ਪ੍ਰਸਾਦਿ ਦਾ ਕੀ ਕਰੀਏ?
ਕੁੱਝ ਚਿਰ ਪਹਿਲਾਂ ਹੀ ਇਸ ਵਿਚਾਰ ਤੋ ਵਿਚਾਰ ਆਰੰਭ ਕੀਤਾ ਤਾਂ ਪਤਾ ਚੱਲਿਆ ਕਿ ਗੁਰਮਤਿ ਨੂੰ ਸਪਰਪਤ ਚਿੱਤਨ ਇਸ ਰਹਿਤ ਮਰਿਆਦਾ ਵਿਚ ਵਰਤੇ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਦੀ ਵਰੋਤੋਂ ਬਾਰੇ ਰੀਸੋ-ਰੀਸੀ ਚਲ ਪਈ ਅਸਹਿਮਤੀ ਇਸ ਵਿਚ ਬਦਲਾਵ ਦਾ ਵਿਚਾਰ ਪੇਸ਼ ਕਰਦੀ ਹੈ। ਇਸ ਤਰਕ ਦਾ ਅਧਾਰ ਇਹ ਹੈ ਕਿ ਬਾਣੀ ਵਿਚ ਅੰਮ੍ਰਿਤ ਕੇਵਲ ਅਤੇ ਕੇਵਲ ਨਾਮ/ਬਾਣੀ ਨੂੰ ਕਹਿਆ ਗਿਆ ਹੈ। ਬਾਣੀ ਪੜਨ ਉਪਰੰਤ ਪਤਾ ਚਲਿਆ ਕਿ ਨਾਮ/ਬਾਣੀ ਨੂੰ ਅੰਮ੍ਰਿਤ ਕਹਿਣ ਦੇ ਨਾਲ ਕਈ ਥਾਂਈ ਪਰਮਾਤਮਾ ਵੱਲੋਂ ਬਖਸ਼ਿਆਂ ਦਾਤਾਵਾਂ ਨੂੰ ਵੀ ਵਿਸ਼ੇਸ਼ ਸੰਧਰਭਾਂ ਵਿਚ ਅਤੇ ਮਿਸਾਲ ਵਜੋਂ ਕੁੱਝ ਥਾਂਈ ਅੰਮ੍ਰਿਤ ਕਿਹਾ ਗਿਆ ਹੈ।
ਪਰਮਾਤਮਾ ਵਲੋਂ ਅੰਮ੍ਰਿਤ ਦੀ ਵਰਖਾ ਨਿਰੰਤਰ ਹੁੰਦੀ ਹੈ ਜਿਸ ਦੇ ਆਨੰਦ ਤੋਂ ਪਰਿਚਤ ਹੋਂਣ ਲਈ ਗੁਰੂ ਦੇ ਸ਼ਬਦ ਨੂੰ ਵਿਚਾਰਣ ਦੀ ਲੋੜ ਹੈ। ਇਹ ਵੀ ਗੁਰਮਤਿ ਹੀ ਹੈ ! ਪਰ ਸਮਝ ਜਾਂਣਾ ਅਤੇ ਉਸ ਸਮਝ ਦਾ ਆਨੰਦ ਮਾਣਨਾ ਇਕ ‘ਸਿਆਣੇ’ਅਤੇ ‘ਸਚਿਆਰੇ’ ਵਿਚਲਾ ਫ਼ਰਕ ਹੈ।ਪਰਮਾਤਮਾ ਦੇ ਨਾਮ ਦਾ ਅਰਥ ਹੈ ਪਰਮਾਤਮਾ ਦੇ ਗੁਣ ਨਾ ਕਿ ਉਸਦਾ ਮਨੁੱਖਾਂ ਵਲੋਂ ਘੜਿਆ ਕੋਈ ਨਾਮ ਮਾਤਰ! ਨਾਮ ਅੰਮ੍ਰਿਤ ਦਾ ਅਰਥ ਪਰਮਾਤਮਾ ਦੇ ਗੁਣਾਂ ਦਾ ਅੰਮ੍ਰਿਤ ਵੀ ਹੈ।ਨਾਮ ਜੱਪਣਾ ਉਸ ਦੇ ਗੁਣਾਂ ਨੂੰ ਵਿਵਹਾਰ ਦੇ ਮਾਧਿਅਮ ਰਾਹੀਂ ਜੱਪਣਾ ਹੈ।ਕੁਦਰਤ ਪਰਮਾਤਮਾ ਦੇ ਬੇਅੰਤ ਗੁਣਾਂ ਵਿਚੋਂ ਇਕ ਗੁਣ ਹੈ ਜੋ ਦਾਤਾਵਾਂ ਨਾਲ ਭਰੀ ਹੈ।ਇਹ ਗੁਣ ਜੇ ਕਰ ਪਰਮਾਤਮਾ ਦਾ ਹੈ ਤਾਂ ਇਸ ਵਿਚ ਵੱਸਿਆਂ ਦਾਤਾਵਾਂ ਅੰਮ੍ਰਿਤ ਦੀ ਦਾਤ ਕਿਉਂ ਨਹੀ? ਜੇ ਕੁਦਰਤ ਵਿੱਚ ‘ਸੱਚਾ’ ਵੱਸਿਆ ਹੈ ਤਾਂ ਇਸ ਨੂੰ ਸਮਝਣ ਦੀ ਲੋੜ ਹੈ।
