Concept of the ‘Prayer’ in Sikh philosophy
ਅਰਦਾਸ
ਹਰਦੇਵ ਸਿੰਘ
ਜਦੋਂ ਤੋਂ ਮਨੁੱਖ ਨੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ ਲਗ ਭਗ ਉਦੋਂ ਤੋਂ ਹੀ ਉਹ ਪਰਮਾਤਮਾ ਦੇ ਨਾਲ ਅਪਣਾ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਇਸ ਸਬੰਧ ਨੂੰ ਬਣਾਉਣ ਦੀ ਕੋਸ਼ਿਸ਼ ਦਾ ਸਭ ਤੋਂ ਪ੍ਰਚੱਲਿਤ ਸਾਧਨ ਅਰਦਾਸ ਰਿਹਾ ਹੈ।
ਅਰਦਾਸ ਦਾ ਅਰਥ ਹੈ ਪ੍ਰਾਰਥਨਾ ਜਾਂ Prayer. ਸਭਿਅਤਾ ਦੇ ਅਗਾਜ਼ ਤੋਂ ਹੀ ਮਨੁੱਖ ਕਈ ਪ੍ਰਕਾਰ ਦੇ ਦੇਵੀ ਦੇਵਤਿਆਂ ਨੂੰ ਘੜ ਕੇ ਉਨ੍ਹਾਂ ਦੇ ਸਨਮੁੱਖ ਅਰਦਾਸ ਕਰਦਾ ਰਿਹਾ ਹੈ। ਉਦੋਂ ਉਸ ਦੀ ਅਰਦਾਸ ਤਰ੍ਹਾਂ ਤਰ੍ਹਾਂ ਦੇ ਕਰਮਕਾਂਡਾਂ ਦੇ ਰੂਪ ਵਿੱਚ ਸੀ। ਲੇਕਿਨ ਮਕਸਦ ਇੱਕ ਹੀ ਸੀ। ਅਤੇ ਉਹ ਮਕਸਦ ਸੀ ਦੇਵੀ ਦੇਵਤਿਆਂ ਤੋਂ ਵਿਸ਼ੇਸ਼ ਕਿਰਪਾ ਪ੍ਰਾਪਤੀ ਦੀ ਮਨਸ਼ਾ। ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਅਰਦਾਸ ਨੇ ਸ਼ਬਦਾਂ ਦਾ ਰੂਪ ਵੀ ਲਿਆ ਤੇ ਅਗੇ ਚੱਲ ਕੇ ਅਰਦਾਸ ਕਰਨ ਦੀ ਸਮਾਂ ਸਾਰਣੀ (Time table) ਵੀ ਬਣਾਈ ਗਈ। ਉਦਾਹਰਣ ਵਜੋਂ ਪੰਜ ਮੁਸਲਿਮ ਨਿਮਾਜ਼ਾਂ ਅਤੇ ਅਲੱਗ ਅਲੱਗ ਧਰਮਾਂ ਦੇ ਅਕੀਦੇ ਮੁਤਾਬਿਕ ਸਵੇਰੇ ਸ਼ਾਮ ਕੀਤੀਆਂ ਜਾਣ ਵਾਲੀਆਂ ਅਰਦਾਸਾਂ।
ਸਮੇਂ ਦੇ ਨਾਲ ਨਾਲ ਬਹੁਤ ਕੁੱਝ ਬਦਲਿਆ। ਪਰ ਅਰਦਾਸ ਕਰਣ ਦੇ ਪਿਛੇ ਮਨੁੱਖ ਦੀ ਮਨਸ਼ਾ ਅਤੇ ਉਸ ਦੇ ਭਾਵ ਬਹੁਤ ਹੀ ਘਟ ਬਦਲੇ। ਹਵਨ, ਯੱਗ, ਬਲੀ, ਬੀਆ ਬਾਨਾਂ ਵਿੱਚ ਉਲਟੇ ਸਿਧੇ ਹੋ ਕੇ ਲਟਕਣਾ ਅਤੇ ਧਾਰਮਿਕ ਅਸਥਾਨਾਂ ਤੇ ਵਿਸ਼ੇਸ਼ ਪੂਜਾ ਅਰਚਣਾ ਆਦਿ ਅਰਦਾਸ ਦੇ ਹੀ ਭਿੰਨ ਭਿੰਨ ਰੂਪ ਰਹੇ ਪਰ ਭਾਵ ਇੱਕ ਹੀ ਰਿਹਾ – ਪਰਮਾਤਮਾ ਨੂੰ ਖੁਸ਼ ਕਰਦੇ ਹੋਏ ਉਸ ਦੀ ਵਿਸ਼ੇਸ਼ ਕਿਰਪਾ ਪ੍ਰਾਪਤੀ ਦਾ ਭਾਵ। ਮੋਟੇ ਤੌਰ ਤੇ ਅਰਦਾਸ ਦੇ ਦੋ ਰੂਪ ਹਨ।
ਪਹਿਲਾ- ਕਿਸੇ ਪ੍ਰਕਾਰ ਦੀ ਮਦਦ ਦੀ ਗੁਹਾਰ।
ਦੂਸਰਾ- ਕਿਸੇ ਦੇ ਅੱਗੇ ਕ੍ਰਿਤੱਗਿਅਤਾ ਦਾ ਭਾਵ ਅਥਵਾ ਸ਼ੁਕਰੀਆ ਅਦਾ ਕਰਨ ਦਾ ਭਾਵ।
