Tuesday, 18 October 2011

‘ਸਿੱਖ ਰਹਿਤ ਮਰਿਆਦਾ ਬਾਰੇ ਇੱਕ ਸੱਚ’
 
(ਹਰਦੇਵ ਸਿੰਘ ਜੰਮੂ)
 
 


ਸਿੱਖ ਰਹਿਤ ਮਰਿਯਾਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਦੇ ਸਿੱਖ ਇਤਹਾਸ ਦਾ ਇਕ ਅਹਿਮ ਦਸਤਾਵੇਜ਼ ਹੈ। ਇਸ ਧਾਰਨਾ ਦੀ ਲੋੜ ਤੋਂ ਕੋਈ ਵੀ ਸੁਚੇਤ ਧਿਰ ਅਸਹਿਮਤ ਨਜ਼ਰ ਨਹੀਂ ਆਉਂਦਾ।ਇਹ ਸਿੰਘ ਸਭਾ ਲਹਿਰ ਦੀ ਇਕ ਵੱਡੀ ਪ੍ਰਾਪਤੀ ਸੀ।ਹਲਾਂਕਿ ਇਸ ਦਸਤਾਵੇਜ਼ ਦੀ ਸਾਰਿਆਂ ਮੱਧਾਂ ਨੂੰ ਇਕਸਾਰ ਲਾਗੂ ਨਹੀਂ ਕੀਤਾ ਜਾ ਸੱਕਿਆ ਪਰ ਇਸ ਵਾਸਤਵਿਕਤਾ ਦਾ ਦੋਸ਼ ਸਿੱਖ ਰਹਿਤ ਮਰਿਯਾਦਾ ਦੇ ਸਿਰ ਤੇ ਪਾਉਂਣਾ ਉਚਿੱਤ ਨਹੀਂ ਪ੍ਰਤੀਤ ਹੁੰਦਾ।ਇਸ ਵਾਸਤਵਿਕਤਾ ਦਾ ਸਬੰਧ ਬੰਦਿਆਂ ਦੀ ਸੋਚ ਅਤੇ ਕਾਰਜ਼ਸ਼ੈਲੀ  ਦੇ ਵੱਖਰੇਵਿਆਂ ਨਾਲ ਹੈ।ਅੱਜ ਵੀ ਜਾਗਰੂਕ ਤੋਂ ਜਾਗਰੂਕ ਧਿਰ ਵੀ ਮਤਾੰਤਰ ਰੱਖਦੇ ਹਨ।

ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਆਂ ਮੱਧਾਂ ਕਈ ਥਾਂਈ ਗੁਰਮਤਿ ਸਿਧਾਂਤਾਂ ਅਨੁਸਾਰੀ ਨਹੀਂ ਹਨ। ਇਹ ਵਿਚਾਰ ਕਿੱਧਰੇ ਠੀਕ ਵੀ ਹੋ ਸਕਦਾ ਹੈ। ਪਰ ਇਹ ਵਿਚਾਰ ਉਦੋਂ ਇਕ ਵਚਿੱਤਰ ਜਿਹੀ ਸਥਿਤੀ ਉੱਤਪੰਨ ਕਰ ਸਕਦੇ ਹਨ ਜਿਦੋਂ ਸਿਧਾਂਤ ਨਾਲ ਸੰਬਧਤ ਮਰਿਯਾਦਾ ਦੀ ਪੜਚੋਲ ਵੇਲੇ ਸਿਧਾਂਤ ਅਤੇ ਮਰਿਆਦਾ ਵਿਚਲੇ ਸੁਭਾਵਕ ਅੰਤਰ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਜਾਏ।

ਖ਼ੈਰ ਇਸ ਚਰਚਾ ਵਿਚ ਅਸੀਂ ਕੇਵਲ ਉਸ ਵਿਚਾਰ ਤੇ ਵਿਚਾਰ ਕਰਨ ਦਾ ਜਤਨ ਕਰਾਂ ਗੇ ਜਿਸ ਤੇ ਚਲਦੇ ਇਹ ਕਿਹਾ ਜਾਂਦਾ ਹੈ ਕਿ ਸਿੱਖ ਰਹਿਤ ਮਰਿਯਾਦਾ (1945) ਦੇ ਸਿਰਜਨਹਾਰਾਂ ਨੇ ਇਸ ਵਿਚ ਸਮਝੋਤਾਵਾਦੀ ਰੂਖ ਅਪਨਾਉਂਦੇ, ਕਈ ਥਾਂ ਗੁਰਮਤਿ ਸਿਧਾਂਤਾਂ ਨਾਲ ਸਮਝੋਤਾ ਕੀਤਾ, ਤਾਂ ਕਿ ਪਤਾ ਚਲ ਸਕੇ ਕਿ ਕੀ ਇਹ ਵਿਚਾਰ ਔਚਿੱਤਪੂਰਣ ਅਤੇ ਨਿਆਂ ਯੁਕਤ ਹੈ?

  ਸਿੱਖ ਰਹਿਤ ਮਰਿਆਦਾ, ਗੌਰਵਸ਼ਾਲੀ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।ਇਹ ਗਲ ਕਹਿਣੀ ਕਿ ਕਿਸੇ ਕੋਲੋਂ ਅਗਿਆਨਤਾ ਵੱਸ਼ ਕੋਈ ਨਾਸਮਝੀ ਜਾਂ ਭੂੱਲ ਹੋ ਗਈ ਅਲਗ ਗੱਲ ਹੈ ਪਰ ਇਹ ਵਿਚਾਰ ਕਿ ਸਮਝੋਤਾਵਾਦੀ ਨੀਤੀ ਕਾਰਣ  ਉਨ੍ਹਾਂ ਨੇ ਕਈ ਥਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਇਕ ਗੰਭੀਰ ਟਿੱਪਣੀ ਹੀ ਕਹੀ ਜਾ ਸਕਦੀ ਹੈ।ਇਹ ਵੀ ਵਿਚਾਰ ਸੁਣਨ ਨੂੰ ਮਿਲਦਾ ਹੈ ਕਿ 1945 ਤੋਂ ਪਹਿਲਾਂ ਬਹੁਤ ਸਾਰਿਆਂ ਉਹ ਅਹਿਮ ਗਲਾਂ ਨਹੀਂ ਸਨ ਜੋ ਕਿ ਸਿੱਖ ਰਹਿਤ ਮਰਿਆਦਾ ਰਾਹੀਂ ਕੋਮ ਦੇ ਪੱਲੇ ਪਾ ਦਿੱਤੀਆਂ ਗਈਆਂ ਸਨ ।ਇਸ ਸੋਚ ਤੇ ਵੀ ਵਿਚਾਰ ਦੀ ਲੋੜ ਹੈ।

