Thursday, 2 February 2012


‘ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਸਥਾਪਤ ਅਤੇ ਨਿਰਵਿਵਾਦਤ ਹੈ’
ਹਰਦੇਵ ਸਿੰਘ, ਜੰਮੂ
 
ਜੀਵਨ ਪਰਮਾਤਮਾ ਦੇ ਹੱਥ ਹੈ ਪਰ ਇੱਕ ਗਲ ਨਿਸ਼ਚਤ ਹੈ ਕਿ ਦਾਸ ਲਈ ਕੋਈ ਪੁਸਤਕ/ਗ੍ਰੰਥ ਐਸਾ ਨਹੀਂ ਹੋ ਸਕਦੀ/ਸਕਦਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਸ਼ੀਨ ਕੀਤਾ ਜਾ ਸਕੇ। ਇਸਦੇ ਨਾਲ ਹੀ ਦਾਸ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਸਵਰੂਪ ਤੋਂ ਬਾਹਰ ਕੋਈ ਐਸੀ ਇੱਕ ਪੰਕਤੀ ਵੀ ਨਹੀਂ ਹੋ ਸਕਦੀ ਜੋ ਬਾਣੀ ਦਾ ਦਰਜਾ ਰੱਖਦੀ ਹੋਵੇ।
 
30 ਸਾਲ ਪਹਿਲਾਂ ਸਨ 1982 ਵਿਚ, ਜਿਸ ਵੇਲੇ ਕਿ ਦਾਸ ਹੋਲੀ ਜਿਹੀ ਉਮਰ ਵਿੱਚ ਸੀ, ਪਤਾ ਚਲਿਆ ਸੀ ਕਿ ਵਚਿੱਤਰ ਨਾਟਕ ਵਿੱਚ ਸਾਰੀ ਰਚਨਾਵਾਂ ਦਸ਼ਮੇਸ਼ ਜੀ ਦਿਆਂ ਨਹੀਂ ਹਨ ਕਿਉਂਕਿ ਉਸ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਇਹ ਜਾਨਕਾਰੀ ਦਾਸ ਨੂੰ ਸ. ਜਗਜੀਤ ਸਿੰਘ ਜੰਮੂ ਜੀ ਨੇ ਦਿੱਤੀ ਸੀ। ਦਾਸ ਨੇ ਕਦੇ ਵੀ ਵਚਿੱਤਰ ਨਾਟਕ ਦੀਆਂ ਸਾਰੀਆਂ ਰਚਨਾਵਾਂ ਨੂੰ ਗੁਰੂਕ੍ਰਿਤ/ਪਰਵਾਣਿਤ ਨਹੀਂ ਮੰਨੀਆ ਸੀ। ਇਹ ਉਹ ਸਮਾਂ ਸੀ ਜਿਸ ਵੇਲੇ ਦਾਸ ਨੂੰ ਬਾਣੀ ਅਤੇ ਰਚਨਾਵਾਂ ਬਾਰੇ ਅੰਤਰ ਵੀ ਸਪਸ਼ਟ ਹੋ ਗਿਆ ਸੀ। ਦਾਸ ਨੇ ਅਪਣੇ ਜੀਵਨ ਵਿੱਚ ਕਦੇ ਵੀ ਇਹ ਨਹੀਂ ਪੜਿਆ/ਸੁਣਿਆ ਕਿ ਸ਼ਬਦ ਗੁਰੂ ਗ੍ਰੰਥ ਤੋਂ ਇਲਾਵਾ ਕੋਈ ਹੋਰ ਗ੍ਰੰਥ ਸਿੱਖਾਂ ਦਾ ਗੁਰੂ ਹੈ।

