Wednesday, 22 January 2014

'ਗੁਰੂ ਸਾਹਿਬਾਨ ਦੀ ਪ੍ਰਚਾਰ ਪੱਧਤੀ ਦੇ ਪੱਖ'
ਹਰਦੇਵ ਸਿੰਘ, ਜੰਮੂ


ਭਲਾ ਇਸ ਵਿਚ ਕਿਸੇ ਨੂੰ ਜ਼ਰਾ ਕੁ ਵੀ ਸ਼ੱਕ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਇਲਾਹੀ ਬਾਣੀ ਦੇ ਪ੍ਰਚਾਰਕ ਵੀ ਸਨ ? ਕਦਾਚਿੱਤ ਨਹੀਂ ! ਤੇ ਸ਼ੱਕ ਇਸ ਵਿਚ ਵੀ ਕੋਈ ਨਹੀਂ ਕਿ ਅੱਜ ਵੀ, ਦੱਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਿੱਖੀ ਦੇ ਸਭ ਤੋਂ ਵੱਡੇ ਪ੍ਰਚਾਰਕ ਵੀ ਹਨ।

ਗੁਰੂ ਸਾਹਿਬਾਨ ਨੇ ਧਰਮਸਾਲਾਂ ਸਥਾਪਤ ਕੀਤੀਆਂ ਅਤੇ ਪ੍ਰਚਾਰਕ ਵੀ ਥਾਪੇ, ਤਾਂ ਕਿ ਲੋਕਾਈ ਨੂੰ ਸੇਧ ਦਿੱਤੀ ਜਾ ਸਕੇ।ਪ੍ਰਚਾਰ ਦਾ ਦਸਤੂਰ ਅੱਜ ਵੀ ਜਾਰੀ ਹੈ, ਜਿਸ ਵਿਚ ਕੁੱਝ ਨਵੇਂ ਅਯਾਮ ਵੀ ਆ ਜੁੜੇ ਹਨ।ਮਸਲਨ ਜਿਸ ਨੂੰ ਐਸ ਐਮ ਐਸ ਟਾਈਪ ਕਰਨਾ ਆ ਗਿਆ,ਉਹ ਲਿਖਾਰੀ ਬਣ ਇੰਟਰਨੇਟ ਪ੍ਰਚਾਰਕ ਹੋ ਗਿਆ।

ਖ਼ੈਰ, ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਵਲੋਂ ਵਰਤੀ ਜਾਂਦੀ ਪ੍ਰਚਾਰ ਪੱਧਤੀ ਦੇ ਇਕ ਵਿਸ਼ੇਸ਼ ਪੱਖ ਤੇ ਗੌਰ ਕਰਨ ਦਾ ਜਤਨ ਕਰਾਂਗੇ। ਇਹ ਉਹੀ ਪੱਧਤੀ ਹੈ, ਜੋ ਗੁਰੂ ਸਾਹਿਬਾਨ ਆਪ ਵੀ ਵਰਤਿਆ ਕਰਦੇ ਸੀ। ਅਸੀਂ ਜਾਣਦੇ ਹਾਂ ਕਿ ਗੁਰਬਾਣੀ ਵਿਚ ਲੋਕ ਮਾਨਤਾਵਾਂ, ਧਾਰਮਕ ਮਾਨਤਾਵਾਂ, ਕਥਾ ਕਹਾਣੀਆਂ ਦਾ ਜ਼ਿਕਰ ਕਈਂ ਥਾਂ ਮਿਲਦਾ ਹੈ, ਜਿਨਾਂ ਬਾਰੇ ਵਿਚਾਰ ਕਰਦੇ ਇਹ ਕਿਹਾ ਜਾਂਦਾ ਹੈ, ਕਿ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਬਾਣੀ ਉਪਦੇਸ਼ ਸਮਝਾਉਂਣ ਲਈ, ਇਨਾਂ ਲੋਕ ਮਾਨਤਾਵਾਂ, ਧਾਰਮਕ ਕਥਾ-ਕਹਾਣੀਆਂ ਆਦਿ ਦਾ ਉਪਯੋਗ ਕੀਤਾ। ਮਸਲਨ ਗੁਰੂ ਨਾਨਕ ਜੀ ਦਾ ਇਹ ਸ਼ਬਦ:-

ਭੂਲੋ ਰਾਵਣੁ ਮੁਗਧ ਅਚੇਤਿ॥ਲੂਟੀ ਲੰਕਾ ਸੀਸ ਸਮੇਤਿ॥ਗਰਬਿ ਗਇਆ ਬਿਨੁ ਸਤਿਗੁਰ ਹੇਤਿ॥੫॥ਸਹਸਬਾਹੁ ਮਧੁ ਕੀਟ ਮਹਿਖਾਸਾ॥ ਹਰਣਾਖਸੁ ਲੇ ਨਖਹੁ ਬਿਧਾਮਾ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥੬॥ ਜਰਾਸੰਧਿ ਕਾਲਜਮੁਨ ਸੰਘਾਰੇ॥ ਰਕਤਬੀਜੁ ਕਾਲੁਨੇਮੁ ਬਿਦਾਰੇ॥ਦੈਤ ਸੰਘਾਰਿ ਸੰਤ ਨਿਸਤਾਰੇ॥੭॥ਆਪੇ ਸਤਿਗੁਰੁ ਸਬਦੁ ਬੀਚਾਰੇ॥ਦੂਜੈ ਭਾਇ ਦੈਤ ਸੰਘਾਰੇ॥ਗੁਰਮੁਖਿ ਸਾਚਿ ਭਗਤਿ ਨਿਸਤਾਰੇ॥੮॥(ਪੰਨਾ,੨੨੪)
 