ਪਰ ਜ਼ਰੁਰੀ ਨਹੀਂ ਜੋ ਮਨੁੱਖ ਸਮਝ ਗਿਆ ਉਹ ਸਮੁੱਚੇ ਆਨੰਦ ਨੂੰ ਪ੍ਰਾਪਤ ਕਰ ਗਿਆ।ਪਰਮਾਤਮਾ ਨੇ ਹਰ ਪਾਸੇ ਅੰਮ੍ਰਿਤ ਬਖੇਰਿਆ ਹੈ।ਹਰ ਪਾਸੇ ਉਸਦੀ ਵਰਖਾ ਹੈ।ਭਲਾ ਇਹ ਕਿੰਝ ਹੋ ਸਕਦਾ ਹੈ ਕਿ ਪਰਮਾਤਮਾ ਕੁੱਝ ਦੇਵੇ ਤਾਂ ਉਹ ਅੰਮ੍ਰਿਤ ਨਾ ਹੋਵੇ।ਇਹ ਵੱਖਰੀ ਗੱਲ ਹੈ ਕਿ ਨਾਸਮਝੀ/ਦੁਰਵਰਤੋਂ ਵਿਚ ਅੰਮ੍ਰਿਤ ਦੀ ਪਛਾਂਣ ਅਤੇ ਉਸਦੇ ਸਵਾਦ ਤੋਂ ਬੰਦਾ ਭੱਟਕਿਆ ਰੰਹਿੰਦਾ ਹੈ। ਅਸੀਂ ਸਾਰੇ ਲਗਭਗ ਇਸੇ ਸ਼੍ਰੇਣੀ ਦੇ ਹਾਂ।ਸ਼ਾਯਦ ਕਿੱਧਰੇ ਕੋਈ ਅਪਵਾਦ ਹੋਵੇ!
ਗੁਰੂ ਨਾਨਕ ਜੀ ਨੇ ਸਪਸ਼ਟ ਕੀਤਾ ਹੈ:
ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
ਅਰਥ:- ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)। ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।
ਪਰਮਾਤਮਾ ਦੀ ਵਡੀਆਈ ਨੂੰ ਗੁਰੂ ਨਾਨਕ ਉਸ ਦੀਆ ਦਿੱਤੀਆਂ ਦਾਤਵਾਂ ਰਾਹੀਂ ਸਪਸ਼ਟ ਕਰਦੇ ਹਨ:
ਜੇਵਡੁ ਆਪਿ ਤੇਵਡ ਤੇਰੀ ਦਾਤਿ ॥ (ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼ ।
ਜੀਵਨ ਦਾਤ ਹੈ ਪਰ ਮੋਤ ਜੀਵਨ ਦਾ ਅੰਤ।ਪਰ ਗੁਰਬਾਣੀ ਵਿਚਲੀ ਜੁਗਤ ਇਸ ਦੁੱਖ ਨੂੰ ਵੀ ਸੁੱਖ ਵਿਚ ਬਦਲ ਛੱਡਦੀ ਹੈ।ਨਾਮ ਦਾ ਅੰਮ੍ਰਿਤ ਪੀਂਣ ਵਾਲੇ ਨੂੰ ਹੀ ਚਾਰੋ ਪਾਸਿਯੋਂ ਹੋ ਰਹੀ ਨਿਰੰਤਰ ਅੰਮ੍ਰਿਤ ਦੀ ਵਰਖਾ ਦਾ ਅਨੁਭਵ ਪ੍ਰਾਪਤ ਹੋ ਜਾਂਦਾ ਹੈ। ਆਮ ਮਨੁੱਖ ਉਸ ਨਿਰੰਤਰਧਾਰਾ ਵਿੱਚੋਂ ਕੁੱਝ ਛਿੱਟਾਂ ਦਾ ਅਨੁਭਵ ਵੀ ਕਰ ਜਾਏ ਤਾਂ ਗੁਰੂ ਦੀ ਅਪਾਰ ਕ੍ਰਿਪਾ (ਪ੍ਰਸਾਦਿ) ਹੋਵੇਗੀ।
ਪਰਮਾਤਮਾ ਵਲੋਂ ਦਿੱਤੀਆਂ ਦਾਤਾਂ ਦੇ ਦ੍ਰਿਸ਼ਟਾਂਤ ਰਾਹੀ ਆਮ ਮਨੁੱਖ ਨੂੰ ਸਮਝਾਉਂਦੇ ਬਾਣੀ ਵਿਚ ਪੰਚਮ ਗੁਰੂ ਸਾਹਿਬ ਦਾ ਫ਼ੁਰਮਾਨ ਹੈ:
ਅਸਟਪਦੀ ॥ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ (ਮਹਲਾ.5)
ਅਰਥ:- (ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ (ਚੇਤੇ) ਰੱਖ ।
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ ।
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿਚ ਸਿਮਰ ।
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ ।
ਹੇ ਨਾਨਕ! ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ) ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ।1।
ਇਸ ਸ਼ਬਦ ਵਿਚ ਆਮ ਮਨੁੱਖ ਨੂੰ ਸੰਬੋਧਨ ਹੈ ਨਾ ਕਿ ਨਾਮ ਅੰਮ੍ਰਿਤ ਪੀ ਚੁੱਕੇ ਬੰਦੇ ਨੂੰ।ਪਰਮਾਤਮਾ ਦੇ ‘ਨਾਮ’ ਦੇ ਅਰਥ ਪਰਮਾਤਮਾ ਦੇ ਗੁਣ ਕਰਦੇ ਹੀ ਸਮੁੱਚੀ ਕਾਯਨਾਤ ਦੇ ਅੰਮ੍ਰਿਤ ਰੂਪ ਦੀ ਸਮਝ ਆਉਂਦੀ ਹੈ।ਪਰਮਾਤਮਾ ਵਲੋਂ ਬਖਸ਼ੇ ਅੰਮ੍ਰਿਤ (ਪ੍ਰਸਾਦਿ) ਦਾ ਦੁਰਪਿਯੋਗ ਜਾਂ ਉਸ ਪ੍ਰਤੀ ਦੁਬਿਦਾ, ਉਪਰਲਿਆਂ ਸਾਰਿਆਂ ਦਾਤਾਵਾਂ ਨੂੰ ਬਿੱਖ ਵਿਚ ਬਦਲ ਛੱਡਦੀ ਹੈ।ਇਸ ਸ਼ਬਦ ਵਿਚ 36 ਪ੍ਰਕਾਰ (ਕਈ ਪ੍ਰਕਾਰ) ਦੇ ਸੁਆਦਲੇ ਭੋਜਨਾਂ ਲਈ ਅੰਮ੍ਰਿਤ ਸ਼ਬਦ ਦੀ ਵਰਤੋਂ ਹੈ ਅਤੇ ਇਹ ਵਰਤੋਂ ਬਾਣੀ ਰੂਪੀ ਅੰਮ੍ਰਿਤ ਨਾਲੋਂ ਵੱਖਰੇ ਸੰਧਰਭ ਵਿਚ ਹੋਈ ਹੈ।
ਪਰ ਇਸ ਸਾਰੇ ਸੰਧਰਭ ਦੇ ਇਕ ਵੱਖਰੇ ਸੰਧਰਭ ਵਿਚ ਖੰਡੇ ਦੇ ਅੰਮ੍ਰਿਤ ਨੂੰ ਲੈ ਕੇ ਅੰਮ੍ਰਿਤ ਸ਼ਬਦ ਬਾਰੇ ਉੱਠੇ ਇਤਰਾਜ਼ ਦੀ ਜੜ ਵਿਚ ਹੈ ਇਹ ਵਿਚਾਰ ਕਿ ਗੁਰਬਾਣੀ ਵਿਚ ਅੰਮ੍ਰਿਤ ਸ਼ਬਦ ਵਰਤੋਂ ਨੂੰ ਕੇਵਲ ਇਕ ਸੰਧਰਭ ਲਈ ਹੀ ਰਾਖਵਾਂ ਰੱਖਿਆ ਗਿਆ ਹੈ ਇਸ ਲਈ ਨਾਮ/ਬਾਣੀ ਦੇ ਅੰਮ੍ਰਿਤ ਤੋਂ ਅਲਗ, ਮਰਿਆਦਤ ਖੰਡੇ ਦਾ ਅੰਮ੍ਰਿਤ ਸਿਧਾਂਤਕ ਪੱਖੋ ਇਕ ਵਿਵਰਜਿਤ ਸ਼ਬਦ ਵਰਤੋਂ ਹੈ ਅਤੇ ਇਸ ਵਰਤੋਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