ਫਿਰ ਕੁੱਝ ਵਾਰ ਇਤਹਾਸਕ ਪੁਸਤਕਾਂ ਪੜਨ ਵੇਲੇ ਵੀ ਦਾਸ ਨੂੰ ਇਸ ਗਲ ਦਾ ਪਤਾ ਚਲਿਆ ਕਿ ਇਸ ਬਾਰੇ ਕਈਂ ਇਤਹਾਸਕਾਰ ਵੀ ਸਹਿਮਤ ਹਨ। ਮਿਸਾਲ ਦੇ ਤੌਰ ਤੇ ਸ.ਖੁਸ਼ਵੰਤ ਸਿੰਘ ਵਲੋਂ ਲਿਖੇ ਸਿੱਖ ਇਤਹਾਸ (ਪਹਿਲਾ ਐਡੀਸ਼ਨ 1963 ਅਤੇ ਪਹਿਲਾ ਭਾਰਤੀ ਐਡੀਸ਼ਨ 1977) ਵਿੱਚ ਵੀ ਇਹ ਸਪਸ਼ਟ ਲਿਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹੋਂਣ ਕਾਰਨ ਦਸ਼ਮੇਸ਼ ਕ੍ਰਿਤ ਨਹੀਂ ਹਨ। ਸਨ 1963 ਵਿੱਚ ਹੀ ਰਤਨ ਸਿੰਘ ਜੱਗੀ ਜੀ ਦੇ ਖ਼ਿਆਤੀ ਪ੍ਰਾਪਤ ਪੀ. ਐਚ. ਡੀ. ਥੀਸਸ ਨੇ ਇਸ ਬਾਰੇ ਖੋਜ ਕੀਤੀ ਸੀ। ਸਨ 1973 ਵਿੱਚ ਅਕਾਲ ਤਖ਼ਤ ਤੋਂ ਵੀ ਇਸ ਬਾਰੇ ਲਿਖਤੀ ਸਪਸ਼ਟਤਾ ਕੀਤੀ ਗਈ ਸੀ।

ਲਗਭਗ ਦੋ ਸਾਲ ਪਹਿਲਾਂ ਦਾਸ ਨੂੰ ਇਹ ਜਾਣਕਾਰੀ ਮਿਲੀ ਕਿ ਕੁੱਝ ਸੱਜਣਾਂ ਨੇ “ਨਵੀਂ ਖੋਜ” ਕਰਕੇ ਇਹ ਵੇਖਿਆ ਹੈ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ ਅਤੇ ਪੌਰਾਣਕ ਵੀ। ਇਹ ਸੁਣ ਕੇ ਦਾਸ ਕੁੱਝ ਚੌਂਕ ਉੱਠਿਆ ਇਹ ਜਾਣਨ ਲਈ ਕਿ ਇਸ “ਨਵੀਂ ਖੋਜ” ਦਾ ਕੀ ਮਾਮਲਾ ਹੈ? ਦਾਸ ਲਈ ਅਸ਼ਲੀਲ ਵਿਸ਼ੇ ਬਾਰੇ ਤਾਂ “ਨਵੀਂ ਖੋਜ” ਦਾ ਦਾਵਾ ਬਿਲਕੁਲ ਝੂਠ ਸੀ ਕਿਉਂਕਿ ਇਹ ਤਾਂ ਦਾਸ ਜਿਹੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਪਤਾ ਸੀ ਅਤੇ ਪੌਰਾਣਕ ਕਥਾਵਾਂ ਦੇ ਉਤਾਰੇ ਦੀ ਗਲ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਮੈਕਾਲਿਫ਼ ਨੇ 100 ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਇਤਹਾਸਕਾਰ ਨੇ ਵੀ ਲਗਭਗ 100 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖਿਆ ਸੀ ਕਿ ਪੁਰਾ ਵਚਿੱਤਰ ਨਾਟਕ ਗ੍ਰੰਥ ਦਸ਼ਮੇਸ਼ ਜੀ ਦਾ ਨਹੀਂ। ਬਾਕਿ ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ ਨੇ ਇਸ ਬਾਰੇ ਕਈਂ ਦਹਾਕਿਆਂ ਪਹਿਲਾਂ ਹੀ ਲੇਖ ਲਿਖੇ ਹੋਏ ਸਨ ਕਿ ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂ ਹਨ। ਇਸਦੇ ਨਾਲ ਹੀ ਕਈ ਵਧੇਰਿਆਂ ਪੁਰਾਤਨ ਲਿਖਤਾਂ ਵਿੱਚ ਵੀ ਇਹ ਗਲਾਂ ਲਿਖਿਆਂ ਮਿਲਦਿਆਂ ਹਨ।

