Saturday, 11 January 2014


ਗੁਰਮਤਿ ਵਿਚਾਰ ਅਤੇ ਪੱਤਰਕਾਰਿਤਾ`
ਹਰਦੇਵ ਸਿੰਘ, ਜੰਮੂ


ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ (ਪੰਨਾ 1009)

ਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ। (ਪ੍ਰੋ. ਸਾਹਿਬ ਸਿੰਘ ਜੀ)

ਗੁਰਮਤਿ ਬਾਰੇ ਚਿੰਤਨ ਕਰਨ ਵੇਲੇਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਜੀ ਦੇ ਉਪਰੋਕਤ ਬਚਨ, ਕਿਸੇ ਵੀ ਵਿਦਵਾਨ ਲਈ, ਪੱਲੇ ਬੰਨ ਕੇ ਤੁਰਨ ਵਾਲੀ ਗੱਲ ਹੈ। ਪਰਮਾਤਮਾ ਨੇ ਮਨੁੱਖ ਨੂੰ ਵਿਚਾਰ ਸ਼ਕਤੀ ਬਖ਼ਸੀ ਹੈ, ਅਤੇ ਵਿਦਵਾਨ ਦਾ ਫ਼ਰਜ਼ ਹੈ ਕਿ ਗੁਰਮਤਿ ਵਿਚਾਰ ਵੇਲੇ ਉਸ ਬਖ਼ਸ਼ਿਸ਼ ਨੂੰ ਸਹਿਜਤਾ ਨਾਲ ਵਰਤੇ। ਕਿਉਂਕਿ ਅਸਹਿਜਤਾ ਗੁਰਮਤਿ ਦੇ ਬਜਾਏ, ਮਨਮਤਿ (ਪਾਣੀ) ਨੂੰ ਰਿੜਕਣ ਦੀ ਕਸਰਤ ਬਣ ਜਾਂਦੀ ਹੈ ਜਿਸ ਨੂੰ ਵਾਰ-ਵਾਰ ਰਿੜਕਣ ਨਾਲ ਵੀ, ਤੱਤ ਦੀ ਪ੍ਰਾਪਤੀ ਨਹੀਂ ਹੁੰਦੀ
ਲੇਖਨ ਵਿੱਚ ਕਈ ਪ੍ਰਕਾਰ ਦੀਆਂ ਸ਼ੈਲੀਆਂ ਪੜਨ ਨੂੰ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਲੇਖਨ ਦੀ ਮੰਸ਼ਾ (Purpose) ਕਾਫ਼ੀ ਹੱਦ ਤਕ ਸਪਸ਼ਟ ਹੁੰਦੀ ਹੈ। ਲੇਖਨ ਫ਼ਲਸਫ਼ੇ ਤੇ ਵਿਚਾਰ ਬਾਰੇ ਵੀ ਹੁੰਦਾ ਹੈ ਅਤੇ ਖਬਰਾਂ ਬਾਰੇ ਵੀ ਜਿਸ ਨੂੰ ਜਰਨਲਇਸਮ` ਕਿਹਾ ਜਾਂਦਾ ਹੈ। ਧਾਰਮਕ ਫ਼ਲਸਫ਼ੇ ਦੇ ਖੇਤਰ ਵਿੱਚ ਚਿੰਤਨ ਦੀ ਉਡਾਰੀ, ਪਹਿਲੇ ਤੋਂ ਹੀ ਲਿਖੇ ਮੁੱਡਲੇ ਉਸੁਲਾਂ ਅਤੇ ਸਿੱਖਿਆਵਾਂ ਦੀ ਬੰਦਿਸ਼ ਵਿੱਚ ਰਹਿਣ ਦੇ ਅਨੁਸ਼ਾਸਨ ਦੀ ਹੱਦ ਤੋਂ ਬਾਹਰ ਹੁੰਦੇ ਹੀ, ਮੂਲ ਨਾਲੋਂ ਟੁੱਟ ਜਾਂਦੀ ਹੈ, ਅਤੇ ਚਿੰਤਨ ਵਿਚੋਂ ਤੱਤ ਬਾਹਰ ਨਿਕਲ ਜਾਂਦਾ ਹੈ। ਗੁਰਮਤਿ ਵਿਚਾਰ ਵੇਲੇ ਸੁਚੇਤ ਹੋਂਣ ਦੀ ਲੋੜ ਹੁੰਦੀ ਹੈ। ਇਸ ਬਾਰੇ  ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ:-

