'ਕਥਿਤ ਵਿਦਵਾਨਾਂ ਦਾ ਝੂਠ'
ਹਰਦੇਵ ਸਿੰਘ,ਜੰਮੂ
ਸੁਭਾਵਕ ਜਿਹੀ ਗਲ ਹੈ ਕਿ ਕੋਈ, ਹਉਮੇ ਜਾਂ ਭੁਲੇਖੇ ਵਿਚ, ਆਪਣੇ ਨੂੰ ਵਿਦਵਾਨ ਸਮਝ ਸਕਦਾ ਹੈ।ਇਸ ਸੁਭਾਵਕ ਜਿਹੀ ਗਲ ਦਾ ਸਿੱਟਾ ਜੇਕਰ ਝੂਠ ਵਿਚ ਨਿਕਲਦਾ ਹੋਵੇ, ਤਾਂ ਗਲ ਗੰਭੀਰ ਹੁੰਦੀ ਹੈ।ਪਰ ਜੇ ਕਰ ਕੋਈ ਆਪਣੀ ਹਉਮੇ, ਜਾਂ ਵਪਾਰਕ ਰਾਜਨੀਤੀ ਨੂੰ ਪਰਵਾਨ ਚੜਾਉਂਣ ਲਈ, ਨੀਤੀਗਤ ਢੰਗ ਨਾਲ ਝੂਠ ਨੂੰ ਪ੍ਰਚਾਰਤ ਕਰਨਾ ਆਰੰਭ ਕਰੇ ਤਾਂ ਗਲ ਹੋਰ ਗੰਭੀਰ ਹੁੰਦੀ ਜਾਂਦੀ ਹੈ, ਵਿਸ਼ੇਸ਼ ਰੂਪ ਵਿਚ ਝੂਠ ਬੋਲਣ ਵਾਲੇ ਦੀ ਆਪਣੀ ਵਿਸ਼ਵਸਨੀਯਤਾ ਲਈ।
ਖ਼ੈਰ ਇਸ ਚਰਚਾ ਵਿਚ ,ਕਈਂ ਝੂਠਾਂ ਵਿਚੋਂ ਕੇਵਲ ਇਕ ਝੂਠ ਵਿਚਾਰਨ ਦਾ ਯਤਨ ਕਰਦੇ ਹਾਂ।
ਪ੍ਰਚਾਰਿਆ ਜਾ ਰਿਹਾ ਇਹ ਝੂਠ ਇਸ ਪ੍ਰਕਾਰ ਹੈ:-
ਮਰਿਆਦਤ ਅਰਦਾਸ ਅਤੇ ਨਿਤਨੇਮ ਕਰਨ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ, ਬਲਕਿ ਦਸ਼ਮ ਗ੍ਰੰਥ ਦਾ ਸਿੱਖ ਹੈ!!!
ਪਹਿਲੀ ਗਲ ਇਹ ਕਿ ਕੋਈ ਵੀ ਸਿੱਖ ਦਸ਼ਮ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ।ਇੱਥੋਂ ਤਕ ਕਿ ਪੁਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲਾ ਵਿਯਕਤੀ ਵੀ ਉਸ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ, ਬਲਕਿ ਗੁਰੂ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦਾ ਹੈ।
ਜੇ ਕਰ ਕਿਸੇ ਨੇ ਕਦੇ ਦਸ਼ਮ ਗ੍ਰੰਥ ਨੂੰ ਗੁਰੂ ਲਿਖਿਆ ਵੀ ਹੋਵੇ ਤਾਂ ਉਹ ਐਸਾ ਅਪਵਾਦ ਹੈ, ਜਿਵੇਂ ਕਿ ਕੋਈ ਸਿੱਖ ਕਦੇ ਭਟਕ ਕੇ ਇਹ ਕਹਿ ਦੇਵੇ ਕਿ ਗੁਰੂ ਗ੍ਰੰਥ ਉਸਦਾ ਗੁਰੂ ਨਹੀਂ।ਉਸਦੇ ਐਸਾ ਕਹਿ ਦੇਂਣ ਤੇ ਇਹ ਪ੍ਰਾਪੋਗੰਡਾ ਨਹੀਂ ਕੀਤਾ ਜਾ ਸਕਦਾ, ਕਿ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਨਹੀਂ ਰਿਹਾ! ਇਕ ਬੰਦੇਂ ਦੇ ਕਹਿਣ ਨਾਲ ਇਹ ਸਿੱਟਾ ਕੱਡਣਾ ਮੁਰਖਤਾ ਹੀ ਹੋਵੇਗੀ।
