Saturday, 2 March 2013

ਸਵਾਲ ਦਰ ਸਵਾਲ
ਹਰਦੇਵ ਸਿੰਘ, ਜੰਮੂ
 
“….ਜੇ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ ਅਸਥਾਨ ਨੂੰ ਅਕਾਲ ਤਖਤ ਮੰਨਦੇ ਹੋ ਅਤੇ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਕ ਤਨਖ਼ਾਹਦਾਰ ਮੁਲਾਜ਼ਮ, ਜੋ ਅਕਾਲ ਤਖ਼ਤ ਦੇ ਸਥਾਨ ’ਤੇ ਖਲੋ ਕੇ ਝੂਠ ਬੋਲਦਾ ਹੋਵੇ; ਦੇ ਹੁਕਮ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸਕੇ ਇਸ ਨੂੰ ਮੰਨਣ ਦੀ ਗੱਲ ਕਰਦੇ ਹੋ, ਤਾਂ ਮੈਂ ਸਮਝਦਾ ਹਾਂ ਕਿ ਭੋਲੇ ਸਿੱਖਾਂ ਨੂੰ ਇਹ ਆਖ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ”


ਪਿੱਛਲੇ ਦਿਨਾਂ ਵਿੱਚ ਛੱਪੇ ਇੱਕ ਲੇਖ ਦੇ ਉਪਰੋਕਤ ਅੰਸ਼ ਵਿੱਚ ਗੁਰੂ ਹਰਗੋਬਿੰਦ ਜੀ ਵਲੋਂ ਦਰਬਾਰ ਸਾਹਿਬ ਸ੍ਹਾਮਣੇ ਉਸਾਰੇ ਸਥਾਨ ਨੂੰ ‘ਅਕਾਲ ਤਖ਼ਤ’ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨ ਵਰਗਾ ਕੰਮ ਲਿਖਿਆ ਗਿਆ। ਲੇਖ ਵਿੱਚ ਤਰਕ ਨੂੰ ਤੋਰਦੇ ਹੋਏ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਬਾਣੀ ਸਿਧਾਂਤ ਹੀ ਅਕਾਲ ਤਖ਼ਤ ਹੈ ਨਾ ਕਿ ਗੁਰੂ ਹਰਗੋਬਿੰਦ ਜੀ ਦਾ ਸਿਰਜਿਆ ਅਕਾਲ ਤਖ਼ਤ!


ਉਪਰੋਕਤ ਵਿਚਾਰ ਵਿੱਚ ਸਿਧਾਂਤ (ਬਾਣੀ) ਅਤੇ ਉਸ ਸਿਧਾਂਤ ਦੀ ਵਿਆਖਿਆ (ਅਕਾਲ ਤਖ਼ਤ) ਵਿੱਚ ਪਾੜ ਪਾਉਂਣ ਦਾ ਵਿਚਾਰ ਪ੍ਰਤੀਤ ਹੁੰਦਾ ਹੈ। ਇਹ ਉਂਝ ਹੀ ਹੈ ਜਿਵੇਂ ਕਿ ਪੰਥ ਦੇ ਸਰੀਰ ਨੂੰ ਮਾਰ ਕੇ ਪੰਥ ਨੂੰ ਜਿੰਦਾ ਕਰਨ ਦਾ ਦਾਅਵਾ ਕੀਤਾ ਜਾਏ। ਅੱਜ ਅਕਾਲ ਤਖ਼ਤ, ਅਕਾਲ ਤਖ਼ਤ ਨਾ ਹੋ ਕੇ ਗੁਰੂ ਦਾ ਸਿਰਜਿਆ ਇੱਕ ਸਥਾਨ ਮਤਾਰ ਹੋ ਗਿਆ ਉਹ ਵੀ ਸਿਧਾਂਤ ਮੁਤਾਬਕ ਨਹੀਂ ਬਲਕਿ ਸਿਰਫ਼ ਇਤਹਾਸ ਮੁਤਾਬਕ? ਖੈਰ!