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਜਿ ਬਿਲੋਵਹੁ ਜੈਸੇ ਤਤੁ ਜਾਈ ੧॥ ਰਹਾਉ (ਪੰਨਾ 478)

ਸੰਖੇਪ ਭਾਵਅਰਥ, ਕਿ ਪਰਮਾਤਮਾ ਦੀ ਬਖ਼ਸੀ ਮਨ ਚੇਤਨ ਸ਼ਕਤੀ ਨੂੰ, ਗੁਰਮਤਿ ਵਿਚਾਰਨ ਵੇਲੇ ਟਿਕਾਅ ਅਤੇ ਸਹਿਜਤਾ ਨਾਲ ਵਰਤਣਾ ਚਾਹੀਦਾ ਹੈ, ਤਾਂ ਕਿ ਵਿਚਾਰਾਂ ਵਿਚੋਂ ਤੱਤ ਗੁਆਚ ਹੀ ਨਾ ਜਾਏ

ਸਿੰਘ ਸਭਾ ਲਹਿਰ ਦੇ ਕੁੱਝ ਸੂਝਵਾਨ ਲੇਖਕਾਂ ਨੇ, ਸਹਿਜਤਾ ਨਾਲ ਹੀ ਆਪਣੇ ਕੰਮ ਦੇ ਦਾਇਰੇ ਨੂੰ, ਗੁਰਮਤਿ ਦੇ ਦਾਇਰੇ ਅੰਦਰ ਰੱਖਣ ਦਾ ਜਤਨ ਕੀਤਾ ਸੀ। ਇਹੀ ਕਾਰਣ ਹੈ ਕਿ ਉਨ੍ਹਾਂ ਵਿਦਵਾਨਾਂ ਦੇ ਕੰਮ ਨੂੰ ਅੱਜ ਵੀ ਬਾਰਬਾਰ ਪੜਿਆ ਜਾਂਦਾ ਹੈ। ਉਨ੍ਹਾਂ ਵਿਦਵਾਨਾਂ ਨੇ ਪੜਿਆ/ਵਿਚਾਰਿਆ ਸੀ, ਅਤੇ ਟਿਕਾਅ ਨਾਲ ਲਿਖਿਆ ਸੀ। ਉਹ ਗੁਰਮਤਿ ਵਿਚਾਰ` ਖੇਤਰ ਵਿੱਚ ਅੱਜ ਵਾਂਗ ਫ਼ਟਾਫ਼ੱਟ ਸਨਸਨੀ ਖੇਜ਼ ਪ੍ਰਤਰਕਾਰਿਤਾ ਨਹੀਂ ਸੀ ਕਰਦੇ, ਜਿਸ ਵਿੱਚ ਕਈਂ ਥਾਂ ਸਹਿਜਤਾ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ। ਐਸੇ ਲੇਖਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫ਼ੁਰਮਾਨ ਬੜਾ ਢੁੱਕਵਾਂ ਪ੍ਰਤੀਤ ਹੁੰਦਾ ਹੈ:-

ਐਸੋ ਅਚਰਜੁ ਦੇਖਿਓ ਕਬੀਰ ਦਧਿ ਕੈ ਭੋਲੈ ਬਿਰੋਲੈ ਨੀਰੁ ੧॥ ਰਹਾਉ (ਪੰਨਾ 326)

ਅਰਥ:- ਹੇ ਕਬੀਰ! ਮੈਂ ਇੱਕ ਅਜੀਬ ਤਮਾਸ਼ਾ ਵੇਖਿਆ ਹੈ ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ। ੧। ਰਹਾਉ

