ਇਕ ਚਿੱਠੀ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਰਾਜਿੰਦਰ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਭਾਵੇਂ ਸਾਡੇ ਵਿਚਕਾਰ ਵੱਡੇ ਮਤਭੇਦ ਹਨ ਅਸੀਂ ਦੋਵੇਂ ਇਸ ਗਲ ਤੇ ਤਾਂ ਸਹਿਮਤ ਹੋਵਾਂਗੇ ਕਿ ਸੱਚ ਸਵੀਕਾਰ ਕਰਨਾ ਬੁਰੀ ਗਲ ਨਹੀਂ ਹੁੰਦੀ।ਆਪ ਜੀ ਨੇ ਬੜੀ ਮਹਿਨਤ ਅਤੇ ਚਾਅ ਨਾਲ, ਪੰਥ ਦੇ ਪੁਰਸ਼ਾਂ ਅਤੇ ਧੀਆਂ-ਭੇਣਾਂ ਨਾਲ, ਚਰਿਤ੍ਰਾਂ ਵਿਚਲਿਆਂ ਕਾਮ ਕ੍ਰਿੜਾਵਾਂ ਨੂੰ ਵਿਸਤਾਰ ਪੂਰਬਕ ਸਾਂਝਾ ਕੀਤਾ ਹੈ।ਆਪ ਜੀ ਕਹਿ ਸਕਦੇ ਹੋ ਕਿ ਅਜਿਹੀ ਜਾਣਕਾਰੀ ਨੂੰ ਵਿਸਤਾਰ ਸਹਿਤ ਸਾਂਝਾ ਕਰਨਾ ਉੱਚਿਤ ਹੈ ਕਿਉਂਕਿ ਇਸ ਪਿੱਛੇ ਆਪ ਜੀ ਦੀ ਭਾਵਨਾ ਚੰਗੀ ਹੈ।
ਆਦਿ ਕਾਲ ਵਿਚ ਮਨੁੱਖ ਸਦੀਆਂ ਤਕ ਨੰਗਾ ਰਿਹਾ। ਸਾਡੇ (ਮਨੁੱਖਾਂ ਦੇ) ਪੁਰਵਜ ਹਰ ਵੇਲੇ ਜਨਤਕ ਨੰਗੇ ਰਹਿੰਦੇ ਸੀ। ਉਸ ਸਮੇਂ ਕੁੱਝ ਵੀ ਅਸ਼ਲੀਲ ਨਹੀਂ ਸੀ। ਕਾਮ ਭਾਵਨਾ ਵੀ ਜਨਤਕ ਦਿਸ ਜਾਂਦੀ ਸੀ ਅਤੇ ਕਾਮ ਵੀ ਛੁੱਪ ਕੇ ਨਹੀਂ ਸੀ ਹੁੰਦਾ। ਪਰ ਮਨੁੱਖ ਉਸ ਵੇਲੇ ਬਹੁਤ ਜ਼ਿਆਦਾ ਸਾਦਾ ਸੀ। ਉਹ ਨੰਗਾ ਜ਼ਰੂਰ ਸੀ ਪਰ ਮੱਕਾਰ ਪਾਖੰਡੀ ਨਹੀਂ ਸੀ।
ਸੱਭਿਯਤਾ ਦੇ ਵਿਕਾਸ ਅੰਦਰ ਜਦ ਮਨੁੱਖ ਨੇ ਪੱਤੇ ਲੱਭ-ਵਰਤ ਲਏ, ਤਾਂ ਹੋਲੀ-ਹੋਲੀ ਨਗਨਤਾ, ਅਸੱਭਿਯ ਅਤੇ ਅਸ਼ਲੀਲ ਹੋ ਗਈ। ਫਿਰ ਜਿਸ ਵੇਲੇ ਮਨੁੱਖ ਨੇ ਕਪੜੇ ਬੁਣ ਲਏ ਤਾਂ ਪੱਤੇ ਅਸੱਭਿਯ ਅਤੇ ਅਸ਼ਲੀਲ ਹੋ ਗਏ।