'ਦਰਬਾਰ ਸਾਹਿਬ ਦੇ ਸਤਿਕਾਰ ਬਾਰੇ ਜਾਗਰੂਕਤਾ'
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਸਰਬਜੀਤ ਸਿੰਘ ਧੁੰਦਾ ਜੀ ਆਖ਼ਰਕਾਰ ਅਕਾਲ ਤਖ਼ਤ ਸਾਹਿਬ ਪੇਸ਼ ਹੋ ਗਏ!ਇਹ ਪ੍ਰਕਰਣ ਕੁੱਝ ਸਬਕ ਅਤੇ ਕੁੱਝ ਸਵਾਲ ਛੱਡ ਗਿਆ।ਇਸ ਵਿਚ ਮੁੱਖ ਰੂਪ ਤਿੰਨ ਪ੍ਰਕਾਰ ਦੇ ਵਿਚਾਰ ਸਾ੍ਹਮਣੇ ਆਏ।
(੧) ਇਕ ਵਿਚਾਰ ਇਹ ਕਿ ਧੁੰਦਾ ਜੀ ਦੇ ਅਕਾਲ ਤਖ਼ਤ ਤੇ ਬਿਲਕੁਲ ਨਾ ਪੇਸ਼ ਹੋਂਣ!
(੨) ਉਹ ਅਕਾਲ ਤਖ਼ਤ ਤਾਂ ਜਾਣ ਪਰ ਸਕਤਰੇਤ ਤਕ ਨਾ ਜਾਣ!
(੩) ਉਹ ਅਕਾਲ ਤਖ਼ਤ ਜਾਣ ਅਤੇ ਜੱਥੇਦਾਰਾਂ ਨਾਲ ਮੁਲਾਕਾਤ ਕਰਕੇ ਸਪਸ਼ਟੀਕਰਨ ਦੇਂਣ ਕਿ ਉਨਾਂ੍ਹ ਜੋ ਕਿਹਾ ਠੀਕ ਕਿਹਾ!
ਅਤਿ ਦੇ ਅਚਰਜ ਦੀ ਗਲ ਹੈ ਕਿ ਕੁੱਝ ਸੱਜਣਾ ਨੇ ਧੁੰਦਾ ਜੀ ਦੇ ਪ੍ਰਕਰਨ ਨੂੰ ਕੇਵਲ ਅਕਾਲ ਤਖ਼ਤ ਜਾਣ ਨਾ ਜਾਣ ਦੀ ਬਹਿਸ ਵਿਚ ਉਲਝਾ ਦਿੱਤਾ ਗਿਆ ਅਤੇ ਕਿਸੇ ਨੇ ਨਿਰਪੱਖਤਾ ਨਾਲ ਇਹ ਵੀ ਕਹਿਣਾ ਅਪਣਾ ਫ਼ਰਜ਼ ਨਹੀਂ ਸਮਝਿਆ ਕਿ ਧੁੰਦਾ ਜੀ ਵਲੋਂ ਹੋਈ ਗਲ ਗਲਤ ਸੀ!ਕੁੱਝ ਭਾਵਕ ਵੀਰਾਂ ਵਲੋਂ ਜੱਥੇਦਾਰਾਂ ਦਾ ਵਿਰੌਧ ਇਤਨਾ ਤੀਬਰ ਅਤੇ ਉਤਾਵਲਾ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਸਤਿਕਾਰ ਵਿਚ ਹੋਈ ਭਾਰੀ ਕੋਤਾਹੀ ਨੂੰ ਬਿਲਕੁਲ ਦਰਕਿਨਾਰ ਕਰਕੇ ਰੱਖ ਦਿੱਤਾ।ਜੱਥੇਦਾਰਾਂ ਦਾ ਵਿਰੌਧ ਜੇਕਰ ਕੁੱਝ ਸੱਜਣਾ ਲਈ ਫ਼ਰਜ਼ ਸੀ ਤਾਂ ਦਰਬਾਰ ਸਾਹਿਬ ਦਾ ਸਤਿਕਾਰ ਕਰਨਾ ਕਿਸ ਦੀ ਜਿੰਮੇਵਾਰੀ ਸੀ?ਦਾਸ ਨੇ ਅਪਣੇ ਇਕ ਪੱਤਰ ਰਾਹੀਂ ਧੁੰਦਾ ਜੀ ਵਲੋਂ ਅਣਜਾਣੇ ਹੋ ਗਈ ਬਜਰ ਗਲਤੀ ਵੱਲ ਇਸ਼ਾਰਾ ਕੀਤਾ ਸੀ।ਖ਼ੈਰ!
