Saturday, 16 January 2016

                                                       ਭੋਗ ਬਿਲਾਸ
                                                       ਹਰਦੇਵ ਸਿੰਘ ਜੰਮੂ

ਭੋਗ ਬਿਲਾਸ ਜੀਵ ਸੰਸਾਰ ਨੂੰ ਚਲਾਏ ਮਾਨ ਰੱਖਣ ਦਾ ਨਿਯਮ ਹੈ।ਇਸਦੇ ਨਾਲ ਹੀ ਇਹ, ਕਈਂ ਵਾਰ, ਮਨੁੱਖ ਦੇ ਆਤਮਕ ਜੀਵਨ ਦੇ ਪਤਨ ਦਾ ਕਾਰਣ ਵੀ ਬਣਦਾ ਹੈ।ਇਤਨਾ ਵੀ ਤੈਅ ਹੈ ਕਿ ਇਸ ਲੇਖ ਨੂੰ ਪੜਨ ਵਾਲੇ ਬਹੁਤੇ ਸੱਜਣ ਵਿਵਹਾਰਕ ਰੂਪ ਵਿਚ ਇਸ ਤੋਂ ਚੰਗੀ ਤਰਾਂ ਵਾਕਿਫ਼ ਹਨ।

ਖ਼ੈਰ, ਮਨੁੱਖਾ ਸੱਭਿਯਤਾ ਵਿਚ ਇਹ ਨੈਤਿਕ ਵੀ ਹੋ ਸਕਦਾ ਹੈ ਅਤੇ ਅਨੈਤਿਕ ਵੀ। ਮਸਲਨ ਪਰ ਇਸਤਰੀ-ਪਰ ਪੁਰਸ਼ ਦੇ ਸਬੰਧ ਵਿਚ ਇਹ ਅਨੈਤਿਕ ਹੈ ਪਰੰਤੂ ਬਾ-ਕਾਯਦਾ ਆਨੰਦ ਕਾਰਜ, ਨਿਕਾਹ ਜਾਂ ਸ਼ਾਦੀ ਵਰਗੀ ਸਮਾਜਿਕ ਸਵਕ੍ਰਿਤੀ ਵਿਚ ਇਹ ਨੈਤਿਕ ਹੈ। ਚੁੰਕਿ ਗੁਰਬਾਣੀ ਵਿਚ ਪਰਮਾਤਮਾ ਅਤੇ ਮਨੁੱਖ ਦੇ ਸਬੰਧ ਦੀ ਡੁੰਗੀ ਰਮਜ਼ ਹੈ ਇਸ ਲਈ, ਬਾਣੀ ਅੰਦਰ ਮਨੁੱਖ ਨੂੰ 'ਇਸਤਰੀ' ਅਤੇ ਪਰਮਾਤਮਾ ਨੂੰ 'ਖਸਮ' ਦਰਸਾਉਂਦੇ ਦੋਹਾਂ ਵਿਚਲੇ ਆਤਮਕ ਸਬੰਧ ਨੂੰ ਸਮਝਾਇਆ ਗਿਆ ਹੈ।ਇਸੇ ਪ੍ਰਸੰਗ ਵਿਚ ਗੁਰਬਾਣੀ ਅੰਦਰ 'ਭੋਗ ਬਿਲਾਸ' ਦੇ ਦ੍ਰਿਸ਼ਟਾਂਤ ਨੂੰ 'ਕਾਮ ਕ੍ਰੀੜਾ' ਅਤੇ ਪ੍ਰਭੂ ਨਾਲ 'ਆਨੰਦਮਈ ਮਿਲਾਪ' ਨੂੰ ਦਰਸਾਉਣ ਲਈ ਇੰਝ ਵਰਤਿਆ ਗਿਆ ਹੈ:-
(੧) ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥ (ਪੰਨਾ ੧੪੨)
ਅਰਥ- ਕੀ ਹੋਇਆ ਕਿ ਸੁਹਣੇ ਕਪੜੇ ਲਾ ਲਏ ਅਤੇ ਕੀ ਹੋਇਆ ਅਰਾਮ ਦਾਇਕ ਸੇਜ ਤੇ ਕਾਮ ਕੀ੍ਰੜਾ ਦਾ ਆਨੰਦ ਮਾਣ ਲਿਆ? ਕੀ ਹੋ ਗਿਆ ਜੇ ਕਰ ਫ਼ੋਜ, ਚੋਬਦਾਰ, ਚੋਰੀ-ਬਰਦਾਰ ਅਤੇ ਮਹਿਲਾਂ ਵਿਚ ਵਾਸ ਕਰ ਲਿਆ?  ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਅਜਿਹੇ ਆਨੰਦ ਅਤੇ ਪਦਾਰਥ ਨਾਸਵੰਤ ਹਨ।


