ਕੁਦਰਤੀ ਨਿਯਮ, ਨੀਂਦ ਅਤੇ ਭਾਈ ਰਣਜੀਤ ਸਿੰਘ ਜੀ ਦੱਡਰੀਆਂ ਵਾਲੇ
ਹਰਦੇਵ ਸਿੰਘ, ਜੰਮੂ
ਗੁਰੂ ਨਾਨਕ ਜੀ ਨੇ ਕਿਹਾ ਕਿ ਹਰ ਵਸਤ ਪ੍ਰਭੂ ਦੇ ਹੁੱਕਮ ਵਿਚ ਹੈ ਪਰ ਸਾਡੀ ਸਮੱਸਿਆ ਇਹ ਹੈ ਕਿ ਅੱਜਕਲ ਸਿੱਖ ਕੁਦਰਤੀ ਨਿਯਮਾਂ ਤੋਂ ਬਾਹਰ ਹੋ ਗਏ ਦੱਸੇ ਜਾਂਦੇ ਹਨ । ਸਾਡੇ ਵਿਚ ਤਾਂ ਕੁਦਰਤੀ ਨਿਯਮ ਤਾਂ ਜਿਵੇਂ ਸ਼ੀਸੇ ਹੋ ਗਏ ਹਨ ਅਤੇ ਝੱਪ-ਪੱਟ ਹਰ ਗਲ ਤੇ ਟੁੱਟ ਜਾਂਦੇ ਹਨ ! ਬੜੀ ਗੰਭੀਰ ਗਲ ਹੈ ਕਿਉਂਕਿ ਜਿਹੜਾ ਬੰਦਾ ਕੁਦਰਤ ਦੇ ਹੁਕਮ ਦੇ ਕੰਟਰੋਲ ਵਿਚ ਹੀ ਨਹੀਂ ਉਹ, ਹੁਕਮ ਤੋਂ ਬਾਹਰ ਆਕੇ, ਹੁਕਮ ਦੀ ਰਜ਼ਾ ਵਿਚ ਕਿਵੇਂ ਚੱਲੇਗਾ ? ਵੇਖੋ ਜ਼ਰਾ ਕਿ ਆਸਾ ਦੀ ਵਾਰ ਵਿਚ ਕੋਣ ਕੁਦਰਤ ਦੇ ਅੰਦਰ ਅਤੇ ਕੋਣ ਬਾਹਰ ਹੈ ? ਸਵਾਲ ਗੰਭੀਰ ਹੈ, ਪਰ ਇਸ ਲੇਖ ਵਿਚ, ਕੇਵਲ ਭਾਈ ਰਣਜੀਤ ਸਿੰਘ ਜੀ ਦੇ ਇਸ ਵਿਚਾਰ ਦੀ ਵਿਚਾਰ ਕਿ; ਸਵੇਰੇ ਜਲਦੀ ਉੱਠ ਜਾਣ ਨਾਲ ਕੁਦਰਤੀ ਨਿਯਮ ਦੀ ਉੱਲੰਗਣਾਂ ਹੁੰਦੀ ਹੈ! ਵਿਸ਼ਾ ਵੱਡਾ ਹੈ ਪਰ ਆਉ ਇਸ ਕਥਨ ਨੂੰ ਕੁੱਝ ਸੰਖੇਪ ਗਲਾਂ ਰਾਹੀਂ ਵਿਚਾਰਨ ਦਾ ਜਤਨ ਕਰਦੇ ਹਾਂ!