ਸਿੱਖ ਰਹਿਤ ਮਰਿਯਾਦਾ ਦੀ ਬਣਤਰ ਵੇਲੇ ਇਕ ਵਿਵਾਦ ਸਪਸ਼ਟ ਨਜ਼ਰ ਆਉਂਦਾ ਹੈ ਕਿ ਵਿਦਵਾਨਾਂ ਵਿਚਕਾਰ ਰਾਗਮਾਲਾ ਨੂੰ ਲੇ ਕੇ ਅਸਿਹਮਤੀ ਸੀ।ਇਹ ਅਸਹਿਮਤੀ ਉਸ ਵੇਲੇ ਦਿਆਂ ਪੱਤਰ-ਪੱਤਰਕਾਵਾਂ, ਪੁਸਤਕਾਂ ਆਦਿ ਵਿਚ ਖੁੱਲ ਕੇ ਵਿਚਾਰੀ ਗਈ ਮਿਲਦੀ ਹੈ ਅਤੇ ਇਸ ਦੇ ਹੱਲ ਲਈ ਵਿਦਵਾਨ ਸੱਜਣਾ ਦਿਆਂ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਸੀ।ਇਹ ਸਭ ਕੁੱਝ ਲਿਖਤੀ ਰੂਪ ਵਿਚ ਪੜਨ ਨੂੰ ਮਿਲਦਾ ਹੈ।ਪਰ ਇਸ ਤੋਂ ਛੁੱਟ ਹੋਰ ਕਿਸੇ ਵਿਸ਼ੇ ਤੇ ਵਿਦਵਾਨਾਂ ਵਿਚਕਾਰ ਵੱਡਾ ਵਿਵਾਦ ਨਹੀਂ ਸੀ ਕਿਉਂਕਿ ਜੇਕਰ ਹੁੰਦਾ ਤਾਂ ਜੋ ਵਿਦਵਾਨ ਸੱਜਣ ਰਾਗਾਮਾਲਾ ਨੂੰ ਲੇ ਕੇ ਜਨਤਕ ਸੰਵਾਦ ਵਿਚ ਉਲੱਝ ਸਕਦੇ ਸੀ ਉਹ ਭਲਾ ਕਿਸੇ ਹੋਰ ਥਾਂਈ ਖ਼ਾਮੋਸ਼ ਦਰਸ਼ਕ ਕਿਵੇਂ ਬਣੇ ਰਹਿ ਸਕਦੇ ਸੀ?

ਦਾਸ ਪਿੱਛਲੇ ਕੁੱਝ ਸਮੇਂ ਤੋਂ (ਦੋ ਵਰਿਆਂ ਦੇ ਕਰੀਬ) ਕੁੱਝ ਸੱਜਣਾ ਨੂੰ ਮਿਲਿਆ ਅਤੇ ਵਿਚਾਰਕ ਗਲਬਾਤ ਦੌਰਾਨ ਇਹ ਵਿਚਾਰ ਕਈ ਵਾਰ ਸੁਣਨ ਨੂੰ ਮਿਲੇ ਕਿ ਸਿੱਖ ਰਹਿਤ ਮਰਿਆਦਾ ਵਿੱਚ ਨਿਤਨੇਮ ਦਿਆਂ ਬਾਣੀਆਂ ਨਾਲ ਰਚਨਾਵਾਂ ( ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਿਆਂ ਲਿਖਤਾਂ) ਦੀ ਸ਼ੁਮਾਰੀ ਅਤੇ ਅਰਦਾਸ ਦੇ ਮੁੱਖਬੰਧ ਆਦਿ ਵੀ ਸਮਝੋਤਾਵਾਦੀ ਨੀਤੀ ਦਾ ਸਿੱਟਾ ਸਨ।ਇਨ੍ਹਾਂ ਵਿਚਾਰਾਂ ਤੋਂ ਅਣਜਾਣ ਹੋਂਣ ਕਾਰਨ ਦਾਸ ਦੇ ਮਨ ਵਿਚ ਇਹ ਗੱਲ ਜਾਨਣ ਦੀ ਤਲਬ ਜਾਗ੍ਰਤ ਹੋਈ ਕਿ ਕੀ ਸਚਮੁੱਚ ਸਿੰਘ ਸਭਾ ਲਹਿਰ ਦੇ ਆਗੁਆਂ ਨੇ ਖ਼ੁਦ ਇੰਨੀਂ ਵੱਡੀ ਪੱਧਰ ਦੇ ਸਮਝੋਤੇ ਵੀ ਕੀਤੇ ਅਤੇ ਇਤਰਾਜ਼ਾਂ ਦੇ ਬਾ-ਵਜੂਦ, ਬਿਨਾ ਨੋਟਿਸ ਲਏ, ਕੁੱਝ ਗਲਾਂ ਕੋਮ ਦੇ ਪੱਲੇ ਪਾ ਦਿੱਤੀਆਂ? ਕਈ ਸੱਜਣ ਤਾਂ ਉਨ੍ਹਾਂ ਦੀ ਇਸ ਨੀਤੀ ਨੂੰ ਰਾਗਮਾਲਾ ਤੋਂ ਹੱਟ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਬਾਣੀ ਸਵਰੂਪ ਤਕ ਨਾਲ ਜੋੜਦੇ ਵੀ ਮਿਲੇ।ਇਸ ਲਈ ਇਸ ਲਈ ਇਹ ਸਵਾਲ ਦਾਸ ਲਈ ਵਧੇਰੇ ਵਿਚਾਰਣ ਯੋਗ ਹੋ ਉੱਠਿਆ।

