ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ‘ਗੁਰਮਤਿ ਕਸਵਟੀ` ਲਗਾਉਂਣ ਦਾ ਢੰਗ- ਭਾਗ ੩
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ, ਸਤਿ ਸ਼੍ਰੀ ਅਕਾਲ!
ਚਰਚਾ ਦੇ ਇਸ ਤੀਸਰੇ ਅਤੇ ਆਖਰੀ ਭਾਗ ਵਿੱਚ ਅਸੀਂ ਪਰਿਵਾਰ ਵਲੋਂ ਲਿਖੀ ਨੁਕਤਾਚੀਨ ਸੰਪਾਕਦੀ (ਮਿਤੀ. ੩੧. ੩. ੨੦੧੨, ਸਿੱਖ ਮਾਰਗ ਤੇ ੧. ੪. ੨੦੧੨) ਵਿਚਲੇ ਕੁੱਝ ਹੋਰ ਅੰਸ਼ਾ ਦੀ ਵਿਚਾਰ ਕਰਾਂਗੇ ਤਾਂ ਕਿ ਬੇਲੋੜੇ ਫ਼ੌਬੀਏ ਤੋਂ ਉਪਰ ਉੱਠ ਕੇ ਅਸੀਂ ਗੁਰਮਤਿ, ਇਤਹਾਸ ਅਤੇ ਗੁਰਮਤੀ ਪਰੰਪਰਾਵਾਂ ਨੂੰ ਸਮਝਣ ਦਾ ਜਤਨ ਕਰ ਸਕੀਏ। ਪਰਿਵਾਰ ਨੇ ਲਿਖੀਆ ਹੈ:-
“ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ”…“ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ” (ਤ. ਪਰਿਵਾਰ ਸੰਪਾਦਕੀ)
ਚਰਚਾ ਦੇ ਇਸ ਭਾਗ ਵਿੱਚ ਅਸੀਂ ਪਰਿਵਾਰ ਵਲੋਂ ਵਰਤੇ ‘ਤੀਰਥ` ਅਤੇ ‘ਪਵਿੱਤਰ` ਸ਼ਬਦਾਂ ਦੀ ਪੜਚੋਲ ਕਰਾਂਗੇ।
ਪਹਿਲੀ ਗਲ, ਜਿਵੇਂ ਕਿ ਚਰਚਾ ਦੇ ਪਹਿਲੇ ਭਾਗ ਵਿੱਚ ਵਿਚਾਰ ਆਏ ਹਾਂ ਕਿ ਗੁਰਮਤਿ ਜਪੁ, ਤਪੁ, ਜੋਗ, ਤੀਰਥ, ਪਵਿੱਤਰਤਾ, ਪੁਜਾ ਅਤੇ ਆਰਤੀ ਦਾ ਵਿਰੌਧ ਨਹੀਂ ਕਰਦੀ ਬਲਕਿ ਗੁਰਮਤਿ ਜਪ, ਤਪ, ਜੋਗ ਤੀਰਥ ਪਵਿੱਤਰਤਾ, ਪੁਜਾ ਅਤੇ ਆਰਤੀ ਨੂੰ ਵੱਖਰੇ ਅੰਦਾਜ਼ ਵਿੱਚ ਸਮਝਾਉਂਦੀ ਹੈ।
ਤੀਰਥ ਸ਼ਬਦ ਦੀ ਵਿਆਖਿਆ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਇਵੇਂ ਕੀਤੀ ਹੈ:-
ਸੰ. ਤੀਰਥ. {ਸੰਗਯਾ} ਜਿਸ ਦੁਆਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖਯਾ ਅਤੇ ਇਤਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਕੋਈ ਸਾਕਸ਼ਾਤ ਸੰਬੰਧ ਨਹੀਂ ਹੈ. ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:- “ਤੀਰਥ ਨਾਵਣ ਜਾਉ, ਤੀਰਥ ਨਾਮੁ ਹੈ। ਤੀਰਥ ਸਬਦੁ ਬੀਚਾਰ ਅੰਤਰਿ ਗਿਆਨੁ ਹੈ” (ਧਨਾ ਮ: ੧ ਛੰਤ) ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-” ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ” (ਸ਼੍ਰੀ ਅ: ਮ: ੧) ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ” (ਗੂਜ ਮ: ੩) (੨) ਧਰਮ ਦੱਸਣ ਵਾਲਾ ਸ਼ਾਸਤ੍ਰ (੩) ਉਪਾਯ. ਯਤਨ (੫) ਗੁਰੂ (ਮਹਾਨ ਕੋਸ਼)
