Monday, 12 November 2012

‘ਇਕ ਪ੍ਰਚਾਰਕ ਜੀ ਨਾਲ ਸੰਖੇਪ ਮੁਲਾਕਾਤ’
ਹਰਦੇਵ ਸਿੰਘ, ਜੰਮੂ

ਕੁੱਝ ਦਿਨ ਪਹਿਲਾਂ ਕੁੱਝ ਸੱਜਣਾ ਨਾਲ ਵਿਚਾਰ ਵਟਾਂਦਰੇ ਦੌਰਾਨ ਅਚਾਨਕ ਇੱਕ ਪ੍ਰਚਾਰਕ ਸੱਜਣ ਜੀ ਕਮਰੇ ਵਿੱਚ ਦਾਖ਼ਲ ਹੋਏ! ਸੋ ਇੱਕ ਮੁਖ਼ਤਸਰ ਜਿਹੀ ਮੁਲਾਕਾਤ ਹੋ ਗਈ। ਮੇਰੇ ਨਾਲ ਸ. ਦਵਿੰਦਰ ਸਿੰਘ, ਜੰਮੂ ਜੀ ਸਨ।

ਪ੍ਰਚਾਰਕ ਜੀ ਨੇ ਬੜੀ ਜਲਦੀ ਹੀ ਚਲਦੀ ਵਿਚਾਰ ਵਿੱਚ ਤਲਖ਼ੀ ਨਾਲ ਹਿੱਸਾ ਲੇਂਦੇ ਤਲਖ਼ ਅੰਦਾਜ਼ ਵਿੱਚ ਦਾਸ ਨੂੰ ਸਵਾਲ ਕੀਤਾ ਕਿ; ਕੀ ਤੁਸੀ ਚਾਹੁੰਦੇ ਹੋ ਕਿ ਅਸੀਂ ਜਿੱਥੇ ਖੜੇ ਹਾਂ ਉੱਥੇ ਹੀ ਖੜੇ ਰਈਏ? ਅੱਗੇ ਖੋਜ ਨਹੀਂ ਹੋਣੀਂ ਚਾਹੀਦੀ?

ਤਾਂ ਦਾਸ ਨੇ ਬੇਨਤੀ ਕੀਤੀ ਕਿ ਖੋਜ ਦਾ ਸਵਾਗਤ ਹੈ ਪਰ ਖੋਜ ਕਿਸੇ ਝੂਠ ਤੇ ਅਧਾਰਤ ਨਹੀਂ ਹੋਂਣੀ ਚਾਹੀਦੀ! ਮੈਂ ਸਵਾਲ ਕੀਤਾ ਕਿ ਕੀ ਖੌਜ ਝੂਠੇ ਤੱਥ ਪ੍ਰਚਾਰ ਕੇ ਹੋਂਣੀ ਚਾਹੀਦੀ ਹੈ? ਤਾਂ ਉਹ ਚੁੱਪ ਹੋ ਗਏ। ਅਤੇ ਫ਼ਿਰ ਬੋਲੇ ਕਿ ਕੀ ਗੁਰਬਾਣੀ ਨੂੰ ਵਿਗਿਆਨ ਢੰਗ ਨਾਲ ਨਹੀਂ ਵਿਚਾਰੀਆ ਜਾਣਾ ਚਾਹੀਦਾ?

ਤਾਂ ਦਾਸ ਨੇ ਕੁੱਝ ਤਫ਼ਸੀਲੀ ਜਵਾਬ ਦਿੰਦੇ ਕਿਹਾ ਕਿ ਵਿਗਿਆਨ ਨੂੰ ਵਿਚਾਰ ਵਿੱਚ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਇਸਦੇ ਨਾਲ ਹੀ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਵਿਗਿਆਨ ਤੋਂ ਉੱਪਰ ਅਧਿਆਤਮਕ ਪੱਖਾਂ ਨਾਲ ਵੀ ਜੁੜੀਆ ਹੈ ਜੋ ਕਿ ਵਿਗਿਆਨ ਦਾ ਵਿਸ਼ਾ ਨਹੀਂ। ਮੈਂ ਦੋ ਤਿੰਨ ਮਿਸਾਲਾਂ ਦਿੱਤੀਆਂ।

