। ਹਾਂ ਜੇ ਕਰ ਕਿਸੇ ਨੂੰ ਸਮਝ ਹੀ ਨਾ ਆਉਂਦੀ ਹੋਵੇ ਤਾਂ ਸਮਝ ਨਾ ਆਉਂਣ ਵਾਲੀ ਗਲ ਕੋਈ ਵੀ ਹੋ ਸਕਦੀ ਹੈ।
ਮਸਲਨ ਪੰਚਮ ਪਾਤਿਸ਼ਾਹ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਤਿਆਰ ਕੀਤਾ। ਸਵਰੂਪ ਦੀ ਆਪਣੀ ਲੋੜ ਆਪਣੀ ਅਹਿਮੀਅਤ ਸੀ। ਉਹ ਅਤਿ ਲਾਜ਼ਮੀ ਗਲ ਸੀ! ਪਰ ਕਈ ਕੇਵਲ ਸਵਰੂਪ ਨਾਲ ਹੀ ਜੂੜ ਗਏ ਰਹਿੰਦੇ ਹਨ। ਕਾਰਨ? ਕਾਰਨ ਇਹ ਕਿ ਸਮਝ ਨਹੀਂ ਆਉਂਦੀ! ਸਮਝਾਉਂਣ ਦੀ ਲੋੜ ਰਹਿੰਦੀ ਹੈ। ਇਸ ਵਿੱਚ ਸਮੱਸਿਆ ਕਿਸਦੀ ਹੈ? ਸਵਰੂਪ ਦੀ ਜਾਂ ਕੇਵਲ ਸਵਰੂਪ ਨਾਲ ਜੁੜਨ ਵਾਲਿਆਂ ਦੀ ਸਮਝ ਦੀ? ਗੁਰੂ ਨੂੰ ਆਪਣੀ ਮਤਿ ਸੋਂਪਣਾ ਹੀ ਮੱਥਾ ਟੇਕਣ ਦੀ ਸਿਧਾਂਤਕ ਕ੍ਰਿਆ ਹੈ ਪਰ ਬਾਣੀ ਦੇ ਇਸ ਸਿਧਾਂਤ ਦਾ ਟਾਕਰਾ ਆਮ ਸਤਿਕਾਰ ਵਜੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਦੀ ਇੱਕ ਮਰਿਯਾਦਿਤ ਸ਼ਰੀਰਕ ਕ੍ਰਿਆ ਨਾਲ ਕਰਦੇ ਉਸਨੂੰ ਰੱਧ ਕਰਨ ਦੀ ਮੰਗ ਬੇਮਾਨੀ ਹੀ ਹੋਵੇਗੀ।
ਇਕ ਸਮੇਂ ਆਰਿਆਂ ਸਮਾਜ ਦੇ ਦਯਾਨੰਦ ਜੀ ਨੇ ਆਪਣਾ ਤਰਕ ਵਰਤਦੇ ਸਿੱਖਾਂ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੂਰਤੀ ਪੂਜਾ ਕਹਿੰਦੇ ਤਨਜ਼ ਕੱਸਿਆ ਸੀ। ਇਸ ਤਨਜ਼ ਦਾ ਜਵਾਬ ਭਾਈ ਕਾਨ ਸਿੰਘ ਜੀ ਨੇ ਆਪਣੀ ਪੁਸਤਕ ਗੁਰਮਤਿ ਮਾਰਤੰਡ ਵਿੱਚ ਇੰਝ ਦਿੱਤਾ ਸੀ:-
“{ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਮੂਰਤੀ ਪੂਜਾ ਨਹੀਂ} ਜੋ ਤਰਕਵਾਦੀ ਅਗਯਾਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਮੂਰਤੀ-ਪੂਜਾ ਕਲਪਦੇ ਹਨ, ਉਹ ਵਿਚਾਰਵਾਨ ਨਹੀਂ “
