Monday, 1 April 2013

'ਇਤਹਾਸ ਵਿਚ ਗੁਰੂ ਸਾਹਿਬਾਨ ਦੇ ਨਾਮ ਲੇਂਣ ਅਤੇ ਗੁਰੂ ਕਹਿਣ ਤੇ ਪਾਬੰਦੀ'
 
ਹਰਦੇਵ ਸਿੰਘ,ਜੰਮੂ


ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ, ਬੰਦਾ ਸਿੰਘ ਬਹਾਦਰ ਵਰਗੇ ਗੁਰੂ ਦੇ ਸਮਕਾਲੀ ਸਿੱਖਾਂ ਨੇ ਮੁਗ਼ਲਿਆ ਸਰਕਾਰ ਨੂੰ ਦ੍ਰਿੜ ਚੁਨੌਤੀ ਦਿੰਦੇ ਹੋਏ, ਪੰਜਾਬ ਵਿਚ ਹਾਕਮਾਂ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ।ਜੰਗੀ ਹਲਾਤਾਂ ਦਾ ਇਹ ਸਿਲਸਿਲਾ ਕਈਂ ਦਹਾਕਿਆਂ ਤਕ ਜਾਰੀ ਰਹਿਆ ਜਿਸ ਵਿਚ ਸਿੱਖਾਂ ਨੇ ਅਤਿ ਦੇ ਗੰਭੀਰ ਹਲਾਤਾਂ ਦਾ ਸਾ੍ਹਮਣਾਂ ਕੀਤਾ।ਜੰਗ ਅਤੇ ਜਾਂਬਾਜ਼ੀ ਦੇ ਇਸ ਮਾਹੋਲ਼ ਵਿਚ, ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕੌਤਕਾਂ ਤੋਂ ਪ੍ਰਰੇਰਤ ਸੀ ਜਿਸ। ਇਹ ਪ੍ਰਰੇਰਨਾ ਸਮਕਾਲੀ ਹਾਕਮਾਂ ਲਈ ਸਭ ਤੋਂ ਵੱਡਾ ਸਿਰ ਦਰਦ ਸੀ। 

ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੇ ਠੀਕ ੩੮ ਕੁ ਸਾਲ ਬਾਦ, ਪਹਿਲੀ ਮਈ ੧੭੪੬ ਵਿਚ ਸਿੱਖਾਂ ਨੇ ਪਹਿਲਾ ਘਲੂਘਾਰਾ ਝੱਲਿਆ, ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਰੇ ਜਜ਼ਬੇ ਪਸਤ ਨਾ ਹੋਏ।ਗੁਰੂ ਗੋਬਿੰਦ ਸਿੰਘ ਦਾ ਕੋਤਕ ਖ਼ਾਲਸੇ ਦੀਆਂ ਰਗਾਂ ਅੰਦਰ ਦੋੜ ਰਿਹਾ ਸੀ, ਅਤੇ ਹਾਕਮ ਲਈ ਇਹੀ ਸਭ ਤੋਂ ਵੱਡੀ ਪਰੇਸ਼ਾਨੀ ਸੀ ਕਿ ਸਿੱਖਾਂ ਨੂੰ ਕਿਵੇਂ ਗੁਰੂ ਨਾਲੋਂ ਤੋੜੀਆ ਜਾਏ, ਅਤੇ ਕਿਵੇਂ ਗੁਰੂ ਨੂੰ ਸਿੱਖਾਂ ਦੇ ਜੀਵਨ ਵਿਚੋਂ ਬਾਹਰ ਕੱਡੀਆ ਜਾਏ? ਇਸ ਪਰੇਸ਼ਾਨੀ ਨੂੰ ਹਲ ਕਰਨ ਲਈ ਸਮੇਂ ਦੇ ਹਾਕਮ ਨੇ ਇਕ ਹਰਬਾ ਵਰਤਿਆ।

