ਛੋਟੇ ਕੈਨਵਸ ਅਤੇ ਵੱਡੀ ਕਸਵਟੀ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਜਗਤ ਗੁਰੂ, ਗੁਰੂ ਨਾਨਕ ਜੀ ਨੇ ਮਨੁੱਖ ਨੂੰ, ਉਸਦੀਆਂ ਕੁਲ ਵ੍ਰਿਤਿਆਂ ਵਿਚ ਵਿਚਾਰਿਆ ਹੈ। ਇਸ ਲਈ ਗੁਰੂ ਨਾਨਕ ਜੀ ਦੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਮਨੁੱਖ ਨੂੰ, ਉਸਦੇ ਜੀਵਨ ਅਤੇ ਮਾਨਸਕਿਤਾ ਦੇ ਹਰ ਪਹਲੂ ਦੇ ਸੰਧਰਭ ਵਿਚ, ਨਾ ਕੇਵਲ ਪਰਖਦੀ ਹੈ, ਬਲਕਿ ਇਸੇ ਅਧਾਰ 'ਤੇ ਉਸ ਨੂੰ ਆਤਮ ਗਿਆਨ ਬਾਰੇ ਸਿਖਿਆ ਵੀ ਦਿੰਦੀ ਹੈ।
ਗੁਰੂ ਨਾਨਕ ਦੀ ਕਸਵਟੀ ਵੱਡੀ ਹੈ।
ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਮੁਫ਼ਾਦ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ‘ਧਰਮ ਦੇ ਵਿਰੋਧੀ’ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।ਇਹ ਵਿਚਾਰਨ ਵਾਲੀ ਗਲ ਹੈ।
ਪਰ ਸਾਡੀ ਪਰਖ ਦਾ ‘ਕੈਨਵਸ’ (ਕਪੜਾ) ਛੋਟਾ ਹੋਂਣ ਕਾਰਨ, ਕਈਂ ਵਾਰ, ਕਈ ਸੰਧਰਭਾਂ ਲਈ ਥਾਂ ਉਪਲੱਭਧ ਨਹੀਂ ਕਰਵਾਉਂਦਾ। ਸਿੱਟੇ ਵਜੋਂ, ਕਿਸੇ ਸਿੱਖ ਬਾਰੇ, ਸਾਡੇ ਕੁੱਝ ਨਿਰਣੈ ਸੰਕੀਰਣਤਾ ਦੇ ਦਾਇਰੇ ਵਿਚ ਫ਼ੱਸ ਜਾਂਦੇ ਹਨ। ਜੇ ਕਰ ਗਲ ਮਨੁੱਖਾਂ ਦੀ ਹੋਵੇ, ਤਾਂ ਬਿਨ੍ਹਾਂ ਮਨੋਵਿਗਿਆਨਕ ਪਹਲੁਆਂ ਨੂੰ ਸਮਝੇ ਮਨੁੱਖਤਾ ਦੀ ਗਲ ਨਹੀਂ ਕੀਤੀ ਜਾ ਸਕਦੀ।
ਅਸੀਂ ਸਿੱਖ ਹਾਂ ਤਾਂ ਪਿਆਰ ਕਿਉਂ ਨਹੀਂ? ਜੇ ਕਰ ਪਿਆਰ ਹੈ ਤਾਂ ਸੰਤੁਲਨ ਕਿਉਂ ਨਹੀਂ? ਜ਼ਰੂਰ ਕੋਈ ਕਮੀ ਹੈ ਜਿਸ ਕਾਰਨ ਸਾਡੇ ਅੰਦਰ ਹੀ ਮਨੁੱਖੀ ਏਕਾ ਪਰਵਾਨ ਨਹੀਂ ਚੜਦਾ। ਸ਼ਾਯਦ ਇਸਦਾ ਇਕ ਮੁੱਖ ਕਾਰਨ ਸਾਡੇ ਚਿੰਤਨ ਦੇ ਕੇਨਵਸ ਦਾ ਛੋਟਾ ਹੋਂਣਾ ਵੀ ਹੈ। ਇਸ ਕੇਨਵਸ ਵਿਚ ਰਹਿਤ ਅਤੇ ਅਧਿਆਤਮ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣ ਦੀ ਥਾਂ ਨਹੀਂ ਹੈ।