ਸੰਗਯਾ ਵਾਲੇ ਭਾਗ ਅਨੁਸਾਰ ਤੀਰਥ ਤੋਂ ਸਾਡਾ ਭਾਵ ਸਪਸ਼ਟ ਹੈ। ਵਧੇਰੇ ਸਪਸ਼ਟਤਾ ਲਈ ਇਸ ਗੁਰੂ ਵਾਕ ਨੂੰ ਵੀ ਵਿਚਾਰ ਲਈਏ:-
“ਤੀਰਥ ਨਾਵਣ ਜਾਉ, ਤੀਰਥ ਨਾਮੁ ਹੈ। ਤੀਰਥ ਸਬਦੁ ਬੀਚਾਰ ਅੰਤਰਿ ਗਿਆਨੁ ਹੈ” (ਧਨਾ ਮ: ੧ ਛੰਤ)
ਭਾਵ ਮਨੁੱਖ ਨੂੰ ਤੀਰਥ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਇਹ ਤੀਰਥ ਨਾਮ ਦਾ ਹੈ। ਇਸ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਸ਼ਬਦ ਦੀ ਵਿਚਾਰ ਅਤੇ ਇਸਦੀ ਸਿੱਖੀਆ ਨੂੰ ਵਿਵਹਾਰ ਵਿੱਚ ਆਤਮਸਾਤ ਕਰਨ ਨਾਲ ਹੁੰਦਾ ਹੈ।
ਤੀਰਥ ਦੀ ਉਪਰੋਕਤ ਮਿਸਾਲ ਤੀਰਥ ਸ਼ਬਦ ਤੋਂ ਗੁਰੂ ਦੀ ਅਸਹਿਮਤੀ ਨਹੀਂ ਜਤਾਉਂਦੀ ਬਲਕਿ ਇਹ ਮਿਸਾਲ ਤੀਰਥ ਦੇ ਭਾਵ ਨੂੰ ਨਾਮ ਬਾਣੀ ਵਿਚਾਰ ਅਤੇ ਵਿਵਹਾਰ ਤਕ ਪਰਿਭਾਸ਼ਤ ਕਰਦੀ ਹੈ। ਆਉ ਵਿਚਾਰ ਕਰੀਏ;
ਨਾਮ ਪਰਮਾਤਮਾ ਦੇ ਗੁਣਾਂ ਦਾ ਪ੍ਰਤੀਕ ਹੈ ਅਤੇ ਇਸ ਨੂੰ ਜਪਣ ਲਈ ਇਸਦਾ ਵਿਵਹਾਰ ਜ਼ਰੂਰੀ ਹੈ। ਬਾਣੀ ਪੜਨਾ ਸਮਝਣਾ ਇੰਝ ਹੈ ਜਿਵੇਂ ਕਿ ਅਸੀਂ ਕਿਸੇ ਤੀਰਥ ਦੇ ਕੰਡੇ ਖੜੇ ਹੋਂਣ ਦੀ ਕ੍ਰਿਆ ਕਰਦੇ ਹਾਂ। ਇਹ ਜ਼ਰੁਰੀ ਹੈ ਕਿਉਂਕਿ ਇਸ਼ਨਾਨ ਲਈ ਪਹਿਲਾਂ ਤੀਰਥ ਤਕ ਪਹੁੰਚਣਾ ਜ਼ਰੂਰੀ ਹੈ। ਵਿਧੀ ਤਾਂ ਸਿੱਖਣੀ ਹੈ ਚੁੱਬੀ ਲਗਾਉਂਦੀ!
ਫ਼ਿਰ ਇਸ਼ਨਾਨ ਦੀ ਅਗਲੀ ਕ੍ਰਿਆ ਹੈ ਪੜੇ ਅਤੇ ਸਮਝੇ ਹੋਏ ਨਾਮ ਤੀਰਥ ਵਿੱਚ ਵਿਵਹਾਰ ਰਾਹੀਂ ਚੁੱਬੀ ਲਗਾਉਂਣਾ। ਜਿਸ ਨੇ ਵਿਵਹਾਰਕ ਤੌਰ ਤੇ ਵਿੱਚ ਚੁੱਬੀ ਨਹੀਂ ਲਗਾਈ ਉਹ ਤੀਰਥ ਦੇ ਕੰਡੇ ਤਕ ਜਾਂਦਾ ਤਾਂ ਹੈ ਪਰ ਬਿਨਾ ਇਸ਼ਨਾਨ ਕੀਤੇ ਪਰਤ ਆਉਂਦਾ ਹੈ। ਬਹੁਤੇ ਗਿਆਨੀ ਵੀ ਨਾਮ ਦੇ ਨਿਰਮਲ ਜਲ ਨੂੰ ਹੱਥ ਲਗਾ ਕੇ ਹੀ ਪਰਤਦੇ ਰਹਿੰਦੇ ਹਨ ਇਸ਼ਨਾਨ ਬੜੀ ਦੂਰ ਦੀ ਗਲ ਬਣੀ ਰਹਿੰਦੀ ਹੈ।
ਖ਼ੈਰ ਇੱਕ ਗਲ ਨਿਸ਼ਚਤ ਹੈ ਕਿ ਦੱਸ ਗੁਰੂ ਸਾਹਿਬਾਨ ਨੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਕੀਤਾ ਹੀ ਸੀ। ਸਿਰਫ਼ ਬੋਲ, ਲਿਖ, ਪੜ ਜਾਂ ਪੜਾ ਕੇ ਨਹੀਂ ਬਲਕਿ ਅਪਣੇ ਸੰਮਪੁਰਨ ਵਿਵਹਾਰ ਰਾਹੀਂ! ਸਿੱਖਿਆ ਦੇ ਖੇਤਰ ਨਾਲ ਜੁੜੇ ਸਾਰੇ ਵਿਦਵਾਨ ਜਾਣਦੇ ਹਨ ਕਿ ਵਿਸ਼ਾ ਪੁਸਤਕਾਂ ਵਿੱਚ ਗਿਆਨ ਨੂੰ ਦ੍ਰਿੜ ਕਰਵਾਉਂਣ ਲਈ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਪ੍ਰੈਕਟੀਕਲ ਤੋਂ ਨੱਸਿਆ ਵਿਧਿਆਰਥੀ ਫ਼ੇਲ ਕੀਤਾ ਜਾਂਦਾ ਹੈ।
ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਵਿਚਲੇ ਗਿਆਨ ਨੂੰ ਦ੍ਰਿੜਤਾ ਨਾਲ ਵਰਤਦੇ ਹੋਏ ਅਤੇ ਮਨੁੱਖਤਾ ਨੂੰ ਵੀ ਦ੍ਰਿੜ ਕਰਵਾਉਂਣ ਲਈ ਬਹੁਤ ਸਾਰੇ ਪ੍ਰੈਕਟੀਕਲ ਵੀ ਕੀਤੇ।
ਪ੍ਰਚਾਰ ਕਿੰਝ ਕੀਤਾ ਜਾਏ ਇਸਦੀ ਸਿੱਖਿਆ ਗੁਰੂ ਨਾਨਕ ਜੀ ਨੇ ਹਜ਼ਾਰਾਂ ਮੀਲ ਦੀ ਯਾਤਰਵਾਂ ਕਰਕੇ ਸਿਖਾਈ। ਸੁਰਮੇ ਕਿੰਝ ਬਣੀਂਦਾ ਹੈ, ਸਿਰ ਕਿਵੇਂ ਤਲੀ ਤੇ ਰੱਖੀ ਦਾ ਹੈ, ਮਨੁੱਖੀ ਏਕਾ ਕਿੰਝ ਹੁੰਦਾ ਹੈ, ਪੰਥਕ ਜੁਗਤ ਕੀ ਹੁੰਦੀ ਹੈ, ਕਮਾਈ ਕਿੰਝ ਹੁੰਦੀ ਹੈ, ਗੁਣ ਕਿਵੇਂ ਪ੍ਰਾਪਤ ਕਰਕੇ ਵੰਡੇ ਜਾਂਦੇ ਹਨ ਅਦਿ ਹਰ ਗਲ ਗੁਰੂਆਂ ਨੇ ਪੈਕਟੀਕਲ ਜੀਵਨ ਰਾਹੀਂ ਗੁਰਸਿੱਖਾਂ ਨੂੰ ਸਿਖਾਈ। ਉਸ ਵੇਲੇ ਤਾਂ ਗੁਰੂਆਂ ਨੂੰ ਸੁਣ ਅਤੇ ਵਰਤਦੇ ਵੇਖ ਕੇ ਮੰਨ ਲੇਂਣ ਵਾਲੇ ਹੀ ਸਨ ਆਪ ਪੜਣ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ ਸੀ। ਹੁਣ ਵੀ ਗੁਰੂਆਂ ਦੇ ਕੀਤੇ ਦਾ ਬਹੁਤ ਵੱਡਾ ਮਹੱਤਵ ਹੈ। ਜਿਸ ਨੂੰ ਗੁਰੂ ਦੇ ਕੀਤੇ ਵਿੱਚ ਅਕੀਦਾ ਨਹੀਂ ਉਸ ਨੂੰ ਗੁਰਮਤਿ ਦੀ ਸਮਝ ਵੀ ਨਹੀਂ। ਗੁਰੂ ਨਿਰਮਲ ਕਰਮ ਕਰਦੇ ਸੀ! ਯਾਨੀ ਕਿ ਪਵਿੱਤਰ ਕੰਮ!
ਅੱਗੇ ਚਲਣ ਤੋਂ ਪਹਿਲਾਂ ਹੁਣ ਜ਼ਰਾ ਪਵਿੱਤਰ ਸ਼ਬਦ ਦੇ ਅਰਥ ਸਮਝ ਲਈਏ ਕਿਉਂਕਿ ਇਹ ਸ਼ਬਦ ਆਉਂਦੇ ਹੀ ਕਈਂ ਵਾਰ ਇੰਝ ਰਿਐਕਸ਼ਨ ਹੁੰਦਾ ਹੈ ਜਿਵੇਂ ਕਿ ਕਿਸੇ ਬੌਤਲ ਵਿਚੋਂ ਕੋਈ ਜਿੰਨ ਪ੍ਰਗਟ ਹੋ ਗਿਆ ਹੋਵੇ!
ਪਵਿਤ੍ਰ:- ਵਿ-ਨਿਰਮਲ, ਸ਼ੁੱਧ
ਵਧੇਰੀ ਸਪਸ਼ਟਤਾ ਲਈ ਨਿਰਮਲ ਸ਼ਬਦ ਦੇ ਅਰਥ ਵੀ ਵਿਚਾਰਨੇ ਪੇਂਣ ਗੇ;
ਨਿਰਮਲ:-ਮੈਲ ਰਹਿਤ “ਨਿਰਮਲ ਉਦਕ ਗੋਬਿੰਦ ਕਾ ਨਾਮ” (ਗਉ ਮ: ੫) “ਨਿਰਮਲ ਤੇ, ਰਾਮਹਿ ਜਾਨ (ਭੈਰ ਕਬੀਰ)। (੨) (੨) {ਸੰਗਯਾ} ਪਾਰਬ੍ਰਹਮ. ਕਰਤਾਰ.”ਜੋ ਨਿਰਮਲ ਸੇਵੇ ਸੁ ਨਿਰਮਲੁ ਹੋਵੈ. (ਮਾਝ ਅ: ਮ: ੩) (੩) ਪ੍ਰਕਾਸ਼. ਉਜਾਲਾ.”ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ” (ਸਿਧਗੋਸਟਿ) (੪) ਵਿ- ਰੋਸ਼ਨ. ਦੇਖੋ, ਚਾਖੈ ੨.