ਅੱਜ ਅਸੀਂ ਦੇਖਦੇ ਹਾਂ ਕਿ ਮੁੱਖ ਤੌਰ ਤੇ ਅਰਦਾਸ ਮੰਗਣ ਦੀ ਇੱਕ ਕ੍ਰਿਆ ਦੇ ਰੂਪ ਵਿੱਚ ਪ੍ਰਚੱਲਿਤ ਹੈ। ਅਰਦਾਸ ਇੱਕ ਐਸਾ ਸੰਵਾਦ ਹੈ ਜਿਸ ਦਾ ਭਾਵ ਈਸ਼ਵਰ ਤੋਂ ਮੰਗਣਾ ਹੀ ਹੈ। ਮਨੁੱਖ ਦੇ ਜੀਵਨ ਵਿੱਚ ਜਦ ਵੀ ਕੁੱਝ ਐਸਾ ਵਾਪਰਦਾ ਹੈ (ਜਾਂ ਵਾਪਰਨ ਦੀ ਆਸ਼ੰਕਾ ਹੁੰਦੀ ਹੈ) ਜੋ ਉਸ ਦੀ ਇਛਾ ਮੁਤਾਬਿਕ ਨਹੀਂ ਹੁੰਦਾ ਤੇ ਉਹ ਪਰਮਾਤਮਾ ਤੋਂ ਬਦਲਾਵ ਮੰਗਦਾ ਹੈ। ਇਸ ਲਈ ਜ਼ਿਆਦਾਤਰ ਅਰਦਾਸਾਂ ਹੋਣੀ ਪ੍ਰਤੀ ਮਨੁੱਖ ਦੀ ਅਸਹਿਮਤੀ (Disagreement ) ਤੋਂ ਪ੍ਰੇਰਿਤ ਹੁੰਦੀਆਂ ਹਨ। ਪਰਮਾਤਮਾ ਰਚਿਤ ਪ੍ਰਕ੍ਰਿਤੀ ਵਿੱਚ ਜੋ ਕੁੱਝ ਵੀ ਸਾਨੂੰ ਮਿਲਿਆ ਹੈ ਅਸੀਂ ਉਸ ਤੋਂ ਸਹਿਮਤ ਨਹੀਂ ਹੁੰਦੇ ਅਤੇ ਜਦੋਂ ਅਸੀਂ ਸਹਿਮਤ ਨਹੀਂ ਹੁੰਦੇ ਤਾਂ ਅਸੀਂ ਅਰਦਾਸ ਕਰਦੇ ਹਾਂ। ਇਸ ਸੰਦਰਭ ਵਿੱਚ ਮੰਗਣਾ ਸਹਿਮਤ ਨਾ ਹੋਣਾ ਹੈ। ਹਾਂ ਜੇ ਕਰ ਕੋਈ ਮੰਦ ਚਰਿਤਰ ਮਨੁੱਖ ਅਗਰ ਪਰਮਾਤਮਾ ਤੋਂ ਚੰਗਾ ਅਤੇ ਚਰਿਤਰਵਾਨ ਬਨਣ ਦੀ ਇਛਾ ਸ਼ਕਤੀ ਮੰਗਦਾ ਹੈ ਤਾਂ ਐਸੀ ਅਸਹਿਮਤੀ ਵਾਜਿਬ ਹੈ ਲੇਕਿਨ ਇਹ ਹੁੰਦਾ ਬਹੁਤ ਘਟ ਹੈ।
ਮਨੁੱਖ ਮੌਤ ਤੋਂ ਡਰਦਾ ਹੈ। ਉਹ ਮੌਤ ਤੋਂ ਸਹਿਮਤ ਨਹੀਂ। ਉਹ ਬੀਮਾਰੀ/ਕਮਜ਼ੋਰੀ ਤੋਂ ਵੀ ਸਹਿਮਤ ਨਹੀਂ। ਇਸ ਵਾਸਤੇ ਉਹ ਮੌਤ ਅਤੇ ਸਰੀਰਕ ਕਮਜ਼ੋਰੀ ਤੋਂ ਬਚਣ ਦੀ ਅਰਦਾਸ ਕਰਦਾ ਹੈ।
ਅਰਦਾਸ ਅਪਣੇ ਇਸ ਸਰੂਪ ਵਿੱਚ ਪਰਮਾਤਮਾ ਦੇ ਹੁਕਮ ਵਿਰੁੱਧ ਹੈ ਅਤੇ ਵਿਅਰਥ ਹੈ। ਮੌਤ ਅਤੇ ਸਰੀਰਕ ਕਮਜ਼ੋਰੀ ਅਟੱਲ ਹੈ। ਸਾਡੇ ਵਿੱਚੋਂ ਅਨੇਕਾਂ ਲੋਕ ਲੜਕੀ ਦੇ ਜਨਮ ਤੋਂ ਸਹਿਮਤ ਨਹੀਂ ਇਸ ਲਈ ਅਰਦਾਸ ਕਰਦੇ ਹਨ ਲੜਕੇ ਦੇ ਜਨਮ ਲਈ। ਕਈ ਲੋਕ ਲੜਕੇ ਦੇ ਜਨਮ ਦੀ ਦਾਤ ਦੀ ਅਰਦਾਸ ਵਿੱਚ ਨਾਕਾਮਯਾਬੀ ਦੇ ਚਲਦੇ ਮਾਤਾ ਦੇ ਗਰਭ ਵਿੱਚ ਹੀ ਲੜਕੀ ਦੇ ਭਰੂਣ ਦੀ ਹਤਿਆ ਦਾ ਅਧੁਨਿਕ ਹਥਕੰਡਾ ਇਸਤੇਮਾਲ ਕਰਦੇ ਹਨ। ਦੋ ਤਿੰਨ ਭਰੂਣ ਹਤਿਆਵਾਂ ਤੋਂ ਬਾਅਦ ਹੋਣ ਵਾਲੇ ਲੜਕੇ ਦੇ ਜਨਮ ਤੇ ਆਪਣੀ ਅਰਦਾਸ ਨੂੰ ਪੂਰਾ ਮੰਨਦੇ ਹੋਏ ਫ਼ੁਲੇ ਨਹੀਂ ਸਮਾਉਂਦੇ।
ਦਰਅਸਲ ਅਰਦਾਸ ਮਹੱਤਵਪੁਰਣ ਨਹੀਂ ਹੈ। ਮਹੱਤਵ ਪੂਰਣ ਹੈ ਉਹ ਭਾਵ ਜਿਸ ਨੂੰ ਲੈ ਕੇ ਅਰਦਾਸ ਕੀਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਚੰਬਲ ਘਾਟੀ ਦੇ ਡਕੈਤ ਕਾਲੀ ਦੇ ਭਗਤ ਹੁੰਦੇ ਹਨ। ਉਹ ਹਰ ਡਾਕੇ/ ਕਤਲ ਵਾਸਤੇ ਨਿਕਲਣ ਤੋਂ ਪਹਿਲਾਂ ਕਾਲੀ ਦੇਵੀ ਦੇ ਅੱਗੇ ਅਪਣੇ ਡਾਕੇ/ਕਤਲ ਦੀ ਕੋਸ਼ਿਸ਼ ਦੀ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਅਰਦਾਸ ਕਰਦੇ ਹਨ। ਅਰਦਾਸ ਉਹ ਬੇਈਮਾਨ ਅਤੇ ਭਰਿਸ਼ਟ ਲੋਕ ਵੀ ਕਰਦੇ ਹਨ ਜਿਹੜੇ ਅਪਣੇ ਗਲਤ ਧੰਦਿਆਂ ਵਿੱਚ ਤਰੱਕੀ ਚਾਹੁੰਦੇ ਹਨ। ਚੰਗੀ ਪੋਸਟ (ਜਿਥੇ ਉਪਰ ਦੀ ਕਮਾਈ ਜ਼ਿਆਦਾ ਹੋਵੇ) ਦੀ ਇਛਾ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ।
ਸ਼ਹਿਰਾਂ ਦੀ ਆਧੁਨਿਕਤਾ ਵਿੱਚ ਜੀ ਰਹੇ ਲੱਖਾਂ ਭੁੱਖੇ ਨੰਗੇ ਲੋਕ ਵੀ ਅਪਣੇ ਬਿਹਤਰ ਮੁਸਤਕਬਿਲ ਦੀ ਅਰਦਾਸ ਕਰਦੇ ਹਨ ਜੋ ਕਿ ਲਗਭਗ ਕਦੇ ਨਹੀਂ ਬਦਲਦਾ। ਸਮਝ ਵਿੱਚ ਨਹੀਂ ਆਉਂਦਾ ਕਿ ਐਸੇ ਗਰੀਬ ਅਤੇ ਮਜ਼ਬੂਰ ਲੋਕਾਂ ਦੀ ਅਰਦਾਸ ਕਿਉਂ ਕਬੂਲ ਨਹੀਂ ਹੁੰਦੀ? ਕੁੱਝ ਕਹਿਣ ਗੇ- “ਹੇ ਭਾਈ ਇਹ ਤਾਂ ਉਨ੍ਹਾਂ ਦੇ ਕਰਮਾਂ ਦਾ ਫ਼ਲ ਹੈ”। ਅਗਰ ਸਚਮੁਚ ਐਸਾ ਹੈ ਤਾਂ ਫ਼ਿਰ ਅਰਦਾਸ ਦਾ ਮਤਲਬ ਹੀ ਕੀ ਹੈ? ਕੁੱਝ ਕਹਿਣ ਗੇ- “ਅਰਦਾਸ ਤਾਂ ਸੱਚੇ ਭਾਵ ਦੀ ਹੀ ਕਬੂਲ ਹੁੰਦੀ ਹੈ”। ਮੌਤ ਦੇ ਕਿਨਾਰੇ ਖੜੇ ਕਿਸੇ ਬੱਚੇ ਦੇ ਮਾਪੇ ਬੇਸ਼ੱਕ ਸੱਚੇ ਭਾਵ ਨਾਲ ਹੀ ਪਰਮਾਤਮਾ ਤੋਂ ਆਪਣੇ ਬੱਚੇ ਦੇ ਜੀਵਨ ਲਈ ਅਰਦਾਸ ਕਰਦੇ ਹਨ। ਲੇਕਿਨ ਫ਼ਿਰ ਵੀ ਬੱਚਾ ਬਚਦਾ ਨਹੀਂ। ਹੁਣ ਸੱਚੇ ਭਾਵ ਭਰੀ ਮਾਪਿਆਂ ਦੀ ਅਰਦਾਸ ਦੀ ਇਸ ਨਾਕਾਮੀ ਤੇ ਕੀ ਕਹਾਂ ਗੇ?
ਅੱਜ ਕੱਲ ਅਰਦਾਸ ਕਰਨ ਵਾਲਿਆਂ ਦਾ ਇੱਕ ਨਵਾਂ ਗਰੁੱਪ ਵੀ ਹੈ। ਇਹ ਇੱਕ ਨਿਰਾਲਾ ਗਰੁੱਪ ਹੈ। ਇਸ ਗਰੁੱਪ ਨਾਲ ਸਬੰਧ ਰੱਖਣ ਵਾਲੇ ਲੋਕ ਗੁਰਦੁਆਰਿਆਂ ਵਿੱਚ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਵਿੱਚ ਆਪਣੇ ‘ਦਾਨ` ਦਾ ‘ਬਖਾਨ` ਬੁਲੰਦ ਅਵਾਜ਼ ਵਿੱਚ ਸੁਣਨਾ ਅਤੇ ਸੁਣਾਉਣਾ ਚਾਹੁੰਦੇ ਹਨ। ਇਹ ਹਸਰਤ ਜਦ ਵਧ ਜਾਵੇ ਤਾਂ ਗੁਰਦੁਆਰੇ ਵਿੱਚ ਲਗੀਆਂ ਸੰਗ ਮਰਮਰ ਦੀਆਂ ਸਿੱਲਾਂ ਜਾਂ ਛਤ ਤੇ ਟੰਗੇ ਹੋਏ ਪੱਖਿਆਂ ਦੇ ਪਰਾਂ ਤੇ ਝਲਕਦੀ ਹੈ। ਗਰੀਬ ਅਤੇ ਮਜ਼ਲੂਮ ਦੀ ਅਰਦਾਸ ਉਸ ਦੀ ਮਜ਼ਬੂਰੀ ਕਹੀ ਜਾ ਸਕਦੀ ਹੈ। ਕਿਸੇ ਮੁਸੀਬਤ ਵਿੱਚ ਫ਼ਸੇ ਕਿਸੇ ਵੀ ਮਨੁੱਖ ਦੀ ਅਰਦਾਸ ਵਾਜਿਬ ਕਹੀ ਜਾ ਸਕਦੀ ਹੈ ਪਰ ਉਪਰ ਦਿੱਤੇ ਉਦਾਹਰਣ ਨਾਲ ਸਬੰਧਿਤ ਸਾਰੀਆਂ ਅਰਦਾਸਾਂ ਅਗਿਆਨਤਾ ਹਨ।
ਸਪਸ਼ਟ ਹੁੰਦਾ ਹੈ ਕਿ ਅਰਦਾਸ ਦਾ ਮਹੱਤਵ ਭਾਵ ਦੇ ਨਾਲ ਹੈ। ਹੁਣ ਸਵਾਲ ਉਠਦਾ ਕਿ ਕੀ ਭਾਵ ਹੀ ਸਭ ਕੁਛ ਹੈ?