ਪਹਿਲੀ ਮਿਸਾਲ ਸੀ ਏ. ਕੇ. 47 ਦੀ! ਮੈਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੰਦੂਕ ਮਾਦਾ ਦੀ ਬਣੀਂ ਹੈ ਅਤੇ ਫ਼ਿਸਿੱਕਸ ਦੇ ਸਿਧਾਂਤ ਅਨੁਸਾਰ ਵਿਗਿਆਨਕ ਢੰਗ ਨਾਲ ਬਣਦੀ/ਚਲਦੀ ਹੈ। ਪਰ ਉਸ ਬੰਦੂਕ ਨਾਲ ਕਿਸੇ ਮਨੁੱਖ ਦੀ ਜਾਨ ਲਈ ਜਾਣੀ ਚਾਹੀਦੀ ਹੈ ਜਾਂ ਨਹੀਂ ਇਹ ਵਿਸ਼ਾ ਵਿਗਿਆਨ ਦਾ ਨਹੀਂ ਬਲਕਿ ਮਨੁੱਖੀ ਧਰਮ ਦਾ ਹੈ। ਐਟਮ ਬੰਬ ਬਣਦਾ ਵੀ ਵਿਗਿਆਨਕ ਢੰਗ ਨਾਲ ਹੈ ਅਤੇ ਚਲਦਾ ਵੀ ਵਿਗਿਆਨਕ ਢੰਗ ਨਾਲ। ਪਰ ਉਸ ਨੂੰ ਚਲਾਉਂਣਾ ਚਾਹੀਦਾ ਹੈ ਜਾਂ ਨਹੀਂ ਇਸਦਾ ਫ਼ੈਸਲਾ ਵਿਗਿਆਨ ਦੀ ਲੈਬਾਰਟਰੀ ਵਿੱਚ ਤੈਅ ਨਹੀਂ ਹੁੰਦਾ। ਇਸ ਮਿਸਾਲ ਤੇ ਉਹ ਚੁੱਪ ਰਹੇ!

