Wednesday, 27 November 2013



‘ ਪੂਜਾ ਅਤੇ ਪੂਜਾਰੀ ’
ਹਰਦੇਵ ਸਿੰਘ,ਜੰਮੂ

ਗੁਰਬਾਣੀ ਵਭਿੰਨ ਪਰਿਸਥਿਤੀਆਂ ਨੂੰ ਨਿਰਪੱਖਤਾ ਨਾਲ ਵਿਚਾਰਦੇ ਹੋਏ,
ਚੰਗਾ ਪੱਖ ਗ੍ਰਹਿਣ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਕੁੱਝ ਵਿਸ਼ੇਆਂ ਤੇ ਆਪਣੀ ਮਤਿ ਪੱਖੋਂ ਹਾਰੇ  ਮੁੱਨਖ, ਲਫ਼ਜਾਂ ਨਾਲ ਕੇਵਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ।

ਮਿਸਾਲ ਦੇ ਤੌਰ ਤੇ 'ਕਿਰਤ' ਇਕ ਸ਼ਬਦ ਹੈ ਜਿਸਦਾ ਅਰਥ ਹੈ 'ਕੰਮ' ਜਾਂ 'ਕੰਮ ਕਰਨਾ'! ਹੁਣ ਬੰਦੇ ਦਾ ਕੰਮ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ। ਇਵੇਂ ਹੀ ਗੁਰਮਤਿ ਬੰਦੇ ਨੂੰ ਕਿਰਤਿ’ ਹੋਂਣ ਦੀ ਸਿੱਖਿਆ ਦਿੰਦੀ ਹੈ, ਜਦ ਕਿ ਕਿਰਤਿ ਬੰਦਾ, ਕਿਰਤਿ ਅਨੁਸਾਰ, ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਜੇ ਕਰ ਕੋਈ ਮਾੜੀ ਕਿਰਤ ਕਰੇ, ਤਾਂ ਮਾੜੀ ਕਿਰਤ ਦੀ ਮਨਾਹੀ ਹੈ, ਕਿਰਤ ਦੀ ਨਹੀਂ। ਇਵੇਂ ਹੀ ਗੁਰਬਾਣੀ ਵਿਚ ਪੂਜਾ ਦੀ ਮਨਾਹੀ ਨਹੀਂ ਬਲਕਿ ਮਨਮਤਿ ਭਰੀ ਪੂਜਾ ਦੀ ਮਨਾਹੀ ਹੈ।ਪਰ ਕੁੱਝ ਸੱਜਣਾਂ ਦੇ ਚਿੰਤਨ ਦੀ ਸੁਈ ਕੇਵਲ 'ਪੂਜਾਰੀ' ਸ਼ਬਦ ਦੇ ਦੁਰਪਿਯੋਗ ਮਾਤਰ ਤੇ ਅਟਕੀ ਰਹਿੰਦੀ ਹੈ, ਜਦ ਕਿ ਗੁਰਬਾਣੀ 'ਪੂਜਾਰੀ' ਨਾ ਹੋਂਣਾ ਨਹੀਂ ਸਿਖਾਉਂਦੀ, ਬਲਕਿ 'ਮਨਮਤੀ ਪੂਜਾਰੀ' ਨਾ ਬਣਨ ਦੀ ਸਿੱਖਿਆ ਦਿੰਦੀ ਹੈ।

ਇਸ ਤੋਂ ਪਹਿਲਾਂ ਕਿ ਇਸ ਵਿਚਾਰ ਵਿਚ ਕਿਸੇ 'ਸੰਕੀਰਣ ਸੋਚ' ਨੂੰ ਬ੍ਰਾਹਮਣਵਾਦ ਨਜ਼ਰ ਆਉਂਣ ਲਗ ਪਏ, ਆਉ ਉਪਰੋਕਤ ਪੈਰੇ ਦੀ ਅੰਤਿਮ ਪੰਗਤੀ ਦਾ ਸੰਖੇਪ ਵਿਸ਼ਲੇਸ਼ਨ, ਗੁਰਬਾਣੀ ਦੇ ਅਧਾਰ ਤੇ ਕਰਨ ਦਾ ਜਤਨ ਕਰੀਏ। ਨੁਕਤਾ ਸਪਸ਼ਟ ਕਰਨ ਲਈ ਪਹਿਲਾਂ 'ਪੂਜਾ' ਦੀ ਵਿਚਾਰ:-

ਪੂਜਾ ਦਾ ਅਰਥ ਹੈ ਪੂਜਨ ਕ੍ਰਿਆ, ਸਨਮਾਨ ਜਾਂ ਸਤਿਕਾਰ! ਪੂਜਨ ਕ੍ਰਿਆ ਦੇ ਤੌਰ ਤੇ, ਜਿਸ ਪੂਜਾ ਸ਼ੈਲੀ ਨਾਲ ਗੁਰਮਤਿ ਦੀ ਸਪਸ਼ਟ ਅਸਹਿਮਤੀ ਹੈ, ਉਹ ਬਾਣੀ ਅੰਦਰ ਇਸ ਪ੍ਰਕਾਰ ਹੈ:-

