Thursday, 26 May 2016

ਦਸਤਾਰ
‘ਅਸੀਂ ਇਸ ਭਰੋਸੇ ਨੂੰ ਕਾਇਮ ਰੱਖੀਏ`
ਹਰਦੇਵ ਸਿੰਘ, ਜੰਮੂ

ਦਸਤਾਰ ਜਾ ਪਗੜੀ ਸਿੱਖ ਧਾਰਮਿਕ ਤੇ ਸਮਾਜਕ ਪਰੰਪਰਾ ਦਾ ਮਹੱਤਵਪੂਰਣ ਅੰਗ ਹੈ। ਜੇਕਰ ਗੱਲ ਮਰਦਾਂ ਦੀ ਕਰੀਏ, ਤਾਂ ਚਿਹਰੇ ਤੇ ਦਾੜ੍ਹੀ ਅਤੇ ਮੁੱਛਾਂ ਦੀ ਮੌਜੂਦਗੀ ਦੇ ਨਾਲ ਸਿਰ ਤੇ ਬੰਨ੍ਹੀ ਹੋਈ ਪੱਗ ਜਾਹਰੀ ਤੌਰ ਤੇ ਸਿੱਖ ਹੋਣ ਦਾ ਸਭ ਤੋਂ ਮਜ਼ਬੂਤ ਸੰਕੇਤ ਹੈ। ਐਸਾ ਨਹੀਂ ਕਿ ਸੰਸਾਰ ਵਿੱਚ ਪਗੜੀ ਦਾ ਆਗ਼ਾਜ਼ ਸਿੱਖ ਧਰਮ ਦੇ ਆਗ਼ਾਜ਼ ਨਾਲ ਹੈ। ਵਿਸ਼ਵ ਪਰੰਪਰਾ ਵਿੱਚ ਪਗੜੀ ਦਾ ਦਸਤੂਰ ਬਹੁਤ ਪੁਰਾਣਾ ਹੈ। ਪ੍ਰਾਚੀਨ ਪਰਸ਼ੀਆ (Persia) ਵਿੱਚ ਸਾਨੂੰ ਪਗੜੀ ਧਾਰਨ ਕੀਤੇ ਜਾਣ ਦੇ ਸੰਕੇਤ ਮਿਲਦੇ ਹਨ। ਇਸਲਾਮੀ ਰਵਾਇਤ ਵਿੱਚ ਮਰਦ ਪਗੜੀ ਬੰਨ੍ਹਦੇ ਰਹੇ ਸਨ ਅਤੇ ਅਰਬੀ ਵਿੱਚ ਪਗੜੀ ਨੂੰ ‘ਇਮਾਮਹ`, ਪਰਸ਼ੀਅਨ ਵਿੱਚ ‘ਦਸਤਾਰ` ਅਤੇ ਹਿੰਦਵੀ ਜੁਬਾਨ ਵਿੱਚ ਪਗੜੀ ਵਾਸਤੇ ‘ਸਾਫ਼ਾ` ਵਰਗੇ ਸੰਬੋਧਨ ਇਸਤਮਾਲ ਕੀਤੇ ਜਾਂਦੇ ਸੀ।

ਇਸ ਤੋਂ ਪਹਿਲੇ ਵੇਦਾਂ ਵਿੱਚ ਪਗੜੀ ਸਬੰਧਤ ਸੰਕੇਤ ਮਿਲਦੇ ਹਨ ਜਿੱਥੇ ਪਗੜੀ ਨੂੰ ਉਸਨੀਸਾ ਵਰਗੇ ਸੰਬੋਧਨ ਨਾਲ ਪੁਕਾਰਿਆ ਜਾਂਦਾ ਰਿਹਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਦੇ ਸਮੇਂ ਪਗੜੀ ਧਾਰਨ ਕਰਣ ਦੀ ਰਵਾਇਤ ਮੌਜੂਦ ਸੀ ਅਤੇ ਖ਼ੁਦ ਹਜ਼ਰਤ ਮੁਹੰਮਦ ਪਗੜੀਧਾਰੀ ਸਨ।

ਅੱਜ ਵੀ ਕੁੱਝ ਦੇਸ਼ਾਂ ਵਿੱਚ ਕਾਲੀ ਪਗੜੀ ਧਾਰਨ ਕਰਨ ਵਾਲੇ ਆਪਣੇ ਆਪ ਨੂੰ ਸੱਯਦ ਕਹਾਉਂਦੇ ਹੋਏ ਹਜ਼ਰਤ ਪੈਗ਼ੰਬਰ ਦੇ ਵੰਸ਼ਜ ਹੋਣ ਦਾ ਦਾਅਵਾ ਕਰਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਮੌਜੂਦਾ ਦੌਰ ਵਿੱਚ ਵੀ ਤਾਲਿਬਾਨੀ ਹੁਕਮਰਾਨਾਂ ਨੇ ਅਫ਼ਗਾਨਿਸਤਾਨ ਵਿੱਚ ਕਾਲੀ ਪਗੜੀ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਸੀ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਇਸਲਾਮਕ ਉਲੇਮਾ (Religious Groups) ਪਗੜੀ ਧਾਰਨ ਕਰਦੇ ਹਨ।