ਇਤਿਹਾਸ ਦੇ ਪੰਨਿਆਂ ਵਿੱਚ ਦਰਜ਼ ਹੈ ਕਿ ਗਜ਼ਨਵੀ ਤੇ ਬਾਬਰ ਦੇ ਹਮਲਿਆਂ ਸਮੇਂ ਕਈ ਪੂਜਾ ਘਰਾਂ ਵਿੱਚ ਹਮਲਾਵਰਾਂ ਦੀ ਨਾਕਾਮੀ ਦੀਆਂ ਅਰਦਾਸਾਂ ਕੀਤੀਆਂ ਗਈਆਂ। ਸਿਟੇ ਵਜੋਂ ਮੁਕਾਬਲਾ ਘਟ ਹੋਇਆ ਤੇ ਅਰਦਾਸਾਂ ਜ਼ਿਆਦਾ। ਇਸ ਵਿੱਚ ਸ਼ੱਕ ਨਹੀਂ ਕਿ ਹਮਲੇ ਦੇ ਡਰ ਦੇ ਚੱਲਦੇ ਹੋਏ ਉਹ ਅਰਦਾਸਾਂ ਕਈਆਂ ਨੇ ਸੱਚੇ ਦਿਲੋਂ ਹੀ ਕੀਤੀਆਂ ਹੋਣ ਗੀਆਂ। ਪਰ ਉਹ ਸਾਰੀਆਂ ਅਰਦਾਸਾਂ ਨਾਕਾਮ ਰਹੀਆਂ। ਕਾਰਣ? ਕਾਰਣ ਇਹ ਕਿ ਉਹ ਅਰਦਾਸਾਂ ਸੱਚੇ ਮਨ ਤੋਂ ਕੀਤੀਆਂ ਗਈਆਂ ਪਰ ਉਨ੍ਹਾਂ ਵਿੱਚੋਂ ਵਿਵਹਾਰ ਗਾਇਬ ਸੀ। ਅਰਦਾਸ ਦਾ ਅਰਥ ਵਿਵਹਾਰ ਹੈ ਕੇਵਲ ਭਾਵ ਨਹੀਂ।
ਆਓ ਇੱਕ ਉਦਾਹਰਣ ਤੋਂ ਸਮਝੀਏ-
ਕੜਾਕੇ ਦੀ ਸਰਦੀ ਵਿੱਚ ਇੱਕ ਪਿੰਡ ਦੀ ਚੌਪਾਲ ਤੇ ਬੈਠੀ ਇੱਕ ਬੁਢੀ ਰਾਤ ਨੂੰ ਕੰਬ ਰਹੀ ਸੀ। ਕੁੱਝ ਦੂਰੀ ਤੋਂ ਘਰ ਦੀ ਥੋੜੀ ਜਿਹੀ ਖੁਲ੍ਹੀ ਖਿੜਕੀ ਤੋਂ ਇੱਕ ਆਦਮੀ ਤੇ ਉਸ ਦੀ ਪਤਨੀ ਨੇ ਉਸ ਕੰਬਦੀ ਹੋਈ ਬੁਢੀ ਨੂੰ ਵੇਖਿਆ। ਰਾਤ ਘਿਰਦੀ ਗਈ ਅਤੇ ਠੰਢ ਵਧਦੀ ਗਈ। ਕੁੱਝ ਹੋਰ ਦੇਰ ਬਾਅਦ ਆਸਾਮਾਨ ਤੇ ਬੱਦਲ ਵੀ ਘਿਰ ਆਏ। ਠੰਢ ਹੱਡਚੀਰਵੀਂ ਸੀ।
ਆਪਣੇ ਬਿਸਤਰੇ ਤੇ ਲੇਟੇ ਹੋਏ ਪਤੀ ਪਤਨੀ ਪਰੇਸ਼ਾਨ ਹੋ ਉਠੇ ਸੋਚਣ ਲੱਗੇ ਚੌਪਾਲ ਤੇ ਪਈ ਉਸ ਬੁਢੀ ਤੇ ਅੱਜ ਦੀ ਰਾਤ ਕਿਵੇਂ ਬੀਤੇ ਗੀ? ਦੇਰ ਰਾਤ ਤੱਕ ਦੋਹਾਂ ਨੇ ਭਾਵੁਕ ਹੋ ਕੇ ਸੱਚੇ ਮਨ ਨਾਲ ਪਰਮਾਤਮਾ ਸਨਮੁਖ ਬੁਢੀ ਦੀ ਸਲਾਮਤੀ ਦੀ ਅਰਦਾਸ ਕੀਤੀ। ਅਰਦਾਸ ਕਰਦੇ ਕਰਦੇ ਉਹ ਸੌਂ ਗਏ। ਸਵੇਰੇ ਸ਼ੋਰੋਗੁਲ ਦੇ ਨਾਲ ਅੱਖ ਖੁੱਲੀ ਤੇ ਪਤਨੀ ਨੇ ਝਟ ਪਤੀ ਨੂੰ ਜਗਾਇਆ ਅਤੇ ਦਸਿਆ ਕਿ ਚੌਪਾਲ ਤੇ ਪਈ ਬੁਢੀ ਰਾਤ ਨੂੰ ਮਰ ਗਈ ਹੈ। ਪਤੀ ਚੌਂਕ ਉਠਿਆ। ਦੋਹਾਂ ਦੀਆਂ ਅੱਖਾਂ ਨਮ ਹੋ ਗਈਆਂ। ਪਤਨੀ ਨੇ ਭਰੇ ਹੋਏ ਗਲੇ ਨਾਲ ਪਤੀ ਨੂੰ ਪੁਛਿਆ-” ਰਾਤ ਭਰ ਕੀਤੀਆਂ ਗਈਆਂ ਸਾਡੀਆਂ ਅਰਦਾਸਾਂ ਕਿਉਂ ਵਿਅਰਥ ਗਈਆਂ? ਕੀ ਸਾਡੇ ਭਾਵ ਸੱਚੇ ਨਹੀਂ ਸਨ? “ ਪਤੀ ਕੁੱਝ ਦੇਰ ਚੁਪ ਰਿਹਾ ਅਤੇ ਫ਼ਿਰ ਬੋਲਿਆ, “ਸਾਡੇ ਭਾਵ ਤਾਂ ਸੱਚੇ ਸਨ ਪਰ ਉਨ੍ਹਾਂ ਭਾਵਾਂ ਦਾ ਵਿਵਹਾਰ ਨਹੀਂ ਸੀ। ਜੇ ਕਰ ਅਸੀਂ ਸੱਚੇ ਭਾਵਾਂ ਨਾਲ ਭਰੀ ਕੇਵਲ ਅਰਦਾਸ ਦੇ ਬਜਾਏ ਚੌਪਾਲ ਤੇ ਪਈ ਕੰਬਦੀ ਬੁਢੀ ਨੂੰ ਆਪ ਜਾ ਕੇ ਸਰਦੀ ਤੋਂ ਬਚਾਉਂਦੇ ਤੇ ਇਹ ਸਾਡੀ ਅਸਲ ਅਰਦਾਸ ਹੁੰਦੀ”।