ਯਾਨੀ ਕਿ ਕਾਲਾਂਤਰ ਨਗਨਤਾ ਪ੍ਰਤੀ ਸਮਾਜਕ ਦ੍ਰਿਸ਼ਟੀਕੋਣ ਬਦਲਦੇ ਗਏ। ਪਰ ਇਹ ਸੱਚ ਕਦੇ ਨਹੀਂ ਬਦਲਿਆ ਕਿ ਮੂਲ ਰੂਪ ਵਿਚ ਮਨੁੱਖ ਉਦੋਂ ਵੀ ਨੰਗਾ ਸੀ ਅਤੇ ਅੱਜ ਵੀ ਨੰਗਾ ਹੈ! ਮਨੁੱਖਾ ਜਾਤਿ ਨਾਲ ਮਿਲਦੇ ਜੁਲਦੇ ਜੀਵਾਂ ਵਿਚੋਂ ਕੇਵਲ ਮਨੁੱਖ ਹੀ ਹੈ ਜੋ ਅਸਲ ਵਿਚ ਨੰਗਾ ਹੈ। ਬਾਕੀਆਂ ਦੇ ਸਰੀਰ ਵਾਲਾਂ ਨਾਲ ਢੱਕੇ ਹੋਏ ਹਨ। ਹੈ ਨਾ ਕੁਦਰਤੀ ਨੇਮ ? ਕੁਦਰਤੀ ਨੇਮਾਂ ਨੂੰ ਹੀ ਗੁਰੂ ਲਿਖਣ ਵਾਲੇ ਇਕ ਕਵੀ ਸੱਜਣ ਜੀ ਜਵਾਬ ਦੇਣਗੇ ਕਿ ਉਹ ਕੁਦਰਤੀ ਨੇਮ ਮੰਨਦੇ ਹੋਏ, ਗਰਮੀਆਂ ਵਿਚ, ਨੰਗੇ ਕਿਉਂ ਨਹੀਂ ਚਲਦੇ ?
ਖ਼ੈਰ, ਪ੍ਰਭੂ ਨਹੀਂ ਸੀ ਚਾਹੁੰਦਾ ਕਿ ਨੰਗੇ ਮਨੁੱਖ ਗੰਜੇ ਹੋਣ, ਇਸ ਲਈ ਉਸਨੇ ਸਰੀਰ ਨਾਲ ਕੁੱਝ ਕੇਸ ਵੀ ਦਿੱਤੇ। ਕਾਮ ਸਮੇਤ ਪੰਜ ਮਨੋਵ੍ਰਿਤਿਆਂ ਵੀ ਦਿੱਤੀਆਂ, ਪਰ ਕਪੜੇ ਨਹੀਂ ਦਿੱਤੇ। ਧੰਨ ਹਨ ਉਹ ਸਾਡੇ (ਮਨੁੱਖਾਂ ਦੇ) ਨੰਗੇ ਪੁਰਵਜ, ਜੋ ਮੋਸਮੀ ,ਜੰਗਲੀ ਅਤੇ ਬਿਮਾਰੀਆਂ ਵਰਗੇ ਖ਼ਤਰੇਆਂ ਵਿਚਕਾਰ, ਨੰਗੇ ਰਹਿ ਕੇ ਵੀ, ਸਾਡੀ ਨਸਲ ਨੂੰ, ਅੱਜ ਦੇ ਦੌਰ ਤਕ ਜਿੰਦਾ ਪਹੁੰਚਾ ਗਏ। ਵਰਨਾ ਸਾਡਾ ਉਹੀ ਹਾਲ ਹੁੰਦਾ ਜੋ ਡਾਇਨਾਸੋਰਾਂ ਦਾ ਹੋਇਆ।ਅੱਜ ਜੇ ਕਰ ਕੋਈ ਚਮਤਕਾਰ ਹੋ ਜਾਏ, ਅਤੇ ਠੀਕ ਉਹੀ ਦੋ-ਚਾਰ ਨੰਗੇ ਸਾਡੇ ਘਰ ਆ ਜਾਣ, ਤਾਂ ਅਸ਼ਲੀਲਤਾ ਦੇ ਇਲਜ਼ਾਮ ਵਿਚ, ਅਸੀਂ ਧਰਮੀ, ਬਿਨਾਂ ਖ਼ਾਲਸਾ ਪੰਚਾਇਤ ਕੀਤੇ, ਮਾਰ-ਮਾਰ ਕੇ ਉਨ੍ਹਾਂ ਨੰਗਿਆਂ ਦੀ ਖੱਲ ਉਤਾਰ ਦੇਈਏ। ਕੋਈ ਵੀ ਉਨ੍ਹਾਂ ਦੀ ਨਗਨਤਾ ਦਾ ਪਰਿਪੇਖ ਨਹੀਂ ਵਿਚਾਰੇਗਾ। ਅਸੀਂ ਆਪਣੇ ਨੰਗੇਜ਼ ਨੂੰ ਅੱਜ ਦੇ ਸੰਧਰਭ ਵਿਚ ਵਿਚਾਰ ਸਕਦੇ ਹਾਂ, ਮਾੜੀ ਗਲ ਨਹੀਂ, ਪਰ ਉਨ੍ਹਾਂ ਪੁਰਵਜਾਂ ਨੂੰ ਉਨ੍ਹਾਂ ਦੇ ਹੀ ਵਕਤ ਦੇ ਸੰਧਰਭ ਵਿਚਾਰਾਂਗੇ, ਤਾਂ ਉਨ੍ਹਾਂ ਦਾ ਵਾਜਬ ਸਤਿਕਾਰ ਕਰ ਮਨੁੱਖ ਦੀ ਔਲਾਦ ਕਹਾਉਣ ਦਾ ਫਖ਼ਰ ਹਾਸਲ ਕਰਾਂ ਗੇ।
ਵੀਰ ਜੀ, ਸਮਾਜਕ ਦ੍ਰਿਸ਼ਟੀਕੋਣ ਅਸ਼ਲੀਲਤਾ ਦੇ ਪੈਮਾਨੇ ਤੈਅ ਕਰਦਾ ਆਇਆ ਹੈ। ਨਵਜਾਤ ਬੱਚੀ ਪਿਤਾ ਦੇ ਹੱਥੀਂ ਨਗਨ ਪਲਦੀ ਹੈ। ਪਿਤਾ aਸਦੇ ਸਰੀਰ ਨੂੰ ਚੁੰਮਦਾ ਵੀ ਹੈ। ਛੇਤੀ ਹੀ ਨਗਨਤਾ ਨੂੰ ਵੇਖਣ ਦਾ ਪੈਮਾਨਾ ਬਦਲਦਾ ਹੈ ਅਤੇ ਪਿਤਾ ਉਸ ਨੂੰ ਨਗਨ ਨਹੀਂ ਵੇਖ ਸਕਦਾ।ਜ਼ਿਆਦਾ ਪਿੱਛੇ ਨਾ ਜਾਈਏ, ਗੁਰਮੁੱਖੀ ਦੇ ਅੱਖਰ 'ਟ' ਨੂੰ ਕਬੀਰ ਜੀ ਨੇ ਪੱਟੀ ਵਿਚ 'ਟਟਾ' ਕਰਕੇ ਉੱਚਾਰਿਆ ਹੈ।ਪਰ ਹੁਣ ਅਸੀਂ ਪੰਜਾਬੀ ਪੜਨ-ਪੜਾਉਣ ਵੇਲੇ ਉਸ ਨੂੰ 'ਟੇਂਕਾ' ਉਚਾਰਦੇ ਹਾਂ। ਸਾਡੀ ਦੁਸ਼ਤ ਹੁੰਦੀ ਮਾਨਸਿਕਤਾ ਲਈ 'ਟਟਾ' ਉੱਚਾਰਣ ਹੁਣ ਅਸ਼ਲੀਲ਼ ਹੈ।ਕਾਲਾਂਤਰ 'ਮਮਾ' ਨੂੰ 'ਮੇਂਕਾ' ਕਰਕੇ ਉੱਚਾਰਿਆ ਜਾਣ ਲੱਗੇਗਾ ਤਾਂ ਅਚਰਜ ਨਹੀਂ।ਕਬੀਰ ਜੀ ਦਾ ਹਿਰਦਾ ਸ਼ੁੱਧ ਹੈ ਪਰ ਸਾਡਾ ਦ੍ਰਿਸ਼ਟੀਕੋਣ ਬਦਲਿਆ ਹੈ ਅਤੇ ਬਦਲੇਗਾ। ਅਸ਼ਲੀਲਤਾ ਮਨੁੱਖ ਦੇ ਵੇਖਣ-ਸੁਣਨ ਅਤੇ ਸਮਝਣ ਦੇ ਢੰਗ ਤੇ ਨਿਰਭਰ ਕਰਦੀ ਹੈ ਅਤੇ ਕਰੇਗੀ।
ਆਪ ਜੀ ਸੱਜਣ ਪੁਰਸ਼ ਹੋ।ਕਹਿ ਸਕਦੇ ਹੋ ਕਿ ਆਪ ਜੀ ਕ੍ਰੋਧ ਨਹੀਂ ਕਰਦੇ, ਮਾਇਆ ਦਾ ਲੋਭ-ਮੋਹ ਨਹੀਂ ਅਤੇ ਵਿਦਵੱਤਾ ਦਾ ਅਹੰਕਾਰ ਵੀ ਨਹੀਂ। ਮੈਂ ਮੰਨ ਸਕਦਾ ਹਾਂ। ਪਰ ਆਪ ਜੀ ਇਹ ਨਹੀਂ ਕਹਿ ਸਕਦੇ ਕਿ ਆਪ ਜੀ ਨੇ ਕਾਮ ਕ੍ਰਿੜਾਵਾਂ ਨਹੀਂ ਕੀਤੀਆਂ। ਮੈਂ ਵੀ ਐਸਾ ਨਹੀਂ ਕਹਿ ਸਕਦਾ।ਅਸੀਂ ਕੇਵਲ ਇਤਨਾ ਕਹਿ ਸਕਦੇ ਹਾਂ ਕਿ ਸਮੇਂ ਦੇ ਸਮਾਜਕ ਦ੍ਰਿਸ਼ਟੀਕੋਣ ਅਨੁਸਾਰ ਅਸੀਂ ਉਨ੍ਹਾਂ ਕ੍ਰਿੜਾਵਾਂ ਨੂੰ,(Being Married) ਪਰਦੇ ਵਿਚ ਰਹਿ ਕੇ ਕੀਤਾ ਹੈ। ਇਹ ਸਾਡੇ ਲਈ ਉਚਿਤ ਅਤੇ ਆਨੰਦਮਈ ਵੀ ਸਨ। ਜਿਹੜਾ ਗ੍ਰਿਹਸਤੀ ਇਹ ਸਵੀਕਾਰ ਨਹੀਂ ਕਰਦਾ ਕਿ ਉਹ ਭੋਗ ਵੇਲੇ ਆਨੰਦਮਈ ਕਾਮ ਕ੍ਰਿੜਾ ਕਰਦਾ ਹੈ ਤਾਂ ਉਹ ਧਰਮੀ ਨਹੀਂ ਪਾਖੰਡੀ (Hypocrite) ਹੈ। ਗਰੂ ਸਾਹਿਬਾਨ ਨੇ ਸਿੱਖ ਨੂੰ ਗ੍ਰਿਹਸਤ ਕਰਨ ਦਾ ਉਪਦੇਸ਼ ਦਿੱਤਾ ਤਾਂ ਗ੍ਰਿਹਸਤ ਵਿਚ ਕਾਮ ਸ਼ਾਮਲ ਸੀ। ਸਿਧਾਂਤਕ ਤੌਰ ਤੇ ਸਿੱਖ ਦੇ ‘ਕਾਮ ਜੀਵਨ’ ਨੂੰ ਗੁਰੂ ਦੀ ਗਵਾਹੀ ਦੀ ਲੋੜ ਹੈ ਤਾਂ ਕਿ ਉਸਦਾ ਕਾਮ ਵਿਭਚਾਰ ਨਾ ਹੋ ਕੇ ਪਵਿੱਤਰ ਕਰਮ ਹੋ ਜਾਏ। ਗੁਰੂ ਦੀ ਆਗਿਆ ਨਾਲ, ਆਨੰਦਕਾਰਜ ਰਾਹੀ, ਕਾਮ ਸਾਡੇ ਗ੍ਰਸਤ ਜੀਵਨ ਦਾ ਅੰਗ ਬਣਦਾ ਹੈ।
ਕਾਨਪੁਰ ਵਾਲੇ ਇਕ ਵੀਰ ਜੀ ਦੋ ਬੱਚਿਆਂ ਦੇ ਬਾਪ ਬਣਨ ਬਾਦ, ੫੦ ਸਾਲ ਦੀ ਉਮਰ ਵਿਚ ਦਸ਼ਮ ਗ੍ਰੰਥ ਪੜ, ਮੈਂਨੂੰ ਇਹ ਸਿੱਧ ਕਰਦੇ ਰਹੇ, ਕਿ ਕਾਮ ਦਸ਼ਮ ਗ੍ਰੰਥ ਦੀ ਦੇਣ ਹੈ ਜਦ ਕਿ ਉਸ ਵੇਲੇ ਮੈਂ ਖ਼ੂਦ ਦੋ ਬੱਚਿਆਂ ਦਾ ਬਾਪ ਸੀ ਅਤੇ ਕਦੇ ਵੀ ਦਸ਼ਮ ਗ੍ਰੰਥ ਨਹੀ ਸੀ ਪੜੀਆ। ਅਜਿਹੀਆਂ ਦਲੀਲਾਂ ਨਾਲ ਨਿਤਨੇਮ ਬਾਰੇ ਭੱਦੀ ਸ਼ਬਦਾਵਲੀ ਵਰਤਣੀ