ਦੂਜੀ ਮਿਸਾਲ ਸੀ ਇੱਕ ਗੁਲਾਬ ਦੇ ਫ਼ੁੱਲ ਦੀ! ਮੈਂ ਕਿਹਾ ਕਿ ਗੁਲਾਬ ਖ਼ੂਬਸੂਰਤ ਹੁੰਦਾ ਹੈ। ਪਰ ਕੀ ਉਸ ਦੀ ਸੁੰਦਰਤਾ ਨੂੰ ਵਿਗਿਆਨ ਦੀ ਕਿਸੇ ਲੈਬਾਰਟਰੀ ਵਿੱਚ ਨਾਪਿਆ ਜਾ ਸਕਦਾ ਹੈ? ਇੱਕੋ ਹੀ ਫ਼ੁੱਲ ਇਨਸਾਨ ਲਈ ਖ਼ੂਬਸੂਰਤ ਹੁੰਦਾ ਹੈ ਅਤੇ ਉਸੇ ਫ਼ੁੱਲ ਨੂੰ ਇੱਕ ਕੁੱਤਾ ਵੀ ਦੇਖਦਾ ਹੈ ਅਤੇ ਇੱਕ ਗਾਂ ਵੀ। ਉਸ ਗੁਲਾਬ ਲਈ ਇੱਕ ਕੁੱਤੇ ਦਾ ਨਜ਼ਰੀਆ ਕੀ ਹੈ, ਜਾਂ ਗਾਂ ਦੀ ਨਿਗਾਹ ਵਿੱਚ ਉਹ ਗੁਲਾਬ ਕੀ ਹੈ, ਇਸ ਦਾ ਸਾਨੂੰ ਕੋਈ ਪਤਾ ਨਹੀਂ! ਸਾਡੀ ਨਜ਼ਰ ਵਿੱਚ ਜੋ ਗੁਲਾਬ ਦੀ ਸੱਚਾਈ ਹੈ ਉਹ ਕੁੱਤੇ ਅਤੇ ਗਾਂ ਦੀ ਨਜ਼ਰ ਵਿਚਲੀ ਸੱਚਾਈ ਤੋਂ ਵੱਖਰੀ ਹੈ। ਇਸ ਲਈ ਵਿਗਿਆਨ ਸੱਚਾਈ ਦੇ ਕਈ ਪੱਖਾਂ ਨੂੰ ਜਾਣਨ ਤੋਂ ਅਸਮਰਥ ਹੈ। ਮੈਂ ਸਵਾਲ ਕੀਤਾ ਕਿ ਕੀ ਐਸੀਆਂ ਵਿਸਮਾਦ ਰੂਪ ਸੱਚਾਈਆਂ ਨੂੰ ਤੂਸੀ ਵਿਗਿਆਨ ਦੀ ਕਸਵਟੀ ਤੇ ਪਰਖ ਸਕਦੇ ਹੋ, ਜੋ ਕਿ ਕੁਦਰਤ ਵਿੱਚ ਮੌਜੂਦ ਹਨ, ਪਰ ਜਿਨ੍ਹਾਂ ਨੂੰ ਤੁਸੀ ਅੱਜੇ ਜਾਣਦੇ ਤਕ ਨਹੀਂ? ਇਸ ਤੇ ਉਹ ਬਿਲਕੁਲ ਖ਼ਾਮੋਸ਼ ਰਹੇ। ਮੈਂ ਕਿਹਾ ਕਿ ਗੁਰੂ ਨਾਨਕ ਵਲੋਂ ਦਰਸਾਏ ਅਧਿਆਤਮ ਬਾਰੇ ਅਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਉਸ ਦੇ ਸਾਰੇ ਪੱਖਾਂ ਨੂੰ ਪੁਰੀ ਤਰਾਂ ਜਾਣਦੇ ਹਾਂ। ਇਸ ਲਈ ਜਿਸ ਪੱਖ ਨੂੰ ਅੱਜੇ ਅਸੀਂ ਜਾਣਦੇ ਨਹੀਂ, ਉਸ ਤੇ ਵਿਗਿਆਨ ਦੀ ਕਸਵਟੀ ਕਿਵੇਂ ਵਰਤਾਂਗੇ? ਉਹ ਚੁੱਪ ਸਨ!

ਇਸੇ ਦੋਰਾਨ ਕਿਸੇ ਨੇ ਲੰਗਰ ਛੱਕ ਕੇ ਬਾਕੀ ਗਲ ਕਰਨ ਦਾ ਸੁਜਾਅ ਦੇ ਦਿੱਤਾ ਤਾਂ ਅਸੀਂ ਲੰਗਰ ਕਮਰੇ ਵਿੱਚ ਜਾ ਬੈਠੇ। ਸਬਬਨ ਉਹ ਪ੍ਰਚਾਰਕ ਜੀ ਵੀ ਮੇਰੇ ਸ੍ਹਾਮਣੇ ਹੀ ਬੈਠੇ ਸੀ। ਤਾਂ ਉਨ੍ਹਾਂ ਅਰਦਾਸ ਵਿਚਲੀ ਸ਼ਬਦਾਵਲੀ ਤੇ ਕਿੰਤੂ ਕਰਦੇ ਇੱਕ ਸਵਾਲ ਕੀਤਾ ਕਿ ਕੀ ਸਿੱਖ ਕੇਵਲ ਗੁਰਦੁਆਰੇਆਂ ਦੀ ਸੇਵਾ ਸੰਭਾਲ ਲਈ ਹੀ ਕੁਰਬਾਨੀਆਂ ਕਰਦੇ ਆਏ ਹਨ?
ਤਾਂ ਮੈਂ ਪ੍ਰਚਾਰਕ ਜੀ ਪਾਸ ਬੇਨਤੀ ਕੀਤੀ ਕਿ ਤੁਸੀ ਮਰਿਆਦਤ ਅਰਦਾਸ ਦੀ ਇੱਕ ਪੰਗਤੀ ਦੇ ਚੰਦ ਸ਼ਬਦਾਂ ਨੂੰ ਹੀ ਕਿਉਂ ਕੋਟ ਕਰ ਰਹੇ ਹੋ? ਪੁਰਾ ਸਬੰਧਤ ਪੈਰਾ ਕਿਉਂ ਨਹੀਂ ਪੜਦੇ? ਉੱਥੇ ਲਿਖਿਆ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ….