ਅਰਦਾਸ ਭਾਵਮਾਤਰ ਨਹੀਂ ਬਲਕਿ ਵਿਵਹਾਰ ਹੈ। ਆਓ ਅਰਦਾਸ ਦੇ ਦਾਰਸ਼ਨਿਕ ਪਖ ਨੂੰ ਕੁੱਝ ਹੋਰ ਡੂੰਘਾ ਸਮਝਣ ਦੀ ਕੋਸ਼ਿਸ਼ ਕਰੀਏ। ਦਰਅਸਲ ਅਸੀਂ ਅਰਦਾਸ ਨੂੰ ਲੈ ਕੇ ਭਰਮ ਵਿੱਚ ਹਾਂ। ਅਤੇ ਇਹ ਭਰਮ ਪੁਰਾਣਾ ਹੈ। ਗੁਰੁ ਨਾਨਕ ਦੇਵ ਜੀ ਨੇ ਸਾਨੂੰ ਇਸ ਭਰਮ ਵਿੱਚੋਂ ਕਢਣ ਦੀ ਕੋਸ਼ਿਸ਼ ਕੀਤੀ। ਫ਼ਿਰ ਵੀ ਅੱਜ ਅਸੀਂ ਅਰਦਾਸ ਨੂੰ ਲੈ ਕੇ ਭਟਕੇ ਹੋਏ ਹਾਂ।
ਸਾਨੂੰ ਸਭ ਨੂੰ ਪਤਾ ਹੈ ਕਿ ਗੁਰੁ ਸਾਹਿਬ ਨੇ ਪੰਜ ਵਕਤ ਦੀ ਅਰਦਾਸ (ਮੁਸਲਿਮ ਨਿਮਾਜ਼ਾਂ) ਦੇ ਨਾਲ ਅਪਣੀ ਅਸਹਿਮਤੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਕਿਰਦਾਰ ਨਾਲ ਜੋੜਿਆ।
ਅਸੀਂ ਇਹ ਵੀ ਜਾਣਦੇ ਹਾਂ ਕਿ ਉਨ੍ਹਾਂ ਨੇ ਆਰਤੀ (ਹਿੰਦੂ ਅਰਦਾਸ) ਪਧਤੀ ਦੇ ਨਾਲ ਵੀ ਅਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੂੰ ਐਸੀਆਂ ਅਰਦਾਸਾਂ ਤੋਂ ਪਰਹੇਜ਼ ਸੀ। ਆਪਣੇ ਇਸ ਪਰਹੇਜ਼ ਦੇ ਪਿਛੇ ਉਹਨਾਂ ਦੀ ਗਹਿਰੀ ਸੋਚ ਸੀ। ਉਹ ਜਾਣਦੇ ਸੀ ਕਿ ਮੰਗਣ ਦੇ ਮਕਸਦ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਵਿਅਰਥ ਹਨ। ਉਹ ਜਾਣਦੇ ਸੀ ਕਿ ਪਰਮਾਤਮਾ ਨੂੰ ਸੁਨਾਉਣ ਵਾਸਤੇ ਕੀਤੀਆਂ ਅਰਦਾਸਾਂ ਵਿਅਰਥ ਹਨ। ਉਹ ਜਾਣਦੇ ਸਨ ਕਿ ਪਰਿਵਰਤਨ ਲਿਆਉਣ ਵਾਲੀਆਂ ਅਰਦਾਸਾਂ ਵਿਅਰਥ ਹਨ। ਉਹ ਜਾਣਦੇ ਸਨ ਕਿ ਕੁਦਰਤੀ ਹੁਕਮ ਅਟੱਲ ਹੈ। ਇਸ ਲਈ ਗੁਰੁ ਸਾਹਿਬ ਦੀ ਅਰਦਾਸ ਦਾ ਮੂਲ ਭਾਵ ‘ਮੰਗਣਾ` ਨਹੀਂ ਬਲਕਿ ‘ਮੰਨਣਾ` ਸੀ।
ਸੁਣਿਆ ਮੰਨਿਆ ਮਨਿ ਕੀਤਾ ਭਾਉ।।
ਅੰਤਰਿ ਗਤਿ ਤੀਰਥ ਮਲ ਨਾਉ।। (ਜਪੁ)
(ਤੀਰਥ ਇਸ਼ਨਾਨ ਇੱਕ ਹਿੰਦੂ ਅਰਦਾਸ ਪਧਤੀ)
ਜੋ ਤੁਮ੍ਹ੍ਹ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ
ਅਰਥ:-ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।
ਉਨ੍ਹਾਂ ਦੀ ਪਰਾਰਥਨਾ ਦਾ ਭਾਵ ਪਰਮਾਤਮਾ ਨੂੰ ਕੁੱਝ ਕਹਿਣਾ ਨਹੀਂ ਬਲਕਿ ਪਰਮਾਤਮਾ ਨੂੰ ਸੁਣਨਾ ਸੀ।
ਉਨ੍ਹਾਂ ਦੀ ਅਰਦਾਸ ਦਾ ਭਾਵ ਹੁਕਮ ਨੂੰ ਬਦਲਾਉਣਾ ਨਹੀਂ ਬਲਕਿ ਖੁਦ ਨੂੰ ਪਰਮਾਤਮਾ ਦੀ ਰਜ਼ਾ ਦੇ ਮੁਤਾਬਿਕ ਬਦਲਨਾ ਸੀ।
ਕੁਝ ਨੁਕਤਿਆਂ ਨੂੰ ਜੇ ਕਰ ਵਿਸਥਾਰ ਨਾਲ ਸਮਝੀਏ ਤਾਂ ਅਰਦਾਸ ਦਾ ਮੂਲ਼ ਮਤਲਬ ਸਮਝਿਆ ਜਾ ਸਕਦਾ ਹੈ।
