Friday, 9 January 2015


' ਚਤੁਰਾਈ '
ਹਰਦੇਵ ਸਿੰਘ,ਜੰਮੂ


ਚਤੁਰ ਸ਼ਬਦ ਦੇ ਕਈਂ ਅਰਥ ਬਣਦੇ ਹਨ। ਜਿਵੇਂ ਕਿ ਚਾਰ;"ਚਤੁਰ ਦਿਸਾ ਕੀਨੋ ਬਲੁ ਅਪਨਾ", ਚਲਾਕ, ਸਿਆਣਾ, ਨਿਪੁਣ ਆਦਿ। ਕੋਈ ਵਿਦਵਾਨ ਹਉਮੈ ਦੇ ਪ੍ਰਭਾਵ ਹੇਠ ਖ਼ੁਦ ਨੂੰ ਨਿਪੁਣ ਸਮਝ ਲਵੇ, ਤਾਂ ਉਸ ਨੂੰ ਗੁਰੂ ਸਾਹਿਬ ਜੀ ਦੇ ਇਸ ਫੁਰਮਾਣ ਤੋਂ ਸਿੱਖਿਆ ਲੇਂਣੀ ਚਾਹੀਦੀ ਹੈ:-


ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ॥(੬੧੩)



ਗਲ ਪ੍ਰਭੂ ਦੀ ਹੋਵੇ ਜਾਂ ਪ੍ਰਭੂ ਰੂਪ ਗੁਰੂ ਦੀ, ਸਿੱਖ ਵਿਚਾਰਕ ਨੂੰ ਦੋਹਾਂ ਸਨਮੁੱਖ ਆਪਣੀ ਮੂਰਖਤਾ ਦਾ ਅਹਿਸਾਸ ਹੁੰਦੇ ਰਹਿਣਾ ਚਾਹੀਦਾ ਹੈ। ਜੇ ਕਰ ਅਸੀਂ ਚਤੁਰ, ਚਤੁਰਾਈ ਨਾਲ ਭਰੇ ਹੋਏ ਹਾਂ, ਤਾਂ ਸਮਝ ਲਈਏ ਕਿ ਚਤੁਰਾਈ ਨਾਲ ਵਿਚਾਰ ਖੇਤਰ ਵਿਚ ਕੁੱਝ ਰੋਬ-ਦਬਾਅ ਤਾਂ ਪ੍ਰਾਪਤ ਹੋ ਸਕਦਾ ਹੈ, ਪਰ ਪ੍ਰਭੂ ਨਾਲ ਪਿਆਰ ਦਾ ਅਨੁਭਵ ਨਹੀਂ।

ਚਤੁਰਾਈ ਨਹ ਚੀਨਿਆ ਜਇ॥(੨੨੧)


 
ਹਉਮੈ ਵਿਚ ਆਕੇ ਸਿਆਣਾ ਬੰਦਾ ਮੂਰਖ ਬਣ ਜਾਂਦਾ ਹੈ।ਭਾਵ ਹਉਮੈ ਨਾਲ ਭਰਿਆ ਮੂਰਖ, ਅਤੇ ਹਉਮੈ ਨਾਲ ਭਰਿਆ ਸਿਆਣਾ ਬਰਾਬਰ ਹੁੰਦੇ ਹਨ।ਯਾਨੀ ਕਿ ਦੋਵੇਂ ਮੂਰਖ, ਦੋਵੇਂ ਹਉਮੈ ਦੇ ਰੋਗੀ!

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ (੪੬੬)