ਹੁਣ ਇਹੀ ਗਲ ਕਈ ਗਲਾਂ ਦੇ ਬਾਰੇ ਦੇਖਣ ਨੂੰ ਮਿਲਦੀ ਹੈ ਜਿਨਾਂ ਵਿੱਚੋਂ ਅੰਮ੍ਰਿਤ ਸੰਸਕਾਰ ਵੀ ਇੱਕ ਗਲ ਹੈ। ਕੇਵਲ ਪਾਹੁਲ ਕਹਿਣ ਨਾਲ ਪਾਹੁਲ ਦੇ ਅਰਥ ਤਾਂ ਨਹੀਂ ਬਦਲੇ ਜਾ ਸਕਦੇ। ਨਵਾਂ ਅਰਥ ਅਸੀਂ ਘੜ ਨਹੀਂ ਸਕਦੇ। ਪਾਹੁਲ ਦੇ ਅਰਥ ਨੂੰ ਸਮਝਣ ਲਈ ਗਲ ਮੁੜ ਕੇ ਅੰਮ੍ਰਿਤ ਤੇ ਹੀ ਆ ਮੁੱਕਣੀ ਹੈ। ਵਧੇਰੇ ਅਰਥ ਸਮਝਣ ਵਾਲੇ ਦੀ ਮਤ ਵਿੱਚ ਪਾਹੁਲ ਚਰਨਾ ਦਾ ਅੰਮ੍ਰਿਤ ਬਣ ਉਭਰੇਗਾ ਜੋ ਕਿ ਖੰਡੇ ਦੇ ਅੰਮ੍ਰਿਤ ਨਾਲੋਂ ਵੱਖਰੀ ਗਲ ਹੋ ਜਾਏਗੀ।
ਇਸ ਕਰਕੇ ਵਧੇਰੇ ਉਲਝਣ ਨਾਲੋਂ ਚੰਗਾ ਹੈ ਕਿ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਿਆ-ਸਮਝਾਇਆ ਜਾਏ ਜਿਵੇਂ ਕਿ ਅਸੀਂ ਬਾਣੀ ਵਿੱਚ ਵਰਤੇ ‘ਰਾਮ` ‘ਰਾਮਚੰਦਰ`, ਧਰਮਸਾਲ ਅਤੇ ਧਰਮਸਾਲ (ਗੁਰੂਘਰ ਵਲੋਂ ਸਥਾਪਤ ਪ੍ਰਚਾਰ ਕੇਂਦਰ) ਸ਼ਬਦਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਣ-ਸਮਝਾਉਂਣ ਲਈ ਕਰਦੇ ਹਾਂ। ਜੇਕਰ ਅਸੀਂ ‘ਪਾਹੁਲ` ਦੇ ਅਰਥ `ਚਰਨਾ ਦਾ ਅੰਮ੍ਰਿਤ` ਨਹੀ ਲੇਂਦੇ ਅਤੇ ‘ਖੰਡੇ ਦੇ ਅੰਮ੍ਰਿਤ` ਦਾ ਅਰਥ ਬਾਣੀ ਰੂਪੀ ਅੰਮ੍ਰਿਤ ਨਹੀਂ ਲੇਂਦੇ ਤਾਂ ਦੇਹੇਂ ਸ਼ਬਦ ਉਚਿੱਤ ਹਨ ਨਹੀਂ ਤਾਂ ਨਾਸਮਝੀ ਵਿੱਚ ਦੋਂਹਾਂ ਦੇ ਭਾਵਅਰਥ ਗਲਤ ਵੀ ਹੋ ਸਕਦੇ ਹਨ।
ਇਸ ਲਈ, ਸਿੱਖੀ ਪ੍ਰਤੀ ਇੱਕ ਅਹਿਦ ਵਿੱਚ ਪ੍ਰਵੇਸ਼ ਕਰਨ ਦੀ ਮਰਿਯਾਦਿਤ ਪ੍ਰਕ੍ਰਿਆ ਨੂੰ ਅਸੀਂ ‘ਖੰਡੇ ਦਾ ਅੰਮ੍ਰਿਤ` ਵੀ ਕਹਿ ਲਈਏ ਤਾਂ ਵੀ ਕੋਈ ਹਰਜ਼ ਨਹੀਂ।
ਹਰਦੇਵ ਸਿੰਘ, ਜੰਮੂ

‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`


