ਗੁਰੁਮਤ ਮਾਰਤੰਡ ਦੀ ਭੂਮਿਕਾ ਦੇ ਅਰੰਭ ਦਾ ਸੱਚ
ਹਰਦੇਵ ਸਿੰਘ, ਜੰਮੂ
ਭਾਈ ਕਾ੍ਹਨ ਸਿੰਘ ਨਾਭਾ ਜੀ ਵਲੋਂ ਲਿਖੇ 'ਗੁਰੁਮਤ ਮਾਰਤੰਡ' ਦੀ ਭੂਮਿਕਾ ਸੱਚਮੁਚ ਧਿਆਨ ਨਾਲ ਪੜਨੀ ਜ਼ਰੂਰੀ ਹੈ ਵਿਸ਼ੇਸ਼ ਰੂਪ ਵਿਚ ਉਨ੍ਹਾਂ ਸੱਜਣਾ ਲਈ ਜੋ ਕਿ ਇਸ ਭੂਮਿਕਾ ਦੇ ਆਰੰਭ ਨੂੰ ਵਿਚਾਰਨ ਦਾ ਹਲੂਣਾ ਤਾਂ ਦਿੰਦੇ ਹਨ, ਪਰ ਆਪ ਇਸ ਨੂੰ ਧਿਆਨ ਨਾਲ ਵਿਚਾਰਨ ਦਾ ਯਤਨ ਨਹੀਂ ਕਰ ਸਕਦੇ।ਇਸ ਭੂਮਿਕਾ ਅੰਦਰ ਕੁੱਝ ਐਸੇ ਨੁੱਕਤੇ ਹਨ ਜੋ ਕਿ ਭਾਈ ਕਾ੍ਹਨ ਸਿੰਘ ਨਾਭਾ ਜੀ ਦੇ ਨੁੱਕਤੇ ਨਿਗਾਹ ਨੂੰ ਪੇਸ਼ ਕਰਦੇ ਹਨ। ਇਹ ਗਲ ਵੱਖਰੀ ਹੈ ਕਿ ਕੋਈ ਇਨ੍ਹਾਂ ਨੁੱਕਤਿਆਂ ਤੋਂ ਅਸਹਿਮਤ ਹੋਵੇ ਜਾਂ ਫਿਰ ਜਾਣਬੂਝ ਕੇ ਅਪਣੇ ਪੱਖ ਦੀ ਪੁਰਤੀ ਲਈ ਉਨ੍ਹਾਂ ਨੂੰ ਪਾਠਕਾਂ ਤੋਂ ਛੁਪਾਏ!
ਭੂਮਿਕਾ ਤੋਂ ਪਤਾ ਚਲਦਾ ਹੈ ਕਿ ਭਾਈ ਸਾਹਿਬ ਗੁਰਮਤਿ ਸਰੋਤਾਂ, ਧਾਰਮਕ ਸਾਹਿਤ ਅਤੇ ਇਤਹਾਸਕ ਰਚਨਾਵਾਂ ਨੂੰ ਪੜਨ ਵੇਲੇ ਉਹ ਯੁਕਤੀ ਹੀ ਵਰਤਦੇ ਹਨ ਜਿਸ ਦੀ ਪ੍ਰੇਰਨਾ ਉਨ੍ਹਾਂ ਨੇ ਆਪਣੀ ਲਿਖੀ ਭੂਮਿਕਾ ਦੇ ਅਰੰਭ ਵਿਚ ਦੂਜਿਆਂ ਨੂੰ ਦਿੱਤੀ ਹੈ।ਭਾਈ ਜੀ ਅਨੁਸਾਰ ਗੁਰੁਬਾਣੀ ਦੇ ਅਭਯਾਸੀ ਅਤੇ ਕਾਵਯ ਦੇ ਗਯਾਤਾ ਬਿਨ੍ਹਾਂ ਕਠਨਾਈ ਸਮਝ ਲੈਦੇ ਹਨ ਕਿ ਗੁਰਬਾਣੀ ਕੀ ਹੈ ਜਾਂ ਗੁਰੂ ਦਾ ਨਾਉਂ ਲੈ ਕੇ ਕਿਸੇ ਹੋਰ ਦੀ ਰਚੀ ਬਾਣੀ ਹੈ।ਆਪਣੀ ਭੂਮਿਕਾ ਦੇ ਅਜਿਹੇ ਅਰੰਭਕ ਕਥਨ ਦੀ ਪੁਸ਼ਟੀ ਲਈ ਭਾਈ ਸਾਹਿਬ ਨੇ "ਕਬਿਤ-ਭਾਈ ਗੁਰਦਾਸ" ਦੇ ਉਸ ਹਵਾਲੇ ਨੂੰ ਵਰਤਿਆ ਹੈ ਜਿਸ ਨੂੰ ਅੱਜ ਦੇ ਕੁੱਝ ਸੁੱਤੇ ਜਾਗਰੂਕ ਰੱਧ ਕਰਦੇ ਨਜ਼ਰ ਆਉਂਦੇ ਹਨ।
ਖ਼ੈਰ, ਭਾਈ ਸਾਹਿਬ ਅੱਗੇ ਚਲ ਜੇ ਲਿਖਦੇ ਹਨ:-
" ਇਹ ਸੁਭਾਵਿਕ ਗੱਲ ਹੈ ਕਿ ਜਦ ਅਸੀਂ ਆਪਣੇ ਮੱਤ ਦੇ ਪੁਸਤਕਾਂ ਵਿੱਚ ਵਿਰੋਧ ਦੇਖਦੇ ਹਾਂ ਤਾਂ ਮਨ ਭ੍ਰਮ-ਚਕ੍ਰ ਵਿਚ ਪੈ ਜਾਂਦਾ ਹੈ ਅਤੇ ਸਾਨੂੰ ਇਹ ਨਿਰਣਾ ਕਰਨਾ ਔਖਾ ਹੋਂਦਾ ਹੈ ਕਿ ਗੁਰੁਮਤ ਦਾ ਸੱਚਾ ਉਪਦੇਸ਼ਕ ਕਿਹੜਾ ਪੁਸਤਕ ਹੈ, ਪਰ ਜਦੋਂ ਅਸੀਂ ਵਿਚਾਰ-ਸ਼ਕਤੀ ਤੋਂ ਕੰਮ ਲੈਂਦੇ ਹਾਂ ਅਤੇ ਜਿਸ ਤਰ੍ਹਾਂ ਈਸਾਈ, ਹਿੰਦੂ, ਮੁਸਲਮਾਨ ਆਦਿਕਾਂ ਨੇ ਅੰਜ਼ੀਲ, ਕੁਰਾਨ ਅਤੇ ਵੇਦ ਆਦਿਕ ਧਰਮ ਪੁਸਤਕਾਂ ਨੂੰ ਆਪਣੇ ਆਪਣੇ ਮੱਤ ਵਿਚ ਸ਼੍ਰੋਮਣੀ ਜਾਣ ਕੇ ਉਨ੍ਹਾਂ ਦੇ ਅਨੁਸਾਰ ਵਚਨਾਂ ਨੂੰ ਪ੍ਰਮਾਣ ਅਤੇ ਵਿਰੁੱਧ ਵਚਨਾਂ ਨੂੰ ਅਪ੍ਰਮਾਣ ਮੰਨਿਆ ਹੈ।ਉਸੇ ਤਰ੍ਹਾਂ ਸਤਿਗੁਰਾਂ ਦੀ ਸ਼੍ਰੀ ਮੁਖਵਾਕ ਬਾਣੀ ਦੀ ਕਸੋਟੀ (੧) ਨਾਲ ਸਭ ਸਿੱਖ ਮਤ ਦੇ ਪੁਸਤਕਾਂ ਦੀ ਪਰੀਖਿਆ ਕਰ ਕੇ ਗੁਰਬਾਣੀ ਦੇ ਨਿਯਮਾਂ ਤੋਂ ਵਿਰੁੱਧ ਵਚਨਾਂ ਦਾ ਤਯਾਗ ਅਤੇ ਅਨੁਕੂਲ ਵਚਨਾਂ ਦਾ ਗ੍ਰਹਿਣ ਕਰਦੇ ਹਾਂ ਤਾਂ ਸਾਰਿਆਂ ਕਠਿਨਾਇਆਂ ਛਿਨ ਵਿੱਚ ਮਿਟ ਜਾਂਦੀਆਂ ਹਨ ਅਤੇ ਅਸੀਂ ਗੁਰੁਮਤ ਦਾ ਸਿਧਾ ਰਸਤਾ ਲੱਭ ਲੈਂਦੇ ਹਾਂ" (ਪੰਨਾ ਨੰ:੨, ਗੁਰੁਮਤ ਮਾਰਤੰਡ ਭਾਗ ਪਹਿਲਾ)
ਉਪਰੋਕਤ ਸ਼ਬਦਾਂ ਨਾਲ ਸਬੰਧਤ ਤਿੰਨ ਸਵਾਲ ਵਿਚਾਰਨ ਦੀ ਲੋੜ ਹੈ:-
੧. ਭਾਈ ਸਾਹਿਬ ਜੀ ਨੇ ਆਪਣੇ ਅਧਿਐਨ ਵਿਚ ਇਸੇ ਯੁਕਤੀ ਨੂੰ ਨਹੀਂ ਵਰਤਿਆ ਹੋਵੇਗਾ?
