Sunday, 1 March 2015

'ਚਤੁਰਾਈ ਅਤੇ ਬੁੱਧੀਮੱਤਾ'

ਹਰਦੇਵ ਸਿੰਘ, ਜੰਮੂ


ਬੁੱਧੀਮੱਤਾ ਅਤੇ 'ਚਲਾਕੀ' ਵਿਚ  ਅੰਤਰ ਹੁੰਦਾ ਹੈ ਅਤੇ ਇਸ ਲਈ ਚਲਾਕੀ ਬੁੱਧੀਮੱਤਾ ਨਹੀਂ ਹੋ ਸਕਦੀ।ਇਸੇ ਕਾਰਣ ਚਲਾਕੀ ਸਮਾਜ ਵਿਚ ਬੁੱਧੀਮੱਤਾ ਦੇ ਮੁਕਾਬਲ ਆਦਰ ਨਾਲ ਨਹੀਂ ਵੇਖੀ ਜਾਂਦੀ।ਹਾਂ ਜਦ ਤਕ ਪਤਾ ਨਾ ਚਲੇ ਤਾਂ ਚਲਾਕੀ, ਭੇਖ ਅੰਦਰ ਰਹਿ ਕੇ, ਸਤਿਕਾਰ ਪ੍ਰਾਪਤ ਕਰਦੀ ਰਹਿੰਦੀ ਹੈ, ਜਿਵੇਂ ਕਿ ਕੁੱਝ ਭੇਖੀ ਬਾਬੇ ਜਾਂ ਸੰਤਾਂ ਦੀ ਚੜਤ।

ਖ਼ੈਰ, ਗਿਆਨੀ ਹੋਂਣ ਦੇ ਦਾਵੇ ਤੋਂ ਕਬਲ ਕੁੱਝ ਗਲਾਂ ਦੀ ਵਿਚਾਰ ਜ਼ਰੂਰੀ ਹੈ।ਵਿਸ਼ੇਸ ਰੂਪ ਵਿਚ ਉਸ ਮਨੁੱਖ ਬਾਰੇ ਜਿਸ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਹੀਂ।

ਕਹਿੰਦੇ ਹਨ ਹਰ ਵਸਤੂ ਪ੍ਰਤੀ ਅਗਿਆਨ ਮਾੜਾ ਹੋਂਣ ਦੇ ਬਾਵਜੂਦ ਕੁੱਝ ਸ਼ੈਤਾਨੀਆਂ ਨਾਲੋਂ ਜ਼ਿਆਦਾ ਮਾੜਾ ਨਹੀਂ ਹੁੰਦਾ। ਮਸਲਨ ਗਲਤ ਪ੍ਰਸ਼ਿਕਸ਼ਣ (Training)  ਯੁਕਤ ਵੱਡੀ ਚਤੁਰਾਈ-ਪੜਾਈ ਜ਼ਿਆਦਾ ਵੱਡੀ ਆਫ਼ਤ ਹੁੰਦੀ ਹੈ। ਜਿਸ ਮਨੁੱਖ ਨੂੰ ਐਟਮ ਦਾ ਗਿਆਨ ਨਹੀਂ, ਉਹ ਨਾ ਬੰਬ ਬਣਾਏਗਾ ਅਤੇ ਨਾ ਹੀ ਉਹ ਨੂੰ ਸੁੱਟੇਗਾ।ਇਹ ਕੰਮ ਚਤੁਰ ਲੋਕਾਂ ਦਾ ਹੈ।

ਅਗਿਆਨੀ ਮਨੁੱਖ ਕੁੱਝ ਪੱਖੋਂ ਭੋਲਾ ਵੀ ਹੁੰਦਾ ਹੈ। ਉਹ ਆਪਣੇ ਅਗਿਆਨ ਨਾਲ ਆਪਣਾ ਨੁਕਸਾਨ ਕਰਦਾ ਹੈ। ਉਹ ਧੌਖਾ ਖਾਂਦਾ ਹੈ ਪਰ ਧੌਖਾ ਦਿੰਦਾ ਨਹੀਂ ! ਉਹ ਉਪਦੇਸ਼ ਦੇ ਭਾਵ ਨੂੰ ਗਲਤ ਕਰਕੇ ਸਮਝ ਸਕਦਾ ਹੈ, ਪਰ ਉਹ ਮੂਲ ਉਪਦੇਸ਼ ਵਿਚ ਹੀ
ਆਪਣੇ "ਗਿਆਨ" ਦੀ ਮਿਲਾਵਟ ਨਹੀਂ ਕਰਦਾ। ਉਹ ਗੁਰੂ ਸਨਮੁੱਖ ਮੁਰਖ ਬਣ ਕੇ ਖੜਾ ਰਹਿੰਦਾ ਹੈ, ਪਰ ਆਪਣੀ ਕਿਸੇ ਚਤੁਰਾਈ ਨਾਲ ਗੁਰੂ ਪੁਰ ਕਿੰਤੂ ਜਾਂ ਸ਼ੰਕੇ ਖੜੇ ਨਹੀਂ ਕਰਦਾ।

ਅਣਜਾਣੇ ਵਿਚ ਕੀਤੀ ਕਿਸੇ ਦੀ ਭੁੱਲ ਨੂੰ ਆਪਣੀ ਭੁੱਲ ਸਹੀ ਸਿੱਦ ਕਰਨ ਲਈ ਵਰਤਣਾ ਚਤੁਰਾਈ ਹੈ ਬੁੱਧੀਮੱਤਾ ਨਹੀਂ !

ਹਰਦੇਵ ਸਿੰਘ,ਜੰਮੂ- ੦੧.੦੩.੨੦੧੫