Thursday, 7 September 2017

ਪ੍ਰਚਾਰ ਅਤੇ ਕੌਚਿੰਗ

ਹਰਦੇਵ ਸਿੰਘ, ਜੰਮੂ

ਪ੍ਰਚਾਰਕ ਜਿਸ ਵੇਲੇ ਸਿੱਖ (ਸਿੱਖਣ ਵਾਲਾ) ਨਹੀਂ ਰਹਿੰਦਾ ਤਾਂ ਉਹ ਕੌਚ (coach) ਜਿਹਾ ਬਣ ਜਾਂਦਾ ਹੈ। ਆਪਣੀ ਟੀਮ, ਅਤੇ ਫਿਰ ਸਵਾਲ ਹਾਰ-ਜਿੱਤ ਦਾ! ਪੰਥਕ ਏਕਾ ਭਾਵੇਂ ਹਾਰ ਜਾਏ ਪਰ ਟੀਮ ਜਿੱਤਣੀ ਚਾਹੀਦੀ ਹੈ। ਕੁੱਝ ਬਾਬਿਆਂ ਵਲੋਂ ਰਹਿ ਗਈ ਕਸਰ ਇਹ ਪੁਰੀ ਕਰਣ ਲੱਗੇ ਹਨ। ਵਿਚੋਲਿਆਂ ਦੀ ਥਾਂ ਹੁਣ ਨਵੇਂ ਕਿਸਮ ਦੇ ਵਿਚੋਲਿਆਂ ਨੇ ਲੇ ਲਈ ਹੈ।

ਸਪਸ਼ਟ ਕਰ ਦੇਵਾਂ ਕਿ ਮੈਂ ਕੇਵਲ ਕੁੱਝ ਪ੍ਰਚਾਰਕਾਂ-ਪ੍ਰਮੋਟਰਾਂ ਦੀ ਗਲ ਕਰ ਰਿਹਾ ਹਾਂ, ਸਾਰੇਆਂ ਦੀ ਨਹੀਂ। ਕੌਚ ਕੋਈ ਮਾੜਾ ਸ਼ਬਦ ਨਹੀਂ, ਪਰ ਇਸ ਥਾਂ ਇਸ ਸ਼ਬਦ ਨੂੰ ਵਰਤਣ ਦਾ ਸੰਧਰਭ ਕੇਵਲ ਇਤਨਾ ਹੈ ਕਿ ਕੌਚ ਆਪਣੀ ਟੀਮ ਦੇ ਖਿਡਾਰੀਆਂ ਨੂੰ ਮਾਨਵਤਾ ਨਹੀਂ, ਬਲਕਿ ਖੋਡ ਸਿਖਾਉਂਦਾ ਹੈ ਤਾਂ ਕਿ ਉਸਦਾ ਹੀ ਹਿੱਤ-ਪੱਖ ਜੇਤੂ ਹੋ ਸਕੇ। ਕਥਾਨਕ ਅਨੁਸਾਰ, ਕੁੱਝ ਅਜਿਹੀ ਹੀ ਸਥਿਤੀ ਵਿਚ, ਦ੍ਰੋਣਾਚਾਰਿਆ ਨੇ ਇੱਕਲਵਯ ਦਾ ਅੰਗੂਠਾ ਮੰਗ ਲਿਆ ਸੀ। ਜ਼ਾਹਰ ਹੈ ਕਿ ਇੱਕਲਵਯ ਦੀ ਉੱਚ ਯੋਗਤਾ ਦਾ ਹੋਰ ਕੋਈ ਤੋੜ ਨਹੀਂ ਸੀ ਦ੍ਰੋਣਾਚਾਰਿਆ ਪਾਸ! ਕੇਵਲ ਇਹੀ ਜੁਗਤ ਸੀ ਖ਼ੁਦ ਨੂੰ ਸ੍ਰੇਸ਼ਠ ਉਸਤਾਦ ਅਤੇ ਅਰਜੁਨ ਨੂੰ ਸ੍ਰੇਸ਼ਠ ਸ਼ਿਸ਼ ਸਿੱਧ ਕਰਨ ਦੀ।
  
