Friday, 20 February 2015



‘ਗੁਰਬਾਣੀ ਹਵਾਲੇ ਵਰਤਣ ਦਾ ਅਦਬ’
ਹਰਦੇਵ ਸਿੰਘ,ਜੰਮੂ

ਜਿਸ ਵੇਲੇ ਕੋਈ ਲੇਖਕ ਕਿਸੇ ਹੋਰ ਦੇ ਲਿਖੇ ਲਿਖਤੀ ਹਵਾਲੇ ਨੂੰ ਆਪਣੇ ਲੇਖ ਵਿਚ ਵਰਤਾਦਾ ਹੈ, ਤਾਂ ਉਹ ਹਵਾਲਾ ਠੀਕ ਉਂਝ ਹੀ ਲਿਖਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਉਹ ਉਸ ਲਿਖਤ ਵਿਚ ਹੈ ਜਿਸ ਨੂੰ ਵਰਤਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਵਿਚ ' ' ਜਾਂ " " (Inverted Commas) ਵਰਗੇ ਉਲਟੇ ਕਾਮਿਆਂ ਅੰਦਰ ਵਰਤੇ ਜਾਣ ਵਾਲਾ ਹਵਾਲਾ।

ਲੇਖਨ ਦੀ ਨੈਤਿਕਤਾ ਦਾ ਤਕਾਜ਼ਾ ਇਥੋਂ ਤਕ ਕਹਿੰਦਾ ਹੈ ਕਿ ਕਿਸੇ ਦੇ ਲਿਖਤੀ ਹਵਾਲੇ ਵਿਚ ਨਜ਼ਰ ਆਉਂਦੀ ਗਲਤੀ ਨੂੰ ਵੀ ਨਹੀਂ ਬਦਲਿਆ ਜਾਣਾ ਚਾਹੀਦਾ ਭਾਵੇਂ ਉਹ ਟਾਈਪਿੰਗ ਗਲਤੀ ਹੀ ਕਿਉਂ ਨਾ ਹੋਵੇ। ਲੇਖਨ ਦੇ ਅਦਬ ਅਨੁਸਾਰ ਹਵਾਲੇ ਵਿਚ ਆਈ ਗਲਤੀ ਨੂੰ ਵੀ ਠੀਕ ਉਂਝ ਹੀ ਲਿਖਿਆ ਜਾਂਦਾ ਹੈ ਜਿਵੇਂ ਉਹ ਕਿਸੇ ਲਿਖਤ ਵਿਚ ਮੌਜੂਦ ਹੈ। ਮਿਸਾਲ ਦੇ ਤੌਰ ਤੇ ਅੰਗ੍ਰੇਜ਼ੀ ਵਿਚ ਹੇਠ ਲਿਖਿਆ ਉਦਾਹਰਣ:-

ਅਮਰ ਸਿੰਘ :-  I did not recieved your letter.

ਉਪਰੋਕਤ ਪੰਗਤੀ ਵਿਚ ਅਮਰ ਸਿੰਘ ਨੇਚੌਥਾ’ ਸ਼ਬਦ ਗਲਤ ਲਿਖਿਆ ਹੈ (ਜੋ ਕਿ receive ਹੋਣਾ ਚਾਹੀਦਾ ਸੀ) ਪਰ ਜੇ ਕਰ ਗਿਆਨ ਸਿੰਘ ਨੇ ਇਸ ਹਵਾਲੇ ਨੂੰ ਆਪਣੀ ਲਿਖਤ ਵਿਚ ਵਰਤਣਾ ਹੈ ਤਾਂ ਅਦਬ ਅਨੁਸਾਰ ਉਹ ਇਸ ਨੂੰ ਇੰਝ ਵਰਤ ਸਕਦਾ ਹੈ:-

ਅਮਰ ਨੇ ਕਿਹਾ “I did not recieved your letter.”
ਤਕਾਜ਼ੇ ਮੁਤਾਬਕ ਗਿਆਨ ਸਿੰਘ ਆਪਣੇ ਵਲੋਂਚੋਥੇ’ ਸ਼ਬਦ ਦੀ ਗਲਤੀ ਨੂੰ ਆਪ ਠੀਕ ਨਹੀਂ ਕਰ ਸਕਦਾ, ਪਰ ਜੇ ਕਰ ਗਿਆਨ ਸਿੰਘ ਇਹ ਦਰਸਾਉਣਾ ਚਾਹੁੰਦਾ ਹੈ ਕਿ ਚੌਥੇ ਸ਼ਬਦ ਦੀ ਗਲਤੀ ਉਸ ਵਲੋਂ ਨਹੀਂ ਬਲਕਿ ਅਮਰ ਸਿੰਘ ਵਲੋਂ ਹੈ ਤਾਂ ਵੀ ਉਸ ਨੂੰ ਪੰਗਤੀ ਬਦਲੇ ਬਿਨ੍ਹਾਂ ਇੰਝ ਲਿਖਣਾ ਪਵੇਗਾ:-

ਅਮਰ ਨੇ ਕਿਹਾ “I did not received[sic] your letter.”

ਇਸ ਤੋਂ ਪਾਠਕ ਨੂੰ ਪਤਾ ਚਲੇਗਾ ਕਿ ਗਿਆਨ ਨੇ, ਬਿਨ੍ਹਾਂ ਮੂਲ ਪੰਗਤੀ ਬਦਲੇ, ਇਹ ਇਸ਼ਾਰਾ ਕੀਤਾ ਹੈ ਕਿ ਪੰਗਤੀ ਵਿਚ ਆਈ ਗਲਤੀ ਉਸ ਵਲੋਂ ਨਹੀਂ ਬਲਕਿ ਮੂਲ ਲੇਖਕ ਵਲੋਂ ਹੈ। [ਸਿੱਕ] ਦੇ ਇਸ ਇਸਤੇਮਾਲ ਤੋਂ ਭਾਵ 'ਇੰਝ ਹੀ' ਲਿਆ ਜਾਂਦਾ ਹੈ।

ਇਹ ਰਹੀ ਗਲ ਕਿਸੇ ਆਮ ਲਿਖਤ ਦੇ ਲੇਖਕ ਦੀ ਪੰਗਤੀ ਨੂੰ ਕੋਟ ਕਰਨ ਦੀ, ਪਰ ਜੇ ਕਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖੀ ਪੰਗਤੀ ਨੂੰ ਕੋਟ ਕਰਨਾ ਹੋਵੇ, ਤਾਂ ਉਹ ਉਸ ਵਿਚ ਆਪਹੁਦਰੇ ਮਿਲਾਵਟੀ ਬਦਲਾਉ ਕਿਵੇਂ ਕਰ ਸਕਦਾ ਹੈ ਜੋ ਕਿ ਗੁਰੂ ਜੀ ਦੀ ਲਿਖਤ ਅੰਦਰ ਮੌਜੂਦ ਹੀ ਨਹੀਂ ?

ਇਸ ਪੁਰ ਵਿਚਾਰ ਦੀ ਲੋੜ ਹੈ ਤਾਂਕਿ ਅੱਗੇ ਇਸ ਭੁੱਲ ਤੋਂ ਫ਼ੌਰਨ ਪਰਹੇਜ਼ ਕਰਦੇ ਹੋਏ ਗੁਰਬਾਣੀ ਹਵਾਲੇ ਵਰਤਣ ਵੇਲੇ ਬਾ-ਅਦਬ ਰਹਿਆ  ਜਾਏ

ਹਰਦੇਵ ਸਿੰਘ, ਜੰਮੂ-੨੦.੦੨.੨੦੧੫