Friday, 10 July 2015



ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ(ਪੰਨਾ ੪੭੨) 
ਹਰਦੇਵ ਸਿੰਘ, ਜੰਮੂ

: ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁਸੂਚੇ ਏਹਿ ਆਖੀਅਹਿ ਬਹਨਿ ਜਿ ਪਿੰਡਾ ਧੋਇ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਈ (ਪੰਨਾ ੪੭੨)

ਅਰਥ:- ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ), ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਬਚਨਾਂ ਹੇਠ ਦਿੱਤੇ ਗਏ ਅਰਥ ਪ੍ਰੋ. ਸਾਹਿਬ ਸਿੰਘ ਜੀ ਵਲੋਂ ਕੀਤੇ ਗਏ ਹਨ ਕੀ ਇਨ੍ਹਾਂ ਬਚਨਾਂ ਵਿਚ ਗੁਰੂ ਸਾਹਿਬਾਨ ਨੇ ਮਹਾਵਾਰੀ ਨੂੰ ਅਪਵਿੱਤਰਤਾ ਨਾਲ ਜੋੜੀਆ ਹੈ ? ਜਾਂ ਫਿਰ ਪ੍ਰੋ. ਸਾਹਿਬ ਸਿੰਘ ਜੀ ਨੇ ਮਹਾਵਾਰੀ ਨੂੰ ਅਪਵਿੱਤਰ ਕਰਕੇ ਅਰਥਾਇਆ ਹੈ ? ਇਹ ਸਵਾਲ ਵਿਚਾਰਣ ਯੋਗ ਹਨ
ਧਿਆਨ ਦਿੰਦੇਆਂ ਪਤਾ ਚਲਦਾ ਹੈ ਕਿ ਉਪਰੋਕਤ ਸ਼ਬਦਾਂ ਵਿਚ ਇਕ ਐਸੀ ਪ੍ਰਚਲਤ ਸਮਾਜਕ ਮਾਨਤਾ ਨੂੰ ਬਿੰਬ ਵਜੋਂ ਇਸਤੇਮਾਲ ਕੀਤਾ ਗਿਆ ਹੈ ਜਿਸ ਅਨੁਸਾਰ ਮਹਾਵਾਰੀ ਇਕ ਅਪਵਿੱਤਰ ਕ੍ਰਿਆ (ਜਿਸ ਵੇਲੇ ਸਰੀਰ ਗੰਦਾ ਹੋਇਆ ਮੰਨਿਆਂ ਜਾਂਦਾ ਹੈ) ਮੰਨੀ ਜਾਂਦੀ ਹੈ ਜੋ ਕਿ ਬਾਰ-ਬਾਰ ਆਉਂਦੀ ਹੈ ਅਤੇ ਜਿਸ ਉਪਰੰਤ ਔਰਤ ਨੂੰ ਕੇਸ਼ੀ ਇਸ਼ਨਾਨ ਕਰਨਾ ਪੈਂਦਾ ਹੈ

ਵਾਸਤਵ ਵਿਚ ਇਸ ਥਾਂ ਗੁਰੂ ਸਾਹਿਬ ਜੀ ਦਾ ਭਾਵ ਮਾਹਾਵਾਰੀ ਨੂੰ ਪਵਿੱਤਰ ਜਾਂ ਅਪਵਿੱਤਰ ਦਰਸਾਉਣਾ ਨਹੀਂ ਬਲਕਿ ਸਮਾਜਕ ਮਾਨਤਾ ਅਨੁਸਾਰ ਇਕ ਨਿਰੰਤਰ ਕ੍ਰਿਆ (ਮਹਾਵਾਰੀ) ਦੇ ਬਿੰਬ ਜਾਂ ਰੂਪਕ ਦਾ ਇਸਤੇਮਾਲ, ਇਕ ਦੂਜੀ ਨਿਰੰਤਰ ਕ੍ਰਿਆ ( ਬਾਰਬਾਰ ਝੂਠ ਬੋਲਣ) ਦੇ ਸੱਚ ਨੂੰ ਪ੍ਰਤੀਬਿੰਬਤ ਕਰਨ ਦਾ ਹੈ ਨਾਲ ਹੀ ਅੰਤਿਮ ਪੰਗਤੀ ਵਿਚ ਸਪਸ਼ਟ ਸੰਦੇਸ਼ ਹੈ ਕਿ ਜਿਨ੍ਹਾਂ ਮਨੁੱਖਾਂ, ਇਸਤਰੀ (ਚਾਹੇ ਮਹਾਵਾਰੀ ਵਿਚ ਹੋਵੇ) ਜਾਂ ਪੁਰਸ਼ ਦੇ ਆਤਮੇ ਵਿਚ ਪ੍ਰਭੂ ਦੇ ਗੁਣਾਂ ਦਾ ਵਾਸ ਹੈ ਵਾਸਤਵ ਵਿਚ ਉਹ ਸਾਫ਼ ਹਨ
ਬਾਣੀ ਵਿਚ ਦੂਬਿਦਾ ਅਤੇ ਅਗਿਆਨਤਾ ਨੂੰ ਸਮਝਾਉਣ ਲਈ 'ਵਾਰੋ ਵਾਰ' ਦੇ ਬਿੰਬ  ਦਾ ਇਸਤੇਮਾਲ ਇਕ ਹੋਰ ਥਾਂ ਵੀ ਨਜ਼ਰ ਆਉਂਦਾ ਹੈ

ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰਬਿਸਟਾ ਅੰਦਰਿ ਕੀਟ ਸੋ ਪਇ ਪਚਹਿ ਵਾਰੋ ਵਾਰ (ਪੰਨਾ ੮੫)

ਭਾਵ; ਜਿਵੇਂ ਬਿਸ਼ਟਾ ਵਿਚ ਪਏ ਹੋਏ ਕੀੜੇ ਬਾਰ-ਬਾਰ ਵਿਲੂੰ ਵਿਲੂੰ ਕਰਦੇ ਹਨ, ਤਿਵੇਂ ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ (ਬਾਰ-ਬਾਰ) ਦੁਖੀ ਹੁੰਦੇ ਹਨ

ਇਸ ਥਾਂ ਵੀ ਗੁਰੂ ਸਾਹਿਬ ਜੀ ਦਾ ਮੰਤਵ ਕੀੜੇ ਜਾਂ ਬਿਸ਼ਟਾ ਨੂੰ ਪਵਿੱਤਰ ਜਾਂ ਅਪਵਿੱਤਰ ਘੋਸ਼ਤ ਕਰਨਾ ਨਹੀਂ ਬਲਕਿ ਇਕ ਨਿਰੰਤਰ ਕ੍ਰਿਆ (ਵਾਰੋ ਵਾਰ) ਰਾਹੀਂ ਇਕ ਦੂਜੀ ਕ੍ਰਿਆ (ਨਿਰੰਤਰ ਮੁਰਖਤਾ) ਨੂੰ ਪ੍ਰਤੀਬਿੰਬਤ ਕਰਨਾ ਹੈਚੁੰਕਿ ਸਮਾਜ ਵਿਚ ਬਿਸ਼ਟਾ ਨੂੰ ਗੰਦ ਕਰਕੇ ਸਮਝਿਆ ਜਾਂਦਾ ਹੈ ਇਸ ਲਈ ਮੁਰਖਤਾ ਦੀ ਤੁਲਨਾ ਉਸ ਸਮਝ ਨਾਲ ਕੀਤੀ ਗਈ ਹੈ

ਕੁਦਰਤੀ ਸੰਧਰਭ ਵਿਚ ਕੋਈ ਵੀ ਵਸਤ, ਵਹਿਮ ਦੇ ਰੂਪ ਵਿਚ, ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦੀ ਪਰੰਤੂ ਤੁਲਨਾਤਮਕ ਸੰਧਰਭ ਵਿਚ ਚੰਗੀ ਜਾਂ ਮਾੜੀ, ਸਾਫ਼ ਜਾਂ ਗੰਦੀ ਜ਼ਰੂਰ ਹੁੰਦੀ ਹੈਹਾਂ ਅਧਿਆਤਮਕ ਰੂਪ ਵਿਚ ਕਈਂ ਵਸਤਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਲਈ ਵਰਤਿਆ ਜਾਂਦਾ ਸ਼ਬਦ 'ਪਵਿੱਤਰ', ਚੰਗੀ ਜਾਂ ਸਾਫ਼ ਦੀ ਸ਼੍ਰੇਣੀ ਤੋਂ ਅਲਗ, ਪਾਵਨ (Holy) ਕਰਕੇ  ਵਰਤਿਆ/ਸਮਝਿਆ ਜਾਂਦਾ ਹੈਜਿਵੇਂ ਗੁਰੂ ਗ੍ਰੰਥ ਸਾਹਿਬ ਅਤੇ ਉਨ੍ਹਾਂ ਦੀ ਬਾਣੀ, ਗੁਰੂ ਸਾਹਿਬਾਨ ਵਲੋਂ ਕੀਤੇ ਕਾਰਜ!