ਗੁਰਮਤਿ ਦਾ ਨਿਰਨਾ ਸਪਸ਼ਟ ਹੈ ਪਾਣੀ (ਮਨਮਤਿ/ਝੂਠ) ਨੂੰ ਰੜਿਕ ਕੇ ਸੱਚ (ਗੁਰਮਤਿ) ਦੀ ਪ੍ਰਾਪਤੀ ਨਹੀਂ ਹੋ ਸਕਦੀ

ਹਾਲਾਂਕਿ ਇਸ ਤੱਥ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਪੁਰਣਤਾ (Perfection) ਗੁਰਬਾਣੀ ਨਾਲ ਸਬੰਧਤ ਗੁਣ ਹੈ, ਨਾ ਕਿ ਕਿਸੇ ਲੇਖਕ/ਵਿਦਵਾਨ ਨਾਲ। ਪਰ ਇਸ ਤਰਕ ਤਾ ਦੁਰਪਿਯੋਗ ਕਿਸੇ ਸਹੀ ਵਿਚਾਰ ਨੂੰ ਸ਼ੰਕਾਗ੍ਰਸਤ ਕਰਨ ਲਈ ਨਹੀਂ ਹੋਂਣਾ ਚਾਹੀਦਾ। ਗੁਰਮਤਿ ਵਿਚਾਰਣਾ/ਲਿਖਣਾ ਅਤੇ ਗੁਰਮਤਿ ਵਿਚਾਰ ਦੇ ਨਾਮ ਤੇ ਸਨਸਨੀ ਖੇਜ਼ ਪੱਤਰਕਰਿਤਾ (Sensational Journalism) ਕਰਨਾ, ਦੋ ਵੱਖਰਿਆਂ ਗੱਲਾਂ ਹਨ। ਇਸ ਵਿੱਚ ਸ਼ੱਕ ਨਹੀਂ ਕਿ, ਗੁਰਮਤਿ ਬਾਰੇ ਵਿਚਾਰ ਲਈ ਲੋੜੀਂਦਾ ਮਿਆਰ, ਸਨਸਨੀ ਪ੍ਰਤਰਕਾਰਿਤਾ ਦੇ ਵਿੱਚੋਂ ਦੀ ਗਾਯਬ ਹੈ। ਕਈਂ ਥਾਂ ਅੱਜ ਦਾ ਲੇਖਨ, ਪਿੱਛਲੇ ਕੁੱਝ ਸਮੇਂ ਦੌਰਾਨ ਕੀਤੀ ਗਈ ਐਸੀ ਹੀ ਪੱਤਰਕਾਰਿਤਾ ਦੇ ਪ੍ਰਭਾਵ ਹੋਠਗੁਰਮਤਿ ਵਿਚਾਰ` ਕਰਨ ਦਾ ਆਦੀ ਹੋ ਗਿਆ ਪ੍ਰਤੀਤ ਹੁੰਦਾ ਹੈ

