Sunday, 1 October 2017

ਗਿਆਨ ਵਿਚ ਵੰਡੀਆਂ ?


 ਹਰਦੇਵ ਸਿੰਘ, ਜੰਮੂ


ਕੁੱਝ ਸਾਲਾਂ ਤੋਂ ਇੰਟਰਨੈਟ ਤੇ ਕੁੱਝ 'ਜਾਗਰੂਕ ਅਖਵਾਉਂਦੇ' ਸੱਜਣਾਂ ਨਾਲ ਵਿਚਾਰ ਸਾਂਝੇ ਹੋਣੇ ਆਰੰਭ ਹੋਏ ਤਾਂ ਸਮਝ ਆਉਣ ਲੱਗੀ ਕਿ ਉਨ੍ਹਾਂ ਵਲੋਂ ਜਾਗਰੂਕ ਐਲਾਨਿਆ ਜਾ ਰਿਹਾ ਤਬਕਾ, ਕਈਂ ਪੱਖਾਂ ਤੋਂ, ਜਿਵੇਂ ਨੀਂਦ ਵਿਚ ਚਲਣ ਵਰਗੀ ਸਮੱਸਿਆ ਨਾਲ ਗ੍ਰਸਤ ਹੈ।ਨੀਂਦ ਵਿਚ ਤੁਰਨਾ ਘਾਤਤ ਵੀ ਹੋ ਸਕਦਾ ਹੈ ਕਿਉਂਕਿ ਇਸ ਸਮੱਸਿਆ ਨਾਲ ਗ੍ਰਸਤ ਬੰਦਾ, ਆਪਣਾ ਜਾਂ ਦੂਜੇ ਦਾ, ਨੁਕਸਾਨ ਕਰ ਸਕਦਾ ਹੈ।ਮੈਂ ਸਾਰੇਆਂ ਦੀ ਗਲ ਨਹੀਂ ਕਰ ਰਿਹਾ ਕਿਉਂਕਿ ਸਭ ਐਸੇ ਨਹੀਂ ਹਨ!

ਮੈਂ ਕੋਈ ਵਿਦਵਾਨ ਨਹੀਂ ਪਰੰਤੂ ਇਕ ਪਾਠਕ ਵਜੋਂ, ਮੈਂ ਅਜਿਹੇ ਜਾਗਰੂਕਾਂ ਨੂੰ, ਕੁੱਝ ਵਿਸ਼ੇਸ਼ ਵਿਚਾਰਾਂ ਦੇ ਪੱਖੋਂ, ਕਦੇ ਵੀ ਜਾਗਰੂਕ ਨਹੀਂ ਮੰਨਿਆ ਅਤੇ ਇਸ ਬਾਰੇ ਲਿਖਦਾ ਵੀ ਰਿਹਾ।ਇਸ ਕਾਰਣ ਮੇਰੇ ਪ੍ਰਤੀ ਮੰਦੀ ਜਾਂ ਭੁੱਲੇਖਾ ਪਾਉ ਸ਼ਬਦਾਵਲੀ ਵੀ ਵਰਤੀ ਗਈ ਅਤੇ ਮੇਰੇ ਲੇਖਾਂ ਨੂੰ ਪ੍ਰਤੀਬੰਧਤ ਵੀ ਕੀਤਾ-ਕਰਵਾਇਆ ਗਿਆ।

ਖ਼ੈਰ, ਮੈਂ ਇਹ ਵੀ ਬੜੀ ਸਪਸ਼ਟਤਾ ਨਾਲ ਵੇਖਿਆ ਕਿ ਗਲਤੀਆਂ ਨੂੰ ਸਵੀਕਾਰ ਕਰਨ ਦੇ ਬਜਾਏ, ਜਾਗਰੂਕ ਅਖਵਾਉਂਦੇ  ਕੁੱਝ ਸੱਜਣ, ਆਪਣੇ ਮਨਮਤੇ ਵਿਚਾਰਾਂ-ਫ਼ੈਸਲਿਆਂ ਨੂੰ ਬਚਾਉਣ ਲਈ, ਅਪਣਿਆਂ 'ਗੋਲਪੋਸਟਾਂ' ਬਾਰ-ਬਾਰ ਬਦਲਦੇ ਰਹਿੰਦੇ ਹਨ। ਹਾਲ ਵਿਚ ਹੀ, ਵੱਚਿੱਤਰ ਸਥਿਤੀ ਉਸ ਵੇਲੇ ਵੇਖਣ ਨੂੰ ਮਿਲੀ ਜਿਸ ਵੇਲੇ, ਆਪਣੇ ਵਲੋਂ ਐਲਾਨੇ ਜਾਂਦੇ ਰਹੇ 'ਪੰਥ ਦੇ ਜਾਗਰੂਕ ਤਬਕੇ' ਨੂੰ, ਹੁਣ ਉਹ ਸੱਜਣ ਆਪ ਹੀ 'ਅਖੋਤੀ ਜਾਗਰੂਕ' ਜਾਂ ਪੁਜਾਰੀ ਕਰਕੇ ਐਲਾਨਣ ਲੱਗ ਪਏ ਹਨ। 