ਪਹਿਲੀ ਗਲ ਇਹ ਸਵੇਰ ਦੇ ਸਮੇਂ (ਅੰਮ੍ਰਿਤ ਵੇਲਾ) ਗੁਰਬਾਣੀ ਪੜਨ-ਸੁਣਨ ਦਾ ਆਪਣਾ ਮਹੱਤਵ ਹੈ ਅਤੇ ਆਪਣੇ ਸੰਧਰਭ ਵਿਚ ਇਹ ਬਹੁਤ ਜ਼ਰੂਰੀ ਵੀ ਹੈ। ਇਸ ਨਾਲ ਇਕਾਗਰਤਾ ਅਤੇ ਅਨੁਸ਼ਾਸਨ ਬਣਦਾ ਹੈ ਜਿਸ ਲਈ ਨੀਂਦ ਤੋਂ ਜਾਗਣਾ ਪੇਂਦਾ ਹੈ। ਬਾਕੀ ਜੀਵਨ ਦਾ ਸਮਾਂ ਤਾਂ ਸਿੱਖ ਲਈ ਅੰਮ੍ਰਿਤ ਦਾ ਸਮਾਂ ਹੈ ਹੀ ਪਰ ਇਸਦਾ ਅਰਥ ਇਹ ਨਹੀਂ ਕਿ ਜੀਵਨ ਵਿਚ ਬਚਪਨ,ਜਵਾਨੀ ਅਤੇ ਬੁੜੇਪੇ ਦੇ ਸਮੇਂ ਦੀ ਵੰਡ ਨਹੀਂ ਹੁੰਦੀ। ਇੰਝ ਹੀ ਦਿਨ ਅਤੇ ਰਾਤ ਵਿਚ ਵੀ ਸਮੇਂ ਦੀ ਵੰਡ ਹੈ, ਇਨਸਾਨ ਵਲੋਂ ਵੀ ਅਤੇ ਕੁਦਰਤ ਵਲੋਂ ਵੀ। ਕੋਈ ਉੱਠ ਸਕੇ ਜਾਂ ਨਾ, ਸਵੇਰ ਨੇ ਤਾਂ ਸਵੇਰ ਨੂੰ ਹੀ ਹੋਣਾ ਹੈ। ਹਾਂ "ਜਬ ਜਾਗੇ ਤਬ ਹੀ ਸਵੇਰਾ" ਵਰਗੀ ਗਲ/ਕਹਾਵਤ ਦਾ ਭਾਵ ਅਰਥ ਹੋਰ ਹੈ।
ਦੂਜੀ ਗਲ ਇਹ ਕਿ ਨੀਂਦ, ਸਰੀਰਕ ਘੜੀ ਦਾ ਇਕ ਸਮਾਂ ਹੁੰਦਾ ਹੈ ਅਤੇ ਇਹ ਸਮਾਂ ਬੜੇ ਕਮਾਲ ਦਾ ਹੈ। ਨੀਂਦ ਵਿਚ ਸੁੱਤਾ ਬੰਦਾ ਕਿਸੇ ਦਾ ਵੈਰੀ ਨਹੀਂ ਹੁੰਦਾ। ਸਮੱਸਿਆਵਾਂ ਤਾਂ ਜਾਗਣ ਬਾਦ ਹੀ ਖੜੀਆਂ ਹੁੰਦੀਆਂ ਹਨ। ਨੀਂਦ 'ਵਿਚ' ਬੰਦਾ 'ਹਉਮੇ' ਤੋਂ ਬਾਹਰ ਹੁੰਦਾ ਹੈ, ਪਰ ਜਾਗਦੇ ਹੀ ਵੈਰੀ ਅਤੇ ਬੇਗਾਨਾ! ਕੂੜੀ ਰਾਸ ਨਾਲ ਕੂੜ ਦਾ ਵਪਾਰ ਕਰਨ ਨੂੰ ਤਿਆਰ!! ਪਰੇਸ਼ਾਨ ਕਰਨ ਅਤੇ ਪਰੇਸ਼ਾਨ ਹੋਣ ਨੂੰ ਤਿਆਰ!!! ਇਸ ਪੱਖੋਂ ਜਾਗਣ ਦਾ ਸਮਾਂ ਗੁਰਬਾਣੀ ਪੜਨ-ਸੁਣਚ-ਵਿਚਾਰਣ ਨਾਲ ਆਰੰਭ ਹੋਵੇ ਤਾਂ ਚੰਗੀ ਹੀ ਗਲ ਹੈ। ਬੰਦੇ ਦੀ ਸੋਚ ਠੀਕ ਕਰਨ ਲਈ ਇਹ ਅਭਿਆਸ ਚੰਗਾ ਹੀ ਹੈ। ਖ਼ੈਰ ਇੱਥੇ ਵਿਚਾਰ ਕੇਵਲ ਨੀਂਦ ਅਤੇ ਜਲਦੀ ਜਾਗਣ ਨਾਲ, ਕੁਦਰਤੀ ਨਿਯਮ ਭੰਗ ਹੋ ਜਾਣ ਬਾਰੇ ਦਿੱਤੇ ਗਏ ਵਿਚਾਰ ਦੀ ਹੈ।
ਸੁਭਾਵਕ ਗਲ ਤਾਂ ਇਹੀ ਜਾਪੇਗੀ ਕਿ ਜਿਸ ਸਮੇਂ ਨੀਂਦ ਆਏ ਸੋ ਜਾਉ ਅਤੇ ਜਾਗ ਖੁੱਲੇ ਤਾਂ ਜਾਗ ਜਾਉ! ਮਰਜੀ ਹੈ, ਅਤੇ ਅਜਿਹੇ ਸਮੇਂ ਵਿਚ ਕਿਸੇ ਨੂੰ ਕੀ ਤਕਲੀਫ਼ ? ਕੀ ਬੰਦਾ ਆਪਣੀ ਮਰਜ਼ੀ ਜਿਨ੍ਹਾਂ ਸੋ ਵੀ ਨਹੀਂ ਸਕਦਾ ? ਇਹ ਸਵਾਲ ਉਤਨਾ ਹੀ ਦਿਲਚਸਪ ਹੈ ਜਿਤਨਾ ਕਿ ਇਹ ਸਵਾਲ; ਕੀ ਬੰਦਾ ਆਪਣੀ ਮਰਜ਼ੀ ਨਾਲ ਜਾਗ ਵੀ ਨਹੀਂ ਸਕਦਾ ? ਇਨ੍ਹਾਂ ਦੋਹਾਂ ਕ੍ਰਿਆਵਾਂ ਵਿਚ ਕਿਸੇ ਨੂੰ ਦਖ਼ਲ ਦੇਣ ਦੀ ਕੀ ਲੋੜ ਹੈ ? ਹੁਣ ਜੇ ਕਰ ਮੈਂ ਰੋਜ਼ ਰਾਤ ਦੇ ਚਾਰ ਵੱਜੇ ਸੋਵਾਂ ਅਤੇ ਸਵੇਰੇ ਅੱਠ ਵੱਜੇ ਜਾਗਣ ਲੱਗ ਜਾਂਵਾਂ ਤਾਂ ਕਿਸੇ ਨੂੰ ਕੀ ਤਕਲੀਫ਼ ? ਕਿਸੇ ਨੂੰ ਨਹੀਂ, ਸਿਵਾ ਮੇਰੇ ਸਰੀਰ ਦੇ ਜਾਂ 'ਉਨ੍ਹਾਂ' ਦੇ ਜੋ ਮੇਰੇ ਠੀਕ ਰਹਿੰਣ ਦੀ ਕਾਮਨਾ ਰੱਖਦੇ ਹਨ! ਜਾਹਰ ਜਿਹੀ ਗਲ ਹੈ ਕਿ ਜਾਗਣ ਦਾ ਸਮਾਂ ਸੋਣ ਦੇ ਸਮੇਂ ਨਾਲ ਜੂੜੀਆ ਹੁੰਦਾ ਹੈ।
ਤੀਜੀ ਗਲ ਇਹ ਕਿ ਨੀਂਦ ਦੇ ਸਮੇਂ ਨੂੰ ਕਈਂ ਸਥਿਤੀਆਂ ਪ੍ਰਭਾਵਤ ਕਰਦੀਆਂ ਹਨ ਮਸਲਨ: ਮਾਨਸਕ ਸਥਿਤੀ, ਰੋਜ਼ਗਾਰ ਦੀ ਸਥਿਤੀ ਆਦਿ! ਨੀਂਦ ਤੋਂ ਜਾਗਣ ਦਾ ਸਮਾਂ ਉਹ ਹੁੰਦਾ ਹੈ ਜਦ ਕਿ ਨੀਂਦ ਸਮਾਪਤ ਹੋ ਜਾਏ। ਇਹ ਸਮਾਪਤੀ ਬੰਦੇ ਦੀ ਆਦਤ, ਇੱਛਾ ਸ਼ਕਤੀ ਅਤੇ ਉਸਦੀ ਮਾਨਸਿਕ ਸਥਿਤੀ ਤੇ ਵੀ ਨਿਰਭਰ ਕਰਦੀ ਹੈ। ਕੁਦਰਤ ਵਿਚ ਰੋਸ਼ਨੀ (ਦਿਨ) ਅਤੇ ਰਾਤ (ਅੰਧਕਾਰ) ਪ੍ਰਬੰਧ ਦੀ ਇਸ ਸਮੇਂ ਨਾਲ ਅਤਿ ਡੂੰਗੀ ਸਾਂਝ ਹੈ। ਥੋੜਾ ਧਿਆਨ ਦੇਣ ਨਾਲ ਜਾਪਦਾ ਹੈ ਕਿ ਨੀਂਦ ਅਤੇ ਜਾਗਣ ਦਾ ਵਿਸ਼ਾ ਉਤਨਾ ਆਸਾਨ ਨਹੀਂ ਜਿਤਨਾ ਕਿ ਅਸੀਂ ਸਮਝਦੇ ਹਾਂ।ਇਹ ਸਰੀਰ ਦੇ ‘ਜੈਵ ਚੱਕਰ ਦੀ ਲਯਬੱਧਤਾ’ ਦਾ ਨਿਯਮ ਹੈ ਜਿਸ ਦੀ ਸਮਝ ਲਾਹੇਵੰਦ ਹੋ ਸਕਦੀ ਹੈ।
ਭਾਈ ਸਾਹਿਬ ਕਹਿੰਦੇ ਹਨ ਕਿ ਸਵੇਰੇ ਉੱਠਣਾ ਕੁਦਰਤੀ ਨਿਯਮ ਦੀ ਉਲੱਗਣਾਂ ਹੈ। ਕਿਸੇ ਵਿਸ਼ੇ ਬਾਰੇ ਕੁੱਝ ਵਿਚਾਰ-ਅਸਹਿਮਤੀ ਹੋ ਸਕਦੀ ਹੈ ਪਰ ਕਿਸੇ ਦੇ ਜਲਦੀ ਜਾਗਣ ਵਿਚ ਕੁਦਰਤੀ ਨਿਯਮ ਭੰਗ ਹੋ ਜਾਣ ਦੀ ਗਲ ਕਿੱਥੋਂ ਆ ਗਈ ? ਚਲੋ ਪੰਜਾਬ ਦੇ ਡੇਰੇਦਾਰ ਇਸ ਪੱਖੋਂ ਗਿਆਨਹੀਨ ਹਨ ਪਰ ਅਮਰੀਕਾ ਦੇ ਉਸ ਬੰਦੇ ਨੂੰ ਕੀ ਕਹੀਏ ਜਿਸਦਾ ਨਾਮ ‘ਬੈਂਜ਼ਾਮਿਨ ਫ੍ਰੇਂਕਲਿਨ’ ਸੀ ? ਉਸ ਨੇ ਕਿਹਾ ਕਿ ਜਲਦੀ ਸੋਣਾ ਅਤੇ ਜਲਦੀ ਜਾਗਣਾ ਬੰਦੇ ਨੂੰ ਤੰਦਰੂਸਤ ਅਤੇ ਅਕਲਮੰਦ ਬਣਾਉਂਦਾ ਹੈ। ਜ਼ਾਹਰ ਜਿਹੀ ਗਲ ਹੈ ਕਿ ਮਾਨਸਿਕ ਅਤੇ ਸਰੀਰਕ ਤੰਸਰੂਸਤੀ ਕਾਯਮ ਰੱਖਣ ਵਾਲਾ ਸੱਜਣ ਅਕਲਮੰਦ ਹੀ ਕਿਹਾ ਜਾਏ ਗਾ। ਨਾਲ ਹੀ ਸੰਸਾਰ ਦੇ ਉਨ੍ਹਾਂ ਵਿਗਿਆਨੀਆਂ ਨੂੰ ਕੀ ਕਹੀਏ ਜਿਨਾਂ੍ਹ ਨੀਂਦ ਦੇ ਸਮੇਂ ਚੱਕਰ ਅਤੇ ਸਰੀਰਕ ਸੇਹਤ ਤੇ ਉਸ ਦੇ ਮਹੱਤਵਪੂਰਣ ਪ੍ਰਭਾਵ ਨੂੰ ਕੁਦਰਤੀ ਨੇਮਾਂ ਅਨੁਸਾਰ ਜਾਂਚਿਆ ਹੈ ?