ਕਈਂ ਵਾਰ ਹਉਮੈ ਨਾਲ ਭਰੇ ਚਤੁਰ ਸਿਆਣੇ, ਹਉਮੈ ਨਾਲ ਭਰੇ ਮੁਰਖਾਂ ਨੂੰ ਲੈਕਚਰ ਦਿੰਦੇ ਹਨ ਤਾਂ ਵਚਿੱਤਰ ਸਥਿਤੀ ਉੱਤਪੰਨ ਹੁੰਦੀ ਹੈ, ਕਿਉਂਕਿ ਜਿਸ ਨੂੰ ਆਪਣੇ ਰੋਗ ਦਾ ਇਲਮ ਨਹੀਂ ਉਹ ਦੂਜਿਆਂ ਦੇ ਰੋਗ ਪ੍ਰਤੀ ਚਿੰਤਾ ਜਾਹਰ ਕਰਦਾ ਹੈ।ਪੁਰਾਣੇ 'ਭੋਲੇ' ਇਕ ਜੁਮਲਾ ਦੁਹਰਾਉਂਦੇ ਰਹਿੰਦੇ ਸੀ, 'ਗੁਰੂ ਕਿਆਂ ਗੁਰੂ ਜਾਣੈ'! ਇਸਦਾ ਭਾਵਅਰਥ ਬੜਾ ਡੁੰਗਾ ਸੀ। ਇਸ ਤੋਂ ਭਾਵ ਇਹ ਨਹੀਂ ਸੀ ਕਿ ਗੁਰੂ ਦੇ ਕਹੇ ਤੇ ਵਿਚਾਰ ਨਹੀਂ ਸੀ ਕੀਤੀ ਜਾਂਦੀ, ਬਲਕਿ ਇਸ ਦਾ ਭਾਵ ਇਹ ਸੀ ਕਿ ਉਹ 'ਭੋਲੇ ਸਿਆਣੇ' ਗੁਰੂ ਦੀ ਗਹਿਰ ਗੰਭੀਰਤਾ ਸਨਮੁੱਖ ਆਪਣੀ ਸਿਆਣਪ ਦੀ ਹੱਦ ਨੂੰ ਜਾਣਦੇ ਸੀ।ਇੱਥੋਂ ਤਕ ਕਿ ਉਸ ਸਮੇਂ ਦੇ ਕੁੱਝ ਵਾਕਿਆਨਵੀਸ (ਭੱਟ ਵਹਿਆਂ ਲਿਖਣ ਵਾਲੇ) ਗੁਰੂ ਸਾਹਿਬਾਨ ਨਾਲ ਜੁੜੇ ਕਿਸੇ ਵਾਕਿਆ ਨੂੰ ਦਰਜ ਕਰਦੇ  ਅੰਤ ਵਿਚ 'ਗੁਰੂ ਕਿਆਂ ਗੁਰੂ ਜਾਣੇ' ਲਿਖਦੇ ਸੀ।ਇਹ ਭੋਲੇ ਸਿਆਣਿਆਂ ਅਤੇ ਚਤੁਰ ਸਿਆਣਿਆਂ ਵਿਚਲਾ ਫਰਕ ਸੀ।ਅੱਜ ਦੇ ਕਈਂ ਚਤੁਰ ਸਿਆਣੇ ਤਾਂ ਹੁਜਤਿਬਾਜ਼ ਹੋ ਗਏ ਹਨ।ਪਰੰਤੂ ਗੁਰੂ ਸਾਹਿਬ ਫੁਰਮਾਉਂਦੇ ਹਨ:-


ਗੁਰਮਤਿ ਸਾਚੀ ਹੁਜਤਿ ਦੂਰਿ॥ਬਹੁਤੁ ਸਿਆਣਪ ਲਾਗੈ ਧੁਰਿ॥(੩੫੨) 


ਕੋਈ ਮਾੜੀ ਗਲ ਨਹੀਂ ਕਿ ਬੰਦਾ ਵਿਵੇਕਸ਼ੀਲਤਾ ਨਾਲ ਵਿਚਾਰ ਕਰੇ, ਪਰੰਤੂ ਗੁਰੂ ਦੇ ਕਹੇ ਅਤੇ ਕੀਤੇ ਬਾਰੇ ਤਰਕ ਦੀ ਵੀ ਕੋਈ ਹੱਦ ਤਾਂ ਹੈ ਹੀ,' ਨਹੀਂ ਤਾਂ ਗੁਰੂ ਅਤੇ ਚੇਲੇ ਦਾ ਕੀ ਫਰਕ? ਸਿਆਣੇ ਦੀ ਸਿਆਣਪ ਗੁਰੂ ਦੇ ਕਹੇ ਅਤੇ ਕੀਤੇ ਦੀ ਵਿਚਾਰ ਵੇਲੇ 'ਹੁਜਤਿ' ਤੋਂ ਬੱਚਣ ਵਿਚ ਹੈ, ਨਹੀਂ ਤਾਂ ਉਸਦਾ ਮੁੱਖ (ਮਨ) ਧੂੜ (ਮੈਲ) ਨਾਲ ਭਰੀਆ ਰਹੇਗਾ।
ਗੁਰੂ ਸਾਹਿਬ ਜੀ ਨੇ ਐਸੇ ਚਤੁਰ ਸਿਆਣਿਆਂ ਲਈ ਵੀ ਬਹੁਤ ਕੁੱਝ ਉੱਚਾਰਿਆ ਹੈ, ਕਿਉਂਕਿ ਉਹ ਵੀ ਹਉਮੈ ਦੇ ਵੱਡੇ ਰੋਗੀ ਹੁੰਦੇ ਹਨ।ਤ੍ਰਿਸ਼ਣਾ ਨਾਲ ਭਰੇ ਅਤ੍ਰਿਪਤ ਰੋਗੀ! ਗੁਰੂ ਸਾਹਿਬ ਇਕ ਵੱਡਮੁੱਲਾ ਪ੍ਰਸ਼ਨ ਉੱਚਾਰਦੇ ਹਨ:-


