'ਚਮਤਕਾਰ'
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ,ਜੰਮੂ
ਕੁਦਰਤ ਦੇ ਵਿਰੌਧ ਵਿਚ ਕੋਈ ਵੀ 'ਚਮਤਕਾਰ' ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।
ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚੋਂ ਜੀਵਨ ਦਾ ਉੱਦਗਮ ਇਕ ਚਮਤਕਾਰ ਨਹੀਂ ? ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾ ਵਿਚ ਵੇਖਣ ਦੀ ਸਮਰਥਾ ਚਮਤਕਾਰ ਨਹੀਂ ? ਨਿਰਜੀਵ ਤੱਤਾਂ ਵਿਚ ਮਨੁੱਖਾ ਮਨ ਦੀ ਉਤਪਤੀ ਤੱਤਾਂ ਵਿਚ ਮੌਜੂਦ ਚੇਤਨ ਦੀ ਪਰਕਾਸ਼ਠਾ ਹੈ! ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ? ਕੇਵਲ ਇਕ ਭੌਤਿਕ ਘਟਨਾ ?
ਇਹ ਕੁਦਰਤ ਦਾ ਨਿਯਮ ਹੀ ਹੈ ਕਿ ਮੱਨੁਖ ਦਾ ਸਾਮਰਥ ਕੁਦਰਤ ਦੀ ਵਿਸ਼ਾਲਤਾ ਦੇ ਸਮਕਸ਼ ਬਹੁਤ ਹੀ ਸੀਮਿਤ ਹੈ।ਕੁਦਰਤ ਦੇ ਨਿਯਮਾਂ ਦੀ ਦੁਹਾਈ ਪਾਉਂਣ ਵਾਲੇ ਆਪ ਇਸ ਨਿਯਮ ਦੇ ਵਿਰੌਧ ਵਿਚ ਹਨ ? ਕਿਉਂ ? ਜੀਵਨ ਸਮੇਤ ਸਾਰੇ ਅਕਾਰ (ਕੁਦਰਤ) ਬਿਨਸਹਾਰ ਹਨ। ਇਹ ਕੁਦਰਤ ਦਾ ਨਿਯਮ ਹੈ।ਪਰ ਪਰਮਾਤਮਾ ਇਸ ਨਿਯਮਾਵਲੀ ਦੇ ਦਾਈਰੇ ਤੋਂ ਬਾਹਰ ਹੈ। ਜੇਕਰ ਨਾ ਹੋਵੇ ਤਾਂ 'ਉਹ' ਆਪ ਵੀ ਬਿਨਸਹਾਰ ਹੋਵੇ। ਨਹੀਂ ?
ਪਰਮਾਤਮਾ ਦੇ ਗੁਣਾਂ ਵਿਚੋਂ ਕਿਸੇ ਇਕ ਗੁਣ ਨਾਲ ਸਬੰਧਤ ਪੁਰੇ ਸੱਚ ਨੂੰ ਵੀ ਕਹਿਣਾ ਔਖਾ ਹੈ। ਔਖੇ ਤੋਂ ਭਾਵ ਮੁਸ਼ਕਿਲ ਨਹੀਂ ਬਲਕਿ ਅਸੰਭਵ ਹੈ। ਕੀ ਬਾਣੀ ਦੀ ਕਸਵਟੀ ਵਰਤਨ ਦਾ ਦਮ ਭਰਦੇ ਕੁੱਝ ਸੱਜਣਾਂ ਨੇ ਬਾਣੀ ਦੀ ਇਸ ਸਿੱਖਿਆ ਨੂੰ ਕਦੇ ਡੁੰਗੇ ਹੋ ਕੇ ਸਮਝਿਆ ਹੈ ? ਉਹ ਤਾਂ ਇੰਝ ਦਾ ਵਰਤਾਵ ਕਰਦੇ ਹਨ ਜਿਵੇਂ ਕਿ ਕੁਦਰਤ ਦੇ ਨਿਯਮਾਂ ਨੂੰ ਉਨਾਂਹ ਆਪਣੇ ਚਿੰਤਨ ਦੀ ਪੋਟਲੀ ਵਿਚ ਸਮੇਟ ਮੋਢੇ
ਪਾ ਲਿਆ ਹੋਵੇ।