ਮਹਾਵਾਰੀ ਉੱਤਪਤੀ ਨਾਲ ਜੁੜੀ ਕ੍ਰਿਆ ਹੈ ਕੀ ਇਹ ਅਪਵਿੱਤਰ ਹੈ ? ਨਹੀਂ ਇਹ ਅਪਵਿੱਤਰ (Unholy) ਨਹੀਂ ਬਲਕਿ, ਬਾਹਰ ਆਉਣ ਬਾਦ,  ਸ਼ਰੀਰਕ ਵੈਸਟ (ਗੰਦ) ਹੈਚੁੰਕਿ ਇਹ ਵੈਸਟ ਬਾਹਰ ਆਉਣ ਬਾਦ (ਮਹਾਵਾਰੀ ਮਲ ਆਦਿ) ਮਨੁੱਖ ਦੇ ਆਪਣੇ ਲਈ ਵਰਤਣ ਯੋਗ ਨਹੀਂ, ਇਸ ਲਈ ਮਨੁੱਖ ਇਨ੍ਹਾਂ ਦੀ ਸਫ਼ਾਈ ਲਈ ਉਚੇਚੇ ਯਤਨ ਕਰਦਾ ਹੈਇਹ ਮਨੁੱਖੀ ਵਰਤੋਂ ਦੇ ਲਿਹਾਜ਼ ਨਾਲ, ਮਨੁੱਖੀ ਸੇਹਤ ਲਈ, ਅਸਵੱਛ ਹੁੰਦੇ ਹਨਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਗੁਣਾਂ ਦਾ ਵਾਸ ਹੈ ਉਹ ਵੀ ਸ਼ਰੀਰਕ ਗੰਦਗੀ ਨੂੰ ਸਾਫ਼ ਕਰਦੇ ਹੀ ਹਨ, ਅਤੇ ਡਾ. ਇਸ ਪੱਖੋ ਸਫਾਈ ਰੱਖਣ ਦੀ ਜੋਰਦਾਰ ਸਲਾਹ ਦਿੰਦੇ ਹਨ

ਇਸ ਕਰਕੇ ਅਰਥ ਕਰਨ ਲੱਗਿਆਂ ਫ਼ਾਲਤੂ ਕਲਾਬਾਜ਼ਿਆਂ ਖਾਣ ਦੀ ਥਾਂ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਇਕ ਪ੍ਰਚਲਤ ਮਾਨਤਾ (ਕਿ ਮਾਹਾਵਾਰੀ ਦੌਰਾਨ ਇਸਤਰੀ ਸਵੱਛ ਨਹੀਂ ਹੁੰਦੀ) ਅਤੇ ਉਸਦੀ ਨਿਰੰਤਰਤਾ (ਬਾਰ-ਬਾਰ) ਦੇ ਬਿੰਬ ਰਾਹੀਂ 'ਅਸਲ ਜੂਠ' ਅਤੇ 'ਅਸਲ ਸੂੱਚ' ਨੂੰ ਪ੍ਰਤੀਬਿੰਬਤ ਕੀਤਾ ਹੈ ਜਿਸ ਰਾਹੀਂ ਅੰਤ ਵਿਚ ਹਰ ਉਸ ਇਸਤਰੀ ( ਚਾਹੇ ਉਹ ਮਹਾਵਾਰੀ ਵਿਚ ਕਿਉਂ ਨਾ ਹੋਵੇ) ਅਤੇ ਪੁਰਸ਼ ਨੂੰ ਸੁੱਚਾ ਕਿਹਾ ਹੈ ਜਿਸ ਦੇ ਆਤਮੇ ਅੰਦਰ ਪ੍ਰਭੂ ਦੇ ਗੁਣਾਂ ਦਾ ਵਾਸ ਹੈ

ਇਸ ਥਾਂ ਅਪਵਿੱਤਰ ਦਾ ਭਾਵ ਕਿਸੇ ਬਾਰ ਬਾਰ ਆਉਂਦੀ ਗੰਦੀ (ਯਾਨੀ ਕਿ ਸਫਾਈ ਕਰਨ ਯੋਗ) ਵਸਤ ਪ੍ਰਤੀ ਇਕ ਸਮਾਜਕ ਮਾਨਤਾ ਦੇ ਬਿੰਬ ਦੀ ਵਰਤੋਂ ਦਾ ਹੈਪ੍ਰੋ. ਸਾਹਿਬ ਸਿੰਘ ਜੀ ਨੇ ਇਸੇ ਸਹਿਜਤਾ ਨਾਲ ਸ਼ਬਦ ਦੇ ਅਰਥ ਕੀਤੇ ਹਨ
ਹਰਦੇਵ ਸਿੰਘ, ਜੰਮੂ-੦੪.੦੭.੨੦੧੫