ਇਤਹਾਸਕ ਮੁਤਾਬਕ ਪਹਿਲੇ ਘਲੂਘਾਰੇ ਦੀ ਮੁਹਿਮ ਤੋਂ ਮੁੜਦੇ ਹੀ ਦੀਵਾਨ ਲਖਪਤ ਰਾਏ ਨੇ ਲਾਹੋਰ ਪੁੱਜ ਕੇ ਤਿੰਨ ਕਦਮ ਚੁੱਕੇ (੧) ਸਿੱਖਾਂ ਦੇ ਗੁਰਦੁਆਰੇ ਬੰਦ ਕਰਵਾ ਦਿੱਤੇ (੨) ਗੁਰੂ ਗ੍ਰੰਥ ਸਾਹਿਬ ਸਰੂਪ ਚੁੱਕਵਾ ਕੇ ਅੱਗਾਂ ਲਾ ਦਿੱਤੀਆਂ, ਖੂਹਾਂ ਵਿਚ ਸੁਟਵਾਂ ਦਿੱਤੇ ਅਤੇ (੩) ਉਸਨੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ  ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਨਾਮ ਨਾ ਲਵੇ, ਨਹੀਂ ਤਾਂ ਪੇਟ ਚਾਕ ਕਰ ਦਿੱਤਾ ਜਾਏਗਾ।ਉਸਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਇਹ ਤਿੰਨੇ ਕੰਮ ਜ਼ਰੂਰੀ ਸਮਝੇ ਜਿਸ ਨਾਲ ਸਿੱਖ ਗੁਰੂ, ਗ੍ਰੰਥ ਅਤੇ ਗੁਰੂ ਅਸਥਾਨਾਂ ਨਾਲੋਂ ਤੋੜੇ ਜਾਣ।
 
ਉਸਨੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ ਦਾ ਐਲਾਨ ਕੀਤਾ।ਉਸਨੂੰ 'ਗੁਰੂ' ਲਫ਼ਜ਼ ਤੋਂ ਇਤਨੀ ਪਰੇਸ਼ਾਨੀ ਸੀ ਕਿ ਉਸਨੇ ਪੰਜਾਬ ਦੇ ਲੋਕਾਂ ਤੇ 'ਗੁੜ' ਸ਼ਬਦ ਬੋਲਣ ਤਕ ਤੇ ਵੀ ਪਾਬੰਦੀ ਲਗਾ ਦਿੱਤੀ ਕਿਉਂਕਿ ਉਸਦੇ ਮੁਤਾਬਕ 'ਗੁੜ' ਬੋਲਣ ਨਾਲ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਯਾਦ ਆਉਂਦੇ ਸੀ।ਉਸ ਨੇ ਐਲਾਨ ਕੀਤਾ ਕਿ ਗੁੜ ਨੂੰ ਭੇਲੀ ਆਦਿ ਕਿਹਾ ਜਾਏ।