ਕੀ ਕੋਈ ਬੰਦਾ ਬ੍ਰਹਮਾਂਡ ਦੇ ਅਤਿ ਵਿਸ਼ਾਲ ਅਕਾਰਾਂ ਨੂੰ ਖ਼ਲਾ ਵਿਚ ਟਿਕਾ ਸਕਦਾ ਹੈ ? ਜੇਕਰ ਨਹੀਂ ਤਾਂ ਉਹ ਕਿਹੜਾ ਨਿਯਮ ਹੈ ਜੋ ਬ੍ਰਹਮਾਂਡ ਤੋਂ ਪਹਿਲਾਂ ਅਤੇ ਉਸ ਨੂੰ ਅਨੁਸ਼ਾਸਤ ਕਰਨ ਵਾਲਾ ਹੈ ? ਜੇ ਕਰ ਕੁਦਰਤ ਦਾ ਨਿਯਮ ਹੀ ਕੁਦਰਤ ਦਾ ਰਚਨਹਾਰ ਹੈ ਤਾਂ ਇਸ ਸੰਸਾਰ ਵਿਚ ਪਰਮਾਤਮਾ ਦਾ ਵਿਚਾਰ ਜਾਂ ਤਾਂ ਇਕ ਵਹਿਮ ਹੈ ਜਾਂ ਫਿਰ ਇਕ ਐਸਾ ਧੋਖਾ ਜਿਸ ਵਿਚ ਕੋਈ ਚਤੁਰ ਪਦਾਰਥਵਾਦੀ ਸਿੱਖੀ ਅਤੇ ਪਰਮਾਤਮਾ ਦੀ ਆੜ ਵਿਚ ਕੇਵਲ ਸ਼ੋਹਰਤ ਜਾਂ ਪੈਸਾ ਕਮਾਉਂਣ ਦਾ ਧੰਧਾ/ਧੜਾ ਚਲਾਉਂਦਾ ਹੈ।
ਹਾਂ ਕੁੱਝ ਸੱਜਣ ਐਸੇ ਵੀ ਹਨ ਜੋ ਕਿ ਵਿਦਵਤਾ ਦਾ ਭਰਮ ਪਾਲ ਕੇ ਉਸਦਾ ਪੋਸ਼ਣ ਕਰਦੇ ਹਨ।ਉਨਾਂਹ ਨੂੰ ਪਰਮਾਤਮਾ ਮਹਜ਼ ਇਕ 'ਵਸਤੂ ਕਾਰੀਗ਼ਰ' ਹੀ ਨਜ਼ਰ ਆਉਂਦਾ ਹੈ।
ਸਿਧਾਂ ਨੇ ਗੁਰੂ ਨਾਨਕ ਜੀ ਤੋਂ ਕੁਦਰਤ ਦੇ ਆਰੰਭ ਸਬੰਧੀ ਇਹ ਸਵਾਲ ਪੁੱਛਿਆ:-
ਆਦਿ ਕਉ ਕਵਨੁ ਬਿਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥(ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)
ਸੰਖੇਪ ਭਾਵਅਰਥ:- (ਪ੍ਰਸ਼ਨ) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫ਼ੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ ?
ਇਸ ਸਵਾਲ ਤੇ ਗੁਰੂ ਨਾਨਕ ਦੇਵ ਜੀ ਦਾ ਉੱਤਰ ਹੈ:-
ਅਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰ ਵਾਸੁ ਲੀਆ॥ (ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)
ਸੰਖੇਪ ਭਾਵਅਰਥ:- ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਸਚਰਜ ਹੀ ਕਿਹਾ ਜਾ ਸਕਦਾ ਹੈ,(ਤਦੋਂ ਇੱਕ-ਰਸ ਅਫੁਰ ਪਰਮਾਤਮਾ ਹੀ ਦਾ ਹੀ ਵਜੂਦ ਸੀ।
ਐਸੇ ਸੱਜਣੋਂ, ਜੋ ਕੁਦਰਤੀ ਨਿਯਮਾਂ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿਚ ਵੀ ਰਹੇਗਾ ਉਸ ਨੂੰ ਕਿਸ ਨਿਯਮ ਵਿਚ ਕਿਵੇਂ ਬੰਨੋਗੇ ?