ਮੈਂ ਕਿਹਾ ਕਿ ਵੀਰ ਜੀ ‘ਧਰਮ ਹੇਤ ਸੀਸ ਦੇਂਣ ਆਦਿ ਤੋਂ ਲੇਕੇ ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ’ ਦੀ ਗਲ ਲਿਖੀ ਹੈ। ਯਾਨੀ ਕਿ ਧਰਮ ਹੇਤ (ਅਨੁਸਾਰ) ਕੀਤੇ ਕਈਂ ਕਾਰਜਾਂ ਦਾ ਜ਼ਿਕਰ ਹੈ ਨਾ ਕਿ ਸਿਰਫ਼ ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਾ! ਫ਼ਿਰ ਤੁਸੀਂ ਇੱਕ ਅਹਿਮ ਪੰਗਤੀ ਦੀ ਕੇਵਲ ਇੱਕ ਅਧੂਰੀ ਗਲ ਨੂੰ ਚੁੱਕੇ ਕੇ ਕਿੰਤੂ ਖੜਾ ਕਿਵੇਂ ਕਰ ਸਕਦੇ ਹੋ? ਤਾਂ ਪ੍ਰਚਾਰਕ ਜੀ ਨੇ ਸਵੀਕਾਰ ਕੀਤਾ ਕਿ ਹਾਂ ਕੁੱਝ ਗੱਲਾਂ ਦਾ ਪਤਾ ਤਾਂ ਆਪਸੀ ਵਿਚਾਰ ਨਾਲ ਹੀ ਚਲਦਾ ਹੈ।

ਇਸ ਉਪਰੰਤ ਇੱਕ ਹੋਰ ਵਿਸ਼ੇ ਬਾਰੇ ਬੜੀ ਛੋਟੀ ਜਿਹੀ ਵਿਚਾਰ ਹੋਈ ਜਿਸਦਾ ਜ਼ਿਕਰ ਇੱਥੇ ਕਰਨਾ ਠੀਕ ਨਹੀਂ ਜਾਪਦਾ। ਉਸ ਵਿਚਾਰ ਬਾਰੇ ਮੇਰੇ ਵਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਉਹ ਆਪਣੇ ਸਿਰੋਂ ਜ਼ਿੰਮੇਵਾਰੀ ਉਤਾਰ ਕੇ ਕਿਸੇ ਹੋਰ ਲਿਖਾਰੀ ਦੇ ਸਿਰ ਪਾਉਂਣ ਦਾ ਜਤਨ ਕਰ ਰਹੇ ਸੀ। ਖ਼ੈਰ!