ਅਰਥ:- ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ । (ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ । ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ।੫।
ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ । ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ।੬।
ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ । ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ । ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭।
(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ, ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥

ਉਪਰੋਕਤ ਪ੍ਰਸੰਗਾਂ ਰਾਹੀ ਗੁਰੂ ਨਾਨਕ ਜੀ, ਦੁਰਗਾ ਦੇ ਹੱਥੋਂ ਦੈਂਤਾਂ ਦੇ ਮਾਰੇ ਜਾਣ ਆਦਿ ਦੇ ਬਿਰਤਾਂਤ ਰਾਹੀਂ ਦਰਸਾਉਂਦੇ ਹਨ, ਕਿ ਪਰਮਾਤਮਾ ਨੇ ਕਿਵੇਂ ਦੈਂਤ ਮਾਰ ਕੇ, ਸੰਤਾਂ ਦੀ ਰੱਖਿਆ ਕੀਤੀ !

ਇੰਝ ਹੀ ਬਾਣੀ ਅੰਦਰ ਦ੍ਰੌਪਦੀ, ਅਜਾਮਲ, ਗਨਿਕਾ ਨਾਮਕ ਵੇਸਵਾ, ਪ੍ਰਹਲਾਦਿ, ਹਰਨਾਕਸ਼ ਆਦਿ ਦੀਆਂ ਕਥਾਵਾਂ ਦਾ ਉਪਯੋਗ ਗੁਰਮਤਿ ਪ੍ਰਚਾਰਨ ਲਈ ਕੀਤਾ ਗਿਆ ਹੈ।

ਅੱਜ ਵੀ ਸੰਸਾਰ (ਵਿਸ਼ੇਸ਼ ਰੂਪ ਵਿਚ ਭਾਰਤ) ਵਿਚ ਵੱਡੀ ਗਿਣਤੀ ਵਿਚ ਲੋਗ ਐਸੀ ਕਥਾਵਾਂ ਤੇ ਧਾਰਮਕ ਵਿਸ਼ਵਾਸ ਰੱਖਦੇ ਹਨ।ਨਹੀਂ ? ਹਾਂ, ਕਰੋੜਾਂ ਦੀ ਤਾਦਾਦ ਵਿਚ !
 
ਜੇ ਕਰ ਗੁਰਬਾਣੀ ਨੂੰ ਲੋਕਾਈ ਤਕ ਪਹੁੰਚਾਣਾ ਹੈ ਤਾਂ ਕੀ ਕਾਰਣ ਹੈ ਕਿ ਪ੍ਰਚਾਰਕ ਉਹ ਪੱਧਤੀ ਨਾ ਵਰਤਣ ਜੋ ਗੁਰੂ ਗ੍ਰੰਥ ਸਾਹਿਬ ਆਪ ਵਰਤਦੇ ਹਨ ? ਕੀ ਕਾਰਣ ਹੈ ਕਿ ਪ੍ਰਚਾਰਕ ਉਹ ਪੱਧਤੀ ਨਾ ਵਰਤਣ ਜੋ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਆਪ ਵਰਤੀ ? ਵਾਸਤਵ ਵਿਚ ਗੁਰਬਾਣੀ ਦੇ ਵੱਖੋ ਵੱਖ ਸ਼ਬਦਾਂ ਸਲੋਕਾਂ ਆਦਿ ਦੇ ਅਰਥ ਇਕ ਦੂਜੇ ਨੂੰ ਕੱਟਣ ਲਈ ਨਹੀਂ, ਬਲਕਿ ਗੁਰੂ ਦੇ ਬਹੁਪੱਖੀ ਉਪਦੇਸ਼ਾਂ ਨੂੰ
ਦਰਸਾਉਂਣ  ਦਾ ਵਸੀਲਾ ਹਨ। 

ਇਹ ਗਲ  ਉਨਾਂ ਕੁੱਝ ਸੰਕੀਰਣ ਸੋਚ ਵਾਲੇ ਸੱਜਣਾਂ ਦੇ ਵਿਚਾਰਨ ਲਈ ਹੈ, ਜੋ ਗੁਰੂਬਾਣੀ ਦੇ ਸ਼ਬਦਾਂ ਦੇ ਅਰਥ ਸਮਝਣ-ਕਰਨ ਵੇਲੇ, ਗੁਰੂ ਦੀ ਕਸਵਟੀ ਵਰਤਨ ਦਾ ਦਮ ਤਾਂ ਭਰਦੇ ਹਨ, ਪਰ ਆਪ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਪੱਖਾਂ ਨੂੰ ਸਮਝਣ ਤੋਂ ਅਸਫ਼ਲ ਹਨ, ਅਤੇ ਜਾਣੇ-ਅਣਜਾਣੇ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨਾਲੋਂ ਵੀ ਵੱਡਾ ਪ੍ਰਚਾਰਕ ਹੋਂਣ ਜਿਹਾ ਵਿਵਹਾਰ ਕਰਦੇ ਪ੍ਰਤੀਤ ਹੁੰਦੇ ਹਨ! ਕੀ ਉਨਾਂ ਨੂੰ ਗੁਰੂ ਸਾਹਿਬਾਨ ਨਾਲੋਂ ਜ਼ਿਆਦਾ ਪ੍ਰਚਾਰ ਕਰਨਾ ਆਉਂਦਾ ਹੈ ?

ਹਰਦੇਵ ਸਿੰਘ,ਜੰਮੂ-੨੨.੦੧.੨੦੧੪

No comments:

Post a Comment