ਬਿਨੁ ਸਚੇ ਸਭ ਕੂੜ ਹੈ ਅੰਤੇ ਹੋਇ ਬਿਨਾਸੁ॥(ਗੁਰੂ ਗ੍ਰੰਥ ਸਾਹਿਬ, ਪੰਨਾ ੪੯)
ਕੁਦਰਤ ਜੇ ਕਰ ਬਿਨਸਨਹਾਰ ਹੈ ਤਾਂ ਉਸ ਦਾ ਹਰ ਨਿਯਮ ਬਿਨਸਨਹਾਰ ਹੈ।ਇਹੀ ਅਬਿਨਾਸੀ ਪਰਮਾਤਮਾ ਦਾ ਨਿਯਮ ਹੈ।ਗੁਰਬਾਣੀ ਕੁਦਰਤ ਦੇ ਨਿਯਮਾਂ ਵਿਚ ਰੱਬ ਨੂੰ ਦੇਖਣ ਦੇ ਨਾਲ ਨਾਲ ਰੱਬ ਨੂੰ ਕੁਦਰਤੀ ਨਿਯਮਾਂ ਦੇ ਆਰ-ਪਾਰ ਵੀ ਦੇਖਦੀ ਹੈ।ਜਦ ਕਿ ਕੁੱਝ ਸੱਜਣਾਂ ਦੀ ਬੁੱਧੀ ਕੇਵਲ ਕੁੱਝ ਨਿਯਮਾਂ ਵਿਚ ਹੀ ਅਟਕੀ ਹੈ।
ਕੁਦਰਤੀ ਨਿਯਮ ਬਿਨਸਨਹਾਰ ਹਨ ਪਰ ਪਰਮਾਤਮਾ ਅਬਿਨਾਸੀ ਹੈ।ਕੁਦਰਤ ਸੱਚ ਹੈ ਪਰ ਸਰਵਕਾਲਿਕ
ਸੱਚ ਨਹੀਂ।ਇਸ ਲਈ ਉਸਦੇ ਨਿਯਮ ਵੀ ਕਾਲਿਕ ਸੱਚ ਹਨ।
ਪਰਮਾਤਮਾ ਕੁਦਰਤ ਦੇ ਨਿਯਮਾਂ ਵਿਚ ਹੈ ਪਰ ਉਹ ਉਨਾਂਹ ਨਿਯਮਾਂ ਵਿਚ ਕੈਦ ਨਹੀਂ ਬਲਕਿ ਅਜ਼ਾਦ ਹਸਤੀ ਵਾਲਾ ਹੈ।ਅਸੀਂ ਤਾਂ ਅੱਜੇ ਕੁਦਰਤ ਨੂੰ ਸਮਝ ਨਹੀਂ ਪਾਏ ਪਰਮਾਤਮਾ ਤਾਂ ਅਨੰਤ ਹੈ।
ਪਰਮਾਤਮਾ ਕੁਦਰਤ ਦੇ ਨਿਯਮਾਂ ਵਿਚ ਹੈ ਪਰ ਉਹ ਉਨਾਂਹ ਨਿਯਮਾਂ ਵਿਚ ਕੈਦ ਨਹੀਂ ਬਲਕਿ ਅਜ਼ਾਦ ਹਸਤੀ ਵਾਲਾ ਹੈ।ਅਸੀਂ ਤਾਂ ਅੱਜੇ ਕੁਦਰਤ ਨੂੰ ਸਮਝ ਨਹੀਂ ਪਾਏ ਪਰਮਾਤਮਾ ਤਾਂ ਅਨੰਤ ਹੈ।
ਇਸ ਲਈ ਵਿਚਾਰ ਦੀ ਲੋੜ ਹੈ ਕਿ ਕੁਦਰਤ ਦੇ ਵਿਰੌਧ ਵਿਚ ਕੋਈ ਵੀ ਚਮਤਕਾਰ ਨਹੀਂ ਹੁੰਦਾ।ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੌਧ ਵਿਚ ਹੁੰਦਾ ਹੈ ਇਸ ਲਈ ਉਸ ਨੂੰ ਕਬੂਲ ਕਰਨ ਵਿਚ ਕਠਨਾਈ ਹੁੰਦੀ ਹੈ।
ਹਰਦੇਵ ਸਿੰਘ,ਜੰਮੂ-੭.੭.੨੦੧੩
No comments:
Post a Comment