Friday, 20 April 2012

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ`
ਹਰਦੇਵ ਸਿੰਘ, ਜੰਮੂ

ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਦੀ ਬਾਣੀ ਦਰਜ ਹੈ ਅਤੇ ਨਾਲ ਹੀ ਹੋਰ ਭਗਤ- ਭੱਟਾਂ ਦੀ ਵੀ। ਕਵਿਯ ਸ਼ੈਲੀ, ਰਾਗਾਂ ਦੀ ਬੰਦਸ਼ ਤੋਂ ਇਲਾਵਾ ਲੇਖਨ ਦੇ ਅਦਬ ਦੀ ਸ਼ਰਤ ਅਨੁਸਾਰ ਬਾਣੀ ਵਿੱਚ ਲਿਖਾਰੀ ਦਾ ਨਾਮ ਕਈ ਥਾਂ ਸਪਸ਼ਟ ਕੀਤਾ ਗਿਆ ਹੈ। ਗੁਰੂਘਰ ਦੀ ਵਿਚਾਰਧਾਰਾ ਕੇਵਲ ਗੁਰੂ ਨਾਨਕ ਦਾ ਅਨੁਸਰਣ ਕਰਦੀ ਹੈ ਅਤੇ ਇਸ ਵਿਚਾਰਧਾਰਾ ਦਿਆਂ ਹਮ-ਖ਼ਯਾਲੀ ਚੁਨਿੰਦਾ ਰਚਨਾਵਾਂ ਨੂੰ ਗੁਰੂਘਰ ਪਾਸਿਯੋਂ ਪਰਵਾਨ ਕਰਦੇ ਬਾਣੀ ਦਾ ਦਰਜ਼ਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਗੁਰੂਆਂ ਦੀ ਮਾਰਫ਼ਤ, ਗੁਰੂਆਂ ਦਾ ਹੀ ਹੁਕਮ ਮੰਨ ਕੇ, ਗੁਰੂਬਾਣੀ ਮੰਨਦੇ ਹਾਂ।

ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂਆਂ ਨੇ ਬਾਣੀ ਨਹੀਂ ਲਿਖੀ। ਉਹ ਗੁਰੂ ਸਨ ਜਿਨ੍ਹਾਂ ਬਾਣੀ ਲਿਖੀ ਅਤੇ ਗੁਰੂ ਉਹ ਵੀ ਸਨ ਜਿਨ੍ਹਾਂ ਬਾਣੀ ਨਹੀਂ ਲਿਖੀ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਜੀ ਤੋਂ ਬਾਦ ਬਾਣੀ ਲਿਖਣਾ ਜਾਂ ਨਾ ਲਿਖਣਾ ਗੁਰਤਾ ਦੀ ਸ਼ਰਤ ਨਹੀਂ ਸੀ। ਬਲਕਿ ਬਾਣੀ ਦੀ ਵਿਚਾਰਧਾਰਾ ਦੀ ਸੰਪੁਰਣ ਸਮਝ ਅਤੇ ਉਸਦਾ ਵਿਵਹਾਰਕ ਅਨੁਸਰਣ ਹੀ ਗੁਰਤਾ ਦੀ ਕਸਵਟੀ ਸੀ ਜਿਸ ਦਾ ਧਾਰਕ ਗੁਰੂ ਸਥਾਪਤ ਕੀਤਾ ਜਾਂਦਾ ਸੀ। ਇਹ ਗੁਰੂਘਰ ਦੇ ਨਿਰਨੇ ਸਨ।

ਕੋਈ ਪੁੱਛ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਬਾਣੀ ਨਹੀਂ ਸੀ ਇਸ ਲਈ ‘ਦਸ ਗੁਰੂ ਸਾਹਿਬਾਨ ਦੀ ਬਾਣੀ` ਤੋਂ ਕੀ ਭਾਵ ਹੋਇਆ? ਉਸ ਸੁਰਤ ਵਿੱਚ, ਜਿਸ ਵੇਲੇ ਇਹ ਸਪਸ਼ਟ ਹੋਵੇ ਕਿ ਸਾਰੇ ਗੁਰੂਆਂ ਨੇ ਬਾਣੀ ਨਹੀਂ ਸੀ ਲਿਖੀ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ। ਲੇਕਿਨ ਇੱਥੇ ਹੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਦਸ ਗੁਰੂ ਸਾਹਿਬਾਨ ਦੀ ਬਾਣੀ` ਦੇ ਭਾਵ ਨੂੰ ਸਮਝ ਸਕੀਏ।

