ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨਾਂ ਦੀ ਪਦਵੀ ਬਾਰੇ
ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ
- ਹਰਦੇਵ ਸਿੰਘ, ਜੰਮੂ
With Thanks From Khalsanews.org
- ਹਰਦੇਵ ਸਿੰਘ, ਜੰਮੂ
ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਕੁੱਝ ਸਮਾਂ ਪਹਿਲਾਂ ਹੋਈ ਵਿਚਾਰ ਚਰਚਾ ਦੌਰਾਨ, ਮੈਂ ਵਿਸ਼ੇਸ਼ ਨੁੱਕਤਿਆਂ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ‘ਦੋ’ ਉਚੇਚੇ ਸਵਾਲ ਪੁੱਛੇ ਸਨ, ਜਿਨ੍ਹਾਂ ਦੇ ਉਨ੍ਹਾਂ ਬੇਬਾਕੀ ਨਾਲ ਜਵਾਬ ਦਿੱਤੇ। ਇਹ ਸਵਾਲ ਮੈਂ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਧਿਰ ਜਾ ਸੱਜਣ ਦਾ ਨਾਮ ਲਏ ਪੁੱਛੇ ਸਨ, ਇਸ ਲਈ ਉਨ੍ਹਾਂ ਦੇ ਜਵਾਬ ਕਿਸੇ ਵਿਯੱਕਤੀ/ਵਿਯੱਕਤੀਆਂ ਵਿਸ਼ੇਸ਼ ਨੂੰ ਮੁਖਾਤਬ ਨਹੀਂ ਸਨ।
ਇਨ੍ਹਾਂ ਦੋ ਸਵਾਲਾਂ ਵਿਚੋਂ ਪਹਿਲਾ ਸਵਾਲ "ਅੱਜਕਲ ਕੁੱਝ ਸੱਜਣਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗਲਤਿਆਂ ਹੋਂਣ ਦੀ ਗਲ ਜਨਤਕ ਕਰਨ ਬਾਰੇ " ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਕਾਲਾ ਅਫ਼ਗ਼ਾਨਾ ਜੀ ਨੇ ਤਿੱਖੀ ਪ੍ਰਤਿਕ੍ਰਿਆ ਕਰਦੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਐਸਾ ਕਰਨ ਵਾਲੇ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜਾਂ ਫ਼ਿਰ ਉਹ ਸਿੱਖੀ ਦੇ ‘ਦੁਸ਼ਮਣ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਪੁਸਤਕ ਨਹੀਂ ਬਲਕਿ ‘ਲੀਵਿੰਗ ਗੁਰੂ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣਾ ਅਤੇ ਨਾਲ ਹੀ ਗੁਰੂ ਵਿਚ ਗਲਤਿਆਂ ਦੀ ਗਲ ਪ੍ਰਚਾਰਨਾ ਬਹੁਤ ਗਲਤ ਹੈ।
ਮੇਰਾ ਦੂਜਾ ਸਵਾਲ "ਗੁਰੂ ਸਾਹਿਬਾਨਾਂ ਦੀ ਗੁਰਤਾ ਤੇ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਅਤੇ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਪ੍ਰਚਾਰ " ਨੂੰ ਲੇ ਕੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਉਨ੍ਹਾਂ ਇਸ ਪ੍ਰਵ੍ਰਿਤੀ ਦੀ ਵੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਵਿਚਾਰ ਪ੍ਰਗਟ ਕੀਤਾ ਕਿ ਐਸਾ ਕਰਨ ਵਾਲੇ ਮਾਨੋ ‘ਬਦਬੂ’ ਭਰੀਆਂ ‘ਉਲਟਿਆਂ’ ਕਰਨ ਵਾਲਿਆਂ ਵਾਂਗ ਹਨ ਜਿਨ੍ਹਾਂ ਦੀ ਅਣਦੇਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹ ਜਾਂਦੇ ਜੇ ਕਰ ਕੋਈ ਉਲਟੀ ਮਾਰਦਾ ਹੋਵੇ ਤਾਂ ਸਾਫ਼ ਨਹੀਂ ਕਰੀਦਾ ਬਲਕਿ ਇਕ ਪਾਸਿਯੋਂ ਨਿਕਲ ਜਾਈਦਾ ਹੈ।
ਉਨ੍ਹਾਂ ਕਿਹਾ ਕਿ ਐਸੇ ਵਿਦਵਾਨ ਬਣੇ ਲਿਖਾਰੀਆਂ ਨੂੰ ਪੜਨਾ ਹੀ ਨਹੀਂ ਚਾਹੀਦਾ ਬਲਕਿ ਜਾਣਕਾਰ ਵਿਦਵਾਨ ਹੋਏ ਲੋਕਾਂ ਨੂੰ ਪੜਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਉਚੇਚੇ ਤੌਰ ਤੇ ਭਾਈ ਵੀਰ ਸਿੰਘ ਜੀ ਦੀ ਲਿਖੀ ਪੁਸਤਕ ‘ਕਲਗੀਧਰ ਚਮਤਕਾਰ’ ਦਾ ਜ਼ਿਕਰ ਕੀਤਾ।
ਇਨ੍ਹਾਂ ਸਵਾਲਾਂ ਬਾਰੇ ਕਾਲਾ ਅਫ਼ਗ਼ਾਨਾ ਜੀ ਨੇ ਜੋ ਵਿਚਾਰ ਪ੍ਰਗਟ ਕੀਤੇ ਉਸ ਤੋਂ ਸਪਸ਼ਟ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਤੇ ਗੁਰੂ ਸਾਹਿਬਾਨ ਜੀ ਦੀ ਸਥਿਤੀ ਬਾਰੇ ਕਿੰਤੂ ਦਾ ਪ੍ਰਭਾਵ ਉੱਤਪੰਨ ਕਰਦੇ ਵਿਚਾਰਾਂ ਤੋਂ ਬਿਲਕੁਲ ਅਸਹਿਮਤ ਹਨ ਅਤੇ ਉਨ੍ਹਾਂ ਕਰੜੇ ਸ਼ਬਦਾਂ ਵਿਚ ਆਪਣੀ ਇਸ ਅਸਹਿਮਤੀ ਦਾ ਪ੍ਰਗਟਾਵਾ ਕੀਤਾ।
ਮੈਂ ਪਾਠਕਾਂ ਦੇ ਧਿਆਨ ਲਈ ਇਹ ਸਪਸ਼ਟ ਕਰ ਦੇਵਾਂ ਕਿ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਹੋਈ ਗਲਬਾਤ ਮੇਰੇ ਪਾਸ ਸੁਰਖਿਅਤ ਹੈ ਜਿਸ ਨੂੰ ਮੈਂ ਉਨ੍ਹਾਂ ਦੇ ਕਹਿਣ ਤੇ ਸੁਰਖਿਅਤ ਕਰ ਲਿਆ ਸੀ।24.10.12
With Thanks From Khalsanews.org