ਮਨੁੱਖ ਦੇ ਸਮਾਜਕ ਤੇ ਨਿੱਜੀ ਜੀਵਨ ਵਿੱਚ ਪਗੜੀ ਦਾ ਆਰੰਭ ਕਿੰਨਾ ਪੁਰਾਣਾ ਹੈ ਇਹ ਤਾਂ ਅਸੀਂ ਪੱਕੇ ਤੌਰ ਤੇ ਕਹਿ ਨਹੀਂ ਸਕਦੇ। ਪਰ ਇੱਕ ਗਲ ਜਿਹੜੀ ਕਿ ਸਾਫ਼ ਹੈ ਉਹ ਇਹ ਹੈ ਕਿ ਪਗੜੀ ਦੇ ਸ਼ੁਰੂਆਤੀ ਕਾਰਣ `ਧਾਰਮਿਕ ਨਹੀਂ ਸਨ ਬਲਕਿ ਕੁੱਝ ਹੋਰ ਹੀ ਸਨ। ਜਿਵੇਂ ਕਿ ਧੁੱਪ ਹਨੇਰੀ, ਗਰਮੀ, ਸਰਦੀ ਆਦਿ ਤੋਂ ਬਚਾਉ ਕਰਣਾ। ਪਰ ਸਮਾਂ ਬੀਤਣ ਦੇ ਨਾਲ ਨਾਲ ਹੌਲੀ ਹੌਲੀ ਪਗੜੀ ਨੇ ਖ਼ੁਦ ਨੂੰ ਵਿਸ਼ਵ ਸਮਾਜ ਵਿੱਚ ਇੱਕ ਮਜ਼ਬੂਤ ਰਵਾਇਤ ਦੇ ਰੂਪ ਵਿੱਚ ਸਥਾਪਿਤ ਕਰ ਲਿਆ।

ਅਸੀਂ ਦੇਖ ਸਕਦੇ ਹਾਂ ਜਦ ਇਸਲਾਮਿਕ ਸਮਰਾਜਾਂ ਦੀ ਸਥਾਪਨਾ ਹੋਈ ਤਾਂ ਪਹਿਲੇ ਚਾਰ ਖ਼ਲੀਫ਼ਿਆਂ, ਉਮਾਯਾਦ ਅਤੇ ਅਬਾਸ਼ਿਦ ਰਾਜ ਕਰਣ ਵਾਲਿਆਂ ਰਾਜਿਆਂ ਨੇ ਪਗੜੀ ਧਾਰਨ ਕੀਤੀ ਸੀ। ਪਰ ਵੱਡੇ ਪੈਮਾਨੇ ਤੇ ਪਗੜੀ ਦਾ ਪ੍ਰਯੋਗ ਆਟੋਮਨ (Automan) ਕਾਲ ਵਿੱਚ ਤੁਰਕ ਸਰਦਾਰਾਂ ਨੇ ਕੀਤਾ। ਲੇਕਿਨ ਉਂਨਵੀਂ ਸਦੀ ਦੇ ਆਉਂਦੇ ਤੁਰਕਾਂ ਨੇ ਪਗੜੀ ਦੇ ਫ਼ੈਜ਼ ਅਤੇ ਕਵਾਤਾਨ ਰੂਪਾਂ ਦਾ ਇਸਤੇਮਾਲ ਕਰਣਾ ਸ਼ੁਰੂ ਕਰ ਦਿਤਾ ਜਿਹੜੇ ਕਿ ਕਪੜੇ ਦੀ ਪਗੜੀ ਦੇ ਰਵਾਇਤੀ ਰੂਪ ਨਾਲੋਂ ਵੱਖਰੇ ਸਨ। ਇੱਥੋਂ ਤੱਕ ਕੇ ਸੁਲਤਾਨਾਂ ਨੇ ਪਗੜੀ ਦੇ ਫ਼ੈਜ਼ ਰੂਪ ਨੂੰ ਕਾਨੂੰਨੀ ਬੰਦਿਸ਼ ਬਣਾ ਦਿੱਤਾ ਜਿਹੜੀ ਕਿ ਲਗਭਗ ਇੱਕ ਲਟਕਦੇ ਹੋਏ ਪਰਦਿਆਂ ਵਾਲੇ ਟੋਪ ਵਰਗੀ ਸੀ।