‘ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ`
ਹਰਦੇਵ ਸਿੰਘ, ਜੰਮੂ


ਮਿਤੀ 16.10.2011, ਦਾਸ ਨੂੰ ਸ. ਗੁਰਬਖ਼ਸ਼ ਸਿੰਘ ਜੀ ਕਾਲਾ ਅਫ਼ਗਨਾ ਦੀ ਕਿਸੇ ਪੁਸਤਕ ਦੇ ਇੱਕ ਲੇਖ ‘ਸਿੱਖ ਬਨਾਉਂਣ ਲਈ ਚਰਣਾਮ੍ਰਿਤ ਪਿਲਾਉਣ ਦੀ ਰੀਤ? ` ਨੂੰ ਇੱਕ ਵੈਬਸਾਈਟ ਤੇ ਪਹਿਲੀ ਵਾਰ ਪੜਨ ਦਾ ਮੋਕਾ ਪ੍ਰਾਪਤ ਹੋਇਆ ਤਾਂ ਪਤਾ ਚੱਲਿਆ ਕਿ ਕਾਲਾ ਅਫ਼ਗਾਨਾ ਜੀ ਨੇ, ਦਸ਼ਮੇਸ਼ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਪਹਿਲਾਂ ਸਿੱਖੀ ਅੰਦਰ, ਗੁਰੂਆਂ ਵਲੋਂ ਸਿੱਖਾਂ ਨੂੰ ਆਪਣੇ ਚਰਣਾਮ੍ਰਿਤ ਦੇਂਣ ਦੀ ਕਹੀ ਜਾਂਦੀ ਰੀਤ ਬਾਰੇ ਵੱਡਮੁੱਲੇ ਵਿਚਾਰ ਦਿੱਤੇ ਹਨ। ਉਨ੍ਹਾਂ ਬਾਣੀ ਦੇ ਅੰਦਰ ਦਰਸਾਏ ‘ਨਾਮ ਅੰਮ੍ਰਿਤ` ਅਤੇ ‘ਖੰਡੇ ਬਾਟੇ ਦੀ ਪਾਹੁਲ`,ਦੋਹਾਂ ਵਿੱਚ ਅੰਤਰ ਦਰਸਾਉਂਦੇ ਕਈ ਸੁਚੱਜੇ ਵਿਚਾਰ ਦਿੱਤੇ ਹਨ ਅਤੇ ਗੁਰੂ ਨਾਨਕ ਵਲੋਂ ਆਪਣੇ ਚਰਨਾ ਦਾ ਅੰਮ੍ਰਿਤ ਪਿਲਾਉਂਣ ਦਾ ਖੰਡਨ ਕੀਤਾ ਹੈ। ਪਰ ਪਾਹੁਲ ਸ਼ਬਦ ਦੇ ਅਰਥ ਬਾਰੇ, ਉਨਾਂ ਦੀ ਇਸ ਲਿਖਤ ਦੇ ਕੁੱਝ ਅੰਸ਼ ਵਿਚਾਰਣ ਯੋਗ ਹਨ ਜੋ ਕਿ ਇਸ ਪ੍ਰਕਾਰ ਹਨ:-
(1) ਅੰਸ਼:- ਪ੍ਰੋਫ਼ੈਸਰ ਸ਼ੇਰ ਸਿੰਘ ਜੀ ਨੇ “ਪਾਹੁਲ” ਪੀਣ ਦਾ ਜ਼ਿਕਰ ਕੀਤਾ ਹੈ। ਮਹਾਨ ਕੋਸ਼ ਦੇ ੭੫੯ ਸਫ਼ੇ ਤੇ “ਪਾਹੁਲ” ਦਾ ਅਰਥ—ਪਾਣ ਚੜਾਉਂਣ ਵਾਲਾ ਧਰਮ-ਮੰਤ੍ਰ ਨਾਲ ਤਿਆਰ ਕੀਤਾ ਜਲ” ਲਿਖਿਆ ਹੈ। ਸਪੱਸ਼ਟ ਹੈ ਕਿ ਪਾਹੁਲ ਦਾ ਅਰਥ ਚਾਰਣਾਮ੍ਰਿਤ ਨਹੀਂ ਹੈ” (ਕਾਲਾ ਅਫ਼ਗਾਨਾ ਜੀ, ਪੰਨਾ 114)