ਪ੍ਰਚਾਰ ਅਤੇ ਸਿੱਖ ਇਤਹਾਸ ਲੇਖਨ/ਪੜਨ ਨਾਲ ਸਬੰਧਤ ਲਗਭਗ ਹਰ ਵੱਡੇ ਵਿਦਵਾਨ/ਲਿਖਾਰੀ ਲਈ ਤਾਂ ਇਹ ਗਲ ਤਾਂ ਦਹਾਕਿਆਂ ਪਹਿਲਾਂ ਹੀ ਦਿਨ ਦੇ ਚਾਨਣ ਵਰਗਾ ਸਾਫ਼ ਸੀ ਕਿ ਵਚਿੱਤਰ ਨਾਟਕ ਵਿੱਚ ਕੁੱਝ ਰਚਨਾਵਾਂ ਅਸ਼ਲੀਲ ਹਨ। ਸਿੰਘ ਸਭਾ ਲਹਿਰ ਦੇ ਆਗੂ ਵੀ ਇਸ ਬਾਰੇ ਜਾਣਦੇ ਸੀ ਜਿਸ ਕਾਰਨ ਵਚਿੱਤਰ ਨਾਟਕ ਦਾ ਨਾਮ ਤਕ ਵੀ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਆਇਆ। ਉਸ ਵੇਲੇ ਦੇ ਪ੍ਰਸਿੱਧ ਲੇਖਕ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ 1941-42 ਵਿੱਚ ਅਸ਼ਲੀਲਤਾ ਬਾਰੇ ਜਗਜਾਹਰ ਲਿਖਤਾਂ ਲਿਖਿਆਂ ਸਨ। ਸਿੱਖ ਮਿਸ਼ਨਰੀ ਕਾਲੇਜ ਦੇ ‘ਲਿਟਰੇਚਰ’ ਵਿੱਚ ਅਤੇ ‘ਕੋਰਸਾਂ’ ਵੀ ਇਹ ਗਲ ਸਨ 1978 ਤੋਂ ਪਹਿਲਾਂ ਹੀ ਸਪਸ਼ਟ ਸੀ। ਇਸ ਕਰਕੇ ਦਾਸ ਨੂੰ ਅਸ਼ਲੀਲਤਾ ਬਾਰੇ “ਨਵੀਂ ਖੌਜ” ਦਾ ਦਾਵਾ ਕਿਸੇ ਵਲੋਂ ਲੋਕਪ੍ਰਿਯਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਜਾਪਿਆ।

ਇਸ ਨਾਲ ਉਸ ਵਿਚਾਰ ਦੀ ਕੱਚਿਆਈ ਵੀ ਖੁੱਲਦੀ ਹੈ ਜਿਸ ਨੂੰ ਵਰਤਦੇ ਇਹ ਕਿਹਾ ਜਾਂਦਾ ਹੈ ਕਿ ਵਚਿੱਤਰ ਨਾਟਕ ਤੇ ਪਹਿਲੇ ਸੁਧਾਰ ਦੌਰਾਂ ਵਿੱਚ ਖੌਜੀ ਕੰਮ ਨਹੀਂ ਸੀ ਹੋਇਆ। ਇਸ ਸਰਾਸਰ ਗਲਤ ਬਿਆਨੀ ਹੈ। ਵਾਸਤਵਿਕਤਾ ਇਹ ਹੈ ਕਿ ਵਚਿੱਤਰ ਨਾਟਕ ਦਿਆਂ ਸਾਰੀਆਂ ਰਚਨਾਵਾਂ ਦੇ ਗੁਰੂ ਕ੍ਰਿਤ ਨਾ ਹੋਂਣ ਬਾਰੇ ਜਿਤਨਾ ਚੰਗਾ ਅਤੇ ਪਾਏਦਾਰ ਕੰਮ 45 ਤੋਂ 100 ਸਾਲ ਪਹਿਲਾਂ ਦੇ ਅਰਸੇ ਦੋਰਾਨ ਹੋਇਆ ਉਤਨਾ ਕਦੇ ਵੀ ਨਹੀਂ ਹੋਇਆ। ਅੱਜ ਦਾ ਕੰਮ ਤਾਂ ਪਹਿਲੇ ਹੋਏ ਕੰਮਾ ਦੀ ਨਕਲ ਹੈ। ਹਾਂ ਇਸ ਵਿੱਚ ਅਸ਼ਲੀਲਤਾ ਬਾਰੇ ਨਵੀਂ ਖੋਜ ਦੇ ਝੂਠੇ ਦਾਵੇ ਜ਼ਰੂਰ ਨਵੇਂ ਹਨ।
 
ਹਾਂ ਜੋ ਗਲ ਨਵੀਂ ਦਾਸ ਨੇ ਸੁਣੀ ਉਹ ਇਹ ਸੀ ਕਿ ਅਰਦਾਸ ਅਤੇ ਨਿਤਨੇਮ ਵਿਚਲੀਆਂ ਪੰਥ ਪ੍ਰਵਾਣਿਤ ਰਚਨਾਵਾਂ ਵੀ ਗੁਰੂ ਲਿਖਤ/ਪ੍ਰਵਾਣਿਤ ਨਹੀਂ ਹਨ। ਇੱਕ ਜਿਗਿਆਸੂ ਹੋਂਣ ਕਾਰਨ ਦਾਸ ਲਈ ਇਸ ਤੱਥ ਨੂੰ ਆਪ ਵਿਚਾਰਣ ਦੀ ਲੋੜ ਮਹਸੂਸ ਹੋਈ। ਵੈਸੇ ਕੋਈ ਵੀ ਇਸ ਬਾਰੇ ਸੁਣ ਕੇ ਹੈਰਾਨ ਤਾਂ ਹੋਵੇਗਾ ਹੀ ਬੇਸ਼ੱਕ ਐਸੀ ਸੁਭਾਵਕ ਹੈਰਾਨਗੀ ਕਿਸੇ “ਕਥਿਤ ਨਵੇਂ ਖੌਜੀ” ਲਈ ਕੋਈ ਪਾਪ ਕਰ ਦੇਂਣ ਸਮਾਨ ਹੋਵੇ। ਇਸ ਬਾਰੇ ਕਥਿਤ “ਨਵੀਂ ਖੌਜ” ਦੇ ‘ਦਾਵੇ’ ਦੇ ਪ੍ਰਚਾਰਕਾਂ ਤੇ ਭਰੋਸਾ ਕਰਨਾ ਮੁਸ਼ਕਿਲ ਸੀ।

ਖ਼ੈਰ! ਇੱਕ ਦਿਨ, ਲਗਭਗ 4 ਕੁ ਮਹੀਨੇ ਪਹਿਲਾਂ ਦਾਸ ਦਾ ਵਿਚਾਰ ਵਟਾਂਦਰਾ ਇੱਕ ਵਿਦਵਾਨ/ਪ੍ਰਚਾਰਕ ਜੀ ਨਾਲ ਹੋਇਆ ਤਾਂ ਦਾਸ ਨੇ ਸੁਭਾਵਕ ਤੋਰ ਤੇ ਉਨ੍ਹਾਂ ਕੋਲੋਂ ਇੱਕ ਸਵਾਲ ਪੁੱਛਿਆ ਕਿ ਉਹ ਆਪ ਅਰਦਾਸ, ਨਿਤਨੇਮ ਦੀਆਂ ਬਾਣੀਆਂ/ਰਚਨਾਵਾਂ ਅਤੇ ਕੁੱਝ ਹੋਰ ਸ਼ਬਦਾਂ ਨੂੰ ਅਪਣੇ ਚਿੰਤਨ/ਪ੍ਰਚਾਰ ਵਿੱਚ ਸਾਲਾਂ ਬੱਧੀ ਕਿਉਂ ਵਰਤਦੇ/ਪ੍ਰਚਾਰਦੇ ਰਹੇ? ਤਾਂ ਉਹ ਕਹਿਣ ਲਗੇ ਕਿ ਪਹਿਲਾਂ ਇਹ ਨਹੀਂ ਸੀ ਪਤਾ ਕਿ ਵਚਿੱਤਰ ਨਾਟਕ ਗ੍ਰੰਥ ਵਿੱਚ ਅਸ਼ਲੀਲ ਰਚਨਾਵਾਂ ਵੀ ਹਨ, ਇਹ ਤਾਂ ਹੁਣ “ਨਵੀਂ ਖੌਜ” ਤੋਂ ਬਾਦ ਪਤਾ ਚਲਿਆ ਹੈ। ਦਾਸ ਲਈ ਨਵੀਂ ਖੌਜ ਦੀ ਦਲੀਲ ਵਾਲੀ ਪੋਲ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ।

ਦਾਸ ਨੂੰ ਸੁਣ ਕੇ ਅਤਿ ਦੀ ਹੈਰਾਨੀ ਹੋਈ ਕਿ ਐਸਾ ਕੋਂਣ ਪ੍ਰਚਾਰਕ ਹੋਵੇਗਾ ਜਿਸ ਨੇ ਦਹਾਕਿਆਂ ਗੁਰਮਤਿ ਵਿਚਾਰਾਂ ਪੜੀਆਂ/ਕੀਤੀਆਂ ਹੋਂਣ ਇਤਿਹਾਸ ਵੀ ਪੜੀਆ ਹੋਵੇ ਅਤੇ ਉਸ ਦੇ ਬਾਦ ਉਹ ਇਹ ਕਹੇ ਕਿ ਵਚਿੱਤਰ ਨਾਟਕ ਵਿੱਚ ਅਸ਼ਲੀਲ ਰਚਨਾਵਾਂ ਦੇ ਹੋਂਣ ਦੀ ਉਸ ਨੂੰ ਜਾਣਕਾਰੀ ਹੀ ਨਹੀਂ ਸੀ? ਦਾਸ ਦੀ ਨਜ਼ਰੇ ਇਹ ਇੱਕ ਗਲਤ ਬਿਆਨ ਸੀ! ਉਨ੍ਹਾਂ ਨੇ ਐਸਾ ਝੂਠ ਕਿਉਂ ਬੋਲਿਆ? ਸ਼ਾਯਦ ਕੇਵਲ ਅਪਣੇ ਚਿੰਤਨ ਦੇ ਸਾਮਰਥ ਦੀ ਘਾਟ ਜਾਂ ਕਿਸੇ ਦੂਜੇ ਦੇ ਚਿੰਤਨ ਦੇ ਅਸਰ ਹੋਠ!