ਸੋ ਸੁਖੁ ਮੋ ਕਉ ਸੰਤ ਬਤਾਵਹੁ॥ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ॥(੧੭੯)


ਦੂਜਿਆਂ ਨੂੰ ਸੁੱਖ ਪ੍ਰਾਪਤੀ ਦੇ ਲੈਕਚਰ ਦੇਂਣ ਵਾਲੇ ਚਤੁਰ ਸਿਆਣਿਆਂ ਨੇ ਇਹ ਪ੍ਰਸ਼ਨ ਕਦੇ ਆਪਣੇ ਆਪ ਤੇ ਢੁੱਕਾਇਆ ਹੈ ?


ਬਹੁ ਰੰਗ ਮਾਇਆ ਬਹੁ ਬਿਧਿ ਪੇਖੀ॥ਕਲਮ ਕਾਗਦ ਸਿਆਣਪ ਲੇਖੀ॥ (੧੭੯)


ਰਸਾਲਿਆਂ, ਅਖਬਾਰਾਂ, ਪੁਸਤਕਾਂ, ਨੈਟ ਆਦਿ ਪੁਰ ਚਲਦੀਆਂ ਚਤੁਰ ਸਿਆਣੀਆਂ ਕਲਮਾਂ ਨੇ, ਕਦੇ ਗੁਰੂ ਬਾਰੇ 'ਗੁਰੂ ਕਿਆਂ ਗੁਰੂ ਜਾਣੇ' ਦੇ ਭੋਲੇ ਭਾਵ ਦਾ ਅਹਿਸਾਸ ਕੀਤਾ ਹੈ? ਬਹੁਤ ਘੱਟ! ਸੁਣ ਲਈਏ ਬਹੁਤੇ ਲੈਕਚਰ, ਪੜ ਲਈਏ ਬਹੁਤੇ ਲੇਖ, ਬਸ ਮੂਰਖਾਂ  (ਸੰਗਤ ਵਿਚ ਜੁੜੇ ਲੋਗ) ਨੂੰ ਤਾੜਨਾ ਹੀ ਤਾੜਨਾ! ਕੋਈ ਮਾੜੀ ਗਲ ਨਹੀਂ, ਪਰ ਇਕ ਪਾਸੜ ਹੀ ਕਿਉਂ ? ਕੇਵਲ ਇਕ ਪਾਸੜ ਪਿਆਰ ਰਹਿਤ ਕਠੋਰਤਾ ਹੀ ਕਿਉਂ ? ਪੰਥ ਨਾਲ ਪਿਆਰ ਹੈ ਤਾਂ ਮਨੁੱਖ ਨਾਲ ਪਿਆਰ ਕਿਉਂ ਨਹੀਂ ? ਜੇ ਕਰ ਹੈ ਤਾਂ ਦਿੱਸਦਾ ਕਿਉਂ ਨਹੀਂ ? ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:- 


ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ॥(੪੩੬)


ਭਾਵ; ਬੜੀ ਬੁੱਧੀਮਤਾ ਭਰੇ ਪਾਠ ਜਾਂ ਚਤੁਰਾਈ ਨਾਲ ਪ੍ਰਭੂ ਨਾਲ ਨਿਕਟਤਾ ਅਨੁਭਵ ਨਹੀਂ ਹੁੰਦੀ, ਬਲਕਿ ਪਿਆਰ ਦੇ ਭਾਵ ਨਾਲ ਹੀ ਪ੍ਰਭੂ ਨਾਲ ਪਿਆਰ ਦੇ ਅਨੁਭਵ ਦਾ ਜਤਨ ਹੋ ਸਕਦਾ ਹੈ।
ਹਰਦੇਵ ਸਿੰਘ,ਜੰਮੂ-੦੯.੦੧.੨੦੧੫