ਹਜ ਕਾਬੈ ਜਾਉ ਤੀਰਥ ਪੂਜਾ॥ ਏਕੋ ਸੇਵੀ ਅਵਰੁ ਦੂਜਾ॥ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੩੬ )
ਪੂਜਾ ਕਰਉ ਨਿਵਾਜ ਗੁਜਾਰਉ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੩੬)
ਗਿਆਨ ਹੀਣੰ ਅਗਿਆਨ ਪੂਜਾ॥ਅੰਧ ਵਰਤਾਵਾ ਭਾਉ ਦੂਜਾ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੪੨੩)
ਵਰਤ ਨੇਮੁ ਸੁਚ ਸੰਜਮ ਪੂਜਾ ਪਾਖੰਡਿ ਭਰਮੁ ਜਾਇ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੪੨੩)

ਭਾਵ ਗਿਆਨ(ਸੁਮਤਿ) ਵਹੀਨ 'ਅਗਿਆਨ ਰੂਪ ਪੂਜਾ' ਨਾਲ ਗੁਰਮਤਿ ਦੀ ਅਸਹਿਮਤੀ ਹੈ। ਪਰ ਪੂਜਾ ਨਾਲ ਗੁਰਮਤਿ ਦੀ ਅਸਹਿਮਤੀ ਨਹੀਂ ਕਿਉਂਕਿ ਗੁਰਮਤਿ ਵਿਚ 'ਪ੍ਰਵਾਣਿਤ ਪੂਜਾ' ਅਤੇ ਉਸਦੀ ਵਿਧੀ ਇਸ ਪ੍ਰਕਾਰ ਹੈ:-

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਹੋਈ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੮੯)
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੮੬੪)
ਏਕੋ ਏਕੁ ਨਿਰੰਜਨ ਪੂਜਾ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੮੮੭)
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਜਾਈ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੧੦)
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੇ ਭਾਇ ਮਲੁ ਲਾਇ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੧੦)
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੧੦)
ਪਤਿ ਵਿਣੁ ਪੂਜਾ ਸਤ ਵਿਣ ਸੰਜਮੁ ਜਤ ਵਿਣੁ ਕਾਹੇ ਜਨੇਊ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੦੩)

ਹੁਣ ਜੇ ਕਰ ਬਾਣੀ ਅੰਦਰ ਪੂਜਾ ਵਿਧੀ ਦਰਸਾਈ ਗਈ ਹੈ ਤਾਂ ਨਿਰਸੰਦੇਹ: ਉਸ ਵਿਧੀ ਅਨੁਸਾਰ ਪੂਜਾਰੀ ਹੋਂਣ ਦੀ ਸਿੱਖਿਆ  ਵੀ ਹੈ। ਗੁਰਬਾਣੀ ਸਿੱਖ ਨੂੰ ਗੁਰਮਤਿ ਅਨੁਸਾਰ ਪੂਜਾਰੀ ਹੋਂਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਅੰਦਰ ਪ੍ਰਵਾਣਿਤ, ਉਪਰੋਕਤ ਪੂਜਾ ਪੱਧਤੀ ਅਨੁਸਾਰ ਪੂਜਾ ਕਰਨ ਵਾਲਾ ਪੂਜਾਰੀ ਹੁੰਦਾ ਹੈ। ਜਿਵੇਂ ਕਿ:-

ਠਾਕੁਰ ਕਾ ਸੇਵਕ ਸਦਾ ਪੂਜਾਰੀ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੮੫)
ਪ੍ਰਭ ਨਾਨਕ ਚਰਣ ਪੂਜਾਰਿਆ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੮੪)
 
ਸਿੱਖ ਨੇ ਗੁਰਮਤਿ ਅਨੁਸਾਰ ਪੂਜਾ ਰਾਹੀਂ ਅਕਾਲ ਪੁਰਖ ਦਾ ਪੂਜਾਰੀ ਹੋਂਣਾ ਹੈ। ਪਰ ਕੁੱਝ ਵਿਸ਼ੇਆਂ ਤੇ ਆਪਣੀ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਕੇਵਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ। ਗੁਰਮਤਿ ਤੋਂ ਟੁੱਟੇ ਸਿੱਖ ਲਈ 'ਪੂਜਾਰੀ' ਸ਼ਬਦ ਦੀ ਵਰਤੋਂ ਦੇ ਬਜਾਏ 'ਮਨਮਤੀ' ਸ਼ਬਦ ਜ਼ਿਆਦਾ ਟੁੱਕਵਾਂ ਸਾਬਤ ਹੁੰਦਾ ਹੈ। ਪਰ ਇਹ ਗਲ ਕਈਂ ਵਿਸ਼ੇਆਂ ਤੇ ਮਨਮਤਿ ਕਰਨ ਵਾਲਿਆਂ ਨੂੰ ਘੱਟ ਸਮਝ ਆਉਂਦੀ ਪ੍ਰਤੀਤ ਹੁੰਦੀ ਹੈ।

ਹਰਦੇਵ ਸਿੰਘ, ਜੰਮੂ-੨੭.੧੧.੨੦੧੩
Note:- To read more Articles click to 'Older Posts' below