ਉਪਰੋਕਤ ਅਰਥਾਂ ਵਿੱਚ ਦੋ ਪੱਖ ਵਿਚਾਰ ਕਰਨ ਵਾਲੇ ਹਨ:-
(1) ਗੁਰਮਤਿ ਅਨੁਸਾਰ ਨਾਮ ਪਵਿੱਤਰ ਹੈ; “ਨਿਰਮਲ ਉਦਕ ਗੋਬਿੰਦ ਕਾ ਨਾਮ” (ਗਉ ਮ: ੫)
(2) ਗੁਰਮਤਿ ਅਨੁਸਾਰ ਪਵਿਤ੍ਰ ਨਾਮ ਨੂੰ ਸੇਵਣ ਵਾਲੇ ਪਵਿਤ੍ਰ ਹੋ ਜਾਂਦੇ ਹਨ; “ਜੋ ਨਿਰਮਲ ਸੇਵੇ ਸੁ ਨਿਰਮਲੁ ਹੋਵੈ. (ਮਾਝ ਅ: ਮ: ੩)
ਪਵਿਤਰ ਹੋਂਣ ਜਾਂ ਨਿਰਮਲ ਹੋਂਣ ਦਾ ਅਰਥ ਇਹ ਹੈ ਕਿ ਵਿਵਹਾਰਕ ਜੀਵਨ ਵਿੱਚ ਪਵਿੱਤਰ ਅਤੇ ਨਿਰਮਲ ਹੋਂਣਾ, ਖ਼ਾਲਸ ਹੋਂਣਾ। ਸਾਡੇ ਕੰਮ ਨਿਰਮਲ ਹੋਂਣ ਸਾਡੇ ਕੰਮ ਖ਼ਾਲਸ ਹੋਂਣ। ਨਿਰਮਲਤਾ ਅਤੇ ਖ਼ਾਲਸ ਕੰਮ ਪਵਿੱਤਰ ਹੁੰਦੇ ਹਨ। ਫਿਰ ਜੇ ਕਰ ਅਸੀਂ ਸਾਰੇ ਇਸ ਗਲ ਤੇ ਸਹਿਮਤ ਹਾਂ ਕਿ ਗੁਰੂਆਂ ਨੇ ਅਪਣੇ ਜੀਵਨ ਵਿੱਚ ਪਵਿੱਤਰ ਨਾਮ ਵਿੱਚ ਇਸ਼ਨਾਨ ਕੀਤਾ ਸੀ ਤਾਂ ਉਨ੍ਹਾਂ ਦੇ ਕੀਤੇ ਕੰਮ ਕਿਵੇਂ ਪਵਿੱਤਰ ਨਾ ਹੋਏ? ਨਾਮ ਦ੍ਰਿੜ ਕਰਵਾਉਂਣ ਲਈ ਗੁਰੂਆਂ ਵਲੋਂ ਸਥਾਪਤ ਪੈਕਟੀਕਲ ਪ੍ਰਤੀਕ ਕਿਵੇਂ ਨਿਰਮਲ ਨਾ ਹੋਏ? ਦਰਬਾਰ ਸਾਹਿਬ, ਸਰੋਵਰ ਅਤੇ ਅਕਾਲ ਤਖ਼ਤ ਦੀ ਸਥਾਪਨਾ ਜੇ ਕਰ ਗੁਰਮਤਿ ਅਨੁਸਾਰ ਸੀ ਤਾਂ ਉਸਦੀ ਉਸਾਰੀ ਨਿਰਮਲ ਕਿਵੇਂ ਨਾ ਹੋਈ? ਕੀ ਉਸਦੀ ਉਸਾਰੀ ਦੇ ਪਿੱਛੇ ਕੋਈ ਛੱਲ, ਫ਼ਰੈਬ ਜਾਂ ਲੁੱਟ-ਖਸੁੱਟ ਦੀ ਭਾਵਨਾ ਸੀ? ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਗੁਰੂਆਂ ਦੀ ਨਿਰਮਲ (ਪਵਿੱਤਰ) ਕਰਨੀ ਸੀ। ਇਸ ਨੂੰ ਸਮਝਣ ਲਈ ਪਰਿਵਾਰ ਨੂੰ ਗੁਰਬਾਣੀ ਵਿਚਲੇ ‘ਨਿਰਮਲ ਕਰਨੀ` ਦੇ ਸਿਧਾਂਤ ਨੂਮ ਸਮਝਣਾ ਪਵੇਗਾ।
ਦਰਬਾਰ ਸਾਹਿਬ ਅਤੇ ਸਰੋਵਰ ਨੂੰ ਅਸੀਂ ਗੁਰੂ ਦੀ ਨਿਗਾਹ ਨਾਲ ਵੇਖੀਏ ਕਿ ਤ. ਪਰਿਵਾਰ ਦੀ ਨਿਗਾਹ ਨਾਲ? ਦਰਬਾਰ ਸਾਹਿਬ ਨੂੰ ਅਸੀਂ ਗੁਰੂ ਦੀ ਨਿਗਾਹ ਨਾਲ ਵੇਖੀਏ ਜਾਂ ਉੱਥੇ ਨਹਾਉਂਣ ਵਾਲੇ ਕਿਸੇ ਵਹਮੀ ਦੀ ਨਿਗਾਹ ਨਾਲ? ਸੱਚਾਈ ਇਹ ਹੈ ਕਿ ਦਰਬਾਰ ਸਾਹਿਬ ਦੀ ਨਿਰਮਲਤਾ ਨੂੰ ਨੱਕਾਰਨ ਵਾਲੇ ਵਿਦਵਾਨ ਅਤੇ ਉਸ ਵਿੱਚ ਨਹਾਉਂਣ ਵਾਲਾ ਕੋਈ ਵਹਮੀ, ਇਸ ਨੁਕਤੇ ਤੇ, ਇੱਕ ਬਰਾਬਰ ਹਨ। ਦੋਵੇਂ ਇਸ ਵਿਸ਼ੇ ਤੇ ਗੁਰਮਤਿ ਤੋਂ ਅਣਜਾਣ ਹਨ। ਦੋਵੇਂ ਬ੍ਰਾਹਮਣਵਾਦ ਦੇ ਸ਼ਿਕਾਰ ਹਨ। ਦੋਹਾਂ ਦੇ ਸਿਰ ਬ੍ਰਾਹਮਣਵਾਦ ਸਵਾਰ ਹੈ। ਦੋਵੇ ਮਨਮੁਖ ਹਨ। ਐਸੀ ਵਿਦਵਤਾ ਤਾਂ ਜ਼ਿਆਦਾ ਨੁਕਸਾਨ ਦੇਹ ਹੈ ਕਿਉਂਕਿ ਉਹ ਬ੍ਰਾਹਮਣਵਾਦ ਦੇ ਚੱਕਰ ਵਿੱਚ ਗੁਰੂ ਦੇ ਕੀਤੇ ਨੂੰ ਹੀ ਬਦਨਾਮ ਕਰਦੇ ਉਸ ਨੂੰ ਖਤਮ ਕਰਨ ਦੀ ਨਾਸਮਝੀ ਪਾਲੀ ਬੈਠੀ ਹੈ।
ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਅਤੇ ਸ਼੍ਰੀ ਅਕਾਲ ਤਖ਼ਤ ਦਾ ਨਿਰਮਾਨ ਕਰਕੇ ਵੀ ਗੁਰੂਆਂ ਨੇ ਮਨੁੱਖਤਾ ਨੂੰ ਨਾਮ ਦ੍ਰਿੜ ਕਰਵਾਉਂਣ ਦੇ ਵਿਵਹਾਰਕ ਪ੍ਰਤੀਕ ਉਸਾਰੇ। ਗੁਰੂ ਦੇ ਉਸਾਰੇ ਇਨ੍ਹਾਂ ਤੀਰਥਾਂ ਵਿੱਚ ਜਾਂਣ ਮਾਤਰ ਨਾਲ ਮੁਕਤਿ ਨਹੀਂ ਸੀ ਹੁੰਦੀ ਬਲਕਿ ਇਸ ਤੋਂ ਸਿੱਖਣ ਨਾਲ ਜੀਵਨ ਮੁਕਤਿ ਦੀ ਸਮਝ ਆਉਂਣੀ ਸੀ। ਗੰਗਾ ਪਵਿੱਤਰ ਨਦੀ ਕਹੀ ਜਾਂਦੀ ਸੀ ਪਰ ਪਾਣੀ ਪਵਿੱਤਰ ਨਹੀਂ ਸੀ ਮੰਨਿਆਂ ਜਾਂਦਾ। ਇਸੇ ਲਈ ਤਾਂ ਵੱਖ ਵੱਖ ਜਾਤਿਗਤ ਘਾਟ ਸਨ। ਕਿਉਂਕਿ ਨੀਵੀਂ ਜਾਤ ਮਨੁੱਖ ਦੇ ਸਰੀਰ ਦੀ ਛੋਹ ਨਾਲ ਪਾਣੀ ਮੈਲਾ ਹੁੰਦਾ ਸਮਝਿਆ ਜਾਂਦਾ ਸੀ। ਮਨ ਦੀ ਇਹ ਮੈਲ ਪਾਣੀ ਨੂੰ ਅਪਵਿੱਤਰ ਸਮਝਦੀ ਸੀ। ਪਰ ਦਰਬਾਰ ਸਾਹਿਬ ਸਰੋਵਰ ਦਾ ਪਾਣੀ ਮਿੱਟੀ-ਘੱਟਾ-ਜਾਲਾ ਅਦਿ ਪੇਂਣ ਦੇ ਬਾਵਜੂਦ ਇਸ ਪੱਖੋ ਨਿਰਮਲ (ਪਵਿਤਰ) ਹੈ।
ਗੁਰੂ ਨੇ ਸਰੋਵਰ ਯੁਕਤ ਦਰਬਾਰ ਸਾਹਿਬ ਉਸਾਰ ਕੇ ਸੰਸਾਰਕ ਤੀਰਥਾਂ ਨਾਲ ਤੀਰਥਾਂ ਦੀ ਜੁਬਾਨ ਰਾਹੀਂ ਵੀ ਸੰਵਾਦ ਕੀਤਾ। ਪਰ ਸਾਡੇ ਕੁੱਝ ਵਿਦਵਾਨ ਇਸ ਪਵਿੱਤਰ ਕੰਮ ਨੂੰ ਕੇਵਲ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਦੇ ਪੈਮਾਨੇ ਤੇ ਪਰਖਦੇ ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਦਾ ਉਪਦੇਸ਼ ਝਾੜਦੇ, ਅਧਿਆਤਮਕ ਫ਼ਲਸਫ਼ੇ ਦੇ ਵਿਦਵਾਨ ਅਖਾਉਂਦੇ ਹਨ।
ਬੜੇ-ਬੜੇ ਵਿਦਵਾਨ ਜੋ ਕਿ ਮਨੁੱਖੀ ਏਕੇ ਦਿਆਂ ਗਲਾਂ ਕਰਨ ਪਰ ਗੰਗਾ ਦੇ ਕੰਡੇ ਅਪਣੀ ਜਾਤ ਲਈ ਨਿਸ਼ਚਤ ਘਾਟ ਵਿੱਚ ਹੀ ਇਸ਼ਨਾਨ ਕਰਨ ਤਾਂ ਉਹ ਵਿਵਹਾਰ ਤੋਂ ਪਰੇ ਹੋਂਣ ਕਰਕੇ ਕੇਵਲ ਗਿਆਨੀ ਰਹਿਣ ਗੇ ਵਿਵਹਾਰੀ ਨਹੀਂ। ਗੁਰਮਤਿ ਦੀ ਗਲ ਕਰਨ ਵਾਲੇ ਵਿਦਵਾਨ ਗੱਲਾਂ ਵਿੱਚ ਜਿਤਨੀ ਵੀ ਮਨੁੱਖੀ ਏਕੇ ਦਿਆਂ ਗੱਲਾਂ ਕਰਨ ਪਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਤੋਂ ਗੁਰੇਜ਼ ਕਰਨ ਕਾਰਨ ਉਹ ਗੁਰੂ ਦੇ ਅਸਲ ਭਾਵ ਤੋਂ ਮੁਨਕਰ ਮਨਮੁਖ ਹੀ ਕਹੇ ਜਾਣ ਗੇ।
ਕੋਈ ਵੈਸੇ ਹੀ ਇਸ਼ਨਾਨ ਨਾ ਕਰੇ ਤਾਂ ਕੋਈ ਗਲ ਨਹੀਂ। ਕੋਈ ਹਰਜ ਨਹੀਂ। ਪਰ ਕੋਈ ਇਹ ਸੋਚ ਕੇ ਇਸ਼ਨਾਨ ਨਾ ਕਰੇ ਕਿ ਇਹ ਇੱਕ ਫ਼ਿਜ਼ੁਲ ਗਲ ਹੈ ਤਾਂ ਉਹ ਗਲਤੀ ਤੇ ਹੈ। ਗੁਰਮਤਿ ਤੋਂ ਦੂਰ ਹੈ। ਉਹ ਵਿਵਹਾਰ ਦੀ ਅਹਿਮੀਅਤ ਨਹੀਂ ਸਮਝਦਾ। ਉਹ ਇਹ ਵੀ ਨਹੀਂ ਸਮਝਦਾ ਕਿ ਗੁਰਮਤਿ ਕੇਵਲ ਉਸਦੇ ਜੀਵਨ ਦਾ ਵਿਸ਼ਾ ਨਹੀਂ ਬਲਕਿ ਆਉਂਣ ਵਾਲੀਆਂ ਪੀੜੀਆਂ ਦਾ ਵਿਸ਼ਾ ਵੀ ਹੈ। ਉਹ ਇਤਨਾ ਵੀ ਨਹੀਂ ਸਮਝਦਾ ਕਿ ਅਨਪੜ ਲੋਕਾਈ ਨੇ ਪੀੜੀ ਦਰ ਪੀੜੀ ਗੁਰੂਆਂ ਵਲੋਂ ਕੀਤੇ ਇਨ੍ਹਾਂ ਕੰਮਾਂ ਰਾਹੀਂ ਹੀ ਗੁਰਮਤਿ ਦੇ ਕਈਂ ਪੱਖ ਸਮਝੇ ਸੀ। ਪੜਾਈ ਲਿਖਾਈ ਤਾਂ ਬਹੁਤ ਬਾਦ ਵਿੱਚ ਆਈ। ਉਹ ਇਤਨਾ ਵੀ ਨਹੀਂ ਜਾਣਦਾ ਕਿ ਗੁਰਮਤਿ ਕੇਵਲ ਸਿਆਣੇ ਲਈ ਨਹੀਂ ਮੁਰਖ ਲਈ ਵੀ ਹੈ।
ਐਸਾ ਵੀ ਨਹੀਂ ਕਿ ਇਸ਼ਨਾਨ ਕਰਨ ਵਾਲੇ ਹੀ ਗੁਰਮਤਿ ਦੇ ਜ਼ਿਆਦਾ ਗਿਆਤਾ ਹਨ। ਬਹੁਤੇ ਵਹਮੀ ਵੀ ਹੋਂਣ ਗੇ। ਦਰਬਾਰ ਸਾਹਿਬ ਅਤੇ ਸਰੋਵਰ ਗੁਰਮਤਿ ਦਾ ਸੰਪੁਰਨ ਪੱਖ ਨਹੀਂ ਇੱਕ ਪੱਖ ਤਾਂ ਹੈ ਹੀ ਜਿਸਦੀ ਸਮਝ ਨਾ ਵਹਮੀ ਨੂੰ ਹੈ ਨਾ ਬ੍ਰਾਹਮਣਵਾਦ ਦੇ ਫ਼ੌਬੀਏ ਤੋਂ ਗ੍ਰਸਤ ਵਿਦਵਾਨਾਂ ਨੂੰ। ਦਰਬਾਰ ਸਾਹਿਬ ਦੇ ਸਤਿਕਾਰ ਕਰਨ ਅਤੇ ਉਸ ਨੂੰ ਪਵਿੱਤਰ ਸਮਝਣ ਦੇ ਪਿੱਛੇ ਬ੍ਰਾਹਮਣਵਾਦ ਹੈ ਤਾਂ ਕੀ ਇਹ ਮੁਮਕਿਨ ਨਹੀਂ ਕਿ ਪਹਿਲਾਂ ਪਹਿਲ ਦਰਬਾਰ ਸਾਹਿਬ, ਅਕਾਲ ਤਖ਼ਤ ਅਤੇ ਸਰੋਵਰ ਦੇ ਮਹੱਤਵ ਨੂੰ ਖ਼ਤਮ ਕਰਨ ਦੇ ਪਿੱਛੇ ਵੀ ਬ੍ਰਾਹਮਣਵਾਦ ਹੋਵੇ? ਇਹ ਵਾਯਰਸ ਸਾਡੇ ਵਿੱਚ ਆਇਆ ਕਿੱਥੋਂ? ਇਹ ਕਿਸ ਦੀ ਖੇਡ ਸੀ ਜਿਸ ਨੂੰ ਅਸੀਂ ਖੇਡ ਰਹੇ ਹਾਂ?
ਇਸ ਫ਼ੌਬੀਏ ਦੇ ਰੰਗ ਨੂੰ ਇੱਕ ਰੰਗ ਵਿੱਚ ਵੀ ਬ੍ਰਾਹਮਣਵਾਦ ਨਜ਼ਰ ਆਉਂਦਾ ਹੈ। ਸੰਪਾਦਕੀ ਵਿੱਚ ਲਿਖਿਆ ਹੈ:-
2. ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:
ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਣਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’(ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ”(Tat Parivar)
ਇਸ ਬਾਰੇ ਸੰਖੇਪ ਹੀ ਵਿਚਾਰ ਲਈਏ। ਪਹਿਲੀ ਗਲ ਤਾਂ ਇਹ ਕਿ ਤ. ਪਰਿਵਾਰ ਗੁਰਮਤਿ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਾ ਕਰਨ ਦੀ ਗਲ ਕਰਦਾ ਹੈ। ਫਿਰ ਅਗਰ ਦਸਵੇਂ ਗੁਰੂ ਜੀ ਵੇਲੇ ਨੀਲਾ ਰੰਗ ਸੀ ਤਾਂ ਪਵਿਵਾਰ ਨੇ ਅਪਣੇ ਨਿਜੀ ਖਰੜੇ ਵਿਚ; “3. ਗੁਰਦੁਆਰੇ ਦੀ ਹਦੂਦ ਵਿੱਚ ਖੰਡੇ ਸਮੇਤ ਨਿਸ਼ਾਨ ਹੋਣਾ ਲਾਜ਼ਮੀ ਹੈ। ਨਿਸ਼ਾਨ ਦੇ ਕਪੜੇ ਦਾ ਰੰਗ ਬਸੰਤੀ ਹੋਵੇ” ਕਿਵੇਂ ਲਿਖਿਆ ਹੈ? ਕੀ ਪਰਿਵਾਰ ਦੀ ਅਪਣੀ ਥਯੂਰੀ ਅਨੁਸਾਰ ਇਹ ਸਮਝੋਤਾਵਾਦੀ ਪਹੁੰਚ ਨਹੀਂ ਹੈ? ਜੇ ਕਰ ਇਸ ਵਿੱਚ ਕੋਈ ਗਲ ਨਹੀਂ ਤਾਂ ਕੇਸਰੀ ਪੁਕਾਰ ਲੇਂਣ ਵਿੱਚ ਕੀ ਗਲ ਹੋ ਗਈ? ਮਨੁੱਖਤਾ ਖਤਰੇ ਵਿੱਚ ਪੈ ਗਈ?