ਪਹਿਲਾ- ਅਰਦਾਸ ਕਹਿਣਾ ਨਹੀਂ ਸੁਣਨਾ ਹੈ:
ਜਿਹੜੇ ਲੋਕ ਅਰਦਾਸ ਦੀ ਮਾਰਫ਼ਤ ਪਰਮਾਤਮਾ ਨੂੰ ਸਿਰਫ਼ ਅਪਣੀ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰਦੇ ਹਨ ਉਹ ਭੁੱਲ ਅਤੇ ਅਗਿਆਨਤਾ ਵਿੱਚ ਅਰਦਾਸ ਕਰਦੇ ਹਨ। ਉਹ ਸਾਰਾ ਜੀਵਨ ਪਰਮਾਤਮਾ ਨੂੰ ਸਿਰਫ਼ ਅਪਣੀ ਗੱਲ ਹੀ ਕਹਿਣ ਵਿੱਚ ਲੱਗੇ ਰਹਿੰਦੇ ਹਨ। ਸੁਣਦੇ ਕੁੱਝ ਵੀ ਨਹੀਂ। ਇੱਕ ਉਦਾਹਰਣ ਤੋਂ ਸਮਝੀਏ-
ਦੋ ਦੋਸਤ ਸਨ। ਉਨ੍ਹਾਂ ਨੇ ਸੁਣਿਆ ਕਿ ਨਾਲ ਦੇ ਪਿੰਡ ਵਿੱਚ ਇੱਕ ਮਾਹਿਰ ਉਸਤਾਦ ਰਹਿੰਦਾ ਹੈ। ਮਨ ਵਿੱਚ ਸਫ਼ਲਤਾ ਦੀ ਤਾਂਘ ਸੀ। ਸੋਚਿਆ ਕਿ ਚੱਲ ਕੇ ਉਸ ਉਸਤਾਦ ਕੋਲੋਂ ਸਿਖਿਆ ਪ੍ਰਾਪਤੀ ਦੀ ਬੇਨਤੀ ਕੀਤੀ ਜਾਵੇ। ਦੋਵੇਂ ਚੱਲ ਪਏ। ਉਸਤਾਦ ਦੇ ਘਰ ਪੁੱਜੇ ਤਾਂ ਪਤਾ ਚਲਿਆ ਕਿ ਉਸਤਾਦ ਕਮਰੇ ਦੇ ਅੰਦਰ ਹੈ। ਸਤਿਕਾਰ ਵਜੋਂ ਬੰਦ ਦਰਵਾਜੇ ਦੇ ਬਾਹਰ ਖੜੇ ਹੋ ਕੇ ਦੋਹਾਂ ਨੇ ਬੇਨਤੀ ਕੀਤੀ ਕਿ ਉਹ ਅਪਣੀ ਸਿਖਿਆ ਰਾਹੀਂ ਉਨ੍ਹਾਂ ਨੂੰ ਸਫ਼ਲ ਬਣਾਉਣ ਦੀ ਕ੍ਰਿਪਾਲਤਾ ਕਰਨ। ਬੇਨਤੀ ਉਪਰੰਤ ਦੋਵੇਂ ਘਰ ਵਾਪਿਸ ਆ ਗਏ। ਐਸਾ ਦੋ ਚਾਰ ਵਾਰੀ ਹੋਇਆ। ਅਤੇ ਪੁਰਾ ਸਾਲ ਬੀਤ ਗਿਆ। ਇਮਤਿਹਾਨ ਹੋਇਆ ਤੇ ਦੋਵੇਂ ਦੋਸਤ ਫ਼ੇਲ ਹੋ ਗਏ। ਉਦਾਸ ਮਨ ਦੇ ਨਾਲ ਸੋਚਣ ਲੱਗੇ ਕਿ ਉਸਤਾਦ ਜੀ ਦੇ ਸਾਹਮਣੇ ਸਾਰੀਆਂ ਬੇਨਤੀਆਂ ਬੇਕਾਰ ਗਈਆਂ। ਫ਼ੇਰ ਸੋਚਣ ਲੱਗੇ ਕਿ ਅੱਜ ਚਲ ਕੇ ਪੁਛਿਆ ਜਾਵੇ ਕਿ ਉਸ ਨੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ? ਤੇਜ਼ ਕਦਮਾਂ ਦੇ ਨਾਲ ਉਹ ਫ਼ੇਰ ਉਸਤਾਦ ਦੇ ਘਰ ਜਾ ਪੁੱਜੇ। ਇਸ ਵਾਰ ਦਰਵਾਜਾ ਖੋਲ੍ਹ ਕੇ ਸਿਧੇ ਕਮਰੇ ਵਿੱਚ ਜਾ ਵੜੇ।
ਅੰਦਰ ਦਾ ਨਜ਼ਾਰਾ ਕੁੱਝ ਵਖਰਾ ਹੀ ਸੀ। ਦੇਖਿਆ ਕਿ ਉਸਤਾਦ ਪੜ੍ਹਾ ਰਿਹਾ ਹੈ। ਅਤੇ ਕੁੱਝ ਬੱਚੇ ਚੁਪ ਚਾਪ ਇਕਾਗਰ ਚਿੱਤ ਹੋ ਕੇ ਉਸ ਦਾ ਲੈਕਚਰ ਸੁਣ ਰਹੇ ਹਨ। ਦੋਹਾਂ ਨੇ ਸੋਚਿਆ ਕਿ ਲੈਕਚਰ ਦੇ ਬਾਅਦ ਉਸਤਾਦ ਜੀ ਤੋਂ ਜੁਵਾਬ ਤਲਬੀ ਕਰਾਂ ਗੇ। ਇਹ ਸੋਚ ਕੇ ਉਹ ਉਥੇ ਹੀ ਬੈਠ ਗਏ। ਅਤੇ ਸੁਣਨ ਵੀ ਲੱਗੇ। ਉਸਤਾਦ ਦਾ ਲੈਕਚਰ ਬੜਾ ਪ੍ਰਭਾਵ ਸ਼ਾਲੀ ਸੀ। ਘੰਟਾ ਭਰ ਬੈਠਣ ਤੋਂ ਬਾਅਦ ਪਹਿਲੇ ਦੋਸਤ ਨੇ ਦੂਜੇ ਦੋਸਤ ਨੂੰ ਉਠਾਇਆ ਅਤੇ ਬਾਹਰ ਚੱਲ ਪਿਆ। ਦੂਜਾ ਦੋਸਤ ਗੁੱਸੇ ਦੇ ਨਾਲ ਹੈਰਾਨ ਹੋ ਕੇ ਬੋਲਿਆ, “ਉਏ ਬਾਹਰ ਕਿਉਂ ਆ ਗਿਆ ਹੈਂ? ਉਸਤਾਦ ਨੂੰ ਕੁੱਝ ਕਹਿਣਾ ਨਹੀਂ? “ ਪਹਿਲਾ ਦੋਸਤ ਸ਼ਾਂਤ ਸੁਭਾਵ ਨਾਲ ਬੋਲਿਆ, “ਨਹੀਂ ਹੁਣ ਕੁੱਝ ਨਹੀਂ ਕਹਿਣਾ। ਹੁਣ ਕੇਵਲ ਸੁਣਨਾ ਹੈ। ਜੇ ਕਰ ਅਸੀਂ ਕੇਵਲ ਅਪਣੀ ਗੱਲ ਕਹਿਣ ਦੇ ਬਜਾਇ ਅੰਦਰ ਜਾ ਕੇ ਉਸਤਾਦ ਨੂੰ ਸੁਣਿਆ ਹੁੰਦਾ ਤਾਂ ਅਸੀਂ ਫ਼ੇਲ ਨਾ ਹੁੰਦੇ। ਲੇਕਿਨ ਅਸੀਂ ਕੇਵਲ ਬੇਨਤੀਆਂ ਹੀ ਕੀਤੀਆਂ ਪਰ ਸੁਣਿਆ ਕੁੱਝ ਵੀ ਨਹੀਂ”।
ਅਰਦਾਸ ਦੇ ਪਿਛੇ ਦੀ ਮਨਸ਼ਾ ਜੇ ਕਰ ਸਿਰਫ਼ ਪਰਮਾਤਮਾ ਨੂੰ ਅਪਣੀ ਗੱਲ ਹੀ ਸੁਣਾਉਣਾ ਹੈ ਤਾਂ ਐਸੀ ਅਰਦਾਸ ਤੋਂ ਅਸੀਂ ਕੁੱਝ ਵੀ ਸਿੱਖ ਨਹੀਂ ਸਕਦੇ। ਬਲਕਿ ਇਹ ਕਹਿਣਾ ਗਲਤ ਨਹੀਂ ਹੋਵੇ ਗਾ ਕਿ ਅਸੀਂ ‘ਸਿੱਖ` ਨਹੀਂ ਹੋ ਸਕਦੇ। ਸਿੱਖਣ ਵਾਸਤੇ ਕਹਿਣਾ ਨਹੀਂ ਬਲਕਿ ਸੁਣਨਾ ਜ਼ਰੁਰੀ ਹੈ। ਅਤੇ ਇਹੀ ਅਰਦਾਸ ਦਾ ਮੂਲ ਭਾਵ ਹੈ। ਅਰਦਾਸ ਰਟਣਾ, ਦੁਹਰਾਉਣਾ, ਕੂਕਣਾ, ਅਤੇ ਚੀਕਣਾ ਨਹੀਂ ਬਲਕਿ ਚੁੱਪ ਹੋ ਜਾਣਾ ਹੈ। ਤਾਂ ਕਿ ਪਰਮਾਤਮਾ ਨੂੰ ਸੰਜਮ ਨਾਲ ਸੁਣਿਆ ਜਾ ਸਕੇ। ਇਹ ਸੁਣਨਾ ਖੜਾ ਹੋ ਜਾਣਾ ਨਹੀਂ ਬਲਕਿ ਗਤੀਸ਼ੀਲ ਹੋ ਜਾਣਾ ਹੈ। ਇਥੇ ਚੁੱਪ ਹੋਣ ਜਾਣ ਦਾ ਅਰਥ ਮੋਨ ਧਾਰਨ ਕਰਨ ਦਾ ਨਹੀਂ ਬਲਕਿ ਅਪਣੇ ਸਾਫ਼ ਸੁਥਰੇ ਕਿਰਦਾਰ ਰਾਹੀਂ ਪਰਮਾਤਮਾ ਦਾ ਗਾਇਨ ਕਰਨਾ ਹੈ। ਇਹੀ ਪਰਮਾਤਮਾ ਅੱਗੇ ਅਰਦਾਸ ਹੈ ਅਤੇ ਪਰਮਾਤਮਾ ਦਾ ਗਾਇਨ (ਸਿਫ਼ਤ ਸਲਾਹ) ਹੈ। ਕੇਵਲ ਸ਼ਰੀਰਕ ਤੌਰ ਤੇ ਹੱਥ ਜੋੜ, ਅਰਦਾਸ ਵਿੱਚ ਝੁਕਿਆ ਮਨੁੱਖ ਅਰਦਾਸੀਆ ਨਹੀਂ ਬਲਕਿ ਜੀਵਨ ਖੇਤਰ ਵਿੱਚ, ਸਰਬਤ ਦੇ ਭਲੇ ਲਈ, ਸਮਾਜਿਕ ਅਤੇ ਵਿਅਕਤੀਗਤ ਬੁਰਾਈਆਂ ਨਾਲ ਜੂਝ ਰਿਹਾ ਮਨੁੱਖ ਹੀ ਅਸਲੀ ਅਰਦਾਸੀਆ ਹੈ।
ਦੂਸਰਾ- ਅਰਦਾਸ ਮੰਗਣਾ ਨਹੀਂ ਬਲਕਿ ਸਮਰਪਿਤ ਕਰਨਾ ਹੈ।
ਅਰਦਾਸ ਦਾ ਭਾਵ ਮੰਗਣਾ ਨਹੀਂ ਬਲਕਿ ਮੰਨਣਾ ਹੈ। ਇਹ ਮੰਨਣਾ ਅਪਣੇ ਆਪ ਨੂੰ ਸਮਰਪਿਤ ਕਰਨਾ ਹੈ। ਇਹ ਸਮਰਪਣ ਹੈ ਉਨ੍ਹਾਂ ਜੀਵਨ ਮੁੱਲਾਂ ਦੇ ਪ੍ਰਤੀ ਜੋ ਕਿ ਪਰਮਾਤਮਾ ਦੇ ਹੁਕਮ ਅਤੇ ਗੁਰੁ ਦੀ ਸਿਖਿਆ ਮੁਤਾਬਿਕ ਹਨ। ਇਹ ਸਮਰਪਿਣ ਹੈ ਅਪਣੀ ਮਤਿ ਦਾ ਗੁਰੂ ਅਤੇ ਪਰਮਾਤਮਾ ਦੇ ਹਜ਼ੂਰ ਵਿੱਚ।
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰ ਧਰ ਤਲੀ ਗਲੀ ਮੇਰੀ ਆਉ।।
ਇਤਿ ਮਾਰਗਿ ਪੈਰ ਧਰੀਜੈ।।
ਸਿਰ ਦੀਜੈ ਕਾਣਿ ਨਾ ਕੀਜੈ।।
(ਗੁਰੂ ਨਾਨਕ ਦੇਵ ਜੀ)