੨. 'ਸ਼੍ਰੀ ਮੁਖਵਾਕ ਬਾਣੀ ਦੀ ਕਸੋਟੀ ਨਾਲ ‘੧’ ਲਿਖਦੇ ਹੋਏ ਭਾਈ ਸਾਹਿਬ ਵਲੋਂ ਕੀਤੀ ਗਈ ਪੈਰ ਟਿੱਪਣੀ ਕੀ ਹੈ?
੩. 'ਸਤਿਗੁਰਾਂ ਦੀ ਸ਼੍ਰੀ ਮੁਖਵਾਕ ਬਾਣੀ ਦੀ ਕਸੋਟੀ (੧)" ਵਿਚ "ਸ਼੍ਰੀ ਮੁਖਵਾਕ ਬਾਣੀ ਦੀ ਕਸੋਟੀ" ਦਾ ਭਾਵ ਕੀ ਹੈ
ਪਹਿਲੇ ਸਵਾਲ ਦਾ ਉੱਤਰ ਨਿਰਸੰਦੇਹ 'ਹਾਂ ਵਰਤਿਆ ਹੋਵੇਗਾ' ਵਿਚ ਹੈ।
ਦੂਜੇ ਅਤੇ ਤੀਜੇ ਸਵਾਲ ਦਾ ਉੱਤਰ ਦਿਲਚਸਪ ਹੈ ਕਿਉਂਕਿ ਕੁੱਝ ਸੱਜਣ ਭੂਮਿਕਾ ਦੇ ਪੰਨਾ ਨੰਬਰ ੨ ਹੇਠ ਦਿੱਤੀ ਪੈਰ ਟਿੱਪਣੀ ਨੂੰ ਛੁਪਾ ਕੇ ਭਾਈ ਕਾ੍ਹਨ ਸਿੰਘ ਨਾਭਾਂ ਜੀ ਦੀ ਭੂਮਿਕਾ ਦੇ ਅਰੰਭ ਨੂੰ ਆਪਣੇ ਪੱਖ ਦੀ ਪੁਰਤੀ ਲਈ ਵਰਤਣਾ ਚਾਹੁੰਦੇ ਹਨ। ਜ਼ਾਹਰ ਜਿਹੀ ਗੱਲ ਹੈ ਕਿ ਕਿਸੇ ਲਿਖਾਰੀ ਵਲੋਂ ਲਿਖੇ, ਕਿਸੇ ਵਿਸ਼ੇਸ਼ ਪੰਨੇ ਨੂੰ ਕੋਟ ਕਰਨ ਵੇਲੇ, ਕੋਟ ਕੀਤੇ ਸ਼ਬਦਾਂ ਨਾਲ ਸਬੰਧਤ, ਉਚੇਚੀ ਕੀਤੀ ਗਈ ਪੈਰ ਟਿੱਪਣੀ ਨੂੰ ਛੁਪਾਉਣਾ ਸਾਹਿਤਕ ਇਮਾਨਦਾਰੀ ਨਹੀਂ ਕਹੀ ਜਾ ਸਕਦੀ।
ਇਹ ਪੈਰ ਟਿੱਪਣੀ ਇਸ ਪ੍ਰਕਾਰ ਹੈ:-
" ੧ ਸਿੱਖ ਧਰਮ ਵਿੱਚ ਸ਼੍ਰੀ ਮੁਖਵਾਕ ਦੀ ਬਾਣੀ ਬੇਦ, ਭਾਈ ਗੁਰਦਾਸ ਜੀ ਦੀ,ਨੰਦ ਲਾਲ ਜੀ ਦੀ ਰਚਨਾ ਸਮ੍ਰਿਤੀ ਅਤੇ ਜਨਮ ਸਾਖੀ, ਗੁਰ ਵਿਲਾਸ,ਗੁਰ ਪ੍ਰਤਾਪ ਸੂਰਜ ਆਦਿਕ ਪੁਸਤਕਾਂ ਪੁਰਾਣਾਂ ਦੀ ਥਾਂ ਹਨ" ( ਪੈਰ ਟਿੱਪਣੀ ਪੰਨਾ ਨੰ:੨, ਗੁਰੁਮਤ ਮਾਰਤੰਡ ਭਾਗ ਪਹਿਲਾ)