ਪਗੜੀ ਦੇ ਇਸ ਵਿਸਤਾਰ ਤੋਂ ਮਗ਼ਰਬ (ਪੱਛਮ) ਵੀ ਅਛੂਤਾ ਨਹੀਂ ਸੀ। ‘ਪੁਨਰ-ਜਾਗਰਣ` ਕਾਲ ਅਤੇ ਮੱਧਕਾਲ ਵਿੱਚ ਮਰਦਾਂ ਨੇ ਸਿਰ ਤੇ ਪਗੜੀ ਨੁਮਾ ਚੀਜ਼ਾਂ ਦਾ ਇਸਤੇਮਾਲ ਕੀਤਾ। ਔਰਤਾਂ ਵੀ ਸਿਰ ਤੇ ਅਲਗ-ਅਲਗ ਕਿਸਮਾਂ ਦੇ ਟੋਪਾਂ ਦਾ ਇਸਤੇਮਾਲ ਕਰਦੀਆਂ ਰਹੀਆਂ। ਉੱਥੇ ਇਸ ਲਈ ਆਮ ਤੌਰ ਤੇ ਅੰਗ੍ਰੇਜ਼ੀ ਦੇ Head Gear ਵਰਗੇ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ। ਅਪਣੇ ਲੰਮੇ ਇਤਿਹਾਸ ਵਿੱਚ ਪਗੜੀ ਨੇ ਕਈ ਰੂਪ ਬਦਲੇ ਅਤੇ ਉਨ੍ਹਾਂ ਰੂਪਾਂ ਦੇ ਨਾਲ ਨਾਲ ਪਗੜੀ ਦੇ ਨਾਲ ਜੁੜੇ ਦਸਤੁਰ ਵੀ ਬਦਲਦੇ ਰਹੇ। ਕਦੇ ਸਿਰ ਢੱਕਣ ਦੇ ਸਾਧਨ ਦੇ ਰੂਪ ਵਿੱਚ ਸ਼ੁਰੂ ਹੋਈ ਪੱਗ, ਕਾਲਾਂਤਰ ਮਨੁੱਖੀ ਇਤਿਹਾਸ ਵਿੱਚ ਮਾਣ ਸੰਮਾਨ ਦੇ ਪ੍ਰਤੀਕ ਦੇ ਰੂਪ ਵਿੱਚ ਸਥਾਪਿਤ ਹੋਈ। ਮਗ਼ਰਬ (ਪੱਛਮ) ਦੀ ਰਵਾਇਤ ਵਿੱਚ ਪਗੜੀ ਦੇ ਨਾਲ ਜੁੜਿਆ ਹੋਇਆ ਇੱਕ ਦਿਲਚਸਪ ਪੱਖ ਇਹ ਵੀ ਸੀ ਕਿ ਬਾ-ਦਸਤੂਰ ਆਮ ਬੰਦਾ ਜਾਂ ਫਿਰ ਕੋਈ ਅਹੁਦੇਦਾਰ ਆਪਣੇ ਰਾਜਾ ਦੇ ਸਾਹਮਣੇ ਆਪਣੀ ਪਗੜੀ ਨੂੰ ਉਤਾਰ ਲੈਂਦਾ ਸੀ। ਇਹ ਪਰੰਪਰਾ ਇੱਕ ਵੱਡੇ ਅਹੁਦੇਦਾਰ ਦੇ ਰੂ-ਬਰਹੂ ਹੋਣ ਵੇਲੇ ਆਪਣੇ ਸਵੈਮਾਨ (ਪਗੜੀ) ਦੀ ਭਾਵਨਾ ਨੂੰ ਉਤਾਰ ਦੇਣ ਜੈਸਾ ਸੀ। ਇਹ ਰਿਵਾਜ ਅੱਜ ਵੀ ਕਈ ਦੂਜੇ ਰੂਪਾਂ ਵਿੱਚ ਦੇਖਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਸਮਾਜ ਵਿੱਚ ਬੇਇਜ਼ਤ ਹੋਣ ਦੀ ਸੁਰਤ ਵਿੱਚ ‘ਪਗੜੀ ਉੱਛਲ ਗਈ` ਜਾਂ ਅਹਦੇ-ਦੋਸਤੀ ਵਜੋਂ ‘ਪੱਗਾਂ ਵਟਾਉਣ` ਵਰਗੇ ਜੁਮਲਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਹੁਣ ਜੇਕਰ ਧਾਰਮਿਕ ਰਵਾਇਤਾਂ ਵੱਲ ਦੇਖਿਆ ਜਾਵੇ ਤਾਂ ਪਗੜੀ ਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਕਿਸੇ ਵਿਸ਼ੇਸ਼ ਧਾਰਮਿਕ ਕੰਮ ਨੂੰ ਅੰਜਾਮ ਦਿੰਦੇ ਵਕਤ ਸਿਰ ਨੂੰ ਪਗੜੀ ਜਾਂ ਕਪੜੇ ਆਦਿ ਨਾਲ ਢੱਕ ਲਿਆ ਜਾਂਦਾ ਸੀ। ਇਹ ਰਵਾਇਤ ਬਾ-ਦਸਤੂਰ ਅੱਜ ਤਕ ਵੀ ਪ੍ਰਚਲਿਤ ਹੈ। ਇਸ ਪੱਖੋਂ ਇਹ ਰਵਾਇਤ ਕਿਸੇ ਰਾਜਾ ਜਾਂ ਆਪਣੇ ਤੋਂ ਵਡੇ ਅਹੁਦੇਦਾਰ ਦੇ ਸਾਹਮਣੇ ਆਪਣੀ ਪਗੜੀ ਉਤਾਰ ਦੇਣ ਦੇ ਰਿਵਾਜ਼ ਤੋਂ ਬਿਲਕੁਲ ਉਲਟ ਸੀ। ਬਾਦਸ਼ਾਹ ਦੇ ਸ੍ਹਾਮਣੇ, ਬਾਦਸ਼ਾਹ ਦੇ ਸਨਮਾਨ ਵਿੱਚ ਪਗੜੀ ਉਤਾਰਨਾ ਬਾਦਸ਼ਾਹ ਨੂੰ ਸਨਮਾਨ ਦੇਣਾ ਸੀ। ਪਰ ਧਾਰਮਿਕ ਕੰਮ ਕਰਦੇ ਹੋਏ ਪਗੜੀ ਪਾਉਣਾ ਜਾਂ ਸਿਰ ਢੱਕ ਲੈਣਾ ਆਪਣੇ ਇਸ਼ਟ ਨੂੰ ਸਨਮਾਨ ਦੇਣਾ ਸੀ। ਅਸੀਂ ਦੇਖ ਸਕਦੇ ਹਾਂ ਕਿ ਅੱਜ ਵਿਆਹ-ਸ਼ਾਦੀ, ਪੂਜਾ-ਅਰਚਨਾ, ਯੱਗ ਆਦਿ ਵਰਗੇ ਧਾਰਮਿਕ ਕੰਮਾਂ ਵੇਲੇ ਹਿੰਦੂ ਲੋਕ ਵੀ ਆਪਣਾ ਸਿਰ ਢੱਕ ਲੈਂਦੇ ਹਨ। ਪੋਪ ਵੀ ਪਗੜੀ (Head Gear) ਧਾਰੀ ਹੁਦੇ ਹਨ। ਇਥੋਂ ਤਕ ਕਿ ਮੁਸਲਿਮ ਰਵਾਇਤ ਵਿੱਚ ਨਮਾਜ਼ੀ ਆਪਣੇ ਸਿਰ ਨੂੰ ਕਿਸੇ ਚੀਜ਼ ਨਾਲ ਢਕਣ ਤੋਂ ਬਾਦ ਹੀ ਨਮਾਜ਼ ਅਤਾ ਕਰਦੇ ਹਨ ਅਤੇ ਬਾਦ ਵਿੱਚ ਸਿਰ ਢੱਕਣ ਵਾਲੀ ਚੀਜ਼ ਨੂੰ ਉਤਾਰ ਦਿੱਤਾ ਜਾਂਦਾ ਹੈ। ਸਿੱਖ ਧਾਰਮਿਕ ਪਰੰਪਰਾ ਵਿੱਚ ਪਗੜੀ, ਦਸਤਾਰ ਜਾਂ ਦੁਪੱਟੇ ਨੂੰ ਹਰ ਵੇਲੇ ਲਾਜ਼ਮੀ ਕਰਾਰ ਦਿੱਤਾ ਗਿਆ। ਬਾ-ਰੂਹੇ ਇਸ ਹਦਾਇਤ ਦੇ ਇੱਕ ਸਿੱਖ ਨੂੰ ਹਰ ਵੇਲੇ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ। ਆਮ ਤੌਰ ਤੇ ਵਿਦਵਾਨ ਸਿੱਖਾਂ ਲਈ ਗੁਰੂ ਦੀ ਇਸ ਹਦਾਇਤ ਮਨਣ ਪਿੱਛੇ ਚਾਰ ਮੁੱਖ ਕਾਰਣ ਦਸਦੇ ਹਨ:-

. ਗੁਰੂ ਦੀ ਹਦਾਇਤ।
੨. ਕੇਸਾਂ ਦੀ ਸੰਭਾਲ।
੩. ਮਾਨ ਸੰਮਾਨ ਦਾ ਪ੍ਰਤੀਕ।
੪. ਵਿਲੱਖਣ ਪਹਿਚਾਣ।
ਇਨ੍ਹਾਂ ਨੁਕਤਿਆਂ ਵਿੱਚ ਹੀ ਸਿੱਖ ਰਵਾਇਤ ਵਿੱਚ ਪਗੜੀ ਦੇ ਲਾਜ਼ਮੀ ਹੋਂਣ ਦੇ ਮਹੱਤਵ ਨੂੰ ਬਿਆਨ ਕੀਤਾ ਜਾਂਦਾ ਹੈ।

ਸਭ ਤੋਂ ਪਹਿਲਾਂ ਇਨ੍ਹਾਂ ਵਿੱਚੋਂ ਅਸੀ ਪਹਿਲੇ ਨੁਕਤੇ ਨੂੰ ਲਈਏ ਤਾਂ ਪਗੜੀ ਧਾਰਨ ਕਰਨਾ ਜਿਵੇਂ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਲੈਣ ਜੈਸਾ ਹੈ। ਇਹ ਗੱਲ ਕੇਸਕੀ ਜਾਂ ਛੋਟੀ ਦਸਤਾਰ ਅਤੇ ਦੂੱਪਟੇ ਦੇ ਸਬੰਧ ਵਿੱਚ ਵੀ ਲਾਗੂ ਹੁੰਦੀ ਹੈ। ਕੇਸਾਂ ਦੀ ਸੰਭਾਲ ਵਾਸਤੇ ਦੂਜਾ ਨੁਕਤਾ ਵੀ ਸਮਝ ਵਿੱਚ ਆਉਂਦਾ ਹੈ ਅਤੇ ਤੀਜੇ-ਚੌਥੇ ਨੁਕਤੇ ਵਿੱਚ ਇਹ ਗੱਲ ਵੀ ਸਾਫ਼ ਤੌਰ ਤੇ ਸਮਝ ਵਿੱਚ ਆਉਂਦੀ ਹੈ ਕਿ ਗੁਰੂ ਸਾਹਿਬਾਨ ਨੇ ਪਗੜੀ ਬੰਨ੍ਹਣ ਦੀ ਤਾਕੀਦ ਦੇ ਰੂਪ ਵਿੱਚ ਆਪਣੇ ਸਿੱਖਾਂ ਨੂੰ ਸਰਦਾਰੀ ਦਾ ਮਾਨ ਸਨਮਾਨ ਬਖਸ਼ਿਆ।
ਇਨਾਂ ਚੌਹਾਂ ਨੁਕਤਿਆਂ ਰਾਹੀਂ ਪਗੜੀ ਗੁਰੂ ਦੀ ਦਿਤੀ ਇੱਕ ਵਡਮੁੱਲੀ ਬਖਸ਼ਿਸ਼ ਨਜ਼ਰ ਆਉਂਦੀ ਹੈ ਜਿਸ ਦੇ ਚਲਦੇ ਹੋਏ ਅਸੀਂ ‘ਓਏ` ਦੀ ਬਜਾਏ ‘ਸਰਦਾਰ ਜੀ` ਵਰਗੇ ਸੰਬੋਧਨ ਦੇ ਪਾਤਰ ਬਣ ਜਾਂਦੇ ਹਾਂ।

ਲੇਕਿਨ ਇਨ੍ਹਾਂ ਚੌਹਾਂ ਨੁਕਤਿਆਂ ਵਿੱਚ ਪਗੜੀ ਸਬੰਧੀ ਗੁਰੂ ਦੇ ਆਦੇਸ਼ ਦਾ ਫ਼ਲਸਫ਼ਾ ਪੂਰੀ ਤਰ੍ਹਾਂ ਬਿਆਨ ਨਹੀਂ ਹੁੰਦਾ। ਇੱਥੇ ਸਾਨੁੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਸਿੱਖ ਦੇ ਸਿਰ ਤੇ ਦਸਤਾਰ ਗੁਰੂ ਦੇ ਆਦੇਸ਼ ਕੇਸਾਂ ਦੀ ਸੰਭਾਲ ਜਾਂ ਫਿਰ ਸਾਡੇ ਆਪਣੇ ਸਨਮਾਨ ਦੇ ਪ੍ਰਤੀਕ ਤੋਂ ਇਲਾਵਾ ਕੁੱਝ ਹੋਰ ਵੀ ਹੈ। ਇਸੇ ‘ਕੁੱਝ ਹੋਰ` ਵਿੱਚ ਛੁਪਿਆ ਹੋਇਆ ਹੈ ਸਿੱਖਾਂ ਲਈ ਪਗੜੀ ਬੰਨ੍ਹਣ ਦਾ ਅਸਲੀ ਫ਼ਲਸਫ਼ਾ। ਐਸਾ ਬਿਲਕੁਲ ਨਹੀਂ ਕਿ ਉਪਰ ਦਿਤੇ ਹੋਏ ਨੁਕਤੇ ਬੇ-ਮਾਨੀ ਹਨ। ਉਹ ਸਾਰੇ ਠੀਕ ਹਨ ਪਰ ਪਗੜੀ ਦਾ ਪੂਰਾ ਫ਼ਲਸਫ਼ਾ ਇਨ੍ਹਾਂ ਚੌਹਾਂ ਨੁਕਤਿਆਂ ਵਿੱਚ ਨਹੀਂ ਸਮਾਉਂਦਾ। ਹਾਂ ਅਗਰ ਕਿਸੇ ਲਈ ਇਹ ਚਾਰ ਕਾਰਣ ਹੀ ਕਾਫ਼ੀ ਹਨ ਤਾਂ ਗੱਲ ਅਲੱਗ ਹੈ। ਪੰਤੂ ਇੱਕ ਗੱਲ ਜਿਹੜੀ ਕਿ ਸਭ ਤੋਂ ਮਹੱਤਵ ਪੂਰਨ ਹੈ ਉਹ ਇਹ ਸਵਾਲ ਹੈ ਕਿ ਕੀ ਸਿੱਖਾਂ ਲਈ ਪਗੜੀ ਸਿਰਫ਼ ਪਿਛੇ ਚਰਚਾ ਵਿੱਚ ਆਏ ਚਾਰ ਨੁਕਤਿਆਂ ਦੇ ਸੰਧਰਭ ਵਿੱਚ ਹੀ ਜ਼ਰੁਰੀ ਹੈ? ਬੇਸ਼ਕ ਉਤਰ ਹੈ ਨਹੀਂ!