ਹੁਣ ਵਿਚਾਰ ਦੀ ਲੋੜ ਹੈ ਕਿ, ਕੀ ਪੰਥਕ ਮਰਿਆਦਤ ਅਰਦਾਸ ਅਤੇ ਨਿਤਨੇਮ ਕਰਨ/ਮੰਨਣ ਵਾਲਾ, ਗੁਰੂ ਗ੍ਰੰਥ ਦੇ ਬਜਾਏ ਦਸ਼ਮ ਗ੍ਰੰਥ ਦਾ ਸਿੱਖ ਹੁੰਦਾ ਹੈ ? ਇਸ ਸਵਾਲ ਦੇ ਜਵਾਬ ਵਿਚ ਕੁੱਝ ਇਤਹਾਸਕ ਪਾਤਰਾਂ ਨੂੰ ਵਿਚਾਰਨ ਦੀ ਲੋੜ ਹੈ। ਮੋਟੇ ਤੌਰ ਤੇ, ਇਹ ਪਾਤਰ ਇਸ ਪ੍ਰਕਾਰ ਹਨ:-
ਭਾਈ ਨੰਦ ਲਾਲ (੧) ਜੱਸਾ ਸਿੰਘ ਆਹਲੂਵਾਲਿਆ (੨) ਨਵਾਬ ਕਪੂਰ ਸਿੰਘ (੩) ਹਰੀ ਸਿੰਘ ਨਲਵਾ (੪) ਭਾਈ ਕਾਹਨ ਸਿੰਘ ਜੀ ਨਾਭਾ (੫) ਗਿਆਨੀ ਦਿੱਤ ਸਿੰਘ (6) ਪ੍ਰੋ. ਗੁਰਮੁਖ ਸਿੰਘ (੭) ਪ੍ਰੋ. ਸਾਹਿਬ ਸਿੰਘ (੮) ਭਾਈ ਵੀਰ ਸਿੰਘ (੯) ਬਾਬਾ ਪ੍ਰੇਮ ਸਿੰਘ ਜੀ ਹੇਤੀ (੧੦) ਪ੍ਰਿ. ਤੇਜਾ ਸਿੰਘ ਜੀ (੧੧) ਪ੍ਰਿ. ਸਤਬੀਰ ਸਿੰਘ ਜੀ (੧੨) ਦਿੱਲੀ ਅਤੇ ਦਰਬਾਰ ਸਾਹਿਬ ਆਦਿ ਵਿਚ ਹੋਏ ਹਜ਼ਾਰਾਂ ਸ਼ਹੀਦ
ਉਪਰੋਕਤ ਉਤਪੰਨ ਕੀਤੇ ਜਾ ਰਹੇ ਝੂਠ ਮੁਤਾਬਕ, ਇਹ ਸਾਰੇ ਪਾਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਸਨ, ਬਲਕਿ ਦਸ਼ਮ ਗ੍ਰੰਥ ਇਨਾਂ ਦਾ ਗੁਰੂ ਸੀ।ਇਸ ਝੂਠ ਨੂੰ ਬੋਲਣ ਵਾਲੇ ਜ਼ਰਾ ਇਤਨਾ ਤਾਂ ਦੱਸਣ ਕਿ ਉਨਾਂਹ ਵਿਚੋਂ ' ਕਿਸ ' ਨੂੰ ਉਪਰੋਕਤ ਵਿਦਵਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ ?
ਇਸ ਤੋਂ ਵੱਧ ਘਟਿਆ ਗਲ ਕੀ ਹੋਵੇਗੀ ਕਿ ਐਸਾ ਝੂਠ ਬੋਲ ਕੇ, ਆਪਣੀ ਹਉਮੇ ਜਾਂ ਵਪਾਰਕ ਰੋਟਿਆਂ ਸੇਕਣ ਲਈ, ਭੋਲੇ ਅਤੇ ਜਜ਼ਬਾਤੀ ਕੁੱਝ ਸਿੱਖਾਂ ਨੂੰ ਇਸ ਝੂਠ ਦੇ ਮਾਰਗ ਤੇ ਤੋਰਦੇ ਹੋਏ ਕੁੱਝ ਬੰਦੇ, ਕੋਮ ਦੇ ਸਰਬਰਾਹ ਬਣਨ ਦਾ ਯਤਨ ਕਰਦੇ ਹੋਂਣ ?