ਇਸ ਸਵਾਲ ਦੇ ਅਧਾਰ ਤੇ ਹੀ ਦਾਸ ਨੇ ਕੁੱਝ ਵੈਬ ਸਾਈਟਾਂ ਤੇ ਆਪਣਾ ਬੇਨਤੀ ਰੂਪ ਪੱਤਰ ਲਿਖ ਕੇ, ਵਿਦਵਾਨਾਂ/ਪਾਠਕਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕੀਤਾ ਕਿ ਕੀ ਕਿਸੇ ਪਾਸ, ਇਸ ਬਾਬਤ, ਸਾਂਝੀ ਕਰਨ ਲਈ ਕੋਈ ਲਿਖਤੀ ਜਾਣਕਾਰੀ ਹੈ ਕਿ, ਰਾਗਮਾਲਾ ਵਰਗਾ, ਨਿਤਨੇਮ ਦਿਆਂ ਬਾਹਰੀ ਰਚਨਾਵਾਂ ਜਾਂ ਅਰਦਾਸ ਨਾਲ ਜੁੜਿਆ ਕੋਈ ਵਿਵਾਦ ਸਿੰਘ ਸਭਾ ਲਹਿਰ ਦੇ ਸੁਚੇਤ ਵਿਦਵਾਨਾਂ/ਆਗੂਆਂ ਵਿਚਕਾਰ ਮੋਜੂਦ ਸੀ ? ਪਰ ਇਸ ਬੇਨਤੀ ਤੇ ਦਾਸ ਨੂੰ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇੱਥੋਂ ਤਕ ਕਿ ਐਸਾ ਕਹਿਣ ਵਾਲੇ ਸੱਜਣਾ ਪਾਸ ਵੀ ਇਸ ਬਾਬਤ ਲੋੜਿੰਦੀ ਜਾਣਕਾਰੀ ਨਹੀਂ ਮਿਲੀ।

ਖ਼ੈਰ ਦਿਲਚਸਪੀ ਕਾਰਣ ਇਹ ਤਲਬ ਬਰਕਰਾਰ ਰਹੀ ਕਿ ਆਪਣੀ ਗੌਰਵਸ਼ਾਲੀ ਸੁਧਾਰ ਲਹਿਰ ਬਾਰੇ ਐਸੇ ਕਿੰਤੂ ਦੀ ਪੜਚੋਲ ਕੀਤੀ ਜਾਏ।ਵਿਚਾਰ ਕੀਤਾ ਕਿ ਇਹ ਕੋਸ਼ਿਸ਼ ਸ਼ੁਰੂ ਕਿੱਥੋਂ ਕੀਤੀ ਜਾਏ ਤਾਂ ਜ਼ਹਿਨ ਵਿਚ ਇਕ ਸ਼ਖਸੀਅਤ ਦਾ ਨਾਮ ਉੱਭਰ ਕੇ ਸ੍ਹਾਮਣੇ ਆਇਆ ਜੋ ਕਿ ਸਿੰਘ ਸਭਾ ਲਹਿਰ ਦੇ ਮੋਢੀ ਦਲ ਦੇ ਆਗੁਆਂ ਵਿੱਚੋ ਇਕ ਸੀ।ਇਹ ਸਨ ਭਾਈ ਕਾਨ ਸਿੰਘ ਜੀ ਨਾਭਾ!

ਅਸੀਂ ਜਾਣਦੇ ਹਾਂ ਕਿ ਜਿੱਥੇ ਇਕ ਪਾਸੇ ਭਾਈ ਦਿੱਤ ਸਿੰਘ ਜੀ ਅਤੇ ਭਾਈ ਗੁਰਮੁੱਖ ਸਿੰਘ ਜੀ ਵਰਗੇ ਮੋਢੀ ਆਗੂ ਸਿੱਖਾਂ ਅੰਦਰ, ਸਮਾਜਕ ਪੱਧਰ ਤੇ ਧਾਰਮਕ ਸੁਧਾਰਾਂ ਅਤੇ ਸਿੱਖਿਆ ਦੇ ਵਿਸਤਾਰ ਨਾਲ ਦ੍ਰਿੜਤਾ ਪੁਰਵਕ ਜੁੜੇ ਸੀ ਉੱਥੇ,  ਨਾਲ ਹੀ ਦੂਜੇ ਪਾਸੇ, ਭਾਈ ਕਾਨ ਸਿੰਘ ਜੀ ਨਾਭਾ ਨੇ ਸਮੁੱਚੀ ‘ਲਹਿਰ ਦੇ ਲੇਖਕ’ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਈ ਸੀ।ਪਾਠਕਾਂ ਦੀ ਦਿਲਚਸਪੀ ਲਈ ਇਹ ਦੱਸ ਦਿਆਂ ਕਿ 15 ਸਾਲ ਦੀ ਮਹਿਨਤ ਉਪਰੰਤ 1930 ਵਿਚ ਪਹਿਲੀ ਵਾਰ ਛੱਪੇ ਮਹਾਨ ਕੋਸ਼ ਦੀ ਛੱਪਵਾਈ ਲਾਗਤ ਉਸ ਵੇਲੇ 51000 ਰੁਪੈ ਸੀ ਜੋ ਕਿ 5 ਸਾਲਾਂ ਦੁੱਗਣੇ ਦੇ ਹਿਸਾਬ ਨਾਲ ਅੱਜ ਦੇ 327 ਕਰੋੜ,68 ਲੱਖ ਦੇ ਕਰੀਬ ਬਣਦੀ ਹੈ। ਇੰਨੀ ਰਕਮ ਅੱਜ ਕਿਸੇ ਨੂੰ ਵੱਡਾ ਲਾਲਚ ਦੇ ਕੇ ਵੀ ਇੱਕਠੀ ਕਰਨੀ ਔਖੀ ਹੈ।ਖ਼ੈਰ ਇਹ ਆਂਕੜਾ ਉਨ੍ਹਾਂ ਦੇ ਕੰਮ ਦੇ ਮੁੱਲ ਦੀ ਕਸਵਟੀ ਨਹੀਂ!

