ਦਰਬਾਰ ਸਾਹਿਬ ਜਾਂ ਹਰਿਮੰਦਰ ?(ਭਾਗ-੩)
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਜਿਵੇਂ ਕਿ ਵਿਚਾਰ ਆਏ ਹਾਂ, ਕੁੱਝ ਸੰਕੀਰਣ ਬੁੱਧ ਸੱਜਣ, ਗੁਰੂ ਅਸਥਾਨ ਲਈ 'ਹਰਿਮੰਦਰ' ਸ਼ਬਦ ਦੀ ਵਰਤੋਂ ਦੇ ਵਿਰੌਧ ਵਿਚ, ਇਹ ਤਰਕ ਨੂਮਾਂ ਸਵਾਲ ਖੜਾ ਕਰਦੇ ਹਨ ਕਿ ਬਾਣੀ ਵਿਚ 'ਸਰੀਰ-ਪਰਮਾਤਮਾ' ਦੀ ਮੌਜੂਦਗੀ ਲਈ ਵਰਤੇ ਗਏ 'ਹਰਿਮੰਦਰ' ਸ਼ਬਦ ਨੂੰ, ਗੁਰੂ ਸਾਹਿਬਾਨ ਇਕ ਅਸਥਾਨ ਲਈ ਕਿਵੇਂ ਵਰਤ ਸਕਦੇ ਹਨ ? ਇਸ ਤਰਕ ਦੇ ਔਚਿੱਤ (justification) ਨੂੰ ਪਰਖਣ ਲਈ, ਇਹ ਵਿਚਾਰਨਾ ਵੀ ਜਰੂਰੀ ਹੈ ਕਿ ਬਾਣੀ ਵਿਚ, 'ਦਰਬਾਰ' ਸ਼ਬਦ ਦੀ ਵਰਤੋਂ ਕਿਸ ਲਈ ਹੋਈ ਹੈ ? ਇਹ ਵਰਤੋਂ ਮੁੱਖ ਰੂਪ ਵਿਚ ਇਸ ਪ੍ਰਕਾਰ ਹੈ:-
ਸਚਾ ਆਪਿ ਸਚਾ ਦਰਬਾਰੁ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੭)
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੨)
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੯੬੪)
ਅਲਹ ਭਾਵੈ ਸੋ ਭਲਾਂ ਤਾਂ ਲਭੀ ਦਰਬਾਰੁ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੩੮੪)
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੪੧੮)
ਉਪਰੋਕਤ ਹਵਾਲਿਆਂ ਵਿਚ ਦੋ ਗਲਾਂ ਸਪਸ਼ਟ ਹਨ (੧) ਦਰਬਾਰ ਸ਼ਬਦ ਪਰਮਾਤਮਾ ਦੀ ਸੱਤਾ (ਪ੍ਰਭੂ ਸੱਤਾ) ਬਾਰੇ ਵਰਤਿਆ ਗਿਆ ਹੈ (੨) ਹਵਾਲਿਆਂ ਤੋਂ ਸਪਸ਼ਟ ਹੈ ਕਿ ਪ੍ਰਭੂ ਸੱਤਾ ਲਈ ਇਸ ਸ਼ਬਦ ਦੀ ਵਰਤੋਂ 'ਦਰਬਾਰ ਸਾਹਿਬ' ਅਸਥਾਨ ਦੀ ਉਸਾਰੀ ਤੋਂ ਪਹਿਲਾਂ ਵੀ ਹੋਈ ਹੈ।ਠੀਕ ਉਂਝ ਹੀ ਜਿਵੇਂ ਕਿ 'ਹਰਿ ਮੰਦਰ' ਸ਼ਬਦ ਦੀ ਵਰਤੋਂ 'ਦਰਬਾਰ ਸਾਹਿਬ' ਦੀ ਉਸਾਰੀ ਤੋਂ ਪਹਿਲਾਂ ਵੀ ਹੋਈ ਹੈ।