ਸਿੱਖੀ ਨਹੀਂ। ਪਤਾ ਨਹੀਂ ਕਿਤਨਾ ਕੁ ਸੱਚ ਹੈ, ਪਰ ਮੈਂਨੂੰ ਕਿਸੇ ਨੇ ਦੱਸਿਆ, ਕਿ ਇਸ ਬਾਰੇ, ਸਭ ਤੋਂ ਪਹਿਲਾਂ, ਜੋਸ਼ ਜੀ ਦੇ ਹੋਸ਼ ਗੁਆਚੇ ਸੀ।
ਵੀਰ ਜੀ ਮੇਰੇ ਇਨ੍ਹਾਂ ਵਿਚਾਰਾਂ ਦਾ ਮੰਤਵ ਕਿਸੇ ਰਚਨਾ ਨੂੰ ਗੁਰੂ ਕ੍ਰਿਤ ਸਾਬਤ ਜਾਂ ਨਾ ਸਾਬਤ ਕਰਨਾ ਨਹੀਂ, ਬਲਕਿ ਇਹ ਦਰਸਾਉਣਾ ਹੈ ਕਿ ਕਮਜੋਰ ਅਧਾਰਾਂ ਤੇ, ਸਹੀ ਤਰਕ ਅਤੇ ਚੰਗੇ ਸੰਵਾਦ ਨਹੀਂ ਉਸਾਰੇ ਜਾ ਸਕਦੇ। ਦਸ਼ਮ ਗ੍ਰੰਥ ਦੇ ਪ੍ਰਬਲ ਸਮਰਥਕ ਡਾ. ਹਰਭਜਨ ਸਿੰਘ ਜੀ ਦੇ ਤਰਕ ਵੀ ਕੁੱਝ ਥਾਂ ਕਮਜੋਰ ਜਾਪਦੇ ਹਨ ਅਤੇ ਮੇਰੀ ਤੀਬਰ ਇੱਛਾ ਹੈ, ਕਿ ਮੈਂ ਉਨ੍ਹਾਂ ਨਾਲ, ਸਮੁੱਚੇ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਹੋਣ, ਜਾਂ ਨਾ ਹੋਣ ਵਿਸ਼ੇ ਬਾਰੇ ਛੇਤੀ ਹੀ ਸੰਵਾਦ ਕਰਾਂ, ਕਿਉਂਕਿ ਆਪ ਜੀ ਵਰਗੇ ਸੱਜਣ ਪੁਰਸ਼ਾਂ ਵੱਲੋਂ ਦਸ਼ਮ ਗ੍ਰੰਥ ਦੇ ਗੁਰੁ ਕ੍ਰਿਤ ਨਾ ਹੋਣ ਬਾਰੇ ਦਿੱਤੇ ਜਾ ਰਹੇ ਹਲਕੇ ਤਰਕ, ਡਾ. ਹਰਭਜਨ ਸਿੰਘ ਜੀ ਸਨਮੁੱਖ ਟਿੱਕ ਨਹੀਂ ਰਹੇ। ਜੇ ਕਰ, ਗੁਰੂ ਜੀ ਦੀ ਮੇਹਰ ਸਦਕੇ, ਡਾ. ਹਰਭਜਨ ਸਿੰਘ ਜੀ ਨਾਲ ਮੁਲਾਕਾਤ ਸੰਭਵ ਹੋਈ, ਤਾਂ ਸ਼ਾਯਦ ਦਸ਼ਮ ਗ੍ਰੰਥ ਦੇ ਕ੍ਰਿਤਤਵ ਬਾਰੇ ਇਕ ਨਵੇਂ ਸੰਵਾਦ ਦਾ ਆਰੰਭ ਹੋਵੇਗਾ। ਦਾਵਾ ਕੋਈ ਨਹੀਂ, ਪਰ ਵਿਸ਼ਵਾਸ ਹੈ ਕਿ ਉਨ੍ਹਾਂ ਨਾਲ ਚਰਚਾ ਇਕ ਸੰਜੀਦਾ ਪ੍ਰਕਾਰ ਦੇ ਸੰਵਾਦ ਨੂੰ ਅੱਗੇ ਤੋਰਨ ਵਿਚ ਸਹਾਈ ਹੋਵੇਗੀ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ
ਹਰਦੇਵ ਸਿੰਘ, ਜੰਮੂ-੧੮.੦੪.੨੦੧੬