ਚੂੰਕਿ ਭਾਈ ਕਾਨ ਸਿੰਘ ਜੀ ਨੇ ਸਿੱਖ ਰਹਿਤ ਮਰਿਆਦਾ 1945 ਤੋਂ ਲਗਭਗ 50 ਸਾਲ ਪਹਿਲਾਂ ਹੀ ਗੁਰਮਤਿ ਸਿਧਾਂਤਾਂ ਬਾਰੇ ਵਿਸਤਾਰ ਵਿਚ ਲਿਖਿਆ ਸੀ, ਇਸ ਲਈ ਇਹ ਵਿਚਾਰ ਹੋਰ ਪ੍ਰਭਲ ਹੋ ਉੱਠਿਆ ਕਿ ਉਸ ਵਿਦਵਾਨ ਲੇਖਕ ਜੀ ਦੇ ਕੰਮ ਤੋਂ ਹੀ ਮੌਜੂਦਾ ਸਿੱਖ ਰਹਿਤ ਮਰਿਆਦਾ ਬਾਰੇ ਪ੍ਰਚਾਰੇ ਜਾ ਰਹੇ ਕਥਿਤ ਸਮਝੋਤਾਵਾਦ ਨੂੰ ਪਰਖਿਆ ਜਾਏ।ਸੁਭਾਵਕ ਜਿਹੀ ਗਲ ਹੈ ਕਿ ਭਾਈ ਸਾਹਿਬ ਜੀ ਵਰਗੇ ਵਿਦਵਾਨ (ਜੋ ਕਿ 1939 ਵਿਚ ਅਕਾਲ ਚਲਾਣਾ ਕਰ ਗਏ ਸੀ) ਜੀ ਦਿਆਂ ਉਨ੍ਹਾਂ ਲਿਖਤਾਂ ਨੂੰ ਵਿਚਾਰਣ ਦੀ ਲੋੜ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਬਾਰੇ ਪਹਿਲੀ ਅਤੇ ਆਖ਼ਰੀ ਮੀਟਿੰਗ ਤੋਂ ਦਹਾਕਿਆਂ ਪਹਿਲਾਂ ਲਿਖਿਆਂ ਗਈਆਂ ਸਨ ਅਤੇ ਜਿਨ੍ਹਾਂ ਵਿਚ ਸਿੱਖ ਰਹਿਣੀ ਦੇ ਕਈ ਪੱਖਾਂ ਬਾਰੇ ਜਾਣਕਾਰੀ ਵਿਚਾਰੀ ਅਤੇ ਦਰਜ਼ ਕੀਤੀ ਗਈ ਸੀ।

ਕੀ ਭਾਈ ਸਾਹਿਬ ਨੂੰ ਪ੍ਰਚਲਤ ਸਿੱਖ ਰਸਮਾਂ ਦਾ ਕੋਈ ਗਿਆਨ ਨਹੀਂ ਸੀ ਜਾਂ ਫ਼ਿਰ ਉਨ੍ਹਾਂ ਦੇ ਅਗਿਆਨ ਬਾਰੇ ਭਾਈ ਦਿੱਤ ਸਿੰਘ ਅਤੇ ਪ੍ਰਿ. ਸ. ਤੇਜਾ ਸਿੰਘ, ਗੁਰਮੁਖ ਸਿੰਘ, ਸ. ਜਵਾਹਰ ਸਿੰਘ ਆਦਿ ਵਿਦਵਾਨ ਵੀ ਅਗਿਆਨੀ ਜਾਂ ਸਮਝੋਤਾਵਾਦੀ ਸਨ? ਇਹ ਸਵਾਲ ਉਚੇਚੇ ਧਿਆਨ ਅਤੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।

ਧਿਆਨ ਕਰਨਾ ਕਿ ਖੰਡੇ ਦੇ ਅੰਮ੍ਰਿਤ ਦੀ ਰਸਮ, ਬਾਣੀਆਂ ਅਤੇ ਰਚਨਾਵਾਂ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਿਆਂ ਲਿਖਤਾਂ), ਆੰਨਦ ਕਾਰਜ, ਅਰਦਾਸ, ਵਾਕ ਲੇਂਣ ਦੇ ਤਰੀਕੇ ਆਦਿ ਤੋਂ ਲੇ ਕੇ ਕਈ ਹੋਰ ਵਿਸ਼ੇਆਂ ਬਾਰੇ ਭਾਈ ਕਾਨ ਸਿੰਘ ਜੀ ਨਾਭਾ ਰਹਿਤ ਮਰਿਆਦਾ ਬਣਨ ਤੋਂ 50 ਸਾਲ ਪਹਿਲਾਂ ਤੋਂ ਹੀ ਠੀਕ ਉਹੀ ਕੁੱਝ ਲਿਖ ਰਹੇ ਸੀ ਜੋ ਕਿ 1945 ਦੀ ਰਹਿਤ ਮਰਿਆਦਾ ਵਿਚ ਦਰਜ ਕੀਤਾ ਗਿਆ।ਰਾਗਮਾਲਾ ਬਾਰੇ ਉਹ ਅਸਿਹਮਤ ਸੀ ਪਰ ਉਸ  ਦੇ ਵਿਵਾਦ ਨੂੰ ਉਨਾਂ ਨਾ ਖਿੱਚਣ ਦਾ ਵਾਸਤਾ ਪਾਉਂਦੇ ਪੰਥ ਦਰਦਿਆਂ ਨੂੰ ‘ਰਾਗਮਾਲਾ ਦੀ ਤਾਨ’ ਛੱਡ ਹੋਰ ਸੁਧਾਰ ਕੰਮਾਂ ਵੱਲ ਧਿਆਨ ਦੇਂਣ ਦੀ ਲਿਖਤੀ ਬੇਨਤੀ ਕੀਤੀ ਸੀ।(ਇਹ ਭਾਈ ਸਾਹਿਬ ਜੀ ਵਰਗੀ ਅਸਹਿਮਤ ਸੋਚ ਹੀ ਸੀ ਜਿਸਦਾ ਨੋਟਿਸ ਲੇਂਦੇ, ਰਾਗਮਾਲਾ ਨੂੰ ਬਾਣੀ ਦੇ ‘ਕਥਿਤ ਦਰਜੇ’ ਤੋਂ ਹੇਠ ਉਤਾਰਿਆ ਗਿਆ ਸੀ।ਉਹ ਸੋਚ ਜੇਕਰ ਕਿੱਧਰੇ ਪੁਰੀ ਜੇਤੂ ਨਹੀਂ ਮੰਨੀ ਜਾਂਦੀ ਤਾਂ ਨਿਰਸੰਦੇਹ ਉਹ ਹਾਰੀ ਵੀ ਨਹੀਂ ਸੀ।‘ਰਾਗਮਾਲਾ ਬਾਣੀ ਨਹੀਂ’ ਇਸ ਦਾ ਨਿਰਨਾ ਰਹਿਤ ਮਰਿਆਦਾ ਵਿਚ ਭਾਈ ਸਾਹਿਬ ਜੀ ਦੀ ਅਸਹਿਮਤੀ ਕਾਰਣ ਹੀ ਮੌਜੂਦ ਹੈ )