ਇਸ ਵਿਚਾਰ ਨੇ ਦਾਸ ਦਾ ਧਿਆਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇੱਕ ਹੁਕਮਨਾਮੇ ਵੱਲ ਖਿੱਚਿਆ। ਉਸ ਹੁਕਮਨਾਮੇ ਵਿੱਚ ਇੰਝ ਲਿਖਿਆ ਗਿਆ:-


ਮਿਤੀ: 9. 2. 1987
                                                    ਹੁਕਮ

(1) ਪੰਥਕ ਏਕਤਾ ਦੇ ਮਨੋਰਥ ਲਈ ਸ਼੍ਰੋਮਣੀ ਅਕਾਲੀ ਦਲ ਦੇ ਏਕੀਕਰਨ ਕਰਨ ਸੰਬੰਧੀ ਅਕਾਲੀ ਦਲ ਦੇ ਸਭ ਧੜਿਆਂ ਦੇ ਪ੍ਰਧਾਨਾਂ ਤੋਂ ਮਿਤੀ 5 ਫ਼ਰਵਰੀ ਨੂੰ ਸ਼ਾਮ ਦੇ ਪੰਜ ਵਜੇ ਤੀਕ ਅਸਤੀਫ਼ੇ ਭੇਜਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਜਾਰੀ ਕੀਤਾ ਗਿਆ, ਸੁਰਜੀਤ ਸਿੰਘ ਬਰਨਾਲਾ ਅਸਤੀਫ਼ਾ ਅਸਤੀਫ਼ਾ ਨਾ ਦੇ ਕੇ ਹੁਕਮ ਦੀ ਅੱਵਗਿਆ ਕਰਨ ਦਾ ਦੋਸ਼ੀ ਹੈ।

(2) ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਜਾ ਰਹੇ ਏਕਤਾ ਯਤਨਾਂ ਸਬੰਧੀ ਸੁਰਜੀਤ ਸਿੰਘ ਬਰਨਾਲਾ, ਕੂੜ, ਕੁਸੱਤ ਦੇ ਮੰਦ ਬਚਨ ਬੋਲ ਕੇ ਸਿੰਘ ਸਾਹਿਬਾਨ ਦੀ ਮਹਾਨ ਪਦਵੀਆਂ ਦੇ ਅਪਮਾਨ ਦਾ ਦੋਸ਼ੀ ਹੈ।


(3) ਆਪਣੇ ਬਚਨਾਂ ਤੋਂ ਖਿਸਕ ਕੇ ਅਤੇ ਆਪਣੇ ਵੱਲੋਂ ਭੇਜੇ ਪ੍ਰਤੀਨਿਧ ਦੇ ਦਿਵਾਏ ਲਿਖਤੀ ਵਿਸ਼ਵਾਸ ਤੋਂ ਮੁਨਕਰ ਹੋ ਕੇ ਸੁਰਜੀਤ ਸਿੰਘ ਬਰਨਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਸ਼ਵਾਸਘਾਤ ਦਾ ਦੋਸ਼ੀ ਹੈ।