ਚਲੋ ਇਸ ਤਰਕ ਨੂੰ ਬਾਣੀ ਵਿਚ ਵਰਤੇ ‘ਪ੍ਰਸਾਦਿ’ ਸ਼ਬਦ ਦੀ ਰੋਸ਼ਨੀ ਵਿਚ ਵਿਚਾਰਣ ਦਾ ਜਤਨ ਕਰੀਏ ਜਿਸ ਵਿਚ ਪਰਮਾਤਮਾ ਵਲੋਂ ਦਿੱਤੀਆਂ ਕ੍ਰਿਪਾਵਾਂ ਅਤੇ ਉਨ੍ਹਾਂ ਬਾਰੇ ਸਹੀ ਸਮਝ ਦੇਂਣ ਵਾਲੇ ਗੁਰੂ ਦੀ ਸਿੱਖਿਆ ਨੂੰ ਵੀ ਪ੍ਰਸਾਦ ਵਜੋਂ ਬਿਆਨ ਕੀਤਾ ਗਿਆ ਹੈ।
ਮੁਲ ਮੰਤਰ ਵਿਚ ਇਸ ਪ੍ਰਸਾਦਿ ਸ਼ਬਦ ਦੀ ਵਰਤੋਂ ਹੈ।ਜਿਸ ਤੋਂ ਸਭ ਜਾਣੁ ਹੀ ਹਾਂ।ਇਸ ਦੇ ਮਹੱਤਵ ਨੂੰ ਸਮਝਦੇ ਹਾਂ। ਅਤੇ ਬਾਣੀ ਦੇ ਫ਼ੁਰਮਾਨ ਹਨ:
- ਮਾਝ ਮਹਲਾ ੩ ॥ ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
- ਕੋ ਵੇਖਾ ਅਵਰੁ ਨ ਬੀਆ ॥ ਗੁਰ ਪਰਸਾਦੀ ਅੰਮ੍ਰਿਤੁ ਪੀਆ ॥
- ਅੰਮ੍ਰਿਤੁ ਗੁਰ ਪਰਸਾਦੀ ਪਾਏ ॥
- ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥ (ਮਹਲਾ 5)
- ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ (ਗੁਰੂ ਨਾਨਕ)
- ਸਿਰੀਰਾਗੁ ਮਹਲਾ ੩ ॥ ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥ ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
- ਮਾਝ ਮਹਲਾ ੩ ॥ ਅੰਮ੍ਰਿਤ ਨਾਮੁ ਮੰਨਿ ਵਸਾਏ ॥ ਹਉਮੈ ਮੇਰਾ ਸਭੁ ਦੁਖੁ ਗਵਾਏ ॥ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥ ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥ ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥ ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥ ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ ਅੰਮ੍ਰਿਤੁ ਗੁਰ ਪਰਸਾਦੀ ਪਾਏ ॥ ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥ਅਸਟਪਦੀ
ਇਸ ਸ਼ਬਦ ਵਿਚ ਨਾਮ/ਬਾਣੀ ਰੂਪੀ ਅੰਮ੍ਰਿਤ ਦੀ ਵਿਸ਼ੇਸ਼ ਵਿਆਖਿਆ ਹੈ ਅਤੇ ਨਾਲ ਹੀ ਬਿਲਕੁਲ ਸਪਸ਼ਟ ਕਿ ਅੰਮ੍ਰਿਤ ਨਾਮ ਗੁਰੂ ਦੀ ਕਿਰਪਾ (ਅੰਮ੍ਰਿਤ ਗੁਰ ਪਰਸਾਦੀ ਪਾਏ) ਰਾਹੀਂ ਹੀ ਪ੍ਰਾਪਤ ਹੁੰਦਾ ਹੈ।
ਹੁਣ ਜੇ ਕਰ ਬਾਣੀ ਅੰਮ੍ਰਿਤ ਗੁਰੂ ਦਾ ਸਿੱਖਿਆ ਰੂਪੀ ਪ੍ਰਸਾਦ ਹੈ ਤਾਂ ਕੀ ਇਹ ਪ੍ਰਸਾਦ ਬਾਣੀ ਰੂਪੀ ਅੰਮ੍ਰਿਤ ਨਾਲੋਂ ਵੱਖ ਹੈ? ਇਹ ਬਾਰੀਕ ਸਵਾਲ ਹੈ ਜਿਸਦਾ ਉੱਤਰ ਹੈ, ਨਿਰਸੰਦੇਹ ਨਹੀਂ! ‘ਸ਼ਬਦ’ ਗੁਰੂ ਦਾ ਪ੍ਰਸਾਦ ਹੈ , ਉਸਦੀ ਮੇਹਰ ਹੈ, ਉਸਦੀ ਕਿਰਪਾ ਹੈ ਉਸ ਵਲੋਂ ਬਖ਼ਸ਼ਿਆ ਅੰਮ੍ਰਿਤ ਹੈ। ਤੇ ਜੇਕਰ ਉਹ ਪ੍ਰਸਾਦ ਅੰਮ੍ਰਿਤ ਹੈ ਤਾਂ ਕਿ ਕੋਈ ਕਿਸੇ ਸੰਸਾਰਕ ਪਧਾਰਥ ਨੂੰ ਪ੍ਰਸਾਦ ਕਹਿ ਕੇ ਪੁਕਾਰ ਸਕਦਾ ਹੈ? ਸਿਧਾਂਤਕ ਤੌਰ ਤੇ ਲਗੇਗਾ ਕਿ ਨਹੀਂ ਪੁਕਾਰਨਾ ਚਾਹੀਦਾ।ਪਰ ਉੱਪਰ ਵਿਚਾਰ ਆਏ ਪਰਮਾਤਮਾ ਵਲੋਂ ਬਖਸ਼ੇ ਬੇਅੰਤ ਦਾਤਾਵਾਂ ਦੇ ਪਰਸਾਦ ਨੂੰ ਕੀ ਕਹਿਏ? ਜੇਕਰ 'ਏਕੋ ਵੇਖਾ ਅਵਰੁ ਨ ਬੀਆ ॥ ਗੁਰ ਪਰਸਾਦੀ ਅੰਮ੍ਰਿਤੁ ਪੀਆ ' ਫ਼ੁਰਮਾਨ ਵੀ ਗੁਰਮਤਿ ਹੈ ਤਾਂ ਪਰਸਾਦੀ (ਕਿਰਪਾ, ਮੇਹਰ ਬਖ਼ਸ਼ੀਸ਼) ਅਤੇ ਅੰਮ੍ਰਿਤ ਦਾ ਕੀ ਸਬੰਧ ਸਥਾਪਤ ਹੁੰਦਾ ਹੈ? ਜੇਕਰ ਕ੍ਰਿਪਾ (ਪਰਸਾਦੀ) ਦਾ ਸਿੱਟਾ ਅੰਮ੍ਰਿਤ ਹੈ ਤਾਂ ਕ੍ਰਿਪਾ ਨੂੰ ਅੰਮ੍ਰਿਤ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।ਮਾਰਗ ਮੰਜ਼ਲ ਨਾਲੋਂ ਵੱਖਰਾ ਕਿਵੇਂ?