ਜਾਂ ਤਾ ਇਹ ਕਿਹਾ ਜਾਏ ਕਿ ਇਨ੍ਹਾਂ ਸਾਰਿਆਂ ਵਿਦਵਾਨਾਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਗਿਆਨ ਨਹੀਂ ਸੀ ਤਾਂ ਗਲ ਵੱਖਰੀ ਹੈ ਪਰ ਇਹ ਵਿਚਾਰ ਕਿ ਉੱਪਰ ਲਿਖੇ ਮੁੱਧਿਆਂ ਬਾਰੇ 1945 ਵਿਚ ਅੰਦਰ ਖ਼ਾਨੇ ਸਮਝੋਤੇ ਹੋਏ ਸੀ ਔਚਿੱਤਪੁਰਣ ਅਤੇ ਨਿਆਂ ਯੁਕਤ ਪ੍ਰਤੀਤ ਨਹੀਂ ਹੁੰਦਾ ਹੈ।

ਵਾਸਤਵਿਕਤਾ ਇਹ ਹੈ ਕਿ ਅੱਜ ਤੋਂ 150 ਸਾਲ ਪਹਿਲਾਂ (ਜਿਸ ਵੇਲੇ ਭਾਈ ਕਾਨ ਸਿੰਘ ਜੀ ਦਾ ਜਨਮ ਹੋਇਆ ਸੀ) ਤਕ ਉੱਪਰ ਲਿਖਿਆਂ ਰਸਮਾਂ ਵਰਤੋਂ ਵਿਚ ਸਨ, ਜਿਨ੍ਹਾਂ ਨੂੰ ਜਵਾਨੀ ਵਿੱਚ ਕਦਮ ਰੱਖਦੇ ਭਾਈ ਸਾਹਿਬ ਨੇ ਵਾਚਿਆ ਸੀ ਅਤੇ ਲਗਭਗ 25 ਸਾਲ ਦੀ ਉਮਰ ਵਿਚ ਕਲਮਬੱਧ ਕਰਨਾ ਆਰੰਭਿਆ ਸੀ।ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਪ੍ਰਚਲਤ ਕਈ ਪ੍ਰਕਾਰ ਦੀ ਮਨਮਤਾਂ ਵੀ ਸਨ ਜਿਨ੍ਹਾਂ ਨੂੰ ਵੀ ਭਾਈ ਸਾਹਿਬ ਜੀ ਨੇ ਬੇਹਿੱਚਕ ਆਪਣੀਆਂ ਪੁਸਤਕਾਂ ਵਿਚ ਨਖਿੱਦਦ ਹੋਏੇ, ਕਈ ਹੋਰ ਪੁਰਾਤਨ ਲਿਖਤਾਂ (ਗੁਰ ਬਿਲਾਸ 6 ਆਦਿ) ਵਿਚ ਦਰਜ਼ ਅਸਿਧਾਂਤਕ ਗਲਾਂ ਦੀ ਪੋਲ ਵੀ ਖੋਲੀ ਸੀ।ਪਰ ਗੁਰਮਤਿ ਨੂੰ ਸਮਰਪਿਤ ਭਾਈ ਸਾਹਿਬ ਸਮੇਤ ਸੁਚੇਤ ਹੋਰ ਸਾਮਕਾਲੀ ਆਗੂ ਵਿਦਵਾਨਾਂ ਨੇ ਕਿਵੇਂ ‘ਲੇ’ ‘ਦੇ’ ਕੇ ਸਿਧਾਂਤਕ ਸਮਝੋਤੇ ਕਰ ਲਏ? ਕੀ ਉਹ ਕਿਸੇ ਦੀ ਚਾਲ ਅੱਗੇ ਚੁੱਪ ਰਹਿਣ ਵਾਲਿਆਂ ਵਿੱਚੋਂ ਸਨ?

ਜੇ ਕਰ ਨਹੀਂ, ਤਾਂ ਫ਼ਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਨਿਤਨੇਮ ਦਿਆਂ ਲਿਖਤਾਂ ਅਤੇ ਅਰਦਾਸ ਦੀ ਆਰੰਭਕ ਸ਼ਬਦਾਵਲੀ ਆਦਿ ਗਲਾਂ ਅੰਦਰ ਖ਼ਾਨੇ ਹੋਏ ਸਮਝੋਤਾਵਾਦ ਦਾ ਸਿੱਟਾ ਸਨ? ਧਿਆਨ ਵਿਚ ਰੱਖੀਏ ਕਿ ਦਰਬਾਰ ਸਾਹਿਬ ਵਿਚੋਂ ਮੂਰਤਿਆਂ ਚੁੱਕਵਾਉਂਣ ਦੇ ਫ਼ੈਸਲੇ ਤੋਂ ਪਹਿਲਾਂ , ਸਰਕਾਰੀ ਤੰਤਰ ਨੇ ਭਾਈ ਕਾਨ ਸਿੰਘ ਜੀ ਤੋਂ ਹੀ ਇਸ ਬਾਬਤ ਗੁਰਮਤਿ ਸਿਧਾਂਤ ਦੀ ਵਿਆਖਿਆ ਤਲਬ ਕੀਤੀ ਸੀ ਅਤੇ ਭਾਈ ਸਾਹਿਬ ਜੀ ਦੇ ਲਿਖਤੀ ਜਵਾਬ ਦੇ ਬਾਦ ਹੀ ਪ੍ਰਸ਼ਾਸਨ ਨੇ ਮੂਰਤਿਆਂ ਚੁੱਕਵਾਉਂਣ ਵਿਚ ਸਹਿਯੋਗ ਕਰਨ ਦਾ ਨਿਰਨਾ ਲਿਆ ਸੀ।ਐਸੇ ਵਿਦਵਾਨ ਕੋਈ ਗਲਤੀ ਖਾ ਵੀ ਸਕਦੇ  ਹਨ ਪਰ ਇਹ ਮੁਮਕਿਨ ਨਹੀਂ ਜਾਪਦਾ ਕਿ ਉਹ ਖੰਡੇ ਦੇ ਅੰਮ੍ਰਿਤ, ਨਿਤਨੇਮ, ਅਰਦਾਸ ਆਦਿ ਵਰਗੇ ਮਰਿਆਦਤ ਵਿਸ਼ਿਆਂ ਤੇ ਕਿਸੇ ਨਾਲ ‘ਹੋਲਸੇਲ’ ਸਮਝੋਤਾ ਕਰ ਸਕਦੇ ਹਨ।