ਕਈਂ ਵਾਰ, ਕੁੱਝ ਥਾਂ, ਇੰਝ ਮਹਸੂਸ ਹੁੰਦਾ ਹੈ, ਕਿ ਗੁਰਮਤਿ ਬਾਰੇ ਵਿਚਾਰ ਵੀ ਕਿਸੇ ਐਸੇ ਵਪਾਰਕ ਨਿਯੁਜ਼ ਚੈਨਲਾਂ ਦੀ ਤਰਜ਼ ਤੇ ਕੀਤਾ ਜਾ ਰਿਹਾ ਹੈ, ਜੋ ਸਨਸਨੀ ਰਾਹੀਂ ਦਰਸ਼ਕਾਂ ਦਾ ਧਿਆਨ ਖਿੱਚਦੇ ਆਪਣੇ ਚੈਨਲ ਦੇ ਮੱਹਤਵ ਨੂੰ ਕਾਯਮ ਕਰਨਾ ਚਾਹੁੰਦੇ ਹਨ। ਨਵੀਂ ਗੱਲ ਕਹਿਣ ਦੀ ਲਲਕ ਨੂੰ ਇਤਨਾ ਸਮਾਂ ਵੀ ਦਰਕਾਰ ਨਹੀਂ, ਕਿ ਉਹ ਕਿਸੇ ਸਨਸਨੀ ਨੂੰ ਫ਼ੈਲਾਉਂਣ ਤੋਂ ਪਹਿਲਾਂ, ਉਸ ਬਾਰੇ ਗੁਰਮਤਿ ਵਿਚਾਰ ਕਰ ਲੇਵੇ। ਇਸ ਪਹੁੰਚ ਦੇ ਸਿੱਟੇ ਵੱਜੋਂ ਉਪਜਿਆਂ ਨਾਸਮਝੀਆਂ ਦਾ ਹੀ ਦੁਹਰਾਵ, ਕਈਂ ਥਾਂ ਗੁਰਮਤਿ ਦੇ ਬਜਾਏ, ਮਨਮਤਿ ਤੇ ਹੀ ਪਹਿਰਾ ਦੇਂਣ ਦਾ ਰੂਪ ਧਾਰਨ ਕਰ ਗਿਆ ਹੈ

ਇਸ ਸਾਰੇ ਵਰਤਾਰੇ ਦੇ ਵਿੱਚ ਵਿਚਾਰਨ ਵਾਲਾ ਸਵਾਲ ਇਹ ਹੈ ਕਿ; ਕੀ ਗੁਰਮਤਿ ਵਿਚਾਰ ਨਾਲ ਜੁੜੇ ਪਾਠਕ ਵੀ ਸਨਸਨੀ ਹੀ ਪੜਨਾ ਚਾਹੁੰਦੇ ਹਨ ? ਨਿਰਸੰਦੇਹ ਗੁਰਮਤਿ ਵਿਚਾਰ ਨਾਲ ਜੁੜੇ ਪਾਠਕਾਂ ਨੂੰ ਵੀ ਸਵੈ-ਪੜਚੋਲ ਲਈ ਇਸ ਸਵਾਲ ਵੱਲ ਧਿਆਨ ਦੇਂਣਾ ਚਾਹੀਦਾ ਹੈ ਕਿ, ਕੀ ਉਹ ਗੁਰਮਤਿ ਵਿਚਾਰ ਨਾਲ ਜੁੜੇ ਲੇਖਨ ਨੂੰ ਪੜ ਰਹੇ ਹਨ, ਜਾਂ ਕੇਵਲ ਸਨਸਨੀ ਖੇਜ਼ ਪੱਤਰਕਾਰਿਤਾ ਨੂੰ ? ਪਾਠਕਾਂ ਨੂੰ ਇਨ੍ਹਾਂ ਦੋਹਾਂ ਲੇਖਨ ਵ੍ਰਿਤਿਆਂ ਵਿਚਲਾ ਫ਼ਰਕ ਸਮਝ ਕੇ ਤੁਰਨਾ ਚਾਹੀਦਾ ਹੈ