ਕਿਸੇ ਗੁਰਦੁਆਰੇ ਵਿਚ ਰੋਜ਼ਾਨਾ ਆਉਣ ਵਾਲੇ ਸੱਜਣ ਨੂੰ, ਮੱਥਾ ਟੇਕਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਕਰਦੇ ਵੇਖ, ਝੱਟ ਹੀ ਕੋਈ ਕਹਿ ਸਕਦਾ ਹੈ ਕਿ ਉਸ ਸੱਜਣ ਤੇ ਮਨਮਤਿ ਜਾਂ ਬ੍ਰਾਹਮਣਵਾਦ ਦਾ ਸਾਯਾ ਹੈ। ਉਹ ਸੱਜਣ ਸਾਹਿਬ ਦੇ ਨਿਸ਼ਾਨ (ਨਿਸ਼ਾਨ ਸਾਹਿਬ) ਅੱਗੇ ਵੀ ਮੱਥਾ ਟੇਕਦੇ ਹਨ।
ਉਸੇ ਗੁਰਦੁਆਰੇ ਵਿਚ ਆਉਣ ਵਾਲੇ ਇਕ ਹੋਰ ਸੱਜਣ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਨਮੁੱਖ ਮੱਥਾ ਟੇਕਦੇ ਬਿਨ੍ਹਾਂ ਪਰਿਕ੍ਰਮਾ ਕੀਤੇ ਚਲੇ ਜਾਂਦੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੱਜਣ ਗੁਰਮਤਿ ਦੇ ਧਾਰਨੀ ਲੱਗਦੇ ਹਨ। ਨਿਸ਼ਾਨ ਸਾਹਿਬ ਅੱਗੇ ਵੀ ਮੱਥਾ ਨਹੀਂ ਟੇਕਦੇ।
ਹੁਣ ਗੁਰਦੁਆਰੇ ਆਉਂਣ ਅਤੇ ਵਾਪਸ ਜਾਣ ਵਿਚਲੇ ਕ੍ਰਿਆ ਕਲਾਪ ਦੇ ਅਧਾਰ ਤੇ, ਪਹਿਲੇ ਸੱਜਣ ਮਨਮਤੀਏ ਸਾਬਤ ਹੋਏ ਅਤੇ ਦੂਜੇ ਗੁਰਮਤ ਦੇ ਧਾਰਨੀ। ਇਸ ਤੋਂ ਵੱਧ ਅਸੀਂ ਉਨ੍ਹਾਂ ਬਾਰੇ ਕੁੱਝ ਹੋਰ ਨਹੀਂ ਜਾਣਦੇ। ਸੋ ਦੋਹਾਂ ਬਾਰੇ ਸਾਡਾ ਨਿਰਨਾ ਕੇਵਲ, ਉਨ੍ਹਾਂ ਵਲੋਂ, ਗੁਰਦੁਆਰੇ ਵਿਚ ਕੀਤੇ ਗਏ ਵਿਵਹਾਰ ਤੇ ਟਿੱਕਿਆ ਹੈ। ਉਨ੍ਹਾਂ ਦੇ ਬਾਕੀ ਜੀਵਨ ਬਾਰੇ ਸਾਡੀ ਕੋਈ ਜਾਣਕਾਰੀ ਨਹੀਂ। ਜੇ ਕਰ ਸਾਡੀ ਜਾਣਕਾਰੀ ਦਾ ਕੇਨਵਸ ਛੋਟਾ ਹੈ ਤਾਂ ਸਾਡਾ ਨਿਰਨਾ ਵੀ ਕਿਸੇ ਸੰਕੀਰਣਤਾ ਦਾ ਸ਼ਿਕਾਰ ਹੋ ਸਕਦਾ ਹੈ।
ਸਾਡੀ ਜਾਣਕਾਰੀ ਤੋਂ ਪਰੇ, ਪਹਿਲੇ ਸਾਹਿਬਾਨ ਘਰ ਜਾ ਕੇ ਬਿਮਾਰ ਪਿਤਾ ਦੇ ਵਸਤਰ ਬਦਲਦੇ ਹਨ, ਖਾਣਾ ਖਿਲਾਉਂਦੇ ਹਨ, ਦਵਾਈ ਦਿੰਦੇ ਹਨ ਅਤੇ ਫ਼ਿਰ ਦੁਕਾਨ ਤੇ ਚਲੇ ਜਾਂਦੇ ਹਨ। ਦੁਕਾਨਦਾਰੀ ਵੀ ਇਮਾਨਦਾਰੀ ਦੀ ਹੈ!
ਦੂਜੇ ਸੱਜਣ ਘਰ ਆਕੇ ਤਿਆਰ ਹੁੰਦੇ ਹਨ, ਤੇ ਬਿਨਾ ਬਿਮਾਰ ਪਿਤਾ ਦੀ ਬਾਤ ਪੁੱਛੇ ਆਪਣੇ ਕਾਰੋਬਾਰ ਲਈ ਤੁਰ ਪੈਂਦੇ ਹਨ। ਕਾਰੋਬਾਰ ਵਿਚ ਇਮਾਨਦਾਰੀ ਦੀ ਘਾਟ ਹੈ!