ਇਹ ਇੱਕ ਬੜੀ ਵਿੱਲਖਣ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਸਿੱਖਾਂ ਦੇ ਹਵਾਲੇ ਇੱਕ ਐਸੀ ਆਲੋਕਿਕ ਰਚਨਾ ਕੀਤੀ ਜਿਸ ਵਰਗੀ ਹੋਰ ਕੋਈ ਮਿਸਾਲ ਇਸ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਖ਼ੈਰ ਅਸੀਂ ਪਰਤਦੇ ਹਾਂ ਇੱਸ ਸਵਾਲ ਵੱਲ ਕਿ ਦਸ ਗੁਰੂ ਸਾਹਿਬਾਨ ਦੀ ਬਾਣੀ` ਤੋਂ ਕੀ ਭਾਵ ਹੋਇਆ?

ਦਰਅਸਲ ਦਸ ਗੁਰੂਆਂ ਦੀ ਪਰੰਮਪਰਾ ਨੂੰ ਸਮਝਣ ਨਾਲ ਪਤਾ ਚਲਦਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਉਸ ਵਿਚਾਰਧਾਰਾ ਦੀ ਪਰਵਾਨਗੀ (ਭਗਤਾਂ ਭੱਟਾਂ ਦੀ ਬਾਣੀ) ਹੀ ਬਾਕੀ ਨੋਂ ਗੁਰੂਆਂ ਦੀ ਬਾਣੀ ਸੀ ਭਾਵੇਂ ਇਸਦਾ ਸੰਕਲਨ ਅਤੇ ਸੰਪਾਦਨ ਸਮੇਂ ਅਨੁਸਾਰ ਤਰਤੀਬਵਾਰ ਹੋਈਆ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੀ ਹੈ। ਇਸ ਦਾ ਭਾਵ ਕਦਾਚਿੱਤ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੱਖਰੀ ਬਾਣੀ ਲਿਖੀ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਜੇਕਰ ਕੁੱਝ ਲਿਖਿਆ ਵੀ ਹੋਵੇ ਤਾਂ ਵੀ ਉਸ ਲਿਖਤ ਨੂੰ ਬਾਣੀ ਦਾ ਦਰਜਾ ਕਦਾਚਿੱਤ ਨਹੀਂ ਦਿੱਤਾ। ਗੁਰੂਬਾਣੀ ਦਾ ਨਿਰੋਲ ਭਾਵ ਕੇਵਲ ਅਤੇ ਕੇਵਲ ਉਹ ਬਾਣੀ ਹੀ ਹੈ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ (ਬਿਨਾ ਰਾਗਮਾਲਾ) ਦਰਜ ਹੈ। ਇੱਸ ਤੋਂ ਬਾਹਿਰ ਕੋਈ ਰਚਨਾ ਕਿਸੇ ਵੀ ਸੂਰਤ ਵਿੱਚ ਬਾਣੀ ਕਦਾਚਿੱਤ ਨਹੀਂ ਹੋ ਸਕਦੀ। ਕਿਸੇ ਸਿਧਾਂਤਕ ਲਿਖਤ, ਵਿਚਾਰ ਜਾਂ ਹਿਦਾਅਤ ਅਤੇ ਗੁਰੂਬਾਣੀ ਵਿਚਕਾਰ ਬਹੁਤ ਵੱਡਾ ਫ਼ਾਸਲਾ ਹੈ। ਸਿੱਖਾਂ ਲਈ ਬਾਣੀ ਸਿਰਫ਼ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਇਸ ਤੋਂ ਬਾਹਰ ਕਿਸੇ ਰਚਨਾ ਨੂੰ ਬਾਣੀ ਵਰਗਾ ਵਿਸ਼ੇਸ਼ਨ ਨਹੀਂ ਦੇਣਾ ਚਾਹੀਦਾ ਤਾ ਕਿ ਬਾਣੀ ਅਤੇ ਰਚਨਾਵਾਂ ਵਿੱਚਲਾ ਅੰਤਰ ਸਪਸ਼ਟ ਰਹੇ। ਵੈਸੇ ਵੀ ਮੂਲ ਮੰਤਰ ਤੋਂ ਮੰਦਾਵਨੀ ਦੇ ਸਲੋਕਾਂ ਵਿੱਚਕਾਰ ਕਿਸੇ ਵੀ ਬਾਹਰੀ ਰਚਨਾ ਦਾ ਕੋਈ ਸਥਾਨ ਸਵੀਕਾਰ ਨਹੀਂ ਹੁੰਦਾ। ਗੁਰੂ ਗੋਬਿਂਦ ਸਿੰਘ ਜੀ ਦਾ ਇਹੀ ਨਿਰਨਾ ਸੀ।