ਕੇਵਲ ਮੰਗਣਾ ਅਸੰਤੁਸ਼ਟੀ ਦਾ ਪ੍ਰਤੀਕ ਹੈ। ਕੇਵਲ ਸੇਵਾ ਕਰਾਉਣ ਦਾ ਭਾਵ ਹੈ। ਪਰ ਸਮਰਪਿਣ ਕਰਨਾ ਅਥਵਾ ਮੰਨਣਾ ਸੰਤੁਸ਼ਟ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਸੇਵਾ ਕਰਣ ਦਾ ਭਾਵ ਹੈ।
ਤੀਸਰਾ- ਅਰਦਾਸ ਬਦਲਵਾਉਣਾ ਨਹੀਂ ਬਲਕਿ ਆਪੇ ਨੂੰ ਬਦਲਨਾ ਹੈ:
ਅਸੀਂ ਅਰਦਾਸ ਨਾਲ ਹੁਕਮ ਨਹੀਂ ਬਦਲ ਸਕਦੇ। ਬਲਕਿ ਅਰਦਾਸ ਰਾਹੀਂ ਅਪਣੇ ਆਪ ਨੂੰ ਹੁਕਮ ਦੀ ਰਜ਼ਾ ਮੁਤਾਬਿਕ ਬਦਲਣ ਦੀ ਤਾਕਤ ਪ੍ਰਾਪਤ ਕਰਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇ ਕਰ ਮਨੁੱਖ ਅਰਦਾਸ ਰਾਹੀਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦਾ ਤਾਂ ਮੌਤ ਤੋਂ ਬਚਣ ਲਈ ਅਰਦਾਸਾਂ ਕਰਣ ਵਾਲੇ ਕਈ ਲੋਕ ਅੱਜ ਵੀ ਜ਼ਿੰਦਾ ਘੁਮ ਰਹੇ ਹੁੰਦੇ। ਅਸੀਂ ਅਰਦਾਸ ਦੇ ਜ਼ੋਰ ਤੇ ਹਮੇਸ਼ਾ ਲਈ ਜਵਾਨ ਰਹਿੰਦੇ ਤੇ ਕਦੇ ਬੁਢੇ ਨਾ ਹੁੰਦੇ।
ਚੌਥਾ- ਅਰਦਾਸ ਕੁੱਝ ਮਿੰਟਾਂ ਦੀ ਨਹੀਂ ਬਲਕਿ ਸਮਸਤਿ ਜੀਵਨ ਕ੍ਰਿਆ ਹੈ:
ਅਰਦਾਸ ਕੁੱਝ ਪਲਾਂ ਜਾਂ ਕੁੱਝ ਮਿੰਟਾਂ ਵਿੱਚ ਕੀਤੇ ਜਾਣ ਵਾਲਾ ਕ੍ਰਿਆ ਕਲਾਪ ਨਹੀਂ। ਅਗਰ ਐਸਾ ਹੁੰਦਾ ਤਾਂ ਗੁਰੁ ਸਾਹਿਬ ਪੰਜਾ ਵਖਤ ਦੀ ਨਮਾਜ਼ ਅਤੇ ਅਰਤੀ ਆਦਿ ਨਾਲੋਂ ਅਪਣੀ ਅਸਹਿਮਤੀ ਕਿਉਂ ਜਤਾਉਂਦੇ? ਗੁਰੁ ਸਾਹਿਬ ਦੀ ਅਰਦਾਸ ਦਾ ਭਾਵ ਪੁਰੇ ਜੀਵਨ ਨਾਲ ਹੈ। ਅਸੀਂ ਹਰ ਪਲ ਆਪਣੇ ਸਾਫ਼ ਸੁਥਰੇ ਕੰਮਾਂ ਰਾਹੀਂ ਉਸ ਈਸ਼ਵਰ ਦਾ ਗਾਇਨ ਕਰਨਾ ਹੈ। ਇਹੀ ਸਾਡੀ ਵਾਸਤਵਿਕ ਅਰਦਾਸ ਹੈ। ਇਸ ਅਰਦਾਸ ਦਾ ਕੋਈ ਨਿਸਚਿਤ ਸਮਾਂ ਨਹੀਂ। ਇਹ ਨਿਰੰਤਰ ਹੈ। ਇਹ ਕਾਰਜਸ਼ੀਲ ਅਰਦਾਸ ਹੈ। ਜਿਸ ਲਈ ਮਾਤਰ ਸ਼ਬਦਾਂ ਦੀ ਚੋਣ ਬੇਕਾਰ ਹੈ। ਇਹ ਅਰਦਾਸ ਚੰਗੇ ਅਤੇ ਬੁਰੇ ਵਿੱਚੋਂ ਚੰਗੇ ਨੂੰ ਚੁਣ ਲੈਣਾ ਹੈ।
ਇਸ ਸੱਚੀ ਅਰਦਾਸ ਤੋਂ ਹਟ ਕੇ ਬਾਕੀ ਸਭ ਅਰਦਾਸਾਂ ਬੇਕਾਰ ਹਨ। ਹਾਂ ਜੇ ਕਰ ਰੋਜ਼ ਪਰਮਾਤਮਾ ਪ੍ਰਤੀ ਅਪਣੇ ਸ਼ੁਕਰਾਨੇ ਦਾ ਭਾਵ ਪ੍ਰਗਟ ਕਰੀਏ ਤਾਂ ਸਾਡੇ ਸ਼ਬਦ ਇਸ ਰੂਪ ਵਿੱਚ ਸਹੀ ਅਰਦਾਸ ਹਨ। ਅਸੀਂ ਅਪਣੇ ਭ੍ਰਿਸ਼ਟ ਮਨ ਤੋਂ ਅਸਹਿਮਤ ਹੋ ਕੇ ਪਰਮਾਤਮਾ ਤੇ ਗੁਰੁ ਪਾਸੋਂ ਸਹੀ ਮਾਰਗਦਰਸ਼ਨ ਮੰਗ ਸਕਦੇ ਹਾਂ। ਲੇਕਿਨ ਸਭ ਤੋਂ ਪਹਿਲਾਂ ਸਾਨੂੰ ਅਪਣੇ ਗੁਰੁ ਨੂੰ ਸੁਣਨਾ ਅਤੇ ਪਰਮਾਤਮਾ ਨੂੰ ਸਮਝਣਾ ਪਵੇ ਗਾ।