ਅਪਣੇ ਫ਼ੌਬੀਏ ਵਿੱਚ ਨਿਸ਼ਾਨ ਤਕ ਨੂੰ ਵੀ ਗ਼ੈਰਵਾਜ਼ਬ ਢੰਗ ਨਾਲ ਬ੍ਰਾਹਮਣਵਾਦ ਨਾਲ ਜੋੜਨਾ ਠੀਕ ਨਹੀਂ। ਵੈਸੈ ਮਹਾਨ ਕੋਸ਼ ਵਿੱਚ ‘ਕੇਸਰੀ` ਦਾ ਅਰਥ ਨਾ ‘ਭਗਵਾ` ਹੈ ਅਤੇ ਨਾ ਹੀ ‘ਭਗਵੇ` ਦਾ ਅਰਥ ‘ਕੇਸਰੀ` ਹੈ।
ਬਸੰਤੀ:- ਪੀਲਾ. ਜ਼ਰਦ (ਮਹਾਨ ਕੋਸ਼) ਪੀਲਾ:- ਪੀਤ. ਜ਼ਰਦ
ਕੇਸਰੀ ਰੰਗ ਨੂੰ ਖਿਆਲੀ ਦੋਂੜਾ ਲਾ ਕੇ ਭਾਗਵਾਕਰਨ ਨਾਲ ਜੋੜਨਾ ਵਹਿਮ ਕਰਨ ਦੇ ਬਰਾਬਰ ਹੀ ਕਿਹਾ ਜਾ ਸਕਦਾ ਹੈ ਜੋ ਕਿ ਗੁਰਮਤਿ ਨਹੀਂ। ਸਮਝ ਨਹੀਂ ਆਉਂਦੀ ਕਿ ਐਸੀਂਆਂ ਗਲਾਂ ਕਰਨ ਵਾਲੇ ਸੱਜਣ ਬ੍ਰਾਹਮਣਵਾਦ ਤੋਂ ਦੂਰ ਜਾ ਰਹੇ ਹਨ ਜਾਂ ਉਸ ਨੂੰ ਖਿੱਚ ਕੇ ਵੱਧੋ-ਵੱਧੀ ਅੰਦਰ ਵਾੜ ਰਹੇ ਹਨ? ਭਾਈ ਕਾਨ ਸਿੰਘ ਨਾਭਾ ਜੀ ਨੇ ਲੇਖ ਲਿਖਿਆ “ਹਮ ਹਿੰਦੂ ਨਹੀਂ” ਪਰ ਅਜ ਦੇ ਕੁੱਝ ਸਿੱਖ ਵਿਦਵਾਨ ਕਹਿ ਰਹੇ ਹਨ “ਹਮ ਹਿੰਦੂ ਹੈ? ਖੈਰ!
ਬਸੰਤੀ ਰੰਗ ਦਾ ਅਰਥ ‘ਪੀਲਾ` ਹੈ ਅਤੇ ਜ਼ਰਦ ਵੀ। ਸੁਰਮਈ ਦਾ ਅਰਥ ਸੁਰਮੇ ਵਾਲੇ ਹਲਕੇ ਕਾਲੇ ਰੰਗ ਨਾਲ ਵੀ ਜੁੜਦਾ ਹੈ।
ਕੇਸਰੀ ਸ਼ਬਦ ਦੀ ਵਰਤੋਂ ਦਾ ਅਰਥ ਭਗਵਾ ਰੰਗ ਕੱਡ ਲੇਂਣਾ ਆ ਬੈਲ ਮੁਝੇ ਮਾਰ ਵਾਲੀ ਮਾਨਸਿਕਤਾ ਹੈ। ਅਪਣੇ ਮੁੰਹ ਤੇ ਆਪ ਚਪੇੜਾਂ ਮਾਰਨ ਵਾਲੀ ਗਲ।
ਵੈਸੇ ਬਸੰਤੀ, ਪੀਲਾ, ਕੇਸਰੀ ਭਗਵਾ ਅਦਿ ਕਈ ਸ਼ੇਡ ਮਿਲਦੇ-ਝੁਲਦੇ ਹਨ। ਭਗਵੇ ਦੇ ਵੀ ਕਈ ਸ਼ੇਡ ਹੁੰਦੇ ਹਨ ਅਤੇ ਕੇਸਰੀ ਦੇ ਵੀ। ਕੇਸਰੀ ਨਾ ਕਹਿਣ ਨਾਲ ਪਤਾ ਨਹੀਂ ਕਹਿੜੀ ਮਨੁੱਖਤਾ ਦਾ ਭਲਾ ਹੋ ਜਾਣਾ ਹੈ ਅਤੇ ਕੇਸਰੀ ਕਹਿਣ ਨਾਲ ਪਤਾ ਨਹੀਂ ਕਿੰਝ ਮਨੁੱਖਤਾ ਦੀ ਬਰਬਾਦੀ ਹੋ ਜਾਂਣੀ ਹੈ। ਗੁਰੂ ਨਾਨਕ ਨੇ ਪੌਰਾਣਿਕ ਕਥਾਵਾਂ ਵਿਚਲੇ ਨਾਮਾਂ ਨੂੰ ਅਕਾਲ ਪੁਰਖ ਲਈ ਵਰਤ ਲਿਆ ਤੇ ਪਰਿਵਾਰ ਰੰਗ ਨੂੰ ਲੇ ਕੇ ਭਟਕ ਰਿਹਾ ਹੈ।
ਇਸ ਕਿਸਮ ਦੇ ਫ਼ੋਬੀਏ ਤੋਂ ਗ੍ਰਸਤ ਸਾਰੇ ਸੱਜਣਾ ਨੂੰ ਬੇਨਤੀ ਹੈ ਕਿ ਉਹ ਵਹਮੀ ਨਾ ਬਣਨ। ਮਨਮੁਖ ਅਪਣਾ ਵਹਿਮ ਕਰ ਰਿਹਾ ਹੈ ਤੂਸੀ ਆਪਣਾ ਵਹਿਮ ਫ਼ੈਲਾਈ ਜਾ ਰਹੇ ਹੋ। ਮਨਮੁਖਤਾ ਛੱਡੇ ਗੁਰੂਆਂ ਦੇ ਕਿਤੇ ਨਿਰਮਲ/ਖ਼ਾਲਸ/ਬੇਦਾਗ/ਸ਼ੁਧ ਕੰਮਾ ਨੂੰ ਪਵਿਤ੍ਰ ਕਹਿਣਾ ਬ੍ਰਾਹਮਣਵਾਦ ਨਾ ਸਮਝੋ! ਪਹਿਲਾ ਪਵਿੱਤਰ ਦੇ ਅਰਥ ਤਾਂ ਵੇਖ ਲੋ!