ਇਹ ਡੁੰਗੇ ਰੂਪ ਨਾਲ ਸਬੰਧਤ ਵਿਚਾਰ ਹਨ ਜਿੱਥੇ ਪਹੁੰਚਣ ਵਾਲੀ ਅਨੁਭਵ ਸ਼ਕਤੀ ਨੂੰ ਹੀ ਵੱਗਦਿਆਂ ਹਵਾਵਾਂ, ਚਲਦੇ ਸਵਾਸਾਂ, ਵੱਗਦੇ ਪਾਣੀ,ਘੁੱਮਦੀ ਧਰਮਸਾਲ, ਚੱੜਦੇ-ੳਤਰਦੇ ਦਿਨ-ਰਾਤ, ਮੈਦਾਨਾਂ, ਰੇਗਿਸਤਨਾਂ, ਪਹਾੜਾਂ ਅਤੇ ਪੱਥਰਾਂ ਦੇ ਗਰਭ ਅੰਦਰ ਜੀਵਾਂ ਦੇ ਰਿਜ਼ਕ ਵਿੱਚ ਪਰਮਾਤਮਾ ਦਾ ਪ੍ਰਸਾਦ, ਪਰਮਾਤਮਾ ਦੀ ਕ੍ਰਿਪਾ, ਪਰਮਾਤਮਾ ਦਾ ਬਖੇਰਿਆ ਅੰਮ੍ਰਿਤ ਨਜ਼ਰ ਆਉਂਦਾ ਹੈ।ਪਰ ਧਿਆਨ ਰਹੇ ਕਿ ਅਸੀਂ ਗੁਰਦੂਆਰੇ ਵਿਚ ਵਰਤਨ ਵਾਲੇ ਪ੍ਰਸਾਦ ਲਈ ਵੀ ਪ੍ਰਸਾਦ ਸ਼ਬਦ ਇਸਤੇਮਾਲ ਕਰਦੇ ਹਾਂ!
ਖੰਡੇ ਦਾ ਅੰਮ੍ਰਿਤ ਵਿਚ ਅੰਮ੍ਰਿਤ ਸ਼ਬਦ ਵਰਤੋਂ ਤੋਂ ਅਸਹਿਮਤ ਸੱਜਣ ਕੀ ਹੁਣ ਗੁਰੂ ਦੂਆਰੇ ਵਿਚ ਵਰਤਣ ਵਾਲੇ ਕੜਾਹ ਪਰਸਾਦ ਸ਼ਬਦਾਂ ਦਾ ਵਿਰੌਧ ਕਰਨ ਗੇ? ਕੁੱਝ ਸ਼ਾਯਦ ਹੁਣ ਕਰਨ ਲੱਗ ਪੇਂਣ ਅਤੇ ਕੁੱਝ ਸ਼ਾਯਦ ਨਹੀਂ ਕਰਨ ਗੇ! ਕਿਉਂਕਿ ਉਨ੍ਹਾਂ ਨੂੰ ਹੁਣ ਥੋੜੀ ਪਰੇਸ਼ਾਨੀ ਅਤੇ ਹਿੱਚਕ ਆਏ ਗੀ ਕਿਉਂਕਿ ਅਤਿ ਚੁੱਕ ਲੇਣੀਂ ਵੀ ਸੋਭਦੀ ਨਹੀਂ। ਨਾਲ ਹੀ ਉਹ ਕਹਿ ਸਕਦੇ ਹਨ ਕਿ “ ਭਈ ਇਹ ਉਹ ਪਰਸਾਦ ਨਹੀਂ ਜਿਸਦਾ ਜ਼ਿਕਰ ਮੂਲ ਮੰਤਰ ਅਤੇ ਬਾਣੀ ਵਿਚ ਥਾਂ ਪਰ ਥਾਂ ਹੈ। ਇਹ ਤਾਂ ਰਸਮੀ ਕੜਾਹ ਪ੍ਰਸ਼ਾਦਿ (ਕੜਾਹ ਦਾ ਪ੍ਰਸਾਦ) ਹੈ ਮੂਲ ਮੰਤਰ ਵਾਲਾ ਗੁਰੂ ਦਾ ਪ੍ਰਸਾਦ ਨਹੀਂ!”