ਇਹ ਲੋਗ ਆਪਣੇ ਮਤਲਬ ਲਈ, ਦਸ਼ਮ ਗ੍ਰੰਥ ਬਾਰੇ ਸਿੱਖਾਂ ਦੇ ਗੁਰੂ ਹੋਂਣ ਦਾ ਝੁਠਾ ਪ੍ਰਪੋਗੰਡਾ ਰਚ ਰਹੇ ਹਨ।ਕੁੱਝ ਨੇ ਖ਼ਾਲਸਾ ਪੰਥ ਦੇ ਬਰਾਬਰ ਇਕ ਖਿਆਲੀ "ਕਾਲਕਾ ਪੰਥ" ਦਾ ਵਿਚਾਰ ਪ੍ਰਚਾਰਨਾ ਆਰੰਭ ਕੀਤਾ ਹੈ।ਇਨਾਂਹ ਨੂੰ ਇਤਨਾ ਵੀ ਨਹੀਂ ਪਤਾ ਕਿ ਇਹ ਕਰ ਕੀ ਰਹੇ ਹਨ ?
ਇਨਾਂਹ ਦੇ ਇਸ ਝੂਠ ਮੁਤਾਬਕ ਉਪਰੋਕਤ ਸਾਰੇ ਵਿਦਵਾਨ ਅਤੇ ਸ਼ਹੀਦ "ਕਾਲਕਾ ਪੰਥ" ਸਨ, ਅਤੇ ਅੱਜ ਕੇਵਲ ਅਤੇ ਕੇਵਲ ਇਸ ਝੂਠ ਨੂੰ ਬੋਲਣ ਵਾਲੇ ਹੀ ਖ਼ਾਲਸਾ ਪੰਥ ਹਨ!ਅਗਰ ਐਸਾ ਹੀ ਹੈ ਤਾਂ ਕੋਈ ਪੁੱਛੇ ਕਿ ਤੁਹਾਡਾ ਉਸ ਸਿੱਖ ਪੰਥ ਨਾਲ ਕੀ ਲੇਂਣ-ਦੇਂਣ ਹੈ, ਜੋ ਕਿ ਤੁਹਾਡੀ ਥਿਯੂਰੀ ਮੁਤਾਬਕ, ਗੁਰੂ ਗ੍ਰੰਥ ਦਾ ਸਿੱਖ ਨਹੀਂ ? ਤੁਸੀ ਐਸੇ ਪੰਥ ਦੇ ਲੀਡਰ ਕਿਵੇਂ ਹੋਂਣ ਦਾ ਦਾਵਾ ਕਰਦੇ ਹੋ ? ਤੁਸੀ ਸਿੱਖ ਪੰਥ ਨੂੰ ਦਸ਼ਮ ਗ੍ਰੰਥ ਦਾ ਸਿੱਖ ਵੀ ਕਹਿੰਦੇ ਹੋ ਅਤੇ ਖ਼ੁਦ ਨੂੰ ਉਸ ਪੰਥ ਦਾ ਨੇਤਾ ਵੀ ? ਕੋਈ ਹੋਸ਼ ਨਹੀਂ ਕਿ ਤੁਸੀ ਚਿੱਤਨ ਦੇ ਕਿਸ ਤਲ ਤੇ ਖੜੇ ਹੋ ?