ਖ਼ੈਰ ਜੇ ਕਰ ਸਵੇਰੇ ਆਉਂਦੀ ਹੋਈ ਨੀਂਦ ਨੂੰ ਅਨੁਸ਼ਾਸਤ ਕਰਨਾ ਕੁਦਰਤੀ ਨਿਯਮ ਦਾ ਉਲੰਘਣ ਹੈ ਤਾਂ ਆਉਂਦੇ ਕਾਮ-ਕ੍ਰੋਧ, ਲੋਭ ਜਾਂ ਅਹੰਕਾਰ ਨੂੰ ਦਬਾਣਾ ਕੁਦਰਤੀ ਨਿਯਮ ਨਹੀਂ ਦਾ ਉਲੰਘਣ ਨਹੀਂ ? ਵਿਸ਼ੇਸ਼ ਸਥਿਤੀਆਂ ਨੂੰ ਛੱਡ ਕੇ, ਸੋਣ ਅਤੇ ਜਾਗਣ ਨੂੰ ਅਨੁਸ਼ਾਸਤ ਕਰਨਾ ਕੋਈ ਮਾੜੀ ਗਲ ਨਹੀਂ ਕਹੀ ਜਾ ਸਕਦੀ।
ਬਹੁਤੇ ਸੱਜਣ ਸਵੇਰ ਵੇਲੇ ਦੇਰ ਨਾਲ ਉੱਠਦੇ ਹਨ ਅਤੇ ਜ਼ਿਆਦਾਤਰ ਬੰਦੇ ਕਈਂ ਕਾਰਣਾ ਕਰਕੇ ਸਵੇਰੇ ਲੱਗੀ ਹੋਈ ਨੀਂਦ ਨੂੰ ਛੱਡ ਕੇ ਉੱਠਦੇ ਹਨ। ਉੱਠਣ ਨੂੰ ਜੀ ਨਹੀਂ ਕਰਦਾ ਤਾਂ ਨੀਂਦ ਨੂੰ ਮਨੁੱਖ ਵਲੋਂ ਬਣਾਈ ਘੜੀ ਦੇ ਅਲਾਰਮ ਨੂੰ ਵਜਾ ਕੇ ਖੋਲਿਆ ਜਾਂਦਾ ਹੈ।
ਭੀੜ ਨਾਲ ਭਰੇ ਹੋਏ ਵੱਡੇ ਸ਼ਹਿਰਾਂ ਵਿੱਚ ਤਾਂ ਸਥਿਤੀ ਇਹ ਹੈ ਕਿ ਕਾਮਕਾਜੀ ਸੱਜਣਾਂ ਨੂੰ, ਕੰਮ ਤੇ ਸਮੇਂ ਸਿਰ ਪਹੁੰਚਣ ਲਈ, ਬਹੁਤ ਹੀ ਜਲਦੀ ਉੱਠਣਾ ਪੇਂਦਾ ਹੈ ਜਦ ਕਿ ਉਸ ਵੇਲੇ ਉਨ੍ਹਾਂ ਨੂੰ ਨੀਂਦ ਆਈ ਹੁੰਦੀ ਹੈ। ਮੇਰੀ ਜਾਣ ਪਛਾਂਣ ਦੇ ਕੁੱਝ ਸੱਜਣ ਤਾਂ ਦਫ਼ਤਰ ਵਿਚ ਇਹੀ ਕਹਿੰਦੇ ਹਨ ਕਿ ਉਹ ਸਵੇਰੇ ਨੂੰ ਹੋਰ ਸੋਣਾ ਚਾਹੁੰਦੇ ਹਨ ਪਰ ਦਫ਼ਤਰ ਪਹੁੰਚਣ ਲਈ ਉਨ੍ਹਾਂ ਨੂੰ ਆਈ ਹੋਈ ਨੀਂਦ ਤਿਆਗਣੀ ਪੈਂਦੀ ਹੈ। ਕੀ ਅਜਿਹੇ ਸਾਰੇ ਬੰਦੇ ਕੁਦਰਤੀ ਨਿਯਮ ਭੰਗ ਕਰਨ ਦੇ ਦੋਸ਼ੀ ਕਹੇ ਜਾ ਸਕਦੇ ਹਨ?
