Tuesday, 5 January 2016

    ਝੂਠ ਫ਼ਿਰ ਝੂਠ ਹੈ!

      ਹਰਦੇਵ ਸਿੰਘ, ਜੰਮੂ


ਕਿਸੇ ਬੰਦੇ ਦੀ ਵਿਦਵਤਾ ਕਿਸੇ ਭ੍ਰਾਂਤੀ ਵਿਚ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਬੰਦਿਆਂ ਦੀ ਸੰਵੇਦਨਾ ਉਨ੍ਹਾਂ ਨਾਲ ਝੂਠ ਨਹੀਂ ਬੋਲਦੀ। ਪਰ ਜਿਸ ਵੇਲੇ 'ਮੈਂ' ਭਾਰੂ ਹੋ ਜਾਏ, ਤਾਂ ਝੂਠ ਨਾ ਬੋਲਣ ਵਾਲੀ ਇਹ ਮਨੋਭਾਵਨਾ 'ਹਉਮੇ' ਦਾ ਰੂਪ ਧਾਰਨ ਕਰ ਜਾਂਦੀ ਹੈ। ਜਦ ਐਸਾ ਵਾਪਰਦਾ ਹੈ ਤਾਂ ਮਾਸੂਮ ਸੰਵੇਦਨਾ ਦੀ ਥਾਂ ਚਤੁਰਾਈ ਲੇ ਲੇਂਦੀ ਹੈ। ਮਿਸਾਲ ਦੇ ਤੌਰ ਤੇ ਅਸੀਂ ਵੇਖਿਆ ਹੈ ਕਿ ਅੱਜ ਦਸਤਾਰ ਜਾਂ ਕੇਸਾਂ ਪ੍ਰਤੀ ਸੰਵੇਦਨਾ ਦੀ ਥਾਂ ਚਤੁਰਾਈ ਲੈ ਰਹੀ ਹੈ।

ਚੁਤਰਾਈ ਵਲੋਂ ਤਰਕ ਆਉਂਦਾ ਹੈ; 'ਪਾ ਜੀ! ਵਾਲਾਂ ਨਾਲ ਕਿਹੜੇ ਅੰਬ ਲੱਗਣੇ ਹਨ ?'

ਹੁਣ ਕੋਣ ਸਾਬਤ ਕਰੇ ਕਿ ਕੇਸਾਂ ਨਾਲ ਅੰਬ ਲੱਗਦੇ ਹਨ ?

ਇਸ ਵਿਚ ਸ਼ੱਕ ਨਹੀਂ ਕਿ ਗੁਰੂ ਸਾਹਿਬਾਨ ਨੇ ਚਤੁਰ ਸਿਆਣਿਆਂ ਨਾਲ ਸੰਵਾਦ ਰਚਾਇਆ ਪਰ ਆਪਣੇ ਸਿੱਖਾਂ ਨਾਲ ਉਨ੍ਹਾਂ ਦਾ ਸੰਬੋਧਨ ਅਤੇ ਸੰਬਧ ਮਨੁੱਖੀ ਸੰਵੇਦਨਾਵਾਂ ਰਾਹੀਂ ਹੈ। ਜਿੱਥੇ ਸੰਵੇਦਨਾ ਨਹੀਂ ਉਸ ਥਾਂ ਧੜੇਬਾਜ਼ੀ, ਚੌਧਰਾਹਟ ਜਾਂ ਆਰਥਕ ਹਿਤਾਂ ਦੀ ਭਰਮਾਰ ਹੈ ਜਿਸ ਵਿਚ, ਸੰਵੇਦਨਾਵਾਂ ਦੇ ਬਲਬੂਤੇ, ਸੰਵੇਦਨਾਵਾਂ ਨੂੰ ਤੋੜ, ਤਰਕਾਂ ਰਾਹੀਂ ਪੈਸੇ ਬਟੋਰੇ ਜਾਂਦੇ ਹਨ। ਕੁੱਝ ਪ੍ਰਚਾਰਕ, ਕਾਲੇਜ, ਧਿਰ, ਪਤ੍ਰਕਾਵਾਂ, ਅਖ਼ਬਾਰ ਆਦਿ ਇਸੇ ਧੰਧੇ ਲੱਗੇ ਹਨ। ਕਈਂ ਇਸ ਨੂੰ ਆਪਣੀ ਰਾਜਨੀਤੀ ਲਈ ਵਰਤਦੇ ਹਨ।