ਟਿੱਪਣੀ:- ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਅਰਥ ਬਾਰੇ ਮਹਾਨ ਕੋਸ਼ ਦੇ ਹਵਾਲੇ ਨਾਲ ਉਪਰੋਕਤ ਵਿਚਾਰ ਦਿੱਤਾ ਹੈ ਅਤੇ ਇਹ ਲਿਖਿਆ ਹੈ ਕਿ ਮਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਨਹੀਂ ਹੈ। ਇਸ ਬਾਰੇ ਉਨ੍ਹਾਂ ਦਾ ਕਥਨ ਅਧੂਰਾ ਹੈ। ਵਾਸਤਵਿਕਤਾ ਵਿੱਚ ਮਾਹਾਨ ਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਣਾਮ੍ਰਿਤ ਹੈ ਮਹਾਨ ਕੋਸ਼ ਵਿੱਚ ਇਸ ਦੇ ਅਰਥ ਇਸ ਪ੍ਰਕਾਰ ਹਨ:
ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)
ਪਾਹੁਲ ਦਾ ਉਪਰੋਕਤ ਅਰਥ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਇੰਝ ਸਪਸ਼ਟ ਕੀਤਾ ਹੈ।
ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “
ਇਸ ਲਈ ਕਾਲਾ ਅਫ਼ਗਾਨਾ ਜੀ ਵਲੋਂ ਵਰਤੇ ਮਹਾਨ ਕੋਸ਼ ਦੇ ਹਵਾਲੇ ਅਨੁਸਾਰ ਪਾਹੁਲ ਸ਼ਬਦ ਦਾ ਅਰਥ ਨਿਰਸੰਦੇਹ ਚਰਣਾਮ੍ਰਿਤ ਲਿਕਲਦਾ ਹੈ। ਪਾਹੁਲ ਸ਼ਬਦ ਦਾ ਅਰਥ ਅੰਮ੍ਰਿਤ ਸ਼ਬਦ ਨਾਲੋਂ ਜੁਦਾ ਨਹੀਂ। ਹਾਂ ਇਤਨਾ ਫ਼ਰਕ ਜ਼ਰੂਰ ਹੈ ਕਿ ‘ਪਾਹੁਲ` ਕਿਸੇ ਵਿਯਕਤੀ ਦੇ ਚਰਨਾ ਦੇ ਨਾਲ ਜੁੜਦਾ ਹੈ ਅਤੇ ‘ਅੰਮ੍ਰਿਤ` ਸ਼ਬਦ ਕੇਵਲ ਖੰਡੇ ਅਤੇ ਬਾਟੇ ਨਾਲ। ਵੈਸੇ ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦਾ ਅਰਥ ਹੋਰ ਅਰਥਾਂ ਨਾਲ, ਜਲ, ਮਧੁਰ ਵੀ ਕੀਤਾ ਗਿਆ ਹੈ। (ਵੇਖੋ ਅਮ੍ਰਿਤ ਅਤੇ ਅੰਮ੍ਰਿਤ ਇੰਦਰਾਜ, ਮਹਾਨ ਕੋਸ਼) ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਬਾਟੇ ਦੇ ਜਲ (ਅੰਮ੍ਰਿਤ)ਨੂੰ ਖੰਡੇ ਨਾਲ ਜੋੜ ਰੱਖਣਾ ਚਾਹੁੰਦੇ ਹਾਂ ਕਿ ਕਿਸੇ ਚਰਣਾਂ ਨਾਲ?