ਹੁਣ ਸਵਾਲ ਉੱਠਦਾ ਹੈ ਕਿ ਜੇ ਕਰ ਗੁਰੂ ਸਾਹਿਬ, ਇਕ ਅਸਥਾਨ ਦਾ ਨਾਮਕਰਣ 'ਹਰਿਮੰਦਰ' ਨਹੀਂ ਕਰ ਸਕਦੇ ਤਾਂ ਉਪਰ ਵਿਚਾਰੇ ਬਾਣੀ ਹਵਾਲਿਆਂ ਦੇ ਪਰਿਪੇਖ ਵਿਚ, ਉਸੇ ਸਥਾਨ ਲਈ 'ਦਰਬਾਰ' ਨਾਮਕਰਣ ਦਾ ਔਚਿੱਤ ਕਿਵੇਂ ਵਾਜਬ ਬਣਦਾ ਹੈ ਅਤੇ ਗੁਰੂ ਸਾਹਿਬ ਇਕ ਅਸਥਾਨ ਨੂੰ ਪ੍ਰਭੂ ਸੱਤਾ ਕਿਵੇਂ ਆਖ ਸਕਦੇ ਹਨ ? ਐਸੀ ਸਵਾਲਨੁਮਾਂ ਸਥਿਤੀ ਦੇ ਸੰਧਰਭ ਵਿਚ ਸਾਨੂੰ 'ਦਰਬਾਰ' ਅਤੇ 'ਹਰਿਮੰਦਰ' ਸ਼ਬਦਾਂ ਦਾ ਥੋੜਾ ਜਿਹਾ ਆਪਸੀ ਤੁਲਨਾਤਮਕ ਵਿਸ਼ਲੇਸ਼ਣ ਵੀ ਕਰਨਾ ਪਵੇਗਾ।
ਬਾਣੀ ਵਿਚ 'ਪ੍ਰਭੂ ਸੱਤਾ' ਲਈ 'ਦਰਬਾਰ' ਸ਼ਬਦ ਦੀ ਵਰਤੋਂ ਦੇ ਨਾਲ- ਨਾਲ 'ਦਰਬਾਰ' ਸ਼ਬਦ ਦੀ ਵਰਤੋਂ ਇਸ ਪ੍ਰਕਾਰ ਵੀ ਹੋਈ ਹੈ:-
ਰਾਜ ਮਾਲ ਸਾਦਨ ਦਰਬਾਰ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੧੩੭)
ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੬੭੪)
ਭਾਵ, ਇੱਥੇ ਸੰਸਾਰਕ ਦਰਬਾਰਾਂ ਅਤੇ ਧਰਤੀ ਨੁਮਾਂ ਦਰਬਾਰ ਦੀ ਗਲ ਹੋਈ ਹੈ।ਦੂਜੇ ਪਾਸੇ, ਸਰੀਰ-ਪਰਮਾਤਮਾ ਲਈ ਵਰਤੇ ਗਏ 'ਹਰਿਮੰਦਰ' ਸ਼ਬਦ ਦੀ ਵਰਤੋਂ ਇਸ ਪ੍ਰਕਾਰ ਵੀ ਹੋਈ ਹੈ।
ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੧੩੪੬)
ਭਾਵ ਇਥੇ ਜਗਤ ਅਰਥਾਰਤ ਇਸ ਸੰਸਾਰ ਨੂੰ ਵੀ ‘ਹਰਿਮੰਦਰ’ ਕਿਹਾ ਗਿਆ ਹੈ।ਠੀਕ ਉਂਝ ਹੀ, ਜਿਵੇਂ ਕਿ ਸੰਸਾਰ ਨੂੰ 'ਦਰਬਾਰ' ਵੀ ਕਿਹਾ ਗਿਆ ਹੈ। ਇਹ ਦੋਵੇਂ ਸ਼ਬਦ ਬਾਣੀ ਵਿਚ ਸਮਾਨਅਰਥਕ ਰੂਪ ਵਿਚ ਵੀ ਵਰਤੇ ਗਏ ਹਨ। ਜੇ ਕਰ ਗੁਰੂ ਸਾਹਿਬ ਇਕ ਅਸਥਾਨ ਲਈ 'ਹਰਿਮੰਦਰ' ਸ਼ਬਦ ਨਹੀਂ ਵਰਤ ਸਕਦੇ ਤਾਂ ਉਹ ਉਸ ਅਸਥਾਨ ਲਈ 'ਦਰਬਾਰ' ਸ਼ਬਦ ਵੀ ਨਹੀਂ ਵਰਤ ਸਕਦੇ।
ਹੁਣ ਜੇ ਗੁਰੂ ਅਸਥਾਨ ਲਈ ਹਰਿਮੰਦਰ ਨਾਮ ਕਿਸੇ ਨੇ ਪ੍ਰਚਲਿਤ ਕਰ ਦਿੱਤਾ ਤਾਂ ਉਸ ਲਈ 'ਦਰਬਾਰ'(ਪ੍ਰਭੂ ਦਾ ਦਰਬਾਰ) ਨਾਮ ਕਿਸ ਨੇ ਪ੍ਰਚਲਤ ਕੀਤਾ ? ਜੇ ਕਰ ਉਸ ਅਸਥਾਨ ਲਈ 'ਹਰਿਮੰਦਰ' ਸ਼ਬਦ ਦੀ ਵਰਤੋਂ ਨਾਲ ਬਾਣੀ ਸਿਧਾਂਤ ਭੰਗ ਹੁੰਦਾ ਹੈ ਤਾਂ ਇਸ ਸਮੱਸਿਆ 'ਦਰਬਾਰ' ਸ਼ਬਦ ਦੀ ਵਰਤੋਂ ਨਾਲ ਵੀ ਹਲ ਨਹੀਂ ਹੁੰਦੀ।ਇਸ ਲਈ ਕੁੱਝ ਹੋਰ ਉਦਾਹਰਣ ਵਿਚਾਰਦੇ ਹਾਂ।
ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਗਇਆ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੩੯)
ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਈ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੪੮੨)
ਹੁਣ ਇਨਾਂ ਹਵਾਲਿਆਂ ਵਿਚ ਪਰਮਾਤਮਾ 'ਤਰਨ ਤਾਰਨ' ਹੈ।ਫਿਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਤੋਂ ਕੁੱਝ ਦੂਰ ਤਰਨਤਾਰਨ ਅਸਥਾਨ ਦੀ ਸਥਾਪਨਾ ਕਿਉਂ ਕੀਤੀ ? ਫਿਰ 'ਸੰਤੋਖਸਰ', 'ਮੁਕਤਸਰ' ਦਾ ਹੈ ਕੋਈ ਜਵਾਬ ? ਇੱਥੇ ਵੀ ਬ੍ਰਾਦਮਣਵਾਦ ਦਾ ਸ਼ੋਸ਼ਾ ਛੱਡੀਏ ?
ਦਰਅਸਲ 'ਦਰਬਾਰ ਸਾਹਿਬ', 'ਹਰਿਮੰਦਰ' ਅਤੇ 'ਅੰਮ੍ਰਿਤਸਰ' ਨਾਮ ਸਮਕਾਲੀ ਹੀ ਹਨ।ਇਤਹਾਸਕ ਸਰੋਤਾਂ ਨੂੰ ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ 'ਅੰਮ੍ਰਿਤਸਰ' ਸਰੋਵਰ ਲਈ , 'ਦਰਬਾਰ ਸਾਹਿਬ' ਸਮੁੱਚੇ ਕੰਪਲੈਕਸ ਲਈ ਅਤੇ 'ਹਰਿਮੰਦਰ' ਸਰੋਵਰ ਵਿਚਕਾਰ ਸਥਿਤ ਅਸਥਾਨ ਲਈ ਵਰਤੇ ਜਾਂਦੇ ਨਾਮ ਸਨ, ਜਿਨਾਂ ਨੂੰ ਬੇਹਿੱਚਕ ਸਮਾਨਅਰਥਕ ਕਰਕੇ ਵੀ ਵਰਤ ਲਿਆ ਜਾਂਦਾ ਰਿਹਾ ਸੀ।ਇਹੀ ਪਰਿਪਾਟੀ ਅੱਜ ਵੀ ਬਾ-ਦਸਤੂਰ ਜਾਰੀ ਹੈ। ਗੁਰੂ ਸਾਹਿਬਾਨ ਵਲੋਂ ਅੰਮ੍ਰਿਤਸਰ ਵਿਖੇ ਗੁਰੂ ਅਸਥਾਨ ਲਈ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਦੀ ਵਰਤੋਂ ਵਿਚ ਕੁੱਝ ਵੀ ਗਲਤ ਨਹੀਂ।
ਇਸ ਵਿਚਾਰ ਚਰਚਾ ਦੇ ਅੰਤਲੇ ਭਾਗ ਨੂੰ ਪੂਰਾ ਕਰਨ ਲਈ, ਇਹ ਵਿਚਾਰ ਕਰਨਾ ਵੀ ਜ਼ਰੂਰੀ ਹੈ ਕਿ ਗੁਰੂ ਕਾਰਜਾਂ ਸਬੰਧੀ ਨਾਮਕਰਨ ਨੂੰ ਸਮੱਸਿਆ ਬਣਾ ਲੇਂਣ ਪਿੱਛਲੀ ਮਾਨਸਿਕ ਸਮੱਸਿਆ ਕੀ ਹੈ ?