ਸਿੱਖ  ਗੁਰੂ ਸਾਹਿਬਾਨ, ਗੁਰੁ ਗ੍ਰੰਥ ਸਾਹਿਬ,ਆਪਣੇ ਪੰਥਕ ਸੰਸਥਾਨ ਅਤੇ ਆਪਣੇ ਸ਼ਹੀਦਾਂ ਪ੍ਰਤੀ ਪ੍ਰਬਲ ਸੰਵੇਦਨਾ ਰੱਖਦੇ ਆਏ ਹਨ। ਇਤਹਾਸ ਵਿਚ ਇਹੀ ਸੰਵੇਦਨਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਨਾ ਸ਼ਕਤੀ ਰਹੀ ਹੈ। ਅੱਜ ਕੁੱਝ ਧੜੇਬਾਜ਼ਾਂ ਵਲੋਂ  ਇਸੇ ਸੰਵੇਦਨਾ ਨੂੰ  ਕਮਜ਼ੋਰੀ ਬਣਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਾਹਰ ਵਾਲੇ ਤਾਂ ਕਦੇ ਇਹ ਕਰ ਨਾ ਪਾਏ, ਇਸ ਲਈ ਅੰਦਰ ਵਾਲੇ ਬਿਨ੍ਹਾਂ ਬੂਝੇ ਡਿਯੂਟੀ ਨਿਭਾ ਰਹੇ ਹਨ। ਟੀਚਾ ਗੁਰੂ ਸਾਹਿਬਾਨ ਦੇ ਹਰ ਨਿਰਣੈ ਅਤੇ ਗੁਰੂ ਘਰ ਨਾਲ ਜੁੜੀ ਹਰ ਗਲ ਨੂੰ ਕਿੰਤੂ ਦੇ ਦਾਈਰੇ ਵਿਚ ਖੜਾ ਕਰਕੇ ਸੰਵੇਦਨਹੀਨਤਾ ਉੱਤਪੰਨ ਕਰਨ ਦਾ ਹੈ।

ਕੁੱਝ ਇਤਹਾਸ ਵਿਗੜਿਆ ਹੀ ਸੀ ਪਰ ਜੋ ਕੁੱਝ ਬੱਚਿਆ, ਉਸ ਨੂੰ ਸ਼ੰਕਾ ਗ੍ਰਸਤ ਕੀਤਾ ਜਾ ਰਿਹਾ ਹੈ ਉਹ ਵੀ ਸਿੱਖਾਂ ਦੀ ਸਿੱਖੀ ਪ੍ਰਤੀ ਸੰਵੇਦਨਾ ਦਾ ਲਾਭ ਉਠਾਉਂਦੇ ਝੂਠ ਬੋਲ-ਬੋਲ ਕੇ ! ਅਖੇ ਸਿੱਖ ਹਿੰਦੂ ਹਨ, ਸਿੱਖ ਦੁਰਗਾ ਦੇ ਪੂਜਾਰੀ ਹਨ, ਸਿੱਖ ਕੇਸ਼ਾਧਾਰੀ ਬ੍ਰਾਹਮਣ ਹਨ, ਉਹ ਕਾਲਕਾ ਪੰਥ ਹਨ, ਪੁਜਾਰੀ ਹਨ, ਗੁਰੂ ਨੂੰ ਬੁਤ ਮੰਨਦੇ ਹਨ ਅਦਿ ਆਦਿ! ਦੂਜਾ ਕੋਈ ਇਨ੍ਹਾਂ ਨੂੰ ਲਵ-ਕੁਸ਼ ਦੀ ਔਲਾਦ ਕਹੇ ਤਾਂ ਇਹ ਗੁੱਸੇ ਨਾਲ ਲਾਲ-ਪੀਲੇ ਹੁੰਦੇ ਹਨ, ਪਰ ਇਹ ਖ਼ੁਦ ਸਿੱਖਾਂ ਨੂੰ ਹਿੰਦੂ ਜਾਂ ਦੁਰਗਾ ਦੇ ਪੁਜਾਰੀ ਐਲਾਨਣ ਤਾਂ ਇਹ ਪੰਥ ਦੀ ਸੇਵਾਦਾਰੀ ਕਿਵੇਂ ਹੋਈ ? ਇਹ ਤਾਂ ਕੁਹਾੜੀਆਂ ਦੀ ਦਸਤੇਦਾਰੀ ਹੈ! ਖ਼ੈਰ ਇਨ੍ਹਾਂ ਦੇ ਅਜਿਹੇ ਬਹੂਰੂਪੀ ਝੂਠ ਬਾਰੇ ਇਹੀ ਕਿਹਾ ਜਾ ਸਕਦਾ ਹੈ:-

ਝੂਠ ਤਾਂ ਝੂਠ ਹੈ ਸੌ ਸ਼ਕਲ ਬਦਲ ਸਕਦੈ
ਕਦੇ ਨਾਰਾ ਬਣ ਕੇ ਕਦੇ ਤੋਹਮਤ ਬਣ ਕੇ!
ਝੂਠ ਦੀ ਬਿਸਾਤ ਹੀ ਕੀ ?
ਝੂਠ ਦੀ ਔਕਾਤ ਹੀ ਕੀ ?
ਝੂਠ ਫਿਰ ਝੂਠ ਹੈ ਆਪਣੇ ਅਗ਼ਾਜ਼ ਤੋ ਅੰਜਾਮ ਤਕ!


ਹਰਦੇਵ ਸਿੰਘ,ਜੰਮੂ-੦੩.੧੨.੨੦੧੫