ਕੇਵਲ ਇਹੀ ਕਾਰਨ ਹੋ ਸਕਦਾ ਸੀ ਉਨ੍ਹਾਂ ਦੀ ਗਲਤ ਬਿਆਨੀ ਦਾ ਕਿਉਂਕਿ ਉਹ ਆਪ ਤਾਂ ਗੁਰਮਤਿ ਨੂੰ ਸਮਰਪਤ ਸੱਜਣ ਹਨ। ਉਨ੍ਹਾਂ ਦੇ ਸਾਲਾਂ ਬੱਧੀ ਪ੍ਰਚਾਰ ਨੂੰ ਵੇਖ-ਵਿਚਾਰ ਕੇ ਅਤੇ ਉਨ੍ਹਾਂ ਦੇ ਖ਼ੂਦ ਉਸ ਪਿੱਛਲੇ ਪ੍ਰਚਾਰ ਨੂੰ ਗਲਤ ਕਹਿਣ ਬਾਰੇ ਦਿੱਤੇ ਕਾਰਨ ਤੇ ਦਾਸ ਵਿਚਾਰ ਵਿੱਚ ਪੈ ਗਿਆ ਕਿ ਉਹ ਵਿਦਵਾਨ ਪਹਿਲਾਂ ਗਲਤ ਸਨ ਜਾਂ ਫ਼ਿਰ ਹੁਣ ? ਉਹ ਪਹਿਲਾਂ ਸੁਣੀ ਸੁਣਾਈ ਤੇ ਚਲਦੇ ਸਨ ਜਾਂ ਹੁਣ ਕਿਸੇ ਸੁਣੀ-ਸੁਣਾਈ ਤੇ ਚਲਦੇ ਅਰਦਾਸ ਅਤੇ ਨਿਤਨੇਮ ਦਾ ਵਿਰੌਧ ਕਰ ਰਹੇ ਹਨ ? ਦਾਸ ਨੇ ਇਸ ਬਾਬਤ ਚਾਰ-ਪੰਜ ਸੱਜਣਾ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਵਚਿੱਤਰ ਨਾਟਕ ਦੀ ਅਸਲੀਅਤ ਅਤੇ ਅਸ਼ਲੀਲਤਾ ਬਾਰੇ ਉਨ੍ਹਾਂ ਨੂੰ ਉਦੋਂ ਹੀ ਪਤਾ ਸੀ ਜਦੋਂ ਕਿ ਉਹ ਪ੍ਰਚਾਰ/ਪੜਨ ਦੇ ਖੇਤਰ ਵਿੱਚ ਉਤਰੇ ਸੀ। ਖ਼ੈਰ ਅੱਗੇ ਤੁਰਦੇ ਹਾਂ!

ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਅਤੇ ਵਚਿੱਤਰ ਨਾਟਕ ਦੇ ਵਿਰੌਧ ਦੇ ਸਭ ਤੋਂ ਮਜ਼ਬੂਤ ਤਿੰਨ ਅਧਾਰ ਹਨ:-

(1) ਗੂਰਮਤਿ ਅਤੇ ਇਸ ਬਾਰੇ ਦਸ਼ਮੇਸ਼ ਜੀ ਦਾ ਉਚੇਚਾ ਸਪਸ਼ਟ ਨਿਰਨਾ,
(2) ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖ਼ਤ ਤੋਂ ਸਮੇਂ-ਸਮੇਂ ਜਾਰੀ ਮਤੇ/ਸਪਸ਼ਟੀਕਰਨ
(3) ਅਤੇ ਸਮੁੱਚੇ ਸਿੱਖ ਪੰਥ ਦੀ ਇਸ ਗਲ ਤੇ ਸਹਮਤੀ ਕਿ ਸਿੱਖਾਂ ਦੇ ਗੁਰੂ ਕੇਵਲ ਅਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹਨ।
 
ਫ਼ਿਰ ਇਨ੍ਹਾਂ ਸਾਰੇ ਅਧਾਰਾਂ ਨੂੰ ਛੱਡ ਕੇ ਅਰਦਾਸ ਅਤੇ ਨਿਤਨੇਮ ਨੂੰ ਅਧਾਰ ਬਨਾਉਂਣ ਦੀ ਕੀ ਲੋੜ ਪਈ ਹੈ? ਇਹ ਸਵਾਲ ਅਤਿ ਮਹੱਤਵਪੁਰਨ ਹੈ!