ਇਹ ਵੀ ਧਿਆਨ ਦੇਂਣ ਦੀ ਲੋੜ ਹੈ ਕਿ ਭਾਈ ਸਾਹਿਬ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਲਗਭਗ 150 ਸਾਲ ਬਾਦ ਹੋਇਆ ਸੀ ਅਤੇ ਇਹ ਸਮਾਂ 1708 ਤੋਂ 2011 ਦੇ ਵਿਚਕਾਰ ਦਾ ਬਣਦਾ ਹੈ।ਅਸੀਂ ਕੁਝ ਮਾਮਲਿਆਂ ਬਾਰੇ ਚਸ਼ਮਦੀਦ ਤਾਂ ਨਹੀਂ ਹੋ ਸਕਦੇ ਪਰ ਕਿਸੇ ਤੱਥ ਦੀ ਪੜਚੋਲ ਬਾਰੇ 1861 ਅਤੇ 2011 ਵਿਚਲੇ 150 ਸਾਲ ਦੇ ਸਮੇਂ ਨੂੰ ਅਧਾਰ ਤਾਂ ਬਣਾ ਸਕਦੇ ਹਾਂ ਤਾਂਕੀ ਕੁੱਝ ਵਿਸ਼ਿਆ ਤੇ ਰੋਸ਼ਨੀ ਪੇ ਸਕੇ।ਮਿਸਾਲ ਦੇ ਤੋਰ ਤੇ 1708 ਤੋਂ ਬਾਦ ਦੇ ਸਮੇਂ ਦਿਆਂ ਮਿਲਦਿਆਂ ਬੀੜਾਂ ਵਿਚਕਾਰ ਕਈ ਅੰਤਰ-ਭੇਦ ਨਜ਼ਰ ਤਾਂ ਆਉਂਦੇ ਹਨ ਪਰ ਐਸੇ ਸਵਰੂਪ ਨਹੀਂ ਮਿਲਦੇ ਜਿਨਾਂ ਵਿੱਚ ਮੁੰਦਾਵਣੀ ਤੋਂ ਬਾਦ ਨਿਤਨੇਮ ਦਿਆਂ ਰਚਨਾਵਾਂ ਦਰਜ ਕੀਤੀਆਂ ਗਈਆਂ ਹੋਣ।ਜੇਕਰ 1708 ਤੋਂ ਪਹਿਲੇ ਦਾ ਸਮਾਂ ਵੀ ਵਿਚਾਰੀਏ ਤਾਂ ਉਸ ਵੇਲੇ ਦਿਆਂ ਲਿਖਤੀ ਬੀੜਾਂ ਵਿਚਕਾਰ ਵੀ ਅੰਤਰ-ਭੇਦ ਮਿਲਦੇ ਹਨ ਜੋ ਕਿ ਗੁਰੂਆਂ ਦੀ ਰਹਬਰੀ ਦਾ ਸਮਾਂ ਸੀ।ਜਾਹਰ ਹੈ ਕੁੱਝ ਸੁਭਾਵਕ ਗਲਾਂ ਨੂੰ ਗੁਰੂਆਂ ਵੇਲੇ ਵੀ ਵਿਵਾਦਤ ਮੁੱਧਾ ਨਹੀਂ ਸੀ ਬਣਾਇਆ ਜਾਂਦਾ।

ਹੁਣ ਜੇਕਰ 1708 ਤੋਂ ਬਾਦ ਸੁੱਖਧਾਰਾ ਦੇ ਸਿੱਖਾਂ ਦਾ ਜੰਗਲਵਾਸ ਵੀ ਮੰਨਿਆਂ ਜਾਏ ਤਾਂ ਇਸ ਸਵਾਲ ਤੇ ਵਿਚਾਰ ਦੀ ਲੋੜ ਹੈ ਕਿ ਉਸ ਸਮੇਂ ਕਿਸ ਚੀਜ਼ ਨੇ ਗੁਰਮਤਿ ਵਿਰੋਧੀ ਤਾਕਤਾਂ ਨੂੰ ਰੋਕਿਆ ਹੋਵੇਗਾ ਕਿ ਉਹ ਤਾਕਤਾਂ ਬੀੜਾਂ ਦੇ ਵਿਚ ਨਿਤਨੇਮ ਦਿਆਂ ਬਾਹਰੀ ਰਚਨਾਵਾਂ ਦਰਜ ਨਹੀਂ ਕਰ ਸੱਕਿਆਂ? ਇਸ ਸਵਾਲ ਦੇ ਜਵਾਬ ਵਿਚ ਇਸ ਤੱਥ ਨੂੰ ਵਿਚਾਰਣ ਦੀ ਲੋੜ ਹੈ ਕਿ ਜੰਗਲਵਾਸ ਦੀ ਹਾਲਤ ਵਿਚ ਵੀ ਬਾਹਰ ਉਹ ਸੁਚੇਤ ਵਰਗ ਮੌਜੂਦ ਸੀ ਜਿਸ ਨੂੰ ਬੀੜਾਂ ਵਿਚ ਨਿਤਨੇਮ ਦਿਆਂ ਬਾਹਰੀ ਰਚਨਾਵਾਂ ਦੇ ਦਾਖ਼ਿਲੇ ਕਰ ਵਰਗਲਾਇਆ ਨਹੀਂ ਸੀ ਜਾ ਸਕਦਾ।ਅਗਰ ਐਸਾ ਮੁੰਮਕਿਨ ਹੁੰਦਾ ਤਾਂ ਬੀੜਾਂ ਦੇ ਅੰਦਰ ਹੀ ਪਾਤਿਸ਼ਾਹੀ 10 ਦੇ ਨਾਮ ਹੇਠ ਲਿਖਤਾਂ ਦਰਜ ਕਰ ਦਿੱਤੀਆਂ ਜਾਂਦੀਆਂ।ਫ਼ਿਰ ਜੰਗਲ ਵਾਸ ਵੀ ਕੋਈ ਐਸੀ ਸਥਿਤੀ ਨਹੀਂ ਸੀ ਕਿ ਸਿੱਖਾਂ ਦਾ ਅਬਾਦੀ ਤੋਂ ਸੰਪੁਰਣ ਤੌਰ ਤੇ ਕੋਈ ਸੰਪਰਕ ਨਹੀਂ ਸੀ। ਸਾਰਿਆਂ ਗਲਾਂ ਨੂੰ ਸਿੱਖਾਂ ਦੇ ਗਲ ਰਾਤੋ-ਰਾਤ ਪਾਉਂਣਾ ਸੋਖਾ ਕੰਮ ਨਹੀਂ ਸੀ ਹੋ ਸਕਦਾ।