(੨) ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ॥ (ਪੰਨਾ ੭੦੩)
ਅਰਥ ਭਾਵ-ਪ੍ਰਭੂ ਨਾਲ ਪਿਆਰ ਕਰਨ ਵਾਲਿਆਂ ਜੀਵ ਇਸਤਰੀਆਂ ਪ੍ਰਭੂ ਨਾਲ ਨਿਤ ਭੋਗ ਬਿਲਾਸ ਕਰਦੀਆਂ (ਮਿਲਾਪ ਦਾ ਆਨੰਦ ਮਾਣਦੀਆਂ) ਹਨ।
ਪਹਿਲੇ ਹਵਾਲੇ ਵਿਚ ਭੋਗ ਬਿਲਾਸ ਦਾ ਅਰਥ ਹੈ 'ਕਾਮ ਕ੍ਰੀੜਾ' ਅਤੇ ਦੂਜੇ ਹਵਾਲੇ ਵਿਚ ਇਸ ਦਾ ਭਾਵ 'ਮਿਲਾਪ ਦਾ ਆੰਨਦ' ਲਿਆ ਗਿਆ ਹੈ।ਗੁਰੂ ਸਾਹਿਬ ਕਾਮ ਕ੍ਰੀੜਾ (ਭੋਗ ਬਿਲਾਸ) ਦੇ ਉਦਾਰਣ ਨੂੰ ਨਿਰਸੰਕੋਚ ਉੱਚਾਰਦੇ ਹਨ। ਕਿਉਂ? ਸਤਿਗੁਰੂ ਸਹਿਜਤਾ ਨਾਲ ਭਰੇ ਹਨ ਜਿਸਦੇ ਮੁਕਾਬਲੇ ਸਾਡੇ ਜਿਹੇ ਜੀਵਾਂ ਦਾ ਉੱਤਪਾਤੀ ਮਨ ਗੰਦਗੀ (ਮੈਲ) ਝੂਠ-ਕਪਟ ਜਾਂ ਅਗਿਆਨਤਾ ਨਾਲ ਭਰੀਆ ਹੈ ਜਿਹੜਾ ਆਪਣੀ ਗੰਦਗੀ ਜਾਂ ਅਗਿਆਨਤਾ ਨਾਲ ਚੀਜ਼ਾਂ ਨੂੰ ਸਮਝਦਾ-ਪਰਖਦਾ ਹੈ।ਉਸ ਨੂੰ ਹੀਰ-ਰਾਂਝਾ ਸੁਰਾਹੀ ਆਦਿ ਸ਼ਬਦਾਂ ਵਿਚ ਗੰਦਗੀ ਨਜ਼ਰ ਆਉਂਦੀ ਹੈ।


ਹਰਦੇਵ ਸਿੰਘ,ਜੰਮੂ-੧੪.੦੧.੨੦੧੬


( Note:-ਇਹ ਲੇਖ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਰਚਨਾ ਬਾਰੇ ਉੱਠਾਏ ਜਾਂਦੇ ਲਚਰ ਜਿਹੇ ਇਤਰਾਜ਼ਾਂ ਦੇ ਪ੍ਰਸੰਗ ਵਿਚ ਹੈ)