ਹੈਰਾਨਗੀ ਵਾਲੀ ਗਲ ਹੈ ਕਿ ਇਸ ਝੂਠ ਨੂੰ ਬੋਲਣ ਵਾਲੇਆਂ ਦੇ ਚਿੰਤਨ ਦਾ ਕਦ ਅਤੇ ਵਿਦਵਤਾ, ਸਿੱਖਾਂ ਵਿਚ ਹੋਏ ਕੋਮੀ ਵਿਦਵਾਨਾਂ ਦੇ ਮੁਕਾਬਲੇ ਤਿਨਕਿਆਂ ਬਰਾਬਰ ਵੀ ਨਹੀਂ।ਵੱਡੀ ਵਚਿੱਤਰ ਗਲ ਇਹ ਹੈ ਕਿ, ਇਤਨੇ ਹਲਕੇ ਸਤਰ ਦਾ ਝੂਠ ਬੋਲਣ ਵਿਚ ਇਨਾਂ ਸੱਜਣਾਂ ਨੂੰ ਕੋਈ ਸ਼ਰਮ ਵੀ ਨਹੀਂ ਆਉਂਦੀ।
ਉਹ ਬੇਸ਼ਰਮੀ ਨਾਲ ਤਰਕ ਦਿੰਦੇ ਹਨ ਕਿ ਭਾਈ ਕਾਹਨ ਸਿੰਘ ਨਾਭਾ ਜਾਂ ਪ੍ਰੋ. ਸਾਹਿਬ ਸਿੰਘ ਜੀ ਨੂੰ ਦਸ਼ਮ ਗ੍ਰੰਥ ਦਾ ਪਤਾ ਨਹੀਂ ਸੀ ਕਿਉਂਕਿ ਉਨਾਂਹ ਦੀ ਇਸ ਬਾਰੇ ਕੋਈ ਖੇਜ ਨਹੀਂ ਸੀ।ਹਉਮੇ ਨਾਲ ਭਰੇ ਇਹ ਪ੍ਰਚਾਰਕ ਧਿਆਨ ਦੇਂਣ ਕਿ ਅੱਜ ਉਨਾਂਹ ਵਿਚੋਂ ਕੋਈ ਵੀ ਲੇਖਕ/ਪ੍ਰਚਾਰਕ ਇਨਾਂਹ ਵਿਦਵਾਨਾਂ ਦੇ ਸਾਹਮਣੇ ਕੋਈ ਹੈਸੀਅਤ ਨਹੀਂ ਰੱਖਦਾ।ਬੋਲੇ ਗਏ ਉਪਰੋਕਤ ਝੂਠ ਨੇ ਤਾਂ ਉਨਾਂਹ ਦੀ ਹੋਰ ਮਿੱਟੀ ਪਲੀਦ ਕਰਨੀ ਹੈ, ਜੋ ਆਪਣੀ ਹਉਮੇ ਅਤੇ ਵਪਾਰਕ ਰਾਜਨੀਤੀ ਦੇ ਚਲਦੇ, ਕੁੱਝ ਭੋਲੇ ਸੱਜਣਾਂ ਨੂੰ ਜਜ਼ਬਾਤੀ ਕਰਕੇ, ਖ਼ੁਦ ਨੂੰ ਗੁਰੂ ਗ੍ਰੰਥ ਦਾ ਸਿੱਖ ਅਤੇ ਸਾਰੀ ਕੋਮ ਨੂੰ ਦਸ਼ਮ ਗ੍ਰੰਥ ਦਾ ਸਿੱਖ ਐਲਾਨਦੇ ਹਨ।ਐਸਾ ਕੰਮ ਤਾਂ ਮੀਣਿਆਂ ਨੇ ਹੀ ਕੀਤਾ ਸੀ ਜੋ ਹੁਣ ਨਵੇਂ ਰੂਪ ਵਿਚ ਸਾਹਮਣੇ ਆਏ ਹਨ।ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿਚ ਵੀ ਨਹੀਂ। ਇਨਾਂਹ ਦੇ ਸ਼ਿਕਾਰਾਂ ਵਿਚੋਂ ਕੁੱਝ ਨੂੰ, ਇਸਦਾ ਪਤਾ ਵੀ ਨਹੀਂ, ਕਿ ਨਵੇਂ ਰੂਪ ਵਿਚ ਪ੍ਰਕਟ ਹੋਈ ਮੀਣਾ ਮਾਨਸਿਕਤਾ ਦੀ ਸ਼ੈਅ ਤੇ ਉਹ ਕੀ ਕਰ ਰਹੇ ਹਨ।
ਇਨਾਂਹ ਕਥਿਤ ਵਿਦਵਾਨਾਂ ਦੀ ਹਉਮੇ ਅਤੇ ਵਪਾਰਕ ਰਾਜਨੀਤੀ ਤੋਂ ਪਰਦਾ ਉੱਠਦਾ ਜਾ ਰਿਹਾ ਹੈ ਅਤੇ ਇਨਾਂਹ ਦਾ ਝੂਠ ਨੰਗਾ ਹੋ ਰਿਹਾ ਹੈ।ਕੁੱਝ ਦੇਰ ਨਾਲ ਸਹੀ, ਪਰ ਇਸ ਝੂਠ ਦੇ ਸ਼ਿਕਾਰਾਂ ਨੂੰ ਇਸਦੀ ਸਮਝ ਆਏਗੀ ਜ਼ਰੂਰ।
ਹਰਦੇਵ ਸਿੰਘ,ਜੰਮੂ
Note:- The term "Kalka Panth" never existed in Sikh Panth. It is coined recently by some vested and ignorant interests. In principle, this is totally misconceived term and ignorant persons should abandon it immediately in the larger interest of the Sikh or Khalsa Panth.