ਵਾਸਤਵ ਵਿਚ 1708 ਤੋਂ ਬਾਦ ਸਿੱਖ ਸੁਚੇਤਤਾ ਨਾ ਤਾਂ ਕਦੇ 100% ਹੋਈ ਸੀ ਅਤੇ ਨਾ ਹੀ ਕਦੇ 0%. ਐਸਾ ਹੁੰਦਾ ਤਾਂ ਜਾਂ ਤਾਂ ਸਿੱਖੀ 100% ਹੁੰਦੀ ਜਾਂ ਫ਼ਿਰ 0% ਅਤੇ ਕੁੱਝ ਨਾ ਬੱਚਦਾ।ਦਰਅਸਲ ਇਹ ਕਿੱਧਰੇ ‘ਵਿਚਕਾਰ ਤੋਂ ਹੇਠ’ ਦੀ ਸਥਿਤੀ ਸੀ ਜਿਸ ਵਿਚ ਬਹੁਤ ਕੁੱਝ ਗਲਤ ਤਾਂ ਸੀ ਪਰ ਸਭਕੁੱਝ ਬਰਬਾਦ ਨਹੀਂ! ਅਸੀਂ ਵੇਖ ਸਕਦੇ ਹਾਂ ਕਿ ਸਿੰਘ ਸਭਾ ਲਹਿਰ ਵੀ ਸਿਫ਼ਰ (ਜ਼ੀਰੋ) ਤੋਂ ਨਹੀਂ ਸੀ ਉੱਠੀ, ਬਲਕਿ ਉਸ ਦੇ ਉੱਠਣ ਦੇ ਅਧਾਰ ਬੀਜ, ਸਿੱਖ ਮਾਨਸਿਕਤਾ ਵਿਚ ਪਿੱਛੋਂ ਦੀ ਹੀ ਤੁਰਦੇ ਟਿੱਕੇ ਹੋਏ ਸੀ ਜੋ ਕਿ ਸਮਾਂ ਪਾ ਕੇ ਪੁੰਗਰੇ ਸਨ।ਵਿਚਾਰਣ ਯੋਗ ਗਲ ਹੈ ਕਿ ਜਿਸ ਮਾਨਸਿਕਤਾ ਨੇ ‘ਹਮ ਹਿੰਦੂ ਨਹੀਂ’ ਕਹਿ ਕੇ  ਆਪਣੀ ਵੱਖਰੀ ਹੋਂਦ ਦਰਸਾਈ, ਮੁਰਤੀਆਂ ਚੁੱਕਵਾਈਆਂ, ਬਾਣੀ ਸਵਰੂਪ ਚੋਂ ਫ਼ਾਲਤੂ ਰਚਨਾਵਾਂ ਬਾਹਰ ਤਾਂ ਕੱਢੀਆਂ ਪਰ ਉਸ ਨੇ ਖੰਡੇ ਦੇ ਅੰਮ੍ਰਿਤ, ਨਿਤਨੇਮ ਦਿਆਂ ਲਿਖਤਾਂ ਅਤੇ ਅਰਦਾਸ ਵਰਗੀਆਂ ਰਸਮਾਂ/ਗਲਾਂ ਕਿਵੇਂ ਕਬੂਲ ਕਰ ਲਈਆਂ ? ਅੰਦਰ ਖ਼ਾਨੇ ਸਮਝੋਤੇ ਰਾਹੀਂ? ਅਗਰ ਨਹੀਂ ਤਾਂ ਇਹ ਕੰਮ ਕੇਵਲ ਉਹੀ ਵਿਦਵਾਨ ਨਹੀਂ ਸੀ ਕਰ ਸਕਦੇ ਸਨ ਜਿਨ੍ਹਾਂ ਨੂੰ ਸਿੱਖੀ ਸਿਧਾਂਤਾ ਅਤੇ ਮਰਿਆਦਾ ਬਾਰੇ ਜ਼ੀਰੋ ਗਿਆਨ ਸੀ ? ਉਹ ਵਿਦਵਾਨ ਕੋਂਣ ਸਨ?

  ਮਰਿਆਦਾ ਦਾ ਲਾਗੂ ਹੋਣਾ ਜਾਂ ਨਾ ਹੋਣਾ ਵੱਖਰੀ ਗਲ ਹੈ ਪਰ ਇਹ ਤੱਥ ਹੀ ਹੈ ਕਿ 1890 ਤੋਂ 2011 ਵਿਚਕਾਰ ਦੇ 121 ਸਾਲਾ ਸਮੇਂ ਵਿਚ ਅਮ੍ਰਿਤ ਸੰਸਕਾਰ,ਅਰਦਾਸ,ਆਨੰਦ ਕਾਰਜ,ਨਾਮਕਰਨ ਅਤੇ ਨਿਤਨੇਮ ਦਿਆਂ ਬਾਣਿਆਂ ਅਤੇ ਲਿਖਤਾਂ ਬਾਰੇ ਕੋਈ ਐਸਾ ਬਦਲਾਵ ਨਹੀਂ ਆਇਆ ਜਿਸ ਤੋਂ ਸੁਚੇਤ ਵਰਗ ਅਣਜਾਣ ਰਹਿ ਗਿਆ ਹੋਵੇ ਜਾਂ ਉੇਸ ਵਰਗ ਨੇ ਉਸ ਨੂੰ ਬਿਨ੍ਹਾਂ ਵਿਰੋਧ ਕਬੂਲ ਕਰ ਲਿਆ ਹੋਵੇ।ਇਸੇ ਪਰਿਪੇਖ ਵਿਚ 1708 ਤੋਂ 1861 ਦੇ 150 ਸਾਲਾ ਪਿੱਛਲੇ ਅੰਤਰਾਲ ਨੂੰ ਵਿਚਾਰਣ ਦੀ ਲੋੜ ਹੈ ਜਿਸ ਵਿਚੋਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਬਚੇ ਸਮਕਾਲੀ ਸੁਚੇਤ ਸਿੱਖਾਂ ਦੇ ਜੀਵਨ ਕਾਲ ਦੇ ਸਮੇਂ ਨੂੰ ਨਫ਼ੀ ਕੀਤਾ ਜਾਏ ਤਾਂ ਇਹ ਸਮਾਂ 125 ਕੁ ਸਾਲ ਦਾ ਬਣਦਾ ਹੈ।ਲਗਭਗ ਉਨ੍ਹਾਂ ਹੀ ਜਿਨਾਂ ਕਿ ਅਸੀਂ 1890 ਤੋਂ (ਭਾਈ ਕਾਨ ਸਿੰਘ ਨਾਭਾ ਦੀ ਲਿਖਤਾਂ ਦਾ ਦਹਾਕਾ) ਹੁਣ ਤਕ ਤੈਅ ਕਰ ਆਏ ਹਾਂ।