ਸੁਭਾਵਕ ਜਿਹੀ ਗਲ ਹੈ ਕਿ ਵਿਚਾਰਕ ਪੱਖੋ ਸੁੱਤੇ ਹੋਏ ਸੱਜਣ, ਅਗਰ ਨੀਂਦ ਵਿਚ ਤੁਰਦੇ ਹੋਏ ਇਕ ਦੂਜੇ ਨਾਲ ਜਾ ਵੱਜਣਗੇ, ਤਾਂ ਕੁੱਝ ਦੀ ਨੀਂਦ ਖੁੱਲੇਗੀ ਅਤੇ ਕੁੱਝ ਫ਼ੱਟੜ ਹੋਣਗੇ ਹੀ। ਹਾਲਤ ਇਹ ਹੋ ਗਈ ਕਿ ਕੁੱਝ ਨੂੰ ਨੀਂਦ ਵਿਚ ਤੁਰਦੇ-ਤੁਰਦੇ ਇਹ ਜਾਪਣ ਲੱਗਾ ਹੈ ਕਿ ਗੁਰੂ ਸਾਹਿਬਾਨ ਵੀ ਉਨ੍ਹਾਂ ਵਾਂਗ ਹੀ ਵਿਚਰਦੇ ਸਨ, ਵਿਚਾਰ ਪੱਖੋਂ ਵੀ ਅਤੇ ਵਿਵਹਾਰ ਪੱਖੋਂ ਵੀ! ਕੁੱਝ ਖ਼ਾਸ ਨਹੀਂ, ਬੱਸ 'ਉਹ' ਕੁੱਝ ਵੱਧ ਕੁ ਜੀਨਿਅਸ ਸੀ ?

ਇਹ ਸੱਜਣ ਨਾਮ ਤਾਂ ਬਾਣੀ ਦਾ ਲੇਂਦੇ ਹਨ ਪਰ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੂੰ ਆਪਣੇ ਲੇਖ ਅਤੇ ਟਾਕ ਸ਼ੋ ਹੀ ਹੁਣ ਬਾਣੀ ਲੱਗਣ ਲੱਗ ਪਏ ਹਨ।ਇਤਹਾਸ ਦੇ ਵਿਰੋਧ ਵਿਚ ਹਨ ਪਰ ਆਪਣੇ ਲੇਖਾਂ ਅਤੇ ਬੋਲ-ਮੱਜਮਿਆਂ ਰਾਹੀਂ ਇਤਹਾਸ ਵਿਚ ਆਪਣਾ ਨਾਮ ਦਰਜ ਕਰਵਾਉਣਾ ਲੋਚਦੇ ਹਨ। ਇਹ ਕੇਵਲ ਇਕ ਦੂਜੇ ਨੂੰ  ਹੀ ਨਹੀਂ ਬਲਕਿ ਇਕ ਮਹਲੇ ਦੀ ਬਾਣੀ ਨੂੰ ਦੂਜੇ ਮਹਲੇ ਦੀ ਬਾਣੀ ਨਾਲ ਕੱਟਣ ਦਾ ਵਿਚਾਰ  ਕੇਵਲ ਇਸ ਲਈ ਪੇਸ਼ ਕਰਦੇ ਹਨ, ਕਿਉਂਕਿ ਹੋਰ ਮਹਲਿਆਂ ਦੀ ਬਾਣੀ, ਇਨ੍ਹਾਂ ਦੇ ਆਪਣੇ ਲੇਖਾਂ-ਬੋਲਾਂ ਨੂੰ ਬੜੀ ਸਪਸ਼ਟਤਾ ਨਾਲ ਕੱਟਦੀ ਹੈ।

ਕੁੱਝ ਸੱਜਣਾਂ ਨੂੰ ਇਹ ਜਾਪਦਾ ਹੈ ਕਿ ਉਹ, ਗੁਰੂ ਨਾਨਕ ਜੀ ਅਤੇ ਉਨ੍ਹਾਂ ਦੀ ਬਾਣੀ ਨੂੰ, ਗੁਰੂ ਅੰਗਦ ਜਾਂ ਗੁਰੂ ਅਰਜਨ ਜੀ ਤੋਂ ਵੱਧ ਜਾਣਦੇ-ਸਮਝਦੇ ਹਨ।ਕੀ ਐਸਾ ਹੋ ਸਕਦਾ ਹੈ ਕਿ ਸਾਰੇ ਮਹਲੇ ਨਾਨਕ ਸਰੂਪ ਹੋਂਣ ਪਰ  ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੀ ਬਾਣੀ, ਇਕ ਦੂਜੇ ਨਾਲੋ ਉੱਚੀ ਜਾਂ ਨੀਵੀਂ ਹੋਵੇ ? ਹੁਣ ਤਾਂ ਗਿਆਨ ਵਿਚ ਵੀ ਵੰਡੀਆਂ ਪਾਉਣ ਲੱਗੇ ਹਨ।ਯਾਨੀ 'ਇਹ' ਨਾਨਕ ਜੀ ਦਾ ਗਿਆਨ , 'ਉਹ' ਬਾਕੀ ਮਹੱਲਿਆਂ ਦਾ ਗਿਆਨ, 'ਇਹ ਗਿਆਨ' ਕਸਵੱਟੀ  ਹੈ ਅਤੇ 'ਉਹ ਗਿਆਨ' ਕਸਵਟੀ ਨਹੀਂ ਆਦਿ! ਰੀਸੋ ਰੀਸ ਨਵੀਂ ਗਲ ਕਰਨ ਦਾ ਸ਼ੌਕ ? ਵਿਚਾਰਣ ਦੀ ਲੋੜ ਹੈ ਕਿ ਹਰ 'ਨਵੀਂ ਗੱਲ' ਅਸਲੀ (Right) ਨਹੀਂ ਹੁੰਦੀ!

ਹਰਦੇਵ ਸਿੰਘ, ਜੰਮੂ-੨੭.੦੯.੨੦੧੭