ਗੁਰਦੁਆਰੇ ਉਨ੍ਹਾਂ ਦੋਹਾਂ ਜੇ ਕੀਤਾ, ਅਸੀਂ ਵੇਖਿਆ ਹੈ, ਪਰ ਘਰ ਤੋਂ ਕਾਰੋਬਾਰ ਤਕ, ਉਹ ਜੋ ਕਰਦੇ ਹਨ, ਸਾਨੂੰ ਇਸਦਾ ਇਲਮ ਨਹੀਂ। ਤਾਂ ਵਿਚਾਰਨ ਦੀ ਗਲ ਹੈ ਕਿ ਇਕ ਮਨੁੱਖ ਦੇ ਵਜੋਂ ਦੋਹਾਂ ਵਿਚ ਕੀ ਫ਼ਰਕ ਹੈ? ਕੌਣ ਬ੍ਰਾਹਮਣ ਹੈ ਤੇ ਕੌਣ ਸਿੱਖ?
ਰਹਿਤ ਨਾਲ ਜੁੜੀਆਂ ਛੋਟਿਆਂ ਗਲਾਂ ਦੇ ਅਧਾਰ ‘ਤੇ ਕਿਸੇ ਮਨੁੱਖ ਦੇ ਪੁਰੇ ਕਿਰਦਾਰ ਨੂੰ ਪਰਖਦੇ ਹੋਏ ਝੱਟ ਕਿਸੇ ਸਿੱਖ ਨੂੰ ਬ੍ਰਾਹਮਣ ਐਲਾਨ ਦੇਂਣਾ, ਸ਼ਾਯਦ ਸਾਡੇ ਸੰਕੀਰਣ ਨਜ਼ਰੀਏ ਦਾ ਸੂਚਕ ਹੈ। ਮਨੋਵ੍ਰਿਤਿਆਂ ਦੇ ਵੱਖਰੇਵੇਂ ਕੁਦਰਤੀ ਹੁੰਦੇ ਹਨ ਜਿਸ ਕਾਰਨ ਕਈਂ ਥਾਂ ਕੁੱਝ ਗਲਾਂ ਕਦੇ ਵੀ ਇਕਸਾਰ ਨਹੀਂ ਹੁੰਦੀਆਂ।
ਕਿਸੇ ਗੁਰਦੁਆਰੇ ਵਿਚ ਸੇਵਾ ਨਿਭਾਉਂਦਾ ਤਨਖਾਹਦਾਰ ਗ੍ਰੰਥੀ, ਆਪਣੇ ਬਾਕੀ ਦੇ ਨਿਜੀ ਅਤੇ ਸਮਾਜਕ ਜੀਵਨ ਵਿਚ ਇਕ ਪਿਤਾ, ਇਕ ਭਾਈ, ਇਕ ਪੜੋਸੀ ਹੋਂਣ ਦੇ ਨਾਤੇ ਕਿਸ ਇਮਾਨਦਾਰੀ/ਪਿਆਰ/ਜਿੰਮੇਵਾਰੀ ਨਾਲ ਵਿਚਰਦਾ ਹੈ, ਇਸ ਨੂੰ ਜਾਣੇ ਬਿਨ੍ਹਾਂ ਉਸ ਨੂੰ ਕੇਸਾਧਾਰੀ ਬ੍ਰਾਹਮਣ ਦਾ ਸਰਟੀਫ਼ਿਕੇਟ ਦੇਂਣ ਵਿਚ ਕਿੱਥੋਂ ਦੀ ਗੁਰਮਤਿ ਹੈ? ਇਸ ਵਿਵਹਾਰ ਵਿਚ ਇਕ ਪ੍ਰਕਾਰ ਦੀ ਨਫ਼ਰਤ ਜਿਹੀ ਨਜ਼ਰ ਆਉਂਦੀ ਹੈ, ਗੁਰਮਤਿ ਨਹੀਂ।
ਗੁਰੂ ਨਾਨਕ ਨੇ ਨਿਜਤਾ ਨਾਲ ਜੁੜੇ ਮੁਫ਼ਾਦ ਨੂੰ, ਧਰਮ ਨਾਲ ਜੋੜਦੇ ਹੋਏ, ਉਸ ਮੁਫ਼ਾਦ ਦੀ ਪ੍ਰਾਪਤੀ ਲਈ ਵਿਰੋਧੀ ਘੜ, ਉਨ੍ਹਾਂ ਨੂੰ ਧਰਮ ਦੇ ਵਿਰੋਧੀ ਸਾਬਤ ਕਰਨ ਦੀ ਜੁਗਤ ਵਰਤਨ ਦੀ ਸਿਖਿਆ ਨਹੀਂ ਦਿੱਤੀ।
ਹਰਦੇਵ ਸਿੰਘ, ਜੰਮੂ