ਕਿਸੇ ਥਾਂ ਕਿਸੇ ਮੁਗਾਲਤੇ ਦੀ ਗਲ ਵੱਖਰੀ ਹੁੰਦੀ ਹੈ ਪਰ ਆਪਣੇ ਵਿਚਾਰਾਂ ਨੂੰ ਸਥਾਪਤ ਕਰਨ ਲਈ ਇਹ ਤੱਥ ਵਹੀਣ ਵਿਚਾਰ ਯੋਗ ਨਹੀਂ ਜਾਪਦਾ ਕਿ ਸਿੰਘ ਸਭਾ ਲਹਿਰ ਦੇ ਆਗੂ ਸਮਝੋਤਾਵਾਦ ਦੇ ਚਲਦੇ ਕੋਮ ਦੇ ਗਲ ਮਨਮਤਾਂ ਦਾ ਪਿਟਾਰਾ ਪਾ ਗਏ।ਤੱਥ ਇਹ ਹੈ ਕਿ ਸਿੰਘ ਸਭਾ ਲਹਿਰ ਦੇ ਭਾਈ ਕਾਨ ਸਿੰਘ ਜੀ ਵਰਗੇ ਮੋਢੀ ਵਿਦਵਾਨ ਲੇਖਕਾਂ ਅਤੇ ਆਗੁਆਂ ਦੇ ਵਿਚਾਰਾਂ ਵਿਚ ਆਈ ਗੁਰਮਤਿ ਦੀ ਸਮਝ ਨੇ ਹੀ ਸਿੱਖ ਰਹਿਤ ਮਰਿਆਦਾ ਦਾ ਰੂਪ ਇਖ਼ਤਿਆਰ ਕੀਤਾ ਸੀ। ਉਹ ਬਾਹਰੀ ਦਬਾਉ ਵਿਚ ਆਉਂਣ ਵਾਲਿਆਂ ਵਿਚੋਂ ਨਹੀਂ ਸਨ।ਜੇ ਕੋਈ ਹੁੰਦਾ ਵੀ ਤਾਂ ਹਾਅ ਦਾ ਨਾਰਾ ਮਾਰਨ ਵਾਲੇ ਵੀ ਕਈ ਹੁੰਦੇ।ਇਹ ਸਿੱਖ ਰਹਿਤ ਮਰਿਆਦਾ ਨਾਲ ਜੁੜਿਆ ਇਕ ਸੱਚ ਹੈ!

ਉਨ੍ਹਾਂ ਦੇ ਉਪਰਾਲਿਆਂ ਨੂੰ ਜੇਕਰ ਕਿਸੇ ਨੇ ਨਹੀਂ ਕਬੂਲ ਕੀਤਾ ਤਾਂ ਇਸ ਵਿਚ ਅਸਫ਼ਲਤਾ ਉਨ੍ਹਾਂ ਦੀ ਨਹੀਂ ਬਲਕਿ ਉਸ ਸਮਾਜ ਦੀ ਹੈ ਜੋ ਕਦੇ ਵੀ 100% ਸਹਿਮਤ ਨਹੀਂ ਹੁੰਦਾ ਅਤੇ ਨਿਰੰਤਰ ਬਦਲਦਾ ਰਹਿੰਦਾ ਹੈ।ਇਹ ਕੁਦਰਤ ਹੈ ਜਿਸ ਦੇ ਚਲਦੇ ਗੁਰੂਆਂ ਵਲੋਂ ਆਪ ਸਥਾਪਤ 238 ਸਾਲਾ (1469 ਤੋਂ 1708) ਮਜ਼ਬੂਤ ਪ੍ਰਬੰਧ ਵੀ ਉਨਾਂ ਬਾਦ ਕਈ ਪੱਖੋਂ ਲਾਗੂ ਨਹੀਂ ਰਹਿ ਪਾਇਆ।ਗੁਰਮਤਿ ਅਤੇ ਮਨਮਤਿ ਦਾ ਸੰਘਰਸ਼ ਕਿਸੇ ਯੱਕਮੂਸ਼ਤ ਵਿਵਸਥਾ ਰਾਹੀਂ ਨਹੀਂ ਖ਼ਤਮ ਹੋ ਸਕਦਾ।ਇਸ ਨੇ ਚਲਦੇ ਰਹਿਣਾ ਹੈ।ਸਾਡੇ ਉਪਰਾਲੇ ਸਾਡੇ ਨਾਲ ਹੀ ਹਨ ਅਤੇ ਉਸ ਤੋਂ ਬਾਦ, ਉਨ੍ਹਾਂ ਦੀ ਸਫ਼ਲਤਾ ਜਾਂ ਅਸਫ਼ਲਤਾ, ਕੁਦਰਤ ਦੀ ਖੇਡ ਕਾਰਣ, ਆਉਂਣ ਵਾਲਿਆਂ ਪੀੜੀਆਂ ਦੀ ਸਿੱਖੀ ਪ੍ਰਤੀਬੱਧਤਾ ਅਤੇ ਉਪਰਾਲਿਆਂ ਤੇ ਨਿਰਭਰ ਹੋਵੇਗੀ। ਪਰ ਇਹ ਇਕ ਬੇ-ਇਨਸਾਫ਼ੀ ਹੀ ਹੋਵੇਗੀ ਕਿ ‘ਕਲ’ ਕੋਈ ‘ਅੱਜ’ ਦੇ ਕਿਸੇ ਸੁਹਿਰਦ ਉਪਰਾਲੇ ਨੂੰ ਸਮਝੋਤਾਵਾਦ ਕਹਿ ਕੇ ਵਿਚਾਰੇ।


ਹਰਦੇਵ ਸਿੰਘ ,ਜੰਮੂ