ਇਸ ਵਿੱਚ ਸ਼ੱਕ ਨਹੀਂ ਕਿ ਕੁਲ ਵਚਿੱਤਰ ਨਾਟਕ ਦੀ ਹਿਮਾਯਤ ਕਰਨ ਵਾਲੇ ਚੰਦ ਕੁ ਮਨਮਤਿਆਂ ਨੇ ਪੰਥ ਦਰਦੀਆਂ ਨੂੰ ਬਹੁਤ ਚਿੰਤਤ ਕੀਤਾ ਹੈ। ਪਰ ਕਿੱਧਰੇ ਸਾਡੀ ਇਸ ਚਿੰਤਾ ਦਾ ਲਾਭ ਕੋਈ ਹੋਰ ਤਾਂ ਨਹੀਂ ਉਠਾ ਰਿਹਾ ? ਕਿੱਧਰੇ ਕੋਈ ਹੋਰ ਤਾਂ ਨਹੀਂ ਇੰਤਜ਼ਾਰ ਕਰ ਰਿਹਾ ਕਿ ਸਿੱਖ ਇਸ ਬਾਰੇ ਇਤਨੇ ਚਿੰਤਤ ਅਤੇ ਕਨਫ਼ਿਯੂਜ਼ ਹੋ ਜਾਂਣ ਕਿ ਉਹ ਆਪ ਅਪਣੇ ਹਰ ਅਧਾਰ ਨੂੰ ਧਾਰਾਸ਼ਾਈ ਕਰਨ ਵਲ ਤੁਰ ਪੇਂਣ ? ਵਚਿੱਤਰ ਨਾਟਕ ਦਾ ਵਿਰੌਧ ਤਾਂ ਵਾਜਬ ਅਤੇ ਅਸਾਨ ਹੈ ਪਰ ਲਗਣ ਲਗਾ ਹੈ ਕਿ ਅਸਾਨ ਰਸਤੇ ਤੋਂ ਹਟਾ ਸਿੱਖਾਂ ਨੂੰ ਐਸੇ ਹਨੇਰੀ ਸਮਸਿੱਆ ਵਿੱਚ ਧੱਕੇਲਿਆ ਜਾ ਰਿਹਾ ਹੈ ਜਿਸ ਵਿਚੋਂ ਉਹ ਕਦੇ ਵੀ ਬਾਹਰ ਨਾ ਆ ਸਕਣ ਅਤੇ ਉਸਦੇ ਗੁੱਪ ਹਨੇਰੇ ਵਿੱਚ ਆਪਸ ਵਿੱਚ ਟਕਰਾ ਕੇ ਅਪਣਾ ਹੁਲਿਆ ਵਿਗਾੜ ਲੇਂਣ। 
ਜਾਹਰ ਹੈ ਕਿ ਸਿੱਖਾਂ ਦੇ ਅੰਦਰ ਇੱਕ ਵੰਡ ਪਾਉਂਣ ਦੀ ਨੀਤੀ ਨੇ ਕੁੱਝ ਸੁਹਿਰਦ ਬੰਦਿਆਂ ਨੂੰ ਅਪਣਾ ਸ਼ਿਕਾਰ ਬਣਾ ਲਿਆ ਹੈ। ਇਹ ‘ਮੈਂਟਲ ਕੰਡੀਸ਼ਨਿੰਗ ਮੈਥਡ’ ਹੈ ਜਿਸ ਵਿੱਚ ਕਿਸੇ ਅਧਾਰ ਨੂੰ ਤੋੜਨ ਦੀ ਮੰਸ਼ਾ ਵਿੱਚ ਪਹਿਲਾ ਕਦਮ ਇਹ ਹੁੰਦਾ ਹੈ ਕਿ ਜਿਸ ਨੂੰ ਹੋਰ ਚਾਰੇ ਤੋੜੀਆ ਨਾ ਜਾ ਸਕੋ ਉਸ ਅਧਾਰ ਬਾਰੇ ਸ਼ੰਕੇ ਖੜੇ ਕਰੋ। ਇਸ ਦੇ ਪਿੱਛੇ ਦਾ ‘ਹੱਥ’ ਅਗਿਆਤ ਹੁੰਦਾ ਹੈ ਅਤੇ ਮੋਹਰੇ ਬਣਦੇ ਹਨ ਸੁਹਿਰਦ ਪੰਥ ਦਰਦੀ।