(੨) ਅੰਸ਼}ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਪਾਹੁਲ ਬਾਰੇ ਬਚਨ ਇਸ ਪ੍ਰਕਾਰ ਕਰਦੇ ਹਨ:-
ਪ੍ਰਥਮ ਰਤ ਇਹ ਜਾਨ,ਖੰਡੇ ਕੀ ਪਾਹੁਲ ਛਕੇ। ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।
ਵਿਚਾਰ—ਜਦ ਗੁਰੂ ਘਰ ਵਿੱਚ ਖੰਡੇ ਬਾਟੇ ਤੀ ਪਾਹੁਲ ਏਡੇ ਚਮਤਕਾਰੀ ਸਾਕੇ ਦੁਆਰਾ ਤਿਆਰ ਹੋ ਕੇ ਪਰਚਲਤ ਹੋ ਚੁੱਕੀ ਸੀ ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਸਿੱਖ ਜਗਤ ਵਿੱਚ ਕੋਈ ਹੋਰ ਪਾਹੁਲ ਵੀ ਪਿਲਾਈ ਜਾਣ ਦਾ ਰਵਾਜ ਸੀ? ਨਿਰਸੰਦੇਹ ਇਹ ਜ਼ਿਕਰ ਉਸੇ ਪਾਹੁਲ ਦਾ ਹੈ ਜਿਹੜੀ ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ। ਜਿਵੇਂ ਅੱਜ ਵੀ ਕਈ ਸਿੱਖ ਦੇਵੀ ਦੇਵਤਿਆਂ ਦੇ ਮੰਦਰਾਂ ਅਤੇ ਤੀਰਥਾਂ ਤੇ ਜਾਂਦੇ ਵੇਖੇ ਜਾ ਸਕਦੇ ਹਨ ਹਿੰਦੂਆਂ ਵਿੱਚ ਤਾਜ਼ੇ ਬਣੇ ਸਿੱਖਾਂ ਵਿੱਚ ਉਸ ਸਮੇਂ ਵੀ ਅਜੇਹੀ ਰੁਚੀ ਦਾ ਹੋਣਾ ਕੁਦਰਤੀ ਸੀ ਜੋ ਭਾਈ ਦੇਸਾ ਸਿੰਘ ਜੀ ਨੂੰ ਨਹੀਂ ਸੀ ਭਾਇਆ। ਖ਼ਾਲਸਾ ਜੀ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਚਮਤਕਾਰੀ ਮਰਿਆਦਾ ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਹੈ” (ਕਾਲਾ ਅਫ਼ਗਾਨਾ ਜੀ, ਪੰਨਾ ੧੧੮-੧੧੯)
ਟਿੱਪਣੀ:-ਭਾਈ ਦੇਸਾ ਸਿੰਘ ਜੀ ਦੇ ਰਹਿਤਮਾਨੇ ਦਾ ਇਸ ਬਾਬਤ ਪੁਰਾ ਹਵਾਲਾ ਇਸ ਪ੍ਰਕਾਰ ਹੈ:-
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,
ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.
ਇਸ ਹਵਾਲੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੰਡੇ ਦੇ ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਵੀ ਨਾਲ ਦੇ ਨਾਲ ਪ੍ਰਚਲਤ ਸੀ। ਕਾਲਾ ਅਫ਼ਗਾਨਾ ਜੀ ਦਾ ਮਤ ਸਹੀ ਹੈ ਕਿ ਪਾਹੁਲ ਦੀ ਰੀਤ ਕਿਸੇ ਹੋਰ ਤਬਕੇ ਵਲੋਂ ਵੀ ਵਰਤੀ ਜਾਂਦੀ ਸੀ ਜਿਸ ਨੂੰ ਗ੍ਰਿਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਸਪਸ਼ਟ ਰੂਪ ਵਿੱਚ ਕੀਤੀ ਗਈ ਹੈ। ਫ਼ਿਰ ਤਾਂ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਪਾਹੁਲ ਦਾ ਅਰਥ ਵੀ ਚਰਨਾਮ੍ਰਿਤ ਅਰਥਾਰਤ ਚਰਨਾ ਦਾ ਅੰਮ੍ਰਿਤ ਹੈ ਜਿਸ ਨੂੰ ਬਾਕੋਲ ਕਾਲਾ ਅਫ਼ਗਾਨਾ ਜੀ ਵੀ,” ਹਿੰਦੂ ਧਰਮ ਵਿਚਲੇ ਸਾਧ-ਮੱਠ ਆਦਿ ਪਿਲਾਇਆ ਕਰਦੇ ਸਨ”।
ਇਸ ਤੋਂ ਵਧੇਰੇ ਸਪਸ਼ਟ ਹੋਈਆ ਕਿ ਪਾਹੁਲ ਚਰਨਾਮ੍ਰਿਤ (ਚਰਣਾਂ ਦਾ ਅੰਮ੍ਰਿਤ) ਹੀ ਸੀ ਜਿਸ ਨੂੰ ਹੋਰ ਧਿਰ ਆਪਣੇ ਅਨੁਯਾਯੀਆਂ ਲਈ ਵਰਤਦੇ ਸੀ।
ਗੁਰੂ ਦਸ਼ਮੇਸ਼ ਜੀ ਨੇ ਇਸੇ ਕਾਰਣ ਆਪਣੇ ਕੋਤਕ ਨੂੰ ਪ੍ਰਚਲਤ ਪਾਹੁਲ ਨਾਲੋਂ ਵੱਖਰਾ ਦਰਸਾਉਂਣ ਲਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਿਹਾ ਜਿਸ ਵਿੱਚ ਕਿਸੇ ਵਿਅਕਤੀ ਦੇ ਪੈਰਾਂ ਦਾ ਕੋਈ ਰੋਲ ਨਹੀਂ ਸੀ। ਹਾਂ ਹੋਰ ਥਾਂਈ ਪ੍ਰਚਲਨ ਹੋਂਣ ਕਾਰਣ ਅਤੇ ਇਸ ਨੂੰ ਮੱਠਾਂ ਆਦਿ ਵਿੱਚ ਪ੍ਰਚਲਤ ਪਾਹੁਲ (ਚਰਨਾਮ੍ਰਿਤ) ਰੀਤੀਆਂ ਨਾਲੋਂ ਵੱਖਰਾ ਪਰਿਭਾਸ਼ਤ ਕਰਨ ਲਈ ਇਸ ਲਈ ‘ਖੰਡੇ ਦੇ ਪਾਹੁਲ` ਸ਼ਬਦ ਜੋੜ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ। ਪਰ 1945 ਵਿੱਚ ਬਣੀ ਸਿੱਖ ਰਹਿਤ ਮਰਿਯਾਦਾ ਵਿੱਚ ਪਾਹੁਲ ਸ਼ਬਦ ਦੇ ਵਾਸਤਵਕ ਅਰਥਾਂ ਅਤੇ ਪਿੱਛੋਕੜ (ਹੋਰ ਧਿਰਾਂ ਵਲੋਂ ਪੈਰਾ ਦੀ ਵਰਤੋਂ ਰਾਹੀਂ ਕੀਤੀ ਜਾਂਦੀ ਰਸਮ) ਨੂੰ ਧਿਆਨ ਵਿੱਚ ਰੱਖਦੇ ਇਸ ਮਰਿਯਾਦਤ ਕ੍ਰਿਆ ਲਈ ਖੰਡੇ ਬਾਟੇ ਦੇ ਅੰਮ੍ਰਿਤ ਸ਼ਬਦ ਜੋੜ (ਅੰਮ੍ਰਿਤ ਸੰਸਕਾਰ) ਨੂੰ ਤਰਜੀਹ ਮਿਲੀ। ਇਹ ਇੱਕ ਉਚਿੱਤ ਨਿਰਨਾ ਹੀ ਸੀ ਜਿਸ ਵਿੱਚ ਇੱਕ ਪੁਰਾਤਨ ਅਤੇ ਗੁਰਕਾਲੀ ਵਰਤੋਂ ਨੂੰ ਚੁਣਿਆ ਗਿਆ।