ਪੰਨੇ ਵਿਚਲੀ ਭੂਮਿਕਾ ਦੀ ਸ਼ਬਦਾਵਲੀ ਅਤੇ ਉਸੇ ਪ੍ਰਸੰਗ ਨਾਲ ਸਬੰਧਤ ਇਸ ਟਿੱਪਣੀ ਤੋਂ ਸਪਸ਼ਟ ਹੁੰਦਾ ਹੈ ਕਿ ਭਾਈ ਕਾ੍ਹਨ ਸਿੰਘ ਨਾਭਾ ਜੀ 'ਸ਼੍ਰੀ ਮੁੱਖਵਾਕ ਬਾਣੀ' ਨੂੰ ਸਿੱਖ ਲਈ ਉਂਝ ਸਮਝਦੇ ਹਨ ਜਿਵੇ ਕਿ ਹਿੰਦੂਆਂ ਲਈ ਉਨ੍ਹਾਂ ਦੇ ਵੇਦ ਈਸਾਈ, ਮੁਸਲਮਾਨ ਲਈ ਅੰਜ਼ੀਲ ਅਤੇ ਕੁਰਾਨ ਅਤੇ ਇਹ ਸਹੀ ਵੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਕਾ੍ਹਨ ਸਿੰਘ ਨਾਭਾ ਜੀ ਲਈ 'ਸ਼੍ਰੀ ਮੁੱਖਵਾਕ ਬਾਣੀ' ਕਿਹੜੀ ਹੈ ? ਇਸਦੇ ਉੱਤਰ ਲਈ ਸਾਨੂੰ ਭਾਈ ਕਾ੍ਹਨ ਸਿੰਘ ਜੀ ਵਲੋਂ ਲਿਖੇ ਮਹਾਨ ਕੋਸ਼ ਨੂੰ ਵੇਖਣ ਦੀ ਲੋੜ ਹੈ।ਭਾਈ ਸਾਹਿਬ ਜੀ ਮਹਾਨ ਕੋਸ਼ ਵਿਚ 'ਸ਼੍ਰੀ ਮੁੱਖਵਾਕ' ਦੇ ਅਰਥ ਦੋ ਮਿਸਾਲਾਂ ਦਿੰਦੇ ਹੋਏ ਇਸ ਪ੍ਰਕਾਰ ਕਰਦੇ ਹਨ:-
"ਸ਼੍ਰੀ ਗੁਰੂ ਸਾਹਿਬਾਨ ਦੇ ਮੁਖਵਚਨ, ਯਥਾ- "ਸਵਯੇ ਸ਼੍ਰੀ ਮੁਖਬਾਕਯ ਮਹਲਾ ੫" ਅਤੇ " ਜਾਪੁ ਸ੍ਰੀ ਮੁਖਵਾਕ ਪਾਤਸ਼ਾਹੀ ੧੦" (ਮਹਾਨ ਕੋਸ਼)
ਭਾਈ ਕਾ੍ਹਨ ਸਿੰਘ ਜੀ ਦਾ ਲਿਖਿਆ ਪੜਨਾ ਸਭ ਲਈ ਜ਼ਰੂਰੀ ਹੈ ਪਰ ਕੁੱਝ ਸੱਜਣਾ ਲਈ ਇਹ ਅਤਿ ਜ਼ਰੂਰੀ ਹੈ ਤਾਂ ਕਿ ਸੱਚ ਨੂੰ ਟੁੱਕ-ਟੁੱਕ ਕੇ ਪੇਸ਼ ਕਰਨ ਤੋਂ ਪਰਹੇਜ਼ ਹੋ ਸਕੇ।
ਹਰਦੇਵ ਸਿੰਘ, ਜੰਮੂ- 05.09.2016