ਰਾਤ ਦੀ ਡੀਯੁਟੀ ਲੱਗੇ ਬੰਦੇਆਂ ਨੂੰ ਜੇ ਕਰ ਨੀਂਦ ਆ ਜਾਏ ਤਾਂ ਉਹ ਡੀਯੂਟੀ ਕਰਨ ਜਾਂ ਕੁਦਰਤ ਦੇ ਨਿਯਮ ਦਾ ਪਾਲਨ? ਇਸ ਹਿਸਾਬ ਨਾਲ ਤਾਂ ਕਰੋੜਾਂ ਲੋਗ ਕੁਦਰਤੀ ਨਿਯਮ ਨੂੰ ਭੰਗ ਕਰਨ ਦੇ ਦੋਸ਼ੀ ਪਾਏ ਜਾਣਗੇ। ਕਿ ਨਹੀਂ? ਇੰਝ ਵੀ ਹੁੰਦਾ ਹੈ ਕਿ ਰਾਤ ਨੂੰ ਡੀਯੂਟੀ ਲੱਗਾ ਚੌਕੀਦਾਰ ਜਾਂ ਪੁਲਿਸ ਵਾਲਾ ਕੁਦਰਤੀ ਨਿਯਮ ਵਿਚ ਸੁੱਤਾ ਹੋਇਆ ਮਿਲੇ ਤਾਂ ਸਸਪੇਂਡ ਹੋ ਜਾਂਦਾ ਹੈ।
ਹਰ ਜਾਣਕਾਰ ਸੱਜਣ ਇਸ ਗਲ ਨਾਲ ਸਹਿਮਤ ਹੈ ਕਿ ਬੰਦੇ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਰੋੜਾਂ ਲੋਗਾਂ ਦਾ ਸੈਰ ਨੂੰ ਜੀ ਨਹੀਂ ਕਰਦਾ, ਠੀਕ ਉਂਝ ਹੀ ਜਿਵੇਂ ਕਿ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ। ਤਾਂ ਕੀ ਜੀ ਨੂੰ ਮਾਰ ਕੇ ਸੈਰ ਕਰ ਲੇਣਾ ਕੁਦਰਤੀ ਨਿਯਮ ਦੀ ਉਲੰਗਣਾਂ ਹੈ? ਅਗਰ ਹੈ ਤਾਂ ਫਿਰ ਸੰਸਾਰ ਵਿਚ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਕੋਈ ਵੀ ਸਹਿਜ ਇਲਾਜ ਨਹੀਂ। ਡਾਕਟਰ ਤਾਂ ਕੁਦਰਤੀ ਨੇਮ (ਜੀ ਨਹੀਂ ਕਰਦਾ) ਨੂੰ ਭੰਗ ਕਰਨ ਦੀ ਸਲਾਹ ਦਿੰਦੇ ਹੀ ਰਹਿੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਵੇਰੇ ਕਿਸ ਵੇਲੇ ਉੱਠਣਾ ਚਾਹੀਦਾ ਹੈ ਇਹ ਕਿਸੇ ਬੰਦੇ ਦਾ ਨਿਜੀ ਮਾਮਲਾ ਹੋ ਸਕਦਾ ਹੈ, ਪਰ ਕਿਸੇ ਦੇ ਸਵੇਰੇ ਜਲਦੀ ਉੱਠਣ ਨਾਲ ਕੁਦਰਤੀ ਨਿਯਮ ਭੰਗ ਨਹੀਂ ਹੁੰਦਾ।
ਹਰਦੇਵ ਸਿੰਘ , ਜੰਮੂ-੧੦.੧੦.੨੦੧੭