ਲੰਗਰ ਛੱਕਣ ਦੀ ਸਮਾਪਤੀ ਹੋਈ ਤਾਂ ਮੇਜ਼ਬਾਨ ਸਾਹਿਬ ਜੀ ਨੇ ਕਿਹਾ ਕਿ ਤੁਸੀ ਕਮਰੇ ਵਿੱਚ ਜਾ ਕੇ ਵਿਚਾਰਾਂ ਜਾਰੀ ਰੱਖੋ ਤੇ ਮੈਂ ਕੋਈ ਜ਼ਰੂਰੀ ਕੰਮ ਨਿਪਟਾ ਕੇ ਵਾਪਸ ਪਰਤਦਾ ਹਾਂ। ਮੈਂ ਕੁੱਝ ਸੱਜਣਾ ਨਾਲ ਕਮਰੇ ਵਿੱਚ ਚਲਾ ਗਿਆ। ਬੜੀ ਹੈਰਾਨਗੀ ਹੋਈ ਕਿ ਉਹ ਪ੍ਰਚਾਰਕ ਜੀ ਬਿਨਾ ਕੋਈ ਗਲ ਕੀਤੇ ਅਤੇ ਬਿਨ੍ਹਾਂ ਮਿਲੇ-ਕੁੱਝ ਕਹੇ ਬਾਹਰੋ-ਬਾਹਰ ਹੀ ਚਾਲੇ ਪਾ ਗਏ। ਮੈਂ ਉਡੀਕਦਾ ਹੀ ਰਿਹਾ ਜਦ ਤਕ ਕਿ ਕਿਸੇ ਨੇ ਦੱਸਿਆ ਕਿ ਉਹ ਤਾਂ ਚਲੇ ਗਏ ਹਨ। ਉਨ੍ਹਾਂ ਐਸਾ ਕਿਉਂ ਕੀਤਾ ਇਹ ਤਾਂ ਉਹੀ ਬੇਹਤਰ ਜਾਣਦੇ ਹੋਂਣ ਗੇ! ਪਰ ਜੋ ਮੈਂਨੂੰ ਮਹਸੂਸ ਹੋਇਆ ਉਹ ਇਹ ਸੀ ਕਿ ਪ੍ਰਚਾਰਕ ਹੋਂਣ ਦੇ ਨਾਤੇ ਸਿੱਖੀ ਦੇ ਅਧਿਆਤਮਕ ਫ਼ਲਸਫ਼ੇ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਂਣ ਸਤਹੀ ਹੈ। ਉਨ੍ਹਾਂ ਆਰੰਭ ਵਿੱਚ ਤਲਖ਼ ਹੋ ਕੇ ਆਪਣਾ ਪ੍ਰਭਾਵ ਜਤਾਉਂਣ ਦਾ ਜਤਨ ਵੀ ਕੀਤਾ ਸੀ ਜੋ ਕਿ ਇੱਕ ਪ੍ਰਚਾਰਕ ਨੂੰ ਸੋਭਦਾ ਨਹੀਂ। ਇਹ ਉਨ੍ਹਾਂ ਦਾ ਸੁਭਾਅ ਸੀ ਜਾਂ ਮੇਰੇ ਨਾਲ ਉਚੇਚਾ ਵਰਤਾਵ? ਮੈਂ ਸੋਚਦਾ ਰਿਹਾ! ਵਿਚਾਰਕ ਵਖਰੇਵਾਂ ਅਲਗ ਹੁੰਦਾ ਹੈ ਪਰ ਪ੍ਰਚਾਰਕ ਜੀ ਅਤੇ ਬਾਕੀ ਮਿੱਠਬੋਲੜੇ ਸੱਜਣਾਂ ਦੇ ਸੁਭਾਅ ਵਿੱਚ ਕਾਫ਼ੀ ਅੰਤਰ ਮਹਸੂਸ ਹੋਇਆ।

ਜੇ ਕਰ ਪ੍ਰਚਾਰਕ ਜੀ ਕੁੱਝ ਸਮ੍ਹਾਂ ਹੋਰ ਬੈਠਦੇ ਤਾਂ ਹੋਰ ਵਿਸਤ੍ਰਤ ਵਿਚਾਰਾਂ ਹੁੰਦੀਆਂ। ਕੁੱਝ ਸਿੱਖਣ ਦਾ ਮੌਕਾ ਮਿਲਦਾ। ਪਰ ਉਹ ਜਾ ਚੁੱਕੇ ਸੀ! ਬਾਕੀ ਸੱਜਣਾਂ ਨਾਲ ਕੁੱਝ ਵਿਚਾਰਾਂ ਉਪਰੰਤ ਮੈਂ ਤੇ ਸ. ਦਵਿੰਦਰ ਸਿੰਘ ਜੀ ਬਾ-ਕਾਯਦਾ ਪਿਆਰ ਭਰੀ ਰੁੱਖ਼ਸਤ ਲੇ ਕੇ ਵਾਪਸ ਪਰਤ ਆਏ।

ਹਰਦੇਵ ਸਿੰਘ, ਜੰਮੂ-4. 11. 12