ਗੁਰੂ ਨਾਨਕ ਦੀ ਰੀਸ ਚੰਗੀ ਗਲ ਹੈ। ਕਿੱਧਰੇ ਤੂਸੀ ਗੁਰੂ ਨਾਨਕ ਦੀ ਹੀ ਰੀਸ ਕਰਦੇ ਸਿੱਖੀ ਅਤੇ ਬ੍ਰਾਹਮਣਵਾਦ ਤੋਂ ਪਰੇ ਹੱਟ ਅਪਣਾ ਇੱਕ ਵੱਖਰਾ ਪੰਥ/ਧਰਮ ਤਾਂ ਨਹੀਂ ਖੜਾ ਕਰਨਾ ਚਾਹੁੰਦੇ? ਕੋਈ ਹਰਜ਼ ਨਹੀਂ। ਪਰ ਕਿਰਪਾ ਕਰਕੇ ਇਸ ਵਿੱਚ ‘ਗੁਰਮਤਿ` ਦੇ ‘ਨਾਮ` ਨੂੰ ਗਲਤ ਢੰਗ ਨਾਲ ਨਾ ਵਰਤੋ।
ਪਰਿਵਾਰ ਦਿਆਂ ਲਿਖਤਾਂ ਨਿਰੋਲ (ਪਵਿੱਤਰ) ਹਨ ਤਾਂ ਗੁਰੂ ਦੇ ਕੀਤੇ ਕੰਮ ‘ਪਵਿੱਤਰ` ਨਹੀਂ? ਪਰਿਵਾਰ ਜੇ ਕਰ ਨਿਰੋਲ ਨਾਨਕ ਦੇ ਫ਼ਲਸਫ਼ੇ ਦੀ ਰਾਹ ਤੇ ਹੈ ਤਾਂ ਗੁਰੂ ਕਿਹੜੀ ਰਾਹ ਤੇ ਤੁਰਦੇ ਸੀ? ਗੁਰਮਤਿ ਜੇ ਕਰ ਪਵਿੱਤਰ ਹੈ ਤਾਂ ਦਰਬਾਰ ਸਾਹਿਬ ਕੰਮਲੈਕਸ ਕਿਸ ਮਤ ਦੀ ਤਰਜਮਾਨੀ ਕਰਨ ਲਈ ਬਣਿਆ ਹੈ? ਪਵਿੱਤਰ ਮਤ ਦੀ ਜਾਂ ਰੱਲੇ ਵਾਲੇ ਮਤ ਦੀ?
ਇਸ ਸਾਰੀ ਵਿਚਾਰ ਦਾ ਭਾਵ ਇਹ ਹੈ ਕਿ ਦਰਬਾਰ ਸਾਹਿਬ ਪ੍ਰਤੀ ਸਿੱਖਾਂ ਦਾ ਸਤਿਕਾਰ ਖ਼ਤਮ ਨਹੀਂ ਹੋ ਸਕਦਾ ਅਤੇ ਨਾ ਹੀ ਦਰਬਾਰ ਸਾਹਿਬ ਦੇ ਮੱਹਤਵ ਨੂੰ ਘਟਾਇਆ ਜਾ ਸਕਦਾ ਹੈ। ਨਿਸ਼ਾਨ ਵੀ ਨਹੀਂ ਬਦਲਣੇ। ਇਸ ਲਈ ਦਰਬਾਰ ਸਾਹਿਬ ਪ੍ਰਤੀ ਸਿੱਖੀ ਦੇ ਨਜ਼ਰੀਏ ਨੂੰ ਅਤੇ ਨਿਸ਼ਾਨ ਨੂੰ ਬ੍ਰਾਹਮਣਵਾਦ ਪ੍ਰਚਾਰ ਕੇ, ਗੁਰਮਤੀ ਭਾਵਨਾਵਾਂ ਦੇ ਸਿੱਖਿਆਤਮਕ/ਪੈਰਕਟੀਕਲ ਪ੍ਰਗਟਾਵੇਆਂ ਨੂੰ ਆਪ ਤਾਂ ਸੱਟ ਨਾ ਮਾਰੀਏ। ਐਸਾ ਕਰਨਾ ਆਪਣੇ ਆਪ ਨਾਲ ਧੌਖਾ ਕਰਨਾ ਹੈ। ਪਰਿਵਾਰ ਦੇ ਲਿਖਾਰੀਆਂ ਨੂੰ ਚਾਹੀਦਾ ਹੈ ਕਿ ਗੁਰਮਤਿ ਫ਼ਲਸਫ਼ੇ ਬਾਰੇ ਉਹ ਅਪਣੇ ਗਿਆਨ ਅਤੇ ਵਿਚਾਰ ਦੇ ਢੰਗ ਤੇ ਪੁਨਰਵਿਚਾਰ ਕਰਨ ਤਾਂ ਕਿ ਉਹ ਪੰਥਕ ਖੇਤਰ ਵਿੱਚ ਗੁਰਮਤਿ ਅਨੁਸਾਰ ਉਸਾਰੂ ਭੁਮਿਕਾ ਨਿਭਾ ਸਕਣ। (ਸਮਾਪਤ)
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
੦੬. ੦੪. ੨੦੧੨
No comments:
Post a Comment