ਗੁਰਮਤਿ ਵਿਚਾਰ ਲੇਖਨ ਵਿੱਚ ਘਰ ਕਰ ਗਈ ਮਨਮਤਿ`, ਲੇਖਨ ਸ਼ਕਤੀ ਦੀ ਕਮਜੋਰੀ ਹੁੰਦੀ ਹੈ। ਪਰ ਇੱਕ ਮਜ਼ਬੂਤ ਪਾਠਕ ਤਾਕਤਵਰ ਹੰਦਾ ਹੈ। ਉਹ ਕਿਸੇ ਵੇਲੇ ਵੀ, ਆਪਣੇ ਵਲੋਂ ਸਵੀਕਾਰ ਕਰ ਲਏ ਗਏ, ਕਿਸੇ ਗਲਤ ਵਿਚਾਰ ਨੂੰ ਪਰੇ ਸੁੱਟਣ ਦਾ ਸਮਰਥ ਰੱਖਦਾ ਹੈ ਕਿਉਂਕਿ ਉਹ ਕਿਸੇ ਥਾਂ ਭੁੱਲੇਖਾ ਤਾਂ ਖਾ ਸਕਦਾ ਹੈ, ਪਰ ਉਹ ਉਸ ਭੁੱਲੇਖੇ ਨੂੰ ਆਪਣੀ ਹਉੇਮੇਂ ਨਹੀਂ ਬਣਾਉਂਦਾ। ਮਜ਼ਬੂਤ ਪਾਠਕ ਦੀ ਜ਼ੁਬਾਨ ਭਾਵੇਂ ਬੰਦ ਹੋਵੇ, ਪਰ ਉਹ ਆਪਣੀ ਮਤਿ ਨੂੰ ਖੁੱਲਾ ਰੱਖਦਾ ਹੈ। ਉਹ ਸਮਝਦਾ ਹੈ ਕਿ ਝੂਠ ਦੀ ਬੁਨਿਆਦ ਤੇ ਸੱਚ ਖੜਾ ਨਹੀਂ ਹੋ ਸਕਦਾ, ਅਤੇ ਸੱਚ ਦੀ ਉਸਾਰੀ ਤਾਂ ਸੱਚ ਤੇ ਹੀ ਹੋਣੀ ਚਾਹੀਦੀ ਹੈ। ਪਰ ਇਸ ਦੇ ਉਲਟ ਇੱਕ ਵਿਦਵਾਨ ਵਲੋਂ ਜਾਣੇ-ਅਣਜਾਣੇ ਪ੍ਰਚਾਰੇ ਝੂਠ ਤੋਂ ਪਿੱਛੇ ਹੱਟਣਾ ਬਹੁਤ ਔਖਾ ਹੁੰਦਾ ਹੈ

ਇੱਕ ਪਾਠਕ ਲਈ ਪੇਚੀਦਾ ਸਥਿਤੀ ਉਸ ਵੇਲੇ ਉਤਪੰਨ ਹੁੰਦੀ ਹੈ, ਜਿਸ ਵੇਲੇ ਕਿ ਕਿਸੇ ਗਲ ਨੂੰ ਪੇਸ਼ ਕਰਨ ਵਾਲੇ ਵਿਦਵਾਨ ਨੇ, ਜਾਣੇ/ਅਣਜਾਣੇ ਕਿਸੇ ਤੱਥ ਨੂੰ, ਉਸਦੇ ਅਰਧਸੱਤਯ ਰੂਪ ਵਿੱਚ ਪੇਸ਼ ਕੀਤਾ ਹੋਵੇ। ਐਸੀ ਪੇਚਿਦਗੀਆਂ ਉਸ ਵੇਲੇ ਇੱਕ ਤ੍ਰਾਸਦੀ ਬਣ ਜਾਂਦੀਆਂ ਹਨ, ਜਿਸ ਵੇਲੇ ਕਿ ਕਿਸੇ ਵਿਸ਼ੇ ਬਾਰੇ, ਹਾਂ-ਪੱਖੀ ਅਤੇ ਨਾਹ-ਪੱਖੀ ਧਿਰਾਂ ਵਿਚਲਾ ਸੰਵਾਦ ਬੰਦ ਹੋ ਗਿਆ ਹੋਵੇ। ਐਸੀ ਸੂਰਤ ਵਿੱਚ ਕਈ ਵਾਰ ਕੇਵਲ ਇੱਕ ਦੀ ਹੀ ਤੂਤੀ ਬੋਲਦੀ ਹੈ, ਅਤੇ ਆਮ ਪਾਠਕ ਵਲੋਂ ਗਲਤ ਵੀ ਸੱਚ ਸਮਝ ਲਿਆ ਜਾਂਦਾ ਹੈ