ਇਨਾਂ੍ਹ ਤਿੰਨਾਂ੍ਹ ਵਿਚਾਰਾਂ ਦੇ ਪਿੱਛੇ ਅਪਣੇ-ਅਪਣੇ ਤਰਕ ਸਨ।ਜਿਨਾਂ੍ਹ ਤੇ ਹੁਣ ਟਿੱਪਣੀ ਕਰਨਾ ਲਕੀਰ ਪਿੱਟਣ ਵਰਗੀ ਗਲ ਹੋਵੇਗੀ।ਪਰ ਇਸ ਸਾਰੇ ਪ੍ਰਕਰਣ ਵਿਚ ਇਕ ਸਬਕ ਵੀ ਹੈ ਜਿਸ ਨੂੰ ਵਿਚਾਰਨ ਦੀ ਲੋੜ ਹੈ।ਚੁੰਕਿ ਇਹ ਮਾਮਲਾ ਸਾਡੇ ਜੀਵਨ ਕਾਲ ਵਿਚ ਹੀ ਹੋਇਆ ਹੈ ਇਸ ਲਈ ਇਕ ਢੰਗ ਨਾਲ ਅਸੀਂ ਇਸ ਪ੍ਰਕਰਣ ਦੇ ਚਸ਼ਮਦੀਦ ਵੀ ਹਾਂ। ਹਰ ਬੰਦੇ ਦਾ ਵਾਕਿਯਾਤ ਨੂੰ ਵੇਖਣ ਦਾ ਅਪਣਾ-ਅਪਣਾ ਨਜ਼ਰੀਆ ਹੁੰਦਾ ਹੈ ਪਰ ਇਕ ਚਸ਼ਮਦੀਦ ਹੋਂਣ ਦੇ ਨਾਤੇ ਮੈਨੂੰ ਜੋ ਗਲ ਵੇਖਣ ਨੂੰ ਮਿਲੀ, ਉਸ ਨੇ ਮੈਂਨੂੰ ਅਚਰਜ ਨਾਲ ਵੀ ਭਰ ਦਿੱਤਾ ਹੈ।ਇਸ ਪ੍ਰਕਰਣ ਦੇ ਦੋ ਹਿੱਸੇ ਸਨ।
(੧) ਧੁੰਦਾ ਸਾਹਿਬ ਜੀ ਦੀ ਕਥਾ ਵਿਚ ਦਰਬਾਰ ਸਾਹਿਬ ਪ੍ਰਤੀ ਵਿਵਾਦਾਸਪਦ ਅੰਸ਼!
(੨) ਅਕਾਲ ਤਖ਼ਤ ਵਲੋਂ ਆਇਆ ਆਦੇਸ਼ ਅਤੇ ਉਸ ਨੂੰ ਮੰਨਣ ਨਾ ਮੰਨਣ ਬਾਰੇ ਚਰਚਾ!
ਮੈਂ ਧੁੰਦਾ ਸਾਹਿਬ ਦੇ ਪੇਸ਼ ਹੋ ਜਾਣ ਕਾਰਨ ਕੇਵਲ ਪਹਿਲੇ ਹਿੱਸੇ ਬਾਰੇ ਹੀ ਟਿੱਪਣੀ ਕਰਨ ਦਾ ਜਤਨ ਕਰਾਂਗਾ।
ਗੁਰਮਤਿ ਵਿਚ ਕਿਸੇ ਗਲਤੀ ਨੂੰ ਇਸ ਅਧਾਰ ਤੇ ਸਹੀ ਨਹੀਂ ਕਿਹਾ ਜਾ ਸਕਦਾ ਕਿ ਉਸ ਗਲਤੀ ਦਾ ਨੋਟਿਸ ਗਲਤ ਕਹੇ ਜਾਂਦੇ ਬੰਦਿਆਂ ਨੇ ਲਿਆ ਹੈ।ਇਹ ਗਲ ਦਿਨ ਦੇ ਚਾਨਣ ਵਾਂਗ ਸਾਫ਼ ਹੋਂਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਪ੍ਰਤੀ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਗਲਤ ਸੀ, ਜਾਗਰੂਕ ਧਿਰ ਦੇ ਕਿਸੇ ਵੱਡੇ ਵਿਦਵਾਨ ਨੇ ਇਹ ਕਹਿਣਾ ਵੀ ਅਪਣਾ ਫ਼ਰਜ਼ ਕਿਉਂ ਨਹੀਂ ਸਮਝਿਆ ਕਿ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਦਰਬਾਰ ਸਾਹਿਬ ਪ੍ਰਤੀ ਚੰਗੀ ਨਹੀ ਸੀ ? ਗੁਰਮਤਿ ਨੂੰ ਜੱਥੇਦਾਰਾਂ ਦੇ ਵਿਰੌਧ ਦਾ ਕਾਰਨ ਦੱਸਣ ਵਾਲੇ ਸੱਜਣ, ਦਰਬਾਰ ਸਾਹਿਬ ਪ੍ਰਤੀ ਗੁਰਮਤਿ ਦੇ ਪੱਖ ਨੂੰ ਆਪ ਕਿਵੇਂ ਭੁੱਲ ਗਏ ? ਕੀ ਦਰਬਾਰ ਸਾਹਿਬ ਦਾ ਸਤਿਕਾਰ ਜੱਥੇਦਾਰਾਂ ਦੇ ਵਿਰੌਧ ਅੱਗੇ ਹਲਕਾ ਹੋ ਗਿਆ ? ਕੀ ਇੰਝ ਦੀ ਚੁੱਪੀ ਕਾਰਨ ਅਕਾਲ ਤਖ਼ਤ ਜਾਣ ਦੇ ਵਿਰੌਧੀ ਪੱਖ ਨੇ ਅਪਣੀ ਸਾਖ ਨੂੰ ਹਲਕਾ ਨਹੀਂ ਕੀਤਾ ? ਜ਼ਾਹਰ ਜਿਹੀ ਗਲ ਹੈ ਕਿ ਮਨਮਤਿ ਦੇ ਦਾਵਾ ਰੂਪ ਵਿਰੌਧ ਕਰਨ ਵਾਲੇ ਧਿਰਾਂ ਤੇ ਗੁਰਮਤਿ ਪਾਲਨ ਕਰਨ ਦੀ ਜ਼ਿੰਮੇਵਾਰੀ ਜ਼ਿਆਦਾ ਆਯਦ ਹੁੰਦੀ ਹੈ।ਇਹ ਜ਼ਿੰਮੇਵਾਰੀ ਦਾ ਭਾਵ ਕਿੱਥੇ ਗੁਆਚ ਗਿਆ ? ਆਸ ਹੈ ਕਿ ਸਾਰੇ ਧਿਰ ਇਸ ਬਾਰੇ ਆਤਮ ਚਿੰਤਨ ਕਰਨ ਗੇ!
ਕੇਵਲ ਤ.ਗੁ. ਪਰਿਵਾਰ ਨੇ ਜ਼ਰੂਰ ਧੁੰਦਾ ਜੀ ਨੂੰ ਅਕਾਲ ਤਖ਼ਤ ਤੇ ਪੇਸ਼ ਨਾ ਹੋਂਣ ਦਾ ਸੁਜਾਅ ਦੇਂਣ ਦੇ ਨਾਲ, ਇਸ ਵਿਸ਼ੇ ਤੇ ਟਿੱਪਣੀ ਕਰਦਿਆ, ਦਰਬਾਰ ਸਾਹਿਬ ਲਈ ਵਰਤੀ ਗਈ ਸ਼ਬਦਾਵਲੀ ਨੂੰ ਸਹੀ ਨਾ ਮੰਨਦੇ ਹੋਏ, ਧੁੰਦਾ ਸਾਹਿਬ ਜੀ ਨੂੰ ਇਸ ਲਈ ਸੰਗਤ ਕਲੋਂ ਛਿਮਾ ਜਾਚਨਾ ਕਰਨ ਦਾ ਸੁਜਾਅ ਦਿੱਤਾ। ਉਨਾਂ੍ਹ ਅਕਾਲ ਤਖ਼ਤ ਨਾ ਜਾਣ ਦੇ ਅਪਣੇ ਤਰਕ ਅਤੇ ਦਰਬਾਰ ਸਾਹਿਬ ਦੇ ਸਤਿਕਾਰ ਨੂੰ ਅਲਗ-ਅਲਗ ਕਰਕੇ ਵੇਖਣ ਦਾ ਜਤਨ ਕੀਤਾ।ਬਾਕੀ ਧਿਰ ਇਹ ਵੀ ਨਹੀਂ ਕਰ ਸਕੇ।ਕਿਉਂ?