‘ਕੋਈ ਕਾਰਨ’ ਹੈ ਕਿ ਜਿਸ ਕਾਰਨ ਪੰਥ ਦਰਦੀ ਅਰਦਾਸ/ਨਿਤਨੇਮ ਬਾਰੇ ਅਣਜਾਣੇ ਹੀ ਉਸ ‘ਕਾਰਨ’ ਦਾ ਸ਼ਿਕਾਰ ਹੋ ਰਹੇ ਹਨ ਵਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਤ ਅਤੇ ਨਿਰਵਿਵਾਦਤ ਸਰਵੋੱਚਤਾ ਦੇ ਹੱਕ ਵਿੱਚ ਕਿਸੇ ਵੀ ਹੋਰ ਗ੍ਰੰਥ ਦੇ ਵਿਰੋਧ ਲਈ ਤਾਂ ਕਈਂ ਅਧਾਰ ਸਾਡੇ ਪਾਸ ਹਨ ਅਤੇ ਨਾ ਹੀ ਸਿੱਖ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨਦੇ ਹਨ। ਰਹੀ ਗਲ ਅਪਵਾਦ ਦੀ ਤਾਂ ਉਹ ਹਰ ਵੇਲੇ ਹਰ ਯੁਗ ਵਿੱਚ ਮੌਜੂਦ ਰਹਿੰਦੇ ਹਨ। ਉਨ੍ਹਾਂ ਨੂੰ ਨਜਿੱਠਣ ਲਈ ਅਪਣੇ ਮੂਲ ਅਧਾਰਾਂ ਦੀ ਵਰਤੋਂ ਦੇ ਬਜਾਏ ਉਨ੍ਹਾਂ ਨੂੰ ਖ਼ਤਮ ਕਰਨ ਦੀ ਦੋੜ ਪੰਥ ਦੇ ਹੱਕ ਵਿੱਚ ਨਹੀਂ।

ਇਨ੍ਹਾਂ ਹਾਲਾਤਾਂ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਉਹ ਬਿਆਨ ਵਿਚਾਰਣ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਦਸ਼ਮੇਸ਼ ਜੀ ਨਾਲ ਸਬੰਧਤ ਰਚਨਾਵਾਂ ਨੂੰ ਅਲਗ ਕਰ ਲੇਂਣ ਦਾ ਸੁਚੱਜਾ ਸੁਜਾੳ ਦਿੱਤਾ ਹੈ। ਵੈਸੇ ਵੀ ਸਿੱਖਾਂ ਵਿੱਚ ਪ੍ਰਚਲਤ ਅਤੇ ਜਾਣੀਆਂ ਪਛਾਣਿਆਂ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਜੀ ਤੋਂ ਬਾਦ ਕਿਸੇ ਹੋਰ ਗ੍ਰੰਥ ਵਿੱਚ ਨੱਥੀ ਕਰ ਦਿੱਤਾ ਗਿਆ ਸੀ। ਇਤਹਾਸ ਇਸਦਾ ਗਵਾਹ ਹੈ।