(4) ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਵਲੋਂ ਅਕਾਲੀ ਦਲ ਦੇ ਸਭ ਧੜੇ ਭੰਗ ਕਰਨ ਦੇ ਐਲਾਨ ਉਪਰੰਤ ਵੀ ਸੁਰਜੀਤ ਸਿੰਘ ਬਰਨਾਲਾ ਨੇ ਧੜੇ ਦੀ ਹੋਂਦ ਅਤੇ ਆਪਣੇ ਪ੍ਰਧਾਨ ਹੋਂਣ ਦਾ ਦਾਅਵਾ ਅਖ਼ਬਾਰਾਂ ਰਾਹੀਂ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ, ਪੰਥਕ ਏਕਤਾ ਦੇ ਕਾਜ ਨੂੰ ਸੱਟ ਮਾਰੀ ਅਤੇ ਸਿੱਖ ਕੋਮ ਵਿੱਚ ਖਿਚੋਤਾਨ, ਪਾਟੋਪਾੜ ਅਤੇ ਆਪਾ-ਧਾਪੀ ਪਾਉਣ ਦਾ ਅਪਰਾਧ ਕਮਾਇਆ ਹੈ।
ਇਸ ਲਈ ਅੱਜ ਅਸੀਂ ਸੁਰਜੀਤ ਸਿੰਘ ਬਰਨਾਲਾ ਨੂੰ ਬਾਤੌਰ ਸਿੱਖ ਦੇ ਤਨਖਾਹੀਆ ਕਰਾਰ ਦਿੰਦੇ ਹਾਂ। ਸੁਰਜੀਤ ਸਿੰਘ ਬਰਨਾਲਾ ਮਿਤੀ 11 ਫ਼ਰਵਰੀ, 1987 (29 ਮਾਘ ਸੰਮਤ ਬਿਕ੍ਰਮੀ 2045) ਦਿਨ ਬੁਧਵਾਰ ਦੁਪਹਿਰ ਦੇ ਦੋ ਵਜੇ ਲਿਖਤੀ ਸਪਸ਼ਟੀਕਰਨ ਲੈ ਕੇ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਿਰ ਹੋਵੇ, ਨਹੀਂ ਤਾਂ ਪੰਥਕ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਗਲੀ ਕਾਰਵਾਈ ਕਰਨਗੇ।


ਸਰਬ ਸਿੱਖ ਸੰਸਾਰ ਸੁਰਜੀਤ ਸਿੰਘ ਬਰਨਾਲਾ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮ ਤਕ ਕੋਈ ਸਬੰਧ ਨਾ ਰੱਖੇ ਅਤੇ ਕੋਈ ਮਿਲਵਰਤਨ ਨਾ ਦੇਵੇ। ਜੋ ਕੋਈ ਪੰਥ ਦਾ ਹੁਕਮ ਮੰਨੇਗਾ, ਉਹ ਨਿਹਾਲ ਹੋਵੇਗਾ ਅਤੇ ਸਤਿਗੁਰ ਹਲਤ-ਪਲਤ ਉਸਦੇ ਸਹਾਈ ਹੋਣਗੇ।
ਨੋਟ:- ਅਗੇ ਇਸ ਹੁਕਮਨਾਮੇ ਹੇਠ ਪੰਜ ਜੱਥੇਦਾਰਾਂ ਦੇ ਦਸਤਖ਼ਤ ਹਨ


ਸੰਨ 1987 ਵਿੱਚ ਅਕਾਲ ਤਖ਼ਤ ਦੀ ਮੁਹਰ ਹੇਠ ਜਾਰੀ ਹੁਕਮਨਾਮੇ ਬਾਰੇ ਕੁੱਝ ਸੁਭਾਵਕ ਜਿਹੇ ਸਵਾਲ ਉੱਠਦੇ ਹਨ ਇਹ ਸਵਾਲ ਇਸ ਪ੍ਰਕਾਰ ਹਨ:-


(1)
ਅਕਾਲ ਤਖ਼ਤ ਤੋਂ ਅਸਤੀਫ਼ੇ ਮੰਗਣ ਦਾ ਆਦੇਸ਼ ਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਰੀ ਕੀਤਾ ਸੀ? ਜੇ ਕਰ ਇਹ ਆਦੇਸ਼ ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਸੀ ਤਾਂ ਇਸ ਨੂੰ ‘ਅਕਾਲ ਤਖ਼ਤ’ ਦਾ ਆਦੇਸ਼ ਕਿਉਂ ਲਿਖਿਆ ਗਿਆ?