ਖੈਰ, ਵਿਚਾਰਣ ਦੀ ਲੋੜ ਹੈ ਕਿ ਜੇ ਕਰ ਪ੍ਰਚਾਰਕਾਂ ਦੀ ਦੌੜ ਬਸ ਸਿਖਾਉਣ ਦੀ ਹੀ ਹੈ, ਤਾਂ ਉਹ ਆਪ ਸਿੱਖ (ਸਿੱਖਣ ਵਾਲੇ) ਕਿਵੇਂ ਬਣੇ ਰਹਿਣ ਗੇ ? ਜਿਹੜਾ ਪ੍ਰਚਾਰਕ ਧਿਰ ਬਸ ਸਿਖਾਉਣ ਦਾ ਅਧਿਕਾਰ ਹੀ ਲੋਚਦਾ ਹੋਵੇ, ਤਾਂ ਸਮਝ ਲਵੋ ਕਿ ਉਹ ਧਰਮ ਦੀ ਸ਼ਾਲਾ ਵਿਚ ਗੁਰਮਤਿ ਨਹੀਂ ਬਲਕਿ ਆਪਣੀ ਖੇਡ ਪ੍ਰਚਾਰ ਰਿਹਾ ਹੈ। ਸੋਸ਼ਲ ਮੀਡੀਏ ਤੇ ਰਾਜਨੀਤੀ ਦੇ ਦਾਅ-ਪੇਚ, ਅਤੇ ਗੁਰਮਤਿ ਵਿਚਾਰ ਦਾ ਤੌਰ-ਤਰੀਕਾ ਇਕੋ ਜਿਹਾ ਹੁੰਦਾ ਜਾ ਰਿਹਾ ਹੈ। ਝੂਠ ਤੇ ਝੂਠਾਂ ਦਾ ਅੰਭਾਰ ਅਤੇ ਨਾਲ ਭੱਦੀ/ਅਸੱਭਿਅਕ ਸ਼ਬਦਾਵਲੀ! ਤੇ ਫਿਰ ਅਜਿਹੇ ਪ੍ਰਚਾਰਕਾਂ ਦਾ ਭਾਸ਼ਣ, ਪ੍ਰਮੋਟਰਾਂ ਵਲੋਂ ਕਿਸੇ ਨਿਯੂਜ਼ ਆਈਟਮ ਵਾਂਗ ਪੇਸ਼ ਕੀਤਾ ਜਾਂਦਾ ਹੈ। ਹਰ ਰੋਜ਼ ਨਿੱਤ ਨਵਾਂ ਸੱਚ, ਜਿਵੇਂ ਕਿ ਕਿਸੇ ਟੁੱਥਪੇਸਟ ਦਾ ਵਿਗਿਆਪਨ; ਲੋ ਅਬ ਔਰ ਨਯਾ !!! 

ਸੱਚ ਬਾਰੇ ਨਿਤ ਨਵੇਂ ਦਾਵੇ ਖੜੇ ਕਰਦੇ ਅਜਿਹੇ ਕੌਚ ਅਤੇ ਕੌਚਿੰਗ ਸੇਂਟਰ, ਆਪ ਸਭ ਤੋਂ ਵੱਡੀ ਸਮੱਸਿਆ ਅਤੇ ਫ਼ੁੱਟ ਦਾ ਕਾਰਣ ਬਣ ਚੁੱਕੇ ਹਨ। ਕਮਾਲ ਹੈ ਕਿ ਪੰਥ ਨੂੰ ਤਬਕਿਆਂ ਵਿਚ ਵੰਡ ਕੇ ਇਹ ਮਨੁੱਖੀ ਏਕੇ ਦਾ ਸ਼ੰਖ ਫ਼ੂਕਦੇ ਹਨ! ਅੱਖੇ ਰਹਿਤ ਮਰਿਆਦਾ ਬਾਣੀ ਹੈ ? ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਆਦਿ ਗੁਰੂ ਸਨ ? ਐਸਾ ਪੁੱਛਣ ਵਾਲੇ ਸੱਜਣੋਂ, ਰਹਿਤ ਮਰਿਆਦਾ ਬਾਣੀ ਨਹੀਂ ਅਤੇ ਨਾ ਹੀ ਪੰਥਕ ਸ਼ਖ਼ਸੀਅਤਾਂ-ਸ਼ਹੀਦ ਗੁਰੂ ਸਨ, ਪਰ ਕੀ ਤੁਹਾਡੇ ਲੇਖ-ਬੋਲ ਗੁਰਬਾਣੀ ਹਨ ? ਕੀ ਤੁਸੀ ਜਾਂ ਤੁਹਾਡੇ ਸਾਰੇ ਪ੍ਰੋਫ਼ੇਸਰ ਅਤੇ ਡਾਕਟਰ ਗੁਰੂ ਹਨ ? ਹਾਂ ਇਤਨਾ ਤਾਂ ਜ਼ਰੂਰ ਹੈ ਕਿ ਤੁਹਾਡੇ  ਲੇਖਾਂ ਨਾਲੋਂ ਸਿੱਖ ਰਹਿਤ ਮਰਿਆਦਾ ਦਾ ਪੰਥਕ ਮੁੱਲ ਬਹੁਤ ਜ਼ਿਆਦਾ ਹੈ ਅਤੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ-ਸ਼ਹੀਦਾਂ ਸਨਮੁੱਖ ਤੁਹਾਡੀ ਸਮਝ ਦੇ ਕੱਦ ਬੜੇ ਹੀ ਬੋਨੇ ਹਨ।


ਹਰਦੇਵ ਸਿੰਘ,ਜੰਮੂ-੦੭.੦੯.੨੦੧੭