'ਜਾਚਕ, ਜੀਉਣਵਾਲਾ ਅਤੇ ਰੱਬ'
ਹਰਦੇਵ ਸਿੰਘ,ਜੰਮੂ
ਜਗਤਾਰ ਸਿੰਘ ਜਾਚਕ ਜੀ ਕਹਿੰਦੇ ਹਨ ਕਿ ਗੁਰਚਰਨ ਸਿੰਘ ਜੀਉਣਵਾਲਾ ਜੀ ਰੱਬ ਤੋਂ ਮੁਨਕਰ ਹਨ ! ਪਰ ਲੱਗਦਾ ਨਹੀਂ ਕਿ ਜੀਉਣਵਾਲਾ ਜੀ ਆਪਣੇ ਜਵਾਬ ਵਿਚ ਰੱਬ ਤੋਂ ਮੁਨਕਰ ਹੋਂਣਗੇ। ਹਾਂ ਉਹ ਗੁਰਬਾਣੀ ਦੇ ਰੱਬ ਨੂੰ ਸਵੀਕਾਰ ਕਰਨ ਦੀ ਥਾਂ ਰੱਬ ਬਾਰੇ, ਆਪਣੇ ਵਿਚਾਰ ਦੇ ਸਕਦੇ ਹਨ। ਕਹਿ ਸਕਦੇ ਹਨ ਗੁਰਬਾਣੀ ਦਾ ਰੱਬ 'ਇੰਝ' ਨਹੀਂ, 'ਉਂਝ' ਹੈ। ਯਾਨੀ:-
" ਗੁਰਬਾਣੀ ਦੇ ਰੱਬ ਜੀ ਤਾਂ ਕੁਦਰਤੀ ਨਿਯਮਾਂ ਵਿੱਚ ਸਮਾਏ ਹੋਏ ਹਨ ਤੇ ਇਹ ਨਿਯਮ ਕਿਸੇ ਨਾਲ ਵੈਰ ਨਹੀ ਕਰਦੇ, ਪਾਠ ਤੇ ਅਰਦਾਸ ਕਰਨ ਨਾਲ ਵੀ ਵਸ ਵਿੱਚ ਨਹੀਂ ਆਉਂਦੇ।ਸਾਰੇ ਖੰਡ ਬ੍ਰਹਮੰਡ ਤੇ ਸਾਰੀ ਕਾਇਨਾਤ ਖੁਦ ਕਿਸੇ ਨਿਯਮ ਵਿੱਚ ਚੱਲ ਰਹੀ ਹੈ " (ਜੀਉਣਵਾਲਾ ਜੀ ਕੁੱਝ ਵਰੇ ਪਹਿਲਾਂ)
ਕੇਵਲ ਕੁਦਰਤ ਦੇ ਨਿਯਮਾਂ ਨੂੰ ਰੱਬ ਸਮਝਣ ਵਾਲਾ ਕੋਈ ਸੱਜਣ, ਗੁਰਬਾਣੀ ਵਿਚਲੇ ਰੱਬ ਦੀ ਗਲ ਨਹੀਂ ਕਰਦਾ। ਉਹ ਆਪਣੀ ਸੋਚਣੀ ਵਿਚਲੇ ਰੱਬ ਨੂੰ, ਕੇਵਲ ਕੁਦਰਤ (ਕਾਲ) ਵਿਚ ਤਾਂ ਘੜਦਾ ਹੈ, ਪਰ ਉਸ ਨੂੰ ਕੁਦਰਤ ਤੋਂ ਪਹਿਲਾਂ ਅਤੇ ਬਾਦ (ਅਕਾਲ) ਨਹੀਂ ਵੇਖਦਾ। ਗੁਰੂ ਨਾਨਕ ਦਾ ਰੱਬ ਤਾਂ 'ਅਕਾਲ' ਹੈ ਜਦ ਕਿ ਕੁਦਰਤ 'ਕਾਲਮਯੀ'! ਗੁਰੂ ਨਾਨਕ ਦਾ ਰੱਬ 'ਅਜੂਨੀ' ਹੈ ਜਦ ਕਿ ਕੁਦਰਤ 'ਜੂਨੀ' ਹੈ।
ਵਿਗਿਆਨਿਆਂ ਨੇ ਤਾਂ ਬ੍ਰਹਮਾਂਡ ਦੀ ਉਮਰ ਵੀ ਦੱਸ ਛੱਡੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਤਾਂ ਕੁਦਰਤ ਤੇ ਆਰ, ਵਿਚਕਾਰ ਅਤੇ ਪਾਰ ਅਨੰਤ ਹੈ!ਜਦ ਕਿ ਕੇਵਲ ਕੁਦਰਤੀ ਨਿਯਮਾਂ ਨੂੰ ਰੱਬ ਕਹਿਣ ਵਾਲੇ ਦਾ ਰੱਬ ਕੇਵਲ ਵਿਚਕਾਰ ਹੈ।ਇਹ ਇਕ ਅਧੂਰਾ ਰੱਬੀ ਪੱਖ ਹੈ !
ਇਸ ਪੱਖੋਂ ਉਹ ਸੁਆਮੀ ਦਯਾਨੰਦ ਨਾਲ ਖੜਾ ਪ੍ਰਤੀਤ ਹੁੰਦਾ ਹੈ ਜੋ ਕਿ ਕੁਦਰਤ ਨੂੰ ਉਸਦੇ 'ਕਾਰਣ ਸਵਰੂਪ ਵਿਚ ਅਕਾਲ' ਮੰਨ ਕੇ ਰੱਬ ਬਾਰੇ ਗੁਰੂ ਨਾਨਕ ਜੀ ਦੇ ਗਿਆਨ ਤੇ ਕਟਾਕਸ਼ ਕਰਦੇ ਸਨ! ਖ਼ੈਰ !
ਜੇ ਕਰ ਰੱਬ ਦੀ ਨਜ਼ਰੇ ਅਸੀਂ ਸਾਰੇ ਬਰਾਬਰ ਹਾਂ, ਤਾਂ ਵੇਖਣ ਵਾਲੀ ਗਲ ਹੈ ਕਿ ਜਾਚਕ ਜੀ ਅਤੇ ਜੀਉਨਵਾਲਾ ਜੀ ਦੀ ਨਜ਼ਰੇ ਰੱਬ, ਬਰਾਬਰ (ਇਕੋ ਜਿਹਾ) ਖੜਾ ਹੁੰਦਾ ਹੈ ਜਾਂ ਨਹੀਂ ?
ਹਰਦੇਵ ਸਿੰਘ,ਜੰਮੂ-੧੧.੦੪.੨੦੧੪