(2) ਉਦੋਂ ਸਿੰਘ ਸਾਹਿਬਾਨ ਦੀਆਂ ਪਦਵੀਆਂ ਵੀ ਸਨ ਅਤੇ ਉਹ ਪਦਵੀਆਂ ਮਹਾਨ ਵੀ ਸਨ। ਉਸ ਵੇਲੇ ਮੰਦ ਬਚਨ ਬੋਲਣਾ ਉਨ੍ਹਾਂ ਮਾਹਨ ਪਦਵੀਆਂ ਦਾ ਅਪਮਾਨ ਸੀ। ਕਿਉਂ?


(3) ਸਿੰਘ ਸਾਹਿਬਾਨ ਨੂੰ ਲਿਖਤੀ ਵਿਸ਼ਵਾਸ ਦੇ ਕੇ ਮੁਨਕਰ ਹੋ ਜਾਣ ਵਾਲੇ ਬਰਨਾਲਾ ਸਾਹਿਬ ਜੀ ਅਕਾਲ ਤਖ਼ਤ ਦੇ ਦੋਸ਼ੀ ਕਿਵੇਂ ਹੋ ਗਏ? ਕੀ ਬਰਨਾਲਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵਿਸ਼ਵਾਸ ਦਿਲਾਇਆ ਸੀ ਜਿਸ ਤੋਂ ਬਾਦ ਵਿੱਚ ਬਰਨਾਲਾ ਜੀ ਮੁਨਕਰ ਹੋ ਗਏ?


(4) ਜੇ ਕਰ ਅਕਾਲ ਤਖ਼ਤ ਬਾਣੀ ਸਿਧਾਂਤ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਅਕਾਲੀ ਦਲ ਦੇ ਸਭ ਧੜੇ ਭੰਗ ਕਰਨ ਦਾ ਐਲਾਨ ਕਿਦੋਂ ਕੀਤਾ ਸੀ?


(5) ਬਰਨਾਲਾ ਜੀ ਦੇ ਸਪਸ਼ਟੀਕਰਨ ਨਾ ਆਉਂਣ ਦੀ ਸੂਰਤ ਵਿੱਚ ‘ਅਕਾਲ ਤਖ਼ਤ ਸਾਹਿਬ’ (ਤਰਕ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ) ਨੇ ਅਗਲੀ ਕਾਰਵਾਈ ਕਿਵੇਂ ਕਰਨੀ ਸੀ?


(6) ਸਪਸ਼ਟੀਕਰਨ ਆਉਂਣ ਤੋਂ ਪਹਿਲਾਂ ਹੀ ਪੰਥ ਨੂੰ ਬਰਨਾਲਾ ਸਾਹਿਬ ਨਾਲ ਕੋਈ ਸਬੰਧ ਨਾ ਰੱਖਣ ਅਤੇ ਮਿਲਵਰਤਨ ਨਾ ਦੇਂਣ ਦਾ ਆਦੇਸ਼ ‘ਅਕਾਲ ਤਖ਼ਤ’ ਨੇ ਕਿੰਝ ਦਿੱਤਾ ਸੀ?


ਜੇ ਕਰ ਗੁਰੂ ਹਰਗੋਬਿੰਦ ਜੀ ਵਲੋਂ ਸਿਰਜੇ ਸਥਾਨ ਨੂੰ ਅਕਾਲ ਤਖ਼ਤ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨਾ ਹੈ ਤਾਂ ਉਪਰੋਕਤ ਹੁਕਮਨਾਮਾ ਕਿਸ ਨੂੰ ਗੁਮਰਾਹ ਕਰਨ ਲਈ ਸੀ?


ਹਰਦੇਵ ਸਿੰਘ, ਜੰਮੂ-02. 03. 2013

Note:- It is pertinent to mention here that above quoted contents are the part of a   'Hukamnama' of Akal Takht when Prof. Darshan Singh ji was himself Jathedar Akal Takht Sahib. Readers can read another important letter dated 05.03.2013 on this link:-http://www.sikhmarg.com/your-view94.html