ਦਰਅਸਲ ਪਗੜੀ ਸਬੰਧੀ ਗੁਰੂ ਦੇ ਆਦੇਸ਼ ਪਿਛੇ ਇੱਕ ਡੂੰਘਾ ਫ਼ਲਸਫ਼ਾ ਸੀ ਜਿਹੜਾ ਕਿ ਉਪਰ ਲਿਖੇ ਕਾਰਣਾਂ ਨਾਲੋਂ ਕਿਤੇ ਦੂਰ ਦੀ ਗੱਲ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂਆਂ ਨੇ ਸਾਨੂੰ ਪਗੜੀ ਧਾਰੀ ਬਣਾਕੇ ਸਰਦਾਰ ਦਾ ਅਹੁਦਾ ਬਖਸ਼ਿਆ। ਅਹੁਦਾ ਹੈਸੀਅਤ ਦਾ ਪ੍ਰਤੀਕ ਹੁੰਦਾ ਹੈ। ਪਰ ਜੇ ਉੱਚੀ ਹੈਸੀਅਤ ਉੱਚੀ ਜ਼ੁਮੇਵਾਰੀ ਦਾ ਭਾਵਨਾ ਨੂੰ ਨਾ ਲੈ ਕੇ ਆਏ ਤਾਂ ਉਹ ਬੇ-ਮਾਨੀ ਹੁੰਦੀ ਹੈ। ਗੁਰੂ ਸਾਹਿਬ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਸਾਨੂੰ ਹਰ ਵੇਲੇ ਪਗੜੀਧਾਰੀ ਰਹਿਣ ਦੇ ਆਦੇਸ਼ ਪਿਛੇ ਗੁਰੂ ਦਾ ਅਸਲ ਮਕਸਦ ਇਹ ਹੀ ਸੀ ਕਿ ਪਗੜੀਧਾਰੀ ਜਾਂ ਸਿਰ ਢਕੇ ਹੋਏ ਅਸੀਂ ਪੂਰੇ ਜੀਵਨ ਨੂੰ ਇੱਕ ‘ਧਾਰਮਿਕ ਕੰਮ` ਮੰਨ ਕੇ ਚੱਲੀਏ ਜਿਸ ਵਿੱਚ ਸਿੱਖ ਨੂੰ ਹਰ ਪਲ ਇਹ ਅਹਿਸਾਸ ਰਹੇ ਕਿ ਉਹ ਹਰ ਵੇਲੇ ਇੱਕ ਪ੍ਰਮਾਤਮਾ ਦੇ ਹਜ਼ੂਰ ਖੜਾ ਹੈ। ਗੁਰਮਤਿ ਵਿੱਚ ਪ੍ਰਮਾਤਮਾ ਕੁਦਰਤ ਰਾਹੀਂ ਸਰਬ ਵਿਆਪਕ ਸੀ ਅਤੇ ਸਾਡੇ ਜੀਵਨ ਦਾ ਹਰ ਪਲ ਉਸ ਸਰਬ ਵਿਆਪਕ ਦੇ ਹਜ਼ੂਰ ਵਿੱਚ ਬੀਤਣ ਵਾਲਾ ਪਲ ਸੀ। ਇਹ ਵੈਸਾ ਨਹੀਂ ਸੀ ਹੋ ਸਕਦਾ ਜਿਵੇਂ ਕਿ ਕੁੱਝ ਧਾਰਮਿਕ ਪਰੰਪਰਾਵਾਂ ਵਿੱਚ ਹੁੰਦਾ ਸੀ ਜਿਥੇ ਕੁੱਝ ਧਾਰਮਿਕ ਅਨੁਸ਼ਠਾਨ ਜਾਂ ਕੰਮ ਕਰਣ ਵੇਲੇ ਤਾਂ ਸਿਰ ਢਕ ਲਿਆ ਜਾਂਦਾ ਸੀ ਪਰ ਕੰਮ ਪੂਰਾ ਹੋਣ ਤੋਂ ਬਾਦ ਨਾਲ ਹੀ ਸਿਰ ਨੂੰ ਦੁਬਾਰਾ ਨੰਗਾ ਕਰ ਲਿਆ ਜਾਂਦਾ ਸੀ।
ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ:-