ਐਸਾ ਕਹਿ ਕੇ ਉਹ ਠੀਕ ਹੀ ਕਹਿਣ ਗੇ।ਪਰ ਜੇ ਕਰ ਰਹਿਤ ਮਰਿਆਦਾ ਵਿਚ ਲਿਖਤ ਖੰਡੇ ਦੇ ਅੰਮ੍ਰਿਤ ਬਾਰੇ ਇਹੀ ਤਰਕ ਉਨ੍ਹਾਂ ਸੱਜਣਾ ਨੂੰ ਸਮਝਣਾ ਪੈ ਜਾਏ ਤਾਂ ਬੜੀ ਔਖੀ ਗਲ ਹੈ ਉਨ੍ਹਾਂ ਦੇ ਸਮਝਣ ਲਈ!
ਜਿੱਥੋਂ ਤਕ ਅੰਮ੍ਰਿਤ ਸ਼ਬਦ ਦੀ ਵਰਤੋਂ ਦਾ ਸਵਾਲ ਹੈ ਤਾਂ ਬਾਣੀ ਅੰਦਰ ਕੁੱਝ ਸੰਸਾਰਕ ਵਸਤੁਆਂ ਲਈ ਵੀ ਅੰਮ੍ਰਿਤ ਸ਼ਬਦ ਦੀ ਸਪਸ਼ਟ ਵਰਤੋਂ ਹੈ ਪਰ ਪ੍ਰਸਾਦ ਤਾਂ ਜ਼ਿਆਦਾ ਗੰਭੀਰ ਸਮੱਸਿਆ ਖੜੀ ਕਰੇਗਾ।ਇਸ ਸ਼ਬਦ ਦਾ ਬਦਲ ਦਾ ਹਵਾਲਾ ਤਾਂ ਪੁਰਾਣੇ ਰਹਿਤਨਾਮਿਆਂ ਵਿਚ ਵੀ ਨਹੀਂ।ਕੀ ਇਸ ਨੂੰ ਅਸੀਂ ਵੀ ਕਨੈਡਾ ਦੇ ਕੁੱਝ ਬੱਚਿਆਂ ਵਾਂਗ “ਕੇਕ” ਕਹੀਏ ਤਾਂ ਕਿ ਸਿਧਾਂਤ ਭੰਗ ਹੋਣ ਤੋਂ ਬੱਚ ਜਾਏ? ਹੁਣ ਤਾਂ ਇਹ ਅਤਿ ਹੀ ਹੋਵੇਗੀ ਕਿ ਕੋਈ ‘ਅਲਟਰਾ ਜਾਗਰੂਕ’ ਸੱਜਣ ਕੜਾਹ ਪ੍ਰਸਾਦ ਸ਼ਬਦ ਜੋੜ ਵਰਤਨ ਤੇ ਰੋਕ ਦੀ ਮੰਗ ਰੱਖਦੇ ਰਹਿਤ ਮਰਿਆਦਾ ਦਾ ਵਿਰੋਧ ਕਰ ਦੇਵੇ ਉਹ ਵੀ ਇਸ ਤਰਕ ਨਾਲ ਕਿ ਰਹਿਤ ਮਰਿਆਦਾ ਵਿਚ ਕੜਾਹ ਪ੍ਰਸਾਦ ਲਿਖ ਕੇ ਗੁਰਮਤਿ ਦਾ ਸਿਧਾਂਤ ਭੰਗ ਕਰ ਦਿੱਤਾ ਗਿਆ ਹੈ।
ਜੇਕਰ ਐਸੀਆਂ ਗਲਾਂ ਰਾਹੀਂ ਹੀ ਗੁਰਮਤਿ ਸਮਝਾਉਂਣ/ਲਾਗੂ ਕਰਨ ਦਾ ਮਾਰਗ ਖੁੱਲ ਸਕਦਾ ਹੈ ਤਾਂ ਕਨੈਡਾ ਵਿਚ ਵੱਸਦੇ ਉਨ੍ਹਾਂ ਕੁੱਝ ਬੱਚਿਆਂ ਦੀ ਯਾਦ ਆਉਂਦੀ ਹੈ ਜਿਹੜੇ ਅਣਜਾਣੇ ਕੜਾਹ ਪ੍ਰਸਾਦ ਨੂੰ “ਕੇਕ” ਕਹਿ ਕੇ ਪੁਕਾਰ ਛੱਡਦੇ ਸੀ!