Saturday, 16 September 2017

 ਗੁਰੂ ਸਾਹਿਬਾਨ ਨੂੰ ਭੁੱਲਣਹਾਰ ਐਲਾਨਣ ਵਾਲਿਆਂ ਤੋਂ ਸਵਾਲ ?


 ਹਰਦੇਵ ਸਿੰਘ, ਜੰਮੂ


ਗੁਰੂ ਸਾਹਿਬਾਨ ਨੂੰ ਭੁੱਲਣਹਾਰ ਦਰਸਾਉਣ ਦੇ 'ਅੰਨੇ ਵਿਚਾਰ' ਦਾ ਪਤਾ ਮੈਂਨੂੰ ਸੰਨ ੨੦੦੯ ਦੇ ਅੰਤ ਵਿਚ ਲੱਗਾ ਸੀ। ਮੈਂ ਮਰਿਆਦਾ ਵਿਚ ਰਹਿ ਕੇ ਇਸ ਕੁੜ ਪ੍ਰਚਾਰ ਦਾ ਵਿਰੌਧ ਕੀਤਾ। ਇਹ ਸੱਜਣ ਗੁਰਬਾਣੀ ਦੇ ਨਾਮ ਤੇ ਬਾਣੀ ਦੇ ਗਲਤ ਅਤੇ ਅਪ੍ਰਸੰਗਕ ਅਰਥ ਕਰਕੇ, ਗੁਰੂ ਸਾਹਿਬਾਨ ਨੂੰ ਭੁੱਲਣਹਾਰ ਦੱਸਣ ਦਾ ਤਰਕ ਦਿੰਦੇ ਰਹੇ ਸਨ।


ਮੈਂ ਇਸ ਬਾਰੇ ਲੇਖ ਵੀ ਲਿਖੇ। ਗੁਰੂ ਸਾਹਿਬਾਨ ਨੂੰ ਭੁੱਲਣਹਾਰ ਸਿੱਧ ਕਰਨ ਤੇ ਬਾਜਿੱਦ ਸੱਜਣਾਂ ਤੋਂ ਮੈਂ ਅੱਜ ਫਿਰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ, ਕਿ ਜੇ ਕਰ, ਗੁਰੂ ਸਾਹਿਬਾਨ  ਭੁਲੱਣਹਾਰ ਸਨ, ਤਾਂ ਭੁੱਲਣਹਾਰ ਗੁਰੂ, ਤਰੁੱਟੀ ਹੀਣ ਬਾਣੀ ਕਿਵੇਂ ਉੱਚਾਰ ਗਏ ? ਕੀ ਕਾਰਣ ਹੈ ਕਿ ਭੁੱਲਣਹਾਰ (ਜਿਵੇਂ ਤੁਸੀ ਸਿੱਧ ਕਰਨਾ ਚਾਹੁੰਦੇ ਹੋ ) ਗੁਰੂ ਸਾਹਿਬਾਨ  ਬਾਣੀ ਉੱਚਾਰਣ ਵਿਚ ਹੀ ਭੁੱਲਾਂ ਕਰਕੇ ਗਲਤ/ਝੂਠ ਨੂੰ ਸੱਚਕਰਕੇ ਨਾ ਪੇਸ਼ ਕਰ ਗਏ ਹੋਣ ? ਇਹ ਸਵਾਲ ਮੈਂ ਪਹਿਲਾਂ ਵੀ ਪੁੱਛੇ ਸਨ ਅਤੇ ਇਨ੍ਹਾਂ ਦਾ ਕੋਈ ਜਵਾਬ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਸਿੱਧ ਕਰਨ ਵਾਲੀ ਮਾਨਸਿਕਤਾ ਪਾਸ ਨਹੀਂ ਸੀ।


ਇਸ ਪੱਖੋਂ ਅਕਲ ਤੋਂ ਹੀਣ ਸੱਜਣੋਂ, ਜੇ ਕਰ ਬਾਣੀ ਉੱਚਾਰਣ ਵਾਲੇ ਭੁੱਲਣਹਾਰ ਸਨ ਤਾਂ ਬਾਣੀ ਕਿਵੇਂ ਅਭੂੱਲ ਮੰਨੀ ਜਾ ਸਕਦੀ ਹੈ ? ਤੁਹਾਡੀ ਅਕਲ ਤੇ ਤਰਸ ਆਉਂਦਾ ਹੈ ਕਿ ਤੁਸੀ ਆਪਣੇ ਆਪ ਨੂੰ ਅਭੁੱਲ ਮੰਨ ਕੇ ਗੁਰੂ ਸਾਹਿਬਾਨ ਨੂੰ ਭੁੱਲਣਹਾਰ ਐਲਾਨ ਰਹੇ ਹੋ! ਇਹ ਕਿਵੇਂ ਹੋ ਸਕਦਾ ਹੈ ਕਿ ਇਕ, ਮਨੁੱਖ ਜੋ ਕਿ ਭੁੱਲਣਹਾਰ ਹੋਵੇ, ਉਸਦੀ ਲਿਖਤ ਮਨੁੱਖਤਾ ਲਈ ਅਭੁੱਲ ਅਤੇ ਅੱਟਲ ਸੱਚ ਦਾ ਗਿਆਨ ਹੋਵੇ ?


ਸੱਜਣੋਂ! ਬੇਨਤੀ ਹੈ ਕਿ ਗੁਰੂ ਸਾਹਿਬਾਨ ਨੂੰ  ਇੰਝ ਅਪਮਾਨਤ ਕਰਕੇ ਸਿੱਖਾਂ ਦੇ ਜੀਵਨ ਵਿਚੋਂ ਬਾਹਰ ਕੱਡਣ ਦੀ ਮਾਨਸਿਕਤਾ ਸਿੱਖ ਅਖਵਾਉਂਦੇ ਬੰਦੇਆਂ ਨੂੰ ਸੋਭਦੀ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਮਾਨਸਿਕਤਾ ਦਾ ਅਗਲਾ ਨਿਸ਼ਾਨਾ ਗੁਰਬਾਣੀ ਹੀ ਹੈ।

ਹਰਦੇਵ ਸਿੰਘ, ਜੰਮੂ-੧੬.੦੯.੨੦੧੭