'ਮੀਣਾ ਮਾਨਸਿਕਤਾ ਦੀ ਸ਼ਿਕਾਰ ਮਾਨਸਿਕਤਾ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਲੱਗਭਗ ਤਿੰਨ ਕੁ ਸਾਲ ਤੋਂ ਕੁੱਝ ਵੱਧ ਸਮਾਂ ਪਹਿਲਾਂ, ਜਦ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨ ਸਬੰਧੀ ਇਕ ਲੇਖ ਲਿਖਿਆ, ਤਾਂ ਮੈਂਨੂੰ ਇਕ ਫੋਨ ਆਇਆ। ਇਹ ਚੰਡੀਗੜ ਤੋਂ ਇਕ ਸੱਜਣ ਦਾ ਸੀ। ਉਸ ਸੱਜਣ ਨੇ ਇਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਮੈਂਨੂੰ ਇਕ ਹੋਰ ਸੱਜਣ ਦਾ ਸੰਪਰਕ ਦਿੱਤਾ, ਜੋ ਕਿ ਅੰਮ੍ਰਿਤਸਰ ਵਿਖੇ ਗੁਰੂ ਨਾਨਕਦੇਵ ਯੂਨਿਵਰਸਿਟੀ ਦੇ ਬਾਹਰ ਲਗਦੇ ਇਲਾਕੇ ਵਿਚ ਰਹਿੰਦੇ ਹਨ। ਉਨਾਂ ਦਿਨੀਂ ਮੈਂ ਇੰਟਰਨੇਟ ਨਾਲ ਨਵਾਂ ਹੀ ਜੁੜਿਆ ਸੀ। ਖ਼ੈਰ, ਜਦ ਮੈਂ ਉਨਾਂ ਨਾਲ ਸਮੇਤ ਸੰਧਰਭ ਸੰਪਰਕ ਕੀਤਾ ਤਾਂ ਉਨਾਂ ਆਪਣਾ ਐਡਰਸ ਦੱਸਦੇ ਹੋਏ ਕਿਹਾ, ਕਿ ਮੈਂ ਉਨਾਂ ਤੋਂ ਉਹ ਪੁਸਤਕ ਪ੍ਰਾਪਤ ਕਰ ਸਕਦਾ ਹਾਂ। ਮੈਂ ਰੇਲਵੇ ਵਿਭਾਗ ਵਿਚ ਅੰਮ੍ਰਿਤਸਰ ਵਿਖੇ ਡਿਯੂਟੀ ਨਿਭਾਉਂਦੇ ਸ. ਪ੍ਰੇਮ ਸਿੰਘ ਜੀ ਨੂੰ ਬੇਨਤੀ ਕੀਤੀ, ਕਿ ਉਹ ਯੂਨਿਵਰਸਿਟੀ ਦੇ ਲਾਗੇ ਜਾ ਕੇ ਉਸ ਪੁਸਤਕ ਨੂੰ ਪ੍ਰਾਪਤ ਕਰਕੇ ਮੈਂਨੂੰ ਕੋਰਿਅਰ ਕਰਨ ਦੀ ਕਿਰਪਾਲਤਾ ਕਰਨ। ਸਿੱਟੇ ਵੱਜੇਂ ਉਹ ਪੁਸਤਕ ਮੇਰੇ ਤਕ ਪਹੁੰਚ ਗਈ। ਪਰ ਮੇਰੇ ਵਲੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਪੁਸਤਕ ਮੇਰੇ ਤਕ ਇਕ ਵਿਸ਼ੇਸ਼ ਮਕਸਦ ਨਾਲ ਪਹੁੰਚਾਈ ਗਈ ਸੀ।
ਚੰਡੀਗੜ ਦੇ ਸੱਜਣ ਦਾ ਮਕਸਦ ਸੀ ਕਿ ਮੈਂ ਉਸ ਪੁਸਤਕ ਦੇ ਹੱਕ ਵਿਚ ਲਿਖਣਾ ਆਰੰਭ ਕਰਾਂ, ਜਿਸ ਦਾ ਮੁੱਖ ਉੱਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਗੰਭੀਰ ਸ਼ੰਕੇ ਖੜੇ ਕਰਨਾ ਸੀ। ਲੇਕਿਨ ਮੈਂ ਇਸ ਕੌਝੀ ਮੰਸ਼ਾ ਨੂੰ ਸਮਝ ਗਿਆ ਸੀ, ਜਿਸ ਪਿੱਛੇ ਕੋਈ 'ਟੀਮ ਵਰਕ' ਸੀ। ਇਸ ਵਾਕਿਆ ਅਤੇ ਉਸ ਉਪਰੰਤ ਮੈਂਨੂੰ ਦੋ ਪ੍ਰਕਾਰ ਦਿਆਂ ਮਾਨਸਿਕਤਾਵਾਂ ਦਾ ਪਤਾ ਚਲਿਆ:-
(੧) ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਸਾਜਿਸ਼ ਦੀ ਮੀਣਾ ਮਾਨਸਿਕਤਾ !