ਉਹ ਨਹੀਂ ਸੀ ਚਾਹੁੰਦਾ ਕਿ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਨ।"ਉਸ ਨੂੰ ਖ਼ਿਆਲ ਸੀ ਕਿ ਸ਼ਾਇਦ ਇਸ ਤਰਾਂ ਸਿੰਘਾਂ ਅਤੇ ਸਿੱਖੀ ਨੂੰ ਉੱਕਾ ਹੀ ਮਿਟਾਇਆ ਜਾ ਸਕੇਗਾ" (ਡਾ. ਗੰਡਾ ਸਿੰਘ)
ਸਮੇਂ ਦੇ ਹਾਕਮ ਦਾ ਇਹ ਹਰਬਾ ਸਿੱਖਾਂ ਨੂੰ ਗੁਰੂ ਸਾਹਿਬਾਨ ਨਾਲੋਂ ਨਾ ਤੋੜ ਸਕਿਆ। ਫ਼ਿਰ ਵੱਡਾ ਘਲੂਘਾਰਾ ਵਾਪਰਿਆ ਪਰ ਸਿੱਖਾਂ ਨੇ ਗੁਰੂ ਸਾਹਿਬਾਨ ਅਤੇ ਗੁਰੂ ਅਸਥਾਨਾਂ ਦਾ ਪੱਲਾ ਨਾ ਛੱਡਿਆ।੩੦ ਨੰਵਬਰ ਸੰਨ ੧੭੬੪ ਵਿਚ ਅਹਿਮਦ ਸ਼ਾਹ, ਸੂ ਮਿਲਣ ਤੇ ਅੰਮ੍ਰਿਤਸਰ ਆ ਪੁੱਜੇਆ। ੧ ਦਿਸੰਬਰ ਨੂੰ ਜਦ ਉਹ ਦਰਬਾਰ ਸਾਹਿਬ ਪਰਿਕ੍ਰਮਾ ਪੁੱਜਾ, ਤਾਂ ਉਸਦਾ ਸਾਮਣਾ ਕਰਨ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦ ਦੇ ਜੱਥੇ ਦੇ ਤੀਹ ਸਿੰਘ ਅਕਾਲ ਤਖ਼ਤ ਤੋਂ ਬਾਹਰ ਆਏ ਅਤੇ ੩੦ ਹਜ਼ਾਰ ਦੀ ਫ਼ੋਜ ਤੇ ਟੁੱਟ ਪਏ।ਇਸ ਜੰਗ ਦਾ ਨਜ਼ਾਰਾ 'ਕਾਜ਼ੀ ਨੂਰ ਮੁਹੰਮਦ' ਨੇ ਅੱਖੀ ਡਿੱਠੇਆ ਸੀ ਜਿਸ ਦਾ ਜ਼ਿਕਰ ਉਸਨੇ ਜੰਗਨਾਮੇ ਦੇ ਪੰਨਾ ਨੰ: ੯੭-੧੦ ਤੇ ਦਿੱਤਾ ਹੈ।

'ਜੰਗਨਾਮੇ' ਦੇ ਇਸ ਹਵਾਲੇ ਦਾ ਜ਼ਿਕਰ ਕਰਦੇ ਡਾ. ਗੰਡਾ ਸਿੰਘ ਜੀ ਲਿਖਦੇ ਹਨ ਕਿ " ਕੇਵਲ ੩੦ ਸਿੰਘ ਆਪਣੀ ਥੋੜੀ ਜਿਹੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਅਕਾਲ ਤਖ਼ਤ ਦੇ ਬੁੰਗੇ 'ਚੋਂ ਨਿਕਲ ਕੇ ਅਹਿਮਦ ਸ਼ਾਹ ਦੀ ੩੦ ਹਜ਼ਾਰ ਅਫਗਾਨੀ ਅਤੇ ਬਲੋਚ ਫ਼ੌਜ ਪਰ ਟੁੱਟ ਪਏ ਅਤੇ ਨਿਡਰ ਹੋ ਕੇ ਗੁਰੂ ਦੇ ਨਾਉਂ ਪਰ ਆਪਣੀਆਂ ਜਾਨਾਂ ਵਾਰ ਗਏ"
 
ਅਸੀਂ ਵੇਖਿਆ ਹੈ ਕਿ ਇਤਹਾਸ ਵਿਚ ਹਾਕਮਾਂ ਨੇ ਕਿਸ ਤਰਾਂਹ ਗੁਰੂ ਸਾਹਿਬਾਨਾਂ ਨੂੰ ਸਿੱਖਾਂ ਦੇ ਜ਼ਹਿਨ ਵਿਚੋਂ ਬਾਹਰ ਕੱਡਣ ਦਾ ਅਸਫਲ ਯਤਨ ਕੀਤਾ।ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਗੁਰੂ ਸ਼ਬਦ ਹਟਾਉਂਣ ਦੇ 'ਨਾਸਮਝ ਯਤਨ' ਹੁਣ ਵੀ ਹੋਏ ਹਨ।ਐਸੇ ਯਤਨ ਇਤਹਾਸ ਵਿਚ ਅਸਫਲ ਰਹੇ ਹਨ ਅਤੇ ਅਸਫਲ ਰਹਿਣ ਗੇ ਭਾਵੇਂ ਉਹ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਬਾਰੇ ਹੋਂਣ ਜਾਂ ਫਿਰ ਅਕਾਲ ਤਖ਼ਤ ਬਾਰੇ।
ਹਰਦੇਵ ਸਿੰਘ,ਜੰਮੂ-੧.੪.੨੦੧੩