Monday, 28 January 2013

 ਸਾਬਕਾ ਦੁਰਗਾ ਪੁਜਾਰੀ?
ਹਰਦੇਵ ਸਿੰਘ-ਜੰਮੂ

ਜਿਸ ਵੇਲੇ ਮੈਂਨੂੰ ਕੋਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਦੁਰਗਾ ਦੇਵੀ ਦਾ ਪੁਜਾਰੀ ਕਹੇ ਤਾਂ ਮੇਰਾ ਹੱਕ ਬਣਦਾ ਹੈ ਮੈਂ ਸਪਸ਼ਟ ਕਰਾਂ ਕਿ ਮੈਂ ਦੁਰਗਾ ਦਾ ਪੁਜਾਰੀ ਨਹੀਂ ਬਲਕਿ ਦਸ ਗੁਰੂ ਸਾਹਿਬਾਨ ਦੀ ਆਤਮਕ ਜੌਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਅਤੇ ਇਕ ਅਕਾਲ ਪੁਰਖ ਤੇ ਨਿਸ਼ਚਾ ਕਰਨ ਵਾਲਾ ਸਿੱਖ ਹਾਂ!


ਮੈਂ ਅਕਸਰ ਐਸਾ ਕਹਿਣ ਵਾਲੇ ਸੱਜਣਾਂ ਤੋਂ ਪੁੱਛਦਾ ਹਾਂ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਹਿਣ ਕਿ ਉਹ ਕਦੇ ਦੁਰਗਾ ਦੇ ਪੁਜਾਰੀ ਰਹੇ ਹਨ? ਤਾਂ ਉਹ ਚੁੱਪ ਰਹਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਨਹੀਂ ਉਨ੍ਹਾਂ ਨੂੰ ਹੁਣ ਪਤਾ ਚਲਿਆ ਹੈ ਕਿ ਪ੍ਰਿਥਮ ਭਗਉਤੀ ਕਹਿਣ ਨਾਲ ਸਿੱਖ ਆਪਣੇ ਆਪ ਦੁਰਗਾ ਦਾ ਪੁਜਾਰੀ ਹੋ ਜਾਂਦਾ ਹੈ।ਪਰ ਮੈਂ ਯਤਨ ਕਰਦਾ ਹਾਂ ਕਿ ਉਹ ਸੱਜਣ ਸਮਝ ਸਕਣ ਕਿ ਪ੍ਰਿਥਮ ਭਗਉਤੀ ਤੋਂ ਸਿੱਖਾਂ ਦਾ ਭਾਵ ਦੁਰਗਾ ਦੇਵੀ ਨਹੀਂ। 


ਪਰ ਉਹ ਸੱਜਣ ਨਹੀਂ ਸਮਝਦੇ ਅਤੇ ਮੇਰੇ ਤੇ ਦੁਰਗਾ ਪੁਜਾਰੀ ਹੋਂਣ ਦਾ ਆਰੋਪ ਲਗਾਉਂਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਇਸ ਆਰੋਪ ਦੀ ਜ਼ਦ ਵਿਚ ਤਾਂ ਭਾਈ ਕ੍ਹਾਨ ਸਿੰਘ ਜੀ ਨਾਭਾ ਵੀ ਆਉਂਦੇ ਹਨ ਜਿਨ੍ਹਾਂ ਸਿੱਖ ਪੰਥ ਲਈ ‘ਹਮ ਹਿੰਦੂ ਨਹੀਂ’ ਪੁਸਤਕ ਲਿਖੀ। ਅਤੇ ਪ੍ਰੋ. ਗੁਰਮੁਖ ਸਿੰਘ, ਪ੍ਰੋ.ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ ਜੀ ਆਦਿ ਸਾਰੇ ਵਿਦਵਾਨ ਵੀ। 


ਮੈਂ ਤਾਂ ਕਦੇ ਨਹੀਂ ਸਮਝਿਆ ਕਿ ਮੈਂ ਕਦੇ ਦੁਰਗਾ ਦਾ ਪੁਜਾਰੀ ਰਿਹਾ ਹਾਂ।ਪਰ ਉਹ ਸੱਜਣ ਇਕ ਢੰਗ ਨਾਲ ਸਵੀਕਾਰ ਕਰ ਰਹੇ ਹਨ ਕਿ ਉਹ ‘ਪ੍ਰਿਥਮ ਭਗਉਤੀ’ ਕਹਿਣ ਕਾਰਨ ਦਹਾਕਿਆਂ ਤਕ ਦੁਰਗਾ ਦੇ ਪੁਜਾਰੀ ਰਹੇ ਹਨ, ਅਤੇ ਹੁਣ ਇਸ ਲਈ ਉਨ੍ਹਾਂ ਨੇ ‘ਪ੍ਰਿਥਮ ਭਗਉਤੀ’ ਨੂੰ ਨੱਕਾਰ ਦਿੱਤਾ ਹੈ।ਐਸਾ ਮੰਨਣ ਵਾਲੇ ਤਾਂ ਆਪ ‘ਸਾਬਕਾ ਦੁਰਗਾ ਪੁਜਾਰੀ’ ਹੋ ਗਏ। ਨਹੀਂ? ਮੈਂ ਤਾਂ ਨਾ ਕਦੇ ਦੁਰਗਾ ਦਾ ਪੁਜਾਰੀ ਸੀ ਅਤੇ ਨਾ ਹੀ ਹਾਂ! ਮੇਰੇ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਗੁਰੂ ਹੈ ਅਤੇ ਮੇਰੇ ਇਸ਼ਟ ਸਮਾਨ ਵੀ।


 ਹਰਦੇਵ ਸਿੰਘ-ਜੰਮੂ