(੨) ਮੀਣਾ ਮਾਨਸਿਕਤਾ ਦੀ ਸ਼ਿਕਾਰ ਮਾਨਸਿਕਤਾ !
ਜਿੱਥੇ ‘ਪਹਿਲੇ ਪ੍ਰਕਾਰ ਦੀ ਮਾਨਸਿਕਤਾ’ ਛੱਦਮ ਰੂਪ ਵਿਚ ਵਿਚਰਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਵਿਚ ਸਿੱਖਾਂ ਦੇ ਨਿਸ਼ਚੇ ਨੂੰ ਵਰਗਲਾਉਂਣਾ ਚਾਹੁੰਦੀ ਸੀ, ਉੱਥੇ ਦੂਜੇ ਪ੍ਰਕਾਰ ਦੀ ਮਾਨਸਿਕਤਾ ਵਿਚ ਮੁੱਖ ਤੌਰ ਉਹ ਸੱਜਣ ਸਨ ਜੋ ਕਿ ਆਪਣੀ ਵਿਦਵਤਾ ਦੀ ਹਉਮੇ, ਅਤੇ ਚੌਧਰਾਹਟ ਦੀ ਲਾਲਸਾ ਨੂੰ, ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਸਮਝਦੇ ਉਸ ਨੂੰ ਵਿਵਾਦਤ ਕਰਨ ਤੋਂ ਵੀ ਹਿੱਚਕਦੇ ਨਹੀਂ ਸਨ। ਦੂਜਿਆਂ ਨੂੰ ਗੁਰੂ ਵਾਲੇ ਬਣਨ ਦਾ ਹੋਂਕਾ ਦੇਂਣ ਵਾਲੇ ਇਹ ਚਿੰਤਕ, ਆਪ ਤਾਂ ਗੁਰੂ ਵਾਲੇ ਨਹੀਂ ਸਨ। ਇਹ ਗੁਰੂ ਬਨਾਉਂਣ ਦੇ ਠੇਕੇਦਾਰ ਬਣਨਾ ਚਾਹੁੰਦੇ ਸਨ। ਇਨਾਂ ਲਈ ‘ਨਾਨਕਸ਼ਾਹੀ ਕਲੈਂਡਰ ੨੦੦੩’ ਠੀਕ ਸੀ ਪਰ 'ਗੁਰੂ' ਤਰੁੱਟੀਆਂ ਨਾਲ ਭਰਪੂਰ ਗੁਰੂ !!
ਲੇਕਿਨ ਦੋਹੇਂ ਪ੍ਰਕਾਰ ਦਿਆਂ ਮਾਨਸਿਕਤਾਵਾਂ ਦੇ ਚੱਕਰ ਵਿਚ ਨਾ ਫੱਸਦੇ ਹੋਏ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿਸੇ ਵੀ ਪ੍ਰਕਾਰ ਦੇ ਕਿੰਤੂ, ਜਾਂ ਕਿੰਤੂ ਦਾ ਪ੍ਰਭਾਵ ਉਤਪੰਨ ਕਰਦੀ ਚਾਲ ਵਿਚ ਹਿੱਸੇਦਾਰ ਨਹੀਂ ਬਣਿਆ। ਆਪਣੇ ਇਸ ਸਟੇਂਡ ਕਾਰਨ ਮੈਂ ਉਪਰੋਕਤ ਮਾਨਸਿਕਤਾਵਾਂ ਦੀਆਂ ਨਜ਼ਰਾਂ ਵਿਚ ਖੱਟਕਦਾ ਰਿਹਾ। ਉਹ ਬੜੀ ਤਕਲੀਫ ਵਿਚ ਹਨ ਜਿਸ ਨੂੰ ਮੈਂ ਮਹਸੂਸ ਕਰ ਸਕਦਾ ਹਾਂ। ਇਹੀ ਇਸ ਮਾਨਸਿਕਤਾ ਦੀ ਨਿਯਤੀ ਹੈ !
ਹਰਦੇਵ ਸਿੰਘ, ਜੰਮੂ-੧੭.੦੩.੨੦੧੪