ਨਾਲ ਇਹ ਸੋਚ ਵੀ ਉੱਠਦੀ ਹੈ ਕਿ ਕੁੱਝ ਵਿਦਵਾਨ ਹੁਣ ਪਤਾ ਨਹੀਂ ਕਿਸੇ ਦਿਨ ‘ਕੜ੍ਹਾ ਪਰਸਾਦ’ ਦੀ ਕੀ ਹਾਲਤ ਕਰਨ ਗੇ?? ਇੰਝ ਦੀਆਂ ਕਸਵਟੀਆਂ ਤਾਂ ‘ਗੁਰੂਘਰ’ ਅਤੇ ‘ਗੁਰਦੁਆਰਾ’ (ਪ੍ਰਚਾਰ ਕੇਂਦਰ) ਸ਼ਬਦਾਂ ਦਾ ਵਿਰੌਧ ਕਰਨ ਗਿਆਂ? ਇਹ ਸਮਝਦਾਰੀ ਵਾਲੀਆਂ ਕਸਵਟੀਆਂ ਨਹੀਂ। ਬਿਨਾਂ ਸ਼ਬਦ ਵਰਤੋਂ ਦੇ ਪਰਿਪੇਖਾਂ ਨੂੰ ਸਮਝਦੇ ਅਸੀਂ ਤਾਂ ਕੁੱਝ ਕਦਮ ਵੀ ਨਹੀਂ ਚਲ ਸਕਦੇ।
ਕਿਸੇ ਵਿਸ਼ੇ ਤੇ ਵਿਚਾਰ ਪੇਸ਼ ਕਰਨਾ ਅਤੇ ਕਿਸੇ ਵਿਸ਼ੇ ਤੇ ਵਿਚਾਰ ਪੇਸ਼ੀ ਦੇ ਨਾਲ-ਨਾਲ ਕੋਈ ਮੰਗ ਪੇਸ਼ ਕਰਨਾ ਵੱਖਰੀ ਗਲ ਹੁੰਦੀ ਹੈ।ਵਿਚਾਰ ਪੇਸ਼ ਕਰਨਾ ਵਿਚਾਰਨਾ ਹੁੰਦਾ ਹੈ ਪਰ ਮੰਗ ਪੇਸ਼ ਕਰਨਾ ਦਾਵਾ ਜਤਲਾਉਂਣ ਵਰਗੀ ਗਲ ਹੁੰਦੀ ਹੈ ਜਿਸ ਨੂੰ ਸੋਚ ਵਿਚਾਰ ਕੇ ਹੀ ਦਾਵੇ ਦਾ ਰੂਪ ਦੇਣਾ ਚਾਹੀਦਾ ਹੈ।
ਅਜੇ ਤਕ ਰਹਿਤ ਮਰਿਆਦਾ ਵਿਚੋਂ ਕੱਡੇ ਗਏ ਨੁੱਕਸਾਂ ਵਿੱਚ ਕੜ੍ਹਾ ਪ੍ਰਸਾਦਿ ਸ਼ਬਦ ਵਰਤੋਂ ਤੇ ਕਿੰਤੂ ਨਹੀਂ ਪੜਨ ਨੂੰ ਨਹੀਂ ਮਿਲਿਆ ਪਰ ਅਚਰਜ ਨਹੀਂ ਕਿ ਕੋਈ ਅਲਟਰਾ ਜਾਗਰੂਕ ਚਿੰਤਨ ਇਸ ਪਾਸੇ ਵੀ ਚਾਲੇ ਪਾ ਦੇਵੇ ਸਿਰਫ਼ ਇਸ ਲਈ ਕਿ ਖੰਡੇ ਦੇ ਅੰਮ੍ਰਿਤ ਸ਼ਬਦਾਂ ਵਿਚ ਅੰਮ੍ਰਿਤ ਸ਼ਬਦ ਦੀ ਵਰਤੋਂ ਤੇ ਹੋਈ ਰੀਸੋ-ਰੀਸੀ ਨੂੰ ਵਾਜਬ ਸਥਾਪਤ ਕੀਤਾ ਜਾ ਸਕੇ।
-ਹਰਦੇਵ ਸਿੰਘ ਜੰਮੂ