ਜੇਕਰ ਭੂਤ ਕਾਲ ਵਿੱਚ ਹੋਏ ਗੁਰਮਤਿ ਸਮਰਪਤ ਮਾਹਨ ਵਿਦਵਾਨਾਂ ਨੂੰ ਗਲਤੀ ਲਗ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਇਹ ਵਿਸ਼ਵਾਸ ਕਰਨ ਦਾ ਕਿ ਮੌਜੂਦਾ ਦੌਰ ਦੇ ਨਵੇਂ ਖੋਜੀ ਕੋਈ ਗਲਤੀ ਨਹੀਂ ਕਰ ਰਹੇ। ਬੇਸ਼ੱਕ ਉਹ ਆਪ ਬੁਹਤ ਸਾਰਿਆਂ ਅਤੇ ਵੱਡੀਆਂ ਗਲਤਿਆਂ ਕਰ ਰਹੇ ਹਨ। ਵਿਸ਼ੇਸ ਰੂਪ ਵਿੱਚ ਉਹ ਸੱਜਣ ਜੋ ਕਥਿਤ ਨਵੀਂ ਖੌਜ ਦਾ ਝੂਠਾ ਦਾਵਾ ਪੇਸ਼ ਕਰ ਰਹੇ ਹਨ। ਜੋ ਦਾਵੇ ਵਿੱਚ ਝੂਠੇ ਹਨ ਉਹ ਖੌਜ ਵਿੱਚ ਕਿਤਨੇ ਸਮਰਥ ਅਤੇ ਸੱਚੇ ਹੋਂਣਗੇ? ਉਨ੍ਹਾਂ ਦੀ ਖੌਜ ਦਾ ਕਦ ਪਿਛੋਕੜ ਦੇ ਮਹਾਨ ਵਿਦਵਾਨਾਂ ਦੇ ਕੰਮ ਦੇ ਗਿੱਟਿਆਂ ਤਕ ਵੀ ਨਹੀਂ ਪਹੁੰਚਦਾ। ਉਨ੍ਹਾਂ ਤੇ ਅੰਨਾ ਭਰੋਸਾ ਕਰਨ ਤੋਂ ਪਹਿਲਾਂ ਵਿਚਾਰ ਦੀ ਲੋੜ ਹੈ। ਕੁੱਝ ਸੱਜਣ ਤਾਂ ਨਵੀਂ ਖੌਜ ਦਾ ਸਵਾਂਗ ਰੱਚ ਕੇ ਕੋਈ ਗੁਰਮਤਿ ਅਧਾਰ ਵਿਰੌਧੀ ਕਿਤਾਬ ਲਿਖ ਕੇ ਆਸ ਲਾਗਾਏ ਬੈਠੇ ਹਨ ਕਿ ਉਨ੍ਹਾਂ ਨੂੰ ਕਿਤਾਬ ਛੱਪਣ ਬਾਦ ਅਕਾਲ ਤਖ਼ਤ ਤਲਬ ਕੀਤਾ ਜਾਏ ਗਾ ਅਤੇ ਉਹ ਜਾਣਗੇ ਨਹੀਂ। ਸਿੱਟੇ ਵੱਜੋਂ ਖ਼ਿਆਤੀ ਮਿਲੇਗੀ! ਭਾਵੇਂ ਬਦਨਾਮ ਹੋ ਕੇ ਸਹੀ!

ਇਹ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਇਸ ਨਿਰਨੇ ਦੀ ਕੁੱਝ ਥਾਂ ਉਲੰਗਣਾ ਹੈ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਵੀ ਹੋਰ ਪੁਸਤਕ/ਗ੍ਰੰਥ ਨੂੰ ਨਸ਼ੀਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਿਰਫ਼ ਰਹਿਤ ਦੀ ੳਲੰਗਣਾ ਹੈ ਕੀ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰੀ ਤਰਾਂ ਵਰਤਦੇ ਹਨ ? ਜੇਕਰ ਨਹੀਂ ਤਾਂ ਇਸ ਵਿੱਚ ਕਸੂਰ ਕਿਸਦਾ ਹੈ? ਕਿਸ ਨੂੰ ਬਦਲਣ ਦੀ ਲੋੜ ਹੈ ?
 
ਕੋਈ ਇਹ ਨਾ ਸੋਚੇ ਕਿ ਸ਼ਬਦ ਗੁਰੂ ਗ੍ਰੰਥ ਦੀ ਸਥਾਪਤ ਅਤੇ ਨਿਰਵਿਵਾਦਤ ਗੁਰਤਾ ਨੂੰ ਸਥਾਪਤ ਕਰਨ ਦੀ ਲੋੜ ਹੈ। ਉਹ ਹੈ ਹੀ ਸਿੱਖਾਂ ਦਾ ਸਥਾਪਤ ਅਤੇ ਨਿਰਵਿਵਾਦਤ ਗੁਰੂ! ਰਹੀ ਗਲ ਅਕਾਲ ਤਖ਼ਤ ਦੀ ਸਰਵਉਚਤਾ ਦੀ ਤਾਂ ਉਹ ਸਿਧਾਂਤਕ ਰੂਪ ਵਿੱਚ ਸ਼ਬਦ ਗੁਰੂ ਦੀ ਸਿਰਮੌਰਤਾ ਹੇਠ ਪੰਥਕ ਮਸਲਿਆਂ ਲਈ ਸਰਵਉਚ ਮੰਚ/ਸੰਸਥਾਨ ਹੈ। ਇਸੇ ਸਰਵਉਚ ਪੰਥਕ ਸੰਸਥਾਨ ਨੇ ਗੁਰਮਤਿ ਦੀ ਸਰਵਉਚਤਾ ਹੇਠ ਕੰਮ ਕਰਨਾ ਚਾਹੀਦਾ ਹੈ। ਇਹ ਗੁਰਮਤਿ ਦੇ ਕੁਲ ਫ਼ਲਸਫ਼ੇ ਦਾ ਮਹੱਤਵਪੁਰਨ ਅੰਗ ਹੈ।

ਹਰਦੇਵ ਸਿੰਘ, ਜੰਮੂ  (30.01.2012)