ਐਸਾ ਇਸ ਲਈ ਵੀ ਹੋ ਰਿਹਾ ਹੈ ਕਿ ਸਿੱਖੀ ਦੇ ਵਿਰਸੇ ਵਿੱਚ ਹੋਏ ਵਿਦਵਾਨ ਅੱਜ ਖਾਮੋਸ਼ ਹਨ। ਉਨ੍ਹਾਂ ਦਾ ਜ਼ਿਕਰ ਇੱਕ ਸਵਾਲਿਆ ਨਿਸ਼ਾਨ ਰਾਹੀਂ ਹੁੰਦਾ ਹੈ। ਜਿਵੇਂ ਕਿ ਪਿੱਛੇ ਵਿਚਾਰ ਆਏ ਹਾਂ ਕਿ ਸੰਪੁਰਣਤਾ (Perfection) ਕੇਵਲ ਗੁਰਬਾਣੀ ਨਾਲ ਜੁੜੀ ਗਲ ਹੀ ਹੈ, ਅਤੇ ਉਸ ਤੋਂ ਸਿਵਾ ਕਿਸੇ ਵੀ ਵਿਦਵਾਨ ਬਾਰੇ ਸੰਪੁਰਣਤਾ ਦਾ ਦਾਵਾ ਨਹੀਂ ਹੋ ਸਕਦਾ। ਪਰ ਇਸ ਤਰਕ ਨੂੰ ਪੇਸ਼ ਕਰਨ ਵਾਲੇ, ਆਪਣੀ ਪੱਤਰਕਾਰਿਤਾ ਬਾਰੇ ਇਸ ਤੱਥ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹਨ। ਉਹ ਆਪ ਆਪਣੇ ਤਰਕ ਦੀ ਤਹਜ਼ੀਬ ਦਾ ਪਾਲਨ ਨਹੀਂ ਕਰਦੇ। ਉਹ ਆਪਣੇ ਚਿੰਤਨ ਨੂੰ ਸੰਪੁਰਣ ਸਮਝਦੇ ਹਨ !

ਖ਼ੈਰ ਇਤਨਾ ਤਾਂ ਸਪਸ਼ਟ ਹੈ ਕਿ ਜੋ ਵੀ ਕੁੱਝ ਲਿਖਿਆ ਜਾਂਦਾ ਹੈ, ਪਾਠਕਾਂ ਲਈ ਵੀ ਲਿਖਿਆ ਜਾਂਦਾ ਹੈ। ਇਸ ਲਈ ਆਸ ਹੈ ਕਿ ਪਾਠਕ ਵਰਗ ਗੁਰਮਤਿ ਵਿਚਾਰ ਲੇਖਨ ਅਤੇ ਪੱਤਰਕਾਰਿਤਾ ਵਿਚਲਾ ਅੰਤਰ ਜ਼ਰੂਰ ਸਮਝਣ ਗੇ, ਤਾਂ ਕਿ ਉਹ ਮਾਨਸਕ ਟਿਕਾਉ ਨਾਲ ਗੁਰਮਤਿ ਵਿਚਾਰ ਕਰਦੇ ਰਹਿਣ

ਪਾਠਕ ਵਰਗ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ, ਨਹੀਂ ਤਾਂ ਗੁਰਮਤਿ ਵਿਚਾਰ ਦਾ ਢੰਗ, ਸਹਿਜਤਾ ਨਾਲ ਗੁਰਮਤਿ ਵਿਚਾਰ ਦੀ ਤਾਕੀਦ ਤੋਂ ਪਰੇ ਹੋ, ਸਨਸਨੀ ਖੇਜ਼ ਪੱਤਰਕਾਰਿਤਾ ਵਰਗਾ ਹੀ ਬਣ ਕੇ ਰਹਿ ਜਾਏਗ !
ਹਰਦੇਵ ਸਿੰਘ, ਜੰਮੂ
੨੭. ੧੧. ੨੦੧੧