ਜੋ ਕਛੁ ਕਰੀ ਸੁ ਤੇਰੈ ਹਦੂਰਿ ( ਪੰਨਾ 25, ਗੁਰੂ ਗ੍ਰੰਥ ਸਾਹਿਬ)
ਅਰਥ:- ਜੋ ਕੁੱਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿੱਚ ਹੀ ਕਰ ਰਿਹਾ ਹਾਂ।
ਗੁਰੂ ਸਾਹਿਬ ਦੇ ਇਸ ਨੁਕਤਾ-ਏ-ਨਿਗਾਹ ਨਾਲ ਦੇਖਣ ਤੇ ਪਤਾ ਚਲਦਾ ਹੈ ਕਿ ਸਿੱਖਾਂ ਵਿੱਚ ਪਗੜੀ ਧਾਰਨ ਕਰਣਾ ਅਤੇ ਹਮੇਸ਼ਾ ਸਿਰ ਢੱਕ ਕੇ ਰਹਿਣਾ, ਉਨ੍ਹਾਂ ਵਿੱਚ ਇਸ ਸਚਾਈ ਦੇ ਅਹਿਸਾਸ ਨੂੰ ਹਮੇਸ਼ਾਂ ਬਣਾਈ ਰੱਖਣਾ ਸੀ ਕਿ ਉਹ ਹਰ ਪਲ ਇੱਕ ਸਰਬ ਵਿਆਪਕ ਈਸ਼ਵਰ ਦੇ ਸ੍ਹਾਮਣੇ ਆਦਰ ਭਾਵ ਨਾਲ ਖੜ੍ਹੇ ਹਨ। ਅਤੇ ਉਨ੍ਹਾਂ ਦਾ ਸਾਰਾ ਜੀਵਨ ਆਪਣੇ ਆਪ ਵਿੱਚ ਧਾਰਮਿਕ ਕੰਮ (ਸਚ ਦਾ ਗਿਆਨ ਅਤੇ ਵਿਵਹਾਰ ਕਰਣਾ) ਹੈ। ਇਹ ਹੈਸੀਅਤ ਪਗੜੀ ਨੁਮਾ ਰੁਤਬੇ ਦੀ ਵੱਡੀ ਬਖਸ਼ੀਸ਼ ਦੇ ਨਾਲ-ਨਾਲ ਗੁਰੂ ਦੁਆਰਾ ਦਿੱਤੀ ਹੋਈ ਵੱਡੀ ਜ਼ਿੰਮੇਵਾਰੀ ਦਾ ਭਾਵ ਸੀ।

ਜ਼ਰਾ ਸੋਚੀਏ ਜੇਕਰ ਪਰਮਾਤਮਾ ਆਪਣੀ ਕੁਦਰਤ ਰਾਹੀਂ ਸਾਡੇ ਆਸ ਪਾਸ ਹੀ ਹੈ ਤਾਂ ਫਿਰ ਬੇ-ਸ਼ਕ ਸਾਨੂੰ ‘ਉਸ` ਦੇ ਸਨਮਾਨ ਭਾਵ ਵਿੱਚ ਹੀ ਰਹਿਣਾ ਹੈ। ਸਿੱਖ ਦੇ ਸਿਰ ਤੇ ਦਸਤਾਰ ਸਿੱਖ ਨੂੰ ਹਰ ਜਗ੍ਹਾ ਪਰਮਾਤਮਾ ਦੇ ਦਰਬਾਰ ਦਾ ਅਹਿਸਾਸ ਕਰਵਾਉਂਦੀ ਹੈ ਤੇ ਨਾਲ ਹੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਦਵਾਉਂਦੀ ਹੈ ਕਿ ਅਸੀਂ ਪ੍ਰਮਾਤਮਾ ਦੇ ਦਰਬਾਰ ਵਿੱਚ ਕਿਸੇ ਗੁਸਤਾਖੀ ਤੋਂ ਪਰਹੇਜ਼ ਕਰੀਏ। ਤੇ ਜੇਕਰ ਅਸੀਂ ਸੱਚਮੁੱਚ ਐਸਾ ਕਰ ਦਿੰਦੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਗੜੀ ਸਾਨੂੰ ਹੋਰ ਕਿੰਨਾ ਮਾਨ-ਸਨਮਾਨ ਦਵਾਉਂਦੀ ਹੈ। ਇਸ ਅਹਿਸਾਸ ਨੂੰ ਜਗਾੳਂਣ ਦੀ ਲੋੜ ਹੈ।