ਉਪਰਕਤ ਦਿੱਤੇ ਕਾਲਾ ਅਫ਼ਗਾਨਾ ਜੀ ਦੀ ਲਿਖਤ ਦੇ ਅੰਸ਼ ਦੇ ਅੰਤ ਦੀ ਪੰਕਤੀ ਵਿੱਚ ਉਨ੍ਹਾਂ ਨੇ ਖੰਡੇ ਦੀ ਪਾਹੁਲ ਦੀ ਰਸਮ ਨੂੰ ਖ਼ਾਲਸੇ ਦੀ ਮੁਰਤਿ ਸੁਰਤ ਨੂੰ ਸੁਰੱਖਿਅਤ ਰੀ ਰੱਖਣ ਵਾਲੀ ਖੰਡੇ ਬਾਟੇ ਦੀ ਪਾਹੁਲ ਪਿਲਾਈ ਜਾਂਣ ਦੀ ਇੱਕ ਚਮਤਕਾਰੀ ਮਰਿਆਦਾ, ਬਿਲਕੁਲ ਨਵੀਂ, ਪਹਿਲੀ ਅਤੇ ਆਖ਼ਰੀ ਦਰਸਾਇਆ ਹੈ। ਉਨਾਂ ਦੇ ਸ਼ਬਦ ਕੀਮਤੀ ਹਨ ਅਤੇ ਉਹ ਇਸ ਰਸਮ ਨੂੰ `ਚਮਤਕਾਰੀ` ਵੀ ਦਰਸਾ ਰਹੇ ਹਨ। ਇੰਝ ਹੀ ‘ਨਾਮ ਅੰਮ੍ਰਿਤ` ਤੋਂ ਅਲਗ, ਕਿਸੇ ਹੋਰ ਠੀਕ ਪਰਿਪੇਖ ਵਿਚ, ਖੰਡੇ ਦੇ ਅੰਮ੍ਰਿਤ/ਪਾਹੁਲ ਨੂੰ ਕਈ ਹੋਰ ਜਾਣਕਾਰ ਸੱਜਣ ਵੀ ਚਮਤਕਾਰੀ ਦਰਸਾਉਂਦੇ ਹਨ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
(3) ਅੰਸ਼ “… ਫ਼ਿਰ ਜਿਸਦਾ ਹਿਰਦਾ ਸਿੱਖ ਬਣ ਗਿਆ, ਤਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਜੀਵਨ ਜੁਗਤ ਢਾਲ ਲੈਣ ਦੀ ਸ਼ਰਧਾ ਬਣ ਜਾਂਦੀ ਹੈ। ਉਸ ਜੀਵਨ ਜੁਗਤ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਦੇ ਪੰਜ ਕਕਾਰਾਂ ਵਿੱਚ ਸੁਰਖਿਆਤ ਚਲੜਦੀ ਕਲਾ ਵਾਲੇ, ਉੱਚੇ ਸੁੱਚੇ ਜੀਵਨ ਦੀ ਸ਼ਰਤ ਆਪਣੇ ਆਪ ਆ ਜੁੜਦੀ ਹੈ” (ਪੰਨਾ ੧੨੦)
ਟਿੱਪਣੀ:-ਕਾਲਾ ਅਫ਼ਗਾਨਾ ਜੀ ਨੇ ਸੁੱਚਜੇ ਢੰਗ ਨਾਲ, ਖੰਡੇ ਦੇ ਅੰਮ੍ਰਿਤ ਬਾਰੇ ਗਲਤ ਸਮਝ ਨਾਲੋਂ ਬਾਣੀ ਅਧਾਰਤ ਅਹਿਸਮਤੀ ਜਤਾਉਂਦੇ,ਇਸ ਰਸਮ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਉਸ ਦੀ ਅਹਮਿਯਤ ਨੂੰ ਜੀਵਨ ਜੁਗਤ ਦੇ ਨਾਲ ਜੋੜਿਆ ਹੈ।
ਦਾਸ ਨੇ ਕੇਵਲ ਇਸ ਲੇਖ ਦੇ ਅਧਾਰ ਤੇ ਆਪਣੀ ਟਿੱਪਣੀ ਕੀਤੀ ਹੈ। ਕਾਲਾ ਅਫ਼ਗਾਨਾ ਜੀ ਨੇ ਹੋਰ ਕਿਸੇ ਲਿਖਤ ਵਿੱਚ ਇਸ ਬਾਬਤ ਕੀ ਲਿਖਿਆ ਹੈ ਉਹ ਦਾਸ ਨੂੰ ਉਸ ਦੀ ਜਾਣਕਾਰੀ ਨਹੀਂ। ਹਾਂ ਇਸ ਲਿਖਤ ਵਿੱਚ ਇਤਨਾ ਜ਼ਰੂਰ ਸਪਸ਼ਟ ਹੋਇਆ ਹੈ ਕਿ ਕਾਲਾ ਅਫ਼ਗਾਨਾ ਜੀ ਨੇ ਪਾਹੁਲ ਦੇ ਵਾਸਤਵਕ ਅਰਥਾਂ ਬਾਰੇ ਮਾਹਾਨ ਕੋਸ਼ ਦੇ ਸਬੰਧਤ ਸਫ਼ੇ ਦੀ ਪੈਰ ਟਿੱਪਣੀ ਸ਼ਾਯਦ ਨਹੀਂ ਪੜੀ ਜਿਸ ਕਾਰਣ ਉਹ ਪਾਹੁਲ ਸ਼ਬਦ ਨੂੰ ਚਰਨਾਮ੍ਰਿਤ ਨਾਲੋਂ ਵੱਖਰਾ ਸਮਝ ਗਏ ਜਦ ਕਿ ਪਾਹੁਲ ਦਾ ਅਰਥ ਚਰਣਾਮ੍ਰਿਤ ਅਥਵਾ ਚਰਨਾ ਦਾ ਅੰਮ੍ਰਿਤ ਹੀ ਹੈ।
ਹਰਦੇਵ ਸਿੰਘ, ਜੰਮੂ