ਇਸ ਤੋਂ ਇਲਾਵਾ ਸਾਨੂੰ ਇਹ ਸੱਚਾਈ ਮੰਨਣ ਤੋਂ ਵੀ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ (ਰਾਗਮਾਲਾ ਬਗ਼ੈਰ) ਦਸ ਗੁਰੂ ਸਾਹਿਬਾਨ ਦੀ ਹੀ ਬਾਣੀ ਹੈ।

ਹੁਣ ਜ਼ਰਾ ਸਿੱਖ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਲਿਖੀ ਸ਼ਬਦਾਵਲੀ ਦੀ ਪੜਚੋਲ ਕਰੀਏ। ਉੱਥੇ ਸ਼ਬਦ ਵਰਤੇ ਗਏ ਹਨ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ”

ਫ਼ਿਲਹਾਲ ਅਸੀਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ”…… ਸ਼ਬਦਾਵਲੀ ਦੀ ਵਿਚਾਰ ਕਰਾਂਗੇ।

ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਈ ਹੋਰ ਸ਼ਰਧਾਲੂ (ਦੂਜੇ ਮਤਾਂ ਦੇ ਲੋਗ) ਮੱਥਾ ਟੇਕਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਮਾਤਰ ਤੇ ਨਿਸ਼ਚਾ ਕਰਦੇ ਉਸ ਅੱਗੇ ਮੱਥਾ ਟੇਕਦੇ ਮੁਰਾਦਾਂ ਮੰਗਦੇ ਹਨ ਪਰ ਹੋਰ ਮਤਿ ਨਾਲ ਸਬੰਧਤ ਹੋਣ ਕਾਰਣ ਉਹ ਬਾਣੀ ਵਿੱਚ ਇਸ ਤੋਂ ਜ਼ਿਆਦਾ ਰਹਿਤੀ ਅਕੀਦਾ ਨਹੀਂ ਰੱਖਦੇ। ਇਸ ਲਈ ਸਿੱਖ ਦੀ ਪਰਿਭਾਸ਼ਾ ਤਹਿ ਕਰਨ ਲਈ ਦੋਹਾਂ ਗੱਲਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਬਣਦਾ ਹੈ ਕਿ ਸਿੱਖ ਉਹ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਅਤੇ ਇਸ ਵਿੱਚ ਦਰਜ ਦੱਸਾਂ ਗੁਰੂਆਂ ਦੀ ਬਾਣੀ, ਦੋਹਾਂ ਤੇ ਨਿਸ਼ਚਾ ਰੱਖਦਾ ਹੋਵੇ। ਇਸ ਨਿਗਾਹ ਨਾਲ ਉਪਰੋਕਤ ਸ਼ਬਦਾਵਲੀ ਇੱਸ ਸਮੱਸਿਆ ਦਾ ਸਮਾਧਾਨ ਕਰਣ ਵਿੱਚ ਸਫ਼ਲ ਦਿਖਾਈ ਦਿੰਦੀ ਹੈ।
ਇੱਥੇ ਇੱਕ ਹੋਰ ਸਵਾਲ ਬੜੀ ਤੀਬਰਤਾ ਨਾਲ ਉੱਠਦਾ ਪ੍ਰਤੀਤ ਹੁੰਦਾ ਹੈ। ਉਹ ਇਹ ਕਿ, ਕੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ” ਦੇ ਬਜਾਏ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ` ਵਰਗੀ ਸ਼ਬਦਾਵਲੀ ਜਿਆਦਾ ਢੁੱਕਵੀਂ ਨਹੀਂ ਸੀ? ਓਪਰੀ ਤੋਰ ਤੇ ਇਹ ਦਿਲਚਸਪ ਸਵਾਲ ਵਾਜ਼ਬ ਪ੍ਰਤੀਤ ਹੁੰਦਾ ਹੈ ਅਤੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਵਰਗੀ ਸ਼ਬਦਾਵਲੀ ਵਿੱਚ ‘ਦਸ ਗੁਰੂ ਸਾਹਿਬਾਨ ਦੀ ਬਾਣੀ` ਵਰਗੇ ਸ਼ਬਦ ਗ਼ੈਰ ਜ਼ਰੂਰੀ ਗੱਲ ਪ੍ਰਤੀਤ ਹੁੰਦੇ ਹਨ। ਲੇਕਿਨ ਇਹ ਐਸਾ ਹੈ ਨਹੀਂ। ਆਉ ਇਸ ਨੂੰ ਵਿਚਾਰੀਏ ਕਿਉਂਕਿ ਕਿਸੇ ਸੁਧਾਰ ਦੀ ਗੁੰਝਾਇਸ਼ ਦੇ ਨਾਲ ਚੰਗੇ ਨਿਰਨਿਆਂ ਨੂੰ ਵੀ ਵਿਚਾਰਨਾ ਅਤੇ ਸਵੀਕਾਰਨਾ ਚਾਹੀਦਾ ਹੈ।
ਇਸ ਤੇ ਵਿਚਾਰ ਲਈ ਦੋ ਸਵਾਲ ਖੜੇ ਕਰਨ ਦੀ ਲੋੜ ਹੈ:

(1) ਕੀ ਸੰਪੁਰਣ ਬਾਣੀ ਦਿਆਂ ਵੱਖੋ-ਵੱਖ ਦੱਸ ਪੋਥੀਆਂ ਬਣਾ ਕੇ ਉਨ੍ਹਾਂ ਦੇ ਸਵਰੂਪ ਦੇ ਇੱਕਠੇ ਜਾਂ ਅਲਗ-ਅਲਗ ਪ੍ਰਕਾਸ਼ ਤੇ ਨਿਸ਼ਚਾ ਕੀਤਾ ਜਾ ਸਕਦਾ ਹੈ?

(2) ਕੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ (ਰਾਗਮਾਲਾ ਬਗ਼ੈਰ) ਦੇ ਹੀ, ਕਿਸੇ ਹੋਰ ਢੰਗ ਨਾਲ, ਤਰਤੀਬ ਬਦਲ ਕੇ (ਬਾਣੀ ਅੱਗੇ ਪਿੱਛੇ ਕਰਕੇ) ਲਿਖੇ ਗਏ ਗ੍ਰੰਥ ਸਵਰੂਪ ਦੇ ਪ੍ਰਕਾਸ਼ ਤੇ ਨਿਸ਼ਚਾ ਕੀਤਾ ਜਾ ਸਕਦਾ ਹੈ ?

ਬੇਸ਼ੱਕ ਦੋਹਾਂ ਸੂਰਤਾਂ ਵਿੱਚ ਬਾਣੀ ਅਤੇ ਉਸ ਦੇ ਵਿੱਚ ਲਿਖੇ ਸਿਧਾਂਤ ਉਹੀ ਰਹਿਣ ਗੇ ਪਰ ਇਨ੍ਹਾਂ ਦੋਹਾਂ ਸਵਾਲਾਂ ਦਾ ਸਪਸ਼ਟ ਜੁਆਬ ਹੈ; ਨਿਰਸੰਦੇਹ ਕਦੇ ਨਹੀਂ! ਕਿੳਂਕਿ ਇਹ ਕਿਸੇ ਬਾਣੀ ਸਿਧਾਂਤ ਦੀ ਨਹੀਂ ਬਲਕਿ ਬਾਣੀ ਲੇਖਨ ਨਾਲ ਜੁੜੀ ਰਹਿਤ ਦੀ ਉਲੱਘਣਾ ਹੋਵੇਗੀ, ਜਿਸ ਨਾਲ ਗੁਰੂਘਰ ਦਾ ਇਸ ਬਾਬਤ ਕੀਤਾ ਨਿਰਨਾ ਭੰਗ ਹੋਵੇਗਾ। ਕੋਈ ਸੰਦੇਹ ਨਹੀਂ ਕਿ ਪੰਚਮ ਪਾਤਿਸ਼ਾਹ ਜੀ ਅਤੇ ਗੁਰੂ ਗੋਬਿਂਦ ਸਿੰਘ ਜੀ ਨੇ ਇਹੀ ਨਿਸ਼ਚਾ ਹਰ ਸਿੱਖ ਨੂੰ ਦ੍ਰਿੜ ਕਰਵਾਇਆ ਸੀ ਜਿਸ ਨੂੰ ਸਿੱਖਾਂ ਨੇ ਹਰ ਸੂਰਤ ਕਾਇਮ ਰੱਖਣਾ ਹੈ। ਇਸ ਤੋਂ ਇਲਾਵਾ ਸਮੁੱਚੀ ਬਾਣੀ ਨੂੰ ਕਿਸੇ ਐਸੇ ਗ੍ਰੰਥ ਵਿੱਚ ਵੀ ਦਰਜ ਨਹੀਂ ਕੀਤਾ ਜਾ ਸਕਦਾ ਜਿਸ ਵਿੱਚ ਹੋਰ ਮਤਾਂ ਜਾਂ ਹੋਰ ਕਿਸੇ ਕਿਸਮ ਦਿਆਂ ਰਚਨਾਵਾਂ ਵੀ ਹੋਣ।