ਜੇਕਰ ਅਸੀਂ ਫ਼ੈਸਲੇ ਸੰਗਤੀ ਤੋਰ ਤੇ ਕਰਨ ਦੇ ਹੱਕ ਵਿਚ ਹਾਂ ਤਾਂ ਜਾਗਰੂਕ ਕਹਾਉਂਦੇ ਵਰਗ ਨੂੰ ਆਪ ਤਾਂ ਧੁੰਦਾ ਜੀ ਦੀ ਗਲਤ ਸ਼ਬਦਾਵਲੀ ਤੇ ਖ਼ੇਦ ਜਤਾਉਂਣਾ ਚਾਹੀਦਾ ਸੀ।ਤਰਕ ਸੀ ਕਿ ਕਿਸੇ ਨੂੰ ਅਕਾਲ ਤਖ਼ਤ ਬੁਲਾਉਂਣ ਦਾ ਅਧਿਕਾਰ ਕਿਸੇ ਨੂੰ ਨਹੀਂ ਅਤੇ ਕਿਸੇ ਨੂੰ ਅਕਾਲ ਤਖ਼ਤ ਗਲਤੀ ਸਵੀਕਾਰ ਕਰਨ ਲਈ ਨਹੀਂ ਜਾਣਾ ਚਾਹੀਦਾ! ਪਰ ਜੇ ਕਰ ਸਪਸ਼ਟ ਰੂਪ ਵਿਚ ਗਲਤੀ ਹੋ ਗਈ ਸੀ ਤਾਂ ਧੁੰਦਾ ਜੀ ਨੂੰ ਕਿਸ ਕਲੋਂ ਅਤੇ ਕਿੰਝ ਛਿਮਾ ਦੀ ਜਾਚਨਾ ਕਰਨੀ ਚਾਹੀਦੀ ਸੀ ? ਨਾ ਜੱਥੇਦਾਰਾਂ ਪਾਸ ਨਾ ਪੰਥ ਪਾਸ??? ਇਸ ਸਵਾਲ ਦੇ ਜਵਾਬ ਨੂੰ ਨਹੀਂ ਵਿਚਾਰਿਆ ਗਿਆ।
ਜਾਗਰੂਕ ਧਿਰਾਂ ਨੇ ਧੁੰਦਾ ਜੀ ਵਲੋਂ ਹੋਈ ਗਲਤੀ ਦਾ ਨੋਟਿਸ ਨਾ ਲੇ ਕੇ ਅਪਣੇ ਲਈ ਇਕ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਉਹ ਕੇਵਲ ਵਿਰੌਧ ਕਰਨਾ ਹੀ ਜਾਣਦੇ ਹਨ ? ਆਸ ਹੈ ਕਿ ਸਾਰੇ ਧਿਰ ਇਨਾਂ੍ਹ ਸਵਾਲਾਂ ਬਾਰੇ ਆਤਮ ਚਿੰਤਨ ਕਰਨ ਗੇ!
ਹੁਣ ਕੁੱਝ ਵੀਰਾਂ ਵਲੋਂ ਧੁੰਦਾ ਜੀ ਦੇ ਪਸ਼ਚਾਤਾਪ/ਸਪਸ਼ਟੀਕਰਨ ਦਾ ਵਿਰੌਧ ਹੋਵੇਗਾ, ਸੁਰਖਿਆਂ ਘੜੀਆਂ ਜਾਣਗੀਆਂ,ਇਲਜ਼ਾਮ ਤਰਾਸ਼ੀ ਹੋਵੇਗੀ ਤਨਜ਼ ਕੱਸੇ ਜਾਣਗੇ , ਖ਼ਬਰਾਂ ਉੱਛਲਣਗੀਆਂ ਪਰ ਉਹ ਸੱਜਣ ਇਹ ਨਹੀਂ ਕਹਿਣ ਦਾ ਹੋਂਸਲਾ ਨਹੀਂ ਕਰਨ ਗੇ ਕਿ ਧੁੰਦਾ ਜੀ ਦੇ ਸ਼ਬਦ ਸਚਮੁਚ ਦਰਬਾਰ ਸਾਹਿਬ ਪ੍ਰਤੀ ਚੰਗੇ ਨਹੀਂ ਸਨ! ਜਾਗਰੂਕ ਧਿਰਾਂ ਵਿਚੋਂ ਇਹ ਫ਼ਰਜ਼ ਹੋਰ ਕੋਂਣ ਨਿਭਾਵੇਗਾ? ਕੋਈ ਨਹੀਂ? ਜੇਕਰ ਨਹੀਂ ਤਾਂ ਭਵਿੱਖ਼ ਹੋਰ ਮਾੜੇ ਸਬਕ ਲੇ ਕੇ ਆਏਗਾ ਜਿਸ ਨਾਲ ਨਿਰਸ਼ਾ ਹੋਰ ਵੱਧੇਗੀ।ਜਾਗਰੂਕ ਵੀਰਾਂ ਨੂੰ ਅਪਣੇ ਸੀਨੇ ਤੇ 'ਕੇਵਲ ਵਿਰੌਧੀ' ਦਾ ਤਮਗਾ ਨਹੀਂ ਲਗਵਾਉਂਣਾ ਚਾਹੀਦਾ।ਇਸ ਪ੍ਰਕਰਣ ਵਿਚ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਅਦਬ ਬਾਰੇ ਕੁੱਝ ਜਾਗਰੂਕ ਧਿਰਾਂ ਨੇ ਲੋੜਿੰਦੀ ਜਾਗਰੂਕਤਾ ਨਹੀਂ ਵਖਾਈ।ਉਨਾਂ੍ਹ ਨੂੰ ਇਸਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ!
ਹਰਦੇਵ ਸਿੰਘ, ਜੰਮੂ
੨੫.੦੨.੨੦੧੨