ਗੁਰਮਤਿ ਵਿੱਚ ਸਿਰ ਢੱਕ ਲੈਣਾ ਵੈਸਾ ਸਰੀਰਕ ਭੇਖ ਦਾ ਕਰਮ ਕਾਂਡ ਨਹੀਂ ਕਿ ਕਿਸੇ ਵਿਸ਼ੇਸ਼ ਧਾਰਮਿਕ ਕੰਮ ਨੂੰ ਕਰਦੇ ਸਮੇਂ ਕੁੱਝ ਸਮੇਂ ਲਈ ਸਿਰ ਕੱਜ ਲਿਆ ਜਾਵੇ। ਅਸਾਂ ਤਾਂ ਹਰ ਪਲ ਧਾਰਮਿਕ ਹੋਣਾ ਹੈ ਆਪਣੇ ਸਮੁੱਚੇ ਵਿਵਹਾਰ ਵਿੱਚ। ਆਪਣੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ, ਸਰਬੱਤ ਦੇ ਭਲੇ ਦੀ ਮਨਸ਼ਾ ਲੈ ਕੇ। ਦਸਤਾਰ ਸੰਬੰਧੀ ਇਹ ਗੁਰੂ ਦਾ ਸੰਪੂਰਣ ਫ਼ਲਸਫ਼ਾ ਹੈ ਜਿਸ ਦੀ ਵਿਆਖਿਆ ਕੀਤੀ ਕੀਤੀ ਗਈ ਨਹੀਂ ਲੱਭਦੀ।

ਗੁਰੂ ਨਾਨਕ ਰੂੜੀਵਾਦੀ ਅਧਿਆਤਮ ਵਿੱਚ ਇੱਕ ਕ੍ਰਾਂਤੀ ਲੈ ਕੇ ਆਉਂਣ ਵਾਲੇ ਆਗੂ ਸਨ ਜਿਨ੍ਹਾਂ ਦੀ ਸਿੱਖਿਆ ਤੇ ਚਲਦੇ ਹੋਏ ਲੱਖਾਂ ਲਤਾੜੇ ਹੋਏ ਲੋਕਾਂ ਨੇ ਇਸ ਕ੍ਰਾਂਤੀ ਦਾ ਲੜ ਫੜਿਆ। ਇਹ ਲੋਕ ਲਤਾੜੇ ਹੋਣ ਕਾਰਣ ਲਤਾੜੇ ਹੋਇਆਂ ਦੀ ਦੁਰਦਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਇਸ ਲਈ ਇਹ ਲੋਕ ਲਤਾੜੇ ਜਾ ਰਹੇ ਲੋਕਾਂ ਦੇ ਹੱਕ ਅਤੇ ਆਜ਼ਾਦੀ ਲਈ ਸੰਘਰਸ਼ਸ਼ੀਲ ਰਹਿੰਦੇ ਰਹੇ। ਗੁਰੂ ਘਰ ਇਸ ਸੰਘਰਸ਼ ਵਿੱਚ ਇਨ੍ਹਾਂ ਦਾ ਮਾਰਗ ਦਰਸ਼ਕ ਵੀ ਸੀ ਤੇ ਹਮਸਫ਼ਰ ਵੀ। ਸ਼ੋਸ਼ਿਤ ਮਨੁੱਖ ਉਹ ਦਰਵਾਜ਼ਾ ਲੱਭਦਾ ਹੈ ਜਿਸ ਨੂੰ ਉਹ ਮਦਦ ਵਾਸਤੇ ਖਟਖਟਾ ਸਕੇ। ਜਿਸ ਤੇ ਉਹ ਭਰੋਸਾ ਕਰ ਸਕੇ। ਗੁਰੂ ਸਾਹਿਬਾਨ ਨੇ ਸਿੱਖੀ ਸਰੂਪ ਰਾਹੀਂ ਐਸੇ ਦਰਵਾਜੇ ਦੀ ਨਿਸ਼ਾਨ ਦੇਹੀ ਬਖਸ਼ੀ ਤਾਂ ਕਿ ਮਜ਼ਲੂਮ ਜਾਂ ਮੁਸੀਬਤ ਵਿੱਚ ਫ਼ਸਿਆ ਹੋਇਆ ਕੋਈ ਮਨੁੱਖ ਦੂਰੋਂ ਹੀ ਆਪਣੇ ਭਰੋਸੇ ਨੂੰ ਪਛਾਣ ਸਕੇ। ਪਗੜੀ ਇਸ ਸੰਧਰਬ ਵਿੱਚ ਮਾਨਵਤਾ ਨੂੰ ਗੁਰੂ ਦੀ ਬਖਸ਼ੀ ਹੋਈ ਸਭ ਤੋਂ ਵੱਡੀ ਨਿਸ਼ਾਨਦੇਹੀ ਸੀ। ਗੁਰੂ ਨੂੰ ਸਾਡੇ ਤੇ ਭਰੋਸਾ ਸੀ। ਅਸੀਂ ਇਸ ਭਰੋਸੇ ਨੂੰ ਕਾਇਮ ਰੱਖੀਏ।

ਹਰਦੇਵ ਸਿੰਘ, ਜੰਮੂ