ਸਿੱਖ ਲਈ ਬਾਣੀ ਦੇ ਨਾਲ-ਨਾਲ ਗੁਰਘਰ ਪਾਸਿਯੋਂ ਸੰਕਲਨ-ਸੰਪਾਦਨ ਕੀਤੀ ਤਰਤੀਬ ਤੇ ਨਿਸ਼ਚਾ ਰੱਖਦੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਨਿਸ਼ਚਾ ਹੋਣਾ ਵੀ ਅਤਿ ਜ਼ਰੁਰੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸਦੀਵੀਂ ਇੱਕਸਾਰ ਹੋਂਦ ਲਈ ਇਹ ਨਿਸ਼ਚਾ ਹੋਣਾ ਲਾਜ਼ਮੀ ਹੈ ਤਾਂ ਕਿ ਕਦੇ ਕੋਈ ਵੀ ਬਾਣੀ ਤਾਂ ਉਹੀ ਹੈ` ਵਰਗੇ ਤਰਕ ਦੇ ਅਧਾਰ ਤੇ ਕਿਸੇ ਹੋਰ ਤਰਤੀਬ (ਬਾਣੀ ਅੱਗੇ-ਪਿੱਛੇ ਕਰਕ, ਹੋਰ ਰਚਨਾਵਾਂ ਜੋੜ ਕੇ) ਦੇ ਸਵਰੂਪ ਦਾ ਗ੍ਰੰਥ ਨਾ ਤਿਆਰ ਕਰੇ ਜਾਂ ਫ਼ਿਰ ਗ੍ਰੰਥ ਸਵਰੂਪ ਨੂੰ ਪੋਥੀਆਂ ਵਿੱਚ ਬਦਲ ਉਨ੍ਹਾਂ ਦਾ ਪ੍ਰਕਾਸ਼ ਨਾ ਕਰੇ। ਨਾਲ ਹੀ ਇਹ ਨਿਸ਼ਚਾ ਸਿੱਖ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰਾਬਰ ਕਿਸੇ ਵੀ ‘ਹੋਰ  ਗ੍ਰੰਥ` ਦੀ ਨੁਮਾਇਸ਼ ਦੀ ਖ਼ਿਲਾਫ਼ਤ ਕਰਨ ਵਾਲੇ ਬੰਦੇ ਦੇ ਰੂਪ ਵਿੱਚ ਪਰਿਭਾਸ਼ਤ ਕਰਦਾ ਹੈ।

ਇਸ ਲਈ ਰਹਿਤ ਮਰਿਯਾਦਾ ਵਿੱਚ ਵਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਸ਼ਬਦਾਵਲੀ ਢੱਕਵੀ ਅਤੇ ਦੁਰਅੰਦੇਸ਼ੀ ਹੈ ਕਿੳਂਕਿ ਜਿੱਥੇ ਇਹ ਸਿੱਖ ਨੂੰ ਪਰਿਭਾਸ਼ਤ ਕਰਦੀ, ਸਿੱਖਾਂ ਨੂੰ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਅਤੇ ਉਸ ਵਿੱਚ ਲਿਖੀ ਦਸ ਗੁਰੂਆਂ ਦੀ ਬਾਣੀ ਤੇ ਨਿਸ਼ਚੇ ਪ੍ਰਤੀ ਪਾਬੰਦ ਕਰਦੀ ਹੈ, ਉੱਥੇ ਨਾਲ ਹੀ, ਸਿੱਖੀ ਦੇ ਦਰਸ਼ਨ ਵਿੱਚ ਰਲੇ ਦਸ ਗੁਰੂਆਂ ਦੇ ਕਿਰਦਾਰ ਪ੍ਰਤੀ ਸਿੱਖਾਂ ਦੇ ‘ਕੋਮੀ ਨਿਸ਼ਚੇ` ਦਾ ਪ੍ਰਗਟਾਵਾ ਕਰਦੀ ਹੈ।

ਹਰਦੇਵ ਸਿੰਘ, ਜੰਮੂ