ਅੱਜ ਦੀ ਇਸ ਸਮੱਸਿਆ ਦੇ ਮੂਲ ਵਿਚ, ਉਸ ਢੰਗ ਦੀ ਰੀਸ ਹੈ ਜਿਸ ਦੇ ਚਲਦੇ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨੇ 'ਖੰਡੇ ਦੇ ਅੰਮ੍ਰਿਤ' ਅਤੇ 'ਖੰਡੇ ਦੀ ਪਾਹੂਲ' ਨੂੰ ਲੈ ਕੇ ਬੇਲੋੜਾ ਵਿਵਾਦ ਖੜਾ ਕੀਤਾ ਸੀ।ਇਸ ਮਾਮਲੇ ਵਿਚ ਕਾਲਾ ਅਫ਼ਗਾਨਾ ਜੀ ਵਿਦਵਾਨ ਤਾਂ ਸਾਬਤ ਨਹੀਂ ਹੁੰਦੇ, ਪਰ ਉਨਾਂ ਦੇ 'ਢੰਗ' ਦੀ ਰੀਸ ਨਾਲ ਕੁੱਝ ਸੱਜਣ ਆਪਣੇ ਨੂੰ ਵਿਦਵਾਨ ਸਾਬਤ ਕਰਨ ਦੇ ਚੱਕਰ ਵਿਚ ਚੱਕਰ ਖਾਣ ਲੱਗ ਪਏ।
ਜ਼ਰੂਰਤ ਨਾਲੋਂ ਜਿਆਦਾ ਚੱਕਰ ਖਾਣ ਨਾਲ ਸਿਰ ਚੱਕਰਾ ਜਾਂਦਾ ਹੈ, ਅਤੇ ਬੰਦੇ ਨੂੰ ਆਪਣੀ ਥਾਂ ਖੜਾ ਆਲਾ-ਦੂਆਲਾ ਵੀ ਘੁੰਮਦਾ ਦਿਖਾਈ ਦਿੰਦਾ ਹੈ।ਇਹੀ ਕਾਰਨ ਹੈ ਕਿ ਬ੍ਰਾਹਮਣਵਾਦ ਦੇ ਚੱਕਰ ਵਿਚ ਪਏ ਚੰਦ ਸੱਜਣਾ ਨੂੰ, ਆਪਣੇ ਗੁਰੂ ਸਾਹਿਬਾਨ ਦੇ ਸਥਿਰ ਕਾਰਜ ਵੀ, ਬ੍ਰਾਹਮਣਵਾਦ ਦੇ ਚੱਕਰ ਵਿਚ ਘੁੰਮਦੇ ਦਿਖਾਈ ਦੇ ਰਹੇ ਹਨ।ਇਹ ਹੋਰਨਾਂ ਨੂੰ ਬ੍ਰਾਹਮਣਬਾਦ ਦੇ ਚੱਕਰ ਵਿਚੋਂ ਕੱਡਣ ਦੇ ਚੱਕਰ ਵਿਚ ਆਪ ਉਸਦੇ ਚੱਕਰ ਵਿਚ ਪੈ ਗਏ ਹਨ।ਅੱਜ ਇਨਾਂ ਦਾ ਹਮਲਾ ਬ੍ਰਾਹਮਣਵਾਦ ਤੇ ਨਹੀਂ ਬਲਕਿ ਸਿੱਖੀ ਦਿਆਂ ਬੁਨਿਆਦਾਂ ਤੇ ਹੋ ਰਿਹਾ ਹੈ।ਕੁੱਝ ਪੱਖੋਂ ਇਹ ਚੰਦ ਸੱਜਣ ਆਪਣਾ ਹੋਸ਼ ਗੁਆ ਬੈਠੇ ਹਨ।ਇਹ ਬ੍ਰਾਹਮਣਵਾਦ ਦੇ ਅਸਲ ਸ਼ਿਕਾਰ ਹਨ !
ਹਰਦੇਵ ਸਿੰਘ, ਜੰਮੂ-੨੦.੧੦.੨੦੧੩
Note:- To read first 'two parts' click 'Older Posts' below OR in the list of articles on given on the right side of the page